ਪਾਪਾ ਕਿਤੇ ਨੇੜੇ-ਤੇੜੇ ਹੀ ਹੈ (3)........... ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ


ਜਿੱਦਣ ਉਹ ਕੁਝ ਨਾ ਕੁਝ ਖਾ ਲੈਂਦੇ ਤਾਂ ਸਾਰੇ ਟੱਬਰ ਦੇ ਦਿਲ ਨੂੰ ਕੁਝ ਧਰਵਾਸਾ ਜਿਹਾ ਬੱਝਣ ਲਗਦਾ ਕਿ ਹੁਣ ਠੀਕ ਹੋ ਜਾਣਗੇ। ਕਦੇ-ਕਦੇ, ਕਿਸੇ ਦਿਨ ਉਹ ਵੇਸਣ ਵਾਲੀ ਮਿੱਸੀ ਰੋਟੀ ਆਖ ਕੇ ਬਣਵਾ ਤਾਂ ਲੈਂਦੇ ਪਰ ਸੰਘੋਂ ਨਾ ਲੰਘਦੀ। ਛਡ ਦਿੰਦੇ। ਅਸੀਂ ਫਿਰ ਉਦਾਸ ਹੋ ਜਾਂਦੇ ਕਿ ਕਿੰਨੇ ਚਾਅ ਤੇ ਹੌਸਲੇ ਨਾਲ ਮਾਂ ਨੇ ਰੋਟੀ ਬਣਾਈ, ਨਹੀਂ ਖਾ ਸਕੇ ਹਨ। ਸਵੇਰੇ ਕੰਮ ‘ਤੇ ਜਾਣ ਲੱਗਿਆ ਮੈਂ ਪੁੱਛ ਕੇ ਜਾਂਦਾ,“ਅੱਜ ਕੀ ਲਿਆਵਾਂ, ਕਿਹੜੀ ਚੀਜ਼ ਖਾਣ ਨੂੰ ਦਿਲ ਕਰਦੈ?” ਉਹ ‘ਨਾਂਹ’ ਵਿੱਚ ਸਿਰ ਫੇਰ ਦਿੰਦੇ। ਮੈਂ ਢੱਠੇ ਜਿਹੇ ਮਨ ਨਾਲ ਕੰਮ ‘ਤੇ ਚਲਿਆ ਜਾਂਦਾ ਪਰ ਕੰਮ ਵਿੱਚ ਦਿਲ ਨਾ ਲਗਦਾ। ਦਿਨ ਵਿੱਚ ਪੱਕਾ ਕੀਤੇ ਜਾਣ ਵਾਲਾ ਕੰਮ (ਰੇਡੀਓ ਲਈ ਖਬਰਾਂ, ਕੁਝ ਕਾਲਮ ਆਦਿ) ਵੀ ਮਸਾਂ ਨਿਬੇੜਦਾ ਤੇ ਸਾਦਿਕ ਮੰਡੀ ਤੋਂ ਫਿਰ ਦਿਨ ਖੜ੍ਹੇ ਹੀ ਪਿੰਡ ਆ ਜਾਂਦਾ। ਜੇ ਉਹ ਸੁੱਤੇ ਹੁੰਦੇ ਤਾਂ ਮੇਰੇ ਸਕੂਟਰ ਦੀ ਆਵਾਜ਼ ਸੁਣ ਜਾਗ ਜਾਂਦੇ, ਜਾਂ ਪਿੰਡ ਦਾ ਕੋਈ ਹਾਲ-ਚਾਲ ਪੁੱਛਣ ਆਇਆ ਕੋਲ ਬੈਠਾ ਹੁੰਦਾ। ਘਰ ਦਾ ਕੋਈ ਨਾ ਕੋਈ ਜੀਅ ਉਹਨਾਂ ਦੀਆਂ ਲੱਤਾਂ ਘੁੱਟ ਰਿਹਾ ਹੁੰਦਾ। ਹੁਣ ਹਸਪਤਾਲ ਵਿੱਚ ਜਾਣ ਜੋਗੇ ਨਹੀਂ ਸਨ ਰਹੇ। ਪਰ ਇਸਦੇ ਬਾਵਜੂਦ ਵੀ ਮੈਡੀਕਲ ਕਾਲਜ ਦੇ ਵੱਡੇ ਡਾਕਟਰ ਖੁਦ ਵੀ ਘਰ ਆਣ ਕੇ ਉਹਨਾਂ ਦੀ ਹਾਲਤ ਦਾ ਲਗਾਤਾਰ ਜਾਇਜ਼ਾ ਲੈਂਦੇ ਤੇ ਉਹਨਾਂ ਨੂੰ ਅੱਗੋਂ ਸੌਖਿਆਂ ਰੱਖਣ ਲਈ ਦਸਦੇ ਰਹਿੰਦੇ। ਮੈਂ ਫੋਨ ਕਰ ਕੇ ਵੀ ਡਾਕਟਰਾਂ ਨੂੰ ਪੁੱਛਣ-ਦੱਸਣ ਦੀ ਤਕਲੀਫ਼ ਦਿੰਦਾ ਰਹਿੰਦਾ। ਡਾਕਟਰਾਂ ਦਾ ਰਵੱਈਆਂ ਹਮੇਸ਼ਾ ਹਮਦਰਦੀ ਪੂਰਨ ਰਿਹਾ। ਉਹ ਸਾਰੇ ਡਾਕਟਰ ਪਾਪਾ ਦੀਆਂ ਅੰਤਿਮ ਰਸਮਾਂ ਵਿੱਚ ਵੀ ਸ਼ਾਮਿਲ ਹੋਏ। (ਇੱਥੇ ਦਸਦਾ ਜਾਵਾਂ ਕਿ ਦੁੱਖ ਦੀ ਇਸ ਘੜੀ ਸਮੇਂ ਜਿਹੜੀ ਗੱਲ ਨੇ ਮੈਨੂੰ ਮਾਨਸਿਕ ਤੌਰ ‘ਤੇ ਤਕੜਾ ਕੀਤਾ ਉਹ ਇਹ ਹੈ ਕਿ ਮੈਂ ਸੋਚਿਆ ਵੀ ਨਹੀਂ ਸੀ ਕਿ ਸਾਰੇ ਦਾ ਸਾਰਾ ਪਿੰਡ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪਾਪਾ ਦਾ ਹਾਲ-ਚਾਲ ਪੁੱਛਣ ਲਈ ਬਹੁੜੇਗਾ? ਰੋਜ਼ਾਨਾ ਪਿੰਡ ਵਿੱਚੋਂ ਪੰਜਾਹ ਤੋਂ ਵੱਧ ਬੰਦੇ-ਬੁੜੀਆਂ ਆਥਣ-ਸਵੇਰੇ ਆਉਂਦੇ। ਇੱਥੋਂ ਮੈਨੂੰ ਇਹ ਵੀ ਇਲਮ ਹੋਇਆ ਕਿ ਪਿੰਡ ਵਿੱਚ ਰਹਿਣ ਦੀ ਮਹੱਤਤਾ ਕਿੰਨੀ ਵਧੇਰੇ ਹੈ। ਕਿਵੇਂ ਲੋਕ ਇੱਕ ਦੂਜੇ ਦਾ ਦੁੱਖ-ਸੁੱਖ ਇਕੱਠੇ ਹੋਕੇ ਵੰਡਦੇ ਹਨ। ਦੂਜਾ, ਸਾਰੇ ਦੇ ਸਾਰੇ ਪਿੰਡ ਨੇ ਕੱਠੇ ਹੋਕੇ ਜਿਵੇਂ ਪਾਪਾ ਦੀਆਂ ਅੰਤਮ ਰਸਮਾਂ ਨਿਭਾਈਆਂ ਤੇ ਮੇਰਾ ਮਨੋਬਲ ਤਕੜਾ ਕੀਤਾ, ਸਾਰੇ ਪੰਜਾਬ ਦੇ ਕੋਨੇ-ਕੋਨੇ ‘ਚੋਂ ਆਏ ਹਜ਼ਾਰਾਂ ਲੋਕਾਂ, ਲੇਖਕਾਂ, ਕਲਾਕਾਰਾਂ ਤੇ ਸਾਰੇ ਜਿ਼ਲਿਆਂ ਦੇ ਵੱਡੇ-ਵੱਡੇ ਅਫਸਰਾਂ ਤੇ ਵੱਖ-ਵੱਖ ਖੇਤਰ ਦੇ ਲੋਕਾਂ ਨੂੰ ਅੱਖਾਂ ਦੀਆਂ ਪਲਕਾਂ ‘ਤੇ ਬਿਠਾ ਲਿਆ, ਲੋਕਾਂ ਦਾ ਏਨਾ ਕੱਠ ਦੇਖਕੇ ਸੱਚ ਨਹੀਂ ਸੀ ਆ ਰਿਹਾ ਕਿ ਇਹ ਮੇਰੇ ਪਾਪਾ ਦਾ ਕੱਠ ਹੈ?)

ਪਾਪਾ ਹਰੇਕ ਆਏ-ਗਏ ਨੂੰ ਅਖੀਰ ਤੀਕ ਆਖਦੇ ਰਹੇ ਕਿ ਮੈਂ ਠੀਕ ਹੋ ਜਾਊਂਗਾ। ਖੇਤ ਜਾਇਆ ਕਰੂੰਗਾ...ਐਤਕੀ ਖਾਣ ਜੋਗੀ ਕਣਕ ਆਜੂਗੀ...ਫੇਰ ਪੱਠੇ ਬੀਜਾਂਗੇ...ਇੱਕ ਪਸੂ ਹੋਰ ਰੱਖ ਲਵਾਂਗੇ।

ਹਰ ਰੋਜ਼ ਆਉਣ ਵਾਲੀ ਰਾਤ ਬੜੀ ਕਹਿਰਵਾਨ ਹੁੰਦੀ ਸੀ। ਤਕਲੀਫ ਰਾਤ ਨੂੰ ਹੀ ਹੁੰਦੀ। ਨਾ ਉਹ ਸੌਂਦੇ ਤੇ ਨਾ ਅਸੀਂ। ਜੇ ਕਿਸੇ ਦੀ ਅੱਖ ਲਗਦੀ ਵੀ ਸੀ ਤਾਂ ਮਾੜੇ ਖਿਆਲ ਆ ਘੇਰਦੇ। ਮੈਂ ਅਤੀਤ ਵਿੱਚ ਵੀ ਚਲੇ ਜਾਂਦਾ, ਪਾਪਾ ਨੇ ਖਾਸ ਕਰ ਮੇਰੇ ਲਈ ਤੇ ਸਾਰੇ ਟੱਬਰ ਦੀ ਸਾਂਭ-ਸੰਭਾਲ ਵਾਸਤੇ ਕਿੰਨਾ ਕੁਝ ਕੀਤਾ ਸੀ ਪਰ ਮੈਂ ਉਸ ਲਈ ਹਾਲੇ ਕੁਝ ਨਹੀਂ ਸੀ ਕੀਤਾ। ਹਾਲੇ ਉਹਨਾਂ ਨੇ ਸੁਖ ਭਰੇ ਦਿਨ ਦੇਖਣੇ ਸਨ ਕਿ ਉਹ ਛੱਡ ਕੇ ਜਾ ਰਹੇ ਸਨ। ਬਚਪਨ ਤੋਂ ਹੀ ਲੋਕਾਂ ਦੀ ਚਾਕਰੀ ਕਰਦਾ, ਗੋਹਾ-ਕੂੜਾ ਚੁੱਕਦਾ, ਥਾਂ-ਥਾਂ ਭਟਕਦਾ (ਦਿਹਾੜੀਦਾਰੀ ਜਿਹੀਆਂ ਚੌਥਾ ਦਰਜਾ ਵਰਗੀਆਂ ਕੱਚੀਆਂ ਅੱਧ-ਪੱਕੀਆਂ ਨੌਕਰੀਆਂ, ਕਦੇ ਕਿਤੇ, ਕਦੇ ਕਿਤੇ) ਘਰੋਂ ਬੇਘਰ ਹੋਇਆ ਰਿਹਾ ਸਾਂ ਤੇ ਹੁਣ ਹੀ ਕੁਝ ਸਾਲਾਂ ਤੋਂ ਮਾਪਿਆਂ ਦਾ ਨਿੱਘ ਘਰ ਰਹਿ ਕੇ ਮਿਲਣ ਲੱਗਿਆ ਸੀ। ਪਾਪਾ ਨਾਲ ਹੱਟੀ ਉਤੇ ਵੀ ਕਈ ਸਾਲ ਬਹਿੰਦਾ ਰਿਹਾ। ਪਹਿਲਾਂ ਸਕੂਲ ਜਾਣਾ, ਸਕੂਲੋਂ ਆ ਕੇ ਹੱਟੀ ‘ਤੇ ਨਾਲ ਹੱਥ ਵਟਾਉਣਾ। ਮੌਕਾ ਮਿਲਣ ‘ਤੇ ਤੂੰਬੀ ਲੈ ਕੇ ਨੇੜੇ-ਤੇੜੇ ਦੇ ਪਿੰਡਾਂ ਵਿੱਚ ਕਿਸੇ ਦੇ ਭੋਗ ਜਾਂ ਸ਼ਗਨ ‘ਤੇ ਗਾ ਆਉਣਾ। ਪੰਜਾਹ ਸੱਠ ਰੁਪਏ ਬਣੇ ਦੇਖ ਪਾਪਾ ਖੁਸ਼ ਹੁੰਦੇ ਕਿ ਚਲੋ ਕੁਝ ਤਾਂ ਕਰਨ ਜੋਗਾ ਹੋਇਆ! ਉਦੋਂ ਤੂੰਬੀ ਵਾਲੇ ਨੂੰ ਲੋਕ ਰੁਪੱਈਆਂ, ਦੋ ਰੁਪੈ ਜਾਂ ਪੰਜ ਰੁਪਏ ਤੋਂ ਵੱਧ ਨਹੀਂ ਸੀ ਦਿੰਦੇ ਹੁੰਦੇ। ਮੇਰੇ ਜੀਵਨ ਦਾ ਸਭ ਤੋਂ ਵੱਡਾ ਅਤੇ ਇਤਹਾਸਿਕ ਮੌਕਾ ਤਾਂ ਇਹੋ ਸੀ, ਜਦ ਪਾਪਾ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਡੇਰੇ ਛੱਡਣ ਗਏ ਸਨ, ਉਹ ਦਿਨ, ਸਮਾਂ ਤੇ ਦ੍ਰਿਸ਼ ਅੱਜ ਵੀ ਹੁਬਹੂ ਕਿਸੇ ਫਿਲਮ ਵਾਂਗ ਅੱਖਾਂ ਅੱਗੇ ਘੁੰਮ ਜਾਂਦਾ ਹੈ। ਕਦੇ ਪਾਪਾ ਨਾਲ ਦੇਖੇ ਬਚਪਨ ਵਿੱਚ ਲੋਕ-ਗਾਇਕਾਂ ਦੇ ਅਖਾੜੇ ਯਾਦ ਆਉਂਦੇ। ਉਹਨਾਂ ਦੀ ਉਂਗਲ ਫੜਕੇ ਬਹੁਤ ਅਖਾੜੇ ਦੇਖੇ ਸਨ।

ਗਰਮੀ ਦੇ ਦਿਨ ਹੁੰਦੇ। ਸਕੂਲੋਂ ਛੁੱਟੀਆਂ ਹੋਣੀਆਂ। ਮੈਨੂੰ ਨਾਨਕੇ ਲਿਜਾਣ ਵੇਲੇ ਮੈਨੂੰ ਆਪਣੇ ਮੋਢਿਆਂ ‘ਤੇ ਬਿਠਾ ਕੇ ਪਾਪਾ ਦੂਰ ਤੀਕ ਤੁਰਦਾ ਜਾਂਦਾ। ਕੱਪੜਿਆਂ ਵਾਲਾ ਝੋਲਾ ਫੜੀ ਬੀਬੀ ਪਿੱਛੇ-ਪਿੱਛੇ ਤੁਰੀ ਆਉਂਦੀ। ਆਉਣ–ਜਾਣ ਦੇ ਸਾਧਨ ਹਾਲੇ ਵਿਕਸਤ ਨਹੀਂ ਸਨ ਹੋਏ ਤੇ ਰਾਹ ਵੀ ਕੱਚੇ। ਕੋਈ ਇੱਕ ਅੱਧੀ ਬੱਸ ਆਉਂਦੀ ਜਾਂ ਕੋਈ ਤਾਂਗਾ ਤੁਰਦਾ। ਅਚਾਨਕ ਯਾਦਾਂ ਦੀ ਲੜੀ ਕਿਰ ਜਾਂਦੀ। ਕੋਠੇ ਉਤੇ ਪਿਆ-ਪਿਆ ਮੈਂ ਭਵਿੱਖ ਬਾਰੇ ਸੋਚਣ ਲਗਦਾ ਕਿ ਅਜੇ ਤਾਂ ਪਾਪਾ ਦੀ ਬੜੀ ਲੋੜ ਹੈ, ਮੈਂ ਬਾਹਰ-ਅੰਦਰ ਤੁਰਿਆ ਫਿਰਦਾ ਹਾਂ, ਕੋਈ ਫਿਕਰ ਨਹੀਂ ਹੁੰਦਾ ਸੀ। ਏਨੇ ਸਾਲ ਪਾਪਾ ਨੇ ਮੈਨੂੰ ਘਰੋਂ ਛੁੱਟੀ ਦੇ ਰੱਖੀ ਤਾਂ ਹੀ ਮੈਂ ਕੁਝ ਸਮਰੱਥ ਹੋਇਆ ਹਾਂ ਆਪਣੇ ਖੇਤਰ ਵਿੱਚ। ਦੇਸ਼-ਬਦੇਸ਼ ਵੀ ਜਾ ਆਇਆ। ਕਾਸ਼ ਕਿ ਮੇਰੇ ਕੋਲ ਏਨੀ ਸਮਰੱਥਾ ਹੋਵੇ ਕਿ ਮੈਂ ਪਾਪਾ ਨੂੰ ਜਾਣ ਤੋਂ ਰੋਕ ਲਵਾਂ? ਪਰ ਸਿਆਣੇ ਕਹਿੰਦੇ ਨੇ ਕਿ ਜੇਕਰ ਇਵੇਂ ਕੋਈ ਰੋਕ ਸਕਦਾ ਹੁੰਦਾ ਜਾਣ ਵਾਲੇ ਨੂੰ, ਤਾਂ ਹੁਣ ਤੀਕ ਕੋਈ ਜਾਂਦਾ ਹੀ ਨਾ! ਮੈਥੋਂ ਤੇ ਛੋਟੇ ਭਰਾ ਤੋਂ ਛੋਟੀ ਮੇਰੀ ਇਕਲੌਤੀ ਭੈਣ ਰੋਜ਼ ਵਾਂਗ ਆਉਂਦੀ ਤਾਂ ਪਿਓ-ਧੀ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲਗਦੇ ਪਿਓ-ਧੀ ਰੋਣ ਲਗਦੇ। ਇਹ ਦੇਖ ਕੇ ਮੈਨੂੰ ਉਸ ਦਿਨ ਇਸ ਗੀਤ ਦਾ ਅਹਿਸਾਸ ਹੋਰ ਵੀ ਸਿੱ਼ਦਤ ਨਾਲ ਹੋਇਆ ਸੀ:

ਪੁੱਤ ਵੰਡਾਉਣ ਜ਼ਮੀਨਾਂ
ਧੀਆਂ ਦੁੱਖ ਵੰਡਾਉਂਦੀਆਂ ਨੇ...

ਆਪਣੀ ਅਲਵਿਦਾਈ ਤੋਂ ਦੋ ਦਿਨ ਪਹਿਲਾਂ ਉਹ ਕੁਝ ਜਿ਼ਆਦਾ ਹੀ ਨਿਢਾਲ ਜਿਹੇ ਹੋਣ ਲੱਗੇ ਸਨ। ਮੇਰਾ ਕੰਮ ‘ਤੇ ਜਾਣ ਨੂੰ ਦਿਲ ਨਹੀਂ ਸੀ ਕਰਦਾ। ਇੱਕ ਦਿਨ ਹੱਥ ਦੇ ਇਸ਼ਾਰੇ ਨਾਲ ਕਹਿੰਦੇ ਜਾਹ ਤੂੰ ਕੰਮ ‘ਤੇ। ਮੈਂ ਅਣਮੰਨੇ ਜਿਹੇ ਮਨ ਨਾਲ ਚਲਿਆ ਗਿਆ ਤੇ ਜਲਦੀ ਹੀ ਘਰ ਆ ਗਿਆ। ਪਾਪਾ ਦੀ ਬੀਮਾਰੀ ਦੇ ਦਿਨਾਂ ਵਿੱਚ ਹੀ ਇਵੇਂ ਮੈਂ ਇੱਕ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਖੇ ਰਾਜ ਲੋਕ-ਗਾਇਕੀ ਦੇ ਰਾਜ ਪੱਧਰੀ ਸੈਮੀਨਾਰ ਵਿੱਚ ਪਰਚਾ ਪੜ੍ਹਨ ਗਿਆ ਸਾਂ ਤੇ ਧਿਆਨ ਘਰੇ ਹੀ ਲੱਗਿਆ ਰਿਹਾ ਸੀ, ਸਵੇਰੇ ਗਿਆ ਤੇ ਆਥਣ ਨੂੰ ਮੁੜ ਆਇਆ। ਜਲੰਧਰ ਦੂਰਦਰਸ਼ਨ ਤੇ ਰੇਡੀਓ ਉਤੇ ਵੀ ਇਵੇਂ ਹੀ ਗਿਆ। ਕੰਮ ਨਿਬੇੜ ਕੇ ਘਰ ਨੂੰ ਭਜਦਾ। ਇੱਕ ਦਿਨ, ਹਾਲੇ ਆਣ ਕੇ ਕੰਮ ਉਤੇ ਬੈਠਾ ਹੀ ਸਾਂ, ਕੰਪਿਊਟਰ ਆਨ ਕੀਤਾ। ਪਾਣੀ ਦਾ ਗਲਾਸ ਪੀਤਾ ਕਿ ਫੋਨ ਵੱਜਿਆ। ਨਿੱਕਾ ਭਰਾ ਰੋ ਰਿਹਾ ਸੀ, “ਘਰ ਆਜਾ।” ਘਰ ਆਇਆ ਤਾਂ ਇਹ ਪਹਿਲਾਂ ਮੌਕਾ ਸੀ ਕਿ ਸਾਡੇ ਹਸਦੇ-ਵਸਦੇ ਘਰ ਦੇ ਨਿੱਕੇ ਜਿਹੇ ਵਿਹੜੇ ਵਿੱਚ ਚੀਕ-ਚਿਹਾੜਾ ਤੇ ਰੋਣਾ-ਪਿੱਟਣਾ ਪਿਆ ਹੋਇਆ ਸੀ। ਆਂਢ-ਗੁਆਂਢ ਰਿਸ਼ਤੇਦਾਰਾਂ ਨੂੰ ਫੋਨ ਕਰਨ ਤੇ ਅੰਤਮ ਵਿਦਾਈ ਦੀ ਤਿਆਰੀ ਵਿੱਚ ਜੁਟੇ ਹੋਏ ਸਨ। ਮੈਂ ਮੰਜੇ ‘ਤੇ ਪਏ ਪਾਪਾ ਨੂੰ ਜੱਫੀ ਪਾ ਲਈ ਸੀ।

****

No comments: