Showing posts with label ਕਹਾਣੀ. Show all posts
Showing posts with label ਕਹਾਣੀ. Show all posts

ਢਲਦੇ ਪਰਛਾਵੇਂ.......... ਕਹਾਣੀ / ਰਵੀ ਸਚਦੇਵਾ


ਪਟੇਲ ਨਗਰ ਵਿੱਚ ਕਿਰਾਏ ਦੇ ਇੱਕ ਮਕਾਨ 'ਚ ਦੋ ਛੜੇ ਰਹਿੰਦੇ ਸਨ। ਹਫ਼ਤੇ 'ਚ ਇੱਕ ਦੋ ਸ਼ਿਫਟਾਂ, ਬਾਕੀ ਪੰਜੋ ਦਿਨ ਗਲੀਆਂ 'ਚ



ਖਾਕ  ਛਾਣਦੇ ਕੁੜੀਆਂ ਮਗਰ। ਦੋ ਦਿਨ ਦੀ ਖੱਟੀ ਉਨ੍ਹਾਂ ਲਈ ਊਠ ਤੋਂ ਚਾਨਣੀ ਲਾਉਂਣ ਨੂੰ ਕਾਫ਼ੀ ਸੀ। ਥੋੜੇ ਨਾਲ ਵੀ ਉਹ ਦਾਲ ਫੁਲਕਾ ਵਧੀਆਂ ਤੋਰੀ ਰੱਖਦੇ। ਪਰ ਇਸ ਵਾਰ ਤਾਂ ਖੂਹ ਵੀ ਨਿਖੁੱਟਦਾ ਜਾਂਦਾ ਸੀ। ਹਫ਼ਤੇ ਤੋਂ ਉੱਪਰ ਹੋ ਗਿਆ ਸੀ, ਉਨ੍ਹਾਂ ਨੂੰ ਵਿਹਲੇ ਬੈਠਿਆਂ।  ਜਿਸ ਫੈਕਟਰੀ 'ਚ ਉਹ ਕੰਮ ਕਰਦੇ ਸਨ, ਉਨ੍ਹੀਂ ਦਿਨੀ ਉੱਥੇ ਸਫ਼ਾਈ ਅਭਿਆਨ ਚੱਲ ਰਿਹਾ ਸੀ। ਸੱਤਾਂ-ਅੱਠਾਂ ਮਹੀਨਿਆਂ ਬਾਅਦ ਐਨ.ਆਰ.ਆਈ. ਬੋਸ ਨੇ ਇੰਡੀਆ ਫੇਰੀ ਪਾਉਣ ਜੋ ਆਉਣਾ ਸੀ। ਪਾਪੜੀ ਲੱਥੀਆਂ  ਕੰਧਾਂ ਨੂੰ ਰੰਗ-ਰੋਗਣ ਨਾਲ ਦਰੁਸਤ ਕਰਨਾ, ਕਾਲਸ ਜੰਮੀਆਂ ਮਸ਼ੀਨਾਂ ਨੂੰ ਲਿਸ਼ਕਾਉਣਾ 'ਤੇ ਬਾਹਰਲੇ ਬੰਨੀ ਘਾਹ ਦੀ ਕੱਟ-ਵੱਢ ਕਰਨਾ, ਕਾਰ ਪਾਰਕਿੰਗ 'ਚ ਖੜ੍ਹੇ ਬਰਸਾਤੀ ਪਾਣੀ ਦਾ ਨਿਕਾਸ ਕਰਨਾ, ਖੱਡਿਆਂ ਨੂੰ ਪੂਰਨਾ। 'ਤੇ ਹੋਰ ਵੀ ਅਜਿਹੇ ਬਹੁਗੁਣੇ ਕੰਮ ਮੈਨੇਜਰ ਦਾ ਸਿਰ ਦਰਦ ਬਣੇ ਹੋਏ ਸਨ। ਚੱਲਦੇ ਇਸ ਮਹਾ ਸਫਾਈ ਅਭਿਆਨ ਕਾਰਨ ਫੈਕਟਰੀ ਦੀਆਂ  ਚੰਦ ਮਸ਼ੀਨਾਂ  ਚੰਦ ਦਿਨਾਂ ਵਾਸਤੇ ਬੰਦ ਕਰਨੀਆਂ ਪਈਆਂ। ਸਟਾਫ਼ ਅੱਧਾ ਵਿਹਲਾ ਹੋ ਗਿਆ। ਮਜ਼ਬੂਰੀ ਵੱਸ ਕੁਝ ਮੁਲਾਜ਼ਮਾਂ ਨੂੰ ਛੁੱਟੀਆਂ ਕਰਨੀਆਂ ਪਈਆਂ। ਇਹ ਦੋਨੋਂ ਵੀ ਇਸ ਲਿਸਟ 'ਚ ਆ ਗਏ। ਪੰਜ ਦਿਨ ਉਨ੍ਹਾਂ ਨੇ ਗਲੀਆਂ 'ਚ ਠਰਕ ਭੋਰਦੇ ਖੂਬ ਲਫੈਡ ਆਸ਼ਕੀ ਕੀਤੀ। 'ਤੇ ਛੇਵੇਂ  ਦਿਨ ਬੰਦ ਕਮਰੇ 'ਚ ਫੈਸ਼ਨ ਟੀ.ਵੀ. ਤੇ ਪਰੋਸੀਆਂ ਜਾ ਰਹੀਆਂ ਤਕਰੀਬਨ ਬੇਨਕਾਬ ਵਿਦੇਸ਼ੀ ਮਾਡਲ ਨੱਢੀਆਂ ਨੂੰ ਜਗਿਆਸੀ 'ਤੇ ਅਭਿਲਾਸ਼ੀ ਅੱਖਾਂ ਨਾਲ ਤੱਕਦੇ ਕੱਢਿਆ।

...‘ਤੇ ਆਖਿਰ ਤੁਫਾਨ ਗੁਜ਼ਰ ਗਿਆ.......... ਕਹਾਣੀ / ਰਮੇਸ਼ ਸੇਠੀ ਬਾਦਲ

“ਨਹੀਂ ਨਹੀਂ ਮੈਂ ਠੀਕ ਹਾਂ। ਕੁਝ ਨਹੀਂ ਹੋਇਆ ਮੈਨੂੰ।“, ਜਦੋਂ ਉਸਨੂੰ ਸਿਰਹਾਣੇ ਦੀ ਓਟ ਲਾਈ ਅਧਲੇਟੇ ਪਏ ਨੂੰ ਘੂਕ ਨੀਂਦ ‘ਚੋਂ ਕਾਹਲੀ ਨਾਲ, ਨਾਲ ਪਈ ਪਤਨੀ ਨੇ ਪੁੱਛਿਆ, ਤਾਂ ਉਸਨੇ ਕਿਹਾ । ਥੋੜੀ ਜਿਹੀ  ਘਬਰਾਹਟ ਤੇ ਉਨੀਂਦਰੀ ਪਤਨੀ ਵੀ ਨਾਲ ਹੀ ਉੱਠਕੇ ਬੈਠ ਗਈ। ਸਾਹਮਣੇ ਘੜੀ ਤੇ ਸਮਾਂ ਦੇਖਿਆ ਤਾਂ ਲਾਲ ਲਾਲ ਚਮਕਦੇ ਅੱਖਰ ਦੋ ਤਿੰਨ ਚਾਰ ਤਿੰਨ ਪੰਜ ਨਜਰ ਆਏ ਮਤਲਬ ਸਵੇਰ ਦੇ ਦੋ ਵੱਜਕੇ ਚੌਂਤੀ ਮਿੰਟ ਤੇ ਪੈਂਤੀ ਸੈਕਿੰਡ ਹੋਏ ਸਨ। ਇਹ ਉਹ ਸਮਾਂ ਹੈ ਜਦੋ ਕਹਿੰਦੇ ਨੇ ਸਿਰਫ ਖੁਦਾ ਹੀ ਜਾਗਦਾ ਹੁੰਦਾ ਹੈ ਜਾਂ  ਕੋਈ ਪੂਰਨ ਸੰਤ। ਬਾਹਰ ਸ਼ਾਂਤੀ ਸੀ। ਕਿਸੇ ਧਾਰਮਿਕ ਸਥਾਨ ਦਾ ਕੋਈ ਸਪੀਕਰ ਸ਼ਾਂਤੀ ਨੂੰ ਭੰਗ ਨਹੀਂ ਕਰ ਰਿਹਾ ਸੀ। ਤੇ ਰਾਤ ਨੂੰ ਚਲਦੇ ਮੈਰਿਜ ਪੈਲੇਸਾਂ ਦੇ ਡੀ.ਜੇ. ਵੀ ਹੁਣ  ਬੰਦ ਹੋ ਚੁਕੇ ਸਨ ।ਹੁਣ ਤਾਂ ਕਿਸੇ ਚਾਬੀ ਵਾਲੀ ਘੜੀ ਦੀ ਟਿਕ ਟਿਕ ਨਹੀਂ ਸੀ ਸੁਣਦੀ ।
“ਫੇਰ ਏਸ ਤਰ੍ਹਾਂ ਕਿਉ ਪਏ ਹੋ ਕੀ ਤਕਲੀਫ ਹੈ, ਅੱਖਾਂ ਖੁੱਲੀਆਂ ਹਨ ਤੇ ਸੌਣ ਦੀ ਕੋਸਿ਼ਸ਼ ਵੀ ਨਹੀ ਕਰ ਰਹੇ । ਕੋਈ ਤਕਲੀਫ ਸੀ ਤਾਂ ਮੈਨੂੰ ਜਗਾ ਲੈਂਦੈ”, ਘਰਵਾਲੀ ਨੇ ਸਵਾਲਾਂ ਦੀ ਝੜੀ ਲਾ  ਦਿੱਤੀ। ਉਹ ਚੁੱਪ ਰਿਹਾ ਤੇ ਉਸ ਨੇ ਲੰਬਾ ਠੰਢਾ ਸਾਹ ਲਿਆ। ਗੱਲ ਸ਼ੁਰੂ ਕਰਨ ਲਈ ਬੁੱਲਾਂ ਤੇ ਜੀਭ ਫੇਰੀ ਪਰ ਉਸ ਦਾ ਤਾਂ ਗਲਾ ਖੁਸ਼ਕ ਹੋਇਆ ਪਿਆ ਸੀ । ਕੁਝ ਸੁੱਕੀ ਜਿਹੀ ਖਾਂਸੀ ਕੀਤੀ । ਆਖਿਰ ਉਸਨੇ ਸਿਰਹਾਣੇ ਪਏ ਪਾਣੀ ਦੇ ਗਿਲਾਸ ‘ਚੋਂ ਘੁੱਟ ਭਰਿਆ । ਤੇ ਉਸੇ ਤਰ੍ਹਾਂ ਚੁੱਪ ਚਾਪ ਲੇਟ ਗਿਆ । ਪਰ ਘਰਵਾਲੀ ਅਜੇ ਵੀ ਉੱਠਕੇ ਬੈਠੀ ਸੀ ਤੇ ਘਬਰਾਹਟ ਵਿੱਚ ਬੁੜ ਬੁੜ ਕਰ ਰਹੀ ਸੀ ।

ਕੰਜਕਾਂ.......... ਕਹਾਣੀ / ਹਰਪ੍ਰੀਤ ਸਿੰਘ

ਵਹੁਟੀਏ, ਅਜੇ ਉਠੀ ਨਹੀਂ, ਤੈਨੂੰ ਰਾਤੀਂ ਵੀ ਕਿਹਾ ਸੀ ਕਿ ਸਵੇਰੇ ਜਰਾ ਛੇਤੀ ਉਠ ਜਾਵੀਂ ਆਪਾਂ ਅੱਜ ਦੇਵੀਆਂ ਪੁਜਨੀਆਂ ਨੇ, ਪਤਾ ਨੀ ਕਿਉਂ ਪਿਛਲੇ 10-12 ਦਿਨਾਂ ਤੋਂ ਮੈਥੋਂ ਉਖੜੀ-ਉਖੜੀ ਪਈਂ ਵੇਂ, ਜਰਾ ਦਸ ਤਾਂ ਸਹੀ ਤੈਨੂੰ ਹੋਇਆ ਕੀ ਏ।

ਕੁਝ ਨਹੀ ਬੇਬੇ ਜੀ, ਤੁਸੀ ਜਾਉ, ਮੈਂ ਨਹਾ ਕੇ ਆ ਰਹੀ ਹਾਂ।

ਚੰਗਾ ਫੇਰ ਗਲ ਕਰਦੇ ਆਂ, ਮੈਂ ਪਹਿਲਾ 7 ਬਾਲੜੀਆਂ ਕਠੀਆਂ ਕਰ ਲਵਾਂ ਕੰਜਕਾਂ ਲਈ।

ਨੀ ਬਚਿੰਤੀਏ, ਅੱਜ ਸਵੇਰੇ ਸਾਂਝਰੇ ਕਿੱਥੇ ਤੁਰੀ ਜਾਂਦੀ ਏਂ, ਸੁੱਖ ਤਾਂ ਹੈ।

ਆਹੋ ਚਾਚੀ, ਸੁੱਖ ਹੀ ਏ ਨਾਲੇ ਪੈਰੀਂ ਪੈਂਦੀ ਆਂ, ਆਹ ਕੰਜਕਾਂ ਜਿਹੀਆਂ ਕਰਣੀਆਂ ਸੀ, ਕੁੜੀਆਂ ਦਾ ਤਾਂ ਕਾਲ ਹੀ ਪੈ ਗਿਆ, ਸਮਝ ਨਹੀ ਆਉਂਦੀ ਰੱਬ ਜਿਧਰ ਵੇਖੋ ਮੁੰਡੇ ਹੀ ਦੇਈ ਜਾਂਦਾ ਵੇ, ਲਗਦੈ ਉਤਾਂਹ ਵੀ ਕੁੜੀਆਂ ਦਾ ਘਾਟਾ ਪੈ ਗਿਆ ਏ।

ਰਿਸ਼ਤੇ .......... ਕਹਾਣੀ / ਰਿਸ਼ੀ ਗੁਲਾਟੀ, ਆਸਟ੍ਰੇਲੀਆ

ਗੱਲ ਇਉਂ ਹੈ ਸ਼ੱਜਣ ਸਿ਼ਆਂ, ਬਈ ਸ਼ਾਡੀ ਕੁੜੀ ਨੇ ਬਥੇਰੇ ਸ਼ਾਲ ਆਪਣੇ ਦੀਦੇ ਗਾਲੇ ਨੇ ਕਿਤਾਬਾਂ ਅਸ਼ੀਂ ਵੀ ਆਪਣੇ ਵਿਤੋਂ ਵਧ ਕੇ ਅੰਨ੍ਹਾਂ ਪੈਸ਼ਾ ਰੋੜਿਐ ਓਹਦੀ ਪੜ੍ਹਾਈਤੇ ਰੋਜ਼ ਕੱਲੀ ਕੁੜੀ ਸ਼ਹਿਰ ਜਾਂਦੀ ਸ਼ੀ ਘਰੇ ਕੇ ਵੀ ਅੱਧੀ ਰਾਤ ਤੱਕ ਕਿਤਾਬਾਂ ਸਿ਼ਰ ਦੇਈ ਰੱਖਦੀ ਸ਼ੀ, ਤਾਂ ਕਿਤੇ ਜਾ ਕੇਗਰੇਜੀ ਦਾ ਟੈਸ਼ਟ ਪਾਸ਼ ਹੋਇਐ ਤਿੰਨ ਆਰੀ ਟੈਸ਼ਟ ਦਿੱਤਾ ਤਾਂ ਜਾ ਕੇ ਪੂਰੇ ਲੰਬਰ ਆਏ ਬੱਤਰ ਸ਼ੌ ਫੀਸ਼ ਭਰੀ ਇੱਕ ਆਰੀ ਦੀ ਤੇ ਤਿੰਨ ਆਰੀ ਟੈਸ਼ਟ ਦੇਣਾ ਪਿਐ ਇਹ ਤਾਂ ਥੋਨੂੰ ਵੀ ਪਤੈ ਬਈਗਰੇਜੀ ਪਾਸ਼ ਕਰਨੀ ਕਿੰਨੀ ਔਖੀ , ਜੇ ਸ਼ੌਖੀ ਹੁੰਦੀ ਤਾਂ ਆਪਣੇ ਕਾਕਾ ਜੀ ਨੇ ਆਪ ਟੈਸ਼ਟ ਪਾਸ਼ ਕਰ ਲੈਣਾ ਸ਼ੀ ਤੇ ਚਲਾ ਜਾਣਾ ਸ਼ੀਸ਼ਟ੍ਰੇਲੀਆ ਥੋਨੂੰ ਵੀ ਸ਼ਰਦਾਰ ਜੀ ਸ਼ਾਰਾ ਗਿਆਨ
ਤੇਰੀ ਗੱਲ ਸੋਲਾਂ ਆਨੇ ਸੱਚੀ ਮਿੰਦਰਾ ! ਪਰ ਯਾਰ, ਫੇਰ ਵੀ ਗੱਲਬਾਤ ਤਾਂ ਰਾਹ ਸਿਰ ਦੀ ਚਾਹੀਦੀ ਤੂੰ ਤਾਂ ਯਾਰ ਜਵਾਂ ਬਦਲਿਆ ਬਦਲਿਆ ਜਿਆ ਜਾਪਦੈਂ ਸਾਡਾ ਯਾਰ ਮਿੰਦਰ ਤਾਂ ਐਂ ਤੋੜਵੀਂ ਗੱਲ ਕਰਨ ਆਲਾ ਹੈ ਨਹੀਂ ਸੀ ਤੂੰ ਕਿਸਮਤ ਵਾਲਾ ਜੋ ਏਨੀ ਲੈਕ ਕੁੜੀ ਨਿੱਕਲੀ  ਤੇਰੀ ਪਰ ਮਾਸਟਰ ਵੀ ਤਾਂ ਸਾਡਾ ਆਪਣਾ ਬੰਦਾ ਤੈਨੂੰ ਪਤਾ ਪਈ ਮੁੰਡਾ ਤਾਂ ਏਹਦਾ ਵੀ ਬਹੁਤ ਲੈਕ , ਬੜਾ ਸ਼ਰੀਫ਼ ਤੇ ਮਿਹਨਤੀ ਮੁੰਡੈ ਪਰ ਬੀ. . ਪੜ੍ਹ ਕੇ ਵੀ ਵਿਹਲਾ ਫਿਰਦੈ ਸਾਰੀ ਚਾਰ ਸਿਆੜ ਪੈਲੀ , ਕਿੱਥੋਂ ਮਾਸਟਰ ਏਨਾਂ ਖਰਚਾ ਝੱਲ ਲਊ ? ਇਉਂ ਕਰੋ ਬਈ ਖਰਚਾ ਅੱਧੋ ਅੱਧ ਕਰ ਲਓ, ਦੋ ਸਾਲ ਦੀ ਪੜ੍ਹਾਈ ਕੱਲੇ ਮਾਸਟਰ ਨੂੰ ਪੰਦਰਾਂ ਲੱਖ ਕੱਢਣਾ ਔਖੈ, ਜੇ ਕਿਤੇ ਮੁੰਡਾ ਸੈੱਟ ਹੋ ਗਿਆ ਤਾਂ ਇਹਦੀ ਵੀ ਜੂਨ ਸੁਧਰ ਜੂ, ਬੁਢੇਪਾ ਸੌਖਾ ਕੱਢ ਲੂ ਜੇ ਮੁੰਡਾ ਸੈੱਟ ਹੋ ਜੂ ਤਾਂ ਤੇਰੀ ਕੁੜੀ ਵੀ ਤਾਂ ਓਧਰ ਹੀ ਸੈੱਟ ਹੋਊ, ਥੋਡਾ ਵੀ ਤਾਂ ਭਲਾ
ਸ਼ੱਜਣ ਸਿ਼ਆਂ ! ਯਾਰੀ ਤੇ ਵਪਾਰ ਅੱਡੋ ਅੱਡ ਚੰਗੇ ਰਹਿੰਦੇ ਤੈਨੂੰ ਪਤਾ ਬਈ ਸ਼ਾਨੂੰ ਵੀ ਦਿਨ ਉਡੀਕਦਿਆਂ ਕਿੰਨੇ ਸ਼ਾਲ ਲੰਘ ਗੇ, ਬਈ ਕਦੋਂ ਕੁੜੀ ਟੈਸ਼ਟ ਪਾਸ਼ ਕਰਲੇ ਤੇ ਓਹਨੂੰ ਬਾਹਰ ਭੇਜਣ ਆਲੇ ਬਣੀਏ ਹੁਣ ਬਾਈ ਸ਼ਾਡੀਆਂ ਵੀ ਤਾਂ ਸ਼ਾਰੇ ਟੱਬਰ ਦੀਆਂ ਆਸ਼ਾਂ ਏਸ਼ੇ ਨਾਲ ਕੁੜੀ ਜਾਊਗੀ, ਚਾਰ ਪੈਸ਼ੇ ਕਮਾਊਗੀ ਤੇ ਕੋਈ ਚੰਗਾ ਘਰ ਬਾਰ ਦੇਖਕੇ ਆਵਦੇ ਸਿ਼ਰੋਂ ਭਾਰ ਲਾਹੁਣ ਆਲੇ ਬਣੀਏ ਬਾਕੀ ਰਹੀ ਪੰਦਰਾਂ ਲੱਖ ਦੀ ਗੱਲ ਤਾਂ ਬਾਈ ਮੇਰਿਆ, ਪੰਦਰਾਂ ਛੱਡ ਕਈ ਪੰਦਰਾਂ ਲੱਖ ਕਾਕਾ ਜੀ ਨੇ ਕਮਾ ਲੈਣੇ , ਬੱਸ਼ ਇੱਕ ਆਰੀ ਬਾਹਰ ਜਾਣ ਦੀ ਦੇਰ


ਅੱਮਾਂ.......... ਕਹਾਣੀ / ਲਾਲ ਸਿੰਘ ਦਸੂਹਾ

ਕੜੀ ਵਰਗਾ ਜੁਆਨ ਸੀ, ਲੰਬੜ । ਜ਼ਿਮੀਦਾਰਾ ਬਹੁਤਾ ਵੱਡਾ ਨਹੀਂ ਸੀ, ਪਰ ਗੁਜ਼ਾਰਾ ਚੰਗਾ ਸੀ । ਲਗਭਗ ਪੂਰ ਮੁਰੱਬਾ ਪਿਓ ਦਾਦੇ ਦੀ ਜਾਗੀਰ ‘ਚੋਂ ਹਿੱਸੇ ਆਇਆ ਸੀ । ਕੰਮ ਘਟ ਕੀਤਾ ਸੀ, ਫੈਲਸੂਫੀਆਂ ਵੱਧ । ਛੇ-ਕੁੜੀਆਂ ਖੁੰਬਾਂ ਵਾਂਗ ਉਠੀਆਂ ਤੇ ਕੌੜੀ ਵੇਲ ਵਾਂਗ ਵਧੀਆ ਸਨ ।
ਜਦ ਸਤਵੀਂ ਥਾਂ ਮੁੰਡਾ ਜੰਮਿਆ ਤਾਂ ਉਦਾਸ ਚਿਹਰਿਆਂ ‘ਤੇ ਹਾਸਾ ਪਸਰ ਗਿਆ ਸੀ । ਘਰ-ਬਾਹਰ ਲਹਿਰਾਂ ਲਾ ਦਿੱਤੀਆਂ ਸਨ । ਭੈਣਾਂ ਨੂੰ ਕੱਪੜੇ-ਗਹਿਣੇ,ਲੱਡੂ-ਪਤਾਸੇ ਭੇਜ ਭੇਜ ਰਜਾ ਦਿੱਤਾ ਸੀ । ਘਰ ਵਿੱਚ ਅਖੰਡ ਪਾਠ, ਜਾਗਰੇ ਕਰਾਉਦਿਆਂ ਅਤੇ ਸੰਤਾਂ-ਮਹੰਤਾਂ, ਡੇਰਿਆਂ-ਜਠੇਰਿਆਂ ਦੀਆਂ ਸੁਖਣਾਂ ਲਾਹੁੰਦਿਆਂ ਪੂਰਾ ਵਰ੍ਹਾ ਬੀਤ ਗਿਆ ਸੀ । ਇਸ ਸਾਰੇ ਖ਼ਰਚ-ਖ਼ਰਾਬੇ ਕਰਕੇ ਇੱਕ ਖੇਤ ਦੁਆਲਿਓਂ ਬੇਰੀਆਂ ਦੀ ਵਾੜ ਕਟਣੀ ਪਈ ।
ਅਠਵਾਂ ਤੇ ਨੌਵਾਂ ਮੁੰਡਾ ਜੰਮੇ । ਲੰਬੜਨੀ ਨੇ ਭਾਵੇਂ ਕਾਫ਼ੀ ਸੰਕੋਚ ਵਰਤਿਆ ਪਰ ਉਹ ਆਪ ਡਿੱਗ ਪਈ । ਸਾਰੇ ਟੱਬਰ ਦਾ ਧੁਰਾ, ਲੰਬੜਨੀ ਨੂੰ ਬਚਾਉਣਾ ਬੜਾ ਜ਼ਰੂਰੀ ਸੀ । ਵੱਡੇ ਤੋਂ ਵੱਡੇ ਡਾਕਟਰ ਨੂੰ ਬੁਲਾਇਆ ਗਿਆ । ਮਹਿੰਗੀ ਤੋਂ ਮਹਿੰਗੀ ਦੁਆਈ ਵਰਤੀ ਗਈ । ਉਹ ਮੌਤ ਦੇ ਮੂੰਹੋਂ ਤਾਂ ਬਚ ਗਈ ਪਰ ਦੂਜਾ ਖੇਤ ਹੱਥੋਂ ਜਾਣ ਤੋਂ ਨਾ ਬਚਿਆ । ਲੰਬੜਨੀ ਨੇ ਰਾਜ਼ੀ ਹੁੰਦਿਆ ਹੀ ਘਰ ਸਾਂਭ ਲਿਆ । ਲੰਬੜ ਨੇ ਪਹਿਲਾਂ ਵਾਂਗ ਬੇਫਿ਼ਕਰ ਹੋ ਫਿ਼ਰ ਘਰੋਂ ਬਾਹਰ ਪੈਰ ਧਰ ਲਿਆ । ਉਹਨੇ ਖੋਲ੍ਹੇ ਹੋਇਆਂ ਪਿੰਡ ਦੀਆਂ ਗਲੀਆਂ ਦਾ ਫਿ਼ਕਰ ਕੀਤਾ । ਚਿਕੜ ਹੋਏ ਰਾਹਾਂ ਬਾਰੇ ਸੋਚਿਆ । ਉਹ ਸਰਪੰਚ ਬਣ ਗਿਆ ।ਉਹਦੇ ਘਰ ਆਓ-ਗਸ਼ਤ ਹੋਰ ਵਧ ਗਈ । ਚਾਹ ਦੀ ਪਤੀਲੀ ਚੁਲ੍ਹੇ ‘ਤੇ ਚੜ੍ਹੀ ਹੀ ਰਹਿੰਦੀ ਸੀ । ਆਇਆ-ਗਿਆ ਰਾਤ ਵੀ ਠਹਿਰਦਾ ਸੀ । ਦਾਰੂ-ਪਾਣੀ ਵੀ ਚਲਦਾ ਸੀ ।

ਜ਼ੁਬਾਨ.......... ਕਹਾਣੀ / ਤਰਸੇਮ ਬਸ਼ਰ

     ਇਹ ਤਕਰੀਬਨ ਓਹੀ ਸਮਾਂ ਸੀ ਜਦੋਂ ਮੈਂ ਮੋਟਰਸਾਇਕਲ ਤੇ ਜਾਂਦਿਆਂ ਬੀਵੀ ਨਾਲ ਹੋਈ ਵਾਰਤਾਲਾਪ ਦਰਅਸਲ ਬਹਿਸ ਦੇ ਬਾਰੇ ਸੋਚ ਰਿਹਾ ਸੀ ।
 ਮੁੱਦਾ ਉਸ ਦਾ ਕਿਸੇ ਵੀ ਵਿਸ਼ੇ ਤੇ ਬਹੁਤ ਘੱਟ ਬੋਲਣਾ ਸੀ ।
     ਮੈਂ ਕਿਹਾ ਸੀ ,''ਬੰਦੇ ਨੂੰ ਜ਼ੂਬਾਨ ਇਸੇ ਵਾਸਤੇ ਦਿੱਤੀ ਐ ਰੱਬ ਨੇ ਕਿ ਉਹ ਆਪਣੇ ਖ਼ਿਆਲ ਪ੍ਰਗਟ ਕਰ ਸਕੇ , ਹਸਤੀ ਸਾਬਤ ਕਰ ਸਕੇ ।''
     ਤੇ ਉਹਦਾ ਕਹਿਣਾ ਸੀ ਕਿ ਹਰ ਭਾਵਨਾ ਬੋਲ ਕੇ ਹੀ ਕਹੀ ਜਾਵੇ , ਇਹਦੇ ਵਾਸਤੇ ਸਾਹਮਣੇ ਵਾਲਾ ਵੀ ਦੋਸ਼ੀ ਐ... ਹਰ ਭਾਵਨਾ ਤੇ ਭਾਸ਼ਣ ਦਿੱਤਾ ਜਾਵੇ ਥੋਡੇ ਵਾਂਗੂੰ ਇਹ ਜਰੂਰੀ ਨਹੀਂ ।
       ਮੈਂ ਸੋਚਾਂ ਦੀ ਤਾਣੀ ਬਾਣੀ 'ਚ ਉਲਝਿਆ ਆਪਣੀ ਰਫ਼ਤਾਰ ਨਾਲ ਜਾ ਰਿਹਾ ਸੀ । ਇਸੇ ਸਮੇਂ ਹੀ ਮੇਰੀ ਨਿਗਾਹ ਉਸ ਮੁੰਡੇ ਤੇ ਪਈ ਸੀ, ਲੰਮਾ ਕੱਦ, ਬਿਖਰੇ ਵਾਲ, ਬੇਤਰਤੀਬੇ ਕੱਪੜੇ  ਤੇ 17-18 ਸਾਲਾਂ, ਅੱਧੇ ਖੁਲ੍ਹੇ ਮੂੰਹ ਵਾਲੇ ਚਿਹਰੇ ਤੇ ਛਾਏ ਗਹਿਰੇ ਭੋਲੇਪਣ ਨੇ ਮੈਨੂੰ ਆਕਰਸਿ਼ਤ ਕਰ ਲਿਆ ਸੀ । ਉਹ ਸੜਕ ਤੇ ਦੂਜੇ ਪਾਸੇ ਖੜ੍ਹਾ ਆਉਂਦੇ ਜਾਂਦੇ ਸਵਾਰੀਆਂ ਨੂੰ ਲਿਫਟ ਵਾਸਤੇ ਹੱਥ ਦੇ ਰਿਹਾ ਸੀ । ਮੈਂ ਭਾਵੇਂ ਉਸ ਨੂੰ ਗਹੁ ਨਾਲ ਤੱਕਿਆ ਪਰ ਅੱਗੇ ਨਿਕਲ ਗਿਆ, ਮੈਂ ਦਵਾਈ ਲੈਣੀ ਸੀ । ਮੈਂ ਵਾਪਸ ਆਇਆ ਤਾਂ ਵੀ ਖ਼ਿਆਲਾਂ ਵਿੱਚ ਗੁੰਮ ਸੀ... ਅਚਾਨਕ ਮੈਨੂੰ ਖਿਆਲ ਆਇਆ ਖੁਲ੍ਹੇ ਮੂੰਹ ਵਾਲਾ ਚਿਹਰਾ ਹੁਣੇ ਹੀ ਕੋਲੋ ਲੰਘਿਆ ਹੈ । ਮੈਂ ਪਿੱਛੇ ਮੁੜ ਕੇ ਦੇਖਿਆ  ਓਹ ਹਾਲੇ ਵੀ ਖੜ੍ਹਾ ਸੀ, ਹਰ ਇੱਕ ਨੂੰ ਹੱਥ ਦੇ ਰਿਹਾ ਸੀ । ਸ਼ਾਇਦ ਉਸ ਨੇ ਹੱਥ ਮੈਨੂੰ ਵੀ ਦਿੱਤਾ ਸੀ ਪਰ ਮੈਨੂੰ ਪਤਾ ਹੀ ਨਈ ਲੱਗਾ ਸੀ... ਮੈਂ ਵਾਪਸ ਮੁੜ ਕੇ ਉਹਦੇ ਕੋਲ ਪਹੁੰਚ ਗਿਆ ।
“ਕਿੱਥੇ ਜਾਣੈ?”

ਪਾਸਵਰਡ.......... ਕਹਾਣੀ / ਤਰਸੇਮ ਬਸ਼ਰ

ਸਰੀਆਂ ਦਾ ਜੰਗਲ.... ਜੀਵਨ ਸਾਹਮਣੇ ਬਣ ਰਹੇ ਮਾਲ ਨੂੰ ਵੇਖ ਕੇ ਜਿਵੇਂ ਡਰ ਗਿਆ ਸੀ । ਉਸਨੂੰ ਲੱਗਿਆ ਸੀ ਕਿ ਜਿਵੇਂ ਇਹ ਸਰੀਏ ਸਾਰੀ ਦੁਨੀਆਂ ਨੂੰ ਆਪਣੀ ਵਲਗਣ 'ਚ ਲੈ ਲੈਣਗੇ ਤੇ ਧਰਤੀ ਨੂੰ ਸੰਤਰੇ ਵਾਗੂੰ ਨਿਚੋੜ ਕੇ ਸੁੱਟ ਦੇਣਗੇ । ਜੀਵਨ ਪਤਾ ਨਹੀਂ ਇੰਨੀਂ ਦਿਨੀਂ ਇਸ ਤਰ੍ਹਾਂ ਕਿਉਂ ਹੋ ਗਿਆ ਸੀ । ਇਹ ਉਹੀ ਜੀਵਨ ਹੈ ਜੋ ਜਿੰਦਗੀ ਵਿੱਚ ਕੁਝ ਬਣਨਾ ਚਾਹੁੰਦਾ ਸੀ । ਉਸ ਨੇ ਬੜੀ ਲਗਨ ਨਾਲ ਪੜ੍ਹਾਈ ਕੀਤੀ ਸੀ ਤੇ ਆਪਣੀ ਕਾਬਲੀਅਤ ਵੀ ਸਾਬਤ ਕਰਦਾ ਰਿਹਾ ਸੀ । ਇਸੇ ਕਾਬਲੀਅਤ ਦੇ ਸਿਰ ਤੇ ਉਸਨੇ ਚੰਗੀ ਤਨਖਾਹ ਤੇ ਨੌਕਰੀ ਵੀ ਪ੍ਰਾਪਤ ਕਰ ਲਈ ਸੀ । ਅੱਜ ਵੀ ਤਾਂ ਉਸਨੇ ਚੰਗਾ ਸੂਟ, ਚੰਗੇ ਬੂਟ ਪਹਿਨੇ ਹੋਏ ਸਨ । ਟਾਈ ਵੀ ਤਾਂ ਲਾਈ ਹੋਈ ਸੀ ਪਰ ਉਹ ਬੈਠਾ ਸੀ ਭੁੰਜੇ, ਜਿਵੇਂ ਕੋਈ ਹਾਰਿਆ ਜਰਨੈਲ ਆਪਣੀਆਂ ਸੋਚਾਂ ਵਿੱਚ ਗੁੰਮ ਹੁੰਦਾ ਹੈ । ਹਰ ਚੀਜ਼ ਤੋਂ ਬੇਨਿਆਜ਼ ਤੇ ਆਪਣੇ ਹੀ ਖਿਆਲਾਂ ਵਿੱਚ ਗੁੰਮ । ਉਸ ਦੇ ਅਫਸਰ ਵੀ ਤਾਂ ਅੱਜ ਕੱਲ੍ਹ ਬਹੁਤੇ ਖੁਸ਼ ਨਹੀਂ ਸਨ । ਉਹ ਵੀ ਉਹਨੂੰ ਕਹਿੰਦੇ ਰਹਿੰਦੇ ਸਨ ਕਿ ਉਹ ਹਰ ਚੀਜ਼ ਦਾ ਯੂਜ਼ਰ ਨੇਮ ਅਤੇ ਪਾਸਵਰਡ ਭੁੱਲ ਜਾਂਦਾ ਹੈ । ਇੱਥੋਂ ਤੱਕ ਕਿ ਉਹ ਪਿਛਲੇ ਮਹੀਨੇ ਆਪਣੇ ਤਨਖਾਹ ਵਾਲੇ ਖਾਤੇ ਦਾ ਪਾਸਵਰਡ ਵੀ ਭੁੱਲ ਗਿਆ ਸੀ । ਉਹ ਇਸ ਤਰ੍ਹਾਂ ਕਿਉਂ ਹੋ ਗਿਆ ਸੀ ? ਪਤਾ ਨਹੀਂ ਤਾਂ ਇਹ ਜਿੰਦਗੀ ਦੀ ਨਾ ਮੁੱਕਣ ਵਾਲੀ ਭੱਜ ਦੌੜ ਦਾ ਥਕੇਵਾਂ ਸੀ ਜਾਂ ਫਿਰ ਪਾਸਵਰਡਾਂ ਦੇ ਜਾਲ ਵਿੱਚ ਉਲਝੀ ਉਸਦੀ ਮਾਨਸਿਕਤਾ ਪਰ ਉਹ ਹੌਲੀ ਹੌਲੀ ਰੁਕਦਾ ਹੀ ਜਾ ਰਿਹਾ ਸੀ । ਲੈਪਟਾਪ ਨੂੰ ਹੱਥ ਲਾਉਂਦਿਆਂ ਵੀ ਉਸਨੂੰ ਡਰ ਲੱਗਦਾ ਸੀ, ਜਿਵੇਂ ਉਹ ਕੋਈ ਜ਼ਹਿਰੀਲਾ ਸੱਪ ਹੋਵੇ। ਇਹ ਉਹੀ ਲੈਪਟਾਪ ਹੈ ਜਿਸ ਨੂੰ ਉਸਨੇ ਬੜੇ ਚਾਵਾਂ ਨਾਲ ਖਰੀਦਿਆ ਸੀ ਤੇ ਬੜੇ ਪਿਆਰ ਨਾਲ ਸੰਭਾਲਦਾ ਸੀ । ਕਿਉਂਕਿ ਇਸੇ ਨਾਲ ਤਾਂ ਉਸਦੀ ਜਿੰਦਗੀ ਅੱਗੇ ਤੁਰਨੀ ਸੀ ।

ਦੱਲ੍ਹਾ, ਦਿਲਾਵਰ ਨਾ ਬਣ ਸਕਿਆ……… ਕਹਾਣੀ / ਰਣਜੀਤ ਸਿੰਘ ਸ਼ੇਰਗਿੱਲ

ਘਰ ਵਾਲਿਆਂ ਨੇ ਤਾਂ ਆਪਣੀ ਧੀ ਦਾ ਨਾਮ ਭਾਗਦੇਈ ਰੱਖਿਆ ਸੀ ਪਰ ਜੱਲ੍ਹੇ ਲੰਬੜਦਾਰ ਨਾਲ ਵਿਆਹੀ ਜਾਣ ਕਾਰਨ ਭਾਗਦੇਈ ਲੰਬੜ ਦੇ ਘਰ ਵਾਲੀ ਲੰਬੜੋ ਕਰ ਕੇ ਹੀ ਜਾਣੀ ਪਹਿਚਾਣੀ ਜਾਣ ਲੱਗੀ। ਮਾਪਿਆਂ ਵੱਲੋਂ ਦਿੱਤਾ ਨਾਮ ਤਾਂ ਜਿਵੇਂ ਲੰਬੜੋ ਦੀ ਯਾਦ ਚੰਗੇਰ ਵਿੱਚੋਂ ਵਿਸਰ ਹੀ ਗਿਆ ਹੋਵੇ। ਜੱਲ੍ਹਾ ਲੰਬੜਦਾਰ ਤਾਂ ਭਾਵੇਂ ਪਿੰਡ ਦਾ ਸੀ ਪਰ ਮੁਖਬਰ ਪੱਕਾ ਪੁਲਿਸ ਵਾਲਿਆਂ ਦਾ ਹੀ ਸੀ। ਜਿਸ ਦੀਆਂ ਮੁਖਬਰੀਆਂ ਕਾਰਨ ਪਿੰਡ ਵਿੱਚ ਨਿੱਤ ਪੁਲਿਸ ਆਈ ਰਹਿੰਦੀ ਸੀ। ਪਿੰਡ ਵਿੱਚ ਕਈ ਪ੍ਰਾਣੀ ਜੱਲ੍ਹੇ ਦੀਆ ਕਰਤੂਤਾਂ ਤੋ ਦੁਖੀ ਹੋ ਕੇ ਉਸ ਨੂੰ ਸੋਧਣ ਦੀਆਂ ਵਿਉਤਾਂ ਬਣਾਉਦੇ ਰਹਿੰਦੇ। ਜੱਲ੍ਹੇ ਤੇ ਲੰਬੜੋ ਨੂੰ ਪ੍ਰਭੂ ਨੇ ਪੁੱਤ ਦੀ ਦਾਤ ਬਖਸ਼ੀ, ਜਿਸ ਦਾ ਨਾਮ ਤਾਂ ਦਿਲਾਵਰ ਰੱਖਿਆ ਗਿਆ ਪਰ ਲੰਬੜੋ ਨੇ ਪਿਆਰ ਨਾਲ ਦੱਲ੍ਹਾ ਹੀ ਕਹਿਣਾ ਅਤੇ ਸਮਾਂ ਪਾ ਕੇ ਇਹੀ ਨਾਮ ਪੱਕਾ ਹੋ ਗਿਆ। ਮੱਥੇ ਉਤੇ ਤਿਊੜੀ, ਇੱਕ ਅੱਖ ਛੋਟੀ ਤੇ ਖਚਰਾ ਹਾਸਾ ਇਵੇਂ ਜਚਦੇ ਜਿਵੇਂ ਦੱਲ੍ਹੇ ਦੇ ਸੁਹੱਪਣ ਉਤੇ ਨਜਰਵੱਟੂ ਦਾ ਕੰਮ ਦਿੰਦੇ ਹੋਣ। ਬਚਪਨ ਦੇ ਸਾਥੀ ਫੀਲਾ, ਫੱਗੂ, ਸੁੱਚਾ, ਤੇਲੂ, ਛੱਜੂ ਅਤੇ ਭੋਲੇ ਨਾਲ ਖੇਡਦਿਆਂ ਆਦਤ ਅਨੁਸਾਰ ਚਾਪਲੂਸ, ਮਕਾਰੀ ਅਤੇ ਚੁਗਲਖੋਰ ਸੁਮੇਲ ਦੀ ਭੂਮਿਕਾ ਨਿਭਾਉਂਦੇ ਹੋਏ, ਸਾਥੀਆਂ ਵਿੱਚ ਫੁੱਟ ਪਾ ਕੇ, ਆਪ ਉਹਨਾਂ ਦਾ ਆਗੂ ਬਣਿਆ ਰਹਿਣਾ ਦੱਲ੍ਹੇ ਦਾ ਅਸਲ ਕਿਰਦਾਰ ਸੀ। ਦੱਲ੍ਹਾ ਹਾਲੀ ਪੰਜ ਕੁ ਸਾਲ ਦਾ ਹੋਇਆ ਸੀ ਕਿ ਜੱਲ੍ਹੇ ਨੂੰ ਧੁਰ ਦਰਗਾਹੋਂ ਸੱਦਾ ਆਉਣ ਨਾਲ ਕਿਸੇ ਵੱਲੋਂ ਫੁੰਡਿਆ ਗਿਆ ਅਤੇ ਦੱਲ੍ਹਾ ਪਿਤਾ ਦੇ ਸਾਏ ਤੋਂ ਸੱਖਣਾ ਹੋ ਗਿਆ। ਦੱਲ੍ਹੇ ਦੇ ਨਬਾਲਗ ਹੋਣ ਕਾਰਨ ਲੰਬੜਦਾਰੀ ਭਾਗਦੇਈ ਨੂੰ ਮਿਲ ਗਈ।

ਬੁੱਢੀ ਮਮਤਾ........... ਕਹਾਣੀ / ਬਲਜੀਤ ਮੌਜੀਆ

ਕੀ ਕਰਾਂ, ਕੀ ਨਾ ਕਰਾਂ ? ਇਹ ਸਵਾਲ ਜਿਵੇਂ ਗੀਤਾ ਦੀ ਜਿੰਦਗੀ ਦੇ ਦੁਆਲੇ ਕੰਡਿਆਲੀ ਤਾਰ ਵਾਗੂੰ ਵਿਛ ਗਏ ਸਨ । ਰਾਮ ਦਿਨੋਂ ਦਿਨ ਜਿਵੇਂ ਬਿਖਰਦਾ ਜਾਂਦਾ ਸੀ, ਅੱਜ ਕੱਲ੍ਹ ਹਾਲਤ ਕੁਝ ਜਿ਼ਆਦਾ ਹੀ ਖ਼ਰਾਬ ਹੋ ਗਈ ਸੀ । ਨਾ ਕਿਸੇ ਨਾਲ ਮਿਲਣਾ ਜੁਲਣਾ । ਨਾ ਕਦੇ ਘਰੇ ਹੀ ਹੱਸਣਾ ਖੇਡਣਾ । ਸ਼ਕਲ ‘ਤੇ ਹੀ ਜਿਵੇਂ ਪਲਿੱਤਣ ਦਾ ਲੇਪ ਹੀ ਹੋ ਗਿਆ ਹੋਵੇ । ਉਹ ਉਸਦੀ ਸਰੀਰਕ ਹਾਲਤ ਤੋਂ ਤਾਂ ਇੰਨੀ ਚਿੰਤਤ ਨਹੀਂ ਸੀ, ਜਿੰਨੀ ਉਸ ਦੇ ਮਨ ਦੀ ਟੁੱਟ ਭੱਜ ਤੋਂ... । ਘਰ ਦੇ ਕੰਮ ਕਰਾਂ ਜਾਂ ਮਮਤਾ ਨੂੰ ਸੰਭਾਲਾਂ ਕਿ ਨੌਕਰੀ ਦਾ ਕੰਮ ਕਰਾਂ ? ਉਹ ਰਾਮ ਨੂੰ ਇਕੱਲਾ ਵੀ ਨਹੀਂ ਛੱਡਣਾ ਚਾਹੁੰਦੀ । ਡਰਦੀ ਸੀ ਕਿ ਡਾਕਟਰ ਨੇ ਕਿਹਾ ਹੈ ਕਿ ਇਹ ਜਜ਼ਬਾਤੀ ਬੰਦਾ ਹੈ । ਕਿਤੇ ਕੁਝ ਗਲਤ ਨਾ ਕਰ ਬੈਠੇ । ਮਾਂ ਘਰ ਵਿੱਚ ਹੈ ਪਰ ਉਸਦਾ ਆਸਰਾ ਕੁਝ ਨਹੀਂ ਸੀ ਬਲਕਿ ਅੱਜ ਕੱਲ੍ਹ ਤਾਂ ਰਾਮ ਦੀ ਜੋ ਹਾਲਤ ਹੈ, ਉਹ ਹੋਈ ਹੀ ਉਸਦੀ ਵਜ੍ਹਾ ਨਾਲ ਹੈ । ਗੀਤਾ ਸ਼ੁਰੂ ਤੋਂ ਹੀ ਸੱਸ ਨੂੰ ਮਾਂ ਸਮਝਦੀ ਰਹੀ ਸੀ ਪਰ ਅੱਜ ਕੱਲ੍ਹ ਉਸਦੇ ਮਨ ਵਿੱਚ ਵੀ ਖਟਾਸ ਆ ਗਈ ਹੈ ਕਿ ਮਾਂ ਨੂੰ ਆਪਣੇ ਬੱਚੇ ਨਾਲ ਕੋਈ ਮਤਲਬ ਨਹੀਂ, ਬਲਕਿ ਹਰ ਰੋਜ਼ ਉਸਦੇ ਵਤੀਰੇ ਕਾਰਨ ਰਾਮ ਹੋਰ ਬਿਮਾਰ ਹੁੰਦਾ ਜਾ ਰਿਹਾ ਹੈ । ਦੁਖੀ ਹੋ ਕੇ ਜਦੋਂ ਦਾਰੂ ਪੀ ਲੈਂਦਾ ਹੈ ਤਾਂ ਮਾਂ ਦੂਜੇ ਦਿਨ ਆਂਢੀਆਂ ਗੁਆਂਢੀਆਂ ਤੇ ਰਿਸ਼ਤੇਦਾਰਾਂ ਵਿੱਚ ਇਹ ਪ੍ਰਚਾਰ ਕਰਨ ਤੇ ਟਾਇਮ ਨਹੀਂ ਲਾਉਂਦੀ ਕਿ ਹੁਣ ਤਾਂ ਦਾਰੂ ਖੂਨ 'ਚ ਰਚ ਗਈ ਹੈ । ਗੀਤਾ ਭਾਵੇਂ ਬਹੁਤੀ ਬੁੱਧੀਜੀਵੀ ਸਖਸ਼ੀਅਤ ਦੀ ਮਾਲਕਣ ਨਹੀਂ ਪਰ ਇੰਨਾਂ ਜ਼ਰੂਰ ਸਮਝਦੀ ਸੀ ਕਿ ਲਗਾਤਾਰ ਰਾਮ ਨਾਲ ਚੰਗਾ ਨਹੀਂ ਹੁੰਦਾ ਆ ਰਿਹਾ । 

ਵਿਹਲ.......... ਕਹਾਣੀ / ਸੰਜੀਵ ਸ਼ਰਮਾ, ਫਿਰੋਜ਼ਪੁਰ

ਡੇਢ ਵਰ੍ਹਾ ਹੋ ਗਿਆ, ਹੋਲੀ ਤੋਂ ਬਾਅਦ ਕੁਝ ਨਹੀਂ ਲਿਖ ਸਕਿਆ। ਬਹੁਤ ਵੇਰ ਲਿਖਣ ਨੂੰ ਦਿਲ ਕੀਤਾ, ਪਰ ਲਿਖਾਂ ਤਾਂ ਕੀ ਲਿਖਾਂ ? ਮੇਰੇ ਕੋਲ ਲਿਖਣ ਲਈ ਹੱਡਬੀਤੀ ਤੋਂ ਬਿਨਾਂ ਕੁਝ ਨਹੀਂ…। ਹੁਣ ਤਾਂ ਮੇਜ਼ ‘ਤੇ ਲਿਖਣ ਲਈ ਪਏ ਕੋਰੇ ਕਾਗਜ਼ ਵੀ ਸੋਚਣ ਲੱਗ ਪਏ ਹੋਣੇ ਨੇ ਕਿ ਕੀ ਹੋ ਗਿਆ ਏ ਮੇਰੀ ਕਲਮ ਨੂੰ ?

ਅੱਜ ਮੈਂ ਆਪਣੇ ਮੇਜ਼ ਦੀ ਦਰਾਜ ਖੋਲੀ ਤੇ ਕਲਮ ‘ਤੇ ਜੰਮ ਗਈ ਧੂੜ ਨੂੰ ਝਾੜਦਿਆਂ ਹੱਥ ਵਿੱਚ ਫੜ ਹੀ ਲਿਆ ਹੈ । ਸੋਚ ਰਿਹਾ ਹਾਂ ਕਿ ਕੀ ਲਿਖਾਂ ? ਅਸਲ ‘ਚ ਮੇਰੇ ਦਿਲੋ ਦਿਮਾਗ਼ ਨੂੰ ਤਾਜ਼ੇ ਹੀ ਵਾਪਰੇ ਹਾਦਸੇ ਨੇ ਆਪਣੇ ਪ੍ਰਭਾਵ ਹੇਠ ਜਕੜਿਆ ਹੋਇਆ ਹੈ । ਸੋਚ ਰਿਹਾ ਹਾਂ ਕਿ ਸਵੇਰ ਤੋਂ ਸ਼ਾਮ ਤੇ ਫਿਰ ਰਾਤ ਤੇ ਦੋਬਾਰਾ ਫਿਰ ਸਵੇਰ ਕਦੋਂ ਹੋ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਸਭ ਨੂੰ ਘੁਲਾੜੀ ਗੇੜ ਦੀ ਆਦਤ ਪੈ ਗਈ ਹੈ। ਬੱਚੇ ਤੱਕ ਟਾਈਮ ਵੇਖ ਕੇ ਕੰਮ ਕਰਨ ਦੇ ਆਦੀ ਹੋ ਗਏ ਹਨ । ਉਂਝ ਤਾਂ ਚੰਗੀ ਗੱਲ ਹੈ ਪਰ ਜਿੰਦਗੀ ‘ਚ ਇੱਕ ਠਹਿਰਾਅ ਆ ਗਿਆ ਜਾਪਦਾ ਹੈ ।

ਹੋਇਆ ਕੀ ਕਿ ਬੀਤੀ ਰਾਤ ਜਦ ਗਿਆਰਾਂ ਕੁ ਵਜੇ ਰਾਤੀਂ ਮੈਂ ਆਪਣੇ ਵਪਾਰਿਕ ਕੰਮਾਂ ਕਾਰਾਂ ਤੋਂ ਵਿਹਲਾ ਹੋ ਨੇੜਲੇ ਸ਼ਹਿਰ ‘ਚੋਂ ਘਰ ਨੂੰ ਪਰਤ ਰਿਹਾ ਸੀ, ਰਾਹ ਵਿੱਚ ਇੱਕ ਥਾਂ ‘ਤੇ ਜਾਮ ਲੱਗਾ ਹੋਇਆ ਸੀ। ਜਦ ਪੰਦਰਾਂ ਕੁ ਮਿੰਟ ਕੋਈ ਹਿਲਜੁਲ ਨਾ ਹੋਈ ਤਾਂ ਮੈਂ ਕਾਰ ਵਿੱਚੋਂ ਉਤਰ ਕੇ ਅਗਾਂਹ ਜਾਮ ਦਾ ਕਾਰਨ ਵੇਖਣ ਲਈ ਤੁਰ ਪਿਆ। ਅੱਗੇ ਬਹੁਤ ਹੀ ਭੀੜ ਇਕੱਠੀ ਹੋਈ ਪਈ ਸੀ । ਭੀੜ ਦੇ ਘੇਰੇ ਵਿੱਚ ਦੀ ਰਾਹ ਬਣਾਉਂਦਾ ਹੋਇਆ ਮੈਂ ਕਾਰਨ ਜਾਨਣ ਦੀ ਚਾਹ ਵਿੱਚ ਅਗਾਂਹ ਤੀਕ ਪੁੱਜ ਗਿਆ। ਇੱਕ ਲਾਸ਼ ਸੜਕ ਦੇ ਵਿਚਾਲੇ ਪਈ ਸੀ ਤੇ ਕੋਲ ਹੀ ਚੂਰ-ਚੂਰ ਹੋਇਆ ਇੱਕ ਸਾਇਕਲ ਵੀ ਸੀ । ਮਰਨ ਵਾਲੇ ਦੇ ਸਿਰ-ਮੂੰਹ ਬੁਰੀ ਤਰ੍ਹਾਂ ਫਿਸ ਚੁੱਕੇ ਸਨ। ਦੋ ਕੁ ਪੁਲਿਸ ਵਾਲੇ ਖੜੇ ਸਨ ਤੇ ਉਡੀਕ ਹੋ ਰਹੀ ਸੀ ਕਿ ਐਂਬੂਲੈਂਸ ਕਦੋਂ ਤੱਕ  ਆਵੇਗੀ ।

ਟੇਢੀ ਖੀਰ.......... ਕਹਾਣੀ / ਚਰਨਜੀਤ ਸਿੰਘ ਪੰਨੂ

ਪਹਿਲੀ ਸਾਮੀ ਨੂੰ ਭੁਗਤਾ ਕੇ ਪਟਵਾਰੀ ਬਹੁਤ ਪ੍ਰਸੰਨ ਹੋਇਆ। ਉਸ ਦੀ ਬੋਹਣੀ ਹੀ ਬਹੁਤ ਸ਼ੁਭ ਸ਼ਗਨਾਂ ਵਾਲੀ ਚੰਗੀ ਰਹੀ, ਜਿਸ ਨੇ ਕਿਸੇ ਹੀਲ ਹੁੱਜਤ ਤੋਂ ਬਿਨਾਂ, ਖਿੜੇ ਮੱਥੇ ਮੂੰਹ ਮੰਗੇ ਪੰਜ ਸੌ ਰੁਪੈ ਮੇਜ਼ ‘ਤੇ ਢੇਰੀ ਕਰ ਦਿੱਤੇ। ਕੰਮ ਤਾਂ ਛੋਟਾ ਜਿਹਾ ਸੀ ਇੱਕ ਮਿੰਟ ਦਾ, ਬੱਸ ਤਸਦੀਕ ਹੀ ਤਾਂ ਕਰਨਾ ਸੀ ਕਿ ਉਸ ਦੀ ਇੱਕ ਲੜਕੀ ਜੋ ਵਿਆਹੁਣ ਯੋਗ ਹੈ, ਅਜੇ ਅਣਵਿਆਹੀ ਹੈ। ਪੰਚਾਂ ਸਰਪੰਚਾਂ ਨੇ ਪਹਿਲਾਂ ਹੀ ਤਸਦੀਕ ਕੀਤੀ ਹੋਈ ਸੀ, ਬੱਸ ਉਸ ਨੇ ਤਾਂ ਇੱਕ ਘੁੱਗੀ ਜਿਹੀ ਹੀ ਮਾਰਨੀ ਸੀ ਛੋਟੀ ਜਿਹੀ। ਅੱਜ ਦਾ ਉਸ ਦਾ ਟਾਰਗੈਟ ਕੰਪਿਊਟਰ ਬਜਟ ਪੂਰਾ ਕਰਨ ਦਾ ਸੀ, ਜੋ ਉਸ ਦੀ ਪਤਨੀ ਨੇ ਬੜੇ ਜ਼ੋਰ ਨਾਲ ਸਿਫਾਰਿਸ਼ ਕੀਤਾ ਸੀ। ਪਟਵਾਰੀ ਨੇ ਉਂਗਲ ‘ਚ ਨਵੇਂ-ਨਵੇਂ ਪਾਏ ਚਮਕਦੇ ਪੁਖਰਾਜ ਨਗ ਨੂੰ ਚੁੰਮਿਆ ਤੇ ਨਾ-ਮੁਕੰਮਲ ਪਏ ਗਿਰਦਾਵਰੀ ਰਜਿਸਟਰ ਦੀ ਖਾਨਾ-ਪੂਰੀ ਕਰਨ ਲੱਗਾ। ਸਫ਼ਾ-ਵਾਰ ਜੋੜ ਕਰਨ ਤੋਂ ਬਿਨਾਂ ਹੀ ਫਰਜ਼ੀ ਜਿਨਸ ਗੋਸ਼ਵਾਰਾ ਉਹ ਪਹਿਲਾਂ ਹੀ ਭੇਜ ਚੁੱਕਾ ਸੀ ਤੇ ਸਮੇਂ ਸਿਰ ਗੋਸ਼ਵਾਰਾ ਭੇਜਣ ਲਈ ਉਹ ਉਪਰਲੇ ਅਧਿਕਾਰੀਆਂ ਤੋਂ ਸ਼ਾਬਾਸ਼ ਵੀ ਲੈ ਚੁੱਕਾ ਸੀ।
ਇੱਕ ਘੁੱਗੀ ਰੰਗੀ ਮਰਸੀਡਜ਼-ਬੈਂਜ਼ ਕਾਰ ਪਟਵਾਰ ਖ਼ਾਨੇ ਸਾਹਮਣੇ ਆ ਖੜੀ ਹੋਈ ਵੇਖ ਕੇ ਭਿੰਦੇ ਪਟਵਾਰੀ ਦੀਆਂ ਰੀਝਾਂ ਅਸਮਾਨੀ ਉਡਾਰੀਆਂ ਮਾਰਨ ਲੱਗੀਆਂ... ਪਰ ਇਕਦਮ ਉਸ ਦਾ ਮੱਥਾ ਠਣਕਿਆ। ਉਸ ਦੇ ਹੱਥ ਦੀ ਕਲਮ ਥਿੜਕ ਗਈ। ਸਾਹ ਸੂਤ ਕੇ ਉਸ ਨੇ ਸ਼ਿਕਾਰੀ ਵਾਲੀ ਨਜ਼ਰ ਦੁੜਾਈ। ਉਹ ਜਰਕ ਗਿਆ, ਜ਼ਰੂਰ ਕੋਈ ਵੱਡਾ ਅਫ਼ਸਰ ਹੈ... ਕੋਈ ਵਿਜੀਲੈਂਸ ਵਾਲਾ ਹੋਵੇ, ਐਸ. ਡੀ. ਐਮ. ਹੋਵੇ। ਨਹੀਂ ਨਹੀਂ... ਡੀ. ਸੀ. ਨਹੀਂ! ਉਨ੍ਹਾਂ ਕੋਲ ਅਜਿਹੀ ਕਾਰ ਕਿਥੋਂ ਆ ਸਕਦੀ ਹੈ। ਉਨ੍ਹਾਂ ਦੇ ਤਾਂ ਸਰਕਾਰੀ ਛਕੜੇ ਹੀ ਹਨ ਜੋ ਮਸਾਂ ਹੀ ਖੜ ਖੜ ਕਰਦੇ ਖਿੱਚ ਧੂਹ ਕੇ ਆਪਣੀ ਕਾਰਗੁਜ਼ਾਰੀ ਪੂਰੀ ਕਰਦੇ ਹਨ। ਚੌਕਸੀ ਵਿਭਾਗ ਦਾ ਛਾਪਾ ਵੀ ਅੱਜ ਕੱਲ੍ਹ ਹਰ ਸਰਕਾਰੀ ਦਫ਼ਤਰ ਵਿਚ ਹਊਆ ਬਣਿਆ ਪਿਆ ਹੈ। ਉਹ ਭੇਸ ਬਦਲ ਕੇ ਆਉਂਦੇ ਹਨ। ਉਨ੍ਹਾਂ ਨੇ ਕਈ ਮੁਲਾਜ਼ਮ ਗ਼ੈਰਹਾਜ਼ਰ ਫੜ੍ਹ ਕੇ ਮੁਅੱਤਲ ਕਰਾਏ ਹਨ। ਕਈਆਂ ਨੂੰ ਰਿਸ਼ਵਤ, ਗ਼ਬਨ ਤੇ ਹੋਰ ਮਾਮਲਿਆਂ ਵਿਚ ਫੜਿਆ ਹੈ ਤੇ ਚਲਾਨ ਪੇਸ਼ ਕੀਤੇ ਹਨ।

ਹੇ ਮਾਂ ਜਾਂ ਹੇਮਾਂ........... ਕਹਾਣੀ / ਰਮੇਸ਼ ਸੇਠੀ ਬਾਦਲ

ਸੱਚੀਂ ਲਿਖਣ ਵਿਚ ਬੜਾ ਅਜੀਬ ਲੱਗਦਾ ਹੈ ਕਿ ਤੁਸੀਂ ਹੇ ਮਾਂ ਤੋਂ ਹੇਮਾਂ ਕਿਵੇਂ ਹੋ ਗਏ । ਮੈਂ ਤਾਂ ਤੁਹਾਨੂੰ ਆਪਣੀ ਮਾਂ ਹੀ ਸਮਝਦਾ ਸੀ। ਮਾਂ ਨਹੀਂ ਮਾਂ ਤੋਂ ਵੀ ਵੱਧ ਜਿਸ ਨੇ ਆਪਣੀ ਢਿੱਡ ਦੀ ਜੰਮੀ ਮੈੱ ਸੌਂਪ ਦਿੱਤੀ ਤੇ ਮੇਰਾ ਜੀਵਨ ਸੰਵਾਰ ਦਿੱਤਾ । ਪਰ ਮੇਰਾ ਇਹ ਸਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਿਆ। ਜਿਸ ਤਰ੍ਹਾਂ ਹੇਮਾਂ ਨੇ ਪ੍ਰਕਾਸ਼ ਕੌਰ ਦੀ ਗ੍ਰਹਿਸਤੀ ਵਿਚ ਪ੍ਰਵੇਸ਼ ਕਰਕੇ ਉਸਨੂੰ ਪਿੱਛੇ ਧੱਕ ਦਿੱਤਾ ਤੇ ਪਰਿਵਾਰ ਨੂੰ ਨਮੋਸ਼ੀ ਦਿੱਤੀ, ਤੁਸੀਂ ਵੀ ਮੇਰੇ ਨਾਲ ਇਉਂ ਕੀਤਾ। ਮੇਰਾ ਘਰ ਬਾਰ ਵਸਾਉਣਾ ਤੁਹਾਡੀ ਡਿਊਟੀ ਸੀ ਪਰ ਤੁਸੀਂ ਤਾਂ ਮੇਰੇ ਨਾਲ ਪਤਾ ਨਹੀਂ ਕੀ ਦੁਸ਼ਮਣੀ ਕੱਢੀ ਤੇ ਪੁਰਾ ਵੱਸਿਆ ਵਸਾਇਆ ਘਰ ਬਾਰ ਤੋੜ ਦਿੱਤਾ।
ਸਭ ਤੋਂ ਪਹਿਲਾਂ ਤਾਂ ਤੁਸੀਂ ਮੇਰੇ ਘਰ ਵਿਚ ਬੇਲੋੜੀ ਦਖਲ ਅੰਦਾਜੀ ਕਰਦੇ ਰਹੇ। ਮੇਰੇ ਹਰ ਮਸਲੇ ਵਿਚ ਤੁਹਾਡੇ ਪਰਿਵਾਰ ਦੀ ਹੀ ਚਲਦੀ ਰਹੀ। ਮੰਨਿਆ ਕਿ ਤੁਹਾਡਾ ਆਪਣੀ ਧੀ ਨਾਲ ਪਿਆਰ ਸੀ। ਉਹ ਤਾਂ ਹਰ ਇੱਕ ਮਾਂ-ਬਾਪ ਦਾ ਹੁੰਦਾ ਹੈ। ਪਰ ਤੁਸੀਂ ਆਪਣੀ ਧੀ ਨੂੰ ਗਲਤ ਸ਼ਹਿ ਦੇ ਕੇ ਮੇਰੇ ਖਿਲਾਫ਼ ਭੜਕਾਉਂਦੇ ਰਹੇ । ਮੇਰੀਆਂ ਭਾਵਨਾਵਾਂ ਨੂੰ ਨਾ ਸਮਝ ਕੇ ਆਪਣੇ ਘਰ ਦੀ ਮਾਣ ਮਰਿਆਦਾ ਉਲੰਘਦੇ ਰਹੇ।

ਤੁਹਾਡੀ ਦਖਲਅੰਦਾਜੀ ਮੇਰੇ ਪਰਿਵਾਰ  ਵਿਚ ਸਦਾ ਰਹੀ । ਤੁਹਾਡਾ ਲੜਕਾ ਅਕਸਰ ਤੁਹਾਡੇ ਦੁਆਰਾ ਸਿਖਾਇਆ ਪੜ੍ਹਾਇਆ ਮੇਰੇ ਘਰੇ ਆਉਂਦਾ ਤੇ ਮੇਰੇ ਨਾਲ ਬੁਰਾ ਸਲੂਕ ਕਰਦਾ । ਮੈਂ ਚੁੱਪ ਰਿਹਾ, ਕਿਉਂਕਿ ਮੈਂ ਆਪਣੇ ਪਰਿਵਾਰ ਨੂੰ ਨਹੀਂ ਸੀ ਤੋੜਨਾ ਚਾਹੁੰਦਾ। ਘਰ ਦੀ ਮਾਣ ਮਰਿਆਦਾ ਨੂੰ ਛਿੱਕੇ ਟੰਗਕੇ ਵੀ ਮੈਂ ਤੁਹਾਡੇ ਧੱਕੇ ਬਰਦਾਸ਼ਤ ਕਰਦਾ ਰਿਹਾ ਕਿਉਂਕਿ ਮੈਂ ਆਪਣੇ ਘਰ ਚਲਾਉਣਾ ਚਾਹੂੰਦਾ ਸੀ।

ਧੁੰਦ.......... ਕਹਾਣੀ / ਲਾਲ ਸਿੰਘ ਦਸੂਹਾ

( ਕੁਝ ਕਹਾਣੀ ਬਾਰੇ )
ਤੱਥ ਗਵਾਹ ਨੇ ਕਿ ਪੰਜਾਬ ਵਿਚਲੇ ਜ਼ਿਮੀਦਾਰਾਂ ਵਿਚੋਂ ਸੱਤ ਪ੍ਰਤੀਸ਼ਤ ਵੱਡੇ ਜ਼ਿਮੀਦਾਰ ਸੈਂਤੀ ਪ੍ਰਤੀਸ਼ਤ ਜ਼ਮੀਨ ‘ਤੇ ਕਾਬਜ਼ ਹਨ । ਇਹਨਾਂ ਦੇ ਪੁਰਖਿਆਂ ਵਿਚੋਂ 1699 ਈ: ਦੀ ਵਿਸਾਖੀ ਵਾਲੇ ਦਿਨ ਆਨੰਦਪੁਰ ਅੱਵਲ ਤਾਂ ਕੋਈ ਗਿਆ ਹੀ ਨਹੀਂ ਹੋਣਾ , ਜੇ ਕੋਈ ਇੱਕ-ਅੱਧ ਚਲਾ ਵੀ ਗਿਆ ਹੋਵੇਗਾ ,ਤਾਂ ਉਹ ਗੁਰੂ ਦੀ ਲਹੂ ਮੰਗਦੀ ਤਲਵਾਰ ਵੱਲ ਦੇਖਕੇ ਜ਼ਰੂਰ ਖਿਸਕ ਗਿਆ ਹੋਵੇਗਾ । ਤੇ ਗੁਰੂ ਵਿਚਾਰੇ ਲਈ ਬਚੇ ਹੋਣਗੇ , ਇਹਨਾਂ ਫਿਊਡਲ ਲਾਰਡਾਂ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਰਤੀ-ਕਾਮੇ ,ਨਾਈ, ਛੀਬੇਂ ,ਖੱਤਰੀ। ਭਾਈ ਘਨ੍ਹੱਇਆ ਦੇ ਪਾਤਰ ਰਾਹੀਂ ਇਹ ਕਹਾਣੀ,ਦਿੱਲੀ ਦੀਆਂ ਔਰੰਗੇ ਤੋਂ ਤਰੰਗੇ ਤਕ ਦੀਆਂ ਸਰਕਾਰਾਂ ਲਈ ਫੀਡ -ਬੈਂਕ ਬਣਦੀ ਰਹੀ ਤੇ ਭਾਈਵਾਲੀ ਨਿਭਾਉਂਦੀ ਆਈ, ਇਸ ਭੋਂਪਤੀ ਜਮਾਤ ਦੇ ਅਵਸਰਵਾਦੀ ਤੇ ਤਸ਼ੱਦਦੀ ਕਿਰਦਾਰ ‘ਤੇ ਟਿੱਪਣੀ ਕਰਨ ਦਾ ਸਾਹਸ ਕਰਦੀ ਹੈ । ਪੰਜਾਬ ਦੇ ਸੰਦਰਭ ਵਿਚ ਇਹ ਕੰਮ ਵੇਲੇ ਦੀ ਸਰਕਾਰ ਵੱਲੋਂ ਖੱਬੀ ਲਹਿਰ ਦੇ ਇਕ ਦਸਤੇ ਨਕਸਲਵਾਦ ਨੂੰ ਬੇ-ਰਹਿਮੀ ਨਾਲ ਮਾਰੇ ਕੋਹੇ ਜਾਣ ਦੇ ਦਰਦ ਨੂੰ ਮਹਿਸੂਸਦੀ , ਗੋਬਿੰਦ ਗੁਰੂ ਕੋਲ ਚਿੱਠੀ ਦੇ ਰੂਪ ਵਿਚ ਆਪਣਾ ਦੁੱਖ ਰੋਦੀਂ ਹੈ ।
****
ਲਿਖਤੁਮ ਭਾਈ ਘਨਈਆ... ਅੱਗੇ ਮਿਲੇ ਦਸਮੇਂ ਸਤਗੁਰ ਮ੍ਹਾਰਾਜ , ਚੌਥੇ ਤਖ਼ਤ ਸ੍ਰੀ ਹਜ਼ੂਰ ਸਾਹਬ , ਜ਼ਿਲ੍ਹਾ ਨੰਦੇੜ ਦੇ ਵਾਸੀ ਨੂੰ ।

ਸੱਚਿਆ ਪਾਤਸ਼ਾਹ ਜੀਓ , ਬਹੁਤੀ ਮੁਦੱਤ ਹੋ ਗਈ ਐ ਕਿ ਤੁਹਾਡੇ ਬੰਨਿਓਂ ਕੋਈ ਖ਼ਤ -ਪੱਤਰ ਨਈਂ ਆਇਆ । ਮੈਨੂੰ ਵੀ ਆਪ ਜੀ ਨੂੰ ਚਿੱਠੀ ਪਾਉਣ ਦੀ ਵਿਹਲ ਨਈਂ ਮਿਲੀ । ਵਿਹਲ ਮਿਲਦਾ ਵੀ ਕਿੱਦਾਂ ? ਤੁਹਾਂ ‘ਨੰਦਪੁਰ ਦੀ ਲੜਾਈ ‘ਚ ਜ਼ਖਮੀ ਹੋਏ ਤੁਰਕਾਂ ਨੂੰ ਪਾਣੀ ਪਲਾਉਣ ਦੀ ਮੇਰੀ ‘ਗਲਤੀ’ ਵਜੋਂ ਥਾਪੀ ਕੀ ਦਿੱਤੀ ,ਮੈਂ ਤਾਂ ਆਪਣੇ ਕਾਰ-ਕਿੱਤੇ ਅੰਦਰ ਖੁੱਭਿਆ ਸਾਰਾ ਕੁਸ਼ ਈ ਭੁੱਲ-ਭਲਾ ਗਿਆ । ਮੈਨੂੰ ਨਾ ਵੈਰੀ ਦੀ ਪਛਾਣ ਰਈ , ਨਾ ਮਿੱਤਰ ਦੀ । ਆਪਣੀ ਧੁੰਨ ‘ਚ ਮਸਤ ਹੋਏ ਨੇ ਮੈਂ ਜਿੱਥੇ ਵੀ ਕੋਈ ਭੁੱਖਾ-ਪਿਆਸਾ ਦੇਖਿਆ ,ਉਥੇ ਈ ਅਪਣੀ ਚਮੜੇ ਦੀ ਮਛਕ ‘ਚੋਂ ਚਾਰ ਘੁੱਟ ਪਾਣੀ ਉਹਦੇ ਸਿਕੜੀ ਜੰਮੇਂ ਬੁਲ੍ਹਾਂ ‘ਤੇ ਰੋੜ ਦਿੱਤਾ । ਪਰ , ਇਕ ਗੱਲ ਦੀ ਮੈਨੂੰ ਸਮਝ ਨਈਂ ਸੀ ਪਈ ਕਿ ਕਈ ਜ਼ੋਜਨ ਅੱਗੇ ਲੰਘ ਆਏ ਬੰਦੇ ਦੀ ਖਸਲਤ ਕਿਉਂ ਨਈਂ ਬਦਲੀ । ਹੁਣ ਤੇ ਰਾਜਿਆਂ-ਮ੍ਹਾਰਾਜਿਆਂ ਦਾ ਧਰਮ ਵੀ ਬਾਈ ਧਾਰਾਂ ਦੇ ਰਾਜਿਆਂ ਆਂਗੂੰ ਮਾਇਆ ਖਾਤਰ ਲੁੱਟ-ਖੋਹ ,ਮਾਰ - ਧਾੜ ਕਰਨਾ ਈ ਕਿਉਂ ਐ , ਬਦਲਿਆ ਕਿਉਂ ਨਈਂ ,

ਪੌਣਾ ਗਲਾਸ ਦੁੱਧ ਦਾ........... ਕਹਾਣੀ / ਬਲਵਿੰਦਰ ਸਿੰਘ ਚਾਹਲ, ਇਟਲੀ

ਦੀਪਾ ਵੀ ਆਮ ਲੋਕਾਂ ਦੇ ਮੁੰਡਿਆਂ ਵਾਂਗ ਕਿਸੇ ਏਜੰਟ ਰਾਹੀਂ ਜਰਮਨ ਆ ਗਿਆ ਸੀ। ਇੱਥੇ ਆ ਕੇ ਉਸਨੂੰ ਪਤਾ ਲੱਗਾ ਕਿ ਬਾਹਰ ਕਿਸ ਬਲਾ ਦਾ ਨਾਂ ਹੈ। ਉੱਥੇ ਤਾਂ ਬਾਹਰੋਂ ਗਏ ਹਰ ਕਿਸੇ ਦੇ ਸੋਹਣੇ ਕੱਪੜੇ ਲੀੜੇ ਤੇ ਕਾਰਾਂ ਕੋਠੀਆਂ ਪਿੱਛੇ, ਜੋ ਕੌੜਾ ਸੱਚ ਹੈ ਉਸ ਬਾਰੇ ਦੀਪੇ ਨੂੰ ਵੀ ਬਾਹਰ ਆ ਕੇ ਹੀ ਪਤਾ ਲੱਗਾ ਸੀ। ਪਰ ਫਿਰ ਵੀ ਦੀਪਾ ਮਿਹਨਤੀ ਸੀ ਅਤੇ ਉਂਝ ਵੀ ਆਪਣੇ ਘਰ ਦੀ ਹਾਲਤ ਤੋਂ ਕਿਸੇ ਤਰਾਂ ਅਨਜਾਣ ਨਹੀਂ ਸੀ। ਇਸ ਕਰਕੇ ਦੀਪੇ ਨੇ ਜੋ ਵੀ ਕੰਮ ਮਿਲਿਆ, ਉਸਨੂੰ ਕਰਨ ਵਿੱਚ ਕਦੇ ਵੀ ਆਪਣੀ ਹੇਠੀ ਨਾ ਸਮਝੀ ਤੇ ਸਿਰ ਚੜੇ ਕਰਜ਼ੇ ਨੂੰ ਲਾਹ ਕੇ ਹੀ ਸਾਹ ਲਿਆ । ਕਰਜ਼ਾ ਲੱਥ ਜਾਣ ਤੇ ਵੀ ਦੀਪਾ ਆਪਣੇ ਆਪ ਨੂੰ ਸੁਰਖੁਰੂ ਨਹੀਂ ਸੀ ਸਮਝਦਾ। ਉਹ ਆਪਣੀ ਬੇਬੇ ਬਾਪੂ, ਵੱਡੇ ਭਾਈ ਤੇ ਭਰਜਾਈ ਦਾ ਵੀ ਪੂਰਾ ਖਿਆਲ ਰੱਖਦਾ ਸੀ ਤੇ ਗਾਹੇ ਬਗਾਹੇ ਉਹ ਪੈਸਿਆਂ ਤੋਂ ਬਿਨਾਂ ਆਪਣੇ ਘਰ ਕੁਝ ਨਾ ਕੁਝ ਭੇਜਦਾ ਹੀ ਰਹਿੰਦਾ ਸੀ। ਕਦੇ ਭਰਾ ਲਈ ਕੋਈ ਕੱਪੜਾ, ਕਦੇ ਭਰਜਾਈ ਲਈ ਕੁਝ ਨਾ ਕੁਝ ਤੇ ਆਪਣੀ ਭਤੀਜੀ ਲਈ ਉਹ ਹਰ ਵਾਰ ਕੋਈ ਖਿਡੌਣਾ ਜਾਂ ਨਿੱਕੇ ਨਿੱਕੇ ਸੂਟ ਭੇਜਿਆ ਕਰਦਾ ਸੀ। ਉਸਨੇ ਆਪਣੇ ਬਾਪੂ ਲਈ ਬੜੇ ਸ਼ੌਕ ਨਾਲ ਘੜੀ ਭੇਜੀ ਸੀ ਭਾਵੇਂ ਕਿ ਬਾਪੂ ਨੂੰ ਟਾਈਮ ਵੀ ਨਹੀਂ ਸੀ ਦੇਖਣਾ ਆੳਂੁਦਾ। ਦੀਪੇ ਦਾ ਇਹ ਪੱਕਾ ਨੇਮ  ਸੀ ਕਿ ਉਹ ਆਏ ਮਹੀਨੇ, ਦੋ ਮਹੀਨੇ ਬਾਅਦ ਲੱਖ ਰੁਪਈਆ ਭੇਜ ਦਿਆ ਕਰਦਾ ਸੀ । ਉਸਨੇ ਆਪਣੇ ਭਰਾ ਨੂੰ ਵਾਹੀ ਕਰਨ ਲਈ ਨਵਾਂ ਟਰੈਕਟਰ ਲੈ ਕੇ ਦਿੱਤਾ, ਸਹੁਰੇ ਜਾਣ ਲਈ ਮੋਟਰ ਸਾਈਕਲ ਤੇ ਘਰ ਨੂੰ ਵੀ ਇੱਕ ਨਵਾਂ ਰੂਪ ਦਿੱਤਾ। ਹੁਣ ਦੀਪੇ ਦਾ ਪਿਉ ਮਿੱਟੀ ਨਾਲ ਮਿੱਟੀ ਨਹੀਂ ਸੀ ਹੁੰਦਾ ਸਗੋਂ ਨਿੱਤ ਪਿੰਡ ਦੇ ਥੜੇ ਤੇ ਬਹਿ ਕੇ ਆਪਣੇ ਦੀਪੇ ਦੀਆਂ ਸਿਫ਼ਤਾਂ ਦੇ ਪੁਲ਼ ਬੰਨਿਆ ਕਰਦਾ ਸੀ। ਮਾਂ ਵੀ ਦੀਪੇ ਦੀਆਂ ਬੜੀਆਂ ਸਿਫਤਾਂ ਕਰਿਆ ਕਰਦੀ ਸੀ । ਉਹ ਤਾਂ  ਆਪਣੀ ਗਲੀ ਦੀ ਹਰ ਔਰਤ ਨੂੰ ਦੀਪੇ ਦੇ ਭੇਜੇ ਹੋਏ ਸਮਾਨ ਨੂੰ ਵਾਰ ਵਾਰ ਦਿਖਾਇਆ ਕਰਦੀ ਸੀ। ਦੀਪੇ ਦੀਆਂ ਭੈਣਾਂ ਵੀ ਆਪਣੇ ਸਹੁਰੀਂ ਬਾਹਰ ਗਏ ਭਰਾ ਦੇ ਸਿਰ ਤੇ ਕਈ ਵਾਰ ਲੋੜ ਤੋਂ ਜਿਆਦਾ ਮਾਣ ਦਿਖਾ ਜਾਂਦੀਆਂ ਸਨ । ਦੂਜੇ ਪਾਸੇ ਵਿਚਾਰਾ ਦੀਪਾ ਨਾ ਦਿਨ ਦੇਖਦਾ ਨਾ ਰਾਤ, ਬੱਸ ਕੰਮ ਹੀ ਦੇਖਦਾ ਸੀ। ਉਸਨੇ ਕਦੇ ਇਹ ਵੀ ਨਹੀਂ ਸੋਚਿਆ ਸੀ ਕਿ ਮੇਰੀ ਉਮਰ ਤੀਹ ਤੋਂ ਟੱਪ ਗਈ ਹੈ ਤੇ ਮੈਂ ਹੁਣ ਵਿਆਹ ਵੀ ਕਰਵਾਉਣਾ ਹੈ।

ਮੁਸਾਫਿਰ.......... ਕਹਾਣੀ / ਜਸ ਸੈਣੀ

ਸਰਦੀਆਂ ਦੀ ਸਵੇਰ ਵਿੱਚ ਧੁੰਦ ਨੂੰ ਆਹਿਸਤਾ -ਆਹਿਸਤਾ ਕੱਟਦੀ ਹੋਈ ਬੱਸ ਮਲਕੇ ਜਿਹੇ ਬੱਸ ਸਟਾਪ ਤੇ ਆ ਰੁਕੀ । 25 ਕੁ ਸਾਲ ਦਾ ਇਕ ਨੌਜਵਾਨ ਪਿਛਲੀ ਬਾਰੀ ਥਾਣੀ ਬੱਸ ਵਿੱਚ ਆਣ ਚੜਿਆ । ਉਸ ਲੋਈ ਦੀ ਬੁੱਕਲ ਮਾਰੀ ਹੋਈ ਸੀ ਤੇ ਚਿਹਰਾ ਵੀ ਲਗਭਗ ਲੋਈ ਨੇ ਸਮੇਟਿਆ ਹੋਇਆ ਸੀ । ਜਾਪਦਾ ਸੀ ਜਿਸ ਤਰ੍ਹਾਂ ਉਹ ਲੋਈ ਵਿੱਚ ਕੁਝ ਲੁਕਾ ਰਿਹਾ ਹੋਵੇ । ਭਾਵੇਂ ਬੱਸ ਪੂਰੀ ਭਰੀ ਨਹੀ ਸੀ ਪਰ ਉਹ ਪਿਛਲੀਆਂ ਖਾਲੀ ਸੀਟਾਂ ਛੱਡਦਾ ਹੋਇਆ ਬੱਸ ਦੇ ਵਿਚਕਾਰ ਵਾਲੀ ਸੀਟ ਤੇ ਆ ਬੈਠਾ । ਉਹ ਬੜਾ ਚੁੱਪਚਾਪ ਸੀ, ਪਤਾ ਨਹੀਂ ਕਿਸ ਸੋਚ ਵਿੱਚ ਡੁੱਬਾ ਹੋਇਆ ਸੀ । ਦਰਅਸਲ ਬੱਸ ਵਿੱਚ  ਬਾਕੀ ਦੀਆਂ ਸਵਾਰੀਆਂ ਇਸ ਗੱਲ ਤੋਂ ਅਣਜਾਣ ਸਨ ਕਿ ਉਹ ਮੁਸਾਫਿਰ ਇਕ ਚਲਦੀ ਫਿਰਦੀ ਮੌਤ ਹੈ, ਇਕ ਮਨੁੱਖੀ ਬੰਬ, ਕਿਸੇ ਅੱਤਵਾਦੀ ਸੰਗਠਨ ਦਾ ਮੈਂਬਰ । ਬਾਰੀ ਵਿੱਚ ਲਟਕੇ ਕੰਡਕਟਰ ਨੇ ਸੀਟੀ ਮਾਰੀ ਤੇ ਬੱਸ ਹਿਜੋਕੇ ਜਿਹੇ ਖਾਂਦੀ ਤੁਰ ਪਈ । ਕੰਡਕਟਰ ਨੇ ਅਵਾਜ਼ ਲਗਾਈ "ਉਹ ਟਿਕਟਾਂ ਬਈ.... ਮੈਨੂੰ ਤੇ  ਡਰੈਵਰ ਨੂੰ ਛੱਡ ਕੇ ਕੋਈ ਟਿਕਟੋਂ ਬਗੈਰ ਨਾ ਹੋਵੇ... ਨਹੀਂ ਤਾਂ ਮੈਂ ਉਹਨੂੰ ਫੜਕੇ ਬੱਸ 'ਚੋਂ ਇੱਦਾਂ ਲਾਹੁਣਾ, ਜਿੱਦਾਂ ਲਾਸਟਕ ਆਲਾ ਪਜਾਮਾ ਲਾਹੀਦਾ ” । ਸਾਰੀ ਬੱਸ ਵਿੱਚ ਹਾਸਾ ਪਸਰ ਗਿਆ ਪਰ ਮੁਸਫਿਰ ਚੁੱਪ ਸੀ । ਕੰਡਕਟਰ ਝੋਲੇ ਵਿੱਚ ਪੈਸੇ ਖੜਕਾਂਉਦਾ ਹੋਇਆ ਟਿਕਟਾਂ ਪਾੜ - ਪਾੜ ਕੇ ਸਭ ਨੂੰ ਫੜਾ ਰਿਹਾ ਸੀ । ਕੰਡਕਟਰ ਉਸ ਮੁਸਾਫਿਰ ਕੋਲ ਪਹੁੰਚ ਗਿਆ, "ਹਾਂ ਬਈ ਕਾਕਾ ਟਿਕਟ ?”

ਮੁਸਾਫਿਰ ਕੁਝ ਨਾ ਬੋਲਿਆ ।

"ਬੋਲਾ ਆ ਤੂੰ, ਸੁਣਦਾ ਨਹੀਂ ਕਿ ਲਾਹਵਾਂ ਬੱਸ ਤੋ ਥੱਲੇ” ?

"ਜੀ... ਜੀ... ਜੀ... ਮੈਂ... ਮੈਂ...", ਮੁਸਾਫਿ਼ਰ ਦੇ ਬੁੱਲ ਥਿਰਕੇ ।

ਨਰੋਈ ਜੜ੍ਹ......... ਕਹਾਣੀ / ਬਲਵਿੰਦਰ ਸਿੰਘ ਚਾਹਲ

ਸੋਹਣਾ ਕਾਰੋਬਾਰ ਤੇ ਚਾਰ ਬੰਦਿਆਂ ਵਿੱਚ ਉਸਦੀ ਬਣੀ ਹੋਈ ਸੀ ਪਰ ਔਲਾਦ ਪੱਖੋਂ ਰੱਬ ਨੇ ਉਸਦੀ ਅਜੇ ਤੱਕ ਸੁਣੀ ਨਹੀਂ ਸੀ। ਵਿਆਹ ਹੋਇਆਂ ਵੀ ਲੱਗਭੱਗ ਵੀਹ ਸਾਲ ਹੋ ਗਏ ਸਨ । ਉਸ ਨੇ ਹਰ ਤਰ੍ਹਾਂ ਦਾ ਦੇਸੀ  ਤੇ ਅੰਗਰੇਜ਼ੀ ਇਲਾਜ ਵੀ ਕਰਵਾ ਕੇ ਦੇਖ ਲਿਆ ਸੀ। ਉਹ ਬੇਸ਼ੱਕ ਸਿਆਣਿਆਂ ਦੇ ਜਾਣ ਤੋਂ ਬਹੁਤ ਖਿੱਝਦਾ ਸੀ ਪਰ ਕਈ ਵਾਰ ਆਪਣੀ ਘਰ ਵਾਲੀ ਦੇ ਜੋ਼ਰ ਦੇਣ ਤੇ ਅਣਮੰਨੇ ਮਨ ਨਾਲ ਚਲੇ ਜਾਂਦਾ। ਉੱਥੇ ਵੀ ਉਸਦਾ ਮਨ ਨਾ ਟਿਕਦਾ ਪਰ ਬੱਝੇ ਮਨ ਨਾਲ ਬੈਠਾ ਰਹਿੰਦਾ ਅਤੇ ਸਿਆਣੇ ਦੀਆਂ ਗੱਲਾਂ ਨੂੰ ਕੁਝ ਸੁਣਾ ਅਣਸੁਣਾ ਜਿਹਾ ਕਰਕੇ ਘਰ ਨੂੰ ਪਰਤ ਆਉਂਦਾ। ਜਦੋਂ ਕੁਝ ਮਹੀਨੇ ਬੀਤ ਜਾਣੇ ਤਾਂ ਉਸਦੀ ਘਰ ਵਾਲੀ ਨੇ ਕਿਸੇ ਹੋਰ ਸਿਆਣੇ ਦੀ ਗੱਲ ਕਰਨੀ ਤਾਂ ਉਹ ਚੁੱਪ ਕਰ ਰਹਿੰਦਾ ਅਤੇ ਸੋਚਦਾ ਕਿ ਹੁਣ ਇੱਥੇ ਵੀ ਜਾਣਾ ਹੀ ਪਵੇਗਾ । ਕਦੇ ਕਦੇ ਉਸਦੀ ਘਰ ਵਾਲੀ ਉਹਨੂੰ ਆਖਦੀ, “ਜੀ ! ਆਪਾਂ ਕਿਸੇ ਦੇ ਨਿਆਣੇ ਨੂੰ ਹੀ ਗੋਦ ਲੈ ਲਈਏ । ਘੱਟੋ ਘੱਟ ਸਾਡੇ ਮਰਿਆਂ ਨੂੰ ਮੋਢਾ ਤਾਂ ਕੋਈ ਦੇਣ ਵਾਲਾ ਹੋਊਗਾ।” ਜਾਂ ਉਹ ਆਖਦੀ “ਤੁਸੀਂ ਮੈਨੂੰ ਛੱਡ ਕੇ ਆਪਣਾ ਦੂਜਾ ਵਿਆਹ ਕਰ ਲਵੋ ਤੇ ਆਪਣੀ ਜਿ਼ੰਦਗੀ ਨੂੰ ਖੁਸ਼ੀ ਖੁਸ਼ੀ ਮਾਣੋ।” ਪਰ ਉਹ ਆਪਣੀ ਘਰ ਵਾਲੀ ਨੂੰ ਬੜੇ ਠਰੰਮੇ ਨਾਲ ਸਮਝਾਉਣ ਦੇ ਤਰੀਕੇ ਨਾਲ ਆਖਦਾ, “ਭਲੀਏ ਲੋਕੇ ! ਜੇ ਰੱਬ ਨੇ ਸਾਡੇ ਕਰਮਾਂ ਵਿੱਚ ਕੋਈ ਧੀ  ਪੁੱਤਰ ਨਹੀਂ ਲਿਖਿਆ ਤਾਂ ਸਾਡਾ ਗੋਦ ਲੈਣ ਦਾ ਵੀ ਕੋਈ ਮਤਲਬ ਨਹੀਂ ਬਣਦਾ। ਬਾਕੀ ਰਹੀ ਗੱਲ ਦੂਜੇ ਵਿਆਹ ਦੀ ਇਸ ਉਮਰੇ ਚੰਗਾ ਲੱਗਦਾ ਵਿਆਹ ਕਰਵਾਉਂਦਾ, ਅਖੇ ਬੁੱਢੀ ਘੋੜੀ ਲਾਲ ਲਗਾਮ।”

ਹੱਥ ਹੌਲ੍ਹਾ.......... ਕਹਾਣੀ / ਪਵਨ ਕੁਮਾਰ ਇਟਲੀ

ਜੀਤਾਂ ਨੇ ਅਜੇ ਬੀ ਏ ਦੇ ਪੇਪਰ ਦਿਤੇ ਹੀ ਸਨ ਕਿ ਉਸ ਦੀ ਮਾਂ ਰਾਜ ਨੇ ਹਰ ਰੋਜ ਜੀਤਾਂ ਦੇ ਪਿਉ ਨੂੰ ਕਹਿਣਾ ਸੁਰੂ ਕਰ ਦਿਤਾ, ਹੁਣ ਤੁਸੀਂ ਆਪਣੀ ਜੀਤਾਂ ਲਈ ਕੋਈ ਮੁੰਡਾ ਲੱਭੋ।

“ਰਾਜ ! ਤੇਰਾ ਤਾਂ ਦਿਮਾਗ ਖਰਾਬ ਹੋਇਆ ਆ, ਓਹ ਕੁੜੀ ਅਜੇ ਨਿਆਣੀ ਆ।”

“ਆਹੋ ਨਿਆਣੀ ਆ ! ਤੈਨੂੰ ਤਾਂ ਸਾਰੀ ਉਮਰ ਨਿਆਣੀ ਹੀ ਲਗਦੀ ਰਹਿਣੀ ਆ। ਜ਼ਮਾਨਾ ਚੰਗਾ ਨੀ, ਝੱਟ ਰਾਈ ਦਾ ਪਹਾੜ ਬਣ ਜਾਂਦਾ। ਨਾਲੇ ਆਪਣੇ ਪਿੰਡ ਦੇ ਲੋਕਾਂ ਦਾ ਤਾਂ ਤੈਨੂੰ ਪਤਾ ਹੀ ਆ ਕਿ ਕਿੰਨੇ ਚੰਗੇ ਤੇ ਪੜ੍ਹੇ ਲਿਖੇ ਨੇ।”

ਪਹਿਲਾਂ ਤਾਂ ਅਮਰ ਨਾਥ ਨੇ ਰਾਜ ਦੀਆਂ ਗੱਲਾਂ ‘ਤੇ ਗੌਰ ਨਾ ਕੀਤਾ ਪਰ ਰਾਤ ਨੂੰ ਸੌਣ ਲੱਗਾ ਜੀਤਾਂ ਬਾਰੇ ਸੋਚ ਕੇ ਮਨ ਬਣਾ ਲਿਆ ਕਿ ਵਾਕਿਆ ਹੀ ਹੁਣ ਜੀਤਾਂ ਜਵਾਨ ਹੋ ਗਈ ਏ ਤੇ ੳਸ ਦਾ ਵਿਆਹ ਕਰ ਦੇਣਾ ਚਾਹੀਦਾ । ਨਾਲੇ ਜਿਹੜਾ ਸਿਰੋਂ ਭਾਰ ਲਹਿੰਦਾ ਚੰਗਾ ਹੀ ਹੈ । ਹਫ਼ਤੇ ਕੁ ਵਿੱਚ ਹੀ ਅਮਰ ਨਾਥ ਨੇ ਜੀਤਾਂ ਲਈ ਮੁੰਡਾ ਲੱਭ ਲਿਆ। ਰਾਜ ਬੜੀ ਖੁਸ਼ ਸੀ ਕਿ ਜੋ ਜੀਤਾਂ ਲਈ ਮੁੰਡਾ ਲੱਭਿਆ ਸੀ, ਓਹ ਇਕੱਲਾ ਤੇ ਇਕ ਹੀ ਉਸ ਦੀ ਭੈਣ ਸੀ। ਛੋਟਾ ਪਰਿਵਾਰ ਤੇ ਪੈਸੇ ਵਲੋਂ ਵੀ ਠੀਕ ਸੀ।

ਮੀਮੂ........... ਕਹਾਣੀ / ਜਸ ਸੈਣੀ, ਪਰਥ


ਪਿੰਡ ਵਿੱਚ ਹਮੀਦ ਨਾਈ ਪਰਿਵਾਰ ਸਮੇਤ ਰਹਿੰਦਾ ਸੀ । ਪਰਿਵਾਰ ਵਿੱਚ ਉਸ ਦੀ ਪਤਨੀ ਸਮੀਨਾ ਤੇ ਪੰਜ 'ਕੁ ਸਾਲ ਦਾ ਮੁੰਡਾ ਸ਼ੇਖੂ ਸੀ । ਹਮੀਦ ਨਾਈ ਦੀ ਦੁਕਾਨ ਚਲਾ ਕੇ ਪਰਿਵਾਰ ਦਾ ਪੇਟ ਪਾਲਦਾ ਸੀ । ਉਹਨਾਂ ਨੇ ਘਰ ਵਿੱਚ ਇਕ ਬੱਕਰੀ ਪਾਲੀ ਹੋਈ ਸੀ, ਜਿਸ ਦਾ ਕੁਝ ਦੁੱਧ ਉਹ ਆਪ ਪੀ ਲੈਂਦੇ ਤੇ ਕੁਝ ਗਵਾਢੀਆਂ ਨੂੰ ਵੇਚ ਦਿੰਦੇ । ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਸੀ । ਮਾਲੀ ਹਾਲਤ ਕਮਜ਼ੋਰ ਹੋਣ ਕਰਕੇ ਹਮੀਦ ਸ਼ੇਖੂ ਨੂੰ ਸਕੂਲ ਨਹੀਂ ਭੇਜ ਸਕਿਆ । ਸ਼ੇਖੂ ਸਾਰਾ ਦਿਨ ਖੇਡਦਾ ਰਹਿੰਦਾ ਜਾਂ ਹਮੀਦ ਨੂੰ ਦੁਕਾਨ ਤੇ ਚਾਹ ਦੇਣ ਚਲਾ ਜਾਂਦਾ । ਇਕ ਦਿਨ ਘਰ ਪਾਲੀ ਹੋਈ ਬੱਕਰੀ ਨੇ ਬੜੇ ਹੀ ਸੋਹਣੇ ਮੇਮਣੇ ਨੂੰ ਜਨਮ ਦਿੱਤਾ । ਡੱਬ ਖੜੱਬਾ ਮੇਮਨਾ ਦੇਖ ਕੇ ਸ਼ੇਖੂ ਬਹੁਤ ਖੁਸ਼ ਸੀ । ਉਸ ਨੂੰ ਲੱਗ ਰਿਹਾ ਸੀ ਕਿ ਜਿਵੇ ਉਸ ਨੂੰ ਕੋਈ ਖੇਡਣ ਵਾਲਾ ਹਾਣੀ ਮਿਲ ਗਿਆ ਹੋਵੇ । ਉਹ ਆਪਣੀ ਤੋਤਲੀ ਜੁਬਾਨ ਨਾਲ ਉਸਨੂੰ ਮੇਮਣਾ ਕਹਿਣ ਦੀ ਵਜਾਏ  "ਮੀਮੂ- ਮੀਮੂ" ਕਹਿੰਦਾ । ਘਰ ਵਾਲੇ ਵੀ ਉਸ ਨੂੰ ਮੀਮੂ ਕਹਿਣ ਲੱਗੇ । ਸ਼ੇਖੂ ਹਰ ਰੋਜ ਉਸ ਨਾਲ ਖੇਡਦਾ, ਮੇਮਣੇ ਦੇ ਗਲ ਵਿੱਚ ਰੱਸੀ ਪਾ ਕੇ ਦੌੜਦਾ, ਸ਼ੇਖੂ ਮੀਮੂ ਦੇ ਕੰਨ ਪੁੱਟਦਾ ਰਹਿੰਦਾ ਤੇ ਮੀਮੂ ਉਸਦਾ ਮੂੰਹ ਚੱਟਦਾ ਰਹਿੰਦਾ । ਖੇਡਦਾ ਖੇਡਦਾ ਸ਼ੇਖੂ ਅਕਸਰ ਇਹ ਨਾਅਰਾ ਲਗਾਇਆ ਕਰਦਾ, "ਸਾਡਾ ਮੀਮੂ ਜਿੰਦਾਬਾਦ ... ਸਾਡਾ ਮੀਮੂ ਜਿੰਦਾਬਾਦ"। ਉਹ ਜਦ ਵੀ ਹਮੀਦ ਨੂੰ ਦੁਕਾਨ ਤੇ ਚਾਹ ਦੇਣ ਜਾਂਦਾ ਤੇ ਮੇਮੂ ਨੂੰ ਵੀ ਨਾਲ ਲੈ ਜਾਂਦਾ । ਦੋਵੇ ਜਣੇ ਹੁਣ ਪੱਕੇ ਦੋਸਤ ਬਣ ਗਏ ਸਨ ।

ਚੀਕ-ਬੁਲਬਲੀ.......... ਕਹਾਣੀ / ਲਾਲ ਸਿੰਘ ਦਸੂਹਾ

ਲੈ , ਏਨ੍ਹਾਂ ਤੋਂ ਕੀ ਪੁੱਛਣਾ ! ਮੇਤੋਂ ਪੁੱਛ ! ਮੈਂ ਦਸਦੀ ਆਂ ਤੈਨੂੰ ਵਿਚਲੀ ਗੱਲ ! ਮੈਂ ਈ ਜ਼ੋਰ ਪਾ ਕੇ ਬੁਣਾਆਇਆ । ਸਾਡੇ ਏਹ ਤਾਂ ਮੰਨਦੇ ਈ ਨਈਂ ਸੀ । ਕਹਿੰਦੇ ਸੀ – ‘ ਛੱਡ ਕਰ ਚਰਨ ਕੋਰੇ , ਏਹ ਕੇੜ੍ਹੇ ਕੰਮਾਂ ਚੋਂ ਕੰਮ ਆਂ । ਵਾਫ਼ਰ ਜਿਆ । ਵਾਧੂ ਦਾ ਖ਼ਰਚ-ਖ਼ਰਾਬਾ । ਏਹ ਕਹਿਣ-ਓਹੀਂ ਪੈਹੇ ਹੋਰ ਕਿਤੇ ਲਾਅ । ਟੈਲਾਂ ਲੁਆ ਗੁਰਦੁਆਰੇ ।ਵਾਗਲਾ ਕੁਰਆ ਸ਼ਹੀਦੀਂ । ਹੋਰ ਥਾਮਾਂ ਥੋੜੀਆਂ ਪਿੰਡ ‘ਚ ਸੁਆਰਨ ਨੂੰ । ਮਸਾਣਾਂ ਆਂ , ਸਕੂਲ ਵੀ ਹੈਗਾ ਢੱਠਾ ਜਿਆ ! ਕਮਰਾ ਬੁਣਆ ਦੇ ਓਥੇ । ਦੇਖਣ ਆਲੇ ਦੇਖਣਗੇ , ਯਾਦ ਕਰਨਗੇ । ਪੁੰਨਦਾਨ ਹੋ ਜਾਊ , ਨਾਲੇ ਅੱਗਾ ਸੰਵਰੂੰ ‘ । ਏਹ ਤਾਂ ਮੈਂ ਈ ਨੀਂ ਮੰਨੀ । ਮੈਂ ਈ ਅੜੀ ਰਈ । ਮੈਂ ਖਿਆ – ‘ ਅੱਗਾ ਜਿਸਲੇ ਆਊ ਉਸਲੇ ਦੇਖੀ ਜਾਊ । ਪਹਿਲਾਂ ਆਹ ਜੂਨ ਤਾਂ ਸੁਧਰੇ ! ‘ ਮੈਨੂੰ ਤਾਂ ਜਾਣੋਂ ਜੀਣਾ ਹਰਾਮ ਲੱਗਣਾ ਸੀ ਓਦਣ ਦਾ । ਜਿੱਦਣ ਦੀ ਹਾਅ ਖੇਹ ਘੋਲੀ ਆ ਕੰਜਰ ਦੇ ਬੀਅ ਨੇ । ਹਾ ਜੇੜ੍ਹਾ ਵੜਾ-ਵਕੀਲ ਜਿਆ ਬਣਿਆ ਫਿਰਦਾ , ਪਾਲਾ ਘੜਾਲਾ ਜਿਆ । ਹੈਂਅ ਦੱਸ ! ਨੀ ਸਾਡੇ ਘਰੋਂ ਖਾਂਦਾ ਰਿਆ । ਐਥੇ ਈ ਸੌਂਦਾ –ਮਰਦਾ ਰਿਆ । ਹਜੇ ਕਲ੍ਹ ਦੀਆਂ ਗੱਲਾਂ । ਹੁਣ ਜੇ ਮਾੜੀ-ਮੋਟੀ ਸੁਰਤ ਆ ਈ ਗਈ ਆ , ਤਾਂ ਆਕੜ ਦੇਖ ਲਾਅ ਔਂਤ-ਜਾਣੇ ਦੀ । ਮੈਂ ਤਾਂ ਕਹਿੰਨੀ ਆਂ ਨਿੱਜ ਹੋਮੇਂ ਐਹਾ ਜਿਆ । ਮੈਂ ਤਾਂ ਪੱਛੋਤਾਓਨੀ ਆਂ ਓਸ ਘੜੀ ਨੂੰ ਜਿੱਦਣ ਹਾਂ ਕਰ ਬੈਠੀ । ਚੱਲ ਜੇ ਕਰ ਈ ਬੈਠੀਂ ਆਂ ਤਾਂ ਹੇਠਾ-ਉੱਤਾ ਵੀ ਮੈਂ ਕੀ ਕਰੂੰ । ਸੁਧਾਰੂੰ ਵੀ ਮੈਂ ਈ ! ਲੱਤ ਹੇਠੋਂ ਦੀ ਲੰਘਾਊ ਵੱਡੇ ਲਾਟ ਸਾਬ੍ਹ ਨੂੰ । ਮੈਨੂੰ ਤਾਂ ਹਜੇ ਅਗਲੀਓ ਈ ਨਈਂ ਭੁੱਲਦੀ ! ਮੈਂ ਤਾਂ ਓਦੋਂ ਮੀਂ ਕਹਿੰਦੀ ਸੀ , ਏਹ ਸਾਰੀ ਕਾਰਸਤਾਨੀ ਹੈ ਈ ਏਸੇ ਗੋਲੀ-ਲੱਗੜੇ ਦੀ । ਨਈਂ , ਅੱਗੇ ਨਈਂ ਹਿੱਲੀ ਸਰਪੰਚੀ ! ਜਦ ਦੀ ਮੈਂ ਆਈ ਆਂ , ਪਹਿਲਾਂ ਏਨਾਂ ਦੇ ਬਾਪੂ ਜੀ ਹੁੰਦੇ ਸੀ ਸਰਪੰਚ । ਫੇਏ  ਏਹ ਆਪੂੰ ਰਏ ਐਨੀ ਫੇਰਾਂ । ਏਹ ਤਾਂ ਆਹ ਪੂਰੇ-ਪਰਾਰ ਜਏ ਪਤਆ ਨਈਂ ਕੀ ਪਾਇਆ ਏਸ ਖੇਹ-ਪੈਣੇ ਨੇ ਸਾਰੇ ਪਿੰਡ ਦੇ ਸਿਰ ‘ਚ , ਪਤਾ ਨਈਂ ਕੀ ਟੂਣਾ ਕੀਤਾ , ਸਾਰਾ ਪਿੰਡ ਈ ਏਦੇ ਪਿੱਛੇ ਲੱਗ ਤੁਰਿਆ । ਉਹ ਲੰਙੀ ਜੇਈ ਬਣਾਤੀ ਸਰਪੰਚਣੀ । ਕੀ ਨਾਂ ਓਦ੍ਹਾ ਈਸਰੀ-ਈਸਰੀ । ਸਾਡੇ ਏਹ ਤਾਂ ਓਦੋਂ ਮੀਂ ਹੈਦਾਂ ਈ ਆਖੀ ਜਾਣ ਮੈਨੂੰ । ਕਹਿਣ-‘ਛੱਡ ਪਰ੍ਹਾਂ

ਤਰਕੀਬ……… ਕਹਾਣੀ / ਹਰਪ੍ਰੀਤ ਸਿੰਘ

ਧੀ ਵੱਲੋਂ ਪਿਓ ਨੂੰ ਹਲੂਣਾ

“ਤੈਨੂੰ ਸੁਣਿਆਂ ਨੀਂ… ਮੈਂ ਕਦੋਂ ਦਾ ਗਿਲਾਸ ਮੰਗ ਰਿਹਾ ਹਾਂ ਤੇ ਤੂੰ ਕੰਨਾਂ ਵਿਚ ਰੂੰ ਦੇ ਕੇ ਪਈ ਏਂ। ਤੈਨੂੰ ਕਿੰਨੀ ਵਾਰ ਕਿਹਾ ਹੈ, ਕਿ ਜਦੋਂ ਮੈਂ ਆਵਾਂ ਗਲਾਸ ਤੇ ਸਲਾਦ ਮੇਰੇ ਅੱਗੇ ਮੇਜ ’ਤੇ ਪਿਆ ਹੋਣਾ ਚਾਹੀਦਾ ਹੈ। ਪਰ ਨਾਲਾਇਕ ਜਿਹੀ…, ਤੈਨੂੰ ਕੋਈ ਅਸਰ ਹੀ ਨਹੀਂ। ਕਿੱਦਾਂ ਫਿੱਟੀ ਪਈ ਏਂ ਖਾ ਖਾ ਕੇ, ਗੰਦੇ ਖਾਨਦਾਨ ਦੀ…” । ਇਹ ਕੁਝ ਬੋਲਦਿਆਂ ਰਮੇਸ਼ ਨੇ ਬੋਤਲ ਦਾ ਡੱਟ ਖੋਲਿਆ।

ਉਸ ਦੀ ਪਤਨੀ ਰੂਪਾ ਨੇ ਗਲਾਸ, ਸਲਾਦ ਤੇ ਨਮਕੀਨ ਅੱਗੇ ਲਿਆ ਧਰਿਆ ਤੇ ਕਿਹਾ, “ਕੁਝ ਤਾਂ ਸ਼ਰਮ ਕਰੋ ਚੰਦਰ ਦੇ ਬਾਪੂ। ਕੁੜੀ ਜਵਾਨ ਹੋ ਗਈ ਏ, ਬਾਰ੍ਹਵੀਂ ਤੋਂ ਬਾਅਦ ਇਸ ਨੂੰ ਕਾਲਜ ਦਾਖਲ ਕਰਵਾਉਣਾ ਏ। ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਇਸ ਚੰਦਰੀ ਸ਼ਰਾਬ ਨੂੰ ਛੱਡ ਦਿਓ ਪਰ ਤੁਸਾਂ ਦੇ ਕੰਨ ’ਤੇ ਕੋਈ ਜੂੰ ਨਹੀਂ ਸਰਕਦੀ, ਪਤਾ ਨਹੀਂ ਰੱਬ ਮੈਥੋਂ ਕਿਹੜੇ ਇਮਤਿਹਾਨ ਲੈ ਰਿਹਾ ਹੈ। ਹੋਰ ਦੋ ਸਾਲਾਂ ਨੂੰ ਕੁੜੀ ਦੇ ਹੱਥ ਪੀਲੇ ਕਰਨ ਲਈ ਵੀ ਮੁੰਡਾ ਲੱਭਣਾ ਪੈਣਾ ਏ, ਜੇ ਇਸੇ ਤਰ੍ਹਾਂ ਪੀਂਦੇ ਰਹੇ, ਤਾਂ ਕਿਸੇ ਨੇ ਵੀ ਧੀ ਦਾ ਸਾਕ ਨਹੀਂ ਲੈਣਾ। ਹੁਣ ਤਾਂ ਛੱਡ ਦਿਓ ਇਸ ਕਲਮੂੰਹੀ ਸ਼ਰਾਬ ਨੂੰ” ।