ਪ੍ਰਦੇਸੀ.......... ਨਜ਼ਮ/ਕਵਿਤਾ / ਚਰਨਜੀਤ ਸਿੰਘ ਪੰਨੂ

ਬਿਨ ਸਿਰਨਾਵੇਂ ਪੱਤਰ ਵਾਂਗੂੰ ਦਰ ਦਰ ਰੁਲਦੇ ਰਹਿਣਾ,
ਨਾ ਕੋਈ ਝਾਲੂ ਅੱਗੇ ਬਣਦਾ, ਨਾ ਪਿੱਛੇ ਮੁੜਨ ਦੀ ਆਸ।

ਪੰਛੀ ਤੇ ਪਰਦੇਸੀ ਦੋਵੇਂ, ਨਾ ਕੋਈ ਮੰਜਿ਼ਲ ਥਹੁ ਟਿਕਾਣਾ,
ਅੰਨ੍ਹੇ ਮੋੜ ਤੇ ਗਲੀ ਅੰਧੇਰੀ, ਮਨ ਚਾਹਿਆ ਬਣਵਾਸ।

ਰੁੱਖਾਂ ਨੂੰ ਡਾਲਰ ਲਗਦੇ ਨੇ ਉਥੇ, ਭਰਮਾਂ ਦੀ ਗੰਢ ਖੁਲ੍ਹੀ,
ਜਾਗੀਰਾਂ ਮੁਰੱਬੇ ਦਾਅ ਤੇ ਲਾਏ, ਨਾ ਜੂਆ ਆਇਆ ਰਾਸ।

ਚਕਾਚੂੰਧ ਗੁੱਛੇ ਅੰਗੂਰ ਕਿਆਸੇ, ਥੂਹ ਥੂਹ ਕੌੜੇ ਨਿਕਲੇ,
ਨਾ ਚੋਆਂ ਜਿਹਾ ਅੰਮ੍ਰਿਤ ਉਥੇ, ਨਾ ਅਪਣਤ ਭਰੀ ਮਿਠਾਸ।

ਫਿਰ ਪਛਤਾਏ ਕੀ ਬਣੇ, ਜਦ ਚਿੜੀਆਂ ਚੁਗ ਗਈ ਖੇਤ,
ਏਜੰਟਾਂ ਝਾਂਸੇ ਪਿਆ ਪਛਤਾਉਣਾ, ਅਧੂਰੀ ਰਹੀ ਪਿਆਸ।

ਹੋਸ਼ ਸੰਭਾਲੋ ਨੌਜੁਆਨੋ, ਛੱਜੂ ਚੁਬਾਰਾ ਬਾਹਰ ਨਹੀਂ ਕਿਧਰੇ,
ਨਾ ਕੋ ਪੰਨੂ ਚੂਰੀ ਕੁੱਟ ਖੁਆਵੇ, ਨਾ ਮਾਂ ਪਿਓ ਦਾ ਧਰਵਾਸ।

****

No comments: