ਜਦ ਰਾਜੇ ਆਪਣੇ ਆਪ ਨੂੰ ਬਾਕੀ ਜੰਤਾ ਨਾਲੋਂ ਵੱਡਾ ਸਮਝਣ ਲਗ ਪਏ ਤਾਂ ਉਹਨਾਂ ਦਾ ਰਹਿਣ ਸਹਿਣ ਵੀ ਜੰਤਾ ਨਾਲੋਂ ਵਖਰਾ ਹੋ ਗਿਆ, ਉਹਨਾਂ ਦੇ ਬੈਠਣ ਲਈ ਵੀ ਬਾਕੀਆਂ ਨਾਲੋਂ ਉਚੀ ਥਾਂ ਦੀ ਭਾਲ ਹੋਈ ਤਾਂ ਮੇਰਾ ਜਨਮ ਹੋ ਗਿਆ। ਮੇਰੀ ਉਮਰ ਦਾ ਮੇਚਾ ਤਹਿਜ਼ੀਬ ਨਾਲ ਹੀ ਹੋ ਸਕਦਾ ਹੈ। ਸੱਤਵੀਂ ਈਸਵੀ ਵਿਚ ਬੇਬਲੋਨ ਵਿਚ ਮੇਰਾ ਜਨਮ ਹੋਇਆ। ਮੇਰੀ ਬਣਤਰ ਲਈ ਖਜੂਰ ਦੀ ਲਕੜੀ ਵਰਤੀ ਗਈ। ਚਾਰ ਖਰਾਦਵੀਆਂ ਮਜ਼ਬੂਤ ਲੱਤਾਂ ਬਣਾਈਆਂ ਗਈਆਂ। ਉਹਨਾਂ ਉਪਰ ਇਕ ਮਜ਼ਬੂਤ ਸਾਂਝਾ ਫੱਟਾ ਲਾਇਆ ਗਿਆ ਪਿਛੇ ਢੂਹੀ ਲਈ ਢਾਸਣਾ ਅਤੇ ਦੋਨਾਂ ਵੱਖਾਂ ਤੇ ਬਾਹਾਂ ਦਾ ਸਹਾਰਾ ਬਣਾਉਣ ਲਈ ਦੋ ਫੱਟੇ ਲਾਏ ਗਏ। ਮੇਰਾ ਪਹਿਲਾ ਨਾਂ ਤਖਤ ਰਖਿਆ ਗਿਆ। ਮੇਰੇ ਤੇ ਬੈਠ ਕੇ ਰਾਜਾ ਆਪਣਾ ਹੁਕਮ ਹਾਸਲ ਚਲਾਉਂਦਾ ਸੀ ਅਤੇ ਮੈਂ ਰਾਜੇ ਮਹਾਰਾਜਿਆਂ ਦੀ ਤਾਕਤ ਦਾ ਚਿੰਨ ਬਣ ਗਈ। ਉਸ ਤੋਂ ਉਪਰੰਤ ਮੈਂ ਸੀਰੀਆ, ਮਿਸਰ, ਗਰੀਸ ਆਦ ਵਿਚ ਰਾਜ ਮਹਿਲਾਂ ਦਾ ਸਿ਼ੰਗਾਰ ਹੁੰਦੀ ਹੋਈ ਫਰਾਂਸ ਪੁੱਜੀ । ਕੋਈ ਸਤਾਰਵੀਂ ਸਦੀ ਈਸਵੀ ਵਿਚ ਇੰਗਲੈਂਡ ਦੇ ਇਕ ਘਾੜ੍ਹੇ ਨੇ ਮੇਰੀ ਰੂਪ ਰੇਖਾ ਹੀ ਬਦਲ ਦਿਤੀ। ਚਾਰ ਲੱਤਾਂ ਤੇ ਇਕ ਫੱਟਾ ਜਿਹਾ ਲਾ ਕੇ ਅਤੇ ਢੂਹੀ ਨੂੰ ਸਹਾਰਾ ਦੇਣ ਲਈ ਇਕ ਢਾਸਣਾ ਬਣਾ ਕੇ ਮੇਰਾ ਸਾਦਾ ਜਿਹਾ ਰੂਪ ਤਿਆਰ ਕਰ ਦਿਤਾ। ਉਸ ਵਿਚਾਰੇ ਨੂੰ ਇਹ ਥੋੜੀ ਪਤਾ ਸੀ ਕਿ ਉਸ ਵਲੋਂ ਤਿਆਰ ਕੀਤੀ ਨਿਮਾਣੀ ਜਿਹੀ ਸ਼ੈ ਸੰਸਾਰ ਦੇ ਹਰ ਕੋਨੇ ਅਤੇ ਹਰ ਘਰ ਦਾ ਸਿੰਗਾਰ ਬਣ ਜਾਵੇਗੀ। ਮੇਰਾ ਨਾਂ ਵੀ ਬਦਲ ਕੇ ਚੇਅਰ ਹੋ ਗਿਆ ਭਾਰਤੀ ਮੈਨੂੰ ਕੁਰਸੀ ਆਖਦੇ ਹਨ । ਪਿੰਡਾਂ ਦੀਆਂ ਕਈ ਬਿਰਧ ਸੁਆਣੀਆਂ ਮੈਨੂੰ ਖੁਰਸੀ ਆਖ ਕੇ ਝਟ ਟੱਪਾ ਲੈਂਦੀਆਂ ਹਨ। ਮੈਨੂੰ ਨਾਂ ਦੀ ਚਿੰਤਾ ਨਹੀਂ ਕੋਈ ਵੀ ਹੋਵੇ ਮੇਰਾ ਧਰਮ ਸੇਵਾ ਹੈ ਹਰ ਨਾਂ ਦੇ ਨਾਲ ਸੇਵਾ ਵਿਚ ਹਾਜ਼ਰ ਹੋ ਜਾਂਦੀ ਹਾਂ।
ਸੰਸਾਰ ਪੱਧਰ ਤੇ ਮੇਰਾ ਪਸਾਰਾ ਕਰਨ ਦਾ ਸਿਹਰਾ ਬਰਤਾਨੀਆਂ ਦੀ ਹਕੂਮਤ ਦੇ ਸਿਰ ਹੈ। ਉਸ ਦੇ ਰਾਜ ਦੇ ਫੈਲਣ ਨਾਲ ਮੈਂ ਵੀ ਉਸ ਦੇ ਨਾਲ ਹਰ ਦੇਸ਼ ਵਿਚ ਗਈ। ਅੰਗਰੇਜ਼ਾਂ ਦੀ ਚਹੇਤੀ ਸਾਂ । ਮੈਨੂੰ ਹਰ ਥਾਂ ਨਾਲ ਰਖਦੇ ਸਨ, ਅੰਗਰੇਜ਼ ਹਾਕਮ ਸਨ ਇਸ ਲਈ ਮੇਰਾ ਨਾਂ ਵੀ ਅਫਸਰਸ਼ਾਹੀ ਨਾਲ ਜੁੜ ਗਿਆ। ਅੰਗਰੇਜ਼ ਅਫਸਰ ਜਦ ਵੀ ਦੌਰੇ ਤੇ ਆਉਂਦਾ ਤਾਂ ਮੇਰੀ ਲੋੜ ਪੈਂਦੀ। ਅੰਗਰੇਜ਼ ਅਫਸਰ ਦੇ ਪੁਜਣ ਤੋਂ ਪਹਿਲਾਂ ਹੀ ਮੈਂ ਅਤੇ ਮੇਰਾ ਸੰਬੰਧੀ ਮੇਜ਼ ਪੁਜ ਜਾਂਦੇ । ਅੰਗਰੇਜ਼ ਅਫਸਰ ਤਾਂ ਕੁਰਸੀ ਤੇ ਬੈਠਦਾ ਬਾਕੀ ਸਾਰੇ ਲੋਕ ਹੱਥ ਜੋੜੀ ਥੱਲੇ ਧਰਤੀ ਤੇ ਬੈਠਦੇ । ਮੇਰੇ ਸੰਬੰਧੀ ਮੇਜ਼ ਉਤੇ ਲੋੜੀਂਦੇ ਕਾਗਜ਼ ਪੱਤਰ ਦੇ ਨਾਲ ਨਾਲ ਅਫਸਰ ਦਾ ਟੋਪ ਅਤੇ ਉਸਦੀ ਅਫਸਰ ਸ਼ਾਹੀ ਦੀ ਨਿਸ਼ਾਨੀ ਬੈਂਤ ਹੁੰਦਾ। ਜ਼ੈਲਦਾਰਾਂ, ਸਫੈਦਪੋਸ਼ਾਂ ਅਤੇ ਹੋਰ ਸਰਕਾਰੀ ਐਹਲਕਾਰਾਂ ਨੇ ਆਪਣੇ ਵਿਦੇਸ਼ੀ ਹਾਕਮਾਂ ਨੂੰ ਖੁਸ਼ ਕਰਨ ਲਈ ਆਪਣੇ ਘਰਾਂ ਵਿਚ ਵੀ ਮੈਨੂੰ ਰੱਖ ਲਿਆ। ਦੌਰੇ ਤੇ ਆਇਆ ਅਫਸਰ ਜਦ ਰੈਣ ਬਸੇਰਾ ਕਰਦਾ ਤਾਂ ਦੇਸੀ ਕਰਿੰਦੇ ਵਿਦੇਸ਼ੀ ਹਾਕਮਾਂ ਨੂੰ ਖੁਸ਼ ਕਰਨ ਲਈ ਭਾਂਤ-ਸੁਭਾਂਤੇ ਭੋਜਨ ਪਰੋਸਦੇ । ਮੈਂ ਖਾ ਤਾਂ ਨਹੀਂ ਸੀ ਸਕਦੀ ਪਰ ਗਰਮ ਗਰਮ ਪਕਵਾਨਾਂ ਚੋਂ ਉਠਦੀ ਖੁਸ਼ਬੂ ਨਾਲ ਵਿਦੇਸ਼ੀ ਹਾਕਮਾ ਵਾਂਗ ਅਨੰਦਿਤ ਜ਼ਰੂਰ ਹੋ ਜਾਂਦੀ। ਵਿਦੇਸ਼ੀ ਹਾਕਮ ਜਦ ਕੁਝ ਹੋਰ ਘੁਲ ਮਿਲ ਗਏ ਤਾਂ ਉਹ ਇਜਲਾਸ ਸਮੇਂ ਆਪਣੇ ਕਈ ਦੇਸੀ ਕਰਿੰਦਿਆਂ ਨੂੰ ਵੀ ਆਪਣੇ ਨਾਲ ਇਕ ਮੇਰੀ ਹੋਰ ਸਾਥਣ ਕੁਰਸੀ ਤੇ ਬਿਠਾਉਣ ਲਗ ਪਏ। ਬੱਸ ਪੁੱਛੋ ਨਾ ਕਿਸ ਤਰਾਂ ਉਹਨਾਂ ਕਰਿੰਦਿਆਂ ਦੀ ਤਾਂ ਚਾਂਦੀ ਹੋ ਗਈ। ਭੋਲੇ ਭਾਲੇ ਲੋਕ ਜਿਵੇਂ ਰੱਬ ਅਗੇ ਅਰਦਾਸਾਂ ਕਰਨ ਲਈ ਸਾਧਾਂ-ਸੰਤਾ ਦੇ ਅੱਗੇ ਨੱਕ ਰਗੜਦੇ ਚੜ੍ਹਾਵੇ ਚੜ੍ਹਾਉਂਦੇ ਸਨ ਹੁਣ ਹਾਕਮ ਤਕ ਸਿਫਾਰਿਸ਼ ਕਰਨ ਲਈ ਅੰਦਰ ਵੜ ਕੇ ਜ਼ੈਲਦਾਰਾਂ, ਸਫੈਦਪੋਸ਼ਾਂ ਦੇ ਹ੍ਹਾੜੇ ਕਢਣ ਅਤੇ ਨਜ਼ਰਾਨੇ ਭੇਂਟ ਕਰਨ ਲਗ ਪਏ।
ਕਹਿੰਦੇ ਸਮਾਂ ਕਦੇ ਠਹਿਰਦਾ ਨਹੀਂ, ਅਦਲਾ ਬਦਲੀ ਸਦਾ ਅਮਰ ਹੈ। ਇਸ ਗੱਲ ਨੂੰ ਮੁੱਖ ਰੱਖਦਿਆਂ ਮੇਰੇ ਸਾਜਣ ਵਾਲਿਆਂ ਨੇ ਮੈਨੂੰ ਸਮੇਂ ਦੀ ਹਾਨਣ ਰੱਖਣ ਲਈ ਆਪਣੇ ਯਤਨ ਜਾਰੀ ਰੱਖੇ। ਮੇਰੀ ਬਨਾਵਟ ਵਿਚ ਲੱਕੜੀ, ਬੈਂਤ, ਲੋਹਾ, ਪਲਾਸਟਿਕ ਅਤੇ ਚਾਂਦੀ ਸੋਨੇ ਤੱਕ ਦੀ ਵਰਤੋਂ ਕੀਤੀ ਜਾਣ ਲਗੀ। ਬੁਸੀ ਜਿਹੀ ਸ਼ਕਲ ਤੋਂ ਲੈ ਕੇ ਗੱਦਿਆਂ ਝਾਲਰਾਂ ਨਾਲ ਹਾਰੀ ਸ਼ਿੰਗਾਰੀ ਜਾਂਦੀ ਹਾਂ। ਅੱਜ ਮੇਰੇ ਅਨੇਕ ਰੂਪ ਹਨ, ਜੇ ਇਕ ਪਾਸੇ ਮੈਂ ਹਾਕਮ ਦੀ ਭੂਮਿਕਾ ਨਿਭਾ ਰਹੀ ਹਾਂ ਤਾਂ ਦੂਜੇ ਪਾਸੇ ਮੈਂ ਸੇਵਾਦਾਰਨ ਦੇ ਰੂਪ ਵਿਚ ਹਾਜ਼ਰ ਹਾਂ। ਅੱਜ ਹਰ ਥਾਂ ਮੇਰੀ ਲੋੜ ਨੂੰ ਅਨੁਭਵ ਕੀਤਾ ਜਾ ਰਿਹਾ ਹੈ। ਸੜਕ ‘ਤੇ ਸਫਰ ਕਰਨਾ ਹੋਵੇ ਜਾਂ ਅੱਧ ਅਸਮਾਨੇ ਉਡਣਾ ਹੋਵੇ ਮੈਂ ਸੇਵਾਦਾਰਨ ਦੇ ਰੂਪ ਵਿਚ ਹਾਜ਼ਰ ਹਾਂ। ਭੋਜਨ ਛਕਣਾ ਹੋਵੇ ਹਰੀ-ਹਰੀ ਘਾਹ ਦਾ ਅਨੰਦ ਮਾਣਦਿਆਂ ਤਾਜ਼ੀ ਹਵਾ ਵਿਚ ਬੈਠਕੇ ਅਖਬਾਰ ਪੜ੍ਹਨੀ ਹੋਵੇ, ਤਾਸ਼ ਖੇਡਣੀ ਹੋਵੇ, ਮੈਂ ਹਰ ਵਕਤ ਸੇਵਾ ਵਿਚ ਹਾਜ਼ਰ ਹੁੰਦੀ ਹਾਂ ਜ਼ਰਾ ਜਿੰਨੀ ਵੀ ਕੋਤਾਹੀ ਨਹੀਂ ਕਰਦੀ। ਕੰਮ ਨਾਲ ਥੱਕੇ ਟੁੱਟੇ ਨੂੰ ਵੀ ਮੈਂ ਆਪਾ ਵਿਛਾ ਕੇ ਉਸ ਦੀ ਥਕਾਵਟ ਦੂਰ ਕਰਨ ਲਈ ਆਪਣੇ ਵਿਚ ਲੱਗੇ ਜੰਤਰਾਂ ਦਵਾਰਾ ਹਲਕੀ-ਹਲਕੀ ਮਾਲਿਸ਼ ਕਰਕੇ ਸੁਲਾ ਦਿੰਦੀ ਹਾਂ। ਤੁਹਾਡੇ ਸੁਖ ਲਈ ਹੁਣ ਮੇਰੇ ਪੈਰਾਂ ਵਿਚ ਪਹੀਏ ਵੀ ਲਗੇ ਹੋਏ ਹਨ । ਹਸਪਤਾਲਾਂ ਵਿਚ ਬੀਮਾਰਾਂ ਨੂੰ ਇੱਧਰ- ਉਧਰ ਲਿਜਾਣ ਵਿਚ ਵੀ ਸਹਾਇਤਾ ਕਰਦੀ ਹਾਂ। ਮੈਨੂੰ ਸਾਰੀ ਨੂੰ ਘੁਮਾਉਣ ਦੀ ਬਜਾਏ ਮੇਰਾ ਧੜ ਘੁਮਾ ਕੇ ਹੀ ਤੁਸੀਂ ਇੱਧਰ-ਉਧਰ ਬੈਠੇ ਦੋਸਤਾਂ ਮਿਤਰਾਂ ਨਾਲ ਗੱਲ ਬਾਤ ਕਰ ਸਕਦੇ ਹੋ। ਮੈਥੋਂ ਬਗੈਰ ਹੁਣ ਮਨੁਖ ਦਾ ਗੁਜ਼ਾਰਾ ਨਹੀਂ ਹੋ ਸਕਦਾ। ਹੁਣ ਤਾਂ ਜਲੇ ਵੀ ਮੈਂ, ਥਲੇ ਵੀ ਮੈਂ, ਧਰਤ ਵੀ ਮੈਂ ਅਤੇ ਅਕਾਸ਼ ਵੀ ਮੈਂ । ਜਿੱਧਰ ਦੇਖੋ ਮੈਂ ਹੀ ਮੈਂ, ਬਸ! ਮੈਨੂੰ ਸਮਝ ਕੇ ਯੋਗ ਵਰਤੋਂ ਕਰਨ ਵਾਲਿਆਂ ਲਈ ਮੈਂ ਇਕ ਅਣਥੱਕ ਸੇਵਾਦਾਰ ਹਾਂ।
ਇਕ ਗੱਲ ਬਾਰ ਬਾਰ ਕਹੀ ਜਾਂਦੀ ਹੈ ਕਿ ਜਰ ਜ਼ੋਰੂ ਜ਼ਮੀਨ ਲੜਾਈ ਦੇ ਕਾਰਨ ਹਨ ਪਰ ਮੈਨੂੰ ਤਾਂ ਹੁਣ ਇਦਾਂ ਲਗਦਾ ਹੈ, ਅੱਜ ਦੇ ਯੁਗ ਵਿਚ ਬਹੁਤੀਆਂ ਲੜਾਈਆਂ ਤਾਂ ਮੈਨੂੰ ਪਾਪਣ ਨੂੰ ਹਥਿਆਉਣ ਨੂੰ ਹੀ ਹੁੰਦੀਆਂ ਹਨ। ਸੱਤਾ ਅਸਥਾਨ ਤੇ ਪਈ ਤੇ ਬੈਠਣ ਲਈ ਤਾਂ ਵੱਡਿਆਂ-ਵੱਡਿਆਂ ਦੀਆਂ ਲਾਲਾਂ ਚੋ ਪੈਂਦੀਆਂ ਹਨ... ਇਕ ਪਾਨ ਬੀੜੀ ਦੀ ਦੁਕਾਨ ਕਰਨ ਵਾਲਾ ਵੀ ਕਿਸੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਜਦ ਮੇਰੇ ਤੇ ਬਿਰਾਜਦਾ ਹੈ ਤਾਂ ਉਸਨੂੰ ਸਲਾਮਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ..... ਇਹ ਸਲਾਮਾਂ ਉਸਨੂੰ ਥੋੜਾ ਕੋਈ ਕਰਦਾ ਹੈ, ਇਹ ਤਾਂ ਉਸ ਦੀ ਕੁਰਸੀ ਨੂੰ ਸਲਾਮਾਂ ਹਨ। ਮੇਰੀ ਤਾਕਤ ਮੇਰੇ ਅਸਥਾਨ ਤੇ ਨਿਰਭਰ ਹੈ । ਇਕ ਛੋਟੇ ਅਫਸਰ ਦੇ ਅਸਥਾਨ ਤੋਂ ਲੈ ਕੇ ਰਾਜਭਵਨ ਤਕ ਮੇਰਾ ਪਸਾਰ ਹੈ। ਸੱਤਾ ਸਥਾਨ ਤੇ ਬੈਠੀ ਨੂੰ ਪਾਉਣ ਲਈ ਹਰ ਹੀਲਾ ਵਰਤਿਆ ਜਾਂਦਾ ਹੈ, ਧੜੇਬਾਜ਼ੀ ਦਾ ਬੋਲ-ਬਾਲਾ ਹੁੰਦਾ ਹੈ... ਇਕ ਦੂਸਰੇ ਦੇ ਖਿਲਾਫ ਬਦਕਲਾਮੀ ਫਸਾਦਾਂ ਨੂੰ ਜਨਮ ਦਿੰਦੀ ਹੈ। ਮਜ਼ਹਬੀ ਜਨੂੰਨ ਦਾ ਛੱਟਾ ਦਿਤਾ ਜਾਂਦਾ ਹੈ। ਬੱਸ ਕੁਝ ਹੀ ਦਿਨਾਂ ਵਿਚ ਉਹ ਪੁੰਗਰਿਆ ਨਹੀਂ ਤੇ ਖੂਨ ਖਰਾਬਾ ਸ਼ੁਰੂ ਹੋਇਆ ਨਹੀਂ। ਜਿਸਨੂੰ ਵੀ ਮੇਰੀ ਸੱਤਾ-ਅਸਥਾਨ ਤੇ ਬੈਠੀ ਦੀ ਪ੍ਰਾਪਤੀ ਹੋ ਜਾਂਦੀ ਹੈ, ਦਿਨਾਂ ਵਿਚ ਹੀ ਉਸਦੀ ਤਾਂ ਭੁੱਖ ਹੀ ਵੱਧ ਜਾਂਦੀ ਹੈ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਭੁੱਖਾ ਮਰਦਾ ਆਉਂਦਾ ਹੈ ਅਤੇ ਦਿਨਾਂ ਵਿਚ ਹੀ ਕਰੋੜ ਪਤੀ ਬਣ ਜਾਂਦਾ ਹੈ। ਜਿਹੜਾ ਪਹਿਲਾਂ ਹੀ ਕਰੋੜ-ਪਤੀ ਹੈ, ਉਹ ਅਰਬਾਂ ਖਰਬਾਂ ਦੇ ਸੁਪਨੇ ਲੈਂਦਾ ਹੈ। ਜਿਹੜਾ ਇਕ ਵੇਰ ਬੈਠ ਜਾਂਦਾ ਹੈ ਤਾਂ ਉਹ ਇਦਾਂ ਸਮਝਣ ਲੱਗ ਜਾਂਦਾ ਹੈ ਜਿਵੇਂ ਮੇਰੇ ਨਾਲ ਸੱਤ ਫੇਰੇ ਲੈ ਲਏ ਹੋਣ ਅਤੇ ਜੀਵਨ ਭਰ ਸਾਥ ਨਿਭਾਉਣ ਦੀ ਸਹੁੰ ਚੁਕ ਲਈ ਹੋਵੇ ਕਿ ਹੁਣ ਮੌਤ ਹੀ ਸਾਨੂੰ ਜੁਦਾ ਕਰੇਗੀ।
ਵੀਹਵੀਂ ਸਦੀ ਦੇ ਸ਼ੁਰੂ ਵਿਚ ਕੁਝ ਪੰਜਾਬੀ ਰੋਜ਼ਗਾਰ ਦੀ ਭਾਲ ਵਿਚ ਅਮਰੀਕਾ ਕੈਨੇਡਾ ਆ ਗਏ। ਉਹਨਾਂ ਨੂੰ ਇਥੇ ਦਾ ਰਹਿਣ ਸਹਿਣ ਅਪਨਾਉਣਾ ਪਿਆ। ਬੈਠਣ ਲਈ ਇਥੇ ਮੂਹੜਾ, ਪੀਹੜੀ ਜਾਂ ਮੰਜੀ ਨਹੀਂ ਸੀ ਵਰਤੇ ਜਾਂਦੇ। ਘਰ ਦਫਤਰ ਸੀ ਜਾਂ ਪੂਜਾ ਅਸਥਾਨ ਮੈਂ ਹਰ ਥਾਂ ਹਾਜ਼ਰ ਸੀ। ਆਪਣੀ ਸੇਵਾ ਦੁਆਰਾ ਮੈਂ ਉਹਨਾਂ ਦੇ ਮਨਾਂ ਵਿਚ ਵੀ ਘਰ ਕਰ ਗਈ ਹੌਲੀ ਹੌਲੀ ਮੈਂ ਉਹਨਾਂ ਦੇ ਜੀਵਨ ਦਾ ਇਕ ਹਿੱਸਾ ਬਣ ਗਈ। ਉਹਨਾਂ ਪੰਜਾਬੀਆਂ ਦੀ ਦਰਦ ਭਰੀ ਦਾਸਤਾਨ ਦੀ ਮੈਂ ਗਵਾਹ ਹਾਂ। ਸੂਰਜ ਦੀ ਟਿੱਕੀ ਚੜ੍ਹਨ ਤੇ ਪਹਿਲਾਂ ਉਠਕੇ ਇਸ਼ਨਾਨ ਕਰ ਕੇ ਆਪਣੇ ਗੁਰੂ ਦੀ ਬਾਣੀ ਪੜ੍ਹ ਕੇ ਨਵੇਂ ਨਰੋਏ ਹੋ ਜਾਂਦੇ, ਸਾਰਾ ਦਿਨ ਹੱਡ ਭੰਨਵਾਂ ਕੰਮ ਕਰਨ ਤੋਂ ਉਪਰੰਤ ਆਪਣੀਆਂ ਟੁੱਟੀਆਂ ਫੁੱਟੀਆਂ ਕੈਬਨਾਂ ਵਿਚ ਪਰਤਦੇ ਤਾਂ ਮੈਂ ਹੀ ਸਾਂ ਜੋ ਉਹਨਾਂ ਦਾ ਸਵਾਗਤ ਕਰਦੀ। ਸਮੇਂ ਨਾਲ ਕੁਝ ਹੋਰ ਪਰਿਵਾਰ ਆ ਗਏ ਕੁਝ ਇਕ ਦੇ ਵਿਆਹ ਹੋਰ ਮਤਾਂ ਦੀਆਂ ਇਸਤਰੀਆਂ ਨਾਲ ਹੋ ਚੁਕੇ ਸਨ । ਬਾਲ ਬਚੇਦਾਰ ਹੋ ਗਏ ਤਾਂ ਸੋਚ ਵਿਚਾਰ ਦਾ ਦੌਰ ਸ਼ੁਰੂ ਹੋਇਆ। ਮੈਂ ਉਹਨਾਂ ਇਕੱਠਾਂ ਦੀ ਗਵਾਹ ਹਾਂ ਜਿਹਨਾਂ ਵਿਚ ਉਹ ਦੂਰ ਅੰਦੇਸ਼ ਬਜ਼ੁਰਗ ਬੜੇ ਨਿਗੱਰ ਫੈਸਲੇ ਲੈਂਦੇ ਸਨ.... ਆਪਣਾ ਕੇਂਦਰ ਕਿਵੇ ਬਣਾਉਣਾ ਹੈ ... ਕਿਦਾਂ ਇਸ ਆਜ਼ਾਦ ਫਿਜ਼ਾ ਦੇ ਜਮ ਪਲ ਬੱਚਿਆਂ ਨੂੰ ਉਸ ਕੇਂਦਰ ਤੇ ਇਕੱਠੇ ਹੋਣ ਲਈ ਉਤਸ਼ਾਹਤ ਕਰਨਾ ਹੈ। ਫਲ ਸਰੂਪ ਉਹਨਾਂ ਨੇ ਸਟਾਕਟਨ ਵਿਚ ਆਪਣਾ ਕੇਂਦਰ ਗੁਰੂਦਵਾਰਾ ਸਟਾਕਨ ਦੀ ਉਸਾਰੀ ਕਰਨ ਦੇ ਨਾਲ ਨਾਲ ਮੇਰੀ ਸੇਵਾ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ। ਮੈਨੂੰ ਬੇਜ਼ੁਬਾਨ ਨੂੰ ਵੀ ਗੁਰੂ ਦਰਬਾਰ ਵਿਚ ਸੇਵਾ ਬਖਸ਼ ਦਿਤੀ। ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਅਤੇ ਗੁਰਬਾਣੀ ਦੀਆਂ ਮਧੁਰ ਧੁਨਾਂ ਸੁਣ ਕੇ ਮੈਂ ਤਾਂ ਦਿਨੋ ਦਿਨ ਧੰਨ ਧੰਨ ਹੋ ਰਹੀ ਸਾਂ ਮੇਰੀ ਕੋਈ ਮੰਗ ਨਹੀਂ ਸੀ... ਮੈਂ ਤਾਂ ਸਿਖੀ ਦੇ ਮੁਢਲੇ ਸਿਧਾਂਤ ਸੇਵਾ ਤੇ ਪਹਿਰਾ ਦਿੰਦਿਆਂ ਗੁਰਬਾਣੀ ਦਾ ਹੀ ਹੁਕਮ ਮੰਨ ਰਹੀ ਸਾਂ ( ਜੋ ਦੀਖੇ ਗੁਰ ਸਿਖੜਾ ਤਾਂ ਨਿਵ ਨਿਵ ਲਾਗੇ ਪਾਉ ਜੀਓ।)
ਸਮਾਂ ਕਦੇ ਇਕ ਸਾਰ ਨਹੀਂ ਰਿਹਾ, ਮੇਰੀ ਤਕਦੀਰ ਵੀ ਫੁੱਟ ਗਈ। ਪੰਜਾਬੀਆਂ ਦੀ ਗਿਣਤੀ ਵਧੀ ਨਾਲ ਹੀ ਸੰਤਾਂ ਸਾਧਾਂ ਦੇ ਟੋਲੇ ਪੁੱਜ ਗਏ, ਗੁਰੂ ਬਾਣੀ ਦਾ ਪ੍ਰਚਾਰ ਕਰਨ ਵਾਲੇ ਨਿਮਰਤਾ ਦੀ ਥਾਂ ਅੱਗ ਉਗਲਣ ਲਗੇ। ਜਿਹਨਾਂ ਬਜ਼ੁਰਗਾਂ ਸਦਕਾ ਸਾਰੇ ਇਥੇ ਆਏ ਸਨ, ਉਹਨਾਂ ਲਈ ਸਿਰਘਸੇ ਘੋਨ ਮੋਨ ਪਤਾ ਨਹੀਂ ਹੋਰ ਕੀ ਕੀ ਅਪਮਾਨ ਜਨਕ ਸ਼ਬਦ ਵਰਤੇ ਜਾਣ ਲਗੇ। ਮੇਰੇ ਖਿਲਾਫ ਵੀ ਧੂੰਆਂਧਾਰ ਪ੍ਰਚਾਰ ਸ਼ੁਰੂ ਹੋ ਗਿਆ ਕਿ ਕੱਢੋ ਇਸ ਕਲਯੋਗਣ ਨੂੰ ਬਾਹਰ.... ਕੁਰਸੀ ਤੇ ਬੈਠ ਕੇ ਲੱਤਾਂ ਲਮਕਾ ਕੇ ਗੁਰਬਾਣੀ ਦਾ ਪਾਠ ਸੁਨਣਾ ਬੱਜਰ ਗੁਨਾਹ ਹੈ, ਬਖਸ਼ੇ ਨਹੀ ਜਾਓਗੇ। ਇਹ ਸਭ ਕੁਝ ਸੁਣਕੇ ਵੀ ਮੈਂ ਯਕੀਨ ਨਹੀਂ ਸੀ ਕਰਦੀ ਪਰ ਪਤਾ ਉਦਣ ਹੀ ਲੱਗਾ ਜਦੋਂ ਮੈਨੂੰ ਕੰਨੋ ਫੜ ਕੇ ਗੁਰੂ ਦਰਬਾਰ ਵਿਚੋਂ ਬਾਹਰ ਕੱਢ ਦਿਤਾ ਗਿਆ। ਮੇਰਾ ਅੰਦਰਲਾ ਵਲੂੰਦਰਿਆ ਗਿਆ । ਬੇਜ਼ੁਬਾਨ ਸਾਂ, ਆਪਣਾ ਆਪ ਪ੍ਰਗਟ ਵੀ ਤਾਂ ਨਹੀਂ ਸੀ ਕਰ ਸਕਦੀ। ਮੇਰਾ ਕੋਈ ਦਰਦੀ ਮੈਨੂੰ ਨਜ਼ਰ ਨਹੀਂ ਸੀ ਆ ਰਿਹਾ। ਜਿਸ ਦਰ ਤੋਂ (ਜੋ ਸ਼ਰਨ ਪਰੇ ਸੋ ਤਰੇ) ਦੀਆਂ ਆਵਾਜ਼ਾਂ ਕੰਨੀ ਪੈਂਦੀਆਂ ਸਨ .... ਉਥੋਂ ਹੀ ਮੈਨੂੰ ਧੱਕੇ ਪਏ ਸਨ ਸਿਰਫ ਅਤੇ ਸਿਰਫ ਗੁਰੂ ਦੀ ਬਾਣੀ (ਤੇਰਾ ਕੀਆ ਮੀਠਾ ਲਾਗੇ ) ਦੀ ਪੰਕਤੀ ਨੂੰ ਮੰਨ ਵਿਚ ਵਸਾ ਕੇ ਮੈਂ ਸਬਰ ਦਾ ਘੁੱਟ ਪੀ ਲਿਆ.... ਸੋਚਿਆ ਕੀ ਹੋਇਆ ਜੇ ਮੈਨੂੰ ਗੁਰੂ ਦਰਸ਼ਣਾ ਵਜੋਂ ਵਾਂਝਿਆਂ ਕਰ ਦਿਤਾ ਗਿਆ ਹੈ, ਮੈਂਥੋਂ ਸੇਵਾ ਤਾਂ ਨਹੀਂ ਖੋਹੀ ਗਈ..... ਮੈਂ ਲੰਗਰ ਵਿਚ ਤਾਂ ਸੇਵਾ ਕਰ ਹੀ ਸਕਾਂਗੀ.... ਗੁਰੂ ਦੇ ਦਰਸ਼ਣ ਗੁਰੂ ਦੀ ਸੰਗਤ ਦੇ ਦਰਸ਼ਣਾਂ ਨਾਲ ਹੀ ਹੋ ਜਾਇਆ ਕਰਨਗੇ। ਫੇਰ ਜਦ ਗੁਰੂ ਦਰਬਾਰ ਵਿਚ ਵਾਦ ਵਿਵਾਦ ਛਿੜਿਆ, ਗੁਰੂ ਕੀ ਗੋਲਕ ਹਥਿਆਉਣ ਲਈ ਗੁਰੂ ਕੀਆਂ ਲਾਡਲੀਆਂ ਫੌਜਾਂ ਗੁਰੂ ਦੀ ਹਜ਼ੂਰੀ ਵਿਚ ਹੀ ਗਾਲੀ ਗਲੋਚ ਤੋਂ ਵਧਦੀਆਂ ਵਧਦੀਆਂ ਘਸੁੰਨ ਮੁੱਕੀ ਦੀ ਹੱਦ ਟੱਪ ਕਿਰਪਾਨਾਂ ਵਾਹੁਣ ਤਕ ਪੁੱਜ ਗਈਆਂ ਤਾਂ ਮੈਨੂੰ ਸਮਝ ਪਈ ਕਿ ਮੈਂ ਅੰਦਰ ਹੁੰਦੀ ਤਾਂ ਇਹਨਾਂ ਦੇ ਰਾਹ ਵਿਚ ਰੁਕਾਵਟ ਸੀ.... ਮੈਨੂੰ ਬਾਹਰ ਕੱਢਣ ਦਾ ਕਾਰਨ ਸਿਰਫ ਜੰਗ ਲਈ ਮੈਦਾਨ ਪੱਧਰਾ ਕਰਨ ਹੀ ਸੀ। ਅਦਾਲਤਾਂ ਵਿਚ ਵੀ ਇਹਨਾਂ ਦੇ ਦਿੱਤੇ ਬਿਆਨ ਸੁਣ ਕੇ ਤਾਂ ਮੈਂ ਸਕਤੇ ਵਿਚ ਆ ਗਈ ਕਿ ਇਕ ਵੱਲੋਂ ਛੱਡਿਆ ਜੈਕਾਰਾ ਦੂਸਰੇ ਲਈ ਚੈਲੰਜ ਹੁੰਦਾ ਹੈ। ਮੈਨੂੰ ਇੰਝ ਪਰਤੀਤ ਹੋਇਆ ਕਿ ਗੁਰੂ ਦੇ ਸਿਖਾਂ ਵਿਚ ਸਹਿਨਸ਼ੀਲਤਾ ਵਰਗੀ ਹੁਣ ਕੋਈ ਗੱਲ ਰਹੀ ਹੀ ਨਹੀਂ...... ਗੁਰੂਆਂ ਦੇ ਦਰਸਾਏ ਰਾਹ ਤੋਂ ਉਖੜ ਗਏ ਹਨ। ਲੜਾਈ ਗੁਰੂ ਦੀ ਗੋਲਕ ਦੀ ਹੈ... ਬਹਾਨਾ ਹੈ ਕਿ ਭੇਸ ਕਿਹੋ ਜਿਹਾ ਕਰਨਾ ਹੈ ਮੱਥਾ ਕਿਦਾਂ ਟੇਕਣਾ ਹੈ... ਧੂਫ ਕਿੰਨੀ ਦਫਾ ਦੇਣੀ ਹੈ।
ਹੁਣ ਕੁਝ ਸਮੇਂ ਤੋਂ ਲੰਗਰ ਦੀ ਮਰਿਆਦਾ ਨੂੰ ਮੁੱਖ ਰਖ ਕੇ ਮੇਰੀ ਹੋਂਦ ਤੇ ਫੇਰ ਵਾਦ ਵਿਵਾਦ ਛਿੜਿਆ ਹੋਇਆ ਹੈ। ਮੈਨੂੰ ਨਿਮਾਣੀ ਨੂੰ ਨਿਮਾਣਿਆਂ ਦੇ ਮਾਣ ਗੁਰੂ ਦੇ ਦਰਬਾਰ ਤੋਂ ਧੱਕੇ ਪੈ ਰਹੇ ਹਨ। ਕਈ ਵੇਰ ਤਾਂ ਮੈਂ ਇਹਨਾਂ ਡਾਡਿਆਂ ਹੱਥੋਂ ਹੱਡ ਪੈਰ ਵੀ ਤੁੜਵਾ ਚੁੱਕੀ ਹਾਂ। ਕੋਈ ਸੁਣਨ ਵਾਲਾ ਹੋਵੇ ਤਾਂ ਦੱਸਾਂ.... ਗੁਰੂ ਕੇ ਲਾਡਲੇ ਸਿੰਘੋ, ਠੰਡੇ ਦਿਲ ਨਾਲ ਸੋਚੋ.... ਤੁਸੀਂ ਨਹੀਂ, ਬਰਾਬਰਤਾ ਦੀ ਮੁਦੱਈ ਤਾਂ ਮੈਂ ਹਾਂ.... ਤੁਸੀਂ ਤਾਂ ਆਪਣੇ ਸਵਾਰਥ ਲਈ ਮੌਕੇ ਦੇ ਹਾਕਮਾਂ ਨੂੰ ਅਤੇ ਉਹਨਾਂ ਲੋਕਾਂ ਨੂੰ ਵੀ ਸਰੋਪੇ ਦੇ ਦਿੰਦੇ ਹੋ ਜਿਹਨਾਂ ਦੇ ਹਿਰਦੇ ਵਿਚ ਸਿਖੀ ਕੰਡੇ ਵਾਂਗਰ ਰੜਕਦੀ ਹੈ.... ਨਾ ਹੀ ਰਾਗੀ, ਢਾਡੀ ਕਿਰਤਨੀਏ ਸਾਧ ਸੰਤ ਬਰਾਬਰਤਾ ਦੀ ਗੱਲ ਕਰਨ ਦਾ ਦਾਅਵਾ ਕਰ ਸਕਦੇ ਹਨ ਉਹ ਤਾਂ ਪਰਚਾਰ ਦਾ ਬੋਹਕਰ ਫੜ ਕੇ ਮਾਇਆ ਇਕੱਠੀ ਕਰਦੇ ਹਨ ਉਹਨਾਂ ਦਾ ਪਰਚਾਰ ਉਹਨਾਂ ਦੀ ਰੋਜ਼ੀ ਰੋਟੀ ਦਾ ਵਸੀਲਾ ਹੈ। ਜਦ ਕੋਈ ਵੱਡਾ ਆਦਮੀ ਵੀਹ ਡਾਲਰ ਦਾ ਨੋਟ ਖਿਲਾਰ ਕੇ ਉਹਨਾ ਅਗੇ ਧਰਦਾ ਹੈ ਤਦ ਉਸ ਦੀ ਚਮਕ ਨਾਲ ਕੀਰਤਨ ਦੀਆਂ ਧੁੰਨਾ ਵਿਚ ਫਰਕ ਆ ਜਾਂਦਾ ਹੈ...... ਕਥਾ ਵਿਚ ਵਿਗਨ ਪੈ ਜਾਂਦਾ ਹੈ ਕਈ ਦਫਾ ਦੇਖਣ ਵਿਚ ਆਇਆ ਹੈ ਕਿ ਕਥਾ ਕੀਰਤਨ ਦੋਰਾਨ ਝੱਟ ਹੀ ਉਸ ਵਿਅਕਤੀ ਨੂੰ ਕੌਮ ਦਾ ਸੇਵਕ, ਮਹਾਂਪੁਰਸ਼,ਧਰਮ ਦਾ ਰਖਵਾਲਾ ,ਪੰਥ ਰਤਨ ਵਰਗੀਆਂ ਵੱਡੀਆ ਵੱਡੀਆਂ ਉਪਾਧੀਆਂ ਬਖਸ਼ ਦਿੰਦੇ ਹਨ। ਕਦੇ ਮੇਰੇ ਬਾਰੇ ਵੀ ਸੁਣਿਆਂ ਕਿ ਮੈਂ ਕਿਸੇ ਨਾਲ ਫਰਕ ਕੀਤਾ ਹੋਵੇ ..... ਗੁਰੂ ਦਰਬਾਰ ਵਿਚ ਜਾਂ ਲੰਗਰ ਵਿਚ ਕਿਸੇ ਨੂੰ ਆਖਿਆ ਹੋਵੇ ਮੇਰੇ ਤੇ ਨਾ ਬੈਠੀਂ ਮੈਂ ਕਿਸੇ ਲਈ ਰਾਖਵੀਂ ਹਾਂ ਜਾਂ ਕਿਸੇ ਲੀਡਰ ਅੱਗੇ ਭੱਜ ਕੇ ਹੋਈ ਹੋਵਾਂ। ਆਓ ਜੀ, ਮੈਨੂੰ ਭਾਗ ਲਾਓ। ਹੁਣ ਜੋ ਕਨਸੋਆਂ ਮੇਰੇ ਕੰਨੀ ਪੈ ਰਹੀਆਂ ਹਨ, ਉਹਨਾਂ ਨੇ ਤਾਂ ਮੇਰਾ ਸਾਹ-ਸਤ ਹੀ ਕਢ ਕੇ ਰੱਖ ਦਿਤਾ ਹੈ। ਸਿਖ ਧਰਮ ਦੇ ਸਰਬਉਚ ਕੇਂਦਰ ਸਿਰੀ ਅਕਾਲ ਤਖਤ ਸਾਹਿਬ ਜੋ ਇਨਸਾਫ ਦਾ ਚਿੰਨ੍ਹ ਹੈ, ਤੋਂ ਮੇਰੇ ਖਿਲਾਫ ਫਤਵਾ ਦੇ ਕੇ ਮੇਰੇ ਲਈ ਸੇਵਾ ਦੇ ਸਭ ਦਰਵਾਜ਼ੇ ਬੰਦ ਕਰ ਦਿਤੇ ਗਏ ਹਨ। ਬੇ ਜ਼ਬਾਨ ਹਾਂ ਬੇ ਜ਼ਬਾਨਾ ਦੇ ਹੱਕ ਖੋਹ ਲਏ ਜਾਂਦੇ ਹਨ। ਕਿਸੇ ਨੂੰ ਸੁਣਾ ਵੀ ਨਹੀਂ ਸਕਦੀ, ਅੰਦਰੇ ਅੰਦਰ ਆਹਾਂ ਪੀ ਰਹੀ ਹਾਂ..... ਮੇਰੇ ਅੰਦਰ ਇਕ ਦਰਦ ਭਰੀ ਹੂਕ ਉਠ ਰਹੀ ਹੈ... ਬੇਨਤੀਆਂ ਕਰ ਰਹੀ ਹਾਂ ਉਸ ਗੁਰੂ ਪੀਰ ਅੱਗੇ। ਓ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਖੜੇ ਕਰਨ ਵਾਲਿਆ ਪੀਰਾ, ਮੈਨੂੰ ਵੀ ਕਿਤੇ ਜ਼ਬਾਨ ਬਖਸ਼ ਦਿੰਦਾ ਤਾਂ ਮੈਂ ਵੀ ਆਪਣੇ ਹੱਕਾਂ ਦੀ ਰਾਖੀ ਲਈ ਜਗਤ ਢੰਡੋਰਾ ਦਿੰਦੀ.... ਅਫਸੋਸ ਤਾਂ ਇਸ ਗੱਲ ਦਾ ਹੈ ਕਿ ਲੋਕ ਹੱਕਾਂ ਦੀ ਰਾਖੀ ਕਰਨ ਲਈ ਜੋ ਸਿੰਘ ਸੂਰਮੇ ਤੈਂ ਸਾਜੇ ਸਨ, ਅੱਜ ਉਹਨਾਂ ਹਥੋਂ ਹੀ ਮੈਂ ਲੁੱਟੀ ਜਾ ਰਹੀ ਹਾਂ।
****
No comments:
Post a Comment