ਚੱਕਰਵਿਊ ਵਿੱਚ ਫਸਦਾ ਜਾ ਰਿਹਾ ਹੈ, ਅੱਜ ਦਾ ਅਭਿਮੰਨਿਯੂ.......... ਲੇਖ / ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’

‘ਮਾਂ ਪੁਰ ਧੀ ਪਿਤਾ ਪੁਰ ਘੋੜਾ,ਬਹੁਤਾ ਨਹੀ ਆਂ ਥੋੜਾ ਥੋੜਾ’ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ। ਪਰ ਫਿਰ ਵੀ ਅਸੀ ਪੁੱਠੇ ਕੰਮ ਕਰ ਰਹੇ ਹਾਂ। ਇਸ ਗੱਲ ਤੇ ਕੋਈ ਅਮਲ ਨਹੀ। ਮੈਨੂੰ ਗੱਲ ਯਾਦ ਆ ਗਈ। ਸਾਡੇ ਪਿੰਡ ਵਿੱਚ ਇੱਕ ਬੰਦਾ ਖੜਾ ਹੋ ਕੇ ਪਿਸ਼ਾਬ ਕਰ ਰਿਹਾ ਸੀ। ਉਸ ਕੋਲੋ ਕੋਈ ਬੰਦਾ ਟਰਾਲੀ ਲੈਣ ਆਇਆ ਤਾਂ ਖੜਾ ਹੋ ਕੇ ਪਿਸ਼ਾਬ ਕਰਦੇ ਨੂੰ ਦੇਖਕੇ ਕਹਿੰਦਾ।

‘ਖੜਾ ਹੋ ਪਿਸ਼ਾਬ ਨਹੀ ਕਰੀਦਾ’

‘ਕਿਓ’?
‘ਇਵੇ ਕਰਨ ਤੇ ਔਲਾਦ ਤੇ ਬੁਰਾ ਅਸਰ ਪੈਦਾ ਹੈ’
‘ਪਸਾਬ ਮੈ ਐਥੈ ਕਰਦਾਂ ਲਾਦ ਨੂੰ ਕੀ ਪਤਾ’?
‘ਚੱਲ ਘਰੇ ਚੱਲ ਕੇ ਮੈਨੂੰ ਟਰਾਲੀ ਦੇ’ ਦਿਲ ਵਿੱਚ ਸੋਚਿਆ ਮੂਰਖ ਨਾਲ ਕੀ ਮੱਥਾ ਮਾਰਨਾਂ ਹੈ। ਦੋਨੋਂ ਘਰੇ ਚਲੇ ਗਏ ਜਦੋ ਘਰ ਆ ਕੇ ਦੇਖਿਆ ਤਾਂ ੳਸਦਾ ਛੋਟਾ ਜਿਹਾ ਮੁੰਡਾ ਵੇਹੜੇ ਵਿੱਚ ਘੁੰਮ ਘੁੰਮ ਕੇ ਪਿਸ਼ਾਬ ਕਰ ਰਿਹਾ ਸੀ। ਇੱਕ ਗੱਲ ਹੋਰ ਯਾਦ ਆ ਗਈ। ਕਿਸੇ ਮਾਸਟਰ ਨੇ ਤਜਰਬਾ ਕਰਨ ਵਾਸਤੇ ਕਿਸੇ ਚੋਰ ਦਾ ਮੁੰਡਾ ਗੋਦ ਲੈ ਲਿਆ ਜਦੋ ਉਹ 18 ਕੁ ਸਾਲ ਦਾ ਹੋ ਗਿਆ ਤਾਂ ਮੁੰਡੇ ਟੈਸਟ ਲੈਣ ਵਾਸਤੇ ਸਕੂਲ ਨੂੰ ਇਕੱਠਾ ਕਰਕੇ ਕਿਹਾ ‘ਲਓ ਵਈ ਆਪਾਂ ਨਾਲਦੇ ਸਕੂਲ ਵਿੱਚੋ ਕਿਤਾਬਾਂ ਚੋਰੀ ਕਰਨੀਆਂ, ਤੁਸੀ ਸਾਰੇ ਆਵਦੇ ਆਵਦੇ ਵਿਚਾਰ ਦੱਸੋ ਤਾਂ ਕਿ ਸੌਖੇ ਤਰੀਕੇ ਨਾਲ ਕਿਤਾਂਬਾਂ ਚੋਰੀ ਕਰ ਸਕੀਏ’। ਸਾਰਿਆਂ ਨੇ ਆਪੋ ਆਪਣੇ ਵਿਚਾਰ ਦੱਸੇ। ਇੱਕ ਵਿਚਾਰ ਜੋ ਫਿੱਟ ਬੈਠਾ, ਉਹ ਇਹ ਸੀ ਕਿ ਦੋ ਪੌੜੀਆਂ ਹੋਣੀਆਂ ਚਾਹੀਦੀਆਂ, ਇੱਕ ਪੌੜੀ ਲਾ ਕੇ ਕੰਧ ਬਾਹਰਲੇ ਪਾਸੇ ਇੱਕ ਅੰਰਦਲੇ ਪਾਸੇ ਇੱਕ ਬਾਹਰਲੇ ਪਾਸੇ। ਮਾਸਟਰ ਨੇ ਚੋਰ ਦੇ ਮੁੰਡੇ ਨੂੰ ਜੋ ਗੋਦ ਲਿਆ ਸੀ, ਨੂੰ ਪੁੱਛਿਆ, ਤਾਂ ਉਹ ਕਹਿੰਦਾ ‘ਦੋ ਪੌੜੀਆਂ ਦੀ ਲੋੜ ਨਹੀ ਇੱਕ ਪੌੜੀ ਨਾਲ ਕੰਮ ਚੱਲ ਸਕਦਾ ਹੈ। ਇੱਕ ਪੌੜੀ ਨਾਲ ਕੰਧ ਤੇ ਚੜ ਕੇ ਉਹ ਹੀ ਪੌੜੀ ਹੀ ਅੰਦਰ ਲਾਕੇ ਬੜੀ ਆਸਾਂਨੀ ਨਾਲ ਚੋਰੀ ਹੋ ਸਕਦੀ ਹੈ।’ ਇਹ ਸਕੀਮ ਸਾਰਿਆਂ ਨੂੰ ਪਸੰਦ ਆਈ। ਦੇਖੋ ਉਸਦਾ ਪਿਓ ਚੋਰ ਸੀ ਮੁੰਡੇ ਨੂੰ ਪਤਾ ਨਹੀ ਸੀ ਕਿ ਉਸਦਾ ਬਾਪ ਚੋਰ ਸੀ ਪਰ ਫਿਰ ਵੀ ਚੋਰੀ ਕਰਨ ਦਾ ਆਸਾਨ ਤਰੀਕਾ ਉਸਨੇ ਹੀ ਦੱਸਿਆ। ਕਿਉਂਕਿ ਉਸਦੇ ਚੋਰ ਬਾਪ ਦਾ ਅਸਰ ਮੁੰਡੇ ਤੇ ਹੋਇਆ।
ਇਸੇ ਐਤਵਾਰ ਨੂੰ ਹਾਂਗ ਕਾਂਗ ਗੁਰਦਵਾਰਾ ਸਹਿਬ ਵਿਖੇ ਇੱਕ ਕਥਾ ਵਾਚਕ ਕਥਾ ਕਰ ਰਿਹਾ ਸੀ। ਉਸਨੇ ਕਿਹਾ ਕਿਸੇ ਨੇ ਮਹਾਂਪੁਰਸ਼ ਕੋਲੋ ਪੁੱਛਿਆ-
‘ਬੱਚੇ ਨੂੰ ਅੰਮ੍ਰਿਤ ਕਦੋ ਛਕਾਉਣਾਂ ਚਾਹੀਦਾ ਹੈ?’ਤਾਂ ਮਹਾਂਪੁਰਸ਼ ਨੇ ਕਿਹਾ-
‘ਬੱਚਾ ਪੈਦਾ ਹੋਣ ਤੋ 20 ਸਾਲ ਪਹਿਲਾਂ’ ਇਹ ਸੁਣਕੇ ਉਹ ਬੰਦਾ ਹੱਸਿਆ ਤੇ ਕਹਿਣ ਲੱਗਾ-
‘ਕਣਕ ਖੇਤ ਕੁੜੀ ਪੇਟ ਆਜਾ ਜੁਆਈਆ ਮੰਡੇ ਖਾਲੈ ਵਾਲੀ ਗੱਲ ਤੁਸੀ ਕੀਤੀ ਹੈ’ ਬੱਚਾ ਜੰਮਣ ਤੋ ਪਹਿਲਾਂ ਅੰਮ੍ਰਿਤ ਕਿਵੇ?’
‘ਤਾਂ ਮਹਾਂਪੁਰਸ਼ ਨੇ ਕਿਹਾ ਕਿ ਬੱਚਾ ਪੈਦਾ ਕਰਨ ਤੋ ਪਹਿਲਾਂ ਆਦਮੀ ਤੇ ਔਰਤ ਦੋਨੋ ਅੰਮ੍ਰਿਤ ਧਾਰੀ ਹੋਣ ਬੱਚਾ ਆਪਣੇ ਆਪ ਅੰਮ੍ਰਿਤਧਾਰੀ ਵਿਚਾਰਾਂ ਵਾਲਾ ਹੋਵੇਗਾ।’
ਮਹਾਂਭਾਰਤ ਦੇ ਯੁੱਧ ਦੇ ਮੈਦਾਨ ਵਿੱਚ ਸੱਤ ਮਹਾਂਰਥੀਆਂ ਦੇ ਵਿੱਚ ਅਭਿਮੰਨਿਯੂ ਨੂੰ ਚੱਕਰਵਿਊ ਵਿੱਚ ਫਸਿਆ ਦੇਖ ਕੇ ਮੇਰੀਆਂ ਅੱਖਾਂ ਅੱਗੇ ਅੱਜ ਦੇ ਨੌਜਵਾਂਨਾਂ ਦਾ ਸੀਨ ਘੁੰਮਣਾਂ ਸੁਰੂ ਕਰ ਦਿੰਦਾ ਹੈ। ਜਿਹੜੇ ਅੱਜ ਵੀ ਐਸੈ ਸੱਤ ਮਹਾਂਰਥੀਆਂ ਦੇ ਚੱਕਰਵਿਊ ਵਿੱਚ ਫਸ ਕੇ ਆਪਣੀ ਜਾਨ ਦੀ ਬਾਜੀ ਲਾ ਦਿੱਤੀ ਹੈ ਅਤੇ ਲਾ ਰਹੇ ਹਨ ਤੇ ਘਰਦਿਆ ਨੂੰ ਸੂਲੀ ਤੇ ਚੜਾ ਰਹੇ ਹਨ।
ਉਸ ਵਕਤ ਦੇ ਮਹਾਂਰਥੀ ਸਨ- ਦ੍ਰੋਣ, ਦੁਰਯੋਧਨ, ਕਰਣ, ਦੁਸ਼ਾਸ਼ਨ, ਅਸ਼ਵਥਾਂਮਾਂ, ਕ੍ਰਿਪਾਚਾਰੀਯ ਅਤੇ ਜੈਦਰਥ। ਅੱਜ ਦੇ ਮਹਾਂਰਥੀ ਹਨ- ਲੀਡਰ, ਸ਼ਰਾਬ ਦੇ ਠੇਕੇਦਾਰ, ਜੂਏ ਦੇ ਅੱਡੇ, ਤੰਬਾਕੂ ਦੇ ਵਪਾਰੀ, ਅਫੀਮ, ਡੋਡੇ, ਹੀਰੋਅਨ, ਸਮੈਕ ਤੇ ਫੈਨਸੀ ਦੇ ਸਮੱਗਲਰ, ਦੇਹ ਵਪਾਰੀ, ਅਸ਼ਲੀਲ ਫਿਲਮਾਂ ਬਨਾਉਣ ਵਾਲੇ ਤੇ ਬਾਹਰਲੇ ਮੁਲਕਾਂ ਨੂੰ ਭੇਜਣ ਵਾਲੇ ਏਜੰਟ। ਮਹਾਂਭਾਰਤ ਦੀ ਲੜਾਈ ਦੇ ਮੈਦਾਨ ਵਿੱਚ ਇੱਕ ਯੋਧੇ ਨੂੰ ਮਾਰਨ ਵਾਸਤੇ ਦ੍ਰੋਣਾਚਾਰੀਯ ਨੇ ਪਾਂਡੂੰਆਂ ਦੀ ਫੌਜ ਵਿੱਚ ਚੱਕਰਵਿਊ ਦੀ ਰਚਨਾ ਕੀਤੀ ਸੀ। ਇਸਦੇ ਸੱਤ ਦਰਵਾਜੇ ਬਣਾਏ ਸਨ। ਅਰਜਨ ਤੋ ਇਲਾਵਾ ਇਹਨਾਂ ਨੂੰ ਤੋੜਨ ਦਾ ਭੇਤ ਕੋਈ ਨਹੀ ਸੀ ਜਾਣਦਾ। ਸਕੀਮ ਦੇ ਮੁਤਾਬਿਕ ਕੌਰਵ ਧੋਖੇ ਨਾਲ ਅਰਜਨ ਨੂੰ ਚੱਕਰਵਿਊ ਦੀ ਰਚਨਾ ਤੋ ਬਹੁਤ ਦੂਰ ਦੱਖਣ ਵਾਲੇ ਪਾਸੇ ਲੈ ਕੇ ਚਲੇ ਗਏ। ਇਹ ਖਬਰ ਸੁਣ ਕੇ ਪਾਂਡਵਾਂ ਦੀ ਫੌਜ ਵਿੱਚ ਹੱਲਚੱਲ ਮੱਚ ਗਈ। ਕਿਉਂਕਿ ਚੱਕਰਵਿਊ ਦੇ ਬਾਰੇ ਹੋਰ ਕਿਸੇ ਨੂੰ ਗਿਆਨ ਨਹੀ ਸੀ। ਸਾਰੇ ਦੇ ਸਾਰੇ ਉਦਾਸ ਨਜ਼ਰ ਆ ਰਹੇ ਸਨ। ਯੁਧਿਸ਼ਟਰ ਜੋ ਸਭ ਤੋ ਸਿਆਣਾਂ ਸੀ ਉਸਨੇ ਅਭਿਮੰਨਿਯੂ ਨੂੰ ਕਿਹਾ-
‘ਬੇਟੇ ਮੈਨੂੰ ਐਨਾ ਪਤਾ ਹੈ ਕਿ ਅਰਜਨ ਤੋਂ ਬਿਨਾ ਸਿਰਫ਼ ਤੈਨੂੰ ਹੀ ਚੱਕਰਵਿਊ ਤੋੜਨ ਦਾ ਗਿਆਨ ਹੈ। ਤੈਨੂੰ ਇਸ ਵਕਤ ਸਾਡੀ ਇੱਜਤ ਬਚਾਉਣੀ ਪਵੇਗੀ। ਇਸਤੇ ਅਭਿਮੰਨਿਯੂ ਨੇ ਕਿਹਾ-
‘ਪਿਤਾ ਸ੍ਰੀ ਤੋਂ ਚੱਕਰਵਿਊ ਦੇ ਛੇ ਦਰਵਾਜੇ ਤੋੜਨ ਦਾ ਗਿਆਨ ਤਾਂ ਮੈਨੂੰ ਹੈ, ਪਰ ਅਫਸੋਸ ਚੱਕਰਵਿਊ ਦੇ ਸੱਤਵੇਂ ਦਰਵਾਜ਼ੇ ਤੋੜਨ ਦਾ ਨਹੀਂ। ਮੈਂ ਚੱਕਰਵਿਊ ਵਿੱਚ ਦਾਖਲ ਤਾਂ ਹੋ ਜਾਊਂਗਾ ਪਰ ਚੱਕਰਵਿਊ ਵਿੱਚੋਂ ਬਾਹਰ ਕੱਢਣ ਵਾਸਤੇ ਤੁਹਾਂਨੂੰ ਮੇਰੀ ਮੱਦਦ ਕਰਨੀ ਪਵੇਗੀ।’
‘ਇੱਕ ਦਰਵਾਜ਼ੇ ਦਾ ਫਿਕਰ ਨਾਂ ਕਰ ਇਹ ਤਾਂ ਅਸੀ ਆਸਾਨੀ ਨਾਲ ਤੋੜ ਦੇਵਾਂਗੇ’ ਭੀਮਸੈਨ ਨੇ ਕਿਹਾ।
ਇਹ ਗੱਲ ਸੁਣਕੇ ਅਭਿਮੰਨਿਯੁੂ ਨੇ ਸਾਰੀ ਕਹਾਣੀ ਇਸ ਤਰਾਂ ਬਿਆਨ ਕੀਤੀ-
‘ਜਦੋ ਮੈ ਗਰਭ ਵਿੱਚ ਸੀ ਤਾਂ ਮਾਤਾ ਸ੍ਰੀ ਨੂੰ ਨੀਦ ਆ ਰਹੀ ਸੀ, ਉਸ ਵਕਤ ਪਿਤਾ ਸ੍ਰੀ ਨੇ ਚੱਕਰਵਿਯੂ ਦੇ ਸੱਤ ਦਰਵਾਜੇ ਪਾਰ ਕਰਕੇ ਅੰਦਰ ਦਾਖਲ ਹੋਣ ਤੇ ਬਾਹਰ ਨਿਕਲਣ ਬਾਰੇ ਦੱਸ ਰਹੇ ਸਨ। ਇਸ ਤੋ ਬਾਅਦ ਮਾਤਾ ਸ੍ਰੀ ਨੂੰ ਨੀਂਦ ਆ ਗਈ ਇਸ ਕਰਕੇ ਸੱਤ ਦਰਵਾਜਿਆਂ ਵਿੱਚ ਦੀ ਅੰਦਰ ਜਾਣ ਦਾ ਗਿਆਨ ਤਾਂ ਮੈਨੂੰ ਗਰਭ ਹਾਲਤ ਵਿੱਚ ਹੋ ਗਿਆ ਸੀ, ਮੈਂ ਸਭ ਸੁਣ ਰਿਹਾ ਸੀ। ਪਰ ਮਾਤਾ ਸ੍ਰੀ ਨੂੰ ਨੀਂਦ ਆ ਜਾਣ ਕਰਕੇ ਬਾਹਰ ਨਿਕਲਣ ਦਾ ਪੂਰਾ ਭੇਤ ਨਹੀ ਜਾਣ ਸਕਿਆ।’ ਗਰਭ ਅਵਸਥਾ ਵਿੱਚ ਸੁਣੀਆਂ ਗੱਲਾਂ ਦਾ ਅਭਿਮੰਨਿਯੂ ਤੇ ਪੂਰਾ ਅਸਰ ਹੋਇਆ ਤੇ ਵੱਡਾ ਹੋ ਕੇ ਬਹੁਤ ਹੀ ਮਹਾਨ ਯੋਧਾ ਬਣਿਆ। ਪਰ ਚੱਕਰਵਿਊ ਵਿੱਚੋਂ ਉਸਨੂੰ ਕੋਈ ਬਾਹਰ ਨਾਂ ਕੱਢ ਸਕਿਆ ਤੇ ਉਹ ਚੱਕਰਵਿਊ ਵਿੱਚ ਲੜਦਾ ਲੜਦਾ ਮਾਰਿਆ ਗਿਆ। ਆਓ ਹੁਣ ਆਪਾਂ ਜ਼ਰਾ ਗੌਰ ਕਰੀਏ ਅੱਜ ਦੇ ਅਭਿਮੰਨਿਊ ਬਾਰੇ-
ਮਾਂ ਦੀ ਗਰਭ ਹਾਲਤ ਵਿੱਚ ਪਿਤਾ ਸ੍ਰੀ ਦੁਆਰਾ ਸ਼ਰਾਬ, ਅਫੀੰਮ, ਡੋਡੇ, ਭੁੱਕੀ, ਹੀਰੋਅਨ, ਸਮੈਕ, ਫੈਨਸੀ, ਬੀੜੇ ਦਾ ਇਸਤੇਮਾਲ, ਛਲ ਕਪਟ, ਚੁਗਲੀ, ਚੋਰੀ ਤੇ ਹੇਰਾਫੇਰੀ ਦੀਆਂ ਗੱਲਾਂ ਤੇ ਹੋਰ ਗਲਤ ਕੰਮ ਜੋ ਸਾਨੂੰ ਨਹੀਂ ਕਰਨੇ ਚਾਹੀਦੇ, ਉਹ ਕੰਮ ਕਰਦੇ ਹਾਂ। ਗਰਭਵਤੀ ਮਾਤਾ ਸ੍ਰੀ ਦੁਆਰਾ-ਸਾਰਾ ਦਿਨ ਟੀ.ਵੀ. ਤੇ ਗੰਦੇ ਸੀਨ, ਸਨਸਨੀ, ਵਾਰਦਾਤ, ਜ਼ੁਲਮ ਦੇ ਸੀਰੀਅਲ, ਗੰਦੇ ਕਹਾਣੀ ਕਿੱਸੇ, ਅਸ਼ਲੀਲ ਗਾਣੇ, ਬਲਾਤਕਾਰ ਦੀਆਂ ਗੱਲਾਂ, ਚੁਗਲੀਆਂ, ਗੁਰਦਵਾਰਾ ਸਾਹਿਬ ਛੱਡ ਕੇ ਕੋਈ ਗਾਉਣ ਵਾਲੇ ਨੂੰ ਦੇਖਣ ਜਾਣਾਂ, ਧਾਰਮਿਕ ਸੀ. ਡੀ. ਛੱਡ ਕੇ ਅੱਧਨੰਗੀਆਂ ਫਿਲਮਾਂ ਦੇਖਣੀਆਂ, ਧਾਰਮਿਕ ਅਸਥਾਂਨ ਛੱਡ ਕੇ ਪਿਕਨਿਕ ਤੇ ਜਾਣਾਂ। ਇੰਨ੍ਹਾਂ ਸਾਰੀਆਂ ਗੱਲਾਂ ਦਾ ਗਰਭ ਵਿੱਚ ਪਲ ਰਹੇ ਬੱਚੇ ਤੇ ਪਵੇਗਾ ਹੀ!
ਸਿੰਘਾਸਨ ਤੇ ਬੈਠੇ ਸਾਰੇ ਅੰਨੇ ਹਨ, ਧ੍ਰਿਤਰਾਸ਼ਟਰ (ਜੋ ਅੰਨਾ ਸੀ ਪਰ ਰਾਜਾ ਸੀ) ਦੀ ਤਰ੍ਹਾਂ । ਜੋ ਸਿੰਘਾਸਨ ਤੇ ਬਿਰਾਜਮਾਨ ਹਨ, ੳਹਨਾਂ ਦੀਆਂ ਅੱਖਾਂ ਦੇਖ ਨਹੀਂ ਰਹੀਆਂ । ਉਹ ਉਵੇਂ ਹੀ ਕਰਦੇ ਹਨ, ਜਿਵੇਂ ਉਹਨਾਂ ਨੂੰ ਜੋ ਸਮਝਾਇਆ ਜਾਂਦਾਂ ਹੈ। 1984 ਵਿੱਚ ਦਿੱਲੀ ਵਿੱਚ ਕਤਲੇਆਮ ਹੋਇਆ ਪਰ ਸਾਡੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਅੱਖਾਂ ਬੰਦ ਕਰਕੇ ਸਿੰਘਾਸਨ ਤੇ ਬਿਰਾਜਮਾਨ ਰਹੇ। ਸਾਰੇ ਖਾਮੋਸ਼ ਹਨ ਭੀਸ਼ਮ ਪਿਤਾਮਾ ਦੀ ਤਰ੍ਹਾਂ (ਜਦੋ ਦ੍ਰੋਪਤੀ ਨੂੰ ਸਭਾ ਵਿੱਚ ਨੰਗਾ ਕੀਤਾ ਜਾ ਰਿਹਾ ਸੀ ਤਾਂ ਭੀਸ਼ਮ ਚੁੱਪ ਰਿਹਾ, ਗਲਤ ਕੰਮ ਕਰਨ ਤੋ ਨਹੀ ਰੋਕਿਆ) ਜਦੋਂ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ ਤਾਂ ਸਾਰੇ ਭੀਸ਼ਮ ਪਿਤਾਮਾਂ ਦੀ ਤਰ੍ਹਾਂ ਚੁੱਪ ਰਹੇ। ਕੋਈ ਨਸਿ਼ਆਂ ਬਾਰੇ ਨਹੀ ਬੋਲ ਰਿਹਾ। ਕੋਈ ਰਿਸ਼ਵਤ ਬਾਰੇ ਨਹੀ ਮੂੰਹ ਖੋਲ ਰਿਹਾ। ਸਾਰੇ ਪੈਸੇ ਦੇ ਕੇ ਕੰਮ ਕਰਵਾਕੇ ਪਾਸੇ ਹੋ ਜਾਂਦੇ ਹਨ। ਖੁੱਲੇ ਆਮ ਨਸ਼ੇ ਵਿਕ ਰਹੇ ਹਨ। ਆਪਾਂ ਆਖ ਦਿੰਦੇ ਹਾਂ ਸਾਨੂੰ ਕੀ! ਧਿਆਨ ਰਹੇ ਅਸੀ ਸਭ ਕੁੱਛ ਦੇਖਕੇ ਖਾਮੋਸ਼ ਹਾਂ, ਮੋਨ ਧਾਰੀ ਬੈਠੈ ਹਾਂ। ਇਹ ਸਭ ਕੁਝ ਅੱਖੋਂ ਪਰੋਖੇ ਕਰਕੇ ਅਣਜਾਣੇ ਵਿੱਚ ਕਿਤੇ ਆਪਾਂ ਆਪਣੇ ਲਾਡਲੇ ਅਭਿਮੰਨਿਯੂ ਨੂੰ ਚੱਕਰਵਿਊ ਤਾਂ ਨਹੀਂ ਫਸਾ ਰਹੇ ?

ਮਾਨਸਿਕ ਅਪਹਰਣ……… ਲੇਖ / ਮੇਜਰ ਮਾਂਗਟ

ਅਜੋਕੇ ਵਿਗਿਆਨਕ ਦੌਰ ਵਿੱਚ ਮਨੁੱਖ ਨੇ ਬੇਹੱਦ ਤਰੱਕੀ ਕੀਤੀ ਹੈ। ਜਿੰਨਾ ਉਸਦਾ ਬਾਹਰੀ ਵਿਅੱਕਤੀਤਵ ਫੈਲ ਕੇ ਕੇ ਸਪੇਸ ਅਤੇ ਚੰਦਰਮਾਂ ਤੱਕ ਜਾ ਪਹੁੰਚਿਆ ਹੈ ਉੱਥੇ ਉਹ ਅੰਦਰੂਨੀ ਤੌਰ ਤੇ ਬੇਹੱਦ ਸੁੰਗੜਿਆ ਵੀ ਹੈ। ਭਾਵੇਂ ਇਹ ਫੈਲਣਾ ਤੇ ਸੁੰਗੜਨਾ ਪ੍ਰਾਕਿਰਤੀ ਦਾ ਨਿਯਮ ਹੈ, ਪਰ ਉਸਦਾ ਕਲਿਆਣਕਾਰੀ ਨਾ ਰਹਿਣਾ ਅਫਸੋਸਜਨਕ ਵਰਤਾਰਾ ਹੈ। ਅੱਜ ਉਹ ਪਹਿਲਾਂ ਦੂਸਰਿਆਂ ਬਾਰੇ ਨਹੀਂ ਆਪਣੇ ਬਾਰੇ ਸੋਚਦਾ ਹੈ। ਉਸਦਾ ਨਿੱਜ ਹਰ ਖੇਤਰ ਵਿੱਚ ਹੀ ਭਾਰੂ ਹੈ। ਇਸ ਨੂੰ ਸੁਆਰਥ ਹੀ ਕਹਿ ਲਉ ਕਿ ਉਹ ਹਰ ਹੀਲੇ ਵਸੀਲੇ ਨਾਲ ਰਾਤੋਂ ਰਾਤ ਅਮੀਰ ਅਤੇ ਸੁਰੱਖਿਤ ਹੋਣਾ ਲੋਚਦਾ ਹੈ।

ਮਨੁੱਖ ਆਪਣੇ ਨਿੱਜੀ ਮੁਫਾਦ ਲਈ ਕੁੱਝ ਵੀ ਕਰ ਸਕਦਾ ਹੈ। ਅੱਜ ਦਾ ਜ਼ਮਾਨਾ ਕਿਸੇ ਨੂੰ ਨਿੱਜੀ ਰੂਪ ਵਿੱਚ ਗ਼ੁਲਾਮ ਬਣਾਕੇ ਕੰਮ ਕਰਵਾਉਣ ਦਾ ਨਹੀ ਬਲਕਿ ਉਸਦਾ ਦਿਮਾਗੀ ਸਟੀਰਿੰਗ ਹੱਥ ਵਿੱਚ ਪਕੜਨ ਦਾ ਹੈ। ਬਰਤਾਨਵੀ ਸਾਮਰਾਜ ਖਤਮ ਹੋਣ ਨਾਲ ਹੀ ਬਸਤੀਵਾਦ ਦਾ ਭਾਵੇਂ ਭੋਗ ਪੈ ਗਿਆ ਸੀ, ਪਰ ਹੁਣ ਪੂੰਜੀਵਾਦ ਸੋਚ ਦਾ ਨਵੀਨੀਕਰਨ ਹੀ ਮਨੁੱਖ ਨੂੰ ਜ਼ਿਹਨੀ ਤੌਰ ਤੇ ਗ਼ੁਲਾਮ ਬਣਾਉਣਾ ਹੈ। ਮਲਟੀਨੈਸ਼ਨਲ ਕੰਪਨੀਆਂ ਉਸਦੇ ਦਿਮਾਗ ਦਾ ਰਿਮੋਟ ਕੰਟਰੋਲ ਆਪਣੇ ਹੱਥ ਲੈ ਲੈਂਦੀਆ ਹਨ ਤੇ ਫੇਰ ਉਹ ਉਸ ਨੂੰ ਆਪਣੀ ਮਰਜੀ ਨਾਲ ਚਲਾਉਂਦੀਆਂ ਹਨ। ਤੇ ਇਸ ਪ੍ਰੋਸੈੱਸ ਵਿੱਚ ਮੀਡੀਆ ਬਹੁਤ ਵੱਡਾ ਯੋਗਦਾਨ ਪਾਉਂਦਾ ਸਰਮਾਏਦਾਰੀ ਦੇ ਹੱਕ ਵਿੱਚ ਭੁਗਤਦਾ ਹੈ। ਜਿਸ ਨੂੰ ਇਹ ਕੰਪਨੀਆਂ ਮਸ਼ਹੂਰੀਆਂ ਦੇ ਪੈਸਿਆਂ ਨਾਲ ਕਾਬੂ ਕਰ ਲੈਂਦੀਆਂ ਹਨ। ਉਹ ਉਹੀ ਕੁੱਝ ਬੋਲਦਾ ਹੈ ਜੋ ਕੰਪਨੀਆਂ ਦੇ ਮਾਲਿਕ ਬੁਲਵਾਉਣਾ ਚਾਹੁੰਦੇ ਨੇ।

ਅਸੁਰੱਖਿਤਾ ਦੇ ਡਰ ਕਾਰਨ ਅਸੀਂ ਨਿੱਜ ਨਾਲ ਨੱਕੋ ਨੱਕ ਭਰ ਗਏ ਹਾਂ ਤੇ ਮੇਰਾ ਘਰ,ਮੇਰੇ ਬੱਚੇ,ਮੇਰੀ ਕਾਰ,ਮੇਰਾ ਟੀ ਵੀ ਮੇਰੀ ਜਾਇਦਾਦ ਮੇਰਾ ਅਹੁਦਾ ਦਾ ਰਾਗ ਹਰ ਸਮੇਂ ਅਲਾਪਦੇ ਰਹਿੰਦੇ ਹਾਂ। ਸਾਨੂੰ ਡਰ ਹੈ ਕਿ ਕਿਸੇ ਨਾ ਕਿਸੇ ਦਿਨ ਸਾਨੂੰ ਨਿਗਲਿਆ ਹੀ ਜਾਣਾ ਹੈ ਤੇ ਨਿੱਗਲਣ ਵਾਲਾ ਕੋਈ ਵੀ ਹੋ ਸਕਦਾ ਹੈ। ਜਿਉਂ ਜਿਉਂ ਇਹ ਡਰ ਵਧਦਾ ਜਾਏਗਾ ਨਿੱਜ ਵੀ ਹੋਰ ਭਾਰੂ ਹੁੰਦਾ ਜਾਇਗਾ। ਕਈ ਵਾਰ ਅਸੀ ਇਸ ਨੂੰ ਅਸਤਿੱਤਵ ਨਾਲ ਪੁਕਾਰ ਕੇ ਅਪਣੇ ਮਨ ਨੂੰ ਬੋਝਲ ਸ਼ਬਦਾਂ ਦੇ ਠੁੱਮਣੇ ਵੀ ਦਿੰਦੇ ਹਾਂ।

ਜਿਵੇਂ ਕੋਈ ਸਾਡੀ ਮਾਨਸਿਕਤਾ ਨੂੰ ਡਰਾਈਵ ਕਰਦਾ ਹੈ ਅਸੀਂ ਦੂਸਰਿਆਂ ਦੀ ਮਾਨਸਿਕਤਾ ਡਰਾਈਵ ਕਰਕੇ ਸਕੂਨ ਭਾਲਦੇ ਹਾਂ। ਇਹ ਕਮਜੋਰ ਮਨੁੱਖ ਦੀ ਨਿਸ਼ਾਨੀ ਵੀ ਹੈ ਕਿ ਉਹ ਕਮਜੋਰ ਨਹੀ ਲੱਗਣਾ ਚਾਹੁੰਦਾ। ਉਹ ਹਮੇਸ਼ਾਂ ਦੂਸਰਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਤਾਂ ਕੇ ਉਸਦੇ ਬੌਣੇ ਹੋਣ ਦਾ ਕਿਸੇ ਨੂੰ ਪਤਾ ਨਾ ਲੱਗੇ। ਅਜਿਹੇ ਬੰਦੇ ਤੁਹਾਡੇ ਕਾਰ ਦੀ ਸੀਟ ਤੇ ਬੈਠਣ ਸਾਰ ਤੁਹਾਨੂੰ ਡਰਾਈਵ ਕਰਨਾ ਸ਼ੁਰੂ ਕਰ ਦੇਣਗੇ ਕਿ ਏਸ ਲਾਈਨ ਨਹੀਂ ਇਸ ‘ਚ ਚਲਾ। ਸਪੀਡ ਤੇਜ ਜਾਂ ਹੌਲੀ ਕਰ। ਏਧਰੋਂ ਨਹੀਂ ਓਧਰੋਂ ਚੱਲ ਤੇ ਇਉਂ ਨਹੀ ਇਉਂ ਕਰ। ਦੂਸਰੇ ਨੂੰ ਕੰਟਰੋਲ ਕਰਕੇ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ। ਉਹ ਪਾਰਟੀਆਂ ਤੇ ਜਾਣਗੇ ਤਾਂ ਆਪਣੀ ਪਸੰਦ ਠੋਕਣਗੇ ਕਿ ਆਹ ਹੀ ਮਿਊਜਿਕ ਚੱਲਣਾ ਚਾਹੀਦਾ। ਮੈਂ ਕਹਿਨਾ ਤਾਂ ਨੱਚੋ ਮੈਂ ਕਹਿਨਾ ਤਾਂ ਬੈਠ ਜਾਉ। ਉਹ ਕਿਸੇ ਨੂੰ ਵੀ ਨਹੀਂ ਸੁਣਦੇ ਸਿਰਫ ਆਪਣੀ ਸੁਣਾਉਂਦੇ ਹਨ। ਖੁਦਗਰਜ਼ੀ ਨਾਲ ਭਰੇ ਹੋਏ ਇਹ ਲੋਕ ਉਹ ਹੀ ਕੁੱਝ ਕਰ ਰਹੇ ਹਨ ਜੋ ਕੁੱਝ ਵੱਡੇ ਮਗਰਮੱਛ ਉਨ੍ਹਾਂ ਤੋਂ ਕਰਵਾ ਰਹੇ ਹਨ। ਅਜਿਹਾ ਸਾਡਾ ਕਿਰਦਾਰ ਕਿਉਂ ਬਣ ਗਿਆ? ਤੁਹਾਡੇ ਘਰਾਂ ਵਿੱਚ 52-52 ਇੰਚ ਐੱਚ ਡੀ ਟੀ ਵੀ ਕੌਣ ਲੈ ਕੇ ਆਇਆ ਤੁਹਾਨੂੰ ਤਾਂ ਟੀ ਵੀ ਵੇਖਣ ਦਾ ਹੀ ਟਾਈਮ ਨਹੀ। ਤੁਸੀਂ ਸਾਰੀਆਂ ਸੁੱਖ ਸਹੂਲਤਾਂ ਤੇ ਬਰੈਂਡ ਨੇਮ ਇਕੱਠੇ ਕਰ ਲਏ ਜਿਨਾਂ ਦੀ ਨਾ ਤਾਂ ਤੁਹਾਨੂੰ ਜਰੂਰਤ ਹੈ ਤੇ ਨਾਂ ਹੀ ਇਨ੍ਹਾਂ ਨੂੰ ਮਾਨਣ ਦਾ ਸਮਾਂ ਹੈ। ਤੁਹਾਡੇ ਕਰੈਡਿਟ ਕਾਰਡ ਭਰ ਚੁੱਕੇ ਨੇ। ਤੁਸੀਂ ਜਿੰਨਾ ਕਮਾਉਂਦੇ ਹੋ ਬਿੱਲਾਂ ਕਾਰਡਾਂ ਦੇ ਢਿੱਡ ‘ਚ ਜਾ ਵੜਦਾ ਹੈ। ਅਜਿਹਾ ਤੁਹਾਡੇ ਤੋਂ ਅਚੇਤ ਹੀ ਕੌਣ ਕਰਵਾ ਰਿਹਾ ਹੈ? ਕਦੇ ਸੋਚਿਆ ਹੈ?ਜਰੂਰ ਕੋਈ ਤਾਕਤ ਕਠਪੁਤਲੀਆਂ ਦਾ ਨਾਚ ਨਾਚ ਰਹੀ ਹੈ।

ਤੁਹਾਡੇ ਬੱਚੇ ਤੁਹਾਡੇ ਤੋਂ ਵੱਧ ਇਲੈਕਟ੍ਰਿਕ ਉਪਕਰਨਾਂ ਨਾਲ ਸਮਾਂ ਗੁਜਾਰਦੇ ਨੇ। ਉਨ੍ਹਾਂ ਦਾ ਤੁਹਾਡੇ ਨਾਲ ਰਿਸ਼ਤਾ ਲੋੜਾਂ ਪੂਰੀਆਂ ਕਰਨ ਤੱਕ ਰਹਿ ਗਿਆ ਹੈ। ਤੁਹਾਡੇ ਕੋਲ ਇਸ ਲਈ ਸਮਾਂ ਨਹੀਂ ਕਿ ਤੁਸੀਂ ਲੋੜਾਂ ਪੂਰੀਆਂ ਕਰਨ ਖਾਤਰ ਦਿਨ ਰਾਤ ਕੰਮਾਂ ਤੇ ਮਰਦੇ ਹੋ। ਬੱਚਿਆਂ ਨੂੰ ਇਸ ਲਈ ਸਮਾਂ ਨਹੀ ਕਿ ਉਨ੍ਹਾਂ ਟੀ ਵੀ ਦੇ ਮਸ਼ਹੂਰ ਸ਼ੋਅ ਦੇਖਣੇ ਹੁੰਦੇ ਨੇ। ਵੀਡੀਉ ਗੇਮਾਂ ਖੇਡਣੀਆਂ ਹੁੰਦੀਆਂ ਨੇ,ਫੋਨ ਜਾਂ ਕੰਮਪਿਊਟਰ ਤੇ ਰਹਿਣਾ ਹੁੰਦਾ। ਆਪਣੇ ਆਪ ਨੂੰ ਅੱਪਡੇਟ ਰੱਖਣਾ ਹੁੰਦਾ। ਇਹ ਸਾਰਾ ਕੁੱਝ ਨਵੀਆਂ ਨਵੀਆਂ ਗੇਮਾਂ,ਬਰੈਂਡ ਨੇਮ ਕੱਪੜੇ ਜਾਂ ਕਰੇਜ ਆਪਣੇ ਆਪ ਹੀ ਨਹੀਂ ਆ ਰਿਹਾ ਕੋਈ ਲਿਆ ਰਿਹਾ ਹੈ ਤੇ ਬੜੀ ਚਲਾਕੀ ਨਾਲ ਤੁਹਾਡੀ ਮਾਨਸਿਕਤਾ ਨੂੰ ਕਾਬੂ ਕਰਕੇ ਤੁਹਾਡੀ ਕਮਾਈ ਨਾਲ ਆਪਣੇ ਖਜਾਨੇ ਭਰ ਰਿਹਾ ਹੈ।

ਰੇਡੀਉ ਟੀ ਵੀ ਤੇ ਵਾਰ ਵਾਰ ਆ ਰਹੀ ਐਡਵਰਟਾਈਜਮੈਂਟ ਕਦੋਂ ਤੁਹਾਡੀ ਮਾਨਸਿਕਤਾ ਨੂੰ ਉਂਗਲ ਲਾ ਤੁਰਦੀ ਹੈ ਤੁਹਾਨੂੰ ਪਤਾ ਵੀ ਨਹੀ ਲੱਗਦਾ। ਤੁਸੀਂ ਕਿਵੇਂ ਰਹਿਣਾ ਹੈ ਕਿਵੇਂ ਖਾਣਾ ਹੈ, ਕੀ ਪਹਿਨਣਾ ਹੈ ਤੁਹਾਨੂੰ ਐਡਵਰਟਾਈਜਮੈਂਟ ਦੱਸਦੀ ਹੈ। ਅੱਜ ਕੱਲ ਮਨੁੱਖ ਤਾਂ ਆਪਣਾ ਦਿਮਾਗ ਕਦੇ ਘੱਟ ਹੀ ਵਰਤਦਾ ਹੈ। ਉਸਦਾ ਬਰੇਨਵਾਸ਼ ਇਕੱਲੀਆਂ ਮੁਨਾਫਖੋਰ ਕੰਪਨੀਆਂ ਹੀ ਨਹੀਂ ਕਰਦੀਆਂ ਬਲਕਿ ਧਾਰਮਿਕ ਅਦਾਰੇ,ਅਖੌਤੀ ਸੰਤ ਮਹਾਤਮਾਂ,ਹੱਥ ਵੇਖਣ ਵਾਲੇ,ਜੋਤਸ਼ੀ,ਸਿਹਤ ਦਾ ਡਰਾਵਾ ਦੇ ਕੇ ਦਵਾਈਆਂ ਵੇਚਣ ਵਾਲੇ,ਹਰਬਲ ਪ੍ਰੋਡਕਟ ਵੇਚਣ ਵਾਲੇ,ਕਾਮ ਸ਼ਕਤੀ ਵਧਾਉਣ ਤੇ ਗੁਪਤ ਰੋਗ ਹਟਾਉਣ ਵਾਲੇ ਸਭ ਉਸਨੂੰ ਬੇਫਕੂਫ ਬਣਾ ਰਹੇ ਹਨ। ਸਮਾਧੀਆਂ ਤੇ ਯੋਗਾ ਵੇਚਿਆ ਜਾ ਰਿਹਾ, ਤੰਦਰੁਸਤੀ ਵੇਚੀ ਜਾ ਰਹੀ ਹੈ, ਫੋਕਾ ਪਾਣੀ ਵੇਚਿਆ ਜਾ ਰਿਹਾ ਕਿਉਂਕਿ ਮਨੁੱਖ ਦੇ ਆਪਣੇ ਦਿਮਾਗ ਨੇ ਤਾਂ ਕੰਮ ਕਰਨਾ ਛੱਡ ਦਿੱਤਾ ਹੈ। ਹੁਣ ਉਸਦੇ ਦਿਮਾਗ ਨੂੰ ਘਰ ਘਰ ਵਿਛੀਆਂ ਕੇਬਲਾਂ (ਤਾਰਾਂ) ਚਲਾਉਂਦੀਆਂ ਹਨ। ਉਹ ਸਟੋਰਾਂ ਵਿੱਚ ਜਾ ਉਹ ਹੀ ਕੁੱਝ ਖਰੀਦਦਾ ਹੈ ਜੋ ਉਸ ਨੂੰ ਦੱਸਿਆ ਜਾਂਦਾ ਹੈ।

ਇਹ ਹੈਰੀ ਪੌਟਰ,ਬਾਰਵੀ ਡੌਲ,ਸੁਪਰਮੈਨ ,ਸਪਾਈਡਰਮੈਨ ਕਿਸ ਨੇ ਤੁਹਾਡੇ ਬੱਚਿਆਂ ਦੇ ਸਿਰ ਵਿੱਚ ਭਰ ਦਿੱਤੇ ਜੋ ਇਨ੍ਹਾਂ ਨੂੰ ਤਾਂ ਨਾਇਕ ਸਮਝਣ ਲੱਗ ਪਰ ਜ਼ਿੰਦਗੀ ਦੇ ਅਸਲ ਹੀਰੋ ਪਿੱਛੇ ਰਹਿ ਗਏ। ਉਹ ਤੁਹਾਡੀ ਬੋਲੀ ਸੱਭਿਆਚਾਰ ਸਭ ਕੁੱਝ ਛੱਡ ਛਡਾ ਕਿਸੇ ਹੋਰ ਹੀ ਦੁਨੀਆਂ ਵਿੱਚ ਗੁਆਚ ਗਏ ਜਿੱਥੋਂ ਪਰਤ ਕੇ ਆਉਣਾ ਬਹੁਤ ਮੁਸ਼ਕਲ ਹੈ। ਸਟੋਰਾਂ ‘ਚ ਉਹ ਤੁਹਾਡੀ ਗੱਲ ਨਹੀਂ ਸੁਣਨਗੇ ਬਲਕਿ ਜੋ ਉਨ੍ਹਾਂ ਦੇ ਦਿਮਾਗ ਵਿੱਚ ਟੀ ਵੀ ਚੈਨਲਾ ਨੇ ਭਰਿਆ ਹੈ ਉਸੇ ਦੀ ਮੰਗ ਕਰਨਗੇ। ਕੌਣ ਹੈ ਜੋ ਸਾਡੀ ਮੌਲਿਕਤਾ ਨੂੰ ਨਿਘਾਰ ਗਿਆ ਹੈ?

ਜਗੀਰਦਾਰੀ ਜੁੱਗ ਵਿੱਚ ਮਨੁੱਖ ਦਾ ਨਿੱਜ ਉਸਦੀ ਹਾਉਮੇ ਵਿੱਚ ਪ੍ਰਗਟ ਹੁੰਦਾ ਸੀ। ਉਦੋਂ ਉਹ ਕਬਜੇ ਦੀ ਭਾਵਨਾ ਅਧੀਨ ਮਨੁੱਖੀ ਰਿਸ਼ਤਿਆਂ ਨੂੰ ਡਰਾਈਵ ਕਰਦਾ ਸੀ। ਉਹ ਚਾਹੁੰਦਾ ਸੀ ਕਿ ਜੋ ਮੈਂ ਕਹਾਂ ਉਹ ਹੀ ਹੋਵੇ। ਮੇਰੀ ਪਤਨੀ,ਮੇਰੇ ਬੱਚੇ,ਮੇਰੀ ਭੈਣ,ਮੇਰੀ ਮਾਂ,ਮੇਰੀ ਧੀ ਸਭ ਮੇਰੇ ਅਨੁਸਾਰ ਮੇਰੇ ਹੁਕਮ ਵਚ ਚੱਲਣ। ਉਦੋਂ ਰਿਸ਼ਤਿਆਂ ਅਤੇ ਜਾਇਦਾਦ ਵਿੱਚ ਉਸ ਨੂੰ ਫਰਕ ਨਹੀਂ ਸੀ ਜਾਪਦਾ,ਉਹ ਦੋਹਾਂ ਤੇ ਕਬਜਾ ਰੱਖਣਾ ਚਾਹੁੰਦਾ ਸੀ। ਤੇ ਰਿਸ਼ਤਿਆਂ ਦਾ ਆਪਣੇ ਨਿੱਜ ਨੂੰ ਮਾਰਕੇ ਆਗਿਆਕਾਰੀ ਹੋਣਾ ਹੀ ਇਹਨਾਂ ਦੀ ਖੂਬਸੂਰਤੀ ਸੀ। ਪਰ ਇਹ ਦੌਰ ਖਤਮ ਹੋ ਗਿਆ ਹੈ।

ਹੁਣ ਮਨੁੱਖ ਦੀ ਕਮਾਂਡ ਪੂੰਜੀਵਾਦ ਦੇ ਹੱਥ ਆ ਗਈ ਹੈ। ਬੱਚੇ ਉਹ ਹੀ ਕਰਦੇ ਨੇ ਜੋ ਉਨ੍ਹਾਂ ਦੀ ਮਰਜੀ ਹੈ। ਮਰਜੀ ਦਾ ਪਹਿਨਣਾ,ਖਾਣਾ ਅਤੇ ਵਿਆਹ ਕਰਵਾਉਣੇ ਆਮ ਪ੍ਰਚੱਲਨ ਬਣ ਗਿਆ ਹੈ। ਔਰਤ ਮਰਦ ਦੇ ਪੈਰ ਦੀ ਜੁੱਤੀ ਨਹੀਂ ਰਹੀ ਉਹ ਵੀ ਬਰਾਬਰ ਦਾ ਕਮਾਉਂਦੀ ਹੈ। ਪੂੰਜੀਪਤੀ ਲਈ ਦੋਨੋ ਬਰਾਬਰ ਦੇ ਟੂਲ ਹਨ ਸੋ ਉਹ ਉਨ੍ਹਾਂ ਨੂੰ ਬਰਾਬਰ ਅਧਿਕਾਰ ਦਿੰਦਾ ਹੈ। ਰਿਸ਼ਤੇ ਪੂੰਜੀ ਤੇ ਅਧਾਰਤ ਹਨ ਤੇ ਇਹ ਰਿਸ਼ਤੇ ਵੀ ਪੂੰਜੀਪਤੀ ਹੀ ਪੈਦਾ ਕਰਦਾ ਹੈ ਜੋ ਪੂੰਜੀ ਨਾਲ ਹੀ ਨਾਪੇ ਤੋਲੇ ਜਾਂਦੇ ਹਨ। ਰਿਸ਼ਤਿਆਂ ਦੀ ਭੰਨ ਤੋੜ ਉਸ ਨੇ ਬੜੀ ਹੁਸ਼ਿਆਰੀ ਨਾਲ ਕੀਤੀ ਹੈ। ਪਿਉ ਧੀ,ਮਾਂ ਪੁੱਤ,ਭੈਣ ਭਰਾ ਦੁਆਲੇ ਅਜਿਹਾ ਜਾਲ ਬੁਣਿਆਂ ਕਿ ਉਨ੍ਹਾ ਨੂੰ ਨਾ ਰਿਸ਼ਤਿਆਂ ਦੀ ਪਹਿਚਾਣ ਰਹੀ ਤੇ ਨਾ ਕੋਈ ਸ਼ਰਮ ਹਿਯਾ ਰਹੀ। ਸਾਰੇ ਕਠਪੁਤਲੀਆਂ ਬਣ ਗਏ।

ਇੰਡਸਟਰੀ ਦੇ ਫੈਲਾਅ ਨਾਲ ਮਨੁੱਖਤਾ ਦਾ ਮਸ਼ੀਨੀਕਰਨ ਹੋ ਗਿਆ। ਪਰ ਮਨੁੱਖ ਰੂਪੀ ਮਸ਼ੀਨ ਨੂੰ ਚਲਾਉਣ ਵਾਲਾ ਅਪਰੇਟਰ ਕਿਸੇ ਨੂੰ ਨਜ਼ਰ ਨਹੀਂ ਆਂਉਦਾ। ਮਨੁੱਖ ਬਿਨਾ ਕਹੇ ਹੀ ਦੌੜ ਰਿਹਾ ਹੈ ਹਫ ਰਿਹਾ ਹੈ ਤੇ ਮੌਤ ਦੇ ਮੂੰਹ ਵਿੱਚ ਪੈ ਰਿਹਾ ਹੈ। ਉਨ੍ਹਾਂ ਨੇ ਤੁਹਾਡੇ ਦੁਆਲੇ ਦੁਨੀਆਂ ਹੀ ਅਜਿਹੀ ਸਿਰਜ ਦਿੱਤੀ ਹੈ। ਇਹ ਕਰੈਡਿਟ ਕਾਰਡ,ਬਿੱਲ,ਘਰਾਂ ਦੀ ਮਾਰਗੇਜ,ਕਿਸ਼ਤਾਂ,ਦਿਖਾਵਾ,ਪੈਦਾ ਕੀਤੀਆਂ ਗਈਆਂ ਵਾਧੂ ਲੋੜਾਂ ਤੁਹਾਨੂੰ ਟਿੱਕ ਕੇ ਬੈਠਣ ਹੀ ਨਹੀ ਦਿੰਦੀਆਂ।

ਮਾਂ ਬਾਪ ਤੇ ਬੱਚਿਆਂ ਦਾ ਦੁੱਖ ਸੁਣਨ ਲਈ ਅੱਜ ਦੇ ਮਨੁੱਖ ਕੋਲ ਵਿਹਲ ਹੀ ਕਿੱਥੇ ਹੈ। ਉਹ ਕੁਦਰਤ ਨਾਲੋਂ ਟੁੱਟ ਗਿਆ ਹੈ। ਉਸ ਦਾ ਰਹਿਣ ਸਹਿਣ,ਖਾਣ ਪਹਿਨਣ ਸਭ ਕੁੱਝ ਬਨਾਉਟੀ ਹੋ ਗਿਆ ਹੈ। ਮਣਾ ਮੂੰਹੀ ਜੰਕ ਫੂਡ ਰੋਜ ਉਸਦੇ ਮੂੰਹ ਵਿੱਚ ਤੁੰਨਿਆ ਜਾ ਰਿਹਾ ਹੈ। ਉਹ ਓਵਰ ਵੇਟ ਹੋਣ ਦੇ ਨਾਲ ਨਾਲ ਬਲੱਡ ਪ੍ਰੈਸ਼ਰ,ਸ਼ੂਗਰ ਅਤੇ ਦਿਲ ਦੇ ਰੋਗਾਂ ਦਾ ਸ਼ਿਕਾਰ ਹੋ ਰਿਹਾ ਹੈ। ਨਹੀਂ ਹੋਵੇਗਾ ਤਾਂ ਡਰੱਗ ਮਾਫੀਆ ਆਪਣੀਆਂ ਦਵਾਈਆਂ ਕਿਸ ਨੂੰ ਵੇਚੇਗਾ। ਹਰ ਚਲਾਕ ਬੰਦਾ ਮਨੁੱਖਤਾ ਰੂਪੀ ਮੁਰਗ਼ੀ ਨੂੰ ਹਲਾਲ ਕਰਨ ਵਿੱਚ ਜੁੱਟਿਆਂ ਹੋਇਆ ਹੈ।

ਧਰਮ,ਅਰਥ,ਕਾਮ ਮੋਕਸ਼ ਮਨੁੱਖ ਦੀਆਂ ਅਹਿਮ ਕਮਜੋਰੀਆਂ ਨੇ। ਮੁਨਾਫਾਖੋਰ ਇੱਹ ਗੱਲ ਭਲੀ ਭਾਂਤ ਜਾਣਦੇ ਨੇ। ਥਾਂ ਥਾਂ ਸਮਾਧੀਆਂ ਵੇਚਣ ਵਾਲੇ,ਗੁਰੂ ਦੇ ਲੜ ਲਾਉੇਣ ਦਾ ਝਾਂਸਾ ਦੇਣ ਵਾਲੇ,ਯੋਗਾ ਵੇਚਣ ਵਾਲੇ,ਜੋਤਿਸ਼ ਨਾਲ ਸੁੱਖ ਅਰਾਮ ਦੇਣ ਵਾਲੇ ਤੇ ਦੁੱਖਾਂ ਤੋਂ ਮੁਕਤੀ ਦਵਾਉਣ ਵਾਲੇ,ਹਰਬਲ ਦਵਾਈਆਂ ਨਾਲ ਤੰਦਰੁਸਤੀ ਕਾਇਮ ਕਰਨ ਵਾਲੇ,ਕਾਮ ਸ਼ਕਤੀ ਵਧਾਉਣ ਤੇ ਗੁਪਤ ਰੋਗ ਹਟਾਉਣ ਵਾਲੇ,ਬਿਊਟੀ ਤੇ ਮਸਾਜ ਪਾਰਲਲ ਚਲਾਉਣ ਵਾਲੇ ਅਤੇ ਉੱਚੀਆਂ ਵਿਆਜ ਦਰਾਂ ਤੇ ਕਰਜੇ ਦੁਆ ਜੇਬਾਂ ਭਰਨ ਵਾਲੇ ਐਵੇਂ ਨਹੀਂ ਖੁੰਭਾ ਵਾਂਗੂੰ ਉੱਗ ਆਏ। ਇਸ ਮਨੀ ਮਾਫੀਏ ਨੇ ਪੂਰੇ ਸੰਸਾਰ ਵਿੱਚ ਆਪਣਾ ਤੰਦੂਆ ਜਾਲ਼ ਫੈਲਾ ਰੱਖਿਆਂ ਹੈ। ਡਾਂਸ ਬਾਰਾਂ,ਨਾਈਟ ਕਲੱਬਾਂ ਖੁੱਲੇ ਕਾਮ ਸਬੰਧ ਅਤੇ ਡਰੱਗ ਦਾ ਵਪਾਰ ਅੱਜ ਹਰ ਪਾਸੇ ਹੀ ਪੈਰ ਪਸਾਰ ਰਿਹਾ ਹੈ। ਇਸੇ ਤਰ੍ਹਾਂ ਜਿੱਮ ਤੇ ਯੋਗਾ ਕੇਂਦਰ ਵੀ ਫੈਲ ਰਹੇ ਹਨ। ਉਹ ਮਨੁੱਖ ਨੂੰ ਕਿਸੇ ਪਾਸਿਉਂ ਵੀ ਬਖਸ਼ਣਾ ਨਹੀਂ ਚਾਹੁੰਦੇ। ਆਖਿਰ ਜੀਊਂਦੇ ਇਨਸਾਨ ਦੀ ਕੋਈ ਤਾਂ ਕਮਜੋਰੀ ਹੋਵੇਗੀ ਹੀ ਜਿਸ ਦਾ ਫਾਇਦਾ ਉਠਾ ਉਸ ਦੀਆਂ ਜੁੱਤੀਆਂ ਉਸੇ ਦੇ ਸਿਰ ਮਾਰ ਕੇ ਉਸ ਨੂੰ ਲੁੱਟਿਆ ਜਾ ਸਕਦਾ ਹੈ।

ਏਹੋ ਜਿਹਾ ਮਾਨਸਿਕ ਅਪਹਰਣ ਰਾਜਨੀਤਿਕ ਲੋਕ ਵੀ ਕਰਦੇ ਹਨ ਜੋ ਜੰਤਾ ਨੂੰ ਝੂਠੇ ਲਾਰੇ ਦੇ ਦੇ ਲੁੱਟਦੇ ਹਨ। ਸਹੂਲਤਾਂ ਦਾ ਲੌਲੀਪੌਪ ਉਸਦੇ ਮੂੰਹ ਵਿੱਚ ਬੜੀ ਬੇਸ਼ਰਮੀ ਨਾਲ ਉਸਦੀ ਜੇਬ ਕੱਟੀ ਜਾਂਦੀ ਹੈ। ਸਕੂਲਾਂ ਹਸਪਤਾਲਾਂ ਤੇ ਸੜਕਾਂ ਦੇ ਟੈਂਡਰ ਵੇਚੇ ਜਾਂਦੇ ਨੇ,ਦਾਖਲੇ ਵੇਚੇ ਜਾਂਦੇ ਨੇ ਫੇਰ ਇੱਟਾਂ ਬਜਰੀ ਲੋਹਾ ਸੀਮਿੰਟ ਖਾਣ ਦੇ ਨਾਲ ਨਾਲ ਵੱਡੇ ਕਮਿਸ਼ਨ ਬਟੋਰੇ ਜਾਂਦੇ ਨੇ ਤੇ ਲੋਕਾਂ ਨੂੰ ਉੱਲੂ ਬਣਾਇਆ ਜਾਂਦਾ ਹੈ। ਏਹੋ ਜਿਹੇ ਘਪਲੇ,ਸਕੈਂਡਲ ਗੁਰੂ ਘਰਾਂ ਤੋਂ ਲੈ ਕੇ ਪਾਰਲੀਮੈਂਟ ਹਾਊਸਾਂ ਤੱਕ ਫੈਲੇ ਹੋਏ ਹਨ। ਆਪਣੇ ਆਪ ਨੂੰ ਸੇਵਾਦਾਰ ਕਹਾਉਣ ਵਾਲੇ ਅਸਲ ਵਿੱਚ ਝਾੜੂ ਫੇਰਨ ਵਾਲੇ ਨਹੀਂ ਹੂੰਝਾ ਫੇਰਨ ਵਾਲੇ ਹਨ।

ਹਰ ਸੇਵਾ ਜਾਂ ਚਾਪਲੂਸੀ ਪਿੱਛੇ ਕੋਈ ਨਾ ਕੋਈ ਮੁਫਾਦ ਛੁਪਿਆ ਹੋਇਆ ਹੈ। ਸਿਤਮ ਜਰੀਫੀ ਤਾਂ ਇਹ ਹੈ ਕਿ ਕਿ ਇਹ ਮੁਨਾਫਾਖੋਰ, ਭਾਵੇਂ ਵਕੀਲ ਹੋਣ, ਡਾਕਟਰ ਹੋਣ, ਨੇਤਾ ਜਾਂ ਅਭਿਨੇਤਾ ਹੋਣ, ਟੀ ਵੀ ਚੈਨਲਾ ਵਾਲੇ ਹੋਣ; ਪ੍ਰੋਗਰਾਮਾਂ ਦੇ ਸੰਚਾਲਕ ਹੋਣ ਜੋ ਕਦੇ ਪੈਸੇ ਬਿਨਾਂ ਡਿੰਘ ਵੀ ਨਹੀਂ ਪੁੱਟਦੇ ਬੜੀ ਬੇਸ਼ਰਮੀ ਨਾਲ ਆਪਣੇ ਆਪ ਨੂੰ ਲੋਕਾਂ ਦੇ ਸੇਵਾਦਾਰ ਦੱਸਦੇ ਹਨ, ਜਦੋਂ ਕਿ ਉਹ ਵਪਾਰ ਕਰ ਰਹੇ ਹੁੰਦੇ ਨੇ।ਅੱਜ ਕੱਲ ਲੱਚਰ ਗਾਉਣ ਵਾਲੇ, ਮਾਰਟਗੇਜਾਂ ਵੇਚਣ ਵਾਲੇ, ਇਮੀਗਰੇਸ਼ਸ਼ਨ ਕੰਨਸਲਟੈਂਟ, ਰੀਅਲ ਸਟੇਟ ਏਜੰਟ, ਕਨਸਟਰੱਕਸ਼ਨ ਕਰਨ ਵਾਲੇ ਜਾਂ ਮਕੈਨਿਕ ਵੀ ਆਪਣੇ ਆਪ ਨੂੰ ਜੰਤਾ ਦੇ ਸੇਵਾਦਾਰ ਦੱਸ ਰਹੇ ਨੇ। ਸੇਵਾ ਤਾਂ ਨਿਸ਼ਕਾਮ ਹੁੰਦੀ ਬਿਨਾ ਪੈਸਾ ਲਏ ਕਿਸੇ ਦੇ ਕੰਮ ਆ ਸਕਣਾ। ਪਰ ਜਿਨਾਂ ਦਾ ਧਰਮ ਹੀ ਪੈਸਾ ਹੈ ਉਹ ਸੇਵਾਦਾਰ ਕਿਵੇਂ ਹੋਏ?

ਮਾਨਸਿਕ ਅਪਹਰਣ ਅੱਜ ਕੱਲ ਟੈਲੀਵੀਯਨ ਸੀਰੀਅਲਾਂ ਰਾਹੀ ਵੀ ਕੀਤਾ ਜਾ ਰਿਹਾ ਹੈ। ਮਾਪੇ ਆਪਣੇ ਹੀ ਧੀਆਂ ਪੁੱਤਾਂ ਨੂੰਹਾਂ ‘ਚ ਲੜਾਈ ਪਾ ਅਨੰਦ ਲੈ ਰਹੇ ਹਨ। ਆਪਣੇ ਸੱਸ ਸਹੁਰੇ ਦਾ ਕਿਸੇ ਨੂੰ ਖਿਆਲ ਹੋਵੇ ਜਾ ਨਾ ਹੋਵੇ ਲੇਕਿਨ ਟੀ ਵੀ ਸੀਰੀਅਲ ਵਿੱਚਲੇ ਸੱਸ ਸਹੁਰੇ ਦਾ ਬੇਹੱਦ ਫਿਕਰ ਰਹਿੰਦਾ ਹੈ। ਔਰਤਾਂ ਫੋਨ ਦੇ ਇੱਕ ਦੂਜੇ ਨੂੰ ਪੁੱਛਦੀਆਂ ਨੇ ‘ਨੀ ਕਭੀ ਸਾਸ ਕਭੀ ਬਹੂ ਵਾਲੀ ਸੱਸ ਹੱਸਪਤਾਲੋਂ ਆ ਗੀ ਕਿ ਨਹੀ? ਮੇਰਾ ਤਾਂ ਰਾਤ ਮਿੱਸ ਹੋ ਗਿਆ ਹੋ ਗਿਆ ਭੈਣੇ ਸਾਰੀ ਰਾਤ ਨੀਂਦ ਨਹੀਂ ਆਈ’। ਕਈ ਧੀ ਜੁਆਈ ਵਿੱਚ ਫਰਕ ਪੁਆ ਧੀ ਤੋਂ ਆਪਣੇ ਕੰਮ ਕਢਵਾਉਂਦੇ ਰਹਿੰਦੇ ਹਨ। ਉਂਝ ਧੀਆਂ ਨੂੰ ਕੁੱਖ ਵਿੱਚ ਮਾਰਿਆ ਵੀ ਜਾ ਰਿਹਾ ਹੈ। ਕਨੇਡਾ ਜਾਣ ਲਈ ਪੌੜੀਆਂ ਵੀ ਬਣਾਈਆਂ ਜਾਂਦੀਆਂ ਨੇ।

ਹੋਰ ਤਾਂ ਹੋਰ ਚਿਮਟਿਆਂ ਵਾਲੇ ਬਾਬੇ ਤੇ ਅਖੌਤੀ ਪ੍ਰਚਾਰਕ ਮੁਕਤੀ ਦਾ ਝਾਂਸਾ ਦੇ ਮਨਘੜੰਤ ਝੂਠੀਆਂ ਕਰਮਾਤਾਂ ਭਰੀਆਂ ਕਹਾਣੀਆਂ ਸੁਣਾ ਸੁਣਾ ਲੋਕਾਂ ਦਾ ਬਰੇਨ ਵਾਸ਼ ਕਰਨ ਵਿੱਚ ਲੱਗੇ ਹੋਏ ਨੇ। ਉਨਾਂ ਨੂ ਪੁੱਛਣ ਵਾਲਾ ਵੀ ਕੋਈ ਨਹੀਂ ਜਿਨਾਂ ਹਿਸਟਰੀ ਦਾ ਸੱਤਿਆਨਾਸ ਕਰ ਛੱਡਿਆਂ ਹੈ। ਉੱਥੇ ਜਾਕੇ ਤਾਂ ਮੀਡੀਏ ਵਾਲੇ ਕਾਗ਼ਜੀ ਸ਼ੇਰ ਵੀ ਪੂਛ ਮਰੋੜ ਦੁਬਕ ਕੇ ਭਿੱਜੀ ਬਿੱਲੀ ਬਣ ਜਾਂਦੇ ਨੇ। ਤਾਂ ਹੀ ਇਹ ਬਾਬੇ ਰਾਜਿਆਂ ਮਹਾਰਾਜਿਆਂ ਵਾਂਗੂੰ ਸ਼ਾਨੋ ਸ਼ੌਕਤ ਨਾਲ ਰਹਿੰਦੇ ਨੇ।ਡੇਰਿਆਂ ਵਿੱਚ ਕਾਮ ਕ੍ਰੀੜਾ ਕਰਦੇ ਅਤੇ ਸਵਰਗ ਭੋਗਦੇ ਨੇ।

ਆਪਣੀ ਸਲਤਨਤ ਕਾਇਮ ਰੱਖਣ ਇਹ ਬਾਬੇ ਕਿਸੇ ਨੂੰ ਨੋਟਾਂ ਦੀ ਤੇ ਕਿਸੇ ਵੋਟਾਂ ਦੀ ਬੁਰਕੀ ਸੁੱਟਦੇ ਨੇ।ਜੋ ਲੋਕਾਂ ਨੂੰ ਮਾਇਆ ਨਾਗਣੀ,ਅਟੱਲ ਮੌਤ,ਤਿਆਗ ਤੇ ਸੇਵਾ ਦਾ ਸੰਦੇਸ਼ ਦਿੰਦੇ ਨੇ ਪਰ ਇਨ੍ਹਾਂ ਦੀਆਂ ਲਾਲਸਾਵਾਂ ਨਜਾਇਜ ਕਬਜੇ ਸਿਰ ਚੜਕੇ ਬੋਲਦੇ ਨੇ। ਬੰਦੂਕਾਂ ਦੀ ਛਤਰ ਛਾਇਆ ਹੇਠ ਰਹਿਣ ਵਾਲੇ ਮਾਇਆ ਨਾਲ ਭਰੀਆਂ ਗੋਲਕਾਂ ਤੇ ਸੱਪ ਬਣਕੇ ਮੇਹਲਦੇ ਰਹਿੰਦੇ ਨੇ। ਨਾ ਕਦੇ ਇਨ੍ਹਾ ਪੰਕਤ ਵਿੱਚ ਬੈਠ ਲੰਗਰ ਛਕਿਆ ਹੋਊ ਤੇ ਨਾ ਭਾਂਡੇ ਮਾਂਜੇ ਹੋਣਗੇ।ਕਹਿੰਦੇ ਨੇ ‘ਹਾਥੀ ਕੇ ਦਾਂਤ ਖਾਨੇ ਔਰ ਦਿਖਾਨੇ ਔਰ’। ਪਰ ਅਗਿਆਨ ਦੀ ਵਜਾ ਕਰਕੇ ਇਹ ਸਾਨੂੰ ਨਜ਼ਰ ਹੀ ਨਹੀਂ ਆਂਉਦੇ।

ਇਨ੍ਹਾਂ ਲੋਕਾਂ ਨੇ ਮਿਲ ਕੇ ਸਧਾਰਨ ਜੰਤਾ ਨੂੰ ਦਿਮਾਗੀ ਤੌਰ ਤੇ ਨਿਕਾਰਾ ਕਰ ਦਿੱਤਾ ਹੈ। ਸਾਡੀ ਸੋਚ ਗਿਰਵੀ ਪੈ ਗਈ ਹੈ ਤੇ ਇਨ੍ਹਾਂ ਅੰਧਵਿਸ਼ਵਾਸ਼ ਦਾ ਇੱਕ ਬਰੇਨ ਟਿਊਮਰ ਸਾਡੇ ਦਿਮਾਗ ਵਿੱਚ ਪੈਦਾ ਕਰ ਦਿੱਤਾ ਗਿਆ ਹੈ ਜੋ ਸਾਡੀ ਬਚੀ ਖੁਚੀ ਸੋਚ ਵੀ ਖਾਅ ਜਵੇਗਾ। ਏਥੋ ਤੱਕ ਕਿ ਅਸੀ ਆਪਣੇ ਘਰਾਂ ਦੇ ਮਹੂਰਤ,ਬੱਚਿਆਂ ਦੀ ਸ਼ਾਦੀ,ਬਿਜਨਸ ਤੇ ਹੋਰ ਸਭ ਕਾਸੇ ਲਈ ਜੇ ਬੱਚਾ ਨਾ ਹੋਵੇ ਤਾਂ ਵੀ ਬਾਬਿਆ ਤੇ ਨਿਰਭਰ ਹਾਂ ਕਿਉਂਕਿ ਸਾਡੀ ਆਪਣੀ ਤਾਂ ਸੋਚ ਹੀ ਕੋਈ ਹੈ ਨਹੀਂ।

ਅੱਤਵਾਦ ਅਤੇ ਧਾਰਮਿਕ ਕੱਟੜਵਾਦ ਪੂੰਜੀਵਾਦ ਦੇ ਪੁੜਾਂ ਵਿੱਚੋਂ ਬੁੜਕਿਆ ਹੋਇਆ ਕਚਰਾ ਹੀ ਹੈ,ਜੋ ਆਪਣੀ ਹੋਂਦ ਬਚਾਉਣ ਦੇ ਉਪਰਾਲੇ ਕਰ ਰਿਹਾ ਹੈ। ਪਰ ਏਸ ਪੂੰਜੀਵਾਦੀ ਅਜਗਰ ਨੇ ਨਿੱਘਲ ਤਾਂ ਓਸ ਨੂੰ ਵੀ ਜਾਣਾ ਹੈ।ਅੱਤਵਾਦੀ ਸਰਗਣੇ ਬੇਰੁਜਾਗਾਰ ਨੌਜਵਾਨਾ ਦਾ ਦਿਮਾਗ ਧੋਅ ਉਨ੍ਹਾਂ ਤੋਂ ਬੰਬ ਚਲਵਾ ਕਿਹੜੇ ਧਰਮ ਦੀ ਸੇਵਾ ਕਰਵਾ ਰਹੇ ਨੇ?ਸਮਝ ਨਹੀਂ ਆਂਉਦਾ। ਸਰਕਾਰੀ ਅੱਤਵਾਦ ਸਕੂਲੀ ਬੱਚਿਆਂ ਔਰਤਾਂ ਨੂੰ ਬੰਬਾਂ ਦੀ ਭੇਂਟ ਚੜਾ ਉਹ ਹੀ ਕੰਮ ਕਰ ਰਿਹਾ ਹੈ ਜੋ ਅੱਤਵਾਦੀ ਕਰਦੇ ਨੇ ਤੇ ਫੇਰ ਵੱਡੇ ਮੀਡੀਏ ਨੂੰ ਆਪਣੀ ਰਖੇਲ ਵਾਂਗੂੰ ਵਰਤ ਰਿਹਾ ਹੈ।

ਮੀਡੀਆ ਉਨ੍ਹਾਂ ਦੀ ਬੋਲੀ ਬੋਲਦਾ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਸਾਬਤ ਕਰਦਾ,ਦੋਹਰੇ ਮਾਪਦੰਡ ਨੂੰ ਅਪਣਾਉਦਾ ਲੋਕਾਂ ਬੇਵਕੂਫ ਬਣਾਈ ਜਾ ਰਿਹਾ ਹੈ ਤੇ ਲੋਕ ਸੱਤ ਬਚਨ ਕਹਿ ਕਹਿ ਮੰਨੀ ਜਾ ਰਹੇ ਹਨ।ਹਰ ਕੋਈ ਬੰਦਾ ਸਾਡੇ ਦਿਮਾਗ ਦਾ ਸਟੇਰਿੰਗ ਪਕੜਨਾ ਚਾਹੁੰਦਾ ਹੈ ਪਰ ਆਖਰ ਵੱਡੇ ਮਗਰਮੱਛ ਕਾਮਯਾਬ ਹੋ ਜਾਂਦੇ ਨੇ।
ਦੁਨੀਆਂ ਵਿੱਚ ਉਹ ਹੀ ਲੋਕ ਯਾਦ ਕੀਤੇ ਗਏ ਨੇ ਜੋ ਹਵਾਵਾਂ ਦੇ ਰੁੱਖ ਨਾਲ ਨਹੀਂ ਚੱਲੇ ਪਰ ਉਨ੍ਹਾਂ ਹਵਾਵਾਂ ਦੇ ਰੁੱਖ ਬਦਲ ਦਿੱਤੇ। ਮੌਲਿਕ ਸੋਚ ਦੇ ਧਾਰਨੀ ਹਮੇਸ਼ਾਂ ਸਥਾਪਤੀ ਦੀਆਂ ਅੱਖਾਂ ਵਿੱਚ ਰੜਕਦੇ ਰਹੇ ਨੇ,ਤੇ ਉਨ੍ਹਾਂ ਨੂੰ ਸਖਤ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਹੈ ਪਰ ਉਨਾਂ ਹਾਰ ਨਹੀਂ ਮੰਨੀ। ਨਿੱਗਰ ਵਿਚਾਰ ਅਤੇ ਉੱਚ ਪਾਏ ਦਾ ਸਾਹਿਤ ਮਾਨਸਿਕ ਧੁੰਦ ਦੂਰ ਕਰਨ ਵਿੱਚ ਬਹੁਤ ਸਹਾਈ ਹੁੰਦਾ ਹੈ। ਪਰ ਅਜਿਹੀ ਮੌਲਿਕ ਸੋਚ ਵਾਲੇ ਸਾਹਿਤਕਾਰ ਵੀ ਤੁਹਾਨੂੰ ਵਿਰਲੇ ਹੀ ਮਿਲਣਗੇ। ਪਰ ਜੋ ਵੀ ਹਨ ਉਨ੍ਹਾਂ ਨੂੰ ਸਲਾਮ ਜਿਨਾਂ ਅਜੇ ਤੱਕ ਆਪਣੇ ਦਿਮਾਗ ਦੀ ਵਾਗਡੋਰ ਕਿਸੇ ਹੋਰ ਦੇ ਹੱਥਾਂ ਵਿੱਚ ਨਹੀਂ ਫੜਾਈ।

ਦੁਨੀਆਂ ਦੀ ਏਸ ਮੰਡੀ ਵਿੱਚ ਅੱਜ ਗਲੋਬਲਾਈਜੇਸ਼ਮ ਦਾ ਰੌਲਾ ਹਰ ਪਾਸੇ ਹੈ। ਦੁਨੀਆਂ।ਇੱਕ ਨਿੱਕਾ ਜਿਹਾ ਪਿੰਡ ਬਣ ਗਈ ਹੈ। ਸਮਾਨ ਵੇਚਣ ਦੀ ਪਹੁੰਚ ਹੁਣ ਹਰ ਇੱਕ ਤੱਕ ਹੈ। ਉਹ ਹਰ ਘਰ ਦਾ ਨਹੀਂ ਹਰ ਦਿਮਾਗ ਦਾ ਬੂਹਾ ਖੜਕਾਉਣਾ ਚਾਹੁੰਦਾ ਹੈ। ਇਸੇ ਕਰਕੇ ਐਡਵਰਟਾਈਜਮੈਂਟ ਜਾ ਪ੍ਰਚਾਰ ਹੋ ਰਿਹਾ ਹੈ। ਜਿਸ ਸਦਕਾ ਮਨੁੱਖ ਲੁੱਟਿਆ ਜਾ ਰਿਹਾ ਹੈ।ਉਹ ਖੁਦ ਫੈਸਲੇ ਨਹੀਂ ਕਰ ਸਕਦਾ। ਉਸ ਦੀਆਂ ਲੋੜਾਂ ਬਣਾਈਆਂ ਜਾਂਦੀਆਂ ਹਨ। ਉਸ ਦੇ ਕੁਦਰਤੀ ਸਰੋਤ ਲੁੱਟੇ ਜਾ ਰਹੇ ਹਨ। ਜਿਨਾਂ ਵਿੱਚ ਉਸਦੇ ਸ਼ਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਦਿਮਾਗ ਵੀ ਹੈ। ਕਿਸੇ ਦੇ ਦਿਮਾਗ ਕਾਬੂ ਕਰ ਲਉ ਸਭ ਕੁੱਝ ਕਾਬੂ ਵਿੱਚ ਆ ਗਿਆ ਇਹ ਮੁਨਾਫਖੋਰ ਦੀ ਸੋਚ ਹੈ।ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਦਿਮਾਗੀ ਅਪਹਰਣ ਮਨੁੱਖ ਨੂੰ ਇੱਕ ਮਸ਼ੀਨ ਜਾਂ ਰੋਬੋਟ ਵਿੱਚ ਬਦਲ ਦੇਵੇਗਾ।

ਧਰਤੀ ਤੇ ਵਸੇ ਮਨੁੱਖੀ ਸਮਾਜ ਨੂੰ ਬਚਾਉਣ ਲਈ ਏਸ ਮਾਨਸਿਕ ਅਪਹਰਣ ਨੂੰ ਰੋਕਣ ਦੇ ਯਤਨ ਕਰਨੇ ਪੈਣਗੇ। ਨਹੀਂ ਤਾਂ ਮਨੁੱਖ ਵਿੱਚੋਂ ਪਿਆਰ ਸਤਿਕਾਰ, ਰਿਸ਼ਤੇ ਨਾਤੇ, ਤਰਸ ਹਮਦਰਦੀ, ਸੇਵਾ ਸੰਭਾਲ ਅਤੇ ਸਮਾਜਿਕ ਕਦਰਾਂ ਕੀਮਤਾਂ ਸਭ ਕੁੱਝ ਖਤਮ ਹੋ ਜਾਵੇਗਾ ਤੇ ਉਹ ਇੱਕ ਜੰਗਲੀ ਜਾਨਵਰ ਬਣਕੇ ਰਹਿ ਜਾਵੇਗਾ।ਇਸ ਤ੍ਰਾਸਦੀ ਤੋਂ ਬਚਣ ਲਈ ਅਸੀਂ ਆਪਣੇ ਆਪ ਨੂੰ ਬਚਾਈਏ ਆਪਣੀ ਮੌਲਿਕ ਸੋਚਣੀ ਨੂੰ ਬਚਾਈਏ ਤਾਂ ਹੀ ਸਮਾਜ ਬਚੇਗਾ।ਸਮਾਜ ਨੂੰ ਮਸ਼ੀਨਾਂ ਦੀ ਨਹੀਂ ਸੂਝਵਾਨ ਮਨੁੱਖਾਂ ਦੀ ਜਰੂਰਤ ਹੈ ਜੋ ਆਪਣੇ ਦਿਮਾਗ ਦੇ ਖੁਦ ਮਾਲਿਕ ਹੋਣ।

ਧੰਨਭਾਗ.......... ਨਜ਼ਮ/ਕਵਿਤਾ / ਹਰਮਿੰਦਰ ਬਣਵੈਤ

ਧੰਨਭਾਗ ਫਿਰ ਦਿਨ ਚੜ੍ਹਿਆ ਹੈ
ਧੰਨਭਾਗ ਧੜਕਨ ਚਲਦੀ ਹੈ ।

ਧੰਨਭਾਗ ਜੇ ਜੀਵਨ ਦੇ ਵਿਚ
ਸੋਚ ਸੁਚੱਜੀ ਆ ਰਲਦੀ ਹੈ ।


ਦਿਸਹੱਦੇ ‘ਤੇ ਸੋਨੇ-ਰੰਗੀ
ਅਗਿਆਨ-ਵਿਨਾਸਿ਼ਕ ਅੱਗ ਬਲਦੀ ਹੈ ।

ਰੁਕ ਕੇ ਜ਼ਰਾ ਸੁਹੱਪਣ ਤੱਕ ਲਓ
ਏਨੀ ਵੀ ਕਿਹੜੀ ਜਲਦੀ ਹੈ !

ਬਹੁਤ ਕੁਝ ਹੈ ਇਸ ਦੁਨੀਆਂ ਵਿਚ
ਗੱਲ ਤੇ ਬੱਸ ਇਕ ਹਾਸਿਲ ਦੀ ਹੈ ।

ਬੇਸ਼ੱਕ ਭੀੜ ਭੜੱਕਾ ਬਾਹਲਾ
ਤੁਰੇ ਜਾਓ ਜੇ ਰਾਹ ਮਿਲਦੀ ਹੈ।

ਸਜ ਲਓ, ਧਜ ਲਓ, ਜਸ਼ਨ ਮਨਾ ਲਓ
ਦੁੱਖ ਦਰਦ ਤੇ ਗੱਲ ਕੱਲ ਦੀ ਹੈ ।

ਨਵ-ਆਸ਼ਾ ਕੋਈ ਭਾਲ ਕੇ ਰੱਖੋ
ਜਿ਼ੰਦਗੀ ਭਾਵੇਂ ਕੁੱਝ ਪਲ ਦੀ ਹੈ ।

ਨੱਚ ਲਓ, ਗਾ ਲਓ, ਭੰਗੜੇ ਪਾ ਲਓ
ਜੇ ਕਿਧਰੇ ਕੋਈ ਚਾਹ ਫਲਦੀ ਹੈ ।

‘ਜੋ ਹੋਣੈ ਸੋ ਹੋ ਕੇ ਰਹਿਣੈ’
ਚਿੰਤਾ ਮਨ ਨੂੰ ਕਿਸ ਗੱਲ ਦੀ ਹੈ ।

ਰੁੱਸੇ ਸੱਜਣ ਫੇਰ ਮਨਾ ਲਓ
ਛਾਂ ਸੋਹਣੀ ਇਕ ਆਂਚਲ ਦੀ ਹੈ ।

ਗੱਲ ਕੋਈ ਸੁਖਦ ਪਲਾਂ ਦੀ ਸੋਚੋ
ਆਖ਼ਰ ਸ਼ਾਮ ਜਦੋਂ ਢਲਦੀ ਹੈ॥

ਬੁੱਢੀਆਂ ਦੀ ਪੰਜਾਬੀ ਬਨਾਂਮ ਚੀਨਨਾਂ ਦੀ ਚੀਂ ਚੀਂ.......... ਵਿਅੰਗ / ਬਰਿੰਦਰ ਢਿੱਲੋਂ ਐਡਵੋਕੇਟ

ਸਿਆਟਲ ਤੋਂ ਉੱਡੇ ਡੈਲਟਾ ਏਅਰਲਾਇਨਜ ਦੇ ਜਹਾਜ ਨੇ ਦੋ ਘੰਟਿਆਂ ਵਿੱਚ ਮੈਨੂੰ ਸਾਂਨਫਰਾਂਸਿਸਕੋ ਦੇ ਹਵਾਈ ਅੱਡੇ ਤੇ ਜਾ ਉਤਾਰਿਆ। ਮੈਂ ਘੜੀ ਵੇਖੀ ਦੁਪਹਿਰ ਦੇ ਬਾਰਾਂ ਵੱਜੇ ਸਨ। ਇੱਥੋਂ ਅਗਾਂਹ ਤਾਈਵਾਂਨ ਦੀ ਰਾਜਧਾਂਨੀਂ ਤਾਈ ਪਾਈ ਲਈ ਮੇਰੀ ਉੱਡਾਂਨ ਰਾਤ ਦੇ ਇੱਕ ਵਜੇ ਸੀ। ਮਾਰੇ ਗਏ ।ਇਹ ਤੇਰਾਂ ਘੰਟੇ ਕਿਵੇਂ ਲੰਘਣਗੇ? ਸਮਾਂ ਗੁਜਾਰਨ ਲਈ ਮੈਂ ਬਾਹਰ ਨਿੱਕਲ ਕੇ ਸ਼ੱਟਲ ਲਈ ਤੇ ਸਾਂਨਫਰਾਂਸਿਸਕੋ ਦੇ ਅਤਿ ਖੂਬਸੂਰਤ ਬਜਾਰ ‘ਚ ਘੁੰਮਨ ਚਲਾ ਗਿਆ। ਇਹ ਕੈਲੇਫੋਰਨੀਆਂ ਦਾ ਚੌਥਾ ਵੱਡਾ ਸ਼ਹਿਰ ਹੈ। ਅੱਸੂ ਦੇ ਮਹੀਨੇਂ ਸਾਂਨਫਰਾਂਸਿਸਕੋ ਠੰਡਾ ਲੱਗ ਰਿਹਾ ਸੀ। ਦੋ ਘੰਟੇ ਤੋਂ ਵੱਧ ਮੈਂ ਦੁਨੀਆਂ ਦੇ ਅਤਿ ਖੂਬਸੂਰਤ ਗੋਲਡਨ ਗੇਟ ਬਰਿੱਜ ਦੀ ਖੂਬਸਰਤੀ ਦਾ ਅਨੰਦ ਮਾਣਕੇ ਸ਼ਹਿਰ ਦੇ ਚੱਕਰ ਲਾਉਂਦੀ ਸ਼ੱਟਲ ਰਾਹੀਂ ਵਾਪਸ ਹਵਾਈ ਅੱਡੇ ਤੇ ਆ ਗਿਆ।

ਏਅਰਪੋਰਟ ਤੇ ਚੱਕਰ ਕੱਟਦਾ ਮੈਂ ਕਦੀ ਕਿਸੇ ਕੁਰਸੀ ਤੇ ਬੈਠ ਜਾਂਦਾ ਤੇ ਕਦੀ ਦੁਕਾਨਾਂ ਵੇਖਦਾ ਸਮਾਂ ਗੁਜਾਰ ਰਿਹਾ ਸੀ। ਸਾਰੇ ਪਾਸੇ ਗੋਰੇ ਤੇ ਚੀਨੇਂ ਹੀ ਦਿੱਸਦੇ ਸਨ। ਉੱਤੋਂ ਪੱਗ ਵਾਲਾ ਮੈਂ ਇਕੱਲਾ ਹੀ ਸੀ। ਮੈਂ ਕਿਸੇ ਪਂਜਾਬੀ ਨੂੰ ਵੇਖਣ ਤੇ ਪੰਜਾਬੀ ਸੁਨਣ ਲਈ ਤਰਸ ਰਿਹਾ ਸੀ। ਵਕਤ ਜਿਵੇਂ ਰੁਕ ਗਿਆ ਸੀ। ਅਚਾਂਨਕ ਇੱਕ ਕੌਫੀ ਦੀ ਦੁਕਾਂਨ ਤੇ ਮੈਂ ਸਲਵਾਰਾਂ, ਕਮੀਜਾਂ ਤੇ ਚੁੰਨੀਆਂ ਵਾਲੀਆਂ ਚਾਰ ਔਰਤਾਂ ਇੱਕ ਮੇਜ ਦਵਾਲੇ ਬੈਠੀਆਂ ਵੇਖੀਆਂ। ਉਨ੍ਹਾਂ ਕੋਲ ਪੈਰ ਮਲਦਿਆਂ ਮੈਂ ਮੁਸਕਰਾਕੇ ਹੈਲੋ ਕਹੀ। ਪਰ ਅੰਗਰੇਜਾਂ ਵਾਂਗ ਮੁਸਕਰਾਕੇ ਹੈਲੋ ਕਹਿਣਾ ਸਾਡੇ ਪੰਜਾਬੀ ਲੋਕਾਂ ਦਾ ਸੱਭਿਆਚਾਰ ਨਹੀਂ। ਅਸੀਂ ਧਰਤੀ ਦੇ ਦੂਜੇ ਪਾਸੇ ਜਾ ਕੇ ਵੀ ਆਪਣੀ ਪੰਜਾਬੀ ਬਿਮਾਰ ਮਾਨਸਿਕਤਾ ਨਹੀਂ ਛੱਡਦੇ। ਉਹ ਅੱਗੋਂ ਖੁਸ਼ ਹੋਣ ਦੀ ਥਾਂ ਰੋਣੀਆਂ ਸੂਰਤਾਂ ਨਾਲ ਚੁੱਪ ਬੈਠੀਆਂ ਰਹੀਆਂ। ਸ਼ਾਇਦ ਇੰਝ ਓਪਰੇ ਮਰਦ ਵੱਲੋਂ ਹੈਲੋ ਕਹਿਣਾ ਉਸ ਅਣਪੜ੍ਹ ਟੋਲੇ ਨੂੰ ਲੁੱਚੀ ਗੱਲ ਲੱਗੀ ਸੀ, ਕਿ ਜੇ ਉਨ੍ਹਾਂ ਦੇ ਆਦਮੀਆਂ ਨੂੰ ਪਤਾ ਚੱਲ ਗਿਆ ਤਾਂ ਘਰੇ ਜਾ ਕਿ ਕੁੱਟਣਗੇ।

ਹਨੇਰਾ ਹੋ ਗਿਆ ਸੀ। ਠੀਕ ਨੌਂ ਵਜੇ ਟਿਕਟ ਖਿੜਕੀ ਖੁੱਲ੍ਹੀ। ਇੱਥੇ ਤਿੰਨ ਪੰਜਾਬੀ ਮੁੰਡੇ ਮਿਲੇ ਜੋ ਅਮਰੀਕਾ ‘ਚ ਇੰਜਨੀਅਰ ਕਰ ਰਹੇ ਸਨ। ਜਦੋਂ ਮੈਂ ਉਨ੍ਹਾਂ ਨੂੰ ਆਪਣੇ ਇਕੱਲੇ ਬੈਠੇ ਬੋਰ ਹੋਣ ਬਾਰੇ ਦੱਸਿਆ ਤਾਂ ਉਹ ਮੈਨੂੰ ਬਾਹਰ ਪਾਰਕਿੰਗ ਵਿੱਚ ਖੜ੍ਹੀ ਆਪਣੀ ਕਾਰ ਦੀ ਡਿੱਕੀ ਦਾ ਗੇੜਾ ਲਵਾਉਣ ਲੈ ਗਏ। ਪਹਿਲਾਂ ਵੇਖੀਆਂ ਅਣਪੜ੍ਹ ਔਰਤਾਂ ਦੇ ਮੁਕਾਬਲੇ ਉਹ ਹਵਾਈ ਅੱਡੇ ਤੇ ਮੇਲੇ ਵਾਂਗ ਫਿਰ ਰਹੇ ਸਨ। ਉਨ੍ਹਾਂ ਮੇਰਾ ਬੈਗ ਵੀ ਚੁੱਕ ਲਿਆ ਤੇ ਪਲਾਂ ਵਿੱਚ ਹੀ ਮੇਰੇ ਨਾਲ ਘੁਲ ਮਿਲ ਵੀ ਗਏ। ਅਸੀਂ ਬੋਰਡਿੰਗ ਪਾਸ ਲੈ ਕੇ ਅੰਦਰ ਲੰਘ ਗਏ। ਸਕਿਉਰਟੀ ਚੈੱਕ ਵੇਲੇ ਗੋਰੀ ਨੇ ਮੇਰਾ ਪੇਸਟ ਵੇਖਦਿਆਂ ਇਸ ਨੂੰ ਸੁੱਟ ਦੇਣ ਲਈ ਕਿਹਾ ਕਿ ਇਹ ਜਹਾਜ ‘ਚ ਨਹੀਂ ਜਾ ਸਕਦਾ। ਮੇਰੇ ਦਿਲ ‘ਚ ਆਈ , ਬੱਚੂ ਜਦੋਂ ਬਗਾਂਨੇ ਘਰੀਂ ਜਾ ਕੇ ਬੰਬ ਸੁੱਟਦੇ ਹੋ ਓਦੋਂ ਸੋਚਣਾਂ ਸੀ। ਹੁਣ ਆਪਣੀ ਵਾਰੀ ਪੇਸਟਾਂ ਤੋਂ ਵੀ ਡਰ ਲੱਗਣ ਲੱਗ ਪਿਆ।

ਰਾਤੀਂ ਡੇਢ ਵਜੇ ਦਿਉ ਜਿੱਡੇ ਚੀਨੀਂ ਏਅਰ ਲਾਇਨਜ ਦੇ ਜਹਾਜ ਨੇ ਦਹਾੜ ਮਾਰੀ ਤੇ ਬੱਦਲਾਂ ਨੂੰ ਚੀਰਦਾ ਅਸਮਾਂਨ ‘ਚ ਤੈਰਨ ਲੱਗਾ। ਇੱਥੋਂ ਹੀ ਮੇਰੇ ਅੱਜ ਵਾਲੇ ਲੇਖ ਦੀ ਕਹਾਣੀ ਸ਼ੁਰੂ ਹੁੰਦੀ ਹੈ। ਹੁਣ ਤੱਕ ਜਹਾਜ ਵਿੱਚ ਕਈ ਪੰਜਾਬੀ ਹੋ ਗਏ ਸਨ ਪਰ ਸੱਭ ਮੋਨੇਂ ਹੋਣ ਕਾਰਨ ਪਤਾ ਨਹੀਂ ਸੀ ਲੱਗ ਰਿਹਾ। ਚੀਂਨੀਂ ਏਅਰ ਹੋਸਟੈੱਸਾਂ ਟਰਾਲੀਆਂ ਲੈ ਕੇ ਖਾਣਾਂ ਵਰਤਾ ਰਹੀਆਂ ਸਨ। ਮੇਰੇ ਨੇੜੇ ਹੀ ਤਿੰਨ ਦੇਸੀ ਬੁੱਢੀਆਂ ਬੈਠੀਆਂ ਸਨ। ਅਚਾਂਨਕ ਇੱਕ ਭਾਰੀ ਜਿਹੀ ਬੁੱਢੀ ਸੀਟ ਤੋਂ ਉੱਠਕੇ ਬੋਲਣ ਲੱਗੀ, “ਭਾਈ ਕੁੜੀਓ ਮੇਰੀ ਦਵਾਈ ਵਾਲੀ ਸ਼ੀਸ਼ੀ ਡਿੱਗ ਪਈ।” ਇੱਕ ਚੀਂਨੀ ਕੁੜੀ ਉਸ ਕੋਲ ਆ ਕੇ ਪੁੱਛਣ ਲੱਗੀ ਕਿ ਕੀ ਸਮੱਸਿਆ ਹੈ? ਮਾਈ ਫਿਰ ਦੱਸਣ ਲੱਗੀ ਕਿ , “ਆਹ ਮੇਰੇ ਹੱਥ ਵਿਚਲੀ ਸ਼ੀਸ਼ੀ ਵਰਗੀ ਸ਼ੀਸ਼ੀ ਕਿਤੇ ਡਿੱਗ ਪਈ.......।” ਏਅਰ ਹੋਸਟੈੱਸ ਜੋ ਉਹਦੀ ਹਿੱਕ ਤੱਕ ਆਉਂਦੀ ਸੀ, ਸਿਰ ਹਲਾਕੇ ਅੱਖਾਂ ਝਪਕਦੀ ਸਮਝਣ ਦੀ ਕੋਸਿ਼ਸ਼ ਕਰਦੀ ਮਰੀਅਲ ਜਿਹੀ ਅਵਾਜ ਵਿੱਚ ਚੀਂ,ਸ਼ੀਂ ਫੀਂ ਕਰ ਰਹੀ ਸੀ। ਪਰ ਓੁਹਦੇ ਪੱਲੇ ਕੁੱਝ ਨਹੀਂ ਸੀ ਪੈ ਰਿਹਾ ਤੇ ਮਾਈ ਚੀਨੀਂ ਜਹਾਜ ਨੂੰ ਪੰਜਾਬ ਦੀ ਸਭਾਤ ਸਮਝਕੇ ਗਰਜ ਰਹੀ ਸੀ, “ ਜਮਾਂ ਇਹਦੇ ਵਰਗੀ, ਮੇਰੇ ਬਲੱਡ ਵਧਦੇ ਦੀ ਦਵਾਈ......।” ਮਸਲਾ ਸੁਲਝਦਾ ਨਾ ਵੇਖਕੇ,ਓਦੋਂ ਹੀ ਇੱਕ ਹੋਰ ਏਅਰ ਹੋਸਟੈੱਸ ਆਈ ਤੇ ਉਸਨੇ ਮਾਈ ਦੀ ਸ਼ੀਸ਼ੀ ਸੀਟ ਹੇਠੋਂ ਲੱਭਕੇ ਦੇ ਦਿੱਤੀ। ਮੈਂ ਉਸ ਕੁੜੀ ਨੂੰ ਪੁੱਛਿਆ ਕਿ ਤੂੰ ਪੰਜਾਬੀ ਜਾਣਦੀ ਹੈਂ? ਉਹ ਖੁਸ਼ ਹੋ ਕਿ ਬੋਲੀ , “ਅੰਕਲ ਮੈਂ ਦੇਹਰਾਦੂੰਨ ਦੀ ਹਾਂ ਪੱਕੀ ਇੰਡੀਅਨ।” “ਫੇਰ ਤਾਂ ਤੂੰ ਸਾਡੀ ਕੁੜੀ ਹੈਂ, ਇੱਕ ਬੀਅਰ ਹੀ ਦੇ ਜਾਹ।” ਹੁਣੇ ਲਉ ਅੰਕਲ ਕਹਿੰਦਿਆਂ ਉਹ ਹੱਸ ਪਈ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਕਨੇਡਾ ਨੂੰ ਜਾਣ ਵਾਲੇ ਅਣਪੜ੍ਹ ਪੰਜਾਬੀਆਂ ਨਾਲ ਨਿਪਟਣ ਲਈ ਚੀਂਨੀ ਏਅਰਲਾਇਨਜ਼ ਨੇ ਹਰੇਕ ਜਹਾਜ ਵਿੱਚ ਇੱਕ ਦੋ ਭਾਰਤੀ ਕੁੜੀਆਂ ਨੂੰ ਲਾਇਆ ਹੁੰਦਾ। ਖਾਣਾ ਖਾਣ ਦੌਰਾਂਨ ਮੇਰੇ ਨਾਲ ਦੀ ਸੀਟ ਤੇ ਬੈਠੇ ਮੋਨੇਂ ਭਾਈ ਨੇ ਸੀਟਾਂ ਵਿੱਚ ਝੁਕ ਕੇ ਆਸਾ ਪਾਸਾ ਵੇਖਦਿਆਂ ਬੈਗ ‘ਚੋਂ ਬੋਤਲ ਕੱਢੀ ਤੇ ਇੱਕੋ ਸਾਹ ਗਲਾਸ ਭਰਕੇ ਪੀ ਗਿਆ। ਤੇ ਖਾਣਾ ਖਾਣ ਲੱਗ ਪਿਆ। ਉਹਦੀ ਕਲਾਕਾਰੀ ਵੇਖਕੇ ਮੈਂ ਮਨ ‘ਚ ਹੀ ਕਿਹਾ। ਅੱਛਾ ਤੂੰ ਵੀ ਪੰਜਾਬੀ ਹੈਂ? ਗੁੱਝੀ ਰਹੇ ਨਾ ਹੀਰ ਹਜਾਰ ਵਿੱਚੋਂ।
ਹੁਣ ਸਵਾਰੀਆਂ ਸੌਂ ਰਹੀਆਂ ਸਨ ਤੇ ਕਈ ਸਾਹਮਣੇ ਟੀ.ਵੀ.ਵੇਖ ਰਹੇ ਸਨ। ਬਹੁਤੇ ਗੋਰੇ ਕੰਨਾਂ ਤੇ ਲੱਗੇ ਏਅਰ ਫੋਨਾਂ ਰਾਹੀਂ ਗਾਣੇ ਸੁਣ ਰਹੇ ਸਨ। ਅੰਦਰ ਬੈਠਿਆਂ ਨੂੰ ਜਹਾਜ ਇੱਕੋ ਥਾਂ ਖਲੋਤਾ ਲੱਗਦਾ ਸੀ। ਮੈਂ ਆਪਣੀ ਸਾਹਮਣੀ ਸੀਟ ਦੇ ਪਿੱਛੇ ਲੱਗੇ ਛੋਟੇ ਟੀ.ਵੀ. ਦਾ ਚੈੱਨਲ ਬਦਲਕੇ ਜਹਾਜ ਦਾ ਜੁਗਰਾਫੀਆ ਪੜ੍ਹਿਆ। ਸਪੀਡ 1100 ਕਿਲੋ ਮੀਟਰ ਤੇ ਧਰਤੀ ਤੋਂ ਉੱਚਾਈ 11 ਕਿਲੋ ਮੀਟਰ। ਚੀਨਾ ਡਰਾਇਵਰ ਚਾਰ ਸੌ ਸਵਾਰੀਆਂ ਵਾਲੇ ਬੋਇੰਗ ਜਹਾਜ ਨੂੰ ਮਰੁਤੀ ਕਾਰ ਬਣਾਈ ਜਾ ਰਿਹਾ ਸੀ। ਜਹਾਜ ਨੀਲੇ ਸਮੁੰਦਰ ਤੇ ਉੱਡ ਰਿਹਾ ਸੀ। ਸਵੇਰ ਹੋ ਰਹੀ ਸੀ ਜਦੋਂ ਜਹਾਜ ਦੀਆਂ ਬੱਤੀਆਂ ਜਗ ਪਈਆਂ। ਸਵਾਰੀਆਂ ਵਾਰੋ ਵਾਰੀ ਬਾਥ ਰੂਮ ਜਾ ਰਹੀਆਂ ਸਨ। ਮੇਰੇ ਅੱਗੇ ਵਾਲੀਆਂ ਸੀਟਾਂ ਤੇ ਬਾਰੀ ਵੱਲ ਬੈਠੀ ਗੋਰੀ ਜਾਣ ਲਈ ਖੜ੍ਹੀ ਹੋਈ। ਕਾਨੂੰਨ ਅਨੁਸਾਰ ਉਹਦੇ ਸੱਜੇ ਪਾਸੇ ਬੈਠੀਆਂ ਦੋਵਾਂ ਸਵਾਰੀਆਂ ਨੇ ਸੀਟਾਂ ਤੋਂ ਖੜ੍ਹੇ ਹੋ ਕੇ ਉਸ ਨੂੰ ਲਾਂਘਾ ਦੇਣਾ ਸੀ। ਸੋ ਉਸ ਨਾਲ ਦੀ ਤੀਜੀ ਸੀਟ ਤੇ ਬੈਠਾ ਗੋਰਾ ਵੀ ਸੀਟ ਛੱਡਕੇ ਖੜ੍ਹਾ ਹੋ ਗਿਆ। ਪਰ ਗੋਰੀ ਦੀ ਨਾਲ ਵਾਲੀ ਦੂਜੀ ਸੀਟ ਤੇ ਇੱਕ ਪੰਜਾਬੀ ਬੁੱਢੀ ਬੈਠੀ ਸੀ। ਉਹ ਲੱਤਾਂ ਇਕੱਠੀਆਂ ਕਰਕੇ ਗੋਡੇ ਹਿੱਕ ਨਾਲ ਲਾ ਕੇ ਸੀਟ ਤੇ ਹੀ ਸੂੰਗੜ ਕੇ ਬਹਿ ਗਈ। ਗੋਰੀ ਚੁੱਪ ਕਰਕੇ ਉਹਦੇ ਉੱਠਣ ਦੀ ਉਡੀਕ ਕਰ ਰਹੀ ਸੀ। ਉਹਨੂੰ ਖਲੋਤੀ ਵੇਖਕੇ ਮਾਈ ਹੱਥ ਦਾ ਇਸ਼ਾਰਾ ਕਰਦੀ ਬੋਲੀ, “ ਤੁਸੀਂ ਲੰਘ ਜਾਉ ਜੀ।” ਪਰ ਗੋਰੀ ਸਮਝ ਨਹੀਂ ਸੀ ਰਹੀ। ਮਾਈ ਜਹਾਜ ਨੂੰ ਰੋਡਵੇਜ ਦੀ ਬੱਸ ਹੀ ਸਮਝ ਰਹੀ ਸੀ। ਉਸਨੇ ਫੇਰ ਕਿਹਾ, “ਤੁਸੀਂ ਲੰਘ ਜਾਉ ਜੀ ।” ਗੋਰੀ ਕੁੱਝ ਵੀ ਸਮਝ ਨਹੀਂ ਸੀ ਰਹੀ। ਪਰ ਮਾਈ ਦੇ ਬਾਰ ਬਾਰ ਹੱਥ ਦੇ ਕੀਤੇ ਜਾ ਰਹੇ ਇਸ਼ਾਰੇ ਤੋਂ ਸਮਝਕੇ,ਉਹ ਪਾਸਾ ਵੱਟਕੇ ਉਸਦੀ ਸੀਟ ਅੱਗੋਂ ਲੰਘ ਗਈ।

ਜਹਾਜ ਉੱਡਦਾ ਰਿਹਾ। ਸੂਰਜ ਉਚਾ ਚੜ੍ਹ ਆਇਆ ਸੀ। ਅਖੀਰ ਤਾਈ ਪਾਈ ਦਾ ਹਵਾਈ ਅੱਡਾ ਆ ਗਿਆ। ਪੱਛਮੀਂ ਮੁਲਕਾਂ ਵਿੱਚ ਲਾਇਨ ਬਣਾਕੇ ਆਪਣੀ ਵਾਰੀ ਸਿਰ ਲੰਘਣ ਦਾ ਰਿਵਾਜ ਹੈ। ਸਾਡੇ ਮੁਲਕ ਵਿੱਚ ਅਗਾਂਹ ਵਾਲੇ ਨੂੰ ਧੱਕਾ ਮਾਰਕੇ ਪਹਿਲਾਂ ਲੰਘਣ ਦਾ ਰਿਵਾਜ ਹੈ। ਉਹ ਕਤਾਰ ਵੀ ਖਿੜਕੀ ਤੋਂ ਦੋ ਕਦਮਾਂ ਪਿਛਾਂਹ ਬਣਾਉਂਦੇ ਹਨ, ਤੇ ਅਸੀਂ ਖਿੜਕੀ ‘ਚ ਚਾਰ ਹੱਥ ਇਕੱਠੇ ਪਾਉਂਦੇ ਹਾਂ। ਜਹਾਜ ਰੁਕੇ ਤੋਂ ਸਵਾਰੀਆਂ ਪਹਿਲਾਂ ਆਪਣੇ ਤੋਂ ਅੱਗੇ ਵਾਲੀਆਂ ਸੀਟਾਂ ਤੇ ਬੈਠੇ ਲੋਕਾਂ ਨੂੰ ਲੰਘ ਜਾਣ ਤੱਕ ੳਡੀਕਦੀਆਂ ਹਨ। ਮੇਰੇ ਤੋਂ ਪਿਛਾਂਹ ਬੈਠੀ ਇੱਕ ਹੋਰ ਤਕੜੀ ਬੁੱਢੀ, ਦੋ ਤਿੰਨ ਸਵਾਰੀਆਂ ਵਿੱਚੋਂ ਧੁੱਸ ਦੇਂਦੀ ਮੇਰੇ ਬਰਾਬਰ ਆ ਕਿ ਉੱਪਰੋਂ ਆਪਣਾ ਬੈਗ ਚੁੱਕਣ ਲੱਗੀ। ਪਰ ਉਸ ਸੀਟ ਅੱਗੇ ਇੱਕ ਗੋਰੀ ਖੜ੍ਹੀ ਸੀ। ਉਹਨੇ ਗੋਰੀ ਨੂੰ ਮੋਢੇ ਤੋਂ ਹੱਥ ਲਾ ਕੇ ਪਾਸੇ ਕਰਦਿਆਂ ਕਿਹਾ, “ ਭਾਈ ਪਰ੍ਹੇ ਹੋਈਂ ਮੈਂ ਆਪਣਾ ਬੈਗ ਲਾਹੁਣਾ ਹੈ।” ਗੋਰੀ ਹੈਰਾਂਨ ਹੋ ਗਈ। ਉਹ ਇੱਕ ਦਮ ਚੀਖਦੀ (ਪਰ ਹੌਲੀ ਅਵਾਜ ਵਿੱਚ) ਅੰਗਰੇਜੀ ਵਿੱਚ ਬੋਲੀ, “ ਇਹ ਔਰਤ ਕਿੰਨੀ ਰੁੱਖੀ ਹੈ।” ਮੈਂ ਮਾਈ ਵੱਲੋਂ ਉਸ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਇਹ ਅੰਗਰੇਜੀ ਨਹੀਂ ਜਾਣਦੀ। ਇਸਦਾ ਕਸੂਰ ਨਹੀਂ ਹੈ। ਪਰ ਗੋਰੀ ਮੈਂਨੂੰ ਕਹਿਣ ਲੱਗੀ, “ ਦੈਟਸ ਓ.ਕੇ. ਪਰ ਇਹ ਇੰਨੀ ਰੂਡ ਕਿਉਂ ਹੈ?” ਮੈਂ ਗੱਲ ਨੂੰ ਆਈ ਗਈ ਕਰਕੇ ਰੋਲਦਿਆਂ ਮਨ ਵਿੱਚ ਕਿਹਾ ਮੇਮ ਜੀ ਇਹ ਤਾ ਇਹਦੀ ਮਿੱਠੀ ਬੋਲੀ ਹੈ। ਜੇ ਤੂੰ ਪੰਜਾਬ ‘ਚ ਹੁੰਦੀ ਤਾਂ ਇਹਨੇ ਤੈਨੂੰ ਕਹਿਣਾ ਸੀ, “ ਤੈਨੂੰ ਦਿੱਸਦਾ ਨਹੀਂ ਮੈਂ ਬੈਗ ਚੁੱਕਣਾ ਹੈ: ਤੂੰ ਮੂੰਹ ਚੱਕੀ ਮੂਹਰੇ ਖੜ੍ਹੀ ਹੈਂ । ਬੈਤਲ ਨਾ ਹੋਵੇ ਕਿਸੇ ਥਾਂ ਦੀ।”

ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਸਾਂ ਤਾਂ ਮੇਰੇ ਮਿੱਤਰ ਬਲਦੇਵ ਦਾ ਜਰਮਨ ਤੋਂ ਫੋਂਨ ਆ ਗਿਆ। ਮੈਂ ਉਹਨੂੰ ਇਸ ਲਿਖੇ ਜਾ ਰਹੇ ਲੇਖ ਬਾਰੇ ਦੱਸਿਆ। ਉਸ ਮੈਨੂੰ ਇੱਕ ਸੱਚੀ ਘਟਣਾ ਸੁਣਾਈ ਤੇ ਸੁਝਾਅ ਦੇਣ ਲੱਗਾ ਕਿ ਪੰਜਾਬੀ ਮਾਨਸਕਤਾ ਦਰਸਾਉਂਦੀ, ਮੈਂ ਇਹ ਘਟਣਾਂ ਜਰੂਰ ਲਿਖਾਂ। ‘ਵਾਰਸਸ਼ਾਹ ਫਰਮਾਇਆ ਪਿਆਰਿਆਂ ਦਾ ਅਸਾਂ ਮੰਨਿਆ ਮੂਲ ਨਾ ਮੋੜਿਆ ਈ।’ ਮੈਂ ਹੂ ਬ ਹੂ ਲਿਖ ਰਿਹਾਂ । “ ਜਰਮਨ ਦੇ ਸ਼ਹਿਰ ਮਿਉਨਿਖ ਵਿੱਚ ਜਦੋਂ ਉਹ ਆਪਣੇ ਘਰ ਮੇਜ ਤੇ ਰੋਟੀ ਖਾਣ ਲੱਗਦੇ ਹਨ ਤਾਂ ਉਸਦੀ ਜਰਮਨ ਪਤਨੀ ਜਰਮਨਾਂ ਦੇ ਸੁਭਾਅ ਅਨੁਸਾਰ ਬੱਚਿਆਂ ਸਮੇਤ ਅਰਦਾਸ ਕਰਦੀ ਹੈ ਕਿ, “ਰੱਬਾ ਜਿਹੋ ਜਿਹਾ ਖਾਣਾਂ ਸਾਨੂੰ ਦਿੱਤਾ ਹੈ, ਸੱਭ ਨੂੰ ਦੇਵੀਂ; ਤੇਰਾ ਬਹੁਤ ਬਹੁਤ ਧੰਨਵਾਦ।” ਇੱਕ ਦਿਨ ਉਸਦੀ ਚਾਰ ਸਾਲ ਦੀ ਬੇਟੀ ਪੁੱਛਣ ਲੱਗੀ ਕਿ ਪੰਜਾਬ ਵਿੱਚ ਲੋਕ ਖਾਣਾ ਖਾਣ ਵੇਲੇ ਕੀ ਕਹਿੰਦੇ ਹਨ? ਬਲਦੇਵ ਦਾ ਜਵਾਬ ਸੀ ਕਿ, “ਭਲੇ ਵੇਲਿਆਂ ‘ਚ ਤਾਂ ੳੱਥੇ ਵੀ ਲੋਕ ਇੰਜ ਹੀ ਸੋਚਦੇ ਸਨ । ਪਰ ਅੱਜ ਕੱਲ੍ਹ ਕਹਿੰਦੇ ਹਨ, “ਰੱਬਾ ਮੈਨੂੰ ਤਾਂ ਦੇ ‘ਤਾ, ਵੇਖੀਂ ਕਿਤੇ ਕਿਸੇ ਹੋਰ ਨੂੰ ਦੇ ਦੇਵੇਂ।”

ਗੋਰੇ ਲੋਕ ਸਾਡੇ ਵਰਗੀ “ਪਿਆਰੀ” ਬੋਲੀ ਦੇ ਆਦੀ ਨਹੀਂ ਹਨ। ਇੰਜ ਕਿਸੇ ਨੂੰ ਹੱਥ ਲਾ ਕੇ ਪਾਸੇ ਹੋਣ ਲਈ ਕਹਿਣਾ ਤਾਂ ਸਿਰੇ ਦੀ ਬਦਤਮੀਜ਼ੀ ਹੈ। ਉਹ ਗੱਲ ਗੱਲ ਤੇ ਮੁਸਕਰਾਂਉਂਦੇ,ਥੈਂਕ ਯੂ.,ਵੈੱਲਕਮ ਤੇ ਪਲੀਜ ਕਹਿੰਦੇ ਹਨ। ਅਸੀਂ ਪੱਛਮ ਤੋਂ ਤਹਿਜੀਬ ਸਿੱਖਣ ਦੀ ਥਾਂ ਖੂਹ ਦੇ ਡੱਡੂ ਬਣਕੇ ਆਪਣੀਆਂ ਹੀ ਸਿਫਤਾਂ ਕਰਨਾ ਗਿੱਝ ਗਏ ਹਾਂ। ਆਪਣੀਆਂ ਬੁਰਾਈਆਂ ਨੂੰ ਵੀ ਗੁਣ ਕਹਿ ਕੇ ਸਟੇਜਾਂ ਤੋਂ ਪ੍ਰਚਾਰਦੇ ਹਾਂ। ਪੰਜਾਬੀ ਸਾਡੀ ਮਾਂ ਬੋਲੀ ਹੈ। ਕਿਸੇ ਵੀ ਮਾਂ ਬੋਲੀ ਦੀ ਥਾਂ ਕੋਈ ਹੋਰ ਬੋਲੀ ਨਹੀਂ ਲੈ ਸਕਦੀ। ਪਰ ਸਨਕ ਦੀ ਹੱਦ ਤੱਕ ਕੌਮਾਤਰੀ ਬੋਲੀ ਅੰਗਰੇਜੀ ਨੂੰ ਨਕਾਰਨਾਂ ਪੰਜਾਬ ਵਿੱਚ ਤਾਂ ਠੀਕ ਹੋ ਸਕਦਾ; ਪਰ ਵਿਦੇਸ਼ਾਂ ‘ਚ ਨਹੀਂ । ਵਿਦੇਸ਼ਾਂ ‘ਚ ਜਾਣ ਲਈ ਅੰਗਰੇਜੀ ਜਰੂਰੀ ਹੈ। ਉੱਥੇ ਅਣਪੜ੍ਹ ਗੂੰਗਿਆਂ ਵਰਗੇ ਹੀ ਹਨ। ਇਸੇ ਲਈ ਹੁਣ ਅੰਗਰੇਜਾਂ ਨੇ ਬਾਹਰ ਜਾਣ ਵਾਲੇ ਲੋਕਾਂ ਲਈ ਅੰਗਰੇਜੀ ਦਾ ਇਮਤਿਹਾਂਨ ਪਾਸ ਕਰਨਾਂ (ਆਇਲਟਸ) ਜਰੂਰੀ ਕਰ ਦਿੱਤਾ ਹੈ। ਵਿਦੇਸ਼ ਜਾਣ ਲਈ ਅਣਖ,ਇੱਜਤ ਦਾਅ ਤੇ ਲਾ ਦੇਣ ਲਈ ਤਿਆਰ, ਪੰਜਾਬੀ ਲੋਕ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਲੱਗੇ ਹਨ, “ਆਇਲਟਸ ਪਾਸ ਇੱਕ ਲੜਕੀ ਚਾਹੀਏ; ਵਿਆਹ ਅਤੇ ਜਾਣ ਦਾ ਸਾਰਾ ਖਰਚਾ ਲੜਕੇ ਵਾਲੇ ਕਰਨਗੇ।” ਇਸੇ ਲਈ ਤਾਂ ਪੰਜਾਬੀ ਦੇ ਪੱਤਰਕਾਰ, ਸੰਪਾਦਕ ਤੇ ਸਰਕਾਰੀ ਅਧਿਆਪਕ, ਆਪਣੇ ਬੱਚਿਆਂ ਨੂੰ ਅੰਗਰੇਜੀ ਸਕੂਲਾਂ ਵਿੱਚ ਪੜ੍ਹਾਉਂਦੇ ਹਨ। ਪੰਜਾਬੀ ਬੋਲੀ ਲਾਗੂ ਕਰਾਉਣ ਲਈ ਚੰਡੀਗੜ੍ਹ ਦੇ ਮਟਕਾ ਚੌਂਕ ਵਿੱਚ ਧਰਨਾਂ ਦੇਣ ਵਾਲੇ, ਪੰਜਾਬੀ ਲੇਖਕ ਵੀ ਆਪਣੇ ਬੱਚਿਆਂ ਨੂੰ ਆਇਲਟਸ ਦੇ ਇਮਤਿਹਾਂਨ ਦੀ ਤਿਆਰੀ ਕਰਾਉਣ ਲਈ ਕੋਚਿੰਗ ਸੈਂਟਰਾਂ ‘ਚ ਛੱਡਣ ਜਾਂਦੇ ਹਨ।

ਤੜਪਦੀ ਤਰਬ ਮੇਰੀ.......... ਗ਼ਜ਼ਲ / ਸੁਨੀਲ ਚੰਦਿਆਣਵੀ

ਤੜਪਦੀ ਤਰਬ ਮੇਰੀ ਸੁਰ ਲਈ ਫ਼ਨਕਾਰ ਤੋਂ ਪਿੱਛੋਂ
ਕਿਵੇਂ ਬੈਠਾਂ ਮੈਂ ਚੁੱਪ ਦੀ ਗੋਦ ਵਿੱਚ ਟੁਣਕਾਰ ਤੋਂ ਪਿੱਛੋਂ


ਕਿਹਾ ਮੈਂ ਵੀ ਮੁਬਾਰਕ ਉਸਨੂੰ ਆਪਣੀ ਹਾਰ ਤੋਂ ਪਿੱਛੋਂ
ਮੇਰੇ ਰਾਹੀਂ ਉਹ ਫੁੱਲ ਬਣਿਆ ਨਿਕੰਮਾਂ ਖ਼ਾਰ ਤੋਂ ਪਿੱਛੋਂ

ਉਹ ਫੁੱਲ ਬਣਿਆ, ਮਹਿਕ ਬਣਿਆ ਤੇ ਛਾਂ ਬਣ ਝੂਮਿਆ ਸਿਰ ਤੇ
ਮੇਰਾ ਆਪਾ ਭੁਲਾ ਦਿੱਤਾ ਮੇਰੇ ਇਜ਼ਹਾਰ ਤੋਂ ਪਿੱਛੋਂ

ਉਹ ਅਕਸਰ ਆਖਦਾ ਮੈਨੂੰ ਕਿ ਹੋ ਸੌੜਾ ਨਾ ਵਗਿਆ ਕਰ
ਗਿਆ ਪੁੱਟਿਆ ਜੜ੍ਹੋਂ ਹੀ ਉਹ ਮੇਰੇ ਵਿਸਥਾਰ ਤੋਂ ਪਿੱਛੋਂ

ਮੈਂ ਪਰਬਤ ਸਿਰ ਤੇ ਚੁੱਕੀ ਫਿਰ ਰਿਹਾ ਸਾਂ ਆਸ ਤੇਰੀ ਦਾ
ਤੇ ਹੌਲਾ ਫੁੱਲ ਹੋਇਆ ਹਾਂ ਤੇਰੇ ਇਨਕਾਰ ਤੋਂ ਪਿੱਛੋਂ

ਚੁਫ਼ੇਰੇ ਸ਼ੋਰ ਤੋਂ ਡਰ ਕੇ ਸਾਂ ਭੱਜਿਆ ਸ਼ਾਂਤ ਹੋਵਣ ਨੂੰ
ਮੈਂ ਮੁੜ ਆਇਆਂ ਤੇਰੀ ਝਾਂਜਰ ਦੀ ਇੱਕ ਛਣਕਾਰ ਤੋਂ ਪਿੱਛੋਂ

ਮੈਂ ਰੁੱਖ ਹਾਂ ਬਾਂਸ ਦਾ ਇਤਰਾਜ਼ ਨਾ ਕੋਈ ਝੁਕਣ ਵਿੱਚ ਮੈਨੂੰ
ਮੈਂ ਫਿਰ ਤੋਂ ਉੱਠ ਜਾਂਦਾ ਹਾਂ ਹਵਾ ਦੇ ਵਾਰ ਤੋਂ ਪਿੱਛੋਂ

ਲਾਸਾਨੀ ਸਾਖੀ.......... ਰਾਕੇਸ਼ ਵਰਮਾ




ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ,
ਪੂਰੀ ਸਾਖੀ ਲਾਸਾਨੀ ਐ...!!

ਪਟਨਾ ਸਾਹਿਬ ਵਿਖੇ ਪ੍ਰਗਟ ਹੋਏ,
ਗੁਰੂ ਤੇਗ ਬਹਾਦੁਰ ਜੀ ਦੇ ਜਾਏ,
ਅਲੌਕਿਕ ਸੀਰਤ ਦੇ ਮਾਲਕ ਨੂੰ,
ਮਾਤਾ ਗੁਜਰੀ ਗੋਦ ਖਿਡਾਏ,

ਬਚਪਨ ਵਿੱਚ ਹੀ ਜ਼ਾਹਿਰ ਹੋ ਗਿਆ
ਕਿ ਇਹ ਬਾਲਕ ਨੂਰਾਨੀ ਐ....
ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ,
ਪੂਰੀ ਸਾਖੀ ਲਾਸਾਨੀ ਐ...!!

ਵਿੱਚ ਅਨੰਦਪੁਰ ਪੰਡਤ ਆਏ,
ਹਾਲ-ਦੁਹਾਈ ਪਾਵਣ ਲੱਗੇ,
ਔਰੰਗਜ਼ੇਬ ਦੇ ਜ਼ੁਲਮਾਂ ਦੀ ਉਹ
ਗਾਥਾ ਦੱਸ ਕੁਰਲਾਵਣ ਲੱਗੇ,
ਬਾਲ ਗੁਰੂ ਗੋਬਿੰਦ ਪਿਤਾ ਦੀ
ਦਿੱਤੀ ਉਦੋਂ ਕੁਰਬਾਨੀ ਐ....
ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ,
ਪੂਰੀ ਸਾਖੀ ਲਾਸਾਨੀ ਐ...!!

ਦਿਨ ਵਿਸਾਖੀ ਵਾਲਾ ਸੰਗਤੋ !
ਸੋਲਾਂ ਸੌ ਨੜਿੱਨਵੇਂ ਦਾ ਆਇਆ,
ਬਖਸ਼ ਕੇ ਅੰਮ੍ਰਿਤ ਦਾਤ ਗੁਰਾਂ ਨੇ,
ਖਾਲਸ ਨਵਾਂ ਇੱਕ ਪੰਥ ਸਜਾਇਆ
ਚਿੜੀਓ ਬਾਜ ਮਰਾਵਣ ਵਾਲੇ,
ਗੁਰੂ ਸਿੱਖ ਪੰਥ ਦੇ ਬਾਨੀ ਐ....
ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ,
ਪੂਰੀ ਸਾਖੀ ਲਾਸਾਨੀ ਐ...!!

ਮੁਗਲਾਂ ਦੇ ਨਾਲ ਲੋਹਾ ਲੈਣ ਲਈ,
ਵੱਡੇ ਸਾਹਿਬਜ਼ਾਦੇ ਭੇਜੇ,
ਵਿੱਚ ਗੜ੍ਹੀ ਚਮਕੌਰ ਉਹਨਾਂ ਨੇ,
ਮੁਗਲੀ ਫੌਜਾਂ ਟੰਗੀਆਂ ਨੇਜ਼ੇ
ਪਿਤਾ ਦਾ ਹੁਕਮ ਸਿਰ ਮੱਥੇ ਮੰਨ ਕੇ
ਉਹਨਾਂ ਲੇਖੇ ਲਾਈ ਜਵਾਨੀ ਐ....
ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ,
ਪੂਰੀ ਸਾਖੀ ਲਾਸਾਨੀ ਐ...!!

ਸਰਸਾ ਨਦੀ ਵਿਛੋੜਾ ਪਾਇਆ,
ਸੂਬਾ-ਸਰਹੰਦ ਨੇ ਕਹਿਰ ਕਮਾਇਆ,
ਨਿੱਕੀ ਉਮਰੇ-ਵੱਡਾ ਸਾਕਾ,
ਸਾਹਿਬਜ਼ਾਦਿਆਂ ਕਰ ਵਿਖਾਇਆ,
ਈਨ ਨਹੀਂ ਮੰਨੀ ਮੁਗਲਾਂ ਦੀ
ਅੱਜ ਵੀ ਦੀਵਾਰ ਨਿਸ਼ਾਨੀ ਐ,
ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ,
ਪੂਰੀ ਸਾਖੀ ਲਾਸਾਨੀ ਐ...!!

ਆਓ ਸੰਗਤੋ ! ਸਿੱਖਿਆ ਲਈਏ,
ਸਿਰ ਦੇਈਦੇ ਪਰ ਸਿਰੜ ਨਾ ਦੇਈਏ,
ਪਤਿਤ ਪੁਣੇ ਵਾਲੇ ਕੰਮ ਛੱਡੀਏ,
ਗੁਰਾਂ ਦੇ ਦੱਸੇ ਰਾਹ ਤੇ ਪਈਏ,
ਧਰਮ ਦੀ ਰੱਖਿਆ ਲਈ ਗੁਰਾਂ ਨੇ
ਦਿੱਤੀ ਮਹਾਨ ਕੁਰਬਾਨੀ ਐ....।
ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ,
ਪੂਰੀ ਸਾਖੀ ਲਾਸਾਨੀ ਐ...!!

ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ,
ਪੂਰੀ ਸਾਖੀ ਲਾਸਾਨੀ ਐ...।।

ਵਰ੍ਹਦੇ ਰਹੇ ਬੱਦਲ……… ਗ਼ਜ਼ਲ / ਸ਼ਮਸ਼ੇਰ ਮੋਹੀ

ਵਰ੍ਹਦੇ ਰਹੇ ਬੱਦਲ ਇਹ ਖ਼ਬਰੇ ਕਿਸ ਜਗ੍ਹਾ
ਏਥੇ ਸਦਾ ਚਰਚਾ ਰਿਹਾ ਬਸ ਤਪਸ਼ ਦਾ


ਖ਼ਬਰੇ ਹਵਾ ਨੇ ਝੰਬਿਆ ਹੈ ਕਿਸ ਕਦਰ,
ਹਰ ਬਿਰਖ ਲਗਦਾ ਹੈ ਬੜਾ ਹੀ ਸਹਿਮਿਆ

ਆਖੀਂ ਉਨ੍ਹਾਂ ਨੂੰ ਨ੍ਹੇਰੀਆਂ ਦੇ ਦੌਰ ਵਿਚ,
ਇਕ ਦੀਪ ਹਾਲੇ ਤੀਕ ਹੈ ਬਲ਼ਦਾ ਪਿਆ

ਪੌਣਾਂ ’ਚ ਨਾ ਦਿਲ ਦਾ ਲਹੂ ਅੱਜ ਘੋਲਿਆ,
ਏਸੇ ਲਈ ਮੌਸਮ ਜ਼ਰਾ ਫਿੱਕਾ ਰਿਹਾ

ਤੂੰ ਤਾਂ ਹਵਾ ਵਾਂਗਰ ਸਦਾ ਜਾਨੈਂ ਗੁਜ਼ਰ,
ਮੈਂ ਦੇਰ ਤੱਕ ਪੈੜਾਂ ਹਾਂ ਰਹਿੰਦਾ ਦੇਖਦਾ

ਤਿੜਕਿਆ ਬੰਦਾ.......... ਕਹਾਣੀ / ਗੁਰਜੀਤ ਟਹਿਣਾ

“ਮਖਾ ਕਿੱਥੇ ਕੁ ਜਾਣਾ, ਸਰਦਾਰਾ।?” ਪਿਛਲੇ ਰਾਹੀ ਨੇ ਅੱਗੇ ਜਾਂਦੇ ਰਾਹੀ ਤੋਂ ਪੁੱਛਿਆ।

ਅੱਗੇ ਵਾਲਾ ਰਾਹੀ ਹੋਰ ਚੁੱਕਵੇਂ ਪੈਰੀਂ ਤੁਰ ਪਿਆ ਪਰ ਬੋਲਿਆ ਕੁਝ ਨਾਂ ਜਿਵੇਂ ਸੁਣਿਆ ਹੀ ਨਾ ਹੋਵੇ। ਸੂਰਜ ਤਾਂ ਛਿਪ ਚੁੱਕਾ ਸੀ ਅਤੇ ਉਹ ਦੋਵੇਂ ਸੜਕ ਦੀ ਥਾਂ ਨਹਿਰ ਦੀ ਸੁੰਨੀ ਪਟੜੀ ਤੇ ਤੁਰੇ ਜਾ ਰਹੇ ਸਨ। ਸ਼ਾਇਦ ਪਿੰਡ ਜਾਣ ਨੂੰ ਇਹੋ ਹੀ ਨੇੜਲਾ ਰਾਸਤਾ ਸੀ, ਭਾਂਵੇਂ ਬੱਸ ਪਿੰਡ ਜਾਂਦੀ ਸੀ ਪਰ ਗੱਜਣ ਸਿਹੁੰ ਪੁਲ ਤੇ ਉਤਰਿਆ ਸੀ। ਉਹ ਚਾਹੁੰਦਾ ਸੀ ਘਰ ਜਾਂਦੇ ਤੱਕ ਹਨੇਰਾ ਹੋ ਜਾਵੇ। ਉਸ ਦੀ ਜ਼ਿੰਦਗੀ ਦੇ ਕਈ ਵਰ੍ਹੇ ਹਨੇਰਿਆ ‘ਚ ਲੰਘ ਚੁੱਕੇ ਸਨ, ਉਸ ਨੇ ਪਿੱਛੇ ਵੱਲ ਮੁੜ ਕੇ ਦੇਖਿਆ ਪਿਛਲਾ ਬੰਦਾ ਕਾਫੀ ਦੂਰ ਖੇਤ ਦੀ ਵੱਟ ਪੈ ਕੇ ਹੋਰ ਪਾਸੇ ਵੱਲ ਜਾ ਰਿਹਾ ਸੀ।

‘ਕੋਠਿਆਂ ‘ਚ ਜਾਣੈ ਹੋਣਾ...... ਕਿਸੇ ਦੇ ਓਹਨੇ।‘ ਗੱਜਣ ਸਿਹੁੰ ਨੇ ਸੋਚਿਆ ਅਤੇ ਖਲੋ ਕੇ ਇੱਕ ਭਰਵੀਂ ਨਜ਼ਰ ਚਾਰੇ ਪਾਸੇ ਮਾਰੀ, ਉਸਦੇ ਮਨ ਨੂੰ ਕੁਝ ਤਸੱਲੀ ਜਿਹੀ ਹੋਈ। ਆਸਾ ਪਾਸਾ ਜਾਣਿਆ ਪਹਿਚਾਣਿਆ ਲੱਗਾ, ਭਾਂਵੇਂ ਸਭ ਕੁਝ ਬਦਲ ਗਿਆ ਸੀ, ਝਾੜੀਆਂ ਵੱਲ ਟਿੱਬੀ ਉੱਥੇ ਨਹੀਂ ਸੀ ਜਿੱਥੇ ਉਹ ਤੇ ਨਾਜਰ ਅਮਲੀ ਪਸ਼ੂ ਚਾਰਦੇ ਹੁੰਦੇ ਸਨ। ਖੂਹ ਦੇ ਖੰਡਰਾਂ ਵਿੱਚ ਚਾਹ ਬਣਾਉਂਦੇ ਉੱਚੀ ਉੱਚੀ ਗਾਉਂਦੇ ਵਾਰੀ ਵਾਰੀ ਪਸ਼ੂਆਂ ਦੇ ਮੋੜੇ ਲਾਉਂਦੇ ਸਨ। ਹੁਣ ਉਹ ਕਿੱਕਰਾਂ ਬਹੁਤ ਵੱਡੀਆਂ ਹੋ ਗਈਆਂ ਸਨ ਜਿਨ੍ਹਾਂ ਹੇਠ ਉਹ ਗਰਮੀਆ ਵਿੱਚ ਬੈਠਦੇ ਸਨ। ਭਾਵੇਂ ਟਿੱਬੀ ਵਾਲੀ ਥਾਂ ਤੇ ਹੁਣ ਪੱਧਰੀ ਪੈਲੀ ਵਿੱਚ ਕਣਕ ਦੀ ਫਸਲ ਲਹਿਰਾ ਰਹੀ ਸੀ ਪਰ ਫਿਰ ਵੀ ਇਹ ਥਾਂ ਸੌਖਿਆਂ ਹੀ ਪਹਿਚਾਣੀ ਗਈ। ਕਿੱਕਰਾਂ ਦੀ ਨਿੱਕੀ ਜਿਹੀ ਝਿੜੀ ਚੋਂ ਇੱਕ ਦਰੱਖਤ ਤੇ ਬੈਠਾ ਪੰਛੀ ਉੱਡਿਆ ਦਰੱਖਤ ਦੀ ਟਾਹਣੀ ਹਿੱਲੀ ਅਤੇ ਹੌਲੀ ਹੌਲੀ ਆਪਣੀ ਥਾਂ ਤੇ ਖਲੋ ਗਈ। ਖੰਭਾਂ ਦੀ ਆਵਾਜ਼ ਇੱਕ ਦਮ ਸ਼ੁਰੂ ਹੋਈ ਤੇ ਦੂਰ ਦੁਮੇਲ ਤੱਕ ਫੈਲ ਗਈ। ਕੁਝ ਪਲ ਬਾਅਦ ਫਿਰ ਪਹਿਲਾਂ ਵਰਗੀ ਸੰਨਾਟੇ ਭਰੀ ਚੁੱਪ ਵਾਤਾਵਰਨ ਵਿੱਚ ਸ਼ਾਂ-ਸ਼ਾਂ ਕਰਨ ਲੱਗੀ। ਉਸਦੀ ਸੋਚਾਂ ਦੀ ਲੜੀ ਟੁੱਟੀ ਆਪਣੇ ਉਪਰ ਲਏ ਖੇਸ ਦੀ ਬੁੱਕਲ ਨੂੰ ਠੀਕ ਕੀਤਾ। ਜੁੱਤੀ ਵਿੱਚ ਭਰਿਆ ਰੇਤਾ ਉਸਨੂੰ ਠੰਡਾ-ਠੰਡਾ ਲੱਗਦਾ ਪਰ ਅੰਦਰ ਅਸ਼ਾਂਤੀ ਹੋਰ ਵੱਧਦੀ ਜਾਂਦੀ। ਪੈਰੋਂ ਜੁੱਤੀ ਲਾਹ ਕੇ ਰੇਤਾ ਝਾੜ ਫਿਰ ਜੁੱਤੀ ਪੈਰੀਂ ਪਾ ਲਈ। ‘ਅਜੇ ਦੋ ਕੋਹ ਪੈਂਡਾ ਹੋਰ ਜਾਣੈ।‘ ਹਨੇਰਾ ਵੱਧਦਾ ਦੇਖ ਉਹ ਜਿੰਨਾ ਤੇਜ਼ ਤੁਰਨ ਦੀ ਕੋਸ਼ਿਸ ਕਰਦਾ ਉਸਦੇ ਪੈਰ ਹੋਰ ਪਿਛਾਂਹ ਵੱਲ ਨੂੰ ਖਿੱਚੇ ਜਾਂਦੇ। ਉਹਨੇ ਆਪਣਾ ਸੱਜਾ ਹੱਥ ਮੂੰਹ ਤੇ ਫੇਰਿਆ ਤਾਂ ਉਸਨੂੰ ਮਹਿਸੂਸ ਹੋਇਆ ਕਿ ਦਾੜੀ ਦੇ ਵਾਲ ਚਿੱਟੇ ਗਏ ਹੋਣ ਅਤੇ ਉਹ ਬੁਢਾ ਹੋ ਗਿਆ ਹੋਵੇ। ਉਸਨੇ ਆਪਣੇ ਆਪ ਤੋਂ ਪੁੱਛਿਆ, ‘ਵੀਹ ਵਰ੍ਹੇ ਕਿਤੇ ਥੋੜੇ ਹੁੰਦੇ ਆ...? ਸੱਚੀਂ ਵੀਹ ਸਾਲ...? ਕਾਲ ਕੋਠੜੀ ਦੇ ਵੀਹ ਸਾਲ...? ਸਜ਼ਾ..., ਕਤਲ ਦੀ ਸਜ਼ਾ?’ “ਸਾਲਾ ਰੰਘੜ”, ਇੱਕ ਗਾਲ੍ਹ ਆਪਣੇ ਆਪ ਉਸਦੇ ਮੂੰਹੋਂ ਨਿੱਕਲੀ ਮੂੰਹ ਬੇਸੁਆਦਾ ਜਿਹਾ ਹੋ ਗਿਆ। ਨਫਰਤ ਨਾਲ ਉਸਨੇ ਧਰਤੀ ਤੇ ਥੁੱਕਿਆ। ਕੁਝ ਪਲ ਬਾਅਦ ਹੌਲੀ ਹੌਲੀ ਤੁਰ ਪਿਆ ਪਰ ਸੋਚਾਂ ਦੀ ਲੜੀ ਬਹੁਤ ਤੇਜ਼ੀ ਨਾਲ ਅਗਾਂਹ ਤੁਰਦੀ ਹੀ ਜਾਂਦੀ ਸੀ, ਉਸਨੂੰ ਯਾਦ ਆਇਆ, ‘ਜੰਗੀਰਦਾਰ ਨੇ ਕਿੰਨੀ ਅੱਤ ਚੁੱਕੀ ਸੀ, ਪਿੰਡ ‘ਚ ਹਰ ਇੱਕ ਨੂੰ ਦਾਬੇ ਮਾਰਦਾ ਰਹਿੰਦਾ। ਲੋਕਾਂ ਦੇ ਹੱਕ ਮਾਰਨਾ, ਗਰੀਬਾਂ ਨਾਲ ਧੱਕਾ ਕਰਨਾ ਤਾਂ ਜਿਵੇਂ ਉਸਦਾ ਸ਼ੌਂਕ ਬਣ ਗਿਆ ਸੀ। ਕਿੰਨੇ ਹੀ ਲੋਕਾਂ ਦੀਆਂ ਜ਼ਮੀਨਾਂ ਉਹਨੇ ਦੱਬੀਆਂ ਸਨ, ਮਾੜੇ ਬੰਦੇ ਨੂੰ ਉਹ ਬੰਦਾ ਨਾ ਸਮਝਦਾ। ਕਿੰਨੇ ਲੋਕਾਂ ਖਿਲਾਫ ਝੂਠੀ ਗਵਾਹੀ ਦਿੱਤੀ ਸੀ।‘ ਫਿਰ ਗੱਜਣ ਸਿੰਘ ਨੂੰ ਯਾਦ ਆਇਆ ਕਿਵੇਂ ਉਹਨਾਂ ਦੇ ਪਾਣੀ ਦੀ ਵਾਰੀ ਚਲਾਕੀ ਨਾਲ ਜੰਗੀਰਦਾਰ ਨੇ ਆਪਣੇ ਹਿੱਸੇ ਵਿੱਚ ਪੁਆ ਲਈ ਸੀ। ਇੱਕ ਦੋ ਵਾਰ ਤਾਂ ਚੱਲ ਗਿਆ ਜਦ ਉਹਨਾਂ ਦੇ ਬਾਪ ਸੁਰੈਣ ਸਿੰਘ ਆਪਣੇ ਹਿੱਸੇ ਦਾ ਪਾਣੀ ਮੰਗਿਆ ਤਾਂ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ ਅਤੇ ਗੰਦੀਆਂ ਗਾਲ੍ਹਾਂ ਕੱਢੀਆਂ ਸਨ। ਇੱਕ ਦਿਨ ਤਾਂ ਹੱਦ ਹੀ ਕਰਤੀ, ਕਣਕ ਦੀਆਂ ਭਰੀਆਂ ਨੂੰ ਅੱਗ ਲਵਾ ਦਿੱਤੀ। ਬਾਪੂ ਅਜਿਹਾ ਮੰਜੇ ਤੇ ਬੈਠਾ ਕਿ ਮੁੜ ਨਾ ਉੱਠਿਆ।

ਕਬੀਲਦਾਰੀ ਦਾ ਸਾਰਾ ਬੋਝ ਗੱਜਣ ਸਿੰਘ ਦੇ ਮੋਢਿਆਂ ਉੱਤੇ ਆ ਪਿਆ, ਉਸਤੋਂ ਬਾਅਦ ਮਾਂ ਨੇ ਕਦੇ ਵੀ ਉਸਨੂੰ ਲਾਡ ਨਾਲ ਗੱਜੀ ਜਾਂ ਗੱਜੂ ਨਾ ਆਖਿਆ ਸਗੋਂ ਕਿਹਾ, “ਪੁੱਤ ਗੱਜਣ ਸਿੰਹਾਂ... ਹੁਣ ਤੂੰ ਇਸ ਘਰ ਦਾ ਮੋਢੀ ਏਂ, ਦੋਨੇ ਭੈਣਾਂ ਤੇ ਛੋਟੇ ਵੀਰ ਦਾ ਵੱਡਾ ਭਰਾ ਵੀ ਏਂ।“ ਰਿਸ਼ਤੇਦਾਰਾਂ ਨੇ ਉਸਦੇ ਸਿਰ ਤੇ ਸਾਰੇ ਪਿੰਡ ਦੇ ਸਾਹਮਣੇ ਵੱਡੀ ਸਾਰੀ ਪੱਗ ਬੰਨ੍ਹ ਦਿਤੀ, ਬਹੁਤ ਵੱਡੀ, ਬਹੁਤ ਭਾਰੀ। ਲੋਕਾਂ ਸੱਚਾਈ ਪ੍ਰਵਾਨ ਕਰ ਲਈ ਸੀ। ਹੌਲੀ-ਹੌਲੀ ਉੱਠ ਕੇ ਤੁਰ ਗਏ ਸਨ, ਉਸ ਸਮੇਂ ਗੱਜਣ ਸਿੰਘ ਨੂੰ ਕੋਈ ਸਮਝ ਨਾ ਆਈ ਕਿ ਇਹ ਕੀ ਹੋ ਰਿਹਾ ਹੈ। ਕੁਝ ਦਿਨ ਉਸਦੇ ਦਰਵੇਸ਼ ਪਿਤਾ ਸੁਰੈਣ ਸਿੰਘ ਦੀ ਸ਼ਰਾਫਤ ਦੀ ਗੱਲ ਪਿੰਡ ਵਿੱਚ ਚੱਲਦੀ ਰਹੀ। ਲੋਕ ਕਹਿੰਦੇ ਬੜਾ ਮਾੜਾ ਹੋਇਆ ਸੁਰੈਣ ਸਿੰਘ ਵਾਲਾ... ਤਪਾਇਆ ਮਰ ਗਿਆ... ਆਪੇ ਰੱਬ ਕਰੂ ਇਨਸਾਫ।।ਕੀੜੇ ਪੈਣਗੇ ਦੁਸ਼ਟਾਂ ਦੇ।“ ਸਿਆਣੇ ਲੋਕਾਂ ਦੀਆ ਗੱਲਾਂ ਸੁਣ ਕੇ ਗੱਜਣ ਸਿੰਘ ਵੀ ਸਿਆਣਾ ਹੋ ਗਿਆ। ਘਰ ਦਾ ਸਾਰਾ ਕੰਮ ਕਰਦਾ, ਖੇਡਣ ਦੀ ਉਮਰੇ ਹੀ ਹਲ ਦਾ ਮੁੰਨਾ ਉਸਦੇ ਹੱਥ ਆ ਗਿਆ, ਵਿੰਗੇ ਟੇਢੇ ਸਿਆੜ ਕੱਢਦਾ ਕਈ ਵਾਰ ‘ਰੱਬ ਦੇ ਇਨਸਾਫ’ ਬਾਰੇ ਸੋਚਦਾ। ਜੰਗੀਰਦਾਰ ਨਾਲ ਉਸਨੂੰ ਬੇਹੱਦ ਨਫਰਤ ਹੁੰਦੀ, ਮਾਂ ਉਸਨੂਂ ਵਰਜ਼ਦੀ ਰਹਿੰਦੀ, ਉਹ ਲੜਾਈ ਤੋਂ ਟਾਲਾ ਕਰਦਾ ਪਰ ਜੰਗੀਰਦਾਰ ਇਸਦਾ ਮਤਲਬ ਗਲਤ ਕੱਢਦਾ। ਹੰਕਾਰੀ ਸਮਝਦਾ ਮੈਥੋਂ ਡਰਦਾ ਹੈ। ਉਸਦੀਆਂ ਵਧੀਕੀਆਂ ਹੋਰ ਵੀ ਵੱਧ ਗਈਆਂ।

ਇੱਕ ਦਿਨ ਸ਼ਰਾਬੀ ਜੰਗੀਰਦਾਰ ਦਾ ਸਾਹਮਣਾ ਗੱਜਣ ਸਿੰਘ ਨਾਲ ਹੋ ਗਿਆ, ਉਸਨੇ ਗੱਜਣ ਸਿੰਘ ਤੇ ਵਾਰ ਕੀਤਾ ਪਰ ਗੱਜਣ ਬਚਾ ਗਿਆ। ਗੱਜਣ ਸਿੰਘ ਨੇ ਅੱਗੋਂ ਵਾਰ ਕੀਤਾ ਤਾਂ ਜੰਗੀਰਦਾਰ ਹਿੱਲ ਗਿਆ, ਉਹ ਡਰ ਕੇ ਭੱਜਿਆ ਤਾਂ ਪੱਕੇ ਖਾਲ ਤੇ ਸਿਰ ਵੱਜਿਆ। ਉਹ ਕੁਰਲਾਉਂਦਾ ਹੌਲੀ-ਹੌਲੀ ਚੁੱਪ ਹੋ ਗਿਆ। ਗੱਜਣ ਸਿੰਘ ਕਤਲ ਦੇ ਕੇਸ ਵਿੱਚ ਫੜਿਆ ਗਿਆ। ਜੰਗਲ ਦੀ ਅੱਗ ਵਾਂਗ ਗੱਲ ਸਾਰੇ ਪਿੰਡ ਵਿੱਚ ਫੈਲ ਗਈ। ਉਸ ਵਕਤ ਲੋਕ ਗੱਜਣ ਸਿੰਘ ਵੱਲ ਕਿਵੇਂ ਵੇਖਦੇ ਸਨ ਇਸੇ ਕਰਕੇ ਉਹ ਹਨੇਰੇ ਵਿੱਚ ਘਰ ਜਾਣਾ ਚਾਹੁੰਦਾ ਸੀ। ਆਪਣੇ ਘਰ ਆਉਣ ਦੀ ਖਬਰ ਕਿਸੇ ਨੂੰ ਨਹੀਂ ਸੀ ਦਿੱਤੀ। ਐਨੇ ਸਾਲਾ ਬਾਅਦ ਵਿ ਉਸ ਵਿੱਚ ਹਿੰਮਤ ਨਹੀਂ ਸੀ ਲੋਕਾਂ ਦੀਆਂ ਨਜ਼ਰਾਂ ਦਾ ਸਾਹਮਣਾ ਕਰਨ ਦੀ। ਉਸਦੇ ਪੈਰ ਇੱਕਦਮ ਰੁਕ ਗਏ, ਹੁਣ ਉਹ ਪਿੰਡ ਪਹੁੰਚ ਚੁੱਕਾ ਸੀ। ਇੱਥੋਂ ਖੱਬੇ ਪਾਸੇ ਕੁਝ ਦੂਰ ਉਸਦਾ ਘਰ ਸੀ ਪਰ ਪਿੰਡ ਵਿੱਚ ਜਾਣ ਦੀ ਬਜਾਏ ਉਹ ਬਾਹਰਲੀ ਫਿਰਨੀ ਮੁੜ ਗਿਆ। ਕਈ ਘਰ ਪਹਿਲਾਂ ਵਾਲੇ ਹੀ ਸਨ, ਕਈ ਨਵੇਂ ਬਣ ਚੁੱਕੇ ਸਨ। ਲੋਕ ਸੌਂ ਚੁੱਕੇ ਸਨ, ਚੁੱਪ ਚਾਪ ਤੁਰਦਾ ਜਾ ਰਿਹਾ ਸੀ। ਕਿਸੇ ਕਿਸੇ ਘਰ ਵਿੱਚੋਂ ਚਾਨਣ ਦਿਸਦਾ ਸੀ ਬਾਕੀ ਸਭ ਪਾਸੇ ਡੂੰਘਾ ਹਨੇਰਾ ਸੀ। ਇੱਕ ਗਰ ਉਸਨੂੰ ਜਾਣਿਆ ਪਹਿਚਾਣਿਆ ਜਿਹਾ ਲੱਗਾ। ਉਸ ਘਰ ਸਾਹਮਣੇ ਕੁਝ ਦੇਰ ਖਲੋ ਕੇ ਅੱਗੇ ਨੂੰ ਤੁਰ ਪਿਆ। ਆਪਣੇ ਘਰ ਦਾ ਦਰਵਾਜ਼ਾ ਖੜਕਾਇਆ, ਅੱਗੋਂ ਛੋਟੇ ਭਰਾ ਨੇ ਦਰਵਾਜ਼ਾ ਖੋਲ੍ਹਿਆ, ਉਸਨੂੰ ਦੇਖ ਕੇ ਜਿਵੇਂ ਠਠੰਬਰ ਹੀ ਗਿਆ ਹੋਵੇ, “ਬਾਈ ਤੂੰ?” ਤੇ ਉਹ ਦੋਵੇਂ ਚੁੱਪ ਚਾਪ ਘਰ ਅੰਦਰ ਚਲੇ ਗਏ। ਘਰ ਬਹੁਤ ਬਦਲ ਚੁੱਕਾ ਸੀ। ਪੁਰਾਣੇ ਕੱਚੇ ਘਰੇ ਪਸ਼ੂ ਬੰਨੇ ਹੋਏ ਸਨ ਅਤੇ ਸਾਹਮਣੇ ਨਵੇਂ ਤਿੰਨ ਪੱਕੇ ਕੋਠੇ ਤੇ ਮੂਹਰੇ ਵਰਾਂਡਾ ਬਣਿਆ ਸੀ। ਛੋਟੇ ਦੇ ਘਰ ਵਾਲੀ ਚੌਂਕੇ ‘ਚ ਬੈਠੀ ਕੋਈ ਕੰਮ ਕਾਰ ਰਹੀ ਸੀ। ਭਾਂਡਿਆਂ ਦਾ ਖੜਕਾ ਤੇ ਬੱਚਿਆਂ ਦਾ ਰੌਲਾ ਇੱਕਦਮ ਸ਼ਾਂਤ ਹੋ ਗਿਆ। ਬੱਚੇ ਸਹਿਮੇ ਜਿਹੇ ਬੈਠੇ ਸਨ। ਦੋਵੇਂ ਭਰਾ ਕਾਫੀ ਸਮਾਂ ਵਿਹੜੇ ਵਿੱਚ ਖੜ੍ਹੇ ਰਹੇ ਫਿਰ ਛੋਟਾ ਭਰਾ ਬੋਲਿਆ, “ਬਾਈ ਤੂੰ ਬਹਿ ਏਥੇ... ਮੈਂ ਆਉਨੈਂ...“ ਉਹ ਅੰਦਰ ਚਲਾ ਗਿਆ ਪਿੱਛੇ ਹੀ ਉਸਦੀ ਘਰਵਾਲੀ ੳਤੇ ਬੱਚੇ ਡਰਦੇ ਡਰਦੇ ਅੰਦਰ ਚਲੇ ਗਏ।

ਕੁਝ ਸਮਾਂ ਵਿਹੜੇ ਵਿੱਚ ਖੜ੍ਹਾ ਰਹਿਣ ਮਗਰੋਂ ਗੱਜਣ ਸਿੰਘ ਪੁਰਾਣੀ ਨੀਵੀਂ ਕੱਚੀ ਜਿਹੀ ਕੋਠੜੀ ਵਿੱਚ ਜਾ ਕੇ ਉੱਥੇ ਖੜ੍ਹੇ ਪੁਰਾਣੇ ਮੰਜੇ ਨੂੰ ਡਾਹ ਕੇ ਬੈਠ ਗਿਆ, ਉਸਨੂੰ ਅੰਦਰੋਂ ਹੁੰਮਸ ਆ ਰਿਹਾ ਸੀ। ਕੁਝ ਚਿਰ ਬਾਅਦ ਛੋਟਾ ਭਰਾ ਮਿੱਟੀ ਦੇ ਤੇਲ ਦੀਵਾ ਬਾਲ ਕੇ ਉਸਦੇ ਪਿੱਛੇ ਹੀ ਆ ਗਿਆ, ਦੀਵੇ ਦਾ ਚਾਨਣ ਸਾਰੀ ਕੋਠੜੀ ਵਿੱਚ ਫੈਲ ਗਿਆ। ਦੀਵਾ ਰੱਖ ਛੋਟਾ ਉਸਦੇ ਕੋਲ ਹੈ ਬੈਠ ਗਿਆ, ਗੱਲ ਕੋਈ ਨਾ ਕੀਤੀ। ਕੁਝ ਚਿਰ ਬਾਅਦ ਉਹ ਚੁੱਪ ਚਾਪ ਬਾਹਰ ਨਿਕਲ ਗਿਆ। ਗੱਜਣ ਮੰਜੇ ਤੇ ਲੰਮਾ ਪੈ ਗਿਆ ਅਤੇ ਛੱਤ ਤੇ ਲਮਕਦੇ ਜਾਲੇ ਦੇਖ ਕੇ ਉਸਨੂੰ ਮਹਿਸੂਸ ਹੋਇਆ ਜਿਵੇਂ ਮਾਂ ਦੇ ਮਰਨ ਤੋਂ ਬਾਅਦ ਇਸ ਕੋਠੜੀ ਦੀ ਸਫਾਈ ਨਾ ਕੀਤੀ ਹੋਵੇ। ਇਸ ਪਾਸੇ ਤੋਂ ਧਿਆਨ ਹਟਾਉਣ ਲਈ ਉਸਨੇ ਪਾਸਾ ਪਰਤਿਆ ਤਾਂ ਸਾਹਮਣੇ ਪਏ ਸੰਦੂਕ ਦਾ ਬੂਹਾ ਖੁੱਲ੍ਹਾ ਸੀ, ਉਹ ਉਸ ਵੱਲ ਟਿਕਟਿਕੀ ਲਾ ਕੇ ਦੇਖ ਰਿਹਾ ਸੀ। ਉਸੇ ਵੇਲੇ ਛੋਟਾ ਅੰਦਰ ਆਇਆ ਉਸਦੇ ਹੱਥ ਵਿੱਚ ਪਾਣੀ ਦੀ ਗੜਵੀ ਤੇ ਬੋਤਲ ਸੀ, “ਲੈ ਬਾਈ ਘੁੱਟ ਪੀ ਲੈ, ਥਕੇਵਾਂ ਲਹਿਜੂ..., ਨਾਲੇ ਰੋਟੀ ਬਣਜੂ ਉਦੋਂ ਤੱਕ।“ ਕਹਿ ਕਿ ਉਹ ਮੰਜੇ ਦੀ ਪੁਆਂਦ ਤੇ ਬੈਠ ਗਿਆ ਅਤੇ ਲੱਗਦੇ ਸਾਰ ਹੀ ਚੁੱਪ-ਚੱਪ ਬਾਹਰ ਨਿਕਲ ਗਿਆ। ਗੱਜਣ ਨੇ ਸ਼ਰਾਬ ਤੇ ਭਾਂਡੇ ਉੱਥੋਂ ਚੁੱਕ ਕੇ ਮੰਜੇ ਥੱਲੇ ਰੱਖ ਦਿੱਤੇ। ਥਾਲ ‘ਚ ਰੋਟੀ ਪਾਈ ਛੋਟਾ ਅੰਦਰ ਆਇਆ, ਥਾਲ ਗੱਜਣ ਸਿੰਘ ਅੱਗੇ ਰੱਖਦਾ ਹੋਇਆ ਬੋਲਿਆ, “ਮੈਨੂੰ ਦੱਸ ਦਿੰਦਾ ਬਾਈ ਮੈਂ ਲੈਣ ਆ ਜਾਂਦਾ।“ ਗੱਜਣ ਚੁੱਪ-ਚਾਪ ਰੋਟੀ ਖਾਣ ਲੱਗਾ, ਛੋਟਾ ਅੰਦਰ-ਬਾਹਰ ਫਿਰਦਾ ਰਿਹਾ। ਫਿਰ ਬਿਸਤਰਾ ਰਖ ਕੇ ਤੇ ਭਾਂਡੇ ਲੈ ਕੇ ਚਲਾ ਗਿਆ। ਦੀਵੇ ਦੀ ਲੋਅਵਿੱਚ ਪਿਆ ਗੱਜਣ ਜੇਲ੍ਹ ਦੀ ਪਹਿਲੀ ਰਾਤ ਬਾਰੇ ਸੋਚਣ ਲੱਗਾ, ਉਹ ਬਹੁਤ ਹੀ ਔਖਾ ਹੋਇਆ ਸੀ ਉਸ ਰਾਤ। ਉਸਨੂੰ ਕਿਸੇ ਨੇ ਆਪਣੇ ਅੰਦਰਲੀ ਗੱਲ ਕਹਿਣ ਦਾ ਮੌਕਾ ਹੀ ਨਹੀਂ ਸੀ ਦਿੱਤਾ। ਦਿੱਤੀ ਤਾਂ ਸਿਰਫ ਸਜ਼ਾ, ਇੱਕ ਅਜਿਹੇ ਕਤਲ ਦੀ ਸਜ਼ਾ ਜੋ ਉਸਨੇ ਕੀਤਾ ਹੀ ਨਹੀਂ ਸੀ। ਫਿਰ ਸੋਚਦਾ, ‘ਚੱਲ ਦੁਸ਼ਟ ਤੋਂ ਖਹਿੜਾ ਛੁੱਟਿਆ। ਸਾਲ ਤਾਂ ਝਬਦੇ ਹੀ ਬੀਤ ਜਾਣੇ ਹਨ। ਆਪਣੇ ਭੈਣ ਭਰਾਵਾਂ ਨੂੰ ਸੌਖਾ ਦੇਖਣ ਲਈ ਆਪ ਦੁੱਖ ਸਹੇ ਤੇ ਅੱਜ ਉਹੀ ਭਰਾ......‘ ਸਾਰੀ ਰਾਤ ਨੀਂਦ ਨਾ ਆਈ, ਵਿਚਾਰਾਂ ਦਾ ਤੁਫਾਨ ਉਸਦੇ ਮਨ ਨੂੰ ਖੜ੍ਹਨ ਨਾ ਦਿੰਦਾ।

ਗ੍ਰੰਥੀ ਦੀ ਆਵਾਜ਼ ਸੁਣ ਕੇ ਉਹ ਬਾਹਰ ਵਿਹੜੇ ਵਿੱਚ ਆ ਗਿਆ। ਛੋਟੇ ਦਾ ਪਰਿਵਾਰ ਹਾਲੇ ਸੁੱਤਾ ਪਿਆ ਸੀ, ਉਹ ਚੁੱਪ-ਚਾਪ ਘਰੋਂ ਬਾਹਰ ਨਿਕਲ ਗਿਆ। ਬੇਮਤਲਬ ਤੁਰਦਾ-ਤੁਰਦਾ ਉਹ ਇੱਕ ਘਰ ਦੇ ਸਾਹਮਣੇ ਰੁਕਿਆ, ਕਾਫੀ ਦੇਰ ਖੜ੍ਹਾ ਰਿਹਾ ਜਿਵੇਂ ਸੋਚ ਰਿਹਾ ਹੋਵੇ ਕਿ ਅੰਦਰ ਜਾਵਾਂ ਜਾਂ ਨਾ ਜਾਵਾਂ? ਪੁਰਾਣੇ ਦਰਵਾਜ਼ੇ ਦੇ ਟੁੱਟੇ ਤਖਤਿਆ ਦੀ ਵਿੱਥ ਵਿੱਚ ਦੀ ਲੋਅ ਵਿਹੜੇ ਵਿੱਚ ਪੈ ਰਹੀ ਸੀ, ਉਹ ਵਿਹੜੇ ਵਿੱਚ ਖਲੋਤਾ ਵਾਪਿਸ ਮੁੜਨ ਬਾਰੇ ਸੋਚਣ ਲੱਗਾ। ਜਕੋ-ਤਕੀ ਵਿੱਚ ਉਸਨੇ ਦਰਵਾਜ਼ਾ ਖੜਕਾਇਆ, ਬਜ਼ੁਰਗ ਨੇ ਬੂਹਾ ਖੋਲ੍ਹਿਆ। ਪਹਿਚਾਣ ਨਾ ਆਉਣ ਕਰਕੇ ਉਹ ਬੋਲਿਆ, “ ਕੌਣ ਆ ਭਾਈ, ਸਵੇਰੇ-ਸਵੇਰੇ?” “ਮੈਂ......” ਗੱਜਣ ਦੇ ਮੂੰਹੋਂ ਆਵਦਾ ਨਾਮ ਨਿਕਲਦਾ ਮਸਾਂ ਹੀ ਰੁਕਿਆ।

“ਇੱਥੇ ਨਾਜਰ ਰਹਿੰਦਾ ਸੀ?”

“ਆਹੋ ਰਹਿੰਦੈ, ਤੂੰ ਆਵਦਾ ਦੱਸ। ਮੇਰੀ ਨਿਗ੍ਹਾ ਹੁਣ ਪਹਿਲਾਂ ਵਾਲੀ ਨਹੀਂ ਰਹੀ।“ ਨਾਜਰ ਨੇ ਮੂੰਹ ੳਤਾਂਹ ਚੁੱਕ ਕੇ ਕਿਹਾ।

ਚੋਰਾਂ ਵਾਂਗ ਗੱਜਣ ਸਿੰਘ ਨੇ ਆਸੇ-ਪਾਸੇ ਦੇਖ ਕੇ ਹੌਲੀ ਜਿਹੀ ਕਿਹਾ, “ਮੈਂ।। ਗੱਜਣ ਆਂ।।। ਸੁਰੈਣੇ ਦਾ ਗੱਜਣ।“ ਨਾਜਰ ਅਮਲੀ ਉਸਨੂੰ ਬੜੇ ਪਿਆਰ ਨਾਲ ਮਿਲਿਆ ਉਹ ਚੁੱਲੇ ਕੋਲ ਬੈਠੇ ਚਾਹ ਪੀਂਦੇ ਗੱਲਾਂ ਕਰਦੇ ਰਹੇ, ਫਿਰ ਅੰਦਰ ਜਾ ਬੈਠੇ।

“ਕੀ ਗੱਲ ਆ ਬੜਾ ਉੱਖੜਿਆ ਜਿਹਾ ਦਿਸਦਾਂ?” ਨਾਜਰ ਨੇ ਪੁੱਛਿਆ। ਭਾਵੁਕ ਹੋਇਆ ਗੱਜਣ ਭਰੇ ਮਨ ਨਾਲ ਬੋਲਣ ਲੱਗਾ, “ ਆਹੋ।।। ਅੱਜ ਵਰ੍ਹਿਆਂ ਬਾਅਦ ਘਰ ਆਇਆਂ, ਆਵਦੇ ਘਰੇ। ਇੱਥੇ ਵੀ ਬੇਗਾਨਿਆਂ ਵਾਂਗ ਹੀ ਲੱਗਦਾ।। ਜੇਲ੍ਹ ਦੀ ਸਜ਼ਾ ਤਾਂ ਕੱਟ ਲਈ, ਪਰ...... ਸਾਰੀ ਉਮਰ ਦੀ ਸਜ਼ਾ ਨਹੀਂ ਕੱਟੀ ਜਾਣੀ...... ਸਾਰੇ ਕਾਤਲ ਸਮਝਦੇਐ...... ਸ਼ੱਕ ਦੀ ਨਿਗ੍ਹਾ ਨਾਲ ਦੇਖਦੇ ਐ......, ਜੀ ਕਰਦਾ ਕਿੱਥੇ ਦੂਰ ਉੱਠ ਜਾਵਾਂ ਜਿੱਥੇ ਕੋਈ ਜਾਣਦਾ ਨਾ ਹੋਵੇ।“ ਮੂੰਹ ਤੇ ਹੱਥ ਫੇਰ ਕੇ ਅੱਖਾਂ ਬੰਦ ਕਰੀ ਬੈਠਾ ਗੱਜਣ ਜਿਵੇਂ ਆਪਣਾ ਮਨ ਅੰਦਰੋਂ ਫਰੋਲ ਰਿਹਾ ਹੋਵੇ। ਕੁਝ ਚਿਰ ਚੁੱਪ ਰਹਿਣ ਪਿੱਛੋਂ ਥੱਕੀ ਹੋਈ ਆਵਾਜ਼ ‘ਚ ਫਿਰ ਬੋਲਿਆ, “ਤੇਰੇ ਸਾਹਮਣੇ ਸਾਰੀ ਉਮਰ ਦੁਖੀ ਰਿਹੈਂ, ਪਰ ਹੌਂਸਲਾ ਨਾ ਛੱਡਿਆ...... ਅੱਜ ਮੈਂ ਅੰਦਰੋਂ ਤਿੜਕ ਚੁੱਕਾਂ ਹਾਂ...... ਲੱਗਦਾ ਛੇਤੀ ਹੀ ਟੁੱਟ ਜਾਵਾਂਗਾ।“ ਫਿਰ ਲੰਬਾ ਸਮਾਂ ਚੁੱਪ ਬੈਠਾ ਰਿਹਾ।

“ਕਦੇ ਕਦਾਈਂ ਆਇਆ ਕਰੂੰ ਤੇਰੇ ਕੋਲ”, ਤੁਰਨ ਲੱਗਿਆ ਬੋਲਿਆ, “ਚੰਗਾ......, ਸਾਸਰੀ ‘ਕਾਲ”......

ਫਿਰ ਉਹ ਕਦੇ ਪਿੰਡ ਨਾ ਮੁੜਿਆ............

ਬਾਂਕਾਂ ਨਾ ਜੁੜੀਆਂ.......... ਲੇਖ / ਗਿਆਨੀ ਸੰਤੋਖ ਸਿੰਘ

1967 ਦੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਸਮੇ ਸੰਤ ਫਤਿਹ ਸਿੰਘ ਜੀ ਦੀ ਹਿਕਮਤ ਅਮਲੀ ਨਾਲ਼ ਕਾਂਗਰਸ ਦੀ ਪੰਜਾਹ ਮੈਬਰੀ ਪਾਰਟੀ ਨੂੰ ਪਛਾੜ ਕੇ, ਆਪਣੇ ਤੇਈ ਮੈਬਰਾਂ ਨਾਲ਼ ਹੀ, ਸੰਤ ਜੀ ਨੇ ਬਾਕੀ ਪਾਰਟੀਆਂ ਨਾਲ਼ ਗਾਂਢਾ ਸਾਂਢਾ ਕਰਕੇ, ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ, ਆਪਣੀ ਸਰਕਾਰ ਬਣਵਾ ਲਈ। ਮੁਖੀ ਅਕਾਲੀਆਂ ਵਿਚੋਂ ਸਭ ਤੋਂ ਸੀਨੀਅਰ ਆਗੂ, ਸ. ਹਰਚਰਨ ਸਿੰਘ ਹੁਡਿਆਰਾ ਵੀ ਪੰਜਾਬੀ ਸੂਬੇ ਦੀ ਪਹਿਲੀ ਸਰਕਾਰ ਦਾ ਮੁਖੀ ਬਣਨ ਦਾ ਚਾਹਵਾਨ ਸੀ। ਉਸਨੇ ਪੰਜਬੀ ਸੂਬੇ ਦੀ ਸਿਰਜਣਾ ਵਾਸਤੇ ਲੱਗੇ ਹਰੇਕ ਮੋਰਚੇ ਵਿਚ ਮੋਹਰੀ ਹਿਸਾ ਪਾਇਆ ਸੀ। ਏਥੋਂ ਤੱਕ ਕਿ ਉਸਨੇ ਕਈ ਸਾਲ ਆਪਣੇ ਗਲ਼ ਝੱਗਾ ਹੀ ਨਹੀ ਸੀ ਪਾਇਆ। ਉਸਨੇ ਪ੍ਰਣ ਕੀਤਾ ਸੀ ਕਿ ਜਿਨਾ ਚਿਰ ਪੰਜਾਬੀ ਸੂਬਾ ਨਹੀ ਬਣ ਜਾਂਦਾ ਉਹ ਆਪਣੇ ਗਲ਼ ਝੱਗਾ ਨਹੀ ਪਾਵੇਗਾ। ਅਕਾਲੀ ਅਸੈਂਬਲੀ ਪਾਰਟੀ ਦੀ ਲੀਡਰਸ਼ਿਪ ਵਾਸਤੇ ਉਸਨੇ ਯਤਨ ਵੀ ਕੀਤਾ ਪਰ ਇਕ ਸ. ਹਜ਼ਾਰਾ ਸਿੰਘ ਗਿੱਲ ਤੋਂ ਬਿਨਾ ਹੋਰ ਕਿਸੇ ਵੀ ਮੈਬਰ ਨੇ ਉਸ ਵਾਸਤੇ ਹਾਂ ਨਾ ਕੀਤੀ। ਭਾਵੇਂ ਵਧ ਪੜ੍ਹਿਆ ਹੋਇਆ ਪਰ ਪਾਰਟੀ ਵਿਚ ਉਸ ਤੋਂ ਕਿਤੇ ਜੂਨੀਅਰ, ਜਸਟਿਸ ਗੁਰਨਾਮ ਸਿੰਘ, ਮੁਖ ਮੰਤਰੀ ਦੀ ਗੱਦੀ ਮਲ ਕੇ ਬਹਿ ਗਿਆ ਤੇ ਅਕਾਲੀਆਂ ਨੂੰ ਉਹ ਸਰਕਾਰੀ ਸੱਤਾ ਦੇ ਨੇੜੇ ਨਾ ਲਗਣ ਦੇਵੇ; ਸਗੋਂ ਉਹ ਕੁਰਬਾਨੀ ਵਾਲੇ ਜਥੇਦਾਰਾਂ ਨੂੰ ਮਖੌਲ਼ ਨਾਲ਼ 'ਝੁਥੇਦਾਰ' ਹੀ ਆਖਿਆ ਕਰਦਾ ਸੀ। ਇਸਦਾ ਕਾਰਨ ਇਹ ਸੀ ਕਿ ਉਹ ਅਕਾਲੀਆਂ ਵਾਲ਼ੇ ਸਰਕਾਰ ਵਿਰੋਧੀ ਜੁਝਾਰੂ ਕਲਚਰ ਵਾਲ਼ੇ ਪਿਛੋਕੜ ਵਿਚੋਂ ਨਾ ਹੋਣ ਕਰਕੇ, ਸਰਕਾਰ ਪਰੱਸਤ ਸਰਦਾਰੀ ਪਰਵਾਰ ਵਿਚੋਂ ਸੀ ਜੋ ਕਿ ਵਲੈਤ ਵਿਚ ਪੜ੍ਹ ਕੇ ਹਾਈ ਕੋਰਟ ਦਾ ਜੱਜ ਲੱਗ ਗਿਆ ਤੇ ਰਿਟਾਇਰ ਹੋਣ ਪਿਛੋਂ, 1962 ਵਿਚ ਅਕਾਲੀ ਟਿਕਟ ਤੇ ਚੋਣ ਲੜਕੇ, ਐਮ. ਐਲ. ਏ. ਭਣ ਕੇ, ਪਾਰਟੀ ਦਾ ਲੀਡਰ ਬਣ ਗਿਆ। ਏਹੀ ਪਿਛੋਂ 1967 ਵਿਚ ਪਹਿਲੀ ਅਕਾਲੀ ਅਗਵਾਈ ਵਾਲ਼ੀ ਸਰਕਾਰ ਬਣਨ ਤੇ ਮੁਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੋ ਗਿਆ ਸੀ।

ਹੁਡਿਅਰਾ ਜੀ ਵੀ, ਡਾ. ਜਗਜੀਤ ਸਿੰਘ ਤੇ ਸ. ਹਰਕਿਸ਼ਨ ਸਿੰਘ ਸੁਰਜੀਤ ਵਾਂਗ, ਉਸ ਚੋਣ ਵਿਚ ਪਹਿਲੀ ਵਾਰ ਤੇ ਇਕੋ ਵਾਰ ਹੀ ਐਮ. ਐਲ. ਏ. ਬਣੇ ਸਨ। ਸੰਤ ਚੰਨਣ ਸਿੰਘ ਜੀ ਨੇ ਗੁਰਨਾਮ ਸਿੰਘ ਨੂੰ ਆਖਿਆ ਵੀ ਕਿ ਉਹ ਹੁਡਿਆਰਾ ਜੀ ਨੂੰ ਵਜ਼ੀਰ ਬਣਾ ਲਵੇ ਪਰ ਜ. ਗੁਰਨਾਮ ਸਿੰਘ ਨਹੀ ਸੀ ਮੰਨਿਆ। ਦਰ ਅਸਲ ਨਾਨ ਅਕਾਲੀ, ਨਾਨ ਪੰਥਕ ਤੇ ਸਰਦਾਰੀ ਪਿਛੋਕੜ ਹੋਣ ਕਰਕੇ ਗੁਰਨਾਮ ਸਿੰਘ ਅੰਦਰੋਂ ਅਕਾਲੀਆਂ ਨੂੰ ਪਸੰਦ ਨਹੀ ਸੀ ਕਰਦਾ। ਸੰਤ ਜੀ ਨੇ ਹੁਡਿਅਰਾ ਜੀ ਨੂੰ ਚੁੱਪ ਕਰਵਾਉਣ ਲਈ, ਉਸਦੇ ਹੱਥ ਪੰਥਕ ਅਸੈਂਬਲੀ ਪਾਰਟੀ ਦੀ ਲੀਡਰਸ਼ਿਪ ਦਾ 'ਲੌਲੀ ਪੌਪ' ਵੀ ਫੜਾ ਦਿਤਾ ਪਰ ਉਹ ਇਸ ਖਾਲੀ ਛੁਣਛੁਣੇ ਨੂੰ ਲੈ ਕੇ ਕੀ ਕਰੇ!

ਅਖੀਰ, "ਮਰਦੀ ਨੇ ਅੱਕ ਚਬਿਆ, ਹਾਰ ਕੇ ਜੇਠ ਨਾਲ਼ ਲਾਈ।" ਵਾਲ਼ੇ ਅਖਾਣ ਮੁਤਾਬਕ ਹੁਡਿਆਰੇ ਨੇ ਉਸ ਸਮੇ ਦੇ ਕੇਂਦਰੀ ਗ੍ਰਿਹ ਮੰਤਰੀ, ਵਾਈ ਬੀ. ਚਵਾਨ ਨਾਲ਼ ਗਾਂਢਾ ਸਾਂਢਾ ਕਰਕੇ, ਕਾਂਗਰਸ ਦੀ ਮਦਦ ਨਾਲ਼ ਗੁਰਨਾਮ ਸਿੰਘ ਨੂੰ ਲਾਹ ਕੇ, ਖੁਦ ਸਰਕਾਰ ਬਣਾਉਣ ਦੀ ਸਕੀਮ ਘੜ ਲਈ। ਜਦੋਂ ਇਸ ਕਾਰਜ ਲਈ ਉਹ ਦਿਲੀ ਨੂੰ ਜਾ ਰਿਹਾ ਸੀ ਤਾਂ ਰਾਹ ਵਿਚ ਗੁ. ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਂਦ (ਹਰਿਆਣਾ) ਵਿਖੇ ਰੁਕ ਕੇ; ਇਸ਼ਨਾਨ ਪਾਨ ਕਰਨ ਉਪ੍ਰੰਤ ਲੰਗਰ ਆਦਿ ਛਕ ਕੇ ਹੀ ਅਗੇ ਗਿਆ। ਨਾਲ਼ ਉਸਦੇ ਉਸ ਸਮੇ ਦੂਜਾ ਐਮ. ਐਲ. ਏ. ਸ. ਹਜ਼ਾਰਾ ਸਿੰਘ ਗਿੱਲ ਵੀ ਸੀ। ਓਹਨੀਂ ਦਿਨੀਂ ਮੈ ਵੀ ਓਥੇ ਸਾਂ। ਹੁਡਿਆਰਾ ਜੀ ਨੂੰ ਮਿਲ਼ਿਆ ਵੀ ਪਰ ਮੈਨੂੰ ਨਹੀ ਸੀ ਉਸ ਸਮੇ ਪਤਾ ਕਿ ਇਹ ਭੱਦਰ ਪੁਰਸ਼ ਕਿਸ ਕਾਰਜ ਲਈ ਕਿਧਰ ਜਾ ਰਹੇ ਹਨ।

ਹੁਡਿਆਰਾ ਜੀ ਚਵਾਨ ਜੀ ਨਾਲ 'ਗਿਟ ਮਿਟ' ਕਰਕੇ ਵਾਪਸ ਆ ਗਏ। ਜਦੋਂ ਸੰਤ ਚੰਨਣ ਸਿੰਘ ਜੀ ਨੂੰ ਇਸ ਗਲ ਦਾ ਪਤਾ ਲਗਾ ਤਾਂ ਉਹਨਾਂ ਨੇ ਹੁਡਿਆਰਾ ਜੀ ਨੂੰ ਬਥੇਰਾ ਰੋਕਣ ਦਾ ਯਤਨ ਕੀਤਾ ਪਰ ਉਸਨੇ ਆਖਿਆ, "ਮੇਰੀ ਹੁਣ ਚਵਾਨ ਲਾਲ਼ ਗੱਲ ਹੋ ਗਈ ਹੈ। ਹੁਣ ਨਹੀ ਕੁਝ ਹੋ ਸਕਦਾ।" ਉਸਨੇ ਬਣਾਈ ਸਕੀਮ ਅਨੁਸਾਰ ਅਸੈਂਬਲੀ ਵਿਚ ਇਕ ਮਤੇ ਉਪਰ ਸਰਕਾਰ ਦੇ ਖਿਲਾਫ ਵੋਟ ਪਾਉਣ ਲਈ ਹੱਥ ਖੜ੍ਹਾ ਕੀਤਾ ਤਾਂ ਸ. ਹਜ਼ਾਰਾ ਸਿੰਘ ਗਿੱਲ ਤੋਂ ਬਿਨਾ ਹੋਰ ਕਿਸੇ ਨੇ ਵੀ ਉਸਦੇ ਹਕ ਵਿਚ ਵੋਟ ਨਾ ਪਾਈ; ਤੇ ਇਸ ਤਰ੍ਹਾਂ ਉਸਨੂੰ ਇਸ ਜੋਖਮ ਭਰੇ ਕੰਮ ਵਿਚ ਬੁਰੀ ਤਰ੍ਹਾਂ ਨਾਕਾਮੀ ਦਾ ਮੂੰਹ ਵੇਖਣਾ ਪਿਆ।

ਸ. ਹਰਚਰਨ ਸਿੰਘ ਹੁਡਿਅਰਾ ਜੀ ਨੂੰ ਕਾਂਗਰਸ ਦੀ ਸਹਾਇਤਾ ਨਾਲ਼ ਗੁਰਨਾਮ ਸਿੰਘ ਦੀ ਸਰਕਾਰ ਡੇਗ ਕੇ ਖੁਦ ਆਪਣੀ ਸਰਕਾਰ ਬਣਾ ਕੇ, ਉਸਦਾ ਮੁਖ ਮੰਤਰੀ ਬਣ ਜਾਣ ਦਾ ਏਨਾ ਯਕੀਨ ਸੀ ਕਿ ਉਸਨੇ ਕਈ ਸਾਲਾਂ ਬਾਅਦ ਪਾਉਣ ਲਈ ਜਿਥੇ 'ਦੋ ਘੋੜਿਆਂ ਵਾਲ਼ੀ ਬੋਸਕੀ' ਦਾ ਨਵਾਂ ਝਗਾ ਸਵਾਇਆਂ ਓਥੇ ਨਾਲ ਬਹੁਤ ਵਧੀਆ ਐਚਕਨ ਵੀ ਸਵਾਂ ਲਈ ਤਾਂ ਕਿ ਮੁਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਣ ਸਮੇ ਉਹ ਗਲ਼ ਵਿਚ ਪਾਈ ਜਾ ਸਕੇ। ਪਰ ਉਸ ਨਾਲ਼, "ਨਹਾਤੀ ਧੋਤੀ ਰਹਿ ਗਈ। ਤੇ ਉਤੇ ਮੱਖੀ ਬਹਿ ਗਈ।" ਵਾਲ਼ੀ ਹੋਈੱ। ਕਾਂਗਰਸੀ ਆਗੂਆਂ ਨੇ ਉਸ ਨਾਲ਼ ਧੋਖਾ ਕੀਤਾ ਤੇ ਇਕਰਾਰ ਅਨੁਸਾਰ ਉਸਦਾ ਸਾਥ ਨਾ ਦਿਤਾ। ਕੁਝ ਦਿਨ ਬਾਅਦ ਇਸ ਘਟਨਾ ਤੇ ਟਿਪਣੀ ਕਰਦਿਆਂ ਸੰਤ ਫਤਿਹ ਸਿੰਘ ਜੀ ਨੇ ਆਪਣੇ ਹਾਸਰਸੀ ਸੁਭਾ ਅਨੁਸਾਰ ਇਉਂ ਫਬਤੀ ਕਸੀ:
ਰੰਨ ਅੱਡੀਆਂ ਕੂਚਦੀ ਮਰ ਗਈ, ਬਾਂਕਾਂ ਨਾ ਜੁੜੀਆਂ।
ਫਿਰ ਇਕ ਹੋਰ ਫਬਤੀ ਵੀ ਕੱਸੀ:
ਦਿਨ ਚੜ੍ਹਿਆ ਤੇ ਜੰਮ ਪਈ ਤਾਰੋ, ਨੱਤੀਆਂ ਘੜਾਈਆਂ ਰਹਿ ਗਈਆਂ।
ਕੁਝ ਮਹੀਨੇ ਪਿਛੋਂ ਇਹੋ ਕੁਝ ਸ. ਲਛਮਣ ਸਿੰਘ ਗਿੱਲ ਨੇ ਕੀਤਾ ਤਾਂ ਉਹ ਇਸ ਤਰ੍ਹਾਂ ਗੁਰਨਾਮ ਸਿੰਘ ਨੂੰ ਧੋਬੀ ਪਟੜਾ ਮਾਰਨ ਵਿਚ ਕਾਮਯਾਬ ਰਿਹਾ ਤੇ ਮੁਖ ਮੰਤਰੀ ਬਣ ਗਿਆ; ਜਿਸਦੀ ਸਰਕਾਰ ਵਿਚ ਡਾ. ਜਗਜੀਤ ਸਿੰਘ ਵੀ ਖਜ਼ਾਨਾ ਮੰਤਰੀ ਬਣ ਗਿਆ ਸੀ।
ਸ. ਹਰਚਰਨ ਸਿੰਘ ਹੁਡਿਆਰਾ ਜੀ ਦੇ ਇਸ ਖ਼ਤਰੇ ਵਾਲ਼ੇ ਕੰਮ ਵਿਚ ਅਸਫਲ ਰਹਿ ਜਾਣ ਦੇ ਨਤੀਜੇ ਵਜੋਂ ਉਸਨੂੰ ਪਾਰਟੀ ਵਿਚੋਂ ਤਾਂ ਸ਼ੰਟ ਆਊਟ ਹੋਣਾ ਹੀ ਪਿਆ ਨਾਲ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਜ ਕਮੇਟੀ ਦੀ ਸੀਨਂੀਅਰ ਮੀਤ ਪ੍ਰਧਾਨਗੀ ਤੋਂ ਵੀ ਹਥ ਧੋਣੇ ਪਏ, ਜੇਹੜੀ ਕਿ ਦੋ ਅਕਤੂਬਰ 1962 ਤੋਂ ਉਸ ਪਾਸ ਸੀ। ਸਰਦਾਰ ਬਾਦਲ ਵਲੋਂ ਦਲ ਵਿਚੋਂ ਕਢੇ ਜਾਣ ਪਿਛੋਂ ਜਿਵੇਂ ਸ. ਗੁਰਚਰਨ ਸਿੰਘ ਟੌਹੜਾ ਜੀ ਨੇ ਸਰਬ ਹਿੰਦ ਸ੍ਰੋਮਣੀ ਅਕਾਲੀ ਦਲ ਬਣਾ ਲਿਆ ਸੀ; ਉਸ ਵਾਂਗ ਹੀ ਹੁਡਿਆਰਾ ਜੀ ਨੇ ਵੀ ਮੁਕਾਬਲੇ ਦਾ ਅਕਾਲੀ ਦਲ ਸਾਜਣ ਦਾ ਐਲਾਨ ਕਰਕੇ, ਗੁਰਦੁਆਰਾ ਬਾਬਾ ਅਟਲ ਜੀ ਦੇ ਸਾਹਮਣੇ, ਦਲ ਦੇ ਸਕੱਤਰ, ਸ. ਅਰਜਨ ਸਿੰਘ ਬੁਧੀਰਾਜਾ, ਦੇ ਰਿਹਾਇਸ਼ੀ ਚੁਬਾਰੇ ਉਪਰ, ਆਪਣੇ ਦਲ ਦਾ ਦਫਤਰ ਬਣਾ ਲਿਆ ਤੇ ਬੁਧੀਰਾਜੇ ਨੂੰ ਆਪਣੇ ਦਲ ਦਾ ਜਨਰਲ ਸਕੱਤਰ ਨਿਯੁਕਤ ਕਰ ਲਿਆ। ਇਹ ਚੁਬਾਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਮਲਕੀਅਤ ਸੀ ਤੇ ਬੁਧੀਰਾਜਾ ਜੀ ਨਾਮ ਮਾਤਰ ਕਰਾਇਆ ਭਰ ਕੇ ਉਸ ਵਿਚ ਕਰਾਏਦਾਰ ਵਜੋਂ ਰਹਿੰਦੇ ਸਨ। ਇਸ ਥਾਂ ਤੇ ਹੁਣ ਸ੍ਰੀ ਗੁਰੂ ਹਰਿ ਗੋਬਿੰਦ ਨਿਵਾਸ ਨਾਂ ਵਾਲ਼ੀ ਸਰਾਂ ਬਣ ਚੁੱਕੀ ਹੈ। ਸ. ਬੁਧੀਰਾਜੇ ਤੋਂ ਇਲਾਵਾ ਸ. ਸ਼ਿਵ ਸਿੰਘ ਝਾਵਾਂ, ਸ. ਸੁਖਰਾਮ ਸਿੰਘ, ਸ. ਕਰਨੈਲ ਸਿੰਘ ਨਾਗ ਵਰਗੇ ਕੁਝ ਹੋਰ ਵੀ ਲੀਡਰ ਉਸ ਨਾਲ਼ ਚਲੇ ਗਏ। ਫਿਰ ਉਸਨੇ ਸੰਤ ਫਤਿਹ ਸਿੰਘ ਦੇ ਖਿਲਾਫ ਮੋਰਚਿਆਂ ਤੇ ਜਲਸਿਆਂ ਦੀ 'ਡੁਗਡੁਗੀ' ਵੀ ਕੁਝ ਦਿਨ ਵਜਾਈ। ਘੰਟਾ ਘਰ ਵਿਚ ਸਜੇ ਅਜਿਹੇ ਇਕ ਜਲਸੇ ਦੀ ਸਟੇਜ ਤੇ ਵਿਚਾਰੇ ਭਗਤ, ਭਗਤ ਪੂਰਨ ਸਿੰਘ ਜੀ, ਵੀ ਸੰਤ ਜੀ ਦੇ ਖਿਲਾਫ ਬੋਲ ਗਏ। ਇਹ ਲੋਕਾਂ ਨੇ ਪਹਿਲੀ ਵਾਰ ਵੇਖਿਆ ਕਿ ਬਾਹਰੋਂ ਸਤਿਆਗ੍ਰਹੀ ਦਰਬਾਰ ਸਾਹਿਬ ਦੇ ਅੰਦਰ ਨੂੰ ਜਾਣ। ਹੁਣ ਤੱਕ ਲੋਕਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰੋਂ ਜਥੇ ਬਾਹਰ ਨੂੰ ਹੀ ਜਾਂਦੇ ਵੇਖੇ ਸਨ। ਇਸ 'ਗੜਬੜ ਚੌਥ' ਦੌਰਾਨ ਹੀ ਇਕ ਦਿਨ ਹੁਿਡਆਰਾ ਜੀ ਨੇ ਘੰਟਾ ਘਰ ਵਿਖੇ ਭਾਸ਼ਨ ਕਰਦਿਆਂ ਕੁਝ ਇਸ ਤਰ੍ਹਾਂ ਆਖਿਆ, "ਇਹ ਸਾਧ ਕਾਹਦਾ! ਇਹ ਤਾਂ ਟੈਰਾਲੀਨ ਦਾ ਚੋਲ਼ਾ ਪਾਉਂਦਾ।" ਯਾਦ ਰਹੇ ਕਿ ਉਹਨਾਂ ਦਿਨਾਂ ਵਿਚ ਟੈਰਾਲੀਨ ਦਾ ਝੱਗਾ ਪਜਾਮਾ ਪਾਉਣਾ ਸ਼ੌਕੀਨੀ ਵਿਚ ਸ਼ੁਮਾਰ ਹੁੰਦਾ ਸੀ। ਇਸ ਦੇ ਜਵਾਬ ਵਿਚ ਇਕ ਜਲਸੇ ਨੂੰ ਸੰਬੋਧਨ ਕਰਦਿਆਂ ਸੰਤ ਫਤਿਹ ਸਿੰਘ ਜੀ ਨੇ ਆਖਿਆ, "ਆਪ ਇਕ ਤੇ ਵੀ ਬੱਸ ਨਹੀ ਕਰਦੇ; ਸਗੋਂ ਦੋ ਦੋ ਘੋੜਿਆਂ ਦੀ ਬੋਸਕੀ ਪਾਈ ਫਿਰਦੇ ਨੇ। ਮੇਰਾ ਵਿਚਾਰਾ ਟੈਰਾ ਹੀ ਇਹਨਾਂ ਨੂੰ ਚੁਭਦਾ।" ਇਹ ਦੱਸਣ ਦੀ ਲੋੜ ਨਹੀ ਕਿ ਸੰਤ ਜੀ ਬੜੇ ਹੀ ਹਾਜਰ ਜਵਾਬ ਤੇ ਹਸਮੁਖ ਹੁੰਦੇ ਸਨ। ਉਹ ਵਿਰੋਧੀ ਦੀ ਦਲੀਲ਼ ਨੂੰ ਹੀ ਉਲ਼ਟਾ ਕੇ ਉਸ ਤੇ ਵਰਤਣ ਵਿਚ ਬੜੀ ਕਮਾਲ ਦੀ ਯੋਗਤਾ ਰਖਦੇ ਸਨ। ਯਾਦ ਰਹੇ ਕਿ ਓਹਨੀਂ ਦਿਨੀਂ ਹੁਡਿਆਰਾ ਜੀ ਦੋ ਘੋੜਿਆਂ ਵਾਲ਼ੀ ਬੋਸਕੀ ਦਾ ਕੁੜਤਾ ਪਾਇਆ ਕਰਦੇ ਸਨ ।

ਦੋ ਤੇਰੀਆਂ ਦੋ ਮੇਰੀਆਂ.......... ਵਿਅੰਗ / ਅਮਰਜੀਤ ਟਾਂਡਾ (ਡਾ.)

ਓਦਰੋਂ ਗਾਂਜਰਾਂ ਨਾ ਮੁੱਕਣ, ਏਧਰੋਂ ਮੂੰਹ ਤੇ ਲਾਲੀ ਨਾ ਆਵੇ -

-ਅਮਲੀਆ ਹਾਅ ਕੀ ਓਏ ਬੀਅ ਬੀਜੀਂ ਬੈਠਾਂ- ਕਦੇ ਮੰਜਾ ਪੀੜ੍ਹੀ ਵੀ ਸਾਫ ਕਰ ਕੇ ਵਛਾ ਲਿਆ ਕਰ, ਦੇਖ ਤਾਂ ਸਈ ਕਿੱਦਾਂ ਖੱਟ ਖਲਾਰੀ ਆ ਜਿਮੇਂ ਕਿਸੇ ਰੰਨ ਨੇ ਆ ਕੇ ਸਾਂਬਣਾਂ ਹੋਵੇ-ਕਦੇ ਲੱਕੜਾਂ ਕਦੇ ਪਾਥੀਆਂ ਖਲਾਰੀ ਰੱਖਦਾਂ ਤੇ ਕਦੇ ਆਪਣਾ ਆਪ-ਲੈ ਫੜ ਕੀ ਯਾਦ ਕਰੈਂਗਾ-ਗਜ਼ਰੇਲਾ ਖਾ ----ਕਿੱਥੇ ਆ ਜੀ ? -ਹੈਸ ਡੱਬੇ ਚ ਆ ਹੋਰ ਜੇਬ ਚ ਪਾਇਆ ਆ ਮੇਰੇ-ਪਤੰਦਰਾ ਨੱਕ ਬੀ ਨਈ ਕੰਮ ਕਰਦਾ--ਆ ਤਾਂ ਜੀ ਕਮਾਲ ਹੀ ਕਰ ਦਿਤੀ ਹੈ ਤੁਸੀਂ-ਤੁਸੀਂ ਜੀਓ ਤੁਹਾਡੇ ਬੱਚੇ ਜੀਣ-ਬੜੀ ਸੇਬਾ ਕਰਦੇ ਨੇ ਉਹ ਤੁਹਾਡੀ ਜੀ--ਪਹਿਲਾਂ ਗਜ਼ਰੇਲਾ ਖਾ ਲੈ, ਫੇਰ ਦੇਮੀਂ ਸੀਸਾਂ--ਕਿਉਂ ਜੀ ਫੇਰ ਕਿਉਂ--ਫੇਰ ਤੈਂ ਹੱਸਣਾਂ ਕਿ ਇਹ ਕੀ ਗੱਲ ਹੋਈ--ਚਲੋ ਦੱਸੋ, ਫਿਰ ਹੋਇਆ ਕੀ ਜੀ –-ਹੋਣਾਂ ਕੀਆ ਯਾਰ-ਦਿਲ ਚ ਸੀ ਕਿ ਕਾਲੇ ਦਾ ਚਾਚਾ ਰੋਜ ਹੀ ਤਾਜਾ ਜੂਸ ਪੀਂਦਾ ਤਾਂਹੀ ਲਾਲ ਹੋਇਆ ਫਿਰਦਾ, ਇਹੀ ਸੋਚ ਕੇ ਮੈਂ ਵੀ ਗਾਜ਼ਰਾਂ ਦੀ ਬੋਰੀ ਲੈ ਆਇਆ-ਤੇ ਕਿੰਨੋਆਂ ਦਾ ਡੱਬਾ--ਤੇ ਇਹ ਫਿਰ ਕਿਹੜੀ ਹੱਸਣ ਵਾਲੀ ਗੱਲ ਹੋਈ ਜੀ!-ਓਏ ਗੱਲ ਤਾਂ ਸੁਣ-ਕੰਜਰਾ 20 ਕਿੱਲੋ ਗਾਂਜਰਾਂ –ਪਹਿਲਾਂ ਤਾਂ ਬੜੇ ਔਖੇ ਹੋ ਕੇ ਲਿਆਂਦੀਆਂ ਤੇ ਫਿਰ ਕੋਈ ਨੇੜੇ ਨਾ ਆਵੇ - ਨਾ ਹੀ ਕੋਈ ਛਿੱਲਣ ਧੋਣ ਲਈ ਤੇ ਨਾ ਜੂਸ ਕੱਡਣ ਲਈ -5 ਕੁ ਦਿਨਾਂ ਬਾਦ ਜਦ ਕਿਸੇ ਨੇ ਹੱਥ ਨਾ ਲਾਇਆ ਤਾਂ ਉਹ ਤਾਂ ਬੁੜੀ ਦੇ ਮੂੰਹ ਬਰਗੀਆਂ ਹੋਣ ਲੱਗ ਪਈਆਂ-ਜਾਣੀ ਕਿ ਸੁੱਕਣ ਲੱਗੀਆਂ, ਤੇ ਝੁਰੜੀਆਂ ਜੇਈਆਂ ਨਾਲ ਭਰਨ ਲੱਗ ਪਈਆਂ, ਨੇੜੇ ਪਏ ਕਿੰਨੋ ਵੀ ਸਾਲੇ ਚਿੱਟੇ ਜੇਹੇ ਹੋਈ ਜਾਣ-ਪਤਾ ਨਾ ਲੱਗੇ ਕਿ ਕਿਹਨੂੰ ਪਹਿਲਾਂ ਸਬਕ ਸਖਾਵਾਂ-ਆਖਰ ਗਾਂਜਰਾਂ ਦੀ ਵਾਰੀ ਆ ਗਈ-ਜੂਸ ਕੱਢ 2 ਮੈਂ ਭਾਡੇ ਭਰ ਦਿਤੇ ਪਰ ਕੋਈ ਪੀਣ ਨੂੰ ਨੇੜੇ ਨਾ ਆਵੇ- ਅਖੇ ਹੈਥੈ ਪਿਆ ਰਹਿਣ ਦਿਓ ਜੇ ਕਿਸੇ ਨੂੰ ਲੋੜ ਹੋਊ ਪੀ ਲਊਗਾ ਤੁਸੀਂ ਜਰੂਰ ਧੱਕੇ ਨਾਲ ਪਿਆਉਣਾ ਹੈ-ਪਹਿਲਾਂ ਤਾਂ ਆਪ ਜੂਸ ਪੀ 2 ਆਫਰ ਗਏ , ਗੱਲ ਕੀ ਜਦੋਂ ਰਸੋਈ ਚ ਜਾਵਾਂ ਜੂਸ ਓਨੇ ਦਾ ਹੀ ਓਨਾ-ਕਿਸੇ ਹੱਥ ਨਾ ਲਾਇਆ, ਓਦਰੋਂ ਗਾਂਜਰਾਂ ਨਾ ਮੁੱਕਣ , ਏਧਰੋਂ ਮੂੰਹ ਤੇ ਲਾਲੀ ਨਾ ਆਵੇ, ਦੂਸਰਿਆਂ ਲਈ ਚਿਹਰੇ ਤੇ ਖੁਸੀ ਨੱਚੇ ਕਿ ਇਹ ਕਿਉਂ ਨਈ ਪੀਂਦੇ- ਘਰ ਚ ਜੂਸ ਨਾਲ ਇੱਕ ਹੋਰ ਪੁਆੜਾ ਖੜਾ ਕਰ ਲਿਆ -ਸੋਚਿਆ ਕਿ ਹੁਣ ਕੀਤਾ ਕੀ ਜਾਵੇ-ਗੱਲ ਕੀ ਘਰਵਾਲੀ ਨੇ ਫਾਹਾ ਨਬੇੜਨ ਲਈ ਗਜ਼ਰੇਲਾ ਬਣਾ ਦਿਤਾ ਕਈ ਕਿੱਲੋ ਗਾਂਜਰਾਂ ਦਾ- ਫਿਰ ਕੋਈ ਗਜ਼ਰੇਲਾ ਨਾ ਖਾਵੇ ਕੌਲੀ 2 ਖਾ ਕੇ ਕਹਿਣ ਰੱਜ ਗਏ-–ਅਖੇ ਦਿੱਲ ਨਈ ਕਰਦਾ-ਭਰ ਜੇਆ ਗਿਆ ਹੈ-ਸਾਮ ਨੂੰ ਘਰਵਾਲੀ ਨੇ ਖੜੀ 2 ਨੇ ਗਾਂਜਰਾਂ ਦੀ ਸਬਜੀ ਬਣਾ ਧਰੀ, ਇੱਕ ਵੇਲੇ ਖਾ ਕੇ ਫਿਰ ਕੋਈ ਸਬਜੀ ਦੇ ਨੇੜੇ ਨਾ ਖਾਵੇ, ਘਰ ਚ ਜੂਸ ਗਜ਼ਰੇਲਾ ਤੇ ਸਬਜੀ ਨੇ ਇੱਕ ਹੋਰ ਪੁਆੜੇ ਤੇ ਪੁਆੜ ਖੜਾ ਕਰ ਲਿਆ-ਥਾਂ 2 ਗਾਂਜਰਾਂ ਦੀ ਹੀ ਭਰਮਾਰ ਦਿਸੇ-ਸੁਪਨੇ ਚ ਵੀ ਗਾਜਰਾਂ, ਮੁਕੇ ਕੁਝ ਵੀ ਨਾ-ਨਆਣੇ ਕਹਿਣ -ਅਖੇ ਫੇਰ ਗਾਂਜਰਾਂ। ਘਰਵਾਲੀ ਨੇ ਸਮਝਿਆ ਕਿ ਸੈਦ ਰੈਤਾ ਖਾ ਲੈਣਗੇ-ਓਹਨੇ ਗਾਂਜਰਾਂ ਵਾਲਾ ਰੈਤਾ ਬਣਾ ਦਿਤਾ– ਤੇ ਮਗਰ 2 ਚੁਕੀ ਫਿਰੇ-ਨਆਣੇ ਛੱਡ 2 ਦੌੜਨ ਲੱਗੇ, ਫਿਰ ਓਹਵੀ ਕੋਈ ਨਾ ਖਾਵੇ- ਜੇ ਖਾਲੀ ਹੱਥ ਵੀ ਬੱਚਿਆਂ ਵੱਲ ਜਾਈਏ ਤਾਂ ਉਹ ਦੌੜ ਪੈਣ ਕਿ ਕੋਈ ਗਾਜਰ ਦੀ ਚੀਜ ਲਿਆ ਰਹੇ ਹਨ, ਸੋਚਿਆ ਬਈ ਮਹਿੰਗੀਆਂ ਗਾਂਜਰਾਂ (4-5 ਡਾਲਰ ਦੀਆਂ 20 ਕਿੱਲੋ) ਖਰਾਬ ਹੋਈ ਜਾਂਦੀਆਂ ਨੇ ਤਾਂ ਕੋਈ ਹੋਰ ਢੰਗ ਸੋਚੀਏ, ਮੈਡਮ ਨੇ ਅਚਾਰ ਪਾ ਦਿਤਾ-ਗੱਲ ਕੀ ਨਿਆਣੇ ਰਸੋਈ ਚੋਂ ਹੀ ਬਾਹਰ ਆ ਗਏ- ਕਹਿੰਦੇ ਪਹਿਲਾਂ ਇਹ ਗਾਂਜਰਾਂ ਦਾ ਬਿਉਪਾਰ ਬੰਦ ਕਰੋ ਫੇਰ ਘਰ ਬੜਾਂਗੇ--ਬਥੇਰੀਆਂ ਮਿੰਤਾਂ ਤਰਲੇ ਕੀਤੇ ਕਿ ਬੱਚਿਓ ਡਾਕਦਾਰ ਕਹਿੰਦਾ ਸੀ ਕਿ ਗਾਂਜਰਾਂ ਅੱਖਾਂ ਲਈ ਚੰਗੀਆਂ ਹੁੰਦੀਆਂ ਨੇ, ਲੱਤਾਂ ਲਈ ਚੰਗੀਆਂ ਹੁੰਦੀਆਂ ਨੇ-ਬੱਖੀਆਂ ਲਈ ਚੰਗੀਆਂ ਹੁੰਦੀਆਂ ਨੇ-ਗੋਡਿਆਂ ਤੇ ਬੰਨ੍ਹ ਲੈਣ ਨਾਲ ਗੋਡੇ ਨਈ ਦੁਖਦੇ-ਪਰ ਖਾਵੇ ਕਿਹੜਾ-ਅਖੇ ਰੋਟੀ ਨਾਲ ਸਬਜੀ ਵੀ ਗਾਜਰ ਦੀ, ਨਾਲ ਅਚਾਰ ਗਾਜਰ ਦਾ, ਨਾਲ ਰੈਤਾ ਗਾਜਰ ਦਾ,ਪੀਣ ਲਈ ਜੂਸ ਗਾਜਰ ਦਾ, ਤੇ ਪਿੱਛੋਂ ਮਿੱਠੀ ਚੀਜ ਫੇਰ ਗਜਰੇਲਾ-ਮਾਰੇ ਗਏ ਬਈ--ਆਏ ਗਏ ਨੂੰ ਬੀ ਜੂਸ ਗਾਂਜਰਾਂ ਦਾ, ਤੇ ਬਾਦ ਚ ਗਜ਼ਰੇਲਾ ਮੱਲੋ ਮੱਲੀ–-ਕਹਿੰਦੇ ਤਾਂ ਹੋਣੇ ਆ ਬਈ ਬੜੀ ਸੇਵਾ ਕਰਦੇ ਨੇ--ਤੇ ਹੋਰ ਕੀ-ਪਰ ਜਦੋਂ ਚਲੇ ਜਾਣ ਤਾਂ ਬਾਦ ਚ ਸ਼ੁਕਰ ਕਰੀਏ ਕਿ ਮਸਾਂ ਅਜੇ 2-3 ਕਿੱਲੋ ਹੀ ਗਾਂਜਰਾਂ ਮੁੱਕੀਆਂ ਹਨ-ਬਥੇਰਾ ਹੋਰ ਜੂਸ ਪੁੱਛ 2 ਪਾਈਏ ਪਰ ਸਾਰੇ ਹੀ ਹੱਥ ਖੜੇ ਕਰ ਜਾਣ-ਨਿਆਣੇ ਕੈਣ ਕਿ ਜੇ ਮੁੜ ਕੇ ਗਾਂਜਰਾਂ, ਗਜ਼ਰੇਲੇ ਦਾ ਬਿਜਨਸ ਸੁਰੂ ਕੀਤਾ ਤਾਂ ਅਸੀਂ ਓਨੇ ਦਿਨ ਘਰ ਨਈ ਜੇ ਰੋਟੀ ਖਾਣੀ-ਆਂਡ ਗੁਆਂਢ 2-2 ਕਿੱਲੋ ਦਿਤੀਆਂ –ਗਰੇਜਾਂ ਨੇ ਸਮਝਿਆ ਬਈ ਚੰਗੇ ਗੁਆਂਡੀ ਨੇ-ਪਰ ਵਿੱਚੋਂ ਸੁਕਰ ਕਰਾਂ ਕਿ ਬਾਹਰ ਸੁੱਟਣ ਨਾਲੋਂ ਤਾਂ ਕਿਸੇ ਨੂੰ ਦੇ ਦਿਓ ਤਾਂ ਚੰਗਾ ਹੈ-ਕਿਸੇ ਦੀ ਤਾਂ ਨਜਰ ਵਧੂ, ਲੱਤਾਂ ਸਿੱਦੀਆਂ ਹੋਣਗੀਆਂ-ਉਹ ਸਾਰੇ ਥੈਂਕੂ 2 ਕਰਨੋ ਨਾ ਹਟਣ- ਮੈਂ ਪੁੱਛਾਂ ਕਿ ਹੋਰ ਲਿਆਵਾਂ, ਨਈ ਉਹ ਕੈਣ ਬਾਕੀ ਤੁਸੀਂ ਵਰਤ ਲਓ-ਦਿਲੋਂ ਕਹਾਂ ਕਿ ਅਸੀਂ ਤਾਂ ਅੱਕੇ ਪਏ ਆਂ, ਹੁਣ ਗਆਂਡੀਆਂ ਦੀ ਵਾਰੀ ਆ-ਪਰ ਗਾਂਜਰਾਂ ਫੇਰ ਅਜੇ ਪਈਆਂ ਸਨ-ਫੇਰ ਜੂਸ ਕੱਢ 2 ਕਸਰਾਂ ਕੱਡੀਆਂ-ਪਰ ਘਰ ਦੇ ਸਾਰੇ ਪੀਣ ਜਾਂ ਖਾਣ ਤਾਂਹੀ ਮੁਕਦੀਆਂ- -ਫੇਰ ਕਿਮੇਂ ਮਕਾਈਆਂ ਜੀ ਗਾਂਜਰਾਂ --ਮਕੌਣੀਆਂ ਕਿਮੇ ਸੀਗੀਆਂ –ਜਦੋਂ ਵੀ ਸੈਰ ਕਰਕੇ ਘਰ ਵੜਦੇ-ਜੂਸ ਹੀ ਜੂਸ ਚਲਦਾ ਸੀ-ਬਾਦ ਚ ਓਹੀ ਬਹੁਤੀ ਸਾਰੀ ਸਬਜੀ ਤੇ ਰੋਟੀ ਤੇ ਕੱਟ-ਗੱਲ ਕੀ ਨਜ਼ਰ ਤਾਂ ਇੱਕ ਵਾਰ ਤੇਜ ਕਰਤੀ ਗਾਜਰਾਂ ਨੇ ਸਾਰੇ ਮੁਹੱਲੇ ਦੀ, ਨਾਲ ਅਚਾਰ ਬੀ ਗਾਂਜਰਾਂ ਦਾ, ਤੇ ਪਿੱਛੋ ਰੈਤਾ ਵੀ, ਨਾ ਘਰ ਵਾਲੀ ਭੁੱਲੇ ਕਿ ਇਹ ਕੀਹਨੇ ਖਤਮ ਕਰਨਾ ਹੈ-ਫੇਰ ਕੁਝ ਕੁ ਗਾਜਰਾਂ ਦਾ ਮੁਰੱਬਾ ਪਾ ਦਿਤਾ-ਸੋਚਿਆ ਇਹ ਨਈ ਕਿਤੇ ਜਾਂਦਾ, ਓਦਰ ਅਚਾਰ ਨੂੰ ਉੱਲੀ ਲੱਗ ਗਈ, ਸਬਜੀ ਬੀ ਘੱਟ ਨਾ ਹੋਬੇ-ਖਰਾਬ ਹੋਈ ਖਾਧੀ ਫੇਰ ਸੁੱਟੀ, ਜੂਸ ਵਾਲਾ ਜੱਗ ਕੱਲੇ ਕੋਲੋਂ ਠਾਅ ਨੂੰ ਨਾ ਜਾਵੇ-ਪਿਆ 2 ਕਸ ਗਿਆ, ਘਰ ਦੋਸਤ ਆਉਣੋ ਹਟ ਗਏ, ਗਵਾਂਡੀ ਬੋਲਣ ਨਾ, ਘੜੀ ਪਿੱਛੋਂ ਦੂਰ ਦੀਆਂ ਚੀਜਾਂ ਦੇਖਾਂ ਕਿ ਨੇੜੇ ਆਉਂਦੀਆਂ ਕਿ ਨਈ, ਉਹ ਬੀ ਨਾ ਫਰਕ ਪਿਆ-ਫੇਰ ਕੁਝ ਕੁ ਪਿੰਨੀਆਂ ਚ ਗਾਜਰਾਂ ਸੁਟੀਆਂ, ਬਈ ਹੁਣ ਹੀ ਕੋਈ ਗਲਤੀ ਨਾਲ ਖਾ ਲਊ-ਨਿਆਣਿਆਂ ਨੇ ਬਿਚ ਗਾਂਜਰਾਂ ਦੇਖ ਕੇ ਉਹ ਵੀ ਛੱਡ ਦਿਤੀਆਂ-ਕਹਿੰਦੇ- ਪਾਪਾ ਘਰ ਚ ਪਹਿਲਾਂ ਗਾਜ਼ਰ ਬਿਜਨਸ਼ ਬੰਦ ਕਰੋ-

ਚਰਖੇ ਦਾ ਰੋਮਾਂਚ.......... ਲੇਖ / ਗੁਰਦੀਪ ਸਿੰਘ ਢੁੱਡੀ

ਪੰਜਾਬ ਦੇ ਲੋਕਾਂ ਦਾ ਜੀਵਨ ਬੜਾ ਖੁੱਲ੍ਹਾ ਡੁੱਲ੍ਹਾ ਅਤੇ ਜੀਵਨਸ਼ੈਲੀ ਵਿੱਚ ਬੜੀ ਸਾਦਗੀ ਸੀ। ਮਸ਼ੀਨੀਕਰਨ ਦਾ ਅਜੇ ਕੋਈ ਪ੍ਰਭਾਵ ਨਹੀਂ ਪਿਆ ਸੀ। ਹੱਥੀਂ ਪੈਦਾ ਕੀਤਾ ਅਨਾਜ ਹੀ ਲੋਕਾਂ ਦਾ ਢਿੱਡ ਭਰਨ ਲਈ ਕਾਫੀ ਹੋਇਆ ਕਰਦਾ ਸੀ ਅਤੇ ਕੱਪੜਾ ਵੀ ਹੱਥੀਂ ਬੁਣਿਆ ਪਾਇਆ ਜਾਂਦਾ ਸੀ। ਕੱਪੜਾ ਬਣਾਉਣ ਲਈ ਕਪਾਹ ਪੈਦਾ ਕੀਤੀ ਜਾਂਦੀ ਸੀ, ਕਪਾਹ ਵੇਲ ਕੇ ਵੜੇਵੇਂ ਅਤੇ ਰੂੰ ਅਲੱਗ ਅਲੱਗ ਕੀਤੀ ਜਾਂਦੇ ਸਨ। ਰੂੰ ਨੂੰ ਚਰਖੇ ਤੇ ਕੱਤ ਕੇ ਸੂਤ ਬਣਾਇਆ ਜਾਂਦਾ ਸੀ ਅਤੇ ਸੂਤ ਨੂੰ ਤਾਣੀ ਤੇ ਪਾ ਕੇ ਕੱਪੜਾ ਬਣਾਇਆ ਜਾਂਦਾ ਸੀ। ਭਾਵੇਂ ਕਪਾਹ ਬੀਜਣ ਤੋਂ ਲੈ ਕੇ ਸੂਤ ਕੱਤਣ ਤੱਕ ਪੂਰਾ ਰੋਮਾਂਚ ਬਣਿਆ ਰਹਿੰਦਾ ਸੀ ਪਰੰਤੂ ਇਸ ਵਿੱਚ ਸੂਤ ਕੱਤਣ ਸਮੇਂ ਚਰਖਾ ਚਲਾਉਣ ਨਾਲ ਵਿਭਿੰਨ ਰੋਮਾਂਚਕਾਰੀ ਕਥਾਵਾਂ ਅਤੇ ਗੀਤ ਪ੍ਰਚੱਲਤ ਹੋਏ ਹਨ। ਬਹੁਤ ਵਾਰੀ ਤਾਂ ਰੂੰ, ਸੂਤ, ਅਤੇ ਕੱਪੜਾ ਪਿੱਛੇ ਰਹਿ ਜਾਂਦੇ ਹਨ ਅਤੇ ਚਰਖਾ ਪ੍ਰਮੁੱਖ ਹੋ ਜਾਂਦਾ ਹੈ। ਰਹਿੰਦੀ ਕਸਰ ਪੰਜਾਬੀ ਸੂਫ਼ੀ ਕਵੀ ਬਾਬਾ ਬੁੱਲ੍ਹੇ ਸ਼ਾਹ ਅਤੇ ਦੂਸਰੇ ਸੂਫ਼ੀ ਕਵੀਆਂ ਨੇ ਚਰਖੇ ਨੂੰ ਮਨੁੱਖੀ ਸਰੀਰ ਨਾਲ ਉਪਮਾ ਕੇ ਪੂਰੀ ਕਰ ਦਿੱਤੀ ਹੈ। ਵਿਗਿਆਨਕ ਪ੍ਰਗਤੀ ਅਤੇ ਆਧੁਨਿਕਤਾ ਦੇ ਪ੍ਰਵੇਸ਼ ਨਾਲ ਚਰਖੇ ਦੀ ਘੂਕਰ ਭਾਵੇਂ ਮੱਧਮ ਪੈ ਗਈ ਹੈ ਪਰੰਤੂ ਲੋਕ ਮਨਾਂ ਵਿੱਚੋਂ ਇਸ ਨੂੰ ਮਨਫੀ ਕੀਤਾ ਜਾਣਾ ਮੁਮਕਿਨ ਨਹੀਂ ਹੈ। ਅੱਜ ਚਰਖਾ ਭਾਵੇਂ ਯੂਨੀਵਰਸਿਟੀਆਂ ਕਾਲਜਾਂ ਵਿੱਚ ਪੇਸ਼ ਕੀਤੇ ਜਾਂਦੇ ‘ਸੱਭਿਆਚਾਰਕ ਪ੍ਰੋਗਰਾਮਾਂ’, ਨੁਮਾਇਸ਼ਾਂ, ਅਜਾਇਬ ਘਰਾਂ ਜੋਗਾ ਬਣ ਕੇ ਰਹਿ ਗਿਆ ਹੈ ਫਿਰ ਵੀ ਲੋਕ ਮਨਾਂ ਵਿੱਚ ਮਿਲੀ ਹੋਈ ਇਸ ਦੀ ਥਾਂ ਸਮਾਪਤ ਨਹੀਂ ਹੋ ਸਕਦੀ।

ਚਰਖਾ ਭਾਵੇਂ ਸੂਤ ਕੱਤਣ ਦੇ ਕੰਮ ਆਉਂਦਾ ਸੀ ਪਰੰਤੂ ਇਸ ਨਾਲ ਜਿੰਨਾ ਰੋਮਾਂਚ ਜੁੜਿਆ ਹੋਇਆ ਹੈ ਓਨਾ ਸ਼ਾਇਦ ਹੀ ਕਿਸੇ ਹੱਥੀਂ ਕਿਰਤ ਕਰਨ ਵਾਲੀ ਵਸਤੂ ਨਾਲ ਜੁੜਿਆ ਹੋਇਆ ਹੋਵੇ। ਚਰਖਾ ਕੱਤਣ ਲਈ ਤ੍ਰਿੰਞਣ ਜੁੜਿਆ ਕਰਦੀ ਸੀ। ਕੁਆਰੀਆਂ, ਵਿਆਹੀਆਂ, ਅੱਧਖੜ, ਬਜ਼ੁਰਗ ਔਰਤਾਂ, ਪੇਕੇ ਆਈਆਂ ਜਾਂ ਫਿਰ ਨਵ-ਵਿਆਹੀਆਂ ਪਰੰਤੂ ਸਹੁਰੇ ਘਰ ਹੁੰਦੀਆਂ ਇਸ ਤ੍ਰਿੰਞਣ ਵਿੱਚ ਆਪਣਾ ਆਪਣਾ ਦੁੱਖ-ਸੁਖ ਫਰੋਲ ਲੈਂਦੀਆਂ ਸਨ। ਇਸ ਥਾਂ ਨੂੰ ਤੀਆਂ ਵਾਲੀ ਥਾਂ ਨਾਲ ਤੁਲਨਾਇਆ ਜਾ ਸਕਦਾ ਹੈ। ਫਰਕ ਸਿਰਫ ਏਨਾ ਹੈ ਕਿ ਤੀਆਂ ਵਿੱਚ ਕੇਵਲ ਜਵਾਨੀ ਧੜਕਦੀ ਹੁੰਦੀ ‘ਸੀ’ ਜਦੋਂ ਕਿ ਤ੍ਰਿੰਞਣ ਵਿੱਚ ਪੂਰੀ ਜ਼ਿੰਦਗੀ ਦਾ ਤਵਾਜ਼ਨ ਬਣਿਆ ਹੋਇਆ ਹੁੰਦਾ ਸੀ। ਇੱਥੇ ‘ਕੱਤਣੀ ਫਰਾਟੇ ਵੀ ਮਾਰਦੀ’ ਹੁੰਦੀ ਸੀ ਅਤੇ ਦੁੱਖ-ਸੁਖ ਵੀ ਸਾਂਝੇ ਹੁੰਦੇ ਸਨ। ਇੱਥੇ ਜੇਕਰ ‘ਪਹਾੜੋਂ ਜੋਗੀ ਉੱਤਰ ਆਉਂਦਾ’ ਸੀ ਤਾਂ ਉਮਰ ਹੰਢਾਏ ਹੋਣ ਕਰਕੇ ਮੱਤ-ਬੁੱਧ ਵੀ ਦਿੱਤੀ ਜਾਂਦੀ ਸੀ। ਕੁੜੀਆਂ ਕੱਤਰੀਆਂ ਚਰਖੇ ਦੀ ਘੂਕਰ ਵਿੱਚੋਂ ਹੀ ਆਪਣੇ ਮਨ ਦੀਆਂ ਰੀਝਾਂ ਦੀ ਉਧੇੜ ਬੁਣ ਕਰ ਲੈਂਦੀਆਂ ਸਨ ਪਰੰਤੂ ਬਜ਼ੁਰਗ ਔਰਤਾਂ ਉਨ੍ਹਾਂ ਨੂੰ ‘ਸਿਆਣੀਆਂ’ ਬਣਨ ਦਾ ਉਪਦੇਸ਼ ਵੀ ਦੇ ਦਿੰਦੀਆਂ ਸਨ।

ਸਿਖਰ ਦਾ ਰੋਮਾਂਚ ਤਾਂ ਇਹ ਹੈ ਕਿ ਹਾਰੀ ਸਾਰੀ ਕੁੜੀ, ਔਰਤ ਚਰਖੇ ਨੂੰ ਚਲਾ ਨਹੀਂ ਸਕਦੀ ਹੁੰਦੀ ਸੀ। ਇੱਥੇ ਬਾਹਵਾਂ ਦਾ ਬਲ ਵੀ ਲੱਗਿਆ ਕਰਦਾ ਸੀ ਅਤੇ ਸੂਤ ਕੱਤਣ ਲਈ ਸ਼ਿਲਪ ਦੀ ਜਰੂਰਤ ਵੀ ਪੈਂਦੀ ਸੀ। ਪੂਰੇ ਗਲੋਟੇ ਦਾ ਇੱਕੋ ਜਿਹਾ ਸੂਤ, ਨਾ ਕਿਤੋਂ ਮੋਟਾ ਅਤੇ ਨਾ ਕਿਤੋਂ ਪਤਲਾ ਹੋਣਾ ਚਰਖਾ ਚਲਾਉਣ ਵਾਲੀ ਦੇ ਸ਼ਿਲਪ ਦੀ ਨਿਸ਼ਾਨੀ ਹੋਇਆ ਕਰਦਾ ਸੀ। ਧਾਗੇ ਦਾ ਵਾਰ ਵਾਰ ਟੁੱਟਣਾ ਕਿਤੇ ਸ਼ਿਲਪ ਵਿਹੂਣੀ ਔਰਤ ਦੀ ਗੱਲ ਕਰਦਾ ਸੀ ਅਤੇ ਕਿਤੇ ਵਿਯੋਗ ਦੀ ਬਾਤ ਵੀ ਪਾ ਜਾਂਦਾ ਸੀ। ‘ਚਰਖਾ ਮੇਰਾ ਰੰਗਲਾ ਵਿੱਚ ਸੇਨੇ ਦੀਆਂ ਮੇਖਾਂ’ ਕਹਿੰਦਿਆਂ ਵਿਯੋਗਣ ਆਪਣੇ ਪਿਆਰੇ ਨੂੰ ਚਰਖਾ ਕੱਤਣ ਵਿੱਚੋਂ ਹੀ ਮਹਿਸੂਸ ਕਰ ਲੈਂਦੀ ਹੈ। ‘ ਪੂਣੀਆਂ ਮੈਂ ਚਾਰ ਕੱਤੀਆਂ ਟੁੱਟ ਪੈਣੇ ਦਾ ਪੰਦਰਵਾਂ ਗੇੜਾ’ ਵਾਲੇ ਗੀਤ ਵਿੱਚ ਮੁਹੱਬਤ ਵਿਚਲੀ ਤੜਫ ਵਰਗਾ ਸ਼ਾਇਦ ਕੋਈ ਹੋਰ ਤੱਥ ਹੋ ਹੀ ਨਹੀਂ ਸਕਦਾ ਹੈ। ‘ਮੇਰੇ ਚਰਖੇ ਦੀ ਟੁੱਟ ਗਈ ਮਾਲ ਵੇ ਚੰਨ ਕੱਤਾਂ ਕਿ ਨਾ’ ਕਹਿੰਦਿਆਂ ਵਿਯੋਗਣ ਦੀ ਵਸਲ ਦੀ ਤਾਂਘ ਡੁੱਲ੍ਹ ਡੁੱਲ੍ਹ ਪੈਂਦੀ ਹੈ। ਅਸਲ ਵਿੱਚ ਚਰਖੇ ਦੀ ਹੱਥੀ, ਤੱਕਲ਼ਾ, ਬੈੜ, ਮਾਲ, ਤੰਦ ਦਾ ਲੰਮਾ ਹੋਣਾ, ਟੁੱਟ ਜਾਣਾ, ਛਿੱਕੂ ਵਿੱਚ ਪਈਆਂ ਪੂਣੀਆਂ ਦਾ ਸੱਪ ਬਣ ਜਾਣਾ, ਸ਼ੀਸ਼ਿਆਂ ਜੜਿਆ ਚਕਰਾ, ਲੱਠ, ਚਰਖੇ ਵਿਚਲੀਆਂ ਮੇਖਾਂ ਸਾਰੇ ਹੀ ਚਰਖੇ ਦੇ ਰੋਮਾਂਚ ਦੀ ਬਾਤ ਪਾਉਂਦੇ ਰਹਿੰਦੇ ਹਨ।

ਚਰਖੇ ਨਾਲ ਜੁੜੀ ਹੋਈ ਅੰਤਾਂ ਦੀ ਸੂਖਮਤਾ ਵੇਖਣ ਵਾਲੀ ਹੈ :

ਬਾਜ਼ਾਰ ਵਿਕੇਂਦੀ ਬਰਫ਼ੀ
ਮੈਨੂੰ ਲੈ ਦੇ ਨਿੱਕੀ ਜਿਹੀ ਚਰਖੀ
ਦੁੱਖਾਂ ਦੀਆਂ ਪੂਣੀਆਂ ਕੱਤਾਂ।

ਸੂਫ਼ੀਆਂ ਦੇ ‘ਘੁੰਮ ਚਰਖੜਿਆ ਵੇ ਤੈਨੂੰ ਕੱਤਣ ਵਾਲੀ ਜੀਵੇ, ਨਲੀਆਂ ਵੱਟਣ ਵਾਲੀ ਜੀਵੇ ’ ਵਾਲੀ ਹੂਕ ਰੂਹਾਨੀਅਤ ਅਤੇ ਲੋਕਾਈ ਨੂੰ ਮੇਲਦੀ, ਚਰਖਾ ਕੱਤਦੀ ਪੰਜਾਬਣ ਦੇ ਵਸਲ , ਵਿਯੋਗ ਵਿੱਚੋਂ ਮਿਲਦੀ ਹੈ :

ਲੱਠ ਚਰਖੇ ਦੀ ਹਿੱਲਦੀ ਜੁਲਦੀ, ਮਾਲ੍ਹਾਂ ਬਾਹਲੀਆਂ ਖਾਵੇ
ਸਭਨਾਂ ਸਹੇਲੀਆਂ ਭਰ ਲਏ ਛਿੱਕੂ, ਮੈਥੋਂ ਕੱਤਿਆ ਨਾ ਜਾਵੇ
ਚਰਖਾ ਕਿਵੇਂ ਕੱਤਾਂ, ਮੇਰਾ ਚਿੱਤ ਪੁੰਨੂੰ ਵੱਲ ਜਾਵੇ।

ਚਰਖਾ ਸੂਫ਼ੀਆਂ ਵਾਲੇ ਇਸ਼ਕ ਦੀ ਬਾਤ ਵੀ ਪਾਉਂਦਾ ਹੈ ਅਤੇ ਇਹ ਇਸ਼ਕ ਹਕੀਕੀ ਤੋਂ ਅੱਗੇ ਇਸ਼ਕ ਮਜਾਜੀ ਤੱਕ ਵੀ ਚਲਾ ਜਾਂਦਾ ਹੈ :

ਕੱਚੀ ਟੁੱਟ ਗਈ ਜਿੰਨ੍ਹਾਂ ਦੀ ਯਾਰੀ , ਤਿੰਞਣਾਂ ’ਚ ਬੈਠ ਰੋਂਦੀਆਂ। ਜਾਂ ਫਿਰ
ਚਰਖੇ ਦੇ ਹਰ ਗੇੜੇ , ਯਾਦ ਆਵੇਂ ਤੂੰ ਮਿੱਤਰਾ । ਜਾਂ ਫਿਰ
ਮੇਰਾ ਚਿੱਤ ਨਾ ਤ੍ਰਿੰਞਣਾਂ ’ਚ ਲੱਗਦਾ, ਮਾਹੀਆ ਬਿਮਾਰ ਪਿਆ। ਜਾਂ ਫਿਰ
ਕੱਚੇ ਯਾਰ ਨੇ ਖਿੱਲਾਂ ਦੀ ਮੁੱਠ ਮਾਰੀ, ਤ੍ਰਿੰਞਣਾਂ ’ਚ ਕੱਤਦੀ ਦੇ।

ਹੇਠ ਲਿਖੀ ਗਿੱਧੇ ਦੀ ਬੋਲੀ ਵਿੱਚ ਚਰਖੇ ਦੇ ਪੂਰੇ ਢਾਂਚੇ ਦਾ ਵੀ ਬਿਆਨ ਕੀਤਾ ਹੈ, ਇਹ ਸਾਰੇ ਅੰਤਾਂ ਦੇ ਰੋਮਾਂਚ ਵੀ ਪੈਦਾ ਕਰਦੇ ਹਨ ਅਤੇ ਅੰਤ ਤੇ ਤੋੜਾ ਝਾੜਦਿਆਂ ਇਸ਼ਕ ਦੇ ਪੂਰੇ ਕਰਨ ਦੀ ਸੱਦ ਵੀ ਦਿੱਤੀ ਗਈ ਹੈ :

ਕਾਰੀਗਰ ਨੂੰ ਦੇਹ ਨੀ ਵਧਾਈ, ਜੀਹਨੇ ਰੰਗਲਾ ਚਰਖਾ ਬਣਾਇਆ
ਵਿੱਚ ਵਿੱਚ ਮੇਖਾਂ ਲਾਈਆਂ ਸੁਨਹਿਰੀ, ਹੀਰਿਆਂ ਜੜਤ ਜੜਾਇਆ
ਬੀੜੀ ਦੇ ਨਾਲ ਖਹੇ ਦਮਕੜਾ, ਤਕਲਾ ਫਿਰੇ ਸਵਾਇਆ
ਕੱਤ ਲੈ ਹੀਰੇ ਨੀ, ਤੇਰਾ ਵਿਆਹ ਭਾਦੋਂ ਦਾ ਆਇਆ।

ਚਰਖਾ ਅਸਲ ਵਿੱਚ ਪੂਰੇ ਮਾਨਵੀ ਰਿਸ਼ਤਿਆਂ ਵਿੱਚ ਪਨਪੀਆਂ ਅਤੇ ਵਿਕਸਤ ਹੋਈਆਂ ਮੋਹ ਦੀਆਂ ਤੰਦਾਂ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ। ਇੱਕ ਪੇਟ ਤੋਂ ਜੰਮੇ ਜਾਏ ਭੈਣ ਭਰਾਵਾਂ ਦਾ ਆਪਸੀ ਮੋਹ ਅੰਤਾਂ ਦਾ ਹੁੰਦਾ ਹੈ। ਭੈਣ ਆਪਣੇ ਭਰਾ ਨੂੰ ਅੱਖਾਂ ਤੋਂ ਓਹਲੇ ਹੋਇਆ ਨਹੀਂ ਜਰਦੀ। ਚਰਖਾ ਭੈਣ ਭਰਾ ਦੇ ਮੋਹ ਦੀ ਬਾਤ ਵੀ ਪਾਉਂਦਾ ਸੀ। ਵਿਆਹ ਉਪਰੰਤ ਸਹੁਰੇ ਘਰ ਬੈਠੀ ਭੈਣ ਨੂੰ ਉਸ ਦਾ ਭਰਾ ਸੌਗਾਤ ਵਜੋਂ , ਆਪਣੇ ਮੋਹ ਦੀ ਨਿਸ਼ਾਨੀ ਚਾਵਾਂ ਰੀਝ ਨਾਲ ਬਣਾਇਆ ਚਰਖਾ ਭੇਜਦਾ ਹੈ ਤਾਂ ਭੈਣ ਆਖਦੀ ਹੈ :

ਵੀਰ ਮੇਰੇ ਨੇ ਚਰਖਾ ਭੇਜਿਆ, ਵਿੱਚ ਲੁਆਈਆਂ ਮੇਖਾਂ
ਮੇਖਾਂ ਤਾਂ ਮੈਂ ਪੱਟ ਪੱਟ ਸੁਟਦੀ , ਵੀਰਨ ਦਾ ਮੂੰਹ ਵੇਖਾ।

ਲੜਕੀ ਦਾ ਵਿਆਹ ਹੋਣ, ਸਹੁਰੇ ਘਰ ਜਾਣਾ ਸਧਾਰਨ ਸਮਾਜਕ ਪ੍ਰਕਿਰਿਆ ਵੀ ਹੈ ਅਤੇ ਇਸ ਵਿੱਚ ਅੰਤਾਂ ਦੀ ਅਸਧਾਰਨਤਾ ਵੀ ਪਾਈ ਜਾਂਦੀ ਹੈ। ਪੰਜਾਬੀ ਸੂਫ਼ੀ ਕਵੀਆਂ ਨੇ ਇਸ ਪ੍ਰਕਿਰਿਆ ਨੂੰ ਮਨੁੱਖ ਦੇ ਇਸ ਸੰਸਾਰ ਵਿੱਚ ਆਉਣ ਅਤੇ ਫਿਰ ਇਸ ਫਾਨੀ ਸੰਸਾਰ ਤੋਂ ਚਲੇ ਜਾਣ ਨਾਲ ਤੁਲਨਾਇਆ ਹੈ। ਚਰਖੇ ਨਾਲ ਜੁੜੀ ਹੋਈ ਇਸ ਸਬੰਧੀ ਵਸਲ ਵਾਲੀ ਬੜੀ ਸੂਖਮ ਹੂਕ ਮਿਲਦੀ ਹੈ :

ਜਿਸ ਪੱਤਣੋਂ ਅੱਜ ਪਾਣੀ ਲੰਘਦਾ, ਫੇਰ ਨਾ ਲੰਘਣਾ ਭਲਕੇ
ਬੇੜੀ ਦਾ ਪੂਰ ਤ੍ਰਿੰਞਣ ਦੀਆਂ ਸਖ਼ੀਆਂ, ਫੇਰ ਨਾ ਬਹਿਣਾ ਰਲ਼ਕੇ।

ਇਹ ਕਿਹਾ ਜਾ ਸਕਦਾ ਹੈ ਕਿ ਚਰਖਾ ਸੰਵੇਦਨਾਵਾਂ ਨਾਲ ਭਰਪੂਰ ਅਤੇ ਇਸ ਵਿੱਚ ਅੰਤਾ ਦੀ ਸੂਖਮਤਾ ਹੋਣ ਕਰਕੇ ਹੀ ਸ਼ਾਇਦ ਸੂਫ਼ੀ ਕਵੀਆਂ ਨੇ ਇਸ ਨੂੰ ਇਸ਼ਕ ਹਕੀਕੀ ਦਾ ਜ਼ਰ੍ਹੀਆ ਬਣਾਇਆ ਹੈ। ਇਹ ਮਾਨਵੀ ਰਿਸ਼ਤਿਆਂ ਵਿਚਲੇ ਅੰਤਾਂ ਦੇ ਰੋਮਾਂਚ ਦੀ ਬਾਤ ਪਾਉਂਦਾ ਹੈ। ਪੰਜਾਬੀ ਲੋਕ ਮਾਨਸਿਕਤਾ ਵਿੱਚ ਇਸ ਦੇ ਹਰੇਕ ਹਿੱਸੇ ਨੂੰ ਰੋਮਾਂਟਿਕਤਾ ਦਾ ਅੰਗ ਮੰਨਿਆ ਹੈ।

ਅੱਜ ਚਰਖਾ ਵੀ ਅਲੋਪ ਹੋ ਰਿਹਾ ਹੈ, ਤ੍ਰਿੰਞਣਾਂ ਵੀ ਸਮਾਪਤ ਹੋ ਗਈਆਂ ਹਨ ਅਤੇ ਚਰਖੇ ਨਾਲ ਜੁੜੀਆਂ ਮੂਖਮਤਾਵਾਂ ਅਤੇ ਸੰਵੇਦਨਾਵਾਂ ਦੀ ਥਾਂ ਪਦਾਰਥਿਕਤਾ ਨੇ ਮੱਲ ਲਈ ਹੈ। ਨਿਰਸੰਦੇਹ ਵਿਗਿਆਨਕ ਪ੍ਰਗਤੀ ਕਾਰਨ ਚਰਖੇ ਦੀ ਸਾਰਥਿਕਤਾ ਖ਼ਤਮ ਹੋ ਗਈ ਹੈ ਪਰੰਤੂ ਇਹ ਮਨੁੱਖੀ ਭਾਵਨਾਵਾਂ ਵੀ ਆਪਣੇ ਨਾਲ ਹੀ ਵਹਾਅ ਕੇ ਲੈ ਗਈ ਹੈ।

ਚੱਲ ਜਿੰਦੂਆ ਵੇ ਚੱਲ ਓਥੇ ਚੱਲੀਏ.......... ਲੇਖ / ਰੋਜ਼ੀ ਸਿੰਘ

ਕਿੰਨੇ ਕੰਮ ਨੇ ਜਿਹੜੇ ਮਸ਼ੀਨਾ ਨਾਲ ਅੱਖ ਚਮੱਕਦੇ ਈ ਮੁੱਕ ਜਾਂਦੇ ਨੇ, ਕਿੰਨੇ ਕੰਮ ਨੇ ਜਿਹੜੇ ਘਰੇ ਬੈਠਿਆਂ ਈ ਨੇਪਰੇ ਚੜ੍ਹ ਜਾਂਦੇ ਨੇ, ਕਿੰਨੀਆਂ ਸਲਾਹਵਾਂ ਨੇ ਜਿਹੜੀਆਂ ਟੈਲੀਫੋਨ ਤੇ ਈ ਫੈਸਲੇ ਦਾ ਪਹਿਰਾਵਾ ਪਹਿਣ ਲੈਂਦੀਆਂ ਨੇ, ਕਿੰਨੀਆਂ ਹੀ ਰਿਸਤੇਦਾਰੀਆਂ ਮਾਹਿਜ ਐਸ.ਐਮ.ਐਸ. ਅਤੇ ਇੰਟਰਨੈਟ ਤੇ ਈ ਨਿਭਦੀਆਂ ਜਾ ਰਹੀਆਂ ਨੇ, ਫਿਰ ਵੀ ਇਹ ਦੌੜ ਕੇਹੀ ਏ.....? ਜਹਾਨ ’ਤੇ ਭੀੜ ਵੱਧਦੀ ਹੀ ਜਾ ਰਹੀ ਏੇ, ਚਾਰ-ਚੁਫ਼ੇਰੇ ਲੋਕਾਂ ਦਾ ਹੜ੍ਹ ਪਿਆ ਆਇਆ ਹੋਇਐ। ਕਿਧਰੋਂ ਕਿਧਰ ਜਾ ਰਹੇ ਨੇ ਲੋਕ ਵਾਹੋਦਾੜੀ....? ਬੱਸਾਂ, ਰੇਲਾਂ, ਕਾਰਾਂ, ਜਹਾਜਾਂ ਸਭ ਥਾਈਂ ਖਲਕਤ ਦਾ ਸੈਲਾਬ ਪਿਆ ਪਸਰਿਆ ਹੋਇਐ, ਜਿਸ ਵਿੱਚ ਬੰਦਾ ਤਾਂ ਗੁਆਚ ਈ ਜਾਂਦੈ। ਸੜਕਾਂ ‘ਤੇ, ਗਲੀਆਂ ’ਚ ਬਜਾਰਾਂ, ਦੁਕਾਨਾ ਅੰਦਰ ਲੋਕਾਂ ਦੀਆਂ ਡਾਰਾਂ ਨੇ । ਸਾਰਿਆਂ ਨੂੰ ਕਾਹਲੀ ਏ, ਇੱਕ ਦੂਜੇ ਨੂੰ ਪਿਛੇ ਛੱਡ ਕੇ ਕਾਹਲੇ ਕਦਮੀਂ ਅੱਗੇ ਪਏ ਵਧਦੇ ਜਾਂਦੇ ਨੇ। ਜਿਵੇਂ ਕਿਸੇ ਦੀ ਭਾਲ ਵਿੱਚ ਹੋਣ, ਜਿਵੇਂ ਕੁਝ ਗੁਆਚ ਗਿਆ ਹੋਵੇ। ਖੁੱਸੀ ਹੋਈ ਸ਼ੈਅ ਜਦ ਨਾ ਮਿਲੇ ਤਾਂ ਚਿਹਰੇ ’ਤੇ ਜਿਹੜੀ ਸ਼ਿਕਨ ਹੁੰਦੀ ਏ ਭੀੜ ਦੇ ਚਿਹਰੇ ’ਤੇ ਵੀ ਇੰਝ ਦੀ ਹੀ ਕੁਝ ਪਰੇਸ਼ਾਨੀ ਪਈ ਝਲਕਦੀ ਏ। ਆਖਿਰ ਕਿਸ ਦੀ ਭਾਲ ’ਚ ਨੇ ਇਹ ਲੋਕ....? ਕੀ ਭਾਲਦੇ ਨੇ....? ਕਾਹਦੀਆਂ ਛੇਤੀਆਂ ਨੇ...? ਅਕਲ ਦੇ ਖਾਨਿਆਂ ਵਿੱਚ ਇਹ ਗੱਲ ਨਈਂ ਵੜਦੀ....!
ਸਕੂਨ ਕੋਈ ਮੁੱਲ ਦੀ ਸ਼ੈਅ ਥੋੜਾ ਏ, ਜਿਹੜੀ ਤੁਹਾਡੇ ਤੋਂ ਪਹਿਲਾਂ ਈ ਕੋਈ ਸਾਰੀ ਦੀ ਸਾਰੀ ਖਰੀਦ ਕੇ ਲੈ ਜਾਵੇਗਾ, ਜਾਂ ਤੁਹਾਡੇ ਵੇਖਦੇ ਵੇਖਦੇ ਕੋਈ ਵੱਧ ਮੁੱਲ ਦੇ ਕਿ ਆਪਣੀ ਝੋਲੀ ਵਿੱਚ ਪਵਾ ਲਵੇਗਾ। ਖੁਸ਼ੀਆਂ ਕੋਈ ਬਜਾਰ ਵਿਕਦੀਆਂ ਸ਼ੁਰਖੀਆਂ ਨਈਂ ਹੁੰਦੀਆਂ, ਜਿਹੜੀਆਂ ਜਦੋਂ ਜੀ ਕੀਤਾ ਜਿਹੜੇ ਰੰਗਾਂ ਦੀਆਂ ਪਸੰਦ ਆਈਆਂ ਖ੍ਰੀਦ ਕਿ ਬੁੱਲਾਂ ’ਤੇ ਸਜਾ ਲਈਆਂ, ਤੇ ਨਾ ਈ ਹਾਸੇ ਦੰਦਾਂ ਨੂੰ ਸੋਨੇ ਦੇ ਕਵਰ ਚੜਾਉਂਣ ਨਾਲ ਸੁਨਿਹਰੀ ਹੋ ਜਾਂਦੇ ਨੇ। ਕਿਉਂ ਜੋ ਹਾਸੇ ਦਾ ਸਬੰਧ ਖੁਸ਼ੀ ਤੇ ਸਕੂਨ ਦੋਵਾਂ ਸ਼ੈਵਾਂ ਨਾਲ ਏ, ਪਰ ਇਹ ਦੋਵੇਂ ਸ਼ੈਵਾਂ ਸਾਡੇ ਤੋਂ ਕੋਹਾਂ ਦੂਰ ਨੱਸ ਗਈਆਂ ਨੇ, ਖੂਸ਼ੀਆਂ ਨੇ ਤਾਂ ਬਸ ਥਰਮੋਕੋਲ ਦੇ ਗਲਾਸਾਂ ਵਰਗੀਆਂ ਜਿਨਾਂ ਨੂੰ ਦੁਬਾਰਾ ਧੋ ਕੇ ਨਹੀਂ ਵਰਤ ਸਕਦੇ। ਹਾਸੇ ਵੀ ਵਿਆਹਾਂ ਵਿੱਚ ਬੱਚਿਆਂ ਲਈ ਮਿਲਦੇ ਮਾਈ ਬੁੱਢੀ ਦੇ ਝਾਟੇ ਵਰਗੇ ਨੇ ਜਿਹੜੇ ਮੂੰਹ ’ਚ ਪਾਇਆਂ ਈ ਠੁੱਸ ਹੋ ਜਾਂਦੇ ਨੇ। ਜਿਵੇਂ ਬੱਤੀ ਝਮੱਕਾ ਮਾਰ ਕਿ ਗਈ ਹੋਵੇ ਤਾਂ ਬਲਬ ਵਿੱਚ ਤਾਰ ਜਿਹੀ ਕੁਝ ਸੈਕਿੰਡ ਲਈ ਜਗਦੀ ਰਹਿੰਦੀ ਏ।
ਕਦੀ ਸਮਾਂ ਸੀ ਜਦ ਹਾਸੇ ਇਲਾਚੀਦਾਣਾ ਵੇਚਣ ਵਾਲੇ ਭਾਈ ਦੇ ਬਾਂਸ ਉਪਰਲੇ ਹਿੱਸੇ ’ਤੇ ਲੱਗੇ ਗੱਟੇ ਵਰਗੇ ਸਨ, ਜਿਨੂੰ ਇੱਕ ਵਾਰ ਖਿਚਣਾ ਸ਼ੁਰੂ ਕਰੋ ਤਾਂ ਲੰਬੀ ਸਾਰੀ ਲੀਰ ਨਿਕਲਦੀ ਆਉਦੀ ਏ। ਸੱਥਾਂ ਵਿੱਚ, ਬੋਹੜਾਂ ਥੱਲੇ, ਸਹਿਰਾਂ ਦੇ ਚੌਕਾਂ ਵਿੱਚ ਤੇ ਜਿਥੇ ਵੀ ਚਾਰ ਬੰਦੇ ਇਕੱਠੇ ਹੋਂਦੇ ਸੀ ਬਸ ਹਾਸਿਆਂ ਤੇ ਖੁਸ਼ੀਆਂ ਦਾ ਕੋਈ ਸ਼ੁਰੂਆਤੀ ਸਿਰਾ ਨਾਂ ਮਿਲਦਾ ਤੇ ਨਾ ਹੀ ਅਖੀਰਲਾ ਮੁਕਾਮ। ਗਾਣਿਆਂ ਵਾਲੀ ਟੇਪ ਦਾ ਜੇ ਸਾਰਾ ਫੀਤਾ ਰੀਲਾਂ ਤੋਂ ਖਿੱਚ ਕਿ ਢੇਰੀ ਕਰ ਦਿੱਤਾ ਜਾਵੇ ਤਾਂ ਉਸਦੇ ਸਿਰੇ ਨਹੀਂ ਮਿਲਦੇ ਨਾ ਪਹਿਲਾ ਨਾ ਅਖੀਰਲਾ ਇਵੇਂ ਹੀ ਖੁਸ਼ੀਆਂ ਤੇ ਹਾਸਿਆਂ ਦਾ ਕੋਈ ਅਗਾਜ ਨਹੀਂ ਸੀ ਤੇ ਨਹ ਹੀ ਕੋਈ ਅੰਤ ਸੀ। ਪਰ ਹੁਣ ਤੇ ਪੂਰੀ ਜਿੰਦਗੀ ਦਿਸ਼ਾਹੀਣ ਜਿਹੀ ਲਗਦੀ ਏ, ਜਿਸਦਾ ਕੋਈ ਆਗਾਜ਼ ਨਹੀਂ ਤੇ ਨਾ ਹੀ ਕੋਈ ਮੁਕਾਮ ਨਜ਼ਰ ਆਉਂਦਾ ਏ। ਬੇ-ਅਰਾਮ ਰੂਹਾਂ ਵਾਂਗ, ਕਿਧਰੇ ਵੀ ਅਰਾਮ ਨਹੀਂ ਏ। ਚਿਹਰਿਆਂ ‘ਤੇ ਬਦਗੁਮਾਨੀ ਦਾ ਗੁਬਾਰ ਜਿਹਾ ਏ.....!
ਪੰਜਾਬੀ ਦਾ ਇੱਕ ਬੜਾ ਚੰਗਾ ਲੋਕ ਗੀਤ ਏ ਜਿੰਦੂਆ ਪਹਿਲਾਂ ਮੈਂ ਇਸ ਦੀਆਂ ਕੁਝ ਲਾਇਨਾ ਤੁਹਾਨੂੰ ਸੁਣਾ ਦੇਵਾਂ ਅਗਲੀ ਗੱਲ ਫਿਰ ਕਰਦੇ ਆਂ:
ਚੱਲ ਜਿੰਦੂਆ ਵੇ ਚੱਲ ਚੱਲੀਏ ਬਜਾਰੀ,
ਜਿਥੇ ਨੇ ਵਿਕਦੇ ਰੁਮਾਲ,
ਹਾੜਾ ਵੇ ਜਿੰਦੂਆ ਬੁਰਾ ਵਿਛੋੜਾ
ਲੈ ਚੱਲ ਆਪਣੇ ਨਾਲ
ਚੱਲ ਜਿੰਦੂਆ ਵੇ ਚੱਲ ਮੇਲੇ ਚੱਲੀਏ
ਚੱਲੀਏ ਸੌਕੀਨੀ ਲਾ
ਕੰਨ ਵਿੱਚ ਮੁੰਦਰਾਂ ਸਿਰ ਤੇ ਸ਼ਮਲਾ ਗਲ ਵਿੱਚ ਕੈਂਠਾ ਪਾ
ਬੜੀ ਫੱਬਦੀ ਏ, ਸੋਹਣੀ ਲਗਦੀ ਏ ਜਿਹੜੀ ਜੈਕਟ ਪਾਈ ਆ ਓ ਜਿੰਦੂਆ
ਵੇ ਦੱਸ ਕਿਥੋਂ ਸਵਾਈ ਆ ਓ ਜਿੰਦੂਆ, ਵੇ ਦੱਸ ਕਿੰਨੇ ਦੀ ਆਈ ਆ ਓ ਜਿੰਦੂਆ ।
ਇਹਨਾਂ ਦੋਹਵਾਂ ਅੰਤਰਿਆਂ ਵਿੱਚ ਦੋ ਤਰਲੇ ਵੀ ਨੇ ਤੇ ਦੋ ਖਾਹਿਸ਼ਾਂ ਵੀ ਨੇ....! ਪਹਿਲਾ ਤਰਲਾ ਤੇ ਖਾਹਿਸ਼ ਏ ਸੱਜਣ ਨੂੰ ਜੁਦਾਈ ਨਾ ਪਾਉਂਣ ਦੀ, ਤੇ ਦੂਜੀ ਏ ਉਸ ਦੇ ਨਾਲ ਮੇਲੇ ਚੱਲਣ ਦੀ ਤੇ ਉਹ ਵੀ ਸ਼ੌਕੀਨੀ ਲਾ ਕਿ ਪਰ ਇਹਨਾਂ ਦੋਹਵਾਂ ਤਰਲਿਆਂ ਤੇ ਖਾਹਿਸ਼ਾਂ ਦੀ ਅੱਜ ਵੁਕਤ ਘਟ ਗਈ ਏ। ਭੀੜ ਵਿੱਚ ਬੰਦਾ ਗੁਆਚ ਗਿਐ ਤੇ ਗੁਆਚੇ ਬੰਦੇ ਨੂੰ ਵਾਅਦੇ ਕਿਥੇ ਯਾਦ ਰਹਿੰਦੇ ਨੇ, ਉਹ ਤਾਂ ਆਪ ਪਿਆ ਤਰਲੇ ਲੈਂਦਾ ਫਿਰਦੈ ਕਿ ਕਿਸੇ ਤਰ੍ਹਾਂ ਇਸ ਭੀੜ ਵਿੱਚੋਂ ਬਾਹਰ ਆ ਜਾਵੇ, ਪਰ ਹੋਰ ਡੂੰਘਾ ਇਸ ਭੀੜ ਦੇ ਭੰਵਰ ਵਿੱਚ ਧਸਦਾ ਜਾਂਦੈ। ਜਿਵੇਂ ਦਲਦਲ ਵਿਚੋਂ ਬਾਹਰ ਆਉਂਣ ਲਈ ਸਾਡੇ ਵੱਲੋਂ ਮਾਰੇ ਗਏ ਹੱਥ ਪੈਰ ਸਾਨੂੰ ਹੋਰ ਥੱਲੇ ਧਕੇਲਦੇ ਜਾਂਦੇ ਨੇ।
ਬੰਦਾ ਜਾਵੇ ਤਾਂ ਜਾਵੇ ਕਿੱਥੇ, ਹਰ ਪਾਸੇ ਬੇ-ਆਰਮ ਮਾਨਸਿਕਤਾ ਦਾ ਖਲਾਅ ਏ, ਕਾਹਲੀ ਦਾ ਆਲਮ ਏ, ਤੇ ਥੱਕੀ ਹੋਈ ਜਾਨ ਨੂੰ ਕੋਈ ਕਿਨਾਰਾ ਨਹੀਂ ਏਂ। ਫਿਰ ਕਿਹੜੀ ਥਾਂ ਏਂ ਜਿਥੇ ਖੁਸ਼ੀਆਂ ਦਾ ਮੇਲਾ ਪਿਆ ਲੱਗਾ ਹੋਵੇ, ਜਿੱਥੇ ਭੀੜ ਹੋਣ ਦੇ ਬਾਵਜੂਦ ਵੀ ਬੰਦਾ ਗਵਾਚੇ ਨਾ, ਜਿੱਥੇ ਜੁਦਾਈਆਂ ਦਾ ਦਰਦ ਨਾ ਹੋਵੇ, ਜਿੱਥੇ ਜਿੰਦਾਂ ਨੂੰ ਜਿੰਦਾਂ ਨਾਲ ਮੋਹ ਹੋਵੇ, ਜਿੱਥੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੁਪਿਹਰ ਦੀ ਰਾਣੀ ਵਾਂਗ ਖਿੜੀਆਂ ਹੋਵਣ, ਜਿੱਥੇ ਥੱਕੀ ਹੋਈ ਜਿੰਦਗੀ ਨੂੰ ਸਕੂਨ ਤੇ ਅਰਾਮ ਮਿਲ ਜਾਏ। ਉਹ ਪਹਾੜ ਕਿੱਥੇ ਐ, ਜਿੱਥੇ ਇੱਕ ਰੁਪਈਏ ਦੇ ਚਾਰ ਅਨਾਰ ਵਿਕਦੇ ਹੋਣ, ਸ਼ਾਇਦ ਕਾਇਨਾਤ ਦੇ ਕਿਸੇ ਖੂੰਝੇ ਵਿੱਚ ਅਜਿਹੀ ਥਾਂ ਕਿਤੇ ਵੀ ਮਾਜੂਦ ਨਈਂ ਏ, ਤੇ ਸ਼ਾਇਦ ਹਰ ਥਾਂ ਈ ਅਜਿਹੀ ਥਾਂ ਏ ਜਿੱਥੇ ਚਾਵਾਂ ਮਲਾਹਰਾਂ ਦਾ ਮਾਹੌਲ ਸਿਰਜਿਆ ਪਿਆ ਹੁੰਦੈ, ਪਰ ਸਾਡੀਆਂ ਕਮਜ਼ੋਰ ਅੱਖਾਂ ਨੂੰ ਦਿਸਦਾ ਨਈਂ, ਸਾਡੇ ਬੇ-ਕਿਰਕ ਦਿਲ ਨੂੰ ਮਹਿਸੂਸ ਨਹੀਂ ਹੰਦਾ।

ਰੱਬ ਅੱਗੇ ਦੁਆਵਾਂ ਕਰਦਾਂ ਕਿ ਹਰੇਕ ਵਿਹੜੇ ਵਿੱਚ ਖੁਸ਼ੀਆਂ ਦੀ ਦੁਪਿਹਰ ਰਾਣੀ ਖਿੜੀ ਰਹੇ, ਭੱਜਦੀਆਂ ਫਿਰਦੀਆਂ ਰੂਹਾਂ ਨੂੰ ਸਕੂਨ ਦੀ ਨੀਂਦ ਆ ਜਾਵੇ, ਵਿਛੋੜਿਆਂ ਦੀ ਪੀੜ ’ਤੇ ਮਿਲਾਪਾਂ ਦੇ ਫੇਹੇ ਰੱਖੇ ਜਾਣ, ਹਾਸੇ ਰਬੜ ਵਾਂਗ ਵਧਦੇ ਰਹਿਣ, ਸਾਰੀ ਖਲਕਤ ਆਪਣੇ ਪਿਆਰਿਆਂ ਨਾਲ ਰਹੇ ਤੇ ਅਜਿਹੇ ਆਲਮ ਵਿੱਚ ਕੋਈ ਮੁਟਿਆਰ, ਕੰਨਾਂ ਵਿੱਚ ਮੁੰਦਰਾਂ, ਸਿਰ ਸ਼ਮਲੇ ਤੇ ਗਲ ਵਿੱਚ ਕੈਠੇ ਵਾਲੇ ਆਪਣੇ ਮਾਹੀ ਨੂੰ ਕਹਿੰਦੀ ਫਿਰੇ :
ਚੱਲ ਜਿੰਦੂਆ ਵੇ ਚੱਲ ਓਥੇ ਚੱਲੀਏ
ਜਿਥੇ ਨੇ ਵਿਕਦੇ ਅਨਾਰ
ਤੂੰ ਤੋੜੀਂ ਮੈਂ ਵੇਚਣ ਵਾਲੀ, ਇੱਕ ਰੂਪਈਏ ਚਾਰ......!
ਤੇ ਅਜਿਹੀ ਥਾਂ ਤੇ ਪਹੁੰਚ ਕਿ ਹਰ ਕੋਈ ਆਪਣੀਆ ਦੌੜਾਂ ਭੁੱਲ ਜਾਏ, ਪੈਸੇ ਦੀ ਇਹ ਦੋੜ ਦਾ ਅੰਤ ਹੋ ਜਾਵੇ ਤੇ ਸਾਰਾ ਕੁਝ ਸਿਰਫ ਇੱਕ ਰੁਪਈਏ ਵਿੱਚ ਈ ਆ ਜਾਵੇ ..... ਅਮੀਨ.....!

ਦੁਨੀਆਂ.......... ਨਜ਼ਮ/ਕਵਿਤਾ / ਸੁਰਿੰਦਰ ਭਾਰਤੀ ਤਿਵਾੜੀ

ਅੱਜ ਰੱਬ ਦੇ ਖੇਡ ਨਿਆਰੇ ਨੇ,
ਚੋਰਾਂ ਦੇ ਵਾਰੇ ਨਿਆਰੇ ਨੇ,

ਇਨਸਾਫ ਦੇ ਨਾਮ ਤੇ ਧੋਖਾ ਹੈ,
ਤਾਕਤ ਦੇ ਚੇਲੇ ਸਾਰੇ ਨੇ,
ਕੋਈ ਨੇਤਾ ਬਣੇ ਜਾਂ ਸਮਾਜ ਸੇਵਕ,
ਕੋਈ ਸ਼ਾਹੀ ਨੌਕਰ ਜਾਂ ਸ਼ਾਹੂਕਾਰ,
ਇਹ ਧੋਖਾ ਦੇਣ ਦਾ ਕੰਮ ਕਰਨ,
ਇਹ “ਦੁੱਧ ਦੇ ਧੋਤੇ” ਸਾਰੇ ਨੇ,
ਇਹ ਪਿਆਰ ਹੈ ਬੇਵਫਾਈ ਲਈ,
ਅਤੇ ਯਾਰੀ ਯਾਰ-ਮਾਰ ਲਈ,
ਰਿਸ਼ਤੇਦਾਰ ਨੇ ਰਿਸ਼ਤਾ ਨਿਭਾ ਦਿੱਤਾ,
ਉਹ ਅੱਜ ਦਾ ਰਿਸ਼ਤੇਦਾਰ ਨਹੀਂ,
ਝੂਠ ਦੀ ਦੁਨੀਆਂ ਕਾਇਲ ਹੈ,
ਕੋਈ ਸੱਚ ਸੁਨਣ ਨੂੰ ਤਿਆਰ ਨਹੀਂ,
ਇਨਸਾਨੀਅਤ ਦੇ ਨਾਮ ਤੋਂ ਕੋਰੇ ਨੇ,
ਧਰਮ ਦੇ ਠੇਕੇਦਾਰ ਮੇਰੇ,
ਅਡੰਬਰ ਸੱਚਾਈ ਤੇ ਭਾਰੂ ਹੈ,
ਕੋਈ ਸੱਚ ਦਾ ਸੇਵਾਦਾਰ ਨਹੀਂ,
ਬੰਦਾ ਪੈਸੇ ਨਾਲ ਤੁਲਦਾ ਹੈ,
ਤੇ ਗੁਣਾਂ ਦਾ ਕੋਈ ਭਾਰ ਨਹੀਂ,
ਜੇ ਇਹ ਹੀ ਅੱਜ ਦੀ ਦੁਨੀਆਂ ਹੈ,
ਤਾਂ ਭਾਰਤੀ ਨੂੰ ਇਹ ਸਵੀਕਾਰ ਨਹੀਂ।

ਭਗਤ ਸਿੰਘ ਦੀ ਸ਼ਹਾਦਤ - ਇੱਕ ਮੁਲਅੰਕਣ.......... ਲੇਖ / ਰਾਜਪਾਲ ਸਿੰਘ (ਪ੍ਰੋ.)


ਭਗਤ ਸਿੰਘ ਦੀ ਸ਼ਹਾਦਤ ਉਸਦੀ ਇੱਕ ਯੋਜਨਾਬੱਧ ਕਾਰਵਾਈ ਸੀ ਯਾਨੀ ਕਿ ਸ਼ਹਾਦਤ ਦੇ ਇਸ ਕਰਮ ਦਾ ਉਹ ਖੁਦ ਹੀ ਕਰਤਾ ਸੀ। ਇਤਿਹਾਸਕ ਤੌਰ 'ਤੇ ਇਹ ਤੱਥ ਗਲਤ ਨਹੀਂ ਹੈ ਕਿ ਭਗਤ ਸਿੰਘ ਦੀ ਅਗਵਾਈ ਹੇਠ ਉਠ ਰਹੀ ਆਜਾਦੀ ਦੀ ਹਥਿਆਰਬੰਦ ਲਹਿਰ ਨੂੰ ਦਬਾਉਣ ਲਈ ਅੰਗਰੇਜਾਂ ਦੁਆਰਾ ਭਗਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਇਸੇ ਤੱਥ ਦਾ ਇੱਕ ਇਹ ਵੀ ਰੂਪ ਹੈ ਕਿ ਆਪਣੇ ਵਿਚਾਰਾਂ ਨੂੰ ਫੈਲਾਉਣ ਲਈ ਭਗਤ ਸਿੰਘ ਨੇ ਸ਼ਹਾਦਤ ਦੇ ਦਿੱਤੀ। ਦੋਹਵੇਂ ਧਿਰਾਂ ਆਪਣੇ ਆਪਣੇ ਉਦੇਸ਼ਾਂ ਵਿੱਚ ਸਫਲ ਰਹੀਆਂ - ਭਗਤ ਸਿੰਘ ਦੀ ਸ਼ਹੀਦੀ ਨਾਲ ਉਹਨਾਂ ਦੀ ਜਥੇਬੰਦੀ ਹਿੰਦੁਸਤਾਨ ਸੋਸ਼ਲਿਸਟ ਰਿਪਬਕਲਿਨ ਆਰਮੀ ਤੇ ਮਾਰੂ ਸੱਟ ਵੱਜੀ ਅਤੇ ਦੋ ਕੁ ਸਾਲਾਂ ਵਿੱਚ ਹੀ ਉਹ ਇੱਕ ਜਥੇਬੰਦੀ ਵਜੋਂ ਖਤਮ ਹੋ ਗਈ ; ਦੂਜੇ ਪਾਸੇ ਭਗਤ ਸਿੰਘ ਦੀ ਸ਼ਹੀਦੀ ਨਾਲ ਭਗਤ ਸਿੰਘ ਦੇ ਵਿਚਾਰ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਫੈਲ ਗਏ।
ਅੱਜ ਜਦ ਇਸ ਘਟਨਾ ਨੂੰ 75 ਸਾਲ ਹੋ ਗਏ ਹਨ ਤਾਂ ਇਹ ਮੁਲਅੰਕਣ ਕਰਨਾ ਬਣਦਾ ਹੈ ਕਿ ਭਾਰਤ ਦੇ ਇਤਿਹਾਸ ਨੂੰ ਪ੍ਰਭਾਵਿਤ ਕਰਨ ਵਿੱਚ ਭਗਤ ਸਿੰਘ ਦੇ ਇਸ ਕਦਮ ਦਾ ਕੀ ਰੋਲ ਰਿਹਾ।
ਇਤਿਹਾਸ ਦੇ ਆਮ ਪਾਠਕਾਂ ਨੂੰ ਵੀ ਇਹ ਤਾਂ ਪਤਾ ਹੀ ਹੈ ਕਿ ਅਸੈਂਬਲੀ ਵਿੱਚ ਪਾਸ ਕੀਤੇ ਜਾ ਰਹੇ ਦੋ ਕਾਲੇ ਕਾਨੂੰਨਾਂ ਖਿਲਾਫ ਵਿਰੋਧ ਪ੍ਰਗਟ ਕਰਨ ਲਈ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਨੇ ਬੰਬ ਸੁੱਟੇ ਅਤੇ ਗ੍ਰਿਫਤਾਰੀ ਦੇ ਦਿੱਤੀ। ਇਹ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਸਗੋਂ ਵਿਰੋਧ ਨੂੰ ਜੋਰਦਾਰ ਢੰਗ ਨਾਲ ਪ੍ਰਗਟ ਕਰਨ ਲਈ ਅਤੇ ਸਾਰੇ ਦੇਸ਼ ਦਾ ਧਿਆਨ ਇਸ ਮੁੱਦੇ ਵੱਲ ਖਿੱਚਣ ਲਈ ਹੀ ਇੱਕ ਧਮਾਕੇਦਾਰ ਢੰਗ ਅਪਣਾਇਆ ਗਿਆ। ਬੰਬ ਸੁੱਟ ਕੇ ਗ੍ਰਿਫਤਾਰੀ ਦੇਣ ਵਰਗਾ ਐਕਸ਼ਨ ਕਰਨਾ ਇੱਕ ਇਨਕਲਾਬੀ ਜਥੇਬੰਦੀ ਲਈ ਹੋਰ ਕਾਰਵਾਈਆਂ ਵਰਗੀ ਇੱਕ ਕਾਰਵਾਈ ਸੀ। ਪਰ ਇਹ ਐਕਸ਼ਨ ਕਰਨ ਲਈ ਭਗਤ ਸਿੰਘ ਦਾ ਜਾਣਾ ਇੱਕ ਵੱਡਾ ਫੈਸਲਾ ਸੀ ਕਿਉਂਕਿ ਭਗਤ ਸਿੰਘ ਉਤੇ ਪਹਿਲਾਂ ਹੀ ਸਾਂਡਰਸ ਕਤਲ ਕੇਸ ਚੱਲ ਰਿਹਾ ਸੀ ਅਤੇ ਸਭ ਨੂੰ ਪਤਾ ਸੀ ਕਿ ਉਸ ਵੱਲੋਂ ਗ੍ਰਿਫਤਾਰੀ ਦੇਣ ਦਾ ਮਤਲਬ ਸਿੱਧਾ ਫਾਂਸੀ ਵੱਲ ਨੂੰ ਜਾਣ ਤੋਂ ਸੀ ਜਦ ਕਿ ਪਾਰਟੀ ਦੇ ਕਿਸੇ ਹੋਰ ਮੈਂਬਰ ਨੂੰ ਇਸ ਐਕਸ਼ਨ ਦੀ ਸਜਾ ਵਜੋਂ ਜਿਆਦਾ ਸੰਭਾਵਨਾ ਉਮਰ ਕੈਦ ਦੀ ਬਣਦੀ ਸੀ ਜਿਵੇਂ ਕਿ ਦੱਤ ਨੂੰ ਹੋਈ ਵੀ। ਫੇਰ ਇਸ ਐਕਸ਼ਨ ਲਈ ਭਗਤ ਸਿੰਘ ਹੀ ਕਿਉਂ ਗਿਆ ?
ਸਭ ਤੋਂ ਪਹਿਲਾਂ ਤਾਂ ਇਹ ਸਾਫ ਹੋਣਾ ਚਾਹੀਦਾ ਹੈ ਕਿ ਪਾਰਟੀ ਵਿੱਚ ਇਸ ਐਕਸ਼ਨ ਲਈ ਕੋਈ ਬੰਦਿਆਂ ਦੀ ਘਾਟ ਨਹੀਂ ਸੀ ਕਿ ਭਗਤ ਸਿੰਘ ਨੂੰ ਭੇਜਿਆ ਗਿਆ। ਸਗੋਂ ਅਸਲੀਅਤ ਤਾਂ ਇਹ ਸੀ ਕਿ ਇਸ ਐਕਸ਼ਨ ਲਈ ਸਾਰੇ ਇਨਕਲਾਬੀ ਆਪਣੇ ਆਪ ਨੂੰ ਪੇਸ਼ ਕਰਨ ਲਈ ਬਹੁਤ ਉਤਾਵਲੇ ਸਨ, ਐਕਸ਼ਨ ਲਈ ਜਾਣ ਦੇ ਦਾਅਵੇਦਾਰਾਂ ਵੱਲੋਂ ਜੋਰਦਾਰ ਬਹਿਸ ਮੁਬਾਹਸਾ ਵੀ ਕੀਤਾ ਗਿਆ, ਨਾ ਚੁਣੇ ਜਾਣ ਵਾਲੇ ਰੁੱਸ ਕੇ ਵੀ ਬੈਠੇ ਅਤੇ ਇਹ ਵੀ ਕਿ ਬੰਬ ਸੁੱਟਣ ਵਾਲਿਆਂ ਲਈ ਪਾਰਟੀ ਨੇ ਪਹਿਲਾਂ ਜੈਦੇਵ ਕਪੂਰ ਅਤੇ ਬੀ.ਕੇ. ਦੱਤ ਦੇ ਨਾਮ ਫਾਈਨਲ ਵੀ ਕਰ ਲਏ ਸਨ ਪਰ ਭਗਤ ਸਿੰਘ ਦੀ ਜਿਦ ਬਲਕਿ ਧੱਕੇ ਅੱਗੇ ਪਾਰਟੀ ਨੂੰ ਝੁਕਣਾ ਪਿਆ ਅਤੇ ਜੈ ਦੇਵ ਦਾ ਨਾਮ ਕੱਢਕੇ ਭਗਤ ਸਿੰਘ ਦਾ ਪਾਉਣਾ ਪਿਆ। ਦਲੀਲ ਇਹ ਦਿੱਤੀ ਗਈ ਕਿ ਅਦਾਲਤ ਵਿੱਚ ਭਗਤ ਸਿੰਘ ਜਿਵੇਂ ਇਨਕਲਾਬੀਆਂ ਦੇ ਵਿਚਾਰਾਂ ਨੂੰ ਦੇਸ਼ ਸਾਹਮਣੇ ਪੇਸ਼ ਕਰ ਸਕੇਗਾ ਉਵੇਂ ਹੋਰ ਕੋਈ ਨਹੀਂ ਕਰ ਸਕੇਗਾ ਅਤੇ ਫਾਂਸੀ ਹੋਣਾ ਇਨਕਲਾਬੀਆਂ ਲਈ ਕੋਈ ਅਜਿਹਾ ਮਸਲਾ ਨਹੀਂ ਸੀ ਜੋ ਉਹਨਾਂ ਨੂੰ ਆਪਣੇ ਐਕਸ਼ਨ ਨੂੰ ਵਧੇਰੇ ਸਾਰਥਿਕ ਤਰੀਕੇ ਨਾਲ ਕਰਨ ਤੋਂ ਰੋਕ ਸਕੇ। ਬੰਬ ਸੁੱਟੇ ਗਏ, ਮੁਕੱਦਮਾ ਚੱਲਿਆ, ਭਗਤ ਸਿੰਘ ਨੇ ਇਨਕਲਾਬੀਆਂ ਦੇ ਆਦਰਸ਼ਾਂ ਨੂੰ ਬੜੇ ਜੋਰਦਾਰ ਢੰਗ ਨਾਲ ਅਦਾਲਤ ਵਿੱਚ ਪੇਸ਼ ਕੀਤਾ, ਅਦਾਲਤ ਦੀ ਕਾਰਵਾਈ ਪ੍ਰੈਸ ਰਾਹੀਂ ਸਾਰੇ ਦੇਸ਼ ਵਿੱਚ ਗਈ ਅਤੇ ਨਾਲ ਹੀ ਕ੍ਰਾਂਤੀਕਾਰੀਆਂ ਦੇ ਵਿਚਾਰ ਅਤੇ ਉਦੇਸ਼ ਲੋਕਾਂ ਤੱਕ ਪਹੁੰਚੇ। ਭਗਤ ਸਿੰਘ ਨੇ ਫਾਂਸੀ ਚੜ੍ਹਨ ਤੋਂ ਕੁਝ ਸਮਾਂ ਪਹਿਲਾਂ ਆਪਣੇ ਸਾਥੀ ਸਿ਼ਵ ਵਰਮਾ ਨੂੰ ਕਿਹਾ ਸੀ, '' ਇਨਕਲਾਬੀ ਪਾਰਟੀ ਵਿੱਚ ਸ਼ਾਮਲ ਹੋਣ ਸਮੇਂ ਮੈਂ ਸੋਚਿਆ ਸੀ ਕਿ ਜੇਕਰ ਮੈਂ ਮੁਲਕ ਦੀ ਹਰੇਕ ਨੁੱਕਰ ਵਿੱਚ ਇਨਕਲਾਬ ਜਿੰਦਾਬਾਦ ਦਾ ਨਾਅਰਾ ਪੁਚਾ ਦਿੱਤਾ, ਤਦ ਹੀ ਮੇਰੇ ਜੀਵਨ ਦਾ ਪੂਰਾ ਮੁੱਲ ਮਿਲੇਗਾ ........... ਮੇਰਾ ਖਿਆਲ ਹੈ ਕਿ ਕਿਸੇ ਦੀ ਵੀ ਜ਼ਿੰਦਗੀ ਦਾ ਇਸ ਤੋਂ ਵੱਧ ਮੁੱਲ ਨਹੀਂ ਹੋ ਸਕਦਾ''। ਭਗਤ ਸਿੰਘ ਦਾ ਇਹ ਨਿਸ਼ਾਨਾ ਤਾਂ ਪੂਰਾ ਹੋ ਗਿਆ ਯਾਨੀ ਕਿ 'ਇਨਕਲਾਬ ਜਿੰਦਾਬਾਦ' ਅਤੇ ਭਗਤ ਸਿੰਘ ਦਾ ਨਾਂ ਦੇਸ਼ ਦੀ ਹਰ ਨੁੱਕਰ ਵਿੱਚ ਪਹੁੰਚ ਗਿਆ ਪਰ ਭਗਤ ਸਿੰਘ ਦੀ ਜ਼ਿੰਦਗੀ ਐਨਾ ਕਾਰਜ ਕਰਨ ਤੋਂ ਵਧੇਰੇ ਮੁੱਲਵਾਨ ਸੀ ਜਿਸਦਾ ਭਗਤ ਸਿੰਘ ਨੂੰ ਵੀ ਸਹੀ ਅਹਿਸਾਸ ਨਹੀਂ ਸੀ। ਅਸਲ ਵਿੱਚ ਭਗਤ ਸਿੰਘ ਫਰਾਂਸੀਸੀ ਕ੍ਰਾਂਤੀਕਾਰੀਆਂ ਦੇ ' ਮੌਤ ਰਾਹੀਂ ਪ੍ਰਾਪੇਗੰਡਾ ਕਰਨ ' ਦੇ ਸੰਕਲਪ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੀ ਜਿਸ ਕਰਕੇ ਉਹ ਖੁਦ ਇਸੇ ਰਾਹ 'ਤੇ ਚੱਲ ਪਿਆ। ਕਿਹਾ ਜਾ ਸਕਦਾ ਹੈ ਕਿ ਭਗਤ ਸਿੰਘ ਨੂੰ ਆਪਣੀ ਮੌਤ ਦੇ ਮਹੱਤਵ ਦਾ ਤਾਂ ਪਤਾ ਸੀ ਪਰ ਉਸਨੂੰ ਆਪਣੀ ਜ਼ਿੰਦਗੀ ਦੇ ਮਹੱਤਵ ਦਾ ਸਹੀ ਅੰਦਾਜਾ ਨਹੀਂ ਸੀ।
ਕਿਵੇਂ ?
ਪਹਿਲੀ ਗੱਲ ਤਾਂ ਇਨਕਲਾਬੀਆਂ ਦੀ ਜਥੇਬੰਦੀ ਕੋਲ ਭਗਤ ਸਿੰਘ ਦੇ ਪੱਧਰ ਦਾ ਕੋਈ ਹੋਰ ਆਗੂ ਨਹੀਂ ਸੀ ਜੋ ਉਸਦੇ ਜਾਣ ਬਾਅਦ ਉਸਦਾ ਸਥਾਨ ਲੈ ਸਕਦਾ। ਭਗਤ ਸਿੰਘ ਹੋਰਾਂ ਦੀ ਫਾਂਸੀ ਤੋਂ ਬਾਅਦ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਇਹ ਲਹਿਰ ਆਪਣੇ ਜਥੇਬੰਦਕ ਰੂਪ ਵਿੱਚ ਖਤਮ ਹੋ ਗਈ। ਦੂਸਰੀ ਗੱਲ ਜਿਵੇਂ ਕਿ ਪ੍ਰੋ. ਬਿਪਨ ਚੰਦਰ ਜੀ ਕਹਿੰਦੇ ਹਨ ਕਿ ' ਇਨਕਲਾਬ ਜਿੰਦਾਬਾਦ ਦੇ ਨਾਅਰੇ ਦੇ ਹਰਮਨਪਿਆਰੇ ਹੋਣ ਅਤੇ ਸਰਵਜਨਕ ਤੌਰ 'ਤੇ ਅਪਣਾਏ ਜਾਣ ਦੇ ਅਤੇ ਭਗਤ ਸਿੰਘ ਹੋਰਾਂ ਦੀਆਂ ਕੁਰਬਾਨੀਆਂ ਨੂੰ ਸਤਿਕਾਰੇ ਜਾਣ ਦੇ ਬਾਵਜੂਦ ਇਹ ਸਭ ਕੁਝ ਕੌਮੀ ਚੇਤਨਤਾ ਨੂੰ ਇਨਕਲਾਬੀ ਮੋੜ ਪ੍ਰਦਾਨ ਕਰਨ ਵਿੱਚ ਕਾਮਯਾਬ ਨਾ ਹੋਇਆ ਅਸਲ ਵਿੱਚ ਉਸ ਸਿਆਸੀ ਮਸ਼ੀਨਰੀ ਦੀ ਅਣਹੋਂਦ ਸੀ ਜੋ ਉਨ੍ਹਾਂ ਦੀਆਂ ਅਥਾਹ ਕੁਰਬਾਨੀਆਂ ਤੋਂ ਪੈਦਾ ਹੋਏ ਜਜ਼ਬਿਆਂ ਦਾ ਫਾਇਦਾ ਉਠਾ ਕੇ ਲੋਕਾਂ ਨੂੰ ਉਹਨਾਂ ਦੇ ਅਸਲ ਨਿਸ਼ਾਨਿਆਂ ਦੀ ਪੂਰਤੀ ਲਈ ਲਾਮਬੰਦ ਕਰ ਸਕਦੀ।' ਭਗਤ ਸਿੰਘ ਜਿਵੇਂ ਆਜਾਦੀ ਲਈ ਚਲਦੀ ਆ ਰਹੀ ਹਥਿਆਰਬੰਦ ਧਾਰਾ ਨੂੰ ਸਹੀ ਦਿਸ਼ਾ ਵੱਲ ਮੋੜ ਦੇ ਰਿਹਾ ਸੀ, ਜਿਵੇਂ ਉਸਨੇ ਕੇਵਲ ਅੰਗਰੇਜਾਂ ਤੋਂ ਆਜਾਦੀ ਪ੍ਰਾਪਤ ਕਰਨ ਦੇ ਨਿਸ਼ਾਨੇ ਦੀ ਸੀਮਤਾਈ ਨੂੰ ਪਾਰ ਕਰਕੇ ਸਮਾਜਵਾਦੀ ਸਮਾਜ ਦੀ ਸਥਾਪਨਾ ਦਾ ਆਦਰਸ਼ ਇਨਕਲਾਬੀਆਂ ਦੇ ਸਾਹਮਣੇ ਲਿਆਂਦਾ, ਜਿਵੇਂ ਉਸਨੇ ਗੰਭੀਰ ਅਧਿਐਨ ਕਰਕੇ ਆਪਣੇ ਵਿਚਾਰਾਂ ਨੂੰ ਨਿਖੇਰਿਆ ਉਸ ਸਭ ਕਾਸੇ ਤੋਂ ਜਾਪਦਾ ਹੈ ਕਿ ਉਸ ਵਿੱਚ ਉਹ ਯੋਗਤਾ ਵਿਕਸਿਤ ਹੋ ਗਈ ਸੀ ਜੋ ਅੰਗਰੇਜਾਂ ਤੋਂ ਆਜਾਦੀ ਲਈ ਚੱਲ ਰਹੀ ਲੜਾਈ ਨੂੰ ਸਮਾਜਵਾਦ ਲਈ ਲੜਾਈ ਵਿੱਚ ਬਦਲ ਸਕਣ ਲਹੀ ਜਰੂਰੀ ਸੀ।
ਭਗਤ ਸਿੰਘ ਨੇ ਸੱਚ ਦਾ ਇਹ ਕੋਨਾ ਤਾਂ ਪੂਰੀ ਤਰ੍ਹਾਂ ਪਕੜ ਲਿਆ ਸੀ ਕਿ ਵਿਅਕਤੀ ਅਤੇ ਆਗੂ ਬਾਹਰਮੁਖੀ ਹਾਲਤਾਂ ਦੀ ਪੈਦਾਵਾਰ ਹੁੰਦੇ ਹਨ। ਉਦਾਹਰਣ ਵਜੋਂ ਫਾਂਸੀ ਦੀ ਸਜਾ ਹੋਣ ਤੋਂ ਬਾਅਦ ਭਗਤ ਸਿੰਘ ਨੇ ਸੁਖਦੇਵ ਨੂੰ ਲਿਖਿਆ -
'ਭਲਾ ਜੇ ਅਸੀਂ ਮੈਦਾਨ ਵਿੱਚ ਨਾ ਨਿਤਰੇ ਹੁੰਦੇ ਤਾਂ ਕੀ ਇਸਦਾ ਭਾਵ ਇਹ ਹੋਣਾ ਸੀ ਕਿ ਕੋਈ ਇਨਕਲਾਬੀ ਕਾਰਜ ਨਹੀਂ ਸੀ ਵਾਪਰਨਾ ? ਜੇਕਰ ਤੂੰ ਏਦਾਂ ਸੋਚਦਾ ਹੈਂ ਤਾਂ ਇਹ ਤੇਰੀ ਗਲਤੀ ਹੈ। ਇਹ ਸਹੀ ਹੈ ਕਿ ਅਸੀਂ ਕਿਸੇ ਹੱਦ ਤੀਕਰ ਸਿਆਸੀ ਵਾਤਾਵਰਣ ਨੂੰ ਬਦਲਣ ਵਿੱਚ ਹਿੱਸਾ ਪਾਇਆ ਹੈ। (ਪਰ) ਇਸਦੇ ਨਾਲ ਹੀ ਅਸੀਂ ਸਮੇਂ ਦੀਆਂ ਲੋੜਾਂ ਅਤੇ ਮੰਗਾਂ ਦੀ ਉਪਜ ਹਾਂ।'
ਭਗਤ ਸਿੰਘ ਦੀ ਗੱਲ ਤਾਂ ਠੀਕ ਸੀ ਪਰ ਆਗੂ ਵੀ ਬਾਹਰਮੁਖੀ ਹਾਲਤਾਂ ਨੂੰ ਬਦਲਣ ਵਿੱਚ ਵੱਡਾ ਰੋਲ ਕਰਦੇ ਹਨ ਜਿਹੜਾ ਭਗਤ ਸਿੰਘ ਸ਼ਾਇਦ ਕਰ ਸਕਦਾ ਸੀ ਪਰ ਸ਼ਹੀਦੀ ਦੇ ਰੁਮਾਂਸ ਵਿੱਚ ਉਹ ਆਪਣੀ ਆਗੂ ਵਾਲੀ ਸਮਰੱਥਾ ਵੱਲ ਝਾਕਿਆ ਵੀ ਨਾ।
-------- -------- -------
ਖੈਰ ਇਹ ਉਸਦੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਫੈਸਲੇ ਦਾ ਇੱਕ ਪੱਖ ਹੈ ਕਿ ਹਿੰਦੁਸਤਾਨ ਸੋਸ਼ਲਿਸਟ ਰਿਪਬਕਲਿਨ ਆਰਮੀ ਉਸਦੀ ਘਾਟ ਪੂਰੀ ਨਾ ਕਰ ਸਕੀ ਅਤੇ ਜਥੇਬੰਦਕ ਤੌਰ 'ਤੇ ਇਸਦਾ ਮਾਰੂ ਅਸਰ ਪਿਆ। ਪਰ ਕੀ ਭਗਤ ਸਿੰਘ ਦੀ ਮੌਤ ਨੇ ਉਸਦੀ ਜ਼ਿੰਦਗੀ ਨਾਲੋਂ ਵੱਡੇ ਸਿੱਟੇ ਨਹੀਂ ਕੱਢੇ ? ਇਸ ਗੱਲ ਦਾ ਕਿਆਫਾ ਹੀ ਲਗਾਇਆ ਜਾ ਸਕਦਾ ਹੈ ਕਿ ਜੇ ਭਗਤ ਸਿੰਘ ਜ਼ਿੰਦਾ ਰਹਿੰਦਾ ਤਾਂ ਉਹ ਭਾਰਤੀ ਆਜਾਦੀ ਸੰਗਰਾਮ ਉਤੇ ਕਿਰਤੀ ਵਰਗ ਦੀ ਸਰਦਾਰੀ ਸਥਾਪਿਤ ਕਰ ਸਕਦਾ ਜਾਂ ਨਾ, ਪਰ ਉਸਦੀ ਸ਼ਹਾਦਤ ਨੇ ਲੋਕ ਮਨਾਂ ਉਪਰ ਜੋ ਅਸਰ ਪਾਇਆ, ਲੋਕ ਲਹਿਰਾਂ ਦੇ ਆਗੂਆਂ ਲਈ ਜਿਵੇਂ ਉਹ ਰੋਲ ਮਾਡਲ ਬਣਿਆ, ਉਹ ਪ੍ਰਭਾਵ ਬਹੁਤ ਵੱਡਾ ਪਿਆ।
ਜਦ ਕੋਈ ਆਗੂ ਕਿਸੇ ਲੋਕ ਪੱਖੀ ਲਹਿਰ ਨੂੰ ਅਗਵਾਈ ਦਿੰਦਾ ਹੈ ਤਾਂ ਉਹ ਦੋ ਕਾਰਜ ਪ੍ਰਮੁੱਖ ਤੌਰ 'ਤੇ ਕਰਦਾ ਹੈ - ਲੋਕਾਂ ਨੂੰ ਜਥੇਬੰਦ ਕਰਨਾ ਅਤੇ ਪ੍ਰੇਰਨਾ ਦੇਣੀ। ਜਥੇਬੰਦ ਕਰਨ ਵਾਲਾ ਕਾਰਜ ਤਾਂ ਜਿਉਂਦੇ ਰਹਿਣ ਦੇ ਸਮੇਂ ਦੌਰਾਨ ਹੀ ਹੁੰਦਾ ਹੈ ਯਾਨੀ ਕਿ ਵੱਧ ਤੋਂ ਵੱਧ 50 ਕੁ ਸਾਲ ਪਰ ਵਿਅਕਤੀ ਦੀ ਪ੍ਰੇਰਨਾ ਹਜਾਰਾਂ ਸਾਲ ਤੱਕ ਚਲਦੀ ਰਹਿ ਸਕਦੀ ਹੈ। ਇਹ ਭਗਤ ਸਿੰਘ ਵੱਲ ਦੇਖ ਕੇ ਹੀ ਪਤਾ ਚਲਦਾ ਹੈ ਕਿ ਆਪਣੇ ਆਦਰਸ਼ਾਂ ਦੀ ਪੂਰਤੀ ਲਈ ਆਪਣੀ ਮੌਤ ਨੂੰ ਇੱਕ ਮਾਮੂਲੀ ਗੱਲ ਕਿਵੇਂ ਬਣਾ ਲਿਆ ਜਾਂਦਾ ਹੈ, ਕਿਵੇਂ ਮੌਤ ਨੂੰ ਸਾਹਮਣੇ ਵੇਖ ਕੇ ਵੀ ' ਮੈਂ ਨਾਸਤਿਕ ਕਿਉਂ ਹਾਂ ' ਵਰਗੀਆਂ ਲਿਖਤਾਂ ਲਿਖ ਦਿੱਤੀਆਂ ਜਾਂਦੀਆਂ ਹਨ, ਕਿਵੇਂ ਅੰਤ ਸਮੇਂ ਤੱਕ ਵੀ ਆਪਣੇ ਗਿਆਨ ਨੂੰ ਲਗਾਤਾਰ ਵਿਸ਼ਾਲਦੇ ਜਾਈਦਾ ਹੈ। ਜੇ ਭਗਤ ਸਿੰਘ ਦੀ ਇਸ ਢੰਗ ਨਾਲ ਸ਼ਹਾਦਤ ਨਾ ਹੋਈ ਹੁੰਦੀ ਤਾਂ ਬਾਅਦ ਵਿੱਚ ਉਠੀਆਂ ਇਨਕਲਾਬੀ ਲਹਿਰਾਂ ਦੇ ਕਾਰਕੁੰਨਾਂ ਨੇ ਇਹ ਸਾਰਾ ਕੁਝ ਕਿਥੋਂ ਸਿੱਖਣਾ ਸੀ ?
ਸਾਡੇ ਵਿਰਸੇ ਵਿੱਚ ਸਾਡੇ ਕੋਲ ਧਾਰਮਿਕ ਸ਼ਹੀਦ ਹੀ ਸਨ। ਹੋਰ ਸ਼ਹੀਦ ਵੀ ਹੈਣ ਪਰ ਉਹਨਾਂ ਦਾ ਰੁਤਬਾ ਧਾਰਮਿਕ ਸ਼ਹੀਦਾਂ ਦੇ ਬਰਾਬਰ ਨਹੀਂ ਜਾਂਦਾ। ਇਹ ਭਗਤ ਸਿੰਘ ਦੀ ਸ਼ਹਾਦਤ ਹੀ ਦਰਸਾਉਂਦੀ ਹੈ ਕਿ ਕੇਵਲ ਆਪਣੀਆਂ ਧਾਰਮਿਕ ਮਾਨਤਾਵਾਂ ਖਾਤਰ ਹੀ ਮੌਤ ਨੂੰ ਖਿੜੇ ਮੱਥੇ ਕਬੂਲ ਨਹੀਂ ਕੀਤਾ ਜਾਂਦਾ ਸਗੋਂ ਮਨੁੱਖਤਾ ਦੇ ਵਡੇਰੇ ਹਿਤਾਂ ਅਤੇ ਚੰਗੇਰੇ ਭਵਿੱਖ ਲਈ ਵੀ ਮੌਤ ਨੂੰ ਉਸੇ ਦਲੇਰੀ ਨਾਲ ਕਬੂਲਿਆ ਜਾਂਦਾ ਹੈ। ਭਗਤ ਸਿੰਘ ਇਸੇ ਕਰਕੇ ਸ਼ਹੀਦ-ਏ-ਆਜ਼ਮ ਹੈ ਕਿ ਉਸਨੇ ਆਪਣੀ ਸ਼ਹੀਦੀ ਦੂਸਰਿਆਂ ਨਾਲੋਂ ਵੱਡੇ ਆਦਰਸ਼ਾਂ ਖਾਤਰ ਦਿੱਤੀ।
ਸ਼ਹਾਦਤ ਕਬੂਲ ਕੇ ਜੋ ਰੋਲ ਭਗਤ ਸਿੰਘ ਨੇ ਦੱਖਣੀ ਏਸ਼ੀਆ ਦੇ ਇਸ ਖਿੱਤੇ ਵਿੱਚ ਕੀਤਾ ਅਜਿਹਾ ਰੋਲ ਦੱਖਣੀ ਅਮਰੀਕਾ ਵਿੱਚ ਚੀ-ਗੁਵੇਰਾ ਨੇ ਕੀਤਾ। ਚੀ-ਗੁਵੇਰਾ ਵੀ ਬੋਲੀਵੀਆ ਵਿੱਚ ਇਨਕਲਾਬ ਲਿਆਉਣ ਵਿੱਚ ਸਫਲ ਨਹੀਂ ਹੋਇਆ ਪਰ ਉਹ ਉਥੋਂ ਦੇ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਭਗਤ ਸਿੰਘ ਨੂੰ ਦੱਖਣੀ ਏਸ਼ੀਆ ਦਾ ਚੀ-ਗੁਵੇਰਾ ਕਹਿ ਲਵੋ ਜਾਂ ਚੀ-ਗੁਵੇਰੇ ਨੂੰ ਦੱਖਣੀ ਏਸ਼ੀਆ ਦਾ ਭਗਤ ਸਿੰਘ, ਇਕੋ ਗੱਲ ਹੈ। ਅੱਜ ਜੇ ਦੱਖਣੀ ਅਮਰੀਕਾ ਵਿੱਚ ਖੱਬੇ ਪੱਖੀ ਲਹਿਰ ਸ਼ਾਨ ਨਾਲ ਉਭਰ ਰਹੀ ਹੈ ਤਾਂ ਉਸ ਪਿੱਛੇ ਚੀ-ਗੁਵੇਰਾ ਦੁਆਰਾ ਪੈਦਾ ਕੀਤੀ ਮਾਨਸਿਕਤਾ ਦਾ ਬਹੁਤ ਵੱਡਾ ਹੱਥ ਹੈ ਅਤੇ ਇਸੇ ਤਰ੍ਹਾਂ ਭਾਰਤ ਵਿੱਚ ਖੱਬੇ ਪੱਖੀਆਂ ਦਾ ਜੋ ਪ੍ਰਭਾਵ ਅਤੇ ਲੜਨ ਸਮਰੱਥਾ ਹੈ ਉਸ ਪਿੱਛੇ ਭਗਤ ਸਿੰਘ ਦੀ ਸ਼ਹਾਦਤ ਦੀ ਵੱਡੀ ਅਹਿਮੀਅਤ ਹੈ।
ਕਿਹਾ ਜਾ ਸਕਦਾ ਹੈ ਕਿ ਭਗਤ ਸਿੰਘ ਦੀ ਸ਼ਹਾਦਤ ਦਾ ਦੇਸ਼ ਦੀ ਸਮਾਜਵਾਦੀ ਇਨਕਲਾਬੀ ਲਹਿਰ ਨੂੰ ਵਕਤੀ ਤੌਰ 'ਤੇ ਨੁਕਸਾਨ ਹੋਇਆ ਪਰ ਲੰਮੇ ਦਾਅ ਤੋਂ ਉਸਨੇ ਭਾਰਤ ਵਿੱਚ ਸਮਾਜਵਾਦੀ ਇਨਕਲਾਬੀ ਲਹਿਰ ਨੂੰ ਬਹੁਤ ਸ਼ਕਤੀ ਪ੍ਰਦਾਨ ਕੀਤੀ ਭਗਤ ਸਿੰਘ ਦੀ ਸ਼ਹਾਦਤ ਅਜਾਂਈ ਨਹੀਂ ਗਈ ਚਾਹੇ ਅਸੀਂ ਭਗਤ ਸਿੰਘ ਦੇ ਸੁਫਨਿਆਂ ਦਾ ਸਮਾਜ ਅਜੇ ਤੱਕ ਸਥਾਪਿਤ ਨਹੀਂ ਕਰ ਸਕੇ ਹਾਂ ਪਰ ਭਗਤ ਸਿੰਘ ਦੀ ਸ਼ਹਾਦਤ ਇਸ ਸੁਫਨੇ ਨੂੰ ਮਰਨ ਵੀ ਨਹੀਂ ਦੇਵੇਗੀ।
ਅੱਜ ਭਗਤ ਸਿੰਘ ਦੀ ਤਸਵੀਰ ਰਿਕਸਿ਼ਆਂ ਮਗਰ ਲੱਗੀਆਂ ਫੋਟੋਆਂ ਤੋਂ ਲੈ ਕੇ ਕਾਰਾਂ ਦੇ ਸਟਿਕਰਾਂ ਤੱਕ, ਪੇਂਡੂ ਕੁੜੀਆਂ ਵੱਲੋਂ ਕੱਢੀਆਂ ਚਾਦਰਾਂ ਤੋਂ ਲੈ ਕੇ ਫਿਲਮੀ ਪੋਸਟਰਾਂ ਤੱਕ ਅਤੇ ਢਾਬਿਆਂ, ਖੋਖਿਆਂ ਤੋਂ ਲੈ ਕੇ ਸਜੇ ਸਜਾਏ ਡਰਾਇੰਗ ਰੂਮਾਂ ਤੱਕ ਮਿਲਦੀ ਹੈ ਤਾਂ ਇਸਦਾ ਕਾਰਣ ਇਹੀ ਹੈ ਕਿ ਭਗਤ ਸਿੰਘ ਦੀ ਤਸਵੀਰ ਲੋਕਾਂ ਦੇ ਦਿਲਾਂ ਤੱਕ ਉਤਰੀ ਹੋਈ ਹੈ। ਸਾਡਾ ਅਕਸਰ ਗਿਲਾ ਰਹਿੰਦਾ ਹੈ ਕਿ ਭਗਤ ਸਿੰਘ ਦੀਆਂ ਤਸਵੀਰਾਂ ਤਾਂ ਬਹੁਤ ਹਰਮਨਪਿਆਰੀਆਂ ਹਨ ਪਰ ਉਸਦੇ ਵਿਚਾਰ ਆਮ ਲੋਕਾਂ ਤੱਕ ਨਹੀਂ ਪਹੁੰਚੇ। ਯਾਨੀ ਭਗਤ ਸਿੰਘ ਲੋਕਾਂ ਦੇ ਦਿਲਾਂ ਵਿੱਚ ਤਾਂ ਵਸਿਆ ਹੋਇਆ ਹੈ, ਦਿਮਾਗਾਂ ਵਿੱਚ ਨਹੀਂ। ਪਰ ਇਹ ਵੀ ਕੋਈ ਛੋਟੀ ਗੱਲ ਨਹੀਂ, ਅਸਲ ਵਿੱਚ ਆਮ ਲੋਕਾਈ ਦੇ ਦਿਲ ਤੱਕ ਪਹੁੰਚਣਾ ਹੀ ਔਖਾ ਹੁੰਦਾ ਹੈ ਦਿਮਾਗਾਂ ਤੱਕ ਤਾਂ ਕਦੇ ਵੀ ਪਹੁੰਚਿਆ ਜਾ ਸਕਦਾ ਹੈ। ਲੋਕਾਂ ਦੇ ਦਿਲਾਂ ਤੱਕ ਭਗਤ ਸਿੰਘ ਖੁਦ ਪਹੁੰਚਿਆ ਉਸਨੂੰ ਲੋਕਾਂ ਦੇ ਦਿਮਾਗਾਂ ਤੱਕ ਪਹੁੰਚਾਉਣਾ ਸਾਡਾ ਕਾਰਜ ਹੈ।

ਰਹਿਣ ਦੇ ਖ਼ਾਮੋਸ਼.......... ਗ਼ਜ਼ਲ / ਅਜ਼ੀਮ ਸ਼ੇਖਰ

ਰਹਿਣ ਦੇ ਖ਼ਾਮੋਸ਼ ਦਰਪਨ, ਸਾਹਮਣੇ ਉਸਦੇ ਨਾ ਆ ।
ਛਾਂਗਿਆਂ ਬਿਰਖਾਂ ਦੇ ਨੇੜੇ, ਜਾਣਕੇ ਪੀਂਘਾਂ ਨਾ ਪਾ ।

ਅੱਖੀਆਂ 'ਚੋਂ ਰੜਕ ਤੇਰੇ, ਉਮਰ ਭਰ ਜਾਣੀ ਨਹੀਂ,
ਨਾ ਹਵਾ ਦੇ ਸ਼ਹਿਰ ਅੰਦਰ, ਰੇਤ ਦੀ ਬੁਲਬੁਲ ਉਡਾ ।

ਜਿ਼ੰਦਗੀ ਦਾ ਇੱਕ ਵਰਕਾ, ਰੱਖ ਲਈਂ ਕੋਰਾ ਅਜੇ,
ਆਖਰੀ ਇੱਕ ਗੀਤ ਮੇਰਾ, ਓਸਦੀ ਮੰਗਦੈ ਪਨਾਹ ।

ਆਸਮਾਨਾਂ ਤੀਕ ਜਾਂਦੀ, ਲੋਅ ਚਿਰਾਗ਼ਾਂ ਦੀ ਨਹੀਂ,
ਪਰ ਖ਼ਬਰ ਹੁੰਦੀ ਹੈ ਸਭ ਨੂੰ,ਕੁਛ ਤਾਂ ਹੈ ਓਥੇ ਪਿਆ ।

ਤੇਰਿਆਂ ਬੁੱਲ੍ਹਾਂ 'ਤੇ ਖੇਡੇ, ਮੁਸਕਰਾਹਟ ਜਿਸ ਤਰ੍ਹਾਂ,
ਮੈਂ ਮਿਲਾਂਗਾ ਤੈਨੂੰ ਏਦਾਂ, ਤੂੰ ਜ਼ਰਾ ਨਜ਼ਰਾਂ ਵਿਛਾ ।

ਬਹੁਤ ਲੰਮੀ ਨੀਂਦ ਤੋਂ, ਪਹਿਲਾਂ ਮੈਂ ਚਾਹੁੰਦਾ ਹਾਂ 'ਅਜ਼ੀਮ',
ਆਪਣੇ ਸੁਪਨੇ ਦਾ ਕਰਜ਼ਾ, ਜਾਗਕੇ ਦੇਵਾਂ ਜਗਾ ।