ਫ਼ਰੀਦਾ ਖਾਕੁ ਨ ਨਿੰਦੀਐ ਖਾਕੁ ਜੇਡ ਨ ਕੋਇ ।।
ਜੀਵੰਦਿਆਂ ਪੈਰਾਂ ਤਲੈ ਮੁਇਆਂ ਊਪਰ ਹੋਇ ।।
--ਬਾਬਾ ਸ਼ੇਖ਼ ਫ਼ਰੀਦ ਜੀ


ਕਲਾਮ ਬੁੱਲ੍ਹੇ ਸ਼ਾਹ

ਆਪਣਾ ਦੱਸ ਟਿਕਾਣਾ,
ਕਿਧਰੋਂ ਆਇਆ,
ਕਿਧਰ ਜਾਣਾ
ਜਿਸ ਠਾਣੇ ਦਾ ਮਾਣ ਕਰੇਂ ਤੂੰ,
ਉਹਨੇ ਤੇਰੇ ਨਾਲ਼ ਨਾ ਜਾਣਾ
ਜ਼ੁਲਮ ਕਰੇਂ ਤੇ ਲੋਕ ਸਤਾਵੇਂ,
ਕਸਬ ਫੜਿਉ ਲੁਟ ਖਾਣਾ
ਕਰ ਲੈ ਚਾਵੜ ਚਾਰ ਦਿਹਾੜੇ,
ਓੜਕ ਤੂੰ ਉਠ ਜਾਣਾ
ਸ਼ਹਿਰ ਖਮੋਸ਼ਾਂ ਦੇ ਚੱਲ ਵੱਸੀਏ,
ਜਿਥੇ ਮੁਲਕ ਸਮਾਣਾ
ਭਰ ਭਰ ਪੂਰ ਲੰਘਾਵੇ ਡਾਢਾ,
ਮਲਕ ਉਲ ਮੌਤ ਮੁਹਾਣਾ
ਤੂੰ ਕਿਧਰੋਂ ਆਇਆ ਕਿਧਰ ਜਾਣਾ,
ਆਪਣਾ ਦੱਸ ਟਿਕਾਣਾ



ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ.......... ਗ਼ਜ਼ਲ / ਸੁਰਜੀਤ ਪਾਤਰ

ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ ਮੈਂ ਸੋਚਿਆ ਸੀ
ਦੇਖਿਆ ਤਾਂ ਦੂਰ ਤਕ ਬਾਂਸਾਂ ਦਾ ਜੰਗਲ ਜਲ਼ ਰਿਹਾ ਸੀ

ਆਦਮੀ ਦੀ ਪਿਆਸ ਕੈਸੀ ਸੀ ਕਿ ਸਾਗਰ ਕੰਬਦੇ ਸਨ
ਆਦਮੀ ਦੀ ਭੁੱਖ ਕਿੰਨੀ ਸੀ ਕਿ ਜੰਗਲ ਡਰ ਗਿਆ ਸੀ


ਲੋਕ ਕਿੱਥੇ ਜਾ ਰਹੇ ਸਨ ਲੋਕਤਾ ਨੂੰ ਮਿੱਧ ਕੇ
ਮਸਲ ਕੇ ਇਨਸਾਨੀਅਤ ਇਨਸਾਨ ਕਿੱਥੇ ਜਾ ਰਿਹਾ ਸੀ

ਕਿਸ ਤਰ੍ਹਾਂ ਦੀ ਦੌੜ ਸੀ, ਪੈਰਾਂ 'ਚ ਅੱਖਰ ਰੁਲ਼ ਰਹੇ ਸਨ
ਓਹੀ ਅੱਖਰ ਜਿਨ੍ਹਾਂ ਅੰਦਰ ਮੰਜਿ਼ਲਾਂ ਦਾ ਥਹੁ ਪਤਾ ਸੀ

ਅਗਨ ਜਦ ਉਠੱੀ ਮੇਰੇ ਤਨ ਮਨ ਤਾਂ ਮੈਂ ਵੀ ਦੌੜਿਆ
ਪਰ ਤੇਰਾ ਹੰਝੂ ਮੇਰੇ ਰਾਹਾਂ 'ਚ ਦਰਿਆ ਬਣ ਗਿਆ ਸੀ

ਸੁੱਕ ਗਿਆ ਹਰ ਬਿਰਖ ਉਸਨੂੰ ਤਰਸਦਾ ਜਿਹੜੀ ਘੜੀ
ਕੁਆਰੀਆਂ ਕਣੀਆਂ ਨੇ ਲੈਰੇ ਪੱਤਿਆਂ 'ਤੇ ਬਰਸਣਾ ਸੀ

ਮੁੜ ਤਾਂ ਆਈਆਂ ਮਛਲੀਆਂ ਆਖ਼ਰ ਨੂੰ ਪੱਥਰ ਚੱਟ ਕੇ
ਪਰ ਉਨ੍ਹਾਂ ਦੇ ਮੁੜਨ ਤੱਕ ਪਾਣੀ ਵੀ ਪੱਥਰ ਹੋ ਗਿਆ ਸੀ

ਗਿਰਝਾਂ.......... ਕਾਵਿ ਵਿਅੰਗ / ਨਿਰਮੋਹੀ ਫ਼ਰੀਦਕੋਟੀ

ਗਿਰਝਾਂ ਰਹੀਆਂ ਨਾ ਆਪਣੇ ਦੇਸ ਅੰਦਰ
ਆ ਕੇ ਪਿਤਾ ਨੂੰ ਦੱਸੇ ਜਗਵੰਤ ਮੀਆਂ ।
ਸੁਣ ਕੇ ਬਾਪ ਨੂੰ ਬੜਾ ਹੀ ਫਿ਼ਕਰ ਹੋਇਆ
ਕਿੱਧਰ ਹੋ ਗਈਆਂ ਉਹ ਉਡੰਤ ਮੀਆਂ ।

ਕੋਲ਼ੇ ਬੈਠਾ ਨਿਰਮੋਹੀ ਸਮਝਾਉਣ ਲੱਗਾ
ਨਹੀਂ ਗਿਰਝਾਂ ਦਾ ਕੋਈ ਵੀ ਅੰਤ ਮੀਆਂ ।
ਆਈਆਂ ਅਫ਼ਸਰ,ਵਪਾਰੀ ਤੇ ਬਣ ਨੇਤਾ
ਬਾਕੀ ਰਹਿੰਦੀਆਂ ਬਣ ਗੀਆਂ ਸੰਤ ਮੀਆਂ ।

ਆਜ਼ਾਦੀ

ਪੈਰੀਂ ਟੁੱਟੀ ਜੁੱਤੀ ਤੇੜ ਘਸੀ ਚਾਦਰ
ਗਲ਼ੇ ਟਾਕੀਆਂ ਵਾਲ਼ੀ ਕਮੀਜ਼ ਮੀਆਂ ।
ਪੇਟ ਛੜੇ ਦੇ ਘੜੇ ਦੇ ਵਾਂਗ ਖਾਲੀ
ਨਾ ਦਰ ਤੇ ਨਾ ਦਹਿਲੀਜ਼ ਮੀਆਂ ।
ਕਾਲ਼ਾ ਅੱਖਰ ਬਰਾਬਰ ਮੱਝ ਦੇ ਹੈ
ਕਿੱਥੋਂ ਅਸਾਂ ਨੂੰ ਆਊ ਤਮੀਜ਼ ਮੀਆਂ ।
ਸਾਨੂੰ ਦਰਸ਼ਨ ਨਿਰਮੋਹੀ ਜੀ ਕਦੋਂ ਹੋਣੇ
ਕੇਹੋ ਜੇਹੀ ਆਜ਼ਾਦੀ ਹੈ ਚੀਜ਼ ਮੀਆਂ ।

ਬਦਲਦੀ ਪ੍ਰੀਭਾਸ਼ਾ.......... ਨਜ਼ਮ/ਕਵਿਤਾ / ਸੁਰਿੰਦਰ ਭਾਰਤੀ ਤਿਵਾੜੀ

ਬਦਲ ਗਈ ਦੁਨੀਆਂ
ਤੇ ਬਦਲ ਗਏ ਦਸਤੂਰ,
ਹਰ ਰਿਸ਼ਤਾ
ਆਪਣੀ ਪ੍ਰੀਭਾਸ਼ਾ ਤੋਂ ਦੂਰ।


ਪਿਤਾ ਦੀ ਸੋਚ
ਆਪ, ਪਤਨੀ, ਮੁੜ ਬੱਚੇ
ਆਪਣੀ ਔਲਾਦ
ਪਰ ਵਿਸ਼ਵਾਸ਼ ਦੀ ਘਾਟ,
ਔਲਾਦ ਹੈ ਸਿਰਫ਼ ਜਾਇਦਾਦ,
ਦੇਣ ਲਈ ਸ਼ਰਤਾਂ ਤੇ ਵਿਵਾਦ।

ਮਾਂ ਦੀ ਮਮਤਾ
ਮਾਂ ਘੱਟ, ਪਤਨੀ ਵੱਧ
ਨਫੇ ਨੁਕਸਾਨ ਅਨੁਸਾਰ,
ਪੁੱਤ ਨਾਲ ਪਿਆਰ,
ਹਰ ਕਿਤੇ
ਪਹਿਲੀ ਹੱਕਦਾਰ ।

ਧੀ ਰਾਣੀ,
ਪਹਿਲੇ ਦਿਨੋਂ ਬੇਗਾਨੀ,
ਸਹੁਰੇ ਘਰ ਦੀ ਅਮਾਨਤ,
ਪੁੱਛੇ ਤਾਂ ਜ਼ਮਾਨੇ ਦੀ ਤੋਹਮਤ,
ਨਾਂ ਪੁੱਛੇ ਤਾਂ ਪੁੱਤਾਂ ਵਰਗੀ,
ਹੱਕ ਲਈ ਬਰਾਬਰ,
ਫ਼ਰਜਾਂ ਲਈ ‘ਵਿਚਾਰੀ’।

ਪੁੱਤ ਕੁਆਰੇ ਵੀ ਬੇਗਾਨੇ,
ਆਪਣੀਆਂ ਇਛਾਵਾਂ,
ਮਾਤਾ ਪਿਤਾ ਦਾ ਫਰਜ਼,
ਯਾਦ ਕਰਾਉਂਦੇ,
ਵਿਆਹੇ ਤਾਂ ਮਜ਼ਬੂਰ,
ਸਭ ਦਾ ਵਧੀਆ ਆਖਾਣ,
‘ਅਸੀਂ ਕੀ ਕਰੀਏ’
‘ਤੁਹਾਡੀ ਗੱਲ ਹੋਰ ਸੀ’।

ਭਰਾ ਕਹਿੰਦਿਆਂ ਮੂੰਹ ਭਰ ਆਏ,
ਲੋੜ ਦੇ ਮਾਂ ਜਾਏ,
ਸੁੱਖ ਦੇ ਭਾਈਵਾਲ,
ਦੁੱਖ ਵਿੱਚ ਦੂਰ,
ਸੁਆਰਥ ਲਈ ਦੁਸ਼ਮਨ,
ਕਾਮਯਾਬ ਭਰਾ ਦੇ ਸ਼ਰੀਕ,
ਕਮਜੋਰ ਲਈ ਤਾਹਨਿਆਂ ਦੀ ਤਸਦੀਕ।

ਭੈਣ ਭਰਾ ਤੋਂ ਨਾ ਵੱਖ,
ਮਾਪਿਆਂ ਤੇ ਸਭ ਤੋਂ ਵੱਧ ਹੱਕ,
ਭਰਾ ਲਈੇ ਸੁੱਖ ਸੁੱਖਣ ਵਾਲੀ,
ਅਮੀਰ ਭਰਾ ਦੀ, ਭੈਣ ਨਿਰਾਲੀ,
ਲੈਣ ਦੀ ਹੱਕਦਾਰ,
ਦੇਣ ਵੇਲੇ ਅਹਿਸਾਨ ।

ਰਿਸ਼ਤੇਦਾਰ
ਬਿਨ ਸਤਿਕਾਰ,
ਸਵਾਦ ਲੈਣ ਲਈ ਤਤਪਰ,
ਦਿਲ ਤੋੜਨ ਵਿੱਚ ਮਾਹਰ,
ਡਿੱਗਦੇ ਤੇ ਖੁਸ਼
ਚੜ੍ਹਦੇ ਤੇ ਦੁੱਖ,
ਨੀਵਾਂ ਦਿਖਾਉਣ ਤੇ ਆਤਮਾ ਖੁਸ਼,
ਅਮੀਰ ਦੇ ਨੇੜੇ ਦੇ,
ਗਰੀਬ ਲਈ ਦੂਰ ਦੇ।

ਦੋਸਤ ਜੀਵਨ ਦਾ ਫਰਿਸ਼ਤਾ,
ਪਰ ਆਰਜ਼ੀ ਰਿਸ਼ਤਾ,
ਫਾਇਦੇ ਲਈ ਸਕੇ ਭਰਾ,
ਜਿੰਮੇਵਾਰੀ ਲਈ ਲਾਪਰਵਾਹ,
ਦੁੱਖ-ਸੁੱਖ ਦੇ ਬਨਾਉਟੀ ਭਾਈਵਾਲ,
ਮੁਸੀਬਤ ‘ਚ ਗਾਇਬ
ਮਾਈ ਦਾ ਲਾਲ,
ਲਾਭ ਨਹੀਂ ਤਾਂ ਰਿਸ਼ਤਾ ਖਤਮ,
ਧੋਖਾ ਦੇਣ ਤੇ ਕੈਸੀ ਸ਼ਰਮ ।

ਕਿੰਨਾਂ ਕੌੜਾ
ਰਿਸ਼ਤਿਆਂ ਦਾ ਸੱਚ,
ਹਰ ਪਲ,
ਹਰ ਪਾਸੇ,
ਹਰ ਮੌਕੇ,
ਹਰ ਜਗ੍ਹਾ,
ਭਾਰਤੀ ਦੇਖਦਾ ਹੈ
ਅੱਖਾਂ ਦੇ ਸਾਹਮਣੇ,
ਹੇ ਮੇਰੇ ਮੌਲਾ! 

ਵਕਤ ਦੀ ਕੈਸੀ.......... ਗ਼ਜ਼ਲ / ਨਵਪ੍ਰੀਤ ਸੰਧੂ

ਵਕਤ ਦੀ ਕੈਸੀ ਇਹ ਉਲਟੀ ਚਾਲ ਹੈ
ਸਾਗਰਾਂ ਨੂੰ ਹੁਣ ਥਲਾਂ ਦੀ ਭਾਲ਼ ਹੈ

ਭਟਕਦੇ ਪੌਣਾਂ 'ਚ ਕੁਝ ਪੱਤੇ ਮਿਲੇ
ਪੁੱਛਦੇ ਸੀ ਬਿਰਖ ਦਾ ਕੀ ਹਾਲ ਹੈ


ਪਾਰੇ ਵਾਂਗੂ ਡੋਲਦੀ ਹੈ ਹਰ ਨਜ਼ਰ
ਕੀ ਖ਼ਬਰ ਕਿ ਕੌਣ ਕਿਸਦੇ ਨਾਲ਼ ਹੈ

ਸੋਚ ਦੀ ਕੰਧ 'ਤੇ ਕਲੰਡਰ ਹੈ ਉਹੀ
ਆਖਦੇ ਹੋ ਕਿ ਨਵਾਂ ਇਹ ਸਾਲ ਹੈ

ਜਿਸ ਤਰ੍ਹਾਂ ਮਾਰੂਥਲਾਂ 'ਤੇ ਕਿਣਮਿਣੀ
ਝਲਕ ਤੇਰੀ ਤੇ ਇਹ ਦਿਲ ਦਾ ਹਾਲ ਹੈ

ਸੁਪਨਿਆਂ ਦੇ ਵਪਾਰੀ.......... ਨਜ਼ਮ/ਕਵਿਤਾ / ਸੱਤਪਾਲ ਬਰਾੜ ( ਯੂ.ਐਸ.ਏ )

ਦਰਵਾਜ਼ੇ ਤੇ ਦਸਤਕ ਦੇ ਰਹੇ
ਆਸਵੰਦ ਭਿਖਾਰੀ ਨੂੰ ਸਮਝਾ,
ਕਿ
ਇਹ ਨਿਰਾਸ਼ ਘਰ ਕਿਸੇ ਪ੍ਰਦੇਸੀ ਦਾ ਹੈ--
ਇਥੋਂ ਖੈਰ ਨਹੀਂ ਹੌਂਕੇ ਮਿਲਦੇ ਹਨ,


ਜਿੰਦਰਿਆਂ ਨੂੰ ਲੱਗੀ, ਜੰਗਾਲ ਹੀ,
ਕਾਫੀ਼ ਹੈ ਸਾਰੀ ਦਾਸਤਾਂ ਕਹਿਣ ਲਈ
ਕਿ
ਵੱਡੇ ਵੱਡੇ ਸੁਪਨਿਆਂ ਦੇ ਵਪਾਰੀ
ਘਰਾਂ ਦੇ ਰਾਹ ਭੁੱਲ ਗਏ--

ਉਜਾੜ ਬੀਆਬਾਨਾਂ ਵਰਗੀ ਉਦਾਸ ਬੋਹੜ ਨੂੰ
ਤੇ ਵਿਹੜੇ ਵਿਚ ਸੁੱਕ ਰਹੀ ਨਿੰਮ ਨੂੰ ਸਮਝਾ
ਕਿ
ਜਿਉਂਦੇ ਜੀਆਂ ਲਈ ਕੀਰਨੇ ਪਾਉਣਾ
ਸੱਦਾ ਨਹੀਂ
ਅਪਸ਼ਗਨ ਹੁੰਦਾ ਹੈ--

ਚੁਬਾਰੇ ਉਪਰ ਲੱਗੀ ਮੋਰ ਦੀ,
ਗਰਦਨ ਵੀ ਸ਼ਰਮ ਨਾਲ਼ ਝੁਕੀ ਜਾਪਦੀ ਹੈ
ਕਿ
ਪ੍ਰਦੇਸੀ ਪੁੱਤਰ, ਮਾਂ ਦੀ ਖਾਹਿਸ਼ ਨੂੰ ਤਿਆਗ ਕੇ
ਆਖਰੀ ਰਸਮਾਂ ਵੇਲੇ ਗ਼ੈਰਹਾਜ਼ਰ ਸਨ--

ਪਿੱਛਾ ਗਵਾ ਕੇ ਅੱਗੇ ਦੀ ਦੌੜ ਵਿਚ
ਮਸਰੂਫ਼ ਵਪਾਰੀ, ਜਦ ਲੇਖਾ ਜੋਖਾ ਕਰਨਗੇ
ਕਿ
ਸਭ ਕੁਝ ਕੱਕੇ ਰੇਤੇ ਵਾਂਗ ਕਿਰ ਗਿਆ
ਤੇ ਬਾਕੀ ਬਚੇ ਦਾ ਉਤਰ ਸਿਫਰ ਨਿਕਲ ਆਇਆ--

ਅਮਰੀਕਨ ਗੋਰੇ ਅਧਿਕਾਰੀ ਦੀ ਪੰਜਾਬੀ.......... ਲੇਖ਼ / ਬਰਿੰਦਰ ਢਿੱਲੋਂ ਐਡਵੋਕੇਟ

ਮੈਂ ਸਰੀ ਦੇ ਜੀਰੋ ਐਵੇਨਿਊ ਸਥਿੱਤ ਕਨੇਡੀਅਨ ਬਾਰਡਰ ਰਿਵਰ ਸਟੋਰ ਤੇ ਖੜਾਂ ਅਮਰੀਕਾ ਜਾਣ ਵਾਲੀ ਬੱਸ ਉਡੀਕ ਰਿਹਾ ਸੀ। ਵੇਨਕੂਵਰ ਤੋਂ ਚੱਲੀ ਬੱਸ ਲੇਟ ਹੋ ਰਹੀ ਸੀ। ਥੋੜ੍ਹੀ ਬੇਚੈਨੀ ਵਿੱਚ ਬੱਸ ਦਾ ਰੁਟ ਤੇ ਬਾਰਡਰ ਦਾ ਨਕਸ਼ਾ ਹੱਥ ਵਿੱਚ ਫੜ੍ਹੀ ਮੈਂ ਟਹਿਲ ਕਦਮੀਂ ਕਰਦਾ ਸਾਹਮਣੇ ਵਾਈਟ ਰੌਕ ਬੀਚ ਤੇ ਸਮੁੰਦਰ ਵਿੱਚ ਡੁੱਬ ਰਹੇ ਸੁਰਜ ਨੂੰ ਵੇਖ ਰਿਹਾ ਸੀ। ਥੋੜ੍ਹੀ ਦੇਰ ਪਹਿਲਾਂ ਪਿਆ ਮੀਂਹ ਦਾ ਪਾਣੀ ਪਹਾੜੀ ਢਲਾਣ ਤੋਂ ਵਹਿ ਚੁੱਕਾ ਸੀ। ਇਸ ਸਾਲ ਅਮਰੀਕਾ ਕਨੇਡਾ ਵਿੱਚ ਮਈ ਤੋਂ ਹੀ ਮੀਂਹ ਪੈ ਰਹੇ ਸਨ । ਬੱਦਲਾਂ ਨਾਲ ਗੱਲਾਂ ਕਰਦੇ ਦਰੱਖਤਾਂ ਦੇ ਪ੍ਰਛਾਵੇਂ ਢਲ ਗਏ ਸਨ। ਪਿਛਲੇ ਦੋ ਮਹੀਨਿਆਂ ਦੇ ਸਮੇਂ ਵਿੱਚ ਮੈਂ ਤੀਜੀ ਵਾਰੀ ਅਮਰੀਕਾ ਕਨੇਡਾ ਦਾ ਬਾਰਡਰ ਟੱਪ ਰਿਹਾ ਸੀ। ਇਸ ਵਾਰੀ ਮਨ ‘ਚ ਥੋੜ੍ਹਾ ਤੌਖਲਾ ਸੀ।

ਪਿਛਲੇ ਵਾਰੀ ਮੇਰੇ ਕੋਲੋਂ ਗਲਤੀ ਹੋ ਗਈ ਸੀ। ਅਮਰੀਕਣ ਅਪਣੇ ਦੇਸ਼ ‘ਚ ਆਉਣ ਵਾਲੇ ਲੋਕਾਂ ਦਾ ਹੀ ਹਿਸਾਬ ਰੱਖਦੇ ਹਨ, ਪਰ ਜਾਣ ਵਾਲਿਆਂ ਨੇ ਖੁਦ ਦੱਸਣਾ ਹੁੰਦਾ ਕਿ ਉਹ ਅਮਰੀਕਾ ਛੱਡ ਕਿ ਜਾ ਰਹੇ ਹਨ।ਇਸ ਲਈ ਅਮਰੀਕਨ ਪਾਸਪੋਰਟ ਉੱਤੇ ਠਹਿਰਨ ਦੇ ਸਮੇਂ ਦੀ ਮੋਹਰ ਨਹੀਂ ਲਾਉਂਦੇ ਬਲਕਿ ਇੱਕ ਪ੍ਰਿੰਟਡ ਕਾਰਡ ਪਾਸਪੋਰਟ ਉੱਪਰ ਸਟੈਪਲਰ ਨਾਲ ਜੋੜ ਦਿੰਦੇ ਹਨ।ਅਮਰੀਕਨ ਬਾਰਡਰ ਲੰਘਣ ਸਮੇਂ ਇਹ ਕਾਰਡ ਸਬੰਧਤ ਅਧਿਕਾਰੀਆਂ ਨੂੰ ਮੋੜਣਾ ਹੁੰਦਾ ਤਾਂ ਜੋ ਅਮਰੀਕਨ ਅਧਿਕਾਰੀਆਂ ਨੂੰ ਇਹ ਪਤਾ ਚੱਲ ਜਾਵੇ ਕਿ ਮਹਿਮਾਣ ਬਣਕੇ ਆਇਆ ਵਿਅਕਤੀ ਕਬੂਤਰ ਨਹੀਂ ਬਣਿਆ ਅਤੇ ਠੀਕ ਸਮੇਂ ਵਾਪਸ ਮੁੜ ਗਿਆ ਹੈ।।ਅਮਰੀਕਨ ਸੱਤ ਵਾਰੀ ਸੋਚਕੇ ਵੀਜਾ ਦਿੰਦੇ ਹਨ। ਕਿਉਂ ਕਿ ਅਮਰੀਕਨ ਇਮੀਗਰੇਸ਼ਨ ਅੱਤੇ ਨੈਸ਼ਨਲਟੀ ਕਾਨੂੰਨ ਦੀ ਧਾਰਾ 214 (ਬ) ਅਨੁਸਾਰ ਅਮਰੀਕਾ ਜਾਣ ਵਾਲਾ ਹਰ ਵਿਅਕਤੀ ਕਬੂਤਰ ਬਣਕੇ ਉਡਾਰੀ ਮਾਰੇਗਾ ਹੀ ਮਾਰੇਗਾ।ਬਸ਼ਰਤੇ ਕਿ ਜਾਣ ਵਾਲਾ ਸਾਬਤ ਨਾ ਕਰ ਦੇਵੇ ਕਿ ਉਹ ਕਬੂਤਰ ਨਹੀਂ ਬਣੇਗਾ। ਅਮਰੀਕਾ ਮਹਾ ਸਾਗਰ ਹੈ;ਜਿਸ ਵਿੱਚ ਵਿਅਕਤੀ ਜਾਂਦਾ ਆਪਣੀ ਮਰਜੀ ਨਾਲ ਹੈ। ਪਰ ਮੁੜਦਾ ਮਜਬੁਰੀ ਵੱਸ ਹੀ ਹੈ। ਅਮਰੀਕਾ ਦੀ ਚਮਕ ਦਮਕ ਦੇਖਕੇ ਜਵਾਨੀ ਵੇਲੇ ਕਾਂਮਰੇਡ ਰਹਿ ਚੁੱਕੇ ਲੋਕ ਵੀ ਕਹਿ ਉੱਠਦੇ ਹਨ: ‘ਵਾਹ! ਏਕ ਉੜਤੀ ਹੂਈ ਖੁਸ਼ਬੂ ਕਿ ਸਿਵਾ ਤੁਮ ਕਿਆ ਥੇ? ਏਕ ਜਲਤੇ ਹੂਏ ਨਗਮੇਂ ਕੇ ਸਿਵਾ ਮੈਂ ਕਿਆ ਹੂੰ।’ ਅਮਰੀਕਾ ਵਿੱਚ ਇੱਕ ਕਰੋੜ ਤੋਂ ਵੱਧ ਕਬੂਤਰ ਘੁੰਮ ਰਹੇ ਹਨ।ਜਿਨ੍ਹਾਂ ਦਾ ਸਿਆਸੀ ਸ਼ਰਨ ਜਾਂ ਕਿਸੇ ਮੈਕਸੀਕਨ ਨੂੰ ਵਿਆਹ ਕੇ ਦਾਅ ਲੱਗ ਜਾਂਦਾ ਹੈ ਉਹ ਪੱਕੇ ਹੋ ਜਾਂਦੇ ਹਨ। ਮੈਨੂੰ ਫਰੀਦਕੋਟ ਦਾ ਇੱਕ ਅਜਿਹਾ ਕਬੂਤਰ ਟੱਕਰਿਆ ਜਿਹੜਾ ਸਤਾਰਾਂ ਸਾਲਾਂ ਬਾਅਦ ਪੱਕਾ ਹੋਇਆ ਸੀ। ਤੇ ਐਡੇ ਵੱਡੇ ਦੇਸ਼ ਵਿੱਚ ਜਿੰਨੀ ਦੇਰ ਉਹ ਕੋਈ ਕਾਨੂੰਨ ਤੋੜਣ ਦੀ ਗਲਤੀ ਨਾ ਕਰੇ ਕਬੁਤਰ ਨੂੰ ਲੱਭਣਾ ਬੜਾ ਮੁਸ਼ਕਿਲ ਹੈ। ਮੇਰੇ ਕੋਲੋਂ ਛੋਟੀ ਜਿਹੀ ਗਲਤੀ ਹੋ ਗਈ ਸੀ।

ਪਿਛਲੀ ਵਾਰੀ ਨਿਊਯਾਰਕ ਤੋਂ ਟੋਰਾਂਟੋ ਜਾਣ ਸਮੇਂ ਮੈਂ ਇਹ ਕਾਰਡ ਵਾਪਸ ਕਰਨਾ ਭੁੱਲ ਗਿਆ ਸੀ।ਹੁਣ ਅਮਰੀਕਨ ਕਾਨੂੰਨ ਅਨੁਸਾਰ ਮੈਂਨੂੰ ਉਹ ਪੁੱਛ ਸਕਦੇ ਸਨ ਕਿ ਮੈਂ ਕਿਤੇ ਵੱਧ ਸਮਾਂ ਤਾਂ ਨਹੀਂ ਠਹਿਰਿਆ?ਤੇ ਜੇ ਮੈਂ ਉਨ੍ਹਾਂ ਦੀ ਤਸੱਲੀ ਨਾ ਕਰਵਾ ਸਕਿਆ ਤਾਂ ਉਹ ਮੈਨੂੰ ‘ਵਾਪਸ ਜਾਉ’ ਕਹਿ ਸਕਦੇ ਹਨ। ੳਂਜ ਇਸੇ ਸਾਲ ਹੀ ਅਕਾਲ ਤਖਤ ਦੇ ਇੱਕ ਸਾਬਕਾ ਜਥੇਦਾਰ ਨੂੰ ਅਗਲਿਆਂ ਵੈਨਕੂਵਰ ਦੇ ਹਵਾਈ ਅੱਡੇ ਤੋਂ ਹੀ ਵਾਪਸ ਜਹਾਜ ਚੜ੍ਹਾ ਦਿੱਤਾ ਸੀ। ਕਿਸੇ ਵੀ ਦੇਸ਼ ਦਾ ਇਮੀਗਰੇਸ਼ਨ ਅਧਿਕਾਰੀ ਮੌਕੇ ਦਾ ‘ਪ੍ਰਧਾਂਨ ਮੰਤਰੀ’ ਹੁੰਦਾ।ਉਹ ਕਿਸੇ ਵੀ ਦੇਸ਼ ਦੇ ਮਨਿਸਟਰ,ਵੱਡੇ ਤੋਂ ਵੱਡੇ ਅਫਸਰ ਨੂੰ ਬੇਰੰਗ ਵਾਪਸ ਮੋੜ ਸਕਦਾ ਹੈ, ਭਾਵੇਂ ਉਸ ਕੋਲ ਕਿਹੋ ਜਿਹਾ ਵੀ ਵੀਜਾ ਹੋਵੇ।ਵੀਜ਼ਾ ਇੱਕ ਰਾਹਦਾਰੀ ਹੁੰਦੀ ਹੈ,ਪਰ ਸਰਹੱਦ ਤੋਂ ਅੰਦਰ ਜਾਣ ਦੀ ਮਨਜੂਰੀ ਇਮੀਗਰੇਸ਼ਨ ਅਧਿਕਾਰੀ ਦਿੰਦਾ ਹੈ।ਮੇਰੇ ਕੋਲ ਦਸ ਸਾਲ ਲਈ ਅਮਰੀਕਨ ਵੀਜ਼ਾ ਸੀ। ਇਮੀਗਰੇਸ਼ਨ ਅਧਿਕਾਰੀ ਕਿਸੇ ਨੂੰ ਜਵਾਬ ਦੇਹ ਨਹੀਂ। ਦੇਸ਼ ਦੀ ਸੁਰੱਖਿਆ ਦਾ ਸਵਾਲ ਹੋਣ ਕਰਕੇ ਉੱਥੇ ਕਿਸੇ ਦੀ ਵੀ ਸਿਫਾਰਸ਼ ਨਹੀਂ ਚੱਲਦੀ। ਤੇ ਮੈ ਸੋਚ ਰਿਹਾ ਸੀ ਕਿ ਮੈਨੂੰ ਉਹ ਕਨੇਡਾ ਵਾਪਸ ਮੋੜੇਗਾ ਜਾਂ ਭਾਰਤ ਨੂੰ ਜਹਾਜ ਚੜ੍ਹਾਵੇਗਾ। ਭਾਰਤ ਪਹੁੰਚਣ ਤੇ ਜੇ ਵੇਲੇ ਸਿਰ ਰਾਮੂੰਵਾਲੀਏ ਨੂੰ ਨਾਂ ਪਤਾ ਚੱਲਿਆ ਤਾਂ ਤਿਹਾੜ ਦੀ ਭਾਦੋਂ ਤਾਂ ਮਾਰ ਸੁੱਟੇਗੀ। ਅਜਿਹੀ ਹੀ ਦੋਚਿੱਤੀ ਵਿੱਚ ਬੱਸ ਆ ਗਈ।

ਜਦੋਂ ਬੱਸ ਅਸਮਾਂਨ ਛੂੰਹਦੇ ਤੋਤੇ ਰੰਗੇ ਦਰੱਖਤਾਂ ਦੇ ਝੁੰਡ ਨੂੰ ਚੀਰਕੇ ਅਮਰੀਕਾ ਦਾ ਬਾਰਡਰ ਲੰਘੀ ਤਾਂ ਸੁਰਜ ਡੁੱਬ ਚੁੱਕਾ ਸੀ। ਹਰੇ ਭਰੇ ਰੁੱਖ, ਕਲ ਕਲ ਕਰਦੇ ਝਰਨੇ, ਠਾਠਾਂ ਮਾਰਦੇ ਦਰਿਆ, ਮਹਿਕਾਂ ਖਿਲਾਰਦੀਆਂ ਰਮਕਦੀਆਂ ਸਾਫ ਪੌਣਾਂ,ਨੀਲੀਆਂ ਨਦੀਆਂ ਤੇ ਸਾਂ ਸਾਂ ਕਰਦੇ ਸਮੁੰਦਰਾਂ ਵਾਲਾ ਹਰਿਆਵਲਾ ਜੰਗਲ ਸਵਰਗ ਤੋਂ ਘੱਟ ਸੋਹਣਾ ਨਹੀਂ ਸੀ। ਐਵੇਂ ਤਾਂ ਨਹੀਂ ਰਾਗੀ,ਕੀਰਤਨੀਏਂ ਤੇ ਜਥੇਦਾਰ ਵੀ ‘ਧਾਰਮਕ ਕੰਮਾਂ’ ਦੇ ਬਹਾਨੇਂ ਅਮਰੀਕਾ ਕਨੇਡਾ ਲਈ ਕਬੂਤਰਬਾਜੀ ਕਰਦੇ। ਦਸ ਕੁ ਮਿੰਟਾਂ ਵਿੱਚ ਬੱਸ ਦੋ ਜੁੜਵੇਂ ਖੰਭਿਆਂ ਦੀ ਚੁਗਾਠ (ਰਡਾਰ) ਵਿੱਚੋਂ ਲੰਘਕੇ ਕਸਟਮ ਮਹਿਕਮੇਂ ਦੇ ਹਾਲ ਅੱਗੇ ਜਾ ਰੁਕੀ। ਪੱਛਮੀਂ ਦੇਸ਼ਾਂ ਵਿੱਚ ਕੰਡਕਟਰ ਤੇ ਕਲੀਨਰ ਨਹੀਂ ਹੁੰਦੇ। ਇਕੱਲਾ ਡਰਾਇਵਰ ਹੀ ਡਰਾਇਵਰ, ਕੰਡਕਟਰ ਤੇ ਕੁਲੀ ਹੁੰਦਾ ਹੈ। ਡਰਾਇਵਰ ਹੀ ਸੱਭ ਦਾ ਸਮਾਂਨ ਬੱਸ ਵਿੱਚੋਂ ਕੱਢਕੇ ਬਾਹਰ ਰੱਖਦਾ।ਸਾਡੇ ਵਾਂਗ ਨਹੀਂ ਕਿ ਸਵਾਰੀ ਅਜੇ ਬੱਸ ਤੋਂ ਟਰੰਕ ਉਤਾਰ ਹੀ ਰਹੀ ਹੁੰਦੀ ਹੈ ਤੇ ਕੰਡਕਕਟਰ ‘ਚੱਲ ਬਈ ਚੱਲ’ ਕਹਿੰਦਾ ਫੁਰਰ ਕਰਕੇ ਸੀਟੀ ਮਾਰ ਦਿੰਦਾ। ਤੇ ਪੌੜੀਆਂ ਉੱਤਰਦੀ ਸਵਾਰੀ ਚਿੱਤੜਾਂ ਭਾਰ ਡਿੱਗ ਪੈਂਦੀ ਹੈ। ਜੇ ਅਮਰੀਕਾ ਵਿੱਚ ਅਜਿਹਾ ਹੋ ਜਾਵੇ ਤਾਂ ਇਕੱਲੀ ਬੱਸ ਹੀ ਨਹੀਂ ਸਾਰੀ ਕੰਪਨੀ ਵਿਕਣ ਦੀ ਨੌਬਤ ਆ ਜਾਂਦੀ ਹੈ।

ਡਰਾਇਵਰ ਨੇ ਬੱਸ ਦੇ ਢਿੱਡ ਵਿੱਚੋਂ ਸਮਾਨ ਕੱਢਕੇ ਇੱਕ ਕਤਾਰ ਵਿੱਚ ਰੱਖ ਦਿੱਤਾ। ਸਵਾਰੀਆਂ ਚੁੱਪ ਚਾਪ ਆਪੋ ਆਪਣੇ ਸੁਟਕੇਸ ਘਸੀਟਦੀਆਂ ਕਾਊਂਟਰ ਵੱਲ ਤੁਰਨ ਲੱਗੀਆਂ। ਮੈਂ ਖੰਭੇ ਨਾਲ ਪੈਰ ਲਾ ਕੇ ਬੂਟ ਦਾ ਟੁੱਟਿਆ ਫੀਤਾ ਕਸਿਆ ਤੇ ਲਾਇਨ ਵਿੱਚ ਹੋ ਲਿਆ। ਇਹ ਗੋਰਿਆਂ ਦੇ ਕਾਨੂੰਨ ਦਾ ਹੀ ਡਰ ਹੈ ਕਿ ਸਾਡੇ ਦੇਸੀ ਬੰਦੇ ਵੀ ਅੱਖ ਪਾਏ ਨਹੀਂ ਰੜਕਦੇ ਤੇ ਲਾਇਨ ਤੋੜਣ ਦੀ ਕੋਸਿ਼ਸ਼ ਨਹੀਂ ਕਰਦੇ। ਪਰ ਬਾਘਾ ਬਾਰਡਰ ਤੇ ਇਹੀ ਲੋਕ ਪਾਕਿਸਤਾਨੀਆਂ ਵੱਲੋਂ ਲਾਏ ਲੰਗਰ ਤੇ ਟੁੱਟਕੇ ਪੈਣ ਲਈ ਦੌੜ ਪੈਂਦੇ ਹਨ, ਕਿੳਂਕਿ ਪਤਾ ਹੁੰਦਾ ਅਗਾਂਹ ਵੀ ਸਾਡੇ ਵਾਲਾ ਹੀ ਲੱਲੂ ਲਾਣਾ ਹੈ।


ਕਸਟਮ ਤੋਂ ਵਿਹਲੇ ਹੋ ਮੈਂ ਇਮੀਗਰੇਸ਼ਨ ਕਾਊਂਟਰ ਤੇ ਲਾਇਨ ਵਿੱਚ ਜਾ ਲੱਗਾ। ਗੋਰਾ ਅਫਸਰ ਮੇਰੇ ਤੋਂ ਅਗਾਂਹ ਖੜ੍ਹੇ ਚੀਨੀ ਜੋੜੇ ਦੀ ਜਨਮ ਪੱਤਰੀ ਦਾ ਵਰਕਾ ਵਰਕਾ ਫਰੋਲਦਾ ਬਹੁਤ ਸਮਾਂ ਪੁੱਛ ਗਿੱਛ ‘ਚ ਲਾ ਰਿਹਾ ਸੀ। ਪੇਸ਼ੀ ਤੋਂ ਪਹਿਲਾਂ ਮੈਂ ਰੱਬ ਨੂੰ ਯਾਦ ਕਰਨ ਦੀ ਥਾਂ ਬਾਰਡਰ ਦੇ ਦੋਵੀਂ ਪਾਸੀਂ ਮੈਨੂੰ ਛੱਡਣ ਆਏ ਤੇ ਲੇਣ ਆਉਣ ਵਾਲੇ ਰਿਸ਼ਤੇਦਾਰਾਂ ਵੇਨਕੂਵਰ ਵਿੱਚ ਬੇਅੰਤ ਭਲਵਾਂਨ ਤੇ ਗਾਰਗੀ ਦੀ ਜੀਨੀਂ ਦੇ ਪੇਕੀਂ ਸਿਆਟਲ ‘ਚ ਪਦਮ ਸ਼੍ਰੀ ਕਰਤਾਰ ਪਹਿਲਵਾਂਨ ਦੇ ਛੋਟੇ ਭਰਾ ਗੁਰਚਰਨ ਢਿੱਲੋਂ ਨੂੰ ਯਾਦ ਕਰਨ ਲੱਗਾ। ਕਿਤੇ ਦੋਵੇਂ ਟੈਕਸੀਆਂ ਚਲਾਉਂਦੇ ਫਿਰਦੇ ਆਪਣੇ ਮੋਬਾਇਲ ਨਾ ਬੰਦ ਕਰੀ ਬੈਠੇ ਹੋਣ।

ਵਾਰੀ ਆਉਣ ਤੇ ਮੈਂ ਕਾਊਂਟਰ ਤੇ ਆਪਣਾ ਪਾਸਪੋਰਟ ਫੜਾਇਆ। ਕੰਪਿਊਟਰ ਤੇ ਉੰਗਲਾਂ ਮਾਰਦਿਆਂ ਗੋਰੇ ਅਫਸਰ ਨੇ ਮੈਨੂੰ ਛੋਟੀ ਜਿਹੀ ਮਸ਼ੀਂਨ ਤੇ ਦੋਵਾਂ ਹੱਥਾਂ ਦੇ ਫਿੰਗਰ ਪ੍ਰਿੰਟ ਦੇਣ ਲਈ ਕਿਹਾ।ਉਸਨੇ ਕੰਪਿਊਟਰ ਤੇ ਮੇਰੇ ਫਿੰਗਰ ਪ੍ਰਿੰਟ ਮਲਾਉਂਦਿਆਂ ਕੁੱਝ ਲਿਖਿਆ ।ਫਿਰ ਕੈਮਰਾ ਚੁੱਕਕੇ ਕੰਪਿਊਟਰ ਵਿੱਚ ਉਸ ਮੇਰੀਆਂ ਅੱਖਾਂ ਦੀ ਭਾਸ਼ਾ ਪੜ੍ਹੀ। ਅਜਿਹਾ ਪਰਬੰਧ ਅਮਰੀਕਾ ਤੇ ਹੋਏ 9/11 ਦੇ ਹਮਲੇ ਪਿੱਛੋਂ ਕੀਤਾ ਗਿਆ ਹੈ; ਤਾਂ ਜੋ ਕੋਈ ਜਾਅਲੀ ਪਾਸਪੋਰਟ ਜਾਂ ਜਾਅਲੀ ਵੀਜੇ ਤੇ ਅਮਰੀਕਾ ਨਾ ਜਾ ਸਕੇ। ਦਹਿਸ਼ਗਰਦੀ ਦੀ ਵਿਸ਼ਪ ਵਿਆਪੀ ਸਮੱਸਿਆ ਨੇ ਸਰਕਾਰਾਂ ਹੀ ਨਹੀਂ ਆਂਮ ਲੋਕਾਂ ਲਈ ਵੀ ਅਨੇਕਾ ਮੁਸ਼ਕਲਾਂ ਖੜ੍ਹੀਆ ਕਰ ਦਿੱਤੀਆਂ ਹਨ।ਅੱਜ ਦੁਨੀਆਂ ਦੇ ਹਾਲਤ ਇਹ ਹਨ ਕਿ ਕੋਈ ਵੀ ਸੁਰੱਖਿਅਤ ਨਹੀਂ ਹੈ।ਇਹ ਲੇਖ ਲਿਖਣ ਸਮੇਂ ਮੈਨੂੰ ਮੋਬਾਇਲ ਤੇ ਐੱਸ.ਐੱਮ. ਐੱਸ.ਸੁਨੇਂਹਾ ਆਇਆ ਕਿ “ਮੈਂ ਕੰਪਿਊਟਰ ਇੰਜਨੀਅਰਿੰਗ ਦੀ ਤੀਸਰੇ ਸਾਲ ਦੀ ਵਿਦਿਆਰਥਣ ਹਾਂ,ਹੈਦਰਾਬਾਦ ਬੰਬ ਧਮਾਕਿਆਂ ਵਿੱਚ ਮੇਰੇ ਦੋਵੇਂ ਹੱਥ ਕੱਟੇ ਗਏ। ਇਲਾਜ ਲਈ ਮੈਨੂੰ ਦਸ ਲੱਖ ਰੁਪੈ ਦੀ ਲੋੜ ਹੈ।” ਜੇ ਇਹ ਸੱਚ ਹੈ ਤਾਂ ਇਹ ਦਹਿਸ਼ਤਗਰਦੀ ਦੀ ਕੋਹਜੀ ਤਸਵੀਰ ਹੈ ।‘ਗੱਦੀ ਵਾਲਿਆਂ ਨੂਂੰ ਨਹੀਂ ਬਹਿਣ ਦੇਂਦੇ,ਹੋਰ ਕੌਣ ਕਿਸ ਦੇ ਪਾਣੀਹਾਰ ਮੀਆਂ। ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ,ਖਾਲੀ ਨਹੀਂ ਜਾਣਾ ਕੋਈ ਵਾਰ ਮੀਆਂ।’

ਅਸਲੀ ਆਦਮੀਂ ਦੀ ਤਸੱਲੀ ਕਰ ਲੈਣ ਪਿੱਛੋਂ ਉਸ ਕੁਰਸੀ ਘੁਮਾ ਕਿ ਮੇਰਾ ਪਾਸਪੋਰਟ ਵੇਖਦਿਆਂ ਸਵਾਲ ਕੀਤਾ, “ਅਮਰੀਕਾ ਕਿਉਂ ਜਾ ਰਹੇ ਹੋ?” ਮੈਂ ਕਿਹਾ ਕਿ ਘੁੰਮਣ ਫਿਰਨ ਤੇ ਦੋਸਤਾਂ ਨੂੰ ਮਿਲਣ। “ਕਿਹੜੇ ਕਿਹੜੇ ਸ਼ਹਿਰ ਵੇਖੋਗੇ?” ਇਹ ਸਵਾਲ ਉਹਨੇ ਅਚਾਨਕ ਪੰਜਾਬੀ ਵਿੱਚ ਕੀਤਾ ਤਾਂ ਪਲ ਦੀ ਪਲ ਮੈਂ ਚਕਰਾ ਗਿਆ ।ਪਰ ਛੇਤੀ ਹੀ ਸੰਭਲਦਿਆਂ ਜਵਾਬ ਦਿੱਤਾ, “ਪਹਿਲਾਂ ਸਿਆਟਲ ਫਿਰ ਸਾਂਨਫਰਾਂਸਿਸਕੋ ਜਾਵਾਂਗਾ।” “ਤੁਸੀਂ ਵਕੀਲ ਹੋ ਤੇ ਕਨੇਡਾ ਵਿੱਚ ਇੰਨਾ ਸਮਾਂ ਕਿਵੇਂ ਰਹੇ।” ਇਹ ਗੋਰੇ ਲਈ ਨਵੀਂ ਗੱਲ ਸੀ ਕਿ ਵਗੈਰ ਕੋਈ ਕਮਾਈ ਕੀਤਿਆਂ ਦੋ ਮਹੀਨੇ ਕਨੇਡਾ ਵਿੱਚ ਕੋਈ ਕਿਵੇਂ ਰਹਿ ਸਕਦਾ ਹੈ?

ਗੋਰਿਆਂ ਦਾ ਸੱਭਿਆਚਾਰ ਸਾਡੇ ਨਾਲੋਂ ਅਸਲੋਂ ਵੱਖਰਾ ਹੈ।ਉਹ ਰਿਸ਼ਤੇਦਾਰਾਂ ਨੂੰ ਮਿਲਣ ਗਏ ਵੀ ਹੋਟਲ ਵਿੱਚ ਠਹਿਰਦੇ ਹਨ। ਯਾਨੀ ਨਾ ਕਿਸੇ ਤੇ ਦੁਆਨੀ ਖਰਚਣੀ ਨਾਂ ਖਰਚਾਉਣ ਦੀ ਆਸ ਰੱਖਣੀ। ਜੇ ਪਾਰਟੀ ਹੈ ਤਾਂ ਬੋਤਲ ਆਪੋ ਆਪਣੀ ਲੈ ਕਿ ਆਉ। ਉਹ ਸਾਡੇ ਵਾਂਗ ਮੁਫਤ ਖੋਰਿਆਂ ਨੂੰ ਨਹੀਂ ਝੱਲਦੇ। ਉਹ ਪ੍ਰੀਵਾਰ ਵਿੱਚ ਵੀ ਆਪੋ ਆਪਣਾ ਖਰਚਦੇ ਹਨ। ਸਾਡੇ ਪੰਜਾਬ ਵਾਂਗ ਨਹੀਂ ਕਿ ਪਿੰਡਾਂ ਵਿੱਚ ਇੱਕ ਕਮਾਉਂਦਾ ਹੈ ਤੇ ਬਾਕੀ ਚਾਰ ਜੀਅ ਖਾਂਦੇ ਹਨ। ਗੋਰੇ ਤਾਂ ਸੋਲ੍ਹਵਾਂ ਸਾਲ ਟੱਪੀ ਜਵਾਂਨ ਧੀ ਨੂੰ ਕਹਿ ਦਿੰਦੇ ਹਨ ਕਿ “ਜਾਂ ਆਪਣੇ ਹਿੱਸੇ ਦਾ ਖਰਚਾ ਦੇਹ ਜਾਂ ਕੇਈ ਯਾਰ ਲੱਭਕੇ ਉਸ ਨਾਲ ਰਹਿ ਤੇ ਜਿੰਦਗੀ ਦੇ ਬੁੱਲੇ ਲੁੱਟੋ,ਬੱਚੀਏ ਇਹ ਜਿੰਦਗੀ ਬਾਰ ਬਾਰ ਨਹੀਂ ਮਿਲਣੀ” ਅਸੀਂ ਆਪਣੇ ਮਹਾਂਨ ਸੱਭਿਆਚਾਰ ਦੀਆਂ ਡੀਂਗਾਂ ਮਾਰਨ ਵਾਲੇ ਕੁੜੀ ਦੇ ਜੰਮਣ ਤੋਂ ਹੀ ਉਸ ਲਈ ਦਾਜ ਜੋੜਣਾਂ ਸ਼ੁਰੂ ਕਰ ਦਿੰਦੇ ਹਾਂ। ਕੁੜੀ ਨੂੰ ਖੁੱਲ੍ਹ ਕਿ ਹੱਸਣ ਤੋਂ ਘੂਰਦੇ ਘਰ ਦੇ ਪਿਛਵਾੜੇ ਵਿੱਚ ਹੀ ਉਸ ਤੋਂ ਵਿਆਹ ਤੱਕ ਪਾਥੀਆਂ ਪੱਥਵਾਉਂਦੇ ਰਹਿੰਦੇ ਹਾਂ। ਧੀ ਜੰਮਣੋਂ ਰੋਕਣ ਲਈ ਪਤਨੀ,ਧੀ ਤੇ ਭੈਣ ਦਾ ਗਰਭਪਾਤ ਕਰਾਉਂਦੇ , “ਨਹੀਉਂ ਰੀਸਾਂ ਦੇਸ਼ ਪੰਜਾਬ ਦੀਆਂ” ਬੇਸ਼ਰਮ ਹੋ ਕਿ ਗਾਉਂਦੇ ਹਾਂ। ਦਰਅਸਲ ਹੁਣ ਅਸੀਂ ਜਿੰਦਗੀ ਜੀਂਦੇ ਨਹੀਂ ਰੀਂਗਦੇ ਹਾ। ‘ਵਾਰਸਸ਼ਾਹ ਇਸ ਜਿੰਦਗੀ ਕੂੜ ਦੀ ਤੋਂ ਕਿਉਂ ਵੇਚੀਏ ਮੁਫਤ ਇਮਾਂਨ ਮੀਆਂ’।
“ਕਨੇਡਾ ਤੇ ਅਮਰੀਕਾ ਵਿੱਚ ਮੇਰੇ ਚਾਰ ਪੰਜ ਨਜਦੀਕੀ ਰਿਸ਼ਤੇਦਾਰ ਹਨ । ਇਸ ਤੋਂ ਇਲਾਵਾ ਮੈਂ ਲੇਖਕ ਹਾਂ। ਦੇਸ਼ ਵਿਦੇਸ਼ ਦੀ ਹਰ ਪੰਜਾਬੀ ਅਖਬਾਰ ਤੇ ਵੇਬਸਾਈਟ ਤੇ ਮੇਰੇ ਲੇਖ ਛਪਦੇ ਹਨ,ਇਸ ਲਈ ਮੈਂ ਅਮਰੀਕਾ ਕਨੇਡਾ ਦੇ ਹਰ ਸ਼ਹਿਰ ‘ਚ ਵਗੈਰ ਕੋਈ ਖਰਚ ਕਰਿਆਂ ਦੋ ਮਹੀਨੇ ਕੀ ਮੈਂ ਦੋ ਸਾਲ ਰਹਿ ਸਕਦਾ ਹਾਂ। ਤੁਸੀਂ ਮੇਰੀ ਵੇੱਬ ਸਾਈਟ ਵੇਖੋ”, ਇਹ ਕਹਿੰਦਿਆ ਮੈ ਆਪਣੀ ਵੈੱਬ ਸਾਈਟ ਦੀ ਫੋਟੋ ਕਾਪੀ ਉਸ ਦੇ ਹੱਥ ਫੜਾ ਦਿੱਤੀ। ਉਹ ਮੇਰੀ ਵੈਬਸਾਈਟ ਪੜ੍ਹਕੇ ਬੋਲਿਆ, “ਓਹ! ਸੱਠ ਅਖਬਾਰਾਂ ਤੇ ਦਸ ਵੈੱਬਸਾਈਟਾਂ! ਵੇਰੀ ਗੁੱਡ, ਓ.ਕੇ”. ਸਾਡੀ ਗੱਲਬਾਤ ਅੰਗਰੇਜੀ ਵਿੱਚ ਹੋ ਰਹੀ ਸੀ। ਉਹ ਬੋਲਿਆ, “ਤੁਸੀਂ ਕਿਸ ਵਿਸ਼ੇ ਤੇ ਲਿਖਦੇ ਹੋ?” “ਰਾਜਨੀਤੀ,ਕਾਨੂੰਨ ਤੇ ਸਮਾਜਿਕ ਜੀਵਨ”, ਮੈਂ ਸੰਖੇਪ ਵਿੱਚ ਦੱਸਿਆ। ਹੁਣ ਉਹ ਖੁਸ ਹੋਇਆ ਕੁਰਸੀ ਵਿੱਚ ਝੂਮ ਰਿਹਾ ਸੀ ਤੇ ਮੇਰੇ ਨਾਲ ਗੱਲਾਂ ਕਰਨ ਦੇ ਮੂਡ ਵਿੱਚ ਸੀ।ਕਤਾਰ ਵਿੱਚ ਹੋਰ ਕੋਈ ਸੀ ਵੀ ਨਹੀਂ। ਉਹ਼ਫਿਰ ਬੋਲਿਆ, “ਮੈਨੂੰ ਦੱਸੋ ਕਿ ਪੰਜਾਬੀ ਵਿੱਚ ਮੰਥ ਨੂੰ ਕੀ ਕਹਿੰਦੇ ਹਨ” ਮੈਂ ਕਿਹਾ “ਮਹੀਨਾ” ਉਸਨੇ ਮੇਰੇ ਪਿੱਛੇ ਮਹੀਨਾ ਲਫਜ ਦੁਹਰਾਇਆ। ਮੈਂ ਉਸ ਤੋਂ ਦੋ ਬਾਰ ਮਹੀਨਾਂ ਲਫਜ ਬੁਲਵਾਇਆ। ਹੁਣ ਮੈ ਹੌਂਸਲੇ ਵਿੱਚ ਹੋ ਕੇ ਉਸ ਨਾਲ ਹੱਸਣ ਲੱਗਾ। ਮੈਂ ਕਿਹਾ, “ਇਹ ਸਾਡਾ ਸੌਣ ਦਾ ਮਹੀਨਾ ਹੈ, ਸਾਉਣ ਦਾ ਮਹੀਨਾ ਯਾਰੋ ਸਾਉਣ ਦਾ ਮਹੀਨਾਂ ਹੈ” ਉਹ ਫਿਰ ਕੰਪਿਊਟਰ ਤੇ ਉਂਗਲਾਂ ਮਾਰਨ ਲੱਗਾ। ਸ਼ਾਇਦ ਆਪਣਾ ਹੁਕਮ ਲਿਖ ਰਿਹਾ ਸੀ। ਮੈਂ ਉਸਨੂੰ ਖੁਸ਼ ਕਰਨ ਲਈ ਅੰਗਰੇਜੀ ਵਿੱਚ ਕਿਹਾ ਕਿ “ਮੈਨੂੰ ਆਪਣੀ ਪੰਜਾਬੀ ਬੋਲੀ ਤੇ ਮਾਣ ਹੈ ਤੁਹਾਨੂੰ ਪੰਜਾਬੀ ਬੋਲਦਿਆਂ ਵੇਖਕੇ ਖੁਸ਼ੀ ਹੋਈ। ਮੈਂ ਅਖਬਾਰਾਂ ਵਿੱਚ ਲਿਖਾਂਗਾ ਕਿ ਤੁਸੀਂ ਬੜੀ ਫਰਾਟੇਦਾਰ ਪੰਜਾਬੀ ਬੋਲਦੇ ਹੋ।” ਉਸ ਹੱਸਕੇ ਉਂਗਲ ਮਾਰੀ ਤੇ ਅੱਧੀ ਅੰਗਰੇਜੀ ਤੇ ਅੱਧੀ ਪੰਜਾਬੀ ਵਿੱਚ ਬੋਲਿਆ ਕਿ “ਨਾਟ ਫਲੂਏਂਟ ; ਬੱਸ ਥੋੜ੍ਹੀ ਥੋੜ੍ਹੀ”। ਉਸ ਠੱਪਾ ਲੱਗਾ ਪਾਸਪੋਰਟ ਮੇਰੇ ਵੱਲ ਕਰਦਿਆਂ ਯਾਦ ਕਰਾਇਆ ਅਮਰੀਕਾ ਛੱਡਣ ਸਮੇਂ ਮੈਂ ਏਅਰ ਪੋਰਟ ਤੇ ਇਹ ਕਾਰਡ ਵਾਪਸ ਕਰ ਦੇਵਾਂ । ਪਾਸਪੋਰਟ ਪੜ੍ਹਦਿਆਂ ਮੇਰੀਆਂ ਅੱਖਾਂ ਫੈਲ ਗਈਆਂ। ਉਸਨੇ ਮੈਨੂੰ ਜਿੰਨੀ ਦੇਰ ਚਾਹਾਂ ਅਮਰੀਕਾ ਠਹਿਰਨ ਦੀ ਖੁੱਲ੍ਹ ਦੇ ਦਿੱਤੀ ਸੀ। ਮੈਂ ਪਾਸਪੋਰਟ ਪੜ੍ਹਦਿਆਂ ਉਸ ਨੂੰ ‘ ਥੈਂਕ ਯੂ’ ਕਹਿ ਤੁਰਨ ਲੱਗਾ। ਉਸ ਪੰਜਾਬੀ ਵਿੱਚ ਕਿਹਾ, “ਚੰਗਾ ਭਾਅ ਜੀ”।

ਮੈਂ ਅਮਰੀਕਾ ਕਨੇਡਾ ਵਿੱਚ ਜੰਮੀ ਪਲੀ ਨਵੀਂ ਪੀਹੜੀ ਨੂੰ ਅੰਗਰੇਜੀ ਲਹਿਜੇ ਵਿੱਚ ਪੰਜਾਬੀ ਬੋਲਦੇ ਸੁਣਿਆ ਹੈ। ਕਈ ਤਾਂ ਇੰਜ ਫੈਸ਼ਨ ਸਮਝਕੇ ਹੀ ਬੋਲਦੇ ਹਨ। ‘ਕਾਗਉ ਹੋਇ ਨ ਉੱਜਲਾ ਲੋਹੇ ਨਾਵ ਨ ਪਾਰੁ ॥’ ਪਰ ਉਸ ਗੋਰੇ ਦਾ ਲਹਿਜਾ ਠੇਠ ਪੰਜਾਬੀ ਸੀ। ਜੇ ਉਹ ਪਰਦੇ ਪਿੱਛੋਂ ਬੋਲ ਰਿਹਾ ਹੁੰਦਾ ਤਾਂ ਪਤਾ ਹੀ ਨਹੀਂ ਸੀ ਲੱਗਣਾ ਕਿ ਇਹ ਗੋਰੇ ਦੀ ਪੰਜਾਬੀ ਹੈ। ਸ਼ਾਇਦ ਇਹ ਉਸਦੀ ਟਰੇਨਿੰਗ ਦਾ ਹਿੱਸਾ ਹੋਵੇਗਾ।

ਮੈਂ ਸਿਆਟਲ ਵਿੱਚ ਕੇਂਟ ਏਰੀਏ ਦੇ ਇੱਕ ਘਰ ਦੇ ਪਿਛਵਾੜੇ ਡੂੰਘੀ ਰਾਤ ਗਿਆਂ ਬਾਰ ਬੀਕੂ ਕਰਦੀ ਮਿੱਤਰਾਂ ਦੀ ਢਾਣੀ ਵਿੱਚ ਇਹ ਗੱਲ ਸੁਣਾਈ। ਤਾਂ ਸਾਰਿਆਂ ਨੇ ਇਸੇ ਤਰ੍ਹਾਂ ਦੇ ਆਪੋ ਆਪਣੇ ਤਜਰਬੇ ਸੁਣਾਏ। ਬਟਾਲੇ ਵਾਲਾ ਬਾਜਵਾ ਦੱਸਣ ਲੱਗਿਆ ਕਿ ਦੋ ਸਾਲ ਪਹਿਲਾਂ ਉਹ ਵੈਨਕੂਵਰ ਗੁਰਦਾਸ ਮਾਂਨ ਦਾ ਸ਼ੋਅ ਵੇਖਣ ਗਿਆ ਸੀ। ਬਾਹਰ ਸਟਾਲ ਤੇ ਗੈਸ ਵਾਂਗ ਦਗਦੀ ਸੰਗਤਰੇ ਰੰਗੀ ਗੋਰੀ ਵੇਖਕੇ ਉਹ ਮੇਰੇ ਪਿੰਡ ਵਾਲੇ ਟਰੱਕ ਡਰਾਇਵਰ ਸੁਖਦੀਪ ਨੂੰ ਕਹਿ ਬੈਠਾ ਕਿ “ਵੇਖ ਓਏ ਸੁੱਖੀ, ਗੋਰੀ ਕਿੰਨੀ ਸੋਹਣੀ ਹੈ”। ‘ਨੈਣ ਨਰਗਸੀ ਮਿਰਗ ਮਮੋਲੜੇ ਨੇ ਗੱਲ੍ਹਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ। ਭੁਜਾਂ ਵਾਂਗ ਕਮਾਨ ਲਹੌਰ ਦਿੱਸਣ ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ’ ਅੱਗੋਂ ਗੋਰੀ ਟਿਕਾਅ ਕੇ ਠੇਠ ਪੰਜਾਬੀ ਵਿੱਚ ਬੋਲੀ ਕਿ “ਭਾਅ ਜੀ ਇੱਥੋਂ ਤੱਕ ਤਾਂ ਠੀਕ ਹੈ ਅਗਾਂਹ ਹੋਰ ਨਾਂ ਕੁੱਝ ਬੋਲਿਉ” ਤੋਬਾ! ਤੋਬਾ!  


ਖ਼ੁਦੀ ਨੂੰ ਆਸਰਾ ਦਿੱਤਾ.......... ਗ਼ਜ਼ਲ / ਰਾਜਿੰਦਰਜੀਤ (ਯੂ.ਕੇ.)

ਖ਼ੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ
ਮੈਂ ਅੱਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ

ਨਦੀ ਉਛਲੇ ਬਹੁਤ ਮੈਂ ਖੁਸ਼ ਵੀ ਹੁੰਦਾ ਹਾਂ ਤੇ ਡਰਦਾ ਹਾਂ
ਬੁਝਾ ਜਾਵੇ ਨਾ ਮੈਨੂੰ ਹੀ ਉਹ ਮੇਰੀ ਪਿਆਸ ਤੋਂ ਪਹਿਲਾਂ


ਤੂੰ ਹੁਣ ਭੇਜੇਂ ਜਾਂ ਅਗਲੇ ਪਲ ਤੇਰੀ ਹਉਮੈ ਦੀ ਹੈ ਮਰਜ਼ੀ
ਮੈਂ ਕੁੱਲ ਜੰਗਲ ਦਾ ਜਾਣੂ ਹੋ ਗਿਆ ਬਣਵਾਸ ਤੋਂ ਪਹਿਲਾਂ

ਹਰਿਕ ਟੁਕੜੇ 'ਚ ਸੀ ਕੋਈ ਕਸਿ਼ਸ਼, ਕੋਈ ਤੜਪ ਐਸੀ
ਮੈਂ ਜੁੜ ਚੁੱਕਿਆ ਸੀ ਖੰਡਤ ਹੋਣ ਦੇ ਅਹਿਸਾਸ ਤੋਂ ਪਹਿਲਾਂ

ਉਦ੍ਹੇ ਸੁਪਨੇ 'ਚ ਸੈਆਂ ਪਿੰਜਰੇ ਦਿਸਦੇ ਰਹੇ ਰਾਤੀਂ
ਪਰਿੰਦਾ ਪਰ ਲੁਹਾ ਆਇਆ ਕਿਸੇ ਪਰਵਾਸ ਤੋਂ ਪਹਿਲਾਂ

ਤਿਰਾ ਜਾਣਾ ਜਿਵੇਂ ਦੁਨੀਆਂ ਦਾ ਸੱਭ ਤੋਂ ਦਰਦ ਹੈ ਭਾਰਾ
ਕੁਝ ਐਸਾ ਜਾਪਦਾ ਸੀ ਰੋਣ ਦੇ ਅਭਿਆਸ ਤੋਂ ਪਹਿਲਾਂ

ਬੜਾ ਕੁਝ ਵਕਤ ਨੇ ਲਿਖਿਆ ਮੇਰੇ ਤਨ ਤੇ ਮੇਰੀ ਰੂਹ 'ਤੇ
ਤੁਸੀਂ ਮੈਨੂੰ ਹੀ ਪੜ੍ਹ ਲੈਣਾ ਮਿਰੇ ਇਤਿਹਾਸ ਤੋਂ ਪਹਿਲਾਂ

ਨਫ਼ਰਤ ਕੱਢ ਕੇ ਦਿਲ ਵਿਚੋਂ.......... ਗ਼ਜ਼ਲ / ਸੰਧੂ ਵਰਿਆਣਵੀ

ਨਫ਼ਰਤ ਕੱਢ ਕੇ ਦਿਲ ਵਿਚੋਂ ਆ ਪਿਆਰ ਦੀ ਹੀ ਗੱਲ ਕਰੀਏ
ਆ ਜਾ ਆਪਣੇ ਰਿਸ਼ਤੇ ਦਾ ਹੁਣ ਹੋਰ ਕੋਈ ਨਾਂ ਧਰੀਏ

ਅਲਖ ਮੁਕਾਉਣੀ ਹੈ ਤਾਂ ਬੇਦਰਦਾਂ ਦੀ ਅਲਖ ਮੁਕਾਓ
ਦੁਸ਼ਮਣ ਦੇ ਆਖੇ ਤੇ ਆਪਾਂ ਲੜ ਲੜ ਕੇ ਕਿਉਂ ਮਰੀਏ


ਹਿੰਮਤ ਬਿਨ ਨਾ ਬੇੜੀ ਅਪਣੀ ਕਦੇ ਕਿਨਾਰੇ ਲੱਗਣੀ
ਜ਼ਾਲਿਮ ਦਾ ਨਾ ਜ਼ੁਲਮ ਹਮੇਸ਼ਾ ਹੱਸ ਹੱਸ ਕੇ ਹੀ ਜਰੀਏ

ਤੱਤੀਆਂ ਪੌਣਾਂ ਨੇ ਪਹਿਲਾਂ ਹੀ ਦਿੱਤੇ ਜ਼ਖ਼ਮ ਬਥੇਰੇ
ਆਓ ਹੁਣ ਰਲ਼ ਮਿਲ਼ ਕੇ ਆਪਾਂ ਮਰਹਮ ਦੀ ਗੱਲ ਕਰੀਏ

ਵਾਂਗ ਕਬੂਤਰ ਨਾ ਹੁਣ ਆਪਾਂ ਅੱਖਾਂ ਮੀਟੀ ਜਾਈਏ
ਮਰਨਾ ਹੀ ਹੈ ਜੇਕਰ ਆਪਾਂ ਮਰਦਾਂ ਵਾਂਗੂ ਮਰੀਏ

ਬਾਹਾਂ ਦੇ ਵਿਚ ਬਾਹਾਂ ਪਾ ਕੇ ਤੁਰੀਏ ਆ ਜਾ ਸੰਧੂ
ਫੁੱਲਾਂ ਵਾਂਗੂ ਮਹਿਕ ਖਿਡਾਉਂਦੇ ਦੁਖ ਦਾ ਸਾਗਰ ਤਰੀਏ

ਮੇਰੀ ਧੀ.......... ਨਜ਼ਮ/ਕਵਿਤਾ / ਸੀਮਾ ਚਾਵਲਾ

ਮੇਰੀ ਧੀ
ਕਿਸੇ ਫ਼ਕੀਰ ਦੀ ਦੁਆ ਵਰਗੀ
ਕੁਰਾਨ ਦੀ ਆਇਤ
ਰੱਬ ਦੀ ਇਨਾਯਤ ਵਰਗੀ


ਮੇਰੀ ਧੀ
ਪੁੰਨਿਆਂ ਦੇ ਚੰਦ ਵਰਗੀ
ਕਵਿਤਾ ਦੇ ਛੰਦ ਵਰਗੀ
ਗ਼ਜ਼ਲ ਦੇ ਬੰਦ ਵਰਗੀ

ਮੇਰੀ ਧੀ ਸੰਧਿਆ ਦੀ ਆਰਤੀ
ਸੁਫ਼ਨਿਆਂ ਦੀ ਪਰੀ
ਸਮੇਂ ਦੀ ਜਾਦੂਗਰੀ

ਮੇਰੀ ਧੀ
ਰੂਹ ਦੀ ਪਵਿੱਤਰਤਾ
ਰਾਹਾਂ ਦੀ ਕਰਮਸ਼ੀਲਤਾ
ਜਿਉਂਦੀ ਜਾਗਦੀ ਗੀਤਾ
ਹੱਥਾਂ ਵਿਚ ਵਫਾ ਦੇ ਦੀਵੇ
ਉਸ ਦੀ ਰੀਸ ਕਿੰਜ ਹੋਵੇ
ਉਸ ਦੇ ਬਿਨਾਂ ਅੱਖ ਰੋਵੇ

ਮੇਰੀ ਧੀ
ਮੇਰਾ ਗ਼ਰੂਰ
ਜਿ਼ੰਦਗੀ ਦਾ ਸਰੂਰ
ਸ਼ਾਲਾ! ਹੋਵੇ ਕਦੇ ਨਾ ਦੂਰ

ਮੇਰੀ ਧੀ
ਹੰਝੂ ਦੀ ਨਮੀ
ਬੁੱਲਾਂ ਦੀ ਮੁਸਕਾਨ ਵਰਗੀ

ਮੇਰੀ ਧੀ
ਕਿਸੇ ਫ਼ਕੀਰ ਦੀ ਦੁਆ ਵਰਗੀ
ਕੁਰਾਨ ਦੀ ਆਇਤ ਵਰਗੀ
ਰੱਬ ਦੀ ਇਨਾਯਤ ਵਰਗੀ

ਕਾਮੇ ਦੇ ਕਲੇ਼ਜੇ.......... ਰੁਬਾਈ / ਬਿਸਮਿਲ ਫ਼ਰੀਦਕੋਟੀ

ਕਾਮੇ ਦੇ ਕਲੇ਼ਜੇ ਦੀਆਂ ਆਹਾਂ ਤੋਂ ਡਰੋ
ਗਹੁ-ਹੀਣ ਤੇ ਬਦਨੀਤ ਸਲਾਹਾਂ ਤੋਂ ਡਰੋ
ਈਸ਼ਵਰ ਦੀ ਦਯਾ ਹੈ ਸਭ 'ਤੇ ਇਕੋ ਜਿਹੀ
ਈਸ਼ਵਰ ਤੋਂ ਨਹੀਂ ਅਪਣੇ ਗੁਨਾਹਾਂ ਤੋਂ ਡਰੋ


ਬਾਜ਼ੀ ਹੈ ਮਿਰੀ ਮਾਤ ਭਲਾ ਕਿੰਨਾ ਕੁ ਚਿਰ?
ਹਰ ਪੈਰ ਨਵੀਂ ਘਾਤ ਭਲਾ ਕਿੰਨਾ ਕੁ ਚਿਰ ?
ਰਾਤਾਂ ਨੂੰ ਮੇਰਾ ਆਹਲਣਾ ਫੂਕਣ ਵਾਲ਼ੇ,
ਰੋਕੇਂਗਾ ਤੂੰ ਪ੍ਰਭਾਤ ਭਲਾ ਕਿੰਨਾ ਕੁ ਚਿਰ?

ਘੁੱਪ ਨ੍ਹੇਰ 'ਚ ਜਦ ਨੂਰ ਦਾ ਦਮ ਟੁੱਟਦਾ ਏ
ਜਦ ਮਾਂਗ ਤੋਂ ਸੰਧੂਰ ਦਾ ਦਮ ਟੁੱਟਦਾ ਏ
ਤਕਦੀਰ ਨਵੀਂ ਬਣਦੀ ਏ ਤਦ ਕੌਮਾਂ ਦੀ
ਹਫ਼ ਹਫ਼ ਕੇ ਜਾਂ ਮਜ਼ਦੂਰ ਦਾ ਦਮ ਟੁੱਟਦਾ ਏ

ਪੌਣ ਰੁਕ ਵੀ ਜਾਏ.......... ਗ਼ਜ਼ਲ / ਸੁਰਜੀਤ ਜੱਜ

ਪੌਣ ਰੁਕ ਵੀ ਜਾਏ , ਫਿਰ ਵੀ ਸ਼ਾਖ ਹਿਲਦੀ ਰਹਿ ਸਕੇ
ਭਰ ਹੁੰਗਾਰਾ ਇਸ ਤਰ੍ਹਾਂ ਕਿ ਗੱਲ ਤੁਰਦੀ ਰਹਿ ਸਕੇ

ਖਿੱਚ ਲਈਏ ਲੀਕ ਉਸ ਥਾਂ ਹੀ ਖਲੋਇਆਂ, ਜਿਸ ਜਗ੍ਹਾ
ਬਿਨ ਕਿਸੇ ਸ਼ਰਮਿੰਦਗੀ ਦੇ, ਅੱਖ ਮਿਲਦੀ ਰਹਿ ਸਕੇ


ਰੱਖ ਤੂੰ ਏਨੀ ਕੁ ਗੁੰਜਾਇਸ਼, ਜਦੋਂ ਚਾਹੇਂ, ਉਦੋਂ
ਰੁੱਸੀਆਂ ਪੈੜਾਂ 'ਚ ਘਰ ਦੀ, ਯਾਦ ਮਘਦੀ ਰਹਿ ਸਕੇ

ਆ ਹੰਢਾਉਣਾ ਸਿੱਖ ਲਈਏ, ਇਕ ਨਜ਼ਰ ਦਾ ਫਾਸਲਾ
ਇੰਝ ਹੀ ਸ਼ਾਇਦ ਕਿਤੇ,ਕੁਝ ਸਾਂਝ ਬਚਦੀ ਰਹਿ ਸਕੇ

ਹੋਣ ਨਾ ਦੇਵੀਂ ਮੁਕੰਮਲ, ਜ਼ੁਲਮ ਅਪਣੇ ਦੀ ਕਥਾ
ਸਬਰ ਮੇਰੇ ਦੀ ਕੋਈ, ਚਰਚਾ ਤਾਂ ਤੁਰਦੀ ਰਹਿ ਸਕੇ

ਸੁਰ ਕਰੋ ਸੁਰਜੀਤ ਏਦਾਂ, ਜਿ਼ੰਦਗੀ ਦੇ ਸਾਜ਼ ਦਾ
ਭਾਵੇਂ ਸਰਗਮ ਨਾ ਸਜੇ, ਸੁਰਤਾਲ ਮਿਲਦੀ ਰਹਿ ਸਕੇ

ਦਿਖਾਵਾ.......... ਨਜ਼ਮ/ਕਵਿਤਾ / ਤਾਰਿਕ ਗੁੱਜਰ

ਲੱਖ ਮਸੀਤੀਂ ਸਜਦੇ ਕੀਤੇ
ਮੰਦਰੀਂ ਦੀਵੇ ਬਾਲੇ਼
ਗਿਰਜੇ ਵੜ ਸਲੀਬਾਂ ਪਾਈਆਂ
ਖ਼ੂਬ ਗ੍ਰੰਥ ਖੰਘਾਲ਼ੇ

ਤਾਰਿਕ ਮੀਆਂ ਪਰ ਕਿਆ ਕਰੀਏ
ਮਨ ਕਾਲ਼ੇ ਦੇ ਕਾਲ਼ੇ

ਉਹ ਪੁੱਛਦਾ ਹੈ.......... ਗ਼ਜ਼ਲ / ਸੁਖਵਿੰਦਰ ਅੰਮ੍ਰਿਤ

ਉਹ ਪੁੱਛਦਾ ਹੈ ਕਦੋਂ ਤੀਕਰ ਕਰਾਂਗੀ ਪਿਆਰ ਮੈਂ ਉਸ ਨੂੰ
ਕਰਾਵਾਂ ਕਿੰਜ ਵਫਾ ਦਾ ਦੋਸਤੋ ਇਤਬਾਰ ਮੈਂ ਉਸ ਨੂੰ

ਝਨਾਂ ਦੇ ਪਾਣੀਆਂ ਵਿਚ ਪਹਿਲਾਂ ਅਪਣਾ ਅਕਸ ਘੋਲ਼ਾਂਗੀ
ਤੇ ਉਸ ਵਿਚ ਰੰਗ ਕੇ ਦੇਵਾਂਗੀ ਫਿਰ ਦਸਤਾਰ ਮੈਂ ਉਸ ਨੂੰ


ਵਫਾ਼ ਦੇ ਪਹਿਰਨਾ ਵਿਚ ਲਿਪਟਿਆ ਉਹ ਇਸ਼ਕ ਹੈ ਸੁੱਚਾ
ਕਿ ਹੋ ਕੇ ਨੇੜਿਓਂ ਤੱਕਿਆ ਅਨੇਕਾਂ ਵਾਰ ਮੈਂ ਉਸ ਨੂੰ

ਕਿਸੇ ਫੁੱਲ 'ਤੇ ਤਾਂ ਆਖਰ ਬੈਠਣਾ ਸੀ ਏਸ ਤਿਤਲੀ ਨੇ
ਚੁਕਾ ਦਿੱਤਾ ਮੁਹੱਬਤ ਦਾ ਲਉ ਅਜ ਭਾਰ ਮੈਂ ਉਸ ਨੂੰ

ਕਰੇ ਉਹ ਬਾਝ ਮੇਰੇ ਵੀ ਕਿਸੇ ਤੇ ਵਾਰ ਨਜ਼ਰਾਂ ਦੇ
ਨਹੀਂ ਦੇਣਾ, ਨਹੀਂ ਦੇਣਾ ਇਹ ਹੁਣ ਅਧਿਕਾਰ ਮੈਂ ਉਸ ਨੂੰ

ਉਹ ਉਡ ਕੇ ਡਾਲ ਤੋਂ ਸੱਯਾਦ ਦੇ ਮੋਢੇ 'ਤੇ ਜਾ ਬੈਠਾ
ਕਿਹਾ ਜਦ "ਐ ਪਰਿੰਦੇ, ਹੋ ਜ਼ਰਾ ਹੁਸਿ਼ਆਰ" ਮੈਂ ਉਸ ਨੂੰ

ਜੋ ਮੇਰੇ ਸੁਪਨਿਆਂ 'ਚ ਹਕੀਕਤਾਂ ਦਾ ਰੰਗ ਭਰਦਾ ਹੈ
ਕਹਾਂ ਦੁਨੀਆਂ ਦਾ ਸਭ ਤੋਂ ਖ਼ੂਬ ਚਿਤਰਕਾਰ ਮੈਂ ਉਸ ਨੂੰ

ਚੋਣਵੇਂ ਸਿ਼ਅਰ / ਰਣਬੀਰ ਕੌਰ

ਦਿਲਾ ਝੱਲਿਆ ਮੁਹੱਬਤ ਵਿਚ ਜੁਦਾਈ ਵੀ ਜ਼ਰੂਰੀ ਹੈ
ਮਿਲਣ ਦਾ ਲੁਤਫ਼ ਨਈਂ ਆਉਂਦਾ ਜੇ ਵਿਛੜਨ ਦਾ ਨਾ ਡਰ ਹੋਵੇ

ਚਲੋ ਉਸ ਬੇਘਰੇ ਦੀ ਕਬਰ ਇਕ ਪਾ ਦਈਏ ਕੁੱਲੀ

ਕਿਤੇ ਨਾ ਮੌਤ ਪਿੱਛੋਂ ਵੀ ਭਟਕਦਾ ਦਰ-ਬਦਰ ਹੋਵੇ
--ਸੁਖਵਿੰਦਰ ਅੰਮ੍ਰਿਤ

ਕੇਹੇ ਬੀਜ ਖਿਲਾਰੇ ਨੇ ਕਿਰਸਾਨਾਂ ਨੇ,
ਖੁਦਕਸ਼ੀਆਂ ਦੀ ਫ਼ਸਲ ਉਗਾ ਕੇ ਬੈਠ ਗਏ
--ਕਵਿੰਦਰ ਚਾਂਦ

ਇਹ ਸਫ਼ਰ ਦਿਲ ਨੂੰ ਰਤਾ ਭਾਉਂਦਾ ਨਹੀਂ ਤੇਰੇ ਬਿਨਾਂ
ਜੀਣ ਦਾ ਕੋਈ ਮਜ਼ਾ ਆਉਂਦਾ ਨਹੀਂ ਤੇਰੇ ਬਿਨਾਂ
-- ਗੁਰਦਿਆਲ ਰੌਸ਼ਨ

ਜੇ ਰੁਠੜੇ ਯਾਰ ਨੂੰ ਖੁ਼ਦ ਹੀ ਮਨਾ ਲੈਂਦੇ ਤਾਂ ਚੰਗਾ ਸੀ
ਗਿਲਾ ਸੁਣ ਕੇ ਗਲੇ਼ ਅਪਣੇ ਲਗਾ ਲੈਂਦੇ ਤਾਂ ਚੰਗਾ ਸੀ
--ਉਲਫ਼ਤ ਬਾਜਵਾ

ਤੜਪਦੀ ਤਰਬ ਮੇਰੀ ਸੁਰ ਲਈ ਫ਼ਨਕਾਰ ਤੋਂ ਪਿੱਛੋਂ
ਕਿਵੇਂ ਬੈਠਾਂ ਮੈਂ ਚੁਪ ਦੀ ਗੋਦ ਵਿਚ ਟੁਣਕਾਰ ਤੋਂ ਪਿੱਛੋਂ
--ਸੁਨੀਲ ਚੰਦਿਆਣਵੀ

ਨਿਰਾਲੇ ਸਾਜ਼ 'ਤੇ ਹਾਕਮ ਨੇ ਐਸੀ ਧੁਨ ਵਜਾਈ ਹੈ
ਜਿਨ੍ਹਾਂ ਕਰਨਾ ਸੀ ਤਾਂਡਵ-ਨਾਚ, ਮੁਜਰਾ ਕਰਨ ਲੱਗੇ ਹਨ
--ਹਰਦਿਆਲ ਸਾਗਰ

ਭਵਿੱਖ ਦਾ ਫਿਕਰ ਹੈ ਕਿੰਨਾ ਕਿ ਖੇਡਣ ਵਕਤ ਵੀ ਬੱਚਾ
ਕਦੇ ਤਾਂ ਘਰ ਬਣਾਉਂਦਾ ਹੈ, ਕਦੇ ਕਸ਼ਤੀ ਬਣਾਉਂਦਾ ਹੈ
ਨ ਧੁੱਪ ਏਥੇ, ਨ ਮੀਂਹ ਏਥੇ ਮਗਰ ਏਥੇ ਪਤਾ ਨਹੀਂ ਕਿਉਂ?
ਹਰਿਕ ਬੰਦਾ ਹੀ ਆਪਣੇ ਵਾਸਤੇ ਛਤਰੀ ਬਣਾਉਂਦਾ ਹੈ
--ਐਸ. ਤਰਸੇਮ

ਬਾਜ਼ੀਗਰਾਂ ਦੇ ਨਾ ਦੇਈਂ.......... ਗੀਤ / ਪ੍ਰੋ. ਸਾਧੂ ਸਿੰਘ

ਬਾਜ਼ੀਗਰਾਂ ਦੇ ਨਾ ਦੇਈਂ ਮਾਏ ਮੇਰੀਏ
ਹੱਥ ਵਿੱਚ ਬਗਲੀ ਫੜਾ ਦੇਣਗੇ
ਮੈਨੂੰ ਸੂਈਆਂ ਵੇਚਣ ਲਾ ਦੇਣਗੇ

ਪੁੱਛ ਨਾ ਨੀ ਮਾਏ ਇਹ ਸੂਈਆਂ ਕਿਵੇਂ ਚੁੱਭੀਆਂ
ਪਾੜ ਪਾੜ ਪੋਟਿਆਂ ਨੂੰ ਦਿਲ ਵਿੱਚ ਖੁੱਭੀਆਂ


ਅਸਾਂ ਜੋਬਨੇ ਦਾ ਸਾਲੂ ਤਾਂ ਪਰੁੰਨ੍ਹ ਛੱਡਿਆ
ਵਿਚ ਕਾਲਾ਼ ਰੰਗ ਬਿਰਹੇ ਦਾ ਖੁਣ ਛੱਡਿਆ

ਚੌਹਾਂ ਕੰਨੀਆਂ ਦੁਆਲ਼ੇ ਪਾਕੇ ਸੱਧਰਾਂ ਦੀ ਵੇਲ
ਵਿਚੋਂ ਚੱਪਾ ਚੱਪਾ ਪੀੜਾਂ ਨਾਲ਼ ਵਿੰਨ ਛੱਡਿਆ

ਕੱਢ ਸੂਈ ਦੇ ਨਖਾਰੇ ਵਿਚੋਂ ਸੱਧਰਾਂ ਦੀ ਡੋਰ
ਫੁੱਲ ਜਿੰਦ ਦਾ ਪਰੋ ਕੇ ਸੰਗ ਬੰਨ੍ਹ ਛੱਡਿਆ

ਕੌਣ ਕੱਢੂ ਨੀ ਕਸੀਦੇ, ਇੰਜ ਗਾਲ਼ ਗਾਲ਼ ਦੀਦੇ
ਉਹ ਤਾਂ ਘਰ ਘਰ ਸੂਈਆਂ ਪੁਚਾ ਦੇਣਗੇ
ਦਿਲ ਵਿੰਨ੍ਹ ਵਿੰਨ੍ਹ ਹਥਾਂ 'ਚ ਫੜਾ ਦੇਣਗੇ

ਊਠਾਂ ਵਾਲਿ਼ਆਂ ਦੇ ਨਾ ਦੇਈਂ ਮੇਰੇ ਬਾਬਲਾ
ਅੱਧੀ ਰਾਤੀਂ ਬਾਬਲਾ ਵੇ ਲੱਦ ਜਾਣਗੇ
ਸਾਡੇ ਧਰੇ ਮੁਕਲਾਵੇ ਛੱਡ ਜਾਣਗੇ

ਲੰਘ ਲੰਘ ਗਏ ਏਹਨੀ ਰਾਹੀਂ ਬੜੇ ਕਾਫਲੇ
ਊਠਾਂ ਵਾਲ਼ੇ ਦਿਲਾਂ ਉਤੇ ਧਿਜੇ ਨਹੀਓਂ ਬਾਬਲੇ

ਵਣਜ ਵਿਹਾਜੀਂ ਨਾ ਵੇ ਸੰਗ ਪਰਦੇਸੀਆਂ
ਜਿਨ੍ਹਾਂ ਸਾਡੇ ਰੋਗ ਦੀਆਂ ਨਬਜ਼ਾਂ ਨਾ ਦੇਖੀਆਂ

ਮੋਹਰਾਂ ਦੇ ਵਪਾਰੀਆਂ ਨੇ ਰੂਪ ਦੀਆਂ ਮਣੀਆਂ
ਪ੍ਰੀਤ ਦੇ ਤਰਾਜੂਆਂ ਤੇ ਰੱਖ ਕਦੋਂ ਜੋਖੀਆਂ

ਮਹਿਲਾਂ ਵਿਚ ਜੜੀਆਂ ਵੇ , ਰੇਤ ਵਿਚ ਰੋਲੀਆਂ
ਰਾਤ ਦੇ ਬਜ਼ਾਰੀਂ ਜਾ ਕੇ ਚੋਰਾਂ ਹੱਥ ਵੇਚੀਆਂ

ਲੱਖਾਂ ਹੀਰਿਆਂ ਦੇ ਤੁੱਲ, ਇੱਕ ਜਿੰਦੜੀ ਦਾ ਫੁੱਲ
ਐਵੇਂ ਊਠਾਂ ਦੀਆਂ ਪੈੜਾਂ ਹੇਠ ਮਿਧ ਜਾਣਗੇ
ਥਲ ਹੰਝੂਆਂ ਦੇ ਪਾਣੀਆਂ 'ਚ ਭਿੱਜ ਜਾਣਗੇ

ਸਿਰੋਂ ਉੱਤੇ ਵਗਦੇ ਝਨਾਵਾਂ ਵਿਚ ਪਾਣੀ ਵੇ
ਪੱਤਣਾਂ 'ਤੇ ਬੈਠਾ ਕੋਈ ਰਾਂਝਣੇ ਦਾ ਹਾਣੀ ਵੇ

ਜਿੰਦ ਹਿਜਰਾਂ ਦੇ ਖੋਭਿਆਂ 'ਚ ਖੁੱਭ ਜਾਏ ਨਾ
ਕਿਤੇ ਤਾਰੂਆਂ ਬਗੈਰ 'ਕੱਲੀ ਡੁੱਬ ਜਾਏ ਨਾ

ਯਾਰੀ ਪਾਉਂਦੇ ਨਾ.......... ਗ਼ਜ਼ਲ / ਗੁਰਭਜਨ ਗਿੱਲ

ਯਾਰੀ ਪਾਉਂਦੇ ਨਾ ਜੇ ਰੰਗਲੇ ਚੁਬਾਰਿਆਂ ਦੇ ਨਾਲ਼
ਸਾਡੀ ਨਿਭ ਜਾਂਦੀ ਅੱਗ ਦੇ ਅੰਗਾਰਿਆਂ ਦੇ ਨਾਲ਼

ਅਸੀਂ ਤੇਰੇ ਵਾਂਗੂ ਅੰਬਰਾਂ ਨੂੰ ਚੁੰਮ ਲੈਣਾ ਸੀ
ਰਲ਼ ਜਾਂਵਦੇ ਜੇ ਪੀਂਘ ਦੇ ਹੁਲਾਰਿਆਂ ਦੇ ਨਾਲ਼


ਅਸੀਂ ਵੱਖ ਤੁਸੀਂ ਵੱਖ ਸਾਡੀ ਰਲ਼ਦੀ ਨਾ ਅੱਖ
ਕਦੋਂ ਯਾਰੀਆਂ ਪੁਗਾਈਆਂ ਮਹਿਲਾਂ ਢਾਰਿਆਂ ਦੇ ਨਾਲ਼

ਤੁਸੀਂ ਗੁੰਗਿਆਂ ਦੇ ਵਾਂਗ ਚੁੱਪ ਚਾਪ ਬੈਠ ਗਏ
ਬਾਤ ਜਦੋਂ ਮੁੱਕੀ ਮੁੱਕਣੀ ਹੁੰਗਾਰਿਆਂ ਦੇ ਨਾਲ਼

ਕੁਲ ਧਰਤੀ ਦੇ ਮਾਲ ਤੇ ਖਜ਼ਾਨਿਆਂ ਤੋਂ ਵੱਧ
ਜਿਹੜੀ ਘੜੀ ਲੰਘੇ ਸੱਜਣਾਂ ਪਿਆਰਿਆਂ ਦੇ ਨਾਲ਼

ਸਾਨੂੰ ਤਲਖ਼ ਹਕੀਕਤਾਂ ਨੇ ਇਹੀ ਸਮਝਾਇਆ
ਕਦੇ ਜਿ਼ੰਦਗੀ ਨਾ ਤੁਰੇ ਮਿੱਠੇ ਲਾਰਿਆਂ ਦੇ ਨਾਲ਼

ਗੁੰਗੇ ਬੋਲ਼ੇ ਨੂੰ ਕੀ ਸਾਡੀਆਂ ਮੁਸੀਬਤਾਂ ਦੀ ਸਾਰ
ਜਿਹੜਾ ਆਪ ਗੱਲਾਂ ਕਰਦੈ ਇਸ਼ਾਰਿਆਂ ਦੇ ਨਾਲ਼

ਮੇਰੇ ਗੁਨਾਹ ਦੀ.......... ਗ਼ਜ਼ਲ / ਬਰਜਿੰਦਰ ਚੌਹਾਨ

ਮੇਰੇ ਗੁਨਾਹ ਦੀ ਐਸੀ ਨਾ ਦੇ ਸਜ਼ਾ ਮੈਨੂੰ
ਖੁਦਾ ਦਾ ਵਾਸਤਾ, ਨਾ ਆਈਨਾ ਦਿਖਾ ਮੈਨੂੰ

ਜਦੋਂ ਮੈਂ ਖੁਲ੍ਹ ਕੇ ਰੋਇਆ ਤਾਂ ਹੋ ਗਏ ਹੈਰਾਨ
ਸ਼ਹਿਰ ਦੇ ਲੋਕ ਸਮਝਦੇ ਸੀ ਜੋ ਖੁ਼ਦਾ ਮੈਨੂੰ


ਤੇਰਾ ਖਿਆਲ ਹੈ, ਥਲ ਹੈ ਸੁਲਘਦਾ ਜਿਸ ਵਿਚ
ਕਦੇ ਮਿਲੀ ਨਾ ਕੋਈ ਸੰਘਣੀ ਘਟਾ ਮੈਨੂੰ

ਕਿਸੇ ਵੀ ਕੰਮ ਨਾ ਸ਼ੀਸ਼ਗਰੀ ਮੇਰੇ ਆਈ
ਮਿਲੇ ਹਯਾਤ 'ਚ ਪੱਥਰ ਹੀ ਹਰ ਜਗ੍ਹਾ ਮੈਨੂੰ

ਕਬੂਲ ਕਰ ਲਵਾਂ ਮੈਂ ਕਿਸ ਤਰ੍ਹਾਂ ਸਜ਼ਾ ਤੇਰੀ
ਜਦੋਂ ਪਤਾ ਹੀ ਨਹੀਂ ਹੈ ਮੇਰੀ ਖ਼ਤਾ ਮੈਨੂੰ

ਤੇਰੇ ਯਕੀਨ ਦੀ ਖ਼ਾਤਰ ਹੀ ਪੈ ਗਿਆ ਜੀਣਾ
ਕਿ ਲੰਮੀ ਉਮਰ ਦੀ ਦਿੱਤੀ ਸੀ ਤੂੰ ਦੁਆ ਮੈਨੂੰ

ਸਮੁੰਦਰ ਬੁਲਾਉਂਦਾ ਹੈ.......... ਨਜ਼ਮ/ਕਵਿਤਾ / ਹਰਮੀਤ ਵਿਦਿਆਰਥੀ

ਖ਼ਾਬਾਂ ਤੇ
ਕਿਤਾਬਾਂ ਨੂੰ ਸਮੇਟੀ
ਲੰਬੇ ਸਫ਼ਰ ਤੋਂ
ਜਦ ਪਰਤਦਾ ਹਾਂ ਘਰ
ਬਹੁਤ ਹੀ ਥੱਕ ਜਾਂਦਾ ਹਾਂ-

ਨੀਂਦਰ ਵਿਚ
ਇਕ ਸਮੁੰਦਰ
ਬੁਲਾਉਂਦਾ ਹੈ ਮੈਨੂੰ,
ਆਕਾਸ਼ ਛੂੰਹਦੀਆਂ ਛੱਲਾਂ
ਕੁਝ ਕਹਿੰਦੀਆਂ-
ਚੁਪ ਰਹਿੰਦੀਆਂ,
ਇਸ਼ਾਰੇ ਕਰਦੀਆਂ,
ਮੈਨੂੰ ਬੁਲਾਉਂਦੀਆਂ ਨੇ-
ਮੇਰੇ ਪੈਰਾਂ ਨਾਲ਼
ਖ਼ਬਰੇ ਕੀ ਬੱਝਾ ਹੈ
ਰੋਕਦਾ-ਵਰਜਦਾ ਮੈਨੂੰ-
ਮਨ ਮੇਰੇ ਨੂੰ
ਵਰਜਣਾ ਇਹ ਪ੍ਰਵਾਨ ਨਾ ਹੋਵੇ-
ਮੈਂ ਬੰਧਨ ਤੋੜਨੇ ਚਾਹਾਂ
ਤੇ ਸਮੁੰਦਰ ਵੱਲ ਨੂੰ
ਦੌੜਨਾ ਚਾਹਾਂ-
ਏਸੇ ਕੋਸਿ਼ਸ਼ 'ਚ
ਪੈਰ ਮੇਰੇ
ਲਹੂ ਲੁਹਾਣ ਹੋ ਜਾਵਣ-
ਇਹ ਬੰਧਨ
ਮੂਲ ਨਾ ਟੁੱਟਣ-
ਮੈਂ
ਥੱਕ ਕੇ ਚੂਰ ਹੋ ਜਾਵਾਂ
ਕੱਕੀ ਰੇਤ ਤੇ ਡਿੱਗ ਪਵਾਂ,
ਤ੍ਰਭਕ ਕੇ ਨੀਂਦਰ 'ਚੋਂ ਜਾਗਾਂ,
ਸਮੁੰਦਰ
ਗਾਇਬ ਹੋ ਜਾਵੇ,
ਬੁਲਾਵੇ ਦੀ ਘੂਕਰ
ਪਰ ਅਜੇ ਮੇਰੇ ਕੰਨਾਂ 'ਚ ਗੂੰਜੇ-
ਨਾਲ਼ ਸੁੱਤੇ ਪਏ ਬੱਚੇ ਵੱਲ
ਗਹੁ ਨਾਲ਼ ਤੱਕਾਂ
ਤੇ ਚੁੰਮ ਕੇ ਆਖਾਂ,
"ਉਫ ! ਕਿੰਨਾ ਭਿਆਨਕ ਖ਼ਾਬ ਹੈ"
ਪਰ ਸਮੁੰਦਰ ਹੈ
ਕਿ ਮੈਨੂੰ ਅਜੇ ਵੀ ਬੁਲਾਉਂਦਾ ਹੈ-

ਤੈਰਨਾ.......... ਨਜ਼ਮ/ਕਵਿਤਾ / ਸੁਬੇਗ ਸੱਧਰ

ਕਿਨਾਰੇ ਖੜ੍ਹੀ ਕਿਸ਼ਤੀ ਦੀ ਜੂਨੇ
ਪੈਣ ਤੋਂ ਚੰਗਾ
ਸਮੁੰਦਰ ਦੀ ਸਤਹ ਤੇ ਤੈਰਨਾ
ਲਹਿਰਾਂ ਥੀਂ ਟਕਰਾਉਣਾ

ਮੰਝਧਾਰ ਵਿਚ ਡੁੱਬਣਾ ਜੂਝਕੇ
ਗਹਿਰਾਈ ਨੂੰ ਅਜ਼ਮਾਉਣਾ
ਮਿਲੇ ਯਾ ਨਾ ਮਿਲੇ ਕੋਈ ਕਿਨਾਰਾ
ਸਫ਼ਰ ਜਾਰੀ ਰਹੇਗਾ
ਰਹੇ ਯਾ ਨਾ ਰਹੇ ਚੱਪੂ
ਇਹ ਕਿਸ਼ਤੀ-
ਜਦੋਂ ਤੱਕ ਵੀ ਰਹੇਗੀ
ਤੈਰਨਾ ਜਾਰੀ ਰਹੇਗਾ-
ਕਿ ਕਰਮ ਕਿਸ਼ਤੀ ਤੇ ਤੈਰਾਕ ਦਾ
ਤਰਨਾ ਜਾਂ ਡੁੱਬਣਾ ਹੈ-
ਕਿਨਾਰੇ 'ਤੇ ਖੜ੍ਹੀ
ਕਿਸ਼ਤੀ ਦੀ ਜੂਨੇ ਪੈਣ ਤੋਂ ਚੰਗਾ
ਸਮੁੰਦਰ ਦੀ ਸਤਹ 'ਤੇ ਤੈਰਨਾ
ਲਹਿਰਾਂ ਥੀਂ ਟਕਰਾਉਣਾ।

ਗਹਿਣੇ ਕਰਕੇ ਜ਼ਮੀਨ.......... ਗੀਤ / ਰਣਜੀਤ ਕਿੰਗਰਾ ( ਕੈਨੇਡਾ )

ਗਹਿਣੇ ਕਰਕੇ ਜ਼ਮੀਨ, ਘਰ ਲੁੱਟ ਪੱਟ ਕੇ
ਧੀ ਤਾਂ ਤੋਰੀ ਸੀ ਤੂੰ ਬਾਪੂ, ਘਰੋਂ ਘੁੱਟ ਵੱਟ ਕੇ
ਤੂੰ ਤਾਂ ਸੋਚਿਆ ਕਨੇਡਾ ਜਾ ਕੇ ਐਸ਼ ਕਰੂ, ਤੇਰੀ ਨਾਜੋ ਧੀ ਬਾਬਲਾ
ਕਿਵੇਂ ਮੌਤੋਂ ਭੈੜੀ ਜਿ਼ੰਦਗੀ ਹਾਂ ਕੱਟਦੀ, ਮੈਂ ਦੱਸਾਂ ਤੈਨੂੰ ਕੀ ਬਾਬਲਾ


ਮੈਨੂੰ ਅੰਮੜੀ ਭੁਲਾਇਆਂ ਵੀ ਨਾ ਭੁੱਲਦੀ, ਮੈਂ ਉਠ ਉਠ ਰੋਵਾਂ ਰਾਤ ਨੂੰ
ਜਦੋਂ ਸੱਸ ਨੂੰ ਬੁਲਾਵਾਂ ਪੈਂਦੀ ਖਾਣ ਨੂੰ, ਮੈਂ ਜੀ ਜੀ ਆਖਾਂ ਕਮਜ਼ਾਤ ਨੂੰ
ਸਹਿੰਦੀ ਤਾਹਨੇ ਤੇ ਤਸੀਹੇ ਨਿੱਤ ਸਹੁਰਿਆਂ ਦੇ , ਕਰਦੀ ਨਾ ਸੀ ਬਾਬਲਾ

ਤੇਰੇ ਜੁਆਈ ਨਾਲ਼ ਕਰਕੇ ਤਲਾਕ ਕਹਿਣ , ਸੱਸ ਦਾ ਭਤੀਜਾ ਸੱਦ ਲਾ
ਮੈਨੂੰ ਆਥਣ ਸਵੇਰ ਕਹਿੰਦੇ ਕਿਥੋਂ ਇਹ ਕੁਲਹਿਣੀ ਅਸੀਂ ਲਾਈ ਦੱਦ ਲਾ
ਗੱਲਾਂ ਵਿਚੋਂ ਦੀ ਐ ਕੱਲੀ ਕੱਲੀ ਕੱਢਦਾ ਇਹ ਕੱਲਾ ਕੱਲਾ ਜੀ ਬਾਬਲਾ

ਸਹੁਰੇ ਲੱਗਦੇ ਨੇ ਬਾਪੂ ਕੋਈ ਕੈਦ ਵੇ, ਤੇ ਮੰਦਾ ਹਾਲ ਜਿੰਦ ਸੋਹਲ ਦਾ
ਘਰ ਵੜਦਾ ਸ਼ਰਾਬ ਨਾਲ਼ ਰੱਜ ਕੇ , ਨਾ ਵੀ ਬੁਲਾਇਆਂ ਬੋਲਦਾ
ਜਾਣ ਲਿਖਿਆ ਮੁਕੱਦਰਾਂ 'ਚ ਮਿਲਿਆ, ਮੈਂ ਜ਼ਹਿਰ ਲਵਾਂ ਪੀ ਬਾਬਲਾ

ਨਿੱਤ ਉਠ ਕੇ ਸਵੇਰੇ ਮੱਥਾ ਟੇਕ ਥੋਡੀ, ਰੱਬ ਕੋਲੋਂ ਸੁੱਖ ਮੰਗਦੀ
ਭੈਣ, ਅੰਮੜੀਮ, ਸਹੇਲੀਆਂ ਤੇ ਬਾਪੂ ਤੇਰੀ ਯਾਦ 'ਚ ਦਿਹਾੜੀ ਲੰਘਦੀ
ਪਿੰਡ ਚਕਰ ਤੇ ਸੋਹਣੇ ਵੀਰ ਕਿੰਗਰੇ ਬਿਨਾ ਨਾ ਲੱਗੇ ਜੀ ਬਾਬਲਾ
ਕਿਵੇਂ ਮੌਤੋਂ ਭੈੜੀ ਜਿ਼ੰਦਗੀ ਆਂ ਕੱਟਦੀ, ਮੈਂ ਦੱਸਾਂ ਤੈਨੂੰ ਕੀ ਬਾਬਲਾ

ਹੱਸਦਾ ਗਾਉਂਦਾ.......... ਗੀਤ / ਗੁਰਚਰਨ ਸਿੰਘ ਗਿੱਲ

ਹੱਸਦਾ ਗਾਉਂਦਾ ਝੁੰਮਰ ਪਾਉਂਦਾ ਕਿੱਥੇ ਗਿਆ ਪੰਜਾਬ ਉਏ
ਇਸ਼ਕ ਦੀਆਂ ਜਿਸ ਸਿੰਜੀਆਂ ਫ਼ਸਲਾਂ ਦਿਸੇ ਨਾ ਮੇਰਾ ਚਨਾਬ ਉਏ

ਸਾਂਝੇ ਗੁਰੂਆਂ ਪੀਰਾਂ ਵਾਲ਼ਾ ਸਾਂਝੇ ਮੇਲੇ ਮਜ਼ਾਰ ਉਏ
ਦੋ ਬੇਗਾਨੇ ਦੇਸ਼ ਬਣ ਗਏ ਰੋ ਰੋ ਵਿਛੜੇ ਯਾਰ ਉਏ

ਮਨੁੱਖਾਂ ਕਤਲ ਮਨੁੱਖਤਾ ਕੀਤੀ ਕਹਿ ਕਹਿ ਪੁਨਅ ਸੁਆਬ ਉਏ
ਇਸ਼ਕ ਦੀਆਂ ਜਿਸ...........

ਲੈ ਲੋ ਬੰਬੀਆਂ ਟਿੰਡਾਂ ਮੋੜ ਦਿਉ ਗਾਧੀ ਕਾਂਜਣ ਮਾਲ੍ਹ ਉਏ
ਟਿੱਕ ਟਿੱਕ ਕਰਦੇ ਕੁੱਤੇ ਚਕਲੀਆਂ ਬਲ਼ਦ ਸਣੇ ਘੁੰਗਰਾਲ਼ ਉਏ
ਰਾਂਈ, ਬਾਬੇ ਬੁੱਲ੍ਹੇ ਵਰਗੇ ਖੂਹਾਂ ਦਾ ਹੁਸਨ ਸ਼ਬਾਬ ਉਏ
ਇਸ਼ਕ ਦੀਆਂ ਜਿਸ..............

ਚਾਂਦੀ ਵਰਗੇ ਪੰਜੇ ਪਾਣੀ ਕੀਤੇ ਤਾਰੋ ਤਾਰ ਉਏ
ਮਾਝਾ ਅਤੇ ਦੁਆਬਾ ਪਾੜੇ ਅਜੇ ਵੀ ਨਾ ਖਲ੍ਹਿਆਰ ਉਏ
ਫਿਰਕੂ ਅੱਗ ਦੀ ਭੱਠੀ ਪੈ ਕੇ ਹੋਇਆ ਵਤਨ ਕਬਾਬ ਉਏ
ਇਸ਼ਕ ਦੀਆਂ ਜਿਸ ..............

ਜੰਗਲ ਬੇਲੇ ਝਰਨੇ ਖੁੱਸਗੇ ਬਰਫਾਂ ਲੱਦੇ ਪਹਾੜ ਉਏ
ਐਸਾ ਤਿੜਕਿਆ ਭਾਈਚਾਰਾ ਹੋਇਆ ਜਵ੍ਹਾਂ ਦੁਫਾੜ ਉਏ
ਖੇਰੂੰ ਖੇਰੂੰ ਕੀਤਾ ਸਾਡਾ ਸੋਹਣਾ ਅਦਬ ਅਦਾਬ ਉਏ
ਇਸ਼ਕ ਦੀਆਂ ਜਿਸ.................