Showing posts with label ਰਤਨ ਰਾਈਕਾ. Show all posts
Showing posts with label ਰਤਨ ਰਾਈਕਾ. Show all posts

ਧੁਰ ਅੰਦਰ.......... ਨਜ਼ਮ/ਕਵਿਤਾ / ਰਤਨ ਰਾਈਕਾ


ਧੁਰ ਅੰਦਰ
ਜਜ਼ਬਾਤ ਸੁਲਘਦੇ
ਬਾਹਰ ਕਇਆ ਨੂੰ
ਤਾਪ ਚੜ੍ਹੇ

ਜੰਗਲ ਜੋ ਤਬਦੀਲ ਹੋ ਗਿਆ
ਕੁਰਸੀਆਂ ‘ਚ

ਪਾਗਲ ਪੌਣਾਂ ਦੇ ਸੰਗ ਯਾਰੋ
ਕਿਹੜਾ ਬਿਰਖ ਲੜੇ...

ਧੀ ਤੇ ਫ਼ਸਲ ਦੀ
ਇਕ ਪ੍ਰੀਭਾਸ਼ਾ
ਜੋ ਸਮਿਆਂ ਦੇ ਰੂਬਰੂ ਹੈ
ਇਕ ਗਰਭ ਦੀ ਜੂਨੇ ਮਰਦੀ
ਦੂਜੀ ਪੱਕੇ ਪੈਣ ਗੜੇ...

ਕਾਲ਼ੇ ਸਮਿਆਂ
ਅੰਗ ਅੰਗ ਕੋਹਿਆ
ਪੀ ਸਪਰੇਆਂ
ਪੁੱਤ ਮਰੇ
ਸਰਹੱਦਾਂ ਤੇ ਜੇਤੂ ਹੋ ਕੇ
ਘਰ ਦੀ ਦੇਹਲ਼ੀ
ਆਣ ਹਰੇ...


ਡਾਕਟਰਾਂ, ਪ੍ਰੋਫੈਸਰਾਂ.......... ਨਜ਼ਮ/ਕਵਿਤਾ / ਰਤਨ ਰਾਈਕਾ

ਡਾਕਟਰਾਂ, ਪ੍ਰੋਫੈਸਰਾਂ, ਬੁੱਧੀਜੀਵੀਆਂ ਦੀ
ਰਖੇਲ ਨਹੀਂ ਹੁੰਦੀ
ਜੋ ਸ਼ਬਦਾਂ ਸੰਗ ਹੋਏ

ਬਲਾਤਕਾਰ ਦੀ ਪੀੜਾ
ਪਰਤ ਦਰ ਪਰਤ ਹੰਢਾਉਂਦੀ ਰਹੇ |
ਨਾ ਹੀ
ਸਟੇਟ ਦੇ ਹੱਕ ‘ਚ ਲਿਖੇ ਕਸੀਦੇ ਵਾਂਗ
ਅਜ਼ਾਦੀ ਦੇ ਜਸ਼ਨਾਂ ‘ਚ ਭਟਕੀ ਕਵਿਤਾ
ਸਰਕਾਰੀ ਰਾਗ ਦਾ
ਬੇਸੁਰਾ ਰਾਗ ਗਾਉਂਦੀ ਰਹੇ
ਵਿਹਲੜ ਭੜਵਿਆਂ ਦਾ ਚਿੱਤ ਪਰਚਾਉਂਦੀ ਰਹੇ |
ਕਵਿਤਾ ਕਦੇ ਮੁਥਾਜ ਨਹੀਂ ਹੁੁੰਦੀ
ਸ਼ਰਾਬ ਤੇ ਸ਼ਬਾਬ ਦੇ ਸਹਾਰਿਆਂ ਦੀ
ਕਵਿਤਾ ਬਾਤ ਪਾਉਂਦੀ ਹੈ
ਜਿੰਦਗੀ ਦੀ ਬਾਜ਼ੀ
ਪੈਸੇ ਦੇ ਦੌਰ ਵਿੱਚ ਹਾਰਿਆਂ ਦੀ |
ਕਦੇ ਨਾਹਰਿਆਂ ਦੀ
ਕਦੇ ਨਗਾਰਿਆਂ ਦੀ
ਬਦਨਾਮ ਮੌਸਮਾਂ ਵਲੋਂ
ਬਿਰਖਾਂ ਨੂੰ ਲਾਏ ਲਾਰਿਆਂ ਦੀ |
ਕਵਿਤਾ ਅੱਗ ਲੱਗੇ ਜੰਗਲ ਦੇ
ਬਿਰਖਾਂ ਦੀ ਮੌਨ ਭਾਸ਼ਾ ਹੈ |
ਤਸ਼ੱਦਦ ਨਾਲ ਟੁੱਟ ਚੁੱਕੇ ਗੱਭਰੂ ਦੀ
ਤਬਦੀਲੀ ਲਈ ਲੜਨ ਜਿਹੀ ਆਸ਼ਾ ਹੈ |