ਇਕ ਸ਼ਾਇਰ ਦੁਆਰਾ ਉਠਾਏ ਵਿਵਾਦ ਵਿਚ ਘਿਰਿਆ ਇਕ ਮਕਬੂਲ ਹੋ ਰਿਹਾ ਗਾਇਕ .......... ਲੇਖ਼ / ਪਰਮਿੰਦਰ ਤੱਗੜ (ਡਾ.)

ਅਕਸਰ ਅਜਿਹਾ ਵਾਪਰਦੈ ਕਿ ਜਦੋਂ ਕੋਈ ਸ਼ੋਹਰਤ ਦੀਆਂ ਬੁਲੰਦੀਆਂ ਵੱਲ ਵਧ ਰਿਹਾ ਹੁੰਦੈ ਤਾਂ ਉਸ ਦਾ ਝੱਗਾ ਖਿੱਚਣ ਵਾਲੇ ਵੀ ਨਾਲ਼ ਹੀ ਪੈਦਾ ਹੋ ਜਾਂਦੇ ਹਨ। ਜਿੰਨੀ ਦੇਰ ਤੱਕ ਕੋਈ ਸ਼ੋਹਰਤ ਹਾਸਲ ਨਹੀਂ ਕਰਦਾ ਓਨੀ ਦੇਰ ਜੋ ਮਰਜ਼ੀ, ਜੀਹਦਾ ਮਰਜ਼ੀ, ਜਿਵੇਂ ਮਰਜ਼ੀ ਗਾਈ ਜਾਵੇ ਕੋਈ ਫ਼ਿਕਰ ਨਹੀਂ ਪਰ ਜਦ ਉਹ ਗਾਇਕ ਮਕਬੂਲ ਹੋ ਜਾਵੇ ਤਾਂ ਝੱਟ ਉਹਨਾਂ ਸ਼ਾਇਰਾਂ ਨੂੰ ਫ਼ਿਕਰ ਆ ਪੈਂਦਾ ਹੈ ਕਿ ਇਸ ਨੇ ਸਾਡੀ ਸ਼ਾਇਰੀ ਨੂੰ ਤ੍ਰੋੜ–ਮਰੋੜ ਕੇ ਗਾਇਆ ਹੈ। ਅਜਿਹਾ ਹੀ ਵਾਪਰਿਐ ਇਹਨੀਂ ਦਿਨੀਂ ਇਕ ਨਵੇਂ ਅੰਦਾਜ਼ ਵਿਚ ਉਭਰੇ ਚੰਗੀ ਸ਼ਾਇਰੀ ਦੇ ਰਚਨਹਾਰ ਤੇ ਪੁਖ਼ਤਾ ਗਾਇਕੀ ਦੇ ਸਿਤਾਰੇ ਨਾਲ਼। ਖ਼ਾਸ ਗੱਲ ਇਹ ਕਿ ਇਸ ਵਿਵਾਦ ’ਚੋਂ ਕੁਝ ਨਿਕਲੇ ਜਾਂ ਨਾ ਨਿਕਲੇ ਪਰ ਇਲਜ਼ਾਮ ਲਾਉਣ ਵਾਲੇ ਸ਼ਾਇਰ ਨੂੰ ਪਹਿਲਾਂ ਯਕੀਨਨ ਚੋਣਵੇਂ ਲੋਕ ਹੀ ਜਾਣਦੇ ਹੋਣਗੇ ਪਰ ਇਹਨਾਂ ਖ਼ਬਰਾਂ ਤੋਂ ਬਾਅਦ ਹਰ ਕੋਈ ਉਸ ਅਣਗੌਲ਼ੇ ਸ਼ਾਇਰ ਦੇ ਨਾਂ ਨੂੰ ਜਾਣ ਗਿਆ ਹੈ। ਲੋਕ ਤਾਂ ਇਹ ਸੋਚ ਰਹੇ ਹਨ ਕਿ ਹੁਣ ਇਸ ਵਿਵਾਦ ਨੂੰ ਹੋਰ ਅਖ਼ਬਾਰਾਂ ਦੁਆਰਾ ਅੰਸ਼ਕ ਰੂਪ ਵਿਚ ਖ਼ਬਰ ਨੂੰ ਚੱਕਣ ਦੇ ਨਾਲ਼-ਨਾਲ਼ ਪੰਜਾਬੀ ਦੇ ਇਕ ਸੁਪ੍ਰਸਿਧ ਅਖ਼ਬਾਰ ਨੇ ਬੜੇ ਗੰਭੀਰ ਅੰਦਾਜ਼ ਵਿਚ ਚੱਕ ਲਿਆ ਹੈ ਅਤੇ ਇਕ ਵਿਸਤ੍ਰਿਤ ਰਿਪੋਰਟ ਅਹਿਮ ਪੰਨੇ ’ਤੇ ਛਾਇਆ ਕੀਤੀ ਹੈ ਜਿਵੇਂ ਕੋਈ ਬੜਾ ਵੱਡਾ ਖ਼ਜ਼ਾਨਾ ਹੱਥ ਲੱਗ ਗਿਆ ਹੋਵੇ। ਖ਼ਜ਼ਾਨਾ ਹੱਥ ਲੱਗੇ ਵੀ ਕਿਉਂ ਨਾ ਜਿਸ ਅਖ਼ਬਾਰ ਦੇ ਪੱਤਰਕਾਰ ਨੇ ਇਹ ਸਟੋਰੀ ਬਣਾਈ ਹੈ ਉਸ ਅਖ਼ਬਾਰ ਦੇ ਅੰਦਰ ਇਕ ਪ੍ਰਮੁਖ ਪੰਜਾਬੀ ਗਾਇਕ ਦਾ ਵੀ ਆਉਣਾ ਜਾਣਾ ਹੈ ਇਸੇ ਪੱਤਰਕਾਰ ਰਾਹੀਂ ਉਸ ਗਾਇਕ ਨੇ ਲੋਕ ਸਭਾ ਦੀਆਂ ਚੋਣਾਂ ਮੌਕੇ ਵੱਡੇ-ਵੱਡੇ ਇਸ਼ਤਿਹਾਰ ਅਤੇ ਸਪਲੀਮੈਂਟ ਵੀ ਕਢਵਾਏ ਸਨ। ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਰਸੂਖ਼ ਵਾਲ਼ੇ ਕਈ ਸ਼ਾਇਰਾਂ ਨੂੰ ਵੀ ਇਸ ਵਿਵਾਦ ਨੂੰ ਹਵਾ ਦੇਣ ਖ਼ਾਤਰ ਉਕਸਾਇਆ ਹੈ। ਲੋਕਾਂ ਦੀਆਂ ਗੱਲਾਂ ਉਦੋਂ ਹੋਰ ਸੱਚੀਆਂ ਪ੍ਰਤੀਤ ਹੁੰਦੀਆਂ ਹਨ ਜਦੋਂ ਇਕ ਟੀ ਵੀ ਚੈਨਲ ਵੱਲੋਂ ਪੇਸ਼ ਕੀਤੇ ਜਾਂਦੇ ਇਕ ਲਾਈਵ ਸ਼ੋਅ ਵਿਚ ਇਕ ਪ੍ਰਤੀਯੋਗੀ ਦੁਆਰਾ ਵਿਵਾਦ ਵਿਚ ਘਿਰ ਰਹੇ ਗਾਇਕ ਦੀ ਕੰਪੋਜ਼ੀਸ਼ਨ ਗਾਈ ਜਾਂਦੀ ਹੈ ਅਤੇ ਸਾਡਾ ਇਹ ਮਹਾਨ ਕਹਾਉਣ ਵਾਲ਼ਾ ਸਰਕਾਰੀ ਸਨਮਾਨ ਪ੍ਰਾਪਤ ਗਾਇਕ ਅਜਿਹੀ ਟਿੱਪਣੀ ਕਰਦਾ ਹੈ ਜੋ ਉਸ ਦੀ ਸੋਚ ਦਾ ਮੁਜ਼ਾਹਰਾ ਕਰ ਜਾਂਦੀ ਹੈ ਕਿ ਉਹ ਮਨ ਅੰਦਰ ਕੀ ਰੂੜੀ ਲਾਈ ਬੈਠਾ ਹੈ। ਬੇਸ਼ਕ ਲੋਕ ਇਹ ਸੋਚਦੇ ਹਨ ਕਿ ਇਸ ਪੱਧਰ ’ਤੇ ਪੁੱਜ ਕੇ ਅਜਿਹਾ ਵਿਵਹਾਰ ਮਨ ਅੰਦਰ ਰੱਖਣਾਂ ਏਨੇ ਵੱਡੇ ਅਤੇ ਸਰਕਾਰੀ ਸਨਮਾਨਯਾਫ਼ਤਾ ਗਾਇਕ ਨੂੰ ਸ਼ੋਭਾ ਨਹੀਂ ਦਿੰਦਾ। ਜਿੱਥੋਂ ਤੱਕ ਵਿਵਾਦ ਉਠਾਉਣ ਵਾਲ਼ੇ ਸ਼ਾਇਰ ਦਾ ਸਬੰਧ ਹੈ ਕਿ ਇਕ ਮਕਬੂਲ ਹੋ ਰਹੇ ਗਾਇਕ ਨੇ ਉਸ ਦੀ ਸ਼ਾਇਰੀ ਨੂੰ ਉਸ ਦਾ ਨਾਂ ਲਏ ਬਿਨਾ ਗਾਇਆ ਹੈ ਅਤੇ ਤ੍ਰੋੜ ਮਰੋੜ ਕੇ ਗਾਇਆ ਹੈ। ਜੇਕਰ ਗਾਇਕ ਤ੍ਰੋੜ ਮਰੋੜ ਕੇ ਤਾਂ ਗਾ ਲੈਂਦਾ ਪਰ ਉਸ ਦਾ ਨਾਂ ਮੰਚ ਤੋਂ ਜ਼ਰੂਰ ਲੈ ਦਿੰਦਾ ਤਾਂ ਸ਼ਾਇਦ ਇਹ ਗ਼ਿਲਾ ਨਹੀਂ ਸੀ ਹੋਣਾ। ਨਾਲੇ ਸੱਤ ਸਾਲ ਪਹਿਲਾਂ ਗਾਈ ਆਈਟਮ ’ਤੇ ਇਤਰਾਜ਼ ਉਦੋਂ ਕਰਨਾ ਜਦ ਗਾਇਕ ਮਕਬੂਲ ਹੋ ਗਿਆ ਹੋਵੇ ਤਾਂ ਗੱਲ ਕੁਝ ਹਜ਼ਮ ਨਹੀਂ ਹੁੰਦੀ। ਇਹ ਵੀ ਹੋ ਸਕਦੈ ਸ਼ਾਇਰ ਨੂੰ ਪਹਿਲਾਂ ਪਤਾ ਹੀ ਨਾ ਲੱਗਿਆ ਹੋਵੇ ਕਿ ਉਸ ਦੀ ਸ਼ਾਇਰੀ ਦਾ ਚੀਰ-ਹਰਣ ਹੋ ਰਿਹਾ ਹੈ ਪਰ ਇਹ ਗੱਲ ਵੀ ਹਜ਼ਮ ਨਹੀਂ ਹੁੰਦੀ ਕਿਉਂਕਿ ਉਸ ਸ਼ਾਇਰ ਦਾ ਇੰਟਰਨੈਟ ਨਾਲ਼ ਡੂੰਘਾ ਵਾਸਤਾ ਹੈ ਅਤੇ ਉਸ ਦਾ ਪ੍ਰੋਫ਼ਾਈਲ ਇੰਟਰਨੈਟ ’ਤੇ ਮੌਜੂਦ ਹੈ। ਨਾਲ਼ੇ ਇਸ ਗਾਇਕ ਨੂੰ ਤਾਂ ਸਰੋਤਿਆਂ ਦੇ ਰੂ-ਬ-ਰੂ ਹੀ ਸਭ ਤੋਂ ਪਹਿਲਾਂ ਇੰਟਰਨੈਟ ਦੀ ਯੂਟਿਊਬ ਵੈਬਸਾਇਟ ਨੇ ਕਰਵਾਇਆ ਹੈ। ਹੁਣ ਇਹ ਵਿਵਾਦ ਵੀ ਇੰਟਰਨੈਟ ਰਾਹੀਂ ਹੀ ਫ਼ੈਲਾਇਆ ਜਾ ਰਿਹਾ ਹੈ। ਰਹੀ ਗੱਲ ਮਕਬੂਲ ਗਾਇਕ ਦੀ ਚੁੱਪ ਦੀ- ਗਾਇਕ ਨੂੰ ਚਾਹੀਦਾ ਹੈ ਕਿ ਦੋ ਟੁੱਕ ਗੱਲ ਕਰਕੇ ਵਿਵਾਦ ਦਾ ਫਸਤਾ ਵੱਢੇ। ਕਿਉਂਕਿ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਹਰ ਕੋਈ ਪਹਿਲਾਂ ਲਿਖੇ ਦਾ ਅਨੁਕਰਨ ਹੀ ਕਰਦਾ ਹੈ ਅਜਿਹਾ ਮਸ਼ਹੂਰ ਵਿਦਵਾਨ ਰੋਲਾ ਬਾਰਤ ਦਾ ਕਹਿਣਾ ਹੈ। ਕਈ ਵਾਰ ਅਜਿਹਾ ਵੀ ਹੋ ਜਾਂਦਾ ਹੈ ਕਿ ਕਿਸੇ ਸ਼ਾਇਰ ਦੀ ਰਚਨਾ ਹੀ ਏਨੀ ਮਕਬੂਲ ਹੋ ਜਾਂਦੀ ਹੈ ਕਿ ਉਸ ਦੇ ਰਚਨਹਾਰ ਦਾ ਨਾਂ ਮਨਫ਼ੀ ਹੋ ਕੇ ਰਹਿ ਜਾਂਦਾ ਹੈ ਸਗੋਂ ਰਚਨਾ ਹੀ ਪ੍ਰਧਾਨ ਸਥਾਨ ਗ੍ਰਹਿਣ ਕਰ ਲੈਂਦੀ ਹੈ ਜੋ ਕਿਸੇ ਸ਼ਾਇਰ ਦੀ ਸ਼ਾਇਰੀ ਦਾ ਹਾਸਲ ਮੰਨਿਆ ਜਾਣਾ ਚਾਹੀਦਾ ਹੈ। ਮਿਸਾਲ ਵਜੋਂ ‘ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਹਦਾ ਆਈਂ ਨਿਗਾਹ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ ਨਿਗਾਹ ਮਾਰਦਾ ਆਈਂ ਵੇ’ ਕਿੰਨੇ ਲੋਕ ਜਾਣਦੇ ਹਨ ਕਿ ਲੋਕਗੀਤ ਦਾ ਦਰਜਾ ਹਾਸਲ ਕਰ ਚੁੱਕੇ ਇਸ ਗੀਤ ਦਾ ਰਚਨਹਾਰ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਹੈ। ਜੇਕਰ ਏਡੀ ਵੱਡੀ ਦਲੀਲ ਦੇ ਬਾਵਜੂਦ ਵੀ ਉਸ ਸ਼ਾਇਰ ਨੂੰ ਗ਼ਿਲਾ ਹੈ ਤਾਂ ਉਸ ਦੀ ਸਮਝ ਦੀ ਸਿਹਤਯਾਬੀ ਲਈ ਦੁਆ ਹੀ ਕੀਤੀ ਜਾ ਸਕਦੀ ਹੈ। 


ਚੀਕਦੀ ਚੁੱਪ..........ਮਿੰਨੀ ਕਹਾਣੀ / ਧਰਮਿੰਦਰ ਭੰਗੂ

ਕਿਸੇ ਧਾਰਮਿਕ ਆਗੂ ਦੇ ਅਪਮਾਨ ਤੋਂ ਭੜਕੀ ਹੋਈ ਭੀੜ ਥਾਂ-ਥਾਂ ਤੇ ਭੰਨਤੋੜ ਕਰ ਰਹੀ ਸੀ। ਪੂਰਾ ਦਿਨ ਸ਼ਹਿਰ ਵਿੱਚ ਗੱਡੀਆਂ ਦੀ ਸਾੜਫੂਕ ਕੀਤੀ ਗਈ ਅਤੇ ਦੁਕਾਨਾਂ ਦੇ ਸ਼ੀਸ਼ੇ ਭੰਨੇ ਗਏ ਸਨ। .... ਆਖਰ ਭੀੜ ਦਾ 'ਜੋਸ਼' ਮੱਠਾ ਪੈਣ ਤੋਂ ਬਾਅਦ ਸਰਕਾਰ ਜਾਗੀ ਸੀ ਅਤੇ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ। ਦੇਰ ਰਾਤ ਤੱਕ ਜਾਗਣ ਵਾਲੇ ਸ਼ਹਿਰ ਦੀਆਂ ਸੜਕਾਂ ਤੇ ਸ਼ਾਮ ਵੇਲੇ਼ ਹੀ ਸੁੰਨਸਾਨ ਸੀ। ਦਿਨ ਭਰ ਧੂ-ਧੂ ਕਰਕੇ ਜਲੇ ਵਾਹਨਾਂ 'ਚੋਂ ਉੱਠ ਰਹੇ ਮੱਠੇ-ਮੱਠੇ ਧੂੰਏਂ ਤੋਂ ਸਿਵਾਏ ਹੋਰ ਕੁਝ ਨਜ਼ਰ ਨਹੀਂ ਸੀ ਆ ਰਿਹਾ। ਸ਼ਹਿਰ ਅੰਦਰ ਛਾਈ ਇਹ ਭਿਆਨਕ ਚੁੱਪ ਚੀਕ-ਚੀਕ ਕੇ ਇਨਸਾਨੀਅਤ ਨੂੰ ਪੁਕਾਰ ਰਹੀ ਸੀ। 

ਸਮਾਜਿਕ ਕੁਰੀਤੀਆਂ ਦੇ ਦਰਦ ਨਾਲ਼ ਲਬਰੇਜ਼ ਪ੍ਰਵਾਸੀ ਪੰਜਾਬੀ ਕਲਮ – ਸ਼ਮੀ ਜਲੰਧਰੀ.......... ਲੇਖ਼ / ਰਿਸ਼ੀ ਗੁਲਾਟੀ


ਸਿਆਣੇ ਕਹਿੰਦੇ ਹਨ ਕਿ ਸੜਕ ਤੇ ਚੱਲਣਾ ਕੋਈ ਮੁਸ਼ਕਿਲ ਕੰਮ ਨਹੀਂ ਪਰ ਹਿੰਮਤ ਤੇ ਹੌਸਲੇ ਦੀ ਪਹਿਚਾਣ ਚਾਲ੍ਹੇ (ਚਿੱਕੜ) ਵਿੱਚ ਦੀ ਗੱਡਾ ਲੈ ਕੇ ਜਾਣ ਨਾਲ਼ ਹੀ ਹੁੰਦੀ ਹੈ । ਬਿਲਕੁੱਲ ਇਸੇ ਤਰ੍ਹਾਂ ਦਾ ਹੌਸਲਾ ਕੀਤਾ ਹੈ, ਕੈਨੇਡਾ ਦੀ ਸੰਗੀਤ ਕੰਪਨੀ “5 ਰਿਵਰਜ਼ ਇੰਟਰਟੇਨਮੈਂਟ ਇਨਕੌਰਪੋਰੇਸ਼ਨ” ਨੇ । ਐਡੀਲੇਡ (ਆਸਟ੍ਰੇਲੀਆ) ਵਾਸੀ ਸ਼ਾਇਰ ਸ਼ਮੀ ਜਲੰਧਰੀ ਦੇ ਲਿਖੇ ਤੇ ਅੰਤਰਰਾਸ਼ਟਰੀ ਪੱਧਰ ਦੇ ਅੱਠ ਗਾਇਕਾਂ ਦੇ ਨਾਲ ਸਜੀ ਹੋਈ ਐਲਬਮ “ਜਾਗੋ – ਵੇਕਅਪ” ਵਿੱਚ ਕੁੱਲ ਸੱਤ ਗੀਤ ਹਨ ਜੋ ਕਿ ਸੁੱਤੇ ਹੋਏ ਲੋਕਾਂ ਨੂੰ ਨਵੀਂ ਸੇਧ ਤੇ ਨਵੀਂ ਦਿਸ਼ਾ ਦੇਣ ਲਈ ਲਿਖੇ ਤੇ ਗਾਏ ਗਏ ਹਨ । ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਿੱਥੇ ਰੋਮਾਂਟਿਕ ਤੇ ਲੱਚਰਤਾ ਭਰੇ ਗੀਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਅਜਿਹੇ ਸਮੇਂ ਸਿਰਫ਼ ਤੇ ਸਿਰਫ਼ ਸੱਭਿਆਚਾਰਕ ਗੀਤਾਂ ਦੀ ਐਲਬਮ ਪੇਸ਼ ਕਰਨਾ ਸੰਗੀਤ ਕੰਪਨੀਆਂ ਲਈ ਚੁਣੌਤੀ ਭਰਿਆ ਕੰਮ ਹੈ, ਪਰ ਸਮਾਜ ਵਿੱਚ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਇਸ ਸੰਗੀਤ ਕੰਪਨੀ ਨੇ ਵਾਕਿਆ ਹੀ ਹੌਸਲੇ ਭਰਿਆ ਕਦਮ ਚੁੱਕਿਆ ਹੈ । ਸ਼ਮੀ ਅਨੁਸਾਰ ਇਸ ਸੀ.ਡੀ. ਦੇ ਸਾਰੇ ਗੀਤਾਂ ਵਿੱਚ ਸਮਾਜ ਨੂੰ ਅਲੱਗ-ਅਲੱਗ ਕੁਰੀਤੀਆਂ ਤੋਂ ਖ਼ਬਰਦਾਰ ਹੋਣ ਲਈ “ਜਾਗੋ” ਦਾ ਹੋਕਾ ਦਿੱਤਾ ਗਿਆ ਹੈ । ਇਸ ਐਲਬਮ ਦੇ ਗੀਤਾਂ ਵਿੱਚ ਨਿਘਰ ਰਹੇ ਰਿਸ਼ਤਿਆਂ, ਭਰੂਣ ਹੱਤਿਆ, ਨਸਿ਼ਆਂ, ਗ਼ਰੀਬੀ, ਭੁੱਖਮਰੀ ਤੇ ਧਰਮਾਂ ਦੀ ਜੰਗ ਆਦਿ ਮਸਲਿਆਂ ਨੂੰ ਲੈ ਕੇ ਸਮਾਜਿਕ ਚੇਤਨਾ ਜਗਾਉਣ ਦੀ ਕੋਸਿ਼ਸ਼ ਕੀਤੀ ਗਈ ਹੈ । 



ਆਪ ਜੀ ਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਕਿ ਆਪ ਜੀ ਦੇ ਹਰਮਨ ਪਿਆਰੇ "ਸ਼ਬਦ ਸਾਂਝ" ਨੂੰ www.shabadshanjh.blogspot.com ਤੋਂ ਬਦਲ ਕੇ www.shabadsanjh.com ਕਰ ਦਿੱਤਾ ਗਿਆ ਹੈ । ਆਪ ਜੀ ਆਪਣੀਆਂ ਰਚਨਾਵਾਂ ਤੇ ਹੁੰਗਾਰੇ editor@shabadsanjh.com 'ਤੇ ਭੇਜ ਸਕਦੇ ਹੋ ।

ਸੰਪਾਦਕ


ਆਪ ਦੀਆਂ ਕੁੱਝ ਬਾਪ ਦੀਆਂ (1).......... ਵਿਅੰਗ / ਜੀ. ਸਿੱਧੂ. ਹਿੰਮਤਪੁਰਾ

ਉਸਦਾ ਨਾਮ ਤਾਂ ਸਾਇਦ ਪੂਰਨ ਸਿੰਘ ਸੀ, ਪਰ ਲੋਕ ਉਸਨੂੰ ‘ਪੂਰਾ’ ਹੀ ਕਹਿੰਦੇ ਸਨ। ਉਹ ਵੀ ਮੂੰਹ ‘ਤੇ; ਉਂਝ ਬਹੁਤੇ ਲੋਕਾਂ ਉਸਦੀ ‘ਭੜਥੂ’ ਦੀ ਅੱਲ ਪਾਈ ਹੋਈ ਸੀ। ਮੇਰੀ ਉਸ ਨਾਲ ਮੁਲਾਕਾਤ ਦਾ ਸਬੱਬ ਵੀ ਬੜਾ ਅਜੀਬ ਬਣਿਆ। ਮੈ ਸਾਇਦ ਓਦੋਂ ਸੱਤਵੀਂ ਵਿੱਚ ਪੜ੍ਹਦਾ ਸੀ। ਡਰੇਨ ਛੱਪੜ ਦੇ ਵਿੱਚਦੀ ਲੰਘਦੀ ਹੋਣ ਕਾਰਨ ਮੀਂਹ ਦੇ ਦਿਨਾਂ ਵਿੱਚ ਛੱਪੜ ਬਹੁਤ ਵੱਡੇ ਆਕਾਰ ਦਾ ਬਣ ਜਾਂਦਾ ਸੀ। ਉੱਥੇ ਮੱਝਾਂ ਨਹਾਉਣ ਦਾ ਆਪਣਾ ਹੀ ਲੁਤਫ਼ ਸੀ। ਅਸੀਂ ਕਈ ਜਾਣੇ ਇਕੱਠੇ ਹੋ ਕੇ ਮੱਝਾਂ ਛੱਪੜ ਵਿੱਚ ਛੱਡਕੇ ਆਪ ਕਿਸੇ ਖੇਡ ਵਿੱਚ ਮਸਤ ਹੋ ਗਏ।
‘ਔਹ ‘ਭੜਥੂ’ ਕੀਹਦੇ ਵਾਲੀ ਹੱਕੀ ਜਾਂਦਾ’ ਸਾਡੇ ‘ਚੋ ਇੱਕ ਨੇ ਚੀਕ ਮਾਰਨ ਵਾਲਿਆਂ ਵਾਂਗ ਆਖਿਆ। ਵੱਲ੍ਹੀ ਮੱਝ ਵੇਖ ਕੇ ਮੇਰੀ ਖਾਨਿਓ ਗਈ। ਮਾਰੇ ਗਏ। ਖੇਡ ਵਿੱਸਰ ਗਈ। ਸੋਚ ਖੜੀ ਹੋ ਗਈ ਕਿ ਮੱਝ ਕਿਵੇ ਲਿਆਂਦੀ ਜਾਵੇ। ਘਰ ਜਾ ਕੇ ਦੱਸਿਆ ਜਾਵੇ। ਇਹ ਸੋਚਕੇ ਹੋਰ ਕਾਂਬਾ ਛਿੜ ਪਿਆ। ‘ਭੜਥੂ’ ਤਾਂ ਹੋ ਸਕਦਾ ਘੱਟ ਲਾਵੇ ਪਰ ਬੇਬੇ ਨੇ ਗੱਲ ਨੀ ਕਰਨ ਦੇਣੀ। ਪਹਿੱਲਾਂ ਹੀ ਸਿੱਟ ਲੈਣਾ ‘ਤੇ ਫਿਰ ਖਿੱਚ ਕੇ ਲਿਆਊ ਇੱਥੇ। ਅਤੇ ਇੱਥੇ ‘ਪੂਰੇ’ ਨੂੰ ਕਹੂ ਬਣਾ ਇਹਨੂੰ ਬੰਦਾ। ਇਹਦੇ ਨਾਲੋਂ ਸਿੱਧੀਆਂ ਪੂਰੇ ‘ਤੋਂ ਹੀ ਖਾਧੀਆਂ ਜਾਣ। ਮੱਝ ਤਾਂ ਲਿਆਉਣੀ ਪਊ। ਨਾਲ ਦੇ ਸਾਥੀ ਕਸੂਤਾ ਫਸਿਆ ਵੇਖ ਕੇ ਬਾਘੀਆਂ ਪਾ ਰਹੇ ਸਨ। ਕੋਈ ਮੇਰੇ ਨਾਲ ਜਾਣ ਲਈ ਤਿਆਰ ਨਹੀ ਸੀ। ਸਗੋਂ ਦਿਲੋਂ ਉਹ ਪੂਰੇ ਬਾਗੋ-ਬਾਗ ਸੀ, ਕਿ ਫਸ ਗਿਆ। ‘ਕੋਈ ਕਹੇ ਮੱਲਾ ਉਹਦੀ ਜੁੱਤੀ ਬੜੀ ਵੱਡੀ ਐ। ਬਸ ਜਾਂਦੇ ਨੂੰ ਸਿੱਟ ਹੀ ਲੈਂਦਾ।’ ਕੋਈ ਕਹਿੰਦਾ, ‘ਘੜੀਸਦਾ ਵੀ ਬੜਾ ਆ ਅਤੇ ਕੁੱਟਦਾ ਵੀ ਐ।’ ਜਿਹੋ ਜਿਹਾ ਕਿਸੇ ਦਾ ਮੂੰਹ ਓਹੋ ਜਿਹੀਆਂ ਗੱਲਾਂ।
ਮੈਂ ਦਿਲ ਨੂੰ ਕਰੜਾ ਜਿਹਾ ਕਰਕੇ ਉਸਦੇ ਕੋਠੇ ਵੱਲ ਨੂੰ ਚੱਲ ਪਿਆ ਜਿੱਥੇ ਸੰਘਣੇ ਦਰੱਖਤਾਂ ਦਾ ਇੱਕ ਝੁੰਡ ਜਿਹਾ ਸੀ। ਰਾਹ ਵਿੱਚ ਮੈ ਸੋਚਦਾ ਜਾ ਰਿਹਾ ਸੀ ਕਿ ‘ਪੂਰੇ’ ਤੋਂ ਘੱਟ ਤੋ ਘੱਟ ਕੁੱਟ ਕਿਵੇਂ ਖਾਧੀ ਜਾਵੇ। ਜੁੱਤੀ, ਥੱਪੜ ਅਤੇ ਲੱਤਾਂ ਤੋਂ ਬਚਣ ਦੇ ਉਪਾਅ ਵੀ ਸੋਚਦਾ ਜਾ ਰਿਹਾ ਸੀ ਅਤੇ ਮਨ ਨੂੰ ਕਰੜਾ ਵੀ ਕਰ ਰਿਹਾ ਸੀ ਕਿ ਥੋੜੀ ਘਣੀ ਸੱਟ ਫੇਟ ਨਾਲ ਆਪਣਾ ਕੀ ਵਿਗੜਦਾ; ਘਰੋਂ ਹਫਤੇ ਦੋ ਹਫਤੇ ਪਿੱਛੋਂ ਖਾ ਹੀ ਲਈ ਦੀਆਂ। ਉਸਦੀ ਕਰੜ ਬਰੜੀ ਦਾਹੜੀ ਦੇ ਹਿਸਾਬ ਨਾਲ ਬਾਬਾ ਕਿਹਾ ਜਾਵੇ ਜਾਂ ਤਾਇਆ। ਉਹਨਾਂ ਦਿਨਾਂ ਵਿੱਚ ਕਿਸੇ ਬਗਾਨੇ ਨੂੰ ਹੋਰ ਸੰਬੋਧਕ ਨਾਲ ਬੁਲਾਇਆਂ ਵੀ ਨਹੀਂ ਜਾਂਦਾ ਸੀ। ‘ਪੂਰਾ’ ਕੱਸੀ ਦੇ ਖਾਲ ਉਪਰ ਮੰਜਾ ਡਾਹ ਕੇ ਪਿਆ ਸੀ। ‘ਬਾਬਾ ਇਹ ਮੈਂਸ ਮੇਰੀ ਐ ਮੈਥੋ ਗਲਤੀ ਹੋਗੀ ਮੁੜਕੇ ਨੀ ਕਰਦਾ ਮਿੰਨਤ ਨਾਲ, ਅੱਜ ਛੱਡ ਦੇ ਮੁੜਕੇ ਨੀ ਇਸ ਛੱਪੜ ‘ਤੇ ਆਉਦਾ’ ਮੈ ਰਟੇ ਰਟਾਏ ਸਬਦ ਖੁਸ਼ਕ ਹੋ ਰਹੀ ਜੀਭ ‘ਚੋਂ ਮਸਾਂ ਕੱਢੇ। ਉਸਨੇ ਇੱਕ ਦਮ ਉਠਦਿਆਂ ਮੰਜੇ ਦੇ ਹੇਠ ਨੂੰ ਹੱਥ ਕੀਤਾ ਤਾਂ ਮੈ ਪਿੱਛੇ ਨੂੰ ਭੱਜਣ ਲਈ ਤਿਆਰ ਹੋ ਗਿਆ। ਫਿਰ ਉਸਨੇ ਕੜਕਦੀ ਅਵਾਜ ਵਿੱਚ ਪੁਛਿਆ, ‘ਕੀਹਦਾ ਕੁਛ ਆਂ ਓਏ’
‘ਮੈਂ ਗੁਰਦਿਆਲ ਫੌਜੀ ਦਾ ਮੂੰਡਾ, ਜੈਦ ਪੱਤੀ ਆਲੇ ਦਾ’
‘ਇਹਨਾ ਨੂੰ ਸੰਭਾਲ ਕੇ ਰੱਖਿਆ ਕਰੋ, ਆਪਦੀਆਂ ਮ…. , ਨਾਲੇ ਮੈ ਤੇਰਾ ਬਾਬਾ ਨੀ ਚਾਚਾ ਜਾਂ ਤਾਇਆਂ ਲੱਗਦਾ ਹੋਊਂ’ ਉਸਨੇ ਕੁੱਝ ਠੰਡਾ ਜਿਹਾ ਹੁੰਦੇ ਨੇ ਕਿਹਾ।
‘ਚੰਗਾ ਜੀ ‘ਗਹਾਂ ਤੋਂ ਚਾਚਾ ਹੀ ਕਿਹਾ ਕਰੂੰ’ ਮੈਨੂੰ ਹੁੱਣ ਤੱਕ ਪਿੰਡਾਂ ਵਾਲਿਆਂ ਦੀ ਇੰਨੀ ਕੁ ਮਾਨਸਿਕਤਾ ਦੀ ਸਮਝ ਆ ਚੁੱਕੀ ਸੀ ਕਿ ਉਹ ਤਾਇਆ ਕਹਾਉਣ ਨਾਲੋ ਚਾਚਾ ਕਹਾਉਣਾ ਚੰਗਾ ਸਮਝਦੇ ਐ।
‘ਸਿਵਿਆਂ ‘ਚੋ ਦੀ ਲੰਘੇ ਆਉਂਦੇ ਨੂੰ ਤੈਨੂੰ ਕੋਈ ਭੂਤ ਪਰੇਤ ਨੀ ਮਿਲੀ?’ ਹੁਣ ਉਹ ਠੰਡੇ ਮੂਡ ਵਿੱਚ ਸੀ’
‘ਨਹੀ ਚਾਚਾ ਮੈਂ ਤਾਂ ਭੂਤਾਂ ਕਦੇ ਵੇਖੀਆਂ ਹੀ ਨਹੀ’ ਮੈ ਵੀ ਹੁਣ ਟਹਿਰਕ ‘ਚ ਹੋ ਗਿਆ ਸੀ।
‘ਪਤਾ ਨਹੀ ਜਿਸਦਾ ਕਿਸੇ ਦਾ ਪਸ਼ੂ ਉਜਾੜਾ ਕਰਦਾ ਫੜ ਲਈਦਾ ਉਸਦਾ ਹੀ ਮਾਂ-ਪਿਓ ਆਕੇ ਆਖਣ ਲੱਗ ਪੈਂਦਾ ਪਸ਼ੂ ਤਾਂ ਸਾਡੇ ਜੁਆਕ ਨੇ ਮੋੜ ਲੈਣਾ ਸੀ ਪਰ ਛਲੇਡੇ ਨੇ ਹੀ ਵਾਹ ਨੀ ਜਾਣ ਦਿੱਤੀ, ਕਦੇ ਸੱਪ ਬਣਜੇ, ਕਦੇ ਸ਼ੀਹ ਬਣਜੇ। ਕਦੇ ਨਵੀ ਵਿਆਹੀ ਕੁੜੀ ਬਣਜੇ ਜਾਂ ਕਹਿਣਗੇ ਚੜੇਲ ਨੇ ਧੱਕਾ ਮਾਰਿਆ ਜੁਆਕ ਦੇ। ਅਸੀਂ ਤਾਂ ਥੌਲੇ ਪੁਆਈ ਜਾਨੇ ਆਂ’ ਤੂੰ ਵਾਹਵਾ ਬਚ ਗਿਆ ਹੁਣ ਉਸਦੇ ਬੁਲ੍ਹਾ ‘ਤੇ ਮਿਨੀ ਮਿਨੀ ਮੁਸਕਾਨ ਸੀ। ਅਸਲ ਵਿੱਚ ‘ਪੂਰੇ ਦੇ ਖੇਤ ਦੇ ਇੱਕ ਪਾਸੇ ਸਿਵੇ ਸਨ ਦੂਸਰੇ ਪਾਸੇ ਗੋਰਾਂ (ਕਬਰਾਂ) ਜੋ ਕੇ ਦੇਸ਼ ਦੀ ਵੰਡ ਤੋ ਬਾਅਦ ਚਰਾਂਦ ਦਾ ਰੂਪ ਧਾਰ ਗਈਆਂ ਸਨ।
‘ਚਲ ਖੋਲ੍ਹ ਕੇ ਲੈ ਜਾ ਆਪਦੀ ਮੈਸ। ਤੇਰਾ ਪਿਉ ਤਾਂ ਮੇਰਾ ਚੰਗਾ ਲਿਹਾਜੀ ਐ। ਜਦੋਂ ਛੁੱਟੀ ਆਉਂਦਾ ਮਿਲੇ ਬਿਨਾ ਨੀ ਜਾਂਦਾ, ਪਰ ਉਥੇ ਮੁੰਡਿਆਂ ‘ਚ ਜਾਕੇ ਨਾ ਫੜ੍ਹਾਂ ਮਾਰਨ ਲੱਗ ਜੀ ਵਈ ਮੈਨੂੰ ਤਾਂ ਕੁੱਝ ਕਿਹਾ ਹੀ ਨਹੀਂ। ਰੋਦਿਆਂ ਵਰਗਾ ਮੂੰਹ ਬਣਾਕੇ ਕਹੀ ਮੈਨੂੰ ਤਾਂ ਕੁੱਟਿਆ ਹੀ ਬਹੁੱਤ ਐ, ਨਹੀ ਤਾਂ ਇਸ ਮੰਡੀਹਰ ਨੇ ਚਾਂਭਲ ਜਾਣਾ ਕਿ ‘ਭੜਥ’ ਤਾਂ ਸੁੱਕੇ ਹੀ ਛੱਡ ਦਿੰਦਾ’
‘ਚੰਗਾ ਚਾਚਾ ਜਿਵੇਂ ਤੂੰ ਕਹਿੰਨਾ ਉਸੇ ਤਰ੍ਹਾਂ ਕਹੂੰ’ ਕਹਿ ਕੇ ਮੈ ਮੱਝ ਲੈ ਕੇ ਛੱਪੜ ਵੱਲ ਨੂੰ ਤੁਰ ਪਿਆ।
ਇਹ ਮੇਰੀ ਉਸ ਨਾਲ ਪਹਿਲੀ ਮੁਲਾਕਾਤ ਸੀ। ਉਸ ਤੋਂ ਬਾਅਦ ਉਹ ਜਦ ਕਦੇ ਵੀ ਮੈਨੂੰ ਮਿਲਦਾ ਮੈ ਉਸਨੂੰ ਬੜੇ ਸਤਿਕਾਰ ਨਾਲ ਮਿਲਦਾ। ਸਕੂਲ ਦੀ ਪੜਾਈ ਤੋਂ ਬਾਅਦ ਵੀ ਮੈ ਕਈ ਵਾਰ ਉਸਨੂੰ ਸਪੈਸਲ ਮਿਲਣ ਜਾਂਦਾ ਜਾਂ ਰਾਹ ਖਹਿੜੇ ਹੀ ਖਲੋ ਕੇ ਉਸ ਨਾਲ ਗੱਲਾਂ ਮਾਰਨ ਲੱਗ ਪੈਂਦਾ। ਉਹਨਾ ਦਿਨਾਂ ਵਿੱਚ ਹਾਲੇ ਤਰਕਸ਼ੀਲ ਸ਼ਬਦ ਲੋਕਾਂ ਦੀ ਸ਼ਬਦਾਵਲੀ ਦਾ ਹਿੱਸਾ ਨਹੀ ਸੀ ਬਣਿਆ ਪਰ ‘ਪੂਰਾ’ ਉਹਨਾ ਦਿਨਾ ਵਿੱਚ ਵੀ ਪੂਰਾ ਤਰਕਸ਼ੀਲ ਸੀ। ਉਹ ਭੂਤਾਂ-ਪਰੇਤਾਂ, ਮੜ੍ਹੀਆਂ ਮਸਾਣਾ, ਮੱਸਿਆਂ-ਪੁੰਨਿਆਂ ਅਤੇ ਹਥੌਲਿਆਂ-ਥੱਪਿਆਂ, ਸੰਤਾ-ਫਕੀਰਾਂ, ਪੰਡਤ-ਪਾਂਧਿਆਂ ਦਾ ਪੂਰਾ ਵਿਰੋਧ ਕਰਦਾ ਸੀ। ਉਸਨੂੰ ਵੇਖ ਕੇ ਮਾੜਾ-ਮੰਗਤਾ, ਸਾਧ-ਜੋਗੀ ਜਾਂ ਢੌਂਗੀ ਉਸਦੇ ਘਰ ਤਾਂ ਕੀ ਵੜਨਾ ਸੀ, ਸਗੋਂ ਰਸਤਾ ਬਦਲ ਲੈਂਦਾ ਸੀ। ਉਸਨੇ ਆਪਣੇ ਪੁੱਤਾਂ ਦੇ ਵਿਆਹ ਵੇਲੇ ਵੀ ਕੁੜੀ ਵਾਲਿਆਂ ਨੂੰ ਇੱਕੋ ਸਰਤ ਰੱਖੀ ਸੀ ਕਿ ਮੈ ਆਪਣੇ ਘਰ ਵਿੱਚ ਨਾ ਕੋਈ ਜੋਤ ਲਾਉਣ ਦੇਣੀ ਨਾ ਨੂੰਹ ਨੂੰ ਕਿਸੇ ਮੜ੍ਹੀ-ਮਸੀਤ ‘ਚ ਜਾਣ ਦੇਣਾ ਨਾ ਕਿਸੇ ਸਾਧ-ਸੰਤ ਦੇ ਡੇਰੇ ਨਾ ਕਿਸੇ ਫਕੀਰ ਦੀ ਕਬਰ ‘ਤੇ। ਜੇ ਮਨਜੂਰ ਹੈ ਤਾਂ ਸਾਕ ਕਰਦਿਓ ਨਹੀ ਤੁਸੀਂ ਆਪਣੇ ਘਰੇ ਚਲੋ ਮੈ ਆਪਣੇ ਬੈਠਾ ਹੀ ਹਾਂ। ਉਸਨੇ ਅਜਿਹਾ ਕੁੱਝ ਆਪਣੇ ਘਰ ਚੱਲਣ ਵੀ ਨਹੀ ਦਿੱਤਾ ਜੇ ਕਦੇ ਕਿਸੇ ਨੇ ਅਜਿਹਾ ਕਰਨ ਦੀ ਜੁਅੱਰਤ ਕੀਤੀ ਤਾਂ ਉਸਨੇ ਭੜਥੂ ਪਾ ਕੇ ਬੰਦ ਕਰਵਾ ਦਿੱਤਾ।
ਇੱਕ ਵਾਰ ਮੈਂ ਛੂੱਟੀ ਦੇ ਦਿਨ ਬਾਹਰ ਦਰੱਖਤ ਹੇਠ ਖੜਾ ਸੀ, ਸਾਇੱਦ ਅਪਰੈਲ ਜਾਂ ਮਈ ਦਾ ਮਹੀਨਾ ਸੀ। ਇੱਕ ਅੱਧੇ ਕੁ ਨਿਹੰਗ ਬਾਣੇ ਵਿੱਚ ਬਾਬਾ ਮੇਰੇ ਕੋਲ ਰੋਣ ਵਾਲਾ ਮੂੰਹ ਕਰਕੇ, ‘ਕਹਿੰਦਾ ਵੇਖ ਲਓ ਜੀ ਕਲਜੁਗ ਆਗਿਆ ਸਾਰੀ ਬੀਹੀ ਵਿੱਚ ਜਾ ਆਇਆ ਕਿਸੇ ਨੇ ਬਾਬੇ ਦੇ ਲੰਗਰਾਂ ਵਾਸਤੇ ਬੁੱਕ ਦਾਣਿਆ ਦਾ ਨਹੀ ਪਾਇਆ,’ ਉਸਨੇ ਮੇਰੇ ਮੂਹਰੇ ਖਾਲੀ ਪੀਪਾ ਕਰਦਿਆਂ ਕਿਹਾ, ‘ਲੋਕਾਂ ‘ਚ ਸਰਧਾ ਹੀ ਖਤਮ ਹੋ ਗਈ, ਅੱਗੇ ਥੋਡੇ ਪਿੰਡ ਵਿੱਚ ‘ਕੱਲਾ ਭੜਥੂ ਸੀ ਹੁਣ ਸਾਰੇ ਹੀ ਭੜਥੂ ਬਣੇ ਪਏ।’
ਉਸਦੇ ਮੂੰਹੋ ਭੜਥੂ ਦਾ ਨਾਂ ਸੁਣਕੇ ਮੇਰੇ ਕੰਨ ਖੜੇ ਹੋ ਗਏ। ਮੈ ਕਿਹਾ, ‘ਤੂੰ ਭੜਥੂ ਨੂੰ ਜਾਣਨੈ?’ ਉਹ ਕਹਿੰਦਾ, ‘ਅੱਜ ਦਾ ਅੱਜ ਤੋ ਵੀਹ ਸਾਲ ਪਹਿਲਾਂ ਦਾ ਜਾਣਦਾਂ। ਇੱਕ ਵਾਰ ਐਂ ਹੀ ਗੁਰੂ ਕੇ ਲੰਗਰਾਂ ਲਈ ਬੋਰੀ ਲੈਕੇ ਭੜਥੂ ਕੇ ਬਾਰ ਮੂਹਰੇ ਰਸਦ ਪਾਉਣ ਲਈ ਕਹਿ ਬੈਠਾ, ਭਾਈ ਭੜਥੂ ਮੈਨੂੰ ਕਹਿੰਦਾ, ਕਿੱਥੇ ਮੈਂ ਭਾਡੇ ‘ਚ ਦਾਣੇ ਪਾਕੇ ਡੋਲ੍ਹਦਾ ਫਿਰੂੰ ਤੂੰ ਮੈਨੂੰ ਬੋਰੀ ਫੜਾ ਮੈ ਆਪ ਹੀ ਘਰੋਂ ਭਰ ਕੇ ਲਿਆ ਦਿੰਨਾ। ਮੈ ਕਿਹਾ ਬੜਾ ਭਲਾ ਪੁਰਸ਼ ਐ। ਮੈ ਬੋਰੀ ਉਹਨੂੰ ਫੜਾ ਕੇ ਆਪ ਬਾਰ ਵਿੱਚ ਖੜ੍ਹ ਗਿਆ। ਦਸ ਮਿੰਟ, ਵੀਹ ਮਿੰਟ, ਅੱਧਾ ਘੰਟਾ ਭੜਥੂ ਤਾਂ ਬਾਹਰ ਹੀ ਨਾ ਨਿੱਕਲਿਆਂ, ਮੈ ਇੱਕ ਦੋ ਆਵਾਜਾਂ ਵੀ ਮਾਰੀਆਂ ਪਰ ਕੁੱਝ ਪੱਲੇ ਨਾ ਪਿਆ। ਹਾਰਕੇ ਮੈਂ ਨੇੜ ਹੀ ਇੱਕ ਗੁਰਮੁਖ ਆਦਮੀ ਗੁਰਦਿਆਲ ਸੁਨਿਆਰਾ ਰਹਿੰਦਾ ਸੀ, ਉਸਨੂੰ ਜਾ ਵਿੱਥਿਆ ਸੁਣਾਈ। ਉਹ ਸੁਣਕੇ ਮੇਰੀ ਗੱਲ ਕਹਿੰਦਾ, ‘ਕਿੰਨੇ ਕੁ ਦਾਣੇ ਸੀ?’ ਮੈ ਕਿਹਾ, ‘ਹੋਣਗੇ ਵੀਹ ਪੱਚੀ ਕਿਲੋ।’ ਉਹ ਕਹਿੰਦਾ, ‘ਫਿਰ ਸਮਝ ਲੈ ਉਹ ਵੀ ਗਏ।’ ਮੈਨੂੰ ਤਾਂ ਚੱਕਰ ਆਉਣ ਵਾਲਾ ਹੋ ਗਿਆ। ਸਾਰਾ ਦੁਪਹਿਰਾ ਸਿਰ ਤੋਂ ਦੀ ਲੰਘਾ ਕੇ ਮਸਾ ਤਾਂ ਇਕੱਠੇ ਕੀਤੇ ਸੀ। ਮੈ ਕਿਹਾ, ‘ਗੁਰਮਖਾ ਮੇਰੇ ਪਹਿਲੇ ਦਾਣੇ ਅਤੇ ਬੋਰੀ ਦੁਆਦੇ ਸਾਰੀ ਉਮਰ ਤੇਰੇ ਗੁਣ ਗਾਉਂ।’ ਉਹ ਕਹਿੰਦਾ, ਵਈ ਮਿੰਨਤ ਤਰਲਾ ਕਰਕੇ ਵੇਖ ਲੈਨੇ ਪਰ ਤੇਰੀ ਉਹ ਚੰਗੀ ਰੇਲ ਬਣਾਊ।’ ਮੇਰੀਆਂ ਤਾਂ ਡਰ ਨਾਲ ਲੱਤਾਂ ਥਰਨ ਥਰਨ ਕੰਬਣ। ਉਹ ਉੱਠਕੇ ਮੇਰੇ ਨਾਲ ਤੁਰ ਪਿਆ। ਸਾਡੇ ਜਾਂਦਿਆਂ ਨੂੰ ਭੜਥੂ ਮੌਜ ਨਾਲ ਮੰਜੇ ‘ਤੇ ਲੱਤ ‘ਤੇ ਲੱਤ ਧਰੀ ਪਿਆ। ਗੁਰਦਿਆਲ ਸਿਓ ਨੇ ਕਈ ਹਾਕਾਂ ਮਾਰੀਆਂ, ਤਾਂ ਜਾਕੇ ਮਾੜਾ ਜਿਹਾ ਸਿਰ ਚੁੱਕਿਆ। ‘ਆ ਵਈ ਗੁਆਂਢੀਆ ਕੀ ਭੀੜ ਪੈ ਗਈ’ ਉਸਨੇ ਉਸਨੂੰ ਇਸ ਤਰ੍ਹਾ ਕਿਹਾ ਜਿਵੇਂ ਉਸਨੂੰ ਕਿਸੇ ਗੱਲ ਦਾ ਪਤਾ ਹੀ ਨਾ ਹੋਵੇ। ‘ਯਾਰ ਆਹ ਬਾਬੇ ਦੇ ਦਾਣੇ ਮੋੜ ਅਤੇ ਇਸਨੂੰ ਮਾਫ ਕਰ ਅਗਾਹ ਨੂੰ ਆਪਾ ਇਸਨੂੰ ਸਮਝਾ ਦਿਆਂਗੇ’
‘ਕਿਹੜੇ ਦਾਣੇ?’
‘ਜੋ ਵੀ ਹੈ ਦੇਹ ਇਹਨੂੰ ਅਗਾਂਹ ਨੂੰ ਨਹੀ ਆਉਂਦਾ ਤੇਰੇ ਘਰੇ ਰਸਦ ਲੈਣ।’
‘ਮੈ ਵੀ ਭਾਈ ਮਿੰਨਤ ਤਰਲਾ ਕੀਤਾ। ਉਹ ਐਡਾ ਡਾਢਾ ਬੰਦਾ ਕਿਸੇ ਗੱਲ ‘ਤੇ ਹੀ ਨਾ ਆਵੇ। ਅਖੀਰ ਨੂੰ ਕਹਿੰਦਾ ਕੱਲ੍ਹ ਨੂੰ ਮੰਡੀ ਜਾਊਂ ਇਹਨਾ ਦਾਣਿਆ ਦੇ ਦੇਸੀ ਲੂਣ ਦੇ ਡਲੇ ਲਿਆਕੇ ਵੱਗ ‘ਚ ਗਾਂਈਆਂ ਨੂੰ ਪਾਊਂ। ਇਹ ਫਿਰ ਆਕੇ ਆਪਣੀ ਖਾਲੀ ਬੋਰੀ ਲੈ ਜਾਵੇ। ਅਖੀਰ ਨੂੰ ਮੈਥੋ ਇਹ ਗੱਲ ਕਹਾਕੇ, ਕਿ ਦੁਬਾਰਾ ਜਿੰਦਗੀ ਭਰ ਤੁਹਾਡੇ ਅਗਵਾੜ ‘ਚ ਨੀ ਵੜਦਾ ਤੇ ਹੁਣੇ ਆਹ ਦਾਣੇ ਲੈਕੇ ਪਿੰਡੋਂ ਬਾਹਰ ਜਾਨਾ; ਤਾਂ ਜਾਕੇ ਮੇਰੇ ਦਾਣੇ ਮੋੜੇ। ਉਹ ਦਿਨ ਅਤੇ ਆਹ ਦਿਨ ਮੈ ਨੀ ਉਸਦੇ ਮੱਥੇ ਲੱਗਿਆ। ਪਤਾ ਨਹੀ ਜਿਉਂਦਾ ਪਤਾ ਨਹੀ ਮਰਗਿਆ।’ ਮੈ ਕਿਹਾ, ‘ਉਹ ਤਾਂ ਹਾਲੇ ਜਿਉਦਾ; ਕਿਤੇ ਫਿਰ ਨਾ ਜਾ ਬਹੀਂ ਉਹਨਾ ਦੇ ਅਗਵਾੜ। ਐਤਕੀਂ ਵਾਰ ਤੇਰੇ ਦਾਣੇ ਨੀ ਮੁੜਣੇ। ਤੇਰੇ ਦਾਣੇ ਦਵਾਉਣ ਵਾਲਾ ਮਾਰ ਗਿਆ ਉਡਾਰੀ ਸੰਸਾਰ ‘ਤੋ।
ਇਸੇ ਤਰ੍ਹਾ ਕੁੱਝ ਸਾਲ ਪਹਿਲਾ ਕਿਸੇ ਬਾਬੇ ਨੇ ਸਾਡੇ ਪਿੰਡ ਪਏ ਇੱਕ ਛੋਟੇ ਜਿਹੇ ਗੁਰਦੁਆਰੇ ਦੀ ਇਤਿਹਾਸਕ ਮਹੱਤਤਾ ਦੱਸ ਕੇ ਉਸਦੀ ਕਾਰ ਸੇਵਾ ਕਰਨ ਦੀ ਜਿੰਮੇਵਾਰੀ ਆਪਣੇ ਸਿਰ ਲੈ ਲਈ। ਬਸ ਫਿਰ ਕੀ ਨੌਜਵਾਨ ਮੁੰਡੇ ਨਵੇ ਨਕੋਰ ਸਾਇਕਲਾਂ ‘ਤੇ ਚੜ੍ਹਕੇ ਸਾਡੇ ਪਿੰਡ ਸਮੇਤ ਨਾਲ ਦੇ ਪਿੰਡਾਂ ਵਿਚੋਂ ਵੀ ਗਜਾ ਕਰਕੇ ਦੁੱਧ ਪਾਣੀ, ਦਾਲ ਰੋਟੀਆਂ ਇਕੱਠੀਆਂ ਕਰਦੇ। ਪਹਿਲਾਂ ਪੁਰਾਣੀ ਇਮਾਰਤ ਨੂੰ ਤੋੜਿਆ ਗਿਆ। ਸੈਂਕੜਿਆ ਦੀ ਗਿਣਤੀ ਵਿੱਚ ਲੋਕ ਹੱਥੀਂ ਕਾਰਸੇਵਾ ਕਰਕੇ ਆਪਣਾ ਜਨਮ ਸਫਲ ਕਰਨ ਲੱਗੇ। ਸੁਬਹਾ ਸ਼ਾਮ ਗਜਾ ਕਰਨ ਵਾਲੇ ਮੁੰਡਿਆਂ ਦੇ ਸਾਇਕਲਾਂ ਉਪਰ ਲੱਗੀਆਂ ਪੂਪਣੀਆਂ ਦੀ ਅਵਾਜਾਂ ਸੁਣਕੇ ਕੀ ਵਡੇ, ਕੀ ਛੋਟੇ ਰੋਟੀ, ਦਾਲ ਸਬਜੀ ਅਤੇ ਦੁੱਧ ਵਾਲੇ ਭਾਂਡੇ ਲੈਕੇ ਸਿਰ ਮੂਧ ਉਹਨਾਂ ਦੀ ਸੇਵਾ ਵਿੱਚ ਦੌੜਦੇ। ਘਰਾਂ ਦੀਆਂ ਮਾਈਆਂ ਹੋਰ ਸਾਰੇ ਕੰਮ ਤਿਆਗ ਪਹਿਲਾਂ ਉਹਨਾ ਦੀ ਸੇਵਾ ਵਿੱਚ ਜੁਟ ਜਾਂਦੀਆਂ। ਜੁਆਕ ਵਿਲਕਦੇ ਆ ਤਾਂ ਵਿਲਕਣ ਦਿਓ। ਕੋਈ ਸਕੂਲੋਂ ਲੇਟ ਹੁੰਦਾ ਤਾਂ ਹੋਣ ਦਿਓ। ਕਿਸੇ ਨੂੰ ਖੇਤ ਜਾਣ ਵਿੱਚ ਦੇਰੀ ਹੁੰਦੀ ਕੋਈ ਗੱਲ ਨਹੀ ਪਰ ਬਾਬਿਆਂ ਦੀ ਰਫਤਾਰ ਮੱਠੀ ਨਹੀ ਹੋਣੀ ਚਾਹੀਦੀ। ਉਹਨਾ ਨੂੰ ਦੇਰੀ ਹੋ ਗਈ ਤਾਂ ਸਵੱਰਗ ਦੇ ਬੂਹੇ ਭਿੜ ਜਾਣਗੇ।
ਭੜਥੂ ਪਿੰਡ ਛੱਡਕੇ ਗੋਰਾਂ ਵਾਲੇ ਖੇਤ ਨਿਆਈਆਂ ‘ਚ ਰਹਿਣ ਲੱਗ ਪਿਆ ਸੀ। ਬਾਬੇ ਉਸਦੇ ਘਰ ਵੀ ਆਉਣ ਲੱਗ ਪਏ। ਕਈ ਦਿਨ ਉਸਨੇ ਵੇਖਿਆ ਪੂਪਣੀਆਂ ਵੱਜਣ ਸਾਰ ਜੁਆਕਾਂ ਨੂੰ ਧੱਕੇ ਵੱਜਣ ਲੱਗਦੇ। ਉਸਦੀਆਂ ਨੂੰਹਾਂ ਦੀ ਰਫਤਾਰ ਵਿੱਚ ਵਾਧਾ ਹੋ ਜਾਂਦਾ ਅਤੇ ਕਾਫੀ ਰਸਦ ਪਾਣੀ ਸਾਇਕਲਾਂ ਵਾਲੇ ਨੌਜਵਾਨ ਬਾਬਿਆਂ ਦੇ ਢੋਲਾਂ ਵਿੱਚ, ਤੂੰਬੜੀਆਂ ਵਿੱਚ ਅਤੇ ਪਿਛਲੀ ਕਾਠੀ ਦੇ ਪਾਸੀ ਲੱਗੀਆਂ ਖੁਰਜੀਆਂ ਵਿੱਚ ਜਾਣ ਲੱਗਿਆ। ਭੜਥੂ ਬੇਚੈਨ। ਉਸਦੇ ਮਨ ਵਿੱਚ ਲੂਹਰੀਆਂ ਵਗਦੀਆਂ ਜੋ ਕੁੱਝ ਸਾਰੀ ਉਮਰ ਨਹੀ ਸੀ ਕਰਨ ਦਿੱਤਾ ਉਹ ਹੋ ਰਿਹਾ ਸੀ। ਭੜਥੂ ਸਵੇਰੇ ਮੱਝਾਂ ਨੁਹਾ ਰਿਹਾ ਸੀ। ਨੌਜਵਾਨ ਗਜਾ ਵਾਲੇ ਬਾਬੇ ਨੇ ਕੋਲ ਆਕੇ ਪੂਰੇ ਜੋਰ ਦੀ ਪੂਪਣੀ ਵਜਾਈ। ਭੜਥੂ ਨੇ ਮੱਝਾਂ ਨਹਾਉਣੀਆਂ ਬੰਦ ਕਰਕੇ ਬਾਬੇ ਕੋਲ ਜਾ ਫਤੇ ਬੁਲਾਈ,’ ਬਾਬਾ ਜੀ ਕਿਨਾ ਕੁ ਚਿਰ ਹੋਰ ਚਲੂ ਇਹ ਕਾਰ ਸੇਵਾ’
‘ਗੁਰਮਖਾ ਦੋ ਸਾਲ ਵੀ ਲੱਗ ਸਕਦੇ ‘ਤੇ ਚਾਰ ਪੰਜ ਵੀ। ਇਹ ਪਿੰਡ ਦੀ ਅਤੇ ਇਲਾਕੇ ਦੀ ਸੇਵਾ ਉਤੇ ਜਿਨਾ ਮਰਜੀ ਸਮਾ ਸੇਵਾ ਕਰ ਲੈਣ’ ਨੌਜਵਾਨ ਬਾਬੇ ਨੇ ਬੜੇ ਪਿਆਰ ਨਾਲ ਦੱਸਿਆ।
‘ਅੱਛਾ ਫੇਰ ਤਾਂ ਲੰਮਾ ਈ ਕੰਮ ਐ’ ਭੜਥੂ ਨੇ ਦਾੜੀ ਨੂੰ ਪਲੋਸਦਿਆਂ ਕਿਹਾ।
‘ਇਹ ਤੁਹਾਡੇ ਨਗਰ ਖੇੜੇ ਉਤੇ ਹੀ ਹੈ’ ਬਾਬੇ ਨੇ ਦੂਸਰੀ ਲੱਤ ਉਤੇ ਭਾਰ ਦਿੰਦਿਆਂ ਕਿਹਾ। ਜਿਸ ਤੋ ਪਤਾ ਲੱਗਦਾ ਸੀ ਕਿ ਸਾਇਕਲ ਉਪਰ ਕਾਫੀ ਭਾਰ ਹੈ।
‘ਜੇ ਇਹ ਗੱਲ ਐ ਤਾਂ ਐਂ ਕਰੋ ਔਹ ਖੜੀ ਐ ਸੱਜਰ ਝੋਟੀ, ਉਹਦੇ ਨਾਲ ਖੜੀ ਐ ਕੱਟੀ। ਤੁਸੀਂ ਸੈਕਲ ਖੜਾ ਕਰੋ ਇੱਥੇ, ਤੁਸੀ ਫੜੋ ਮੱਝ ਦਾ ਸੰਗਲ; ਮੈ ਹੱਕਦਾ ਮਗਰੋਂ। ਮੁੰਡਾ ਮੇਰਾ ਲਿਆਉਦਾ ਟਰਾਲੀ ‘ਚ ਰੱਖਕੇ ਕਣਕ ਅਤੇ ਜਵਾਂ ਦੀਆਂ ਬੋਰੀਆਂ, ਸਾਂਭੋ ਮੱਝ ਨੂੰ, ਪੱਠੇ ਪਾਓ ਦੁੱਧ ਚੋਓ, ਪੀਓ ਅਤੇ ਐਸ਼ ਕਰੋ। ਜਦੋਂ ਦੁੱਧੋਂ ਭੱਜਗੀ ਫੇਰ ਇਹ ਇੱਥੇ ਬੰਨ ਜਾਇਓ ਸੱਜਰ ਖੋਲ੍ਹਕੇ ਲੈ ਜਾਇਓ, ਜਿਨਾ ਚਿਰ ਮਰਜੀ ਕਾਰ ਸੇਵਾ ਕਰੀ ਜਾਇਓ। ਉਨ੍ਹਾ ਚਿਰ ਹੀ ਮੱਝ ਅਤੇ ਦਾਣਾ ਥੋਨੂੰ ਹਾਜਰ। ਪਰ ਆਹ ਨਿੱਤ ਵਾਲਾ ਕੰਮ ਨੀ ਚੱਲਣਾ। ਕਿਸੇ ਭੱਜੀ ਫਿਰਦੀ ਬੁੜੀ ਕੁੜੀ ਦਾ ਚੂਲਾ ਟੁੱਟ ਜੂ ਰਾਸ ਨੀ ਆਉਣਾ ਨਾਲੇ ਜੁਆਕਾਂ ਉਤੇ ਨਿੱਤ ਪੈਦੀ ਦੂਹਰੀ ਕੁੱਟ ਮੈਥੋਂ ਨੀ ਸਹਾਰੀ ਜਾਂਦੀ ਘਰੇ ਮਾਵਾਂ ਕੁੱਟ ਧਰਦੀਆਂ ਲੇਟ ਗਿਆਂ ਨੂੰ ਮਾਸਟਰ ਸਿੱਟ ਲੈਂਦੇ ਆ। ਨਿੱਤ ਨਿੱਤ ਦੇ ਸਿੜੀ ਸਿਆਪੇ ਨਾਲੋਂ ਇੱਕੋ ਦਿਨ ਕੰਮ ਨਿਬੜਿਆ ਚੰਗਾ। ਨਾਲੇ ਪਸ਼ੂਆਂ ਨਾਲ ਪਸ਼ੂ ਅਸੀ ਹੋਈਏ ਦੁੱਧ ਕੋਈ ਹੋਰ ਪੀਵੇ, ਇਹ ਨੀ ਜਚਦਾ।’
ਉਸ ਦਿਨ ਤੋਂ ਪਿਛੋ ਸਾਇਕਲਾਂ ਦੀ ਪੂਪਣੀ ਭੜਥੂ ਦੇ ਘਰ ਕੋਲੋਂ ਵੱਜਣੀ ਬੰਦ ਹੋ ਗਈ।


ਸੌਦਿਆਂ ਵਾਂਗ ਹੋਏ ਰਿਸ਼ਤੇ, ਅੱਜ ਨਹੀਂ ਤਾਂ ਕੱਲ੍ਹ ਤਿੜਕੇ ਹੀ ਤਿੜਕੇ.......... ਲੇਖ਼ / ਰਾਜੂ ਹਠੂਰੀਆ

ਸਮਾਜ ਵਿੱਚ ਚੱਲ ਰਹੀਆਂ ਗਲਤ ਰੀਤਾਂ ਨੂੰ ਬਦਲਣ ਜਾਂ ਖਤਮ ਕਰਨ ਦੀ ਗੱਲ ਤਾਂ ਅਸੀਂ ਸਾਰੇ ਹੀ ਕਰਦੇ ਹਾਂ। ਪਰ ਉਹਨਾਂ ਨੂੰ ਬਦਲਣ ਵਿੱਚ ਆਪਾਂ ਕਿੰਨਾ ਕੁ ਯੋਗਦਾਨ ਪਾਉਂਦੇ ਹਾਂ ਇਹ ਸਾਰਿਆਂ ਨੂੰ ਪਤਾ ਹੀ ਹੈ, ਕੋਈ ਦੱਸਣ ਦੀ ਲੋੜ ਨਹੀਂ। ਸਿਆਣੇ ਕਹਿੰਦੇ ਨੇ ਕਿ ਜੇ ਕੋਈ ਕਾਰਜ ਕਰਨ ਲੱਗਿਆਂ ਨੀਅਤ ਵਿੱਚ ਖੋਟ ਰੱਖੀਏ ਤਾਂ ਉਹ ਕਾਰਜ ਕਦੇ ਸਿਰੇ ਨਹੀਂ ਚੜ੍ਹਦਾ ਹੁੰ਼ਦਾ।
ਜੇ ਗੱਲ ਕਰੀਏ ਦਾਜ ਵਰਗੀ ਲਾਹਨਤ ਦੀ ਰੀਤ ਦੀ ਕਿ ਇਸ ਨੂੰ ਖਤਮ ਕਰਨ ਲਈ ਕਿੰਨਾ ਇਸ ਦੇ ਖਿਲਾਫ ਲਿਖਿਆ ਗਿਆ, ਕਿੰਨਾ ਪ੍ਰਚਾਰ ਇਸ ਦੇ ਖਿਲਾਫ ਹੋਇਆ। ਪਰ ਫਿਰ ਵੀ ਇਸ ਦੇ ਖਤਮ ਹੋਣ ਦੀ ਗੱਲ ਤਾਂ ਦੂਰ, ਇਹ ਘਟੀ ਵੀ ਨਹੀਂ, ਸਗੋਂ ਵਧੀ ਹੀ ਹੈ। ਇਸ ਦਾ ਮਤਲਬ ਸਾਡੀ ਨੀਅਤ ਵਿੱਚ ਜ਼ਰੂਰ ਖੋਟ ਹੈ। ਕਿਉਂਕਿ ਜੇ ਕੋਈ ਲੇਖ਼ਕ ਕਿਸੇ ਗੱਲ ਦੇ ਖਿਲਾਫ ਲਿਖਦਾ ਹੈ ਜਾਂ ਕੋਈ ਪ੍ਰਚਾਰਕ ਕਿਸੇ ਗੱਲ ਖਿਲਾਫ ਪ੍ਰਚਾਰ ਕਰਦਾ ਹੈ, ਪਰ ਖੁਦ ਉਸ ਗੱਲ ਤੇ ਪਹਿਰਾ ਨਹੀਂ ਦਿੰਦਾ ਜਿਹੜੀ ਗੱਲ ਉਹ ਲਿਖ ਰਿਹਾ ਹੁੰਦਾ ਹੈ ਜਾਂ ਕਹਿ ਰਿਹਾ ਹੁੰਦਾ ਹੈ ਤਾਂ ਪੜ੍ਹਨ ਜਾਂ ਸੁਨਣ ਵਾਲਾ ਵੀ ਉਸਦਾ ਬਹੁਤਾ ਅਸਰ ਨਹੀਂ ਕਬੂਲਦਾ।
ਸਾਨੂੰ ਇੱਕ ਵਾਰ ਸਾਡੇ ਮਾਸਟਰ ਨੇ ਗੱਲ ਸੁਣਾਈ ਸੀ ਸ਼ਾਇਦ ਤੁਸੀਂ ਵੀ ਸਾਰਿਆਂ ਨੇ ਸੁਣੀ ਹੀ ਹੋਵੇਗੀ ਕਿ ਇੱਕ ਮੁੰਡਾ ਬਹੁਤ ਜਿਆਦਾ ਗੁੜ ਖਾਂਦਾ ਸੀ, ਉਸਦੀ ਮਾਂ ਉਸ ਨੂੰ ਬਥੇਰਾ ਹਟਾਇਆ ਕਰੇ ਕਿ ਐਨਾ ਗੁੜ ਨਹੀਂ ਖਾਈਦਾ ਹੁੰਦਾ ਪਰ ਉਹ ਮਾਂ ਦੀ ਗੱਲ ਅਣਸੁਣੀ ਕਰ ਦਿਆ ਕਰੇ। ਮਾਂ ਬੜੀ ਦੁਖੀ ਕਿ ਇਸ ਨੂੰ ਕਿਸ ਤਰਾਂ ਹਟਾਇਆ ਜਾਵੇ। ਉਸ ਪਿੰਡ ਵਿੱਚ ਇੱਕ ਸਾਧ ਰਹਿੰਦਾ ਸੀ ਸਾਰਾ ਪਿੰਡ ਉਸਦਾ ਬੜਾ ਸਤਿਕਾਰ ਕਰਦਾ ਸੀ। ਮਾਂ ਨੇ ਇੱਕ ਦਿਨ ਸੋਚਿਆ ਕਿਉਂ ਨਾ ਇਹਨੂੰ ਡੇਰੇ ਲੈਕੇ ਜਾਵਾਂ ਸ਼ਾਇਦ ਬਾਬੇ ਦੀ ਗੱਲ ਮੰਨ ਲਵੇ। ਜਦੋਂ ਉਹ ਬੱਚੇ ਨੂੰ ਲੈਕੇ ਡੇਰੇ ਪਹੁੰਚੀ , ਸਾਧ ਨੇ ਪੁਛਿਆ ''ਹਾਂ ਭਾਈ ਕੀ ਸਮੱਸਿਆ'', ਤਾਂ ਮਾਂ ਕਹਿਣ ਲੱਗੀ ''ਬਾਬਾ ਜੀ ਮੇਰਾ ਮੁੰਡਾ ਗੁੜ ਬਹੁਤ ਖਾਂਦਾ, ਇਹਨੂੰ ਕਹੋ ਕਿ ਗੁੜ ਨਾ ਖਾਇਆ ਕਰੇ।'' ਸਾਧ ਕਹਿੰਦਾ ''ਭਾਈ ਤੂੰ ਇਹਨੂੰ ਪੰਦਰਾਂ ਕੁ ਦਿਨ ਬਾਅਦ ਮੇਰੇ ਕੋਲ ਲੈ ਕੇ ਆਈਂ।’’ਮਾਂ ਸਤਿ ਬਚਨ ਕਹਿ ਕੇ ਮੁੰਡੇ ਨੂੰ ਨਾਲ ਲੈ ਕੇ ਘਰ ਵਾਪਿਸ ਆ ਗਈ ਤੇ ਪੰਦਰਾਂ ਕੁ ਦਿਨਾਂ ਬਾਅਦ ਫਿਰ ਵਾਪਿਸ ਸਾਧ ਕੋਲ ਚਲੀ ਗਈ। ਸਾਧ ਨੇ ਮੁੰਡੇ ਨੂੰ ਕੋਲ ਬੁਲਾਇਆ ਤੇ ਕਹਿੰਦਾ ''ਬੱਚਾ ਅੱਜ ਤੋਂ ਤੂੰ ਗੁੜ ਖਾਣਾ ਛੱਡ ਦੇ।'' ਮਾਂ ਸੁਣਕੇ ਹੈਰਾਨ ਜਿਹੀ ਹੋਕੇ ਕਹਿਣ ਲੱਗੀ ''ਬਾਬਾ ਜੀ ਆਹ ਗੱਲ ਤਾਂ ਤੁਸੀਂ ਪੰਦਰਾਂ ਦਿਨ ਪਹਿਲਾਂ ਵੀ ਕਹਿ ਸਕਦੇ ਸੀ ਉਸ ਦਿਨ ਕਿਉਂ ਨਾ ਕਹੀ।'' ਸਾਧ ਕਹਿੰਦਾ ''ਭਾਈ ਓਹਦੋਂ ਮੈਂ ਇਹਨੂੰ ਕਿਵੇਂ ਗੁੜ ਛੱਡਣ ਲਈ ਕਹਿ ਦਿੰਦਾ, ਓਹਦੋਂ ਤਾਂ ਮੈਂ ਆਪ ਬਥੇਰਾ ਖਾਂਦਾ ਸੀ।'' ਉਸ ਦਿਨ ਤੋਂ ਮੁੰਡੇ ਨੇ ਸਾਧ ਦੇ ਕਹਿਣ ‘ਤੇ ਗੁੜ ਖਾਣਾ ਛੱਡ ਦਿੱਤਾ। ਤਾਂਹੀ ਤਾਂ ਕਹਿੰਦੇ ਨੇ ਜੇ ਕਹਿਣੀ ਕਰਨੀ ਇੱਕ ਹੋਵੇ ਤਾਂ ਹੀ ਅਸਰ ਹੁੰਦਾ ਏ।
ਦਾਜ਼ ਦੀ ਰੀਤ ਘਟਣ ਦੀ ਥਾਂ ਵਧਣ ਦਾ ਕਾਰਨ ਸਾਡੀ ਕਹਿਣੀ ਤੇ ਕਰਨੀ ਦਾ ਇੱਕ ਨਾ ਹੋਣਾ ਹੈ। ਅਸੀਂ ਕਹਿੰਦੇ ਕੁਝ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ। ਹੁਣ ਤੱਕ ਤਾਂ ਇਹੋ ਸੁਣਦੇ ਸੀ ਕਿ ਮੁੰਡੇ ਵਾਲੇ ਦਾਜ਼ ਮੰਗਦੇ ਨੇ ਪਰ ਹੁਣ ਤਾਂ ਕੁੜੀ ਵਾਲੇ ਵੀ ਦਾਜ਼ ਮੰਗਦੇ ਨੇ। ਪਰ ਨਹੀਂ, ਜੇ ਗੱਲ ਨੂੰ ਥੋੜਾ ਸਪੱਸ਼ਟ ਕਰ ਲਈਏ ਕਿ ਦਾਜ਼ ਨਾ ਸਾਰੇ ਮੁੰਡੇ ਵਾਲੇ ਲੈਂਦੇ ਹਨ ਤੇ ਨਾ ਸਾਰੇ ਕੁੜੀ ਵਾਲੇ। ਦਾਜ਼ ਸਿਰਫ ਲਾਲਚੀ ਪਰਿਵਾਰ ਹੀ ਲੈਂਦੇ ਹਨ ਫੇਰ ਚਾਹੇ ਉਹ ਮੁੰਡੇ ਦੇ ਵਿਆਹ ਮੌਕੇ ਹੋਵੇ, ਚਾਹੇ ਕੁੜੀ ਦੇ ਵਿਆਹ ਮੌਕੇ ਕੀ ਫਰਕ ਪੈਂਦਾ। ਮੁੰਡੇ ਵਾਲਿਆਂ ਦੇ ਦਾਜ਼ ਲੈਣ ਦੀਆਂ ਗੱਲਾਂ ਤਾਂ ਆਮ ਹੀ ਪੜ੍ਹੀਆਂ ਤੇ ਸੁਣੀਆਂ ਜਾਂਦੀਆਂ ਹਨ। ਪਰ ਮੈਂ ਗੱਲ ਦੋਵਾਂ ਪਾਸਿਆਂ ਦੀ ਕਰਾਂਗਾ, ਕਿਉਂਕਿ ਹੁਣ ਤਾਂ ਜ਼ਮਾਨਾ ਬਦਲ ਗਿਆ ਏ। ਬਦਲਿਆ ਵੀ ਕਾਹਦਾ, ਉਹੀ ਸੋਚ, ਉਹੀ ਭੈੜੀਆਂ ਰੀਤਾਂ ਬਸ ਥੋੜ੍ਹਾ ਉਲਟ-ਪੁਲਟ ਜਿਹਾ ਹੋ ਗਿਆ। ਕਈ ਸਾਲ ਹੋ ਗਏ ਗੀਤਕਾਰ ਬੰਤ ਰਾਮਪੁਰੇ ਵਾਲੇ ਦਾ ਲਿਖਿਆ ਗੀਤ, ਗਾਇਕ ਸਰਦੂਲ ਸਿਕੰਦਰ ਨੇ ਗਾਇਆ ਸੀ “ਬੰਨ ਸਿਹਰੇ ਆਇਆ ਕਰਨਗੀਆਂ, ਮੁੰਡਿਆਂ ਨੂੰ ਕੁੜੀਆਂ ਵਿਆਹੁਣ ਲਈ” ਜਿਸ ਵਿੱਚ ਉਸਨੇ ਜਿ਼ਕਰ ਕੀਤਾ ਸੀ ਕਿ ਮੁੰਡਿਆਂ ਦੀ ਥਾਂ ਕੁੜੀਆਂ ਦਾਜ਼ ਲਿਆ ਕਰਨਗੀਆਂ ਵਗੈਰਾ……। ਜੋ ਹੁਣ ਕਿਸੇ ਹੱਦ ਤੱਕ ਸੱਚ ਹੋ ਚੁੱਕਾ ਹੇੈ। ਮੈਂ ਕੁਝ ਦੋਸਤਾਂ ਤੋਂ ਸੁਣੀਆਂ ਅਤੇ ਕੁਝ ਮੇਰੇ ਆਸੇ ਪਾਸੇ ਵਾਪਰੀਆਂ ਘਟਨਾਵਾਂ ਦਾ ਜਿ਼ਕਰ ਕਰਨਾ ਚਾਹਾਂਗਾ, ਜਿੰਨ੍ਹਾਂ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨੀ ਕੁ ਸਾਫ ਨੀਅਤ ਨਾਲ ਦਾਜ਼ ਦੀ ਲਾਹਨਤ ਨੂੰ ਖਤਮ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।
ਜੇ ਕੁੜੀਆਂ ਦੇ ਵਿਆਹੁਣ ਆਉਣ ਦੀ ਗੱਲ ਕਰੀਏ, ਇਹ ਗੱਲ ਤਾਂ ਹੁਣ ਆਮ ਹੀ ਹੋ ਗਈ ਹੈ। ਕਿਉਂਕਿ ਜਿਹੜੀ ਕੁੜੀ ਬਾਹਰਲੇ ਮੁਲਕ ਤੋਂ ਵਿਆਹ ਕਰਵਾਉਣ ਜਾਂਦੀ ਹੈ। ਉਹ ਇੱਕ ਤਰਾਂ ਮੁੰਡੇ ਨੂੰ ਵਿਆਹੁਣ ਹੀ ਤਾਂ ਜਾਂਦੀ ਹੈ ਤੇ ਵਿਆਹਕੇ ਆਪਣੇ ਨਾਲ ਹੀ ਲੈ ਜਾਂਦੀ ਹੈ। ਬਾਹਰੋਂ ਆਈਆਂ ਕੁੜੀਆਂ ਦੀ ਗੱਲ ਤਾਂ ਇੱਕ ਪਾਸੇ ਜਿਹੜੀਆਂ ਪੰਜਾਬ 'ਚ ਰਹਿੰਦੀਆਂ ਨੇ ਉਹ ਵੀ ਵਿਆਹੁਣ ਜਾਂਦੀਆ ਨੇ ਤੇ ਵਿਆਹ ਦਾ ਖਰਚਾ ਮੁੰਡੇ ਵਾਲੇ ਕਰਦੇ ਨੇ। ਇਹ ਉਹ ਕੁੜੀਆਂ ਨੇ ਜਿਹੜੀਆਂ ਆਈਲੈਟਸ ਕਰਦੀਆਂ ਹਨ। ਜਿਸ ਨਾਲ ਉਹ ਪੜ੍ਹਾਈ ਦੇ ਆਧਾਰ ਉੱਤੇ ਆਸਟ੍ਰੇਲੀਆ ਜਾਂ ਇਗਲੈਂਡ ਵਰਗੇ ਮੁਲਕਾਂ ਵਿੱਚ ਆਪਣੇ ਘਰ ਵਾਲੇ ਨੂੰ ਵੀ ਨਾਲ ਲਿਜਾ ਸਕਦੀਆਂ ਹਨ। ਪਿੱਛੇ ਜਿਹੇ ਇਸ ਕਿਸਮ ਦੇ ਵੀਜ਼ੇ ਲਾਉਣ ‘ਤੇ ਰੋਕ ਵੀ ਲੱਗੀ। ਪਰ ਕੋਈ ਫਰਕ ਨਹੀਂ ਪਿਆ ਜੇ ਇੱਕ ਦੇਸ਼ ਨੇ ਰੋਕ ਲਾਈ ਤਾਂ ਦੂਜੇ ਨੇ ਰਾਹ ਖੋਲ ਦਿੱਤੇ। ਇਹ ਕੁੜੀਆਂ ਜਿਉਂ ਹੀ ਆਈਲੈਟਸ ਦਾ ਟੈਸਟ ਪਾਸ ਕਰਦੀਆਂ ਹਨ ਨਾਲ ਲਗਦੇ ਹੀ ਅਖ਼ਬਾਰ ਵਿੱਚ ਇਸ਼ਤਿਹਾਰ ਛਪ ਜਾਂਦਾ ਹੈ ਕਿ ਆਈਲੈਟਸ ਪਾਸ ਕੁੜੀ ਲਈ ਵਰ(ਮੁੰਡੇ) ਦੀ ਲੋੜ ਹੈ। ਵਿਦੇਸ਼ ਜਾਣ ਦੇ ਚਾਹਵਾਨ ਸਪੰਰਕ ਕਰ ਸਕਦੇ ਹਨ। ਬਸ ਫਿਰ ਦੂਜੇ ਦਿਨ ਫੋਨ ਤੇ ਫੋਨ ਖੜਕਣ ਲੱਗ ਜਾਂਦੇ ਹਨ। ਕੁੜੀ ਨੂੰ ਮੁੰਡਿਆਂ ਦੀਆਂ ਫੋਟੋਂਆਂ ਵਿਖਾਈਆਂ ਜਾਂਦੀਆਂ ਹਨ। ਇਸ ਤਰਾਂ ਕੁੜੀ ਆਪਣੀ ਪਸੰਦ ਦਾ ਮੁੰਡਾ ਚੁਣ ਲੈਂਦੀ ਹੈ। ਵਿਆਹ ਦਾ ਖ਼ਰਚ ਤੇ ਵਿਦੇਸ਼ ਜਾਣ ਦਾ ਖ਼ਰਚ ਮੁੰਡੇ ਵਾਲਿਆਂ ਤੋਂ ਕਰਵਾਇਆ ਜਾਂਦਾ ਹੈ। ਕਈ ਪਰਿਵਾਰ ਖ਼ਰਚ ਰਲ੍ਹ ਮਿਲ੍ਹ ਕੇ ਕਰ ਲੈਂਦੇ ਹਨ, ਪਰ ਸਭ੍ਹ ਨੂੰ ਪਤਾ ਕਿ ਹੱਥ ਆਇਆ ਮੌਕਾ ਕੌਣ ਜਾਣ ਦਿੰਦਾ। ਇਸ ਤਰਾਂ ਕੁੜੀ ਮੁੰਡੇ ਨੂੰ ਵਿਆਹਕੇ ਆਪਣੇ ਨਾਲ ਵਿਦੇਸ਼ ਲੈ ਜਾਂਦੀ ਹੈ। ਹੁਣ ਮੁੰਡੇ ਵਾਲਿਆਂ ਵੱਲੋਂ ਕੀਤੇ ਖਰਚ ਨੂੰ ਚਾਹੇ ਮੁੰਡੇ ਵਾਲਿਆਂ ਵੱਲੋਂ ਕੁੜੀ ਵਾਲਿਆਂ ਨੂੰ ਦਿੱਤਾ ਦਾਜ਼ ਕਹਿ ਲਵੋ ਜਾਂ ਜ਼ਮਾਨੇ ਦੀ ਪੁੱਠੀ ਰੀਤ ਕਹਿ ਲਵੋ, ਪਰ ਮੇਰੇ ਖਿ਼ਆਲ 'ਚ ਮੁੰਡੇ ਵਾਲਿਆਂ ਨੇ ਜਿ਼ਆਦਾ ਪੈਸੈ ਕਮਾਉਣ ਦੇ ਲਾਲਚ ਵਿੱਚ ਥੋੜੇ ਜਿਹੇ ਪੈਸੈ ਖਰਚ ਕੀਤੇ ਹਨ। ਜਿਵੇਂ ਕਈ ਵਾਰ ਕੁੜੀ ਵਾਲੇ ਬਾਹਰੋਂ ਆਏ ਮੁੰਡੇ ਨਾਲ ਕੁੜੀ ਵਿਆਹੁਣ ਲਈ ਆਪਣੀ ਹੈਸੀਅਤ ਤੋਂ ਵੱਧ ਖਰਚ ਇਹ ਸੋਚਕੇ ਕਰ ਦਿੰਦੇ ਹਨ ਕਿ ਕੱਲ ਨੂੰ ਉਹ ਆਪ ਵੀ ਬਾਹਰ ਚਲੇ ਜਾਣਗੇ ਤੇ ਸਾਰੀਆਂ ਕਸਰਾਂ ਕੱਢ ਲੈਣਗੇ। ਜਿਹੜੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦੇ ਹਨ ਉਹਨਾਂ ਨੂੰ ਤਾਂ ਦਿੱਤਾ ਹੋਇਆ ਦਾਜ਼ ਭੁੱਲ ਜਾਂਦਾ ਹੈ। ਪਰ ਜਿਹੜੇ ਕਾਮਯਾਬ ਨਹੀਂ ਹੁੰਦੇ ਉਹ ਮੁੰਡੇ ਵਾਲਿਆਂ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਨੇ “ਕਿੱਥੇ ਦਾਜ਼ ਦੇ ਲੋਭੀਆਂ ਨਾਲ ਵਾਹ ਪਾਅ ਲਿਆ, ਸਾਲਿਆਂ ਨੇ ਕੰਗਾਲ ਕਰਕੇ ਧਰਤੇ।” ਂਨੀਅਤ ਆਪਣੀ ਖੋਟੀ ਤੇ ਦੋਸ਼ ਦੂਜੇ ਨੂੰ।
ਮੈਨੂੰ ਇੱਕ ਵਾਰ ਕਿਸੇ ਨੇ ਗੱਲ ਸੁਣਾਈ ਕਿ ਉਹਦਾ ਇੱਕ ਦੋਸਤ ਉਹਦੇ ਕੋਲ ਆਇਆ ਤੇ ਉਹਨੂੰ ਪੁੱਛਣ ਲੱਗਾ “ਬਾਈ ਫਲਾਣੇ ਪਿੰਡ 'ਚ ਤੇਰੀ ਕੋਈ ਜਾਣ ਪਹਿਚਾਣ ਵਾਲਾ ਹੈਗਾ?” ਕਹਿੰਦਾ ਮੈਂ ਕਿਹਾ “ਜਾਣ ਪਹਿਚਾਣ ਵਾਲੇ ਤਾਂ ਵਥੇਰੇ ਆ। ਪਰ ਤੈਨੂੰ ਕੀ ਕੰਮ ਪੈ ਗਿਆ ਉੱਥੇ?” ਕਹਿੰਦਾ “ਬਾਈ ਛੋਟੇ ਭਰਾ ਦੇ ਰਿਸ਼ਤੇ ਲਈ ਜਾਣਾ। ਅਖ਼ਬਾਰ 'ਚ ਇਸ਼ਤਿਹਾਰ ਛਪਿਆ ਸੀ ਕਿ ਉਸ ਪਿੰਡ 'ਚ ਕੋਈ ਪਰਿਵਾਰ ਕਨੇਡਾ ਤੋਂ ਆਪਣੀ ਕੁੜੀ ਦਾ ਵਿਆਹ ਕਰਨ ਆਇਆ ਹੋਇਆ। ਆਪਾਂ ਪਿੰਡ ਦੇ ਕਿਸੇ ਜਾਣ ਪਹਿਚਾਣ ਵਾਲੇ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਜਾਣਾ ਆਪ ਸਿੱਧੇ ਜਾਂਦੇ ਚੰਗੇ ਨਹੀਂ ਲੱਗਦੇ।” ਫੇਰ ਉਹ ਉਸ ਪਿੰਡ ਚਲੇ ਗਏ ਤੇ ਪਿੰਡ ਚੋਂ ਕਿਸੇ ਜਾਣ ਪਹਿਚਾਣ ਵਾਲੇ ਨੂੰ ਲੈ ਕੇ ਕੁੜੀ ਵਾਲਿਆਂ ਦੇ ਘਰ ਚਲੇ ਗਏ। ਜਦੋਂ ਕੁੜੀ ਵਾਲਿਆਂ ਨਾਲ ਜਾ ਕੇ ਗੱਲ ਕੀਤੀ ਤਾਂ ਉਹਨਾਂ ਸਾਫ-ਸਾਫ ਕਹਿ ਦਿੱਤਾ ਕਿ ਰਿਸ਼ਤਿਆਂ ਵਾਲੇ ਤਾਂ ਬਹੁਤ ਆਉਂਦੇ ਆ, ਪਰ ਸਾਡੀ ਇੱਕ ਸ਼ਰਤ ਹੈ ਕਿ ਮੁੰਡੇ ਵਾਲਿਆਂ ਨੂੰ ਵਿਆਹ ਤੋਂ ਪਹਿਲਾਂ ਕੁੜੀ ਦੇ ਨਾਂ ਪੰਜ ਕਿੱਲੇ ਜਮੀਨ ਲਵਾਉਣੀ ਪਵੇਗੀ ਤੇ ਵਿਆਹ ਮੌਕੇ ਵੀਹ ਲੱਖ ਨਗਦ ਦੇਣਾ ਪਵੇਗਾ। ਇੰਨ੍ਹੀ ਗੱਲ ਸੁਣਕੇ ਉਹ ਸੋਚਕੇ ਦੱਸਾਂਗੇ ਕਹਿਕੇ ਵਾਪਿਸ ਆ ਗਏ। ਬਾਹਰ ਆ ਕੇ ਉਸਦਾ ਦੋਸਤ ਕਹਿਣ ਲੱਗਾ “ਯਾਰ ਵੀਹ ਲੱਖ ਦਾ ਤਾਂ ਇੰਤਜ਼ਾਮ ਕਰ ਲਵਾਂਗੇ। ਪਰ ਜਮੀਨ ਵਾਲੀ ਗੱਲ ਮੁਸ਼ਕਿਲ ਆ।” ਹਾਲਾਂਕਿ ਮੁੰਡੇ ਵਾਲੇ ਚੰਗੀ ਜਮੀਨ-ਜਾਇਦਾਦ ਦੇ ਮਾਲਕ ਸਨ ਤੇ ਉਹਨਾਂ ਦਾ ਵਧੀਆ ਕਾਰੋਬਾਰ ਸੀ। ਪਰ ਫਿਰ ਵੀ ਬਾਹਰ ਜਾਣ ਦੇ ਲਾਲਚ 'ਚ ਵੀਹ ਲੱਖ ਦਾਜ਼ 'ਚ ਦੇਣ ਨੂੰ ਤਿਆਰ ਸਨ। ਬਸ ਜਮੀਨ ਦੇ ਨਾਂ ਤੇ ਜੱਟਪੁਣਾ ਜਾਗ ਪਿਆ ਤੇ ਗੱਲ ਵਿੱਚ ਹੀ ਰਹਿ ਗਈ। ਨਹੀਂ ਤਾਂ ਵੀਹ ਲੱਖ ਕੁੜੀ ਵਾਲਿਆਂ ਦੀ ਝੋਲ੍ਹੀ ਪਾ ਕੇ ਮੁੰਡਾ ਜਹਾਜ਼ 'ਚ ਬਿਠਾਕੇ ਸਹੁਰੀਂ ਤੋਰ ਦੇਣਾ ਸੀ। ਇਹ ਤਾਂ ਗੱਲਾਂ ਸੀ ਬਾਹਰੋਂ ਆਏ ਜਾਂ ਬਾਹਰ ਜਾਣ ਦੇ ਚਾਹਵਾਨਾਂ ਦੀਆਂ ਕਿ ਕਿਵੇਂ ਆਪਣੀ ਲਾਲਚੀ ਨੀਅਤ ਅਨੁਸਾਰ ਦਾਜ਼ ਦਾ ਲੈਣ ਦੇਣ ਕਰਦੇ ਹਨ। ਜਿਹੜੇ ਵਿਆਹ ਉੱਥੇ(ਭਾਰਤ)ਰਹਿਣ ਵਾਲਿਆਂ ਦੇ ਹੁੰਦੇ ਹਨ ਉਹਨਾਂ ਵਿੱਚ ਵੀ ਕਈ ਲੋਕ ਦਾਜ਼ ਮੰਗਕੇ ਲੈਂਦੇ ਹਨ ਤੇ ਕਈ ਆਪਣੀ ਮਰਜ਼ੀ ਨਾਲ ਹੀ ਦੇ ਦੇਂਦੇ ਹਨ। ਬਹੁਤੇ ਲੋਕ ਉਹ ਨੇ ਜਿਹੜੇ ਸੋਚਦੇ ਨੇ ਕਿ ਜੇ ਬਹੂ ਦਾਜ਼ ਨਾ ਲੈ ਕੇ ਆਈ ਜਾਂ ਕੁੜੀ ਨੂੰ ਦਾਜ਼ ਨਾ ਦਿੱਤਾ ਤਾਂ ਸ਼ਰੀਕੇ ਵਿੱਚ ਨੱਕ ਵੱਡਿਆ ਜਾਏਗਾ। ਇਹਨਾਂ ਲੋਕਾਂ ਲਈ ਬਾਈ ਜੱਗੀ ਕੁੱਸਾ ਨੇ ਆਪਣੇ ਆਰਟੀਕਲ ਵਿੱਚ ਬੜੀ ਵਧੀਆ ਗੱਲ ਲਿਖੀ ਸੀ ਕਿ “ਇਹਨਾਂ ਲੋਕਾਂ ਦੇ ਨੱਕ ਦੀ ਥਾਂ ਹਾਥੀ ਦੀ ਸੁੰਢ ਲੱਗੀ ਹੋਣੀ ਚਾਹੀਦੀ ਆ, ਤਾਂ ਕਿ ਜੇ ਇਹਨਾਂ ਨੂੰ ਤਿੰਨ, ਚਾਰ ਵਿਆਹ ਕਰਨੇ ਪੈ ਜਾਣ ਤੇ ਹਰ ਵਿਆਹ ਮੌਕੇ ਚਾਰ ਉੰਗਲਾਂ ਵੱਡ ਵੀ ਹੋਜੇ ਤਾਂ ਵੀ ਸਾਹ ਲੈਣ ਜੋਗੇ ਤਾਂ ਰਹਿ ਜਾਣਗੇ।” ਇਸ ਤਰਾਂ ਸ਼ਇਦ ਦਾਜ਼ ਨੂੰ ਖ਼ਤਮ ਕਰਨ ਵਿੱਚ ਆਪਣਾ ਯੋਗਦਾਨ ਵੀ ਪਾ ਸਕਣ।
ਜੇ ਗੱਲ ਕਰੀਏ ਕੁੜੀਆਂ ਨੂੰ ਸਹੁਰੇ ਪਰਿਵਾਰ ਵੱਲੋਂ ਦਾਜ਼ ਲਈ ਤੰਗ ਕਰਨ ਦੀ ਤੇ ਬੇਵੱਸ ਮਾਪਿਆਂ ਦੀ
ਜਿੰਨ੍ਹਾਂ ਦੀਆਂ ਧੀਆਂ ਦਾਜ਼ ਦੀ ਬਲੀ ਚੜ੍ਹਦੀਆਂ ਨੇ ਤੇ ਉਹ ਵਿਚਾਰੇ ਕੁਝ ਵੀ ਨਹੀਂ ਕਰ ਸਕਦੇ। ਇਹਨਾਂ ਹਾਲਾਤਾਂ ਦਾ ਜਿੰ਼ਮੇਵਾਰ ਜਿ਼ਆਦਾਤਰ ਵਿਚੋਲਾ ਹੀ ਹੁੰਦਾ ਹੈ। ਜਿਹੜਾ ਦੋਨੋਂ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋਏ ਕਈ ਵਾਰ ਮੁੰਡੇ ਵਾਲਿਆਂ ਵੱਲੋਂ ਕੀਤੀ ਮੰਗ ਦਾ ਪਹਿਲਾਂ ਖੁੱਲ ਕੇ ਜਿ਼ਕਰ ਨਹੀਂ ਕਰਦਾ ਪਰ ਬਾਅਦ 'ਚ ਵਿਆਹ ਦੇ ਦਿਨ ਪੱਕੇ ਹੋਣ ‘ਤੇ ਹੌਲੀ-ਹੌਲੀ ਮੰਗਾਂ ਗਿਨਾੳੇੁਣ ਲੱਗ ਪੈਂਦਾ ਹੈ। ਇਸ ਹਾਲਤ ਵਿੱਚ ਕੁੜੀ ਵਾਲੇ ਬੇਇਜਤੀ ਦੇ ਡਰੋਂ ਵਿਆਹ ਵੀ ਨਹੀਂ ਤੋੜ ਸਕਦੇ ਤੇ ਦਾਜ਼ ਦੇਣ ਤੋਂ ਵੀ ਅਸਮਰੱਥ ਹੁੰਦੇ ਹਨ। ਉਹ ਜਿੰਨ੍ਹਾਂ ਵੱਧ ਤੋਂ ਵੱਧ ਹੋ ਸਕਦਾ ਕਰ ਦਿੰਦੇ ਹਨ ਤੇ ਬਾਅਦ 'ਚ ਲਾਲਚੀ ਸਹੁਰਾ ਪਰਿਵਾਰ ਕੁੜੀ ਨੂੰ ਹੋਰ ਦਾਜ਼ ਲਿਆਉਣ ਲਈ ਤੰਗ ਕਰਦਾ ਰਹਿੰਦਾ ਹੈ ਤੇ ਇੱਕ ਦਿਨ ਦਾਜ਼ ਦੀ ਬਲੀ ਚਾੜ ਦਿੱਤੀ ਜਾਂਦੀ ਹੈ ਜਾਂ ਵਿਚਾਰੀ ਇੰਨੀ ਦੁਖੀ ਹੋ ਜਾਂਦੀ ਹੈ ਕਿ ਪਲ-ਪਲ ਮਰਨ ਨਾਲੋਂ ਇੱਕ ਵਾਰ ਹੀ ਮਰ ਜਾਣਾ ਚਾਹੁੰਦੀ ਹੈ ਤੇ ਆਤਮ ਹੱਤਿਆ ਕਰ ਲੈਂਦੀ ਹੈ। ਸਿਆਣੇ ਕਹਿੰਦੇ ਨੇ ਕਿ ਬੰਦੇ ਦਾ ਢਿੱਡ ਤਾਂ ਭਰ ਜਾਂਦਾ ਪਰ ਚੰਦਰੀ ਨੀਅਤ ਕਦੇ ਨਹੀਂ ਭਰਦੀ। ਇਹਨਾਂ ਲੋਕਾਂ ਨੂੰ ਜਿੰਨਾ ਮਿਲ ਜਾਏ ਥੋੜਾ ਹੀ ਥੋੜਾ। ਪਰ ਕਸਾਈ ਇਹ ਨਹੀਂ ਸੋਚਦੇ ਕਿ ਇੱਕ ਜਾਨ ਜਿ਼ਆਦਾ ਕੀਮਤੀ ਆ ਜਾਂ ਸਮਾਨ। ਵਿਚੋਲੇ ਦਾ ਕੀ ਆ ਮੁੰਦਰੀ ਪਵਾ ਕੇ ਪਾਸੇ ਹੋ ਜਾਂਦਾ ਨਾਲੇ ਆਖੀ ਜਾਊ ਅੱਜ ਦਾ ਦਿਨ ਆ ਬਾਅਦ 'ਚ ਸਾਨੂੰ ਕੀਹਨੇ ਪੁੱਛਣਾ, ਬਾਅਦ 'ਚ ਤਾਂ ਵਿਚੋਲੇ ਦੇ ਛਿੱਤਰ ਹੀ ਪੈਂਦੇ ਹੁੰਦੇ ਆ……ਹੁਣ ਜੇ ਛਿੱਤਰ ਖਾਣ ਵਾਲੇ ਕੰਮ ਕਰਨੇ ਆਂ ਤਾਂ ਛਿੱਤਰ ਹੀ ਪੈਣਗੈ ਹੋਰ ਅਗਲਾ ਥੋਡੀ ਆਰਤੀ ਉਤਾਰੂਗਾ।
ਮੈਨੂੰ ਇੱਕ ਵਾਕਿਆ ਚੇਤੇ ਆ ਗਿਆ ਕਿ ਇੱਕ ਬਜ਼ੁਰਗ ਆਪਣੀ ਕੁੜੀ ਦਾ ਰਿਸ਼ਤਾ ਪੱਕਾ ਕਰਕੇ ਆਇਆ ਤੇ ਜਦੋਂ ਘਰਦਿਆਂ ਨੇ ਮੁੰਡੇ ਤੇ ਮੁੰਡੇ ਦੇ ਪਰਿਵਾਰ ਵਾਰੇ ਪੁੱਛਿਆ ਤਾਂ ਕਹਿੰਦਾ “ਸਭ ਠੀਕ-ਠਾਕ ਹੈ, ਮੁੰਡਾ ਵੀ ਸੋਹਣਾ, ਪਰਿਵਾਰ ਵੀ ਵਧੀਆ ਬਸ ਮੁੰਡੇ ਦੀ ਭਿੱਟ-ਭਿੱਟੀਏ ਦੀ ਮੰਗ ਆ।” ਹੁਣ ਸਾਲਾ ਭਿੱਟ-ਭਿੱਟੀਆ ਰਹੱਸ ਬਣਿਆ ਹੋਇਆ ਸੀ। ਨਾ ਪਤਾ ਲੱਗੇ ਬਈ ਸਕੂਟਰ ਮੰਗਿਆ ਕਿ ਮੋਟਰਸਾਇਕਲ ਕਿਉਂਕਿ ਓਹਦੋਂ ਕ ਦਾਜ਼ 'ਚ ਏਹੀ ਦੇਣ ਦਾ ਰਿਵਾਜ਼ ਚੱਲਿਆ ਹੋਇਆ ਸੀ। ਬਜੁ਼ਰਗ ਨੇ ਤਾਂ ਕਦੇ ਸਾਇਕਲ ਵੀ ਨਹੀਂ ਸੀ ਚਲਾਇਆ ਉਹਨੂੰ ਆਉਂਦੇ-ਆਉਂਦੇ ਖਿਆਲ ਭੁੱਲ ਗਿਆ ਕਿ ਕੀ ਮੰਗਿਆ। ਖ਼ੈਰ ਉਹਨਾਂ ਦਾਜ਼ 'ਚ ਦੇਣ ਲਈ ਸਕੂਟਰ ਲੈ ਆਂਦਾ। ਜਦੋਂ ਆਨੰਦ ਕਾਰਜਾਂ ਮੌਕੇ ਦਾਜ਼ ਦੀ ਲਿਸਟ ਪੜ੍ਹ ਕੇ ਸੁਣਾਈ ਜਾਣ ਲੱਗੀ ਤਾਂ ਪ੍ਰਾਹੁਣਾ ਰੌਲਾ ਪਾ ਕੇ ਬਹਿ ਗਿਆ ਕਿ ਮੈਂ ਤਾਂ ਮੋਟਰਸਾਇਕਲ ਨੂੰ ਆਖਿਆ ਸੀ ਮੈਂ ਨੀ ਸਕੂਟਰ ਲੈ ਕੇ ਜਾਣਾ ਮੈਨੂੰ ਤਾਂ ਮੋਟਰਸਾਇਕਲ ਚਾਹੀਦਾ। ਕੁੜੀ ਦਾ ਮਾਮਾ ਥੋੜਾ ਅੜਬ ਸੁਭਾਅ ਦਾ ਸੀ ਕਹਿੰਦਾ “ਦਬੱਲੋ ਏਹਨੂੰ ਸਣੇ ਬਰਾਤ ਅੱਜ ਮੋਟਰਸਾਕਿਲ ਮੰਗਦਾ ਕੱਲ ਨੂੰ ਕੁਝ ਹੋਰ ਮੰਗੂ।” ਪਰ ਸਾਊ ਸੁਭਾਅ ਦੇ ਬਜ਼ੁਰਗ ਨੇ ਦਰ ਆਈ ਬਰਾਤ ਨਾ ਮੋੜੀ ਕਹਿੰਦਾ “ਇਸ ਵਿੱਚ ਸਭ ਦੀ ਬੇਇਜਤੀ ਹੋ ਜਾਵੇਗੀ।” ਉਹਨੇ ਮੁੰਡੇ ਵਾਲਿਆਂ ਤੋਂ ਹਫਤੇ ਦਾ ਟਾਇਮ ਲੈ ਕੇ ਡੋਲ੍ਹੀ ਤੋਰ ਦਿੱਤੀ। ਫੇਰ ਨਵਾਂ ਸਕੂਟਰ ਘਾਟਾ ਪਾ ਕੇ ਵੇਚਿਆ ਤੇ ਮੋਟਰਸਾਇਕਲ ਖ੍ਰੀਦ ਕੇ ਕੁੜੀ ਦੇ ਸਹੁਰੇ ਘਰ ਪਹੁੰਚਦਾ ਕੀਤਾ। ਹੁਣ ਦੱਸੋ ਜਿਹੜਾ ਬੰਦਾ ਏਨੇ ਇਕੱਠ ਵਿੱਚ ਸ਼ਰੇਆਮ ਮੰਗ ਕਰ ਸਕਦਾ ਉਹ ਬਾਅਦ ਵਿੱਚ ਕਿਵੇਂ ਨਹੀਂ ਮੰਗੇਗਾ। ਨਾਲੇ ਕੁੜੀ ਦਾ ਦਿਲ ਉਸ ਬੰਦੇ ਨਾਲ ਕਿੰਨ੍ਹਾਂ ਕੁ ਮਿਲਿਆ ਹੋਵੇਗਾ ਜੀਹਨੇ ਉਹਦੇ ਪਿਉ ਨੂੰ ਮਜ਼ਬੂਰ ਕਰਕੇ ਆਪਣੀ ਮੰਗ ਮੰਨਵਾਈ। ਜਦੋਂ ਕੋਈ ਰਿਸ਼ਤਾ, ਇੱਕ ਰਿਸ਼ਤੇ ਵਾਂਗ ਨਹੀਂ ਬਲਕਿ ਇੱਕ ਸੌਦੇ ਵਾਂਗ ਹੋਵੇ ਤਾਂ ਪਿਆਰ ਥਾਂ ਦੀ ਨਫ਼ਰਤ ਲੈ ਲੈਂਦੀ ਹੈ। ਇਸ ਤਰ੍ਹਾਂ ਦੂਰੀਆਂ ਘਟਣ ਦੀ ਵਜਾਏ ਵਧਦੀਆਂ ਹੀ ਜਾਂਦੀਆ ਹਨ ਅਤੇ ਇਹੋ ਜਿਹੇ ਰਿਸ਼ਤੇ ਦੀ ਕੋਈ ਬੁਨਿਆਦ ਨਹੀਂ ਹੁੰਦੀ ਇਹ ਕਦੇ ਵੀ ਟੁੱਟ ਸਕਦਾ ਹੈ।
ਗੱਲਾਂ ਤਾਂ ਹੋਰ ਵੀ ਬੜੀਆਂ ਪਰ ਅਸਲ ਗੱਲ ਤਾਂ ਇਹ ਆ ਕਿ ਹੁਣ ਇਸ ਲਾਹਨਤ ਦਾ ਸਿ਼ਕਾਰ ਹਰ ਕੋਈ ਹੋ ਚੁੱਕਿਆ ਚਾਹੇ ਉਹ ਗਰੀਬ ਹੋਵੇ, ਚਾਹੇ ਅਮੀਰ ਤੇ ਚਾਹੇ ਮੱਧ ਵਰਗ ਨਾਲ ਸਵੰਧਤ ਹੋਵੇ। ਬਸ ਫਰਕ ਏਨ੍ਹਾਂ ਕਿ ਗਰੀਬ ਦੀ ਮੰਗ ਹਜ਼ਾਰਾਂ 'ਚ ਹੈ, ਮੱਧ ਵਰਗ ਦੀ ਲੱਖਾਂ ਵਿੱਚ ਤੇ ਅਮੀਰਾਂ ਦੀ ਕਰੋੜਾਂ ਵਿੱਚ। ਮੇਰੀ ਸੋਚ ਮੁਤਾਬਿਕ ਦਾਜ਼ ਦੀ ਰੀਤ ਖ਼ਤਮ ਕਰਨ ਲਈ ਪਹਿਲੀ ਲੋੜ ਤਾਂ ਹੈ ਕਿ ਮੰਗਤੇ ਬਨਣਾ ਛੱਡਿਆ ਜਾਵੇ। ਕਿਸੇ ਦੇ ਦਿੱਤਿਆਂ ਕੋਈ ਬਹੁਤਾ ਅਮੀਰ ਨਹੀਂ ਹੋ ਜਾਂਦਾ। ਨਾ ਹੀ ਮਿਲੇ ਦਾਜ਼ ਨਾਲ ਸਾਰੀ ਜਿ਼ੰਦਗੀ ਗੁਜ਼ਾਰਾ ਹੁੰਦਾ। ਆਪਣੀ ਮਿਹਨਤ ਦੀ ਕਮਾਈ ਨਾਲ ਗੁਜਾਰਾ ਕਰਨਾ ਸਿੱਖੀਏ। ਦੂਜਾ ਮੂੰਹੋਂ ਮੰਗਕੇ ਦਾਜ਼ ਲੈਣ ਵਾਲਿਆਂ ਨਾਲ ਕਦੇ ਰਿਸ਼ਤਾ ਨਾ ਜੋੜਿਆ ਜਾਵੇ ਅਤੇ ਆਪਣਾ ਉੱਲੂ ਸਿੱਧਾ ਕਰਨ ਲਈ ਐਵੇਂ ਦਾਜ਼ ਨਾ ਦਿੱਤਾ ਜਾਵੇ। ਜੇ ਇਹਨਾਂ ਗੱਲਾਂ 'ਤੇ ਪਹਿਰਾ ਨਹੀਂ ਦੇ ਸਕਦੇ, ਫੇਰ ਜਿੰਨ੍ਹਾਂ ਮਰਜ਼ੀ ਰੌਲ੍ਹਾ ਪਾਈ ਜਾਈਏ ਇਹ ਰੀਤ ਕਦੇ ਖ਼ਤਮ ਨਹੀਂ ਹੋਣ ਲੱਗੀ। ਕਦੇ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਤੇ ਕਦੇ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਕੋਸਦੇ ਹੀ ਰਹਿਣਗੇ। ਮੁੱਕਦੀ ਗੱਲ ਲਾਲਚੀ ਕੁੱਤੇ ਮਾਸੂਮਾਂ ਦਾ ਮਾਸ ਨੋਚਦੇ ਹੀ ਰਹਿਣਗੇ।


2 ਗ਼ਜ਼ਲਾਂ..........ਗ਼ਜ਼ਲ / ਰਾਜਿੰਦਰਜੀਤ

1... ਗ਼ਜ਼ਲ
ਅਧੂਰੇ ਖ਼ਾਬ ਦਾ ਅੱਧਾ ਸਫ਼ਾ ਕਬੂਲ ਕਰੋ
ਕਿ ਜਿੰਨੀ ਹੋ ਸਕੀ, ਓਨੀ ਵਫ਼ਾ ਕਬੂਲ ਕਰੋ

ਤੁਹਾਡੇ ਸ਼ਹਿਰ ਦੀ ਅਜ਼ਲਾਂ ਤੋਂ ਇਹ ਰਵਾਇਤ ਹੈ
ਕ਼ਸੂਰ ਹੈ ਜਾਂ ਨਹੀਂ, ਪਰ ਸਜ਼ਾ ਕਬੂਲ ਕਰੋ


ਹਰੇਕ ਕੋਣ ਤੋਂ ਪੂਰਾ ਕੋਈ ਨਹੀਂ ਹੁੰਦਾ
ਹੈ ਦਿਲ 'ਚ ਪਿਆਰ ਤਾਂ ਖੋਟਾ-ਖ਼ਰਾ ਕਬੂਲ ਕਰੋ

ਕਿਤੇ ਨਾ ਹੋਰ ਜਾ ਕਰਨੀ ਪਵੇ ਦੁਆ ਮੈਨੂੰ
ਕਿ ਪਰਤ ਆਉਂਣ ਦੀ ਮੇਰੀ ਦੁਆ ਕਬੂਲ ਕਰੋ

ਕਿਸੇ ਮੁਕਾਮ 'ਤੇ ਰੁੱਤਾਂ 'ਤੇ ਵੱਸ ਨਹੀਂ ਚਲਦਾ
ਹੈ ਜੋ ਵੀ ਵਗ ਰਹੀ, ਓਹੀ ਹਵਾ ਕਬੂਲ ਕਰੋ

ਤੁਹਾਨੂੰ ਔਖੀਆਂ ਰਾਹਾਂ ਦੇ ਨਕਸ਼ ਦੱਸੇਗਾ
ਸਫ਼ਰ ਦੇ ਵਾਸਤੇ ਇਹ ਹਾਦਸਾ ਕਬੂਲ ਕਰੋ

2... ਗ਼ਜ਼ਲ
ਨਾ ਕੁਝ ਵੀ ਦੇਹ ਤੂੰ ਸਵੇਰ ਵਰਗਾ,
ਨਾ ਭਾਵੇਂ ਚਾਨਣ ਦੇ ਨਾਮ ਵਰਗਾ
ਲੈ ਤੇਰੇ ਪੂਰਬ 'ਚ ਆਣ ਬੈਠਾ ਹਾਂ
ਲੈਕੇ ਚਿਹਰਾ ਮੈਂ ਸ਼ਾਮ ਵਰਗਾ

ਮੈਂ ਅਪਣੇ ਮਨ ਦੀ ਹੀ ਸਲਤਨਤ ਵਿੱਚ
ਅਜੇਹੇ ਕੌਤਕ ਵੀ ਵੇਖਦਾ ਹਾਂ
ਕਿ ਤਖ਼ਤ ਫ਼ੰਧੇ ਦੇ ਵਾਂਗ ਜਾਪੇ
ਤੇ ਫ਼ੰਧਾ ਜਾਪੇ ਇਨਾਮ ਵਰਗਾ

ਅਮੁੱਕ ਪੈਂਡਾ, ਅਰੋਕ ਰਸਤਾ
ਅਤੋਲ ਮਿੱਟੀ, ਅਬੋਲ ਰਾਹੀ
ਮੈਂ ਸ਼ਬਦਕੋਸ਼ਾਂ 'ਚੋਂ ਕੱਢ ਦਿੱਤਾ ਹੈ
ਸ਼ਬਦ ਮੰਜ਼ਿਲ- ਮਕਾਮ ਵਰਗਾ

ਬਹਾਰ ਚੁਪਚਾਪ ਮੁੜ ਗਈ ਹੈ
ਤਾਂ ਇਸ 'ਚ ਹੈਰਾਨਗੀ ਵੀ ਕਾਹਦੀ
ਜੇ ਸੁੱਕੇ ਪੱਤਿਆਂ ਦੇ ਮੂੰਹੋਂ ਸਰਿਆ
ਨਾ ਸ਼ਬਦ ਇੱਕ ਵੀ ਸਲਾਮ ਵਰਗਾ


ਜਲ ਬਿਨੁ ਸਾਖ ਕੁਮਲਾਵਤੀ .......... ਲੇਖ਼ / ਪਰਮਜੀਤ ਸਿੰਘ ਗਾਜ਼ੀ

ਪਾਣੀ ਇਸ ਧਰਤੀ ਉੱਤੇ ਮਨੁੱਖ ਦੀ ਹੀ ਨਹੀਂ ਬਲਕਿ ਸਮੁੱਚੇ ਜੀਵਨ ਦੀ ਹੋਂਦ ਕਾਇਮ ਰੱਖਣ ਲਈ ਲਾਜ਼ਮੀ ਹੈ। ਜਿੱਥੇ ਸਾਰੇ ਧਰਮਾਂ ਨੇ ਪਾਣੀ ਨੂੰ ਪਵਿੱਤਰ ਦਰਜਾ ਦਿੱਤਾ ਹੈ ਓਥੇ ਵਿਗਿਆਨ ਦਾ ਵੀ ਮੰਨਣਾ ਹੈ ਕਿ ਪਾਣੀ ਤੋਂ ਬਿਨਾਂ ਜੀਵਨ ਚਿਤਵਿਆ ਨਹੀਂ ਜਾ ਸਕਦਾ। ਆਮ ਭੌਤਿਕ ਗੁਣਾਂ ਦਾ ਧਾਰਨੀ ਮਨੁੱਖ ਭੋਜਨ ਤੋਂ ਬਿਨਾਂ ਇੱਕ ਮਹੀਨੇ ਤੱਕ ਜਿੰਦਾ ਰਹਿ ਸਕਦਾ ਹੈ ਪਰ ਪਾਣੀ ਤੋਂ ਬਿਨਾਂ ਉਸ ਦੀ ਹੋਂਦ ਇੱਕ ਹਫਤੇ ਦੇ ਅੰਦਰ ਹੀ ਮਿਟ ਜਾਵੇਗੀ।
ਬਹੁਤਾਤ ਦੇ ਬਾਵਜੂਦ ਥੁੜ
ਵੈਸੇ ਤਾਂ ਧਰਤੀ ਦੇ 70 ਫੀਸਦੀ ਹਿੱਸੇ ਉੱਤੇ ਪਾਣੀ ਹੀ ਹੈ, ਪਰ ਇਸ ਵਿੱਚੋਂ 97.5 ਫੀਸਦੀ ਪਾਣੀ ਖਾਰਾ ਹੋਣ ਕਾਰਨ ਜੀਵਨ ਦੀਆਂ ਬੁਨਿਆਦੀ ਜਰੂਰਤਾਂ ਪੂਰੀਆਂ ਕਰਨ ਦੇ ਕਾਬਿਲ ਨਹੀਂ ਹੈ। ਬਾਕੀ ਬਚਦੇ 2.5 ਫੀਸਦੀ ਹਿੱਸੇ ਵਿੱਚੋਂ ਬਹੁਤਾ ਪਾਣੀ ਧਰੁਵਾਂ ਉੱਤੇ ਬਰਫ ਦੇ ਰੂਪ ਵਿੱਚ ਜੰਮਿਆ ਹੋਇਆ ਹੈ ਅਤੇ ਜਾਂ ਫਿਰ ਮਿੱਟੀ ਵਿੱਚ ਨਮੀਂ ਦੇ ਰੂਪ ’ਚ ਸਮਾਇਆ ਹੋਣ ਕਾਰਨ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਸਕਦਾ। ਇਸ ਲਈ ਸਮੁੱਚੇ ਪਾਣੀ ਵਿੱਚੋਂ ਸਿਰਫ 1 ਫੀਸਦੀ ਤੋਂ ਘੱਟ ਪਾਣੀ ਹੀ ਜੀਵਨ ਹੋਂਦ ਕਾਇਮ ਰੱਖਣ ਲਈ ਵਰਤਿਆ ਜਾ ਸਕਦਾ ਹੈ। ਇੰਝ ਧਰਤੀ ਉੱਤੇ ਆਪਣੀ ਬਹੁਤਾਤ ਦੇ ਬਾਵਜੂਦ ਵੀ ਪਾਣੀ ਇੱਕ ਦੁਰਲਭ ਤੇ ਬਹੁਤ ਹੀ ਸੰਭਾਲਣ ਵਾਲੀ ਬੁਨਿਆਦੀ ਸ਼ੈਅ ਹੈ।
ਧਰਤੀ ਉੱਤੇ ਵਧ ਰਹੀ ਅਬਾਦੀ, ਕਾਰਖਾਨਿਆਂ ਅਤੇ ਜਿੰਦਗੀ ਦੇ ਸ਼ਹਿਰੀਕਰਨ ਕਾਰਨ ਪਾਣੀ ਦੀ ਵਰਤੋਂ ਵਿੱਚ ਭਾਰੀ ਵਾਧਾ ਹੋਇਆ ਹੈ, ਪਰ ਦੂਸਰੇ ਪਾਸੇ ਪਾਣੀ ਦਾ ਸੋਮਾ ਸੀਮਤ ਹੈ ਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਵਾਧਾ ਕਰ ਸਕਣਾ ਲਗਭਗ ਨਾਮੁਮਕਿਨ ਹੈ। ਅਜਿਹੀ ਹਾਲਤ ਵਿੱਚ ਪਾਣੀ ਦੀ ਸਾਂਭ-ਸੰਭਾਲ ਅਤੇ ਸੁਚੱਜੀ ਵਰਤੋਂ ਹੀ ਇੱਕੋ-ਇੱਕ ਹੀਲਾ ਹੈ ਜਿਸ ਰਾਹੀਂ ਮਨੁੱਖ ਆਪਣੀ ਅਤੇ ਇਸ ਧਰਤੀ ’ਤੇ ਵਿਚਰਨ ਵਾਲੀਆਂ ਹੋਰਨਾਂ ਜੀਵਨ-ਜਾਤੀਆਂ ਦੀ ਹੋਂਦ ਕਾਇਮ ਰੱਖ ਸਕਦਾ ਹੈ।
ਪੰਜਾਬ ਬੇ-ਆਬ
ਪੰਜਾਬ ਦੀ ਗੱਲ ਕਰੀਏ ਤਾਂ ਕੁਦਰਤ ਨੇ ਇਸ ਨੂੰ ਦਰਿਆਵਾਂ ਰੂਪੀ ਵਰਦਾਨ ਨਾਲ ਨਿਵਾਜਿਆ ਸੀ। ਇਹ ਦਰਿਆ ਜਿੱਥੇ ਸਾਫ ਤੇ ਵਰਤੋਂ ਯੋਗ ਪਾਣੀ ਦਾ ਮੁੱਖ ਸੋਮਾ ਸਨ ਓਥੇ ਇਹ ਧਰਤੀ ਹੇਠਲੇ ਜਲ ਭੰਭਾਰ ਨੂੰ ਕਾਇਮ ਰੱਖਣ ਦਾ ਵੀ ਵੱਡਾ ਜ਼ਰੀਆ ਸਨ। ਇਹ ਦਰਿਆ ਪੰਜਾਬ ਦੇ ਲੋਕਾਂ ਦੀ ਮਿਹਨਤ, ਲਗਨ, ਸਿਰੜ, ਸਭਿਆਚਾਰਕ ਵਿਲੱਖਣਤਾ ਤੇ ਅਧਿਆਤਮਿਕ ਉਚਾਈ ਦੇ ਜਾਮਨ ਰਹੇ ਹਨ। ਪਰ ਹੁਣ ਪੰਜਾਬ ਦੇ ਹਾਲਾਤ ਕੁਝ ਅਜਿਹੇ ਹਨ ਕਿ ਸੰਸਾਰ ਅੰਦਰ ਜਿਨ੍ਹਾਂ ਖਿੱਤਿਆਂ ਵਿੱਚ ਪਾਣੀ ਬਹੁਤ ਤੇਜੀ ਨਾਲ ਖਤਮ ਹੋ ਰਿਹਾ ਹੈ ਪੰਜਾਬ ਦਾ ਨਾਂ ਉਨ੍ਹਾਂ ਵਿੱਚ ਸ਼ੁਮਾਰ ਹੈ।
ਪੰਜਾਬ ਦੇ ਦਰਿਆਵਾਂ ਵਿੱਚ ਤਾਂ ਪਾਣੀ ਹੁਣ ਬੀਤੇ ਦੀ ਗੱਲ ਹੀ ਹੋ ਚੱਲਿਆ ਹੈ ਤੇ ਜ਼ਮੀਨੀ ਪਾਣੀ ਦੀ ਹਾਲਤ ਇਹ ਹੈ ਕਿ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ 145 ਫੀਸਦੀ ਦੀ ਦਰ ਨਾਲ ਬਾਹਰ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰੇ ਦੀ ਹੱਦ ਪਾਰ ਕਰਦਾ ਜਾ ਰਿਹਾ ਹੈ। ਪੰਜਾਬ ਵਿੱਚ ਕੁੱਲ 138 ਬਲਾਕ ਹਨ, ਜਿਨ੍ਹਾਂ ਵਿੱਚੋਂ 103 ਅਜਿਹੇ ਹਨ ਜਿੱਥੇ ਖਤਰੇ ਦੀ ਹੱਦ ਤੋਂ ਵੱਧ ਪਾਣੀ ਕੱਢਿਆ ਜਾ ਰਿਹਾ ਹੈ। 5 ਬਲਾਕਾਂ ਦੀ ਹਾਲਤ ਖਤਰੇ ਦੀ ਕਗਾਰ ਉੱਤੇ ਹੈ ਤੇ 4 ਬਲਾਕਾਂ ਦੀ ਹਾਲਤ ਖਤਰੇ ਦੀ ਹੱਦ ਵੱਲ ਵਧ ਰਹੀ ਹੈ। ਬਾਕੀ ਬਚਦੇ ਬਲਾਕਾਂ ਵਿੱਚ ਭਾਵੇਂ ਜਮੀਨੀ ਪਾਣੀ ਦੀ ਹਾਲਤ ਅਜੇ ਚਿੰਤਾ ਵਾਲੀ ਨਹੀਂ ਹੈ, ਪਰ ਇਨ੍ਹਾਂ ਵਿੱਚੋਂ ਬਹੁਤੇ ਉਹ ਹਨ ਜਿੱਥੇ ਜਮੀਨ ਹੇਠਲਾ ਪਾਣੀ ਖਾਰਾ ਕਾਰਨ ਪੀਣ ਯੋਗ ਨਹੀਂ ਹੈ ਅਤੇ ਨਾ ਹੀ ਇਸ ਨੂੰ ਖੇਤੀ ਵਿੱਚ ਵਰਤਿਆ ਜਾ ਸਕਦਾ ਹੈ।
ਜਿੱਥੇ ਪੰਜਾਬ ਅੰਦਰ ਪਾਣੀ ਦੀ ਥੁੜ੍ਹ ਹੈ, ਓਥੇ ਪਾਣੀ ਦਾ ਅਸ਼ੁੱਧ ਹੋਣਾ ਚਿੰਤਾ ਦੀ ਦੂਸਰੀ ਵੱਡੀ ਗੱਲ ਹੈ। ਕੇਂਦਰੀ ਜਮੀਨਦੋਜ਼ ਜਲ ਬੋਰਡ (ਭਾਰਤ ਸਰਕਾਰ) ਦੇ ਅੰਕੜਿਆਂ ਅਨੁਸਾਰ ਪੰਜਾਬ ਦਾ ਕੋਈ ਵੀ ਜਿਲ੍ਹਾ ਅਜਿਹਾ ਨਹੀਂ ਜਿਸ ਦਾ ਪਾਣੀ ਖਰਾਬ ਨਾ ਹੋਵੇ। ਹਾਲੀਆ ਪੜਤਾਲਾਂ ਨੇ ਇਹ ਤੱਥ ਸਾਹਮਣੇ ਲਿਆਂਦਾ ਹੈ ਕਿ ਮਾਲਵੇ ਦੇ ਜਮੀਨੀ ਪਾਣੀ ਵਿੱਚ ਸੰਖੀਆ (ਆਰਸੈਨਿਕ) ਭਾਰੀ ਮਾਤਰਾ ਵਿੱਚ ਮੌਜੂਦ ਹੈ, ਜਿਸ ਕਾਰਨ ਇਸ ਇਲਾਕੇ ਵਿੱਚ ਕੈਂਸਰ, ਕਾਲਾ ਪੀਲੀਆ, ਨਾਮਰਦਗੀ ਤੇ ਬਾਂਝਪਣ ਜਿਹੀਆਂ ਬਿਮਾਰੀਆਂ ਮਾਰ ਕਰ ਰਹੀਆਂ ਹਨ।
ਜੇ ਜਮੀਨ ਹੇਠਲ ਪਾਣੀ ਮੁੱਕ ਜਾਵੇ ਤਾਂ …
ਪੰਜਾਬ ਵਿੱਚ ਆਮ ਆਦਮੀ ਇਹੀ ਮੰਨੀ ਬੈਠਾ ਹੈ ਕਿ ਜਮੀਨ ਹੇਠਲਾ ਪਾਣੀ ਕਦੀ ਖਤਮ ਨਹੀਂ ਹੋ ਸਕਦਾ। ਪਰ ਇਹ ਧਾਰਨਾ ਸਹੀ ਨਹੀਂ ਹੈ। ਮੈਕਸਿਕੋ ਸ਼ਹਿਰ ਜੋ ਜਮੀਨ ਹੇਠੋਂ ਵੱਧ ਪਾਣੀ ਕੱਢ ਲੈਣ ਕਾਰਨ ਹਰ ਸਾਲ 20 ਇੰਚ ਧਰਤੀ ਵਿੱਚ ਗਰਕ ਹੋ ਰਿਹਾ ਹੈ ਜਮੀਨ ਹੇਠਲੇ ਪਾਣੀ ਦੇ ਖਤਮ ਹੋਣ ਤੇ ਇਸ ਦੇ ਭਿਆਨਕ ਨਤੀਜਿਆ ਦੀ ਸਾਫ ਮਿਸਾਲ ਹੈ। ਪੰਜਾਬ ਵੀ ਹੁਣ ਇਸੇ ਪਾਸੇ ਵੱਲ ਹੀ ਵਧ ਰਿਹਾ ਹੈ। ਸਾਲ 2004 ਵਿੱਚ ਮੋਗਾ ਵਿਖੇ ਇੱਕ ਖੇਲ ਉੱਤੇ ਕੱਪੜੇ ਧੋ ਰਹੀ ਔਰਤ ਦੀ ਅਚਾਨਕ ਜਮੀਨ ਵਿੱਚ ਗਰਕ ਜਾਣ ਨਾਲ ਮੌਤ ਹੋ ਗਈ।
ਪੰਜਾਬ ਵਿੱਚ ਜਮੀਨ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾਣ ਦਾ ਕਾਰਨ ਇਹ ਹੈ ਕਿ ਇੱਕ ਤਾਂ ਹੱਦੋਂ ਵੱਧ ਪਾਣੀ ਜਮੀਨ ਵਿੱਚੋਂ ਕੱਢਿਆ ਜਾ ਰਿਹਾ ਹੈ ਅਤੇ ਦੂਸਰਾ ਪੰਜਾਬ ਦੇ ਦਰਿਆ ਪਾਣੀ ਤੋਂ ਸੱਖਣੇ ਹੋ ਰਹੇ ਹਨ। ਜਦੋਂ ਦਰਿਆ ਭਰਕੇ ਵਗਦੇ ਹਨ ਤਾਂ ਪਾਣੀ ਧਰਤੀ ਹੇਠ ਰਿਸਦਾ ਰਹਿੰਦਾ ਹੈ ਤੇ ਜਮੀਨ ਹੇਠਲੇ ਪਾਣੀ ਦੀ ਭਰਪਾਈ ਹੋ ਜਾਂਦੀ ਹੈ। ਪਰ ਪੰਜਾਬ ਦੇ ਦਰਿਆਵਾਂ ਉੱਤੇ ਮਾਰੇ ਬੰਨ੍ਹਾਂ ਕਾਰਨ ਹੁਣ ਪੰਜਾਬ ਦੇ ਦਰਿਆ ਭਰਕੇ ਨਹੀਂ ਵਗ ਰਹੇ ਅਤੇ ਕੁਦਰਤੀ ਛੰਭ ਵੀ ਸੁੱਕ ਰਹੇ ਹਨ, ਜਿਸ ਕਾਰਨ ਪਾਣੀ ਧਰਤੀ ਦੇ ਹੇਠਾਂ ਨਹੀਂ ਜਾ ਰਿਹਾ। ਭਾਵੇਂ ਅਸੀਂ ਦਰਿਆਵਾਂ ਉੱਤੇ ਮਾਰੇ ਬੰਨ੍ਹਾਂ ਦੇ ਜਿੰਨੇ ਮਰਜੀ ਨਫੇ ਗਿਣ ਲਈਏ ਪਰ ਇਨ੍ਹਾਂ ਕਾਰਨ ਜੋ ਨੁਕਸਾਨ ਪੰਜਾਬ ਨੂੰ ਭੁਗਤਣੇ ਪੈਣਗੇ ਉਸ ਦੀ ਤਸਵੀਰ ਬਹੁਤ ਭਿਆਨਕ ਹੈ। ਪੰਜਾਬ ਕਿਸ ਪੱਧਰ ਦੀ ਤਬਾਹੀ ਵੱਲ ਵਧ ਰਿਹਾ ਹੈ? ਇਸ ਦਾ ਅੰਦਾਜਾ ਸੰਸਾਰ ਦੀ ਚੌਥੀ ਵੱਡੀ ਝੀਲ ‘ਅਰਾਲ’ ਦੇ 80 ਫੀਸਦੀ ਸੁੱਕ ਚੁੱਕੇ ਹਿੱਸੇ ਤੇ ਇਸ ਉਤੇ ਵਿਰਾਨ ਖੜ੍ਹੇ ਸਮੁੰਦਰੀ ਬੇੜਿਆਂ ਵੱਲੋਂ ਬਿਆਨੀ ਜਾ ਰਹੀ ਤਬਾਹੀ ਤੋਂ ਲਗਾਇਆ ਜਾ ਸਕਦਾ ਹੈ।
ਸਰਕਾਰਾਂ ਦਾ ਰੋਲ
ਸੂਬਾ ਅਤੇ ਕੇਂਦਰ ਸਰਕਾਰਾਂ ਵੀ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਗੰਭੀਰ ਹੋ ਰਹੀ ਹਾਲਤ ਲਈ ਸਿੱਧੇ ਤੌਰ ’ਤੇ ਜਿੰਮੇਵਾਰ ਹਨ। ਪੰਜਾਬ ਦੇ ਦਰਿਆਈ ਪਾਣੀ ਦਾ ਵੱਡਾ ਹਿੱਸਾ ਭਾਰਤੀ ਸੰਵਿਧਾਨ ਅਤੇ ਕੌਮਾਂਤਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੇਂਦਰ ਸਰਕਾਰ ਵੱਲੋਂ ਦੂਸਰੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ। ਪੰਜਾਬ ਭਾਰਤ ਦਾ ਇੱਕ ਅਜਿਹਾ ਸੂਬਾ ਹੈ ਜਿਸ ਦੇ ਕੁਦਰਤੀ ਸਾਧਨ ‘ਵੰਡ ਦੇ ਸਮੇਂ’ (1947) ਤੋਂ ਹੀ ਭੂਗੋਲ ਦੀਆਂ ਸਚਾਈਆਂ ਨੂੰ ਸਮਝੇ ਬਿਨਾਂ ਵਿਅਰਥ ਲੁਟਾਏ ਜਾ ਰਹੇ ਹਨ। ਕੇਂਦਰ ਸਰਕਾਰ ਦੀ ਆਪਣੀ ਪੜਤਾਲ ਮੁਤਾਬਿਕ ਪੰਜਾਬ ਤੋਂ ਰਾਜਸਥਾਨ ਨੂੰ ਜਾਂਦੀਆਂ ਨਹਿਰਾਂ ਦਾ ਅੱਧੋਂ ਵੱਧ ਪਾਣੀ ਭਾਫ ਬਣ ਕੇ ਉੱਡ ਰਿਹਾ ਹੈ। ਇਨ੍ਹਾਂ ਨਹਿਰਾਂ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਸੇਮ ਮਾਰੂ ਰੂਪ ਧਾਰ ਕੇ ਉਪਜਾਊ ਜਮੀਨ ਨੂੰ ਨੁਕਸਾਨ ਪਹੁੰਚਾ ਰਹੀ ਹੈ ਪਰ ਫਿਰ ਵੀ ਸਰਕਾਰ ਇਸ ਅਸਫਲ ਹੋ ਚੁੱਕੇ ਤਜਰਬੇ ਨੂੰ ਜਾਰੀ ਰੱਖਣ ਉੱਤੇ ਬਜਿਦ ਹੈ। ਜਿੰਨਾ ਪਾਣੀ ਇਸ ਨਹਿਰ ਕਾਰਨ ਖਰਾਬ ਹੋ ਰਿਹਾ ਹੈ ਓਨੇ ਪਾਣੀ ਵਿੱਚ ਪੰਜਾਬ ਵਿੱਚ ਫਸਲਾਂ ਦੇ ਅੰਬਾਰ ਪੈਦਾ ਕੀਤੇ ਜਾ ਸਕਦੇ ਹਨ।
ਪਿੱਛੇ ਜਿਹੇ ਪੰਜਾਬ ਸਰਕਾਰ ਨੇ ਅੰਦਾਜਾ ਲਗਾਇਆ ਹੈ ਕਿ 1947 ਤੋਂ ਰਾਜਸਥਾਨ ਨੂੰ ਮੁਫਤ ਦਿੱਤੇ ਰਹੇ ਪਾਣੀ ਦੀ ਕੀਮਤ ਡੇਢ ਲੱਖ ਕਰੋੜ ਰੁਪਏ ਬਣਦੀ ਹੈ। ਹਰਿਆਣਾ ਅਤੇ ਦਿੱਲੀ ਨੂੰ ਜਾ ਰਹੇ ਪਾਣੀ ਅਤੇ ਇਨ੍ਹਾਂ ਸੂਬਿਆਂ ਨੂੰ ਦਿੱਤੀ ਜਾ ਰਹੀ ਬਿਜਲੀ ਦੀ ਕੀਮਤ ਇਸ ਤੋਂ ਵੱਖਰੀ ਹੈ। ਇੰਝ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਦਰਿਆਈ ਪਾਣੀ ਦੂਸਰੇ ਸੂਬਿਆਂ ਨੂੰ ਦੇਣ ਦੀ ਜਿਦ ਨੇ ਪਾਣੀ ਕਿੱਲਤ ਨੂੰ ਜਨਮ ਦੇਣ ਦੇ ਨਾਲ-ਨਾਲ ਇਸ ਸੂਬੇ ਦੀ ਆਰਥਿਕਤਾ ਨੂੰ ਵੀ ਡੂੰਘੀ ਸੱਟ ਮਾਰੀ ਹੈ।
ਪਿੱਛੇ ਜਿਹੇ ਭਾਰਤ ਸਰਕਾਰ ਨੇ ਪੰਜਾਬ ਸਿਰ ਦੋਸ਼ ਮੜਿਆ ਹੈ ਕਿ ਪੰਜਾਬ ਵਿੱਚ ਜਮੀਨ ਹੇਠਲੇ ਪਾਣੀ ਦਾ ਪੱਤਣ ਡੂੰਘਾ ਹੋਣ ਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਵਿੱਚ ਜਮੀਨ ਹੇਠੋਂ ਪਾਣੀ ਕੱਢਣ ਵਾਲੇ ਖੂਹ (ਟਿਊਬਵੈਲ ਤੇ ਸਮਰਸੀਬਲ) ਭਾਰੀ ਗਿਣਤੀ ਵਿੱਚ ਹਨ। ਹੁਣ ਇਹ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਵਾਲੀ ਗੱਲ ਹੈ। ਪੰਜਾਬ ਵਿੱਚ ਕੇਂਦਰ ਦੀਆਂ ਹਿਦਾਇਤਾਂ ਮੁਤਾਬਿਕ ਪਾਣੀ ਦੀ ਵੱਧ ਖਪਤ ਵਾਲੀ ਫਸਲ ਝੋਨਾ ਬੀਜੀ ਜਾਂਦੀ ਹੈ, ਜਦੋਂਕਿ ਪੰਜਾਬ ਦਾ ਵਾਤਾਵਰਣ ਇਸ ਫਸਲ ਦੇ ਅਨੁਕੂਲ ਨਹੀਂ ਹੈ।ਝੋਨੇ ਦੀ ਖੇਤੀ ਕਰਨੀ ਤੇ ਇਸ ਲਈ ਜਮੀਨ ਹੇਠਲੇ ਪਾਣੀ ਦੀ ਵਰਤੋਂ ਕਰਨੀ ਪੰਜਾਬ ਦੀ ਮਜਬੂਰੀ ਹੈ, ਸ਼ੌਂਕ ਨਹੀਂ; ਕਿਉਂਕਿ ਸੂਬੇ ਦੇ ਦਰਿਆਈ ਪਾਣੀ ਕੇਂਦਰ ਦੇ ਕਬਜੇ ਵਿੱਚ ਹਨ ਅਤੇ ਫਸਲ ਵੀ ਉਹੀ ਵਿਕਦੀ ਹੈ ਜਿਹੜੀ ਕੇਂਦਰ ਦੀ ਸਰਕਾਰ ਚਾਹੁੰਦੀ ਹੈ।
ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਨੇ ਪੰਜਾਬ ਦੇ ਦਰਿਆਈ ਪਾਣੀਆਂ ਸਬੰਧੀ ਕਈ ਯਤਨ ਕੀਤੇ ਹਨ ਪਰ ਇਹ ਯਤਨ ਕਦੇ ਵੀ ਸਿਰੇ ਨਹੀਂ ਚੜ੍ਹ ਸਕੇ। ਹੁਣ ਵੀ ਭਾਵੇਂ ਪੰਜਾਬ ਦੀ ਮੌਜੂਦਾ ਸਰਕਾਰ ਨੇ ਦਰਿਆਈ ਪਾਣੀਆਂ ਦੀ ਇੱਕ ਵੀ ਬੂੰਦ ਬਾਹਰ ਨਾ ਜਾਣ ਦੇਣ ਦਾ ਅਹਿਦ ਮੁੜ ਦਹੁਰਿਆ ਹੈ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਸਰਕਾਰ ਦਾ ਮਿੱਥਿਆ ਸਮਾਂ ਖਤਮ ਹੁੰਦਾ ਜਾ ਰਿਹਾ ਹੈ ਪਰ ਇਸ ਨੇ “ਪੰਜਾਬ ਸਮਝੌਤਿਆਂ ਦਾ ਖਾਤਮਾ ਐਕਟ 2004” ਦੀ ਧਾਰਾ 5 ਨੂੰ ਖਤਮ ਕਰਨ ਲਈ ਹਾਲੀ ਤੀਕ ਕੋਈ ਕਦਮ ਨਹੀਂ ਪੁੱਟਿਆ। ਜਿਕਰਯੋਗ ਹੈ ਕਿ ਇਸ ਧਾਰਾ ਰਾਹੀਂ ਪੰਜਾਬ ਵਿਧਾਨ ਸਭਾ ਨੇ, ਮੌਜੂਦਾ ਸਮੇਂ ਰਾਜ ਕਰ ਰਹੀ ਧਿਰ ਸਮੇਤ, ਸਰਬਸੰਮਤੀ ਨਾਲ ਪੰਜਾਬ ਦਾ ਦਰਿਆਈ ਪਾਣੀ ਦੂਸਰੇ ਸੂਬਿਆਂ ਨੂੰ ਦੇਣਾ ਮੰਨ ਲਿਆ ਹੈ।
ਇੰਝ ਜਿੱਥੇ ਦਰਿਆਈ ਪਾਣੀ ਦੀ ਲੁੱਟ ਲਈ ਕੇਂਦਰ ਦੀ ਬਦਨੀਤੀ ਜਿੰਮੇਵਾਰ ਹੈ ਓਥੇ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਵੀ ਇਸ ਸੰਜੀਦਾ ਮਸਲੇ ਨੂੰ ਸਿਰਫ ਸੌੜੇ ਸਿਆਸੀ ਮੁਫਾਦਾਂ ਤੱਕ ਹੀ ਸੀਮਤ ਕਰ ਦਿੱਤਾ ਹੈ। ਇਸ ਦਾ ਅਫਸੋਸਜਨਕ ਪਹਿਲੂ ਇਹ ਹੈ ਕਿ ਸਰਕਾਰਾਂ ਤਾਂ ਪੰਜਾਬ ਨੂੰ ਬਰਬਾਦੀ ਵੱਲ ਲਿਜਾ ਹੀ ਰਹੀਆਂ ਹਨ ਪਰ ਇਸ ਦੇ ਲੋਕ ਵੀ ਸੂਬੇ ਨਾਲ ਹੋ ਰਹੀ ਸਰੀਹਣ ਧੱਕੇਸ਼ਾਹੀ ਵਿਰੁੱਧ ਲੜੇ ਗਏ ਸੰਘਰਸ਼ ਅਤੇ ਇਸ ਦੌਰਾਨ ਹੋਈਆਂ ਕੁਰਬਾਨੀਆਂ ਨੂੰ ਵਿਸਾਰ ਰਹੇ ਹਨ।
ਜਹਿਰੀਲਾ ਪਾਣੀ
ਪਾਣੀ ਦੇ ਦੂਸ਼ਿਤ ਹੋਣ ਦੇ ਵੱਡੇ ਕਾਰਨ ਕਾਰਖਾਨਿਆਂ ਤੇ ਸ਼ਹਿਰੀ ਪੰਚਾਇਤਾਂ ਵੱਲੋਂ ਪਾਣੀ ਦੇ ਸੋਮਿਆਂ ਵਿੱਚ ਮਿਲਾਈ ਜਾ ਰਹੀ ਜਹਿਰੀਲੀ ਗੰਦਗੀ ਹਨ। ਕਈ ਥਾਵਾਂ ਉੱਤੇ ਕਾਰਖਾਨਿਆਂ ਵਾਲੇ ਜਮੀਨ ਵਿੱਚ ਟੋਏ ਪੁੱਟ ਕੇ ਗੰਦੇ ਪਾਣੀ ਨੂੰ ਜਮੀਨੀ ਪਾਣੀ ਵਿੱਚ ਮਿਲਾ ਰਹੇ ਹਨ ਤੇ ਜਮੀਨ ਹੇਠਲਾ ਪਾਣੀ ਤੇਜੀ ਨਾਲ ਜਹਿਰੀਲਾ ਹੋ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਖੇਤੀ ਅਦਾਰਿਆਂ ਦੀ ਸਿਫਾਰਿਸ਼ ਉੱਤੇ ਖੇਤੀ ਲਈ ਵਰਤੇ ਜਾ ਰਹੇ ਜਹਿਰ ਵੀ ਪਾਣੀ ਦੇ ਸੋਮਿਆਂ ਨੂੰ ਜਹਿਰੀਲਾ ਕਰ ਰਹੇ ਹਨ। ਸਰਕਾਰਾਂ ਨਾ ਤਾਂ ਖੇਤੀ ਨੀਤੀ ਬਦਲ ਰਹੀਆਂ ਹਨ ਅਤੇ ਨਾ ਹੀ ਪ੍ਰਦੂਸ਼ਣ ਕਰਨ ਵਾਲੇ ਕਾਰਖਾਨਿਆਂ ਖਿਲਾਫ ਕੋਈ ਠੋਸ ਕਾਰਵਾਈ ਹੀ ਹੋ ਰਹੀ ਹੈ। ਖਰਾਬ ਪਾਣੀ ਕਾਰਨ ਪੰਜਾਬ ਦੇ ਲੋਕਾਂ ਦੀ ਸਿਹਤ ਉੱਤੇ ਮਾੜਾ ਅਸਰ ਪੈ ਰਿਹਾ ਹੈ।
ਕੀਤਾ ਕੀ ਜਾਵੇ ?
ਮਨੁੱਖ ਵੱਲੋਂ ਆਪ ਸਹੇੜੀਆਂ ਮੁਸੀਬਤਾਂ ਵਿੱਚੋਂ ਸ਼ਾਇਦ ਹੀ ਕੋਈ ਅਜਿਹੀ ਮੁਸੀਬਤ ਹੋਵੇ ਜਿਸ ਦਾ ਸਮਾਂ ਰਹਿੰਦਿਆਂ ਹੱਲ ਨਾ ਕੀਤਾ ਜਾ ਸਕੇ। ਪਰ ਜਦੋਂ ਕੋਈ ਮਸਲਾ ਗੰਭੀਰ ਰੂਪ ਧਾਰ ਲਵੇ ਤਾਂ ਇਸ ਨੂੰ ਹੱਲ ਕਰਨਾ ਇੰਨਾ ਸੁਖਾਲਾ ਨਹੀਂ ਹੁੰਦਾ। ਇਸਦੇ ਹੱਲ ਲਈ ਬਹੁਤੀ ਵਾਰ ਬੁਨਿਆਦੀ ਮਾਨਤਾਵਾਂ ਅਤੇ ਧਾਰਨਾਵਾਂ ਬਦਲਣੀਆਂ ਪੈਂਦੀਆਂ ਹਨ। ਪੰਜਾਬ ਵਿੱਚ ਸਾਫ ਪਾਣੀ ਦੀ ਕਿੱਲਤ ਦਾ ਕੋਈ ਸੁਖਾਲਾ ਜਿਹਾ ਹੱਲ ਨਹੀਂ ਸੁਝਾਇਆ ਜਾ ਸਕਦਾ, ਕਿਉਂਕਿ ਹਾਲਤ ਅਤਿ ਨਾਜੁਕ ਹੋਣ ਦੇ ਬਾਵਜੂਵ ਵੀ ਨਾ ਤਾਂ ਪੰਜਾਬ ਦੇ ਲੋਕਾਂ ਵਿੱਚ ਇਸ ਪ੍ਰਤੀ ਸੰਜੀਦਗੀ ਵਾਲੀ ਚੇਤਨਾ ਹੈ ਅਤੇ ਨਾ ਹੀ ਇਸ ਹਾਲਤ ਦੇ ਕਾਰਨਾਂ ਅਤੇ ਇਸ ਲਈ ਜਿੰਮੇਵਾਰ ਧਿਰਾਂ ਦੀ ਸਪਸ਼ਟ ਨਿਸ਼ਾਨਦੇਹੀ ਹੋ ਸਕੀ ਹੈ। ਇਹ ਮੁੱਦਾ ਜੀਵਨ ਹੋਂਦ ਨਾਲ ਜੁੜਿਆ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਆਮ ਆਦਮੀ ਦੇ ਸਰੋਕਾਰਾਂ ਦਾ ਹਿੱਸਾ ਨਹੀਂ ਬਣ ਸਕਿਆ।
ਪੰਜਾਬ ਵਿਚਲੇ ਸੰਕਟ ਦੇ ਹੱਲ ਲਈ ਇਹ ਜਰੂਰੀ ਹੈ ਕਿ ਇਸ ਖਿੱਤੇ ਦਾ ਹਰ ਵਸਨੀਕ ਪਾਣੀ ਦੀ ਥੁੜ ਤੇ ਇਸ ਦੇ ਨਤੀਜਿਆਂ ਬਾਰੇ ਜਾਗਰੂਕ ਹੋਵੇ। ਇਸ ਸਬੰਧੀ ਪੁਰਾਣੀਆਂ ਧਾਰਨਾਵਾਂ ਨੂੰ ਗਿਆਨ ਪਸਾਰੇ ਰਾਹੀਂ ਤੋੜਿਆ ਜਾਵੇ। ਇਹ ਜਾਨਣ ਦੀ ਲੋੜ ਹੈ ਕਿ ਵਿਗੜ ਰਹੀ ਹਾਲਤ ਲਈ ਦੋਸ਼ੀ ਅਗਿਆਨੀ ਲੋਕ ਜਾਂ ਮਜਬੂਰ ਕਿਸਾਨ ਨਹੀਂ ਹਨ, ਬਲਕਿ ਅਸਲ ਦੋਸ਼ੀ ਉਹ ਹਨ ਜੋ ਸਭ ਕੁਝ ਜਾਣਦਿਆਂ ਵੀ ਘੇਸਲ ਮਾਰੀ ਬੈਠੇ ਹਨ।
ਪਾਣੀ ਦੇ ਸਮੁੱਚੇ ਮਸਲੇ ਸਬੰਧੀ ਰਾਜਨੀਤਕ ਲੋਕਾਂ ਅਤੇ ਸਰਕਾਰਾਂ ਦੀ ਨੀਅਤ, ਇੱਛਾ ਤੇ ਸਮਰੱਥਾ ਬਾਰੇ ਤਾਂ ਲੋਕ ਜਾਣਦੇ ਹੀ ਹਨ, ਇਸ ਬਾਰੇ ਅਸੀਂ ਇੱਥੇ ਕੁਝ ਨਹੀਂ ਕਹਿਣਾ ਚਾਹੁੰਦੇ। ਇਹ ਸਮਝਣਾ ਜਰੂਰੀ ਹੈ ਕਿ ਇਹ ਮਸਲਾ ਸਿਰਫ ਰਾਜਨੀਤਕ ਨਹੀਂ ਹੈ। ਅੱਜ ਜਦੋਂ ਸੰਸਾਰ ਅੰਦਰ ਪਾਣੀ ਮੁੱਲ ਵਿਕ ਰਿਹਾ ਹੈ ਤੇ ਵੱਡੀਆਂ ਕੰਪਨੀਆਂ ਪਾਣੀ ਦੇ ਸੋਮਿਆਂ ਉੱਤੇ ਆਪਣੇ ਕਬਜੇ ਜਮਾ ਰਹੀਆਂ ਹਨ ਤਾਂ ਸਪਸ਼ਟ ਹੈ ਕਿ ਇਹ ਚੀੜ੍ਹੇ ਰੂਪ ਵਿੱਚ ਆਰਥਿਕਤਾ ਤੇ ਮੁਨਾਫਾਖੋਰੀ ਨਾਲ ਜੁੜਿਆ ਹੋਇਆ ਹੈ। ਜਦੋਂ ਅਸੀਂ ਪਾਣੀ ਦੀ ਦੁਰਵਰਤੋਂ ਦੀ ਗੱਲ ਕਰਦੇ ਹਾਂ ਤਾਂ ਇਹ ਮਸਲਾ ਮਨੁੱਖੀ ਮਾਨਸਿਕਤਾ ਨਾਲ ਜਾ ਜੁੜਦਾ ਹੈ। ਸਾਡੇ ਸਮਾਜ ਅੰਦਰ ਪਾਣੀ ਨੂੰ ਸੰਭਾਲਣ ਦੀ ਜਿੰਮੇਵਾਰ ਦਾ ਅਹਿਸਾਸ ਬਹੁਤ ਘੱਟ ਹੈ। ਪਾਣੀ ਦੀ ਭਾਰੀ ਕਿੱਲਤ ਵਾਲੇ ਮਾਨਸਾ, ਬਠਿੰਡਾ ਵਰਗੇ ਜਿਲ੍ਹਿਆਂ ਵਿੱਚ ਵੀ ਪਾਣੀ ਦੀਆਂ ਸਰਕਾਰੀ ਟੂਟੀਆਂ ਬਿਨਾਂ ਕਾਰਨ ਚਲਦੀਆਂ ਰਹਿੰਦੀਆਂ ਹਨ।
ਆਧੁਨਿਕ ਤਰਜੇ-ਜਿੰਦਗੀ ਅਪਨਾਉਣ ਨਾਲ ਬਹੁਤ ਜਿਆਦਾ ਪਾਣੀ ਜਾਇਆ ਹੁੰਦਾ ਹੈ। ਮਿਸਾਲ ਵੱਜੋਂ ਇਸ ਤਰਜ ਅਨੁਸਾਰ ਜਿਉਣ ਵਾਲੇ ਲੋਕ ਆਪਣੇ ਦੰਦ ਸਾਫ ਕਰਦੇ ਸਮੇਂ ਹੀ ਕਈ ਲੀਟਰ ਪਾਣੀ ਵਿਅਰਥ ਕਰ ਦਿੰਦੇ ਹਨ। ਬਾਕੀ ਵੱਡੇ ਕੰਮਾਂ ਵਿੱਚ ਕਿੰਨਾ ਪਾਣੀ ਖਰਾਬ ਕੀਤਾ ਜਾਂਦਾ ਹੋਵੇਗਾ, ਇਸ ਦਾ ਅੰਦਾਜਾ ਤੁਸੀਂ ਆਪ ਲਗਾ ਸਕਦੇ ਹੋ। ਇਸ ਲਈ ਸਾਨੂੰ ਆਪਣੀ ਤਰਜੇ-ਜਿੰਦਗੀ ਵਿੱਚ ਸੰਜਮ ਲਿਆ ਕੇ ਪਾਣੀ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ।
ਮੀਹਾਂ ਦੇ ਪਾਣੀ ਨੂੰ ਜਮੀਨਦੋਜ਼ ਕਰਕੇ ਜਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਕੁਝ ਹੱਦ ਤੱਕ ਸੁਧਾਰਿਆ ਜਾ ਸਕਦਾ ਹੈ। ਸਿੱਖਿਆ ਦੇ ਅਦਾਰਿਆਂ ਤੇ ਹੋਰ ਸਰਕਾਰੀ ਇਮਾਰਤਾਂ ਦੀਆਂ ਛੱਤਾਂ ਦੇ ਪਾਣੀ ਨੂੰ ਜਮੀਨਦੋਜ਼ ਕਰਕੇ ਇਸ ਨੂੰ ਇੱਕ ਪਹਿਲਕਦਮੀ ਵੱਜੋਂ ਉਭਾਰਨਾ ਚਾਹੀਦਾ ਹੈ ਤਾਂ ਕਿ ਆਮ ਲੋਕਾਂ ਵਿੱਚ ਚੇਤਨਾ ਆ ਸਕੇ। ਇਹ ਜਰੂਰੀ ਹੈ ਕਿ ਪਾਣੀ ਦੇ ਪ੍ਰਦੂਸ਼ਣ ਦੇ ਹਾਨੀਕਾਰਨ ਨਤੀਜਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਤੇ ਇਸ ਦੇ ਬਚਾਅ ਲਈ ਰਵਾਇਤੀ ਅਤੇ ਆਧੁਨਿਕ ਢੰਗ ਤਰੀਕੇ ਵਰਤੋਂ ਵਿੱਚ ਲਿਆਂਦੇ ਜਾਣ।
ਜਿੱਥੇ ਬਿਜਲੀ ਬਚਾਉਣ ਲਈ “ਊਰਜਾ ਬਚਾਓ, ਦੇਸ਼ ਬਣਾਓ” ਦੇ ਨਾਅਰੇ ਦਿੱਤੇ ਜਾ ਰਹੇ ਹਨ ਓਥੇ ਇਹ ਵੀ ਜਰੂਰੀ ਹੈ ਕਿ ਪਾਣੀ ਬਣਾਉਣ ਲਈ “ਪਾਣੀ ਬਚਾਓ, ਜੀਵਨ ਬਚਾਓ” ਦਾ ਨਾਅਰਾ ਪ੍ਰਚੱਲਤ ਕੀਤਾ ਜਾਵੇ ਤੇ ਇਸ ਦੀ ਅਹਿਮੀਅਤ ਨੂੰ ਸਮਝਿਆ ਜਾਵੇ। ਸਾਫ ਤੇ ਨਿਰਮਲ ਪਾਣੀ ਕੁਦਰਤ ਦੀ ਅਨਮੋਲ ਦਾਤ ਹੈ, ਇਸ ਨੂੰ ਆਪਣੇ ਲਈ ਅਤੇ ਆਉਣ ਵਾਲੀਆਂ ਪੀੜੀਆਂ ਲਈ ਸਾਂਭਣਾ ਸਾਰਿਆਂ ਦਾ ਫਰਜ ਹੈ।


ਇਹ ਕੈਸੀ ਰੁੱਤ ਆਈ.......... ਲੇਖ਼ / ਖੁਸ਼ਪ੍ਰੀਤ ਸਿੰਘ (ਆਸਟ੍ਰੇਲੀਆ)


ਕੀ ਅਸੀਂ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੇ ਹਾਂ?

ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਗਾਣੇ ''ਲੱਖ ਪਰਦੇਸੀ ਹੋਈਏ, ਆਪਣਾ ਦੇਸ਼ ਨੀ ਭੰਡੀਦਾ, ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨੀ ਮੰਗੀਦਾ..‘ ਦੀਆਂ ਸਤਰਾਂ ਭਾਰਤੀ ਲੋਕਾਂ ਖਾਸ ਕਰਕੇ ਪੰਜਾਬੀਆਂ ਦੇ ਸਰਬੱਤ ਦੇ ਭਲੇ ਬਾਰੇ ਸੁਭਾਅ ਨੂੰ ਉਜਾਗਰ ਕਰਦੀਆਂ ਹਨ। ਭਾਰਤੀ ਲੋਕ ਜਿਹੜੇ ਵੀ ਦੇਸ਼ ਵਿਚ ਗਏ, ਨਾ ਸਿਰਫ ਉਹਨਾਂ ਦੇਸ਼ਾਂ ਨੂੰ ਆਪਣਾ ਹੀ ਸਮਝਿਆ ਸਗੋਂ ਉਹਨਾਂ ਦੇਸ਼ਾਂ ਦੀ ਤਰੱਕੀ ਦੇ ਲਈ ਆਪਣਾ ਖੂਨ ਪਸੀਨਾ ਵਹਾਇਆ ਅਤੇ ਉਥੋਂ ਦੀ ਮਿੱਟੀ ਨੂੰ ਸੋਨੇ ਵਿਚ ਬਦਲ ਦਿੱਤਾ। ਦੁਨੀਆ ਦਾ ਕੋਈ ਵੀ ਦੇਸ਼ ਅਜਿਹਾ ਨਹੀਂ, ਜਿੱਥੇ ਭਾਰਤੀਆਂ ਦੇ ਮਿਹਨਤੀ ਹੱਥਾਂ ਨੇ ਆਪਣੀ ਕਰਾਮਾਤ ਨਾ ਦਿਖਾਈ ਹੋਵੇ। ਇਸ ਤਰ੍ਹਾਂ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੀ ਸਾਖ ਵਿਦੇਸ਼ਾਂ ਵਿਚ ਇਕ ਮਿਹਨਤੀ ਅਤੇ ਵਫ਼ਾਦਾਰ ਕੌਮ ਵਜੋਂ ਸਥਾਪਤ ਹੋਈ, ਪ੍ਰੰਤੂ ਕੁਝ ਸਮੇਂ ਦੌਰਾਨ ਆਸਟ੍ਰੇਲੀਆ ਵਿਚ ਰਹਿੰਦੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੇ ਪਦਾਰਥਵਾਦ ਦੀ ਅੰਨ੍ਹੀ ਦੌੜ ਵਿਚ ਸ਼ਾਮਲ ਹੋ ਕੇ ਅਜਿਹੇ ਕਾਰੇ ਕੀਤੇ ਹਨ, ਜਿਸ ਨਾਲ ਨਾ ਸਿਰਫ ਆਸਟ੍ਰੇਲੀਆ ਵਿਚ ਭਾਰਤੀ ਲੋਕਾਂ ਦੇ ਅਕਸ ਨੂੰ ਢਾਅ ਲੱਗੀ ਹੈ, ਸਗੋਂ ਭਾਰਤ ਸਰਕਾਰ ਤੇ ਆਸਟ੍ਰੇਲੀਆ ਸਰਕਾਰ ਦੇ ਆਪਸੀ ਸੰਬੰਧਾਂ ਵਿਚ ਕੁੜੱਤਣ ਪੈਦਾ ਹੋ ਗਈ। ਭਾਵੇਂ ਪਹਿਲਾਂ ਸਾਡੇ ਪੰਜਾਬੀ ਐਨ. ਆਰ.ਆਈਜ਼ ਨੇ ਭਾਰਤ ਵਿਚ ਕਈ-ਕਈ ਕੁੜੀਆਂ ਨਾਲ ਵਿਆਹ ਕਰਵਾਉਣ ਅਤੇ ਪੈਸਾ ਕਮਾਉਣ ਲਈ ਕਬੂਤਰਬਾਜ਼ੀ ਦੇ ਜਾਇਜ਼-ਨਜਾਇਜ਼ ਕਿੱਸੇ ਪਹਿਲਾਂ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਰਹੇ ਹਨ। ਪ੍ਰੰਤੂ ਪਿਛਲੇ ਦਿਨਾਂ ਦੌਰਾਨ ਆਸਟ੍ਰੇਲੀਆ ਵਿਚ ਨਿਰੰਤਰ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਵਿਚ ਜਿਸ ਤਰ੍ਹਾਂ ਹਿੰਦੁਸਤਾਨੀਆਂ ਖਾਸ ਕਰਕੇ ਪੰਜਾਬੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਉਸ ਨਾਲ ਸਾਡੇ ਦੇਸ਼ ਦੇ ਲੋਕਾਂ ਨੇ ਇਖਲਾਕੀ ਗਿਰਾਵਟ ਦੀਆਂ ਨੀਵਾਣਾਂ ਦੇ ਸਾਰੇ ਹੱਦ ਬੰਨ੍ਹੇ ਪਾਰ ਕਰ ਦਿੱਤੇ ਹਨ। ਇਸ ਤਰ੍ਹਾਂ ਸਾਡੇ ਦੇਸ਼ ਦੇ ਲੋਕ ਖਾਸ ਕਰਕੇ ਸਾਡੇ ਪੰਜਾਬੀ ਇੱਥੇ ਆ ਕੇ ''ਭਰਾ ਮਾਰੂ ਜੰਗ‘‘ ਵਿਚ ਉਲਝੇ ਹੋਏ ਹਨ। ਇਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਆਸਟ੍ਰੇਲੀਆ ਵਿਚ ਵੱਸਦੇ ਭਾਰਤੀਆਂ ਦੇ ਇਤਿਹਾਸ ਦਾ ਇਹ ਸਭ ਤੋਂ ਕਾਲਾ ਦੌਰ ਸਾਬਤ ਹੋ ਰਿਹਾ ਹੈ।
ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਆਸਟ੍ਰੇਲੀਆ ਇਕ ਮਲਟੀ-ਕਲਚਰਲ ਦੇਸ਼ ਹੈ, ਜਿੱਥੇ ਵੱਖੋ-ਵੱਖ ਮੁਲਕਾਂ ਤੋਂ ਆ ਕੇ ਲੋਕ ਵੱਸੇ ਹੋਏ ਹਨ। ਪੂਰੇ ਵਿਸ਼ਵ ਵਿਚ ਆਸਟ੍ਰੇਲੀਆ ਦੀ ਗਿਣਤੀ ਸ਼ਾਂਤ ਮੁਲਕ ਵਜੋਂ ਕੀਤੀ ਜਾਂਦੀ ਹੈ, ਜਿਸ ਕਾਰਨ ਹਰ ਕੋਈ ਇੱਥੇ ਆ ਕੇ ਰਹਿਣ ਨੂੰ ਤਰਜੀਹ ਦਿੰਦਾ ਹੈ। ਅੱਜ ਤੋਂ ਅੱਠ ਸਾਲ ਪਹਿਲਾਂ ਆਸਟ੍ਰੇਲੀਆ ਵਿਚ ਭਾਰਤੀਆਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਸੀ, ਪ੍ਰੰਤੂ ਜਿਉਂ ਹੀ ਆਸਟ੍ਰੇਲੀਆ ਸਰਕਾਰ ਨੇ ਵਿਦਿਆਰਥੀ ਵੀਜ਼ਾ ਸ਼ਰਤਾਂ ਨਰਮ ਕੀਤੀਆਂ ਤਾਂ ਭਾਰਤੀ ਨੌਜਵਾਨ ਮੁੰਡੇ, ਕੁੜੀਆਂ ਦਾ ਇਕ ਤਰ੍ਹਾਂ ਨਾਲ ਹੜ੍ਹ ਹੀ ਆ ਗਿਆ। ਭਾਰਤੀ ਵਿਦਿਆਰਥੀਆਂ ਦੀ ਆਮਦ ਨਾਲ ਜਿੱਥੇ ਆਸਟ੍ਰੇਲੀਆ ਦੀ ਆਰਥਿਕ ਸਥਿਤੀ ਨੂੰ ਬਲ ਮਿਲਿਆ, ਉਥੇ ਹੀ ਕਾਰੋਬਾਰੀ ਸਥਿਤੀ ਵੀ ਮਜ਼ਬੂਤ ਹੋਈ। ਇਹ ਵੀ ਜੱਗ ਜ਼ਾਹਿਰ ਹੈ ਕਿ ਭਾਰਤੀ ਜਿੱਥੇ ਵੀ ਜਾਂਦੇ ਹਨ, ਆਪਣੀ ਵੱਖਰੀ ਪਛਾਣ ਬਣਾ ਲੈਂਦੇ ਹਨ ਅਤੇ ਇਹੋ ਕਾਰਨ ਸੀ ਕਿ ਆਸਟ੍ਰੇਲੀਆ ਦੇ ਹਰੇਕ ਕਾਰੋਬਾਰ ਵਿਚ ਭਾਰਤੀਆਂ ਦੀ ਸ਼ਮੂਲੀਅਤ ਵਧਣ ਲੱਗੀ ਤੇ ਮਿਹਨਤੀ ਸੁਭਾਅ ਕਾਰਨ ਹਰ ਕਿਤੇ ਭਾਰਤੀਆਂ ਨੂੰ ਵਧੀਆ ਮਾਣ ਸਨਮਾਨ ਮਿਲਿਆ। ਸਮੇਂ ਦੇ ਚਲਦਿਆਂ ਜਿੱਥੇ ਭਾਰਤੀ ਮਿਹਨਤੀ ਸੁਭਾਅ ਕਰਕੇ ਹਰਮਨ ਪਿਆਰੇ ਹੋ ਗਏ, ਸਮੇਂ ਦੇ ਚਲਦਿਆਂ ਭਾਰਤੀਆਂ ਉਪਰ ਹਮਲਿਆਂ ਦਾ ਦੌਰ ਸ਼ੁਰੂ ਹੋਇਆ, ਅਤੇ ਇਹਨਾਂ ਹਮਲਿਆਂ ਨੂੰ ਨਸਲੀ ਹਮਲੇ ਕਰਾਰ ਦਿੱਤਾ ਗਿਆ ਤੇ ਕਾਫ਼ੀ ਹੱਦ ਤੱਕ ਇਹ ਗੱਲਾਂ ਸਹੀ ਵੀ ਸਾਬਤ ਹੋਈਆਂ ਤੇ ਸਰਕਾਰ ਤੇ ਨੁਮਾਇੰਦਿਆਂ ਨੇ ਇਹ ਗੱਲ ਮੰਨੀ ਕਿ ਭਾਰਤੀਆਂ ਉਪਰ ਹੋਏ ਹਮਲੇ ਨਸਲੀ ਹਨ। ਜਿਸ ਕਾਰਨ ਆਸਟ੍ਰੇਲੀਆ ਦੇ ਲੋਕਾਂ ਦੀ ਭਾਰਤੀਆਂ ਪ੍ਰਤੀ ਹਮਦਰਦੀ ਵਧਣ ਲੱਗੀ ਅਤੇ ਭਾਰਤੀ ਮੀਡੀਏ ਨੇ ਆਸਟ੍ਰੇਲੀਆ ਸਰਕਾਰ ਨੂੰ ਦੋਵੇਂ ਹੱਥੋਂ ਲਿਆ। ਅਖ਼ਬਾਰਾਂ ਵਿਚ ਵੱਡੀਆਂ-ਵੱਡੀਆਂ ਖ਼ਬਰਾਂ ਛਾਪ ਕੇ ਚੈਨਲਾਂ ਵਿਚ ਖੌਫ਼ਨਾਕ ਤਰੀਕੇ ਨਾਲ ਖ਼ਬਰਾਂ ਦਿਖਾ ਕੇ ਆਸਟ੍ਰੇਲੀਆਈ ਲੋਕਾਂ ਨੂੰ ਹਿੰਸਕ ਸਾਬਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਸਿੱਟੇ ਵਜੋਂ ਭਾਰਤੀ ਵਿਦਿਆਰਥੀਆਂ ਨੇ ਰੋਸ ਰੈਲੀਆਂ ਕੱਢੀਆਂ ਤੇ ਇਹਨਾਂ ਰੈਲੀਆਂ ਦੌਰਾਨ ਭੰਨ-ਤੋੜ ਵਰਗੀਆਂ ਹਿੰਸਕ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ। ਕੋਈ ਵੀ ਸ਼ਾਂਤ ਮੁਲਕ ਦੇ ਵਾਸੀ ਇਹ ਕਦੀ ਵੀ ਨਹੀਂ ਚਾਹੁੰਣਗੇ ਕਿ ਉਹਨਾਂ ਦੇ ਦੇਸ਼ ਵਿਚ ਕੋਈ ਬਾਹਰੀ ਲੋਕ ਆ ਕੇ ਹਿੰਸਕ ਕਾਰਵਾਈਆਂ ਨੂੰ ਅੰਜ਼ਾਮ ਦੇਣ ਤੇ ਉਹਨਾਂ ਦੀ ਸ਼ਾਂਤੀ ਭੰਗ ਹੋਵੇ। ਸਮੇਂ ਦੇ ਨਾਲ ਆਸਟ੍ਰੇਲੀਆਈ ਲੋਕ ਭਾਰਤੀਆਂ ਤੋਂ ਕਿਨਾਰਾ ਕਰਨ ਲੱਗ ਪਏ ਜੋ ਕਿ ਭਾਰਤੀਆਂ ਦੇ ਅਕਸ ਲਈ ਇਕ ਸ਼ਰਮ ਵਾਲੀ ਗੱਲ ਸੀ। ਖ਼ਬਰਾਂ ਦਾ ਪਿੜ ਇਕ ਵਾਰ ਭਖਿਆ ਜਦੋਂ ਇਕ ਸੜੀ ਹੋਈ ਲਾਸ਼ ਪੁਲਿਸ ਨੂੰ ਗ੍ਰਿਫਥ ਵਿਖੇ ਮਿਲੀ। ਭਾਰਤੀਆਂ ਵਿਚ ਫਿਰ ਰੋਸ ਦੀ ਲਹਿਰ ਦੌੜ ਗਈ ਤੇ ਇਸਨੂੰ ਨਸਲੀ ਹਮਲਾ ਕਰਾਰ ਦਿੱਤਾ ਗਿਆ, ਪ੍ਰੰਤੂ ਆਸਟ੍ਰੇਲੀਆ ਸਰਕਾਰ ਦੇ ਭਾਰਤੀਆਂ ਦੇ ਕੇਸਾਂ ਨੂੰ ਗੰਭੀਰਤਾ ਲੈਣ ਕਾਰਨ ਜਦੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਤਾਂ ਸਾਡੇ ਆਪਣਿਆਂ ਵੱਲੋਂ ਕੀਤੀਆਂ ਹਰਕਤਾਂ ਨਾਲ ਸਾਰੇ ਭਾਰਤੀ ਭਾਈਚਾਰੇ ਨੂੰ ਸ਼ਰਮਸਾਰ ਹੋਣਾ ਪਿਆ ਕਿਉਂਕਿ ਦੋਸ਼ੀ ਖੁਦ ਸਾਡੇ ਆਪਣੇ ਸਨ। ਉਸ ਤੋਂ ਬਾਅਦ ਉਪਰੋ ਥਲੀ ਕਤਲਾਂ ਦਾ ਸਿਲਸਿਲਾ ਸ਼ੁਰੂ ਹੋਇਆ, ਜਿਸ ਵਿਚ ਨਿਤਿਨ ਗਰਗ ਜਿਸ ਦੇ ਕਤਲ ਦੇ ਕੇਸ ਦੀ ਜਾਂਚ ਚੱਲ ਰਹੀ ਹੈ, ਉਸ ਤੋਂ ਬਾਅਦ ਪਰਥ ਵਿਚ ਕਤਲ ਕੀਤੇ ਦੋ ਸਕੇ ਭਰਾਵਾਂ ਦਾ ਕਤਲ, ਉਹਨਾਂ ਦੇ ਦੋਸਤ ਨੇ ਹੀ ਕੀਤਾ। ਉਸ ਤੋਂ ਬਾਅਦ ਜੋ ਸਭ ਤੋਂ ਦਿਲ ਕੰਬਾਊ ਘਟਨਾ, ਜਿਸਨੇ ਕਿ ਸਭ ਨੂੰ ਸ਼ਰਮ ਲਈ ਮਜਬੂਰ ਕਰ ਦਿੱਤਾ ਕਿ ਕੋਈ ਇੰਨੀ ਗਿਰੀ ਹੋਈ ਹਰਕਤ ਕਰਨ ਲਈ ਕਿੱਥੇ ਤੱਕ ਜਾ ਸਕਦਾ ਹੈ। ਛੋਟੇ ਬੱਚੇ ਗੁਰਸ਼ਾਨ ਦੇ ਕਤਲ ਵਿਚ ਵੀ ਉਹਨਾਂ ਦੇ ਪਰਿਵਾਰ ਦੇ ਨਜ਼ਦੀਕੀ ਦੀ ਸ਼ਮੂਲੀਅਤ ਨੇ ਭਾਰਤੀ ਭਾਈਚਾਰੇ ਨੂੰ ਪਾਣੀ-ਪਾਣੀ ਕਰ ਦਿੱਤਾ ਤੇ ਕਿਸੇ ਅੱਗੇ ਬੋਲਣ ਜੋਗਾ ਨਹੀਂ ਛੱਡਿਆ। ਭਾਵੇਂ ਇਨ੍ਹਾਂ ਕਤਲਾਂ ਪਿੱਛੇ ਕਾਰਨ ਕੋਈ ਵੀ ਸੀ ਪਰ ਇਸ ਕਾਰਨ ਇਨ੍ਹਾਂ ਦੇ ਪਰਿਵਾਰਾਂ ਨੂੰ ਤਾਂ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਹੀ ਪੂਰਾ ਭਾਰਤੀ ਭਾਈਚਾਰਾ ਆਪਣੇ ਆਪ ਨੂੰ ਹੀਣਾ ਮਹਿਸੂਸ ਕਰ ਰਿਹਾ ਹੈ। ਕੁਝ ਲੋਕਾਂ ਦੀ ਕਰਨੀ ਦੇ ਕਾਰਨ ਭੁਗਤਣੀ ਸਾਰਿਆਂ ਨੂੰ ਪੈ ਸਕਦੀ ਹੈ। ਇਨ੍ਹਾਂ ਸਾਰਿਆਂ ਕੇਸਾਂ ਵਿਚ ਜਿੱਥੇ ਦੋਵੇਂ ਦੇਸ਼ਾਂ ਦੇ ਵਕਾਰ ਦਾਅ ‘ਤੇ ਲੱਗੇ ਹੋਏ ਸਨ, ਉਥੇ ਭਾਰਤੀ ਮੀਡੀਆ ਹੁਣ ਕੁਝ ਨਹੀਂ ਸੀ ਬੋਲ ਰਿਹਾ। ਹੋਰ ਤਾਂ ਹੋਰ ਇੰਨਾ ਕੁਝ ਹੋਣ ਦੇ ਬਾਵਜੂਦ ਤੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਲੋਕ ਦਿਲ ਖੋਲ੍ਹ ਕੇ ਅਜਿਹੇ ਕੰਮਾਂ ਨੂੰ ਅੰਜ਼ਾਮ ਦੇ ਰਹੇ ਹਨ, ਜਿਵੇਂ ਕਿ ਪਿਛਲੇ ਦਿਨੀਂ ਇਕ ਭਾਰਤੀ ਨੌਜਵਾਨ ਵੱਲੋਂ ਚੰਦ ਕੁ ਡਾਲਰਾਂ ਦੇ ਲਾਲਚ ਵਿਚ ਜਿੱਥੇ ਪਹਿਲਾਂ ਆਪਣੀ ਕਾਰ ਨੂੰ ਅੱਗ ਲਗਾਈ ਤੇ ਆਪਣੇ ਆਪ ਨੂੰ ਅੱਗ ਲਗਾਈ ਤਾਂ ਕਿ ਮਾਮਲਾ ਪੂਰੀ ਤਰ੍ਹਾਂ ਨਸਲੀ ਵਿਖਾਇਆ ਜਾ ਸਕੇ। ਪ੍ਰੰਤੂ ਵਿਕਟੋਰੀਆ ਪੁਲਿਸ ਦੀ ਸੂਝ-ਬੂਝ ਨੇ ਜਿਸ ਤਰ੍ਹਾਂ ਇਸ ਕੇਸ ਨੂੰ ਖੋਲ੍ਹ ਕੇ ਸਾਹਮਣੇ ਰੱਖਿਆ ਤਾਂ ਭਾਰਤੀ ਖਾਸ ਕਰਕੇ ਪੰਜਾਬੀਆਂ ਤੋਂ ਸਭ ਦਾ ਵਿਸ਼ਵਾਸ ਹੀ ਜਾਂਦਾ ਰਿਹਾ। ਅੱਜ ਆਲਮ ਇਹ ਹੈ ਕਿ ਸਾਡੇ ਲੋਕ ਭਾਰਤ ਵਿਚੋਂ ਇੱਥੇ ਆ ਕੇ ਇੱਥੋਂ ਦੇ ਕਾਨੂੰਨਾਂ ਮੁਤਾਬਕ ਰਹਿਣਾ ਪਸੰਦ ਨਹੀਂ ਕਰਦੇ। ਮੰਨਿਆ ਕਿ ਇੱਥੋਂ ਦਾ ਕਾਨੂੰਨ ਸਖ਼ਤ ਨਹੀਂ ਹੈ ਪਰ ਇਹ ਮਾਰ ਕਿਸੇ ਹੋਰ ਪਾਸਿਉਂ ਵੀ ਪੈ ਸਕਦੀ ਹੈ। ਅੱਜਕਲ੍ਹ ਭਾਰਤੀ ਭਾਈਚਾਰੇ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਖਾਸ ਕਰਕੇ ਜੋ ਪੰਜਾਬੀਆਂ ਵੱਲੋਂ ਕਰਵਾਏ ਜਾਂਦੇ ਹਨ, ਬਹੁਤ ਹੀ ਘੱਟ ਨੇਪਰੇ ਚੜ੍ਹਦੇ ਹਨ। ਅਕਸਰ ਸਮਾਗਮਾਂ ਵਿਚ ਲੜਾਈਆਂ ਦੇਖਣ ਨੂੰ ਮਿਲਦੀਆਂ ਹਨ। ਕੋਈ ਵੀ ਪਰਿਵਾਰ ਵਾਲਾ ਬੰਦਾ ਆਪਣੇ ਪਰਿਵਾਰ ਨਾਲ ਕੋਈ ਫਿਲਮ ਜਾਂ ਸਭਿਆਚਾਰਕ ਮੇਲਾ ਦੇਖਣ ਤੋਂ ਕਤਰਾਉਂਦਾ ਹੈ। ਨਵੇਂ ਸਾਲ ਦੇ ਜਸ਼ਨਾਂ ਮੌਕੇ ਜਿੱਥੇ ਇੱਥੋਂ ਦੇ ਲੋਕਾਂ ਵੱਲੋਂ ਇਹ ਜਸ਼ਨ ਵਧੀਆ ਤਰੀਕੇ ਨਾਲ ਮਨਾਏ ਜਾਂਦੇ ਹਨ, ਉਥੇ ਹੀ ਸਾਡੇ ਬਹੁਤੇ ਨੌਜਵਾਨ ਸ਼ਰਾਬਾਂ ਪੀ ਕੇ ਇਹਨਾਂ ਜਸ਼ਨਾਂ ਵਿਚ ਰੰਗ ਵਿਚ ਭੰਗ ਪਾਉਂਦੇ ਅਕਸਰ ਦੇਖੇ ਜਾਂਦੇ ਹਨ। ਟਰੇਨਾਂ ਤੇ ਟਰਾਮਾਂ ਵਿਚ ਉਚੀ-ਉਚੀ ਆਵਾਜ਼ ਵਿਚ ਗਾਣੇ ਸੁਣਨਾ ਤੇ ਆਪਣੇ ਦੇਸ਼ ਦੀਆਂ ਕੁੜੀਆਂ ਨੂੰ ਹੀ ਫਬਤੀਆਂ ਕੱਸਣਾ, ਇਹੋ ਜਿਹੇ ਵਰਤਾਰੇ ਸਾਨੂੰ ਅੱਗੇ ਲੈ ਕੇ ਜਾਣ ਦੀ ਬਜਾਏ ਪਿੱਛੇ ਲੈ ਕੇ ਜਾ ਰਹੇ ਹਨ। ਅੱਜ ਸਾਡੇ ਭਾਰਤੀਆਂ ਦਾ ਅਕਸ ਇੱਥੇ ਇੰਨਾ ਵਿਗੜ ਚੁੱਕਾ ਹੈ ਕਿ ਕੋਈ ਵੀ ਬੈਂਕ ਭਾਰਤੀ ਨੂੰ ਕ੍ਰੈਡਿਟ ਕਾਰਡ ਦੇਣ ਸਮੇਂ ਤੇ ਲੋਨ ਲੈਣ ਸਮੇਂ ਸੌ-ਸੌ ਸੁਆਲ ਪੁੱਛਦਾ ਹੈ ਤੇ ਫਿਰ ਕਿਤੇ ਜਾ ਕੇ ਕੰਮ ਬਣਦਾ ਹੈ, ਕਿਉਂਕਿ ਸਾਡੇ ਲੋਕਾਂ ਨੇ ਇੱਥੋਂ ਦੀਆਂ ਸਹੂਲਤਾਂ ਦਾ ਨਾਜਾਇਜ਼ ਫਾਇਦਾ ਉਠਾ ਕੇ ਇਹਨਾਂ ਲੋਕਾਂ ਨੂੰ ਭਾਰਤੀਆਂ ਪ੍ਰਤੀ ਆਪਣੇ ਨਿਯਮ ਬਦਲਣ ਲਈ ਮਜਬੂਰ ਕਰ ਦਿੱਤਾ ਹੈ।
ਅੱਜ ਦੇ ਸਮੇਂ ਵਿਚ ਭਾਰਤ ਵਿਚ ਵੱਡੀਆਂ-ਵੱਡੀਆਂ ਡਿਗਰੀਆਂ ਕਰਕੇ ਵੀ ਨੌਕਰੀਆਂ ਨਹੀਂ ਮਿਲ ਰਹੀਆਂ। ਇੱਥੇ ਆ ਕੇ ਲੱਖਾਂ ਰੁਪਏ ਖਰਚ ਕੇ ਹਰ ਕੋਈ ਆਪਣਾ ਚੰਗਾ ਭਵਿੱਖ ਸਿਰਜਣ ਲਈ ਪਹੁੰਚਿਆ ਹੈ, ਪ੍ਰੰਤੂ ਕੁਝ ਕੁ ਮੁੱਠੀ ਭਰ ਲੋਕਾਂ ਦੀਆਂ ਮਾੜੀਆਂ ਹਰਕਤਾਂ ਕਰਨ ਕਰਕੇ ਸਵਾਲੀਆ ਨਿਸ਼ਾਨ ਸਾਰਿਆਂ ਦੇ ਭਵਿੱਖ ‘ਤੇ ਲੱਗਣ ਲਈ ਤਿਆਰ ਖੜ੍ਹਾ ਹੈ। ਵੀਜ਼ਾ ਨਿਯਮਾਂ ਵਿਚ ਨਿੱਤ ਹੋ ਰਹੀਆਂ ਤਬਦੀਲੀਆਂ ਨੇ ਵਿਦਿਆਰਥੀ ਵਰਗ ਨੂੰ ਪ੍ਰੇਸ਼ਾਨੀ ਦੇ ਰਾਹ ਪਾ ਦਿੱਤਾ ਹੈ ਅਤੇ ਹਰ ਕਿਸੇ ਨੂੰ ਆਪਣਾ ਭਵਿੱਖ ਡੁੱਬਦਾ ਨਜ਼ਰ ਆ ਰਿਹਾ ਹੈ।
ਉਪਰੋਕਤ ਚਰਚਾ ਦੇ ਆਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਅਸੀਂ ਅਜੇ ਵੀ ਨਾ ਸੰਭਲੇ ਅਤੇ ਆਪਣੀਆਂ ਆਪਹੁਦਰੀਆਂ ਤੇ ਰੋਕ ਨਾ ਲਗਾਈ ਤਾਂ ਉਹ ਦਿਨ ਦੂਰ ਨਹੀਂ, ਜਦੋਂ ਵਿਦੇਸ਼ੀ ਧਰਤੀਆਂ, ਜਿੱਥੋਂ ਦੇ ਡਾਲਰਾਂ ਦੀ ਚਮਕ ਦਮਕ ਹਰ ਸਮੇਂ ਸਾਡੇ ਲੋਕਾਂ ਦੀਆਂ ਅੱਖਾਂ ਚੁੰਧਿਆਉਂਦੀ ਹੈ, ਉਹ ਹਮੇਸ਼ਾ ਹਮੇਸ਼ਾ ਲਈ ਆਪਣੇ ਦਰਵਾਜ਼ੇ ਸਾਡੇ ਲਈ ਬੰਦ
ਕਰ ਲੈਣਗੀਆਂ।
ਸਾਡੀਆਂ ਕੀਤੀਆਂ ਹੋਈਆਂ ਗਲਤੀਆਂ ਨਾ ਸਗੋਂ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਭੁਗਤਣੀਆਂ ਪੈਣਗੀਆਂ ਬਲਕਿ ਸਾਡੇ ਬਜ਼ੁਰਗਾਂ ਦੀਆਂ ਕੀਤੀਆਂ ਹੋਈਆਂ ਘਾਲਣਾਵਾਂ ਵੀ ਅਜਾਈਂ ਚਲੀਆਂ ਜਾਣਗੀਆਂ ਤੇ ਸਾਡੀਆਂ ਇਨ੍ਹਾਂ ਗਲਤੀਆਂ ਲਈ ਇਤਿਹਾਸ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ।
''ਐਸੇ ਦੌਰ ਵੀ ਦੇਖੇ ਹੈਂ, ਤਾਰੀਖ ਕੇ ਪੰਨੋਂ ਮੇਂ
ਲਮਹੋਂ ਨੇ ਖਤਾ ਕੀ ਔਰ ਸਦੀਔਂ ਨੇ
ਖ਼ਤਾ ਪਾਈ।‘‘

****

3 ਗ਼ਜ਼ਲਾਂ.......... ਗ਼ਜ਼ਲ / ਰਾਜਿੰਦਰਜੀਤ

ਗ਼ਜ਼ਲ 1
ਨ੍ਹੇਰ ਦੇ ਸੁੰਨੇ ਪਲਾਂ ਵਿੱਚ ਭਟਕਦੇ 'ਕੱਲੇ ਅਸੀਂ
ਭਾਲ਼ਦੇ ਪੂਰਬ ਨੂੰ ਖ਼ੁਦ ਹੀ ਅਸਤ ਹੋ ਚੱਲੇ ਅਸੀਂ।
ਧੁੱਪ ਚੜ੍ਹ ਆਈ ਤਾਂ ਇਹਨਾਂ ਨੂੰ ਹਾਂ ਸਿਰ 'ਤੇ ਲੋਚਦੇ
ਰੱਖਿਆ ਛਾਂਵਾਂ ਨੂੰ ਹੁਣ ਤੱਕ ਠੋਕਰਾਂ ਥੱਲੇ ਅਸੀਂ ।
ਜੋ ਲਿਖੇ ਸਨ ਖ਼ੁਸ਼ਕੀਆਂ ਦੇ ਨਾਲ,ਪਰਤੇ ਖੁਸ਼ਕ ਹੀ
ਬੱਦਲ਼ਾਂ ਦੇ ਦੇਸ਼ ਨੂੰ ਜਿੰਨੇ ਵੀ ਖ਼ਤ ਘੱਲੇ ਅਸੀਂ ।
ਰਾਤ ਸਾਰੀ ਤਾਰਿਆਂ ਦੇ ਵੱਲ ਰਹਿੰਦੇ ਝਾਕਦੇ
ਰੌਸ਼ਨੀ ਦੀ ਭਾਲ਼ ਅੰਦਰ ਹੋ ਗਏ ਝੱਲੇ ਅਸੀਂ ।
ਤਾਂ ਹੀ ਸ਼ਾਇਦ ਹੈ ਸਲੀਕਾ,ਸੁਰ ਵੀ ਹੈ ਤੇ ਹੈ ਮਿਠਾਸ
ਬੰਸਰੀ ਵਾਂਗਰ ਗਏ ਕਿੰਨੀ ਦਫ਼ਾ ਸੱਲੇ ਅਸੀਂ ।

ਗਜ਼ਲ 2 / ਰਾਜਿੰਦਰਜੀਤ
ਸਭ ਮਹਿਲ ਉਮੀਦਾਂ ਦੇ ਢੂੰਢਣ ਆਧਾਰ ਨਵੇ
ਅਜ਼ਲਾਂ ਦੇ ਤੁਰਿਆਂ ਨੂੰ, ਰਸਤੇ ਦਰਕਾਰ ਨਵੇਂ।
ਭੇਜੇ ਸਨ ਬ਼ਾਗ਼ਾਂ ਨੂੰ, ਜੋ ਮਹਿਕਾਂ ਲੈਣ ਲਈ
ਕੁਝ ਨਾਅਰੇ ਲੈ ਆਏ, ਤੇ ਕੁਝ ਹਥਿਆਰ ਨਵੇਂ।
ਨਿੱਤ ਗਿਣਤੀ ਭੁਲਦਾਂ ਹਾਂ, ਮੈਂ ਤਾਰੇ ਗਿਣ-ਗਿਣ ਕੇ
ਪਹਿਲਾਂ ਦੇ ਡੁੱਬਦੇ ਨਾ, ਚੜ੍ਹਦੇ ਦੋ-ਚਾਰ ਨਵੇਂ।
ਟੁੱਟਦੀ ਹੈ ਕਲਮ ਕਿਤੇ, ਜਾਂ ਵਰਕੇ ਫਟਦੇ ਨੇਂ
ਨਿਸਦਿਨ ਹੀ ਕਵਿਤਾ ‘ਤੇ ਪੈਂਦੇ ਨੇ ਭਾਰ ਨਵੇਂ।
ਕੁਝ ਮੋਏ-ਮੁਕਰੇ ਪਲ, ਕਬਰਾਂ ਵਿੱਚ ਉੱਤਰੇ ਪਲ
ਰਾਹਾਂ ਵਿੱਚ ਮਿਲਦੇ ਨੇ, ਬਣਕੇ ਹਰ ਵਾਰ ਨਵੇਂ।
ਹੁਣ ਅਗਨੀ ਬੈਠੇਗੀ, ਫੁੱਲਾਂ ਦੀ ਰਾਖੀ ਨੂੰ
ਏਦਾਂ ਕੁਝ ਲਗਦੇ ਨੇ ਬਣਦੇ ਆਸਾਰ ਨਵੇ

ਗਜ਼ਲ 3 / ਰਾਜਿੰਦਰਜੀਤ
ਰੋਹੀਆਂ ‘ਚ ਰੁਲਦਿਆਂ ਨੂੰ
ਭੱਖੜੇ ‘ਤੇ ਤੁਰਦਿਆਂ ਨੂੰ
ਮਿਲਿਆ ਨਾ ਖੜ ਕੇ ਰੋਣਾ
ਅੰਦਰਲੇ ਮੁਰਦਿਆਂ ਨੂੰ।
ਪੌਣਾਂ ਨਾ ਰੋਕ ਸਕੀਆਂ
ਮੋਸਮ ਨਾ ਸਾਂਭ ਸਕਿਆ
ਛਾਵਾਂ ‘ਚ ਸੜਦਿਆਂ ਨੂੰ
ਧੁੱਪਾਂ ‘ਚ ਖੁਰਦਿਆਂ ਨੂੰ।
ਨਾਰਾਜ਼ ਹੋ ਜੋ ਤੁਰ ਪਏ
ਵਿੰਹਦੇ ਰਹੇ ਕਿ ਸ਼ਾਇਦ
ਆਵੇਗਾ ਮੁੜ ਬੁਲਾਵਾ
ਕੁਝ ਦੂਰ ਤੁਰਦਿਆਂ ਨੂੰ।
ਸਭ ਨੇ ਹੀ ਆਪੋ-ਆਪਣੇ
ਟੁਕੜੇ ਸਮੇਟਣੇ ਸਨ
ਕਿਹੜਾ ਖਲੋ ਕੇ ਸੁਣਦਾ
ਬੁੱਤਾਂ ਨੂੰ ਭੁਰਦਿਆਂ ਨੂੰ।
ਸੁੰਨ-ਸਾਨ ਵਿਹੜਿਆਂ ਵਿੱਚ
ਵੀਰਾਨ ਜਿਹੇ ਘਰਾਂ ਵਿੱਚ
ਜੰਗਲ ਹੀ ਬੈਠਾ ਮਿਲਿਆ
ਜੰਗਲ ਚੋ਼ ਮੁੜਦਿਆਂ ਨੂੰ।


2010 ਦੀ ਵਿਸਾਖੀ ‘ਤੇ ਦਸਮੇਸ਼ ਪਿਤਾ ਨਾਲ ਕੁਝ ਗੱਲਾਂ........ ਲੇਖ਼ / ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)


ਲਿਖ-ਤੁਮ,
“ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ।।”
ਪੜ੍ਹ-ਤੁਮ,
ਬਹੁਤ ਬਹੁਤ ਬਹੁਤ ਸਤਿਕਾਰਯੋਗ ਸਰਬੰਸ- ਦਾਨੀ, ਦਸ਼ਮੇਸ਼-ਪਿਤਾ ਜੀਓ....
ਚਰਨ ਬੰਦਨਾ ਕਬੂਲ ਕਰੋ।
ਜਦੋਂ 1699ਵੇਂ ਦੀ ਵਿਸਾਖੀ ਵੱਲ ਧਿਆਨ ਗਿਆ ਤਾਂ 2010 ਦੀ ਇਸ ਵਿਸਾਖੀ ਬਾਰੇ ਸੋਚ ਕੇ ਤੁਹਾਡੇ ਨਾਲ ਗੱਲਾਂ ਕਰਨ ਨੂੰ ਮਨ ਕਾਹਲਾ ਜਿਹਾ ਹੋਣ ਲੱਗ ਗਿਆ ਸੀ। ਮਾਫ਼ ਕਰਨਾ ਕਿ ਮੈਂ ਕਮਅਕਲ ਨਿਰਣੇ ਕਾਲਜੇ ਹੀ ਤੁਹਾਡੇ ਨਾਲ ਗੱਲੀਂ ਜੁਟ ਗਿਆ। ਪੁੱਤਰਾਂ ਨੂੰ ਇੰਨਾ ਕੁ ਤਾਂ ਹੱਕ ਹੁੰਦਾ ਹੀ ਹੈ ਕਿ ਉਹ ਆਪਣੇ ਦਲੀਲ-ਪਸੰਦ ਪਿਤਾ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰ ਸਕਣ।
ਦਸ਼ਮੇਸ਼ ਪਿਤਾ ਜੀ, ਤੁਸੀਂ ਤਾਂ ਵਿਸਾਖੀ ਦੇ ਦਿਨ ਨੂੰ 'ਖਾਲਸਾ ਪੰਥ' ਦਾ ਨੀਂਹ ਪੱਥਰ ਰੱਖਣ ਦੇ ਇਤਿਹਾਸਕ ਦਿਨ ਵਜੋਂ ਚੁਣਿਆ ਸੀ। ਕਿਰਤੀ ਲੋਕਾਂ ਨੂੰ ਮਿਹਨਤ ਮੁਸ਼ੱਕਤ ਤੋਂ ਪਾਸੇ ਹੋ ਕੇ ਦੋ ਪਲ ਨੱਚਣ ਟੱਪਣ ਦੇ ਮਕਸਦ ਨਾਲ ਚੱਲੇ ਆਉਂਦੇ ਵਿਸਾਖੀ ਦੇ ਤਿਓਹਾਰ ਨੂੰ ਤੁਸੀਂ ਉਸ ਖਾਲਸੇ ਦੀ ਸਿਰਜਣਾ ਲਈ ਚੁਣਿਆ ਸੀ ਜਿਸਦਾ ਪਹਿਲਾ ਉਦੇਸ਼ ਹੀ ਕਿਰਤ ਦੀ ਲੁੱਟ ਭਾਵ ਨਿਤਾਣਿਆਂ ਦੀ ਜ਼ਾਲਮਾਂ ਹੱਥੋਂ ਲੁੱਟ ਹੋਣ ਤੋਂ ਬਚਾਉਣਾ ਸੀ। ਇਹ ਹਰਗਿਜ ਨਹੀਂ ਸੀ ਕਿ ਉਸੇ ਦਿਨ ਦੀ ਪਵਿੱਤਰਤਾ ਨੂੰ ਪੰਥ ਦੀ ਸੇਵਾ ਦੇ ਨਾਂ 'ਤੇ ਕਾਨਫਰੰਸਾਂ ਕਰਕੇ ਇੱਕ ਦੂਜੇ ਨੂੰ ਭੰਡਿਆ ਜਾਵੇ ਜਾਂ ਜੁਆਕਾਂ ਵਰਗੀਆਂ ਬਿਆਨਬਾਜ਼ੀਆਂ ਕਰਕੇ ਕੁਰਬਾਨੀਆਂ ਭਰੇ ਪੰਥ ਦੇ ਰੁਤਬੇ ਦਾ ਲੋਕਾਂ ਸਾਹਮਣੇ ਮੌਜੂ ਬਣਾਇਆ ਜਾਵੇ। ਗੁਰੂ ਜੀ, ਕਿੰਨਾ ਹਾਸੋਹੀਣਾ ਕੰਮ ਹੁੰਦੈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਦਿਨ ਤੁਹਾਡੇ ਖਾਲਸੇ ਦੀ ਸਾਜਣਾ ਦੀ ਹਰ ਵਰ੍ਹੇਗੰਢ ਮੌਕੇ ਸਮਾਗਮ ਕੀਤੇ ਜਾਂਦੇ ਹਨ, ਪਰ ਇੱਕ ਦੂਜੇ ਦੇ ਭੰਡੀ ਪ੍ਰਚਾਰ ਤੋਂ ਬਿਨਾਂ ਕੋਈ ਦੂਜੀ ਗੱਲ ਹੀ ਨਹੀਂ ਹੁੰਦੀ। ਆਹ ਐਤਕੀ ਦੇਖ ਲਿਓ.... ਐਤਕੀਂ ਤਾਂ ਸਾਡੇ ਜੱਥੇਦਾਰਾਂ ਤੇ ਬਾਦਲ ਸਾਬ੍ਹ ਕਿਆਂ ਕੋਲ ਵਿਸਾਖੀ ਸਮਾਗਮਾਂ 'ਤੇ ਅਖਬਾਰਾਂ ਲਈ ਬਿਆਨ ਦਾਗਣ ਵਾਸਤੇ ਮੁੱਦਿਆਂ ਦੇ ਹੀ ਟੋਕਰੇ ਭਰੇ ਪਏ ਹਨ। ਐਤਕੀਂ ਖੁੰਬ ਠਪਵਾਉਣ ਲਈ ਪ੍ਰੋ; ਦਰਸਨ ਸਿਉਂ, ਜੱਥੇਦਾਰ ਝੀਂਡਾ, ਅਵਤਾਰ ਸਿਉਂ ਸਰਨਾ ਵਰਗੇ ਤਾਂ ਨੀਂ ਮਾਂ ਨੂੰ ਜੰਮੇ..... ਇਹਨਾਂ ਨੂੰ ਦੇਖਿਉ ਕਿਵੇਂ ਲੰਮੇ ਹੱਥੀਂ ਲਿਆ ਜਾਂਦੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹੈ ਕਿ ਤੁਸੀਂ ਜਿਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਕਰਨ ਦਾ ਸੁਪਨਾ ਦੇਖਿਆ ਸੀ ਓਹ ਤਾਂ 311 ਸਾਲ ਬੀਤ ਜਾਣ ਦੇ ਬਾਵਜੂਦ ਵੀ ਜਿਉਂ ਦਾ ਤਿਉਂ ਹੈ। ਤੁਸੀਂ ਤਾਂ ਜਾਤ ਪਾਤ ਦਾ ਪਾੜਾ ਖਤਮ ਕਰਨ ਦਾ ਰਾਹ ਚੁਣਿਆ ਸੀ ਪਰ ਆਪਣੇ ਆਪ ਨੂੰ ਸਿੱਖ ਪੰਥ ਦੇ ਠੇਕੇਦਾਰ ਅਖਵਾਉਣ ਵਾਲੇ ਲੋਕਾਂ ਨੇ ਤਾਂ ਤੁਹਾਡੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇਮਾਨਦਾਰੀ ਨਾਲ ਕੋਈ ਕਦਮ ਹੀ ਨਹੀਂ ਚੁੱਕਿਆ। ਪੰਜ ਅਰਬ ਤੋਂ ਵੀ ਵੱਧ ਦੇ ਲਾਹੇ ਦੇ ਬਜਟ ਵਾਲੀ ਸ੍ਰੋਮਣੀ ਕਮੇਟੀ ਦੇ ਜੱਥੇਦਾਰਾਂ ਨੂੰ ਤਾਂ ਵਿਚਾਰਿਆਂ ਨੂੰ 'ਪ੍ਰਚਾਰ' ਲਈ ਮਿਲੀਆਂ ਆਪਣੀਆਂ ਮੁਫਤ ਦੀਆਂ ਗੱਡੀਆਂ 'ਤੇ ਹੂਟਰ- ਲਾਲ ਬੱਤੀਆਂ ਲਾਉਣ ਦਾ ਲਾਲਚ ਹੀ ਹੋਰ ਕੁਝ ਸੋਚਣ ਨਹੀਂ ਦੇ ਰਿਹਾ। ਜਿਹਨਾਂ ਨੇ ਤੁਹਾਡੀ ਇਨਕਲਾਬੀ ਸੋਚ ਨੂੰ ਆਮ ਲੋਕਾਂ ਦੇ ਜਿ਼ਹਨ ਦਾ ਹਿੱਸਾ ਬਣਾਉਣਾ ਸੀ, ਓਹ ਤਾਂ ਖੁਦ ਮਾਇਆਧਾਰੀ ਹੋਏ ਪਏ ਹਨ। ਜਿਸਦੀ ਉਦਾਹਰਣ ਸਰਵਉੱਚ ਧਾਰਮਿਕ ਅਸਥਾਨ ਦੇ ਗਲਿਆਰਿਆਂ ਅੰਦਰੋਂ ਕਦੇ ਦੇਗ ਵਾਲੀਆਂ ਪਰਚੀਆਂ, ਕਦੇ ਫਰਨੀਚਰ ਘੁਟਾਲੇ ਦੀਆਂ ਅਖ਼ਬਾਰਾਂ ਰਾਹੀਂ ਨਸ਼ਰ ਹੋਈਆਂ ਖ਼ਬਰਾਂ ਤੋਂ ਲਈ ਜਾ ਸਕਦੀ ਹੈ। ਇਹਨਾਂ ‘ਤੇ ਹੀ ਬਾਣੀ ਦਆਂਿ ਪੰਕਤੀਆਂ ਵਧੇਰੇ ਲਾਗੂ ਹੁੰਦੀਆਂ ਹਨ ਕਿ,
ਮਾਇਆਧਾਰੀ ਅਤਿ ਅੰਨਾ ਬੋਲਾ।।
ਸ਼ਬਦ ਨ ਸੁਣਈ ਬਹੁ ਰੋਲ ਘਚੋਲਾ।।
ਲੋਕਾਂ ਨੂੰ ਸੇਧ ਦੇਣ ਵਾਲੇ ਜੱਥੇਦਾਰ ਤਾਂ ਵਿਚਾਰੇ ਖੁਦ 'ਤੁਣਕਿਆਂ' ਆਸਰੇ ਚਲਦੇ ਨੇ.... ਉਹ ਤੁਹਾਡੀਆਂ ਸਿੱਖਿਆਵਾਂ ਦਾ ਪ੍ਰਚਾਰ ਕਿਹੜੇ ਵੇਲੇ ਕਰਨ, ਉਹਨਾਂ ਨੂੰ ਤਾਂ ਇੱਕ ਪ੍ਰਵਾਰ ਤੋਂ ਬਿਨਾਂ ਦਿਸਦਾ ਹੀ ਕੁਛ ਨਹੀਂ। ਉਹ ਤਾਂ ਉਹਨਾਂ ਥਾਵਾਂ 'ਤੇ ਜਾ ਕੇ ਹਾਜ਼ਰੀਆਂ ਭਰ ਆਉਂਦੇ ਨੇ ਜਿੱਥੇ ਪਹਿਲਾਂ ਹੀ ਲੋਕਾਂ ਦਾ ਖ਼ਾਸਾ ਜਮਘਟ ਲੱਗਿਆ ਹੁੰਦੈ.... ਗੁਰੂ ਜੀ, ਅੱਜ ਤੋਂ 10 ਕੁ ਸਾਲ ਪਹਿਲਾਂ ਇੱਕ ਆਪੇ ਬਣੇ ਬਾਬਾ ਜੀ ਨੇ ਪੰਜਾਬ 'ਚ ਇੱਕ ਥੇਹ 'ਚੋਂ ਸੋਨੇ ਦੀਆਂ ਮੋਹਰਾਂ ਕੱਢਣ ਦਾ ਕੌਤਕ ਕਰਨਾ ਸੀ ਪਰ ਤਰਕਸ਼ੀਲਾਂ ਦੀ ਵਿਰੋਧਤਾ ਕਰਕੇ ਬਾਬਾ ਜੀ ਕੌਤਕ ਨਹੀਂ ਸਨ ਕਰ ਸਕੇ। ਬਾਦ 'ਚ ਉਹਨਾਂ ਨੇ ਆਪਣਾ ਗੁਰਦੁਆਰਾ ਬਣਾ ਕੇ 'ਅੰਮ੍ਰਿਤ ਸੰਚਾਰ' ਕਰਨਾ ਸ਼ੁਰੂ ਕਰ ਦਿੱਤਾ। ਅੱਜਕੱਲ੍ਹ ਬਾਬਾ ਜੀ ਦੀ ਸਰਕਾਰੇ ਦਰਬਾਰੇ ਪੂਰੀ ਚੜ੍ਹਾਈ ਹੈ। ਹੋਰ ਤਾਂ ਹੋਰ ਅਕਾਲ ਤਖਤ ਦੇ ਜੱਥੇਦਾਰ ਸਾਬ੍ਹ ਵੀ ਲੰਘਦੇ ਕਰਦੇ ਗੇੜਾ ਮਾਰ ਜਾਦੇ ਨੇ। ਗੁਰੂ ਜੀ, ਇਸ ਬਾਬਾ ਜੀ ਨੇ ਵੀ ਲੋਕਾਂ ਨੂੰ ਤੁਹਾਡੀਆਂ ਇਤਿਹਾਸਕ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਹਨ। ਇਹਨਾਂ ਸਮਾਗਮਾਂ ਵਿੱਚ ਵੀ ਜੱਥੇਦਾਰ ਸਾਬ੍ਹ ਚੌਕੜੀ ਮਾਰੀ ਬੈਠੇ ਸਨ। ਕਦੇ ਕਦੇ ਖਿਆਲ ਆਉਂਦੈ ਕਿ ਬਾਬਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੁਸੀਂ ਵੀ ਤਾਂ ਲੋਕਾਈ ਨੂੰ ਪ੍ਰਚਾਰ ਰਾਹੀਂ ਹੀ ਸਿਆਣੇ ਕਰਨ ਦੇ ਉਪਰਾਲੇ ਕੀਤੇ ਸਨ। ਤੁਹਾਡੇ ਵੱਲੋਂ ਤਾਂ ਪ੍ਰਚਾਰ ਉੱਪਰ ਕੀਤੇ ਖਰਚਿਆਂ ਦਾ ਕਿੱਧਰੋਂ ਕੋਈ ਪ੍ਰਮਾਣ ਨਹੀਂ ਮਿਲਦਾ ਕਿ ਗੁਰੂਆਂ ਨੇ ਪ੍ਰਚਾਰ ਲਈ ਐਨੇ ਹਜ਼ਾਰ ਜਾਂ ਐਨੇ ਲੱਖ ਖਰਚ ਦਿੱਤੇ। ਪਰ ਅੱਜ ਕੀ ਦੇਖਦੇ ਹਾਂ ਕਿ ਸਿੱਖੀ ਦੇ ਪ੍ਰਚਾਰ ਲਈ ਲੱਖਾਂ ਕਰੋੜਾਂ ਖਰਚੇ ਜਾ ਰਹੇ ਹਨ ਪਰ ਸਿੱਖੀ ਮਨਾਂ ਦੀ ਬਜਾਏ 'ਤਨਾਂ' ਉੱਪਰ ਵਧੇਰੇ ਉੱਕਰੀ ਜਾ ਰਹੀ ਹੈ। ਕੀ ਇਸਨੂੰ 'ਸਸਤਾ ਪ੍ਰਚਾਰ' ਕਿਹਾ ਜਾਵੇ ਕਿ ਤੁਹਾਡੇ ਵੱਲੋਂ ਬਖਸ਼ੇ ਕੱਕਾਰਾਂ 'ਚੋਂ ਇੱਕ ਕੱਕਾਰ ਕੜੇ ਨੂੰ ਮੇਰੇ ਵਰਗੇ ਘੋਨ-ਮੋਨ ਜਿਹੇ ਵੀ ਸਿਰਫ ਤੇ ਸਿਰਫ ਇੱਕ ਦੂਜੇ ਦਾ ਨੱਕ ਭੰਨ੍ਹਣ ਲਈ ਹੀ ਵਰਤ ਰਹੇ ਹਨ ਜਾਂ ਫਿਰ 'ਅਸਲ ਪਛਾਣ ਪੰਜਾਬੀ ਦੀ ਗਲ ਪਾਇਆ ਖੰਡਾ' ਗੀਤ ਵਾਂਗ ਆਪਣੇ ਪੰਜਾਬੀ ਹੋਣ ਦਾ ਪ੍ਰਮਾਣ ਦੇਣ ਲਈ ਨੌਜ਼ਵਾਨ ਗਲਾਂ 'ਚ ਖੰਡੇ ਪਾ ਰਹੇ ਹਨ ਜਾਂ ਡੌਲਿਆਂ 'ਤੇ ਖੰਡੇ ਖੁਣਵਾ ਰਹੇ ਹਨ। ਜਾਂ ਕਿਸੇ ਹਜ਼ਾਮ ਕੋਲੋਂ ਵਾਲਾਂ ਦੀ ਕੱਟ ਵੱਢ ਕਰਵਾ ਕੇ ਗਿੱਚੀਆਂ 'ਚ ਖੰਡੇ ਬਣਵਾ ਕੇ ਦੱਸ ਰਹੇ ਹਨ ਕਿ 'ਅਸੀਂ ਪੰਜਾਬੀ ਹਾਂ'।
ਗੁਰੂ ਜੀ, ਤੁਸੀਂ ਤਾਂ ਵਣਜ ਕੀਤਾ ਸੀ ਕਿ ਲੋਕਾਈ ਦਾ ਮਾਸ ਚੂੰਡਣ ਵਾਲਿਆਂ ਤੋਂ ਖਹਿੜ੍ਹਾ ਛੁਡਾਉਣ ਲਈ ਚਾਰੇ ਸਾਹਿਬਜ਼ਾਦੇ ਕੌਮ ਲਈ ਕੁਰਬਾਨ ਕਰ ਦਿੱਤੇ। ਪਰ ਹੁਣ ਕੀ ਦੇਖਦੇ ਹਾਂ ਕਿ ਸਾਡੇ ਆਪਣੇ ਲੋਕ ਆਪਣਿਆਂ ਦਾ ਹੀ ਮਾਸ ਚੂੰਡਣ ਲਈ ਤੁਹਾਡਾ ਨਾਂ ਵਰਤ ਰਹੇ ਹਨ। ਸਰਕਾਰਾਂ ਆਪਣੇ ਬੁਨਿਆਦੀ ਫ਼ਰਜ਼ਾਂ ਤੋਂ ਵੀ ਮੁਨਕਰ ਹੋਈਆਂ ਪਈਆਂ ਹਨ ਤੇ ਸਰਕਾਰੀ ਸਕੂਲਾਂ ਦਾ ਮੰਦਾ ਹਾਲ ਹੋਇਆ ਪਿਐ। ਆਮ ਲੋਕਾਂ ਤੋਂ ਥੋੜ੍ਹੇ ਜਿਹੇ 'ਉਤਲੇ' ਲੋਕਾਂ ਨੇ ਕਿਧਰੇ ‘ਦਸਮੇਸ਼ ਪਬਲਿਕ ਸਕੂਲ’ ਖੋਲ੍ਹ ਲਏ ਨੇ, ਕਿਧਰੇ ‘ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ’ ਖੋਲ੍ਹ ਲਏ ਨੇ ਤੇ ਕਿਧਰੇ ‘ਮਾਤਾ ਗੁਜ਼ਰੀ ਜੀ ਗਰਲਜ਼ ਕਾਲਜ’਼ ਖੋਲ੍ਹ ਲਏ ਨੇ। ਨਾਂ ਤੁਹਾਡਾ ਤੇ ਜੇਬਾਂ ਆਪਣੀਆਂ ਨੱਕੋ ਨੱਕ ਭਰ ਰਹੇ ਨੇ ਸਿਆਸਤੀ ਲੋਕ। ਮਨਚਾਹੀਆਂ ਫੀਸਾਂ ਵਸੂਲੀਆਂ ਜਾਂਦੀਆਂ ਨੇ। ਸਰਕਾਰੀ ਨੌਕਰੀਆਂ ਤੋਂ ਝਾਕ ਹਟਾ ਚੁੱਕੇ ਬੇਰੁਜ਼ਗਾਰ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਤੁਹਾਡੇ ਨਾਂ ਦਾ ਲਾਹਾ ਲੈਣ ‘ਚ ਤਾਂ ਸੂਦਖੋਰ ਆੜ੍ਹਤੀਏ ਵੀ ਪਿੱਛੇ ਨਹੀਂ... ਤੁਹਾਨੂੰ ਵੀ ਪਤੈ ਕਿ ਹਟਵਾਣੀਏ ਨੇ ਆਪਣੇ ਗਾਹਕ ‘ਤੇ ਹੀ ਤਰਸ ਕਰ ਲਿਆ ਤਾਂ ਫੇਰ ਓਹਦਾ ਗੱਲਾ ਕਿਵੇਂ ਭਰੂ? ਆੜ੍ਹਤੀਏ ਨੇ ਵੀ ਆਪਣੇ ਮੁਨਾਫੇ ਲਈ ਅੰਨਦਾਤੇ ਨੂੰ ਹੀ ਗੋਡਿਆਂ ਹੇਠਾਂ ਲੇਣੈ.... ਗੁਰੂ ਜੀ, ਬਥੇਰਿਆਂ ਨੇ ਤਾਂ ਆਪਣੀ ਆੜ੍ਹਤ ਦੀਆ ਦੁਕਾਨਾਂ ਦੇ ਨਾਂ ਵੀ ਤੁਹਾਡੇ ਨਾਂ ‘ਤੇ ਰੱਖ ਲਏ ਹਨ ਜਿਵੇਂ ‘ਦਸਮੇਸ਼ ਟਰੇਡਿੰਗ ਕੰਪਨੀ’ ਵਗੈਰਾ ਵਗੈਰਾ। ਹੋਰ ਤਾਂ ਹੋਰ ਤੁਸੀਂ ਤਾਂ ਆਨੰਦ ਕਾਰਜਾਂ ਦੀ ਰਸਮ ਮਨੁੱਖੀ ਰਿਸ਼ਤਿਆਂ ਨੂੰ ਪਵਿੱਤਰਤਾ ਦੇ ਬੰਧਨ ‘ਚ ਬੰਨ੍ਹਣ ਲਈ ਵਿੱਢੀ ਸੀ ਪਰ ਗੁਰੂ ਜੀ ਤੁਹਾਡੇ ਸਿੱਖਾਂ ਦੀ ਜ਼ਮੀਰ ਇੰਨੀ ਗਿਰ ਗਈ ਹੈ ਕਿ ਆਨੰਦ ਕਾਰਜਾਂ ਨੂੰ ਵਿਦੇਸ਼ਾਂ ‘ਚ ਪੈਰ ਜਮਾਉਣ ਲਈ ਪੌੜੀ ਵਜੋਂ ਵਧੇਰੇ ਵਰਤ ਰਹੇ ਹਨ। ਰੌਂਗਟੇ ਖੜ੍ਹੇ ਕਰਨ ਦੇਣ ਵਾਲੀਆਂ ਇਹ ਗੱਲਾਂ ਤਾਂ ਪੰਜਾਬ ਦੇ ਹਰ ਬੱਚੇ ਬੱਚੇ ਨੂੰ ਪਤਾ ਹੋਣਗੀਆਂ ਕਿ ਕਿਵੇਂ ਕੈਨੇਡਾ ਅਮਰੀਕਾ ਜਾਣ ਲਈ ਆਪਣੀਆਂ ਹੀ ਧੀਆਂ ਨਾਲ ਲੋਰੀਆਂ ਦੇਣ ਵਾਲੇ ਪਿਉਆਂ ਨੇ ਤੇ ਆਪਣੀਆਂ ਸਕੀਆਂ ਭੈਣਾਂ ਤੋਂ ਰੱਖੜੀਆਂ ਬੰਨ੍ਹਵਾਉਣ ਵਾਲੇ ਭਰਾਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ‘ਚ ਹੀ ਲਾਵਾਂ ਲੈਣ ਦਾ ਕੰਜਰਕਿੱਤਾ ਵਿੱਢਿਆ ਹੋਇਆ ਹੈ। ਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਤੁਸੀਂ ਕਿੱਧਰ ਦੇ ਸਿੱਖ ਕਹੋਗੇ ਜੋ ਸਿਰਫ ਤੇ ਸਿਰਫ ਪੈਸੇ ਦੇ ਪੁੱਤ ਬਣ ਗਏ ਨੇ, ਬੇਸ਼ੱਕ ਨਾਵਾਂ ਨਾਲ ‘ਸਿੰਘ ਜਾਂ ਕੌਰ’ ਲੱਗਿਆ ਹੋਇਆ ਹੈ? ਜਿਹੜੇ ਲੋਕਾਂ ਨੇ ਵਿਦੇਸ਼ਾਂ ਦੇ ਵੀਜਿਆਂ ਦੇ ਲਾਲਚ ‘ਚ ਆਪਣੀ ਜ਼ਮੀਰ ਹੀ ਗਹਿਣੇ ਕਰ ਦਿੱਤੀ, ਉਹਨਾਂ ਲੋਕਾਂ ਤੋਂ ਸਿੱਖੀ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ। ਗੁਰੂ ਜੀ ਇੱਕ ਗੱਲ ਭੁੱਲ ਚੱਲਿਆ ਸੀ..... ਇਹ ਤਾਂ ਆਮ ਲੋਕਾਂ ਦੀ ਗੱਲ ਸੀ। ਹੁਣ ਉਹਨਾਂ ਲੀਡਰਾਂ ਦੀ ਵੀ ਸੁਣ ਲਓ ਜੋ ਸਿੱਖਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗ ਦਿਖਾ ਰਹੇ ਨੇ। ਵੀਜ਼ਾ ਤਾਂ ਲੀਡਰਾਂ ਲਈ ਵੀ ਰੱਬੀ ਦਾਤ ਵਰਗਾ ਪ੍ਰਤੀਤ ਹੁੰਦੈ। ਜੇ ਅਜਿਹਾ ਨਾ ਹੁੰਦਾ ਤਾਂ ਕਿਸੇ ਵੇਲੇ ਪੰਜਾਬ ‘ਚੋਂ ਮੈਂਬਰ ਪਾਰਲੀਮੈਂਟ ਵਜੋਂ ਜਿੱਤੇ ਸਿੱਖ ਆਗੂ ਸਾਬ੍ਹ ਇੰਗਲੈਂਡ ਦਾ ਵੀਜ਼ਾ ਲੈਣ ਵੇਲੇ ਵੀ ਇਸੇ ਮੁੱਦੇ ‘ਤੇ ਅੜਦੇ ਕਿ “ਮੈਂ ਤਾਂ ਜਹਾਜ਼ ‘ਚ ਵੀ ਕਿਰਪਾਨ ਨਾਲ ਲਿਜਾਣੀ ਹੈ।” ਪਰ ਅਫ਼ਸੋਸ ਕਿ ਉਕਤ ਆਗੂ ਸਾਬ੍ਹ ਪਾਰਲੀਮੈਂਟ ‘ਚ ਕਿਰਪਾਨ ਨਾਲ ਲਿਜਾਣ ਲਈ ਅੜ ਬੈਠੇ ਸਨ ਪਰ ਜਹਾਜ ਬਿਨਾਂ ਕਿਰਪਾਨ ਤੋਂ ਹੀ ਚੜ੍ਹ ਆਏ ਸਨ।
ਗੁਰੂ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਕਲਨਤਾ ਵੇਲੇ ਜੋ ‘ਕਮੇਟੀ’ ਬਣੀ ਸੀ ਉਸ ਵਿੱਚ ਤਾਂ ਸਭ ਗੁਰੂ ਸਾਹਿਬਾਨ, ਭਗਤ, ਭੱਟ ਗੈਰ ਸਿੱਖ ਹੀ ਸਨ। ਕਿਉਂਕਿ ਸਿੱਖੀ ਦਾ ਸੰਕਲਪ ਤਾਂ ਤੁਸੀਂ 1699 ‘ਚ ਦਿੱਤਾ ਸੀ। ਫਿਰ ਉਸੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਇਹ ਕਿੱਧਰ ਦਾ ਅਮਲ ਹੋਇਆ ਕਿ ਅੱਜ ਗੈਰ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਜਾਂ ਚੋਣਾਂ ਤੋਂ ਹੀ ਦੂਰ ਕਰ ਦਿੱਤਾ ਗਿਆ ਹੈ। ਤੁਹਾਡੀ ਦੂਰ ਅੰਦੇਸ਼ੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨਾਂ, 15 ਭਗਤਾਂ ਤੇ 11 ਭੱਟਾ ਦੀ ਬਾਣੀ ਹੀ ਦਰਜ਼ ਕਰਵਾਈ ਨਾ ਕਿ ਆਪਣੀ। ਜੇ ਸਿੱਖ ਜਾਂ ਗੈਰ ਸਿੱਖ ਦਾ ਪਾੜਾ ਪਾਉਣ ਦੀ ਹੀ ਗੱਲ ਹੁੰਦੀ ਤਾਂ ਤੁਸੀਂ ਵੀ ਔਰੰਗਜ਼ੇਬ ਤੋਂ ਤੰਗ ਹੋ ਕੇ ਤੁਹਾਡੀ ਸ਼ਰਣ ਆਏ ਭਾਈ ਨੰਦ ਲਾਲ ਜੀ ਨੂੰ ਸਭ ਤੋਂ ਪਹਿਲਾਂ ਭਾਈ ਨੰਦ ਸਿੰਘ ਬਣਾ ਲਿਆ ਹੁੰਦਾ। ਜਿਸ ਸਿੱਖੀ ਨੂੰ ਤੁਸੀਂ ਵਿਸ਼ਾਲ ਅਰਥ ਦਿੱਤੇ, ਉਸਨੂੰ ਤਾਂ ਅਸੀਂ ਖੁਦ ਹੀ ਵਲਗਣਾਂ ‘ਚ ਕੈਦ ਕਰੀ ਜਾ ਰਹੇ ਹਾਂ। ਤੁਸੀਂ ਤਾਂ ਹਿੰਦੂਆਂ ਦੀ ਰੱਖਿਆ ਲਈ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਖੁਦ ਸ਼ਹੀਦੀ ਦੇਣ ਲਈ ਤੋਰਿਆ ਸੀ ਤੇ ਮੁਸਲਮਾਨ ਵੀ ਆਪ ਜੀ ਦੇ ਪ੍ਰੇਮ ‘ਚ ਰੰਗੇ ਆਪ ਜੀ ਨੂੰ ‘ਉੱਚ ਦਾ ਪੀਰ’ ਕਹਿ ਕੇ ਵਡਿਆ ਗਏ ਸਨ ਤੇ ਪੀਰ ਬੁੱਧੂ ਸ਼ਾਹ ਜੀ ਵੀ ਆਪਣੇ ਖਾਨਦਾਨ, 700 ਮੁਰੀਦਾਂ ਨੂੰ ਸਿੱਖੀ ਲਈ ਕੁਰਬਾਨ ਕਰ ਗਏ ਸਨ। ਗੁਰੁਆਂ ਨੇ ਤਾਂ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਂਹ ਵੀ ਸਾਂਈਂ ਮੀਆਂ ਮੀਰ ਜੀ ਤੋਂ ਰਖਵਾਈ ਸੀ ਤਾਂ ਕਿ ਆਪਸੀ ਭਰੱਪਾ ਬਣਿਆ ਰਹੇ। ਪਰ ਹੁਣ ਆਹ ਕੀ ਹੋ ਰਿਹਾ ਹੈ ਕਿ ਸਿੱਖਾਂ ਤੋਂ ਬਗੈਰ ਕਿਸੇ ‘ਹੋਰ’ ਨੂੰ ਗੁਰੂ ਘਰਾਂ ਦੀਆਂ ‘ਕਮੇਟੀਆਂ’ ਦੇ ਨੇੜੇ ਵੀ ਨਹੀਂ ਫਟਕਣ ਦਿੱਤਾ ਜਾ ਰਿਹਾ। ਗੁਰੂ ਜੀ, ਜੇ ਗੈਰ ਸਿੱਖਾਂ ਨੂੰ ਗੁਰੂ ਘਰਾਂ ‘ਚੋਂ ਹੀ ਸਤਿਕਾਰ ਨਹੀਂ ਮਿਲੇਗਾ ਤਾਂ ਉਹ ਗੁਰੂ ਘਰਾਂ ਦਾ ਸਤਿਕਾਰ ਕਿਸ ਤਰ੍ਹਾਂ ਕਰਨਗੇ? ਇਸ ਨਾਲ ਤਾਂ ਦੂਰੀਆਂ ਹੋਰ ਵਧਣਗੀਆਂ। 311 ਸਾਲ ਦਾ ਸਫ਼ਰ ਤੈਅ ਕਰ ਚੁੱਕੀ ਸਿੱਖੀ ਫਿਰ ਉਸੇ ਕੇਂਦਰ ਬਿੰਦੂ ‘ਤੇ ਨਾ ਆ ਜਾਵੇ ਜਿੱਥੋਂ ਤੁਸੀਂ ਇਸ ਨੂੰ ‘ਹਰੀ ਝੰਡੀ’ ਦਿੱਤੀ ਸੀ।
ਗੁਰੂ ਜੀ, ਆਮ ਲੋਕਾਂ ਤੱਕ ਤਾਂ 311 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਖੀ ਦੇ ਸਹੀ ਅਰਥ ਨਹੀਂ ਪਹੁੰਚੇ। ਼ਲੋਕ ਤਾਂ ਵਿਚਾਰੇ ਆਪਣੀ ਹੋਣੀ ਦੇ ਖੁਦ ਮਾਲਕ ਬਣਨ ਨਾਲੋਂ ਦਰ ਦਰ ਮੱਥੇ ਰਗੜਣ ਲਈ ਮਜ਼ਬੂਰ ਕੀਤੇ ਪਏ ਹਨ। ਜਿਹਨਾਂ ਲੋਕਾਂ ਨੇ ਤੁਹਾਡੀਆਂ ਸਿੱਖਿਆਵਾਂ ਨੂੰ ਅੱਗੇ ਪਰਸਾਰਿਤ ਕਰਨਾ ਸੀ ਓਹ ਤਾਂ ਖੁਦ ਹੀ ਇਖਲਾਕੀ ਤੌਰ ‘ਤੇ ਪੰਜ ਵਿਕਾਰਾਂ ਨੇ ਮਧੋਲੇ ਪਏ ਹਨ। ਗੁਰਦੁਆਰਾ ਛੇਹਰਟਾ ਸਾਹਿਬ ਅੰਮ੍ਰਿਤਸਰ ਦੇ ਮੈਨੇਜ਼ਰ ਉੱਪਰ ਪਰ-ਇਸਤਰੀ ਨਾਲ ਰੰਗਰਲੀਆਂ ਮਨਾਉਣ ਦੇ ਦੋਸ਼ ‘ਚ ਦਰਜ ਹੋਏ ਕੇਸ ਤੇ ਬੇਦੀ ਸਾਬ੍ਹ ਦੇ ਕਾਮੀ ਪੁਰਸ਼ ਵਜੋਂ ਅਖਬਾਰਾਂ ‘ਚ ਨਸ਼ਰ ਹੋਈਆਂ ਨਿਰਵਸਤਰ ਤਸਵੀਰਾਂ ਇਸ ਦੀ ਪੁਖਤਾ ਉਦਾਹਰਣ ਹਨ। ਗੁਰੂ ਜੀ, ਅਸੀਂ ਤਾਂ ਸਗੋਂ ਪਹਿਲਾਂ ਨਾਲੋਂ ਵੀ ਵਧੇਰੇ ਬੂਝੜ ਹੋ ਗਏ ਹਾਂ ਕਿ ਕਦੇ ਕੋਈ ‘ਸਿਆਣਾ’ ਕਹਿ ਦਿੰਦੈ ਕਿ ਗੁਰਦੁਆਰਾ ਸਾਹਿਬਾਨਾਂ ‘ਚ ਭਗਤ ਰਵੀਦਾਸ ਜੀ ਦੀਆਂ ਨੰਗੇ ਸਿਰ ਵਾਲੀਆਂ ਤਸਵੀਰਾਂ ਨਹੀਂ ਲੱਗਣੀਆਂ ਚਾਹੀਦੀਆਂ... ਕਦੇ ਕੁਝ ਕਦੇ ਕੁਝ। ਇੱਕ ਸਵਾਲ ਮਨ ‘ਚ ਬਾਰ ਬਾਰ ਆਉਂਦੈ ਕਿ ਜੇ ਧਰਮ ਦੇ ਠੇਕੇਦਾਰ ਅਖਵਾਉਂਦੇ ਇਹ ਲੋਕ ਇਹੋ ਜਿਹੀਆਂ ਬੇਤੁਕੀਆਂ ਬਿਆਨਬਾਜੀਆਂ ਕਰਦੇ ਹਨ ਤਾਂ ਫਿਰ ਉਹ ਗੋਲਕਾਂ ‘ਚ ਗਾਂਧੀ ਦੀ ਫੋਟੋ ਵਾਲੇ ਨੋਟ ਜਾਂ ਮਹਾਰਾਣੀ ਦੀ ਫੋਟੋ ਵਾਲੇ ਪੌਂਡ ਡਾਲਰ ਟੇਕਣ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ? ਕਿਉਂਕਿ ਨਾ ਤਾਂ ਨੋਟਾਂ ਉੱਪਰਲੀ ਫੋਟੋ ‘ਚ ਗਾਂਧੀ ਦੇ ‘ਟੂਟੀ ਵਾਲੀ ਪੱਗ’ ਬੰਨ੍ਹੀ ਹੋਈ ਹੈ ਤੇ ਨਾ ਹੀ ਮਹਾਰਾਣੀ ਨੇ ਪੌਂਡਾਂ ‘ਤੇ ਚੁੰਨੀ ਨਾਲ ਸਿਰ ਢਕਿਆ ਹੋਇਆ ਹੈ।
ਗੁਰੂ ਜੀ, ਚਿੱਠੀ ਬੰਦ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਅਮੁੱਲੀ ਸਿੱਖੀ ਨੂੰ ਨੋਟਾਂ ਜਾਂ ਪੌਡਾਂ-ਡਾਲਰਾਂ ਬਦਲੇ ਆਪਣੇ ਹਿਸਾਬ ਨਾਲ ਢਾਲਣ ਵਾਲਿਆਂ ਨੂੰ ਪਿਆਰ ਨਾਲ ਸਮਝਾ ਬੁਝਾ ਕੇ ਸੁਮੱਤ ਬਖਸ਼ੋ। ਇਕੱਲੇ ਔਰੰਗਜ਼ੇਬ ਲਈ ਤਾਂ ਤੁਸੀਂ ਜ਼ਫ਼ਰਨਾਮਾ ਲਿਖ ਦਿੱਤਾ ਸੀ ਪਰ ਘਰ ਘਰ ਬੈਠੇ ਆਪਣੇ ਹੀ ਔਰੰਗਜ਼ੇਬਾਂ ਲਈ ਕਿਸੇ ਹੋਰ ਵਧੇਰੇ ਪ੍ਰਭਾਵਸ਼ਾਲੀ ਤਰਕ-ਬਾਣ ਦੀ ਲੋੜ ਪਵੇਗੀ।
ਦਸਮੇਸ਼ ਪਿਤਾ ਜੀ ਲਫ਼ਜ਼ਾਂ ਦੀ ਵਾਧ-ਘਾਟ ਜਾਂ ਛੋਟਾ ਮੂੰਹ ਵੱਡੀ ਬਾਤ ਵਰਗੀ ਕੋਈ ਗੱਲ ਕਹੀ ਗਈ ਹੋਵੇ ਤਾਂ ਅਣਜਾਣ ਜਾਣ ਕੇ ਖਿਮਾ ਕਰਨਾ।
ਤੁਹਾਡਾ ਹਮੇਸ਼ਾ ਕਰਜ਼ਦਾਰ.....।
ਅਣਜਾਣ ਬੱਚਾ।
****



ਕੀ ਦਿੱਤਾ ਤੇ ਕੀ ਲਿਆ ਆਸਟ੍ਰੇਲੀਆ ਤੋਂ.......... ਲੇਖ਼ / ਯੁੱਧਵੀਰ ਸਿੰਘ (ਆਸਟ੍ਰੇਲੀਆ)

ਜੋ ਕੁੱਝ ਪਿਛਲੇ ਦਿਨਾਂ ਵਿਚ ਆਸਟ੍ਰੇਲੀਆ ਵਿਚ ਵਾਪਰਿਆ ਹੈ, ਉਹਨਾਂ ਘਟਨਾਵਾਂ ਨੇ ਸਾਰੇ ਭਾਰਤੀਆਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ, ਕਿਉਂਕਿ ਜ਼ਿਆਦਾ ਘਟਨਾਵਾਂ ਪੰਜਾਬੀਆਂ ਨਾਲ ਹੋਈਆਂ ਆਸਟ੍ਰੇਲੀਆ ਵਿਚ। ਭਾਰਤੀ ਮੀਡੀਆ ਨੇ ਬੜੇ ਚਟਕਾਰੇ ਲੈ ਕੇ ਖ਼ਬਰਾਂ ਛਾਪੀਆਂ ਪਰ ਜਦੋਂ ਪੁਲਿਸ ਨੇ ਤਫ਼ਤੀਸ਼ ਕੀਤੀ ਤਾਂ ਅੱਧੇ ਤੋਂ ਜ਼ਿਆਦਾ ਅਪਰਾਧਾਂ ਵਿਚ ਪੰਜਾਬੀ ਹੀ ਮੁਜ਼ਰਮ ਨਿਕਲੇ। ਐਸਨਡੈਨ ਅੱਗ ਕਾਂਡ ਹੋਇਆ ਜਾਂ ਰਣਜੋਧ ਸਿੰਘ ਕਾਂਡ। ਇਹਨਾਂ ਨੇ ਸਾਰਿਆਂ ਦੀ ਮਿੱਟੀ ਪਲੀਤ ਕਰ ਦਿੱਤੀ। ਰਹਿੰਦੀ ਖੂੰਹਦੀ ਕਸਰ ਪਰਥ ਵਿਚ ਦੋ ਸਕੇ ਭਰਾਵਾਂ ਨੂੰ ਇਕ ਪੰਜਾਬੀ ਨੇ ਕੁੱਝ ਡਾਲਰਾਂ ਪਿੱਛੇ ਜਾਨੋਂ ਮਾਰ ਕੇ ਪੂਰੀ ਕਰ ਦਿੱਤੀ। ਇਕ ਮਿੰਟ ਦੇ ਗੁੱਸੇ ਨੇ ਇਕ ਘਰ ਦੇ ਦੋ ਚਿਰਾਗ ਬੁਝਾ ਦਿੱਤੇ। ਗੋਰਿਆਂ ਤੋਂ ਡਰਦੇ ਪੰਜ-ਪੰਜ ਮੁੰਡੇ ਤਾਂ ਦੁੱਧ ਦੀ ਕੈਨੀ ਲੈਣ ਜਾਂਦੇ ਹਨ। ਉਸ ਸਮੇਂ ਇਹ ਗੁੱਸਾ ਕਿੱਥੇ ਹੁੰਦਾ ਹੈ। ਗੋਰਿਆਂ ਤੋਂ ਛਿੱਤਰ ਖਾ ਕੇ ਪੰਜਾਬੀ ਚੁੱਪ ਕਰ ਜਾਂਦੇ ਹਨ ਤੇ ਆਪਸ ਵਿਚ ਚਾਕੂ ਚਲਾ ਦਿੰਦੇ ਹਨ। ਲੱਖ ਦੀ ਲਾਹਨਤ ਹੈ, ਇਹੋ ਜਿਹੀ ਬਹਾਦਰੀ ‘ਤੇ।
ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਨਵੀਂ ਕੌਮ ਆਸਟ੍ਰੇਲੀਆ ਆਈ ਹੈ, ਉਹਨਾਂ ਨਾਲ ਧੱਕਾ ਹੋਇਆ ਹੈ। ਚਾਹੇ ਗ੍ਰੀਕ ਹੋਣ, ਚਾਹੇ ਇਟਾਲੀਅਨ, ਚਾਹੇ ਲਿਬਨਾਨੀ ਜਾਂ ਭਾਰਤੀ। ਪਰ ਬਾਅਦ ਵਿਚ ਭਾਈਚਾਰਕ ਸਾਂਝ ਵੀ ਕਾਫ਼ੀ ਬਣੀ। ਭਾਰਤੀਆਂ ਨਾਲ ਤਾਂ ਇਹ ਰੋਸਾ ਦੋ ਤਿੰਨ ਸਾਲ ਤੋਂ ਜ਼ਿਆਦਾ ਭਖਿਆ ਹੈ। ਜਦੋਂ ਦੇ ਸਟੂਡੈਂਟ ਵੀਜ਼ੇ ‘ਤੇ ਕਾਫ਼ੀ ਭਾਰਤੀ ਇੱਥੇ ਪੁੱਜੇ ਹਨ। ਕਈ ਭਾਰਤੀ ਤਾਂ ਇਹੋ ਜਿਹੇ ਹਨ, ਜਿਹੜੇ ਦਿੱਲੀ ਸਿਰਫ ਆਸਟ੍ਰੇਲੀਆ ਲਈ ਹਵਾਈ ਜਹਾਜ਼ ਫੜਨ ਆਏ ਸੀ। ਜਿਹਨਾਂ ਨੇ ਕਦੇ ਵੱਡੇ ਸ਼ਹਿਰ ਦਾ ਮਾਹੌਲ ਨਹੀਂ ਵੇਖਿਆ, ਉਹ ਸਮੁੰਦਰ ਪਾਰ ਕਰਕੇ ਪਰੀਆਂ ਦੇ ਦੇਸ਼ ਆਸਟ੍ਰੇਲੀਆ ਆ ਪੁੱਜੇ। ਇੱਥੋਂ ਦੀ ਚਮਕ ਨੇ ਅੱਖਾਂ ਚੁੰਧਿਆ ਦਿੱਤੀਆਂ। ਇੱਥੇ ਕੋਈ ਅਮੀਰ-ਗਰੀਬ ਦਾ ਸਵਾਲ ਨਹੀਂ ਹੈ। ਗਰੀਬ ਬੰਦਾ ਤਾਂ ਚੰਡੀਗੜ੍ਹ ਤੱਕ ਨਹੀਂ ਜਾ ਸਕਦਾ। ਆਸਟ੍ਰੇਲੀਆ ਕਿੱਥੋਂ ਆ ਸਕਦਾ ਹੈ ਗਰੀਬ ਇਨਸਾਨ। ਇਹਨਾਂ ਦੀ ਖੁੱਲ੍ਹੀ ਛੋਟ ਮਿਲੀ ਵੇਖ ਕੇ ਕਈ ਲੋਕਾਂ ਨੇ ਆਸਟ੍ਰੇਲੀਆ ਵੱਲ ਰੁੱਖ ਕੀਤਾ। ਸਪਾਊਜ਼ ਵੀਜ਼ਾ ਵੀ ਖੁੱਲ੍ਹੇ ਆਮ ਹੋ ਗਿਆ। ਇਸਦਾ ਕਈ ਲੋਕਾਂ ਨੇ ਨਾਜਾਇਜ਼ ਫਾਇਦਾ ਉਠਾਇਆ। ਸ਼ਰ੍ਹੇਆਮ ਕੰਟਰੈਕਟ ਵਿਆਹ ਹੋਏ। ਕਈ ਨੌਜਵਾਨਾਂ ਦੇ ਮਾਪਿਆਂ ਨੇ ਇਹ ਸੋਚ ਕਿ ਆਸਟ੍ਰੇਲੀਆ ਵਿਆਹ ਕਰਾ ਕੇ ਭੇਜ ਦਿੱਤਾ ਕਿ ਸ਼ਾਇਦ ਆਸਟ੍ਰੇਲੀਆ ਜਾ ਕੇ ਸੁਧਰ ਜਾਣਗੇ ਪਰ ਕਿੱਥੋਂ ਸੁਧਰਦੇ ਹਨ ਇਹ ਵੀਰ। ਔਰਤ ਨੂੰ ਤਾਂ ਕੁਸਕਣ ਵੀ ਨਹੀਂ ਦਿੰਦੇ। ਉਹਦੀ ਮੰਨਣ ਕਿਵੇਂ ਇਹ ਵੀਰ। ਖੇਤਾਂ ਵਿਚ ਕੰਮ ਕਰਦੇ ਪਿੱਠ ਦੁੱਖਦੀ ਹੈ। ਸਕਿਊਰਟੀ ਦੇ ਕੰਮ ਵਿਚ ਖੜ੍ਹਿਆ ਨਹੀਂ ਜਾਂਦਾ। ਫਿਰ ਪੈਸੇ ਕਿੱਥੋਂ ਆਉਣਗੇ। ਸਿਰਫ ਕੁਝ ਨਿਕੰਮੇ ਨਸ਼ਈ ਕਿਸਮ ਦੇ ਨੌਜਵਾਨਾਂ ਨੇ ਸਾਰੀ ਪੰਜਾਬੀ ਸੁਸਾਇਟੀ ਨੂੰ ਕਲੰਕਿਤ ਕਰ ਦਿੱਤਾ ਹੈ। ਫਿਲਮਾਂ ਵੇਖ ਵੇਖ ਕੇ ਪੈਸੇ ਜਲਦੀ ਬਣਾਉਣ ਦੇ ਚੱਕਰ ਵਿਚ ਗਲਤ ਰਸਤੇ ‘ਤੇ ਚੱਲ ਪੈਂਦੇ ਹਨ। ਬੈਂਕਾਂ ਨਾਲ ਧੋਖਾਧੜੀ ਕਰਦੇ ਹਨ, ਮੋਬਾਇਲ ਕੰਪਨੀਆਂ ਨਾਲ ਧੋਖਾ ਕਰਦੇ ਹਨ। ਕੰਮਾਂ ਦੇ ਵਿਚ ਵੀ ਗੜਬੜੀ ਕਰਦੇ ਹਨ। ਇੱਥੇ ਇੰਮੀਗ੍ਰੇਸ਼ਨ ਦੇ ਵਿਚ ਇੰਟਰਪ੍ਰੇਟਰ ਦੀ ਸੇਵਾ ਕਰਨ ਵਾਲੇ ਮਨਜੀਤ ਸਿੰਘ ਔਜਲਾ ਨੇ ਦੱਸਿਆ ਕਿ ਸੈਂਕੜਿਆਂ ਦੀ ਤਾਦਾਦ ਵਿਚ ਪੰਜਾਬੀ ਨੌਜਵਾਨ ਲੈਵਰਟਨ ਦੀ ਜੇਲ੍ਹ ਵਿਚ ਬੰਦ ਹਨ, ਜਿਹਨਾਂ ਵਿਚੋਂ ਜ਼ਿਆਦਾਤਰ ਟੈਕਸੀ ਡਰਾਈਵਰ ਹਨ। ਜਿਹਨਾਂ ਨੇ ਸਵਾਰੀਆਂ ਦੇ ਕਰੈਡਿਟ ਕਾਰਡ ਤੇ ਐਮ. ਪੀ. ਟੀ. ਪੀ. ਕਾਰਡ ਮੈਨੂਅਲ ਪ੍ਰੋਸੈਸ ਕਰਕੇ ਬਾਅਦ ਵਿਚ ਜ਼ਿਆਦਾ ਡਾਲਰ ਭਰੇ ਤੇ ਆਪਦੇ ਫਾਇਦੇ ਲਈ ਕਰੈਡਿਟ ਕਾਰਡ ਦਾ ਗਲਤ ਇਸਤੇਮਾਲ ਕੀਤਾ। ਜੋ ਕਿ ਸਵਾਰੀਆਂ ਨੂੰ ਪਤਾ ਚੱਲਣ ‘ਤੇ ਟੈਕਸੀ ਡਰਾਈਵਰਾਂ ਨੂੰ ਜੇਲ੍ਹ ਦੇ ਦਰਸ਼ਨ ਕਰਨੇ ਪਏ। ਪਰ ਅਜੇ ਵੀ ਸਾਡੇ ਪੰਜਾਬੀ ਸ਼ੇਰ ਟਲਦੇ ਨਹੀਂ ਗਲਤ ਕੰਮਾਂ ਤੋਂ। ਪਿਛਲੇ ਦਿਨਾਂ ਵਿਚ ਮੈਲਬੌਰਨ ਦੀ ਯੈਲੋ ਕੈਸ਼ ਕੰਪਨੀ ਵੱਲੋਂ ਟੈਕਸੀ ਡਰਾਈਵਰਾਂ ‘ਤੇ ਕੰਮ ਦੇ ਦੌਰਾਨ ਛਾਪੇ ਮਾਰੇ, ਜਿਸ ਵਿਚ ਕਾਫ਼ੀ ਤਾਦਾਦ ਵਿਚ ਸਾਡੇ ਪੰਜਾਬੀ ਮੁੰਡੇ ਡਿਸਪੈਚਰ ਨਾਲ ਛੇੜ-ਛਾੜ ਦੇ ਦੋਸ਼ੀ ਪਾਏ ਗਏ। ਦੋ ਸੌ ਡਾਲਰ ਦੇ ਜ਼ੁਰਮਾਨੇ ਤੇ ਆਖਰੀ ਚਿਤਾਵਨੀ ਦੇ ਕੇ ਛੱਡ ਦਿੱਤੇ ਗਏ ਪਰ ਹੁਣ ਫਿਰ ਮੁੰਡੇ ਉਸੇ ਰਾਹ ‘ਤੇ ਤੁਰ ਪਏ ਤੇ ਮੁੱਛਾਂ ਨੂੰ ਤਾਅ ਦੇ ਕੇ ਕਹਿੰਦੇ ਹਨ ਕਿ ਕੋਈ ਨਹੀਂ ਅਸੀਂ ਤਾਂ ਨਹੀਂ ਹਟਦੇ ਪੰਗੇ ਲੈਣ ਤੋਂ, ਜਿਹਨੇ ਜੋ ਕਰਨਾ ਹੈ ਕਰ ਲਵੇ।

ਪਿਛਲੇ ਦਿਨਾਂ ਵਿਚ ਜੋ ਵੀ ਮਾੜਾ ਵਾਪਰਿਆ, ਉਸ ਦੇ ਲਈ ਜ਼ਿੰਮੇਵਾਰ ਵੀ ਪੰਜਾਬੀ ਹੀ ਨਿਕਲੇ ਹਨ। ਚਾਰ ਮਾਰਚ ਨੂੰ ਇਕ ਬੱਚੇ ਨੂੰ ਅਗਵਾ ਕਰ ਲਿਆ ਗਿਆ, ਜਿਸ ਦੀ ਸ਼ਾਮ ਨੂੰ ਲਾਸ਼ ਹੀ ਮਿਲੀ। ਇਹ ਬੱਚਾ ਇਕ ਪੰਜਾਬੀ ਪਰਿਵਾਰ ਦਾ ਸੀ ਤੇ ਐਤਵਾਰ ਨੂੰ ਜੋ ਅਗਵਾਕਾਰ ਫੜਿਆ ਗਿਆ, ਉਹ ਵੀ ਪੰਜਾਬੀ ਨਿਕਲਿਆ। ਸਾਰੀ ਦੁਨੀਆ ਹੈਰਾਨ ਹੋ ਗਈ ਕਿ ਇਹ ਕੀ ਵਾਪਰ ਗਿਆ। ਹਰ ਕੇਸ ਦੀ ਤਫ਼ਤੀਸ਼ ਚੱਲ ਰਹੀ ਹੈ। ਇਕ ਅਚੰਭੇ ਵਾਲੀ ਗੱਲ ਇਹ ਹੋਈ ਕਿ ਇਹਨਾਂ ਦੇ ਨੇੜੇ ਰਹਿਣ ਵਾਲੇ ਗੋਰੇ ਤੇ ਦੂਜੇ ਦੇਸ਼ਾਂ ਦੇ ਲੋਕ ਇਸ ਬੱਚੇ ਦੇ ਘਰ ਅੱਗੇ ਫੁੱਲ ਰੱਖ ਕੇ ਆਏ ਤੇ ਗਰੀਟਿੰਗ ਕਾਰਡ ਰੱਖ ਕੇ ਆਏ ਤੇ ਆਪਣੀ ਹਮਦਰਦੀ ਪ੍ਰਗਟ ਕੀਤੀ। ਪਰ ਜਦੋਂ ਕਾਤਲ ਤੇ ਅਗਵਾਕਾਰ ਦੀ ਸ਼ਨਾਖਤ ਹੋਈ ਤਾਂ ਪੰਜਾਬੀ ਸਪੂਤਾਂ ਦਾ ਤਾਂ ਜਹਾਨ ਹੀ ਲੁੱਟਿਆ ਗਿਆ। ਟੈਕਸੀ ਵਿਚ ਬੈਠਣ ਵਾਲੇ ਗੋਰੇ ਹੁਣ ਜਦ ਕਿਸੇ ਭਾਰਤੀ ਨੂੰ ਪੁੱਛਦੇ ਹਨ ਕਿ ਤੂੰ ਭਾਰਤ ਤੋਂ ਹੈ? ਤਾਂ ਡਰਾਈਵਰ ਪਾਕਿਸਤਾਨ ਜਾਂ ਬੰਗਲਾਦੇਸ਼ ਦਾ ਨਾਂ ਲੈ ਦਿੰਦਾ ਹੈ ਕਿ ਉਹ ਭਾਰਤ ਤੋਂ ਨਹੀਂ ਹੈ। ਹੁਣ ਸਾਨੂੰ ਆਪਣੀ ਪਹਿਚਾਣ ਵੀ ਲੁਕੋਣੀ ਪੈ ਰਹੀ ਹੈ, ਕੁੱਝ ਮੂਰਖ ਲੋਕਾਂ ਦੀਆਂ ਗਲਤੀਆਂ ਕਾਰਨ।
ਨਵੇਂ ਆਏ ਕੁਝ ਵੀਰ ਜ਼ਿਆਦਾ ਹੀ ਅੱਤ ਚੁੱਕ ਰਹੇ ਹਨ, ਜਿਵੇਂ ਕਿ ਕੈਸੀਨੋ ਜਾ ਕੇ ਜੂਆ ਖੇਡਦੇ ਹਨ। ਸ਼ਰਾਬ ਪੀ ਕੇ ਰਾਤ ਨੂੰ ਗਲੀਆਂ ਵਿਚ ਲਲਕਾਰੇ ਮਾਰਦੇ ਫਿਰਦੇ ਹਨ। ਉਧਾਰ ਪੈਸੇ ਮੰਗ ਕੇ ਮੁੰਡਿਆਂ ਤੋਂ ਕੁੜੀਆਂ ਨੂੰ ਸੈਰਾਂ ਕਰਵਾ ਰਹੇ ਹਨ। ਬਾਅਦ ਵਿਚ ਜਦੋਂ ਕੋਈ ਪੈਸੇ ਵਾਪਸ ਮੰਗਦਾ ਹੈ ਤਾਂ ਲੜਾਈ ਹੋ ਜਾਂਦੀ ਹੈ। ਜ਼ਿਆਦਾ ਲੜਾਈਆਂ ਉਧਾਰੇ ਪੈਸੇ ਵਾਪਸ ਮੰਗਣ ‘ਤੇ ਹੁੰਦੀਆਂ ਹਨ। ਇਸ ਤੋਂ ਬਚਣ ਦਾ ਤਰੀਕਾ ਇਕ ਹੀ ਹੈ ਕਿ ਕਿਸੇ ਨੂੰ ਪੈਸੇ ਉਧਾਰ ਨਾ ਹੀ ਦਿੱਤੇ ਜਾਣ। ਜਿਸ ਦਿਨ ਦੋਸਤ ਨੂੰ ਤੁਸੀਂ ਪੈਸੇ ਦੇ ਦਿੱਤੇ, ਉਸ ਦਿਨ ਤੁਸੀਂ ਉਹਦੇ ਲਈ ਰੱਬ ਸਮਾਨ ਹੁੰਦੇ ਹੋ ਜਿਸ ਦਿਨ ਵਾਪਸ ਮੰਗਦੇ ਹੋ, ਉਸ ਦਿਨ ਦੁਸ਼ਮਣ ਹੋ ਜਾਂਦੇ ਹੋ।
ਮੇਰੀ ਸਾਰਿਆਂ ਅੱਗੇ ਇਹੀ ਅਪੀਲ ਹੈ ਕਿ ਸੂਝਵਾਨ ਵੀਰੋ, ਜੇ ਤੁਸੀਂ ਇਸ ਮੁਲਕ ਵਿਚ ਰਹਿਣਾ ਚਾਹੁੰਦੇ ਹੋ ਤਾਂ ਤਰੀਕੇ ਨਾਲ ਰਹੋ। ਜੇ ਜ਼ਿਆਦਾ ਹੀ ਫੁਕਰਪੁਣੇ ਨਾਲ ਰਹਿਣਾ ਹੈ ਤਾਂ ਭਾਰਤ ਵਾਪਸ ਜਾਓ, ਪਰ ਇੱਥੇ ਗੰਦ ਪਾ ਕੇ ਪੰਜਾਬੀਅਤ ਨੂੰ ਬਦਨਾਮ ਨਾ ਕਰੋ।
****



ਮੈਂ ਤੇ ਮੇਰਾ ਗੁਰਦਾਸ ਮਾਨ.......... ਅਭੁੱਲ ਯਾਦਾਂ / ਸੁਮਿਤ ਟੰਡਨ (ਆਸਟ੍ਰੇਲੀਆ)

ਟਿੰਡੀ ਨਿੱਕੇ ਹੁੰਦਿਆਂ ਬੀਬੀ ਨੂੰ (ਦਾਦੀ ਨੂੰ) : ਪਹਿਲਾਂ ਐਂ ਦੱਸ, ਆਹ ਗਰਦਾਸ ਮਾਣ ਤੇਰਾ ਆੜੀ ਐ ਜਾਂ ਭਾਪੇ ਦਾ ! ਉਹ ਵੀ ਸਾਰਾ ਦਿਨ ਉਸੇ ਨੂੰ ਸੁਣੀ ਜਾਂਦਾ ਤੇ ਕੰਨਾਂ ‘ਚੋਂ ਰੇਡੂਆ ਤੂੰ ਵੀ ਨੀ ਲਾਹੁੰਦੀ ! ਸਾਰਾ ਦਿਨ ਗੂੰਠਾ ਦਿਲ ਆਲੀ ਬਹੀ ‘ਤੇ ਲਾਈ ਜਾਂਦੀ ਐ, ਤੇਰੇ ਰੇਡੂਏ ਦੀ ਤਾਂ ਕਦੇ ਸਿਆਹੀ ਵੀ ਨੀਂ ਸੁੱਕਦੀ ! ਬੀਬੀ ਸੱਚ ਦੱਸ ਇਹ ਭਲਾ ਤੇਰਾ ਹਾਣੀ ਐ ਜਾਂ ਭਾਪੇ ਦਾ ਜਾਂ ਫਿਰ ਮੇਰਾ, ਮੈਨੂੰ ਤਾਂ ਊਂ ਈ ਨੀ ਸਮਝ ਪੈਂਦੀ । ਡੈਡੀ ਕਹਿੰਦਾ ਉਹ ਵੀ ਛੋਟੇ ਹੁੰਦੇ ਤੋਂ ਗੁਰਦਾਸ ਮਾਣ ਦੇ ਗਾਣੇ ਸੁਣਦਾ ਤੇ ਤੂੰ ਕਹਿੰਦੀ ਤੂੰ ਵੀ ਲੰਮੇ ਵੇਲੇ ਤੋਂ ਇਸੇ ਨੂੰ ਸੁਣ ਰਹੀ ਏਂ ! ਲੈ ਹੁਣ ਤੂੰ ਆਪ ਮੈਨੂੰ ਈ ਦੇਖ ਲੈ, ਮੇਰੀ ਅਲਮਾਰੀ ਵੀ ਗਰਦਾਸ ਮਾਨ ਦੀਆਂ ਟੇਪਾਂ ਨਾਲ ਭਰੀ ਪਈ ਐ, ਐਨੀਆਂ ਤਾਂ ਖੌਰੇ ਉਹਦੇ ਆਪਣੇ ਕੋਲ ਵੀ ਨਾ ਹੋਣ, ਉਸਦੀ ਲਮਾਰੀ ‘ਚ ! ਬੀਬੀ ਭਲਾ ਇਹ ਐਨਾ ਵਧੀਆ ਕਿਮੇ ਲਿਖਦਾ ਤੇ ਗਾਂਦਾ, ਕੀ ਇਸਤੋਂ ਸੱਚੀਂ ਰੱਬ ਲਖਾਂਦਾ ? ਨਾਲੇ ਊਂ ਵੀ ਮੈਨੂੰ ਤਾ ਇਹ ਮਰਜਾਣਾ ਸੋਹਣਾ ਈ ਬੜਾ ਲੱਗਦਾ । ਮੈਂ ਵੀ ਬੜਾ ਹੋ ਕੇ ਗਰਦਾਸ ਮਾਣ ਬਣਨਾ….ਤੂੰ ਬਣਾਊਂਗੀ ਨਾ ਮੈਨੂੰ ਵੀ ਗਰਦਾਸ ਮਾਨ…. ?

ਟਿੰਡੀ ਅੱਜ ਪੂਰੇ 23 ਸਾਲਾਂ ਦਾ ਹੋ ਗਿਆ ਹੈ, ਜਿਸਦਾ ਲਗਾਓ ਬਚਪਨ ਤੋਂ ਲੈ ਕੇ ਅੱਜ ਤੱਕ ਪੜ੍ਹਾਈ ਨਾਲ ਘੱਟ ਅਤੇ ਗੁਰਦਾਸ ਮਾਨ ਨਾਲ ਜਾਂ ਵਾਲੀਬਾਲ ਨਾਲ ਵੱਧ ਰਿਹਾ ਹੈ ! ਉਮਰ ਦਾ ਲੰਮਾ ਪੈਂਡਾ ਕਿਸ ਤਰ੍ਹਾਂ ਉਸ ਨੇ ਗੁਰਦਾਸ ਮਾਨ ਦੇ ਲੋਰੀ ਵਰਗੇ ਗੀਤਾਂ ਦੇ ਪਰਛਾਵੇਂ ਹੇਠ ਗੁਜ਼ਾਰ ਲਿਆ ਪਤਾ ਹੀ ਨਹੀਂ ਚੱਲਿਆ । ਤੀਸਰੀ ਜਮਾਤ ਵਿੱਚ ਪੜ੍ਹਦੇ ਜਿਸ ਬੱਚੇ ਨੂੰ ਵਾਲੀਬਾਲ ਅਤੇ ਗੁਰਦਾਸ ਮਾਨ ਦਾ ਚਸਕਾ ਲੱਗ ਜਾਵੇ, ਉਸਦੀ ਇਨ੍ਹਾਂ ਦੋਹਾਂ ਚੀਜ਼ਾਂ ਪ੍ਰਤੀ ਦੀਵਾਨਗ਼ੀ ਕਿਸ ਹੱਦ ਤੱਕ ਹੋ ਸਕਦੀ ਹੈ ਸ਼ਾਇਦ ਬਿਆਨ ਕੀਤਿਆਂ ਵੀ ਅਧੂਰੀ ਰਹਿ ਜਾਵੇ। ਟਿੰਡੀ ਜੋ ਸੌਣ ਤੋਂ ਲੈ ਕੇ ਉੱਠਣ ਤੱਕ ਜਾਂ ਫਿਰ ਨਹਾਉਣ, ਖਾਣ, ਖੇਡਣ, ਇੱਥੋਂ ਤੱਕ ਕਿ ਸਵੇਰ ਨੂੰ ਪਾਠ ਵੀ ਗੁਰਦਾਸ ਮਾਨ ਦੀ ਵੰਦਨਾ (ਰੱਖੀਓ ਲਾਜ ਗੁਰੂਦੇਵ) ਦਾ ਹੀ ਕਰਦਾ ਰਿਹਾ ਹੋਵੇ, ਉਹ ਗੁਰਦਾਸ ਮਾਨ ਨੂੰ ਕਿਸ ਸ਼ਿੱਦਤ ਨਾਲ ਚਾਹੁੰਦਾ ਹੋਵੇਗਾ ਇਹ ਵੀ ਲਿਖਣਾ ਮੁਸ਼ਕਿਲ ਹੈ। ਗੁਰਦਾਸ ਮਾਨ ਬਚਪਨ ਤੋਂ ਉਸ ਲਈ ਪ੍ਰੇਰਣਾ ਸ੍ਰੋਤ ਹੈ, ਜਿਸ ਦਾ ਹਰ ਬੋਲ ਉਸ ਲਈ ਇਲਾਹੀ ਬਾਣੀ ਵਾਂਗੂੰ ਹੈ, ਜਿਵੇਂ ‘ਮਸਤੋਂ ਕਾ ਝੂਮਨਾ ਭੀ ਬੰਦਗ਼ੀ ਸੇ ਕਮ ਨਹੀਂ’ ਹੁੰਦਾ। ਟਿੰਡੀ ਦੀ ਗੁਰਦਾਸ ਮਾਨ ਪ੍ਰਤੀ ਖਿੱਚ ਇੰਨੀ ਵੱਧ ਚੁੱਕੀ ਸੀ ਕਿ ਹੁਣ ਤਾਂ ਮਾਪਿਆਂ ਤੋਂ ਇਲਾਵਾ ਗਲੀ-ਗੁਆਂਢ, ਰਿਸ਼ਤੇਦਾਰ, ਸੱਜਣ ਬੇਲੀ ਜਾਂ ਹੋਰ ਨਜ਼ਦੀਕੀ ਵੀ ਉਸਦੀ ਮਹਿਕ ਭਾਪਣ ਲੱਗ ਪਏ ਸੰਨ। ਕਈ ਵਾਰ ਤਾਂ ਯਾਰਾਂ ਦੋਸਤਾਂ ਦੀਆਂ ਟਿੱਚਰਾਂ ਤੋਂ ਉੱਕਿਆ ਟਿੰਡੀ ਇਹ ਕਹਿ ਕੇ ਖੈਹੜਾ ਛੁਡਾਉਂਦਾ ਕਿ ‘ਜਦ ਦੁਸ਼ਮਣ ਬਣ ਜਣ ਯਾਰ ਤੇ ਉੱਠ ਜਾਏ ਸੱਜਣਾ ਦਾ ਇਤਬਾਰ ਮੁੱਹਬਤਾਂ ਕੀ ਕਰੀਏ’ । ਟਿੰਡੀ ਨੇ ਜ਼ਿੰਦਗ਼ੀ ਵਿੱਚ ਕਦੇ ਵੀ ਗੁਰਦਾਸ ਮਾਨ ਨੂੰ ਮਿਲਣ ਲਈ ਹੁੰਗਾਰਾ ਨਹੀਂ ਸੀ ਭਰਿਆ, ਉਹ ਸਿਰਫ਼ ਤੇ ਸਿਰਫ਼ ਗੁਰਦਾਸ ਮਾਨ ਨੂੰ ਸੁਣ ਕੇ ਹੀ ਖੁਸ਼ੀ ਮਹਿਸੂਸ ਕਰਦਾ ਸੀ। ਪਿੰਡ ਵਿੱਚ ਰਹਿੰਦਿਆਂ ਗੁਰਦਾਸ ਮਾਨ ਨੂੰ ਸੁਣਨ ਦਾ ਜ਼ਰੀਆ ਸਿਰਫ਼ ਕੈਸਟਾਂ ਹੀ ਹੁੰਦੀਆਂ ਸੰਨ ਅਤੇ ਜੇ ਕਦੇ ਕਦਾਈਂ ਅਖਬਾਰ ਵਿੱਚ ਜਾਂ ਜਲੰਧਰ ਦੂਰਦਰਸ਼ਨ ਦੇ ਰੌਣਕ ਮੇਲਾ ਪ੍ਰੋਗਰਾਮ ਵਿੱਚ ਜਾਂ ਲਿਸ਼ਕਾਰੇ ‘ਚ ਗੁਰਦਾਸ ਮਾਨ ਨੂੰ ਅੱਖੀਂ ਦੇਖ ਲੈਣਾ ਤਾਂ ਉਸਨੇ ਕਈ ਕਈ ਦਿਨ ਊਂ ਈ ਖੁਸ਼ੀ ‘ਚ ਗੁਬਾਰੇ ਵਾਂਗੂੰ ਫੁੱਲੇ ਰਹਿਣਾ !
ਟਿੰਡੀ ਨੇ ਪਹਿਲੀ ਵਾਰ ਜਦੋਂ ਆਨੰਦਪੁਰ ਸਾਹਿਬ ਦੇ ਮੈਦਾਨ ਵਿੱਚ ਵਿਸਾਖੀ ਮੌਕੇ ਗੁਰਦਾਸ ਮਾਨ ਨੂੰ ਨੇੜੇ ਤੋਂ ਗਾਉਂਦੇ ਸੁਣਿਆ ਬੱਸ ਉਹ ਸਮਾਂ ਉਸ ਲਈ ਨਾ ਭੁੱਲਣ ਵਾਲੀ ਕਿਤਾਬ ‘ਤੇ ਉਕਰਿਆ ਗਿਆ। ਉਸ ਤੋਂ ਬਾਅਦ ਆਲਮ ਕੀ ਹੋਵੇਗਾ ਟਿੰਡੀ ਦਾ….ਤੁਸੀਂ ਸਮਝ ਸਕਦੇ ਓ ? ਜਿਵੇਂ ਕਿਵੇਂ ਕਰਕੇ ਸਮਾਂ ਲੰਘਦਾ ਗਿਆ, ਟਿੰਡੀ ਦੀ ਗੁਰਦਾਸ ਮਾਨ ਪ੍ਰਤੀ ਖਿੱਚ ਘੱਟ ਹੋਣ ਦੀ ਬਜਾਇ ਵੱਧਦੀ ਚਲੀ ਗਈ, ਉਸਦਾ ਮੁੱਖ ਕਾਰਨ ਗੁਰਦਾਸ ਮਾਨ ਦੀ ਉੱਚ ਪਾਏ ਦੀ ਗਾਇਕੀ ਅਤੇ ਵਧੀਆ ਸ਼ੈਲੀ ਹੈ । ਮਾਂ-ਪਿਓ ਨੇ ਟਿੰਡੀ ਨੂੰ ੳੁੱਚ ਵਿੱਦਿਆ ਲਈ ਪੰਜਾਬ ਦੇ ਕਿਸੇ ਨਾਮੀ ਕਾਲਜ ਵਿੱਚ ਭਰਤੀ ਕਰਵਾ ਦਿੱਤਾ, ਜਿੱਥੇ ਜਾ ਕੇ ਉਸ ਨੇ ਮਾਂ-ਬਾਪ ਦੇ ਇੱਕ ਇੱਕ ਪੈਸੇ ਨੂੰ ਗੁਰਦਾਸ ਮਾਨ ਦੇ ਲੇਖੇ ਲਾ ਦਿੱਤਾ, ਹੋਸਟਲ ਤੋਂ ਵਾਪਸ ਪਰਤਣ ਵੇਲੇ ਹੋਰ ਬੱਚਿਆਂ ਦੇ ਝੋਲਿਆਂ ‘ਚ ਕਿਤਾਬਾਂ ਅਤੇ ਟਿੰਡੀ ਦੇ ਝੋਲੇ ਦਾ ਬੋਝ ਗੁਰਦਾਸ ਮਾਨ ਦੀਆਂ ਕੈਸਟਾਂ ਢੋਂਦੀਆਂ। ਮਾਪਿਆਂ ਨੂੰ ਇਲਮ ਹੁੰਦੇ ਹੋਏ ਵੀ ਸ਼ਾਇਦ ਇਸ ਗੱਲ ਦਾ ਰੰਜ ਨਹੀਂ ਸੀ ਕਿਊਂ ਕਿ ਉਹ ਸੋਚਦੇ ਸੰਨ ਕਿ ਉਨ੍ਹਾਂ ਦਾ ਪੁੱਤਰ ਪੈਸੇ ਨੂੰ ਕਿਸੇ ਨਸ਼ੇ ਵਿੱਚ ਜਾਂ ਜੂਏ ਵਿੱਚ ਜਾਂ ਹੋਰ ਮਾੜੀਆਂ ਅਲਾਮਤਾਂ ਵਿੱਚ ਨਹੀਂ ਸੀ ਉਡਾ ਰਿਹਾ । ਸਗੋਂ ਉਹਨਾਂ ਨੂੰ ਵੀ ਪਤਾ ਸੀ ਕਿ ਗੁਰਦਾਸ ਮਾਨ ਦੇ ਹਰ ਬੋਲ ਜਾਂ ਗੀਤ ਵਿੱਚ ਉਹੀ ਨਸੀਹਤ ਹੈ ਜੋ ਅਕਸਰ ਮਾਪੇ ਬੱਚਿਆਂ ਨੂੰ ਦੇਣਾ ਚਾਹੁੰਦੇ ਹਨ। ਇਸ ਲਈ ਸਿਰਫ਼ ਹਲਕੀ ਫੁਲਕੀ ਡਾਂਟ ਨਾਲ ਹੀ ਨਿਬੇੜਾ ਹੁੰਦਾ ਰਿਹਾ ।
ਸਮੇਂ ਨੇ ਕਰਵਟ ਬਦਲੀ ਤੇ ਟਿੰਡੀ ਇੰਜੀਨੀਅਰ ਬਣਦਾ ਬਣਦਾ ਰਹਿ ਗਿਆ ? ਹੁਣ ਟਿੰਡੀ ਦੇ ਮਾਪੇ ਬੱਚਿਆਂ ਦੇ ਉੱਜਲ ਭਵਿੱਖ ਲਈ ਪਿੰਡ ਛੱਡ ਕੇ ਚੰਡੀਗੜ੍ਹ ਆ ਬਿਰਾਜੇ ਅਤੇ ਟਿੰਡੀ ਨੂੰ ਵੀ ਉਨ੍ਹਾਂ ਦੇ ਨਾਲ ਪਿੰਡ ਛੱਡਣਾ ਪੈ ਗਿਆ। ਚੰਡੀਗੜ੍ਹ ਆ ਕੇ ਉਸਦੀ ਲਤ ਵਾਲੀਬਾਲ ਅਤੇ ਗੁਰਦਾਸ ਮਾਨ ਲਈ ਇੰਨੀ ਪੱਕੀ ਹੋ ਗਈ ਕਿ ਉਸਨੇ ਇਨ੍ਹਾਂ ਇਲਾਕਿਆਂ ਵਿੱਚ ਜਾਂ ਪੰਜਾਬ ਯੂਨੀਵਰਸਿਟੀ ਵਿੱਚ ਹੋਣ ਵਾਲੇ ਗੁਰਦਾਸ ਮਾਨ ਦੇ ਕਿਸੇ ਵੀ ਪ੍ਰਗੋਰਾਮ ਨੂੰ ਸੁਣਨ ਤੋਂ ਨਹੀਂ ਛੱਡਿਆ ! ਉਦੋਂ ਸ਼ਾਇਦ ਉਹ ਪ੍ਰੋਗਰਾਮ ਵੀ ਟਿੰਡੀ ਦੀ ਸ਼ਿਰਕਤ ਤੋਂ ਬਿਨਾਂ ਅਧੂਰੇ ਲੱਗਦੇ ਹੋਣਗੇ ? ਰੱਬ ਜਾਣੇ ਟਿੰਡੀ ਕੋਲ ਕਿਹੜੀ ਗਿੱਦੜਸਿੰਗੀ ਸੀ ਕਿ ਉਸ ਨੇ ਬਿਨਾ ਕਿਸੇ ਕਰਤੂਤ ਦੇ ਵੀ ਗੁਰਦਾਸ ਮਾਨ ਦੇ ਜ਼ਿਆਦਾ ਪ੍ਰੋਗਰਾਮ ਵੀ.ਆਈ.ਪੀ ਜਾਂ ਵੀ.ਵੀ.ਆਈ. ਪੀ. ਕੁਰਸੀਆਂ ‘ਤੇ ਬੈਠ ਕੇ ਦੇਖੇ ! ਕਹਿੰਦੇ ਹਨ ਕਿ ਗਧੇ ਨੂੰ ਭਾਰ ਤੇ ਯਾਰਾਂ ਨੂੰ ਯਾਰ ਅਕਸਰ ਸੌ ਕੋਹ ‘ਤੇ ਵੀ ਟੱਕਰ ਜਾਂਦਾ ਹੈ, ਇਸ ਲਈ ਹਰਫ਼ਨਮੌਲਾ ਸੁਭਾ ਦਾ ਟਿੰਡੀ ਬਾਕੀ ਯਾਰਾਂ ਵਿੱਚ ਖਿੱਚ ਦਾ ਕੇਂਦਰ ਰਹਿੰਦਾ ਸੀ ।
ਇੱਕ ਦਿਨ ਵਾਲੀਬਾਲ ਦੇ ਗਰਾਊਂਡ ਵਿੱਚ ਮੈਚ ਦੌਰਾਨ ਐਸਾ ਫਰਿਸ਼ਤਾ ਆ ਬਹੁੜਿਆ ਜੋ ਉਸ ਲਈ ਸੱਜਣ ਘੱਟ ਤੇ ਨਜਦੀਕੀ ਵੱਧ ਬਣ ਬੈਠਾ। ਉਹ ਪੰਜਾਬ ਦਾ ਨਾਮੀ ਗਾਇਕ ਹੋਣ ਦੇ ਨਾਲ ਨਾਲ ਚੰਗਾ ਇਨਸਾਨ ਵੀ ਹੈ, ਜਿਸ ਨੂੰ ਸ਼ਾਇਦ ਵਾਲੀਬਾਲ ਖੇਡਣ ਦੀ ਖਿੱਚ, ਖਿੱਚ ਲਿਆਈ ਸੀ ਜਾਂ ਉਹ ਟਿੰਡੀ ਦੇ ਧੰਨ ਭਾਗ ਸੰਨ ਕਿ ਐਡੇ ਵੱਡੇ ਫ਼ਨਕਾਰ ਨੇ ਉਸਦੀ ਟੀਮ ਨਾਲ ਸਾਂਝ ਵਧਾਈ ! ਟਿੰਡੀ ਉਸ ਕਲਾਕਾਰ ਨੂੰ ਹੱਦੋਂ ਵੱਧ ਪਿਆਰ ਤੇ ਸਤਿਕਾਰ ਕਰਦਾ ਜਿਸਦਾ ਮੁੱਲ ਉਹ ਕਲਾਕਾਰ ਵੀ ਪਛਾਣਦਾ ਸੀ। ਉਨ੍ਹਾਂ ਦੋਹਾਂ ਵਿੱਚ ਇੱਕ ਗੱਲ ਹੋਰ ਸਾਂਝੀ ਹੋ ਨਿੱਬੜੀ ਕਿ ਜਿੰਨੇ ਸਿਦਕ ਨਾਲ ਟਿੰਡੀ ਗੁਰਦਾਸ ਮਾਨ ਨੂੰ ਚਾਹੁੰਦਾ ਸੀ ਉੰਨੇ ਹੀ ਜਜ਼ਬੇ ਨਾਲ ਉਹ ਕਲਾਕਾਰ ਵੀ ਗੁਰਦਾਸ ਮਾਨ ਦਾ ਸਤਿਕਾਰ ਕਰਦਾ ਸੀ।
ਟਿੰਡੀ ਦੀ ਰੋਜ਼ਮਰਾ ਦੀ ਜ਼ਿੰਦਗ਼ੀ ਸਕੂਨ ਨਾਲ ਗੁਜ਼ਰ ਰਹੀ ਸੀ ਅਤੇ ਉਸਨੇ ਬੇਕਾਰ ਆਦਮੀ (ਭਅ) ਤੋਂ ਮਹਾਂ-ਬੇਕਾਰ ਹੋਣ ਲਈ (ੰਭਅ) ਕਾਲਜ ਵਿੱਚ ਦਾਖਲਾ ਲੈ ਲਿਆ, ਉਸਨੂੰ ਕੀ ਪਤਾ ਸੀ ਜਿਸ ਕਿਸ਼ਤੀ ਦੀ ਸਵਾਰੀ ਉਹ ਮਾਣ ਰਿਹਾ ਹੈ ਉਹ ਉਸਦੀ ਮੰਜ਼ਿਲ ਵੱਲ ਨਹੀਂ ਸੀ ਜਾ ਰਹੀ । ਉਹ ਰੋਜ਼ ਹਵਾ ਦੇ ਵਹਾਅ ਦੇ ਉਲਟ ਵਗਦਾ ਵਗਦਾ ਉਮਰ ਦੇ ਕਈ ਕਿਲੋਮੀਟਰ ਤੈਅ ਕਰ ਗਿਆ, ਅਖ਼ੀਰ ਜਦੋਂ ਮੰਜ਼ਿਲ ਦੇ ਨੇੜੇ ਪਹੁੰਚ ਕੇ ਪਤਾ ਕੀਤਾ ਤਾਂ ਪਿੰਡ ਅਤੇ ਡਾਕਖ਼ਾਨਾ ਤਾਂ ਸਹੀ ਸੀ ਪਰ ਤਹਿਸੀਲ ਅਤੇ ਜ਼ਿਲ੍ਹਾ ਬਦਲ ਗਏ ।
ਇਹ ਭੇਤ ਉਦੋਂ ਖੁੱਲ੍ਹਿਆ ਜਦੋਂ ਇੱਕ ਦਿਨ ਅਚਾਨਕ ਉਸ ਗਾਇਕ ਨੇ ਟਿੰਡੀ ਨੂੰ ਛੇਤੀ ਤੋਂ ਪਹਿਲਾਂ ਆਪਣੇ ਘਰ ਆਉਣ ਬਾਰੇ ਸੱਦਾ ਦਿੱਤਾ, ਕਿਊਂਕਿ ਉਸ ਦਿਨ ਗੁਰਦਾਸ ਮਾਨ ਸਾਹਿਬ ਉਸ ਨੂੰ ਨਵੀਂ ਰਿਲੀਜ਼ ਹੋਈ ਐਲਬਮ ਦੀ ਵਧਾਈ ਦੇਣ ਆਏ ਸੰਨ। ਉਸ ਵੇਲੇ ਅਚਾਨਕ ਟਿੰਡੀ ਵੀ ਅੱਖਾਂ ਮਲਦਾ ਉਨ੍ਹਾਂ ਦੇ ਘਰ ਜਾ ਅੱਪੜਿਆ, ਜੱਥੇ ਉਸਨੇ ਮਾਨ ਸਾਹਿਬ ਨੂੰ ਪਹਿਲੀ ਵਾਰ ਨਜ਼ਦੀਕ ਤੋਂ ਤੱਕਿਆ ਅਤੇ ਚਿਰਾਂ ਤੋਂ ਪਿਆਸੀ ਰੂਹ ਨੂੰ ਠੰਢਕ ਦੁਆਈ ਟਿੰਡੀ ਦੇ ਮਾਨ ਸਾਹਿਬ ਪ੍ਰਤੀ ਬਹੁਤ ਜ਼ਿਆਦਾ ਉਤੇਜਿਤ ਹੋਣ ਕਾਰਨ ਮਾਨ ਸਾਹਿਬ ਉਸਨੂੰ ਕੋਈ ਪੱਤਰਕਾਰ ਆਇਆ ਸਮਝ ਬੈਠੇ ਅਤੇ ਜਾਣ ਲੱਗੇ ਆਸ਼ਿਰਵਾਦ ਦੇ ਗਏ ਕਿ ਤੂੰ ਇਸ ਕਿੱਤੇ ਵਿਚ ਜ਼ਰੂਰ ਅੱਗੇ ਵਧੇਂਗਾ….. !
ਟਿੰਡੀ ਮਾਨ ਸਾਹਿਬ ਦੇ ਉਸੀ ਭੁਲੇਖੇ ਨਾਲ ਘਰ ਵਾਪਸ ਪਰਤ ਆਇਆ ਅਤੇ ਫੱਕਰਾਂ ਦੇ ਬਚਨ, ਇਸ਼ਟ ਦੀ ਬਾਣੀ ਜਾਂ ਕੁੱਝ ਹੋਰ ਸੋਚਦਾ ਸੋਚਦਾ ਇਹ ਫ਼ੈਸਲਾ ਕਰ ਬੈਠਾ ਕਿ ਮੇਰੀ ਮੰਜ਼ਿਲ ਅਤੇ ਰਾਹ ਅੱਜ ਤੋਂ ਉਹੀ ਹਨ, ਜਿਸ ਬਾਰੇ ਅੱਜ ਮੇਰੇ ਕਪਾਟ ਖੁੱਲ੍ਹੇ ਹਨ। ਟਿੰਡੀ ਨੇ ਦੁਨੀਆਦਾਰੀ ਦੀ ਪਰਵਾਹ ਛੱਡ ਆਪਣੇ ਆਪ ਨੂੰ ਮੁੜ ਕੇਂਦਰਿਤ ਕੀਤਾ ਅਤੇ ਪੱਤਰਕਾਰਤਾ ਵਿੱਚ ਡਿਗਰੀ ਹਾਸਿਲ ਕਰ ਲਈ ਅਤੇ ਪੰਜਾਬ ਦੇ ਹੀ ਇੱਕ ਨਾਮੀ ਅਖ਼ਬਾਰ ਵਿੱਚ ਉਪ-ਸੰਪਾਦਕ ਵੀ ਭਰਤੀ ਹੋ ਗਿਆ। ਜਿਨ੍ਹਾਂ ਦਿਨਾਂ ਵਿੱਚ ਉਹ ਨੌਕਰੀ ਕਰ ਰਿਹਾ ਸੀ ੳਨ੍ਹਾਂ ਦਿਨਾਂ ਵਿੱਚ ਗੁਰਦਾਸ ਮਾਨ ਦੀ ਫ਼ਿਲਮ ਵਾਰਿਸ ਸ਼ਾਹ ਦੀ ਸ਼ੂਟਿੰਗ ਚੱਲ ਰਹੀ ਸੀ ਜਿਸ ਕਾਰਨ ਟਿੰਡੀ ਨੂੰ ਮਾਨ ਸਾਹਬ ਨੂੰ ਹੋਰ ਨਜ਼ਦੀਕ ਤੋਂ ਜਾਨਣ ਦਾ ਮੌਕਾ ਮਿਲ ਗਿਆ। ਹਰ ਰੋਜ਼ ਮਾਨ ਸਾਹਿਬ ਦੀਆਂ ਖ਼ਬਰਾਂ ਨੂੰ ਵੱਖ ਵੱਖ ਸਿਰਲੇਖਾਂ ਅਧੀਨ ਜੜ ਕੇ ਵਧੀਆ ਫ਼ੋਟੋਆਂ ਤਰਾਸ਼ ਕੇ ਲਾਉਣ ਨਾਲ ਜੋ ਉਸ ਦੇ ਮਨ ਨੂੰ ਸਕੂਨ ਮਿਲਦਾ ਸ਼ਾਇਦ ਇਹ ਵੀ ਕਿਸੇ ਮਸਤੀ ਤੋਂ ਘੱਟ ਨਹੀਂ ਸੀ ! ਅਖੀਰ ਉਸਦੇ ਸੁਪਨਿਆਂ ਨੂੰ ਬੂਰ ਪਿਆ ਜਦੋਂ ਉਹ ਆਪਣੇ ਸਹਿਕਰਮੀ ਅਤੇ ਉੱਚ ਦਰਜੇ ਦੇ ਪੱਤਰਕਾਰ ਨਾਲ ਚੰਡੀਗੜ੍ਹ ਦੇ ਫ਼ਨ-ਰਿਪਬਲਿਕ ਸਿਨਮੇ ਵਿਖੇ ਵਾਰਿਸ ਸ਼ਾਹ ਫ਼ਿਲਮ ਦੇ ਪ੍ਰੀਮੀਅਰ ਉੱਤੇ ਗਿਆ, ਜਿੱਥੇ ਉਸਨੇ ਮਾਨ ਸਾਹਬ ਨੂੰ ਉਹ ਸਾਰੀਆਂ ਅਖ਼ਬਾਰਾਂ ਸਮਰਪਿਤ ਕੀਤੀਆਂ ਜਿਹੜੀਆਂ ਪੰਜਾਬੀ ਪੱਤਰਕਾਰੀ ਵਿੱਚ ਹਕੀਕਤਨ ਲਾਮਿਸਾਲ ਸਨ ਅਤੇ ਜਿਨ੍ਹਾਂ ਨੂੰ ਟਿੰਡੀ ਨੇ ਹੱਥੀਂ ਸੰਜੋਇਆ ਸੀ । ਮਾਨ ਸਾਹਿਬ ਨੇ ਉਹ ਅਖ਼ਬਾਰਾਂ ਹੱਥ ‘ਚ ਫੜਦਿਆਂ ਪਹਿਲਾਂ ਮੱਥੇ ਨਾਲ ਲਾਈਆਂ ਤੇ ਮੁੜ ਟਿੰਡੀ ਨੂੰ ਸੀਨੇ ਨਾਲ ਲਾ ਲਿਆ ਪਰ ਉਸ ਵੇਲੇ ਟਿੰਡੀ ਲਈ ਮਾਨ ਸਾਹਿਬ ਤਾਂ ਉਹੀ ਸਨ ਜਿਨ੍ਹਾਂ ਦੀ ਬਦੌਲਤ ਉਸਨੇ ਅੱਜ ਇਹ ਮੁਕਾਮ ਹਾਸਲ ਕੀਤਾ ਸੀ ਪਰ ਮਾਨ ਸਾਹਿਬ ਲਈ ਉਹ ਨਿਰੋਲ ਪੱਤਰਕਾਰ ਸੀ ਜੋ ਉਨ੍ਹਾਂ ਦੀ ਫ਼ਿਲਮ ਦਾ ਰੀਵਿਊ ਲੈਣ ਅਇਆ ਹੈ ! ਉਨ੍ਹਾਂ ਨੂੰ ਕਿਵੇਂ ਪਤਾ ਹੋ ਸਕਦਾ ਸੀ ਕਿ ਇਹ ਉਹੀ ਟਿੰਡੀ ਹੈ ਜਿਸ ਨੂੰ ਉਨ੍ਹਾਂ ਸੁਭਾਵਕ ਹੀ ਆਸ਼ਿਰਵਾਦ ਦੇ ਦਿੱਤਾ ਸੀ । ਪ੍ਰੋਗਰਾਮ ਤੋਂ ਬਾਅਦ ਟਿੰਡੀ ਨੇ ਮਾਨ ਸਾਹਿਬ ਨਾਲ ਇੱਕ ਯਾਦਗ਼ਾਰ ਤਸਵੀਰ ਉਤਰਵਾਈ ਅਤੇ ‘ਖ਼ਾਸ ਸ਼ਮਾ ਅੱਜ ਤੇਰੇ ਲਈ ਜਗਾਈ ਹੋਈ ਏ….’ ਗੁਣਗੁਣਾਉਂਦਾ ਘਰ ਆ ਗਿਆ ਅਤੇ ਅੱਜ ਤੱਕ ਮਾਨ ਸਾਹਿਬ ਨੂੰ ਦੱਸੇ ਬਗ਼ੈਰ ਕਿ ਇਹ ਕੌਣ ਟਿੰਡੀ ਹੈ ਉਨ੍ਹਾਂ ਦੇ ਹਰ ਪ੍ਰੋਗਰਾਮ ਨੂੰ ਮੂਹਰੇ ਬਹਿ ਕੇ ਸੁਣਦਾ ਹੈ ਅਤੇ ਮਾਨ ਸਾਹਿਬ ਦਿਆਂ ਗੀਤਾਂ ਦਾ ਆਨੰਦ ਮਾਣਦਾ ਹੈ ਅਤੇ ਸੋਚਦਾ ਹੈ ਤੇ ਆਪਣੇ ਨੂੰ ਕਹਿੰਦਾ ਹੈ ਕਿ ਚਾਂਦ ਕੋ ਕਿਆ ਮਾਲੂਮ, ਚਾਹਤਾ ਹੈ ਉਸੇ ਕੋਈ ਚਕੋਰ ! ਵੋਹ ਬੇਚਾਰਾ ਦੂਰ ਸੇ ਦੇਖੇ, ਕਰੇ ਨਾ ਕੋਈ ਸ਼ੋਰ…..।


ਸਿਆਸਤ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ

ਪੰਜਾਬ ਦੀ ਮੌਜੂਦਾ ਸਿਆਸਤ ਬਾਰੇ ਮੇਰੀ ਇੱਕ ਦੋਸਤ ਨਾਲ ਬਹਿਸ ਛਿੜ ਪਈ। ਮੈਂ ਇੱਕ ਰਾਜਨੀਤਕ ਪਾਰਟੀ ਦੀਆਂ ਨੀਤੀਆਂ ਦੀ ਹਮਾਇਤ ਕਰ ਰਿਹਾ ਸਾਂ ਤੇ ਮੇਰਾ ਦੋਸਤ ਉਸਨੂੰ ਫਿਰਕੂ ਗਰਦਾਨ ਕੇ ਦੂਜੀ ਪਾਰਟੀ ਨੂੰ ਵਧੀਆ ਆਖ ਰਿਹਾ ਸੀ।
ਹਾਸੇ-ਹਾਸੇ ਵਿੱਚ ਛਿੜੀ ਇਹ ਬਹਿਸ ਗੰਭੀਰ ਹੁੰਦੀ ਹੋਈ ਮੱਥੇ ਦੀਆਂ ਤਿਊੜੀਆਂ ਤੇ ਖਰ੍ਹਵੇਂ ਬੋਲਾਂ ਤੱਕ ਜਾ ਪਹੁੰਚੀ।....... ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਇੱਕ ਦੂਜੇ ਨਾਲ ਚੱਜ ਨਾਲ ਬੋਲੇ ਤੱਕ ਨਹੀਂ।


ਮੀਡੀਆ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ

'ਹਾਦਸੇ 'ਚ ਜ਼ਖਮੀ ਪੁਲਿਸ ਅਫ਼ਸਰ ਕਿਸੇ ਮੱਦਦ ਦੀ ਅਣਹੋਂਦ ਵਿੱਚ ਸੜਕ ਕਿਨਾਰੇ ਪਿਆ ਪੱਥਰ ਦਿਲ ਲੋਕਾਂ ਨੂੰ ਪੁਕਾਰਦਾ ਦਮ ਤੋੜ ਗਿਆ।' ਇਹ ਖ਼ਬਰ ਵਾਰ-ਵਾਰ ਟੀ.ਵੀ. ਚੈਨਲਾਂ ਤੋਂ ਨਸ਼ਰ ਹੋ ਰਹੀ ਸੀ। ਪਰ ਮੀਡੀਆ ਵਾਲੇ ਵੀ ਉਸਦੀ ਮੱਦਦ ਕਰਨ ਦੀ ਥਾਂ ਮਰ ਰਹੇ ਪੁਲਿਸ ਵਾਲੇ ਦੀ ਫਿਲਮ ਬਣਾਉਂਦੇ ਉਸਦੀ 'ਬ੍ਰੇਕਿੰਗ ਨਿਊਜ਼' ਬਣਾਉਣ ਵਿੱਚ ਮਸਰੂਫ਼ ਰਹੇ।


3 ਜੰਗਾਂ ਲੜਨ ਵਾਲਾ 'ਜਿ਼ੰਦਗੀ ਨਾਲ ਜੰਗ' ਹਾਰਨ ਕਿਨਾਰੇ ਹੈ.......... ਲੇਖ਼ / ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਦੁਨੀਆਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਭਰੀ ਪਈ ਹੈ। ਕੁਝ ਐਸੇ ਵੀ ਹੁੰਦੇ ਹਨ ਜੋ ਸਾਰੀ ਉਮਰ ਹਨੇਰਾ ਢੋਂਹਦੇ ਰਹਿੰਦੇ ਹਨ ਪਰ ਕੁਝ ਕੁ ਐਸੇ ਵੀ ਹੁੰਦੇ ਹਨ ਜੋ ਨ੍ਹੇਰਿਆਂ ਵਿੱਚੋਂ ਵੀ ਰੌਸ਼ਨੀ ਦੀ ਲੀਕ ਲੱਭ ਹੀ ਲੈਂਦੇ ਹਨ। ਕੁਝ ਲੋਕ ਐਸੇ ਹੁੰਦੇ ਹਨ ਜੋ ਜਿ਼ੰਦਗੀ ਵੱਲੋਂ ਲਏ ਛੋਟੇ ਜਿਹੇ ਇਮਤਿਹਾਨ ਅੱਗੇ ਹੀ ਗੋਡੇ ਟੇਕ ਦਿੰਦੇ ਹਨ ਤੇ ਕੁਝ ਐਸੇ ਵੀ ਹੁੰਦੇ ਹਨ ਜੋ ਇਹਨਾਂ ਇਮਤਿਹਾਨਾਂ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਮੌਤ ਨੂੰ ਵੀ ਸ਼ਰਮਸ਼ਾਰ ਹੋ ਕੇ ਮੁੜਨ ਲਈ ਮਜ਼ਬੂਰ ਕਰ ਦਿੰਦੇ ਹਨ। ਅਜਿਹਾ ਹੀ ਇੱਕ ਸ਼ਖਸ਼ ਹੈ ਲੁਧਿਆਣਾ ਜਿਲ੍ਹੇ ਦੇ ਪਿੰਡ ਬੇਗੋਵਾਲ ਦਾ ਸੱਤਰ ਕੁ ਸਾਲਾ ਦਲਜੀਤ ਸਿੰਘ ਮਾਂਗਟ, ਜਿਸਨੇ ਆਪਣੀ ਜਿ਼ੰਦਾਦਿਲੀ ਸਦਕਾ ਆਪਣੇ ਸਾਹਾਂ ਦੀ ਲੜੀ ਅਜੇ ਤੱਕ ਜੋੜੀ ਹੋਈ ਹੈ ਬਸ਼ਰਤੇ ਕਿ ਹਾਲਾਤਾਂ ਨੇ ਉਹ ਲੜੀ ਤੋੜਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ।
ਸੂਲ ਤੋਂ ਸੂਲੀ ਬਣਨ ਦਾ ਹੱਡੀਂ ਹੰਢਾਇਆ ਤਲਖ ਸੱਚ ਇਹਨਾਂ ਸਤਰਾਂ ਦੇ ਲੇਖਕ ਨਾਲ ਹਲਫੀਆ ਬਿਆਨਾਂ ਜ਼ਰੀਏ ਸਾਂਝਾ ਕਰਦਿਆਂ ਦਲਜੀਤ ਸਿੰਘ ਨੇ ਦੱਸਿਆ ਹੈ ਕਿ ਦਾਦਾ ਜੀ, ਪਿਤਾ ਜੀ ਤੇ ਵੱਡੇ ਭਰਾ ਦੇ ਫੌਜ ਵਿੱਚ ਹੋਣ ਕਾਰਨ ਉਸਨੂੰ ਵੀ ਭਰਤੀ ਹੋਣ ਦਾ ਬੜਾ ਚਾਅ ਸੀ। ਇਹੀ ਚਾਅ ਉਸਨੂੰ ਕਿਲ੍ਹਾ ਬਹਾਦਰਗੜ੍ਹ ਜਿਲ੍ਹਾ ਪਟਿਆਲਾ ਵਿਖੇ ਫੌਜ 'ਚ ਭਰਤੀ ਹੋਣ ਲਈ ਲੈ ਗਿਆ। ਸਿਹਤ ਪੱਖੋਂ ਮਾੜਕੂ ਜਿਹਾ ਹੋਣ ਕਰਕੇ ਉਸਨੂੰ ਵਰਦੀ ਸਟੋਰ 'ਤੇ ਸਹਾਇਕ ਵਜੋਂ ਭਰਤੀ ਕਰ ਲਿਆ। 1960 'ਚ ਉਹ ਪੱਕੇ ਤੌਰ 'ਤੇ ਪੀ. ਏ. ਪੀ. ਦਾ ਮੁਲਾਜ਼ਮ ਬਣ ਗਿਆ। 1964 'ਚ ਉਸ ਦੀ ਬਦਲੀ ਕਸ਼ਮੀਰ ਦੀ ਹੋ ਗਈ ਜਿੱਥੇ ਉਸ ਨੇ ਦੇਸ਼ ਦੀਆਂ 1962, 1965 ਤੇ 1971 ਤਿੰਨ ਪ੍ਰਮੁੱਖ ਲੜਾਈਆਂ ਦੁਸ਼ਮਣ ਦੇ ਦੰਦ ਖੱਟੇ ਕੀਤੇ। ਕਿਸੇ ਵੇਲੇ ਦਗੜ ਦਗੜ ਕਰਦੇ ਫਿਰਨ ਵਾਲੇ ਦਲਜੀਤ ਸਿੰਘ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜਿਹੜੇ ਸੁਪਨੇ ਉਸਨੇ ਸੰਜੋਏ ਹੋਏ ਹਨ ਉਹ ਇੱਕ ਦਿਨ ਬੈਸਾਖੀਆਂ ਸਹਾਰੇ ਹੋ ਜਾਣਗੇ। ਹੋਇਆ ਇੰਝ ਕਿ 1974 'ਚ ਉਸਦੇ ਬੂਟ ਵਿੱਚੋਂ ਆਰ ਪਾਰ ਹੋ ਕੇ ਮੇਖ ਉਸਦੇ ਅੰਗੂਠੇ ਨੂੰ ਲੱਗ ਗਈ। ਮਿਲਟਰੀ ਹਸਪਤਾਲ ਰਾਜੌਰ 150 ਜੀ. ਐੱਚ. ਵਿਖੇ ਭਰਤੀ ਕਰਵਾ ਦਿੱਤਾ ਗਿਆ। ਬੜੀ ਉਮੀਦ ਸੀ ਕਿ ਠੀਕ ਹੋ ਕੇ ਫਿਰ ਦੇਸ਼ ਸੇਵਾ ਦੇ ਖੇਤਰ ਵਿੱਚ ਆਵਾਂਗਾ। ਨੌਕਰੀ ਤੋਂ 45 ਦਿਨ ਦੀ ਛੁੱਟੀ ਦੇ ਕੇ ਉਸਨੂੰ ਘਰ ਤੋਰ ਦਿੱਤਾ ਗਿਆ। ਜਦ ਵਾਪਸ ਆ ਕੇ ਦੇਖਿਆ ਤਾਂ ਜਾਣਿਆ ਕਿ ਮਹਿਕਮੇ ਨੂੰ ਹੁਣ ਉਸ ਦੀਆਂ ਸੇਵਾਵਾਂ ਦੀ ਲੋੜ ਨਹੀਂ ਸੀ ਰਹੀ। ਮਹੀਨੇ ਬਾਦ ਉਸਨੂੰ ਡਿਸਚਾਰਜ ਸਰਟੀਫਿਕੇਟ ਦੇ ਕੇ ਘਰ ਤੋਰ ਦਿੱਤਾ ਗਿਆ। ਰੋਟੀ ਟੁੱਕ ਚਲਦਾ ਰੱਖਣ ਲਈ ਬਿਜਲੀ ਦਾ ਕੰਮ ਸਿੱਖ ਕੇ 1984 'ਚ ਇੱਕ ਵਿਦੇਸ਼ੀ ਕੰਪਨੀ 'ਚ ਇਲੈਕਟ੍ਰੀਕਲ ਭਰਤੀ ਹੋ ਗਿਆ। 1990 'ਚ ਫਰਾਂਸ ਦੀ ਕੰਪਨੀ ਨੇ ਇਲੈਕਟ੍ਰੀਕਲ ਫੋਰਮੈਨ ਭਰਤੀ ਕਰਕੇ ਮੁੜ ਉਸੇ ਹੀ ਕਸ਼ਮੀਰ ਭੇਜ ਦਿੱਤਾ ਜਿੱਥੋਂ ਕਿਸੇ ਵੇਲੇ ਜਿ਼ੰਦਗੀ ਨੇ ਅਹਿਮ ਮੋੜਾ ਖਾਧਾ ਸੀ। ਕਸ਼ਮੀਰ ਫੇਰ ਰਾਸ ਨਾ ਆਇਆ ਤੇ 30 ਜਨਵਰੀ 1990 ਨੂੰ ਸੱਜੇ ਪੈਰ ਨੂੰ ਬਰਫ਼ ਲੱਗਣ ਕਾਰਨ ਗੈਂਗਰੀਨ ਹੋ ਗਈ। ਤੁਰੰਤ ਪੰਜਾਬ ਭੇਜ ਦਿੱਤਾ ਗਿਆ ਜਿੱਥੇ ਉਸਨੂੰ ਦਿਆਨੰਦ ਹਸਪਤਾਲ ਲੁਧਿਆਣਾ ਦਾਖਲ ਕਰਵਾ ਦਿੱਤਾ। ਲੱਤ ਕੱਟਣੀ ਪਈ... ਦੋ ਪਰਾਂ ਨਾਲ ਉੱਡਣ ਵਾਲਾ ਪੰਛੀ ਇੱਕ ਪਰਾ ਹੋ ਗਿਆ ਸੀ ਹੁਣ। ਹਾਲਾਤਾਂ ਤੋਂ ਫੇਰ ਵੀ ਹਾਰ ਨਹੀਂ ਮੰਨੀ ਪੂਰੇ ਸੂਰੇ ਦਲਜੀਤ ਸਿੰਘ ਤੋਂ ਅਪਾਹਜ ਬਣੇ ਦਲਜੀਤ ਸਿੰਘ ਨੇ। 1990 'ਚ ਉਸਨੂੰ ਅਪਾਹਜ ਵਜੋਂ ਪੀ. ਸੀ. ਓ. ਅਲਾਟ ਹੋਇਆ। ਘਰ ਦਾ ਗੁਜ਼ਾਰਾ ਚੱਲਣ ਲੱਗਾ। ਪਰ ਜੂਨ 1991 'ਚ ਦੂਜੀ ਲੱਤ ਨੂੰ ਵੀ ਗੈਂਗਰੀਨ ਹੋ ਗਈ ਤੇ ਉਹ ਵੀ ਕੱਟਣੀ ਪਈ। ਹਿੱਸੇ ਆਉਂਦੀ ਦੋ ਵਿੱਘੇ ਜ਼ਮੀਨ ਤੇ ਜੋ ਕੁਝ ਪੱਲੇ ਸੀ, ਸਭ ਕੁਝ ਇਸ ਜੰਗ 'ਚ ਹਾਰਨਾ ਪੈ ਗਿਆ। 2005 'ਚ ਦੋਵੇਂ ਅੱਖਾਂ 'ਚ ਚਿੱਟਾ ਮੋਤੀਆ ਉੱਤਰ ਆਇਆ। ਪਿੰਡ ਦੇ ਸਰਪੰਚ ਦੀ ਮਦਦ ਨਾਲ ਅੱਖਾਂ ਦਾ ਅਪਰੇਸ਼ਨ ਕਰਵਾਇਆ ਗਿਆ। 18 ਸਾਲ ਤੋਂ ਉਸਦੀ ਪਤਨੀ ਪੱਥਰੀਆਂ ਦੇ ਰੋਗ ਤੋਂ ਪੀੜਤ ਹੈ। ਅਪ੍ਰੇਸ਼ਨ ਉਪਰੰਤ ਅਜਿਹੇ ਹਾਲਾਤ ਬਣੇ ਕਿ ਉਸਨੂੰ ਵੀ ਸਰਵਾਈਕਲ ਦੀ ਸਿ਼ਕਾਇਤ ਹੋ ਗਈ। ਹਾਲਾਤਾਂ ਦਾ ਝੰਬਿਆ ਉਕਤ ਮਨੁੱਖ ਅੱਜ ਇਲਾਜ ਕਰਵਾਉਣਾ ਤਾਂ ਇੱਕ ਪਾਸੇ ਸਗੋਂ ਦੋ ਡੰਗ ਦੀ ਰੋਟੀ ਤੋਂ ਵੀ ਆਤੁਰ ਹੈ। ਆਓ ਦੇਸ਼ ਲਈ ਤਿੰਨ ਜੰਗਾਂ ਲੜਨ ਵਾਲੇ ਇਸ ਸ਼ਖਸ਼ ਨੂੰ ਹਾਲਾਤਾਂ ਹੱਥੋਂ ਮਜ਼ਬੂਰ ਹੋ ਕੇ 'ਜਿ਼ੰਦਗੀ ਦੀ ਜੰਗ' ਹਾਰਨੋਂ ਬਚਾ ਸਕੀਏ। ਤਾਂ ਕਿ ਉਸਨੂੰ ਵੀ ਆਪਣੀ ਘਾਲਣਾ 'ਤੇ ਜਿ਼ੰਦਗੀ ਦੇ ਅੰਤਲੇ ਪਲਾਂ 'ਚ ਪਛਤਾਵਾ ਨਾ ਹੋਵੇ। ਜੇਕਰ ਕਿਸੇ ਵੀਰ ਅੰਦਰਲਾ ਇਨਸਾਨ ਇਸ ਲੋਹ ਪੁਰਸ਼ ਦੀ ਮਦਦ ਕਰਨ ਲਈ ਬਿਹਬਲ ਹੋ ਉੱਠੇ ਤਾਂ ਦਲਜੀਤ ਸਿੰਘ ਮਾਂਗਟ ਨਾਲ 0091 98883 26304 ਜਾਂ 0091 99141 66578 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਟੀਚਰਾਂ ਦੇ ਮਸੀਹਾ: ਸ੍ਰ: ਗੁਰਚਰਨ ਸਿੰਘ.......... ਲੇਖ਼ / ਮਨਜੀਤ ਸਿੰਘ ਸਿੱਧੂ (ਪ੍ਰੋ.)

ਇਕ ਦਿਨ ਕਮਿਊਨਿਸਟ ਪਾਰਟੀ ਮੋਗਾ ਦੀ ਦੇ ਦਫਤਰ ਅਖਬਾਰ ਪੜ੍ਹਨ ਲਈ ਮੈਂ ਬੈਠਾ ਹੋਇਆ ਸੀ ਉਸ ਵੇਲੇ ਪੰਜਾਬ ਲੈਜਿਸਲੇਟਿਵ ਕੌਂਸਲ ਦੇ ਤਿੰਨ ਮੈਂਬਰ ਟੀਚਰਾਂ ਵਲੋਂ ਚੁਣ ਕੇ ਲਾਇਆ ਕਰਦੇ ਸਨ। ਇਹਨਾਂ ਮੈਂਬਰਾਂ ਦੀ ਮਿਆਦ 6 ਸਾਲ ਹੁੰਦੀ ਸੀ ਅਤੇ ਹਰ ਵਰਗ ਦੇ ਮੈਂਬਰਾਂ ਵਿਚੋਂ ਇਕ ਤਿਹਾਈ ਮੈਂਬਰ ਹਰ ਦੋ ਸਾਲ ਬਾਅਦ ਰੀਟਾਇਰ ਹੋ ਜਾਂਦੇ ਸਨ ਅਤੇ ਉਨਾਂ ਦੀ ਥਾਂ ਭਰਨ ਲਈ ਫੇਰ ਚੁਣੇ ਜਾਂਦੇ ਸਨ, ਜਿਵੇਂ ਤਿੰਨ ਗਰੈਜੂਏਟ ਹਲਕੇ ਦੇ ਮੈਂਬਰ ਹੁੰਦੇ ਸਨ ਅਤੇ ਤਿੰਨ ਟੀਚਰ ਹਲਕੇ ਦੇ ਮੈਂਬਰ ਹੁੰਦੇ ਸਨ। ਲੋਕਲ ਬਾਡੀਜ਼ ਤੋਂ ਵੀ ਮੈਂਬਰ ਚੁਣੇ ਜਾਂਦੇ ਸਨ। ਕੁਝ ਮੈਂਬਰ ਨਾਮਜ਼ਦ ਵੀ ਕੀਤੇ ਜਾਂਦੇ ਸਨ। ਜਦੋਂ ਦੀ ਮੈਂ ਗੱਲ ਕਰ ਰਿਹਾ ਹਾਂ ਉਸ ਵੇਲੇ ਵਿਧਾਨ ਪ੍ਰੀਸ਼ਦ ਨਵੀਂ ਗਠਿਤ ਹੋਈ ਸੀ ਅਤੇ ਉਨ੍ਹਾਂ ਚੋਂ ਇਕ ਤਿਹਾਈ ਮੈਂਬਰ ਵੀ ਰੀਟਾਇਰ ਹੋਏ ਸਨ। ਟੀਚਰ ਹਲਕੇ ਵਿੱਚੋਂ ਪ੍ਰੋਫੈਸਰ ਵਰਿਆਮ ਸਿੰਘ ਖਾਲਸਾ ਕਾਲਿਜ ਅੰਮ੍ਰਿਤਸਰ ਵਾਲੇ ਪਹਿਲੀ ਵਾਰ ਰੀਟਾਇਰ ਹੋਏ ਸਨ। ਗੁਰਚਰਨ ਸਿੰਘ ਕਿਸ਼ਨਪੁਰਾ ਵਾਲੇ ਉਸ ਵੇਲੇ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੇ ਪ੍ਰਧਾਨ ਸਨ।ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਬੋਰਡ ਟੀਚਰ ਯੂਨੀਅਨ ਨੇ ਅਪਣੀਆਂ ਮੰਗਾਂ ਲਈ ਪੰਜਾਬ ਭਰ ਵਿੱਚ ਇਕ ਸ਼ਕਤੀਸ਼ਾਲੀ ਮੁਕੰਮਲ ਹੜਤਾਲ ਕੀਤੀ ਸੀ।ਉਹ ਹੜਤਾਲ ਨੂੰ ਤੱਤਕਾਲੀਨ ਕੇਂਦਰੀ ਸਿਖਿਆ ਮੰਤ੍ਰੀ ਮੌਲਾਨਾ ਅਬੂ ਅਲ ਕਲਾਮ ਆਜ਼ਾਦ ਦੀ ਦਖਲ ਅੰਦਾਜ਼ੀ ਨਾਲ ਖਤਮ ਹੋਈ ਸੀ। ਜਿਹੜੇ ਕੁਝ ਟੀਚਰ ਸਮੇਤ ਗੁਰਚਰਨ ਸਿੰਘ ਪ੍ਰਧਾਨ ਦੇ ਇਹ ਬੇਨਤੀ ਕਰਨ ਆਏ ਸਨ ਕਿ ਜੇ ਇਹ ਖਾਲੀ ਹੋਈ ਸੀਟ ਕਿਸੇ ਕਾਲਿਜ ਟੀਚਰ ਦੀ ਬਜਾਏ ਪੰਜਾਬ ਬੋਰਡ ਟੀਚਰਜ਼ ਯੂਨੀਅਨ ਲਈ ਛੱਡ ਦਿਤੀ ਜਾਏ ਤਾਂ ਟੀਚਰਜ਼ ਯੂਨੀਅਨ ਦਾ ਅਮੈ. ਐਲ. ਸੀ. ਸਕੂਲ ਟੀਚਰਾਂ ਦੀ ਹੜਤਾਲ ਖੱਤਮ ਕਰਨ ਵਿੱਚ ਸਹਾਈ ਹੋ ਸਕੇਗਾ। ਮੋਗਾ ਦੀ ਕਮਿਊਨਿਸਟ ਪਾਰਟੀ ਨੇ ਪੰਜਾਬ ਦੀ ਕਮਿਊਨਿਸਟ ਪਾਰਟੀ ਨਾਲ ਗਲਬਾਤ ਕਰਨ ਲਈ ਕਿਹਾ, ਨਾਲ ਹੀ ਇਹ ਵੀ ਯਕੀਨ ਦਿਲਵਾਇਆ ਕਿ ਜ਼ਿਲਾ ਫੀਰੋਜ਼ਪੁਰ ਦੀ ਕਮਿਊਨਿਸਟ ਪਾਰਟੀ ਇਸ ਦੀ ਸਪੋਰਟ ਕਰੇਗੀ। ਇਸ ਤਰਾਂ ਕਿਉਂਕੇ ਪ੍ਰੋ. ਵਰਿਆਮ ਸਿੰਘ ਕਮਿਊਨਿਸਟ ਪਾਰਟੀ ਦੇ ਮੈਂਬਰ ਜਾਂ ਹਮਦਰਦ ਸਨ, ਕਮਿਊਨਿਸਟ ਪਾਰਟੀ ਪੰਜਾਬ ਦੀ ਮੁਦਾਖਲਤ ਸਦਕਾ, ਉਹ ਚੋਣ ਮੈਦਾਨ ਚੋਂ ਪਿੱਛੇ ਹਟ ਗਏ ਅਤੇ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੇ ਦੋ ਐਮ. ਐਲ. ਸੀ. ਚੁਣੇ ਗਏ, ਸ੍ਰ: ਗੁਰਚਰਨ ਸਿੰਘ ਕਿਸ਼ਨਪੁਰਾ ਕਲਾਂ ਅਤੇ ਰੋਹਤਕ ਦੇ ਊਦੇ ਸਿੰਘ ਮਾਨ।ਇਨ੍ਹਾਂ ਦੋਨਾਂ ਦੇ ਐਮ.ਐਲ.ਸੀ. ਚੁਣੇ ਜਾਣ ਨਾਲ ਪੰਜਾਬ ਬੋਰਡ ਟੀਚਰਜ਼ ਯੂਨੀਅਨ ਨੂੰ ਬੜੀ ਤਕਵੀਅਤ ਮਿਲੀ। ਸ੍ਰ: ਗੁਰਚਰਨ ਸਿੰਘ ਬੀ. ਏ. ਬੀ. ਟੀ. ਸਨ ਅਤੇ ਊਦੇ ਸਿੰਘ ਮਾਨ ਐਸ. ਵੀ. ਟੀਚਰ ਸਨ। ਇਸ ਲਈ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੀ ਕਿਆਦਤ ਗੁਰਚਰਨ ਸਿੰਘ ਹੋਰਾਂ ਦੇ ਹੱਥਾਂ ਵਿੱਚ ਹੀ ਰਹੀ।
ਗੁਰਚਰਨ ਸਿੰਘ ਦਾ ਪਿੰਡ ਕਿਸ਼ਨਪੁਰਾ ਕਲਾਂ ਜ਼ਿਲਾ ਫਿਰੋਜ਼ਪੁਰ ਵਿੱਚ ਸੀ ਅਤੇ ਮੋਗੇ ਤੋਂ ਦਸ ਬਾਰਾਂ ਮੀਲ ਸੀ। ਉਨ੍ਹਾਂ ਦਾ ਜ਼ਿਆਦਾ ਔਣ ਜਾਣ ਮੋਗੇ ਹੀ ਸੀ। ਮੋਗਾ ਸ਼ਹਿਰ ਵਿੱਚ ਚੰਗੀ ਦਾਣਾਂ ਮੰਡੀ ਸੀ, ਦੂਜੇ ਮੋਗਾ ਸਿਆਸੀ ਤੌਰ ਤੇ ਵੀ ਜਾਗ੍ਰਿਤ ਸੀ। ਸ੍ਰ: ਗੁਰਚਰਨ ਸਿੰਘ ਹੋਰਾਂ ਦਾ ਗਾਲਬਨ 1918 ਜਾਂ 1919 ਦਾ ਜਨਮ ਸੀ। ਉਨ੍ਹਾਂ ਨੇ ਬੀ. ਏ. ਡੀਐਮ. ਕਾਲਜ ਮੋਗਾ ਤੋਂ 1943 ਵਿੱਚ ਪਾਸ ਕੀਤੀ ਅਤੇ ਬੀ. ਟੀ. ਸਰਕਾਰੀ ਸੈਂਟਰਲ ਟਰੇਨਿੰਗ ਕਾਲਿਜ ਲਾਹੌਰ ਤੋ 1945 ਵਿੱਚ ਪਾਸ ਕੀਤੀ। ਬੀ. ਟੀ. ਪਾਸ ਕਰਨ ਉਪਰੰਤ ਉਹ ਡਿਸਟਿਕ ਬੋਰਡ ਫੀਰੋਜ਼ਪੁਰ ਦੇ ਸਕੂਲ ਕਿਸ਼ਨਪੁਰਾ ਵਿੱਚ ਟੀਚਰ ਨਿਯੁਕਤ ਹੋ ਗਏ ਸਨ। ਫੰਡਾਂ ਦੀ ਤੰਗੀ ਕਾਰਨ ਡਿਸਟਿਕ ਬੋਰਡਾਂ ਜਾਂ ਮਿਊਂਸੀਪਲ ਸਕੂਲਾਂ ਦੇ ਟੀਚਰਾਂ ਦੀ ਹਾਲਤ ਚੰਗੀ ਨਹੀਂ ਸੀ ਹੁੰਦੀ। ਸਰਕਾਰੀ ਸਕੂਲਾਂ ਦੇ ਮੁਕਾਬਲੇ ਤਨਖਾਹ ਸਕੇਲ ਵੀ ਘੱਟ ਹੁੰਦੇ ਸਨ। ਲੋਕਲ ਬਾਡੀ ਸਕੂਲਾਂ ਦੇ ਟੀਚਰਾਂ ਨੂੰ ਪੈਨਸ਼ਨ ਵੀ ਨਹੀਂ ਮਿਲਦੀ ਸੀ। ਰੀਟਾਇਰ ਹੋਣ ਉਪਰੰਤ ਟੀਚਰਾਂ ਦੀ ਹਾਲਤ ਬਹੁਤ ਮੰਦੀ ਹੁੰਦੀ ਸੀ। ਕੇਵਲ ਕੰਟਰੀ ਬਿਊਟਰੀ ਪ੍ਰਾਵੀਡੈਂਟ ਫੰਡ ਹੀ ਹੁੰਦਾ ਸੀ। ਰੀਟਾਇਰਮੈਂਰਟ ਉਪਰੰਤ ਗਰੈਚੁਟੀ ਵੀ ਨਹੀਂ ਹੁੰਦੀ ਸੀ। ਸੋ ਟੀਚਰ ਨਿੱਕੇ ਮੋਟੇ ਕੰਮ ਕਰਕੇ ਗੁਜ਼ਾਰਾ ਕਰਨ ਲਈ ਮਜ਼ਬੂਰ ਹੁੰਦੇ ਸਨ। ਇਨ੍ਹਾਂ ਤੰਗੀਆਂ ਤੁਰਸ਼ੀਆਂ ਤੇ ਸਰਕਾਰੀ ਸਕੂਲਾਂ ਵਾਲੀਆਂ ਸਹੂਲਤਾਂ ਲੈਣ ਵਾਸਤੇ ਲੋਕਲ ਬਾਡੀ ਟੀਚਰਜ਼, ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੇ ਝੰਡੇ ਹੇਠ ਜਥੇਬੰਦ ਹੋ ਗਏ ਸਨ।
ਯੂਨੀਅਨ ਨੇ ਆਪਣੀਆਂ ਮੰਗਾਂ ਵਾਸਤੇ ਜਲਸੇ ਜਲੂਸ ਕਢਣੇ, ਅਧਿਕਾਰੀਆਂ ਨੂੰ ਮੰਗਪਤਰ ਦੇਣੇ ਅਤੇ ਮੈਮੋਰੈਂਡਮ ਭੇਜਣੇ ਪਰ ਆਗੂ ਕੋਈ ਦਲੁੇਰ, ਬੁੱਧੀਜੀਵੀ ਅਤੇ ਅੰਗ੍ਰੇਜ਼ੀ ਵਿੱਚ ਪ੍ਰਾਬੀਨ ਹੋਣਾ ਚਾਹੀਦਾ ਸੀ।ਕਿਉਂਕਿ ਉਸ ਸਮੇਂ ਜਿਆਦਾ ਕੰਮ ਅੰਗਰੇਜ਼ੀ ਵਿੱਚ ਹੀ ਹੁੰਦਾ ਸੀ ਸ੍ਰ: ਗੁਰਚਰਨ ਸਿੰਘ ਦਲੇਰ ਅਤੇ ਸਾਹਸੀ ਭੀ ਸਨ ਅਤੇ ਅੰਗ੍ਰੇਜ਼ੀ ਫਾਰਸੀ ਜਬਾਨਾਂ ਦੇ ਮਾਹਰ ਵੀ ਸਨ।ਸ੍ਰ: ਗੁਰਚਰਨ ਸਿੰਘ ਨੇ ਇਨ੍ਹਾਂ ਮੁਸ਼ਕਲ ਹਾਲਾਤਾਂ ਵਿੱਚ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੀ ਤਿੰਨ ਸਾਲ ਪ੍ਰਧਾਨਗੀ ਕੀਤੀ ਅਤੇ ਟੀਚਰਜ਼ ਲਹਿਰ ਨੂੰ ਸਿਖਰ ਤੇ ਲੈ ਗਿਆ। 1953 ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਹੀ ਪੰਜਾਬ ਦੇ ਬੋਰਡ ਟੀਚਰਜ਼ ਨੇ 1953 ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਹੀ ਪੰਜਾਬ ਦੇ ਬੋਰਡ ਟੀਚਰਜ਼ ਨੇ ਸ਼ਕਤੀਸ਼ਾਲੀ ਲੰਮੀ ਹੜਤਾਲ ਕੀਤੀ ਅਤੇ ਉਸ ਸਮੇਂ ਦੇ ਸਵ: ਮੌਲਾਨਾ ਅਬੂ- ਅਲ ਕਲਾਂਮ ਆਜ਼ਾਦ ਕੇਂਦਰੀ ਸਿਖਿਆ ਮੰਤ੍ਰੀ ਦੀ ਮੁਦਾਖਲਤ ਕਾਰਨ ਇਹ ਹੜਤਾਲ ਸਮਾਪਤ ਹੋਈ ਸੀ ਅਤੇ ਤਨਖਾਹ ਸਕੇਲਾਂ ਵਿੱਚ ਕੁਝ ਸੁਧਾਰ ਆਇਆ ਅਤੇ ਸਕੂਲਾਂ ਨੂੰ ਪ੍ਰਾਵਿੰਸ਼ਲਾਈਜ਼ ਕਰਨ ਦਾ ਵੀ ਵਚਨ ਦਿਤਾ ਗਿਆ ਸੀ। ਪਰ ਪੰਜਾਬ ਸਰਕਾਰ ਲੋਕਲ ਬਾਡੀ ਟੀਚਰਜ਼ ਨਾਲ ਕੀਤੇ ਵਾਅਦੇ ਪੂਰੇ ਕਰਨੋ ਆਨਾ ਕਾਨੀ ਕਰਨ ਲੱਗੀ। ਮੌਲਾਨਾ ਆਜ਼ਾਦ ਪੰਜਾਬ ਦੇ ਮਸਲਿਆਂ ਦੇ ਇੰਚਾਰਜ ਸਨ ਅਤੇ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤ੍ਰੀ ਬਣ ਗਏ। ਮੌਲਾਨਾ ਆਜ਼ਾਦ ਨਾਲ ਪ੍ਰਤਾਪ ਸਿੰਘ ਵਿਰੋਧੀ ਧੜੇ ਜਿਵੇਂ ਪ੍ਰਬੋਧ ਚੰਦਰ, ਗੋਪੀਚੰਦ ਭਾਰਗੋ ਨਾਲ ਸਬੰਧ ਸੁਖਾਵੇਂ ਸਨ। ਇਸ ਲਈ ਵੀ ਰਾਜਨੀਤੀ ਪੱਖੋਂ ਪ੍ਰਤਾਪ ਸਿੰਘ ਕੈਰੋਂ, ਮੌਲਾਨਾ ਆਜ਼ਾਦ ਦਾ ਵਕਾਰ ਘਟਾਉਣਾ ਚਾਹੁੰਦੇ ਸਨ। ਇਸ ਦੌਰਾਨ ਸ੍ਰ: ਗੁਰਚਚਨ ਸਿੰਘ 1954 ਤੋਂ ਐਮ. ਐਲ. ਸੀ. ਬਣ ਚੁਕੇ ਸਨ। ਉਨ੍ਹਾਂ ਦੇ ਸਬੰਧ ਹਿੰਦ ਸਮਾਚਾਰ ਦੇ ਐਡੀਟਰ ਲਾਲਾ ਜਗਤ ਨਰਾਇਣ ਨਾਲ ਵੀ ਚੰਗੇ ਸਨ। ਪ੍ਰਤਾਪ ਸਿੰਘ ਕੈਰੋਂ ਲਾਲਾ ਜੀ ਦੇ ਵਿਰੋਧੀ ਸਨ। ਇਨ੍ਹਾਂ ਸਥਿਤੀਆਂ ਵਿੱਚ ਕਈ ਰਾਜਨੀਤਕ ਹਲਕੇ ਗੁਰਚਰਨ ਸਿੰਘ ਨੂੰ ਨੀਚਾ ਦਿਖਾਉਣਾ ਚਾਹੁੰਦੇ ਸਨ। ਇਕ ਵਾਰ ਪ੍ਰਤਾਪ ਸਿੰਘ ਕੈਰੋਂ ਕਿਸ਼ਨਪੁਰਾ ਕਲਾਂ ਦਾ ਦੌਰਾ ਕਰਨ ਆਏ। ਪੰਚਾਇਤ ਸ੍ਰ: ਗੁਰਚਰਨ ਸਿੰਘ ਦੀ ਉਂਠ ਰਹੀ ਰਾਜਨੀਤਕ ਸ਼ਕਤੀ ਤੋਂ ਪ੍ਰੇਸ਼ਾਨ ਸੀ।ਪਿੰਡ ਵਿੱਚ ਕਿਸੇ ਬੁੱਧੀਜੀਵੀ ਦਾ ਨੇਤਾ ਬਣਨਾ ਮੁਸ਼ਕਲ ਹੁੰਦਾ ਹੈ ਕਿਉਂਕੇ ਉਹ ਪੜ੍ਹਾਈ ਕਰਨ ਸਮੇਂ ਪਿੰਡੋਂ ਬਾਹਰ ਰਿਹਾ ਹੁੰਦਾ ਹੈ ਅਤੇ ਜੇ ਮੁਲਾਜ਼ਮ ਬਣੇ ਤਾਂ ਵੀ ਉਸ ਨੇ ਪਿੰਡੋਂ ਬਾਹਰ ਹੀ ਰਹਿਣਾ ਹੋਇਆ। ਪਿੰਡ ਦੀ ਪੰਚਾਇਤ ਨੇ ਸ੍ਰ: ਗੁਰਚਰਨ ਸਿੰਘ ਦੇ ਵਿਰੁੱਧ ਇਕ ਮਤਾ ਪਾਸ ਕੀਤਾ ਜਿਹੜਾ ਕਿ ਸਾਰੇ ਸਕੂਲਾਂ ਨੂੰ ਛਾਪ ਕੇ ਭੇਜਿਆ ਗਿਆ ਤਾਂ ਜੋ ਟੀਚਰ ਉਨ੍ਹਾਂ ਦੇ ਵਿਰੁਧ ਵੋਟ ਪਾਉਣ। ਮੁਖ ਮੰਤ੍ਰੀ ਕੈਰੋਂ ਪਾਸ ਉਨ੍ਹਾਂ ਦੇ ਵਿਵਹਾਰ ਵਿਰੁੱਧ ਸ਼ਕਾਇਤ ਕੀਤੀ ਗਈ। ਪਰ ਗੁਰਚਰਨ ਸਿੰਘ ਫਿਰ ਵੀ ਬੜੀ ਸ਼ਾਨ ਨਾਲ ਜਿੱਤੇ, ਕਿਉਂਕਿ ਪਿੰਡ ਦੀ ਸਿਆਸਤ ਨੇ ਬੁੱਧੀਜੀਵੀ ਤਬਕੇ ਤੇ ਕੋਈ ਮੰਦਾ ਪ੍ਰਭਾਵ ਨਾ ਪਾਇਆ। ਉਨ੍ਹਾਂ ਨੂੰ ਪਤਾ ਸੀ ਕਿ ਸ੍ਰ: ਗੁਰਚਰਨ ਸਿੰਘ ਨੇ ਉਨ੍ਹਾਂ ਨੂੰ ਸਹੂਲਤਾਂ ਦਿਵਾਉਣ ਵਾਸਤੇ ਸੰਘਰਸ਼ ਕੀਤਾ ਹੈ ਅਤੇ ਉਨ੍ਹਾਂ ਦੀ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਕਰਨ ਵਾਸਤੇ ਨੌਕਰੀ ਤੋਂ ਅਸਤੀਫਾ ਦੇ ਦਿਤਾ। ਮੇਰੇ ਸ੍ਰ:ਗੁਰਚਰਨ ਸਿੰਘ ਹੋਰਾਂ ਨਾਲ ਸਬੰਧ ਬੜੇ ਚੰਗੇ ਹੁੰਦੇ ਸਨ। ਇਕ ਵਾਰ ਜਦੋਂ ਉਨ੍ਹਾਂ ਦੀ ਚੋਣ ਹੋਣੀ ਸੀ ਤਾਂ ਮੈਨੂੰ ਮੋਗੇ ਮਿਲੇ ਅਤੇ ਅਸੀਂ ਚਾਹ ਪੀਣ ਇਕ ਰੈਸਟੋਰੈਂਟ ਵਿੱਚ ਚਲੇ ਗਏ ਚਾਹ ਪੀਂਦਿਆਂ ਮੈਨੂੰ ਗੁਰਚਰਨ ਸਿੰਘ ਹੋਰੀਂ ਕਹਿਣ ਲੱਗੇ ਕਿ ਸ੍ਰ: ਮਨਜੀਤ ਸਿੰਘ ਜੇ ਮੈਂ ਐਮ. ਐਲ. ਸੀ. ਦੀ ਚੋਣ ਜਿਤ ਗਿਆ ਤਾਂ ਸਮਝੋ ਕਿ ਤੁਸੀਂ ਹੀ ਜਿਤ ਗਏ ਹੋ। ਮੈਨੂੰ ਵਿਧਾਨ ਸਭਾ ਦਾ ਲੈਟਰ ਪੈਡ ਦੇ ਕੇ ਕਹਿਣ ਲੱਗੇ ਇਸ ਪੈਡ ਤੇ ਕਿਸੇ ਵੀ ਅਫਸਰ ਨੂੰ ਕਿਸੇ ਕੰਮ ਲਈ ਚਿੱਠੀ ਲਿਖ ਦੇਵੋ ਤਾਂ ਮੈਂ ਚਿੱਠੀ ਨੂੰ ਆਪਣੇ ਵਲੋਂ ਹੀ ਲਿੱਖੀ ਕਹਾਂਗਾ। ਸ਼ੁਰੂ ਸ਼ੁਰੂ ਵਿੱਚ ਮੈਂ ਉਸਦੇ ਵਿਰੁੱਧ ਸੀ। ਕਈ ਹਲਕੇ ਮੈਨੂੰ ਉਸ ਵਿਰੁੱਧ ਚੋਣ ਲੜਣ ਲਈ ਵੀ ਉਕਸਾਂੳਦੇ ਸਨ ਪਰ ਮੈਂ ਸੋਚਿਆ ਕਿ ਉਹ ਟੀਚਰ ਭਲਾਈ ਲਈ ਹੀ ਲੜ ਰਿਹਾ ਹੈ। ਇਹ ਲੜਾਈ ਟੀਚਰਾਂ ਦੀ ਏਕਤਾ ਭੰਗ ਕਰੇਗੀ। ਏਕਤਾ ਬਿਨਾਂ ਕੋਈ ਲੜਾਈ ਜਿਤੀ ਨਹੀਂ ਜਾ ਸਕਦੀ। ਯਾਦਾਂ ਤਾਂ ਉਨ੍ਹਾਂ ਨਾਲ ਬਹੁਤ ਜੁੜੀਆਂ ਹਨ। ਪਰ ਇਥੇ ਮੇਰਾ ਮਕਸਦ ਉਨ੍ਹਾਂ ਦੀ ਸਖਸ਼ੀਅਤ ਦੀ ਰੂਨਮਾਈ ਕਰਨੀ ਹੈ। ਉਹ 1945 ਤੋਂ ਲੈ ਕੇ 1980 ਤੱਕ ਐਮ. ਐਲ. ਸੀ. ਰਹੇ ਜਦੋਂ ਤੱਕ ਕਿ ਪੰਜਾਬ ਲੈਜਿਸਲੇਟਿਵ ਕਾਊਂਸਲ ਭੰਗ ਨਾ ਕਰ ਦਿਤੀ ਗਈ। 1956 ਵਿੱਚ ਉਨ੍ਹਾਂ ਨੇ ਬੋਰਡ ਟੀਚਰਜ਼ ਦੀ ਭਲਾਈ ਵਾਸਤੇ ਆਖਰੀ ਵੱਡੀ ਲੜਾਈ ਲੜੀ। ਚੰਡੀਗੜ ਬੋਰਡ ਟੀਚਰਜ਼ ਨੇ ਇਕ ਬਹੁਤ ਵੱਡਾ ਜਲੂਸ ਕੱਢਿਆ ਅਤੇ ਬਹੁਤ ਵੱਡੀ ਰੈਲੀ ਕਰਕੇ 11 ਸੈਕਟਰ ਸਥਿਤ ਪੁਰਾਣੀ ਸੈਕਟਰੀਏਟ ਦੇ ਸਾਹਮਣੇ ਦੋਨਾਂ ਐਮ. ਐਲ. ਸੀ. ਨੇ ਤੰਬੂ ਲਗਾਕੇ ਭੁੱਖ ਹੜਤਾਲ ਸ਼ੁਰੂ ਕਰ ਦਿਤੀ।ਉਹ ਭੁੱਖ ਹੜਤਾਲੀ ਦੋਨੋਂ ਵਿਧਾਨ ਪ੍ਰੀਸ਼ਦ ਦੇ ਕਾਂਗਰਸੀ ਮੈਂਬਰ ਸਨ। ਦੋਨੋਂ ਐਮ. ਐਲ. ਸੀ. ਬਣਨ ਉਪਰੰਤ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।ਇਸ ਵਾਸਤੇ ਦੋ ਕਾਂਗਰਸੀ ਵਿਧਾਇਕਾਂ ਦਾ ਭੁੱਖ ਹੜਤਾਲ ਤੇ ਬੈਠਣਾ ਆਂਮ ਕਾਂਗਰਸੀ ਮੈਂਬਰਾਂ ਲਈ ਅਤੇ ਹਾਈ ਕਮਾਂਡ ਲਈ ਇਕ ਚਿੰਤਾ ਦਾ ਵਿਸ਼ਾ ਬਣ ਗਿਆ।ਮੈਂ ਵੀ ਦੋ ਚਾਰ ਦਿਨ ਭੁੱਖ ਹੜਤਾਲੀ ਕੈਂਪ ਵਿੱਚ ਰਿਹਾਂ। ਮੈਂ ਉਸ ਵੇਲੇ ਗੁਰਚਰਨ ਸਿੰਘ ਹੋਰਾਂ ਦੀ ਅੰਗਰੇਜ਼ੀ ਡਰਾਫਟਿੰਗ ਦੀ ਕਮਾਲ ਦੇਖੀ। ਹਰਦੇਵ ਸਿੰਘ ਡਾਲਾ ਉਸ ਸਮੇਂ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੇ ਜਨਰਲ ਸਕਤਰ ਸਨ। ਗੁਰਚਰਨ ਸਿੰਘ ਹੋਰਾਂ ਨੇ ਭੁੱਖ ਹੜਤਾਲ ਤੇ ਪਿਆਂ ਹੀ ਸ੍ਰ: ਹਰਦੇਵ ਸਿੰਘ ਨੂੰ ਮੌਲਾਨਾ ਆਜ਼ਾਦ ਨੂੰ ਮੈਮੋਰੈਂਡਮ ਡਰਾਫਟ ਕਰਕੇ ਭੇਜਣ ਲਈ ਡਿਕਟੇਸ਼ਨ ਦੇਣੀ ਅਤੇ ਕਾਪੀਆਂ ਹੋਰ ਅਧਿਕਾਰੀਆਂ ਨੂੰ ਵੀ ਭੇਜੀਆਂ, ਨਾਲ ਹੀ ਮੈਮੋਰੈਂਡਮ ਦੀਆਂ ਕਾਪੀਆਂ ਅਖਬਾਰਾਂ ਨੂੰ ਵੀ ਭਿਜਵਾਈਆਂ। ਮੁੱਖ ਮੰਤ੍ਰੀ ਪ੍ਰਤਾਪ ਸਿੰਘ ਕੈਰੋਂ ਬੜਾ ਅਖੱੜ ਅਤੇ ਸਖਤ ਮੰਨਿਆ ਜਾਂਦਾ ਸੀ।ਉਸਨੇ ਦੋਹਾਂ ਵਿਧਾਨਕਾਰਾਂ ਦੀ ਭੁੱਖ ਹੜਤਾਲ ਨੂੰ ਅਣਗੌਲਿਆ ਹੀ ਕਰ ਦਿਤਾ। ਮੁੱਖ ਮੰਤ੍ਰੀ ਦਾ ਕਹਿਣਾ ਸੀ ਕਿ ਜੇ ਇਹ ਮਰ ਗਏ ਤਾਂ ਇਨ੍ਹਾਂ ਦੀ ਯਾਦ ਵਿੱਚ ਇਕ ਸਮਾਧ ਬਣਵਾ ਦਿਆਂਗੇ। ਕਦੀ ਲੰਘਦਿਆਂ ਮੇਂ ਵੀ ਮੱਥਾ ਟੇਕ ਜਇਆ ਕਰਾਂਗਾ।
ਦੋ ਚਾਰ ਦਿਨ ਬਾਅਦ ਸਵ: ਡਾ: ਜਗਜੀਤ ਸਿੰਘ ਚੌਹਾਨ ਵੀ ਆ ਗਏ ਉਸਨੇ ਕਿਹਾ ਕਿ ਭੁੱਖ ਹੜਤਾਲੀਆਂ ਦੀ ਹਾਲਤ ਦੀ ਨਜ਼ਾਕਤ ਨੂੰ ਮੀਡੀਏ ਵਿੱਚ ਨਸ਼ਰ ਕਰਾਂਗੇ ਤਾਂ ਹੀ ਗੱਲ ਬਣੇਗੀ। ਸੋ ਉਸ ਨੇ ਦੋਨਾਂ ਭੁਖਹੜਤਾਲੀਆਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਕੇ ਰੀਪੋਰਟ ਲਿਖ ਦਿਤੀ। ਦੋਹਾਂ ਭੁਖ ਹੜਤਾਲੀਆਂ ਦੀ ਹਾਲਤ ਨਾਜ਼ਕ ਹੈ। ਦੋਨਾਂ ਦੇ ਭਾਰ ਘੱਟ ਗਿਆ ਹੈ । ਪੇਸ਼ਾਬ ਵਿੱਚ ਚਰਬੀ ਆਦਿ ਆ ਰਹੀ ਹੈ। ਦਿਲ ਵੀ ਪ੍ਰਭਾਵਤ ਹੋ ਰਿਹਾ ਹੈ। ਜਿਗਰ ਨੂੰ ਵੀ ਨੁਕਸਾਨ ਹੋ ਰਿਹਾ ਹੈ। ਕਿਡਨੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਜਦੋਂ ਇਹ ਰੀਪੋਰਟ ਪ੍ਰੈਸ ਵਿੱਚ ਛਪੀ ਸਵ:ਮੌਲਾਨਾ ਆਜ਼ਾਦ ਨੇ ਯੂਨੀਅਨ ਨੇਤਾਵਾਂ ਸਮੇਤ ਮੁੱਖ ਮੰਤ੍ਰੀ ਨੂੰ ਗੱਲ ਬਾਤ ਲਈ ਆਪਣੇ ਮੰਤਰਾਲੇ ਵਿੱਚ ਬੁਲਾ ਲਿਆ।ਉਸ ਵੇਲੇ ਦੇ ਡੀ. ਪੀ. ਆਈ. ਜੋਸ਼ੀ ਨੂੰ ਵੀ ਨਾਲ ਹੀ ਬੁਲਾ ਲਿਆ। ਮੁਕਦੀ ਗਲ ਕਿ ਮੌਲਾਨਾਂ ਆਜ਼ਾਦ ਦੀ ਹਾਜ਼ਰੀ ਵਿੱਚ ਮੁੱਖ ਮੰਤ੍ਰੀ ਪੰਜਾਬ ਨੇ ਲੋਕਲ ਬਾਡੀ ਸਕੂਲ ਆਮ ਚੋਣਾ ਉਪਰੰਤ ਪ੍ਰਾਵਿੰਸ਼ਲਾਈਜ਼ ਕਰਨੇ ਮੰਨ ਲਏ। ਚੋਣਾਂ ਵੀ ਹੋ ਗਈਆਂ ਪਰ ਪੰਜਾਬ ਸਰਕਾਰ ਟੱਸ ਤੋਂ ਮੱਸ ਨਾ ਹੋਈ । ਯੂਨੀਅਨ ਨੇ ਫੇਰ ਦਿੱਲੀ ਜਾ ਕੇ ਮੌਲਾਨਾ ਅਜ਼ਾਦ ਕੇਂਦਰੀ ਸਿਖਿਆ ਮੰਤ੍ਰੀ ਦੀ ਕੋਠੀ ਅੱਗੇ ਰੈਲੀ ਕਰਕੇ ਭੱਖ ਹੜਤਾਲ ਦਾ ਐਲਾਨ ਕਰ ਦਿਤਾ। ਮੌਲਾਨਾ ਆਜ਼ਾਦ ਨੇ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰੀ ਸਟੇਟ ਐਜੂਕੇਸ਼ਨ ਮੰਤ੍ਰੀ ਸ੍ਰੀ ਮਾਲੀ ਨੂੰ ਚੰਡੀਗੜ੍ਹ ਲੋਕਲ ਬਾਡੀ ਸਕੂਲ ਪ੍ਰੋਵਿੰਸ਼ਲਾਈਜ਼ ਕਰਨ ਦੇ ਵਾਅਦੇ ਨੂੰ ਅਮਲੀਜਾਮਾਂ ਪਹਿਨਾਉਣ ਵਾਸਤੇ 1.10.1957. ਤੋਂ ਕਰਨ ਲਈ ਭੇਜ ਦਿਤਾ ਅਤੇ ਪੰਜਾਬ ਸਰਕਾਰ ਨੇ ਲੋਕਲ ਬਾਡੀ ਸਕੂਲਾਂ ਨੂੰ ਪ੍ਰਾਵਿੰਸ਼ਲਾਈਜ਼ ਕਰਨ ਦਾ ਨੋਟੀਫੀਕੇਸ਼ਨ ਜਾਰੀ ਕਰ ਦਿਤਾ। ਇਸ ਤਰਾਂ ਪੰਜਾਬ ਦੇ ਹਜ਼ਾਰਾਂ ਟੀਚਰਾਂ ਨੂੰ ਤਨਖਾਹ, ਤਨਖਾਹ ਸਕੇਲਾਂ, ਪੈਂਸ਼ਨ, ਗਰੈਚੁਟੀ ਦੇ ਸੰਬਧ ਵਿੱਚ ਸਰਕਾਰੀ ਸਕੂਲ ਟੀਚਰਾਂ ਦੇ ਬਰਾਬਰ ਹੋ ਗਏ। ਅਤੇ ਨਿਤ ਨਿਤ ਦਾ ਕਲੇਸ਼ ਮੁੱਕ ਗਿਆ।
ਇਸ ਤਰਾਂ ਗੁਰਚਰਨ ਸਿੰਘ ਦੀ ਸੁਚੱਜੀ ਅਗਵਾਈ ਵਿੱਚ ਹਜ਼ਾਰਾਂ ਟੀਚਰਾਂ ਨੂੰ ਸਰਕਾਰੀ ਸਕੂਲ ਟੀਚਰਾਂ ਵਾਲੇ ਸਾਰੇ ਲਾਭ ਪ੍ਰਾਪਤ ਹੋ ਗਏ। ਇਸ ਤਰਾਂ ਪਹਿਲਾਂ ਪੰਜਾਬ ਸਿਵਲ ਸਰਵਿਸਜ਼ ਦੇ ਰੂਲਜ਼ ਅਨੁਸਾਰ ਜਿਨ੍ਹਾਂ ਦੀ ਸਰਕਾਰੀ ਨੌਕਰੀ ਦਸ ਸਾਲ ਬਣਦੀ ਸੀ ਉਹੋ ਹੀ ਪੈਨਸ਼ਨ ਲੈ ਸਕਦੇ ਸੀ ਇਸ ਤੋਂ ਘੱਟ ਸਰਵਿਸ ਵਾਲੇ ਨਹੀਂ। ਲਸ਼ਮਣ ਸਿੰਘ ਗਿੱਲ ਦੀ ਵਜ਼ਾਰਤ ਸਮੇਂ ਜਿਸ ਵਿੱਚ ਡਾ: ਜਗਜੀਤ ਸਿੰਘ ਚੌਹਾਨ ਵਿੱਤ ਮੰਤ੍ਰੀ ਸਨ ਅਤੇ ਉਨ੍ਹਾਂ ਦਾ ਵੱਡਾ ਭਰਾ ਅਮਰੀਕ ਸਿੰਘ ਉਸ ਸਮੇਂ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦਾ ਪ੍ਰਧਾਨ ਸੀ ਅਤੇ ਸ੍ਰ: ਗੁਰਚਰਨ ਸਿੰਘ ਨਾਲ ਵੀ ਡਾਕਟਰ ਚੌਹਾਨ ਦੇ ਸਬੰਧ ਬੜੇ ਦੋਸਤਾਨਾਂ ਸੀ।ਇਕ ਅੰਤਲਾ ਹੱਲਾ ਮਾਰ ਕੇ ਸਾਰੇ ਪ੍ਰਵਿੰਸ਼ਲਾਈਜ਼ ਟੀਚਰ, ਪੈਨਸ਼ਨ ਦੇ ਹਕੱਦਾਰ ਹੋ ਗਏ ਪਰ ਸ਼ਰਤ ਕਿ ਉਹ ਲੋਕਲਬੌਡੀ ਹਿੱਸੇ ਦਾ ਸੀ. ਪੀ. ਐਫ. ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦੇਣ। ਇਕ ਵਾਰ ਫਿਰ ਵੀ ਕੋਠਾਰੀ ਕਮਿਸ਼ਨ ਲਾਗੂ ਕਰਾਉਣ ਵਾਸਤੇ ਭੱਖ ਹੜਤਾਲ ਕੀਤੀ ਜਿਸ ਵਿੱਚ ਗੋਪਾਲ ਕ੍ਰਿਸ਼ਨ ਚਤਰਥ ਐਮ. ਐਲ ਸੀ. ਵੀ ਸ਼ਾਮਲ ਸੀ ਇ੍ਹਨਾਂ ਭੁੱਖ ਹੜਤਾਲਾਂ ਦਾ ਗੁਰਚਰਨ ਸਿੰਘ ਦੀ ਸਿਹਤ ਤੇ ਮਾੜਾ ਪ੍ਰਭਾਵ ਪਿਆ ਅਤੇ ਬਲੱਡ ਪ੍ਰੈਸ਼ਰ ਰਹਿਣ ਲਗ ਪਿਆ।ਗੁਰਚਰਨ ਸਿੰਘ ਦੀ ਕੁਰਬਾਨੀ ਅਤੇ ਅਗਵਾਈ ਨੇ ਟੀਚਰਾਂ ਦੀ ਕਾਇਆ ਕਲਪ ਕਰ ਦਿਤੀ।
ਕਈ ਵਾਰ ਜਦੋਂ ਮੈਂ ਪੰਜਾਬ ਜਾਂਦਾ ਹਾਂ ਤਾਂ ਉਨ੍ਹਾਂ ਦੇ ਪਿੰਡ ਦਾ ਇਕ ਟੀਚਰ ਬਰਕਤ ਰਾਮ ਜਿਹੜਾ ਕਦੀ ਉਸ ਦੇ ਵਿਰੁੱਧ ਹੁੰਦਾ ਸੀ, ਮੈਨੂੰ ਕਹਿੰਦਾ ਹੁੰਦਾ ਹੈ,ਟੀਚਰਾਂ ਨੂੰ ਸ੍ਰ: ਗੁਰਚਰਨ ਸਿੰਘ ਦੀ ਕੋਈ ਯਾਦਗਾਰ ਬਣਾਉਣ ਲਈ ਪ੍ਰੇਰਨਾ ਦੇ ਕੇ ਜਾਇਓ, ਤੁਹਾਡੇ ਬਿਨਾਂ ਤਾਂ ਕਿਸੇ ਨੇ ਉਂਤਾ ਨਹੀਂ ਵਾਚਣਾ। ਸਾਡੇ ਵਰਗਿਆਂ ਨੂੰ ਕਿਂਥੇ ਪੈਨਸ਼ਨਾਂ ਤੇ ਹੋਰ ਸਹੂਲਤਾਂ ਮਿਲਣੀਆਂ ਸਨ। ਪਤਾ ਨਹੀਂ ਟੀਚਰ ਕਿੳਂ ਅਹਿਸਾਨ ਫਰਾਮੋਸ਼ ਹਨ।ਮਾਸਟਰ ਬਰਕਤ ਰਾਮ ਦੀ ਉਮਰ ਇਸ ਵੇਲੇ ਲਗ ਭਗ 97 ਸਾਲ ਦੀ ਹੋਵੇਗੀ। ਪਰ ਅੱਜ ਵੀ ਸ੍ਰ: ਗੁਰਚਰਨ ਸਿੰਘ ਦੲ ਰਿਣ ਚਕਾਉਣ ਲਈ ਉਤਾਵਲੇ ਹਨ।
ਇਕ ਗੱਲ ਹੋਰ ਜਿਸ ਤੋਂ ਉਸਦੇ ਵਿਰੋਧੀ ਤ੍ਰਹਿੰਦੇ ਸਨ ਕਿ ਉਹ ਇੰਡੀਅਨ ਨੈਸ਼ਨਲ ਕਾਂਗਰਸ ਕਮੇਟੀ ਦੇ 1959 ਤੱਕ ਦੋ ਸਾਲ ਮੈਂਬਰ ਵੀ ਰਹੇ ਅਤੇ ਉਨ੍ਹਾਂ ਦੀ ਕਾਂਗਰਸ ਵਿਂਚ ਵਧ ਰਹੀ ਸ਼ਕਤੀ ਤੋਂ ਭੈਭੀਤ ਸਨ। ਪਰ ਇਹ ਪਦਵੀ ਟੀਚਰ ਵਰਗ ਦੀ ਹਾਲਤ ਵਿੱਚ ਵੀ ਸਹਾਈ ਹੁੰਦੀ ਸੀ।ਉਸ ਨੇ ਬਤੌਰ ਮੈਂਬਰ ਵਿਧਾਨ ਪ੍ਰੀਸ਼ਦ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਹੋਣ ਦਾ ਕੋਈ ਨਿੱਜੀ ਲਾਭ ਨਾਲੋਂ ਟੀਚਰ ਵਰਗ ਨੂੰ ਵਧੇਰੇ ਲਾਭ ਲੈ ਕੇ ਦਿੱਤੇ
ਸ੍ਰ: ਗੁਰਚਰਨ ਸਿੰਘ ਦੀ ਪੰਜਾਬ ਦੇ ਟੀਚਰਾਂ ਨੂੰ ਇਕ ਬਹੁਤ ਵੱਡੀ ਦੇਣ ਹੈ। ਇਸ ਤਰ੍ਹਾਂ ਉਹ ਟੀਚਰ ਵਰਗ ਦੇ ਮਸੀਹਾ ਸਨ।
ਟੀਚਰਾਂ ਦਾ ਇਹ ਮਸੀਹਾ ਲਗ ਭਗ 73-74 ਸਾਲ ਦੀ ੳਮਰ ਭੋਗ ਕੇ 23 ਦਸੰਬਰ 1993 ਨੂੰ ਸਦੀਵੀ ਵਿਛੋੜਾ ਦੇ ਗਏ।
000000000

‘ਮੇਰੀ ਪੱਤਰਕਾਰੀ ਦੇ ਰੰਗ’ ਉਂਪਰ ਇੱਕ ਪੂਰਣ ਝਾਤ .......... ਲੇਖ਼ / ਗੁਰਕੀਰਤ ਸਿੰਘ ਟਿਵਾਣਾ

ਕੈਲਗਰੀ ਦੇ ਬਾਬਾ ਬੋਹੜ ਪ੍ਰੋ.ਮਨਜੀਤ ਸਿੰਘ ਸਿੱਧੂ ਨਾਲ ਮੇਰੀ ਪਹਿਲੀ ਮੁਲਾਕਾਤ 2005 ਵਿੱਚ ‘ਇੰਡੋ-ਕਨੇਡੀਅਨ ਆਸੌਸੀਏਸ਼ਨ ਆਫ ਇਮੀਗਰਾਂਟ ਸੀਨੀਅਰਜ਼’ ਦੀ ਮੀਟਿੰਗ ਦੌਰਾਨ ਹੋਈ।ਉਹਨਾਂ ਦੀ ਉਮਰ ਜੀਵਨ ਅਤੇ ਤਜੱਰਬੇ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਅਜੇ ਵੀ ਸਰਗਰਮ ਹੋਣ ਕਾਰਨ ਮੈਂ ਉਨ੍ਹਾਂ ਦੀ ਸ਼ਖ਼ਸ਼ੀਅਤ ਤੋਂ ਪ੍ਰਭਾਵਤ ਹੋਣ ਨਾਲੋਂ ਕਿਤੇ ਵਧੇਰੇ ਦਬਿਆ ਰਹਿੰਦਾ ਸਾਂ। ਮੇਰੇ ਪੱਤਰਕਾਰੀ ਜੀਵਨ ਦੌਰਾਨ ਮੈਨੂੰ ਬਹੁਤ ਸਾਰੇ ਪੱਤਰਕਾਰਾਂ ਅਤੇ ਸਾਹਿਤਕਾਰਾਂ ਨਾਲ ਮਿਲਣ ਦਾ ਮੌਕਾ ਮਿਲਦਾ ਰਿਹਾ, ਪ੍ਰੰਤੂ ਪ੍ਰੋ. ਮਨਜੀਤ ਸਿੰਘ ਦੀ ਉਮਰ ਦਾ ਕੋਈ ਸਰਗਰਮ ਪੱਤਰਕਾਰ( ਰੱਬ ਉਨ੍ਹਾਂ ਨੂੰ ਹੋਰ ਲੰਮੀ ਉਮਰ ਬਖ਼ਸ਼ੇ) ਮੈਨੂੰ ਨਹੀਂ ਜਾਣਦਾ। ਏਨੀਂ ਲੰਮੀ ਉਮਰ ਦੇ ਮੇਰੇ ਜਾਣਕਾਰ ਮੀਡੀਆ ਦੇ ਲੋਕ ਤਾਂ ਥੱਕ ਹਾਰ ਕੇ ਇਸ ਕਿੱਤੇ ਨੂੰ ਤਿਆਗ ਕੇ ਆਪਣੇ ਪੁਰਾਣੇ ਦਿਨ ਯਾਦ ਕਰਕੇ ਜੀਵਨ ਬਿਤਾ ਰਹੇ ਹਨ। ਪੱਤਰਕਾਰੀ ਦੀਆਂ ਕੁੱਝ ਕਰੜੀਆਂ ਸ਼ਰਤਾਂ ,ਲੋੜਾਂ ਅਤੇ ਮਜਬੂਰੀਆਂ ਹੁੰਦੀਆਂ ਹਨ, ਜਿਨ੍ਹਾਂ ਉਂਤੇ ਲਗਾਤਾਰ ਪੂਰੇ ਉਂਤਰਨ ਦੀ ਹਿੰਮਤ ਅਤੇ ਜਿਗਰਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ।
ਪਿਛਲੇ ਤਿੰਨ ਸਾਲਾਂ ਤੋਂ ਮੈਂ ਹਰ ਸਾਲ ਛੇ ਛੇ ਮਹੀਨੇ ਲਈ ਕੈਲਗਰੀ ਆ ਰਿਹਾ ਹਾਂ, ਅਤੇ ਪ੍ਰੋ. ਮਨਜੀਤ ਸਿੰਘ ਹੁਰਾਂ ਨੂੰ ਤਕਰੀਬਨ ਹਰ ਹਫ਼ਤੇ ਮਿਲਦਾ ਰਹਿੰਦਾ ਹਾਂ।ਪਹਿਲੀ ਨਜ਼ਰੇ ਤਾਂ ਪ੍ਰੋ. ਮਨਜੀਤ ਸਿੰਘ ਕੈਲਗਰੀ ਦੇ ਗੁਰਦਵਾਰੇ ਵਿੱਚ ਲੱਡੂ ਜਲੇਬੀਆਂ ਛਕਣ ਅਤੇ ਤਾਸ਼ ਖੇਡਣ ਵਾਲੇ ਬਾਬਿਆਂ ਵਰਗੇ ਹੀ ਲੱਗਦੇ ਹਨ।ਪਰ ਜ਼ਰਾ ਗਹੁ ਨਾਲ ਦੇਖਿਆਂ ਉਹਨਾਂ ਦੀਆਂ ਚੰਚਲ ਅੱਖਾਂ ਦੀ ਚਮਕ ਕਿਸੇ ਬੇਚੈਨ ਸਮਾਜ ਸੁਧਾਰਕ ਵਰਗੀ ਲੱਗਦੀ ਹੈ ਜੋ ਇੱਕੋ ਹੂੰਝੇ ਦੇ ਵਿੱਚ ਸਾਰੀ ਦੁਨੀਆਂ ਦੇ ਮਸਲੇ ਹੱਲ ਕਰਕੇ ਇੱਕ ਨਵੇਂ ਨਰੋਏ ਵਿਸ਼ਵ ਨੂੰ ਸਿਰਜਣ ਲਈ ਤਤਪਰ ਹੋਵੇ। ਇਸੇ ਲਈ ਜਦੋਂ ਪ੍ਰੋ.ਸਾਹਿਬ ਬੋਲਣ ਲੱਗਦੇ ਹਨ ਤਾਂ ਉਹਨਾਂ ਦੇ ਵਿਚਾਰਾਂ ਦਾ ਵਹਾ ਕੋਈ ਹੱਦ ਬੰਨਾਂ ਨਹੀਂ ਦੇਖਦਾ ਇੱਕੋ ਸਾਹੇ ਉਹ ਨਿਗੂਣੀ ਜਿਹੀ ਗੱਲ ਦੀ ਤੰਦ ਫੜ੍ਹ ਕੇ ਉਸਨੂੰ ਵਿਸ਼ਵ ਪੱਧਰ ਤੱਕ ਲੈ ਜਾਣ ਦੇ ਮਾਹਰ ਹਨ।ਹਰ ਸਰੋਤਾ ਉਨ੍ਹਾਂ ਦੇ ਜੀਵਨ ਦੇ ਨਿੱਗਰ ਤਜੱਰਬੇ ਅਤੇ ਵਿਸਾਲ ਘੇਰੇ, ਸਮਾਜਕ,ਆਰਥਕ, ਸਿਆਸੀ, ਧਾਰਮਕ, ਵਿਗਿਆਨਕ,ਮਨੋਵਿਗਿਆਨਕ, ਗੱਲ ਕੀ ਹਰ ਵਿਸ਼ੇ ਤੇ ਪਕੜ ਅਤੇ ਇਸ ਸੱਭ ਕਾਸੇ ਨੂੰ ਹਰ ਇੱਕ ਨਾਲ ਸਾਂਝੇ ਕਰਨ ਦੀ ਕਾਹਲ ਅਤੇ ਪ੍ਰਬਲ ਇੱਛਾ ਨੂੰ ਡੱਕ ਨਹੀਂ ਸਕਦਾ ਅਤੇ ਉਹਨਾਂ ਦੇ ਵਿਚਾਰਾਂ ਦੀ ਤੀਬਰ ਗਤੀ ਦਾ ਹਾਣੀ ਨਹੀਂ ਬਣ ਸਕਦਾ।ਪ੍ਰੋ. ਸਾਹਿਬ ਕੋਲ ਸਰੋਤਿਆਂ ਨੂੰ ਵਿਚਾਰਕ ਤੌਰ ਉਂਤੇ ਆਪਣੇ ਨਾਲ ਰਲਾ ਕੇ ਤੋਰਨ ਦੀ ਫ਼ੁਰਸਤ ਨਹੀਂ ਹੁੰਦੀ। ਇਸ ਕਾਹਲ ਨੂੰ ਅਸੀਂ ਆਪਣੇ ਆਪਣੇ ਜੀਵਨ ਵਿੱਚ ਇਸ ਪੜਾਅ ਤੇ ਪਹੁੰਚ ਕੇ ਹੀ ਸਮਝ ਸਕਾਂਗੇ।
ਖੈਰ ਚੰਗੀ ਗੱਲ ਇਹ ਹੈ ਕਿ ਬਾਬਾ ਬੋਹੜ ਜੀ ਨੇ ਆਪਣੀ ਪੱਤਰਕਾਰੀ ਜੀਵਨ ਦੇ ਸੱਭ ਮਿੱਠੇ, ਖੱਟੇ ਤੇ ਤਲਖ਼ ਤਜਰਬੇ ਸਾਡੇ ਸੱਭ ਲਈ ਲਿਖ਼ਤ ਰੂਪ ਵਿੱਚ ਪਰੋਸ ਦਿੱਤੇ ਹਨ।ਉਹਨਾਂ ਦੀ ਪੱਤਰਕਾਰੀ ਦੇ ਵਿਸ਼ਾਲ ਕੈਨਵਸ ਵਿੱਚ ਤਹਿਸੀਲ ਪੱਧਰ ਤੋਂ ਲੇ ਕੇ ਵਿਸ਼ਵ ਪੱਧਰ ਤੱਕ ਮਸਲਿਆਂ ਸਬੰਧੀ ਆਪਣੇ ਤਜਰਬੇ ਅਤੇ ਵਿਚਾਰ ਉਲੀਕੇ ਹੋਏ ਹਨ।
ਕਾਮਰੇਡ ਹੋਣ ਕਰਕੇ ਪ੍ਰੋ. ਸਾਹਿਬ ਸਾਮਰਾਜਵਾਦ ਅਤੇ ਵਿਸ਼ਵੀਕਰਨ ਨੂੰ ਆਮ ਲੋਕਾਂ ਦੇ ਹਿੱਤਾਂ ਦੀ ਕਸਵੱਟੀ ਉਂਤੇ ਪਰਖ਼ਦੇ ਦੋਹਾਂ ਨੁੰ ਤ੍ਰਿਸਕਾਰਣੋਂ ਨਹੀਂ ਝਿਜਕਦੇ।ਜਿੱਥੇ ਉਹ ਭਾਰਤ ਦੀ ਕੇਂਦਰੀ ਸਰਕਾਰ ਨੂੰ ਅਮ੍ਰੀਕਾ ਨਾਲ ਪ੍ਰਮਾਣੂ ਸਮਝੌਤੇ ਦੀਆਂ ਬਾਰੀਕੀਆਂ ਬਾਰੇ ਖ਼ਬਰਦਾਰ ਕਰਦੇ ਹਨ ਉਥੇ ਪੱਛਮੀ ਬੰਗਾਲ ਦੀ ਸਰਕਾਰ ਨੂੰ ਵੀ ਪੱਛਮੀ ਵਿਕਾਸ ਮਾਡਲ ਨੂੰ ਅੰਨ੍ਹੇਵਾਹ ਲਾਗੂ ਕਰਨ ਲਈ ਨਹੀਂ ਬਖ਼ਸ਼ਦੇ।ਇਸੇ ਤਰ੍ਹਾਂ ਪੰਜਾਬ ਵਿੱਚ ਪਿਛਲੇ ਸਾਲ ਚੋਣਾਂ ਦੋਰਾਨ ਅਤੇ ਪਿੱਛੋਂ ਅਕਾਲੀ ਦਲ ਦੀ ਕੁਨਬਾ ਪ੍ਰਸਤੀ ਦੀ ਨੀਤੀ ਅਤੇ ਪੁੱਤਰ ਮੋਹ ਹੋ ਕੇ ਜਨਤਕ ਹਿੱਤਾਂ ਅਤੇ ਲੋਕ ਰਾਜੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਜਨਤਾ ਨੂੰ ਹਰ ਪ੍ਰਕਾਰ ਦੇ ਲਾਲਚ ਦੇ ਕੇ ਗੁਮਰਾਹ ਕਰਨ ਲਈ , ਇਸ ਕੋਝੀ ਸਿਆਸਤ ਨੂੰ ਨਕਾਰਿਆ ਹੈ।ਉਥੇ ਆਮ ਲੋਕਾਂ ਨੂੰ ਅਖੌਤੀ ਜਨ ਸੇਵਕਾਂ ਦੀਆਂ ਚਾਲਾਂ ਤੋਂ ਸਾਵਧਾਨ ਰਹਿਣ ਲਈ ਪ੍ਰੇਰਿਆ ਵੀ ਹੈ।ਉਹਨਾਂ ਨੇ ਅਜੋਕੇ ਭਾਰਤ ਵਿੱਚ ਲਗਾਤਾਰ ਨਿਘਰ ਰਹੀਆਂ ਕਦਰਾਂ ਕੀਮਤਾਂ ਨੂੰ ਉਭਾਰ ਕੇ ਇੱਕ ਮਜਬੂਤ ਅਧਾਰ ਪ੍ਰਦਾਨ ਕਰਨ ਲਈ ਲੋਕਾਂ ਨੁੰ ਵੋਟ ਦੀ ਤਾਕਤ ਵਾਰੇ ਗਿਆਨ ਦੇਣ ਅਤੇ ਇਸ ਲੋਕਰਾਜੀ ਅਧਿਕਾਰ ਦੀ ਯੋਗ ਵਰਤੋਂ ਕਰਨ ਦੀ ਲੋੜ ਉਂਤੇ ਜ਼ੋਰ ਦਿੱਤਾ ਹੈ।
ਪ੍ਰੋ. ਸਾਹਿਬ ਲਈ ਪਾਰਲੀਮਾਨੀ ਪਰੰਪਰਾਵਾਂ ਦੀ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਬੇਹੁਰਮਤੀ ਇੱਕ ਦੁਖਦਾਈ ਗੱਲ ਹੈ।ਉਨ੍ਹਾਂ ਜਿੱਥੇ ਮਾਰਲੀਮੈਂਟ ਦੇ ਮੈਂਬਰਾਂ ਨੂੰ ਆਪਣੇ ਕਰਤਵ ਸੁਹਿਰਦਤਾ ਨਾਲ ਨਿਭਾਉਣ ਦੀ ਅਪੀਲ ਕੀਤੀ ਹੈ ਉਥੇ ਆਮ ਲੋਕਾਂ ਨੂੰ ਅਜਿਹੇ ਵਿਹਾਰ ਵਿਰੱਧ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਆ ਵੀ ਹੈ।
ਆਪਣੇ ਇੱਕ ਸੰਪਾਦਕੀ ਵਿੱਚ ਪ੍ਰੋ. ਸ਼ਾਹਿਬ ਨੇ ਉਸ ਵੇਲੇ ਦੇ ਰੂਸੀ ਪ੍ਰਧਾਨ ਪੂਤਨ ਵੱਲੋਂ ਅਮ੍ਰੀਕਾ ਨੂੰ ਧੱਕੜਸ਼ਾਹ ਗਰਦਾਨਣ ਦਾ ਜਿੱਥੇ ਸੁਆਗਤ ਕੀਤਾ ਹੈ ਉਥੇ ਅਮਨ ਪਸੰਦ ਲੋਕਾਂ ਨੂੰ ਇੱਕ ਜੁੱਟ ਹੋ ਕੇ ਅਮ੍ਰੀਕੀ ਨੀਤੀਆਂ ਵਿਰੱਧ ਆਵਾਜ਼ ਉਠਾਉਣ ਲਈ ਲਾਮਬਦ ਹੋਣ ਲਈ ਕਿਹਾ ਹੈ।
ਸਿਆਸਤ ਤੋਂ ਇਲਾਵਾ ਪ੍ਰੋ. ਸ਼ਾਹਿਬ ਨੇ ਵਿਦਿਆ ਸਮਾਜਕ ਬੁਰਾਈਆਂ, ਸਿੱਖ ਵਿਰਸਾ , ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ , ਹਰਿਆਣਾ ਦੇ ਗੁਰਦਵਾਰਿਆਂ ਲਈ ਵੱਖਰੀ ਪ੍ਰਬੰਧਕ ਕਮੇਟੀ ਦੇ ਮਾਮਲੇ ਨੂੰ ਵੀ ਆਪਣੇ ਸੰਪਾਦਕੀ ਵਿਸ਼ਿਆਂ ਵਿੱਚ ਸ਼ਾਮਲ ਕੀਤਾ ਹੈ । ਉਹਨਾਂ ਨੇ ਪਿਛਾਂਹ ਖਿਚੂ ਧਾਰਮਿਕ ਵਿਚਾਰਾਂ,ਅੰਧਵਿਸ਼ਵਾਸ਼ ਨੂੰ ਨਿੰਦਣ ਅਤੇ ਸੱਚੇ ਸਿੱਖੀ ਵਿਰਸੇ ਨੂੰ ਅੱਖੋਂ ਉਹਲੇ ਕਰਕੇ ਸਸਤੀ ਸ਼ੋਹਰਤ ਲਈ ਨਨਕਾਣਾ ਸਾਹਿਬ ਵਿੱਚ ਇਤਹਾਸਕ ਪਾਲਕੀ ਦੀ ਥਾਂ ਸੋਨੇ ਦੀ ਪਾਲਕੀ ਨੂੰ ਸਥਾਪਤ ਕਰ ਕੇ ਸੰਗਤਾਂ ਦੇ ਦਿਲਾਂ ਵਿੱਚੋਂ ਕੁਰਬਾਨੀ ਦੇ ਜਜ਼ਬੇ ਨੂੰ ਕੱਢ ਦੇਣ ਦੇ ਬਰਾਬਰ ਕਹਿਣ ਦੀ ਦਲੇਰੀ ਵਿਖਾਈ ਹੈ।
ਭਾਵੇਂ ਪ੍ਰੋ. ਸਾਹਿਬ ਕਵਿਤਾਵਾਂ, ਗ਼ਜ਼ਲਾਂ ਅਤੇ ਸੰਗੀਤ ਵਰਗੀਆਂ ਕੋਮਲ ਕਲਾਵਾਂ ਪ੍ਰਤੀ ਆਪਣੇ ਆਰੰਗਜ਼ੇਬੀ ਰਵੱਈਏ ਉਂਤੇ ਬੜਾ ਫ਼ਖ਼ਰ ਕਰਦੇ ਹਨ ਪਰ ਅਮ੍ਰਿਤਾ ਪ੍ਰੀਤਮ,ਗੁਰਚਰਨ ਰਾਮਪੁਰੀ,ਸੁਰਜੀਤ ਪਾਤਰ ਆਦਿ ਸਾਹਿਤਕਾਰਾਂ, ਫਿਲਮਾਂ ਅਤੇ ਨੱਟਕਾਂ ਵਾਰੇ ਲਿਖੀਆਂ ਸਾਹਿਤਕ ਰਿਪੋਰਟਾਂ ਪੜ੍ਹਕੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਹਿਰਦੇ ਵਿਚਲੇ ਸ਼ਿੰਗਾਰ ਰਸ ਦੇ ਚਸ਼ਮੇ ਦੇ ਵਹਾਅ ਨੂੰ ਰੋਕ ਨਹੀਂ ਸਕਦੇ। ਪਰ ਇਸ ਨੂੰ ਰੋਕਣ ਦੇ ਪਿਛੇ ਰੋਕਣ ਦੇ ਪਿੱਛੇ ਕੀ ਰਾਜ ਹੇ ਇਸਦਾ ਪਤਾ ਨਹੀਂ। ਖੈਰ, ਮੈਂ ਜਿੱਥੇ ੳਨ੍ਹਾਂ ਦੀ ਕਿਤਾਬ ਦੇ ਖਰੜੇ ਨੂੰ ਮਾਣਿਆ ਹੈ ਉਥੇ ਮੈਨੂੰ ਇਸ ਵਿੱਚ ਬੋਲੀ ਵਿਆਕਰਣ ਦੇ ਨਿਯਮਾਂ ਆਦਿ ਦੀ ਉਲੰਘਣਾ ਚੁਭੀ ਵੀ ਹੈ। ਪਰ ਜਿਵੇਂ ਕਿਹਾ ਜਾਂਦਾ ਹੈ ਕਿ ‘jornalism is literature in a hurry’ ਯਾਨੀ ਪੱਤਰਕਾਰੀ ਕਾਹਲੀ ਵਿੱਚ ਰਚਿਆ ਸਾਹਿਤ ਹੈ। ਇਸ ਲਈ ਇਹ ਤਰੁਟੀਆਂ ਅਖੋਂ ਉਹਲੇ ਕਰਕੇ ਪਿਛਲੇ ਛੇ ਦਹਾਕਿਆਂ ਤੋਂ ਵੱਧ ਸਮੇਂ ਦੇ ਤਜਰਬਿਆਂ ਨੂੰ ਸਮਝਣਾ ਇੱਕ ਸੰਤੁਸ਼ਟੀ ਦੇਣ ਵਾਲਾ ਹੁਲਾਰਾ ਹੈ।
ਕੀ ਪਾਠਕਾਂ ਪਾਸ ਏਨਾਂ ਲੰਮਾ ਸਾਹਿਤਕ ਪੈਂਡਾ ਕਰਨ ਦਾ ਸਮਾਂ ਹੈ? ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜਿਹੜਾ ਪਾਠਕ ਪ੍ਰੋ. ਸਾਹਿਬ ਦੀ ਪੱਤਰਕਾਰੀ ਦੇ ਪੈਂਡੇ ਉਤੇ ਥੋੜਾ ਬਹੁਤਾ ਵੀ ਚੱਲੇਗਾ, ਉਹ ਨਿਰਾਸ਼ ਨਹੀਂ ਹੋਵੇਗਾ।

ਦੋ ਗੱਲਾਂ ‘ਮੇਰੀ ਪੱਤਰਕਾਰੀ ਦੇ ਰੰਗ’ ਬਾਰੇ.......... ਲੇਖ਼ / ਸੁਰਜਨ ਜ਼ੀਰਵੀ (ਟਰਾਂਟੋ)

ਥੋੜਾ ਹੀ ਸਮਾਂ ਪਹਿਲਾਂ ਇੱਕ ਦਿਨ ਅਚਨਚੇਤ ਕੈਲਗਰੀ ਤੋਂ ਪ੍ਰੋ. ਮਨਜੀਤ ਸਿੰਘ ਸਿੱਧੂ ਦਾ ਟੈਲੀਫੋਨ ਆਇਆ। ਉਹ 1988 ਤੋਂ ਕੈਨੇਡਾ ਦੇ ਇਸ ਸ਼ਹਿਰ ਵਿੱਚ ਟਿਕਿਆ ਹੋਇਆ ਹੈ। ਇਸਦੀ ਉਡਦੀ ਜਿਹੀ ਖਬਰ ਮੈਨੂੰ ਮਿਲ ਤਾਂ ਗਈ ਸੀ ਪਰ ਉਸਦੇ ਟੈਲੀਫੋਨ ਜਾਂ ਥਾਂ ਟਿਕਾਣੇ ਦਾ ਪਤਾ ਨਾ ਹੋਣ ਕਰਕੇ ਮੈਂ ਉਸ ਨਾਲ ਰਾਬਤਾ ਕਾਇਮ ਨਹੀਂ ਸਾਂ ਕਰ ਸਕਿਆ। ਇਹ ਉਸਦੀ ਮਿਹਰਬਾਨੀ ਹੈ ਕਿ ਉਸਨੇ “ਨਿਸੋਤ” ਦੇ ਵੈਬ ਸਾਈਟ ਤੋਂ ਮੇਰਾ ਪਤਾ ਕੱਢ ਲਿਆ।
ਪੰਜਾਬ ਵਿੱਚ ਪ੍ਰੋ. ਸਿੱਧੂ ਦਾ ਅਸਲ ਕਿੱਤਾ ਤਾਂ ਟੀਚਿੰਗ ਸੀ ਪਰ ਆਪਣੀਆਂ ਟਰੇਡ ਯੂਨੀਅਨ ਸਰਗਰਮੀਆਂ ਤੇ ਤਰੱਕੀ ਪਸੰਦ ਰਾਜਨੀਤਕ ਸੋਚ ਸਦਕਾ ਉਹ ਖੱਬੀ ਵਿਚਾਰਧਾਰਾ ਤੇ ਨਵਾਂ ਜਮਾਨਾ ਨਾਲ ਵੀ ਹੋਇਆ ਜੁੜਿਆ ਸੀ।
ਸੂਬੇ ਦੀ ਗਵਰਨਮੈਟ ਕਾਲਜ ਟੀਚਰਜ਼ ਯੂਨੀਅਨ ਦੇ ਪ੍ਰਧਾਨ ਵਜੋਂ ਉਸਨੂੰ ਪੰਜਾਬ ਭਰ ਦੇ ਚੱਕਰ ਲਾਉਣੇ ਪੈਂਦੇ ਸਨ। ਆਪਣੇ ਤੋਰੇ ਫੇਰੇ ਸਮੇਂ ਉਹ ਜਦੋਂ ਕਦੇ ਵੀ ਜਲੰਧਰ ਆਉਂਦਾ ਜਾਂ ਏਧਰ ਦੀ ਲੰਘਦਾ ਤਾਂ “ਨਵਾਂ ਜ਼ਮਾਨਾ” ਦੇ ਦਫਤਰ ਜ਼ਰੂਰ ਆਉਂਦਾ।
ਕੈਲਗਰੀ ਤੋਂ ਉਸਦੇ ਟੈਲੀਫੋਨ ਆਉਣ ਤੱਕ ਮੈਂ ਇਹੀ ਸੋਚਦਾ ਸਾਂ ਕਿ ਪ੍ਰੋ. ਸਿੱਧੂ ਜਿਹਾ ਸੁਚੇਤ ਤੇ ਗਤੀਸ਼ੀਲ ਵਿਅਕਤੀ ਜਿਸਨੇ ਆਪਣੀ ਸਾਰੀ ਸਰਗਰਮ ਉਮਰ ਕਾਲਜਾਂ ਵਿੱਚ ਅਰਥ ਸ਼ਾਸਤਰ ਜਿਹਾ ਡੂੰਘਾ ਵਿਸ਼ਾ ਪੜ੍ਹਾਉਂਦਿਆਂ ਤੇ ਆਪਣੇ ਵਰਗ ਲਈ ਲੜਾਈਆਂ ਲੜਦਿਆਂ ਲੰਘਾਈ ਉਹ ਕੈਨੇਡਾ ਜਿਹੇ ਬਰਫੀਲੇ ਮੁਲਕ ਦੇ ਕੈਲਗਰੀ ਜਿਹੇ ਇੱਕਲਵੰਜੇ ਸ਼ਹਿਰ ਵਿੱਚ ਦਿਨ ਕਿਵੇਂ ਕੱਟ ਰਿਹਾ ਹੋਵੇਗਾ।
ਮੇਰੇ ਮਨ ਵਿੱਚ ਅਜਿਹੇ ਸਵਾਲ ਦਾ ਉਠਣਾ ਕੋਈ ਵਾਧੂ ਜਿਹਾ ਵਿਸ਼ਾ ਨਹੀਂ ਸੀ। ਜਿਹੜੇ ਪੜ੍ਹੇ ਲਿਖੇ ਲੋਕ ਪਕੇਰੀ ਉਮਰ ਦੇ ਅਜਿਹੇ ਪੜਾਅ ਉਤੇ ਕੈਨੇਡਾ ਆਉਂਦੇ ਹਨ, ਜਦੋਂ ਉਹ ਬੌਧਿਕ ਤੇ ਸਰੀਰਕ ਤੌਰ ਤੇ ਸਤਰਕ ਹੁੰਦੇ ਹਨ ਪਰ ਉਮਰ ਦੇ ਕਾਰਨ ਆਪਣੀ ਯੋਗਤਾ ਦੇ ਨੇੜੇ ਤੇੜੇ ਦੇ ਕਿਸੇ ਕੰਮ ਲਈ ਸਾਰੇ ਦਰਵਾਜੇ ਬੰਦ ਦੇਖਦੇ ਹਨ ਤਾਂ ਉਹਨਾਂ ਨੂੰ ਅਜਿਹੇ ਸਵਾਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ।
ਅਜਿਹੇ ਸਵਾਲਾਂ ਨਾਲ ਪ੍ਰੋ. ਸਿੱਧੂ ਨੂੰ ਵੀ ਦੋ ਚਾਰ ਹੋਣਾ ਪਿਆ ਜਿਸ ਤਰ੍ਹਾਂ ਉਸਨੇ ਆਪਣੀ ਪਹਿਲੀ ਪੁਸਤਕ “ਵੰਨ-ਸੁਵੰਨ” ਵਿੱਚ ਲਿਖਿਆ ਵੀ ਹੈ “ਵਿਦੇਸ਼ ਵਿੱਚ ਆ ਕੇ ਬੰਦਾ ਆਪਣੀ ਪਛਾਣ ਗੁਆ ਬਹਿੰਦਾ ਹੈ ਅਤੇ ਅਰਸ਼ੋਂ ਫਰਸ਼ ਉਤੇ ਡਿੱਗਿਆ ਮਹਿਸੂਸ ਕਰਦਾ ਹੈ। ਬੁੱਧੀਜੀਵੀਆਂ ਨੂੰ ਤਾਂ ਇਸ ਸਥਿਤੀ ਵਿੱਚੋਂ ਲੰਘਣਾ ਹੋਰ ਵੀ ਔਖਾ ਹੁੰਦਾ ਹੈ। ਵਿਦੇਸ਼ ਵਿੱਚ ਆ ਕੇ ਹਰ ਵਿਅਕਤੀ ਨੂੰ ਨਵੇਂ ਸਿਰਿਉਂ ਆਪਣੀ ਪਛਾਣ ਬਣਾਉਣੀ ਪੈਂਦੀ ਹੈ ਤੇ ਹੋਂਦ ਸਥਾਪਤ ਕਰਨੀ ਪੈਂਦੀ ਹੈ।
ਏਥੇ ਆ ਕੇ ਨਵੀਂ ਪਛਾਣ ਬਣਾਉਣੀ ਕੋਈ ਸੌਖੀ ਗੱਲ ਨਹੀਂ ਖਾਸ ਤੌਰ ਤੇ ਜਦੋਂ ਉਮਰ ਦੇ ਠੱਪੇ ਨੇ ਤੁਹਾਡੀ ਵਿਅਕਤਿਤਵ ਨੂੰ ਚਲ ਚੁੱਕਿਆ ਕਰਾਰ ਦੇ ਛੱਡਿਆ ਹੋਵੇ, ਨਵੀਂ ਪਛਾਣ ਦਾ ਅਰਥ ਕੇਵਲ ਡਾਲਰ ਕਮਾਉਣ ਤੱਕ ਸੀਮਤ ਨਹੀਂ ਹੁੰਦਾ। ਜਿਹੜੀ ਗੱਲ ਵੱਖਰੀ ਪਛਾਣ ਬਣਾਉਣੀ ਹੈ ਉਹ ਹੈ ਕਮਿਉਨਿਟੀ ਤੇ ਸਮਾਜ ਵਿੱਚ ਅਜਿਹੀ ਮੁਅਤਬਰ ਥਾਂ ਜਿਹੜੇ ਕਿਸੇ ਚੇਤੰਨ ਵਿਅਕਤੀ ਨੂੰ ਬਾਮਕਸਦ ਜ਼ਿੰਦਗੀ ਜਿਉਣ ਦਾ ਅਹਿਸਾਸ ਦੁਆਏ ਖਾਸ ਤੌਰ ਤੇ ਅਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਪੰਜਾਬ ਵਿੱਚ ਕਿਸੇ ਨਾ ਕਿਸੇ ਖੇਤਰ ਵਿੱਚ ਸਿਰਕੱਢ ਭੂਮਿਕਾ ਨਿਭਾਈ ਹੋਵੇ।
ਆਪਣੇ ਲਈ ਬਾਮਕਸਦ ਸਥਾਨ ਪੈਦਾ ਕਰਨ ਦੇ ਉਪਰਾਲੇ ਵਜੋਂ ਪ੍ਰੋ. ਸਿੱਧੂ ਨੇ ਪੱਤਰਕਾਰ ਦਾ ਰਾਹ ਚੁਣਿਆ। ਇਹ ਰਾਹ ਉਸ ਲਈ ਕੋਈ ਬਹੁਤਾ ਓਪਰਾ ਨਹੀਂ ਸੀ। ਪੰਜਾਬ ਕਾਲਜ ਟੀਚਰਜ਼ ਯੂਨੀਅਨ ਦੇ ਆਗੂ ਵਜੋਂ ਇਸ ਜੱਥੇਬੰਦੀ ਦੀਆਂ ਸਰਗਰਮੀਆਂ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਲੋੜ ਨੇ ਉਸਨੂੰ ਅਖਬਾਰਾਂ ਲਈ ਰੀਪੋਰਟਾਂ ਤੇ ਛਪਵਾਉਣਾ ਸਿਖਾ ਦਿੱਤਾ। ਇਹ ਪੱਤਰਕਾਰੀ ਨਾਲ ਉਸ ਦੀ ਸਾਂਝ ਦਾ ਮੁੱਢ ਸੀ।
ਪਰ ਗੱਲ ਇਹ ਨਹੀਂ ਕਿ ਉਸਨੂੰ ਪੱਤਰਕਾਰੀ ਦੇ ਮੈਦਾਨ ਵਿੱਚ ਕਿੰਨੀ ਕੁ ਮੁਹਾਰਤ ਹਾਸਲ ਸੀ। ਅਸਲ ਗੱਲ ਉਸਦੀ ਸਿਆਸੀ ਤੇ ਸਮਾਜਿਕ ਸੂਝ ਸੀ ਜਿਹੜੀ ਟਰੇਡ ਯੂਨੀਅਨ ਘੋਲਾਂ ਦੀ ਕੁਠਾਲੀ ਵਿੱਚ ਪੈ ਕੇ ਹੋਰ ਵੀ ਨਿੱਖਰ ਆਈ ਸੀ। ਇਸ ਸੂਝ ਦੇ ਹੁੰਦਿਆਂ ਉਹ ਕਿਤੇ ਵੀ ਹੁੰਦਾ ਟਿਕ ਕੇ ਨਹੀਂ ਸੀ ਬੈਠ ਸਕਦਾ।
ਬੈਠਨੇ ਕੌਨ ਦੇ ਹੈ ਫਿਰ ਉਸ ਕੋ
ਜੋ ਤੇਰੇ ਆਸਤਾਂ ਸੇ ਉਠਤਾ ਹੈ।
ਇਹ ਹੋ ਨਹੀਂ ਸੀ ਸਕਦਾ ਕਿ ਘਟਨਾਵਾਂ ਵਾਪਰਦੀਆਂ ਤੇ ਉਹ ਉਹਨਾਂ ਤੋਂ ਪਾਸਾ ਵੱਟ ਲੈਂਦਾ ਜਾਂ ਉਹਨਾਂ ਬਾਰੇ ਨਾ ਸੋਚਦਾ। ਇਹੀ ਸੂਝ ਸੀ ਜਿਸਨੇ ਉਸਦੇ ਅਚੇਤ ‘ਚ ਦੱਬੀ ਹੋਈ ਸਾਹਿਤਕ ਚਿਣਗ ਨੂੰ ਹਵਾ ਦਿੱਤੀ ਅਤੇ ਕੈਨੇਡਾ ਦੇ ਪੰਜਾਬੀ ਅਖਬਾਰਾਂ ਤੇ ਆਪਣੇ ਲਈ ਥਾਂ ਹਾਸਲ ਕੀਤੀ।
ਪ੍ਰਵਾਸ ਸਮੇਂ ਦੀ ਉਸਦੀ ਪਹਿਲੀ ਪੁਸਤਕ “ਵੰਨ ਸੁਵੰਨ” ਵਿੱਚ ਪੱਤਰਕਾਰੀ ਨਾਲੋਂ ਸਾਹਿਤਕ ਭਾਅ ਵਧੇਰੇ ਸੀ। ਇਸ ਪੁਸਤਕ ਵਿੱਚ ਉਸਨੇ ਪੰਜਾਬ ਦੇ ਕੁਝ ਉਂਘੇ ਸਾਹਿਤਕਾਰਾਂ, ਸਿਆਸੀ ਸ਼ਖਸੀਅਤਾਂ, ਸਮਾਜੀ ਕਾਰਕੁਨਾਂ ਤੇ ਕਲਾਕਾਰਾਂ ਦੀ ਜਾਣ ਪਛਾਣ ਆਪਣੀਆਂ ਯਾਦਾਂ ਦੇ ਝਰੋਖੇ ‘ਚੋਂ ਕਰਵਾਈ ਸੀ। ਵੱਡੀ ਗੱਲ ਇਹ ਸੀ ਕਿ ਉਸਨੇ ਸੁਰਿੰਦਰ ਸਿੰਘ ਨਰੂਲਾ, ਗਿ. ਜ਼ੈਲ ਸਿੰਘ, ਸਤਿਆਰਥੀ, ਗਾਰਗੀ, ਪ੍ਰੋ. ਪ੍ਰੀਤਮ ਸਿੰਘ ਤੇ ਕ੍ਰਿਸ਼ਨ ਕਾਂਤ ਜਿਹੇ ਸਿਰਕੱਢ ਨਾਵਾਂ ਦਾ ਜ਼ਿਕਰ ਕਰਨ ਦੇ ਨਾਲ ਨਾਲ ਕਾ. ਰੁਲਦੂ ਖਾਂ, ਅਜੀਤ ਸਿੰਘ ਪੱਤੋ ਜਿਹੇ ਕਈ ਅਜਿਹੇ ਅਣਪਛਾਣੇ ਨਾਵਾਂ ਨੂੰ ਵੀ ਸਾਹਮਣੇ ਲਿਆਂਦਾ ਸੀ ਜਿਨ੍ਹਾਂ ਨੇ ਆਪਣੀਆਂ ਖਾਮੋਸ਼ ਘਾਲਨਾਵਾਂ ਰਾਹੀਂ ਬਿਹਤਰ ਭਵਿੱਸ਼ ਲਈ ਲੜੇ ਜਾ ਰਹੇ ਸੰਘਰਸ਼ ਵਿੱਚ ਵਰਨਣਯੋਗ ਹਿੱਸਾ ਪਾਇਆ ਸੀ ਜਾਂ ਪਾ ਰਹੇ ਹਨ।
“ਵੰਨ ਸੁਵੰਨ” ਵਿੱਚ ਪ੍ਰੋ. ਸਿੱਧੂ ਨੇ ਅਲਬਰਟਾ ਦੇ ਅਜਿਹੇ ਪੰਜਾਬੀ ਐਕਟਿਵਿਸਟ ਵੀ ਆਏ ਸਨ ਜਿਨ੍ਹਾਂ ਨੇ ਏਥੋਂ ਦੇ ਰਾਜਨੀਤਕ ਖੇਤਰ ਵਿੱਚ ਆਪਣੇ ਲਈ ਥਾਂ ਬਣਾ ਕੇ ਪੰਜਾਬੀ ਕਮਿਊਨਿਟੀ ਨੂੰ ਕੈਨੇਡਾ ਦੇ ਸਿਆਸੀ ਨਕਸ਼ੇ ਉਤੇ ਲਿਆਂਦਾ, ਅਜਿਹੇ ਐਕਟਾਵਿਸਟਾਂ ਵਿੱਚ ਰਾਜ ਪੰਨੂੰ ਦਾ ਨਾਂਅ ਖਾਸ ਤੌਰ ਤੇ ਜ਼ਿਕਰਯੋਗ ਹੈ। ਉਹ ਖੱਬੇ ਪੱਖੀ ਐਨ. ਡੀ. ਪੀ. ਵਲੋਂ ਲਗਾਤਾਰ ਤਿੰਨ ਵਾਰ ਅਲਬਰਟਾ ਅਸੈਂਬਲੀ ਦਾ ਮੈਂਬਰ ਚੁਣਿਆ ਜਾਂਦਾ ਰਿਹਾ।
“ਮੇਰੀ ਪੱਤਰਕਾਰੀ ਦੇ ਰੰਗ” ਪ੍ਰੋ. ਸਿੱਧੂ ਦੀ ਦੂਸਰੀ ਪੁਸਤਕ ਹੈ। ਇਹ ਉਸਦੀਆਂ ਆਪਣੀਆਂ ਟਿੱਪਣੀਆਂ, ਲਿਖਤਾਂ ਤੇ ਰੀਪੋਰਟਾਂ ਦਾ ਮਜਮੂਆ ਹੈ, ਜਿਹੜੀਆਂ ਕੈਨੇਡਾ ਦੇ ਵੱਖ-ਵੱਖ ਪੰਜਾਬੀ ਅਖਬਾਰਾਂ ਵਿੱਚ ਛਾਪੀਆਂ, ਭਾਵੇਂ ਇਹਨਾਂ ਟਿੱਪਣੀਆਂ ਵਿੱਚ ਉਸਨੇ “ਰੁੱਤਾਂ ਵਿੱਚ ਤਬਦੀਲੀ” ਤੇ “ਅਮਰੀਕਾ ਦੀਆਂ ਧੌਂਸ ਭਰੀਆਂ ਨੀਤੀਆਂ” ਜਿਹੇ ਵਡੇਰੇ ਮਸਲਿਆਂ ਨੂੰ ਵੀ ਛੋਹਿਆ ਹੈ ਪਰ ਆਪਣੇ ਸਰੋਕਾਰ ਦੇ ਘੇਰੇ ਨੂੰ ਉਸਨੇ ਜ਼ਿਆਦਾਤਰ ਪੰਜਾਬ ਦੀ ਸਿਆਸਤ ਤੇ ਸਮੱਸਿਆਵਾਂ ਤੱਕ ਹੀ ਸੀਮਤ ਰੱਖਿਆ ਹੈ।
ਇਸਦਾ ਕਾਰਨ ਸ਼ਾਇਦ ਇਹ ਵੀ ਹੈ ਕਿ ਪੰਜਾਬੀ ਅਖਬਾਰਾਂ ਦੀ ਕਵਰੇਜ ਦਾ ਘੇਰਾ ਘੱਟ ਹੀ ਪੰਜਾਬ ਤੋਂ ਬਾਹਰ ਜਾਂਦਾ ਹੈ। ਅਸਲ ਵਿੱਚ ਪੰਜਾਬੀ ਅਖਬਾਰਾਂ ਦੇ ਪਾਠਕ ਪਹਿਲੀ ਪੀੜ੍ਹੀ ਦੇ ਅਜਿਹੇ ਪ੍ਰਵਾਸੀ ਹਨ ਜਿਨ੍ਹਾਂ ਦੀ ਸੁਰਤ ਅਜੇ ਪੰਜਾਬ ‘ਚ ਹੀ ਟਿਕੀ ਹੋਈ ਹੈ। ਇਸ ਲਈ ਉਹ ਪੰਜਾਬ ਦੀਆਂ ਘਟਨਾਵਾਂ ਤੋਂ ਇਲਾਵਾ ਹੋਰ ਕਿਸੇ ਮਾਮਲੇ ਵਿੱਚ ਘੱਟ ਹੀ ਦਿਲਚਸਪੀ ਲੈਂਦੇ ਹਨ। ਉਹਨਾਂ ਦੀ ਦੂਸਰੀ ਮਜ਼ਬੂਰੀ ਇਹ ਹੈ ਉਹ ਮੁੱਲ ਲੈ ਕੇ ਪੜ੍ਹਨ ਵਿੱਚ ਯਕੀਨ ਨਹੀਂ ਰੱਖਦੇ। ਇਸ ਵਿੱਚ ਹੈਰਾਨੀ ਦੀ ਕੋਈ ਗੱਲ ਨਹੀਂ ਕਿ ਪੰਜਾਬੀ ਅਖਬਾਰਾਂ ਨੂੰ ਆਪਣੇ ਪਰਚੇ ਮੁਫਤ ਵਰਤਾਉਣੇ ਪੈਂਦੇ ਹਨ। ਇਸ ਹਾਲਤ ਵਿੱਚ ਉਨ੍ਹਾਂ ਨੇ ਪੰਜਾਬੀ ਸਿਆਸਤ ਸੈਕਿੰਡ ਹੈਂਡ ਰੀਪੋਰਟਿੰਗ ਤੋਂ ਇਲਾਵਾ ਹੋਰ ਕੁਝ ਪੜ੍ਹਨਾ ਹੀ ਨਹੀਂ। ਏਨਾ ਹੀ ਉਹਨਾਂ ਲਈ ਇਸ ਕਰਕੇ ਸੰਭਵ ਹੈ। ਉਹ ਆਪਣੇ ਅਖਬਾਰ ਪੰਜਾਬ ਵਿੱਚੋਂ ਰੁਪਈਆਂ ਨਾਲ ਤਿਆਰ ਕਰਵਾ ਕੇ ਛਪਵਾਉਣ ਪਿੱਛੋਂ ਧਰਮ ਅਸਥਾਨਾਂ ਤੇ ਦੇਸੀ ਸਟੋਰਾਂ ਤੇ ਰੱਖ ਆਉਂਦੇ ਹਨ। ਇਹ ਵਿਉਂਤ ਪੰਜਾਬੀ ਅਖਬਾਰਾਂ ਅਤੇ ਪਾਠਕਾਂ ਦੋਨਾਂ ਨੂੰ ਸੂਤ ਬੈਠਦੀ ਹੈ। ਪਰ ਇਸ ਸਥਿਤੀ ਦੇ ਹੁੰਦਿਆਂ ਵੀ ਨਵੇਂ ਮਸਲੇ ਉਠਾਏ ਜਾ ਸਕਦੇ ਹਨ ਭਾਵੇਂ ਪ੍ਰੋ. ਸਿੱਧੂ ਦੀਆਂ ਬਹੁਤੀਆਂ ਟਿੱਪਣੀਆਂ ਪੰਜਾਬ ਦੀਆਂ ਚਲੰਤ ਘਟਨਾਵਾਂ ਬਾਰੇ ਹੀ ਹਨ ਪਰ ਇਹ ਨਵੇਂ ਨੁਕਤੇ ਜਾਂ ਜ਼ਾਵੀਏ ਤੋਂ ਖਾਲੀ ਨਹੀਂ ਆਖੀਆਂ ਜਾ ਸਕਦੀਆਂ। ਮਿਸਾਲ ਵਜੋਂ ਨਵੀ ਚੁਣੀ ਪੰਜਾਬ ਅਸੈਂਬਲੀ ਦੇ ਮੈਂਬਰਾਂ ਦਾ ਪੰਜਾਬੀ ਦੀ ਥਾਂ ਪੰਜ ਵੱਖੋ-ਵੱਖ ਭਾਸ਼ਾਵਾਂ ਵਿੱਚ ਸਹੁੰ ਚੁੱਕਣਾ, ਦੱਸਦਾ ਹੈ ਕਿ ਬੋਲੀ ਦੇ ਸਵਾਲ ਉਤੇ ਪੰਜਾਬੀਆਂ ਵਿੱਚ ਅਜੇ ਵੀ ਕਿੰਨੇ ਰਖਨੇ ਮੌਜੂਦ ਹਨ। ਇਹ ਵਿਸ਼ਾ ਟਿੱਪਣੀ ਦਾ ਵਿਸ਼ਾ ਬਣਨਾ ਹੀ ਚਾਹੀਦਾ ਸੀ।
ਸੂਬੇ ਦੀਆਂ ਯੂਨੀਵਰਸਿਟੀਆਂ ਵਿੱਚ ਵਧ ਰਹੇ ਸਿਆਸੀ ਦਖਲ ਬਾਰੇ ਵੀ ਉਸਦੀ ਟਿੱਪਣੀ ਨੂੰ ਵੀ ਵੇਲੇ ਸਿਰ ਕੀਤੀ ਤਾੜਨਾ ਕਿਹਾ ਜਾ ਸਕਦਾ ਹੈ। ਇਹ ਪੰਜਾਬ ਦਾ ਦੁਰਭਾਗ ਹੈ ਕਿ ਜਿਵੇਂ ਹੀ ਨਵੀਂ ਪਾਰਟੀ ਸੱਤਾ ਵਿੱਚ ਆਉਂਦੀ ਹੈ, ਵਾਈਸ ਚਾਂਸਲਰਾਂ ਦੀਆਂ ਪੱਗਾਂ ਲੱਥਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪੰਜਾਬ ਦੀ ਉਚੇਰੀ ਵਿਦਿਆ ਪ੍ਰਣਾਲੀ ਉਤੇ ਇਸਦਾ ਮਾਰੂ ਅਸਰ ਲਾਜ਼ਮੀ ਹੈ। ਉਚੇਰੀ ਵਿਦਿਆ ਇੱਕ ਅਜਿਹਾ ਖੇਤਰ ਹੈ ਜਿਸਨੂੰ ਸਿਆਸੀ ਜੋੜਾਂ ਤੋੜਾਂ ਤੋਂ ਅਲੱਗ ਰੱਖਿਆ ਜਾਣਾ ਚਾਹੀਦਾ ਹੈ।
ਸਿੱਖ ਭਾਈਚਾਰੇ ਦੀ ਸਰਵਉਂਚ ਧਾਰਮਕ ਜਥੇਬੰਦੀ ਸ਼੍ਰੋਮਣੀ ਕਮੇਟੀ ਨੂੰ ਜਿਸ ਢੰਗ ਨਾਲ ਅਕਾਲੀ ਸਿਆਸਤ ਦੇ ਸੌੜੇ ਤੇ ਗੈਰ ਦੀਨੀ ਮੰਤਵਾਂ ਲਈ ਵਰਤਿਆ ਜਾ ਰਿਹਾ ਹੈ ਤੇ ਜਿਹੜੀ ਕਸ਼ਮਕਸ਼ ਤੇ ਸ਼ਰੀਕੇ ਬਾਜੀ ਵੱਖ-ਵੱਖ ਤਖ਼ਤਾਂ ਦੇ ਜਥੇਦਾਰਾਂ ਵਿਚਾਲੇ ਚੱਲ ਰਹੀ ਹੈ। ਉਸਨੂੰ ਵੀ ਪ੍ਰੋ. ਸਿੱਧੂ ਨੇ ਕਰੜੇ ਹੱਥੀ ਲਿਆ ਹੈ। ਉਸਦੀਆਂ ਟਿੱਪਣੀਆਂ ਸਿੱਧੇ ਤੌਰ ਤੇ ਨਹੀਂ ਤਾਂ ਅਸਿੱਧੇ ਤੌਰ ਤੇ ਨਿਸਚੇ ਹੀ ਇਹ ਸਵਾਲ ਖੜ੍ਹਾ ਕਰਦੀਆਂ ਹਨ ਕਿ “ਧਰਮ ਨਿਰਪੱਖਤਾ” ਦੀ ਬੁਨਿਆਦੀ ਕੌਮੀ ਨੀਤੀ ਦੇ ਸੰਦਰਭ ਵਿੱਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਕੀ ਹੋਵੇ? ਇਹ ਸਵਾਲ ਸ਼ਰਧਾਵਾਨ ਸਿੱਖਾਂ ਲਈ ਵੀ ਘੱਟ ਅਹਿਮੀਅਤ ਨਹੀਂ ਰੱਖਦਾ ਕਿਉਂਕਿ ਇਸ ਗੱਲ ਨਾਲ ਉਨ੍ਹਾਂ ਨੂੰ ਵੀ ਮਾਣ ਤੇ ਖੁਸ਼ੀ ਦਾ ਅਹਿਸਾਸ ਹੋਵੇਗਾ ਜੇ ਸ਼੍ਰੋਮਣੀ ਕਮੇਟੀ ਕਿਸੇ ਇੱਕ ਅਕਾਲੀ ਧੜੇ ਲਈ ਮਨੋਰਥ ਸਿਧੀ ਦਾ ਵਸੀਲਾ ਬਣੇ ਰਹਿਣ ਦੀ ਥਾਂ ਕਿਸੇ ਅਜਿਹੀ ਸਤਿਕਾਰਤ ਸੰਸਥਾ ਦਾ ਉਂਚਾ ਦਰਜਾ ਹਾਸਲ ਕਰ ਲਏ ਜਿਹੜੀ ਗੁਰਬਾਣੀ ਦੇ ਅਨੁਕੂਲ ਵਿਸ਼ਾਲ ਮਾਨਵੀ ਕਾਰਜਾਂ ਰਾਹੀਂ ਸਾਰੇ ਧਰਮਾਂ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਲਏ।
ਕੈਨੇਡਾ ਵਿੱਚ ਨਰੋਏ ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਉਤਸ਼ਾਹਤ ਕਰਨ ਵਿੱਚ ਵੀ ਜਿੰਨਾ ਹਿੱਸਾ ਉਹ ਪਾ ਸਕਦਾ ਹੈ, ਪਾ ਰਿਹਾ ਹੈ। ਉਹ ਆਪਣੇ ਸ਼ਹਿਰ ਅਤੇ ਨੇੜੇ ਤੇੜੇ ਦੇ ਹੋਰ ਸ਼ਹਿਰਾਂ ਵਿੱਚ ਹੋਣ ਵਾਲੇ ਸਾਹਿਤਕ ਤੇ ਸਭਿਆਚਾਰਕ ਸਮਾਰੋਹਾਂ ਦੀ ਪੂਰੀ ਖਬਰ ਰੱਖਦਾ ਹੈ ਤੇ ਬਾਹਰੋਂ ਆਏ ਲੇਖਕਾਂ ਤੇ ਸੋਚਵਾਨਾਂ ਨੂੰ ਪਾਠਕਾਂ ਨਾਲ ਮਿਲਾਉਣੋਂ ਨਹੀਂ ਖੁੰਝਦਾ। ਏਨਾ ਜ਼ਰੂਰ ਹੈ ਕਿ ਕਈ ਵਾਰ ਅਜਿਹਾ ਕਰਦਿਆਂ ਉਹ ਆਪਣੇ ਆਪ ਨੂੰ ਉਹਨਾਂ ਸੱਜਣਾਂ ਦੇ ਵਿਚਾਰਾਂ ਨਾਲੋਂ ਅੱਡ ਰੱਖਣ ਦੀ ਲੋੜ ਨੂੰ ਭੁੱਲ ਜਾਂਦਾ ਹੈ, ਜਿਨ੍ਹਾਂ ਬਾਰੇ ਉਹ ਲਿਖ ਰਿਹਾ ਹੁੰਦਾ ਹੈ। ਮਿਸਾਲ ਵਜੋਂ ਜਦੋਂ ਉਹ ਸੋਵੀਅਤ ਯੂਨੀਅਨ ਦੇ ਟੁੱਟਣ ਦੇ ਵਰਤਾਰੇ ਬਾਰੇ ਡਾ. ਸਵਰਾਜ ਸਿੰਘ ਦੇ ਇਸ ਵਿਚਾਰ ਨੂੰ ਪੇਸ਼ ਕਰਦਾ ਹੈ ਕਿ “ਮਾਰਕਸਵਾਦ ਦੀ ਅਸਫਲਤਾ ਦਾ ਕਾਰਨ ਇਸਦਾ ਅਧਿਆਤਮਵਾਦ ਤੋਂ ਸੱਖਣੇ ਹੋਣਾ ਹੈ।” ਤਾਂ ਇੰਝ ਜਾਪਦਾ ਹੈ ਜਿਵੇਂ ਉਹ ਇਸ ਵਿਚਾਰ ਦੀ ਪ੍ਰੋੜ੍ਹਤਾ ਕਰ ਰਿਹਾ ਹੋਵੇ। ਇਹ ਇੱਕ ਬੜੇ ਹੀ ਪੇਚੀਦਾ ਵਰਤਾਰੇ ਦਾ ਬੜਾ ਹੀ ਪੇਤਲਾ ਜਿਹਾ ਸਰਲੀਕਰਣ ਹੈ ਜਿਸਨੂੰ ਕਿੰਤੂ ਕਰਨਾ ਜ਼ਰੂਰੀ ਸੀ। ਭਾਵੇਂ ਇਹ ਥਾਂ ਡਾ. ਸਵਰਾਜ ਸਿੰਘ ਦੀ ਧਾਰਨਾ ਬਾਰੇ ਬਹਿਸ ਛੇੜਨ ਦੀ ਨਹੀਂ ਪਰ ਉਹਨਾਂ ਤੋਂ ਇਹ ਪੁੱਛਣਾ ਤਾਂ ਬਣਦਾ ਹੀ ਸੀ ਕਿ ਜਿਹੜਾ ਉਸਨੂੰ ਮਾਰਕਸਵਾਦ ਵਿੱਚ ਨਜ਼ਰ ਨਹੀਂ ਆਉਂਦਾ, ਉਹ ਹੈ ਕਿਥੇ? ਕੀ ਡਾ. ਸਵਰਾਜ ਸਿੰਘ ਅਜਿਹੀ ਸੰਸਥਾ ਜਾਂ ਸੰਤ ਮਹਾਤਮਾ ਦੀ ਦੱਸ ਪਾ ਸਕਦੇ ਹਨ ਜਿਸਦੇ ਦਿਖਾਏ ਮਾਰਗ ਦਰਸ਼ਨ ਜਾਂ ਪ੍ਰਵਚਨਾਂ ਨਾਲ ਮਨੁੱਖ ਦੇਵਤੇ ਬਣ ਰਹੇ ਹੋਣ ਅਤੇ ਸਮਾਂ ਸਤਿਜੁਗ ਵਿੱਚ ਬਦਲ ਰਿਹਾ ਹੋਵੇ? ਕੀ ਇਹ ਸੱਚ ਨਹੀਂ ਕਿ ਅਧਿਆਤਮਵਾਦ ਵੀ ਅੱਜ ਦੀ ‘ਆਜ਼ਾਦ ਮੰਡੀ’ ਵਿੱਚ ਇੱਕ ਵਿਕਾਊ ਜਿਨਸ ਬਣ ਚੁੱਕਾ ਹੈ। ਪੰਜਾਬੀ ਕਮਿਉਨਿਟੀ ਦੀ ਜ਼ਿੰਦਗੀ ਬਾਰੇ ਲਿਖਦਿਆ ਪ੍ਰੋ. ਸਿੱਧੂ ਨੂੰ ਧਾਰਮਕ ਵਿਸ਼ੇ ਵੀ ਛੋਹਣੇ ਪੈਂਦੇ ਹਨ ਅਜਿਹਾ ਉਸਨੂੰ ਕਰਨਾ ਵੀ ਚਾਹੀਦਾ ਹੈ ਪਰ ਇੰਝ ਕਰਦਿਆਂ ਉਹ ਸ਼ਰਧਾ ਦੇ ਸਰੋਵਰ ਵਿੱਚ ਕੁਝ ਵਧੇਰੇ ਹੀ ਉਂਤਰ ਜਾਂਦਾ ਹੈ। ਸ਼ਰਧਾ ਤੇ ਪੱਤਰਕਾਰੀ ਦੀ ਆਪਸ ਵਿੱਚ ਘੱਟ ਹੀ ਨਿਭਦੀ ਹੈ।
ਸਮੁੱਚੇ ਰੂਪ ਵਿੱਚ ਘਟਨਾਵਾਂ ਦੀ ਪਹਿਚਾਣ ਕਰਨ ਵੇਲੇ ਪ੍ਰੋ. ਸਿੱਧੂ ਤਰੱਕੀ ਪਸੰਦ ਦ੍ਰਿਸ਼ਟੀਕੋਨ ਤੋਂ ਕੰਮ ਲੈਂਦਾ ਹੈ। ਤੇ ਜਿਹੜੀ ਗੱਲ ਉਸਨੇ ਕਹਿਣੀ ਹੁੰਦੀ ਹੈ ਬਿਨਾਂ ਕਿਸੇ ਲਗ ਲਪੇਟ ਦੇ ਕਹਿ ਦਿੰਦਾ ਹੈ। ਇਸੇ ਲਹਿਜੇ ਤੋਂ ਉਸਦੀ ਪੱਤਰਕਾਰੀ ਰੰਗ ਹਾਸਲ ਕਰਦੀ ਹੈ। ਮੈਨੂੰ ਆਸ ਹੈ ਕਿ ਉਸਦੀ ਪੱਤਰਕਾਰੀ ਦੇ ਰੰਗ ਪਾਠਕਾਂ ਤੋਂ ਭਰਵਾਂ ਹੁੰਗਾਰਾ ਹਾਸਲ ਕਰਨਗੇ ਕਿਉਂਕਿ ਇਹਨਾਂ ਰੰਗਾਂ ਵਿੱਚ ਜਾਣਕਾਰੀ ਵੀ ਹੈ, ਵਿਸਲੇਸ਼ਨ ਵੀ, ਨਿਤਾਰਾ ਵੀ, ਨਿਰਦੇਸ਼ਨ ਵੀ।