ਮੇਰੀ ਜ਼ਿੰਦਗੀ ਮੇਰੇ ਸ਼ਬਦਾਂ ਵਿੱਚ……… ਸਵੈਕਥਨ / ਰਿਸ਼ੂਪਾਲ, ਐਡੀਲੇਡ

ਦੋਸਤੋ! ਸਾਊਥ ਆਸਟ੍ਰੇਲੀਆ ਭਾਵੇਂ ਆਸਟ੍ਰੇਲੀਆ ਦੇ ਦੂਜੇ ਰਾਜਾਂ ਨਾਲੋਂ ਹਾਲੇ ਹਰ ਪੱਖੋਂ ਪਿੱਛੇ ਹੈ ਅਤੇ ਇਥੇ ਪੰਜਾਬੀਆਂ ਦੀ ਗਿਣਤੀ ਵੀ ਘੱਟ ਹੀ ਹੈ। ਪਰ ਜੇ ਕਲਾਕਾਰਾਂ, ਲੇਖਕਾਂ, ਸ਼ਾਇਰਾਂ ਜਾਂ ਫੇਰ ਕਹਿ ਲਈਏ ਪੰਜਾਬੀ ਅਤੇ ਪੰਜਾਬੀਅਤ ਲਈ ਸ਼ੁਦਾਈ ਸੱਜਣਾਂ ਦੀ ਗਿਣਤੀ ਕਿਸੇ ਰਾਜ ਨਾਲੋਂ ਘੱਟ ਨਹੀਂ ਹੈ। ਵੇਲੇ-ਵੇਲੇ ਸਿਰ ਇਹਨਾਂ ਨੇ ਇਹ ਸਾਬਤ ਵੀ ਕੀਤਾ ਹੈ। ਹੋਲੀ-ਹੋਲੀ ਇਹ ਕਾਫ਼ਲਾ ਹੋਰ ਵੱਡਾ ਹੁੰਦਾ ਜਾ ਰਿਹਾ ਹੈ। ਇਸ ਕਾਫ਼ਲੇ ਵਿੱਚ ਜੋ ਇਕ ਨਵਾਂ ਨਾਂ ਹੋਰ ਜੁੜਿਆ ਹੈ, ਉਹ ਹੈ ਬੀਬਾ ‘ਰਿਸ਼ੂਪਾਲ’ ਦਾ! ਛੇਤੀ ਹੀ ਤੁਸੀਂ ਰਿਸ਼ੂਪਾਲ ਦੀਆਂ ਲਿਖਤਾਂ “ਦੀ ਪੰਜਾਬ” ਅਤੇ “ਸ਼ਬਦ ਸਾਂਝ” ਵਿਚ ਪੜ੍ਹ ਸਕੋਗੇ ਅਤੇ ਉਨ੍ਹਾਂ ਦਾ ਇਕ ਬਹੁਤ ਹੀ ਵਧੀਆ ਹਫ਼ਤਾਵਾਰੀ ਪ੍ਰੋਗਰਾਮ ਤੁਸੀ ਹਰਮਨ ਰੇਡੀਓ ਤੇ ਸੁਣ ਸਕੋਗੇ। ਸੋ ਉਨ੍ਹਾਂ ਨਾਲ ਜਾਣ-ਪਛਾਣ ਅਸੀਂ ਉਨ੍ਹਾਂ ਦੀ ਕਲਮ ਤੋਂ ਹੀ ਲੈਦੇ ਹਾਂ: 
ਮਿੰਟੂ ਬਰਾੜ

****

ਆਪਣੇ ਬਾਰੇ ਲਿਖਦੇ ਹੋਏ ਮੈਂ ਸੋਚ ਰਹੀ ਸੀ ਕਿ ਮੈਂ ਕੋਈ ਮਸ਼ਹੂਰ ਲੇਖਕ ਜਾਂ ਕੋਈ ਉੱਘੀ ਸ਼ਖ਼ਸੀਅਤ ਨਹੀਂ ਫਿਰ ਮੈਂ ਆਪਣੇ ਬਾਰੇ ਕਿਉਂ ਲਿਖ ਰਹੀ ਹਾਂ। ਫਿਰ ਮੈਂ ਸੋਚਿਆ ਕਿ ਮੇਰੇ ਭੈਣ ਭਰਾਵਾਂ ਨੂੰ ਮੇਰੇ ਬਾਰੇ ਕੁਝ ਤਾਂ ਪਤਾ ਹੀ ਹੋਣਾ ਚਾਹੀਦਾ ਹੈ।

ਮੇਰੇ ਨਿੱਕੇ ਜਿਹੇ ਪਰਿਵਾਰ ਵਿੱਚ ਮੇਰੇ ਪਿਤਾ ਸ.ਕਿਰਪਾਲ ਸਿੰਘ (ਰਿਟਾਇਰਡ ਵੇਅਰ ਹਾਊਸ ਮੈਨੇਜਰ) ਮੇਰੇ ਮਾਤਾ ਜੀ ਸ਼੍ਰੀਮਤੀ ਪ੍ਰਕਾਸ਼ ਕੌਰ (ਰਿਟਾਇਰਡ ਪ੍ਰਿੰਸੀਪਲ ਸਸਸਸ ਡਡਵਿੰਡੀ) ਅਤੇ ਮੇਰੀ ਛੋਟੀ ਭੈਣ ਸਿਰਜਨਾ (ਇਲੈੱਕਟ੍ਰਾਨਿਕ ਇੰਜੀਨੀਅਰ BSNL) ਹਨ। ਮੈਨੂੰ ਆਪਣੇ ਮਾਤਾ ਪਿਤਾ ਦੀ ਸੋਚ ਉੱਤੇ ਮਾਣ ਹੈ ਕਿ ਉਨ੍ਹਾਂ ਨੇ ਉਸ ਸਮੇਂ ਵਿੱਚ ਵੀ ਲੜਕਾ ਲੜਕੀ ਵਿੱਚ ਕੋਈ ਫ਼ਰਕ ਨਾ ਸਮਝਦੇ ਹੋਏ ਪਰਿਵਾਰ ਨੂੰ ਅੱਗੇ ਨਾ ਵਧਾਇਆ।

ਮੇਰੇ ਬਚਪਨ ਦੇ ਪਹਿਲੇ ਪੰਜ ਸਾਲ ਮਾਲਵੇ ਵਿੱਚ ਸੁਨਾਮ ਜ਼ਿਲ੍ਹਾ ਸੰਗਰੂਰ ਵਿੱਚ ਬੀਤੇ ਅਤੇ ਅਗਲੇ ਦਸ ਸਾਲ ਦੋਆਬੇ ਵਿੱਚ ਮੇਰੇ ਜੱਦੀ ਪਿੰਡ ਗਾਜ਼ੀਪੁਰ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿੱਚ ਬੀਤੇ।ਦਸਵੀਂ ਤੋਂ ਬਾਅਦ ਮੇਰੇ ਸਾਇੰਸ ਦੀ ਪੜ੍ਹਾਈ ਕਰਨ ਲਈ ਮੇਰੇ ਪਰਿਵਾਰ ਨੂੰ ਜਲੰਧਰ ਆਉਣਾ ਪਿਆ। KMV ਜਲੰਧਰ ਤੋਂ ਮੈ 10+1 ਅਤੇ 10+2 ਨਾਨ ਮੈਡੀਕਲ ਵਿੱਚ ਕੀਤੀ ਜਿਸ ਵਿਚੋਂ ਮੈਂ ਆਪਣੀ ਕਲਾਸ ਵਿੱਚ ਅੱਵਲ ਰਹੀ। HMV ਜਲੰਧਰ ਤੋਂ BCA ਕੀਤੀ। ਸਕੂਲ ਅਤੇ ਕਾਲਜ ਦੋਹਾਂ ਵਿੱਚ ਹੀ ਸਟੇਜ ਨਾਲ ਮੇਰੀ ਡੂੰਘੀ ਸਾਂਝ ਰਹੀ।ਸਕੂਲ ਵਿੱਚ RCF ਕਪੂਰਥਲਾ ਵਿੱਚ ਹੋਏ ਸ਼ਬਦ ਗਾਇਨ ਮੁਕਾਬਲੇ ਵਿੱਚ ਪੰਜਾਬ  ਵਿਚੋਂ ਸਾਡੀ ਟੀਮ ਤੀਸਰੇ ਸਥਾਨ ਉੱਤੇ ਰਹੀ। ਘੰਟਾ ਘਰ ਕਪੂਰਥਲਾ ਵਿੱਚ ਹੋਏ ਕਵਿਤਾ ਗਾਇਨ ਮੁਕਾਬਲੇ ਵਿੱਚ ਮੈਨੂੰ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਹੋਇਆ। ਆਪਣੇ ਸਕੂਲ ਵਿੱਚ ਮੈਨੂੰ ਗਿੱਧੇ ਦੀ ਕੈਪਟਨ ਵੀ ਚੁਣਿਆ ਗਿਆ। ਕਾਲਜ ਵਿੱਚ ਮੈਨੂੰ ਕਈ ਵਾਰ ਬੈੱਸਟ ਐਕਟਰਸ ਦਾ ਇਨਾਮ ਮਿਲਿਆ। 10ਵੀਂ ਵਿੱਚ ਆਪਣੀ ਤਹਿਸੀਲ ਵਿੱਚ ਮੈਂ ਤੀਜਾ ਸਥਾਨ ਹਾਸਲ ਕੀਤਾ।
ਸ਼ਾਦੀ ਤੋਂ ਬਾਅਦ IGNOU ਦਿੱਲੀ ਤੋਂ ਮੈਂ  MCA ਕੀਤੀ। ਸ ਕੰ ਸ ਸ ਲਾਡੋਵਾਲੀ ਰੋਡ ਵਿੱਚ ਬਤੌਰ ਕੰਪਿਊਟਰ ਟੀਚਰ ਪੰਜਾਬ ਸਰਕਾਰ ਅਧੀਨ ਮੇਰੀ ਭਰਤੀ ਹੋ ਗਈ। ਇੱਥੇ ਵੀ ਸਕੂਲ ਦੇ ਕਿਸੇ ਵੀ ਫੰਕਸ਼ਨ ਵਿੱਚ ਮੈਂ ਸਟੇਜ ਨਾ ਛੱਡੀ।

ਜ਼ਿੰਦਗੀ ਦਾ ਇੱਕ ਇਤਫ਼ਾਕ ਹੀ ਸੀ ਕਿ ਸਾਡੇ ਸਕੂਲ ਦੀ ਟੀਮ ਦੀ ਸਿਲੈੱਕਸ਼ਨ ਪ੍ਰੋ. ਮਨਜੀਤ ਸਿੰਘ ਜੀ ਦੇ ਪ੍ਰੋਗਰਾਮ ਪ੍ਰਸ਼ਨ-ਉਤਰ ਵਿੱਚ ਜੋ ਕਿ ਜਲੰਧਰ ਦੂਰਦਰਸ਼ਨ ਉੱਤੇ ਪ੍ਰਸਾਰਿਤ ਹੋਣਾ ਸੀ ਵਿੱਚ ਹੋ ਗਈ। ਉਨ੍ਹਾਂ ਕੋਲ ਕੋਈ ਸਕੋਰਰ ਨਾ ਹੋਣ ਕਾਰਨ ਉਨ੍ਹਾਂ ਨੇ ਕਿਹਾ ਕਿ ਕਿਸੇ ਟੀਚਰ ਨੂੰ ਸਕੋਰ ਬੋਲਣ ਲਈ ਭੇਜੋ। ਮੇਰੇ ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਕਮਲਜੋਤ ਕੌਰ ਜੋ ਕਿ ਇੱਕ ਬਹੁਤ ਵਧੀਆ ਇਨਸਾਨ ਹਨ ਮੈਨੂੰ ਸਕੋਰਰ ਵਜੋਂ ਦੂਰਦਰਸ਼ਨ ਕੇਂਦਰ ਜਲੰਧਰ ਭੇਜ ਦਿੱਤਾ। ਪ੍ਰੋਡਿਊਸਰ ਸ਼੍ਰੀ ਮਤੀ ਪੰਕਜ ਅਸ਼ੋਕ ਚੋਪੜਾ ਜੀ ਨੂੰ ਮੇਰੀ ਪਰਫਾਰਮੈਂਸ ਚੰਗੀ ਲੱਗੀ ਅਤੇ ਉਨ੍ਹਾਂ ਨੇ ਮੈਨੂੰ ਆਪਣੇ ਪ੍ਰੋਗਰਾਮ  Women Help ਜੋ ਕਿ ਇੱਕ live ਪ੍ਰੋਗਰਾਮ ਹੈ ਵਿੱਚ ਐਂਕਰ ਵਜੋਂ ਸ਼ਾਮਿਲ ਕਰ ਲਿਆ। ਲਗਭਗ ਇੱਕ ਸਾਲ ਤੱਕ ਮੈਂ ਇਸ ਪ੍ਰੋਗਰਾਮ ਦੇ ਜ਼ਰੀਏ ਦੂਰਦਰਸ਼ਨ ਕੇਂਦਰ ਜਲੰਧਰ ਨਾਲ ਜੁੜੀ ਰਹੀ। ਇਸ ਪ੍ਰੋਗਰਾਮ ਵਿੱਚ ਔਰਤਾਂ ਦੇ ਵਿਅਕਤੀਗਤ, ਸਮਾਜਿਕ, ਆਰਥਿਕ, ਮਾਨਸਿਕ ਅਤੇ ਘਰੇਲੂ ਸਮੱਸਿਆਵਾਂ ਦੇ ਹੱਲ ਇੱਕ ਮਾਹਿਰ ਮਹਿਮਾਨ ਕੋਲੋਂ ਲਏ ਜਾਂਦੇ ਹਨ। ਪੀੜਤ ਔਰਤਾਂ ਪ੍ਰੋਗਰਾਮ ਦੌਰਾਨ ਟੈਲੀਫ਼ੋਨ ਰਾਹੀਂ ਵੀ ਆਪਣੀ ਪਰੇਸ਼ਾਨੀ ਦੱਸਦੀਆਂ ਹਨ ਅਤੇ ਮਾਹਿਰ ਮਹਿਮਾਨ ਉਨ੍ਹਾਂ ਨੂੰ ਸਹੀ ਸਲਾਹ ਦਿੰਦੇ ਹਨ। ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਔਰਤਾਂ ਲਈ ਚੁੱਕਿਆ ਗਿਆ ਇਹ ਇੱਕ ਸ਼ਲਾਘਾਯੋਗ ਕਦਮ ਹੈ।
 
24 ਮਈ 2012 ਨੂੰ ਮੇਰਾ SRS ਵੀਜ਼ਾ ਆ ਗਿਆ ਅਤੇ ਮੈਂ ਸਮੇਤ ਪਰਿਵਾਰ ਜਿਸ ਵਿੱਚ ਮੇਰੇ ਪਤੀ ਸ.ਜਸਪ੍ਰੀਤ ਸਿੰਘ, ਮੇਰਾ ਪੁੱਤਰ ਹਿਤ ਕੰਵਰ ਸਿੰਘ ਅਤੇ ਪੁੱਤਰੀ ਸਾਇਰੀਤ ਕੌਰ ਹਨ ਆਸਟ੍ਰੇਲੀਆ ਆ ਗਈ। ਪਹੁੰਚਣ ਤੋਂ ਪਹਿਲਾਂ ਮਨ ਵਿੱਚ ਡਾਢਾ ਤੂਫ਼ਾਨ ਠਾਠਾਂ ਮਾਰ ਰਿਹਾ ਸੀ ਕਿ ਪਰਾਏ ਦੇਸ਼ ਵਿੱਚ ਬੱਚਿਆਂ ਨਾਲ ਪਤਾ ਨਹੀਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਪਰ ਪ੍ਰਮਾਤਮਾ ਦੀ ਮਿਹਰ ਹੋਈ ਕਿ ਇੱਥੇ ਆ ਕੇ ਪੰਜਾਬੀ ਭੈਣ ਭਰਾਵਾਂ ਨੇ ਸਾਨੂੰ ਫੁੱਲਾਂ ਵਾਂਗ ਹੱਥਾਂ ਉਤੇ ਚੁੱਕਿਆ। ਭਰਾਵਾਂ ਤੋਂ ਵੀ ਅਜ਼ੀਜ਼ ਸ.ਜਸਬੀਰ ਸਿੰਘ ਜੋ ਕਿ ਲੁਧਿਆਣਾ ਤੋਂ ਹਨ ਸਾਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਅਸੀਂ ਕਿਸੇ ਓਪਰੇ ਦੇਸ਼ ਵਿੱਚ ਹਾਂ। ਤੀਸਰੇ ਹੀ ਦਿਨ ਮੈਨੂੰ ਨੌਕਰੀ ਮਿਲ ਗਈ ਅਤੇ ਪਤੀ ਨੂੰ ਇੱਕ ਹਫ਼ਤੇ ਬਾਅਦ। ਇਹ ਉਸ ਪਰਵਰਦਿਗਾਰ ਦਾ ਮਿਹਰ ਭਰਿਆ ਹੱਥ ਹੀ ਸੀ ਜਿਸ ਨੇ ਸਾਨੂੰ ਡੋਲਣ ਨਹੀਂ ਦਿੱਤਾ। ਕੁਝ ਹੀ ਦਿਨਾਂ ਬਾਅਦ ਮੇਰੀ ਮੁਲਾਕਾਤ ‘ਮਿੰਟੂ ਬਰਾੜ’ ਜੀ ਨਾਲ ਹੋਈ। ਇੱਕ ਵੱਡੇ ਭਰਾ ਵਾਂਗ ਉਨ੍ਹਾਂ ਨੇ ਸਾਨੂੰ ਮਾਨਸਿਕ ਸਹਾਰਾ ਅਤੇ ਹੌਸਲਾ ਦਿੱਤਾ। ਇੱਕ ਵਾਰ ਫਿਰ ਪ੍ਰਮਾਤਮਾ ਨੇ ਮੈਨੂੰ ਸਟੇਜ ਅਤੇ ਲੇਖਣੀ ਨਾਲ ਜੁੜਨ ਦਾ ਮੌਕਾ ਬਖ਼ਸ਼ਿਆ ਹੈ। ਸੋ ਛੇਤੀ ਹੀ ਤੁਹਾਡੀ ਕਚਹਿਰੀ ’ਚ ਆਪਣੀ ਕਲਮ ਰਾਹੀਂ ਅਤੇ ਹਰਮਨ ਰੇਡੀਓ ਰਾਹੀਂ ਤੁਹਾਡੇ ਨਾਲ ਆਪਣੀ ਆਵਾਜ਼ ਦੀ ਸਾਂਝ ਪਾਵਾਂਗੀ।
 
ਮੈਂ ਆਪਣੇ ਇਸ ਕਰਮ ਭੂਮੀ ਵਿੱਚ ਵੱਸਦੇ ਭੈਣ ਭਰਾਵਾਂ ਦੀ ਤਰੱਕੀ ਅਤੇ ਚੜ੍ਹਦੀ ਕਲਾ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ। ਪ੍ਰਮਾਤਮਾ ਤੁਹਾਨੂੰ ਸਦਾ ਖ਼ੁਸ਼ ਰੱਖੇ।
 
****

No comments: