ਹਰਦਰਸ਼ਨ ਸਿੰਘ ਕਮਲ ਦਾ ਪਲੇਠਾ ਕਾਵਿ ਸੰਗ੍ਰਹਿ “ਉਜਾੜ ਪਈਆਂ ਰਾਹਾਂ” ਲੋਕ ਅਰਪਣ........... ਪੁਸਤਕ ਰਿਲੀਜ਼

ਅੱਜ ਦੀਆਂ ਕਰੂੰਬਲਾਂ ਕੱਲ ਦੇ ਰੁੱਖ ਹਨ ਅਤੇ ਇਹਨਾ ਰੁੱਖਾਂ ਦੀਆਂ ਛਾਵਾਂ ਸਾਡਾ ਭਵਿੱਖੀ ਆਸਰਾ ਹੋਣਗੀਆਂ।  ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਕੇਂਦਰ (ਰਜਿ:), ਤਰਨ ਤਾਰਨ ਦੇ ਸਰਗਰਮ ਮੈਂਬਰ ਹਰਦਰਸ਼ਨ ਸਿੰਘ ਕਮਲ ਦਾ ਪਲੇਠਾ ਕਾਵਿ ਸੰਗ੍ਰਹਿ “ਉਜਾੜ ਪਈਆਂ ਰਾਹਾਂ” ਯੂਥ ਹੋਸਟਲ, ਤਰਨ ਤਾਰਨ ਵਿਖੇ ਜਗਤ ਪ੍ਰਸਿੱਧ ਸਾਹਿਤਕਾਰ ਡਾ:ਜੋਗਿੰਦਰ ਸਿੰਘ ਕੈਰੋਂ ਜੀ ਵੱਲੋਂ ਲੋਕ ਅਰਪਣ ਕੀਤਾ ਗਿਆ।  ਡਾ:ਜੋਗਿੰਦਰ ਸਿੰਘ ਕੈਰੋਂ ਜੀ ਨੇ ਇਸ ਸਾਹਿਤਕ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਿ਼ਰਕਤ ਕੀਤੀ।  ਪੰਜਾਬੀ ਸਾਹਿਤ ਦੀ ਫੁੱਲਵਾੜੀ ਅੰਦਰ ਮਹਿਕ ਰੂਪੀ ਫੁੱਲ ਬਣਨ ਦੀ ਇੱਛਾ ਨਾਲ ਆਪਣੇ ਪਲੇਠੇ ਕਾਵਿ ਸੰਗ੍ਰਹਿ “ਉਜਾੜ ਪਈਆਂ ਰਾਹਾਂ” ਦੀ ਘੁੰਡ ਚੁਕਾਈ ਰਸਮ ਵਿੱਚ ਪੰਜਾਬੀ ਸਾਹਿਤ ਨਾਲ ਜੁੜੀਆਂ ਸ਼ਖਸੀਅਤਾਂ ਵੱਲੋਂ ਭਰਵੀ ਗਿਣਤੀ ਵਿੱਚ ਸਮੂਲੀਅਤ ਕੀਤੀ ਗਈ।  ਪ੍ਰਧਾਨਗੀ ਮੰਡਲ ਵਿੱਚ ਜੁਗਿੰਦਰ ਸਿੰਘ ਫੁੱਲ, ਨਰੇਸ਼ ਕੋਹਲੀ, ਐਡਵੋਕੇਟ ਇਕਬਾਲ ਸਿੰਘ, ਰਘਬੀਰ ਸਿੰਘ ਤੀਰ, ਬਲਬੀਰ ਸਿੰਘ ਭੈਲ, ਕੁਲਦੀਪ ਸਿੰਘ ਅਰਸ਼ੀ ਅਤੇ ਜਸਬੀਰ ਸਿੰਘ ਝਬਾਲ ਸ਼ਾਮਿਲ ਹੋਏ। ਜੁਗਿੰਦਰ ਸਿੰਘ ਫੁੱਲ ਜੀ ਨੇ ਇਸ ਕਾਵਿ ਸੰਗ੍ਰਹਿ ਬਾਰੇ ਬੋਲਦੇ ਹੋਏ ਕਿਹਾ “ਉਜਾੜ ਪਈਆਂ ਰਾਹਾਂ” ਹਰਦਰਸ਼ਨ ਸਿੰਘ ਕਮਲ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਆਰਥਿਕ ਤੰਗੀਆਂ ਅਤੇ ਗੁਰਬਤ ਦਾ ਅਹਿਸਾਸ ਇਸ ਸਿਰਜਨਾ ਦੀਆਂ ਬਹੁ ਸੰਖਿਅਕ ਕਵਿਤਾਵਾਂ ਵਿੱਚੋਂ ਪ੍ਰਗਟ ਹੋ ਰਿਹਾ ਹੈ।

ਹਰਦਰਸ਼ਨ ਸਿੰਘ ਕਮਲ ਕਾਵਿ ਰੂਪ ਵਿੱਚ ਗੱਲਾਂ ਕਰਦਾ ਹੋਇਆ ਆਪਣੇ ਬੋਝ ਨੂੰ ਪਾਠਕਾਂ ਨਾਲ ਸਾਂਝਾ ਕਰਦਾ ਹੈ। ਉਹ ਟੁੱਟਦੇ ਹੋਏ ਰਿਸ਼ਤਿਆਂ, ਪੰਜਾਬ ਦੇ ਸੱਭਿਆਚਾਰ ਵਿੱਚ ਆ ਰਹੇ ਨਿਘਾਰ ਅਤੇ ਸਮਾਜ ਦੇ ਵਿਗੜ ਰਹੇ ਨੈਣ ਨਕਸ਼ਾਂ ਪ੍ਰਤੀ ਫਿਕਰ ਮੰਦ ਹੈ। ਸਮੇਂ ਦੀ ਗਰਦਸ਼ ਵਿੱਚੋਂ ਹਰਦਰਸ਼ਨ ਸਿੰਘ ਕਮਲ ਦਾ ਵਰਤਮਾਨ ਉਜਾਗਰ ਹੋਇਆ ਹੈ। ਉਸਦਾ ਇਸ ਪਹਿਲੀ ਪੁਸਤਕ ਨੂੰ ਹੱਥ ਵਿੱਚ ਲੈ ਕੇ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਸਮੇਂ ਹਾਰਦਿਕ ਸੁਆਗਤ ਹੈ। ਨਰੇਸ਼ ਕੋਹਲੀ ਨੇ ਇਸ ਕਾਵਿ ਸੰਗ੍ਰਹਿ ਬਾਰੇ ਕਿਹਾ ਕਿ “ਉਜਾੜ ਪਈਆਂ ਰਾਹਾਂ” ਮਹਿਜ਼ ਨਿਰਾਸ਼ਾ ਜਨਕ ਜਿੰਦਗੀ ਦੇ ਹਨੇਰੇ ਪੱਖਾਂ ਦਾ ਕਾਵਿ ਸੰਗ੍ਰਹਿ ਨਹੀਂ ਹੈ। ਉਜਾੜ ਕੋਲ ਵੀ ਆਪਣੇ ਹਿੱਸੇ ਦੀ ਜਰਖੇਜ਼ ਧਰਤੀ ਅਤੇ ਵੰਨ ਸੁਵੰਨੇ ਫੁੱਲ ਹੁੰਦੇ ਹਨ, ਅਤੀ ਮਨਮੋਹਕ ਅਤੇ ਅਤੀ ਸੁੰਦਰ। ਉਜਾੜਾਂ ਚ ਗੁਲਾਂਰਾਂ ਵੀ ਛੁਪੀਆਂ ਹੁੰਦੀਆਂ ਹਨ। ਉਜਾੜ ਪਈਆਂ ਰਾਹਾਂ ਤੇ ਕੋਈ ਅਣਥੱਕ ਅਤੇ ਨੰਗੇ ਪੈਰੀਂ ਧੁੱਪ ਚ ਨਿਰੰਤਰ ਤੁਰਨ ਦਾ ਵੀ ਅਮੋੜ ਸਾਹਸ ਹੁੰਦਾ ਹੈ। ਇਹੀ ਮਰਦਾਨਗੀ ਹੈ। ਖੂਬ ਕਮਲ ! ਰਘਬੀਰ ਸਿੰਘ ਤੀਰ ਨੇ ਇਸ ਕਾਵਿ ਸੰਗਹਿ ਬਾਰੇ ਕਿਹਾ ਹਰਦਰਸ਼ਨ ਕਮਲ ਦੀ ਕਾਵਿ ਪੁਸਤਕ “ਉਜਾੜ ਪਈਆਂ ਰਾਹਾਂ” ਉਸ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਸਾਹਿਤ ਦੇ ਪਿੜ ਵਿੱਚ ਉਸ ਦਾ ਆਗਾਜ਼ ਹੈ। ਉਸ ਦੀਆਂ ਸੋਚਾਂ, ਉਸ ਦੇ ਵਲਵਲਿਆਂ ਭਰਪੂਰ ਜਜ਼ਬਾਤਾਂ ਦਾ ਅਤੇ ਉਸ ਦੇ ਅੰਦਰ ਦੀ ਤੀਬਰ ਤੜਪ ਦਾ ਛਲਕਦਾ ਹੋਇਆ ਸਾਗਰ ਹੈ, ਜਿਸ ਨੂੰ ਉਸ ਨੇ ਗਾਗਰ ਵਿੱਚ ਬੰਦ ਕਰਨ ਦੀ ਕੋਸਿ਼ਸ਼ ਕੀਤੀ ਜਾਪਦੀ ਹੈ। ਇਸ ਪੁਸਤਕ ਵਿੱਚ ਉਸ ਨੇ ਵੱਖ ਵੱਖ ਸਮਾਜਿਕ, ਆਰਥਿਕ ਅਤੇ ਜਜਬਾਤੀ ਵਿਸਿ਼ਆਂ ਨੂੰ ਬਾਖੂਬੀ ਛੋਹਿਆ ਹੈ। ਕਵੀ ਵੀ ਤਾਂ ਹੱਡ ਮਾਸ ਦਾ ਹੀ ਬਣਿਆ ਹੁੰਦਾ ਹੈ, ਜਿਹੜਾ ਇਸ ਸਮਾਜ ਵਿੱਚ ਵਿਚਰਦਾ ਹੋਇਆ ਇਸ ਦੀਆਂ ਤਲਖੀਆਂ ਦੇ ਸੇਕ ਨੂੰ ਸਹਿੰਦਾ ਹੈ। ਹਰਦਰਸ਼ਨ ਕਮਲ ਦੀ ਪਲੇਠੀ ਕਾਵਿ ਪੁਸਤਕ “ਉਜਾੜ ਪਈਆਂ ਰਾਹਾਂ” ਇੱਕ ਦਲੇਰੀ ਭਰਿਆ ਅਤੇ ਸ਼ਲਾਘਾਯੋਗ ਉਪਰਾਲਾ ਹੈ। ਸਾਹਿਤ ਜਗਤ ਵਿੱਚ ਉਸ ਨੇ ਇਹ ਪਹਿਲੀ ਪੁਲਾਂਘ ਪੁੱਟ ਕੇ ਆਪਣੀ ਥਾਂ ਬਣਾ ਲਈ ਹੈ। ਇਹ ਇੱਕ ਤਰ੍ਹਾਂ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਦਾ ਉਪਰਾਲਾ ਵੀ ਹੈ ਅਤੇ ਆਗਾਜ਼ ਦੇ ਨਾਲ ਨਾਲ ਪ੍ਰਵਾਜ਼ ਵੀ। ਪੰਜਾਬੀ ਸਹਿਤ ਸਭਾ ਅਤੇ ਸਭਿਆਚਾਰਕ ਕੇਂਦਰ (ਰਜਿ:), ਤਰਨਤਾਰਨ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਹਰਦਰਸ਼ਨ ਸਿੰਘ “ਕਮਲ” ਪੰਜਾਬੀ ਸਾਹਿਤ ਸਭਾ ਅਤੇ ਸਭਿਆਚਾਰਕ ਕੇਂਦਰ (ਰਜਿ:), ਤਰਨ ਤਾਰਨ ਦਾ ਬਹੁਤ ਹੀ ਸਰਗਰਮ ਮੈਂਬਰ ਅਤੇ ਇੱਕ ਉਭਰਦਾ ਕਵੀ ਹੈ, ਬਹੁਤ ਹੀ ਹੋਣਹਾਰ ਤੇ ਪ੍ਰਬੀਨ ਅਕਲ ਵਾਲੀ ਸ਼ਖਸ਼ੀਅਤ ਹੈ। ਇਸ ਦੀ ਪਰਵਾਜ਼ ਬਹੁਤ ਉੱਚੀ ਹੈ। ਇਸ ਦੇ ਤਰਕਸ਼ ਦਾ ਭੱਥਾ ਤੀਰਾਂ ਨਾਲ ਭਰਿਆ ਪਿਆ ਹੈ।  ਜੋ ਵਰਤਣ  ਤੋਂ ਸੰਕੋਚ ਨਹੀਂ ਕਰਦਾ। ਮਿਲਣਸਾਰ ਅਤੇ ਪਿਆਰ ਦਾ ਮੁਜੱਸਮਾ ਹੈ। ਇਸ ਦੀ ਸੱਚ ਹੱਕ ਪ੍ਰਤੀ ਨਿਸ਼ਠਾ ਹੈ। ਇਸ ਦੇ ਵਿਚਾਰ ਅਗਾਂਹ ਵਧੂ ਅਤੇ ਇਨਕਲਾਬੀ ਭਾਵਨਾ ਵਾਲੇ ਹਨ। ਸਮਾਜ ਦੀਆਂ ਕਦਰਾਂ ਕੀਮਤਾਂ ਨਾਲ ਖਿਲਵਾੜ ਬਰਦਾਸ਼ਤ ਨਹੀਂ ਕਰਦਾ। ਇਸ ਦੀ ਲੇਖਣੀ ਸਚਾਰੂ ਅਤੇ ਸਾਰਥਿਕ ਹੈ। ਅੰਤ ਵਿੱਚ ਉਹਨਾਂ ਨੇ ਕਿਹਾ ਹਰਦਰਸ਼ਨ ਸਿੰਘ ਕਮਲ ਸਾਹਿਤ ਦੀਆਂ ਬੁਲੰਦੀਆਂ ਨੂੰ ਛੂਹਦਾ ਰਹੇਗਾ ਅਤੇ ਹੱਕ ਸੱਚ ਦਾ ਅਲੰਬਦਾਰ ਬਣ ਕੇ ਆਪਣਾ ਸਫਅਰ ਜਾਰੀ ਰੱਖੇਗਾ। 

ਇਸ ਤੋਂ ਇਲਾਵਾ ਇਸ ਸਾਹਿਤਕ ਸਮਾਗਮ ਵਿੱਚ ਪ੍ਰਸਿੱਧ ਗੀਤਕਾਰ ਮੀਕਾ ਮਸਾਣੀ ਵਾਲਾ, ਕੀਰਤ ਪ੍ਰਤਾਪ ਸਿੰਘ ਪੰਨੂੰ, ਰਵਿੰਦਰ ਰੌਕੀ, ਐਡਵੋਕੇਟ ਇਕਬਾਲ ਸਿੰਘ, ਬਲਬੀਰ ਸਿੰਘ ਭੈਲ, ਗੁਰਿੰਦਰ ਸਿੰਘ ਪ੍ਰਿਟਿੰਗ ਪ੍ਰੈਸ ਵਾਲੇ, ਮਾ:ਸੁਖਦੇਵ ਸਿੰਘ ਕੈਰੋਂ, ਹਰਭਜਨ ਸਿੰਘ ਵਕਤਾ, ਮੱਖਣ ਭੈਣੀ ਵਾਲਾ, ਮਾ:ਗੁਰਮੇਜ ਸਿੰਘ ਕੈਰੋਂ, ਕੁਲਦੀਪ ਸਿੰਘ ਅਰਸ਼ੀ, ਜਸਬੀਰ ਸਿੰਘ ਝਬਾਲ, ਕਸ਼ਮੀਰ ਸਿੰਘ ਭੋਲਾ ਪੰਛੀ, ਗਿਆਨੀ ਅਜੀਤ ਸਿੰਘ, ਨਵਦੀਪ ਸਿੰਘ ਬਦੇਸ਼ਾ, ਕੁਲਵੰਤ ਸਿੰਘ ਸੂਦ, ਸੁਰਜੀਤ ਸਿੰਘ ਧਾਮੀ, ਮਾਸਟਰ ਗੋਪਾਲ ਸਿੰਘ, ਲਖਵਿੰਦਰ ਸਿੰਘ ਰਾਹੀ, ਮੈਡਮ ਰੁਪਿੰਦਰ ਕੌਰ, ਮੈਡਮ ਸਵਿੰਦਰ ਕੌਰ ਪੱਟੀ ਨੇ ਇਸ ਸਾਹਿਤਕ ਸਮਾਗਮ ਵਿੱਚ ਸਮੂਲੀਅਤ ਕੀਤੀ। ਅੰਤ ਵਿੱਚ ਹਰਦਰਸ਼ਨ ਸਿੰਘ ਕਮਲ ਨੇ ਵਿਸ਼ੇਸ਼ ਮਹਿਮਾਨ ਡਾ:ਜੋਗਿੰਦਰ ਸਿੰਘ ਕੈਰੋਂ, ਜੁਗਿੰਦਰ ਸਿੰਘ ਫੁੱਲ, ਨਰੇਸ਼ ਕੋਹਲੀ ਅਤੇ ਬਾਕੀ ਆਏ ਹੋਏ ਸਾਹਿਤਕ ਸਖਸ਼ੀਅਤਾਂ ਦਾ ਧੰਨਵਾਦ ਕੀਤਾ।

****

No comments: