Showing posts with label ਦਰਸ਼ਨ ਬੁੱਟਰ. Show all posts
Showing posts with label ਦਰਸ਼ਨ ਬੁੱਟਰ. Show all posts

ਤੱਤ ਲੀਲਾ..........ਨਜ਼ਮ/ਕਵਿਤਾ / ਦਰਸ਼ਨ ਬੁੱਟਰ (ਸ਼੍ਰੋਮਣੀ ਕਵੀ)


ਜਗਿਆਸਾ

ਰੰਗ ਬਿਰੰਗੀਆਂ ਤਿਤਲੀਆਂ ਦੀ
ਕਬਰ ਹੈ ਮੇਰੇ ਅੰਦਰ
ਸੱਜਰੇ ਫੁੱਲ
ਕੰਬ ਰਹੇ ਮੇਰੇ ਹੱਥਾਂ ਵਿਚ

ਕਿਵੇਂ ਝੱਲਾਂ
ਸਿਜਦੇ ਵਿਚ ਝੁਕਣ ਦਾ ਦਰਦ

ਹਾਸ਼ੀਏ ਦੇ ਕੈਦ ਅੰਦਰ
ਭਾਵਨਾਵਾਂ ਦਾ ਦਮ ਘੁਟਦਾ ਹੈ
ਹਾਸੀ਼ਏ ਦੇ ਬਾਹਰ ਵੀ
ਸੰਸਿਆਂ ਦੀ ਵਲਗਣ ਹੈ

ਝਾਂਜਰ ਦੇ ਬੋਰ ਛਣਕਦੇ ਨਹੀਂ
ਬਸ ਰੜਕਦੇ ਨੇ
ਅੱਖ ਦਾ ਸੁਰਮਾਂ ਫੈਲ ਜਾਂਦਾ
ਖ਼ਾਬਾਂ ‘ਚ ਕਾਲ਼ਖ ਬਣ ਕੇ

ਪਲਕਾਂ ਭਰਦੀ ਹਾਂ
ਤਾਂ ਮਜ਼ਾਕ ਕਰਦੀਆਂ ਨੇ ਹਵਾਵਾਂ
ਖਿੜ ਖਿੜ ਹੱਸਦੀ ਹਾਂ
ਤਾਂ ਇਤਰਾਜ਼ ਕਰਦੀਆਂ ਨੇ ਦਰਗਾਹਾਂ

ਅੰਦਰਲੇ ਨੰਗੇ ਸੱਚ ਨੂੰ
ਕਿਵੇਂ ਪਹਿਨਾਵਾਂ ਹਰਫ਼ਾਂ ਦਾ ਜਾਮਾ
ਬਾਹਰਲੇ ਕੱਜੇ ਕੂੜ ਨੂੰ
ਕਿਵੇਂ ਕਰਾਂ ਤਾਰ ਤਾਰ

ਅੱਗ 'ਤੇ ਤੁਰਦੀ ਹਾਂ
ਬਰਫ਼ ਦਾ ਦੀਵਾ ਲੈ ਕੇ
ਇਹ ਲੱਭਣ
ਕਿ ਮੇਰਾ ਕੀ ਗੁਆਚਾ ਹੈ

ਤੂੰ ਬਾਹਵਾਂ ਤਾਂ ਖੋਲ੍ਹ ਗੁਰੂਦੇਵ!
ਮੈਂ ਆਪਣਾ ਆਕਾਸ਼ ਢੂੰਡਣਾ ਹੈ
ਤੇਰੇ ਪਾਸਾਰ ਵਿਚੋਂ........

.....ਗੁਰੂਦੇਵ.....

ਇਕ ਅੱਗ ਹੈ
ਜੋ ਨਿਰੰਤਰ ਸੁਲਘਦੀ
ਸੁਫ਼ਨਿਆਂ 'ਚ...ਸਾਹਾਂ 'ਚ
ਹੰਝੂਆਂ 'ਚ ਹਾਸਿਆਂ 'ਚ
ਰੁਦਨ 'ਚ...ਰੰਗ ਤਮਾਸਿ਼ਆਂ 'ਚ

ਇਕ ਪੌਣ ਹੈ
ਜੋ ਨਿਰੰਤਰ ਵਗਦੀ
ਜਿਸਮਾਂ 'ਚ...ਰੂਹ ਦੇ ਖਲਾਵਾਂ 'ਚ
ਸੂਖ਼ਮ ਤੇ ਸਥੂਲ ਭਾਵਨਾਵਾਂ 'ਚ
ਅੰਤਰ ਮਨ ਦੀਆਂ ਕਿਰਿਆਵਾਂ 'ਚ

ਇਕ ਨੀਰ ਹੈ
ਜੋ ਨਿਰੰਤਰ ਵਹਿੰਦਾ
ਮਨੁੱਖ ਦੀਆਂ ਉਮੰਗਾਂ 'ਚ
ਕੁਦਰਤ ਦੇ ਰੰਗਾਂ 'ਚ
ਪੰਛੀਆਂ ਪਤੰਗਾਂ 'ਚ

ਇਕ ਮਿੱਟੀ ਹੈ
ਜੋ ਨਿਰੰਤਰ ਉੱਡਦੀ
ਮੁਹੱਬਤ 'ਚ...ਮਾਇਆ 'ਚ
ਫੈਲਦੀ ਸਿਮਟਦੀ ਛਾਇਆ 'ਚ
ਹਰ ਸਾਹ ਲੈਂਦੀ ਕਾਇਆ 'ਚ

