

ਸਿਡਨੀ : ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਪ੍ਰਤੀਭਾ ਪਾਟਿਲ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਦੇ ਵਿਰੁਧ ਅਪੀਲ ਖਾਰਜ ਕਰਕੇ ਫਾਂਸੀ ਦੀ ਸਜ਼ਾ ਬਹਾਲੀ ਦੇ ਖਿਲਾਫ ਕੌਮਾਂਤਰੀ ਪੱਧਰ ਤੇ ਸ਼ੁਰੂ ਹੋਈ ਲਾਮਬੰਦੀ ਦਾ ਹਿੱਸਾ ਬਣਦਿਆਂ ਸਿਡਨੀ ਦੀਆਂ ਸਿੱਖ ਸੰਗਤਾਂ ਨੇ ਅੱਜ ਸਥਾਨਕ ਭਾਰਤੀ ਸਫਾਰਤਖਾਨੇ ਦੇ ਅੱਗੇ ਇਕ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ । ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਸਿਡਨੀ ਦੇ ਚਾਰ ਪ੍ਰਮੁੱਖ ਗੁਰੂ ਘਰਾਂ ਰਿਵਸਬੀ, ਪਾਰਕਲੀ, ਮਿੰਟੋ ਅਤੇ ਪੈਨਰਿਥ ਦੀ ਅਗਵਾਈ ਵਿੱਚ ਇਹ ਦੁਪਹਿਰ 12 ਵਜੇ ਤੋਂ 2 ਵਜੇ ਤਕ ਚਲੇ ਇਸ ਮੁਜ਼ਾਹਰੇ ਵਿੱਚ ਬੀਬੀਆਂ, ਬੱਚਿਆਂ ਅਤੇ ਬਜੁਰਗਾਂ ਨੇ ਵੀ ਹਿੱਸਾ ਲਿਆ । ਵਿਖਾਵਾਕਾਰੀਆਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ। ਇਸ ਮੌਕੇ ਤੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਪ੍ਰੋ: ਭੁੱਲਰ ਦੇ ਕੇਸ ਦੇ ਤੱਥ, ਸਚਾਈ, ਕਾਨੂੰਨੀ ਪੱਖ ਅਤੇ ਊਣਤਾਈਆਂ ਅਤੇ ਕੌਮਾਂਤਰੀ ਕਾਨੂੰਨਾਂ ਦਾ ਵੇਰਵਾ ਦੇ ਕੇ ਦੱਸਿਆ ਕਿ ਕਿਸ ਤਰਾਂ ਪ੍ਰੋ: ਭੁੱਲਰ ਨੂੰ ਗੁਨਾਹਗਾਰ ਸਾਬਤ ਹੋਣ ਤੋਂ ਬਿਨ੍ਹਾਂ ਹੀ ਇਕੋ ਕੇਸ ਵਿੱਚ ਦੋਹਰੀ ਸਜ਼ਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।