Showing posts with label ਰਾਮ ਸਿੰਘ. Show all posts
Showing posts with label ਰਾਮ ਸਿੰਘ. Show all posts

ਦੁਨੀਆਂਦਾਰੀ ਦਾ ਮਤਲਬ.......... ਗ਼ਜ਼ਲ / ਰਾਮ ਸਿੰਘ

ਹੁਣ ਤਾਂ ਏਨਾ ਕੁ ਹੀ ਮਤਲਬ ਹੈ ਦੁਨੀਆਂਦਾਰੀ ਦਾ
ਕਿਤੋਂ ਚੁਗੀਦਾ ਹੈ ਚੋਗਾ ਤੇ ਕਿਤੇ ਖਿਲਾਰੀਦਾ

ਕਿਸੇ ਨੂੰ ਸੋਚ ਨਾ ਆਵੇ ਕਿ ਸੂਲੀਆਂ ਭੰਨਦੀ ਏਂ
ਬਸ ਇੰਤਜ਼ਾਰ ਹੀ ਕਰਦੇ ਨੇ ਆਪਣੀ ਵਾਰੀ ਦਾ


ਜਿੰਦਗੀ ਜੋੜ ਤੇ ਮਨਫੀ ਚ ਇਸ ਤਰ੍ਹਾਂ ਉਲਝੀ
ਨਾ ਹੀ ਵਸਲ ਦਾ ਮਜ਼ਾ ਹੈ ਨਾ ਬੇਕਰਾਰੀ ਦਾ

ਖੌਰੇ ਮੌਲਾ ਨੂੰ ਮੇਰੇ ਨਾਲ ਦੁਸ਼ਮਣੀ ਕੀ ਸੀ
ਰੂਹ ਦਰਵੇਸ਼ ਦੀ ਬਖ਼ਸ਼ੀ ਤੇ ਦਿਲ ਸਿ਼ਕਾਰੀ ਦਾ

ਨਾ ਇਧਰ ਨਾ ਉਧਰ.......... ਗ਼ਜ਼ਲ / ਰਾਮ ਸਿੰਘ

ਨਾ ਇਧਰ ਨਾ ਉਧਰ ਦਰਮਿਆਨੇ ਜਿਹੇ
ਐਵੇਂ ਜੀਵੀ ਗਏ ਬੇਧਿਆਨੇ ਜਿਹੇ


ਐਨਾ ਬੇਚੈਨ ਦਿਲ ਦਾ ਸਬਰ ਵੇਖਿਆ
ਸ਼ਿਕਵੇ ਕੀਤੇ ਵੀ ਤਾਂ ਬੇਜ਼ੁਬਾਨੇ ਜਿਹੇ

ਜਦ ਵੀ ਦੱਸੀਆਂ ਅਸਾਂ ਰੋ ਕੇ ਮਜ਼ਬੂਰੀਆਂ
ਉਹਨੂੰ ਲੱਗਦੇ ਰਹੇ ਨੇ ਬਹਾਨੇ ਜਿਹੇ

ਸਾਡੀ ਮਰਿਆਂ ਦੀ ਗਠੜੀ ‘ਚੋਂ ਨਿਕਲੇਗਾ ਕੀ
ਰੀਝ ਉੱਡ ਜਾਣ ਦੀ ‘ਪਰ’ ਬੇਗਾਨੇ ਜਿਹੇ

ਮੁੱਕਦੇ ਮੁੱਕ ਜਾਂਗੇ ਮੁਕਣੇ ਨਹੀਂ ਮਹਿਰਮਾਂ
ਮੇਰੇ ਤਰਲੇ ਜਿਹੇ ਤੇਰੇ ਤਾਅਨੇ ਜਿਹੇ