ਸਾਊਥਾਲ (ਨਾਵਲ)....... ਹਰਜੀਤ ਅਟਵਾਲ (ਲੰਦਨ)


ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਜਲਦੀ ਹੀ ਲੰਦਨ ਨਿਵਾਸੀ ਹਰਜੀਤ ਅਟਵਾਲ ਦਾ ਨਾਵਲ "ਸਾਊਥਾਲ" ਸ਼ਬਦ ਸਾਂਝ 'ਤੇ ਲੜੀਵਾਰ ਛਾਪਿਆ ਜਾ ਰਿਹਾ ਹੈ । ਨਾਵਲ ਭੇਜਣ ਲਈ ਅਸੀਂ ਹਰਜੀਤ ਅਟਵਾਲ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ।

ਸੰਪਾਦਕ





ਪਾਸ਼ ਦੇ ਕਤਲ ਤੋਂ ਕੁਝ ਹੀ ਦਿਨ ਬਾਅਦ ਲਿਖਿਆ ਮਹਿਬੂਬ ਦਾ ਖਤ……… ਵਰਿਆਮ ਸਿੰਘ ਸੰਧੂ

ਨਿਮਨ ਲਿਖਤ ਸਤਰਾਂ ਹਰਿੰਦਰ ਸਿੰਘ ਮਹਿਬੂਬ ਵੱਲੋਂ ਗੁਰਦਿਆਲ ਬੱਲ ਨੂੰ ਲਿਖੇ ਖ਼ਤ ਵਿਚੋਂ ਲਈਆਂ ਗਈਆਂ ਹਨ। ਇਹ ਖ਼ਤ 31-3-88 ਨੂੰ ਪਾਸ਼ ਦੇ ਕਤਲ ਤੋਂ ਹਫ਼ਤਾ ਕੁ ਬਾਅਦ ਦਾ ਲਿਖਿਆ ਹੋਇਆ ਹੈ। ਮੈਂ ਸਿਰਫ਼ ਇਸ ਖ਼ਤ ਦਾ ਉਹੋ ਹਿੱਸਾ ਉਧਰਿਤ ਕੀਤਾ ਹੈ, ਜੋ ਪਾਸ਼ ਦੇ ਕਤਲ ਨਾਲ ‘ਤੇ ਮਹਿਬੂਬ ਵੱਲੋਂ ਕੀਤੇ ‘ਅਫ਼ਸੋਸ’ ਨਾਲ ਸੰਬੰਧਿਤ ਹੈ। ਇਹ ਖ਼ਤ ਅਮਰੀਕਾ ਤੋਂ ਛਪਦੀ ਅਖ਼ਬਾਰ ‘ਪੰਜਾਬ ਟਾਈਮਜ਼’ ਦੇ 27 ਫਰਵਰੀ ਦੇ ‘ਸਿ਼ਕਾਗੋ ਐਡੀਸ਼ਨ’ ਵਿਚ ਛਪਿਆ ਹੈ।


--ਮੈਨੂੰ ਪਾਸ਼ ਦੀ ਮੌਤ ਉੱਤੇ ਬਹੁਤ ਤਰਸ ਆਇਆ। ਅਸੀਂ ਇਕ ਅਜੀਬ ਬੇਰਹਿਮ ਸਮੇਂ ਵਿਚੋਂ ਗੁਜ਼ਰ ਰਹੇ ਹਾਂ। ਪਾਸ਼ ਈਮਾਨਦਾਰ ਜ਼ਰੂਰ ਸੀ ਪਰ ਅਜਿਹੇ ਸੰਕਟ ਲੱਦੇ ਸਮੇਂ ਵਿਚ ਜ਼ਖ਼ਮੀ ਦਿਲਾਂ ਦੇ ਸਭ ਪਹਿਲੂਆਂ ਦਾ ਜਾਇਜ਼ਾ ਲਏ ਬਿਨਾਂ ਈਮਾਨਦਾਰੀ ਦਾ ਹਥਿਆਰ ਵਰਤਣਾ ਗ਼ਲਤੀ ਵੀ ਹੋ ਸਕਦੀ ਹੈ। ਹੋ ਸਕਦਾ ਹੈ ਕਤਲ ਹੋਣ ਵਾਲੇ ਦੀ ਈਮਾਨਦਾਰੀ ਦਾ ਘੇਰਾ ਛੋਟਾ ਹੋਵੇ ਤੇ ਕਾਤਲ ਦੇ ਜ਼ਖ਼ਮੀ ਦਿਲ ਦੀ ਪੀੜ ਵੱਡੀ ਹੋਵੇ। ਫਿਰ ਵੀ ਅਸੀਂ ਇਨਸਾਨ ਹਾਂ, ਤੇ ਰਹਿਮ ਦੇ ਸਹਾਰੇ ਹੀ ਦਿਲ ਦਾ ਲਹੂ ਜਿ਼ੰਦਾ ਹੈ। ਈਮਾਨ ਦੇ ਕਿਸੇ ਵੀ ਨੁਕਤੇ ਉੱਤੇ ਖਲੋ ਕੇ ਰਹਿਮ ਕੀਤਾ ਜਾ ਸਕਦਾ ਹੈ।-- ਹਰਿੰਦਰ ਸਿੰਘ-ਗੜ੍ਹਦੀ ਵਾਲਾ 31-3-88

ਮੇਰੀ ਅਲਪ-ਬੁੱਧ ਨੂੰ ਤਾਂ ਇਹੋ ਹੀ ਲੱਗਾ ਹੈ ਕਿ ਇਹ ਖ਼ਤ ਪਾਸ਼ ਦੇ ਕਤਲ ਨੂੰ ਹੱਕ-ਬ-ਜਾਨਬ ਠਹਿਰਾਉਂਦਾ ਹੈ। ਮਹਿਬੂਬ ਪਾਸ਼ ਨੂੰ ‘ਈਮਾਨਦਾਰ’ ਤਾਂ ਆਖਦਾ ਹੈ ਪਰ ਉਸਦੀ ‘ਈਮਾਨਦਾਰੀ’ ਨਾਲ ਧਿਰ ਬਣ ਕੇ ਖਲੋਤਾ ਨਹੀਂ ਹੋਇਆ ਸਗੋਂ ‘ਕਾਤਲ ਧਿਰ ਦੇ ਜ਼ਖ਼ਮੀ ਦਿਲ ਦੀ ਵੱਡੀ ਪੀੜ’ ਨਾਲ ਖਲੋਤਾ ਨਜ਼ਰ ਆਉਂਦਾ ਹੈ। ਉਹ ‘ਈਮਾਨ’ ਦੇ ‘ਕਿਸੇ ਹੋਰ’ ਨੁਕਤੇ ‘ਤੇ ਖਲੋਤਾ ਹੈ। ਇਸ ਨੁਕਤੇ ਤੋਂ ਉਸਦੀ ‘ਈਮਾਨਦਾਰ’ ਨਜ਼ਰ ਨੂੰ ਪਾਸ਼ ਦਾ ਕਤਲ ਕਰਨ ਵਾਲੀ ਧਿਰ ਦਾ ‘ਐਕਸ਼ਨ’ ਠੀਕ ਲੱਗਦਾ ਜਾਪਦਾ ਹੈ। ਪਾਸ਼ ਦੀ ਈਮਾਨਦਾਰੀ ਦਾ ਘੇਰਾ ਛੋਟਾ ਆਖਣ ਤੋਂ ਭਾਵ ਉਸਨੂੰ ਇਕ ਤਰ੍ਹਾਂ ‘ਬੇਸਮਝ’ ਆਖਣ ਤੋਂ ਵੀ ਹੈ ਜਿਹੜਾ ‘ਸਮੇਂ ਦੀ ਨਬਜ਼’ ਨਹੀਂ ਸੀ ਪਛਾਣ ਸਕਿਆ ਤੇ ਜਿਸ ਵਿਚ ‘ਕਾਤਲਾਂ ਦੇ ਜ਼ਖ਼ਮੀ ਦਿਲ ਦੇ ਦਰਦ’ ਨੂੰ ਸਮਝਣ ਤੇ ਮਹਿਸੂਸਣ ਦੀ ਸੋਝੀ ਨਹੀਂ ਸੀ। ਮਹਿਬੂਬ ਕਹਿੰਦਾ ਲੱਗਦਾ ਹੈ ਕਿ ਪਾਸ਼ ਨੇ ‘ਜ਼ਖ਼ਮੀ ਦਿਲਾਂ ਨੂੰ ਦੁਖਾ ਕੇ ਗ਼ਲਤੀ ਕੀਤੀ ਤੇ ਉਸਦਾ ਫ਼ਲ਼ ਉਸਨੂੰ ਭੁਗਤਣਾ ਹੀ ਪੈਣਾ ਸੀ!’ ਮਹਿਬੂਬ ਸ਼ਾਇਦ ਇਹ ਕਹਿਣਾ ਚਾਹ ਰਿਹਾ ਹੈ ਕਿ ‘ਪਾਸ਼ ਵਰਗੇ ਅਜਿਹੇ ਬੰਦੇ ਅਣਆਈ-ਮੌਤ ਮਰਦੇ ਹੀ ਹੁੰਦੇ ਨੇ!’ 
ਪਾਸ਼ ਦੀ ਮੌਤ ‘ਤੇ ਉਸ ਵੱਲੋਂ ਕੀਤਾ ‘ਅਫ਼ਸੋਸ’ ਵੀ ‘ਈਮਾਨ’ ਦੇ ਓਸ ਨੁਕਤੇ ਤੇ ਖਲੋ ਕੇ ਹੀ ਕੀਤਾ ਗਿਆ ਹੈ ਜਿਥੋਂ ‘ਪਾਸ਼ ਦੀ ਈਮਾਨਦਾਰੀ’ ਨੂੰ ‘ਈਮਾਨਦਾਰੀ’ ਆਖਣਾ ਵੀ ਐਵੇਂ ਸ਼ਬਦਾਂ ਦਾ ਹੇਰ-ਫ਼ੇਰ ਹੀ ਹੈ। ਅਸਲ ਵਿਚ ਏਥੇ ‘ਈਮਾਨਦਾਰੀ’ ਦੇ ਅਰਥ ‘ਮੂਰਖ਼ਤਾ’ ਨਿਕਲਦੇ ਜਾਪਦੇ ਨੇ।
ਜੇ ਮੇਰੇ ਵਿਚਾਰਾਂ ਦੀ ਕੋਈ ਤੁਕ ਬਣਦੀ ਹੈ ਤਾਂ ਮੇਰੀ ਇਛਾ ਹੈ ਕਿ ‘ਮਹਾਨ ਸਿੱਖ ਵਿਦਵਾਨ’ ਕਰ ਕੇ ਜਾਣੇ ਤੇ ਪਰਚਾਰੇ ਜਾਂਦੇ ਮਹਿਬੂਬ ਦੀ ‘ਸਿੱਖੀ’ ਤੇ ਉਸਦਾ ‘ਦਰਦਮੰਦ ਦਿਲ’ ਵੀ ਲੋਕ ਵੇਖ ਲੈਣ।

ਨਿਆਣਿਆਂ, ਸਿਆਣਿਆਂ ਅਤੇ ਗੱਭਰੂਆਂ ਦੇ ਹਾਣੀ - ਗਿਆਨੀ ਸੰਤੋਖ ਸਿੰਘ ਜੀ ……… ਸ਼ਬਦ ਚਿੱਤਰ / ਪ੍ਰਭਜੋਤ ਸੰਧੂ



1997 ਚ ਜਦੋਂ ਪੰਜਾਬ ਤੋਂ, ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਪਰਵਾਸ ਕੀਤਾ ਸੀ ਤਾਂ ਜਿੰਨਾਂ ਦੁੱਖ ਆਪਣੇ ਸੋਹਣੇ ਦੇਸ਼ ਪੰਜਾਬ ਦੀ ਮਿੱਟੀ ਨੂੰ ਛੱਡਣ ਦਾ ਸੀ ਓਨਾ ਹੀ ਦੁੱਖ ਉਹਨਾਂ ਮਿੱਤਰਾਂ ਨੂੰ ਛੱਡ ਕੇ ਆਉਣ ਦਾ ਸੀ ਜਿੰਨ੍ਹਾਂ ਨਾਲ਼ ਰਲ਼ ਮਿਲ਼, ਆਪਣੇ ਪੰਜਾਬ ਦੀਆਂ ਧੁੱਪਾਂ ਛਾਂਵਾਂ ਮਾਣੀਆਂ ਸਨ। ਆਸਟ੍ਰੇਲੀਆ ਪਹੁੰਚ ਕੇ ਜਿਥੇ ਕਾਰੋਬਾਰੀ ਤੌਰ ਤੇ ਸਥਾਪਤ ਹੋਣ ਦਾ ਫਿਕਰ ਸੀ ਓਥੇ ਆਪਣੀ ਰੂਹ ਦੇ ਹਾਣੀ ਲੱਭਣ ਦੀ ਵੀ ਕਾਹਲ ਸੀ। ਵੱਖ ਵੱਖ ਉਮਰ ਦੇ, ਵੱਖ ਵੱਖ ਰੰਗਾਂ ਦੇ ਸਾਥੀਆਂ ‘ਚ ਬਹਿ ਬਹਿ ਕੇ ਵੇਖ ਲਿਆ ਸੀ ਪਰ ਗੱਲ ਨਹੀਂ ਸੀ ਬਣ ਰਹੀ। ਕੁਝ ਕੁ ਰਸਮੀ ਮੁਲਾਕਾਤਾਂ ਤੋਂ ਬਾਅਦ ਜਦੋਂ ਸੋਚ ਮੇਚ ਨਾ ਆਉਣੀ ਤਾਂ ਫਿਰ ਨਵੇਂ ਮਿੱਤਰ ਲੱਭਣ ਤੁਰ ਪੈਣਾ। ਮੇਰੀ ਆਸ ਨੂੰ ਓਦੋਂ ਬੂਰ ਪਿਆ ਜਦੋਂ ਬੈਲਮੋਰ ਦੇ ਗੁਰਦੁਆਰਾ ਸਾਹਿਬ ਵਿਖੇ, ਹਫਤਾਵਾਰੀ ਦੀਵਾਨ, ਵਿੱਚ ਗਿਆਨੀ ਸੰਤੋਖ ਸਿੰਘ ਹੋਰੀਂ, ਪਾਰਕਲੀ ਗੁਰੂ ਘਰ ਦੀ ਨਵੀਂ ਇਮਾਰਤ ਦੇ ਉਦਘਾਟਨੀ ਸਮਾਰੋਹ ਲਈ, ਸੰਗਤਾਂ ਨੂੰ ਸੱਦਾ ਦੇਣ ਲਈ ਆਏ। ਪੰਜਾਬੋਂ ਖਾਂਦੇ ਪੀਂਦੇ ਆਏ ਸਾਂ ਅਤੇ ਸਰੀਰ ਵੀ ਸੁੱਖ ਨਾਲ ਖੁਲ੍ਹਾ ਖੁਲਾਸਾ ਸੀ; ਇਸ ਕਰਕੇ ਗੁਰੂ ਘਰ ਵਿਚ ਜਾ ਕੇ, ਬਹੁਤਾ ਚਿਰ ਚੌਂਕੜਾ ਮਾਰ ਕੇ ਬੈਠ ਨਹੀਂ ਸੀ ਹੁੰਦਾ। ਮਨ ਵਿਚ ਸਦਾ ਕਾਹਲ਼ ਹੋਣੀ ਕਿ ਕੇਹੜਾ ਵੇਲ਼ਾ ਹੋਵੇ, ਭੋਗ ਪਵੇ ਤੇ ਪ੍ਰਸ਼ਾਦ ਲੈ ਕੇ ਘਰ ਨੂੰ ਜਾਈਏ। ਉਤੋਂ ਜੇ ਕੋਈ ਕੀਰਤਨ ਦੀ ਸਮਾਪਤੀ ਤੋਂ ਬਾਅਦ ਲੈਕਚਰ ਦੇਣ ਲਈ ਖਲੋ ਜਾਵੇ ਤਾਂ ਮੇਰੇ ਵਰਗਿਆਂ ਨੂੰ ਚੜ੍ਹ ਲਾਲੀਆਂ ਜਾਂਦੀਆਂ ਸਨ ਕਿ ਇਹ ਹੁਣ ਬੋਰ ਕਰੂਗਾ ਪਰ ਗਿਆਨੀ ਜੀ ਹੋਰਾਂ ਜਦੋਂ ਉਠ ਕੇ ਫ਼ਤਿਹ ਬੁਲਾਈ ਅਤੇ ਪੈਂਦੀ ਸੱਟੇ ਹੀ ਸਾਡੇ ਜਿਹਿਆਂ ਦੇ ਮਨ ‘ਚ ਚੱਲਦੀ ਗੱਲ ਆਖ ਦਿੱਤੀ, “ਤੁਸੀਂ ਸੋਚਦੇ ਹੋਵੋਗੇ ਕਿ ਇਹ ਭਾਈ ਹੁਣ ਬੋਰ ਕਰੇਗਾ ਪਰ ਮੈਂ ਤੁਹਾਡਾ ਬਹੁਤਾ ਸਮਾ ਨਹੀਂ ਜੇ ਲੈਣਾ। ਇਹ ਵੀ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਸੁਣਿਆ ਤੋਂ ਬਿਨਾ ਜਾਣਾ ਵੀ ਨਹੀ; ਕਿਉਂਕਿ ਤੁਸੀ ਜਾਣਦੇ ਹੋ ਕਿ ਜੇ ਮੈਨੂੰ ਏਥੇ ਨਾ ਸੁਣ ਕੇ ਗਏ ਤਾਂ ਮੈ ਤੁਹਾਡੇ ਘਰੀਂ ਸੁਣਾਉਣ ਆ ਜਾਣਾ।” ਇਹ ਸੁਣ ਚਾਰ ਚੁਫੇਰੇ ਹਾਸੜ ਮੱਚ ਗਈ। 

ਗਿਆਨੀ ਜੀ ਦੇ ਇਹ ਬੋਲ ਸੁਣ ਸਾਡੇ ਜਿਹੇ, ਜੇਹੜੇ ਉਠਣ ਨੂੰ ਤਿਆਰ ਬੈਠੇ ਸਨ, ਨੇ ਗੋਡੇ ਸਿੱਧੇ ਕਰ ਲਏ। ਮਾਝੇ ਦੀ ਚਾਸ਼ਣੀ ਵਿਚ ਡੁੱਬੀ, ਸ਼ੁੱਧ ਪੰਜਾਬੀ ਬੋਲੀ ‘ਚ ਜਦੋਂ ਗਿਆਨੀ ਜੀ ਨੇ ਆਪਣਾ ਸੁਨੇਹਾ ਦਿੱਤਾ ਤਾਂ ਸਭਨਾਂ ਦੇ ਮਨਾਂ ਤੇ ਜਾਦੂ ਜਿਹਾ ਕਰ ਗਿਆ। ਗਿਆਨੀ ਜੀ ਦੇ ਹੱਥ ‘ਚ ਫੜਿਆ ਤਣੀਆਂ ਵਾਲ਼ਾ ਝੋਲ਼ਾ ਭੁਲੇਖਾ ਪਾ ਰਿਹਾ ਸੀ ਕਿ ਸ਼ਾਇਦ ‘ਅੰਬਰਸਰੋਂ’ ਕੋਈ ਸਾਧਾਰਣ ਜਿਹਾ ਪ੍ਰਚਾਰਕ ਆਇਆ ਹੋਣਾ। ਪਰ ਉਹਨਾਂ ਦੇ ਬੋਲਾਂ ਵਿਚਲਾ ਭਰੋਸਾ ਦੱਸਦਾ ਸੀ ਕਿ ਇਹ ਕੋਈ ਸਾਧਾਰਨ ਪ੍ਰਚਾਰਕ ਨਹੀਂ ਸਗੋਂ ਗੁੜ੍ਹਿਆ ਹੋਇਆ ਸੂਝਵਾਨ ਇਨਸਾਨ ਹੈ। 30 ਕੁ ਮਿੰਟਾਂ ਦੇ ਸਮੇ ‘ਚ ਉਹਨਾਂ ਐਸੇ ਢੰਗ ਨਾਲ ਆਪਣੀ ਬਾਤ ਪਾਈ ਕਿ ਹਰ ਪੰਜ ਮਿੰਟ ਬਾਅਦ ਹਾਸੇ ਦੀ ਫ਼ੁਹਾਰ ਛਿੜ ਪਿਆ ਕਰੇ। ਨਿਆਣੇ ਸਿਆਣੇ ਸਭ ਹੀ ਗਿਆਨੀ ਜੀ ਦੇ ਬੋਲਾਂ ਵਿੱਚਲੀ ਮਿਠਾਸ ਅਤੇ ਨਿੱਘ ਨੂੰ ਮਾਣਦੇ ਰਹੇ। ਮੈਨੂੰ ਉਹਨਾਂ ਦੀ ਸ਼ਖ਼ਸ਼ੀਅਤ ਨੇ ਬਹੁਤ ਪ੍ਰਭਾਵਤ ਕੀਤਾ। ਮੇਰਾ ਉਹਨਾਂ ਦੇ ਸਰੂਪ, ਉਹਨਾਂ ਦੀ ਉਮਰ ਜਾਂ ਪਹਿਰਾਵੇ ਨਾਲ ਕੋਈ ਮੇਲ ਨਹੀਂ ਸੀ ਪਰ ਮੈਨੂੰ ਉਹ ਮੇਰੀ ਸੋਚ ਦੇ ਹਾਣੀ ਲੱਗੇ। ਖ਼ੁਦ ਮਝੈਲ ਹੋਣ ਕਾਰਨ, ਮਾਝੇ ਵਾਲ਼ ਬੋਲੀ ਦੀ ਸਾਂਝ ਮੈਨੂੰ ਧੂਹ ਕੇ ਉਹਨਾਂ ਦੇ ਕੋਲ਼ ਲੈ ਗਈ। ਮੈ ਉਮਰ ਦੀਆਂ ਹੱਦਾਂ ਉਲੰਘ ਕੇ, ‘ਭਾ ਜੀ’ ਆਖ ਜਾ ਫ਼ਤਿਹ ਬੁਲਾਈ। ਉਹਨਾਂ ਦਾ ਬੀਬਾ ਚਿੱਟਾ ਦਾਹੜਾ ਵੇਖ ਕੇ ਹਰ ਕੋਈ ਉਹਨਾਂ ਨੂੰ ‘ਗਿਆਨੀ ਜੀ’ ਅਤੇ ਨਿਆਣੇ ‘ਬਾਬਾ ਜੀ’ ਆਖ ਕੇ ਸੰਬੋਧਨ ਕਰਦੇ ਸਨ ਤੇ ਜਦੋਂ ਇੱਕ ਨੌਜਵਾਨ ਨੇ ਉਹਨਾਂ ਨੂੰ ‘ਭਾ ਜੀ’ ਆਖ ਕੇ ਬੁਲਾਇਆ ਤਾਂ ਉਹਨਾਂ ਨੇ ਝੱਟ ਪੱਟ ਬੁਝ ਲਿਆ ਕਿ ਇਹ ਜਰੂਰ ਮੇਰੀ ਸੋਚ ਦਾ ਹਾਣੀ ਹੋਵੇਗਾ ਤਾਂ ਹੀ ਤਾਂ ਮੈਨੂੰ ‘ਗਿਆਨੀ ਜੀ’ ਕਹਿਣ ਦੀ ਬਜਾਏ ‘ਭਾ ਜੀ’ ਜਹੇ ਅਪਣੱਤ ਭਰੇ ਲਹਿਜੇ ਵਿੱਚ ਬੁਲਾ ਰਿਹਾ ਹੈ। ਉਸ ਦਿਨ ਦੀ ਪਈ ਇਹ ਸਾਂਝ ਅੱਜ ਤੱਕ ਨਿਰੰਤਰ ਜਾਰੀ ਹੈ। ਹਰ ਦਿਨ ਇਹ ਰਿਸ਼ਤਾ ਹੋਰ ਗੂਹੜਾ ਹੀ ਹੋਇਆ ਹੈ।
ਜਗਿਆਸੂ ਹੋਣ ਕਾਰਨ ਗਿਆਨੀ ਜੀ ਸਬੰਧੀ ਹੋਰ ਜਾਣਕਾਰੀ ਲੈਣ ਦੀ ਇੱਛਾ ਹੋਈ ਤਾਂ ਪਤਾ ਲੱਗਾ ਕਿ ਗਿਆਨੀ ਜੀ ਸਿੱਖ ਮਿਸ਼ਨਰੀ ਕਾਲਜ ਤੋਂ ਗਰੈਜੂਏਟ ਹੋ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਭਰਤੀ ਹੋ ਗਏ ਸਨ ਜਿਥੇ ਇਹਨਾਂ ਦੀ ਸੂਝ ਬੂਝ ਸਦਕਾ, ਉਸ ਸਮੇ ਦੇ ਸ਼੍ਰੋਮਣੀ ਸਮੇਟੀ ਦੇ ਪ੍ਰਧਾਨ, ਸੰਤ ਚੰਨਣ ਸਿੰਘ ਜੀ ਨੇ, ਇਹਨਾਂ ਨੂੰ ਆਪਣਾ ਨਿੱਜੀ ਸਕੱਤਰ ਨਿਯੁਕਤ ਕਰ ਲਿਆ। ਸੰਨ 1960 ਤੋਂ ਲੈ ਹੁਣ ਤੱਕ ਦੀ, ਪਰਦੇ ਦੇ ਸਾਹਮਣੇ ਵਾਲ਼ੀ ਅਤੇ ਪਰਦੇ ਪਿਛਲੀ ਅਕਾਲੀ ਰਾਜਨੀਤੀ, ਆਪ ਆਪਣੀ ਯਾਦਾਂ ਦੀ ਚੰਗੇਰ ‘ਚ ਚੁੱਕੀ ਫਿਰਦੇ ਹਨ। 1960 ਤੋਂ 1973 ਤੱਕ ਸ਼੍ਰੋਮਣੀ ਕਮੇਟੀ ਦੀ ਨੌਕਰੀ ਕਰਨ ਤੋਂ ਬਾਅਦ, 1973 ‘ਚ ਗਿਆਨੀ ਜੀ, ਅਫ਼੍ਰੀਕਾ ਦੇ ਮੁਲਕ ਮਲਾਵੀ ਵਿਚ, 3 ਸਾਲ ਦੀ ਨੌਕਰੀ ਕਰ, ਲੋੜੀਂਦਾ ਖ਼ਰਚ ਪੱਲੇ ਬੰਨ੍ਹ ਕੇ, ਦੁਨੀਆਂ ਦਾ ਭਰਮਣ ਕਰਨ ਤੁਰ ਪਏ। 1979 ਦੇ ਅਕਤੂਬਰ ਵਿੱਚ ਗਿਆਨੀ ਜੀ ਨੇ ਆਸਟ੍ਰੇਲੀਆ ਦੀ ਧਰਤੀ ਤੇ ਪਹਿਲਾ ਕਦਮ ਰੱਖਿਆ। ਪਰਵਾਰਕ ਗੁਜ਼ਾਰੇ ਲਈ ਸਰਕਾਰੀ ਤੇ ਅਰਧ ਸਰਕਾਰੀ ਸੰਸਥਾਵਾਂ ਵਿਚ ਨੌਕਰੀ ਕਰਨ ਦੇ ਨਾਲ਼ ਨਾਲ਼, ਗੁਰੂ ਘਰਾਂ ਵਿੱਚ, ਧਰਮ ਪ੍ਰਚਾਰ ਦੀ ਸੇਵਾ ਵੀ ਹੁਣ ਤੱਕ ਨਿਭਾਉਂਦੇ ਆ ਰਹੇ ਹਨ।
ਅਪ੍ਰੈਲ 1985 ਵਿੱਚ ‘ਸਿੱਖ ਸਮਾਚਾਰ’ ਨਾਮ ਦਾ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਅਖ਼ਬਾਰ ਕੱਢ ਕੇ, ਆਪ ਨੇ ਪੰਜਾਬੀ ਮੀਡੀਏ ਦਾ, ਧਰਤੀ ਦੇ ਦੱਖਣੀ ਅਰਧ ਗੋਲ਼ੇ ਉਪਰ ਪਹੁ ਫੁਟਾਲਾ ਕੀਤਾ। ਪਹਿਲਾਂ ਡੇਢ ਸਾਲ ਹਫਤਾਵਾਰੀ ਅਤੇ ਫੇਰ ਮਹੀਨਾਵਾਰ, ਇਹ ਅਖਬਾਰ 1990 ਤੱਕ ਆਪ ਚਲਾੳਂੁਦੇ ਰਹੇ। ਗੁਰੂ ਘਰਾਂ ਅਤੇ ਗੁਰਸਿੱਖਾਂ ਦੇ ਘਰਾਂ ਵਿਚ ਕੀਰਤਨ ਜਾਂ ਕਥਾ ਕਰਦਿਆਂ, ਜੋ ਭੇਟਾ ਸੰਗਤਾਂ ਵੱਲੋਂ ਭੇਟ ਕੀਤੀ ਜਾਂਦੀ ਸੀ ਉਸ ਵਿੱਚ ਆਪਣੀ ਨਿੱਜੀ ਕਮਾਈ ਜੋੜ ਕੇ, ਅਖ਼ਬਾਰ ਦੀ ਪ੍ਰਿੰਟਿੰਗ ਅਤੇ ਵੰਡਣ ਦਾ ਖ਼ਰਚਾ ਕਰਕੇ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੇ। ਜਿਉਂ ਜਿਉਂ ਮੈਨੂੰ ਗਿਆਨੀ ਜੀ ਬਾਰੇ ਹੋਰ ਜਾਣਕਾਰੀ ਮਿਲ਼ਦੀ ਰਹੀ, ਮੇਰਾ ਉਹਨਾਂ ਪ੍ਰਤੀ ਸਤਿਕਾਰ ਹੋਰ ਵੀ ਵਧਦਾ ਗਿਆ। ਗਿਆਨੀ ਜੀ ਸੱਚ ਮੁੱਚ ਗਿਆਨੀ ਕਹਾਉਣ ਦੇ ਯੋਗ ਹਨ ਕਿਉਂ ਜੋ ਉਹਨਾਂ ਕੋਲ ਗਿਆਨ ਦਾ ਭੰਡਾਰ ਹੈ: ਧਾਰਮਿਕ ਗ੍ਰੰਥਾਂ ਬਾਰੇ, ਸਿੱਖ ਇਤਿਹਾਸ, ਸਿੱਖ ਰਾਜਨੀਤੀ, ਆਸਟ੍ਰੇਲੀਅਨ ਸਿੱਖ ਸਮਾਜ, ਗੁਰੂ ਘਰਾਂ ਦੇ ਪ੍ਰਬੰਧਾਂ ਵਿਚ ਸਵਾਰਥੀ ਬਿਰਤੀ ਬਾਰੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਸਟ੍ਰੇਲੀਆ ਦੀ ਸਿਆਸੀ ਸਥਿਤੀ ਬਾਰੇ, ਗੱਲ ਕੀ ਕੋਈ ਵੀ ਅਜਿਹਾ ਵਿਸ਼ਾ ਨਹੀਂ ਜਿਸ ਬਾਰੇ ਗਿਆਨੀ ਜੀ ਡੂੰਘੀ ਜਾਣਕਾਰੀ ਨਾ ਰੱਖਦੇ ਹੋਣ। ਏਸੇ ਕਰਕੇ ਮੈ ਉਹਨਾਂ ਦਾ ਨਾਂ ‘ਤੁਰਦਾ ਫਿਰਦਾ ਇਨਸਾਈਕਲੋਪੀਡੀਆ’ ਪਾਇਆ ਹੋਇਆ ਹੈ। ਗਿਆਨ ਸਾਗਰ ਵਿੱਚ ਡੁੱਬਕੀਆਂ ਲਗਾਉਣ ਦਾ ਆਪ ਨੂੰ ਇਸ ਹੱਦ ਤੱਕ ਜਨੂੰਨ ਹੈ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਗਿਆਨ ਵੰਡੀਦਾ ਹੋਵੇ, ਸਭ ਔਕੜਾਂ ਨੂੰ ਪਾਰ ਕਰ ਕੇ ਓਥੇ ਪਹੁੰਚ ਜਾਂਦੇ ਹਨ। ਭਾਵੇਂ ਇਸ ਜਨੂੰਨ ਦੀ ਕੀਮਤ ਉਹਨਾਂ ਨੂੰ ਪਰਵਾਰਕ ਨਾਰਾਜ਼ਗੀ ਸਹੇੜਨ ਦੇ ਰੂਪ ਵਿਚ ਦੇਣੀ ਪੈਦੀ ਹੋਵੇ ਤਾਂ ਵੀ ਗਿਆਨੀ ਜੀ ਨਹੀਂ ਟਲਦੇ। ਹਾਲਾਂ ਕਿ ਪਰਵਾਰਕ ਜੁੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਉਂਦੇ ਹੋਏ, ਉਹਨਾਂ ਨੇ ਚਾਰੇ ਬੱਚਿਆਂ ਨੂੰ ਉਚ ਵਿਦਿਆ ਦੁਆ ਕੇ, ਸੰਸਾਰਕ ਤੌਰ ਤੇ ਕਾਮਯਾਬ ਇਨਸਾਨ ਬਣਾਇਆ ਹੋਇਆ ਹੈ।
ਜਿਸ ਹੱਦ ਤੱਕ ਗਿਆਨੀ ਜੀ ਗਿਆਨ ਚੁੱਕੀ ਫਿਰਦੇ ਹਨ ਜੇ ਕਿਤੇ ਉਹਨਾਂ ਨੇ ਆਪਣੇ ਆਪ ਨੂੰ ਨਿਮਾਣੇ ਜਿਹੇ ਸਿੱਖ ਦੀ ਥਾਂ ਅੱਜ ਕਲ੍ਹ ਦੇ ਅਖੌਤੀ ਬਾਬਿਆਂ ਅਤੇ ਸੰਤਾਂ ਵਾਂਗ ਪ੍ਰਚਾਰਿਆ ਹੁੰਦਾ ਤਾਂ ਸ਼ਾਇਦ ਲੋਕਾਂ ਦੀਆਂ ਭੀੜਾਂ ਅੱਜ ਉਹਨਾਂ ਅਖੌਤੀ ਸੰਤਾਂ ਤੇ ਬਾਬਿਆਂ ਵਾਂਗ ਇਹਨਾਂ ਦੇ ਮਗਰ ਵੀ ਫਿਰਦੀਆਂ ਹੁੰਦੀਆਂ। ਸੰਗਮਰਮਰੀ ਡੇਰਾ, ਦੁਨਿਆਵੀ ਸੁੱਖ ਸਹੂਲਤਾਂ, ਚਿੱਟੇ ਪ੍ਰੈਸ ਕੀਤੇ ਹੋਏ ਚੋਲ਼ੇ ਅਤੇ ਵੱਡੀਆਂ ਵੱਡੀਆਂ ਕਾਰਾਂ ਆਪ ਦੇ ਅੱਗੇ ਪਿੱਛੇ ਘੁੰਮਦੀਆਂ ਹੁੰਦੀਆਂ।
ਆਮ ਗੁਰੂ ਘਰਾਂ ਦੇ ਪ੍ਰਬੰਧਕ ਗ੍ਰੰਥੀ ਸਿੰਘ, ਭਾਵੇਂ ਤਨਖਾਹਦਾਰ ਹੋਵੇ ਤੇ ਭਾਵੇਂ ਵਾਲੰਟੀਅਰ, ਨੂੰ ਪ੍ਰਬੰਧਨ ਕਾਰਜਾਂ ਵਿੱਚ ਨਹੀਂ ਵੇਖਣਾ ਚਾਹੁੰਦੀਆਂ ਅਤੇ ਗੁਰਦੁਆਰਾ ਪ੍ਰਬੰਧਨ ‘ਚ ਦਿੱਤੇ ਉਹਨਾਂ ਦੇ ਸਹੀ ਸੁਝਾਵਾਂ ਨੂੰ ਵੀ ਪ੍ਰਬੰਧ ਵਿਚਲੀ ਦਖਲ ਅੰਦਾਜੀ ਹੀ ਸਮਝਦੀਆਂ ਹਨ। ਗੁਰਮਤਿ ਬਾਰੇ ਜਾਂ ਗੁਰੂ ਘਰ ਦੇ ਪ੍ਰਬੰਧ ਬਾਰੇ ਆਪ ਦੀਆਂ ਬੇਖ਼ੌਫ਼ ਅਤੇ ਬੇਬਾਕ ਸਹੀ ਟਿੱਪਣੀਆਂ ਕਾਰਨ, ਕਈ ਵਾਰ ਆਪ ਕਮੇਟੀਆਂ ਦੇ ਆਗੂਆਂ ਦੀ ਨਾਰਾਜ਼ਗੀ ਵੀ ਸਹੇੜ ਲੈਂਦੇ ਹਨ। ਪ੍ਰਬੰਧਕ ਕਮੇਟੀਆਂ ਦਾ ਗੁਰੂ ਘਰ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਪ੍ਰਤੀ ਇੱਕ ਸੰਕੀਰਣ ਜਿਹਾ ਨਜ਼ਰੀਆ ਹੈ। ਉਹ ਗ੍ਰੰਥੀ ਸਿੰਘ ਨੂੰ ਸਿਰਫ਼ ਪਾਠ ਕਰਨ, ਪ੍ਰਸ਼ਾਦ ਬਣਾਉਣ ਅਤੇ ਵਰਤਾਉਣ ਤੱਕ ਹੀ ਸੀਮਤ ਰੱਖਣਾ ਚਾਹੁੰਦੀਆਂ ਹਨ ਤੇ ਉਹਨਾਂ ਦੀ ਸ਼ਖ਼ਸ਼ੀਅਤ ਵਿਚਲੇ ਬਾਕੀ ਪਹਿਲੂਆਂ ਨੂੰ ਅਣਗੌਲਿਆਂ ਕਰਕੇ, ਬਾਕੀ ਸਿੱਖ ਅਤੇ ਧਾਰਮਿਕ ਮਸਲਿਆਂ ਤੇ ਰਾਇ ਦੇਣ ਦੇ ਅਯੋਗ ਸਮਝਦੀਆਂ ਹਨ। ਗੁਰੂ ਘਰਾਂ ਦੇ ਪ੍ਰਬੰਧਕਾਂ ਦੀ ਨਾਰਾਜ਼ਗੀ ਕਈ ਵਾਰ ਇਸ ਹੱਦ ਤੱਕ ਵਧ ਜਾਂਦੀ ਹੈ ਕਿ ਉਹ ਆਪ ਜੀ ਦੇ ਖ਼ਿਲਾਫ਼ ਕੂੜ ਪ੍ਰਚਾਰ ਕਰਨ ਤੋਂ ਵੀ ਬਾਜ ਨਹੀਂ ਆਉਂਦੇ।
ਗਿਆਨੀ ਜੀ ਗੁਰੂ ਘਰਾਂ ਦੇ ਧਾਰਮਿਕ ਦੀਵਾਨਾਂ, ਸਭਿਆਚਾਰਕ ਸਮਾਗਮਾਂ, ਸਾਹਿਤਕ ਸੰਮੇਲਨਾਂ ਜਾਂ ਸਮਾਜਕ ਇਕੱਠਾਂ ਵਿੱਚ ਵਿਚਰਦਿਆਂ ਹੋਇਆਂ, ਬੱਚਿਆਂ ਨਾਲ ਬੱਚੇ, ਗੱਭਰੂਆਂ ਨਾਲ ਗੱਭਰੂ, ਵਿਚਾਰਵਾਨਾਂ ਨਾਲ ਵਿਚਾਰਵਾਨ ਅਤੇ ਸਿਆਣਿਆਂ ਵਿੱਚ ਸਿਆਣੇ ਬਣ ਜਾਂਦੇ ਹਨ। ਜਿਥੇ ਵੀ ਗਿਆਨੀ ਜੀ ਹੋਣ ਇਹਨਾਂ ਦੁਆਲੇ ਮਨੁੱਖੀ ਝੁੰਡ ਹਮੇਸ਼ਾਂ ਵੇਖਿਆ ਜਾ ਸਕਦਾ ਹੈ। ਕੋਈ ਆਪ ਦੇ ਗਿਆਨ ਸਾਗਰ ‘ਚੋਂ ਗਿਆਨ ਦਾ ਚੁਲ਼ਾ ਲੈਣ ਦਾ ਇੱਛਾਵਾਨ ਹੁੰਦਾ ਹੈ, ਕੋਈ ਆਪ ਦੇ ਚੁਟਕਲਿਆਂ ਦਾ ਆਨੰਦ ਲੈ ਰਿਹਾ ਹੁੰਦਾ ਹੈ ਅਤੇ ਕੋਈ ਜੀਵਨ ਜਾਚ ਦੇ ਸਬਕ ਲੈ ਰਿਹਾ ਹੁੰਦਾ ਹੈ। ਗਿਆਨੀ ਜੀ ਦੀ ਪਕੜ ਹਰ ਭਾਸ਼ਾ ਤੇ ਬੇਹੱਦ ਮਜਬੂਤ ਹੁੰਦੀ ਹੈ। ਭਾਸ਼ਾ ਭਾਵੇਂ ਅੰਗ੍ਰੇਜ਼ੀ ਹੋਵੇ ਜਾਂ ਪੰਜਾਬੀ ਜਾਂ ਹਿੰਦੀ, ਆਪ ਜਗਿਆਸੂ ਹੋਣ ਕਾਰਨ, ਉਸ ਦੇ ਉਚਾਰਣ, ਉਸ ਦੇ ਵਿਕਾਸ ਅਤੇ ਉਸ ਦੀਆਂ ਅੰਦਰੂਨੀ ਪਰਤਾਂ ਤੱਕ ਜਾਣਕਾਰੀ ਰੱਖਦੇ ਹਨ। ਅੰਗ੍ਰੇਜ਼ੀ ਦੀ ਸਕੂਲੀ ਵਿਦਿਆ ਨਾ ਲਈ ਹੋਣ ਦੇ ਬਾਵਜੂਦ ਵੀ, ਆਪ ਨੂੰ ਆਸਟ੍ਰੇਲੀਆਈ ਸਮਾਗਮਾਂ, ਸੈਮੀਨਾਰਾਂ ਵਿੱਚ ਲੈਕਚਰ ਦੇਣ ਲਈ, ਉਚੇਚੇ ਤੌਰ ਤੇ ਬੁਲਾਇਆ ਜਾਂਦਾ ਹੈ; ਜਿੱਥੇ ਆਪ ਅੰਗ੍ਰੇਜ਼ੀ ਵਿੱਚ ਭਾਸ਼ਨ ਦੇ ਕੇ, ਗੋਰਿਆਂ ਦੀ ਵੀ ਵਾਹ ਵਾਹ ਖੱਟਦੇ ਰਹਿੰਦੇ ਹਨ। ਆਸਟ੍ਰੇਲੀਆ ਦੇ ਸਭ ਤੋਂ ਵੱਧ ਹਰਮਨ ਪਿਆਰੇ ਪੰਜਾਬੀ ਅਖ਼ਬਾਰ “ਪੰਜਾਬ ਐਕਸਪ੍ਰੈਸ” ਦੇ ਆਪ ਸਥਾਪਤ ਕਾਲਮ ਨਵੀਸ ਹਨ। ਵੱਖ ਵੱਖ ਧਾਰਮਿਕ, ਸਮਾਜਕ ਅਤੇ ਰਾਜਨੀਤਕ ਮਸਲਿਆਂ ਤੇ ਆਪ ਲਗਾਤਾਰ ਲੇਖ ਲਿਖਦੇ ਰਹਿੰਦੇ ਹਨ। ਆਪ ਦੇ ਲੇਖ ‘ਪੰਜਾਬ ਐਕਸਪ੍ਰੈਸ” ਤੋਂ ਇਲਾਵਾ ਆਸਟ੍ਰੇਲੀਆ ਦੀਆਂ ਸਾਰੀਆਂ ਪੰਜਾਬੀ ਅਖ਼ਬਾਰਾਂ ਅਤੇ ਦੁਨੀਆਂ ਭਰ ਦੀਆਂ ਅਖ਼ਬਾਰਾਂ ਵਿੱਚ ਛਪਦੇ ਹਨ। ਆਪ ਨੇ ਆਪਣੇ ਹੁਣ ਤੱਕ ਦੇ ਲਿਖੇ ਅਤੇ ਛਪੇ ਹੋਏ ਲੇਖਾਂ ਨੂੰ, ਸਾਡੇ ਜੋਰ ਦੇਣ ਤੇ, ਕਿਤਾਬੀ ਰੂਪ ਵਿੱਚ, ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਇਆ ਹੈ। ਇਹਨਾਂ ਲੇਖਾਂ ਨੂੰ ਚਾਰ ਕਿਤਾਬਾਂ, ਸਚੇ ਦਾ ਸਚਾ ਢੋਆ, ਉਜਲ ਕੈਹਾਂ ਚਿਲਕਣਾ, ਯਾਦਾਂ ਭਰੀ ਚੰਗੇਰ ਅਤੇ ਬਾਤਾਂ ਬੀਤੇ ਦੀਆਂ, ਵਿੱਚ ਪ੍ਰੋਇਆ ਗਿਆ ਹੈ। ਪੰਜਾਬ ਤੋਂ ਆਸਟ੍ਰੇਲੀਆ ਆਇਆ ਕੋਈ ਵੀ ਵਿਦਵਾਨ, ਸਾਹਿਤਕਾਰ, ਧਰਮ ਸ਼ਾਸਤਰੀ ਗਿਆਨੀ ਜੀ ਨੂੰ ਮਿਲੇ ਬਿਨਾ, ਆਪਣੀ ਯਾਤਰਾ ਸਫ਼ਲ ਹੋਈ ਨਹੀਂ ਸਮਝਦਾ। ਦੁਨੀਆਂ ਭਰ ਦੀਆਂ ਸਮਾਜਕ, ਧਾਰਮਿਕ ਅਤੇ ਸਭਿਆਚਾਰਕ ਸੰਸਥਾਂਵਾਂ, ਆਪ ਦੇ ਪੰਜਾਬੀ ਪ੍ਰਤੀ ਡੂੰਘੇ ਮੋਹ ਕਾਰਨ ਵੱਖ ਵੱਖ ਸਨਮਾਨਾਂ ਨਾਲ ਨਿਵਾਜਦੀਆਂ ਰਹਿੰਦੀਆਂ ਹਨ। 2004 ਵਿੱਚ ਆਸਟ੍ਰੇਲੀਆ ਦੀ ਸਿਰਮੌਰ ਪੰਜਾਬੀ ਸੰਸਥਾ ‘ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ’ ਨੇ ਆਪ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ, ‘ਭਗਤ ਪੂਰਨ ਸਿੰਘ ਯਾਦਗਾਰੀ ਐਵਾਰਡ, ਪੰਜਾਬੀਅਤ ਦਾ ਮਾਣ’ ਨਾਲ ਨਿਵਾਜਿਆ ਸੀ। ਗਿਆਨੀ ਜੀ ਦੀਆਂ ਸੰਸਾਰਕ ਯਾਤਰਾਵਾਂ ਦਾ ਘੇਰਾ ਬਹੁਤ ਵਿਸ਼ਾਲ ਹੈ। 2008 ਵਿਚ ਪੰਜਾਬੀ ਸੱਥ ਸਾਂਬੜਾ ਨੇ ‘ਪਿੰ੍ਰੰਸੀਪਲ ਤੇਜਾ ਸਿੰਘ ਸਾਹਿਤਕ ਐਵਾਰਡ’ ਵਜੋਂ ਸਿਰੋਪਾ, ਲੋਈ, ਗੋਲਡ ਮੈਡਲ ਆਦਿ ਨਾਲ ਸਨਮਾਨਿਆ।
ਕਈ ਸਦੀਆਂ ਦਾ ਇਤਿਹਾਸ ਆਪਣੀ ਯਾਦ ਵਿਚ ਸਾਂਭੀ ਬੈਠਾ ਇਹ ਅਨਮੋਲ ਹੀਰਾ ਸਾਂਭਣ ਯੋਗ ਹੈ। ਉਮਰ ਦੇ ਪਿਛਲੇ ਅੱਧ ‘ਚ ਵਿਚਰ ਰਿਹਾ ਇਹ ਸਿੱਖ ਕੌਮ ਦਾ ਇਨਸਾਈਕਲੋਪੀਡੀਆ, ਕਿਤੇ ਸਾਰਾ ਇਤਿਹਾਸ ਅਤੇ ਗਿਆਨ ਨਾਲ ਹੀ ਲੈ ਕੇ ਨਾ ਤੁਰ ਜਾਵੇ; ਇਸ ਲਈ ਲੋੜ ਹੈ ਕਿਸੇ ਸਮਰੱਥ ਅਤੇ ਉਦਮੀ ਸੰਸਥਾ ਦੀ, ਜੇਹੜੀ ਗਿਆਨੀ ਜੀ ਕੋਲ਼ੋਂ ਇਹ ਅਨਮੋਲ ਖ਼ਜ਼ਾਨਾ ਲਿਖਵਾ ਕੇ ਸਾਂਭ ਲਵੇ।

****

ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ.......... ਲੇਖ਼ / ਨਿਸ਼ਾਨ ਸਿੰਘ ‘ਰਾਠੌਰ’


ਮੌਜੂਦਾ ਦੌਰ ਵਿਚ ਸਕੂਲੀ ਬੱਚੇ ਕਈ ਪ੍ਰਕਾਰ ਦੇ ਮਨੋਰੋਗਾਂ ਦੀ ਚਪੇਟ ਵਿਚ ਆ ਰਹੇ ਹਨ। ਬੱਚਿਆਂ ਵਿਚ ਤਨਾਓ ਵੱਧ ਰਿਹਾ ਹੈ। ਉਹ ਚਾਹੇ ਪੜ੍ਹਾਈ ਦਾ ਤਨਾਓ ਹੋਵੇ, ਆਪਣੇ ਨਾਲ ਵਾਪਰ ਰਹੀਆਂ ਘਟਨਾਵਾਂ ਦਾ ਹੋਵੇ ਜਾਂ ਸਰੀਰ ਵਿਚ ਹੋ ਰਹੇ ਪਰਿਵਰਤਨ ਦਾ ਹੋਵੇ। ਅਜੋਕੇ ਸਮੇਂ 5 ਤੋਂ 15 ਸਾਲ ਤੱਕ ਉੱਮਰ ਦੇ ਬੱਚੇ ਤਨਾਓ ਦਾ ਸਿ਼ਕਾਰ ਜਿਆਦਾ ਗਿਣਤੀ ਵਿਚ ਹੋ ਰਹੇ ਹਨ। ਇਸ ਤਨਾਓ ਦਾ ਸਭ ਤੋਂ ਵੱਡਾ ਪ੍ਰਭਾਵ ਇਹ ਪੈ ਰਿਹਾ ਹੈ ਕਿ ਬੱਚਿਆਂ ਵਿਚ ਆਤਮ-ਵਿਸ਼ਵਾਦ ਦੀ ਕਮੀ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਆਤਮ-ਵਿਸ਼ਵਾਸ ਦੀ ਕਮੀ ਕਾਰਣ ਬੱਚਿਆਂ ਵਿਚ ਹੀਣਭਾਵਨਾ ਘਰ ਕਰ ਗਈ ਹੈ। ਇਸ ਲਈ ਮਾਤਾ-ਪਿਤਾ ਦੀ ਜਿੰਮੇਵਾਰੀ ਪਹਿਲਾਂ ਨਾਲੋਂ ਵਧੇਰੇ ਮਹਤੱਵਪੂਰਨ ਹੋ ਗਈ ਹੈ।

ਬੱਚਿਆਂ ਦੇ ਮਾਤਾ-ਪਿਤਾ ਅਕਸਰ ਹੀ ਮਨੋਵਿਗਿਆਨੀਆਂ ਤੋਂ ਸਲਾਹਾਂ ਲੈਂਦੇ ਰਹਿੰਦੇ ਹਨ ਕਿ ਕਿਸ ਪ੍ਰਕਾਰ ਹੀਣਭਾਵਨਾ ਨਾਲ ਗ੍ਰਸਤ ਬੱਚੇ ਦਾ ਆਤਮ-ਵਿਸ਼ਵਾਸ ਵਧਾਇਆ ਜਾਏ? ਬਚੇ ਦੇ ਮਨ’ਚੋਂ ਡਰ/ਹੀਣਭਾਵਨਾ ਕੱਢੀ ਜਾਏ? ਜੇਕਰ ਮਾਤਾ-ਪਿਤਾ ਹੇਠ ਲਿਖੇ ਕੁੱਝ ਨਿਯਮਾਂ ਦਾ ਪਾਲਣ ਕਰਨ ਤਾਂ ਹੀਣਭਾਵਨਾ ਨਾਲ ਗ੍ਰਸਤ ਸਕੂਲੀ ਬੱਚਿਆਂ ਵਿਚ ਆਤਮ-ਵਿਸ਼ਵਾਦ ਦੀ ਭਾਵਨਾ ਮੁੜ ਕੇ ਪੈਦਾ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਇਹ ਪਛਾਣ ਕਿਸ ਤਰ੍ਹਾਂ ਹੋਵੇ ਕਿ ਬੱਚਾ ਹੀਣਭਾਵਨਾ ਨਾਲ ਗ੍ਰਸਤ ਹੈ ਅਤੇ ਉਸ ਵਿਚ ਆਤਮ-ਵਿਸ਼ਵਾਸ ਦੀ ਕਮੀ ਹੈ। ਇਸ ਪਛਾਣ ਦੇ ਕੁੱਝ ਲੱਛਣ ਇਸ ਪ੍ਰਕਾਰ ਹਨ।

ਹੀਣਭਾਵਨਾ ਨਾਲ ਗ੍ਰਸਤ ਬੱਚੇ ਵਿਚ ਦੇਖੇ ਜਾਣ ਵਾਲੇ ਪ੍ਰਮੱਖ ਲੱਛਣ

1. ਬੱਚਾ ਘੱਟ ਬੋਲਣ ਲੱਗਦਾ ਹੈ। ਉਹ ਕਿਸੇ ਨਾਲ ਵੀ ਖੁੱਲ ਕੇ ਗੱਲ ਨਹੀਂ ਕਰਦਾ ਤੇ ਆਪਣੇ ਮਨ ਦੀ ਗੱਲ ਦੱਸਣ ਤੋਂ ਸੰਕੋਚ ਕਰਦਾ ਹੈ।
2. ਉਹ ਆਪਣੇ ਮਾਤਾ-ਪਿਤਾ ਦੀ ਗੱਲ ਵੱਲ ਵੀ ਵਧੇਰੇ ਧਿਆਨ ਨਹੀਂ ਦਿੰਦਾ ਜੇਕਰ ਮਾਤਾ-ਪਿਤਾ ਉਸ ਨਾਲ ਗੱਲ ਕਰਦੇ ਹਨ ਤਾਂ ਉਹ ਅਣਸੁਣਾ ਕਰ ਦਿੰਦਾ ਹੈ ਜਾਂ ਬਹੁਤਾ ਧਿਆਨ ਨਹੀਂ ਦਿੰਦਾ।
3. ਜੇ ਕਦੇ ਉਹ ਥੋੜਾ ਬਹੁਤਾ ਬੋਲਦਾ ਹੈ ਤਾਂ ਨਜ਼ਰ ਚੁਰਾ ਕੇ ਬੋਲਦਾ ਹੈ ਉਹ ਨਜ਼ਰ ਮਿਲਾ ਕੇ ਗੱਲ ਨਹੀਂ ਕਰੇਗਾ। ਹਮੇਸ਼ਾ ਜ਼ਮੀਨ ਵੱਲ ਜਾਂ ਉੱਪਰ ਛੱਤ ਵੱਲ ਦੇਖ ਕੇ ਗੱਲ ਕਰੇਗਾ।
4. ਉਹ ਆਪਣੀਆਂ ਨਿਜੀ ਪ੍ਰਯੋਗ ਵਾਲੀਆਂ ਵਸਤਾਂ ਤੁਹਾਡੇ ਕੋਲੋਂ ਛੁਪਾ ਕੇ ਰੱਖੇਗਾ। ਜਿਵੇਂ ਮੋਬਾਈਲ, ਘੜੀ ਅਤੇ ਬਟੂਆ ਆਦਿਕ।
5. ਅਜਿਹਾ ਬੱਚਾ ਖਾਣਾ-ਪੀਣਾ ਘੱਟ ਕਰ ਦੇਵੇਗਾ ਤੇ ਆਪਣੀ ਪਸੰਦ ਦੀ ਕਿਸੇ ਖਾਣ ਵਾਲੀ ਚੀਜ ਦੀ ਮੰਗ ਵੀ ਨਹੀ ਕਰੇਗਾ। 
6. ਪੜ੍ਹਾਈ ਵਿਚ ਧਿਆਨ ਨਹੀਂ ਦੇਵੇਗਾ।
7. ਹੀਣਭਾਵਨਾ ਨਾਲ ਗ੍ਰਸਤ ਬੱਚਾ ਇੱਕਲਾ ਬੈਠਣਾ ਪੰਸਦ ਕਰੇਗਾ ਜਿੱਥੇ ਪਰਿਵਾਰ ਦੇ ਮੈਂਬਰ ਬੈਠਣਗੇ ਉਹ ਉਸ ਜਗ੍ਹਾਂ ਤੋਂ ਦੂਰ ਜਾਵੇਗਾ।
8. ਆਪਣੇ ਕਪੜਿਆ ਦੀ ਸਾਫ਼-ਸਫ਼ਾਈ ਵੱਲ ਬਹੁਤਾ ਧਿਆਨ ਨਹੀਂ ਦੇਵੇਗਾ ਅਤੇ ਗੰਦੇ ਕਪੜੇ/ਬੂਟ ਆਦਿਕ ਪਾ ਕੇ ਰੱਖੇਗਾ। 
9. ਉਹ ਆਪਣੇ ਕਮਰੇ ਵਿਚ ਹੀ ਬੈਠਣਾ ਪਸੰਦ ਕਰੇਗਾ ਬਾਹਰ ਦੋਸਤਾਂ ਨਾਲ ਘੁੰਮਣ-ਫਿ਼ਰਨ ਤੋਂ ਗੁਰੇਜ਼ ਕਰੇਗਾ।
10. ਉਸ ਨੂੰ ਸਿਰ ਦਰਦ, ਚੱਕਰ ਆਉਣਾ, ਉਲਟੀ ਆਉਣਾ, ਕਮਰ ਦਰਦ ਜਾਂ ਹੋਰ ਕੋਈ ਸ਼ਰੀਰਕ ਤਕਲੀਫ਼ ਵੀ ਹੋ ਸਕਦੀ ਹੈ।
11. ਕਈ ਵਾਰ ਅਜਿਹੇ ਬੱਚੇ ਇਕੱਲੇ ਬੈਠ ਕੇ ਰੋਂਦੇ ਵੀ ਦੇਖੇ ਜਾਂਦੇ ਹਨ।
12. ਅਜਿਹੇ ਬੱਚੇ ਜਿੱਦੀ ਸੁਭਾਅ ਦੇ ਹੋ ਜਾਂਦੇ ਹਨ। ਜੇਕਰ ਮਾਤਾ-ਪਿਤਾ ਕਿਸੇ ਕੰਮ ਤੋਂ ਮਨਾ ਕਰਦੇ ਹਨ ਤਾਂ ਇਹ ਉਸੇ ਕੰਮ ਨੂੰ ਕਰਦੇ ਹਨ ਜਿਹੜਾ ਮਾਤਾ-ਪਿਤਾ ਨੇ ਮਨਾ ਕੀਤਾ ਹੁੰਦਾ ਹੈ।

ਆਤਮਵਿਸ਼ਵਾਸ ਕਿਵੇਂ ਦਵਾਈਏ...?

1. ਹੀਣਭਾਵਨਾ ਦਾ ਗ੍ਰਸਤ ਬੱਚੇ ਨਾਲ ਹਮੇਸ਼ਾ ਪਿਆਰ ਨਾਲ ਪੇਸ਼ ਆਓ।
2. ਬੱਚੇ ਵਿਚ ਹੀਣਭਾਵਨਾ ਪੈਦਾ ਹੋਣ ਦੇ ਕਾਰਣਾਂ ਦਾ ਪਤਾ ਕਰਨ ਦੀ ਕੋਸਿ਼ਸ਼ ਕਰੋ ਅਤੇ ਇਹਨਾਂ ਨੂੰ ਦੂਰ ਕਰਣ ਲਈ ਕਿਸੇ ਚੰਗੇ ਮਨੋਵਿਗਿਆਨੀ ਨਾਲ ਗੱਲਬਾਤ ਕਰੋ।
3. ਬੱਚੇ ਨੂੰ ਇਹ ਅਹਸਾਸ ਕਰਵਾਓ ਕਿ ਉਹ ਕਿਸੇ ਬੀਮਾਰੀ ਦਾ ਸਿ਼ਕਾਰ ਨਹੀਂ ਹੈ। ਕਈ ਵਾਰ ਬੱਚੇ ਨੂੰ ਲੱਗਦਾ ਹੈ ਕਿ ਉਹ ਕਿਸੇ ਗੰਭੀਰ ਬੀਮਾਰੀ ਦਾ ਸਿ਼ਕਾਰ ਹੋ ਗਿਆ ਹੈ ਜਿਸ ਨਾਲ ਉਸ ਦੇ ਵਿਵਹਾਰ ਵਿਚ ਤਬਦੀਲੀ ਆ ਰਹੀ ਹੈ।
4. ਬੱਚੇ ਨਾਲ ਦੋਸਤਾਂ ਵਾਂਗ ਪੇਸ਼ ਆਓ ਅਤੇ ਉਸ ਨਾਲ ਹਾਸਾ-ਮਜ਼ਾਕ ਕਰੋ ਤਾਂ ਕਿ ਉਹ ਖੁਸ਼ ਹੋ ਸਕੇ।
5. ਬੱਚੇ ਨਾਲ ਮਾਰ-ਕੁੱਟ ਜਾਂ ਗਾਲੀ-ਗਲੋਚ ਨਾ ਕਰੋ ਅਤੇ ਭੁੱਲ ਕੇ ਵੀ ਕਦੇ ਤਾਨੇ-ਮਿਹਨੇ ਨਾ ਮਾਰੋ ਨਹੀਂ ਤਾਂ ਬੱਚਾ ਪਹਿਲਾਂ ਨਾਲੋਂ ਜਿਆਦਾ ਪ੍ਰੇਸ਼ਾਨ ਹੋ ਸਕਦਾ ਹੈ। 
6. ਬਚੇ ਨੂੰ ਖਾਣੇ ਵਿਚ ਉਸ ਦੀ ਪਸੰਦ ਪੁੱਛੇ ਅਤੇ ਉਸ ਲਈ ਵਿਸ਼ੇਸ਼ ਤੋਰ ਤੇ ਉਹ ਖਾਣਾ ਬਣਾਓ ਜਿਹੜਾ ਉਸ ਨੂੰ ਪਸੰਦ ਹੈ।
7. ਸਾਰੇ ਪਰਿਵਾਰਕ ਜੀਅ ਇੱਕਠੇ ਬੈਠ ਕੇ ਟੀ.ਵੀ. ਦੇਖੋ ਜਾਂ ਫਿ਼ਲਮ ਵਗੈਰਾ ਦੇਖੋ ਤਾਂ ਕਿ ਉਹ ਤੁਹਾਡੇ ਨਾਲ ਖੁੱਲ ਕੇ ਗੱਲਬਾਤ ਕਰ ਸਕੇ।
8. ਬੱਚੇ ਨਾਲ ਬਾਹਰ ਘੁੰਮਣ ਲਈ ਨਿਕਲੋ ਅਤੇ ਉਸ ਦੇ ਦੋਸਤਾਂ-ਮਿੱਤਰਾਂ ਘਰ ਜਾਓ।
9. ਬੱਚੇ ਨੂੰ ਪਿਆਰ ਨਾਲ ਸਕੂਲ ਦਾ ਕੰਮ ਕਰਵਾਓ। ਉਸ ਨੂੰ ਪੜ੍ਹਾਈ ਦੀ ਅਹਿਮੀਅਤ ਬਾਰੇ ਜਾਣਕਾਰੀ ਦਿਓ।
10. ਬੱਚੇ ਦੀਆ ਕਮੀਆਂ ਉਸ ਦੇ ਯਾਰਾਂ-ਬੇਲੀਆਂ ਸਾਹਮਣੇ ਨਾ ਦੱਸੋ।
11. ਆਪਣੇ ਬੱਚੇ ਨੂੰ ਇਤਿਹਾਸ ਦੀਆਂ ਪ੍ਰੇਰਣਾਦਾਇਕ ਘਟਨਾਵਾਂ ਸੁਣਾਓ ਤਾਂ ਕਿ ਉਹ ਇਹਨਾਂ ਤੋਂ ਪ੍ਰੇਰਣਾ ਲੈ ਕੇ ਆਪਣੀ ਪੜ੍ਹਾਈ ਤੇ ਧਿਆਨ ਦੇਵੇ ਅਤੇ ਉਸ ਦਾ ਆਤਮ ਵਿਸ਼ਵਾਸ ਮੁੜ ਬਹਾਲ ਹੋ ਜਾ ਸਕੇ।
12. ਆਪਣੇ ਬੱਚੇ ਦੀ ਤੁਲਨਾ ਦੂਜੇ ਬੱਚਿਆਂ ਨਾਲ ਨਾ ਕਰੋ ਕਿਉਂਕਿ ਹਰ ਬੱਚੇ ਦੇ ਸੋਚਣ ਅਤੇ ਕੰਮ ਕਰਨ ਦੀ ਯੋਗਤਾ ਵੱਖਰੀ-ਵੱਖਰੀ ਹੁੰਦੀ ਹੈ।
13. ਸਕੂਲ ਵਿਚ ਜਾ ਕੇ ਉਸ ਦੇ ਅਧਿਆਪਕ ਨਾਲ ਗੱਲ ਕਰੋ ਅਤੇ ਉਹਨਾਂ ਨੂੰ ਮਦਦ ਲਈ ਬੇਨਤੀ ਕਰੋ।
14. ਬੱਚੇ ਸਾਹਮਣੇ ਆਪਣੇ ਪਤੀ/ਪਤਨੀ ਨਾਲ ਲੜਾਈ-ਝਗੜਾ ਨਾ ਕਰੋ ਨਹੀਂ ਤਾਂ ਬੱਚੇ ਦੇ ਮਨ ਤੇ ਬੁਰਾ ਪ੍ਰਭਾਵ ਪੈਂਦਾ ਹੈ।
15. ਬੱਚੇ ਨੂੰ ਉਸ ਦੀਆਂ ਪਸੰਦ ਦੀਆਂ ਵਸਤਾਂ ਜਿਵੇਂ ਕਪੜੇ, ਬੂਟ, ਖਿਡੋਣੇ ਅਤੇ ਮਨੋਰੰਜਨ ਦੀਆਂ ਚੀਜਾਂ ਲੈ ਕੇ ਦਿਓ।
ਇਹਨਾਂ ਕੰਮਾਂ ਤੋਂ ਪਰਹੇਜ਼ ਕਰੋ
1. ਬੱਚੇ ਦੀ ਨਾਜਾਇਜ਼ ਜਿੱਦ ਨੂੰ ਪਿਆਰ ਨਾਲ ਟਾਲ ਦਿਓ। ਜਿਵੇਂ ਜੇਕਰ ਛੋਟੀ ਉੱਮਰ ਵਿਚ ਉਹ ਮੋਟਰਸਾਈਕਲ ਦੀ ਮੰਗ ਕਰ ਰਿਹਾ ਹੈ ਤਾਂ ਬਜਾਏ ਸਿੱਧਾ ਨਾਂਹ ਕਰਨ ਦੇ ਇਹ ਕਹਿ ਦਿਓ ਕਿ ਜੇ ਇਸ ਸਾਲ ਉਸ ਦੇ ਪੜ੍ਹਾਈ ਵਿਚ ਚੰਗੇ ਨੰਬਰ ਆਉਂਦੇ ਹਨ ਤਾਂ ਅਗਲੇ ਸਾਲ ਮੋਟਰਸਾਈਕਲ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।
2. ਬੱਚੇ ਸਾਹਮਣੇ ਕਿਸੇ ਪ੍ਰਕਾਰ ਦਾ ਨਸ਼ਾ ਨਾ ਕਰੋ। ਜਿਵੇਂ ਸ਼ਰਾਬ, ਬੀੜੀ-ਸਿਗਰੇਟ, ਤੰਬਾਕੂ ਆਦਿਕ।
3. ਬੱਚੇ ਨੂੰ ਗੈਰਜ਼ਰੂਰੀ ਵਰਤੋਂ ਵਾਲਾ ਸਾਮਾਨ ਨਾਂਹ ਲੈ ਕੇ ਦਿਓ।
4. ਹੀਣਭਾਵਨਾ ਨਾਲ ਗ੍ਰਸਤ ਬੱਚੇ ਨੂੰ ਸਕੂਲ ਤੋਂ ਬਿਨਾਂ ਕਾਰਣ ਦੇ ਛੁੱਟੀ ਨਾ ਕਰਵਾਓ। ਇਸ ਨਾਲ ਉਹ ਨਵੇਂ ਨਵੇਂ ਬਹਾਨੇ ਬਣਾ ਕੇ ਸਕੂਲ ਜਾਣ ਤੋਂ ਬੱਚਣਾ ਆਰੰਭ ਕਰ ਦੇਵੇਗਾ।
5. ਅਜਿਹੇ ਬੱਚੇ ਨੂੰ ਦੂਰ ਰਿਸ਼ਤੇਦਾਰਾਂ ਕੋਲ ਇੱਕਲਾ ਨਾ ਭੇਜੋ ਅਤੇ ਨਾ ਹੀ ਬਹੁਤੇ ਦਿਨ ਉਹਨਾਂ ਕੋਲ ਰਹਿਣ ਦਿਓ।
ਇਸ ਪ੍ਰਕਾਰ ਉੱਪਰ ਲਿਖੇ ਲੱਛਣਾਂ ਦੁਆਰਾ ਅਸੀਂ ਸਹਿਜੇ ਹੀ ਅੰਦਾਜਾ ਲਗਾ ਸਕਦੇ ਹਾਂ ਕਿ ਸਾਡੇ ਬੱਚੇ ਵਿਚ ਹੀਣਭਾਵਨਾ ਪੈਦਾ ਹੋ ਗਈ ਹੈ ਅਤੇ ਉਸ ਦੇ ਆਤਮਵਿਸ਼ਵਾਸ ਵਿਚ ਕਮੀ ਆ ਗਈ ਹੈ। ਦੂਜਾ ਅਹਿਮ ਨੁਕਤਾ ਕਿ ਬੱਚੇ ਨਾਲ ਪਿਆਰ ਨਾਲ ਪੇਸ਼ ਆ ਕੇ, ਪ੍ਰੇਰਣਾ ਦੇ ਕੇ ਅਤੇ ਉਸ ਦਾ ਖਿਆਲ ਰੱਖ ਕੇ ਆਤਮ-ਵਿਸ਼ਵਾਸ ਮੁੜ ਕੇ ਸੁਰਜੀਤ ਕੀਤਾ ਜਾ ਸਕਦਾ ਹੈ।
ਇੱਥੇ ਮਾਤਾ-ਪਿਤਾ ਲਈ ਯਾਦ ਰੱਖਣ ਵਾਲੀ ਅਹਿਮ ਗੱਲ ਇਹ ਹੈ ਕਿ ਹੀਣਭਾਵਨਾ ਆਪਣੇ ਆਪ ਵਿਚ ਕੋਈ ਬੀਮਾਰੀ ਨਹੀਂ ਹੈ ਇਹ ਮਨ ਦੀ ਇਕ ਅਵਸਥਾ ਹੈ ਤੇ ਇਸ ਤੋਂ ਪਾਰ ਪਾਇਆ ਜਾ ਸਕਦਾ ਹੈ। ਸੋ ਘਬਰਾਉਣ ਦੀ ਲੋੜ ਨਹੀਂ ਹੈ। ਸਹੀ ਦਿਸ਼ਾ-ਨਿਰਦੇਸ ਅਤੇ ਮਾਰਗ-ਦਰਸ਼ਨ ਨਾਲ ਤੁਹਾਡਾ ਬੱਚਾ ਮੁੜ ਕੇ ਆਤਮ-ਵਿਸ਼ਵਾਸੀ ਬਣ ਸਕਦਾ ਹੈ।
****

ਮੇਰੀ ਖ਼ੁਦੀ .......... ਸੁਨੀਲ ਚੰਦਿਆਣਵੀ / ਗ਼ਜ਼ਲ

ਤੇਰੇ ਧਰਵਾਸ ਨੇ ਮੈਨੂੰ ਸਬੂਤਾ ਹੋਣ ਨਾ ਦਿੱਤਾ ।
ਰਿਹਾ ਝੁਰਦਾ ਮੈਂ ਮੰਜਿ਼ਲ ਨੂੰ, ਪਰਿੰਦਾ ਹੋਣ ਨਾ ਦਿੱਤਾ ।

ਮੇਰੀ ਹਾਊਮੈ ਨੇ ਮੈਨੂੰ ਰੋਕਿਆ ਹਰ ਮੋੜ ਤੇ ਐਨਾ,
ਸੀ ਉੱਡਣਾ ਅੰਬਰੀਂ ਮੈਨੂੰ ਫਰਿਸ਼ਤਾ ਹੋਣ ਨਾ ਦਿੱਤਾ ।

ਮੈਂ ਵਿਕ ਜਾਣਾ ਸੀ ਹੁਣ ਤੱਕ ਹੋਰ ਕਈਆਂ ਵਾਂਗਰਾਂ ਯਾਰੋ,
ਮੇਰੀ ਆਪਣੀ ਖ਼ੁਦੀ ਨੇ ਮੈਨੂੰ ਸਸਤਾ ਹੋਣ ਨਾ ਦਿੱਤਾ ।

ਬੜੀ ਕੋਸਿ਼ਸ਼ ਮੈਂ ਕੀਤੀ ਵਗਦਿਆਂ ਰਾਹਾਂ ਨੂੰ ਮੇਲਣ ਦੀ,
ਮੇਰੀ ਨਾ ਮੰਨ ਕੇ ਮੈਨੂੰ ਚੁਰਸਤਾ ਹੋਣ ਨਾ ਦਿੱਤਾ ।

ਮੇਰੀ ਮਾਸੂਮੀਅਤ ਜਿੰਦਾਦਿਲੀ ਤੇ ਬੇਨਿਆਜ਼ੀ ਨੇ,
ਸਾਧਾਰਣ ਰੱਖਿਆ ਮੈਨੂੰ ਤੇ ਪੁਖ਼ਤਾ ਹੋਣ ਨਾ ਦਿੱਤਾ ।

ਪਰਵਾਜ਼ .......... ਰਾਜਿੰਦਰਜੀਤ / ਗ਼ਜ਼ਲ

ਪਰਾਂ ਨੂੰ ਮੈਂ ਪਰਵਾਜ਼ ਦਿਆਂ, ਬੇ ਪਰਿਆਂ ਨੂੰ ਪਰ ਦੇਵਾਂ
ਏਸ ਬਹਾਨੇ ਅਪਣੇ-ਆਪ ਨੂੰ ਖੁੱਲ੍ਹਾ ਅੰਬਰ ਦੇਵਾਂ

ਸੁੰਨ-ਮਸੁੰਨੀ ਰਾਤ ਦੀ ਸੁੰਨੀ ਮਾਂਗ ਜ਼ਰਾ ਭਰ ਦੇਵਾਂ
ਮੱਸਿਆ ਵਰਗੇ ਸਫ਼ਿਆਂ ਨੂੰ ਕੁਝ ਸੂਹੇ ਅੱਖਰ ਦੇਵਾਂ

ਹਰ ਥਾਂ ਧੂੰਆਂ, ਧੁੰਦ, ਧੁਆਂਖੀ ਧਰਤੀ, ਧੁਖਦੇ ਰਸਤੇ
ਕਿਸ ਥਾਂ ਜਾ ਕੇ ਅੱਖਾਂ ਨੂੰ ਇੱਕ ਸਾਵਾ ਮੰਜ਼ਰ ਦੇਵਾਂ

ਮੇਰੇ ਜੁੱਸੇ ਦੇ ਵਿੱਚ ਜੰਮੀ ਬਰਫ਼ ਜ਼ਰਾ ਤਾਂ ਪਿਘਲ਼ੇ
ਅਪਣੀ ਤਲ਼ੀ ਨੂੰ ਤੇਰੇ ਤਪਦੇ ਮੱਥੇ 'ਤੇ ਧਰ ਦੇਵਾਂ

ਖ਼ੁਦ ਨੂੰ ਮਿਲਣ ਤੋਂ ਪਹਿਲਾਂ ਮੇਰਾ ਤੈਨੂੰ ਮਿਲਣਾ ਔਖਾ
ਤੇਰੀਆਂ ਸਾਬਤ ਰੀਝਾਂ ਨੂੰ ਕਿੰਜ ਟੁੱਟੀ ਝਾਂਜਰ ਦੇਵਾਂ

ਮੈਨੂੰ ਹੀ ਪੈਣੇ ਨੇ ਕੱਲ੍ਹ ਨੂੰ ਰੁੱਤਾਂ ਦੇ ਫੁੱਲ ਚੁਗਣੇ
ਅੱਜ ਹੀ ਅਪਣੀ ਹਿੰਮਤ ਨੂੰ ਮੈਂ ਚਿੱਟੇ ਵਸਤਰ ਦੇਵਾਂ

ਮਹਿਕੀ ਰੁੱਤ ਵਿਚ ਵੀ ਜੋ ਕਲੀਆਂ ਮਹਿਕ ਨਹੀਂ ਦੇ ਸਕੀਆਂ
ਮੈਂ ਉਹਨਾਂ ਨੂੰ ਹਰ ਇੱਕ ਰੁੱਤੇ ਮਹਿਕਣ ਦਾ ਵਰ ਦੇਵਾਂ

ਉਡੀਕ.......... ਜਸਵੀਰ ਫ਼ਰੀਦਕੋਟ / ਗ਼ਜ਼ਲ

ਉਡੀਕ ਰਹੇਗੀ ਬਹਾਰ ਦੀ ਇਸ ਸਾਲ,
ਮੌਸਮ ਨੇ ਤਾਂ ਬਦਲਣਾ ਹੈ ਹਰ ਹਾਲ ।
ਫ਼ੁੱਲਾਂ ਦੀ ਖੁਸ਼ਬੋ ਨੇ ਹੈ ਜੇ ਫੈਲਣਾ ਤਾਂ,
ਸਮਝੌਤਾ ਕਰਨਾ ਪੈਣਾ ਏ ਹਵਾ ਦੇ ਨਾਲ ।
ਚਾਹ ਕੇ ਵੀ ਨਾ ਨਿਕਲਿਆ ਗਿਆ ਮੇਰੇ ਤੋ,
ਖ਼ੂਬ ਬੁਣਿਆ ਉਸ ਸ਼ਬਦਾਂ ਦਾ ਜਾਲ ।
ਹੋਣੀ ਸੀ ਤਸਵੀਰ ਅਧੂਰੀ ਜਿ਼ੰਦਗੀ ਦੀ,
ਜੇ ਕੰਡਿਆਂ ਭਰੀ ਨਾਂ ਹੁੰਦੀ ਫੁੱਲਾਂ ਦੀ ਡਾਲ।
ਚਲਦੀਆਂ ਹੀ ਰਹਿਣੀਆਂ ਇਹ ਤੇਜ਼ ਹਵਾਵਾਂ,
ਤੂੰ ਰੱਖੀਂ ਬਨ੍ਹੇਰੇ ਹਰ ਸਮੇਂ ਦੀਵਾ ਬਾਲ ।
ਝੂਠ ਬਿਨ੍ਹਾਂ ਵੀ ਸੱਚ ਦੀ ਕਦਰ ਨਾਂ ਪੈਂਦੀ,
ਆ ਜਾਉ ਸਾਹਵੇਂ ਦੇਖ ਸਮੇਂ ਦੀ ਚਾਲ ।
‘ਜਸਵੀਰ’ ਹੌਂਸਲਾ ਨਾਂ ਛੱਡੀਂ ਚਲਦਾ ਚੱਲੀਂ,
ਇੱਕ ਦਿਨ ਮਿਲ ਜਾਉ ਤਾਲ ਦੇ ਨਾਲ ਤਾਲ ।

ਰੰਗਲੇ ਸੁਪਨੇ.......... ਨਜ਼ਮ/ਕਵਿਤਾ / ਰਾਕੇਸ਼ ਵਰਮਾ

ਪਤਾ ਨਹੀ ਲੋਕਾਂ ਨੂੰ ਕੀਕਣ , ਰੰਗਲੇ ਸੁਪਨੇ ਆਉਂਦੇ ਨੇ ,
ਸਾਨੂੰ ਤਾਂ ਬਈ ਜਦ ਵੀ ਆਵਣ, ਆਵਣ ਲੁੱਟਾਂ-ਖੋਹਾਂ ਦੇ ।।!

ਨੀਅਤ ਦੇ ਵਿਚ ਖੋਟ ਜਿਹਨਾਂ ਦੀ, ਸੋਚ ਫੌਹੜੀਆਂ ਲੈ ਤੁਰਦੀ ,
ਵੋਟਾਂ ਦੇ ਸਿਰ ਬਣ ਗਏ ਪਾਂਧੀ , ਪਾਂਧੀ ਪੰਜਾਂ ਕੋਹਾਂ ਦੇ ।।!

ਚਿੱਟ-ਕੱਪੜੀਏ ਨੇਤਾ ਹੋਵਣ, ਜਾ ਫਿਰ ਕਾਲੇ ਕੱਛਿਆਂ ਵਾਲੇ ,
'ਕੱਲੇ ਕਦੇ ਨਾ ਡਾਕਾ ਮਾਰਨ, ਮਾਰਨ ਵਿਚ ਗਿਰੋਹਾਂ ਦੇ ।।!

ਬੰਦ, ਹੜਤਾਲਾਂ, ਰੋਸ- ਮੁਜਾਹਰੇ, ਧਰਨੇ ਵੀ ਨਿੱਤ ਨੇਮ ਬਣੇ,
'ਟੰਕੀਆਂ' ਉੱਤੋਂ ਪਏ ਸੁਰ ਗੂੰਜਣ, ਸੁਰ ਗੂੰਜਣ ਵਿਦਰੋਹਾਂ ਦੇ ।।!

ਭ੍ਰਿਸ਼ਟਾਚਾਰ ਦੇ ਘੁਣ ਨੇ ਯਾਰੋ, ਓਹ ਥੰਮ੍ਹ ਖੋਖਲੇ ਕਰ ਦਿੱਤੇ ,
ਲੋਕਤੰਤਰ ਦੀ ਛੱਤ ਟਿਕੀ ਹੈ , ਟਿਕੀ ਹੈ ਜਿਹਨਾਂ ਚੋਹਾਂ ਤੇ ।।!

ਪਤਾ ਨਹੀ ਲੋਕਾਂ ਨੂੰ ਕੀਕਣ , ਰੰਗਲੇ ਸੁਪਨੇ ਆਉਂਦੇ ਨੇ ,
ਸਾਨੂੰ ਤਾਂ ਬਈ ਜਦ ਵੀ ਆਵਣ, ਆਵਣ ਲੁੱਟਾਂ-ਖੋਹਾਂ ਦੇ ।।!



ਰੰਗਲਾ ਪੰਜਾਬ ......... ਗੀਤ / ਜਰਨੈਲ ਘੁਮਾਣ

ਬਰਬਾਦ ! ਰੰਗਲਾ ਪੰਜਾਬ ਹੋਈ ਜਾਂਦਾ ਏ ।
ਕਾਗਜ਼ਾ ‘ਚ ਐਵੀਂ , ਜਿੰਦਾਬਾਦ ਹੋਈ ਜਾਂਦਾ ਏ ॥

ਲੀਡਰਾਂ ਲਿਆਤੀਆਂ ਨੇ , ਕਾਗਜ਼ੀਂ ਕਰਾਂਤੀਆਂ ,
ਹਰੀਆਂ ਤੇ ਚਿੱਟੀਆਂ ਪਤਾ ਨਹੀਂ ਕਿੰਨੇ ਭਾਂਤੀਆਂ ,
ਭਾਸ਼ਣਾਂ ‘ਚ ਆਇਆ, ਇਨਕਲਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਘਰ ਘਰ ਵਿੱਚ ਪੈਰ ਸਿਆਸਤ ਪਸਾਰ ਚੱਲੀ,
ਲੀਡਰਾਂ ਦੀ ਪਾਈ ਫੁੱਟ ਰਿਸ਼ਤੇ ਵਿਗਾੜ ਚੱਲੀ ,
ਜਣਾ ਖਣਾ ਏਥੇ , ਨੇਤਾ ਸਾਹਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਬੇ-ਰੁਜ਼ਗਾਰੀ ਲੱਕ ਪਾਹੜੂਆਂ ਦਾ ਤੋੜ ਦਿੱਤਾ ,
ਪੰਜਾਬ ਦੀ ਜਵਾਨੀ ਤਾਈਂ ਨਸ਼ਿਆਂ ‘ਚ ਰੋਹੜ ਦਿੱਤਾ,
ਮਹਿਕ ਵਿਹੂਣਾ , ਕਿਉਂ ਗੁਲਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਸ਼ਾਹਾ ਦਾ ਕਰਜ਼ ਕਿਰਸਾਨੀ ਤਾਈਂ ਖਾ ਗਿਆ ,
ਡੂੰਘੇ ਬੋਰ ਲਾਉਣ ਦਾ ਖਰਚ ਖੁੱਡੇ ਲਾ ਗਿਆ ,
ਖਾਦ , ਤੇਲ ਲੰਬਾ ਹੀ ਹਿਸਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਫੋਕੀ ਸ਼ੋਹਰਤ ਨੇ ਕੀਤੇ ਵਿਆਹਾਂ ਦੇ ਖਰਚ ਵੱਡੇ ,
ਵੱਡਿਆਂ ਘਰਾਂ ਨੂੰ ਵੇਖ਼ , ਛੋਟਿਆਂ ਨੇ ਪੈਰ ਛੱਡੇ ,
ਸਾਰਿਆਂ ਦਾ ਹਾਜ਼ਮਾਂ ,ਖਰਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਮੋਬਾਇਲ ਫੋਨ ਆਇਆ , ਨਾਲ ਇਸ਼ਕ ਕਰਾਂਤੀ ਲਿਆਇਆ
ਪਿੰਡ ਪਿੰਡ ਹੀਰਾਂ ਅਤੇ ਰਾਂਝਿਆਂ ਦਾ ਹੜ੍ਹ ਆਇਆ ,
ਇੱਜ਼ਤਾਂ ਦਾ ਘਾਣ , ਬੇ-ਹਿਸਾਬ ਹੋਈਂ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਵੋਟਾਂ ਵਾਲੀ ਰਾਜਨੀਤੀ ਨੇਤਾ ਸਾਡੇ ਕਰੀਂ ਜਾਂਦੇ ,
ਦੋਵੇਂ ਧਿਰਾਂ ਇੱਕੋ, ਦੋਸ਼ ਆਪਸ ‘ਚ ਮੜ੍ਹੀ ਜਾਂਦੇ ,
ਜਨਤਾ ਨਾ ਬੁੱਝੇ , ਕੀਹਨੂੰ ਲਾਭ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਲੋਕ ਹਿੱਤਾਂ ਦੇ ਹਿਤੈਸ਼ੀ ਵਿਕ ਜਾਣ ਪਲਾਂ ਵਿੱਚ,
ਭਟਕਦੇ ਛੱਡ ਜਾਣ , ਲੋਕਾਂ ਤਾਈਂ ਥਲਾਂ ਵਿੱਚ ,
ਦੂਰ ਲੋੜਾਂ ਪੂਰਦਾ, ਝਨਾਬ ਹੋਈਂ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਚਾਰੇ ਪਾਸੇ ਛਾ ਗਿਆ ਹਨ੍ਹੇਰ , ਨ੍ਹੇਰ ਘੁੱਪ ਹੁਣ ,
ਹਰ ਮੁੱਦੇ ਉੱਤੇ ਭਲੀ , ਭਲੇ ਲੋਕਾ ਚੁੱਪ ਹੁਣ ,
ਘਾਲਾ ਮਾਲਾ ਬਹੁਤ ਹੀ , ਜਨਾਬ ਹੋਈਂ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ .........

ਵਿਦਵਾਨੋ , ਸਾਇੰਸਦਾਨੋ , ਜ਼ਰਾ ਨੇਤਾ ਜੀ ਵਿਚਾਰ ਕਰੋ ,
ਕੀ ਐ ਭਵਿੱਖ ਸਾਡਾ , ਸੋਚ ਲਗਾਤਾਰ ਕਰੋ ,
"ਘੁਮਾਣ" ਦੇਣਾ ਔਖਾ , ਏਹ ਜਵਾਬ ਹੋਈਂ ਜਾਂਦਾ ਏ ।

ਬਰਬਾਦ ! ਰੰਗਲਾ ਪੰਜਾਬ ਹੋਈ ਜਾਂਦਾ ਏ ।
ਕਾਗਜ਼ਾ ‘ਚ ਐਵੀਂ , ਜਿੰਦਾਬਾਦ ਹੋਈ ਜਾਂਦਾ ਏ ॥


ਥਰਕੇ ਤੇ ਥਰ ਥਰਾਵੇ.......... ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ (ਕੈਨੇਡਾ)

ਥਰਕੇ ਤੇ ਥਰ ਥਰਾਵੇ ਦਿਲ ਦਾ ਅਜੀਬ ਪਾਰਾ
ਮੇਰੀ ਇਹ ਬੇਬਸੀ ਹੈ ਲਿਖਣੇ ਖਿਆਲ ਯਾਰਾ।

ਵਹਿੰਦਾ ਹੀ ਮੈਂ ਤੇ ਜਾਵਾਂ ਛੱਲਾਂ ਦੇ ਨਾਲ ਜਾਣੋ
ਆਪੇ ਹੀ ਵਹਿ ਤੁਰੇ ਜਦ ਸੋਚਾਂ ਦੀ ਗੰਗ ਧਾਰਾ।

ਨਿਰਮਲ ਮਲੂਕ ਸੁਪਨੇ ਸ਼ਬਦਾਂ ਦੇ ਪਹਿਣ ਵਸਤਰ
ਦਿਲ ਨੂੰ ਨੇ ਆਣ ਲਾਉਂਦੇ ਕੈਸਾ ਹੁਸੀਨ ਲਾਰਾ।

ਸੁਰ ਤਾਲ ਦੀ ਸਿਆਣੀ ਗ਼ਜ਼ਲਾਂ ਦੀ ਇਹ ਸੁਆਣੀ
ਐਸਾ ਹੈ ਆਣ ਕਰਦੀ ਜਾਦੂ ਇਹ ਟੂਣੇ ਹਾਰਾ।

ਜਲਵਾ ਅਜੀਬ ਤਾਰੀ ਹੋਂਦਾ ਹੈ ਫਿਰ ਸੁਤਾ ਤੇ
ਆਪੇ ਬਣੇ ਇਹ ਕਸ਼ਤੀ ਆਪੇ ਬਣੇ ਕਿਨਾਰਾ।

ਜੀਵਨ ਦੇ ਰਸ ਮਿਲੇ ਜੋ ਅਪਣੀ ਜ਼ਬਾਨ* ਵਿੱਚੋਂ
ਤਾਂਹੀ ਉਤਾਰ ਸਕਿਆਂ ਅਪਣਾ ਮੈਂ ਕਰਜ਼ ਸਾਰਾ।

ਜੀਵਨ ਦੀ ਤਰਬ ਛੇੜੇ ਖ਼ੁਸ਼ੀਆਂ ਤੇ ਗ਼ਮ ਜੋ ਮੇਰੇ
ਆਪੇ ਫੜਾ ਨੇ ਦੇਂਦੇ ਮੈਨੂੰ ਤੇ ਕਲਮ ਯਾਰਾ।

ਛਮਛਮ ਨੇ ਆਣ ਵਰ੍ਹਦੇ ਬਰਖਾ ਦੇ ਵਾਂਗ ਯਾਰੋ
ਗ਼ਜ਼ਲਾਂ ਤੇ ਗੀਤ ਆਪੇ ਕਰਦੇ ਨੇ ਆ ਉਤਾਰਾ।

ਬਖਸ਼ੀ ਇਨ੍ਹਾਂ ਜਵਾਨੀ ਸੁਪਨੇ ਸਕਾਰ ਕੀਤੇ
ਮੁੜਕੇ ਜਵਾਨ ਹੋਇਆ ਸੰਧੂ ਜਿਵੇਂ ਦੁਬਾਰਾ।
****
*ਪੰਜਾਬੀ

ਸ਼ਮਸ਼ੇਰ ਸਿੰਘ ਸੰਧੂ (ਰੀ. ਡਿਪਟੀ ਡਾਇਰੈਕਟਰ, ਸਿਖਿਆ ਵਿਭਾਗ, ਪੰਜਾਬ) ਨੇ 65 ਸਾਲ ਦੇ ਹੋਣ ਪਿਛੋਂ ਗ਼ਜ਼ਲ ਲਿਖਣੀ ਸ਼ੁਰੂ ਕੀਤੀ ਅਤੇ ਹੁਣ ਤਕ ਹੇਠ ਲਿਖੀਆਂ ਪੁਸਤਕਾਂ ਪਾਠਕਾਂ ਦੀ ਨਜ਼ਰ ਕਰ ਚੁਕਾ ਹੈ

1- ਗਾ ਜ਼ਿੰਦਗੀ ਦੇ ਗੀਤ ਤੂੰ (ਗ਼ਜ਼ਲ ਸੰਗ੍ਰਹਿ) 2003 ਕੈਲਗਰੀ
2- ਜੋਤ ਸਾਹਸ ਦੀ ਜਗਾ (ਕਾਵਿ ਸੰਗ੍ਰਹਿ) 2005 ਕੈਲਗਰੀ
3- ਬਣ ਸ਼ੁਆ ਤੂੰ (ਗ਼ਜ਼ਲ ਸੰਗ੍ਰਹਿ) 2006 ਕੈਲਗਰੀ
4- ਰੌਸ਼ਨੀ ਦੀ ਭਾਲ (ਗ਼ਜ਼ਲ ਸੰਗ੍ਰਹਿ) 2007 ਕੈਲਗਰੀ
5- ਕਸ਼ਮੀਰਾ ਸਿੰਘ ਚਮਨ ਦੀਆਂ ਚੋਣਵੀਆਂ ਗ਼ਜ਼ਲਾਂ 2007 ਕੈਲਗਰੀ
6- ਸੁਲਗਦੀ ਲੀਕ (ਗ਼ਜ਼ਲ ਸੰਗ੍ਰਹਿ) 2008 ਕੈਲਗਰੀ
7- ਗੀਤ ਤੋਂ ਸੁਲਗਦੀ ਲੀਕ ਤਕ (ਗ਼ਜ਼ਲ ਸੰਗ੍ਰਹਿ) 2009 ਚੰਡੀਗੜ੍ਹ
8- ਕਲਾਮੇਂ ਸਬਾ ਕੇ ਤੀਨ ਰੰਗ–ਸਬਾ ਸ਼ੇਖ਼ ਕੀ ਉਰਦੂ ਨਜ਼ਮੇਂ 09 ਕੈਲਗਰੀ
9- ਢਲ ਰਹੇ ਐ ਸੂਰਜਾ (ਗ਼ਜ਼ਲ ਸੰਗ੍ਰਹਿ) (ਛਪਾਈ ਅਧੀਨ)

ਸੁਪਨੇ………… ਨਜ਼ਮ/ਕਵਿਤਾ / ਸੁਮਿਤ ਟੰਡਨ

ਕੁਛ ਨਗ਼ਦ ਤੇ ਕੁਛ ਉਧਾਰੇ ਸੁਪਨੇ,
ਜਿੱਤ ਕੇ ਕਦੇ ਨਾ ਹਾਰੇ ਸੁਪਨੇ
ਪਿਓ ਦੇ ਮੋਢੇ- ਮਾਂ ਦੀ ਗੋਦੀ ਬਹਿ ਕੇ ਜਦੋਂ ਉਸਾਰੇ ਸੁਪਨੇ
ਵਗਦੀਆਂ ਨਲੀਆਂ ਗੁੱਟ ਨਾਲ ਪੂੰਝ ਕੇ ਝੱਗੇ ਦੇ ਨਾਲ ਝਾੜੇ ਸੁਪਨੇ
ਰੋ ਕੇ ਹੱਸਣਾ- ਹੱਸ ਕੇ ਰੋਣਾ, ਸੱਧਰਾਂ ਵਾਂਗ ਸੰਵਾਰੇ ਸੁਪਨੇ,
ਪਿੱਠੂ ਗਰਮ ਕਰਾਰੇ ਕਰ ਕੇ, ਲੱਗੇ ਬੜੇ ਨਿਆਰੇ ਸੁਪਨੇ
ਬਚਪਨ ਵਾਲੀ ਢਾਬ ਦੇ ਉੱਤੇ, ਗੀਟਿਆਂ ਬਦਲੇ ਹਾਰੇ ਸੁਪਨੇ
ਲੁਕਣ ਮਿਟੀ ਤੇ ਬਾਂਦਰ ਕੀਲਾ, ਕਹਿ ਕੇ ਜਦੋਂ ਪੁਕਾਰੇ ਸੁਪਨੇ
ਬਣਾ ਕੇ ਖੱਗਾ ਢੱਕਣ ਦਾ ਕਦੇ ਪੋਸ਼ਨ ਪਾ-ਪਾ ਤਾਰੇ ਸੁਪਨੇ
ਲੜ-ਲੜ ਬਹਿਣਾ ਪੀੜ੍ਹੀ ਤੇ, ਨਾ ਭੂੰਜੇ ਪੈਰ ਪਸਾਰੇ ਸੁਪਨੇ
ਗੁੱਲੀ ਡੰਡਾ ਤੇ ਬੀਚੋ ਖੇਡ ਕੇ, ਕੰਚੇ ਬਣੇ ਹਮਾਰੇ ਸੁਪਨੇ
ਤਾਰਿਆਂ ਵਾਲੀ ਰਾਤ ਨੂੰ ਇੱਕ ਦਿਨ, ਰੂਹ ਨਾਲ ਜਦੋਂ ਨਿਹਾਰੇ ਸੁਪਨੇ
ਚੰਨ ਨੂੰ ਕਹਿ ਕੇ ਚੰਦਾ ਮਾਮਾ, ਰਿਸ਼ਤਿਆਂ ਦੇ ਨਾਂ ਵਾਰੇ ਸੁਪਨੇ
ਅੱਜ ਵੀ ਆਉਂਦੇ ਯਾਦ ਬਥੇਰੇ, ਸੱਜਣ ਯਾਰ ਪਿਆਰੇ ਸੁਪਨੇ
ਰਿੱਕੀ ਬਚਪਨ ਬੜਾ ਸੁਨਿਹਰੀ, ਸੋਚ ਕੇ ਵਕਤ ਗੁਜ਼ਾਰੇ ਸੁਪਨੇ
ਸੁਪਨੇ ਤਾਂ ਫਿਰ ਸੁਪਨੇ ਰਹਿਣੇ, ਖੱਟੇ ਮਿੱਠੇ ਖਾਰੇ ਸੁਪਨੇ
ਸੁਪਨਿਆਂ ਨੂੰ ਭਰਮਾਵੇ ਕਿਹੜਾ, ਇਹ ਜੋ ਹੋਏ ਬੇ-ਚਾਰੇ ਸੁਪਨੇ
ਕੁਛ ਨਗ਼ਦ ਤੇ ਕੁਛ ਉਧਾਰੇ ਸੁਪਨੇ
ਜਿੱਤ ਕੇ ਕਦੇ ਨਾ ਹਾਰੇ ਸੁਪਨੇ॥








ਕਦੇ ਕਦਾਈਂ.......... ਗ਼ਜ਼ਲ / ਦੀਪ ਜ਼ੀਰਵੀ

ਕਦੇ ਕਦਾਈਂ ਆਵੇਂ ਤਾਂ ਦੋ ਘੜੀਆਂ ਬਹਿ ਵੀ ਜਾਇਆ ਕਰ,
ਜਾਣੈ, ਜਾਣੈ ਆਖ ਆਖ ਨਾ ਮੇਰਾ ਦਿਲ ਤੜਫਾਇਆ ਕਰ।

ਢੁੱਕ ਢੁੱਕ ਬਹਿਣੈ ਗੈਰਾਂ ਲਾਗੇ, ਜੀ ਸਦਕੇ ਬਹਿ ਜਿਉਂਦਾ ਰਹੁ,
ਕਦੇ ਕਦਾਈਂ ਲੜਨ ਲਈ ਸਹੀ, ਸਾਡੇ ਵੱਲ ਵੀ ਆਇਆ ਕਰ।

ਡਾਢਿਆ ਢੋਲਾ ਤੂੰ ਤੜਫਾਉਨੈਂ, ਮੇਰੀ ਰੂਹ ਨੂੰ ਅਸ਼ਕੇ ਬਈ,

ਲਿਖ ਲਿਖ ਥੱਕਣੈਂ ਗੈਰਾਂ ਨੂੰ, ਦੋ ਹਰਫ ਮੇਰੇ ਨਾਂ ਪਾਇਆ ਕਰ।

ਗੈਰਾਂ ਦੀ ਸੁਣਦੈਂ ਤੂੰ ਆਖਦੈਂ, ਗੈਰਾਂ ਨੂੰ ਹੀ ਦਿਲ ਦੀ ਗੱਲ,
ਕਦੇ ਤਾਂ ਆਪਣੇ ਬੋਲ ਦੀ ਮਿਸ਼ਰੀ, ਮੇਰੇ ਕੰਨੀਂ ਪਾਇਆ ਕਰ।

ਗੈਰਾਂ ਸਾਹਵੇਂ ਰੋਲਦੈਂ ਲੱਜ ਤੂੰ ਇਸ਼ਕ ਮੇਰੇ ਦੀ ਡਾਹਡਿਆ ਵੇ,
ਲੋਕ ਤਾਂ ਲੋਕ ਨੇ, ਲੋਕਾਂ ਸਾਹਵੇਂ ਨਾ ਤੂੰ ਇੰਞ ਰੁਆਇਆ ਕਰ।

ਸ਼ਰਬਤ ਜਾਣ ਕੇ ਘੁੱਟ ਘੁੱਟ ਪੀਵਾਂ ਬਿਰਹੜਾ ਵਿਹੁ ਪਿਆਲਾ ਵੇ,
ਆਪਣੇ ਆਣ ਦੀ ਆਸ ਦੀ ਏਹਦੇ ਵਿੱਚ ਇੱਕ ਬੂੰਦ ਰਲਾਇਆ ਕਰ।

ਦਿਲ ਮੇਰੇ ਦੀ ਮਮਟੀ ਸੱਖਣੀ, ਚਾਰ ਚੁਫੇਰੇ ਨੇਰ੍ਹਾ ਏ,
ਕਦੇ ਤਾਂ ਰਾਤ ਬਰਾਤੇ ਆ ਕੇ ਦਰਸ਼ ਦੇ 'ਦੀਪ' ਜਗਾਇਆ ਕਰ।


ਪਾਣੀ ਸਤਲੁਜ-ਯਮੁਨਾ ਵਾਲਾ ਕਹਿਰੀ ਹੋ ਗਿਆ..........ਵਿਸ਼ੇਸ਼ ਰਿਪੋਰਟ / ਨਿਸ਼ਾਨ ਸਿੰਘ ‘ਰਾਠੌਰ’

ਕੁਰੂਕਸ਼ੇਤਰ ਤੋਂ ਵਿਸ਼ੇਸ਼ ਰਿਪੋਰਟ

ਹਰਿਆਣਾ ਦੇ ਅੰਬਾਲਾ ਤੋਂ ਕੁਰੂਕਸ਼ੇਤਰ ਨੂੰ ਆਉਂਦੀ ਨਹਿਰ ਸਤਲੁਜ-ਯਮੁਨਾ ਲਿੰਗ ਨਹਿਰ ਦਾ ਪਾਣੀ ਇਹਨੀਂ ਦਿਨੀਂ ਕਹਿਰ ਢਾਹ ਰਿਹਾ ਹੈ। ਖਾਸ ਗੱਲ ਇਹ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਤੱਕ ਪੰਜਾਬ ਆਪਣੇ ਗੁਆਂਢੀ ਰਾਜ ਹਰਿਆਣੇ ਨੂੰ ਨਹਿਰੀ ਪਾਣੀ ਦੇਣ ਤੋਂ ਇਨਕਾਰ ਕਰ ਰਿਹਾ ਸੀ ਪਰ ਜਿਵੇਂ ਹੀ ਵਰਖ਼ਾ ਨੇ ਪੰਜਾਬ ਦੀਆਂ ਨਹਿਰਾਂ ਨੂੰ ਪਾਣੀ ਨਾਲ ਸਰਾਬੋਰ ਕੀਤਾ ਤਾਂ ਪੰਜਾਬ ਨੇ ਝੱਟ ਪਾਣੀ ਦਾ ਮੂੰਹ ਹਰਿਆਣੇ ਵੱਲ ਨੂੰ ਖੋਲ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਸਤਲੁਜ-ਯਮੁਨਾ ਲਿੰਗ ਨਹਿਰ ਕੁਰੂਕਸ਼ੇਤਰ ਦੇ ਪਿੰਡ ਜੋਤੀਸਰ ਕੋਲੋਂ ਟੁੱਟ ਗਈ ਤੇ ਪੂਰਾ ਕੁਰੂਕਸ਼ੇਤਰ ਸ਼ਹਿਰ ਇਸ ਦੀ ਚਪੇਟ ਵਿਚ ਆ ਗਿਆ। ਜੋਤੀਸਰ ਕੋਲੋਂ ਟੁੱਟੀ ਇਸ ਨਹਿਰ ਵਿਚ ਤਕਰੀਬਨ 70 ਫੁੱਟ ਦਾ ਪਾੜ ਪੈ ਗਿਆ ਤੇ ਨਹਿਰ ਦਾ ਪਾਣੀ ਮਾਰੋ-ਮਾਰ ਕਰਦਾ ਸ਼ਹਿਰ ਦੀਆਂ ਕਲੌਨੀਆਂ ਵਿਚ ਆ ਵੜਿਆ।
ਇਸ ਕਾਰਣ ਨਹਿਰ ਦੇ ਨਾਲ ਲਗਦੇ ਪਿੰਡ ਜੋਗਨਾ ਖੇੜਾ, ਜੋਤੀਸਰ, ਬਜਗਾਂਵਾਂ, ਦਬਖੇੜੀ, ਸ਼ਮਸਪੁਰਾ, ਜੰਡੀ ਫਾਰਮ, ਸਰਸਵਤੀ ਕਲੌਨੀ, ਦੀਦਾਰ ਨਗਰ, ਸ਼ਾਂਤੀ ਨਗਰ, ਬਾਹਰੀ ਮੁੱਹਲਾ, ਚੱਕਰਵਰਤੀ ਮੁੱਹਲਾ ਅਤੇ ਪ੍ਰੋਫ਼ੈਸਰ ਕਲੌਨੀ ਪੂਰੀ ਤਰ੍ਹਾਂ ਪਾਣੀ ਵਿਚ ਡੁਬ ਗਏ ਹਨ। ਘਰਾਂ ਵਿਚ 5 ਫੁੱਟ ਤੋਂ ਵੱਧ ਪਾਣੀ ਵੜਿਆ ਹੋਇਆ ਹੈ। ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਬੈਠ ਕੇ ਪ੍ਰਸ਼ਾਸ਼ਨ ਵੱਲੋਂ ਕੀਤੀ ਅਣਗਹਿਲੀ ਦੀ ਸਜ਼ਾ ਭੁਗਤ ਕਰ ਰਹੇ ਹਨ। ਪਾਣੀ ਦੀ ਮਾਰ ਕਾਰਣ ਲੋਕਾਂ ਨੇ ਆਪਣੇ ਦੁੱਧਾਰੂ ਪਸ਼ੂ ਰਾਤ ਨੂੰ ਹੀ ਖੋਲ ਦਿੱਤੇ ਸਨ। ਝੋਨਾਂ ਪੂਰੀ ਤਰ੍ਹਾਂ ਬਰਬਾਦ ਹੋ ਚੁਕਿਆ ਹੈ। ਪਾਣੀ ਦੀਆਂ ਮੋਟਰਾਂ, ਘਰੇਲੂ ਸਾਮਾਨ ਅਤੇ ਮਾਲ-ਡੰਗਰ ਦਾ ਨੁਕਸਾਨ ਮਿਲਾ ਕੇ ਅਰਬਾਂ ਰੁਪਏ ਦਾ ਘਾਟਾ ਹੋਣ ਦੇ ਆਸਾਰ ਹਨ।
ਸਰਕਾਰ ਨੂੰ ਇਹ ਡਰ ਸਤਾ ਰਿਹਾ ਹੈ ਕਿ ਇਸ ਵਾਰ ਝੋਨੇ ਦੀ ਪੈਦਾਵਾਰ ਵਿਚ ਕਾਫ਼ੀ ਗਿਰਾਵਟ ਆ ਸਕਦੀ ਹੈ ਕਿਉਂਕਿ ਹਰਿਆਣੇ ਪੰਜਾਬ ਦੇ ਇਹੀਂ ਇਲਾਕੇ ਝੋਨੇ ਵਿਚ ਮੋਹਰੀਂ ਹਨ। ਹਰਿਆਣਾ ਸਰਕਾਰ ਨੇ ਜਦੋਂ ਹੱਥ ਖੜੇ ਕਰ ਦਿੱਤੇ ਤਾਂ ਰਾਤ ਨੂੰ ਭਾਰਤੀ ਸੈਨਾ ਨੂੰ ਬੁਲਾਇਆ ਗਿਆ। ਪਿੰਡਾਂ ਦੇ ਲੋਕਾਂ ਦੀ ਮਦਦ ਨਾਲ ਸੈਨਾ ਨਹਿਰ ਦੇ ਪਾੜ ਨੂੰ ਠੀਕ ਕਰਨ ਵਿਚ ਜੁੱਟੀ ਹੋਈ ਹੈ। 
ਉੱਧਰ ਦੂਜੇ ਪਾਸੇ ਰਾਤ ਤੋਂ ਆਪਣੇ ਘਰਾਂ ਦੀਆਂ ਛੱਤਾਂ ਤੇ ਭੁੱਖੇ ਬੈਠੇ ਲੋਕਾਂ ਲਈ ਸ਼ਹਿਰ ਦੇ ਕਈ ਸਮਾਜਸੇਵੀ ਲੋਕਾਂ ਨੇ ਲੰਗਰ ਲਗਾਏ ਹਨ। ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਲੋਕਾਂ ਲਈ ਲੰਗਰ ਤਿਆਰ ਕੀਤੇ ਗਏ ਹਨ। ਗੁ: 7ਵੀਂ ਪਾਤਸ਼ਾਹੀ ਦੇ ਮੁੱਖ ਗ੍ਰੰਥੀ ਗਿਆਨੀ ਅਮਰੀਕ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਲੰਗਰ ਤੇ ਚਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਾਣੀ ਵਿਚ ਫ਼ਸੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਖਾਣ-ਪੀਣ ਦੀਆਂ ਵਸਤਾਂ ਤੋਂ ਇਲਾਵਾ ਲੋਕਾਂ ਨੂੰ ਸੁੱਕੇ ਕਪੜੇ ਅਤੇ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ। 
ਪਾਣੀ ਦੀ ਮਾਰ ਨੂੰ ਦੇਖਦਿਆਂ ਲੋਕਾਂ ਨੂੰ ਡਰ ਸਤਾ ਰਿਹਾ ਹੈ ਕਿ ਇਸ ਵਾਰ ਤੇ ਉਹਨਾਂ ਨੂੰ ਖਾਣ ਦੇ ਵੀ ਲਾਲੇ ਪੈ ਜਾਣਗੇ ਕਿਉਂਕਿ ਉਹਨਾਂ ਦਾ ਅਨਾਜ ਤਾਂ ਪਾਣੀ ਦੀ ਭੇਟ ਚੜ ਚੁਕਾ ਹੈ। ਮਾਲ-ਡੰਗਰ ਵੀ ਛੱਡਿਆ ਜਾ ਚੁਕਾ ਹੈ ਤੇ ਫ਼ਸਲ ਖਰਾਬ ਹੋ ਚੁਕੀ ਹੈ।
ਨਹਿਰੀ ਪਾਣੀ ਇਤਨਾ ਕਹਿਰੀ ਹੋ ਜਾਵੇਗਾ ਕਿਸੇ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਪਰ ਹੁਣ ਇਹ ਹੋ ਚੁਕਾ ਹੈ। ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ ਬੱਸ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ। ਇਸ ਪਾਣੀ ਕਾਰਣ ਰੇਲ ਗੱਡੀਆਂ ਬੰਦ ਹਨ ਤੇ ਸੜਕ ਰਸਤਾ ਵੀ ਸ਼ਾਹਬਾਦ ਮਾਰਕੰਡਾ ਕੋਲੋਂ ਬੰਦ ਹੋ ਗਿਆ ਹੈ। ਸ਼ਾਹਬਾਦ ਨੇੜੇ ਨੇਸ਼ਨਲ ਹਾਈਵੇ ਨੰਬਰ ਵੱਨ’ਚ ਦਰਾਰ ਪੈ ਕਾਰਣ ਬੱਸਾਂ ਨੂੰ ਵਾਇਆ ਨਾਰਾਇਨਗੜ ਕੱਢਿਆ ਜਾ ਰਿਹਾ ਹੈ। ਦਿੱਲੀ ਤੋਂ ਜੰਮੂ ਜਾਣ ਵਾਲੀਆਂ 22 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਕਾਰਣ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਹਿਰ ਦੇ ਕਹਿਰ ਕਾਰਣ ਕੁਰੂਕਸ਼ੇਤਰ ਦੇ ਸਕੂਲਾਂ ਕਾਲਜਾਂ ਵਿਚ ਦੋ ਦਿਨਾਂ ਲਈ ਛੁੱਟੀ ਐਲਾਨੀ ਗਈ ਹੈ ਪਰ ਲਗਦਾ ਹੈ ਕਿ ਸਕੂਲ ਕਾਲਜ ਅਗਲੇ 10 ਦਿਨ ਤੱਕ ਨਹੀਂ ਖੁੱਲ ਪਾਉਣੇ ਕਿਉਂਕਿ ਪਿੰਡਾਂ ਵਿਚ ਕਈ ਸਕੂਲਾਂ ਦੀਆਂ ਇਮਾਰਤਾਂ ਢਹਿ ਗਈਆਂ ਹਨ ਤੇ ਸ਼ਹਿਰ ਦੇ ਕਈ ਸਕੂਲਾਂ ਵਿਚ 5 ਤੋਂ 7 ਫੁੱਟ ਤੱਕ ਪਾਣੀ ਚੜਿਆ ਹੋਇਆ ਹੈ। 
ਲੋਕਾਂ ਨੇ ਕੀਤੀ ਮੁਆਵਜੇ ਦੀ ਮੰਗ
ਕੁਰੂਕਸ਼ੇਤਰ ਅਤੇ ਅੰਬਾਲੇ ਵਿਚ ਆਏ ਹੜ੍ਹ ਪੀੜਿਤ ਲੋਕਾਂ ਨੇ ਹਰਿਆਣਾ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ। ਲੋਕਾਂ ਨੇ ਆਪਣੀ ਮੰਗ ਵਿਚ ਹਰਿਆਣੇ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਕਿਹਾ ਹੈ ਕਿ ਇਸ ਵਾਰ ਕੁਰੂਕਸ਼ੇਤਰ ਦੇ ਕਿਸਾਨ ਭੁੱਖੇ ਮਰਨ ਦੀ ਕਗਾਰ ਤੇ ਹਨ ਇਸ ਲਈ ਸਰਕਾਰ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਵੇ ਤਾਂ ਕਿ ਹਰਿਆਣੇ ਦੇ ਕਿਸਾਨ ਮੁੜ ਪੱਕੇ ਪੈਰੀਂ ਖੜੇ ਹੋ ਸਕਣ।
ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਰਿਹਾਇਸ਼ੀ ਮਕਾਨ ਇਸ ਪਾਣੀ ਦੀ ਭੇਟ ਚੜ ਗਏ ਹਨ ਉਹਨਾਂ ਨੂੰ ਵੀ ਆਰਥਕ ਸਹਾਇਤਾ ਉਪਲਬਧ ਕਰਵਾਈ ਜਾਵੇ। ਲੋਕਾਂ ਨੇ ਮੰਗ ਕੀਤੀ ਹੈ ਕਿ ਸਤਲੁਜ-ਯਮੁਨਾ ਲਿੰਗ ਨਹਿਰ ਦੀ ਬਕਾਇਦਾ ਸਫ਼ਾਈ ਕਰਵਾਈ ਜਾਵੇ ਕਿਉਂਕਿ ਜੇਕਰ ਨਹਿਰ ਦੀ ਸਮਾਂ ਰਹਿੰਦੇ ਸਫ਼ਾਈ ਹੋਈ ਹੁੰਦੀ ਤਾਂ ਪਾਣੀ ਦਾ ਇਤਨਾ ਕਹਿਰ ਲੋਕਾਂ ਨੂੰ ਨਾ ਸਹਿਣ ਕਰਨਾ ਪੈਂਦਾ।
22 ਸਾਲ ਬਾਅਦ ਕੀਤੀ ਪਾਣੀ ਨੇ ਮਾਰ
ਕੁਰੂਕਸ਼ੇਤਰ ਸ਼ਹਿਰ ਵਿਚ ਪਿਛਲੀ ਵਾਰ ਪਾਣੀ ਸੰਨ 1988 ਵਿਚ ਆਇਆ ਸੀ ਉਸ ਸਮੇਂ ਵੀ ਸਤਲੁਜ-ਯਮੁਨਾ ਲਿੰਕ ਨਹਿਰ ਟੁੱਟ ਗਈ ਸੀ ਪਰ ਉਸ ਸਮੇਂ ਪ੍ਰਸ਼ਾਸਨ ਵੱਲੋਂ ਜਲਦੀ ਹੀ ਇਸ ਪਾਣੀ ਤੇ ਕਾਬੂ ਪਾ ਲਿਆ ਗਿਆ ਸੀ ਤੇ ਜਾਨੀ ਤੇ ਮਾਲੀ ਨੁਕਸਾਨ ਇਸ ਵਾਰ ਨਾਲੋਂ ਘੱਟ ਹੋਇਆ ਸੀ। ਪਰ ਇਸ ਵਾਰ ਹੋਏ ਨੁਕਸਾਨ ਤੇ ਪਿਛਲੇ ਸਾਰੇ ਰਿਕਾੜ ਤੋੜ ਦਿੱਤੇ ਹਨ। ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੋਇਆ ਹੈ। ਜਿੱਥੇ ਉਹਨਾਂ ਦੀਆਂ ਫ਼ਸਲਾਂ ਬਰਬਾਦ ਹੋਈਆਂ ਹਨ ਉੱਥੇ ਹੀ ਦੁੱਧਾਰੂ ਪਸ਼ੂ ਅਤੇ ਖੇਤਾਂ ਵਿਚ ਬਣੇ ਮਕਾਨ ਟੁੱਟਣ ਕਾਰਣ ਕਿਸਾਨਾਂ ਦੀ ਆਰਥਕ ਲੱਕ ਟੁੱਟ ਗਈ ਹੈ। 
ਭਾਈਚਾਰੇ ਦੀ ਮਿਸਾਲ ਹੋਈ ਕਾਇਮ
ਕੁਰੂਕਸ਼ੇਤਰ ਵਿਚ ਆਏ ਹੜ੍ਹ ਕਾਰਣ ਲੋਕ ਜਿੱਥੇ ਮੁਸੀਬਤਾਂ ਵਿਚ ਹਨ ਉਧਰ ਦੂਜੇ ਪਾਸੇ ਲੋਕਾਂ ਵਿਚ ਆਪਸੀ ਭਾਈਚਾਰੇ ਦੀ ਮਿਸਾਲ ਵੀ ਦੇਖਣ ਨੂੰ ਮਿਲ ਰਹੀ ਹੈ। ਜੇਕਰ ਇੱਕ ਮਕਾਨ ਦੀ ਛੱਤ ਤੇ ਬੈਠੇ ਲੋਕਾਂ ਨੂੰ ਰੋਟੀਆਂ ਜਾਂ ਹੋਰ ਖਾਣ-ਪੀਣ ਦੀਆਂ ਵਸਤਾਂ ਵੱਧ ਰਹੀਆਂ ਹਨ ਤਾਂ ਉਹ ਨਾਲ ਲੱਗਦੇ ਮਕਾਨ ਤੇ ਬੈਠੇ ਲੋਕਾਂ ਨੂੰ ਰੋਟੀਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਰਹੇ ਹਨ ਤੇ ਕਹਿ ਰਹੇ ਹਨ ਹੁਣ ਦਾ ਟਾਈਮ ਦਾ ਲੰਘਾਓ ਸ਼ਾਮ ਨੂੰ ਫਿਰ ਵੇਖੀ ਜਾਏਗੀ। ਇਸ ਤਰ੍ਹਾਂ ਲੋਕਾਂ ਵਿਚ ਆਪਸੀ ਭਾਈਚਾਰਾ ਅੱਜ ਵੀ ਬਣਿਆ ਨਜ਼ਰ ਆਉਂਦਾ ਹੈ। 
***

ਆਤਮਦਾਹ……… ਕਹਾਣੀ / ਬਲਵੀਰ ਜਸਵਾਲ

ਮਿਸਟਰ ਸ਼ਰਮਾ-ਮੁਰਦਾਬਾਦ
ਮਿਸਟਰ ਸ਼ਰਮਾ-ਮੁਰਦਾਬਾਦ
ਸ਼ਰਮਾ ਨੂੰ ਮੁਅੱਤਲ ਕਰੋ, ਮੁਅੱਤਲ ਕਰੋ, ਮੁਅੱਤਲ ਕਰੋ।


ਦਫ਼ਤਰ ਅੱਗੇ ਸਵੇਰ ਦੀ ਇਹ ਨਾਅਰੇਬਾਜ਼ੀ ਹੋ ਰਹੀ ਸੀ। ਹਾਲੇ ਅੱਠ ਕੁ ਹੀ ਵਜੇ ਸਨ ਕਿ ਇਹ ਮੁਲਾਜ਼ਮ ਕੱਲ ਦੀ ਤਰ੍ਹਾਂ ਦਫ਼ਤਰ ਅੱਗੇ ਇਕੱਠੇ ਹੋ ਗਏ ਸਨ। ਇਹਨਾਂ ਦੀ ਅਗਵਾਈ ਹਰੀਦਰਸ਼ਨ ਕਰ ਰਿਹਾ ਸੀ, ਉਹ ਹੀ ਇਸ ਸਰਕਲ ਦੀ ਯੂਨੀਅਨ ਸ਼ਾਖ ਦਾ ਪ੍ਰਧਾਨ ਸੀ। ਉਸ ਨਾਲ ਯੂਨੀਅਨ ਦੇ ਕੁਝ ਦੂਜੇ ਅਹੁਦੇਦਾਰ ਵੀ ਸਨ, ਕੁਝ ਇਸ ਦਫ਼ਤਰ ਦੇ ਮੁਲਾਜ਼ਮ ਵੀ ਸਨ, ਜਦ ਕਿ ਬਾਕੀ ਚਿਹਰੇ ਅਨਜਾਣ ਸਨ। ਇਹ ਬੰਦੇ ਕੱਲ ਨਹੀਂ ਸਨ। ਇਨ੍ਹਾਂ ਨੂੰ ਸ਼ਾਇਦ ਹਰੀਦਰਸ਼ਨ ਨੇ ਆਪਣਾ ਪੱਲੜਾ ਭਾਰੀ ਕਰਨ ਲਈ ਬੁਲਾਇਆ ਸੀ। ਇਨ੍ਹਾਂ ਤੋਂ ਬਿਨਾਂ ਦਫ਼ਤਰ ਦੇ ਬਾਹਰ ਕੁਝ ਲੋਕ ਵੀ ਖੜ੍ਹੇ ਸਨ। ਉਹ ਦਰਸ਼ਕਾਂ ਵਾਂਗ, ਵਿਛਾਈ ਦਰੀ ਉੱਤੇ ਬੈਠੇ ਮੁਜ਼ਾਹਰਾਕਾਰੀਆਂ ਨੂੰ ਦੇਖ ਰਹੇ ਸਨ। ਕਈਆਂ ਦੇ ਚਿਹਰੇ ’ਤੇ ਮਾਯੂਸੀ ਸੀ ਤੇ ਉਹ ਵਾਰ-ਵਾਰ ਆਪਣੀ ਘੜੀ ਵੱਲ ਦੇਖ ਰਹੇ ਸਨ। ਉਹ ਕਦੀ-ਕਦੀ ਮੁਜ਼ਾਹਰਾਕਾਰੀਆਂ ਦੇ ਕਿਸੇ ਨਾਅਰੇ ਜਾਂ ਕਿਸੇ ਹਰਕਤ ’ਤੇ ਮੁਸਕਰਾ ਵੀ ਛੱਡਦੇ। ਉਂਜ ਉਹ ਅੱਕੇ ਬਹੁਤ ਸਨ। ਜਿਨ੍ਹਾਂ ਲੋਕਾਂ ਦਾ ਸਰਕਾਰੀ ਦਫ਼ਤਰਾਂ ਨਾਲ ਅਕਸਰ ਵਾਹ ਪੈਂਦਾ ਸੀ, ਉਹ ਕਾਫੀ ਸਹਿਜ ਹੋਏ ਖੜ੍ਹੇ ਸਨ। ਉਨ੍ਹਾਂ ਨੂੰ ਇਸ ਗੱਲ ਦੀ ਏਨੀ ਪ੍ਰਵਾਹ ਨਹੀਂ ਸੀ ਕਿ ਮੁਲਾਜ਼ਮ ਨਾਅਰੇਬਾਜ਼ੀ ਛੱਡ ਕੇ ਕੰਮ ਕਦੋਂ ਸ਼ੁਰੂ ਕਰਦੇ ਹਨ। ਉਹ ਤਾਂ ਇਸ ਸਭ ਕਾਸੇ ਦੇ ਆਦੀ ਹੋ ਚੁੱਕੇ ਸਨ।
ਜਦੋਂ ਦਫ਼ਤਰ ਦਾ ਸਟਾਫ਼ ਆਉਣਾ ਸ਼ੁਰੂ ਹੋਇਆ ਸੀ, ਮੁਜ਼ਾਹਰਾਕਾਰੀਆਂ ਨੇ ਨਾਅਰੇਬਾਜ਼ੀ ਹੋਰ ਤੇਜ਼ ਕਰ ਦਿੱਤੀ। ਸਭ ਤੋਂ ਪਹਿਲਾਂ ਕਲਰਕ ਰਾਮ ਕਿਸ਼ਨ ਆਇਆ। ਆਪਣਾ ਸਾਈਕਲ ਖੜ੍ਹਾ ਮਗਰੋਂ ਉਹ ਮੁਜ਼ਾਹਰਾਕਾਰੀਆਂ ਵੱਲ ਮੁਸਕਰਾ ਕੇ ਵੇਖਦਾ ਦਫ਼ਤਰ ਵੱਲ ਤੁਰ ਪਿਆ ਸੀ। ਹਰੀ ਦਰਸ਼ਨ ਅਤੇ ਉਸਦੇ ਸਾਥੀਆਂ ਨੂੰ ਜਿਵੇਂ ਆਪਣੀ ਹਾਰ ਹੁੰਦੀ ਜਾਪੀ, ਨਾਅਰੇ ਲਾਉਂਦੇ ਮੁਲਾਜ਼ਮ ਦਫ਼ਤਰ ਵੱਲ ਦੌੜੇ ਅਤੇ ਕਮਰਿਆਂ ਨੂੰ ਤਾਲਾ ਮਾਰ ਕੇ ਮੁੜ ਆਪਣੀ ਥਾਂ ਆ ਬੈਠੇ ਸਨ। ਇਸ ਤੋਂ ਬਾਅਦ ਜਿਹੜਾ ਮੁਲਾਜ਼ਮ ਆਉਂਦਾ ਗਿਆ, ਬਾਹਰ ਖੜ੍ਹਦਾ ਗਿਆ। ਨੌਂ ਕੁ ਵਜੇ ਸ਼ਰਮਾ ਜੀ ਦਫ਼ਤਰ ਪੁੱਜੇ ਤਾਂ ਮੁਜ਼ਾਹਰਾਕਾਰੀਆਂ ਨੇ ਨਾਅਰੇਬਾਜ਼ੀ ਮੁੜ ਉੱਚੀ ਕਰ ਦਿੱਤੀ। ਸ਼ਰਮਾ ਜੀ ਇੱਕ ਨਜ਼ਰ ਉਹਨਾਂ ਵੱਲ ਵੇਖ ਕੇ ਆਪਣੇ ਦਫ਼ਤਰ ਵਿਚ ਜਾ ਬੈਠੇ ਸਨ। 
ਬੇਸ਼ੱਕ ਅੱਜ ਵੀ ਉਹਨਾਂ ਨੂੰ ਇਸ ਹੁੱਲੜਬਾਜ਼ੀ ਦੀ ਉਮੀਦ ਸੀ, ਪਰ ਹਰੀਦਰਸ਼ਨ ਇਸ ਮਾਮਲੇ ਨੂੰ ਹੋਰ ਦਾ ਹੋਰ ਬਣਾ ਕੇ ਉਹਨਾਂ ਨੂੰ ਮੁਲਾਜ਼ਮ ਵਿਰੋਧੀ ਅਤੇ ਅੜੀਅਲ ਸਿੱਧ ਕਰ ਦੇਵੇਗਾ, ਇਸ ਦਾ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ। ਉਹਨਾਂ ਹੜਤਾਲ ਤੇ ਬੈਠੇ ਮੁਲਾਜ਼ਮਾਂ ਨੂੰ ਕੱਲ ਵੀ ਸਮਝਾਇਆ ਸੀ ਕਿ ਇਸ ਮਾਮਲੇ ਵਿੱਚ ਸਰਾਸਰ ਗ਼ਲਤੀ ਹਰੀਦਰਸ਼ਨ ਦੀ ਹੈ, ਉਸਨੂੰ ਗ਼ਲਤੀ ਮੰਨ ਲੈਣੀ ਚਾਹੀਦੀ ਹੈ, ਇਸ ਨਾਲ ਕੋਈ ਤੂਫ਼ਾਨ ਨਹੀਂ ਆਉਣ ਲੱਗਾ। ਉਹਨਾਂ ਕਈ ਦਲੀਲਾਂ ਦੇ ਕੇ ਸਮਝਾਇਆ ਵੀ ਸੀ ਆਪਣੀ ਗ਼ਲਤੀ ਲੁਕਾਉਣ ਲਈ ਹਰੀਦਰਸ਼ਨ ਉਹਨਾਂ ਨੂੰ ਮੁਲਾਜ਼ਮ ਵਿਰੋਧੀ ਦੱਸ ਰਿਹਾ ਹੈ। ਏਨਾ ਸਮਝਾਉਣ ਮਗਰੋਂ ਉਹਨਾਂ ਨੂੰ ਉਮੀਦ ਸੀ ਕਿ ਸਵੇਰ ਨੂੰ ਹਰੀਦਰਸ਼ਨ ਇਕੱਲਾ ਰਹਿ ਜਾਵੇਗਾ। ਕੋਈ ਚਾਰਾ ਨਾ ਚੱਲਦਾ ਵੇਖ ਦਫ਼ਤਰ ਵਿੱਚ ਆ ਕੇ ਮੰਨ ਲਵੇਗਾ ਕਿ ਉਸ ਨੇ ਜਾਣ ਬੁੱਝ ਕੇ ਉਸ ਬੁੱਢੀ ਔਰਤ ਨੂੰ ਪ੍ਰੇਸ਼ਾਨ ਕੀਤਾ ਸੀ।
ਜਿਸ ਕਾਸੇ ਦੀ ਸ਼ਰਮਾ ਜੀ ਨੂੰ ਉਮੀਦ ਸੀ, ਉਹੋ ਜਿਹਾ ਕੁਝ ਨਹੀਂ ਸੀ ਹੋਇਆ। ਕੱਲ ਨਾਲੋਂ ਵੱਧ ਬੰਦੇ ਉਹਨਾਂ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ। ਇਸ ਗੱਲ ਨੇ ਸ਼ਰਮਾ ਜੀ ਨੂੰ ਕਾਫੀ ਪ੍ਰੇਸ਼ਾਨ ਕੀਤਾ ਸੀ। ਉਹਨਾਂ ਖਿੜਕੀ ਰਾਹੀਂ ਬਾਹਰ ਵੇਖਿਆ, ਕੰਮ ਕਰਾਉਣ ਆਏ ਲੋਕਾਂ ਦੀ ਗਿਣਤੀ ਵਧ ਗਈ ਸੀ। ਕਈ ਕੱਲ ਵੀ ਆਏ ਸਨ ਅਤੇ ਅੰਤ ਉਡੀਕ ਕੇ ਵਾਪਸ ਚਲੇ ਗਏ। ਇਹਨਾਂ ਵਿੱਚ ਉਹ ਬੁੱਢੀ ਔਰਤ ਵੀ ਸ਼ਾਮਿ ਲ ਸੀ ਜੋ ਕੁਝ ਚਿਰ ਤਾਂ ਨਾਅਰੇ ਲਾਉਂਦੇ ਮੁਲਾਜ਼ਮਾਂ ਨੂੰ ਵੇਖਦੀ ਰਹੀ, ਫਿਰ ਇੱਕ ਕੰਧ ਨਾਲ ਢਾਸਣਾ ਲਾ ਕੇ ਭੁੰਜੇ ਹੀ ਬੈਠ ਗਈ। ਸਧਾਰਨ ਤੇ ਪੇਂਡੂ ਦਿੱਖ ਵਾਲੀ ਇਸ ਔਰਤ ਦੇ ਹੱਥ ਵਿੱਚ ਇੱਕ ਮੈਲਾ ਜਿਹਾ ਝੋਲਾ ਸੀ ਜਿਸ ਵਿੱਚ ਉਸਦੇ ਪਤੀ ਦੀ ਪੈਨਸ਼ਨ ਦੇ ਕਾਗ਼ਜ਼ ਸਨ। ਇਸੇ ਔਰਤ ਦੇ ਕੰਮ ਨੂੰ ਲੈ ਕੇ ਇਸ ਦਫ਼ਤਰ ਵਿੱਚ ਇਹ ਵਿਵਾਦ ਖੜ੍ਹਾ ਹੋਇਆ ਸੀ।
ਇਸ ਬੁੱਢੀ ਔਰਤ ਅਨੁਸਾਰ ਉਹ ਆਪਣਾ ਕੰਮ ਕਰਾਉਣ ਲਈ ਇਸ ਦਫ਼ਤਰ ਦੇ ਪੰਜ ਗੇੜੇ ਕੱਢ ਚੁੱਕੀ ਹੈ। ਪੈਨਸ਼ਨ ਦੇ ਕਾਗ਼ਜ਼ ਹਰੀਦਰਸ਼ਨ ਦੀ ਸੀਟ ਤੋਂ ਅੱਗੇ ਚੱਲਣੇ ਸਨ। ਜਦੋਂ ਉਹ ਪਹਿਲੀ ਵਾਰੀ ਦਫ਼ਤਰ ਆਈ ਤਾਂ ਹਰੀ ਦਰਸ਼ਨ ਨੇ ਬਿਨਾਂ ਕੋਈ ਕਾਰਣ ਦੱਸੇ ਉਸਨੂੰ ਅਗਲੇ ਦਿਨ ਆਉਣ ਲਈ ਕਿਹਾ ਸੀ। ਉਹ ਬੁੱਢੀ ਔਰਤ ਹਰੀਦਰਸ਼ਨ ਦੀ ਖਰਵੀਂ ਆਵਾਜ਼ ਤੋਂ ਬੇਸ਼ਕ ਦਹਿਲ ਗਈ ਸੀ, ਪਰ ਉਸਨੇ ਕਮਜ਼ੋਰ ਸਰੀਰ ਅਤੇ ਘੱਟ ਨਜ਼ਰ ਦਾ ਵਾਸਤਾ ਪਾਉਂਦਿਆਂ ਕਿਹਾ ਸੀ, “ਵੇ ਪੁੱਤਾ! ਰੋਜ਼ ਬੱਸਾਂ ਵਿੱਚ ਧੱਕੇ ਖਾਣ ਜੋਗਾ ਸਰੀਰ ਹੁਣ ਰਿਹਾ ਨੀ।”
“ਤਾਂ ਮਾਈ, ਮੈਨੂੰ ਆਪਣਾ ਪਿੰਡ ਦੱਸ ਦੇ, ਮੈਂ ਆ ਜਾਊਂਗਾ।” ਉਸੇ ਖਰ੍ਹਵੀਂ ਆਵਾਜ਼ ਵਿੱਚ ਹਰੀਦਰਸ਼ਨ ਬੋਲਿਆ ਸੀ।
ਦਹਿਲੀ ਹੋਈ ਮਾਈ ਕਲਰਕ ਦੇ ਇਸ ਵਿਅੰਗ ਭਰੇ ਵਾਕ ਦਾ ਅਰਥ ਦਾ ਪੂਰੀ ਤਰ੍ਹਾਂ ਸਮਝ ਗਈ ਸੀ। ਉਹ ਕੁਝ ਹੋਰ ਵੀ ਕਹਿਣਾ ਚਾਹੁੰਦੀ ਸੀ, ਪਰ ਇਸ ਰੁੱਖੇ ਵਰਤਾਉ ਤੇ ਮਾਹੌਲ ਨੂੰ ਦੇਖਦਿਆਂ ਉਹ ਚੁੱਪ-ਚਾਪ ਵਾਪਸ ਚਲੀ ਗਈ। 
ਦੋ ਦਿਨਾਂ ਬਾਅਦ ਬਾਅਦ ਉਹ ਦੂਜੀ ਵਾਰ ਦਫ਼ਤਰ ਆਈ। ਹਰੀਦਰਸ਼ਨ ਸੀਟ ’ਤੇ ਨਹੀਂ ਸੀ। ਦਫ਼ਤਰ ਦੇ ਬਾਹਰ ਬੈਠ ਕੇ ਉਸਨੇ ਘੰਟਾ ਭਰ ਉਸਨੂੰ ਉਡੀਕਿਆ ਵੀ, ਪਰ ਹਰੀਦਰਸ਼ਨ ਨਹੀਂ ਸੀ ਆਇਆ। ਉਸਨੇ ਨਾਲ ਦੇ ਕਲਰਕਾਂ ਤੋਂ ਹਰੀਦਰਸ਼ਨ ਬਾਰੇ ਪੁੱਛਿਆ ਵੀ, ਪਰ ਸ਼ਾਇਦ ਦਫ਼ਤਰ ਵਿਚ ਕਿਸੇ ਨੂੰ ਹਰੀਦਰਸ਼ਨ ਦੇ ਆਉਣ ਜਾਂ ਨਾ ਆਉਣ ਵਾਰੇ ਪਤਾ ਨਹੀਂ ਸੀ, ਜਾਂ ਕੋਈ ਦੱਸਣਾ ਨਹੀਂ ਸੀ ਚਾਹੁੰਦਾ। ਦੂਜੀ ਵਾਰ ਵੀ ਇਹ ਬੁੱਢੀ ਔਰਤ ਨਿਰਾਸ਼ਾ ਲੈ ਕੇ ਵਾਪਸ ਮੁੜ ਗਈ ਸੀ। 
ਉਸ ਫ਼ੈਸਲਾ ਕੀਤਾ ਕਿ ਮੋਏ ਆਜ਼ਾਦੀ ਘੁਲਾਟੀਏ ਪਤੀ ਦੀ ਪੈਨਸ਼ਨ ਆਪਣੇ ਨਾਂ ਕਰਾਉਣ ਲਈ ਉਹ ਮੁੜ ਉਸ ਦਫ਼ਤਰ ਨਹੀਂ ਜਾਵੇਗੀ, ਸਗੋਂ ਆਪਣੀ ਪੰਚਾਇਤ ਨੂੰ ਕਹੇਗੀ ਕਿ ਉਹਦੀਆਂ ਦੋ ਰੋਟੀਆਂ ਦਾ ਵਸੀਲਾ ਕਰੇ, ਪਿੰਡ ਦੀ ਡਿਸਪੈਂਸਰੀ ਦਾ ਨਾਮ ਬੇਸ਼ਕ ਉਹ ਉਸਦੇ ਪਤੀ ਦੀ ਥਾਂ ਕਿਸੇ ਹੋਰ ਦੇ ਨਾਂ ’ਤੇ ਰੱਖ ਲਵੇ। ਪਰ ਜਦੋਂ ਅਗਲੀ ਸਵੇਰ ਹੋਈ ਤਾਂ ਉਹ ਸਰਪੰਚ ਕੋਲ ਜਾਣ ਦੀ ਥਾਂ ਉਹੀ ਝੋਲਾ ਚੁੱਕ ਦਫ਼ਤਰ ਜਾ ਪੁੱਜੀ।
ਹਰੀਦਰਸ਼ਨ ਨੂੰ ਸੀਟ ’ਤੇ ਬੈਠਿਆਂ ਦੇਖ ਕੇ ਦਫ਼ਤਰੀ ਬੇਰੁਖ਼ੀ ਤੋਂ ਡਰੀ ਬੁੱਢੀ ਔਰਤ ਦੇ ਸਾਹ ਵਿੱਚ ਸਾਹ ਆਇਆ। ਕੁਝ ਚਿਰ ਉਹ ਖੜ੍ਹੀ ਰਹੀ, ਜਦੋਂ ਹਰੀਦਰਸ਼ਨ ਨੇ ਹੱਥਲੇ ਕਾਗ਼ਜ਼ਾਂ ਤੋਂ ਨਜ਼ਰਾਂ ਨਾ ਚੁੱਕੀਆਂ ਤਾਂ ਉਹ ਕੁਰਸੀ ’ਤੇ ਬੈਠ ਗਈ। ਦਸ ਮਿੰਟ ਕੁ ਮਗਰੋਂ ਹਰੀਦਰਸ਼ਨ ਨੇ ਬੁੱਢੀ ਔਰਤ ਨਾਲ ਬਿਨਾਂ ਅੱਖ ਮਿਲਾਏ ਪੁੱਛਿਆ,“ਹਾਂ ਮਾਈ, ਕੀ ਕੰਮ ਆ?”
“ਵੇ ਪੁੱਤਾ, ਆਪਣੇ ਸਾਈਂ ਦੀ ਪੈਨਸ਼ਨ ਆਪਣੇ ਨਾਂ ਕਰਾਉਣੀ ਆਂ।” ਆਖਦਿਆ ਉਸ ਨੇ ਝੋਲੇ ਵਿਚੋਂ ਕਾਗ਼ਜ਼ਾਂ ਦਾ ਪੁਲੰਦਾ ਕੱਢ ਕੇ ਹਰੀਦਰਸ਼ਨ ਦੇ ਅੱਗੇ ਕਰ ਦਿੱਤਾ।
ਸ਼ਿਕਾਰੀ ਨਜ਼ਰਾਂ ਨਾਲ ਕਾਗ਼ਜ਼ਾਂ ਨੂੰ ਵਾਚਦਿਆਂ ਹਰੀ ਦਰਸ਼ਨ ਨੇ ਦੋ ਕਾਗ਼ਜ਼ ਅਲੱਗ ਕੱਢਦਿਆਂ ਕਿਹਾ,“ਮਾਈ, ਕਾਗ਼ਜ਼-ਪੱਤਰ ਤਾਂ ਪੂਰੇ ਕਰ ਲਿਆ ਕਰੋ, ਆਹ ਇਕ ਕਾਗ਼ਜ਼ ’ਤੇ ਸਰਪੰਚ ਤੇ ਦੂਜੇ ਦੇ ਪਿੰਡ ਦੇ ਪਟਵਾਰੀ ਦੇ ਦਸਤਖ਼ਤ ਹੋਣੇ ਰਹਿੰਦੇ ਨੇ।”
ਬੁੱਢੀ ਦੇ ਚਿਹਰੇ ’ਤੇ ਨਿਰਾਸ਼ਾ ਛਾ ਗਈ ਪਰ ਹਰੀਦਰਸ਼ਨ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਬਿਨਾਂ ਕੁੱਝ ਸੋਚੇ ਸਮਝੇ ਉਸ ਦੂਜੇ ਕਾਗ਼ਜ਼ਾਂ ’ਤੇ ਨਜ਼ਰਾਂ ਗੱਡ ਲਈਆਂ। ਬੁੱਢੀ ਔਰ ਚੁੱਪ-ਚਾਪ ਦਫ਼ਤਰ ਵਿਚੋਂ ਨਿਕਲ ਗਈ ਸੀ।
ਕਾਗ਼ਜ਼ ਪੱਤਰ ’ਤੇ ਦਸਤਖ਼ਤ ਕਰਾਉਣ ਨੂੰ ਸਰਪੰਚ ਤਾਂ ਜਲਦੀ ਮਿਲ ਗਿਆ, ਪਰ ਪਟਵਾਰੀ ਲੱਭਣ ਵਾਸਤੇ ਉਸਨੂੰ ਪੂਰੇ ਦਸ ਦਿਨ ਮਿਹਨਤ ਕਰਨੀ ਪਈ ਸੀ। ਜਦ ਪਟਵਾਰਖਾਨੇ ਜਾਂਦੀ ਤਾਂ ਉੱਤੇ ਤਾਲਾ ਲੱਗਾ ਹੁੰਦਾ। ਉਹ ਭਾਰੇ ਕਦਮੀਂ ਮੁੜ ਘਰ ਵੱਲ ਤੁਰ ਪੈਂਦੀ।
ਹਰੀਦਰਸ਼ਨ ਵੱਲੋਂ ਦੱਸੇ ਕਾਗ਼ਜ਼ਾਂ ’ਤੇ ਦਸਤਖ਼ਤ ਕਰਾਉਣ ਮਗਰੋਂ ਜਦੋਂ ਇਹ ਬੁੱਢੀ ਔਰਤ ਚੌਥੀ ਵਾਰ ਦਫ਼ਤਰ ਪੁੱਜੀ ਤਾਂ ਉਥੇ ਸੁੰਨ-ਸਾਨ ਪਈ ਸੀ। ਚਪੜਾਸੀ ਨੇ ਦੱਸਿਆ ਕਿ ਕੱਲ ਇੱਕ ਮੰਤਰੀ ਜੀ ਇੱਥੇ ਆ ਰਹੇ ਹਨ, ਸਾਰਾ ਸਟਾਫ਼ ਜਲਸੇ ਦੀਆਂ ਤਿਆਰੀਆਂ ਵਿੱਚ ਰੁੱਝਾਂ ਹੋਇਆ ਹੈ।
ਜਦੋਂ ਇਹ ਬੁੱਢੀ ਪੰਜਵੀਂ ਵਾਰ ਦਫ਼ਤਰ ਆਈ ਤਾਂ ਉਸਨੂੰ ਦਫ਼ਤਰ ਵਿੱਚ ਸਭ ਕੁਝ ਠੀਕ-ਠਾਕ ਲੱਗਾ ਸੀ। ਸਭ ਆਪਣੀ ਥਾਂ ’ਤੇ ਬੈਠੇ ਕੰਮ ਕਰ ਰਹੇ ਸਨ। ਉਸ ਪਤੀ ਦੀ ਪੈਨਸ਼ਨ ਦੇ ਕਾਗ਼ਜ਼ ਹਰੀਦਰਸ਼ਨ ਨੂੰ ਜਾ ਫੜਾਏ।
“ਮਾਈ, ਕਾਹਦੀ ਪੈਨਸ਼ਨ ਲੁਆਉਣ ਲੱਗੀ ਏਂ?” ਹਰੀਦਰਸ਼ਨ ਦੀ ਖਰਵ੍ਹੀਂ ਆਵਾਜ਼ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਬੁੱਢੀ ਨੂੰ ਦਹਿਲਾ ਗਈ।
“ਵੇ ਪੁੱਤਾ, ਮੇਰਾ ਮਾਲਕ ਅਜ਼ਾਦ ਹਿੰਦ ਫ਼ੌਜ ਵਿਚ ਸੀ, ਉਸਨੂੰ ਪੂਰਾ ਹੋਏ ਤਿੰਨ ਮਹੀਨੇ ਹੋ ਗਏ ਨੇ, ਉਹਦੀ ਪੈਨਸ਼ਨ ਏ।”
“ਕੋਈ ਧੀ ਪੁੱਤ ਨਹੀਂ ਤੇਰਾ?” ਹਰੀਦਰਸ਼ਨ ਦੀ ਆਵਾਜ਼ ਵਿੱਚ ਥਾਣੇਦਾਰਾਂ ਵਾਲਾ ਦਬਕਾ ਸੀ। ਸਾਮੀ ਫਸਾਉਣ ਲਈ ਅਕਸਰ ਇਹ ਦਬਕਾ ਵਰਤਣ ਵਿਚ ਉਹ ਬਹੁਤ ਮਸ਼ਹੂਰ ਸੀ।
“ਪੁੱਤ ਤਾਂ ਸੀ ਵੇ ਕਾਕਾ, ਉਹ ਪਾਕਿਸਤਾਨ ਨਾਲ ਹੋਈ ਲੜਾਈ ਮਗਰੋਂ ਘਰ ਨਹੀਂ ਪਰਤਿਆ।” ਬੁੱਢੀ ਨੇ ਉਦਾਸ ਲਹਿਜ਼ੇ ਵਿਚ ਕਿਹਾ ਸੀ ਪਰ ਉਸ ਅੱਖਾਂ ਨੂੰ ਗਿੱਲੀਆਂ ਨਹੀਂ ਸੀ ਹੋਣ ਦਿੱਤਾ। ਦੇਸ਼ ਦੀ ਰੱਖਿਆ ਕਰਦਿਆਂ ਪੁੱਤ ਦੀ ਮੌਤ ’ਤੇ ਉਸਨੂੰ ਅਥਾਹ ਮਾਣ ਸੀ।
“ਦੇਖ ਮਾਈ, ਸਾਨੂੰ ਤਾਂ ਵਿਚੋਂ ਕੁਝ ਮਿਲਣਾ ਨਹੀਂ, ਪਰ ਕਈ ਤੇਰੇ ਵਰਗੀਆਂ ਝੂਠੀਆਂ-ਸੱਚੀਆਂ ਪੈਨਸ਼ਨਾਂ ਲੁਆ ਜਾਂਦੀਆਂ ਹਨ ਤੇ ਬਾਅਦ ਵਿਚ ਅਸੀਂ ਇਨਕੁਆਰੀਆਂ ਭੁਗਤਦੇ ਰਹਿ ਜਾਂਦੇ ਹਾਂ।” ਹਰੀਦਰਸ਼ਨ ਨੇ ਸਾਮੀ ਫਸਾਉਣ ਲਈ ਆਖਰੀ ਤੀਰ ਛੱਡਿਆ ਸੀ।
ਜਿਵੇਂ ਕਿਸੇ ਨੇ ਸਾਧ ਨੂੰ ਚੋਰ-ਉਚੱਕਾ ਕਹਿ ਦਿੱਤਾ ਹੋਵੇ, ਬੁੱਢੀ ਹਰਖ਼ੀ ਹੋਈ ਰੋਣ ਲੱਗ ਪਈ।
“ਦੇਖ ਮਾਈ, ਬਹੁਤੇ ਖੇਖਣ ਨਾ ਕਰ, ਕਾਗ਼ਜ਼ ਇੱਥੇ ਛੱਡ ਜਾ, ਸਰਕਾਰੀ ਕਾਰਵਾਈ ਹੁੰਦੇ ਟਾਈਮ ਲੱਗਦਾ ਹੈ।”
ਬੁੱਢੀ ਸੀ ਕਿ ਰੋਈ ਹੀ ਜਾ ਰਹੀ ਸੀ। ਬੁੱਢੀ ਜੋ ਪੁੱਤਰ ਦੇ ਸ਼ਹੀਦ ਹੋਣ ’ਤੇ ਵੀ ਨਹੀਂ ਸੀ ਰੋਈ, ਬੁੱਢੀ ਜਿਸਨੇ ਪਤੀ ਦੇ ਬਰਮਾ ਵਿੱਚ ਦਸ ਸਾਲ ਲਾਪਤਾ ਰਹਿਣ ਦੌਰਾਨ ਵੀ ਦਿਲ ਨਹੀਂ ਸੀ ਛੱਡਿਆ, ਬੁੱਢੀ ਜਿਸਨੂੰ ਆਪਣੇ ਪਤੀ ਅਤੇ ਪੁੱਤ ਦੀ ਕਮਾਈ ਦੀ ਕਮਾਈ ’ਤੇ ਅਥਾਹ ਮਾਣ ਸੀ, ਉਹ ਜਾਰੋ-ਜਾਰ ਰੋਈ ਜਾ ਰਹੀ ਸੀ। ਦਫ਼ਤਰ ਵਿਚ ਬੈਠੀ ਟਾਈਪਿਸਟ ਰੇਨੂੰ ਤੇ ਕਲਰਕ ਮਨਜੀਤੇ ਦੋਵੇਂ ਬੁੱਢੀ ਔਰਤ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਵੇਖ ਰਹੀਆਂ ਸਨ, ਦਫ਼ਤਰ ਦੇ ਦੂਜੇ ਮੁਲਾਜ਼ਮਾਂ ਨੇ ਵੀ ਇਕ ਨਜ਼ਰ ਉਸ ਵੱਲ ਵੇਖਿਆ ਜੋ ਕੁਰਸੀ ਤੋਂ ਉੱਠ ਕੇ ਅੱਖਾਂ ਪੂੰਝਦੀ ਦਫ਼ਤਰ ਵਿਚੋਂ ਬਾਹਰ ਨਿਕਲ ਗਈ ਸੀ।
ਇਸ ਘਟਨਾ ਦੀ ਖ਼ਬਰ ਜਦੋਂ ਸ਼ਰਮਾ ਜੀ ਕੋਲ ਪੁੱਜੀ ਤਾਂ ਉਹ ਬੇਚੈਨ ਹੋ ਉੱਠੇ ਸਨ। ਹਰੀਦਰਸ਼ਨ ਦੀਆਂ ਜ਼ਿਆਦਤੀਆਂ ਬਾਰੇ ਉਹਨਾਂ ਨੂੰ ਪਹਿਲਾਂ ਵੀ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਸਨ, ਪਰ ਉਹਨਾਂ ਖ਼ਾਸ ਤੌਰ ’ਤੇ ਉਸਨੂੰ ਕਦੀ ਕੁਝ ਨਹੀਂ ਸੀ ਕਿਹਾ। ਹਾਂ, ਸਾਰਿਆਂ ਨੂੰ ਇਕੋ ਨਸੀਹਤਨੁਮਾ ਚਿਤਾਵਨੀ ਜ਼ਰੂਰ ਦਿੰਦੇ ਕਿ ਕਿਸੇ ਨੂੰ ਵੀ ਦਫ਼ਤਰ ਵਿਚ ਰਹਿੰਦੇ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਮੇਰਾ ਜਾਂ ਤੁਹਾਡਾ ਅਪਮਾਨ ਹੋਵੇ। ਕਦੀ ਵੀ ਕਿਸੇ ਦੀ ਜੇਬ ਕੱਟਣ ਦੀ ਕੋਸ਼ਿਸ਼ ਨਾ ਕਰੋ।
ਇਸ ਘਟਨਾ ਨੇ ਸ਼ਰਮਾ ਜੀ ਨੂੰ ਅੱਚਵੀ ਜਿਹਾ ਲਾ ਦਿੱਤੀ। ਉਹਨਾਂ ਦਾ ਦਿਲ ਕੀਤਾ ਕਿ ਉਹ ਚਪੜਾਸੀ ਨੂੰ ਬੱਸ ਅੱਡੇ ਤੱਕ ਭੇਜਣ ਅਤੇ ਉਸ ਔਰਤ ਨੂੰ ਵਾਪਸ ਬੁਲਾ ਲੈਣ ਲਈ ਕਹਿਣ। ਕਈ ਚਿਰ ਉਹ ਦਫ਼ਤਰ ਵਿੱਚ ਟਹਿਲਦੇ ਰਹੇ। ਆਖਿਰ ਉਹਨਾਂ ਘੰਟੀ ਵਜਾਈ। ਚਪੜਾਸੀ ਆਇਆ। ਉਹਨਾਂ ਹਰੀਦਰਸ਼ਨ ਨੂੰ ਬੁਲਾਉਣ ਲਈ ਕਿਹਾ।
ਹਰੀਦਰਸ਼ਨ ਆਇਆ ਸੀ।
“ਸਾਅਬ ਮੈਨੂੰ ਬੁਲਾਇਆ?”
“ਹਾਂ, ਉਸ ਬੁੱਢੀ ਔਰ ਦੇ ਸੰਬੰਧ ਵਿਚ ਤੈਨੂੰ ਬੁਲਾਇਆ ਏ।”
ਉਹ ਸਮਝ ਗਿਆ ਕਿ ਉਸ ਘਟਨਾ ਦੀ ਖ਼ਬਰ ਸ਼ਰਮਾ ਜੀ ਤੱਕ ਪੁੱਜ ਗਈ ਏ।
“ਜੀ ਕਾਗ਼ਜ਼ ਲੈ ਕੇ ਰੱਖ ਲਏ ਨੇ।” ਹਰੀਦਰਸ਼ਨ ਅੱਧੀ ਕੁ ਗੱਲ ਦੱਸ ਕੇ ਚੁੱਪ ਕਰ ਗਿਆ।
“ਦੇਖ ਬਈ ਹਰੀਦਰਸ਼ਨ! ਜਿਨ੍ਹਾਂ ਨੇ ਕੌਮ ਨੂੰ ਰੌਸ਼ਨੀ ਦੇਣ ਲਈ ਆਪਣੀ ਚਰਬੀ ਬਾਲੀ ਹੋਵੇ, ਉਹਨਾਂ ਨੂੰ ਹੁਣ ਹਨੇਰੇ ਵਿੱਚ ਰੱਖੀਏ ਤਾਂ ਇਹ ਇਨਸਾਫ਼ ਨਹੀਂ ਹੋਵੇਗਾ।” ਸ਼ਰਮਾ ਜੀ ਕਹਿੰਦੇ-ਕਹਿੰਦੇ ਭਾਵੁਕ ਹੋ ਗਏ ਸਨ। ਉਹਨਾਂ ਦੀਆਂ ਅੱਖਾਂ ਵਿਚੋਂ ਪਾਣੀ ਚਮਕ ਪਿਆ।
“ਉਹ ਬੁੱਢੀ ਔਰਤ ਰੋਂਦੀ ਕਾਹਤੋਂ ਗਈ ਆ?” ਸ਼ਰਮਾ ਜੀ ਨੇ ਸਿੱਧੇ ਘਟਨਾ ਬਾਰੇ ਪੁੱਛਣਾ ਹੀ ਠੀਕ ਸਮਝਿਆ।
“ਸਾਅਬ, ਹੈ ਤਾਂ ਜ਼ਨਾਨੀ ਆਖਰ, ਕੀ ਹੋਇਆ ਜੇ ਅਜ਼ਾਦੀ ਘੁਲਾਟੀਏ ਦੀ ਪਤਨੀ ਹੈ।” ਹਰੀਦਰਸ਼ਨ ਬਾਰੇ ਉਹਨਾਂ ਬਹੁਤ ਕੁਝ ਸੁਣ ਰੱਖਿਆ ਸੀ, ਪਰ ਉਹ ਦੇਖ ਪਹਿਲੀ ਵਾਰ ਰਹੇ ਸਨ। ਉਹਨਾਂ ਨੂੰ ਉਮੀਦ ਸੀ ਕਿ ਹਰੀਦਰਸ਼ਨ ਆਪਣੀ ਗ਼ਲਤੀ ਮੰਨ ਲਵੇਗਾ ਪਰ ਉਹ ਇੰਜ ਕਰਦਾ ਨਹੀਂ ਸੀ ਜਾਪਦਾ।
“ਦੇਖ ਬਈ ਹਰੀਦਰਸ਼ਨ, ਇੰਜ ਇਸ ਦਫ਼ਤਰ ਵਿਚ ਨਹੀਂ ਚੱਲਣਾ।” ਸ਼ਰਮਾ ਜੀ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ ਜਿਸਦਾ ਅਰਥ ਸੀ ਕਿ ਜੇ ਹਰੀਦਰਸ਼ਨ ਨਾ ਸੁਧਰਿਆ ਤਾਂ ਉਸ ਵਿਰੁੱਧ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਇੱਥੇ ਆ ਕੇ ਹਰੀਦਰਸ਼ਨ ਦੇ ਹਉਂ ਨੂੰ ਸੱਟ ਵੱਜੀ ਸੀ ਤੇ ਉਹ ਭਰਿਆ-ਪੀਤਾ ਦਫ਼ਤਰ ਵਿਚੋਂ ਬਾਹਰ ਨਿਕਲ ਗਿਆ ਸੀ।
ਸ਼ਰਮਾ ਜੀ ਨੂੰ ਇਸ ਦਫ਼ਤਰ ਵਿੱਚ ਇਹ ਅਹੁਦਾ ਸੰਭਾਲੇ ਨੂੰ ਸਾਲ ਕੁ ਹੋਣ ਵਾਲਾ ਸੀ। ਪੜ੍ਹਾਈ ਮਗਰੋਂ ਇਹ ਉਹਨਾਂ ਦੀ ਪਹਿਲੀ ਨੌਕਰੀ ਸੀ। ਉਹਨਾਂ ਦੇ ਸਾਥੀਆਂ ਦਾ ਕਹਿਣਾ ਸੀ ਕਿ ਸ਼ਰਮਾ ਜੀ ਨੂੰ ਚੰਗਾ ਵਿਭਾਗ ਮਿਲ ਗਿਆ ਹੈ, ਜਿੰਨੀ ਮਰਜ਼ੀ ਕਮਾਈ ਕਰ ਲਵੋ। ਪਰ ਇਹ ਗੱਲ ਸ਼ਰਮਾ ਜੀ ਦੇ ਸੋਚ ਤੋਂ ਬਾਹਰ ਸੀ। ਉਹਨਾਂ ਕਦੀ ਤਨਖਾਹ ਤੋਂ ਉਪਰ ਇੱਕ ਪੈਸਾ ਵੀ ਨਹੀਂ ਸੀ ਕਮਾਇਆ। ਕੰਮ ਕਰਾਉਣ ਆਏ ਬੰਦਿਆਂ ਤੋਂ ਜਾਂ ਹੇਠਲੇ ਮੁਲਾਜ਼ਮਾਂ ਤੋਂ ਮੂੰਹ ਪਾੜ ਕੇ ਹਿੱਸਾ ਕਿੰਜ ਮੰਗੀਦਾ ਹੈ, ਇਸਦੀ ਉਹਨਾਂ ਨੂੰ ਜਾਚ ਨਹੀਂ ਸੀ, ਇਹ ਜਾਚ ਉਹ ਸਿੱਖਣਾ ਵੀ ਨਹੀਂ ਸਨ ਚਾਹੁੰਦੇ। ਬੱਸ ਉਹਨਾਂ ਨੂੰ ਇੰਜ ਹੀ ਤਸੱਲੀ ਸੀ। ਸ਼ਰਮਾ ਜੀ ਦੇ ਸਾਥੀ ਉਹਨਾਂ ਨੂੰ ਪੁਰਾਣੇ ਖ਼ਿਆਲਾਂ ਵਾਲਾ ਆਖਦੇ ਸਨ।
ਸ਼ੁਰੂ ਤੋਂ ਹੀ ਸ਼ਰਮਾ ਜੀ ਦਾ ਸੁਭਾਅ ਇਹੋ ਜਿਹਾ ਸੀ। ਉਹਨਾਂ ਕਦੇ ਲੋੜ ਪੈਣ ’ਤੇ ਵੀ ਝੂਠ ਨਹੀਂ ਸੀ ਬੋਲਿਆ। ਕਾਲਜ ਦੇ ਦਿਨਾਂ ਦੀ ਗੱਲ ਹੈ, ਜਦੋਂ ਵੋਟਾਂ ਪੈ ਰਹੀਆਂ ਸਨ। ਵੋਟਾਂ ਲਈ ਕਾਲਜ ਦੇ ਦੋਵੇਂ ਧੜੇ ਆਪੋ ਆਪਣਾ ਜ਼ੋਰ ਲਾ ਰਹੇ ਸਨ। ਚੋਣਾਂ ਵਾਲੇ ਦਿਨ ਕਾਲਜ ਵਿੱਚ ਕਾਫ਼ੀ ਤਨਾਅ ਸੀ। ਅੰਦਰ ਵੋਟਾਂ ਪੈ ਰਹੀਆਂ ਸਨ ਤੇ ਗੇਟ ਦੇ ਬਾਹਰ ਦੋਵੇਂ ਧੜੇ ਨਤੀਜੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹਰ ਧੜੇ ਦੇ ਮੁੰਡੇ ਵੋਟ ਪਾ ਕੇ ਨਿਕਲ ਰਹੇ ਵਿਦਿਆਰਥੀਆਂ ਨੂੰ ਉਹਨਾਂ ਦੇ ਵੋਟ ਬਾਰੇ ਪੁੱਛ ਰਹੇ ਸਨ। ਜਦ ਸ਼ਰਮਾ ਜੀ ਆਏ ਤਾਂ ਇੱਕ ਧੜੇ ਦੇ ਮੁੰਡਿਆਂ ਵਿਚੋਂ ਕਿਸੇ ਇੱਕ ਨੇ ਸੁਆਲ ਕੀਤਾ ਸੀ,“ਕਿਉਂ ਸ਼ਰਮਾ ਜੀ, ਵੋਟ ਕਿਸਨੂੰ ਪਾਈ ਆ?”
ਸ਼ਰਮਾ ਜੀ ਨੇ ਵੋਟ ਦਾ ਇਸਤੇਮਾਲ ਉਹਨਾਂ ਮੁੰਡਿਆਂ ਦੇ ਵਿਰੋਧੀ ਧੜੇ ਦੇ ਹੱਕ ਵਿਚ ਕੀਤਾ ਸੀ। ਉਹਨਾਂ ਇਸ ਬਾਰੇ ਮੁੰਡਿਆਂ ਨੂੰ ਦੱਸ ਦਿੱਤਾ। ਜੁਆਬ ਸੁਣਕੇ ਮੁੰਡਿਆਂ ਦੀ ਭੀੜ ਵਿਚੋਂ ਗੁੱਸੇ ਵਿਚ ਆਏ ਕਿਸੇ ਨੇ ਤਾੜ ਕਰਦਾ ਥੱਪੜ ਸ਼ਰਮਾ ਜੀ ਦੇ ਮੂੰਹ ’ਤੇ ਜੜ ਦਿੱਤਾ। ਉਹਨਾਂ ਦੇ ਥੱਪੜ ਖਾਣ ਦੀ ਘਟਨਾ ਕਈ ਦਿਨ ਕਾਲਜ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ। ਅਖੀਰ ਵਿਚ ਥੱਪੜ ਮਾਰਨ ਵਾਲਾ ਮੁੰਡਾ ਮੁਆਫ਼ੀ ਮੰਗ ਕੇ ਛੁੱਟਿਆ ਸੀ।
ਇਸ ਘਟਨਾ ਨੂੰ ਵੇਖਦਿਆਂ ਸ਼ਰਮਾ ਜੀ ਦੇ ਦੋਸਤਾਂ ਨੇ ਕਿਹਾ ਸੀ ਕਿ ਤਨਾਅ ਵਿਚ ਖੜ੍ਹੇ ਮੁੰਡਿਆਂ ਅੱਗੇ ਸੱਚ ਬੋਲਣ ਦੀ ਕੋਈ ਲੋੜ ਨਹੀਂ ਸੀ। ਪ੍ਰੋਫ਼ੈਸਰ ਫੁੱਲ ਹੁਰਾਂ ਵੀ ਕਿਹਾ ਸੀ ਕਿ ਥੋੜ੍ਹਾ ਜਿਹਾ ਝੂਠ ਬੋਲਣ ਨਾਲ ਇਹ ਘਟਨਾ ਟਾਲੀ ਜਾ ਸਕਦੀ ਸੀ। ਪਰ ਸ਼ਰਮਾ ਜੀ ਦਾ ਕਹਿਣਾ ਸੀ ਕਿ ਕਿਉਂਕਿ ਉਹਨਾਂ ਉਸ ਦੇ ਵਿਰੋਧੀ ਧਿਰ ਨੂੰ ਵੋਟ ਪਾਈ ਸੀ, ਇਸ ਲਈ ਉਹਨਾਂ ਸਪੱਸ਼ਟ ਦੱਸ ਦਿੱਤਾ ਸੀ।
ਸ਼ਰਮਾ ਜੀ ਦੀ ਆਦਤ ਨੂੰ ਵੇਖਦਿਆਂ ਉਹਨਾਂ ਦੇ ਕਈ ਸਾਥੀ ਆਖਦੇ,“ਸ਼ਰਮਾ ਜੀ, ਲੰਘ ਚੁੱਕੇ ਵਕਤ ਦੀਆਂ ਗੱਲਾਂ ਛੱਡੋ, ਸਮੇਂ ਦੀ ਤੋਰ ਪਛਾਣੋ।”
ਸਾਥੀ ਬਹਿਸਣ ਦੀ ਰੌਂਅ ਵਿਚ ਹੁੰਦੇ ਪਰ ਸ਼ਰਮਾ ਜੀ ਕਦੀ ਨਾ ਬਹਿਸਦੇ। ਨਾ ਉਹ ਇਸਨੂੰ ਬਹਿਸਣ ਵਾਲਾ ਮਸਲਾ ਸਮਝਦੇ ਸਨ। ਉਹਨਾਂ ਮੁਤਾਬਿਕ ਬਹਿਸ ਸਿਰਫ਼ ਉਸ ਗੱਲ ’ਤੇ ਹੁੰਦੀ ਹੈ ਜਿਸ ਪ੍ਰਤੀ ਸ਼ੰਕੇ ਜਾਂ ਭੁਲੇਖੇ ਹੋਣ। ਇਸ ਲਈ ਉਹ ਗੱਲ ਸਿਰਫ਼ ਇਸ ਇਕ ਕਥਨ ਨਾਲ ਹੀ ਖ਼ਤਮ ਕਰ ਦਿੰਦੇ,“ਮਿੱਤਰੋ, ਤੁਸੀਂ ਦੱਸੋ, ਝੂਠ ਕਦੀ ਸੱਚ ਬਣਿਆ?”
ਸ਼ਰਮਾ ਜੀ ਦਾ ਇਹੋ ਸੁਭਾਅ ਨੌਕਰੀ ਵੇਲੇ ਵੀ ਬਣਿਆ ਰਿਹਾ। ਜਦੋਂ ਉਹਨਾਂ ਇਥੇ ਆ ਕੇ ਅਹੁਦਾ ਸੰਭਾਲਿਆ ਤਾਂ ਚਾਰਜ ਦੇਣ ਵਾਲੇ ਅਫ਼ਸਰ ਨੇ ਆਪਣੇ ਤਜਰਬੇ ਦੀਆਂ ਗੱਲਾਂ ਦੱਸਦਿਆਂ ਸ਼ਰਮਾ ਜੀ ਨੂੰ ਖ਼ਬਰਦਾਰ ਕੀਤਾ ਸੀ ਕਿ ਜੇ ਉਹ ਪੰਜ-ਸੱਤ ਸਾਲ ਇਸ ਦਫ਼ਤਰ ਵਿਚ ਅਰਾਮ ਨਾਲ ਕੱਟਣਾ ਚਾਹੁੰਦੇ ਹਨ ਤਾਂ ਉਹ ਦਫ਼ਤਰ ਦੇ ਦੋ ਬੰਦਿਆਂ ਹਰੀਦਰਸ਼ਨ ਅਤੇ ਇੰਦਰ ਤੋਂ ਸੁਚੇਤ ਰਹਿਣ ਅਤੇ ਹਰ ਹੀਲੇ ਇਹਨਾਂ ਨਾਲ ਬਣਾ ਕੇ ਰੱਖਣ। ਇਹ ਦੋ ਬੰਦੇ ਸਨ ਜਿਹੜੇ ਅਫ਼ਸਰ ਦੇ ਪੇਰ ਨਹੀਂ ਸਨ ਲੱਗਣ ਦਿੰਦੇ। ਦੋਵੇਂ ਯੂਨੀਅਨ ਦੇ ਲੀਡਨ ਸਨ ਅਤੇ ਉਹਨਾਂ ਦੀ ਪਹੁੰਚ ਅਤੇ ਸੰਬੰਧ ਦੂਰ ਤੱਕ ਸਨ।
ਸ਼ਰਮਾ ਜੀ ਖ਼ੁਦ ਕਿਸੇ ਨਾਲ ਵਿਗਾੜਣਾ ਨਹੀਂ ਸਨ ਚਾਹੁੰਦੇ ਬਸ਼ਰਤੇ ਕਿ ਹਰ ਕੰਮ ਇਮਾਨਦਾਰੀ ਨਾਲ ਹੁੰਦਾ ਰਹੇ। ਉਹਨਾਂ ਨੂੰ ਨੌਕਰੀ ਲੱਗਿਆ ਚਾਰ ਕੁ ਮਹੀਨੇ ਹੀ ਹੋਏ ਸਨ ਜਦੋਂ ਵੱਡੇ ਅਫ਼ਸਰ ਨੇ ਇਕ ਮੀਟਿੰਗ ਮਗਰੋਂ ਉਹਨਾਂ ਨੂੰ ਰੋਕ ਲਿਆ ਸੀ।
“ਹੋਰ ਬਈ ਸੁਣਾ, ਕੀ ਹਾਲ ਹੈ ਤੇਰੇ ਦਫ਼ਤਰ ਦਾ?”
“ਠੀਕ ਹੈ ਜੀ।” 
“ਕਦੀ ਲੋੜ ਪਈ ਤਾਂ ਦੱਸੀਂ, ਘਬਰਾਈਂ ਨਾ।” ਵੱਡੇ ਅਫ਼ਸਰ ਦੀ ਹੱਲਾਸ਼ੇਰੀ ਨਾਲ ਸ਼ਰਮਾ ਜੀ ਕੁਝ ਹੋਰ ਦ੍ਰਿੜ੍ਹ ਹੋ ਗਏ।
“ਅੱਛਾ ਇੰਜ ਕਰੀਂ, ਤੇਰੇ ਦਫ਼ਤਰ ਦੇ ਨੇੜੇ ਦੁਕਾਨ ਹੈ ਨਾ, ਉਥੋਂ ਇਕ ਕੱਪੜੇ ਧੋਣ ਵਾਲੀ ਮਸ਼ੀਨ ਸਾਡੇ ਘਰ ਭਿਜਵਾ ਦੇਵੀਂ।”
“ਜੀ।” ਕਹਿਣ ਨੂੰ ਤਾਂ ਸ਼ਰਮਾ ਜੀ ਕਹਿ ਗਏ ਸਨ ਪਰ ਮਸ਼ੀਨ ਲੈਣ ਲਈ ਸੱਤ-ਅੱਠ ਹਜ਼ਾਰ ਰੁਪਏ ਦੀ ਲੋੜ ਸੀ। ਸ਼ਰਮਾ ਜੀ ਦੇ ਦਫ਼ਤਰ ਲਾਗੇ ਕੋਈ ਦੁਕਾਨ ਹੈ ਵੀ ਕਿ ਨਹੀਂ, ਇਸਦਾ ਉਹਨਾਂ ਨੂੰ ਨਹੀਂ ਸੀ ਪਤਾ। ਇਸ ਗੱਲ ਨੂੰ ਹਫ਼ਤਾ ਕੁ ਹੋ ਗਿਆ। ਉਹ ਕਾਫੀ ਪ੍ਰੇਸ਼ਾਨ ਰਹੇ। ਉਸ ਦਿਨ ਪਤਾ ਨਹੀਂ ਹਰੀਦਰਸ਼ਨ ਕਿਸ ਕੰਮ ਲਈ ਉਹਨਾਂ ਕੋਲ ਬੈਠਾ ਸੀ ਤਾਂ ਉਹ ਦਫ਼ਤਰ ਦੇ ਦੂਜੇ ਮੁਲਾਜ਼ਮਾਂ ਦੇ ਸੁਭਾਅ ਬਾਰੇ ਗੱਲਾਂ ਕਰਨ ਲੱਗ ਪਿਆ। ਚੱਲਦੀ-ਚੱਲਦੀ ਗੱਲ ਵੱਡੇ ਅਫ਼ਸਰ ਤੱਕ ਪੁੱਜ ਗਈ। ਹਰੀਦਰਸ਼ਨ ਨੇ ਦੱਸਿਆ ਕਿ ਉਸ ਅਫ਼ਸਰ ਨੇ ਪਿਛਲੇ ਥੋੜ੍ਹੇ ਜਿੰਨੇ ਅਰਸੇ ਵਿਚ ਲੱਖਾਂ ਰੁਪਏ ਇਕੱਠੇ ਕੀਤੇ ਹਨ।
ਸ਼ਰਮਾ ਜੀ ਨੂੰ ਉਸ ਦੀਆਂ ਗੱਲਾਂ ’ਤੇ ਯਕੀਨ ਨਹੀਂ ਸੀ ਆ ਰਿਹਾ।
“ਇਕ ਗੱਲ ਹੋਰ, ਵੱਡੇ ਸਾਅਬ ਨੇ ਅਸਲ ਵਿਚ ਤੁਹਾਡੇ ਕੋਲੋਂ ਕੱਪੜੇ ਧੋਣ ਵਾਲੀ ਮਸ਼ੀਨ ਨਹੀਂ ਮੰਗੀ ਸਗੋਂ ਪਿਛਲੇ ਚਾਰ ਮਹੀਨਿਆਂ ਵਿਚ ਤੁਹਾਡੇ ਵੱਲੋਂ ਕੀਤੀ ਉਪਰਲੀ ਕਮਾਈ ਵਿਚੋਂ ਆਪਣਾ ਹਿੱਸਾ ਮੰਗਿਆ ਹੈ।” ਹਰੀਦਰਸ਼ਨ ਨੇ ਦੱਸਿਆ ਸੀ।
ਸ਼ਰਮਾ ਜੀ ਹੈਰਾਨ ਸਨ ਕਿ ਉਸ ਗੱਲ ਦਾ ਹਰੀਦਰਸ਼ਨ ਨੂੰ ਕਿਵੇਂ ਪਤਾ ਲੱਗ ਗਿਆ। ਪਹਿਲਾਂ ਤਾਂ ਉਹਨਾਂ ਨੂੰ ਉਮੀਦ ਸੀ ਕਿ ਵੱਡਾ ਅਫ਼ਸਰ ਮਸ਼ੀਨ ਦੇ ਪੈਸੇ ਚਪੜਾਸੀ ਹੱਥ ਭਿਜਵਾ ਦੇਵੇਗਾ ਪਰ ਹਰੀਦਰਸ਼ਨ ਦੀ ਗੱਲ ਸੁਣਨ ਮਗਰੋਂ ਉਹਨਾਂ ਨੂੰ ਇਹ ਆਸ ਖ਼ਤਮ ਹੋ ਗਈ ਸੀ। ਉਹਨਾਂ ਸੋਚਿਆ ਸੀ ਕਿ ਉਹ ਵੱਡੇ ਅਫ਼ਸਰ ਨੂੰ ਸਾਫ਼ ਕਹਿ ਦੇਣਗੇ ਕਿ ਉਹਨਾਂ ਲੋਕਾਂ ਤੋਂ ਕੋਈ ਰਿਸ਼ਵਤ ਨਹੀਂ ਲਈ ਅਤੇ ਨਾ ਉਹ ਲੈਣਗੇ। ਇਸ ਲਈ ਉਹ ‘ਹਿੱਸਾ ਪੱਤੀ’ ਦੇਣ ਦੇ ਸਮਰੱਥ ਨਹੀਂ।
ਉਹ ਬੜੀ ਉਲਝਣ ਵਿਚ ਸਨ, ਜਦੋਂ ਵੱਡੇ ਅਫ਼ਸਰ ਨੇ ਚਪੜਾਸੀ ਭੇਜ ਕੇ ਉਹਨਾਂ ਨੂੰ ਬੁਲਾਇਆ ਸੀ। ਉਹ ਗਏ ਸਨ। ਵੱਡੇ ਅਫ਼ਸਰ ਨੇ ਦਫ਼ਤਰ ਦੇ ਹਾਲ ਬਾਰੇ ਪੁੱਛਿਆ ਸੀ ਅਤੇ ਤਾਕੀਦ ਕੀਤੀ ਸੀ ਕਿ ਉਹ ਦਫ਼ਤਰ ਵਿਚ ਅਨੁਸ਼ਾਸਨ ਕਾਇਮ ਰੱਖਣ। ਕੱਪੜੇ ਧੋਣ ਵਾਲੀ ਮਸ਼ੀਨ ਬਾਰੇ ਉਹਨਾਂ ਕੋਈ ਗੱਲ ਨਹੀਂ ਸੀ ਕੀਤੀ। ਸ਼ਰਮਾ ਜੀ ਖ਼ੁਦ ਇਸ ਬਾਰੇ ਗੱਲ ਕਰਨਾ ਚਾਹੁੰਦੇ ਸਨ ਪਰ ਉਹਨਾਂ ਨੂੰ ਵੱਡੇ ਅਫ਼ਸਰ ਦਾ ਵਤੀਰਾ ਪਹਿਲਾਂ ਨਾਲੋਂ ਰੁੱਖਾ ਲੱਗਾ ਸੀ। ਇਸ ਲਈ ਉਹ ਗੱਲ ਕਰਨ ਦਾ ਹੌਂਸਲਾ ਨਹੀਂ ਸਨ ਕਰ ਸਕੇ। ਦਫ਼ਤਰ ਵਿਚ ਕਿਸ ਅਨੁਸ਼ਾਸਨਹੀਣਤਾ ਵੱਲ ਵੱਡੇ ਅਫ਼ਸਰ ਦਾ ਇਸ਼ਾਰਾ ਸੀ, ਉਹ ਸਮਝ ਨਹੀਂ ਸਨ ਸਕੇ।
ਜਦੋਂ ਸ਼ਰਮਾ ਜੀ ਆਪਣੇ ਦਫ਼ਤਰ ਪੁੱਜੇ ਤਾਂ ਹਰੀਦਰਸ਼ਨ ਉਹਨਾਂ ਵੱਲ ਇੰਜ ਵੇਖ ਰਿਹਾ ਸੀ ਜਿਵੇਂ ਸ਼ਰਮਾ ਜੀ ਨਾਲ ਹੋਈ ਬੀਤੀ ਬਾਰੇ ਸਭ ਕੁਝ ਜਾਣਦਾ ਹੋਵੇ। ਭਾਵੇਂ ਉਹਨਾਂ ਕੋਈ ਕਸੂਰ ਨਹੀਂ ਸੀ ਕੀਤਾ ਪਰ ਫਿਰ ਵੀ ਉਹ ਨੀਵੀਂ ਪਾ ਕੇ ਦਫ਼ਤਰ ਵਿਚ ਜਾ ਬੈਠੇ ਸਨ।
ਇਸ ਤੋਂ ਬਾਅਦ ਵੱਡੇ ਅਫ਼ਸਰ ਦਾ ਵਤੀਰਾ ਦਿਨ-ਬ-ਦਿਨ ਰੁੱਖਾ ਅਤੇ ਵਧੇਰੇ ਸਖ਼ਤ ਹੁੰਦਾ ਗਿਆ ਸੀ। ਹਰੀਦਰਸ਼ਨ ਨੇ ਕਈ ਵਾਰ ਸਲਾਹ ਵੀ ਦਿੱਤੀ ਕਿ ਸ਼ਰਮਾ ਜੀ ਥੋੜ੍ਹੀ ਜਿਹੀ ਰਕਮ ਲਿਫ਼ਾਫ਼ੇ ਵਿਚ ਪਾ ਕੇ ਵੱਡੇ ਅਫ਼ਸਰ ਦੇ ਮੇਜ਼ ’ਤੇ ਰੱਖ ਆਉਣ, ਪਰ ਸ਼ਰਮਾ ਜੀ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਸਨ ਕਿ ਆਖਦੇ ਸਨ ਕਿ ਇੰਜ ਕਰਦਿਆਂ ਉਹ ਆਤਮ-ਗਿਲਾਨੀ ਮਹਿਸੂਸ ਕਰਦੇ ਹਨ।
ਸ਼ਰਮਾ ਜੀ ਨੂੰ ਇਸ ਗੱਲ ਤੋਂ ਹੋਰ ਵੀ ਪ੍ਰੇਸ਼ਾਨੀ ਸੀ ਕਿ ਉਹਨਾਂ ਪ੍ਰਤੀ ਵੱਡੇ ਅਫ਼ਸਰ ਦੇ ਰੁੱਖੇ ਵਤੀਰੇ ਤੋਂ ਹਰੀਦਰਸ਼ਨ ਤੇ ਉਸਦੇ ਸਾਥੀ ਚੰਗੀ ਤਰ੍ਹਾਂ ਜਾਣੂ ਸਨ। ਇਸ ਤਰ੍ਹਾਂ ਉਹਨਾਂ ਨੂੰ ਦਫ਼ਤਰ ਵਿਚ ਅਨੁਸ਼ਾਸਨ ਕਾਇਮ ਰੱਖਣ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ। ਕਈ ਵਾਰੀ ਉਹ ਵਕਤੀ ਤੌਰ ’ਤੇ ਹੌਂਸਲਾ ਵੀ ਛੱਡ ਜਾਂਦੇ ਪਰ ਫਿਰ ਵੀ ਉਹ ਕਦੇ ਸੱਚ ਝੂਠ ਦੀ ਪਛਾਣ ਨਹੀਂ ਸੀ ਭੁੱਲੇ।
ਉਸ ਦਿਨ ਤਾਂ ਹਰੀਦਰਸ਼ਨ ਨੇ ਹੱਦ ਹੀ ਕਰ ਦਿੱਤੀ। ਮ੍ਰਿਤਕ ਅਜ਼ਾਦੀ ਘੁਲਾਟੀਏ ਦੀ ਬੁੱਢੀ ਪਤਨੀ ਤੋਂ ਵੀ ਅਸਿੱਧੇ ਢੰਗ ਨਾਲ ‘ਮਿਹਨਤਾਨਾ’ ਮੰਗ ਲਿਆ ਸੀ। ਇਸ ਮਸਲੇ ਨੂੰ ਲੈ ਕੇ ਦਫ਼ਤਰ ਵਿਚ ਵਿਵਾਦ ਖੜ੍ਹਾ ਹੋ ਗਿਆ ਅਤੇ ਹਰੀਦਰਸ਼ਨ ਅਤੇ ਉਸਦੇ ਸਾਥੀਆਂ ਨੇ ਸ਼ਰਮਾ ਜੀ ਦੇ ਪੱਖ ਨੂੰ ਹੋਰ ਦਾ ਹੋਰ ਦਾ ਹੋਰ ਬਣਾ ਕੇ ਯੂਨੀਅਨ ਤੱਕ ਪੁਚਾ ਦਿੱਤਾ ਸੀ ਅਤੇ ਹੜਤਾਲ ਸ਼ੁਰੂ ਕਰ ਦਿੱਤੀ ਸੀ।
ਅੱਜ ਹੜਤਾਲ ਦਾ ਤੀਜਾ ਦਿਨ ਸੀ। ਬਾਹਰ ਮੁਲਾਜ਼ਮ ਸ਼ਰਮਾ ਜੀ ਦੇ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ। ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਵੀ ਸਨ, ਕਮਰਿਆਂ ਨੂੰ ਤਾਲੇ ਮਾਰ ਕੇ ਉਹਨਾਂ ਨੂੰ ਵੀ ਬਾਹਰ ਹੀ ਡੱਕ ਲਿਆ। 
ਸ਼ਰਮਾ ਜੀ ਖਿੜਕੀ ਵਿਚੋਂ ਬਾਹਰ ਹੁੰਦੀ ਹੁੱਲੜਬਾਜ਼ੀ ਨੂੰ ਦੇਖ ਰਹੇ ਸਨ ਜਦੋਂ ਵੱਡੇ ਅਫ਼ਸਰ ਦਾ ਫ਼ੋਨ ਆਇਆ। ਉਹਨਾਂ ਕਿਹਾ ਕਿ ਇਸ ਇਸ ਮਾਮੂਲੀ ਮਸਲੇ ਨੂੰ ਏਨਾ ਵੱਡਾ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ। ਜਿਵੇਂ ਨਾ ਕਿਵੇਂ ਮੁਲਾਜ਼ਮਾਂ ਨੂੰ ਮਾਨ ਕੇ ਕੰਮ ਸ਼ੁਰੂ ਕੀਤਾ ਜਾਵੇ।
ਸ਼ਰਮਾ ਜੀ ਤਾਂ ਆਪ ਇਹੋ ਚਾਹੁੰਦੇ ਸਨ ਕਿ ਮੁਲਾਜ਼ਮ ਕੰਮ ਸ਼ੁਰੂ ਕਰਨ ਪਰ ਮੁਲਾਜ਼ਮ ਮੰਗ ਕਰ ਰਹੇ ਸਨ ਕਿ ਸ਼ਰਮਾ ਜੀ ਹਰੀਦਰਸ਼ਨ ਨਾਲ ਕੀਤੇ ਦੁਰਵਰਤਾਉ ਦੀ ਮੁਆਫ਼ੀ ਮੰਗਣ। ਸ਼ਰਮਾ ਜੀ ਨੇ ਕਿਸ ਨਾਲ ਕਦੋਂ ਮਾੜਾ ਵਰਤਾਉ ਕੀਤਾ ਹੈ, ਇਹ ਉਹਨਾਂ ਨੂੰ ਖ਼ੁਦ ਨਹੀਂ ਸੀ ਪਤਾ।
ਆਪੋ ਆਪਣੇ ਕੰਮ ਕਰਾਉਣ ਆਏ ਲੋਕ ਦੁਪਹਿਰ ਤੱਕ ਉਡੀਕ ਕੇ ਘਰੋ-ਘਰੀ ਵਾਪਸ ਚਲੇ ਗਏ, ਉਹ ਬੁੱਢੀ ਔਰਤ ਵੀ ਬੜੀ ਮੁਸ਼ਕਿਲ ਨਾਲ ਕਮਰ ’ਤੇ ਹੱਥ ਰੱਖ ਕੇ ਤੁਰਦੀ ਚਲੀ ਗਈ ਸੀ।
ਸ਼ਾਮ ਦੇ ਤਿੰਨ ਕੁ ਵਜੇ ਦਾ ਸਮਾਂ ਸੀ ਜਦੋਂ ਵੱਡੇ ਅਫ਼ਸਰ ਦਾ ਫ਼ੋਨ ਆਇਆ ਸੀ। ਬਾਹਰ ਸ਼ਰਮਾ ਜੀ ਵਿਰੁੱਧ ਨਾਅਰੇਬਾਜ਼ੀ ਹੋ ਰਹੀ ਸ।ਿ ਉਹਨਾਂ ਖਿੜਕੀ ਬੰਦ ਕਰਕੇ ਫ਼ੋਨ ਚੁੱਕਿਆ। ਵੱਡੇ ਅਫ਼ਸਰ ਦੀ ਅਵਾਜ਼ ਪਹਿਲਾਂ ਨਾਲੋਂ ਕਾਫ਼ੀ ਸਖ਼ਤ ਸੀ, ਉਹਨਾਂ ਕਿਹਾ ਸੀ ਕਿ ਹਰ ਹਾਲਤ ਵਿਚ ਹੜਤਾਲ ਅੱਜ ਹੀ ਖ਼ਤਮ ਕੀਤੀ ਜਾਵੇ। ਇਸ ਵਾਰ ਵੱਡੇ ਅਫ਼ਸਰ ਨੇ ਸਲਾਹ ਨਹੀਂ ਸਗੋਂ ਹੁਕਮ ਦਿੱਤਾ ਸੀ।
ਅਜੀਬ ਸਨ ਇਹ ਹਾਲਾਤ ਜਿਸ ਵਿਚ ਸ਼ਰਮਾ ਜੀ ਢੁਕਵੇਂ ਨਹੀਂ ਸੀ ਬੈਠ ਰਹੇ। ਉਹ ਕਾਫੀ ਪ੍ਰੇਸ਼ਾਨ ਸਨ। ਹੜਤਾਲ ਖ਼ਤਮ ਕਰਨ ਲਈ ਗੱਲਬਾਤ ਕਰਨ ਲਈ ਉਹ ਕਿਸਦੇ ਹੱਥ ਸੱਦਾ ਭੇਜਣ, ਦਫ਼ਤਰ ਵਿਚ ਤਾਂ ਕੋਈ ਵੀ ਨਹੀਂ ਸੀ। ਹਰੀਦਰਸ਼ਨ ਹੁਰਾਂ ਨੇ ਚਪੜਾਸੀ ਨੂੰ ਵੀ ਦਫ਼ਤਰ ਵਿਚ ਨਹੀਂ ਸੀ ਆਉਣ ਦਿੱਤਾ। ਉਪਰੋਂ ਵੱਡੇ ਅਫ਼ਸਰ ਦਾ ਹੁਕਮ ਕਿ ਹੜਤਾਲ ਹੁਣੇ ਹੀ ਖ਼ਤਮ ਕਰਵਾਈ ਜਾਵੇ। ਇਧਰ ਬਿਨਾਂ ਸਾਹ ਲਏ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਮੁਲਾਜ਼ਮ! ਇਹ ਪਹਿਲਾ ਮੌਕਾ ਸੀ ਜਦੋਂ ਉਹਨਾਂ ਦਾ ਉਤਸ਼ਾਹ ਖਤਮ ਹੋ ਗਿਆ। ਉਹ ਨਿਰਾਸ਼ ਹੋ ਗਏ, ਬਹੁਤ ਹੀ ਨਿਰਾਸ਼! ਪਹਿਲੀ ਵਾਰ ਉਹਨਾਂ ਨੂੰ ਆਪਣਾ ਵਜੂਦ ਖ਼ਤਮ ਹੁੰਦਾ ਜਾਪਿਆ।
ਅਚਾਨਕ ਉਹ ਉੱਠ ਕੇ ਬਾਹਰ ਵੱਲ ਤੁਰ ਪਏ ਜਿੱਥੇ ਮੁਲਾਜ਼ਮ ਹੜਤਾਲ ’ਤੇ ਬੈਠੇ ਨਾਅਰੇਬਾਜ਼ੀ ਕਰ ਰਹੇ ਸਨ। ਹਰੀਦਰਸ਼ਨ ਤੇ ਦੂਜੇ ਸਾਰੇ ਸ਼ਰਮਾ ਜੀ ਵੱਲ ਦੇਖਣ ਲੱਗ ਪਏ ਸਨ। ਸਾਰੇ ਚੁੱਪ ਸਨ। ਸ਼ਰਮਾ ਜੀ ਹੁਣ ਕੀ ਕਹਿਣਗੇ, ਇਹ ਜਾਣਨ ਲਈ ਉਤਸੁਕ ਸਨ। ਕੋਈ ਵੀ ਨਹੀਂ ਬੋਲ ਰਿਹਾ ਸੀ।
“ਮਿਸਟਰ ਸ਼ਰਮਾ-ਮੁਰਦਾਬਾਦ।” ਖ਼ਲਾਅ ਵਿੱਚ ਸਿਰਫ਼ ਇਕ ਨਾਅਰਾ ਗੂੰਜਿਆ ਸੀ......
ਇਹ ਆਵਾਜ਼ ਸ਼ਰਮਾ ਜੀ ਦੀ ਆਪਣੀ ਸੀ..........

-0-

ਮਾਪਿਆਂ ਦਾ ਵਿਛੋੜਾ.......... ਨਜ਼ਮ/ਕਵਿਤਾ / ਚਰਨਜੀਤ ਕੌਰ ਧਾਲੀਵਾਲ (ਸੈਦੋਕੇ)

ਜਦੋ ਪੰਜਾਬ ਤੋ ਆਇਆ ਸੀ,
ਆਪਣੇ ਮਾਪਿਆ ਨੂੰ ਛੱਡ ਕੇ
ਏਹੀ ਕਹਿ ਕੇ ਆਇਆ ਸੀ,
ਉਹਨਾਂ ਦੇ ਗਲ ਲੱਗ ਕੇ
"ਮਾਂ ਤੂੰ ਫਿ਼ਕਰ ਨਾ ਕਰ,
ਮੈ ਛੇਤੀ ਵਾਪਸ ਆਵਾਂਗਾ,
ਕਰਜ਼ੇ ਦੀ ਪੰਡ ਲਾਹ ਕੇ,
ਬਾਪੂ ਦਾ ਬੋਝ ਘਟਾਵਾਂਗਾ
ਗਹਿਣੇ ਪਈ ਛੁਡਾ ਕੇ ਵੀ,
ਲਾਹ ਦਿਊਂ ਗਲੋਂ ਗਰੀਬੀ ਨੂੰ
ਕਿਰਸਾਨਾ ਦੇ ਬਾਦ ਪਈ ਜੋ,
ਬਦਲ ਦਿਊਂ ਬਦਨਸੀਬੀ ਨੂੰ!"
ਦੇਖੋ, ਵਿਚ ਪ੍ਰਦੇਸਾਂ ਪਹੁੰਚ ਗਿਆ,
ਏਥੇ ਆ ਕੇ ਕੀ ਮੈਨੂੰ ਹੋ ਗਿਆ ਏ?
ਇਸ ਮਤਲਬਖ਼ੋਰੀ ਦੁਨੀਆਂ ਵਿਚ,
ਮੇਰਾ ਆਪਣਾਪਣ ਵੀ ਖੋ ਗਿਆ ਏ!
ਘਰ ਛੱਡ ਕੇ 'ਕੱਲੇ ਮਾਪਿਆਂ ਨੂੰ,
(ਪਰ) ਦਿਲੋਂ ਕਦੇ ਨਹੀ ਭੁੱਲਿਆ ਮੈਂ!
ਦਰ-ਦਰ 'ਤੇ ਧੱਕੇ ਖਾਂਦਾ ਰਿਹਾ,
ਲੋਕਾਂ ਦੇ ਪੈਰੀਂ ਰੁਲਿ਼ਆ ਮੈਂ
ਨਾ ਰੋਜ਼ੀ-ਰੋਟੀ ਭਲੀ ਮਿਲੀ,
ਨਾ ਲੱਭਿਆ ਕੋਈ ਟਿਕਾਣਾ ਹੈ,
ਆਪੇ ਨੂੰ ਖ਼ੁਦ ਦੀ ਸੋਚ ਨਹੀਂ,
ਮਾਪੇ ਨੂੰ ਕੀ ਸਮਝਾਣਾ ਹੈ?
ਸੇਵਾ ਲਈ ਦਿਲ ਤਾਂਘ ਵਿਚ ਰਹਿੰਦਾ
ਬੇਬੇ ਬਾਪੂ ਦਾ ਚਾਅ ਹੁੰਦਾ,
ਕਰਜ਼ਾ ਵੀ ਅੱਧਿਓਂ ਡੂੜ੍ਹ ਹੋਇਆ
ਰਾਹ ਪਿੰਡ ਦਾ ਹੁਣ ਨਹੀਂ ਡਾਹ ਦਿੰਦਾ
ਅੱਜ ਸਹੀ, ਬੱਸ ਕੱਲ੍ਹ ਸਹੀ...
ਲੰਘ ਗਏ ਨੇ ਕਿੰਨੇ ਸਾਲ ਦੇਖਲੈ
ਮਾੜੇ ਕਰਮਾਂ ਨੂੰ, ਬਾਪੂ ਗੁਜਰ ਗਿਆ,
ਮਾਂ ਹੋ ਗਈ ਹਾਲੋਂ-ਬੇਹਾਲ ਦੇਖਲੈ
ਦੋ ਅੱਖਰ ਪਾਉਣ ਨਾ ਜਾਣੇਂ ਮਾਂ,
ਦੱਸ ਕੀਹਨੂੰ ਹਾਲ ਸੁਣਾਵੇ ਉਹ?
ਤੋਰ ਪੁੱਤ ਨੂੰ ਵਿਚ ਪ੍ਰਦੇਸਾਂ ਦੇ,
ਹੁਣ 'ਕੱਲੀ ਬਹਿ ਪਛਤਾਵੇ ਉਹ
ਔਸੀਆਂ ਪਾ ਕੇ ਮੰਜੇ ਬੈਠ ਗਈ,
ਦਿਲ ਦਾ ਦੁਖੜਾ ਕੀਹਨੂੰ ਦੱਸੇ ਮਾਂ?
ਘਰ ਨੂੰਹ ਦਾ ਡੋਲਾ ਆਉਣਾ ਸੀ,
ਕਦੇ ਵਿਚ ਖਿ਼ਆਲਾਂ ਹੱਸੇ ਮਾਂ!
ਰਹੀ ਰਾਹ ਤੱਕਦੀ ਅੰਤ ਸਾਸ ਤੀਕਰ,
ਨਾ ਮਾਂ ਦੇ ਦਰਸ਼ਣ ਕਰ ਸਕਿਆ,
ਜਦੋ ਦੋਸਤਾਂ ਆ ਕੇ ਦੱਸਿਆ ਸੀ,
ਨਹੀਂ ਮਾਂ ਦੀ ਬ੍ਰਿਹਾ ਜਰ ਸਕਿਆ
ਮੇਰੇ ਹੋਸ਼-ਹਵਾਸ ਸੀ ਗੁੰਮ ਹੋਏ
ਯਾਰਾਂ ਮਿੱਤਰਾਂ ਨੇ ਸਾਂਭ ਲਿਆ,
ਪੱਥਰ ਦਾ ਦਿਲ ਕਰ ਫਿਰਦਾ ਰਿਹਾ
ਹਾਉਕਾ ਲੈ-ਲੈ ਕੇ ਡਾਂਗ ਜਿਹਾ
ਮਾਂ ਦੇ ਸਿ਼ਕਵੇ ਗਲ਼-ਗਲ਼ ਮੇਰੇ
ਮੇਰੇ ਦਿਲ 'ਤੇ ਗੋਲ਼ਾ ਬੱਝ ਗਿਆ
'ਸਰਵਣ' ਬਣ ਕੇ ਸੇਵਾ ਕਰਦਾ,
ਮੈਂ ਇੱਥੇ ਕੀ ਲੱਭ ਲਿਆ?
"ਧਾਲੀਵਾਲ" ਮੈਥੋ ਭੁੱਲ ਨਹੀ ਹੋਣੇ
ਉਹ ਅੰਮੜੀ ਦੇ ਬੋਲ ਕਹੇ
"ਸੈਦੋਕੇ" ਮਾਂ ਕਰੂ ਉਡੀਕਾਂ,
ਭਾਵੇ ਪੁੱਤਰ ਕਿਤੇ ਰਹੇ!

ਰੱਬ ਜੀ.......... ਸ਼ਮੀ ਜਲੰਧਰੀ

ਰੱਬ ਜੀਮੇਰੇ ਗੀਤਾਂ ਨੂੰ ਅਲਫਾਜ਼ ਦੇ ਦਿਓ ,
ਸੱਚ ਨੂੰ ਬੁਲੰਦ ਕਰਨ ਦੀ ਆਵਾਜ਼ ਦੇ ਦਿਓ,

ਹਰ ਪਾਸੇ ਅੱਜ ਬਰੂਦ ਦਾ ਸ਼ੋਰ ਹੋ ਰਿਹਾ
ਸੁਲਾਹ ਤੇ ਅਮਨੋ ਚੈਨ ਦੇ ਸਾਜ਼ ਦੇ ਦਿਓ

ਅਪਣੀ ਹੀ ਸੋਚ ਵਿੱਚ ਮੈਂ ਕੈਦ ਹੋਇਆ ਹਾਂ ,
ਨਿਕਲਾਂ ਮੈਂ ਅਪਣੇ ਆਪ ਚੋ ਪਰਵਾਜ਼ ਦੇ ਦਿਓ
,
ਇਹ ਭੱਟਕਣਾ ਮਨ ਮੇਰੇ ਦੀ ਮੁੱਕਦੀ ਹੀ ਨਹੀ
ਸਬਰ ਦੇ ਨਾਲ਼ ਜੀਣ ਦਾ ਅੰਦਾਜ਼ ਦੇ ਦਿਓ

ਰੀਤਾਂ ਤੇ ਰਸਮਾਂ ਵਿੱਚ ਦੁਨੀਆਂ ਟੋਟੇ ਹੋ ਗਈ,
ਇੱਕ ਹੋਣ ਸਾਰੇ ਕੋਈ ਨਵਾਂ ਰਿਵਾਜ਼ ਦੇ ਦਿਓ,

ਕਿਸ ਦੇ ਅੱਗੇ ਖੋਲਾਂ ਮੈ ਦਿਲਾਂ ਦੇ ਭੇਦ ਨੂੰ,
ਜੋ ਸੱਮਝ ਸਕੇ 'ਸ਼ਮੀ' ਨੂੰ ਹਮਰਾਜ਼ ਦੇ ਦਿਓ


ਤੇਰੇ ਬਿਨਾ.......... ਗ਼ਜ਼ਲ / ਪ੍ਰਿੰਸ ਧੁੰਨਾ

ਬੇਰੰਗ ਹਾਂ ਬੇਨੂਰ ਹਾਂ ਤੇਰੇ ਬਿਨਾ
ਮੈ ਆਪਣੇ ਤੋ ਦੂਰ ਹਾਂ ਤੇਰੇ ਬਿਨਾ।।

ਤੇਰੀਆ ਬੁੱਲੀਆ ਤੇ ਮੇਰਾ ਨਾਮ ਨਹੀ।।।
ਤਾਂ ਕਾਹਦਾ ਮਸ਼ਹੂਰ ਹਾਂ ਤੇਰੇ ਬਿਨਾ।।

ਏ ਛੱਡ ਜਾਵਣ ਵਾਲਿਆ ਵੇਖੀ ਕਦੇ
ਮੈ ਕਿੰਝ ਗਮਾ ਸੰਗ ਚੂਰ ਹਾਂ ਤੇਰੇ ਬਿਨਾ।।।

ਤੂੰ ਕੇਹੇ ਚੰਦਰੇ ਜਖਮ ਦੇ ਕੇ ਤੁਰ ਗਈ
ਮੈ ਬਣ ਗਿਆ ਨਾਸ਼ੂਰ ਹਾਂ ਤੇਰੇ ਬਿਨਾ।।।

ਇਕ ਆਸ ਸੀ ਖਾਬਾ ਚ ਆਵੇਗਾ ਕਦੀ
ਪਰ ਨੀਦਰਾਂ ਤੋ ਦੂਰ ਹਾਂ ਤੇਰੇ ਬਿਨਾ।।

ਬਣਵਾਸ ਬਾਕੀ ਹੈ.......... ਕਹਾਣੀ / ਭਿੰਦਰ ਜਲਾਲਾਬਾਦੀ


ਸਵੇਰੇ ਅੱਠ ਕੁ ਵਜੇ ਪੁਲੀਸ ਨੇ ਛਾਪਾ ਮਾਰ ਕੇ ਕੁਝ ਬੱਚੇ ਮਜਦੂਰੀ ਕਰਦੇ ਗ੍ਰਿਫ਼ਤਾਰ ਕਰ ਲਏ। ਕੋਈ ਢਾਬੇ ਤੋਂ ਬਰਤਨ ਸਾਫ਼ ਕਰਦਾ, ਕੋਈ ਗੰਦ ਦੇ ਢੇਰ ਤੋਂ ਪਲਾਸਟਿਕ ਦੇ ਬੈਗ ਇਕੱਠੇ ਕਰਦਾ ਅਤੇ ਕੋਈ ਕਿਸੇ ਦੁਕਾਨ 'ਤੇ ਚੱਕਣ-ਧਰਨ ਕਰਦਾ ਫ਼ੜ ਕੇ ਪੁਲੀਸ ਨੇ ਜਿਪਸੀ ਵਿਚ ਬਿਠਾ ਲਿਆ ਸੀ ਅਤੇ ਠਾਣੇ ਲਿਆ ਤਾੜਿਆ। ਉੱਜੜੀਆਂ ਨਜ਼ਰਾਂ ਅਤੇ ਪਿਲੱਤਣ ਫ਼ਿਰੇ ਚਿਹਰਿਆਂ ਵਾਲੇ ਬੱਚੇ ਸਹਿਮੇਂ ਹੋਏ ਸਨ। ਗੌਰਮਿੰਟ ਵੱਲੋਂ ਸਖ਼ਤ ਹਦਾਇਤ ਸੀ ਕਿ 'ਬਾਲ-ਮਜਦੂਰੀ' ਗ਼ੈਰ ਕਾਨੂੰਨੀ ਹੈ ਅਤੇ ਬੱਚਿਆਂ ਦੇ ਖੇਡਣ-ਮੱਲਣ ਦੇ ਦਿਨਾਂ ਵਿਚ ਮਾਪੇ ਅਤੇ ਹੋਰ ਲੋਕ ਇਹਨਾਂ ਤੋਂ ਮਿਹਨਤ-ਮਜਦੂਰੀ ਕਰਵਾ ਕੇ ਇਹਨਾਂ ਦੀ ਜ਼ਿੰਦਗੀ ਅਤੇ ਭਵਿੱਖ ਤਬਾਹ ਕਰ ਰਹੇ ਹਨ। ਕੁਝ ਬੁੱਧੀਜੀਵੀਆਂ ਨੇ ਵੀ ਬਾਲ-ਮਜਦੂਰੀ 'ਤੇ ਅਖ਼ਬਾਰਾਂ-ਰਸਾਲਿਆਂ ਵਿਚ ਲੇਖ ਲਿਖ ਕੇ ਛੱਤ ਸਿਰ 'ਤੇ ਚੁੱਕ ਲਈ ਸੀ। ਗੌਰਮਿੰਟ ਇਸ ਪੱਖੋਂ ਸੁਚੇਤ ਹੋ ਗਈ ਸੀ ਅਤੇ ਹਫ਼ੜਾ-ਦਫ਼ੜੀ ਵਿਚ ਫ਼ੜੋ-ਫ਼ੜੀ ਦਾ ਸਿਲਸਲਾ ਚੱਲ ਪਿਆ ਸੀ। ਗੌਰਮਿੰਟ ਨੇ ਬਾਲ-ਮਜਦੂਰੀ ਖ਼ਿਲਾਫ਼ ਕਾਨੂੰਨ ਬਣਾ ਕੇ ਐਲਾਨ ਕੀਤਾ ਸੀ ਕਿ ਹਰ ਕੰਮ ਦੇਣ ਵਾਲੇ ਮਾਲਕ ਨੂੰ ਇਹ ਪੱਕਾ ਪਤਾ ਕਰ ਲੈਣਾ ਚਾਹੀਦਾ ਹੈ ਕਿ ਕੰਮ ਕਰਨ ਵਾਲਾ ਬੱਚਾ ਵਾਕਿਆ ਹੀ 14 ਸਾਲ ਤੋਂ ਉਪਰ ਹੈ? ਅਗਰ ਕੋਈ ਬੱਚਾ 14 ਸਾਲ ਦੀ ਉਮਰ ਤੋਂ ਹੇਠ ਕਿਸੇ ਕੋਲ ਮਜਦੂਰੀ ਕਰਦਾ ਫ਼ੜਿਆ ਗਿਆ, ਤਾਂ ਚਲਾਣ ਕੱਟਿਆ ਜਾਵੇਗਾ! ਕੰਮ ਕਰਵਾਉਣ ਵਾਲੇ ਨੂੰ ਭਾਰੀ ਜ਼ੁਰਮਾਨਾਂ ਅਤੇ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ! ਫ਼ੈਸਲਾ ਸੁਣ ਕੇ ਲੋਕ ਡਰ ਨਾਲ ਠਠੰਬਰ ਗਏ ਸਨ। 
ਅੱਜ ਸਵੇਰੇ-ਸਵੇਰੇ ਪੰਜ ਬੱਚੇ ਅਤੇ ਤਿੰਨ ਢਾਬਿਆਂ ਵਾਲੇ ਗ੍ਰਿਫ਼ਤਾਰ ਕਰ ਲਏ ਗਏ ਸਨ। ਅਖ਼ਬਾਰਾਂ ਦੇ ਨੁਮਾਇੰਦੇ ਬੁਲਾ ਕੇ ਅਖ਼ਬਾਰਾਂ ਦਾ ਢਿੱਡ ਭਰਨ ਵਾਸਤੇ ਉਹਨਾਂ ਨੂੰ ਖ਼ਬਰਾਂ ਵੀ ਦੇ ਦਿੱਤੀਆਂ ਸਨ। ਢਾਬਿਆਂ ਦੇ ਮਾਲਕ ਅਤੇ ਬੱਚੇ ਪੁਲੀਸ ਠਾਣੇ ਹੱਥ ਜੋੜੀ, ਫ਼ਰਿਆਦੀ ਬਣੇ ਬੈਠੇ ਸਨ। ਪਰ ਪੁਲੀਸ ਕਰਮਚਾਰੀ ਆਪਣੀ ਕਾਰਵਾਈ ਵਿਚ ਮਸਰੂਫ਼ ਸਨ। ਢਾਬੇ ਵਾਲਿਆਂ ਦਾ 'ਚਲਾਣ' ਕੱਟ ਕੇ ਉਹਨਾਂ ਦਾ ਖਹਿੜਾ ਤਾਂ ਛੁੱਟ ਗਿਆ। ਪਰ ਹੁਣ ਵਾਰੀ ਬੱਚਿਆਂ ਦੀ ਆ ਗਈ। ਹੁਣ ਉਹਨਾਂ ਦੇ ਅਤੇ-ਪਤੇ ਲੈ ਕੇ ਪੁਲੀਸ ਕਰਮਚਾਰੀਆਂ ਨੂੰ ਉਹਨਾਂ ਦੇ ਮਾਂ-ਬਾਪ ਨੂੰ ਬੁਲਾਉਣ ਲਈ ਉਹਨਾਂ ਦੀ ਬਸਤੀ ਵਿਚ ਭੇਜ ਦਿੱਤਾ। ਉਹ ਸੁਨੇਹਾਂ ਮਿਲਦਿਆਂ ਸਾਰ ਹੀ ਬੱਚਿਆਂ ਨਾਲੋਂ ਵੀ ਨਿੱਘਰੀ ਹਾਲਤ ਵਿਚ ਠਾਣੇ ਪਹੁੰਚ ਗਏ ਅਤੇ ਬਹੁੜੀਆਂ ਘੱਤਦੇ ਠਾਣਾਂ ਮੁਖੀ ਦੇ ਪੈਰਾਂ ਵਿਚ ਜਾ ਡਿੱਗੇ।
"ਸਾਨੂੰ ਮਾਫ਼ ਕਰੋ ਸਰਕਾਰ ਜੀ! ਸਾਨੂੰ ਮਾਫ਼ ਕਰੋ! ਅਸੀਂ ਗਰੀਬ ਲੋਕ! ਸਾਨੂੰ ਬਖ਼ਸ਼ ਲਵੋ ਸਰਕਾਰ!" 
ਪਰ ਉਹਨਾਂ ਦੀਆਂ ਮਿੰਨਤਾਂ ਅਤੇ ਤਰਲਿਆਂ ਦਾ ਠਾਣਾਂ-ਮੁਖੀ 'ਤੇ ਕੋਈ ਅਸਰ ਨਹੀਂ ਸੀ। 
"ਤੁਹਾਨੂੰ ਪਤਾ ਨਹੀਂ ਕਿ ਬਾਲ ਮਜਦੂਰੀ ਕਰਵਾਉਣੀ ਗ਼ੈਰ ਕਾਨੂੰਨੀ ਹੈ?"
"ਸਰਕਾਰ ਕੀ ਕਰੀਏ? ਮਹਿੰਗਾਈ ਦੇਖੋ ਕਿੱਥੇ ਪਹੁੰਚ ਗਈ ਏ! ਘਰ ਦਾ ਤੋਰਾ ਵੀ ਤਾਂ ਕਿਵੇਂ ਨਾ ਕਿਵੇਂ ਤੋਰਨਾ ਹੀ ਹੋਇਆ? ਹੋਰ ਸਾਡੇ ਪਾਸ ਕੋਈ ਸਾਧਨ ਨਹੀਂ, ਕੀ ਕਰੀਏ?"
"ਇਹਦੀ ਸਜ਼ਾ ਪਤਾ ਕਿੰਨੀ ਏ?" ਆਖ ਕੇ ਠਾਣਾਂ ਮੁਖੀ ਨੇ ਉਹਨਾਂ ਦੀ ਰਹਿੰਦੀ ਫ਼ੂਕ ਵੀ ਕੱਢ ਧਰੀ। ਹੁਣ ਉਹਨਾਂ ਦੇ ਕੰਨਾਂ ਵਿਚ ਜੇਲ੍ਹ ਦੀਆਂ ਸਲਾਖਾਂ ਕੀਰਨੇ ਪਾਉਣ ਲੱਗੀਆਂ। ਕੰਧਾਂ ਡਰਾਉਣ ਲੱਗੀਆਂ।
"ਸਰਦਾਰ ਜੀ, ਇਕ ਵਾਰੀ ਮਾਫ਼ ਕਰ ਦਿਓ, ਮੁੜ ਇਹ ਗਲਤੀ ਨਹੀਂ ਹੋਵੇਗੀ!" ਉਹਨਾਂ ਦੇ ਜੁੜੇ ਹੱਥ ਹੋਰ ਕੱਸੇ ਗਏ।
ਖ਼ੈਰ, ਮੁਆਫ਼ੀਨਾਮੇਂ 'ਤੇ ਦਸਤਖ਼ਤ ਕਰਵਾ ਕੇ ਠਾਣੇਦਾਰ ਨੇ ਬੱਚਿਆਂ ਨੂੰ ਉਹਨਾਂ ਦੇ ਮਾਂ-ਬਾਪ ਨਾਲ ਘਰ ਨੂੰ ਤੋਰ ਦਿੱਤਾ ਅਤੇ ਨਾਲ ਦੀ ਨਾਲ ਸਖ਼ਤ ਹਦਾਇਤ ਵੀ ਜਾਰੀ ਕੀਤੀ ਸੀ ਕਿ ਅਗਰ ਇਸ ਅਪਰਾਧ ਨੂੰ ਦੁਬਾਰਾ ਦੁਹਰਾਇਆ ਗਿਆ ਤਾਂ ਕੇਸ ਦਰਜ ਕਰਕੇ ਸਿੱਧਾ ਹਵਾਲਾਤ ਵਿਚ ਦੇ ਦਿੱਤੇ ਜਾਉਗੇ! ਉਹ ਬੇਨਤੀਆਂ ਕਰਦੇ ਅਤੇ ਖ਼ਿਮਾਂ ਜਾਚਨਾ ਮੰਗਦੇ ਘਰ ਨੂੰ ਤੁਰ ਗਏ।
ਬਾਲ-ਮਜਦੂਰੀ ਨੂੰ ਰੋਕਣ ਦੇ ਬਣੇ ਨਵੇਂ ਕਾਨੂੰਨ ਨੇ ਗ਼ਰੀਬ ਬੱਚਿਆਂ ਅਤੇ ਮਾਪਿਆਂ ਨੂੰ ਘਰ ਚਲਾਉਣ ਦਾ ਫ਼ਿਕਰ ਪਾਇਆ ਹੋਇਆ ਸੀ। ਸਰਕਾਰ ਨੇ ਬਾਲ-ਮਜਦੂਰੀ ਦੇ ਖ਼ਿਲਾਫ਼ ਕਾਨੂੰਨ ਤਾਂ ਬਣਾ ਦਿੱਤਾ ਸੀ, ਪਰ ਉਹਨਾਂ ਨੂੰ ਮਾੜੀ ਮੋਟੀ ਆਮਦਨ ਦੇ ਸੋਮੇਂ-ਸਾਧਨ ਵੀ ਮੁਹੱਈਆ ਕਰਵਾਉਣੇ ਚਾਹੀਦੇ ਸਨ। ਮੁਫ਼ਤ ਪੜ੍ਹਾਈ ਦਾ ਪ੍ਰਬੰਧ ਕਰਵਾਉਣਾ ਚਾਹੀਦਾ ਸੀ। ਸਰਕਾਰ ਇਹ ਨਹੀਂ ਸੋਚ ਰਹੀ ਸੀ ਕਿ ਇਕੱਲੇ ਬਾਲ-ਮਜਦੂਰੀ ਦੇ ਖ਼ਿਲਾਫ਼ ਕਾਨੂੰਨ ਬਣਾ ਕੇ ਮਾਮਲਾ ਸਿੱਧ ਨਹੀਂ ਸੀ ਹੋ ਸਕਣਾਂ! ਜਿੰਨੀ ਦੇਰ ਬਿਮਾਰੀ ਦੀ ਜੜ੍ਹ ਨੂੰ ਨਹੀਂ ਸੀ ਪੁੱਟਿਆ ਜਾਂਦਾ, ਬਿਮਾਰੀ ਕਦੇ ਕਾਬੂ ਹੇਠ ਨਹੀਂ ਸੀ ਆ ਸਕਦੀ! ਪਹਿਲਾਂ ਬੱਚਿਆਂ ਲਈ ਮੁਫ਼ਤ ਪੜ੍ਹਾਈ, ਕੁੱਲੀ, ਗੁੱਲੀ ਅਤੇ ਜੁੱਲੀ ਦਾ ਪ੍ਰਬੰਧ ਵੀ ਜ਼ਰੂਰੀ ਸੀ। ਨਹੀਂ ਤਾਂ ਇਹ ਸਿਰਾਂ 'ਚ ਕਿੱਲੇ ਵਾਂਗ ਠੋਕਿਆ ਕਾਨੂੰਨ ਕੈਂਸਰ ਦੇ ਮਰੀਜ਼ ਲਈ ਦਰਦ ਨਾਸ਼ਕ ਗੋਲੀਆਂ ਹੀ ਸਾਬਤ ਹੋਣੀਆਂ ਸਨ, ਜਿੰਨ੍ਹਾਂ ਨੇ ਉਹਨਾਂ ਦੀ ਬਿਮਾਰੀ ਹੋਰ ਵੀ ਅਸਾਧ ਬਣਾ ਦੇਣੀ ਸੀ। ਗੌਰਮਿੰਟ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਜਿੰਨਾਂ ਚਿਰ ਬੱਚਿਆਂ ਦੀ ਪੜ੍ਹਾਈ, ਰਹਿਣ-ਸਹਿਣ ਅਤੇ ਖਾਣੇ ਦਾ ਯੋਗ ਪ੍ਰਬੰਧ ਨਹੀਂ ਹੁੰਦਾ, ਬਾਲ-ਮਜਦੂਰੀ ਹੁੰਦੀ ਰਹਿਣੀ ਸੀ। ਪਹਿਲਾਂ ਗੌਰਮਿੰਟ ਨੂੰ ਬੱਚਿਆਂ ਦੇ ਪ੍ਰੀਵਾਰਾਂ ਦੀ ਮਾਲੀ ਹਾਲਤ ਦਾ ਜਾਇਜ਼ਾ ਲੈ ਕੇ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਸਨ, ਨਾ ਕਿ ਗ਼ਰੀਬ ਲੋਕਾਂ ਉੱਪਰ ਬਾਲ-ਮਜਦੂਰੀ ਦੇ ਵਿਰੋਧ ਵਿਚ ਕਾਨੂੰਨ ਠੋਸਣਾਂ! ਇਹ ਕੋਈ ਸਾਰਥਿਕ 'ਹੱਲ' ਨਹੀਂ ਸੀ!
ਹਫ਼ਤੇ ਕੁ ਬਾਅਦ ਅਖ਼ਬਾਰਾਂ ਵਿਚ ਇਕ ਹੋਰ ਖ਼ਬਰ ਆਈ: 
"ਤਿੰਨ ਬੱਚੇ ਬੈਂਕ ਵਿਚ ਚੋਰੀ ਕਰਦੇ ਕਾਬੂ! ਪੰਜ ਬੱਚਿਆਂ ਦਾ ਗੈਂਗ ਕਰਦਾ ਸੀ ਵਾਰਦਾਤਾਂ! ਪੁਲੀਸ ਵੱਲੋਂ ਬਾਕੀਆਂ ਦੀ ਭਾਲ ਵਿਚ ਛਾਪੇ!"
ਖ਼ਬਰ ਨੇ ਲੋਕਾਂ ਦੇ ਸਾਹ ਸੂਤ ਲਏ।
ਪੰਜ ਬੱਚਿਆਂ ਦੇ ਮਾਪੇ ਪੁਲੀਸ ਨੇ ਠਾਣੇਂ ਲਿਆ ਸੁੱਟੇ ਅਤੇ ਕੁੱਟ ਕੇ ਮੱਛੀਓਂ ਮਾਸ ਕਰ ਦਿੱਤੇ। ਮਾਪੇ ਫ਼ਿਰ ਹੱਥ ਜੋੜਨ ਅਤੇ ਤਰਲੇ ਕਰਨ ਵਿਚ ਜੁਟੇ ਹੋਏ ਸਨ। ਪਰ ਪੁਲੀਸ ਵਾਲੇ ਮਾਪਿਆਂ 'ਤੇ ਘੋਰ ਖਿਝੇ ਹੋਏ ਸਨ। ਕੁੱਟ ਮਾਰ ਤਾਂ ਉਹਨਾਂ ਦੀ ਪਹਿਲਾਂ ਹੀ ਬਹੁਤ ਕੀਤੀ ਜਾ ਚੁੱਕੀ ਸੀ।
ਦੁਪਿਹਰੋਂ ਬਾਅਦ ਬਸਤੀ ਦਾ ਪ੍ਰਧਾਨ ਠਾਣੇਂ ਆਇਆ ਅਤੇ ਉਸ ਨੇ ਕਰਮਚਾਰੀਆਂ ਨਾਲ ਗੱਲ ਬਾਤ ਕੀਤੀ।
"ਪ੍ਰਧਾਨ ਜੀ, ਇਹ ਬੱਚਿਆਂ ਨੂੰ ਉਕਸਾ ਕੇ ਚੋਰੀ ਕਰਵਾਉਂਦੇ ਨੇ, ਛੱਡ ਕਿਵੇਂ ਦੇਈਏ?" ਠਾਣੇਦਾਰ ਨੇ ਨੱਕ ਵਿਚੋਂ ਠੂੰਹੇਂ ਸੁੱਟੇ।
"ਮੇਰੀ ਬੇਨਤੀ ਸੁਣੋ, ਸਰਕਾਰ! ਜਦ ਬੱਚੇ ਮਜਦੂਰੀ ਕਰਦੇ ਸਨ, ਭੱਠਿਆਂ 'ਤੇ ਇੱਟਾਂ ਢੋਂਹਦੇ ਜਾਂ ਇੱਟਾਂ ਪੱਥਦੇ ਸਨ, ਉਸ ਟਾਈਮ ਗੌਰਮਿੰਟ ਨੇ ਕਾਨੂੰਨ ਬਣਾ ਕੇ ਉਹਨਾਂ ਨੂੰ ਕੰਮ ਕਰਨ ਤੋਂ ਸਖ਼ਤੀ ਨਾਲ ਵਰਜ ਦਿੱਤਾ। ਨਾ ਉਹਨਾਂ ਨੂੰ ਕੋਈ ਸਹੂਲਤ ਮਿਲੀ ਅਤੇ ਨਾ ਹੀ ਉਹਨਾਂ ਦਾ ਕੋਈ ਖਾਣ ਪੀਣ, ਦੁਆਈ ਜਾਂ ਰਹਾਇਸ਼ ਦਾ ਹੀਲਾ ਕੀਤਾ। ਆਹ ਮੁੰਡਾ, ਜਿਸ ਨੂੰ ਤੁਸੀਂ ਗੈਂਗ ਦਾ ਮੁਖੀ ਬਣਾਈ ਬੈਠੇ ਓ, ਇਹਦੀ ਮਾਂ ਬਿਮਾਰੀ ਖੁਣੋਂ ਮਰਨ ਕਿਨਾਰੇ ਹੈ, ਉਹਦੀ ਵੀਹ ਰੁਪਏ ਦੀ ਤਾਂ ਹਰ ਰੋਜ਼ ਦੁਆਈ ਆਉਂਦੀ ਹੈ! ਇਹ ਢਾਬੇ 'ਤੇ ਬਰਤਨ ਮਾਂਜ ਕੇ ਆਪਣੀ ਮਾਂ ਦੀ ਦੁਆਈ ਦਾ ਖ਼ਰਚਾ ਚਲਾਉਂਦਾ ਸੀ ਤੇ ਸਰਕਾਰ ਨੇ ਨਵਾਂ ਕਾਨੂੰਨ ਬਣਾ ਕੇ ਇਹਨਾਂ ਦਾ ਉਹ ਮਜਦੂਰੀ ਵਾਲਾ ਰਸਤਾ ਵੀ ਬੰਦ ਕਰ ਦਿੱਤਾ, ਦੱਸੋ ਇਹ ਹੁਣ ਚੋਰੀ ਕਰਕੇ ਆਪਣਾ ਡੰਗ ਨਹੀਂ ਟਪਾਉਣਗੇ ਤਾਂ ਕੀ ਕਰਨਗੇ? ਇਹ ਐਸ਼-ਪ੍ਰਸਤੀ ਵਾਸਤੇ ਚੋਰੀ ਨਹੀਂ ਕਰਦੇ ਜਨਾਬ! ਇਹ ਆਪਣਾ ਪੇਟ ਪਾਲਣ ਲਈ ਤੇ ਆਪਣੇ ਬਿਮਾਰ ਮਾਂ-ਪਿਉ ਦੀ ਦੁਆਈ ਖ਼ਰੀਦਣ ਵਾਸਤੇ ਚੋਰੀ ਕਰਦੇ ਐ!! ਹੁਣ ਤੁਸੀਂ ਇਹਨਾਂ ਨੂੰ ਲੋਕਾਂ ਦੀਆਂ ਨਜ਼ਰਾਂ 'ਚ ਗੈਂਗ ਬਣਾਈ ਚੱਲੋ ਤੇ ਚਾਹੇ ਗੈਂਗ ਦੇ ਮੁਖੀ! ਸੱਚੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਹੈ ਬਾਕੀ ਕੰਮ ਹੁਣ ਤੁਹਾਡਾ ਹੈ ਮਹਾਰਾਜ!"
ਠਾਣੇਦਾਰ ਚੁੱਪ ਧਾਰ ਗਿਆ।
ਪ੍ਰਧਾਨ ਦੀ ਗੱਲ ਸੱਚੀ ਹੀ ਤਾਂ ਸੀ।
"ਜੇ ਤੁਸੀਂ ਮੇਰੀ ਇਕ ਬੇਨਤੀ ਮੰਨੋ ਤਾਂ ਇਹਨਾਂ ਦੇ ਘਰੀਂ ਜਾ ਕੇ ਇਹਨਾਂ ਦੀ ਗ਼ਰੀਬੀ ਤੇ ਇਹਨਾਂ ਦੇ ਮਾਪਿਆਂ ਦੀ ਸਿਹਤ ਦਾ ਅਨੁਮਾਨ ਲਾਓ ਤੇ ਫ਼ੇਰ ਲੇਖਾ ਜੋਖਾ ਕਰੋ! ਤੇ ਨਾਲ ਦੀ ਨਾਲ ਇਹ ਵੀ ਜਾਂਚ ਕਰ ਲਿਓ ਕਿ ਇਹ ਚੋਰੀ ਕਰਕੇ ਕਿੰਨੀ ਕੁ ਆਲੀਸ਼ਾਨ ਜ਼ਿੰਦਗੀ ਜਿਉਂਦੇ ਨੇ! ਤੇ ਨਹੀਂ ਸਰਕਾਰ ਇਹਨਾਂ ਨੂੰ ਜਾਂ ਤਾਂ ਬਖ਼ਸ਼ੋ, ਤੇ ਜਾਂ ਇਹਨਾਂ ਨੂੰ ਸਰਕਾਰ ਤੋਂ ਮਾਲੀ ਮੱਦਦ ਦਿਵਾਓ, ਤੇ ਜਾਂ ਫ਼ੇਰ ਉਹੀ ਮਿਹਨਤ ਮਜਦੂਰੀ ਕਰਨ ਦਿਓ, ਜਿਹੜੀ ਇਹ ਪਹਿਲਾਂ ਕਰਦੇ ਸੀ! ਹੋਰ ਇਹਨਾਂ ਦਾ ਕੋਈ ਇਲਾਜ ਨਹੀਂ ਸਰਕਾਰ! ਖ਼ਾਰਿਸ਼ ਦੀ ਬਿਮਾਰੀ ਵਾਲਾ ਤਾਂ ਖੁਰਕ ਕਰੂ ਹੀ ਕਰੂ ਜਨਾਬ! ਉਹਦੇ ਕੋਈ ਵੱਸ ਨਹੀਂ ਹੁੰਦਾ! ਖੁਰਕ ਕਰਨਾ ਉਹਦੀ ਜ਼ਰੂਰਤ ਹੁੰਦੀ ਹੈ, ਕੋਈ ਸ਼ੌਕ ਨਹੀਂ!"
"ਪਰ ਗੁਨਾਂਹ ਤਾਂ ਗੁਨਾਂਹ ਹੀ ਹੈ ਪ੍ਰਧਾਨ ਸਾਹਿਬ! ਇਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ!" ਠਾਣੇਦਾਰ ਨੇ ਕਿਹਾ ਤਾਂ ਪ੍ਰਧਾਨ ਹੱਸ ਪਿਆ।
"ਕਰੋੜਾਂ ਦੀ ਡਰੱਗ ਵੇਚਣ ਵਾਲੇ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ ਜਨਾਬ? ਉਹਨਾਂ ਦੇ ਮਗਰ ਪੈਸਾ ਤੇ ਸਿਫ਼ਾਰਸ਼ਾਂ ਪਾਣੀ ਵਾਂਗ ਤੁਰੀਆਂ ਆਉਂਦੀਐਂ! ਪਰ ਇਹਨਾਂ ਗਰੀਬਾਂ ਦੇ ਪੱਲੇ ਤਾਂ ਸੱਚ ਬੋਲਣ ਜਾਂ ਹੱਥ ਜੋੜਨ ਤੋਂ ਬਿਨਾ ਕੱਖ ਨਹੀਂ! ਚੋਰੀ ਕਰਨ ਤੋਂ ਬਿਨਾਂ ਇਹਨਾਂ ਨੂੰ ਕੋਈ ਦੂਜਾ ਰਸਤਾ ਹੀ ਨਜ਼ਰ ਨਹੀਂ ਆਉਂਦਾ! ਜਾਂ ਤਾਂ ਇਹਨਾਂ ਨੂੰ ਕੋਈ ਘਰ ਚਲਾਉਣ ਦਾ ਹੋਰ ਰਸਤਾ ਦੱਸ ਦਿਓ, ਉਸ ਰਸਤੇ ਇਹਨਾਂ ਨੂੰ ਤੋਰਨਾ ਮੇਰਾ ਕੰਮ!" ਚਾਹੇ ਉਹ ਇਹਨਾਂ ਸਾਰੀਆਂ ਗੱਲਾਂ ਨਾਲ ਸਹਿਮਤ ਸੀ, ਪਰ ਪ੍ਰਧਾਨ ਦੀਆਂ ਇਹਨਾਂ ਗੱਲਾਂ ਦਾ ਠਾਣਾ-ਮੁਖੀ ਕੋਲ ਕੋਈ ਉੱਤਰ ਨਹੀਂ ਸੀ। ਉਹ ਸੋਚ ਰਿਹਾ ਸੀ ਕਿ ਇਹਨਾਂ ਗ਼ਰੀਬਾਂ ਲਈ ਅਜੇ ਬਣਵਾਸ ਬਾਕੀ ਸੀ। ਉਹ ਕਦੇ ਪ੍ਰਧਾਨ ਦੀਆਂ ਕੀਤੀਆਂ ਸੱਚੀਆਂ ਗੱਲਾਂ ਵੱਲ ਅਤੇ ਕਦੇ ਗ੍ਰਿਫ਼ਤਾਰ ਕੀਤੇ ਬੱਚਿਆਂ ਵੱਲ ਦੇਖ ਰਿਹਾ ਸੀ।

***

ਸਵਾਲਾਂ ਦੀ ਦਹਿਲੀਜ਼.......... ਗੱਲਬਾਤ / ਕੇਹਰ ਸ਼ਰੀਫ਼



ਮੁਨਸ਼ੀ ਪ੍ਰੇਮ ਚੰਦ ਦੇ ਜਨਮ ਮਹੀਨੇ 'ਤੇ ਵਿਸ਼ੇਸ਼ । ਮੁਨਸ਼ੀ ਜੀ ਦਾ ਜਨਮ ਦਿਨ 31 ਜੁਲਾਈ ਹੈ । ਮੁਨਸ਼ੀ ਪ੍ਰੇਮ ਚੰਦ ਦੀ ਸ਼ਖਸੀਅਤ ਅਤੇ ਲਿਖਤਾਂ 'ਤੇ ਅਮ੍ਰਿਤ ਰਾਏ ਅਤੇ ਕਮਲ ਗੁਪਤ ਵਿਚਕਾਰ ਹੋਈ ਬਹੁਪੱਖੀ ਗੱਲਬਾਤ ਦਾ ਅਨੁਵਾਦ ਜਰਮਨੀ ਦੇ ਉੱਘੇ ਲੇਖਕ ਕੇਹਰ ਸ਼ਰੀਫ਼ ਜੀ ਵੱਲੋਂ ਕੀਤਾ ਗਿਆ ਹੈ । ਅਸੀਂ ਉਨ੍ਹਾਂ ਦੇ ਇਸ ਉੱਦਮ ਲਈ ਧੰਨਵਾਦ ਕਰਦੇ ਹਾਂ ।

- ਸੰਪਾਦਕ

ਪ੍ਰੇਮ ਚੰਦ ਦੇ ਵੱਖੋ-ਵੱਖਰੇ ਪੱਖਾਂ ਨਾਲ ਜੁੜੀਆਂ ਗੱਲਾਂ ਦਾ ਮਹੱਤਵ ਉਭਰਦਾ ਜਾ ਰਿਹਾ ਸੀ। ਮੈਂ ਅਮ੍ਰਿਤ ਰਾਏ ਦੀ ਨਜ਼ਰ ’ਚ ਮੁਨਸ਼ੀ ਪ੍ਰੇਮ ਚੰਦ ਦੀ ਸ਼ਖਸੀਅਤ ਤੇ ਲਿਖਤਾਂ ਅਤੇ ਉਨ੍ਹਾਂ ਦੀਆਂ ਪ੍ਰੇਰਨਾਵਾਂ ਬਾਰੇ ਜਾਨਣ ਦੀ ਖਾਹਿਸ਼ ਨਾਲ ਪੁੱਛਿਆ :-

? ਅੱਛਾ ਇਹ ਦੱਸੋ ਕਿ ਪ੍ਰੇਮ ਚੰਦ ਦੀ ਸ਼ਖਸੀਅਤ ਅਤੇ ਲਿਖਤਾਂ ਵਿਚੋਂ ਤੁਸੀਂ ਕਿਸ ਤੋਂ ਵੱਧ ਪ੍ਰਭਾਵਿਤ ਹੋ? ਕਿਸਦਾ ਪ੍ਰਭਾਵ ਤੁਹਾਡੇ ਮਨ ’ਤੇ ਗਹਿਰਾ ਹੈ? ਖੁਸ਼ਕਿਸਮਤੀ ਨਾਲ ਤੁਸੀਂ ਇਕ ਦੂਜੇ ਦੇ ਬਹੁਤ ਹੀ ਨੇੜੇ ਰਹੇ ਹੋ?


- ਮੈਂ ਦੋਹਾਂ ਨੂੰ ਵੱਖਰਾ ਕਰਕੇ ਦੇਖ ਹੀ ਨਹੀਂ ਸਕਦਾ। ਇਸ ਕਰਕੇ ਇਸ ਤਰ੍ਹਾਂ ਆਖ ਸਕਣਾ ਮੇਰੇ ਲਈ ਬਹੁਤ ਮੁਸ਼ਕਲ ਹੈ। ਬਹੁਤ ਲੋਕਾਂ ’ਚ ਅਜਿਹਾ ਹੁੰਦਾ ਹੈ ਕਿ ਉਨ੍ਹਾਂ ਦੀ ਸ਼ਖਸੀਅਤ ਅਤੇ ਲਿਖਤਾਂ ਵਿਚ ਫਰਕ ਹੁੰਦਾ ਹੈ ਪਰ ਇੱਥੇ ਅਜਿਹਾ ਨਹੀਂ ਹੈ। ਇੱਥੇ ਤਾਂ ਦੋਵੇਂ ਮਿਲ ਕੇ ਇਕ ਇਕਾਈ ਬਣਦੇ ਹਨ। ਇਸ ਕਰਕੇ ਮੈਂ ਇੱਥੇ ਇਹ ਨਹੀਂ ਕਹਿ ਸਕਦਾ ਕਿਹੜਾ ਮੇਰੇ ਬਹੁਤ ਨੇੜੇ ਰਿਹਾ ਹੈ।


? ਤੁਸੀਂ ਠੀਕ ਕਹਿੰਦੇ ਹੋ ਉਸ ਆਦਮੀ ਦੀ ਸ਼ਖਸੀਅਤ ਵੀ ਰਚਨਾਵਾਂ ਵਾਂਗ ਹੀ ਪਾਰਦਰਸ਼ੀ ਹੈ। ਅੰਦਰੋਂ ਬਾਹਰੋਂ ਇੱਕੋ ਜਿਹਾ। ਜੇ ਲਿਖਤਾਂ ਵਿਚ ਆਦਰਸ਼ਵਾਦੀ ਹੈ ਤਾਂ ਜੀਵਨ ਵਿਚ ਵੀ ਅਜਿਹਾ ਹੀ ਹੈ। ਰਚਨਾਵਾਂ ’ਚ ਜੇ ਗਾਂਧੀਵਾਦ ਦਾ ਪ੍ਰਭਾਵ ਹੈ ਤਾਂ ਜੀਵਨ ਵੀ ਉਸ ਤੋਂ ਵੱਖਰਾ ਨਹੀਂ ਰਿਹਾ।

- ਬਿਲਕੁੱਲ ਅਜਿਹਾ ਹੀ। ਜਦੋਂ ਸਮਾਜਵਾਦੀ ਵਿਚਾਰਧਾਰਾ ਵੱਲ ਤਬਦੀਲੀ ਹੋਈ ਤਾਂ ਜੀਵਨ ਵਿਚ ਵੀ ਅਜਿਹਾ ਹੀ ਹੋਇਆ। ਉਸ ਆਦਮੀ ਕੋਲ ਕੋਈ ਬਨਾਵਟ ਨਹੀਂ। ਉਹ ਹੀ ਸਾਦਗੀ, ਨਿਸਚਿੰਤਤਾ। ਇਸ ਕਰਕੇ ਹੀ ਇਹ ਕਹਿਣਾ ਮੁਸ਼ਕਲ ਹੈ ਕਿ ਦੋਹਾਂ ਵਿਚੋਂ ਕਿਹੜਾ ਪੱਖ ਬਹੁਤਾ ਮਹੱਤਵਪੂਰਨ ਹੈ।

? ਹੁਣ ਇਕ ਹੋਰ ਗੱਲ ਜੋ ਪ੍ਰੇਮ ਚੰਦ ਦੇ ਪੂਰੇ ਸਾਹਿਤ ਤੇ ਜੀਵਨ ਯਾਤਰਾ ਨੂੰ ਦੇਖਦੇ ਹੋਏ ਸਵਾਲ ਵਜੋਂ ਉੱਭਰਦੀ ਹੈ ਕਿ ਉਹ ਕਿਹੜੇ ਹਾਲਾਤ ਹਾਂ ਪ੍ਰੇਰਕ ਸ਼ਕਤੀਆਂ ਸਨ ਜਿਨ੍ਹਾਂ ਨੇ ਪ੍ਰੇਮ ਚੰਦ ਨੂੰ ਇਹ ਰਸਤਾ ਅਪਨਾਉਣ ਲਈ ਮਜ਼ਬੂਰ ਕਰ ਦਿੱਤਾ।

- ਕਿਹੜਾ ਰਸਤਾ?

? ਲਿਖਣ ਦਾ ਰਸਤਾ। ਦੇਸ਼ ਦੀ ਅਜਾਦੀ ਦੀ ਲੜਾਈ ਨੂੰ ਇਕ ਵਿਚਾਰਧਾਰਕ ਸ਼ਕਲ-ਸੂਰਤ ਦੇਣ ਲਈ ਉਨ੍ਹਾਂ ਨੇ ਕਲਮ ਹੀ ਫੜ ਲਈ। ਆਖਰ ਇਸ ਦੇ ਪਿੱਛੇ ਕਿਹੜੀ ਪ੍ਰੇਰਨਾ ਸੀ।

- ਮੈਂ ਨਹੀਂ ਸਮਝਦਾ ਕਿ ਇਸਦੇ ਪਿੱਛੇ ਕੋਈ ਬਾਹਰਲੀ ਪ੍ਰੇਰਨਾ ਸੀ। ਹਰ ਆਦਮੀ ਦਾ ਵਿਕਾਸ ਆਪਣੇ ਢੰਗ ਨਾਲ ਹੁੰਦਾ ਹੈ, ਉਨ੍ਹਾਂ ਦਾ ਵਿਕਾਸ ਇਸ ਢੰਗ ਦਾ ਸੀ ਜਿਸ ਕਰਕੇ ਇਸ ਪਾਸੇ ਵਲ ਉਨ੍ਹਾਂ ਦੇ ਲਿਖਣ ਦੀ ਅੰਦਰਲੀ ਪ੍ਰੇਰਨਾ ਜਾਗੀ ਹੋਵੇਗੀ। 

? ਜਾਂ ਫੇਰ ਇਹ ਗੱਲ ਹੋਈ ਕਿ ਆਲੇ-ਦੁਆਲੇ ਦੇ ਕਿਸਾਨਾਂ ਦੀ ਦੁੱਖਾਂ ਭਰਪੂਰ ਜਿ਼ੰਦਗੀ, ਉਨ੍ਹਾਂ ’ਤੇ ਹੋ ਰਹੇ ਜੁ਼ਲਮ ਅਤੇ ਸੋਸ਼ਣ ਨੂੰ ਉਨ੍ਹਾਂ ਨੇ ਦੇਖਿਆ। ਧਾਰਮਕ ਅੰਧ-ਵਿਸ਼ਵਾਸ ਤੇ ਸਮਾਜਿਕ ਕੁਰੀਤੀਆਂ ਨੇ ਉਨ੍ਹਾਂ ਨੂੰ ਦੁਖੀ ਕੀਤਾ ਤੇ ਝੰਜੋੜਿਆ ਅਤੇ ਉਨ੍ਹਾਂ ਨੇ ਇਸ ਸਭ ਕਾਸੇ ਦੇ ਖਿਲਾਫ ਕਲਮ ਚੁੱਕ ਲਈ।

- ਨਹੀਂ, ਅਜਿਹੀ ਗੱਲ ਨਹੀਂ। ਇਹ ਸਭ ਕੁੱਝ ਤਾਂ ਦੁਨੀਆਂ ਵਿਚ ਕਰੋੜਾਂ ਲੋਕ ਦੇਖਦੇ ਹਨ ਪਰ ਫੇਰ ਵੀ ਨਹੀਂ ਲਿਖਦੇ। ਇਸਦਾ ਭਾਵ ਇਹ ਕਿ ਲਿਖਣ ਸ਼ਕਤੀ ਜਾਂ ਲਿਖਣ ਚੇਤਨਾ ਉਸਦੇ ਅੰਦਰ ਜਦੋਂ ਤੱਕ ਨਾ ਹੋਵੇ ਉਦੋਂ ਤੱਕ ਉਸਦੀ ਪ੍ਰਤੀਕਿਰਿਆ ਦਾ ਇਹ ਰੂਪ ਨਹੀਂ ਹੋ ਸਕਦਾ। ਇਹ ਰੂਪ ਤਾਂ ਇਸ ਕਰਕੇ ਬਣਿਆਂ ਕਿ ਉਸ ਆਦਮੀ ਦੇ ਅੰਦਰ ਇਕ ਤੜਪ ਸੀ, ਜਿਸ ਸਮਾਜ ਵਿਚ ਉਹ ਜੀਵਿਆ, ਜਿਸਨੂੰ ਉਹਨੇ ਦੇਖਿਆ, ਸਮਝਿਆ ਅਤੇ ਆਪਣੇ ਢੰਗ ਨਾਲ ਪਰਖਿਆ ਫੇਰ ਆਪਣੀ ਲਿਖਤ ਵਿਚ ਉਸਨੂੰ ਉਤਾਰ ਦਿੱਤਾ। ਇਹ ਹੀ ਗੱਲ ਹੈ। ਰਹੀ ਕਿਸੇ ਹੋਰ ਦੀ ਗੱਲ, ਤੁਸੀਂ ਕਿਸੇ ਨੂੰ ਲੱਖ ਪ੍ਰੇਰਨਾਵਾਂ ਦਿੰਦੇ ਰਹੋ ਉਹ ਹੰਝੂ ਬਹਾ ਛੱਡੇਗਾ ਲਿਖ ਥੋੜੇ ਸਕਦੈ।

? ਮੁਨਸ਼ੀ ਜੀ ਨੇ ਹੰਝੂ ਤਾਂ ਨਹੀਂ ਬਹਾਏ ਨਹੀ ਤਾਂ ਉਹ ਵੀ ‘ਵਿਯੋਗੀ ਹੋਗਾ ਪਹਿਲਾ ਕਵੀ’ ਦੀ ਤਰਜ਼ ਵਾਲੇ ਕਵੀ ਹੀ ਬਣੇ ਰਹਿੰਦੇ।

- ਇਹ ਤਾਂ ਉਨ੍ਹਾਂ ਪਹਿਲਾਂ ਹੀ ਮਨ੍ਹਾਂ ਕਰ ਦਿੱਤਾ ਸੀ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਬੰਗਾਲੀ ਸਾਹਿਤ ਦੇ ਸੰਦਰਭ ’ਚ ਸ਼ਰਤ ਚੰਦਰ ਬਾਰੇ ਤੁਸੀਂ ਕੀ ਸੋਚਦੇ ਹੋ, ਉਦੋਂ ਉਨ੍ਹਾਂ ਨੇ ਸਾਫ ਆਖ ਦਿੱਤਾ ਸੀ ਕਿ ਉਹ ਰਸਤਾ ਤਾਂ ਮੇਰੇ ਲਈ ਨਹੀਂ ਹੈ ਉਹ ਤਾਂ ਬਹੁਤ ਹੀ ਸਮ੍ਰਿਤੀਜੀਵੀ ਅਤੇ ਨੈਸਟੈਲਜਿਕ ਕਿਸਮ ਦੀ ਲਿਖਤ ਹੈ। ਇਸ ਕਰਕੇ ਉਸ ਵਿਚ ਤਰਲਤਾ ਆ ਜਾਂਦੀ ਹੈ। ਪਰ ਉਹ ਰਸਤਾ ਮੇਰਾ ਰਸਤਾ ਨਹੀਂ। ਮੇਰੀ ਲਿਖਤ ਤਾਂ ਹਾਰਡ ਕਿਸਮ ਦੀ ਲਿਖਤ ਹੈ।

? ਪਰ ਇਹ ਗੱਲ ਤਾਂ ਨਹੀਂ। ਪ੍ਰੇਮ ਚੰਦ ਦੀ ਲਿਖਤ ਤਾਂ ਸਾਫਟ ਕਿਸਮ ਦੀ ਲਿਖਤ ਹੈ। ਇੱਥੋਂ ਤੱਕ ਕਿ ਜਦੋਂ ਗਾਂਧੀਵਾਦ ਵਲੋਂ ਉਨ੍ਹਾਂ ਦਾ ਮੋਹ ਟੁੱਟਦਾ ਹੈ ਅਤੇ ਉਹ ਸਮਾਜਵਾਦੀ ਵਿਚਾਰਧਾਰਾ ਦੀ ਪ੍ਰਤੀਕ੍ਰਿਆ ਤੋਂ ਪ੍ਰਭਾਵਿਤ ਹੁੰਦੇ ਹਨ ਤਾਂ ਉਦੋਂ ਵੀ ਉਨ੍ਹਾਂ ਦੀ ਲਿਖਤ ਬਾਰੂਦੀ ਕਿਸਮ ਦੀ ਹਾਰਡਨੈੱਸ ਤੋਂ ਪਰ੍ਹਾਂ ਰਹਿੰਦੀ ਹੈ

- ਹਾਰਡ ਉਸ ਭਾਵ ’ਚ ਨਹੀਂ, ਹਾਰਡ ਤੋਂ ਭਾਵ ਕਿ ਸਚਾਈ ਤੇ ਉਸ ਨਾਲ ਇਕ ਸੁਚੇਤ ਆਦਮੀ ਦਾ ਟਕਰਾਉ। ਇਹ ਹੈ ਉਨ੍ਹਾਂ ਦੀ ਕਹਾਣੀ ਦੀ ਜਿੰਦ-ਜਾਨ, ਪ੍ਰੇਮ ਚੰਦ ਦੀਆਂ ਕਹਾਣੀਆਂ ’ਤੇ ਉਨ੍ਹਾਂ ਦੀ ਤੋਰ ਅਤੇ ਹੋਰ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਤੋਂ ਉਹ ਪਰ੍ਹੇ ਹੀ ਰਹੇ।

? ਇਹ ਤਾਂ ਸਾਫ ਹੀ ਹੈ ਕਿ ਉਨ੍ਹਾਂ ਨੂੰ ਨਾ ਇਸ ਗੱਲ ਦੀ ਲਾਲਸਾ ਸੀ ਨਾ ਹੀ ਤਮੰਨਾ।

- ਉਹ ਚਾਹੁੰਦੇ ਵੀ ਤਾਂ ਵੀ ਨਹੀਂ ਲਿਖ ਸਕਦੇ ਸਨ।

? ਬਿਲਕੁੱਲ! ਕਿਉਂਕਿ ਉਹ ਇਸ਼ਕ ਦੇ ਦਰਦ ਨਾਲ ਨਹੀਂ ਸਗੋਂ ਇਨਸਾਨ ਦੇ ਦੁੱਖੜਿਆਂ ਤੋਂ ਪੀੜਤ ਸਨ। ਉਹ ਦਿਲ ’ਤੇ ਸੱਟ ਖਾਣ ਵਾਲਿਆਂ ਵਿਚੋਂ ਨਹੀਂ ਸਗੋਂ ਸੋਸ਼ਣ-ਤੰਤਰ ਦੇ ਸਤਾਏ ਹੋਏ ਸਨ। ਇਸ ਕਰਕੇ ਉਨ੍ਹਾ ਦੀ ਸਾਰੀ ਲਿਖਤ ਇਕ ਖਾਸ ਦ੍ਰਿਸ਼ਟੀ ਦਾ ਸਬੂਤ ਹੈ।

- ਤਾਂ ਹੀ ਤਾਂ ਉਨ੍ਹਾਂ ਦੀ ਲਿਖਤ ਵੀ ਦੂਸਰੇ ਢੰਗ ਦੀ ਹੈ।

ਗੱਲਾਂ ਦੇ ਨਾਲ ਨਾਲ ਚਾਹ ਦੀਆਂ ਘੁੱਟਾਂ ਵੀ ਭਰੀਆਂ ਜਾ ਰਹੀਆਂ ਸਨ। ਭਾਵਕ ਜਹੀਆਂ ਗੱਲਾਂ ਦੇ ਦੌਰ ਵਿਚ ਕਦੇ ਚਾਹ ਠੰਢੀ ਹੋ ਜਾਂਦੀ ਫੇਰ ਗਰਮ ਚਾਹ ਆਉਂਦੀ ਅਤੇ ਗੱਲਾਂ ਫੇਰ ਨਵੇਂ ਸੰਦਰਭ ਵਿਚ ਜੁੜਨ ਲਗਦੀਆਂ। ਗੱਲ-ਬਾਤ ਨੂੰ ਅੱਗੇ ਤੋਰਦਿਆਂ ਮੈ ਪੁੱਛਿਆ-

? ਅਜਾਦੀ ਦੀ ਲੜਾਈ ਦੇ ਨਾਲ ਨਾਲ ਪ੍ਰੇਮ ਚੰਦ ਪੇਂਡੂ ਸੋਸ਼ਣ ਦੇ ਖਿਲਾਫ ਵੀ ਸੰਘਰਸ਼ ਕਰਦੇ ਰਹੇ। ਉਹ ਸੰਘਰਸ਼ ਅੱਜ ਵੀ ਜਾਰੀ ਰੱਖਣ ਦੀ ਲੋੜ ਹੈ ਕਿਉਂਕਿ ਇਹ ਤਾਂ ਗੱਲ ਨਹੀਂ ਕਿ ਪਰੇਮ ਚੰਦ ਨੇ ਇਹ ਲੜਾਈ ਪੂਰੀ ਤਰ੍ਹਾਂ ਲੜ ਲਈ ਹੈ। ਪਰ ਅਫਸੋਸ ਇਸ ਗੱਲ ਦਾ ਕਿ ਉਹ ਲੜਾਈ ਅੱਜ ਪੂਰੀ ਤਰ੍ਹਾਂ ਛੱਡ ਦਿੱਤੀ ਗਈ ਹੈ। ਤੁਸੀਂ ਇਸ ਦੇ ਪਿੱਛੇ ਕੀ ਕਾਰਨ ਸਮਝਦੇ ਹੋ, ਕਿਉਂਕਿ ਸਮੱਸਿਆਵਾਂ ਤਾਂ ਖਤਮ ਹੋਈਆਂ ਨਹੀਂ ਫੇਰ ਛੱਡ ਕਿਉਂ ਦਿੱਤੀ ਗਈ ਇਹ ਲੜਾਈ?

- ਕਿਸਨੇ ਛੱਡ ਦਿੱਤੀ?

? ਅੱਜ ਦੇ ਲੇਖਕਾਂ ਨੇ।

- ਉਹ ਜੋ ਲੇਖਕਾਂ ਤੋਂ ਨਿੱਖੜਿਆ ਹੋਇਆ ਹੈ ਉਹਨੂੰ ਤੁਸੀਂ ਵੱਖਰਾ ਕਿਉਂ ਦੇਖਦੇ ਹੋ। ਉਂਜ ਵੱਖਰਿਆ ਕੇ ਵੀ ਗੱਲ ਕੀਤੀ ਜਾ ਸਕਦੀ ਹੈ। ਪਰ ਇਹਦੇ ਲਈ ਜ਼ਰੂਰੀ ਹੈ ਕਿ ਪੂਰਾ ਪਿਛੋਕੜ ਪਰਖਿਆ ਜਾਵੇ ਤਾਂ ਤੁਸੀਂ ਦੇਖੋਗੇ ਕਿ ਚਾਰੇ ਪਾਸੇ.......

? ਪਹਿਲਾਂ ਤੋਂ ਵੀ ਭਿਆਨਕ ਸਥਿਤੀਆਂ ਹਨ।

- ਭਿਆਨਕ ਸਥਿਤੀਆਂ ਤਾਂ ਆਪਣੇ ਥਾਵੇਂ ਇਸ ਤੋਂ ਵੀ ਅੱਗੇ ਜੋ ਮੈਂ ਦੇਖ ਰਿਹਾਂ ਕਿ ਕਿਸੇ ਪਾਸੇ ਕੋਈ ਸੰਗਠਿਤ, ਸੁਚੇਤ ਤੇ ਜੁਝਾਰੂ ਅੰਦੋਲਨ ਇਨ੍ਹਾਂ ਸਭ ਸਥਿਤੀਆਂ ਦੇ ਖਿਲਾਫ ਹੁੰਦਾ ਤੁਸੀਂ ਨਹੀਂ ਦੇਖ ਰਹੇ। ਅਜਿਹੇ ਸਮੇਂ ਨਿਘਾਰ ਦੀਆਂ ਹਾਲਤਾਂ ਹੋ ਵੀ ਤੇਜ਼ ਹੋ ਗਈਆਂ ਹਨ।

? ਹਾਂ, ਸਮੱਸਿਆਵਾਂ ਜਿ਼ਆਦਾ ’ਤੇ ਹੱਲ ਲਟਕਿਆ ਹੋਇਆ।

- ਬਿਲਕੁੱਲ ਠੀਕ, ਇਸ ਕਰਕੇ ਲੇਖਕ ਵੀ ਉਨ੍ਹਾਂ ਹਾਲਤਾਂ ਦਾ ਹਿੱਸਾ ਬਣ ਗਿਆ ਹੈ ਤੇ ਉਸ ਦਾ ਸਿ਼ਕਾਰ ਹੋ ਗਿਆ। ਇਹ ਹੀ ਤਾਂ ਇਖ਼ਲਾਕੀ ਨਿਘਾਰ ਹੈ, ਗਿਰਾਵਟ ਹੈ। ਇਸ ਦਾ ਸਿ਼ਕਾਰ ਉਹ ਵੀ ਹੈ। ਉਸ ਨੂੰ ਇਸ ਤਰ੍ਹਾਂ ਸਿ਼ਕਾਰ ਬਨਾਉਣ ਵਿਚ ਉਸਦੀ ਇਸ ਮਨੋਭਾਵਨਾ ਨੇ ਮੱਦਦ ਕੀਤੀ ਕਿ ਸਾਹਿਤ ਨੇ ਅਸਲ ’ਚ ਸਮਾਜ ਤੋਂ ਕੁੱਝ ਨਹੀਂ ਲੈਣਾ-ਦੇਣਾ। ਸਿਰਫ ਇਹ ਹੀ ਨਹੀਂ ਸਗੋਂ ਇਹ ਵੀ ਮੰਨਿਆ ਜਾਣ ਲੱਗਾ ਕਿ ਜਿਹੜੀ ਤਰਕ ਪੂਰਨ ਰਚਨਾ ਹੁੰਦੀ ਹੈ, ਉਦੇਸ਼ ਨਾਲ ਬੱਝੀ ਰਚਨਾ ਹੁੰਦੀ ਹੈ ਉਹ ਘਟੀਆਂ ਲਿਖਤ ਹੁੰਦੀ ਹੈ। ਉਹ ਸਾਹਿਤ ਸੁਧਾਰਵਾਦੀ ਹੋ ਜਾਂਦਾ ਹੈ- ਵਿਚਾਰ ਪੰਥੀ ਹੋ ਜਾਂਦਾ ਹੈ।

? ਇਹ ਤਾਂ ਪ੍ਰੇਮ ਚੰਦ ਦੇ ਰਸਤੇ ਤੋਂ ਬਿਲਕੁੱਲ ਦੂਰ ਹੋ ਜਾਣ ਵਾਲੀ ਗੱਲ ਹੋ ਗਈ। ਪ੍ਰੇਮ ਚੰਦ ਦਾ ਰਸਤਾ ਤਾਂ ਸਿੱਧਾ ਸਪਸ਼ਟ ਸੀ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੀ ਨਹੀਂ, ਸੇਧ ਵੀ ਹੈ। ਇਸ ਦਾ ਭਾਵ ਤਾਂ ਇਹ ਹੈ ਕਿ ਪ੍ਰਤੀਬੱਧਤਾ ਵਾਲਾ ਸਾਹਿਤ ਹੀ ਸਾਹਿਤ ਹੈ ਅਤੇ ਦੱਕਿਆਨੂਸੀ ਸਾਹਿਤ, ਸਾਹਿਤ ਰਹਿ ਹੀ ਕਦੋਂ ਜਾਂਦਾ ਹੈ? ਇਸ ਸੰਦਰਭ ’ਚ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਅੱਜ ਦਾ ਸਾਹਿਤ, ਸਾਹਿਤ ਹੈ ਹੀ ਨਹੀਂ ਕਿਉਂਕਿ ਇਹ ਸੇਧਹੀਣ ਹੈ?

- ਇਹ ਤਾਂ ਹੈ ਹੀ। ਸੇਧ-ਰਹਿਤ ਹੋਣ ਕਰਕੇ ਅੱਜ ਦਾ ਸਾਹਿਤ , ਸਾਹਿਤ ਰਹਿ ਹੀ ਕਦੋਂ ਗਿਐ। ਉਸ ਸਾਹਿਤ ਦਾ ਸਮਾਜ ਨਾਲ ਭਲਾਂ ਕੀ ਲੈਣ ਦੇਣ?

? ਅਤੇ ਅਸੀਂ ਵੀ ਕੀ ਕੱਢਣਾਂ-ਪੌਣਾਂ ਅਜਿਹੇ ਸਾਹਿਤ ’ਚੋਂ? ਪਰ ਸੋਚੋ ਤਾਂ ਸਹੀ ਕਿੰਨੀ ਦੁੱਖ ਭਰੀ ਸਥਿਤੀ ਹੈ।

- ਬਹੁਤ ਹੀ ਦੁੱਖ ਭਰੀ ਹਾਲਤ ਹੈ।


? ਦੇਖੋ, ਅਸਲ ਵਿਚ ਇਹ ਸਾਰੀਆਂ ਗੱਲਾਂ ਬੁਨਿਆਦੀ ਤੌਰ ’ਤੇ ਇਸ ਨੁਕਤੇ ਤੋਂ ਪੈਦਾ ਹੁੰਦੀਆਂ ਹਨ ਕਿ ਜਿਹੜੇ ਪ੍ਰੇਮ ਚੰਦ ਦੀ ਦਲੀਲ ਭਰਪੂਰ ਲਿਖਤ ਦੇ ਸਾਹਮਣੇ ਆਪਣੀ ਲਿਖਤ ਨੂੰ ਜਸਟੀਫਾਈ ਨਹੀਂ ਕਰ ਸਕੇ ਉਹ ਪ੍ਰੇਮ ਚੰਦ ਨੂੰ ਨਕਾਰਨ ਦੀ ਮੋਰਚਾਬੰਦੀ ਕਰਨ ਲੱਗ ਪਏ। ਇਹ ਆਪਣੀ ਕਮਜ਼ੋਰੀ ਨੂੰ ਲੁਕਾਉਣ ਦਾ ਇਕ ਢੰਗ ਵੀ ਹੋਇਆ।

- ਮੈਨੂੰ ਵੀ ਅਜਿਹਾ ਹੀ ਮਹਿਸੂਸ ਹੁੰਦਾ ਹੈ। ਹੁਣ ਜੇ ਤੁਸੀਂ ਵੀ ਇਹ ਹੀ ਗੱਲ ਕਹਿ ਰਹੇ ਹੋ ਤਾਂ ਬਹੁਤ ਚੰਗੀ ਗੱਲ ਹੈ।

? ਤੁਸੀਂ ਕੀ ਸਮਝਦੇ ਹੋ ਕਿ ਉਦੇਸ਼ ਰਹਿਤ ਲਿਖਤ ਦਾ ਦੌਰ ਖਤਮ ਹੋ ਗਿਆ ਹੈ ਜਾਂ ਫੇਰ ਅਜੇ ਚੱਲ ਰਿਹਾ ਹੈ?

- ਇਹ ਕਹਿਣਾ ਤਾਂ ਬਹੁਤ ਮੁਸ਼ਕਲ ਹੈ ਕਿ ਕੋਈ ਦੌਰ ਕਦੋਂ ਸ਼ੁਰੂ ਹੁੰਦਾ ਹੈ, ਕਦੋਂ ਤੇ ਕਿੱਥੇ ਖਤਮ ਹੁੰਦਾ ਹੈ। ਅਜਿਹੇ ਦੌਰ ਤਾਂ ਆਉਂਦੇ ਹੀ ਰਹਿੰਦੇ ਹਨ, ਨਵੀਂ ਕਹਾਣੀ ਦੇ ਸਮੇਂ ਵੀ ਆਏ ਤੇ ਉਸ ਤੋਂ ਬਾਅਦ ਵੀ।

? ਤੁਸੀਂ ਜਦੋਂ ਸੁਭਾਵਕ ਹੀ ਕਹਾਣੀ ਦੀ ਗੱਲ ਕਹੀ ਸੀ ਤਾਂ ਕੀ ਇਸ ਦੇ ਪਿੱਛੇ ਪ੍ਰਤੀਬੱਧਤਾ ਵਾਲੀ ਗੱਲ ਵੀ ਸੀ?

- ਨਹੀਂ ਉਸਦੇ ਪਿੱਛੇ ਕੋਈ ਦੂਜੀ ਗੱਲ ਸੀ ਅਤੇ ਉਹ ਸੀ.........

? ਕੀ ਅ-ਕਹਾਣੀ ਦੇ ਵਿਰੁੱਧ?

- ਹਾਂ, ਇਹ ਹੀ ਅ-ਕਹਾਣੀ ਦੇ ਖਿਲਾਫ ਉਸ ਤੋਂ ਮੇਰਾ ਭਾਵ ਇਹ ਸੀ ਕਿ ਕਹਾਣੀ ’ਚ ਕਥਾ-ਰਸ ਹੋਣਾ ਚਾਹੀਦਾ, ਕਹਾਣੀ ਭਾਵੇਂ ਨਾ ਵੀ ਹੋਵੇ। ਕਿਉਂਕਿ ਜਦੋਂ ਕਥਾ-ਰਸ ਨਹੀਂ ਹੋਵੇਗਾ ਤਾਂ ਕੋਈ ਪੜ੍ਹੇਗਾ ਹੀ ਨਹੀਂ। ਮੈਂ ਇਹ ਮੰਨ ਕੇ ਚੱਲਦਾ ਹਾਂ ਕਿ ਗੀਤ ਤਾਂ ਇਕੱਲਿਆਂ ਵੀ ਗੁਣਗੁਣਾਇਆ ਜਾ ਸਕਦਾ ਹੈ ਤੇ ਅਕਸਰ ਗਾਇਆ ਜਾਂਦਾ ਹੈ ਪਰ ਕਹਾਣੀ ’ਚ ਸੁਣਨ ਤੇ ਸੁਨਾਉਣ ਵਾਲਾ ਵੀ ਹੁੰਦਾ ਹੈ। ਇਸ ਕਰਕੇ ਸੁਣਨ ਵਾਲੇ ਨੂੰ ਕੀਲਣ ਵਾਸਤੇ ਕਥਾ ਰੌਚਿਕਤਾ ਵਾਲੀ ਸ਼ਕਤੀ ਤਾਂ ਹੋਣੀ ਹੀ ਚਾਹੀਦੀ ਹੈ। ਸਹਿਜ ਕਹਾਣੀ ਤੋਂ ਮੇਰਾ ਇਸ਼ਾਰਾ ਇੱਧਰ ਹੀ ਸੀ ਅਤੇ ਉਹ ਜੋ ਦੰਗਾ-ਗ੍ਰਸਤ, ਇਕੈਹਰੀਆਂ, ਨੀਰਸ ਅਤੇ ਅਕਾਉਣ ਵਾਲੀਆਂ ਕਹਾਣੀਆਂ ਹਨ – ਉਨ੍ਹਾਂ ਦੇ ਖਿਲਾਫ ਇਹ ਗੱਲ ਸੀ।

? ਇਹ ਸਭ ਤਾਂ ਵਿਅਕਤੀਵਾਦੀ ਕਹਾਣੀਆਂ ਸਨ?

- ਹਾਂ, ਇਨ੍ਹਾਂ ਹੀ ਕਹਾਣੀਆਂ ਦੇ ਖਿਲਾਫ ਮੈਂ ਸਹਿਜ ਕਹਾਣੀ ਦੀ ਗੱਲ ਕੀਤੀ ਸੀ ਕਿਉਂਕਿ ਜਦੋਂ ਤੁਸੀਂ ਕਥਾ-ਰਸ ਵਾਲੀ ਵਾਲੀ ਕਹਾਣੀ ਨੂੰ ਲੈ ਕੇ ਚੱਲੋਗੇ ਤਾਂ ਸਮਾਨ-ਅੰਤਰ ਪੱਖ ਤੋਂ ਸਮੇਂ-ਸਥਾਨ ਨਾਲ ਤੁਸੀਂ ਜੁੜੋਗੇ ਵੀ ਉਸ ਕਹਾਣੀ ਨਾਲ ਜੋ ਕਿ ਤੁਹਾਡੇ ਆਂਢ-ਗੁਆਂਢ ਦੀ, ਘਰ-ਪਰਿਵਾਰ ਦੀ ਹੀ ਗੱਲ ਹੋਵੇ। ਉਹੋ ਜਹੇ ਪ੍ਰਸੰਗ ’ਚ ਹੀ ਸਾਰੀਆਂ ਗੱਲਾਂ ਹਨ ਇਸ ਤਰ੍ਹਾਂ ਸਮਾਜਕਤਾ ਦਾ ਕਰੀਬੀ ਬੋਧ ਕਹਾਣੀ ਨਾਲ ਜੁੜੇਗਾ।

? ਪ੍ਰੇਮ ਚੰਦ ਦੀਆਂ ਕਹਾਣੀਆਂ ਦੀ ਇਹ ਹੀ ਵਿਸ਼ੇਸ਼ਤਾ ਤਾਂ ਉਨ੍ਹਾਂ ਨੂੰ ਇੰਨਾਂ ਹਰਮਨ ਪਿਆਰਾ ਬਣਾਉਂਦੀ ਹੈ। ਕਿਉਂਕਿ ਉਨ੍ਹਾਂ ’ਚ ਕਥਾ-ਰਸ ਦੇ ਨਾਲ ਕਥਾਨਕ ਦੀ ਰੌਚਕਤਾ ਵੀ ਨਾਲ ਨਾਲ ਚੱਲਦੀ ਹੈ।

- ਬਿਨਾ ਸ਼ੱਕ ਇਹ ਹੀ ਗੱਲ ਸੀ।

? ਅੱਛਾ ਤੁਸੀਂ ਇਹ ਦੱਸੋ ਕਿ ਪ੍ਰੇਮ ਚੰਦ ਨੇ ਭਾਰਤੀ ਅਤੇ ਬਦੇਸ਼ੀ ਸਾਹਿਤ ਦਾ ਡੂੰਘਾ ਅਧਿਅਨ ਕੀਤਾ ਸੀ। ਜਿੰਨਾ ਲਿਖਿਆ ਉਸ ਤੋਂ ਬਹੁਤ ਜਿ਼ਆਦਾ ਪੜ੍ਹਿਆ ਵੀ, ਇਸ ਕਰਕੇ ਇਹ ਪੁੱਛਣਾਂ ਚਾਹਾਗਾਂ ਕਿ ਤੁਸੀ ਕਿਸ-ਕਿਸ ਲੇਖਕ ਦਾ ਉਨ੍ਹਾਂ ’ਤੇ ਪ੍ਰਭਾਵ ਸਮਝਦੇ ਹੋ?

- ਇਹ ਦੱਸਣਾ ਤਾਂ ਬਹੁਤ ਮੁਸ਼ਕਲ ਹੈ।

? ਮੇਰਾ ਮਤਲਬ ਜਿੱਥੋਂ ਉਨ੍ਹਾਂ ਨੇ ਕੁੱਝ ਸਿੱਖਿਆ ਹੋਵੇ। ਗੱਲ ਗ੍ਰਹਿਣ ਕੀਤੀ ਹੋਵੇ। ਜ਼ਮੀਨ ਆਪਣੀ ਹੀ ਰੱਖੀ ਹੋਵੇ ਸ਼ੈਲੀ ਲਈ ਹੋਵੇ ਜਾਂ ਫੇਰ ਕਹਿਣ ਢੰਗ ਹੀ ਲਿਆ ਹੋਵੇ।

- ਕਹਿਣ ਢੰਗ ਤਾਂ ਸਿੱਧਾ ਉਰਦੂ ਤੋਂ ਆਇਆ ਅਤੇ ਉਸ ਕਹਿਣ ਢੰਗ ਤੋਂ ਮੈਂ ਸਮਝਦਾ ਹਾਂ ‘ਤਿਲਸਮੇਂ ਹੋਸ਼ਰੁਬਾ’ ਦਾ ਵੀ ਆਪਣਾ ਯੋਗਦਾਨ ਹੈ। ਭਾਵੇਂ ਉਨ੍ਹਾਂ ਨੇ ਤਲਿਸਮ ਦੀ ਗਲੀ ਛੱਡ ਦਿੱਤੀ ਹੋਵੇ ਅਤੇ ਉਹਨੂੰ ਲੈ ਆਏ ਸਮਾਜਕਤਾ ਦੇ ਰਸਤੇ ਵਲ, ਪਰ ਇਹ ਤਾਂ ਬੜੀ ਚੰਗੀ ਲਿਖੀ ਤੇ ਗੁੰਦੀ ਹੋਈ ਕਹਾਣੀ ਹੈ। ਗੱਲ ’ਚੋਂ ਗੱਲ ਨਿਕਲ ਰਹੀ ਹੈ, ਘਟਨਾ ’ਚੋਂ ਘਟਨਾ ਨਿਕਲ ਰਹੀ ਹੈ ਅਤੇ ਬੇਹੱਦ ਰੌਚਕਤਾ ਨਾਲ ਕਹਾਣੀ ਅੱਗੇ ਵਧ ਰਹੀ ਹੈ। ਇਹ ਹੀ ਢੰਗ ਤਾਂ ‘ਚੰਦਰ ਕਾਂਤਾ’ ’ਚ ਸੀ ਅਤੇ ਉਨ੍ਹਾਂ ਨੇ ਉੱਥੋਂ ਇਹ ਢੰਗ ਲਿਆ, ਫੇਰ ‘ਮਿਸਟ੍ਰੀਜ਼ ਆਫ ਦੀ ਕੋਰਟ ਆਫ ਲੰਡਨ’ ਵਰਗੀਆਂ ਜਾਸੂਸੀ ਕਿਸਮ ਦੀਆਂ ਚੀਜ਼ਾਂ ਉਨ੍ਹਾਂ ਨੇ ਉਸ ਜ਼ਮਾਨੇ ’ਚ ਹੀ ਪੜ੍ਹੀਆਂ ਸਨ। ਪਰ ਇਹ ਸਾਰੇ ਤੱਥ ਉਨ੍ਹਾਂ ਨੇ ਛੱਡ ਦਿੱਤੇ ਕਿ ਉਹ ਕੀ ਪੜ੍ਹਿਆ ਕਰਦੇ ਸਨ। ਕਹਾਣੀ ਦਾ ਰੂਪਕ ਪੱਖ ਤਾਂ ਉਨ੍ਹਾਂ ਨੇ ਉੱਥੋਂ ਫੜਿਆ ਪਰ ਕਹਾਣੀ ਦੀ ਆਤਮਾ ਨੂੰ ਉਨ੍ਹਾਂ ਨੇ ਉੱਥੋਂ ਨਹੀਂ ਫੜਿਆ। ਕਹਾਣੀ ਦਾ ਢਾਂਚਾ ਤਾਂ ਉਨ੍ਹਾਂ ਨੇ ਉੱਥੋਂ ਲਿਆ ਪਰ ਗੱਲ ਆਪਣੀ ਪਾਈ। ਹੋਰ ਉਨ੍ਹਾਂ ’ਤੇ ਪ੍ਰਭਾਵ ਪਿਆ ਰਤਨ ਲਾਲ ਸਰਸ਼ਾਰ ਦਾ। ਬਦੇਸ਼ੀ ਲੇਖਕਾਂ ਵਿਚੋਂ ਦਾਸਤੋਵਸਕੀ, ਚੈਖੋਵ ਅਤੇ ਟਾਲਸਟਾਏ ਦਾ ਪ੍ਰਭਾਵ ਵੀ ਉਨ੍ਹਾਂ ’ਤੇ ਸੀ ।

? ਅੱਛਾ! ਇਹ ਉਰਦੂ ਵਿਚੋਂ ਹਿੰਦੀ ’ਚ ਆਉਣ ਦਾ ਵਿਚਾਰ ਕਿਉਂ ਤੇ ਕਿਵੇਂ ਪੈਦਾ ਹੋ ਗਿਆ? ਆਪਣੇ ਤੌਰ ਤੇ ਹੀ ਜਾਂ ਕਿਸੇ ਦੇ ਕਹਿਣ ਤੇ?

- ਪਤਾ ਨਹੀਂ ਕਿਵੇਂ ਪੈਦਾ ਹੋਇਆ। ਕੋਈ ਨਾ ਕੋਈ ਗੱਲ ਤਾਂ ਹੋਈ ਹੋਣੀ ਐਂ, ਤਦ ਉਨ੍ਹਾਂ ਨੇ ਮਹਿਸੂਸ ਕੀਤਾ ਹੋਵੇਗਾ ਕਿ ਹਿੰਦੀ ’ਚ ਜਾਣਾ ਚੰਗਾ ਰਹੇਗਾ।

? ਹਾਂ ਜੋ ਉਨ੍ਹਾਂ ਦਾ ਮਕਸਦ ਸੀ ਸਮਾਜ ਅੰਦਰ ਵਿਚਾਰਧਾਰਕ ਤਬਦੀਲੀ ਅਤੇ ਵਿਵਹਾਰਕ ਸੁਧਾਰ ਲਿਆਉਣ ਦਾ, ਦੇਸ਼ ਦੀ ਅਜਾਦੀ ਦਾ ਉਸਦੇ ਵਾਸਤੇ ਉਨ੍ਹਾਂ ਨੂੰ ਹਿੰਦੀ ਦਾ ਖੇਤਰ ਜਿ਼ਆਦਾ ਵੱਡਾ ਲੱਗਾ ਹੋਵੇਗਾ ਕਿਉਂਕਿ ਉਸਦੇ ਪਾਠਕ ਵੱਧ ਸਨ, ਇਹ ਹੀ ਸਮਝ ਕੇ ਉਹ ਹਿੰਦੀ ਵਿਚ ਆ ਗਏ ਹੋਣਗੇ। ਕਹਿੰਦੇ ਹਨ ਕਿ ਇਸ ਮਾਮਲੇ ’ਚ ਦਯਾਨਾਰਾਇਣ ਨੇ ਵੀ ਕੋਈ ਖਾਸ ਪਹਿਲ ਕੀਤੀ ਸੀ।

- ਨਹੀਂ ਅਜਿਹੀ ਕੋਈ ਗੱਲ ਨਹੀਂ ਸੀ ਮੈਂ ਤਾਂ ਸਮਝਦਾ ਸੰਭਵ ਹੈ ਕਿ ਉਹ ਵੀ ਫਿਰਾਕ ਵਾਂਗ ਉਨ੍ਹਾਂ ਲੋਕਾਂ ’ਚੋਂ ਹੋਣ ਜਿਹੜੇ ਇਹ ਕਹਿੰਦੇ ਹਨ ਕਿ ਉਨ੍ਹਾਂ (ਪ੍ਰੇਮ ਚੰਦ) ਨੇ ਜਿ਼ੰਦਗੀ ਵਿਚ ਇਕ ਹੀ ਗਲਤੀ ਕੀਤੀ ਕਿ ਉਹ ਉਰਦੂ ਤੋਂ ਹਿੰਦੀ ਵਲ ਚਲੇ ਆਏ।

? ਇਹ ਅਜੀਬ ਜਹੀ ਗੱਲ ਐ। ਲਗਦਾ ਹੈ ਉਨ੍ਹਾਂ ਦਾ ਉਰਦੂ ’ਚੋਂ ਹਿੰਦੀ ’ਚ ਆਉਣਾ ਬਹੁਤ ਸਾਰੇ ਉਰਦੂ ਵਾਲਿਆਂ ਨੂੰ ਜ਼ਖ਼ਮ ਵਾਂਗ ਦੁੱਖ ਦੇ ਰਿਹਾ ਹੈ ਤੇ ਸੈਲੇਸ਼ ਜ਼ੈਦੀ ਦਾ ਤਮਾਸ਼ਾ ਤਾਂ ਤੁਸੀਂ ਦੇਖਿਆ ਹੀ ਹੋਵੇਗਾ?

- ਹਾਂ ਦੇਖਿਆ ਸੀ ਪਰ ਹਿੰਦੀ ਵਾਲੇ ਇਹ ਵੀ ਤਾਂ ਨਹੀਂ ਕਰਦੇ ਕਿ ਜ਼ਰਾ ਢੰਗ ਨਾਲ ਉਹਦਾ ਜਵਾਬ ਦੇਣ।

? ਜਵਾਬ ਤਾਂ ਉਹਨੂੰ ਦਿੱਤਾ ਹੀ ਜਾ ਰਿਹਾ ਪਰ ਮੈਂ ਜਾਣਨਾ ਚਾਹਾਂਗਾ ਕਿ ਤੁਹਾਡੇ ਜਿ਼ਹਨ ’ਚ ਇਹਦੇ ਜਵਾਬ ਵਿਚ ਕੀ ਖਿਆਲ ਐ?

- ਮੈਂ ਤਾਂ ਉਸਦੀ ਪੂਰੀ ਕਿਤਾਬ ਵੀ ਪੜ੍ਹਨੀ ਪਸੰਦ ਨਹੀਂ ਕੀਤੀ

? ਕਿਉਂ! ਅਜਿਹਾ ਕਿਉਂ। ਇਤਰਾਜ਼ਯੋਗ ਗੱਲ ਤਾਂ ਉਸ ਵਿਚ ਸ਼ਖਸੀਅਤ ਨੂੰ ਸਾਹਮਣੇ ਰੱਖ ਕੇ ਲਿਖੀ ਗਈ ਹੈ ਬਾਕੀ ਜਿੱਥੋਂ ਤੱਕ ਲਿਖਣ ਪੱਖ ਦਾ ਮੁਲਾਂਕਣ ਹੈ ਉਹ ਤਾਂ ਠੀਕ ਐ- ਢੰਗ ਨਾਲ ਲਿਖਿਆ ਗਿਆ ਹੈ ਫੇਰ ਪਤੇ ਦੀ ਗੱਲ ਤਾਂ ਇਹ ਹੈ ਕਿ ਉਹਨੇ ਸਾਰੀਆਂ ਗੱਲਾਂ ‘ਕਲਮ ਕਾ ਸਿਪਾਹੀ’ ਤੋਂ ‘ਪ੍ਰੇਮ ਚੰਦ ਚਿੱਠੀ-ਪੱਤਰ’ ਜਾਂ ‘ਪ੍ਰੇਮ ਚੰਦ ਘਰ ਮੇਂ’ ਵਰਗੀਆਂ ਕਿਤਾਬਾਂ ਤੋਂ ਹੀ ਨੋਟ ਕੀਤੀਆਂ ਤੇ ਉਨ੍ਹਾਂ ਦਾ ਹਵਾਲਾ ਦਿੱਤਾ ਹੈ। ਹਾਂ, ਪਰ ਉਸ ਦੀ ਪੇਸ਼ਕਾਰੀ ਬਹੁਤ ਹੀ ਇਤਰਾਜ਼ਯੋਗ ਅਤੇ ਅਪਮਾਨਜਨਕ ਹੈ ਜਿਸਨੂੰ ਪੜ੍ਹਕੇ ਕੋਈ ਵੀ ਆਦਮੀ ਇਹ ਕਹਿ ਸਕਦਾ ਹੈ ਕਿ ਇਹ ਸਾਰੇ ਦਾ ਸਾਰਾ ਦੋਸ਼ ਪਹਿਲਾਂ ਤੋਂ ਹੀ ਮਿੱਥਿਆ ਹੋਇਆ ਸੀ।

- ਹਾਂ ਦੁਨੀਆਂ ’ਚ ਕੋਈ ਚੀਜ਼ ਅਜਿਹੀ ਨਹੀਂ ਜਿਸਨੂੰ ਉਸ ਦੇ ਸੰਦਰਭ ਤੋਂ ਕੱਟਕੇ ਉਸ ਦਾ ਕੁੱਝ ਤੋਂ ਕੁੱਝ ਨਾ ਬਣਾ ਦਿੱਤਾ ਜਾਵੇ।

? ਹੁਣ ਫੇਰ ਉਸਦਾ ਮੈਂ ਤੁਹਾਨੂੰ ਇਕ ਵਾਕ ਸੁਣਾਵਾਂ ਉਹ ਲਿਖਦਾ ਹੈ ‘ਉਂਜ ਤਾਂ ਪ੍ਰੇਮ ਚੰਦ ਝੂਠ ਬੋਲਣ ਦੇ ਮਾਹਿਰ ਸਨ- ਪਰ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਉਹ ਇੱਥੇ ਝੂਠ ਨਹੀਂ ਬੋਲ ਰਹੇ’

- ਇੱਥੇ ਮੈਂ ਤੁਹਾਨੂੰ ਇਕ ਸਮੀਖਿਆ ਦਾ ਹਵਾਲਾ ਦੇਣਾ ਚਾਹਾਂਗਾ ਇਕ ਸੱਜਣ ਹਨ ਗੋਪਾਲ ਨਾਂ ਦੇ...........

? ਮਦਨ ਗੋਪਾਲ ਤਾਂ ਨਹੀਂ?

- ਨਹੀਂ, ਉਹ ਗੋਪਾਲ ਹਨ- ਗੋਪਾਲ ਰਾਏ, ਜਿਨ੍ਹਾਂ ਨੇ ਸ਼ੈਲੇਸ਼ ਜੈਦੀ ਦੀ ਕਿਤਾਬ ਦੀ ਸਮੀਖਿਆ ਕੀਤੀ ਹੈ। ਉਨ੍ਹਾਂ ਦੇ ਕੁੱਝ ਗੱਲਾਂ ਦਾ ਤਾਂ ਖੈਰ ਵਿਰੋਧ ਵੀ ਕੀਤਾ ਹੈ ਪਰ ਇਹ ਗੱਲ ਕਹਿਣੀ ਵੀ ਨਹੀਂ ਭੁੱਲੇ ਕਿ ਜ਼ੈਦੀ ਨੇ ਬਹੁਤ ਵਧੀਆ ਸੰਗ੍ਰਹਿ ਦਿੱਤਾ ਹੈ ਅੱਗੇ ਲਿਖਿਆ ਹੈ ਅਮਕ ਕੀਤਾ, ਢਮਕ ਕੀਤਾ....

? ਦੇਖੋ ਹੋਰ ਜਿਹੜੀ ਪਹਿਲੇ ਮੁਲਾਂਕਣ ਦੀ ਗੱਲ ਉਹਦੇ ਵਿਚ ਲਿਖੀ ਗਈ ਹੈ ਉਹ ਤਾਂ ਠੀਕ ਹੈ।

- ਕੀ ਲਿਖਿਆ ਹੈ- ਜਿੱਥੋਂ ਤੱਕ ਮੈਂ ਪੜ੍ਹਿਆ/ਦੇਖਿਆ , ਉਸ ਤੋਂ ਬਾਅਦ ਮੇਰੀ ਪਤਨੀ ਨੇ ਮੈਨੂੰ ਪੜ੍ਹਨ ਹੀ ਨਹੀਂ ਦਿੱਤਾ ਸੀ। ਉਸ ਭਰਾ ਨੇ ਤਾਂ ਚਾਹਿਆ ਸੀ ਕਿ ਉਹ ਕਿਤਾਬ ਮੇਰੇ ਹੱਥੋਂ ਰਲੀਜ਼ ਹੋਵੇ ਇਸ ਬਾਰੇ ਉਹਨੇ ਘੱਟੋ ਘੱਟ ਮੈਨੂੰ ਤਿੰਨ ਚਿੱਠੀਆਂ ਲਿਖੀਆਂ। ਪਰ, ਉਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮੈਂ ਉਹਦੀਆਂ ਚਿੱਠੀਆਂ ਦਾ ਜਵਾਬ ਹੀ ਨਹੀਂ ਦਿੱਤਾ। ਫੇਰ ਮੇਰੇ ਕੋਲ ਵਿਹਲ ਵੀ ਨਹੀਂ ਸੀ। ਮੈਂ ਆਪਣਾ ਕੰਮ ਕਰ ਰਿਹਾ ਸੀ- ਸੋਚਿਆ, ਛੱਡੋ ਪਰੇ......

? ਪਰ ਅਜਿਹਾ ਕਰਨਾ ਤਾਂ ਉਹਦਾ ਠੀਕ ਜਵਾਬ ਨਾ ਹੋਇਆ? ਤੁਹਾਨੂੰ ਥੋੜ੍ਹਾ ਜਿਹਾ ਅੱਗੇ ਵਧਕੇ ਜਵਾਬ ਦੇਣਾ ਹੀ ਚਾਹੀਦਾ ਸੀ।

- ਦੇਖੋ, ਇੱਥੇ ਮੇਰੀ ਹਾਲਤ ਥੋੜੀ ਡੈਲੀਕੇਟ (ਪਤਲੀ) ਹੋ ਜਾਂਦੀ ਹੈ ਇੱਥੇ ਮੇਰੇ ਕਰਨ ਦਾ ਕੋਈ ਕੰਮ ਨਹੀਂ।

? ਠੀਕ ਐ- ਪਰ ਤੁਹਾਨੂੰ ਇੱਥੇ ਤਾਂ ਕੁੱਝ ਨਾ ਕੁੱਝ ਕਹਿਣਾ ਹੀ ਪਵੇਗਾ ਇੱਥੇ ਜੋ ਕੁੱਝ ਤੁਹਾਡੇ ਹਵਾਲੇ ਨਾਲ ਉਸ ਨੇ ਕਿਹਾ ਹੈ ਜੇਕਰ ਇਹ ਸੱਚ ਹੈ ਕਿ ਜੋ ਕੁੱਝ ਤੁਸੀਂ ਲਿਖਿਆ ਹੈ ਉਹ ਇਕ ਬਾਇਉਗਰਾਫਰ ( ਜੀਵਨੀ ਲਿਖਣ ਵਾਲਾ) ਦੀ ਈਮਾਨਦਾਰੀ ਤੇ ਸਪਸ਼ਟਤਾ ਦੇ ਕਰਕੇ ਹੀ ਲਿਖਿਆ ਹੈ ਪਰ ਜਿਸ ਤਰ੍ਹਾਂ ਉਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਉਸ ਬਾਰੇ ਤਾਂ ਤੁਹਾਨੂੰ ਕੁੱਝ ਕਹਿਣਾ ਚਾਹੀਦਾ- ਦੇਖਣਾ ਚਾਹੀਦਾ।

- ਉਹ ਤਾਂ ਤੁਹਾਡੇ ਦੇਖਣ ਦੀ ਗੱਲ ਹੈ ਕਿ ਮੈਂ ਕੀ ਕਿਹਾ ਤੇ ਸ਼ੈਲੇਸ਼ ਜ਼ੈਦੀ ਨੇ ਇੱਥੇ ਕਿਵੇਂ ਅੱਗੜ-ਦੁੱਗੜ ਕਰ ਦਿੱਤਾ ਹੈ....ਉਹਦੇ ਬਾਰੇ ਮੈਂ ਕੀ ਕਹਾਂਗਾ....... ਮੈਂ ਤਾਂ ਜੋ ਕਹਿਣਾ ਸੀ ਉਹ ਪਹਿਲਾਂ ਹੀ ਕਿਤਾਬ ਵਿਚ ਕਹਿ ਦਿੱਤਾ ਹੈ।

? ਉਸ ਸਮੇਂ ਤੁਹਾਡੀ ਪਹਿਲੀ ਪ੍ਰਤੀਕ੍ਰਿਆ ਕਿਹੋ ਜਹੀ ਹੋਈ?

- ਜੋ ਤੁਹਾਡੀ ਹੋਈ ਉਹ ਹੀ ਮੇਰੀ ਹੋਈ

****

ਪੁੱਤ ਨੂੰ ਤਰਸਣ ਵਾਲਿਓ !!! ਕਿਤੇ ਪੁੱਤ ਨੂੰ ਆਪਣੇ ਹੱਥੀਂ ਕਤਲ ਨਾ ਕਰਾ ਆਇਓ........ ਲੇਖ਼ / ਰਾਜੂ ਹਠੂਰੀਆ


ਹਰ ਇਨਸਾਨ ਜਿ਼ੰਦਗੀ ਨੂੰ ਆਪੋ-ਆਪਣੇ ਢੰਗ ਨਾਲ ਜਿਉਣਾ ਚਾਹੁੰਦਾ ਹੈ। ਆਪਣੇ ਢੰਗ ਨਾਲ ਜਿ਼ੰਦਗੀ ਜਿਉਣ ਲਈ ਉਹ ਕੁਦਰਤੀ ਨਿਯਮਾਂ ਤੇ ਉਹਨਾਂ ਸਾਰੀਆਂ ਚੀਜਾਂ ਨੂੰ ਬਦਲਣ ਦੀ ਕੋਸਿ਼ਸ਼ ਕਰਦਾ ਹੈ, ਜਿਹੜੀਆਂ ਉਸ ਨੂੰ ਚੰਗੀਆ ਨਹੀਂ ਲੱਗਦੀਆਂ। ਪਰ ਸਭ੍ਹ ਕੁਝ ਇਨਸਾਨ ਦੇ ਵੱਸ ਵਿੱਚ ਨਹੀਂ ਹੁੰਦਾ। ਜੋ ਕੁਝ ਇਨਸਾਨ ਬਦਲ ਸਕਦਾ ਹੈ, ਉਸ ਨੂੰ ਬਦਲ ਕੇ ਉਹ ਬੜਾ ਮਾਣ ਮਹਿਸੂਸ ਕਰਦਾ ਹੈ। ਉਹ ਸੋਚਦਾ ਹੈ ਕਿ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਇਸ ਦੇ ਜ਼ਰੀਏ ਉਹ ਕੁਝ ਵੀ ਕਰ ਸਕਦਾ ਹੈ। ਪਰ ਜਦੋਂ ਕੋਈ ਗੱਲ ਉਸ ਦੇ ਵੱਸੋਂ ਬਾਹਰ ਹੋ ਜਾਂਦੀ ਹੈ ਤਾਂ ਉਸ ਨੂੰ ਰੱਬ ਦਾ ਭਾਣਾ ਕਹਿ ਕੇ ਮੰਨਣ ਲਈ ਵੀ ਤਿਆਰ ਹੋ ਜਾਂਦਾ ਹੈ। ਨਿੱਕੀਆਂ-ਨਿੱਕੀਆਂ ਗੱਲਾਂ ਤਾਂ ਇੱਕ ਪਾਸੇ, ਇਨਸਾਨ ਤਾਂ ਆਪਣੀ ਸਾਇੰਸ ਦੀ ਤਰੱਕੀ ਦੇ ਜ਼ਰੀਏ ਮਾਂ ਦੇ ਗਰਭ ਵਿੱਚ ਪਲ਼ ਰਹੇ ਬੱਚੇ ਦੇ ਸੈਕਸ ਦਾ ਜ਼ਾਇਜਾ ਲੈ ਕੇ, ਉਸ ਦੇ ਜਨਮ ਦਾ ਫੈਸਲਾ ਵੀ ਖ਼ੁਦ ਕਰਨਾ ਚਾਹੁੰਦਾ ਹੈ ਕਿ ਉਸ ਬੱਚੇ ਨੂੰ ਜਨਮ ਲੈਣਾ ਚਾਹੀਦਾ ਹੈ ਜਾਂ ਨਹੀਂ। ਸਾਇੰਸ ਦੀ ਇਸ ਤਰੱਕੀ ਦਾ ਸਿ਼ਕਾਰ ਆਮ ਤੌਰ ਤੇ ਕੁੜੀਆਂ ਹੀ ਹੁੰਦੀਆਂ ਹਨ। ਖਾਸ ਤੌਰ ਤੇ ਭਾਰਤੀ ਲੋਕ ਇਸ ਤਰੱਕੀ ਦਾ ਆਸਰਾ ਲੈ ਕੇ ਕੁੜੀਆਂ ਨੂੰ ਕੁੱਖ ਵਿੱਚ ਕਤਲ ਕਰਨ ਲਈ ਸੰਸਾਰ ਭਰ ਵਿੱਚ ਸ਼ਾਇਦ ਇਸ ਸਮੇਂ ਪਹਿਲੇ ਨੰਬਰ ਉੱਤੇ ਹਨ। ਕੁੜੀਆਂ ਦੇ ਕਤਲ ਪਹਿਲਾਂ ਵੀ ਹੁੰਦੇ ਸਨ ਜਦੋਂ ਸਾਇੰਸ ਨੇ ਐਨੀ ਤਰੱਕੀ ਨਹੀਂ ਸੀ ਕੀਤੀ। ਫਰਕ ਸਿਰਫ ਐਨਾ ਹੀ ਪਿਆ ਹੈ ਕਿ ਪਹਿਲਾਂ ਉਹਨਾਂ ਨੂੰ ਜਨਮ ਤੋਂ ਬਾਅਦ ਕਤਲ ਕੀਤਾ ਜਾਂਦਾ ਸੀ ਤੇ ਹੁਣ ਉਹਨਾਂ ਨੂੰ ਜਨਮ ਤੋਂ ਪਹਿਲਾਂ ਹੀ ਕਤਲ ਕਰ ਦਿੱਤਾ ਜਾਂਦਾ ਹੈ। ਉਹਨਾਂ ਦਾ ਕਸੂਰ ਕੀ ਹੈ? ………ਸ਼ਾਇਦ ਕੋਈ ਵੀ ਨਹੀਂ………ਸ਼ਾਇਦ ਕਤਲ ਹੋਣ ਲਈ ਉਹਨਾਂ ਦਾ ਐਨਾ ਹੀ ਕਸੂਰ ਹੈ ਕਿ ਉਹ ਕੁੜੀਆਂ ਹਨ। ਜੇ ਇਹ ਸੱਚ ਹੈ ਤਾਂ ਫਿਰ ਸਾਡੇ ਭਾਰਤੀਆਂ ਤੋਂ ਵੱਡਾ ਢੋਂਗੀ ਸੰਸਾਰ ਭਰ ਵਿੱਚ ਕੋਈ ਨਹੀਂ। ਕਿਉਂਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਪਰ ਕੁੜੀਆਂ ਕਤਲ ਕਰਦੇ ਹਾਂ। ਤਾਂ ਇਸ ਦਾ ਮਤਲਬ ਅਸੀਂ ਸਿਰਫ ਵਿਖਾਵਾ ਕਰਦੇ ਹਾਂ। ਗੁਰਬਾਣੀ ਵਿੱਚ ਤਾਂ ਔਰਤ ਨੂੰ ਵਡਿਆਇਆ ਗਿਆ ਹੈ, ਗੁਰੂ ਨਾਨਕ ਦੇਵ ਜੀ ਤਾਂ ਲਿਖਦੇ ਹਨ ਕਿ ਉਸ ਨੂੰ ਮੰਦਾ ਕਿਉਂ ਆਖਿਆ ਜਾਵੇ, ਜੀਹਨੇ ਰਾਜੇ ਰਾਣਿਆਂ ਨੂੰ ਜਨਮ ਦਿੱਤਾ ਹੈ। ਪਰ ਗੁਰੂ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ ਉਸ ਨੂੰ ਮੰਦਾ ਬੋਲਣਾ ਤਾਂ ਇੱਕ ਪਾਸੇ ਉਸ ਨੂੰ ਕਤਲ ਕਰੀ ਜਾ ਰਹੇ ਹਨ। ਤੇ ਦੂਜਾ ਇੱਕ ਪਾਸੇ ਅਸੀਂ ਦੇਵੀਆਂ ਨੂੰ ਪੂਜਦੇ ਹਾਂ ਤੇ ਇੱਕ ਪਾਸੇ ਉਹਨਾਂ ਦੇ ਕਤਲ ਕਰਦੇ ਹਾਂ। ਇਹ ਵਿਖਾਵਾ ਨਹੀਂ ਤਾਂ ਹੋਰ ਕੀ ਹੈ? 
ਬਾਕੀ ਹਰ ਇੱਕ ਦੀ ਆਪੋ-ਆਪਣੀ ਸੋਚ ਹੈ ਤੇ ਹਰ ਇੱਕ ਦੀ ਜਿ਼ੰਦਗੀ ਦਾ ਆਪੋ-ਆਪਣਾ ਤਜ਼ੁਰਬਾ ਹੁੰਦਾ ਹੈ। ਕੋਈ ਆਸੇ-ਪਾਸੇ ਦੇ ਮਹੌਲ ਨੂੰ ਵੇਖ ਬਦਨਾਮੀ ਤੋਂ ਡਰਦਾ ਇਹ ਕਤਲ ਕਰੀ ਜਾਂਦਾ ਹੈ, ਕਿਸੇ ਦੇ ਪਹਿਲਾਂ ਹੀ ਕਈ ਕੁੜੀਆਂ ਹਨ ਉਹ ਮੁੰਡੇ ਦੀ ਉਡੀਕ ਵਿੱਚ ਸੈਕਸ ਜਾਂਚ ਕਰਵਾਕੇ, ਕਤਲ ਕਰੀ-ਕਰਵਾਈ ਜਾਂਦਾ ਹੈ ਅਤੇ ਕਈਆਂ ਨੂੰ ਕੁੜੀਆਂ ਦੇ ਨਾਂ ਤੋਂ ਹੀ ਨਫ਼ਰਤ ਹੈ। ਭਾਵੇਂ ਉਹਨਾਂ ਨੂੰ ਸੰਸਾਰ ਵਿਖਾਉਣ ਵਾਲੀ ਮਾਂ ਵੀ ਇੱਕ ਕੁੜੀ ਹੈ ਤੇ ਉਸ ਦੀ ਵੰਸ਼ ਅੱਗੇ ਤੋਰਨ ਵਾਲੀ ਵੀ ਇੱਕ ਕੁੜੀ ਹੈ। ਮੈਂ ਜਿਵੇਂ ਪਹਿਲਾਂ ਵੀ ਲਿਖਿਆ ਕਿ ਸਭ੍ਹ ਕੁਝ ਇਨਸਾਨ ਦੇ ਵੱਸ ਵਿੱਚ ਨਹੀਂ ਹੁੰਦਾ। ਇਨਸਾਨ ਕਈ ਵਾਰ ਜਿਹੜਾ ਕੁਝ ਉਸ ਦੇ ਵੱਸ ਵਿੱਚ ਹੁੰਦਾ ਹੈ ਉਸ ਨੂੰ ਬਦਲਣ ਦੀ ਵਜਾਏ, ਉਹ ਕੁਝ ਬਦਲਣ ਦੀ ਕੋਸਿ਼ਸ਼ ਕਰਦਾ ਰਹਿੰਦਾ ਹੈ ਜਿਹੜਾ ਉਹਦੇ ਵੱਸ ਵਿੱਚ ਨਹੀਂ ਹੁੰਦਾ। ਜਿਵੇਂ ਆਸੇ-ਪਾਸੇ ਦਾ ਮਹੌਲ, ਸਮਾਜਿਕ ਕੁਰਤੀਆਂ ਨੂੰ ਬਦਲਣਾ ਉਸ ਦੇ ਵੱਸ ਵਿੱਚ ਹੁੰਦਾ ਹੈ, ਪਰ ਉਹ ਇਹਨਾਂ ਨੂੰ ਬਦਲਣ ਵਜਾਏ ਬਦਨਾਮੀ ਤੋਂ ਡਰਦਾ ਧੀ ਨੂੰ ਹੀ ਕਤਲ ਕਰਵਾ ਦਿੰਦਾ ਹੈ। ਪਰ ਜਿਸ ਬਦਨਾਮੀ ਦਾ ਡਰ ਉਸ ਨੂੰ ਧੀ ਵੱਲੋਂ ਹੁੰਦਾ ਹੈ ਉਹ ਕਈ ਵਾਰ ਪੁੱਤ ਕਰਵਾ ਦਿੰਦਾ ਹੈ। ਕਿਉਂਕਿ ਕਈ ਵਾਰ ਪੁੱਤ ਗਲਤੀ ਕਰਕੇ ਖੁਦ ਤਾਂ ਭੱਜ ਜਾਂਦਾ ਹੈ ਤੇ ਪੁਲਿਸ ਮਗਰੋਂ ਪਿਉ ਨੂੰ ਖਿੱਚੀ ਫਿਰਦੀ ਹੈ। ਜੇ ਗੱਲ ਕਰੀਏ ਸਾਇੰਸ ਦੀ ਤਰੱਕੀ ਦੀ, ਜਿਸ ਦੇ ਜ਼ਰੀਏ ਇਨਸਾਨ ਸਭ੍ਹ ਕੁਝ ਆਪਣੇ ਅਨੁਸਾਰ ਢਾਲਣ ਦੀ ਕੋਸਿ਼ਸ਼ ਕਰਦਾ ਹੈ। ਇੱਕ ਪਾਸੇ ਤਾਂ ਉਹ ਮਾਂ-ਪਿਉ ਨੇ ਜਿਹੜੇ ਚਾਹੁੰਦੇ ਨੇ ਕਿ ਸਾਡੇ ਘਰ ਬਸ ਇੱਕ ਬੱਚਾ ਪੈਦਾ ਹੋ ਜਾਵੇ, ਭਾਵੇਂ ਉਹ ਕੁੜੀ ਹੋਵੇ ਚਾਹੇ ਮੁੰਡਾ। ਪਰ ਸਾਇੰਸ ਬਹੁਤੇ ਵਾਰ ਆਪਣਾ ਜ਼ੋਰ ਲਾ ਕੇ ਹੱਥ ਖੜ੍ਹੇ ਕਰ ਜਾਂਦੀ ਹੈ। ਤੇ ਇੱਕ ਪਾਸੇ ਉਹ ਮਾਂ-ਪਿਉ ਹਨ ਜਿਹੜੇ ਇਸ ਦੇ ਜ਼ਰੀਏ ਇਹ ਫੈਸਲਾ ਕਰਨਾ ਚਾਹੁੰਦੇ ਹਨ ਕਿ ਉਹਨਾਂ ਦੇ ਘਰ ਸਿਰਫ ਮੁੰਡਾ ਹੀ ਪੈਦਾ ਹੋਣਾ ਚਾਹੀਦਾ ਹੈ। ਮੁੰਡੇ ਨੂੰ ਪਾਉਣ ਲਈ ਉਹ ਸੈਕਸ ਜਾਂਚ ਕਰਵਾਕੇ ਕੁੜੀਆਂ ਨੂੰ ਕੁੱਖ ਵਿੱਚ ਕਤਲ ਕਰਵਾਉਂਦੇ ਰਹਿੰਦੇ ਹਨ । ਮੁੰਡੇ ਦੀ ਉਡੀਕ ਵਿੱਚ ਉਹ ਕਈ-ਕਈ ਕਤਲ ਆਪਣੇ ਹੱਥੀਂ ਕਰਵਾ ਦਿੰਦੇ ਹਨ। ਜੇ ਕਤਲ ਕਰਨਾ ਪਾਪ ਹੈ ਤਾਂ ਇਹਨਾਂ ਕਤਲਾਂ ਦੀ ਸਜ਼ਾ ਕੋਣ ਭੁਗਤੇਗਾ। ਦੂਜੀ ਗੱਲ ਕੀ ਐਨੇ ਕਤਲ ਕਰਨ ਦੇ ਬਾਵਯੂਦ ਕੀ ਉਹਨਾਂ ਦੇ ਘਰ ਮੁੰਡਾ ਪੈਦਾ ਹੋ ਜਾਂਦਾ ਹੈ? ਕੀ ਸਾਇੰਸ ਉਹਨਾਂ ਦੀ ਮੱਦਦ ਕਰ ਪਾਉਂਦੀ ਹੈ?? ਜਾਂ ਫਿਰ ਇਸ ਸਾਇੰਸ ਨੇ ਕਿਤੇ ਉਸ ਦਾ ਉਹਨਾਂ ਤੋਂ ਹੀ ਕਤਲ ਤਾਂ ਨਹੀਂ ਕਰਵਾ ਦਿੱਤਾ, ਜੀਹਦੀ ਉਹਨਾਂ ਨੂੰ ਉਡੀਕ ਸੀ??? ਤੁਸੀਂ ਕਹੋਂਗੇ ਕੀ ਬੁਝਾਰਤਾਂ ਜਿਹੀਆਂ ਪਾਈ ਜਾਂਦਾ। ਪਰ ਇਸ ਤਰ੍ਹਾਂ ਵੀ ਹੋ ਸਕਦਾ ਹੈ। ਫਿਰ ਉਹੀ ਗੱਲ ਕਿ ਸਾਇੰਸ ਜਿੰਨ੍ਹੀ ਮਰਜੀ ਤਰੱਕੀ ਕਰ ਜਾਵੇ, ਪਰ ਸਭ੍ਹ ਕੁਝ ਇਨਸਾਨ ਦੇ ਵੱਸ ਵਿੱਚ ਨਹੀਂ ਹੁੰਦਾ। ਇਸ ਗੱਲ ਦੇ ਸਬੂਤ ਲਈ ਮੈਂ ਤੁਹਾਨੂੰ ਮੇਰੇ ਇੱਕ ਦੋਸਤ ਦੇ ਘਰ ਪੈਦਾ ਹੋਏ ਬੱਚੇ ਦੀ ਗੱਲ ਦੱਸਦਾਂ ਕਿ ਕਿਵੇਂ ਸਾਇੰਸ ਦੀ ਤਰੱਕੀ ਚੱਕਰਾਂ ਵਿੱਚ ਪਾ ਦਿੰਦੀ ਹੈ। ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਮੇਰੇ ਦੋਸਤ ਦੇ ਘਰ ਬੱਚਾ ਹੋਣ ਵਾਲਾ ਸੀ। ਉਹ ਆਪਣੇ ਘਰ ਵਾਲੀ ਨੂੰ ਹਸਪਤਾਲ ਲੈ ਕੇ ਗਿਆ, ਚੈੱਕ-ਅੱਪ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਉਹਨਾਂ ਦੇ ਘਰ ਕੁੜੀ ਪੈਦਾ ਹੋਣ ਵਾਲੀ ਹੈ। ਉਸ ਤੋਂ ਇੱਕ ਦੋ ਮਹੀਨੇ ਬਾਅਦ ਉਹ ਪਰਿਵਾਰ ਸਮੇਤ ਇੰਡੀਆਂ ਆਪਣੇ ਮਾਂ-ਪਿਉ ਨੂੰ ਮਿਲਣ ਚਲਾ ਗਿਆ। ਉਸ ਦੀ ਮਾਂ ਆਪਣੀ ਨੂੰਹ ਵੱਲ ਵੇਖ ਕੇ ਕਹਿਣ ਲੱਗੀ “ਮੇਰੇ ਕਰਮੇ ਤੇ ਧਰਮੇ ਜੋੜੀ ਬਨਣ ਵਾਲੀ ਹੈ।” (ਮੇਰੇ ਦੋਸਤ ਦੇ ਘਰ ਪਹਿਲਾਂ ਵੀ ਮੁੰਡਾ ਸੀ ਤੇ ਉਸ ਦਾ ਨਾਂ ਕਰਮਾ ਸੀ) ਅੱਗੋਂ ਮੇਰਾ ਦੋਸਤ ਕਹਿਣ ਲੱਗਾ “ਬੀਬੀ ਧਰਮਾ ਨਹੀਂ ਧਰਮੀ ਆ।” ਮਾਂ ਕਹਿੰਦੀ “ਨਹੀਂ ਪੁੱਤ ਧਰਮਾ ਹੀ ਹੋਊਗਾ।” ਮੇਰਾ ਦੋਸਤ ਕਹਿੰਦਾ “ਬੀਬੀ ਉੱਥੇ ਡਾਕਟਰਾਂ ਨੇ ਚੈੱਕ ਕਰ ਕੇ ਦੱਸਿਆ ਕਿ ਕੁੜੀ ਆ, ਉਹ ਐਡੀਆਂ ਵੱਡੀਆਂ-ਵੱਡੀਆਂ ਮਸ਼ੀਨਾਂ ਐਵੇਂ ਤਾਂ ਨਹੀਂ ਰੱਖੀ ਫਿਰਦੇ।” ਮਾਂ ਕਹਿੰਦੀ ਪੁੱਤ ਆਪਾਂ ਨੂੰ ਮੁੰਡੇ-ਕੁੜੀ ਦਾ ਤਾਂ ਕੋਈ ਫਰਕ ਨਹੀਂ, ਪਰ ਮੇਰਾ ਅੰਦਾਜਾ ਗਲਤ ਨਹੀਂ ਹੋ ਸਕਦਾ, ਤੇਰੇ ਡਾਕਟਰ ਜੋ ਮਰਜ਼ੀ ਆਖੀ ਜਾਣ।” ਮੇਰੇ ਦੋਸਤ ਨੇ ਵਾਪਿਸ ਆ ਕੇ ਦੂਜੀ ਵਾਰ ਚੈੱਕ-ਅੱਪ ਦੌਰਾਨ ਫਿਰ ਪੁੱਛਿਆ ਤਾਂ ਉਹਨਾਂ ਕਿਹਾ ਕਿ ਕੁੜੀ ਹੀ ਹੈ। ਮੇਰੇ ਦੋਸਤ ਨੇ ਕੁੜੀਆਂ ਵਾਲੇ ਕੱਪੜੇ ਖ੍ਰੀਦ ਕੇ ਰੱਖ ਲਏ। ਮੇਰੇ ਦੋਸਤ ਨੇ ਦੱਸਿਆ ਕਿ ਜਦੋਂ ਬੱਚੇ ਦਾ ਜਨਮ ਹੋਇਆ ਤਾਂ ਮੇਰੇ ਮੂੰਹੋ ਇਹੀ ਨਿਕਲਿਆ ਕਿ “ਹੇ ਪ੍ਰਮਾਤਮਾ ਸਾਇੰਸ ਜਿੰਨ੍ਹੀ ਮਰਜੀ ਤਰੱਕੀ ਕਰ ਲਵੇ, ਪਰ ਤੇਰੇ ਹੁਕਮੋ ਵਗੈਰ ਪੱਤਾ ਨਹੀਂ ਹਿੱਲ ਸਕਦਾ।” ਡਾਕਟਰਾਂ ਨੇ ਕੁੜੀ ਦੱਸੀ, ਪਰ ਹੋਇਆ ਮੇਰੇ ਦੋਸਤ ਦੇ ਘਰ ਮੁੰਡਾ। ਇਸ ਗੱਲ ਨੂੰ ਲੈ ਕੇ ਹੀ ਮੇਰੇ ਮਨ ਵਿੱਚ ਇਸ ਉੱਪਰ ਲਿਖਣ ਦਾ ਵਿਚਾਰ ਆਇਆ ਕਿ ਇਹੋ ਜਿਹੇ ਕਿੰਨੇ ਕੇਸ ਹੋਰ ਹੋਏ ਹੋਣਗੇ। ਕਿੰਨ੍ਹੇ ਲੋਕਾਂ ਨੇ ਧੀਆਂ ਨੂੰ ਕਤਲ ਕਰਨ ਲੱਗਿਆਂ ਆਪਣੇ ਪੁੱਤ ਵੀ ਕਤਲ ਕੀਤੇ ਹੋਣਗੇ ਤੇ ਬਾਅਦ ਵਿੱਚ ਸ਼ਾਇਦ ਇੱਕ ਧੀ ਨੂੰ ਵੀ ਤਰਸਦੇ ਰਹੇ ਹੋਣਗੇ। ਇਸ ਲਈ ਮੈਂ ਤਾਂ ਇਹੀ ਕਹਾਂਗਾ ਰੱਬ ਜੋ ਦਾਤ ਸਾਡੀ ਝੋਲੀ ਪਾਉਂਦਾ ਉਹਨੂੰ ਹੱਸ ਕੇ ਕਬੂਲ ਕਰੋ। ਧੀਆਂ-ਪੁੱਤਰਾਂ ਦੇ ਚੱਕਰਾਂ ਵਿੱਚ ਕਿਤੇ ਦੋਵਾਂ ਵੱਲੋਂ ਹੀ ਝੋਲੀ ਖਾਲੀ ਨਾ ਰਹਿ ਜਾਵੇ। ਰੱਬ ਦਾ ਸ਼ੁਕਰ ਕਰਨਾ ਸਿੱਖੋ। ਜੇ ਬਦਲ ਸਕਦੇ ਹੋ ਤਾਂ ਆਸੇ-ਪਾਸੇ ਦਾ ਮਹੌਲ ਬਦਲੋ ਜਿਹੜਾ ਕੁੜੀਆਂ ਦਾ ਜੀਣਾ ਹਾਰਾਮ ਕਰਦਾ ਹੈ, ਬਦਲੋ ਉਹਨਾਂ ਸਮਾਜਿਕ ਕੁਰੀਤੀਆਂ ਨੂੰ ਜਿਹੜੀਆਂ ਧੀਆਂ ਵਾਰੇ ਗਲਤ ਫੈਸਲਾ ਲੈਣ ਲਈ ਮਜਬੂਰ ਕਰਦੀਆਂ ਹਨ। ਬਾਕੀ ਬਹੁਤੀਆਂ ਗੱਲਾਂ ਦਾ ਵੀ ਕੋਈ ਫਾਇਦਾ ਨਹੀਂ। ਕਿਉਂਕਿ ਜਿਹੜੇ ਗੁਰੂ ਦੀ ਨਹੀਂ ਮੰਨਦੇ ਉਹਨਾਂ ਹੋਰ ਕਿਸੇ ਦੀ ਕੀ ਮੰਨਣੀ ਹੋਈ। ਪਰ ਫਿਰ ਵੀ ਦੁਬਾਰਾ ਇਹਨਾਂ ਜ਼ਰੂਰ ਆਖਾਂਗਾ ਕਿ ਰੱਬ ਦੀ ਜੋ ਵੀ ਦਾਤ ਹੈ ਉਸ ਨੂੰ ਕਬੂਲ ਕਰੋ। ਲੋੜ ਤੋਂ ਜਿ਼ਆਦਾ ਸਿਆਣੇ ਬਨਣ ਦੀ ਕੋਸਿ਼ਸ਼ ਨਾ ਕਰੀਏ। ਨਹੀਂ ਤਾਂ ਧੀਆਂ ਨੂੰ ਨਫ਼ਰਤ ਕਰਨ ਵਾਲਿਓ, ਤੁਸੀਂ ਪੁੱਤ ਵੀ ਆਪਣੇ ਹੱਥੀਂ ਕਤਲ ਕਰਵਾਉਂਗੇ।


****