ਆਸਟ੍ਰੇਲੀਆ ਸਰਕਾਰ ਨੂੰ ਭਾਰਤੀ ਵਿਦਿਆਰਥੀਆਂ ਦੇ ਭਵਿੱਖ ਬਾਰੇ ਹਾਲੇ ਹੋਰ ਵਿਚਾਰ ਕਰਨ ਦੀ ਲੋੜ - ਡਾਕਟਰ ਹਰਪਾਲ ਸਿੰਘ ਪੰਨੂੰ……… ਵਿਚਾਰ-ਗੋਸ਼ਟੀ / ਜੌਲੀ ਗਰਗ

ਐਡੀਲੇਡ : ਬੀਤੇ ਦਿਨੀਂ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਸਾਊਥ ਆਸਟ੍ਰੇਲੀਆ ਸਰਕਾਰ ਦੇ ਮਹਿਕਮਾ-ਏ-ਮੈਨੂਫੈਕਚਰਿੰਗ, ਇਨਵੈਂਸ਼ਨ, ਟਰੇਡ, ਰੀਸੋਰਸਿਜ਼ ਅਤੇ ਐਨਰਜੀ ਦੇ ਡਿਪਟੀ ਚੀਫ਼ ਐਗਜ਼ਕਟਿਵ ਮਿਸਟਰ ‘ਲਾਂਸ ਵੋਰਲ’ ਅਤੇ ਸਾਊਥ ਆਸਟ੍ਰੇਲੀਆ ਸਰਕਾਰ ਦੇ ਭਾਰਤੀ ਮਾਮਲਿਆਂ ਦੇ ਵਿਸ਼ੇਸ਼ ਦੂਤ ਮਿਸਟਰ ‘ਬ੍ਰਾਇਨ ਹੇਸ’ ਨੇ ਉੱਘੇ ਸਿੱਖ ਵਿਦਵਾਨ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਪਿਛਲੇ ਵੀਹ ਸਾਲ ਤੋਂ ਧਾਰਮਿਕ ਸਿੱਖਿਆ ਵਿਭਾਗ ਦੇ ਮੁਖੀ ‘ਡਾਕਟਰ ਹਰਪਾਲ ਸਿੰਘ ਪੰਨੂੰ’ ਨਾਲ ਇਕ ਗ਼ੈਰ ਰਸਮੀ ਮੁਲਾਕਾਤ ਐਡੀਲੇਡ ਦੇ ਮਸ਼ਹੂਰ ਰੈਸਟੋਰੈਂਟ ‘ਚਾਰ ਮੀਨਾਰ’ ਵਿੱਚ ਪਾਲਮ ਮਨੇਸ਼ ਦੇ ਯਤਨਾਂ ਸਦਕਾ ਕੀਤੀ। ਇਸ ਮੌਕੇ ਤੇ ਦੋਹਾਂ ਮੁਲਕਾਂ ਦੇ ਕਈ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਹੋਇਆ। ਆਸਟ੍ਰੇਲਿਆਈ ਨੁਮਾਂਦਿਆਂ ਨੇ ਡਾਕਟਰ ਪੰਨੂੰ ਦੀਆਂ ਤਰਕ ਭਰਪੂਰ ਦਲੀਲਾਂ ਵਿਚ ਬਹੁਤ ਦਿਲਚਸਪੀ ਦਿਖਾਈ। ਡਾਕਟਰ ਪੰਨੂੰ ਵੱਲੋਂ ਲਿਖੇ ਦੁਨੀਆਂ ਭਰ ਦੀਆਂ ਮਹਾਨ ਸ਼ਖ਼ਸੀਅਤਾਂ ਉਤੇ ਰਿਸਰਚ ਭਰਪੂਰ ਲੇਖਾਂ ਬਾਰੇ ਵਿਸਤਾਰ ’ਚ ਚਰਚਾ ਕੀਤੀ ਗਈ।

ਇਸ ਮੌਕੇ ਡਾਕਟਰ ਪੰਨੂੰ ਨੇ ਆਸਟ੍ਰੇਲਿਆਈ ਕਾਨੂੰਨਾਂ ਬਾਰੇ ਆਪਣੀ ਹੈਰਾਨੀ ਪ੍ਰਗਟ ਕਰਦਿਆਂ ਇਹਨਾਂ ਨੁਮਾਇੰਦਿਆਂ ਨੂੰ ਇਹਨਾਂ ਕਾਨੂੰਨਾਂ ਤੇ ਮੁੜ ਵਿਚਾਰ ਕਰਨ ਲਈ ਕਿਹਾ। ਉਨ੍ਹਾਂ ਇਸ ਬਾਰੇ ਗੱਲ ਕਰਦਿਆਂ ਪੁੱਛਿਆ ਕਿ ਜਦੋਂ ਕੋਈ ਵਿਦਿਆਰਥੀ ਇੱਥੋਂ ਕਿਸੇ ਵੀ ਵਿਸ਼ੇ ਤੇ ਮਾਸਟਰਜ਼ ਕਰ ਲੈਂਦਾ ਹੈ ਤਾਂ ਉਸ ਨੂੰ ਫੇਰ ਇੰਗਲਿਸ਼ ਟੈਸਟ (ਆਈਲੈਟਸ) ਵਿਚੋਂ ਸੱਤ ਬੈਂਡ ਲਈ ਕਿਹਾ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਬਹੁਤ ਸਾਰਾ ਵਿਦਿਆਰਥੀ ਵਰਗ ਜਾਂ ਤਾਂ ਆਪਣੇ ਮੁਲਕ ਵਾਪਸ ਜਾਣ ਲਈ ਮਜਬੂਰ ਹੋ ਰਿਹਾ ਹੈ ਜਾਂ ਫੇਰ ਕੈਨੇਡਾ, ਅਮਰੀਕਾ ਵੱਲ ਰੁਖ ਕਰ ਰਿਹਾ ਹੈ। ਹਾਲਾਂਕਿ ਇਸ ਮੁਲਕ ’ਚ ਇਹਨਾਂ ਖ਼ਿੱਤਿਆਂ ਵਿੱਚ ਕਾਮਿਆਂ ਦੀ ਲੋੜ ਹਾਲੇ ਪੂਰੀ ਨਹੀਂ ਹੋਈ। ਉਨ੍ਹਾਂ ਆਸਟ੍ਰੇਲੀਆ ਸਰਕਾਰ ਨੂੰ ਚਿਰ ਸਥਾਈ ਕਾਨੂੰਨ ਬਣਾਉਣ ਲਈ ਬੇਨਤੀ ਕੀਤੀ ਕਿ ਜਿਸ ਨਾਲ ਵਿਦਿਆਰਥੀ ਵੀਜ਼ੇ ਤੇ ਆਉਣ ਵਾਲੀਆਂ ਵਿੱਚ ਦੋਚਿਤੀ ਨਾ ਰਹੇ ਤੇ ਉਹ ਦਿਲ ਲਾ ਕੇ ਪੜ੍ਹ ਸਕਣ। ਹਰ ਰੋਜ਼ ਬਦਲਦੇ ਕਾਨੂੰਨਾਂ ਨਾਲ ਬਹੁਤ ਸਾਰਾ ਵਿਦਿਆਰਥੀ ਵਰਗ ਪ੍ਰਭਾਵਿਤ ਹੋ ਰਿਹਾ ਹੈ। ਇਹਨਾਂ ਗੱਲਾਂ ਦਾ ਜਵਾਬ ਦਿੰਦਿਆਂ ਭਾਰਤੀ ਮਾਮਲਿਆਂ ਦੇ ਸਰਕਾਰ ਦੇ ਵਿਸ਼ੇਸ਼ ਦੂਤ ਮਿਸਟਰ ਬ੍ਰਾਇਨ ਨੇ ਡਾਕਟਰ ਪੰਨੂੰ ਦੇ ਸੁਝਾ ਸਹੀ ਮਹਿਕਮੇ ਤਕ ਪਹੁੰਚਾਉਣ ਦਾ ਵਾਅਦਾ ਕੀਤਾ।

ਇਸ ਵਕਤ ਬੋਲਦਿਆਂ ਭੁਪਿੰਦਰ ਸਿੰਘ ਮਨੇਸ਼ ਨੇ ਆਸਟ੍ਰੇਲਿਆਈ ਨੁਮਾਇੰਦਿਆਂ ਨੂੰ ਸਿੱਖੀ ਦੇ ਇਤਿਹਾਸ ਨਾਲ ਬੜੀ ਗਹਿਰਾਈ ਨਾਲ ਜਾਣੂ ਕਰਵਾਇਆ। ਇਸ ਮੌਕੇ ਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੇ ਪ੍ਰਧਾਨ ਮਿੰਟੂ ਬਰਾੜ ਨੇ ਪਿਛਲੇ ਪ੍ਰੀਮੀਅਰ ਮਾਇਕ ਰੈਨ ਦੇ ਕਾਰਜ ਕਾਲ ਤੋਂ ਬਾਅਦ ਪੰਜਾਬੀ ਭਾਈਚਾਰੇ ਅਤੇ ਸਰਕਾਰ ਵਿਚ ਪੈਦਾ ਹੋਏ ਖਲਾਅ ਨੂੰ ਭਰਨ ਲਈ ਲੋੜੀਂਦੇ ਕਦਮ ਚੁੱਕਣ ਲਈ ਬੇਨਤੀ ਕੀਤੀ।

ਇਸ ਮੌਕੇ ‘ਤੇ ਪਹੁੰਚਣ ਵਾਲੀਆਂ ਸ਼ਖ਼ਸੀਅਤਾਂ 'ਚ ਭੁਪਿੰਦਰ ਸਿੰਘ ਮਨੇਸ਼, ਦਲਜੀਤ ਸਿੰਘ, ਬਲਵਿੰਦਰ ਸਿੰਘ ਢੀਂਡਸਾ, ਮਿੰਟੂ ਬਰਾੜ, ਐਡਵੋਕੇਟ ਅਮਰਜੀਤ ਸਿੰਘ ਆਨੰਦ, ਜੋਰਜੀ ਪੰਨੂੰ, ਤਰਨ ਮਨੇਸ਼, ਪਾਲਮ ਮਨੇਸ਼ ਆਦਿ  ਹਾਜ਼ਰ ਸਨ। ਅਖੀਰ ਵਿਚ ਚਾਰ ਮੀਨਾਰ ਹੋਟਲ ਵੱਲੋਂ ਬਹੁਤ ਵਧੀਆ ਡਿਨਰ ਦਾ ਪ੍ਰਬੰਧ ਕੀਤਾ ਗਿਆ ਸੀ।

****

No comments: