Showing posts with label ਸੁਖਵਿੰਦਰ ਅੰਮ੍ਰਿਤ. Show all posts
Showing posts with label ਸੁਖਵਿੰਦਰ ਅੰਮ੍ਰਿਤ. Show all posts

ਮੇਰੇ ਸੂਰਜ.......... ਗ਼ਜ਼ਲ / ਸੁਖਵਿੰਦਰ ਅੰਮ੍ਰਿਤ

ਮੇਰੇ ਸੂਰਜ ! ਦਿਨੇ ਰਾਤੀਂ ਤੇਰਾ ਹੀ ਖਿਆਲ ਰਹਿੰਦਾ ਹੈ
ਕੋਈ ਕੋਸਾ ਜਿਹਾ ਚਾਨਣ ਹਮੇਸ਼ਾ ਨਾਲ ਰਹਿੰਦਾ ਹੈ

ਤੂੰ ਮੇਰੇ ਸ਼ਹਿਰ ਨਾ ਆਵੀਂ ਖਿਜ਼ਾਂ ਦਾ ਦੌਰ ਹੈ ਏਥੇ
ਕਿ ਹਰ ਬੂਟਾ ਹੀ ਏਥੇ ਤਾਂ ਬੜਾ ਬੇਹਾਲ ਰਹਿੰਦਾ ਹੈ


ਜੇ ਵਰ੍ਹ ਗਈ ਬੱਦਲੀ ਕੋਈ ਤਾਂ ਘੱਲ ਦੇਵੀਂ ਹਰੇ ਪੱਤੇ
ਥਲਾਂ ਦੇ ਬੂਟਿਆ ਤੇਰਾ ਬੜਾ ਹੀ ਖਿਆਲ ਰਹਿੰਦਾ ਹੈ

ਪਤਾ ਹੈ ਓਸਨੂੰ ਮੈਂ ਪੌਣ ਹਾਂ ਮਛਲੀ ਨਹੀਂ ਕੋਈ
ਨਾ ਜਾਣੇ ਕਿਉਂ ਮੇਰੇ ਦੁਆਲ਼ੇ ਉਹ ਬੁਣਦਾ ਜਾਲ਼ ਰਹਿੰਦਾ ਹੈ

ਜਗਾਈ ਨਾ ਅਲਖ ਆ ਕੇ ਕਿਸੇ ਜੋਗੀ ਨੇ ਦਰ ਉਹਦੇ
ਕਿ ਜੀਹਦੇ ਹੱਥ ‘ਚ ਮੋਤੀਆਂ ਦਾ ਥਾਲ਼ ਰਹਿੰਦਾ ਹੈ

ਉਹ ਇਕ ਪਰਦਾ ਹੈ ਜਿਸ ਉਤੇ ਬਣੀ ਹੈ ਅੱਗ ਦੀ ਮੂਰਤ
ਤੇ ਉਸ ਮੂਰਤ ਦੇ ਪਿੱਛੇ ਇਕ ਠੰਢਾ ਸਿਆਲ਼ ਰਹਿੰਦਾ ਹੈ

ਮੇਰੇ ਮੌਲਾ ! ਉਦ੍ਹੀ ਕੁੱਲੀ ਕਿਆਮਤ ਤੱਕ ਰਹੇ ਰੌਸ਼ਨ
ਜੁ ਲੰਘ ਗਏ ਹਰ ਮੁਸਾਫਿਰ ਦਾ ਹੀ ਪੁੱਛਦਾ ਹਾਲ ਰਹਿੰਦਾ ਹੈ

ਉਹ ਪੁੱਛਦਾ ਹੈ.......... ਗ਼ਜ਼ਲ / ਸੁਖਵਿੰਦਰ ਅੰਮ੍ਰਿਤ

ਉਹ ਪੁੱਛਦਾ ਹੈ ਕਦੋਂ ਤੀਕਰ ਕਰਾਂਗੀ ਪਿਆਰ ਮੈਂ ਉਸ ਨੂੰ
ਕਰਾਵਾਂ ਕਿੰਜ ਵਫਾ ਦਾ ਦੋਸਤੋ ਇਤਬਾਰ ਮੈਂ ਉਸ ਨੂੰ

ਝਨਾਂ ਦੇ ਪਾਣੀਆਂ ਵਿਚ ਪਹਿਲਾਂ ਅਪਣਾ ਅਕਸ ਘੋਲ਼ਾਂਗੀ
ਤੇ ਉਸ ਵਿਚ ਰੰਗ ਕੇ ਦੇਵਾਂਗੀ ਫਿਰ ਦਸਤਾਰ ਮੈਂ ਉਸ ਨੂੰ


ਵਫਾ਼ ਦੇ ਪਹਿਰਨਾ ਵਿਚ ਲਿਪਟਿਆ ਉਹ ਇਸ਼ਕ ਹੈ ਸੁੱਚਾ
ਕਿ ਹੋ ਕੇ ਨੇੜਿਓਂ ਤੱਕਿਆ ਅਨੇਕਾਂ ਵਾਰ ਮੈਂ ਉਸ ਨੂੰ

ਕਿਸੇ ਫੁੱਲ 'ਤੇ ਤਾਂ ਆਖਰ ਬੈਠਣਾ ਸੀ ਏਸ ਤਿਤਲੀ ਨੇ
ਚੁਕਾ ਦਿੱਤਾ ਮੁਹੱਬਤ ਦਾ ਲਉ ਅਜ ਭਾਰ ਮੈਂ ਉਸ ਨੂੰ

ਕਰੇ ਉਹ ਬਾਝ ਮੇਰੇ ਵੀ ਕਿਸੇ ਤੇ ਵਾਰ ਨਜ਼ਰਾਂ ਦੇ
ਨਹੀਂ ਦੇਣਾ, ਨਹੀਂ ਦੇਣਾ ਇਹ ਹੁਣ ਅਧਿਕਾਰ ਮੈਂ ਉਸ ਨੂੰ

ਉਹ ਉਡ ਕੇ ਡਾਲ ਤੋਂ ਸੱਯਾਦ ਦੇ ਮੋਢੇ 'ਤੇ ਜਾ ਬੈਠਾ
ਕਿਹਾ ਜਦ "ਐ ਪਰਿੰਦੇ, ਹੋ ਜ਼ਰਾ ਹੁਸਿ਼ਆਰ" ਮੈਂ ਉਸ ਨੂੰ

ਜੋ ਮੇਰੇ ਸੁਪਨਿਆਂ 'ਚ ਹਕੀਕਤਾਂ ਦਾ ਰੰਗ ਭਰਦਾ ਹੈ
ਕਹਾਂ ਦੁਨੀਆਂ ਦਾ ਸਭ ਤੋਂ ਖ਼ੂਬ ਚਿਤਰਕਾਰ ਮੈਂ ਉਸ ਨੂੰ

ਸਦੀਆਂ ਤੋਂ ਮੁਹੱਬਤ ਦਾ.......... ਗ਼ਜ਼ਲ / ਸੁਖਵਿੰਦਰ ਅੰਮ੍ਰਿਤ

ਸਦੀਆਂ ਤੋਂ ਮੁਹੱਬਤ ਦਾ ਏਹੀ ਅਫ਼ਸਾਨਾ ਹੈ
ਹਰ ਹੱਥ ਵਿਚ ਪੱਥਰ ਹੈ ਮਜਨੂੰ ਤੇ ਨਿਸ਼ਾਨਾ ਹੈ

ਇਹ ਰਹਿਬਰ ਕੀ ਜਾਣਨ, ਦਾਨਸ਼ਵਰ ਕੀ ਸਮਝਣ
ਇਸ ਇਸ਼ਕ ਦੀ ਮੰਜਿ਼ਲ 'ਤੇ ਪੁੱਜਦਾ ਦੀਵਾਨਾ ਹੈ


ਕੋਈ ਰਾਂਝਾ ਜਾਣ ਸਕੇ ਫ਼ਰਿਆਦ ਹੀ ਸਮਝ ਸਕੇ
ਕਿਓਂ ਬਲ਼ਦੀਆਂ ਲਾਟਾਂ 'ਤੇ ਸੜਦਾ ਪਰਵਾਨਾ ਹੈ

ਕਿਆ ਇਸ਼ਕ ਦੀ ਸ਼ਾਨ ਅੱਲ੍ਹਾ, ਇਹ ਇਸ਼ਕ ਸੁਭਾਨ ਅੱਲ੍ਹਾ !
ਇਸ ਇਸ਼ਕ ਬਿਨਾ ਲੋਕੋ ਕਿਆ ਖਾਕ ਜ਼ਮਾਨਾ ਹੈ

ਇਸ ਇਸ਼ਕ ਦੀ ਹੱਟੀ 'ਤੇ ਕੋਈ ਹੋਰ ਵਪਾਰ ਨਹੀਂ
ਬਸ ਦਿਲ ਦੇ ਸੌਦੇ ਨੇ ਤੇ ਸਿਰ ਨਜ਼ਰਾਨਾ ਹੈ

ਮੀਰੀ ਵੀ, ਪੀਰੀ ਵੀ, ਸ਼ਾਹੀ ਵੀ, ਫ਼ਕੀਰੀ ਵੀ
ਇਸ ਇਸ਼ਕ ਦੇ ਦਾਮਨ ਵਿਚ ਹਰ ਇਕ ਹੀ ਖ਼ਜਾ਼ਨਾ ਹੈ

ਕਾਹਤੋਂ ਝੁਕਾਵੇ ਨਜਰਾਂ .......... ਗ਼ਜ਼ਲ / ਸੁਖਵਿੰਦਰ ਅੰਮ੍ਰਿਤ

ਕਾਹਤੋਂ ਝੁਕਾਵੇ ਨਜਰਾਂ ਕਿਉਂ ਸ਼ਰਮਸਾਰ ਹੋਵੇ
ਉਹ ਤੀਰ ਹੈ ਤਾਂ ਕਿਉਂ ਨਾ ਸੀਨੇ ਦੇ ਪਾਰ ਹੋਵੇ

ਜੀਹਦੇ ਕੰਡਿਆਂ ਨੇ ਦਾਮਨ ਮੇਰਾ ਤਾਰ ਤਾਰ ਕੀਤਾ
ਕਿਉਂ ਉਸਦੇ ਨਾਮ ਮੇਰੀ ਹਰ ਇਕ ਬਹਾਰ ਹੋਵੇ


ਨਜਰਾਂ ਚੁਰਾ ਕੇ ਜਿਸ ਤੋਂ ਮੈਂ ਬਦਲਿਆ ਸੀ ਰਸਤਾ
ਹਰ ਮੋੜ ਤੇ ਉਸਦਾ ਇੰਤਜਾਰ ਹੋਵੇ

ਕੋਈ ਦੂਰ ਦੂਰ ਤੀਕਰ ਵਿਛ ਜਾਏ ਪਿਆਸ ਬਣਕੇ
ਮੇਰੇ ਪਿਆਰ ਦਾ ਸਮੁੰਦਰ ਜਦ ਬੇਕਰਾਰ ਹੋਵੇ

ਉੱਠਾਂ ਮੈਂ ਚਿਣਗ ਭਾਲਾਂ ਕੋਈ ਚਿਰਾਗ ਬਾਲਾਂ
ਖ਼ਬਰੇ ਹਵਾ ਦਾ ਝੋਂਕਾ ਕੋਈ ਬੇਕਰਾਰ ਹੋਵੇ

ਆਵੇ ਉਹ ਮੇਰਾ ਪਿਆਰਾ, ਮੇਰੀ ਅੱਖ ਦਾ ਸਿਤਾਰਾ
ਮੇਰੀ ਨਿਗਾਹ ਤੋਂ ਪਾਸੇ ਇਹ ਅੰਧਕਾਰ ਹੋਵੇ

ਨਦੀਆਂ ਉਤਾਰ ਲਈਆਂ ਉਹਨੇ ਕੈਨਵਸ ਤੇ ਬੜੀਆਂ
ਪਰ ਹਾਏ, ਪਿਆਸ ਦੀ ਨਾ ਸੂਰਤ ਉਤਾਰ ਹੋਵੇ

ਇੱਕੋ ਹੀ ਰਾਤ ਵਿਚ.......... ਗ਼ਜ਼ਲ / ਸੁਖਵਿੰਦਰ ਅੰਮ੍ਰਿਤ

ਇੱਕੋ ਹੀ ਰਾਤ ਵਿਚ ਉਹ ਕਿੰਨਾ ਹੁਸੀਨ ਹੋਇਆ
ਕੱਲ ਤੱਕ ਸੀ ਖ਼ਾਬ ਮੇਰਾ ਤੇ ਅਜ ਯਕੀਨ ਹੋਇਆ


ਮੇਰੇ ਨਾਲ ਨਾਲ ਉਸ ਨੇ ਕਿੰਨੇ ਮੁਕਾਮ ਵੇਖੇ
ਕਦੇ ਹਮਅਕਾਸ਼ ਮੇਰਾ ਕਦੇ ਹਮਜ਼ਮੀਨ ਹੋਇਆ

ਮੈਂ ਖ਼ੁਦ ਹੀ ਨੋਚਦਾਂਗੀ ਸ਼ਾਖਾਂ ਤੋਂ ਪੱਤ ਅਪਣੇ
ਸਾਇਆ ਕਦੇ ਜੇ ਮੇਰਾ ਤੇਰੀ ਤੌਹੀਨ ਹੋਇਆ

ਇਹ ਕਿਸ ਨੇ ਵੇਖਿਆ ਹੈ ਵਗਦੀ ਨਦੀ ‘ਚ ਚਿਹਰਾ
ਲਹਿਰਾਂ ਨੇ ਲੜਖੜਾਈਆਂ ਪਾਣੀ ਰੰਗੀਨ ਹੋਇਆ

ਉਹ ਤੇਰੇ ਘਰ ਦਾ ਬੂਹਾ ਖੜਕਾ ਕੇ ਮੁੜ ਗਿਆ ਹੈ
ਤੂੰ ਜਿਸਦੇ ਚੇਤਿਆਂ ਵਿਚ ਬੈਠਾ ਸੀ ਲੀਨ ਹੋਇਆ

ਇਹ ਸ਼ੌਕ ਦਾ ਸਫ਼ਰ ਵੀ ਕਿੰਨਾ ਹੈ ਕਾਰਗਰ, ਕਿ
ਮੈਂ ਹੋ ਗਈ ਹਾਂ ਬੇਹਤਰ ਉਹ ਬੇਹਤਰਹੀਨ ਹੋਇਆ

ਦੁੱਖਾਂ ਦਾ ਸੇਕ ਸਹਿ ਕੇ ਹੰਝੂ ਦੀ ਜੂਨ ਪੈ ਕੇ
ਹੋਇਆ ਜਦੋਂ ਵੀ ਬੰਦਾ ਇਉਂ ਹੀ ਜ਼ਹੀਨ ਹੋਇਆ