ਭਾਰਤ ਦਾ ਮਾਣ ਗਗਨ ਨਾਰੰਗ ........... ਸ਼ਬਦ ਚਿਤਰ / ਰਣਜੀਤ ਸਿੰਘ ਪ੍ਰੀਤ

10 ਮੀਟਰ ਏਅਰ ਰਾਈਫਲ ਨਿਸ਼ਾਨੇਬਾਜ਼ੀ ਵਿੱਚ ਭਾਰਤ ਦੇ ਗਗਨ ਨਾਰੰਗ ਨੇ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਦਾ ਖਾਤਾ ਖੋਲਿਆ ਹੈ । ਇਸ ਨੇ 10.7, 9.6, 10.6, 10.7, 10.4, 10.6, 9.9, 9.5, 10.3,  10.7, 103.1, 701.1 ਅੰਕ ਲੈ ਕੇ ਇਹ ਤਮਗਾ ਜਿੱਤਿਆ । ਸਿਰਫ਼ 0.4 ਅੰਕਾਂ ਨਾਲ ਪੱਛੜ ਕੇ ਚਾਂਦੀ ਦੇ ਤਮਗੇ ਤੋਂ ਵਾਂਝਾ ਰਹਿ ਗਿਆ । ਪਹਿਲਾਂ ਕੁਆਲੀਫ਼ਾਈ ਗੇੜ ਵਿੱਚ ਗਗਨ ਨਾਰੰਗ ਨੇ 600 ਵਿੱਚੋਂ 598 ਅੰਕ ਲੈ ਕੇ ਤੀਜਾ ਸਥਾਨ ਲਿਆ ਸੀ ।

ਭਾਰਤ ਨੂੰ ਮਾਣ ਦਿਵਾਉਣ ਵਾਲੇ ਇਸ ਸ਼ੂਟਰ ਦਾ ਪਿਛੋਕੜ ਅੰਮ੍ਰਿਤਸਰ ਨਾਲ ਜੁੜਦਾ ਹੈ, ਪਰ ਇਸ ਦੇ ਦਾਦਾ ਜੀ ਹਰਿਆਣਾ ਦੇ ਪਾਨੀਪਤ ਜਿਲ੍ਹੇ ਨਾਲ ਸਬੰਧਤ ਸਮਾਲਖਾ ਵਿਖੇ ਜਾ ਵਸੇ, ਜਿੱਥੋ ਹੈਦਰਾਬਾਦ ਚਲੇ ਗਏ । ਸ਼ੂਟਰ ਨਰੰਗ ਦਾ ਜਨਮ ਚੇਨੱਈ ਵਿੱਚ 6 ਮਈ 1983 ਨੂੰ ਹੋਇਆ । ਇਸਦਾ ਅੱਜ ਤੱਕ ਦਾ ਪ੍ਰਦਰਸ਼ਨ ਇਸ ਤਰ੍ਹਾਂ ਰਿਹਾ ਹੈ :

ਓਲੰਪਿਕ 2012 ਲੰਦਨ  ਵਿੱਚ ਕਾਂਸੀ ਦਾ ਤਮਗਾ, ਕਾਮਨਵੈਲਥ ਖੇਡਾਂ ਮੈਲਬੌਰਨ 2006 ਸਮੇਂ ਸੋਨ ਤਮਗਾ (10 ਮੀਟਰ ਏਅਰ ਰਾਈਫਲ, ਵਿਅਕਤੀਗਤ), ਸੋਨ ਤਮਗਾ (10 ਮੀਟਰ ਏਅਰ ਰਾਈਫਲ, ਪੇਅਰਜ਼), ਸੋਨ ਤਮਗਾ (50 ਮੀਟਰ ਰਾਈਫਲ 3 ਪੁਜੀਸ਼ਨ ਵਿਅਕਤੀਗਤ), ਸੋਨ ਤਮਗਾ (50 ਮੀਟਰ ਰਾਈਫ਼ਲ 3 ਪੁਜੀਸ਼ਨ, ਪੇਅਰਜ਼) ਜਿੱਤੇ ਹਨ । ਏਵੇਂ ਹੀ 2010 ਦੀਆਂ ਦਿੱਲੀ ਕਾਮਨਵੈਲਥ ਖੇਡਾਂ ਸਮੇਂ ਇਹਨਾਂ ਹੀ ਚਾਰਾਂ ਮੁਕਾਬਲਿਆਂ ਵਿੱਚੋਂ ਇੱਕ ਵਾਰ ਫਿਰ ਸੁਨਹਿਰੀ ਤਮਗੇ ਜਿੱਤ ਕਿ ਭਾਰਤ ਨੂੰ ਮਾਣ ਦਿਵਾਇਆ ਹੈ ।

26 ਅਕਤੂਬਰ 2003 ਨੂੰ ਐਫਰੋ-ਏਸ਼ੀਅਨ ਖੇਡਾਂ ਹੈਦਰਾਬਾਦ ਸਮੇਂ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚੋਂ ਅਤੇ ਅਪ੍ਰੈਲ 2010 ਵਿੱਚ ਵਿਸ਼ਵ ਕੱਪ ਵਿੱਚੋਂ ਵੀ ਸੋਨ ਤਮਗੇ ਜਿੱਤੇ ਹਨ । ਪ੍ਰੀ-ਓਲੰਪਿਕ ਮੁਕਾਬਲੇ ਵਿੱਚ ਹੈਨਓਵਰ (ਜਰਮਨੀ) ਵਿਖੇ ਆਸਟਰੀਆ ਦੇ ਥੌਮਸ ਫਰਨਿਕ ਵੱਲੋਂ 2006 ਵਿੱਚ 703.1 ਅੰਕਾਂ ਵਾਲਾ ਵਿਸ਼ਵ ਰਿਕਾਰਡ 704.3 ਅੰਕਾਂ ਨਾਲ ਤੋੜਿਆ । ਦੋ ਵਾਰ ਪ੍ਰਫੈਕਟ 600/600 ਅੰਕ ਲੈਣ ਵਾਲੇ ਗਗਨ ਨਾਰੰਗ ਨੂੰ ਦੇਸ਼ ਦੀ ਮਾਣਯੋਗ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵੱਲੋਂ 29 ਅਗਸਤ 2011 ਨੂੰ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਦੇ ਕੇ ਵੱਡਾ ਮਾਣ ਦਿੱਤਾ ਗਿਆ ਹੈ ।

ਗਗਨ ਨਾਰੰਗ ਬਾਰੇ ਕੁਝ ਅਜਿਹਾ ਵੀ ਹੈ, ਜਿਸ ਬਾਰੇ ਖੇਡ ਪ੍ਰੇਮੀ ਬਹੁਤ ਘੱਟ ਜਾਣਦੇ ਹਨ । ਗਗਨ ਨਾਰੰਗ ਵਾਲਥਰ ਐਲਜੀ 300 ਦੀ ਵਰਤੋਂ ਕਰਦਾ ਹੈ, ਸ਼ੂਟਰ ਹੋਣ ਦੇ ਬਾਵਜੂਦ ਵੀ ਇਹਦਾ ਰੋਲ ਮਾਡਲ ਅਮਰੀਕਨ ਮੁੱਕੇਬਾਜ਼ ਮੁਹੰਮਦ ਅਲੀ ਹੈ । ਖੇਡ ਕੋਟੇ ਮੁਤਾਬਕ ਗਗਨ ਦੀ ਪੋਸਟਿੰਗ ਏਅਰ ਇੰਡੀਆ ਕਮਰਸ਼ੀਅਲ ਵਿਭਾਗ ਵਿੱਚ ਬਤੌਰ ਅਸਿਸਟੈਂਟ ਮੈਨੇਜਰ ਵਜੋਂ ਹੋਈ ਹੈ । ਇਸ ਦੀ ਮਨ ਪਸੰਦ ਫ਼ਿਲਮ ਅਮਰੀਕਾ ਦੇ ਡਰਾਮੇ ‘ਤੇ ਅਧਾਰਿਤ “ਇਨ ਪਰਸੂਟ ਆਫ ਹੈਪੀਨੈਸ” ਹੈ ।

ਇਸ ਦੇ ਮਨ ਪਸੰਦ ਖਿਡਾਰੀ ਰੋਜ਼ਰ ਫੈਡਰਰ ਅਤੇ ਮਾਈਕਲ ਸ਼ੂਮਾਕਰ ਹਨ । ਇਸ ਨੂੰ ਕ੍ਰਿਕਟ ਅਤੇ ਟੈਨਿਸ ਵੇਖਣਾ ਬਹੁਤ ਪਸੰਦ ਹੈ । ਵਿਹਲੇ ਸਮੇਂ ਮਲੇਸ਼ੀਆ ਵਿੱਚ ਸਮਾਂ ਬਿਤਾਉਣਾ ਇਸ ਲਈ ਬਹੁਤ ਮਨ ਲੁਭਾਉਣਾ ਹੁੰਦਾ ਹੈ । ਗਗਨ ਨਾਰੰਗ ਲਈ ਸਭ ਤੋਂ ਯਾਦਗਾਰੀ ਪਲ ਉਹ ਹਨ, ਜਦ ਉਸ ਨੇ ਬੈਂਕਾਕ ਵਿੱਚ 5 ਨਵੰਬਰ 2008 ਨੂੰ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿੱਚ 600/600 ਨਿਸ਼ਾਨੇ ਲਗਾਏ ਸਨ । ਇਸ ਸ਼ੂਟਰ ਦਾ ਮਨ ਪਸੰਦ ਗੀਤ “ਡੀਡਾਨੇ ਕਾ ਵਾਈਟ ਫਲੈਗ” ਹੈ ਅਤੇ ਇਸ ਦਾ ਦਿਲ ਲੱਗਿਆ ਸਟਾਰ ਹੈ ਨਿਕੋਲੋ ਕਿਡਮੈਨ ।

****


No comments: