ਇਉਂ ਹੁਣ ਕੈਪਟਨ ਸਾਬ ਨੇ ਨਾ ਤਾਂ ਘਰ ਦਾ ਰਹਿਣੈ, ਤੇ ਨਾ ਈ ਘਾਟ ਦਾ........... ਘੁਣਤਰਾਂ / ਜਗਸੀਰ ਸੰਧੂ, ਬਰਨਾਲਾ

“ਯਾਰ ਕਾਮਰੇਡਾ! ਆਹ ਕੈਪਟਨ ਸਾਬ ਦੀ ਕੀ ਇਹੋ ਜਿਹੀ ਕੇਹੜੀ ਕਸੂਤੀ ਭੂੰਡੀ ਲੜਗੀ, ਜੇਹੜਾ ਇਹ ਹੁਣ ਸਿੱਖ ਕੌਮ ਦੇ ਖਿਲਾਫ਼ ਈ ਮੋਰਚਾ ਖੋਲ ਕੇ ਖੜ ਗਿਐ, ਪਹਿਲਾਂ ਤਾਂ ਇਸੇ ਕੈਪਟਨ ਸਾਬ ਨੇ ਦਰਬਾਰ ਸਾਹਿਬ ’ਤੇ ਹੋਏ ਹਮਲੇ ਮੌਕੇ ਕਾਂਗਰਸ ਪਾਰਟੀ ਈ ਛੱਡੀ ਸੀ, ਹੁਣ ਅਖੇ ਰੌਲਾ ਪਾਈ ਜਾਂਦੈ ਬਈ ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਬਣਾਉਣੀ ਈ ਨਈਂ ਚਾਹੀਦੀ”, ਬਿੱਕਰ ਨੇ ਸੱਥ ਵਿੱਚ ਚਰਚਾ ਸ਼ੁਰੂ ਕੀਤੀ।

“ਅਮਲੀਆ! ਇਹਨੀਂ ਦਿਨੀਂ ਉਹਦਾ ਹਾਲ ਤਾਂ ਧੋਬੀ ਦੇ ਕੁੱਤੇ ਵਾਲਾ ਹੋਇਆ ਪਿਐ, ਇਉਂ ਹੁਣ ਕੈਪਟਨ ਸਾਬ ਨੇ ਨਾ ਤਾਂ ਘਰ ਦਾ ਰਹਿਣੈ, ਤੇ ਨਾ ਈ ਘਾਟ ਦਾ, ਪੰਜਾਬ ਦੇ ਅੱਧੋਂ ਬਾਹਲੇ ਕਾਂਗਰਸੀ ਤਾਂ ਉਹਨੂੰ ਪਹਿਲਾਂ ਈ ਬੱਕਲੀਆਂ ਦੇਈ ਜਾਂਦੈ ਨੇ, ਬਈ ਕਾਂਗਰਸ ਦੀ ਪੰਜਾਬ ਬਣਦੀ ਬਣਦੀ ਸਰਕਾਰ, ਇਸੇ ਕੈਪਟਨ ਦੀ ਹੈਂਕੜਬਾਜ਼ੀ ਭੇਟ ਚੜ’ਗੀ ਐ, ਲਗਦੈ ਹੁਣ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਲਈ ਕੈਪਟਨ ਸਾਬ ਪੂਰੀ ਸਿੱਖ ਕੌਮ ਨੂੰ ਮਾੜੀ ਸਾਬਤ ਕਰਨ ਤੁਰ ਪਿਐ, ਉਹਨੂੰ ਲੱਗਦੈ ਬਈ ਪਿੰਡਾਂ ਵਾਲੇ ਲੋਕ ਤਾਂ ਪਹਿਲਾਂ ਤੋਂ ਈ ਅਕਾਲੀਆਂ ਵੰਨੀ (ਵੱਲ) ਨੇ, ਹੁਣ ਸ਼ਹਿਰਾਂ ਵਾਲੇ ਲੋਕ ਵੀ ਅਕਾਲੀਆਂ ਨਾਲ ਜੁੜਦੇ ਜਾ ਰਹੇ ਨੇ, ਇਸੇ ਕਰਕੇ ਸਹਿਰੀ ਵੋਟਰਾਂ ਨੂੰ ਅਕਾਲੀਆਂ ਵੱਲੋਂ ਮੋੜਨ ਲਈ ਤੇ ਕੇਂਦਰ ਵਾਲੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਈ ਕੈਪਟਨ ਸਾਬ ਨੇ ‘ਸਾਕਾ ਦਰਬਾਰ ਸਾਹਿਬ’ਦੀ ਯਾਦਗਾਰ ਦਾ ਵਿਰੋਧ ਵਿਢਿਆ ਹੋਇਐ”

ਸ਼ਿੰਦੇ ਅਤੇ ਬਿੱਕਰ ਵਿਚਕਾਰ ਹੋ ਰਹੀ ਇਸ ਗੱਲਬਾਤ ’ਚ ਹਿੱਸਾ ਲੈਂਦਿਆਂ ਬਾਬਾ ਲਾਭ ਸਿੰਘ ਨੇ ਕਿਹਾ ‘‘ਪੁਤਰੋ! ਕੈਪਟਨ ਸਾਬ ਵੱਲੋਂ ‘ਸਾਕਾ ਦਰਬਾਰ ਸਾਹਿਬ’ ਦੀ ਯਾਦਗਾਰ ਬਣਾਉਣ ਦਾ ਵਿਰੋਧ ਕਰਨ ਦਾ ਵੱਡਾ ਕਾਰਨ ਇਹ ਐ ਬਈ ‘ਸਾਕਾ ਦਰਬਾਰ ਸਾਹਿਬ’ ਦੀ ਯਾਦਗਾਰ ਬਣਨ ਨਾਲ ਇੰਦਰਾ ਗਾਂਧੀ ਦਾ ਸਿੱਖ ਕੌਮ ਵਿਰੋਧੀ ਕਿਰਦਾਰ ਪੂਰੀ ਦੁਨੀਆਂ ਸਾਹਮਣੇ ਨੰਗਾ ਹੋਕੇ ਇਤਿਹਾਸ ਦਾ ਇੱਕ ਹਿੱਸਾ ਬਣ ਜੂ, ਇਸੇ ਕਰਕੇ ਗਾਂਧੀ ਪਰਵਾਰ ਦੇ ਕਹੇ ਮੁਤਾਬਿਕ ਕੈਪਟਨ ਸਾਬ ਬਹੁਤਾ ਰੌਲਾ ਪਾਉਣ ਲੱਗਿਆ ਹੋਇਐ”

ਬਾਬਾ ਲਾਭ ਸਿੰਘ ਦੀ ਇਸ ਗੱਲ ‘ਤੇ ਸ਼ਿੰਦੇ ਨੇ ਟਿੱਪਣੀ ਕੀਤੀ , “ਬਾਬਾ ਜੀ! ਥੋਡੀ ਗੱਲ ਵੀ ਦੁਰਸਤ ਐ, ਪਰ ਇਹ ਵੀ ਤਾਂ ਸੱਚਾਈ ਐ ਕਿ ਇਤਿਹਾਸ ਦਾ ਸੱਚ ਕਦੇ ਵੀ ਇਹੋ ਜਿਹੇ ਰੌਲੇ ਰੱਪੇ ਨਾਲ ਦੱਬਿਆ ਨਈਂ ਜਾਂਦਾ”

ਸ਼ਿੰਦੇ ਦੀ ਇਸ ਗੱਲ ਦਾ ਜਵਾਬ ਦਿੰਦਿਆਂ ਬਾਬਾ ਲਾਭ ਸਿੰਘ ਬੋਲਿਆ, “ਆਹੋ ਭਾਈ! ਇਤਿਹਾਸ ਤਾਂ ਆਖਰ ਇਹਿਤਾਸ ਹੀ ਹੁੰਦੈ, ਹੁਣ ਨੌਵੇਂ ਪਾਤਸਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਵੀ ਮੁਗਲ ਰਾਜਿਆਂ ਨੇ ਕੀਤਾ ਸੀ, ਤੇ ਮਗਰੋਂ ਦਿੱਲੀ ਦੇ ਚਾਂਦਨੀ ਚੌਂਕ ’ਚ ਗੁਰੂ ਸਾਹਿਬ ਦੀ ਸ਼ਹੀਦੀ ਯਾਦਗਾਰ ਬਣਾਉਣ ਲਈ ਵੀ ਤਾਂ ਜਥੇਦਾਰ ਬਘੇਲ ਸਿੰਘ ਹੋਰਾਂ ਨੂੰ ਮੁਗਲ ਰਾਜਿਆਂ ਨੇ ਈ ਪੂਰਾ ਸਹਿਯੋਗ ਦਿੱਤੈ, ਏਸ ਲਈ ਕੈਪਟਨ ਸਾਬ ਨੂੰ ਵੀ ਇਤਿਹਾਸ ਤੋਂ ਕੁਛ ਸਿਖਣਾ ਚਾਹੀਦੈ, ਬਈ ਜੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਮੁਗਲ ਰਾਜ ’ਚ ਈ ਸਿੱਖ ਕੌਮ ਨੇ ਦਿੱਲੀ ਦੇ ਚਾਂਦਨੀ ਚੌਂਕ ’ਚ ਸ਼ਹੀਦੀ ਯਾਦਗਾਰ ਬਣਾਈ ਐ ਤਾਂ ਹੁਣ ਵੀ ‘ਸਾਕਾ ਦਰਬਾਰ ਸਾਹਿਬ’ ਕਰਨ ਵਾਲੀ ਕਾਂਗਰਸ ਦੇ ਰਾਜ ਵਿੱਚ ਈ ਸਿੱਖ ਕੌਮ ਆਪਣੇ ਸ਼ਹੀਦਾਂ ਦੀ ਯਾਦਗਾਰ ਬਣਾ ਰਹੀ ਐ, ਇਹ ਤਾਂ ਭਾਈ! ਇਤਿਹਾਸ ਹੀ ਆਪਣੇ ਆਪ ਨੂੰ ਦੁਹਰਾ ਰਿਹੈ”

ਬਾਬਾ ਲਾਭ ਸਿੰਘ ਦੀ ਇਸ ਗੱਲ ’ਤੇ ਬਿੱਕਰ ਬੋਲਿਆ, “ਬਾਬਾ ਜੀ! ਏਸ ਕੈਪਟਨ ਸਾਬ ਨੂੰ ਇਹ ਕੇਹੜਾ ਸਮਝਾਵੇ , ਬਈ ਹੁਣ ਮੂਹਰਿਓਂ ਮਿਲਣ ਦੀ ਕੋਈ ਆਸ ਨਈਂ ਲਗਦੀ, ਹੁਣ ਤਾਂ ਤੂੰ ਮਗਰਲੀ ਈ ਸਾਂਭੀ ਰੱਖ, ਕਿਤੇ ਇਹਨੇ ਵੀ ਕੁੱਤਾ ਨਾ ਲੈ ਜਾਵੇ”

ਬਿੱਕਰ ਦੀ ਇਸ ਗੱਲ ’ਤੇ ਸਾਰੇ ਹੱਸ ਪਏ।

****

No comments: