ਪੀ.ਜੀ.ਆਈ ਦਾ ਮਨੋਚਕਿਤਸਾ ਵਾਰਡ ਵਿੱਚ ਡਾਕਟਰ ਨੇ ਹਾਲੇ ਆਉਣਾ ਸੀ । ਮੇਰੇ ਵਰਗੇ ਤੇ ਉਹਨਾਂ ਦੇ ਨਾਲ਼ ਆਏ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ । ਮੈਂ ਉਥੇ ਬੈਠਾ ਆਪਣੀ ਬਿਮਾਰੀ ਜਾਂ ਕਹਿ ਲਓ, ਆਪਣੀ ਖੰਡਿਤ ਮਨੋਦਸ਼ਾ ਬਾਰੇ ਸੋਚਦਿਆਂ ਬਾਹਰ ਘੁੰਮ ਰਹੇ ਦਰਜਨਾਂ ਚਿਹਰਿਆਂ ‘ਚੋਂ ਆਪਣੇ ਵਰਗਾ ਕੋਈ ਹੋਰ ਲੱਭਣ ਦਾ ਯਤਨ ਕਰ ਰਿਹਾ ਸਾਂ... ਤੇ ਕਿਸੇ ਦੇ ਚਿਹਰੇ ਤੋਂ ਹੀ ਨਿਰਾਸ਼ਾ ਪੱਲੇ ਪੈ ਗਈ ਤੇ ਕਿਸੇ ਦੇ ਹਾਵਭਾਵ ਨੇ ਹੀ ਦੱਸ ਦਿੱਤਾ ਕਿ ਉਹਨਾਂ ‘ਚੋਂ ਕੋਈ ਮੈਨੂੰ ਲੱਗੀ ਅਤਿਅੰਤ ਭਿਆਨਕ ਬਿਮਾਰੀ “ਅਤਿ ਭਾਵੁਕਤਾ” ਦਾ ਮਰੀਜ਼ ਨਹੀਂ ਹੈ । ਕੁਝ ਗੰਭੀਰ ਕਿਸਮ ਦੇ ਇਨਸਾਨ ਵੀ ਦਿਸੇ । ਮਨ ਨੂੰ ਢਾਰਸ ਬੱਝਾ ਕਿ ਜ਼ਰੂਰ ਇਹਨਾਂ ਵਿੱਚੋਂ ਕੋਈ ਨਾ ਕੋਈ ਮਨੋਬ੍ਰਿਤੀ ਦੀ ਸਾਂਝ ਵਾਲਾ ਹੋਵੇਗਾ । ਕੋਈ ਹੋਵੇਗਾ ਮੰਟੋ ਵਾਗੂੰ ਖਾਨਾਖ਼ਰਾਬ... । ਪਰ... ਹਾਂ ! ਉਹ ਉਦਾਸ ਸਨ ਪਰ ਕਾਰਨ ਕੁਝ ਵੱਖਰੇ ਸਨ । ਕੋਈ ਬੱਚਿਆਂ ਤੋਂ ਪ੍ਰੇਸ਼ਾਨ ਸੀ ਤੇ ਕਿਸੇ ਨੂੰ ਦੁਰਘਟਨਾ ਵਿੱਚ ਸੱਟ ਲੱਗ ਗਈ ਸੀ । ਕਈ ਮਹੀਨਿਆਂ ਤੱਕ ਪੀ.ਜੀ.ਆਈ ਦੇ ਇਹਨਾਂ ਮਰੀਜ਼ਾਂ ਨਾਲ਼ ਵਾਸਤਾ ਹੈ ਪਰ ਇਹਨਾਂ ਵਿੱਚੋਂ ਕੋਈ ਵੀ ਖਾਨਾਖ਼ਰਾਬ ਤਬੀਅਤ ਦਾ ਮਰੀਜ਼ ਨਾ ਦਿਖਿਆ, ਨਾ ਮਿਲਿਆ । ਮੈਨੂੰ ਆਪਣੇ ਭਰਾ ਦਾ ਮਾਰਿਆ ਉਹ ਮਿਹਣਾ ਵਾਰ ਵਾਰ ਯਾਦ ਆ ਜਾਂਦਾ ਹੈ, “ਕਿ ਤੇਰੇ ‘ਤੇ ਲੇਖਕ ਭਾਰੂ ਹੋ ਗਿਆ ਹੈ, ਇਹੀ ਤੇਰੀ ਬਿਮਾਰੀ ਐ ।” ਪਰ ਮੈਂ ਸਮਝਦਾ ਹਾਂ, ਮੇਰੇ ਤੇ ਲੇਖਕ ਭਾਰੂ ਨਹੀਂ ਹੋਇਆ ਪਰ ਉਹਨਾਂ ਲੋਕਾਂ ਦੀ ਸਖਸ਼ੀਅਤ ਜ਼ਰੂਰ ਭਾਰੂ ਹੋ ਰਹੀ ਹੈ, ਜੋ ਖਾਨਾਖ਼ਰਾਬ ਸਨ । ਜ਼ਮਾਨੇ ਨੇ ਉਹਨਾਂ ਨੂੰ ਪਾਗਲ ਕਿਹਾ, ਉਹਨਾਂ ਦੇ ਰਾਹ ਵਿੱਚ ਕੰਡੇ ਵਿਛਾਏ ਪਰ ਉਹਨਾਂ ਨੇ ਸਿਰਜਨਾਤਮਕਤਾ ਦਾ ਰਾਹ ਨਾ ਛੱਡਿਆ । ਸਮਾਜ ਨੂੰ ਉਹ ਕੁਝ ਦਿੱਤਾ, ਜਿਸ ਨੂੰ ਅੱਜ ਓਹੀ ਸਮਾਜ ਮਾਣਦਾ ਵੀ ਹੈ ਤੇ ਮਾਣ ਵੀ ਕਰਦਾ ਹੈ । ਕੋਈ ਸੰਗੀਤਕਾਰ ਸੀ, ਕੋਈ ਚਿੱਤਰਕਾਰ, ਕੋਈ ਕਲਾਕਾਰ ਤੇ ਕੋਈ ਲੇਖਕ । ਮੈਂ ਖੁਦ ਵੀ ਤਾਂ ਅਮਰੀਕ ਕਮਲਾ ਵਰਗੀਆਂ ਕਹਾਣੀਆਂ ਲਿਖੀਆਂ ਹਨ । ਸੰਗੀਤ ਦਾ ਅਸਰ ਕੋਈ ਬਿਮਾਰੀ ਤਾਂ ਨਹੀਂ ਹੋ ਸਕਦੀ, ਇਸ ਦਾ ਅਸਰ ਮੇਰੇ ‘ਤੇ ਵੀ ਤਾਂ ਦੂਜਿਆਂ ਨਾਲ਼ੋਂ ਕਿਤੇ ਵੱਧ ਤੇ ਵਿਸਮਾਦੀ ਹੁੰਦਾ ਹੈ ।
ਇਸੇ ਪੀ.ਜੀ.ਆਈ. ਦੇ ਵਾਰਡ ਵਿੱਚ ਕੁਰਸੀਆਂ ‘ਤੇ ਬੈਠੇ ਜਦੋਂ ਪਤਨੀ ਨੇ ਮੈਨੂੰ ਇਹ ਕਿਹਾ ਸੀ, “ਤੁਸੀਂ ਡਾਕਟਰ ਨੂੰ ਇਹ ਵੀ ਦੱਸਿਓ ਕਿ ਤੁਸੀਂ ਹਰ ਇੱਕ ਨੂੰ ਮੰਟੋ, ਸਿ਼ਵ, ਗਾਰਗੀ, ਗੁਰੂ ਦੱਤ ਆਦਿ ਦੇ ਕਿੱਸੇ ਸੁਣਾਉਂਦੇ ਹੋ... ਉਹ ਵੀ ਜ਼ਬਰਦਸਤੀ” । “ਜਬਰਦਸਤੀ...” ਪਤਨੀ ਦੇ ਇਨਾਂ ਲਫਜਾਂ ਨੇ ਮੈਨੂੰ ਇੱਕ ਜ਼ਬਰਦਸਤ ਝਟਕਾ ਦਿੱਤਾ ਸੀ । ਇਹ ਸੱਚ ਤਾਂ ਮੈਂ ਕਬੂਲਦਾ ਹਾਂ ਕਿ ਇਹਨਾਂ ਮਹਾਨ ਲੋਕਾਂ ਦੇ ਲਿਖੇ ਸ਼ਬਦ ਮੇਰੇ ‘ਤੇ ਜਾਦੂਈ ਅਸਰ ਕਰਦੇ ਹਨ । ਜੋ ਗੱਲਾਂ ਇਹਨਾਂ ਨੇ ਲਿਖੀਆਂ ਜਾਂ ਕਹੀਆਂ ਮੈਂ ਤਾਂ ਸਿਰਫ਼ ਸੋਚ ਹੀ ਸਕਦਾ ਹਾਂ । ਆਪਣੀ ਕਲਮ ਦੀ ਜੱਦ ਵਿੱਚ ਲਿਆਉਣਾ ਤਾਂ ਬਹੁਤ ਦੂਰ ਦੀ ਗੱਲ ਹੈ । ਕੀ ਮਹਾਨ ਲੋਕਾਂ ਦਾ ਜਿ਼ਕਰ ਕਰਨਾ ਕੋਈ ਬਿਮਾਰੀ ਹੈ? ਘਰ ਵਾਲਿਆਂ ਮੁਤਾਬਿਕ ਤਾਂ ਸ਼ਾਇਦ ਇਸੇ ਕਰਕੇ ਹੀ ਮੇਰੀ ਦੁਨੀਆਂਦਾਰ ਹੋਣ ਦੀ ਦ੍ਰਿਸ਼ਟੀ ਕਮਜ਼ੋਰ ਹੋ ਗਈ ਹੈ । ਕੋਈ ਗ਼ਮ ਨਹੀਂ ਕਿ ਪੱਛੜ ਵੀ ਗਿਆ ਹਾਂ ਪਰ ਇਹ ਅਫਸੋਸ ਜ਼ਰੂਰ ਹੋਇਆ ਹੈ ਕਿ ਲੋਕ ਇਹਨਾਂ ਦੀਆਂ ਗੱਲਾਂ ਤੋਂ ਬੋਰ ਹੁੰਦੇ ਹੋਣਗੇ । ਠੀਕ ਵੀ ਹੈ । ਮਹਾਨ ਲੋਕਾਂ ਦੀਆਂ ਗੱਲਾਂ ਤੋਂ ਲੋਕ ਆਮ ਤੌਰ ‘ਤੇ ਹੀ ਪ੍ਰੇਸ਼ਾਨ ਹੋ ਜਾਂਦੇ ਹਨ ਤੇ ਜ਼ਮਾਨਾ ਉਹਨਾਂ ਨੂੰ ਪਾਗਲ ਵੀ ਕਹਿਣਾ ਸ਼ੁਰੂ ਕਰ ਦਿੰਦਾ ਹੈ... ਮੰਟੋ ਨੂੰ ਤਾਂ ਪਾਗਲਖ਼ਾਨੇ ਵੀ ਰਹਿਣਾ ਪਿਆ ਸੀ ।
ਵਿਚਾਰਾਂ ਦੀ ਤੰਦ ਟੁੱਟੀ । ਡਾਕਟਰ ਨੇ ਅੰਦਰ ਬੁਲਾ ਲਿਆ ਸੀ । ਉਹ ਹੁਣੇ ਹੀ ਉਸ ਲੜਕੇ ਤੋਂ ਵਿਹਲਾ ਹੋਇਆ ਸੀ, ਜਿਸ ਦੇ ਮਾਂ ਪਿਉ ਮੁਤਾਬਿਕ ਉਹ ਬਾਹਰਲੇ ਦੇਸ਼ ਦੇ ਜਨੂੰਨ ਵਿੱਚ ਪਾਗਲ ਹੁੰਦਾ ਜਾ ਰਿਹਾ ਸੀ । ਮੈਂ ਡਾਕਟਰ ਨੂੰ ਬੜੇ ਵਿਸਥਾਰ ਨਾਲ਼ ਦੱਸਿਆ ਕਿ ਮੇਰੀ ਬਿਮਾਰੀ ਹੈ ਕਿ ਮੈਂ ਬਹੁਤ ਕੋਮਲਭਾਵੀ ਹਾਂ ਤੇ ਉਤੋ ਸਿਤਮ ਇਹ ਹੈ ਕਿ ਮੇਰੇ ਆਪਣੇ ਵੀ ਇਸ ਮਨੋਸਥਿਤੀ ਨੂੰ ਨਹੀਂ ਸਮਝ ਰਹੇ । ਮੈਨੂੰ ਵਾਰ ਵਾਰ ਰੋਣ ਆ ਜਾਂਦਾ ਹੈ । ਅੰਦਰ ਵੈਰਾਗ ਹੀ ਵੈਰਾਗ ਭਰਿਆ ਪਿਆ ਹੈ । ਮੈਂ ਡਾਕਟਰ ਕੋਲੇ ਆਪਣਿਆਂ ਦਾ ਰੋਣਾ ਰੋ ਰਿਹਾ ਸਾਂ ਤੇ ਡਾਕਟਰ ਦਾ ਰੋਣਾ ਕਿਸ ਕੋਲ ਰੋਂਦਾ ? ਉਸ ਨੇ ਵੀ ਮੇਰੀ ਮਨੋਦਸ਼ਾ ਨੂੰ ਜਿ਼ਆਦਾ ਗਹਿਰਾਈ ਨਾਲ਼ ਸਮਝਣ ਦਾ ਯਤਨ ਨਾ ਕੀਤਾ । ਪਤਨੀ ਨਾਲ਼ ਸਲਾਹ ਕਰਨ ਤੋਂ ਬਾਅਦ ਉਸਨੇ ਇਸ ਤੱਥ ਨੂੰ ਅਧਾਰ ਬਣਾ ਕੇ ਇਲਾਜ ਕਰਨਾ ਸ਼ੁਰੂ ਕੀਤਾ “ਇਹ ਉਦਾਸ ਹਨ, ਨਿਰਾਸ਼ ਹਨ, ਕਿਉਂਕਿ ਇੱਕ ਮਾਤਰ ਔਲਾਦ, ਜੋ ਕਿ ਲੜਕੀ ਹੈ, ਉਹ ਬੋਲ ਅਤੇ ਸੁਣ ਨਹੀਂ ਸਕਦੀ” । ਡਾਕਟਰ ਪਤਨੀ ਨੂੰ ਬੱਚਾ ਗੋਦ ਲੈਣ, ਲਗਾਤਾਰ ਇਲਾਜ ਕਰਵਾਉਣ ਦੀਆਂ ਹਿਦਾਇਤਾਂ ਦੇ ਰਿਹਾ ਸੀ ਤੇ ਇਸੇ ਆਧਾਰ ਤੇ ਮੇਰੇ ਵਿੱਚ ਕੁਝ ਬਿਹਤਰੀ ਦੇ ਆਸਾਰ ਪੈਦਾ ਹੋਣ ਦੀ ਗੱਲ ਕਰ ਰਿਹਾ ਸੀ ਤਾਂ ਉਥੇ ਬੈਠਿਆਂ ਹੀ ਅਚਾਨਕ ਮੇਰੇ ਜਿਹਨ ਵਿੱਚ ਮਿਰਜਾ ਗ਼ਾਲਿਬ ਦੀਆਂ ਇਹ ਲਾਇਨਾਂ ਉਭਰ ਆਈਆਂ...
ਕੋਈ ਉਮੀਦ ਬਰ ਨਹੀਂ ਆਤੀ
ਕੋਈ ਸੂਰਤ ਨਜ਼ਰ ਨਹੀਂ ਆਤੀ
ਆਗੇ ਆਤੀ ਥੀ ਹਾਲ-ਏ-ਦਿਲ ਪੇ ਹਸੀਂ
ਅਬ ਕਿਸੀ ਬਾਤ ਪਰ ਨਹੀਂ ਆਤੀ
ਮੇਰੇ ਲੂੰ ਕੰਢੇ ਖੜ੍ਹੇ ਹੋ ਗਏ ਸਨ । ਭਾਵੇਂ ਇਹਨਾਂ ਲਾਇਨਾਂ ਨੇ ਮੇਰੇ ਜਿ਼ਹਨ ਵਿੱਚ ਉਪਚੇਤਨਾ ਰਾਹੀਂ ਦਸਤਕ ਦਿੱਤੀ ਸੀ ਪਰ ਮੇਰੀ ਸਥਿਤੀ ਦੀ ਸਹੀ ਤਰਜ਼ਮਾਨੀ ਸੀ, ਇਹਨਾਂ ਤੁਕਾਂ ਵਿੱਚ... । ਹਾਂ ! ਕੁਝ ਚਿਹਰੇ ਹਨ ਤਾਂ ਡਾਕਟਰਾਂ ਤੋਂ ਉਤੇ ਰੱਬ ਵਰਗੇ... ਗਾਲਿਬ ਵੀ ਤਾਂ ਹੈ । ਕਿੰਨਾ ਡਿਪਰੈਸਡ ਹੋਣੈ... ਹੈਂ ? ਕਿੰਨੀ ਵੱਡੀ ਚੋਟ ਖਾਧੀ ਹੋਣੀ ਐਂ ਜ਼ਮਾਨੇ ਦੀ... ਤਾਂ ਹੀ ਤਾਂ ਇਹ ਲਾਇਨਾਂ ਅੱਜ ਹੋਂਦ ਵਿੱਚ ਹਨ । ਪੀ.ਜੀ.ਆਈ. ਤੋਂ ਤੁਰੇ ਤਾਂ ਮੈਂ ਡਾਕਟਰ ਨੂੰ ਭੁੱਲ ਗਿਆ ਸੀ । ਮੈਨੂੰ ਗ਼ਾਲਿਬ ਯਾਦ ਸੀ । ਮੈਂ ਪਤਨੀ ਨਾਲ਼ ਸਿਰਫ ਗ਼ਾਲਿਬ ਦੀਆਂ ਗੱਲਾਂ ਕਰ ਰਿਹਾ ਸੀ । ਉਹ ਮਹਾਨ ਸੀ । ਉਹ ਵੀ ਮਹਾਂ ਭਾਵੁਕ ਸੀ ਆਦਿ ਆਦਿ... ਰੁਕਿਆ ਉਦੋਂ ਜਦੋਂ ਪਤਨੀ ਨੇ ਕਹਿ ਹੀ ਛੱਡਿਆ, “ਦੇਖਿਆ ! ਹੁਣ ਗ਼ਾਲਿਬ ਸਾਹਿਬ ਥੋਡੇ ਅੰਦਰ ਵੜ੍ਹ ਗਏ ਨੇ... । ਕਦੇ ਕੀਟਸ, ਕਦੇ ਮੰਟੋ ਤੇ ਕਦੇ ਕੋਈ...”
ਬਹਿਰਹਾਲ ਮੈਂ ਕੋਈ ਲੇਖਕ ਨਹੀਂ । ਸਾਹਿਤ ਵਿੱਚ ਮੇਰਾ ਕੋਈ ਯੋਗਦਾਨ ਨਹੀਂ ਪਰ ਕਦੇ ਕਦੇ ਦੋ ਅੱਖਰ ਝਰੀਟ ਕੇ ਅਖਬਾਰਾਂ ਨੂੰ ਭੇਜ ਦਿੰਦਾ ਹਾਂ ਤੇ ਅਕਸਰ ਉਹ ਛਪ ਜਾਂਦੇ ਹਨ । ਲੇਖਕ ਤਾਂ ਨਹੀਂ ਬਣਿਆ ਪਰ ਲੇਖਕਾਂ ਨੂੰ ਜਾਣਨ ਦੀ, ਨੇੜਤਾ ਮਾਣਨ ਦੀ ਚੇਟਕ ਜਰੂਰ ਲੱਗ ਗਈ ਪਰ ਸਮਾਜ ਜਾਂ ਘਰ ਵਾਲਿਆਂ ਵਾਸਤੇ ਇਹ ਚੇਟਕ ਕਿਸ ਕੰਮ ਦੀ... ਮੈਂ ਆਪਣੇ ਆਪ ਨੂੰ ਕਾਫ਼ੀ ਸੰਭਾਲਣ ਦੀ ਕੋਸਿ਼ਸ਼ ਕਰਦਾ ਹਾਂ ਪਰ ਮੈਨੂੰ ਪਤਾ ਹੈ ਕਿ ਮੈਂ ਘੰਟਿਆਂ ਬੱਧੀ ਗ਼ਾਲਿਬ, ਇਕਬਾਲ, ਮੰਟੋ, ਸਿ਼ਵ, ਗੁਰੂਦੱਤ ਦੀਆਂ ਗੱਲਾਂ ਕਰ ਸਕਦਾ ਹਾਂ । ਉਹ ਮਹਾਨ ਸਨ, ਵਿਲੱਖਣ ਵੀ... ਤੇ ਖਾਨਾਖ਼ਰਾਬ ਵੀ ।
ਮੇਰਾ ਇੱਕ ਚਾਚਾ ਜੋ ਆਪਣੀ ਜਵਾਨੀ ਵਿੱਚ ਸ਼ਰਾਬੀ ਸੀ, ਕਵੀ ਸੀ ਤੇ ਮੈਨੂੰ ਇੰਝ ਲਗਦਾ ਸੀ ਕਿ ਦੂਜਿਆਂ ਨੂੰ ਖੁਸ਼ ਕਰਨ ਵਾਸਤੇ ਆਪਣੇ ਆਪ ਨੂੰ ਉਜਾੜਣ ਦੀ ਸਮਰੱਥਾ ਰੱਖਦਾ ਹੈ । ਸਾਡੇ ਖ਼ਾਨਦਾਨ ‘ਚੋਂ ਉਸਦੀ ਸਖਸ਼ੀਅਤ ਅੱਡ ਹੈ । ਉਹ ਕਵਿਤਾ ਕਹਿੰਦਾ ਵੀ ਹੈ ਤੇ ਸਮਝਦਾ ਵੀ ਹੈ । ਮੇਰੀ ਜਾਚੇ ਉਹ ਖ਼ਾਨਾਖ਼ਰਾਬ ਤਬੀਅਤ ਦਾ ਮਾਲਕ ਹੈ... ਉਹ ਮੇਰੇ ਕੋਲ ਆਇਆ, ਕਵਿਤਾ ਦੀਆਂ ਗੱਲਾਂ ਚੱਲੀਆਂ ਤਾਂ ਸਾਹਿਤਕਾਰਾਂ ਦੀਆਂ ਵੀ... ਮੈਨੂੰ ਹੋਰ ਕੁਝ ਨਾ ਸੁੱਝਾ ਤਾਂ ਮੈਂ ਇਸ ਅਦਬੀ ਮਾਹੌਲ ਨੂੰ ਹੋਰ ਰੰਗੀਨ ਬਣਾਉਣ ਲਈ ਚਾਚੇ ਨੂੰ ਸੁਝਾਅ ਦਿੱਤਾ, “ਚਾਚਾ, ਆਪਾਂ ਇੱਕ ਸੱਜਣ ਕੋਲ ਚੱਲਦੇ ਹਾਂ । ਬੜੇ ਹੀ ਸਾਹਿਤਕ ਸੋਝੀ ਵਾਲੇ ਹਨ । ਮਹਾਨ ਲੇਖਕਾਂ ਦਾ ਸੰਗ ਵੀ ਮਾਣਿਆ ਹੈ, ਉਹਨਾਂ ਨੇ ।” ਚਾਚਾ ਤਿਆਰ ਹੋ ਗਿਆ ਤੇ ਅਸੀਂ ਜਾ ਪਹੁੰਚੇ, ਉਹਨਾਂ ਸੱਜਣਾਂ ਦੇ ਘਰ । ਉਹ ਮੈਨੂੰ ਅਖਬਾਰ ਰਾਹੀਂ ਜਾਣਦੇ ਸਨ। ਬੜੀ ਚੰਗੀ ਆਓ ਭਗਤ ਹੋਈ । ਮੈਂ ਅਦਬੀ ਮਾਹੌਲ ਦਾ ਮਜ਼ਾ ਲੈਣ ਲਈ ਤਿਆਰ ਬੈਠਾ ਸਾਂ । ਪਹਿਲਾਂ ਰਸਮੀ ਗੱਲ ਹੋਈ, ਇਸੇ ਗੱਲਬਾਤ ਦੌਰਾਨ ਪਤਾ ਲੱਗਾ ਕਿ ਅਸੀਂ ਤਿੰਨੋਂ ਇੱਕੋ ਜਾਤ ਦੇ ਹਾਂ ਤੇ ਫਿਰ ਰਿਸ਼ਤੇ ਤੇ ਜਾਣ ਪਹਿਚਾਣ ਦੀਆਂ ਗੱਲਾਂ ਨਿਕਲ ਆਈਆਂ । ਕਾਫੀ ਸਮਾਂ ਬੀਤ ਗਿਆ... ਨਾ ਮੰਟੋ ਦੀ ਗੱਲ ਚੱਲੀ... ਨਾ ਸਿ਼ਵ ਦੀ.... ਨਾ ਗ਼ਾਲਿਬ ਦਾ ਕੋਈ ਸ਼ੇਅਰ ਹੀ ਪੜ੍ਹਿਆ ਗਿਆ... ਤੇ ਨਾ ਨਾਨਕ ਸਿੰਘ ਦਾ ਜਿ਼ਕਰ ਹੋਇਆ । ਮੇਰਾ ਚਾਚਾ ਉਹਨਾਂ ਕੋਲ ਸਾਡੇ ਖਾਨਦਾਨ ਦੀ ਤੇ ਆਪਣੀ ਬਣਾਈ ਜਾਇਦਾਦ ਦੀਆਂ ਗੱਲਾਂ ਕਰਦਾ ਰਿਹਾ ਸੀ ਤੇ ਅਖੀਰ ਵਿੱਚ ਮੇਜ਼ਬਾਨ ਨੇ ਵੀ ਆਪਣੀ ਹਵੇਲੀ ਦਿਖਾਉਣੀ ਸ਼ੁਰੂ ਕਰ ਦਿੱਤੀ । ਸ਼ਾਇਦ ਕਿਸੇ ਨਵੇਂ ਰਿਸ਼ਤੇ ਦੇ ਜੁੜਣ ਦੀਆਂ ਸੰਭਵਨਾਵਾਂ ਤਲਾਸ਼ ਕੀਤੀਆਂ ਜਾ ਰਹੀਆਂ ਸਨ । ਉਹ ਲੰਮੀ ਹਵੇਲੀ ਦੇ ਅੰਦਰ ਵਧ ਗਏ । ਉਹ ਗੱਲਾਂ ਵਿੱਚ ਮਸਰੂਫ ਸਨ ਤੇ ਇਹ ਭੁੱਲ ਗਏ ਕਿ ਮੈਂ ਇਕੱਲਾ ਖੜ੍ਹਾ ਹਾਂ । ਪਿੱਛੇ ਰਹਿ ਗਿਆ ਹਾਂ... । ਉਹ ਸ਼ਾਇਦ ਉਥੇ ਮੇਰਾ ਵਜੂਦ ਹੀ ਭੁੱਲ ਗਏ ਸਨ । ਫਿਰ ਮੈਨੂੰ ਇੱਕ ਕਮਰੇ ਵਿੱਚੋਂ ਉਹਨਾਂ ਦੇ ਉਚੀ ਉਚੀ ਠਹਾਕੇ ਲਾ ਕੇ ਹੱਸਣ ਦੀ ਆਵਾਜ਼ ਆਈ । ਮੈਨੂੰ ਲੱਗਿਆ ਸੀ ਕਿ ਉਹ ਮੇਰੇ ਇਕੱਲੇ ‘ਤੇ ਪਿੱਛੇ ਰਹਿ ਜਾਣ ਬਾਰੇ ਗੱਲ ਕਰਦਿਆਂ ਹੱਸੇ ਹੋਣਗੇ । ਸ਼ਾਇਦ ਇੱਕ ਨੇ ਇਹ ਕਿਹਾ ਹੋਵੇ, “ਨਹੀਂ ਉਹ ਇਕੱਲਾ ਨਹੀਂ, ਓਹਦੇ ਨਾਲ਼ ਬਥੇਰੇ ਨੇ ਸਿ਼ਵ, ਸਾਹਿਰ ਤੇ ਮੰਟੋ ਵਰਗੇ... ।” ਮੈਂ ਉਦਾਸ ਸੀ ਤੇ ਦੁਖੀ ਵੀ ਤੇ ਫਿਰ ਹੌਸਲਾ ਮਿਲਿਆ ਤੇ ਇਹ ਸੋਚ ਕਿ ਕੇ ਪਤਾ ਨਹੀਂ ਸਿ਼ਵ, ਮੰਟੋ ਤੇ ਗ਼ਾਲਿਬ ਵਰਗਿਆਂ ਨੂੰ ਕਿੰਨੇ ਕੁ ਵਾਰੀ ਲੋਕਾਂ ਨੇ ਖਾਨਾਖ਼ਰਾਬ ਕਹਿ ਕੇ ਮਜ਼ਾਕ ਕੀਤੇ ਹੋਣਗੇ ਤੇ ਕਿੰਨੇ ਕੁ ਲੋਕ ਹੱਸੇ ਹੋਣਗੇ ਤੇ ਸ਼ਾਇਦ ਖਾਨਾਖ਼ਰਾਬੀ ਤਬੀਅਤ ‘ਤੇ ਗੂੰਜੇ ਇਸੇ ਹਾਸੇ ਨੇ ਉਹਨਾਂ ਨੂੰ ਮਹਾਨਤਾ ਦਾ ਦਰਜਾ ਦਿੱਤਾ ਹੋਵੇਗਾ । ਮੈਂ ਅੱਜ ਵੀ ਇਹਨਾਂ ਲੋਕਾਂ ਦੀਆਂ ਗੱਲਾਂ ਕਰਕੇ ਮਿਲਣ ਵਾਲਿਆਂ ਨੂੰ ਬੋਰ ਕਰਨ ਤੋਂ ਬਾਜ਼ ਨਹੀਂ ਆਇਆ ਤੇ ਆਵਾਂ ਵੀ ਕਿਉਂ ? ਕੋਈ ਵਿਰਲਾ ਹੀ ਦਿਖਾਈ ਦਿੰਦਾ ਹੈ ਉਹਨਾਂ ਵਰਗਾ ਖਾਨਾਖ਼ਰਾਬ, ਜਿੰਨਾਂ ਨੂੰ ਸਮਾਜ ਪਹਿਲਾਂ ਦੁਤਕਾਰਦਾ ਹੈ ਤੇ ਫਿਰ ਪਲਕਾਂ ਤੇ ਬਿਠਾਉਣ ਦੀ ਗੱਲ ਕਰਦਾ ਹੈ, ਜਦੋਂ ਉਹ ਹੁੰਦੇ ਹੀ ਨਹੀਂ... ।
****
1 comment:
i have read this article and made me to ponder over certain things in life
Post a Comment