ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ……… ਗੀਤ / ਬਲਵਿੰਦਰ ਸਿੰਘ ਮੋਹੀ

ਨਵੇਂ ਗਵੱਈਆਂ ਸੰਗ ਸ਼ਰਮ ਦੇ ਚੁੱਕੇ ਪਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਮਾਖਿਉਂ ਮਿੱਠੀ ਬੋਲੀ ਵਿੱਚ ਧਤੂਰੇ ਰਲ ਗਏ ਨੇ,
ਗੀਤਾਂ ਦੇ ਵਿੱਚ ਲੱਚਰਤਾ ਦੇ ਕੀੜੇ ਪਲ ਗਏ ਨੇ
ਗੀਤ ਵੀ ਆਪਣੀ ਕਿਸਮਤ ਉਤੇ ਹੌੰਕੇ ਭਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਚਿੜੀਆਂ ਦੇ ਚੰਬੇ ਨੂੰ ਇਹ ਗੀਤਾਂ ਵਿੱਚ ਭੰਡਦੇ ਨੇ,
ਊਠ ਵਢਾਕਲ ਵਾਂਗੂੰ ਇਹ ਚੱਕ ਸਭ ਨੂੰ ਵੱਢਦੇ ਨੇ,
ਗੈਰਤ-ਮੰਦ ਪੰਜਾਬੀ ਅੱਜਕ੍ਹਲ ਸਭ ਕੁਝ ਜਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਫੁੱਲ ਮਹਿਕਣਾ ਭੁੱਲ ਗਏ ਮਾਂ ਬੋਲੀ ਦੇ ਬਾਗ ਦੇ ,
ਨਿੱਤ ਡੰਗ ਝੱਲਣੇ ਪੈਂਦੇ ਲੱਚਰਤਾ ਦੇ ਨਾਗ ਦੇ,
ਸੱਭਿਆਚਾਰ ਲੁਕੋਇਆ ਬੇਸ਼ਰਮੀ ਦੇ ਗਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਲੁੱਚ-ਲਫੰਗੇ ਗੀਤ ਲੋਕ ਕਦ ਸੁਨਣਾ ਚਾਹੁੰਦੇ ਨੇ,
ਪਰ ਇਹ ਗਾਇਕ ਧੱਕੇ ਦੇ ਨਾਲ ਕੰਨੀ ਪਾਉਂਦੇ ਨੇ,
ਚੈਨਲਾਂ ਰਾਹੀਂ ਗੀਤ ਘਰਾਂ ਵਿੱਚ ਜਬਰੀ ਵੜਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।  

ਸੂਰਮਿਆਂ ਦੀ ਧਰਤੀ ‘ਮੋਹੀ’ ਬਣੀ ਗਵੱਈਆਂ ਦੀ,
ਫੋਕੀ ਸ਼ੋਹਰਤ ਖਾਤਿਰ,ਜਾਂ ਭੁੱਖ ਚੰਦ ਰੁਪਈਆਂ ਦੀ,
ਗੈਰਤ ਨੂੰ ਜੋ ਗੀਤਾਂ ਦੇ ਵਿੱਚ ਗਹਿਣੇ ਧਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।  

ਨਵੇਂ ਗਵੱਈਆਂ ਸੰਗ ਸ਼ਰਮ ਦੇ ਚੁੱਕੇ ਪਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

****

No comments: