Showing posts with label ਮੁਬਾਰਕਾਂ. Show all posts
Showing posts with label ਮੁਬਾਰਕਾਂ. Show all posts

ਮੋਬਾਈਲ ਵਿਚ ਪਾਪਾ........ ਮੁਬਾਰਕਾਂ / ਨਿਸ਼ਾਨ ਸਿੰਘ ਰਾਠੌਰ

ਮੇਰਾ ਬੇਟਾ ਅਸ਼ਨੂਰ ਅਜੇ 9 ਮਹੀਨੇ ਦਾ ਹੀ ਸੀ ਕਿ ਮੈਂ ਫੌਜ ਵਿਚ ਭਰਤੀ ਹੋ ਗਿਆ ਸਾਂ। ਭਰਤੀ ਹੋਣ ਕਾਰਣ ਮੇਰਾ ਬਹੁਤਾ ਸਮਾਂ ਘਰ ਤੋਂ ਬਾਹਰ ਹੀ ਬਤੀਤ ਹੁੰਦਾ ਹੈ। ਕਦੇ 5 ਮਹੀਨੇ ਬਾਅਦ ਕਦੇ 6 ਮਹੀਨੇ ਬਾਅਦ ਹੀ ਘਰ ਆਉਣ ਦਾ ਸਬੱਬ ਬਣਦਾ ਹੈ। ਜਦੋਂ ਛੁੱਟੀ ਲੈ ਕੇ ਘਰ ਆਉਂਦੇ ਹਾਂ ਤਾਂ ਅਸ਼ਨੂਰ 2-3 ਦਿਨ ਤਾਂ ਅੰਕਲ ਹੀ ਕਹੀ ਜਾਂਦਾ ਹੈ ਤੇ ਕਾਫ਼ੀ ਸਮਝਾਉਣ ਤੇ ਪਾਪਾ ਕਹਿਣਾ ਸ਼ੁਰੂ ਕਰਦਾ ਹੈ ਇਤਨੇ ਨੂੰ ਛੁੱਟੀ ਖਤਮ ਹੋ ਜਾਂਦੀ ਹੈ।

ਡਿਊਟੀ ਦੌਰਾਨ ਮੋਬਾਈਲ ਫੋਨ ਤੇ ਘਰ ਗੱਲ ਕਰਦੇ ਰਹਿੰਦੇ ਹਾਂ। ਇਸ ਲਈ ਅਸ਼ਨੂਰ ਮੈਨੂੰ ਮੋਬਾਈਲ ਵਾਲੇ ਪਾਪਾ ਹੀ ਕਹਿੰਦਾ ਹੈ। ਆਪਣੀ ਪਤਨੀ ਚਰਨਜੀਤ ਦੇ ਜਿਸ ਮੋਬਾਈਲ ਤੇ ਮੈਂ ਫੋਨ ਕਰਦਾ ਹਾਂ ਅਸ਼ਨੂਰ ਉਸ ਫੋਨ ਨੂੰ ਬੜਾ ਸੰਭਾਲ ਕੇ ਰੱਖਦਾ ਹੈ ਅਤੇ ਕਹਿੰਦਾ ਹੈ ਇਸ ਮੋਬਾਈਲ ਵਿਚ ਮੇਰੇ ਪਾਪਾ ਹਨ। ਇਸ ਵਿਚੋਂ ਪਾਪਾ ਦੀ ਆਵਾਜ ਆਉਂਦੀ ਹੈ।

30 ਅਗਸਤ ਉਸ ਦਾ ਜਨਮ ਦਿਨ ਹੈ। ਉਹ ਚੋਥੇ ਸਾਲ ਵਿਚ ਲੱਗ ਗਿਆ ਹੈ। ਪਰਮਾਤਮਾ ਉਸ ਨੂੰ ਚੰਗੀ ਮੱਤ ਦੇਵੇ। ਅਸ਼ਨੂਰ ਨੂੰ ਉਸ ਦੇ ਪਾਪਾ ਵੱਲੋਂ ਜਨਮ ਦਿਨ ਮੁਬਾਰਕ।

ਇਸ ਵਾਰ ਫਿਰ ਉਸ ਨਾਲ ਜਨਮਦਿਨ ਮਨਾਉਣ ਦਾ ਮੌਕਾ ਨਹੀਂ ਮਿਲਿਆ ਤੇ ਉਹ ਜਨਮਦਿਨ ਵਾਲੇ ਦਿਨ ਮੋਬਾਈਲ ਫੋਨ ਜ਼ਰੂਰ ਸੰਭਾਲ ਕੇ ਰੱਖੇਗਾ ਕਿਉਂਕਿ ਉਸ ਦੇ ਮੋਬਾਈਲ ਵਿਚ ਉਸ ਦੇ ਪਾਪਾ ਹਨ।

ਜਨਮਦਿਨ ਮੁਬਾਰਕ ਅਸ਼ਨੂਰ

ਜਨਮਦਿਨ ਮੁਬਾਰਕ ਮੇਰੀ ਬੱਚੀ !!!..........ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)


ਤਨੀਸ਼ਾ ! ਮੇਰੀ ਬੱਚੀ !! ਆਪਣੀ ਵਾਅਦਾ ਖਿਲਾਫੀ ਕਰਕੇ ਅਸੀਂ ਤਾਂ ਤੇਰੇ ਕੋਲੋਂ ਮੁਆਫ਼ੀ ਮੰਗਣ ਦੇ ਵੀ ਹੱਕਦਾਰ ਨਹੀਂ ਹਾਂ । ਯਾਦ ਹੈ ਅੱਜ ਵੀ 24 ਦਸੰਬਰ 2008, ਦਿਨ ਬੁੱਧਵਾਰ ਦੀ ਸਵੇਰ ਦਾ ਕਰੀਬ ਸਾਢੇ ਚਾਰ ਦਾ ਸਮਾਂ, ਜਦ ਕਿ ਅਸੀਂ ਤੁਹਾਡੇ ਕੋਲੋਂ ਲੰਬੀ ਜੁਦਾਈ ਪਾ ਗਏ ਸਾਂ । ਜਦ ਵਿਦਾ ਹੋਣ ਦਾ ਸਮਾਂ ਸੀ ਤੇ ਤੈਨੂੰ ਸੁੱਤੀ ਪਈ ਨੂੰ ਜਗਾ ਕੇ ਕਿਹਾ ਸੀ ਕਿ “ਛੋਟੀ ਗਰਿਮਾ ਦਾ ਧਿਆਨ ਰੱਖੀਂ”, ਉਦੋਂ ਅਹਿਸਾਸ ਹੋਇਆ ਸੀ ਕਿ ਕਿੰਨੀ ਵੱਡੀ ਗ਼ਲਤੀ ਕਰ ਬੈਠੇ ਹਾਂ ? ਵੀਜ਼ਾ ਲੱਗਣ ਤੋਂ ਬਾਅਦ ਤੁਹਾਡੇ ਕੋਲੋਂ ਜੁਦਾ ਹੋਣ ਤੱਕ ਦਾ ਇੱਕ ਮਹੀਨੇ ਦਾ ਸਮਾਂ ਤਾਂ ਸਮੇਟਾ ਸਮਾਟੀ ‘ਚ ਕਦੋਂ ਬਿਨਾਂ ਖੰਭਾਂ ਤੋਂ ਕਿਧਰੇ ਉੱਡ ਗਿਆ, ਪਤਾ ਹੀ ਨਾ ਲੱਗਾ । ਮੁੜ ਜਦ ਇੱਕ ਅਣਜਾਣੀ ਧਰਤੀ ਤੇ ਆ ਕਦਮ ਧਰੇ ਤਾਂ ਅਣਜਾਣੇ ਲੋਕ, ਅਣਜਾਣਿਆ ਵਾਤਾਵਰਨ, ਅਣਜਾਣਿਆ ਮਾਹੌਲ । ਹਰ ਸ਼ੈਅ ਵੱਢ ਵੱਢ ਖਾਣ ਨੂੰ ਕਰੇ । ਪਰ ਕੁਝ ਵੀ ਵੱਸ ਨਹੀਂ ਸੀ । ਦਿਲ ਦੇ ਕੋਨੇ ‘ਚ ਇੱਕ ਆਸ ਸੀ ਕਿ ਚਲੋ ਛੇ ਮਹੀਨਿਆਂ ਬਾਅਦ ਮਾੜੇ ਮੋਟੇ ਸੈੱਟ ਹੋ ਕੇ ਤੁਹਾਨੂੰ ਬੁਲਾ ਹੀ ਲੈਣਾ ਹੈ । ਤੁਹਾਡੇ ਨਾਲ਼ ਵਾਅਦਾ ਵੀ ਤਾਂ ਕੀਤਾ ਸੀ ਕਿ ਕੁਝ ਮਹੀਨਿਆਂ ਬਾਅਦ ਮਈ ਜੂਨ ‘ਚ ਤੁਹਾਨੂੰ ਆਪਣੇ ਕੋਲ ਬੁਲਾ ਲਵਾਂਗੇ । ਛੇ ਮਹੀਨੇ... ਸਾਲ... ਸਵਾ ਸਾਲ... ਹੁਣ ਤਾਂ ਡੇਢ ਸਾਲ ਵੀ ਗੁਜ਼ਰ ਗਿਆ ਹੈ । ਪਰ ਤੁਹਾਨੂੰ ਮਿਲਣ ਦਾ ਕੋਈ ਹਿਸਾਬ ਕਿਤਾਬ ਨਜ਼ਰ ਨਹੀਂ ਆ ਰਿਹਾ । ਸਾਡਾ ਤਾਂ ਹਰ ਦਿਨ ਹੀ ਡੇਢ ਡੇਢ ਸਾਲ ਦਾ ਹੋ ਕੇ ਗੁਜ਼ਰ ਰਿਹਾ ਹੈ । ਪਰ ਕਰੀਏ ਤਾਂ ਕੀ ਕਰੀਏ ? ਬਹੁਤ ਮਜ਼ਬੂਰੀਆਂ ਵੀ ਨੇ ਤੇ ਕੋਈ ਦਰ ਵੀ ਨਹੀਂ ਛੱਡਿਆ ਜਿੱਥੇ ਕਿ ਤੁਹਾਨੂੰ ਮਿਲਣ ਲਈ ਜੋਦੜੀ ਨਾ ਕੀਤੀ ਹੋਵੇ । ਰੱਬ ਦੇ ਹਾੜ੍ਹੇ ਪਾ ਪਾ ਦੇਖ ਲਏ । ਪਰ ਸ਼ਾਇਦ ਅਜੇ ਵੀ ਲੰਬੀਆਂ ਜੁਦਾਈਆਂ ਬਾਕੀ ਨੇ । ਤੇਰੀ ਕੁਰਬਾਨੀ ਤਾਂ ਸਾਡੇ ਸਭ ਨਾਲੋਂ ਵਧ ਕੇ ਹੈ । ਗਰਿਮਾ ਨੂੰ ਤਾਂ ਅਜੇ ਕੋਈ ਸਮਝ ਹੀ ਨਹੀਂ ਸੀ । ਤੈਨੂੰ ਪਤਾ ਸੀ ਕਿ ਮੰਮੀ ਪਾਪਾ ਤੇਰੇ ਕੋਲੋਂ ਬਹੁਤ ਦੂਰ ਜਾ ਰਹੇ ਹਨ, ਪਰ ਤੂੰ ਸਬਰ ਰੱਖਿਆ । ਮੇਰੀ ਬੱਚੀ ! ਅਸੀਂ ਤੇਰੇ ਸਬਰ ਨੂੰ ਸਲਾਮ ਕਰਦੇ ਹਾਂ । ਅਸੀਂ ਬਹੁਤ ਖੁਸ਼ਨਸੀਬ ਹਾਂ ਜੋ ਤੂੰ ਸਾਡੀ ਬੇਟੀ ਹੈਂ । ਅੱਜ ਤੇਰੇ ਜਨਮ ਦਿਨ ਤੇ ਤੈਨੂੰ ਤੋਹਫ਼ੇ ਬਾਰੇ ਪੁੱਛਿਆ ਤਾਂ ਤੇਰੀ ਗੱਲ ਸੁਣ ਕੇ ਤਾਂ ਹੈਰਾਨ ਹੀ ਰਹਿ ਗਏ ਕਿ ਤੂੰ ਕਿਸੇ ਤੋਹਫ਼ੇ ਜਾਂ ਕੇਕ ਆਦਿ ਦੀ ਬਜਾਏ ਗਰੀਬ ਲੋਕਾਂ ਨੂੰ ਖਾਣਾ ਖੁਆਉਣਾ ਚਾਹੁੰਦੀ ਹੈਂ । ਇਸ ਨੰਨ੍ਹੀ ਜਿਹੀ ਉਮਰ ‘ਚ ਤੇਰੇ ਇਸ ਜ਼ਜ਼ਬੇ ਅੱਗੇ ਸਾਡਾ ਸਿਰ ਝੁਕਦਾ ਹੈ । ਤੈਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ! ਰੱਬ ਅੱਗੇ ਅਰਦਾਸ ਹੈ ਕਿ ਤੇਰੀ ਨੇਕ ਨੀਅਤੀ ਨੂੰ ਫਲ ਲਾਵੇ । ਤੇਰੀਆਂ ਇੱਛਾਵਾਂ ਪੂਰੀਆਂ ਕਰੇ ਤੇ ਜਿੰਦਗੀ ‘ਚ ਕਾਮਯਾਬੀ ਤੇਰੇ ਕਦਮ ਚੁੰਮੇ ।

ਆਮੀਨ !