ਇਕ ਆਕਾਸ਼ ਹੈ
ਜੋ ਨਿਰੰਤਰ ਵਸਦਾ
ਕਲਬੂਤਾਂ 'ਚ ...ਰੂਹਾਂ 'ਚ
ਅਨੰਤਾਂ 'ਚ ... ਜੂਹਾਂ 'ਚ
ਗੁੰਬਦਾਂ 'ਚ... ਖੂਹਾਂ 'ਚ

ਅਨੰਤ ਕਾਲ ਤੋਂ ਜਾਰੀ ਹੈ ਇਹ ਲੀਲਾ
ਅਸੀਂ ਮਿੱਟੀ ਦੇ ਬਾਵੇ
ਖੇਡਦੇ ਖੇਡਦੇ ਸੌਂ ਜਾਈਏ ਏਸੇ ਮਿੱਟੀ ਅੰਦਰ

ਫੁੱਲ ਤੇਰੇ ਲਈ ਖਿੜਦੇ
ਪੰਛੀ ਤੇਰੇ ਲਈ ਗਾਉਂਦੇ
ਕੁਦਰਤ ਤੇਰੇ ਲਈ ਮੌਲ਼ਦੀ
ਮੈਂ ਵੀ ਹਾਜ਼ਰ ਹਾਂ
ਕੋਰੀ ਕੈਨਵਸ ਲਈ ਸਾਰੇ ਰੰਗ ਲੈ ਕੇ......




ਸੁਲਘਦਾ ਸੰਵਾਦ.......... ਨਜ਼ਮ/ਕਵਿਤਾ / ਦਰਸ਼ਨ ਬੁੱਟਰ ( ਸ਼੍ਰੋਮਣੀ ਕਵੀ )

(ਜਗਿਆਸਾ )

ਗੁਰੂਦੇਵ!
ਮੈਂ ਅਪਣੇ ਡਗਮਗਾਉਂਦੇ ਸਾਏ ਸਮੇਤ
ਤੇਰੀਆਂ ਵਿਸ਼ਾਲ ਚਾਨਣੀਆਂ ਦੇ
ਰੂਬਰੂ ਹੁੰਦੀ ਹਾਂ


ਪੈਰਾਂ ਹੇਠੋਂ ਖੁਰਦੀ ਜਾ ਰਹੀ
ਭੁਰਭੁਰੇ ਵਿਸ਼ਵਾਸਾਂ ਦੀ ਰੇਤ
ਮੈਂ ਮੁੰਤਜਿ਼ਰ ਹਾਂ
ਤੇਰੀ ਮੁੱਠੀ ਵਿਚਲੀ ਚੱਪਾ ਕੁ ਜ਼ਮੀਨ ਦੀ

ਜਦੋਂ ਵੀ ਤੇਰੇ ਸੁੱਚੇ ਬੋਲਾਂ ਨੂੰ
ਸੌਂਫੀਏ ਸਾਹਾਂ ਦੇ ਸਾਜ਼ 'ਤੇ ਗੁਣਗੁਣਾਉਂਦੀ ਹਾਂ
ਤਾਂ ਹਵਾ ਪਿਆਜ਼ੀ ਅਹਿਸਾਸ
ਮਨ ਦੀ ਮਿੱਟੀ 'ਚ
ਪੁੰਗਰਨ ਲੱਗ ਪੈਂਦੇ ਨੇ

ਰੂਹ ਦੀ ਸਰਦਲ 'ਤੇ
ਤੇਰੀ ਆਮਦ ਦਾ ਸੁਲੱਖਣਾ ਪਲ
ਲਕਸ਼ ਬਿੰਦੂ ਹੈ ਮੇਰੇ ਸਕੂਨ ਦਾ
ਤੇਰੀ ਸਹਿਜ ਤੱਕਣੀ
ਤ੍ਰਿਪਤ ਕਰਦੀ ਮਾਰੂਥਲੀ ਔੜਾਂ ਨੂੰ


ਮੈਂ ਤੈਨੂੰ ਪਾਣੀ ਵਾਂਗ
ਰੱਕੜਾਂ 'ਤੇ ਫੈਲਿਆ ਵੇਖਦੀ ਹਾਂ
ਮਹਿਕ ਵਾਂਗ ਫਿ਼ਜ਼ਾ 'ਚ ਘੁਲਿ਼ਆ ਤੱਕਦੀ ਹਾਂ

ਤੂੰ ਆਪਣੀ ਗਿਆਨ ਬਗੀਚੀ ਦੇ
ਦੋ ਫੁੱਲ ਮੇਰੇ ਕਾਸੇ 'ਚ ਪਾ
ਦਮ ਘੁਟਿਆ ਪਿਆ ਹੈ ਸੱਜਰੀ ਮਹਿਕ ਬਿਨਾਂ

ਤੂੰ ਆਪਣੀ ਸੁਲਘਦੀ ਖ਼ਾਮੋਸ਼ੀ ਨੂੰ
ਬੋਲਣ ਲਈ ਆਖ
ਅਨੁਭਵ ਦੇ ਸੂਖਮ ਪਲਾਂ ਦੀ ਕਥਾ ਛੇੜ

ਤੇ ਬਾਤ ਪਾ ਕੋਈ
ਵੇਦਾਂ ਕਤੇਬਾਂ ਤੋਂ ਪਾਰ ਦੀ
ਕਿ ਮੇਰੀ ਰਾਤ ਕਟ ਜਾਵੇ.......

(ਗੁਰੂਦੇਵ )

ਹੇ ਸਖੀ !
ਸੱਚ ਦੀ ਪਰਿਭਾਸ਼ਾ ਨੂੰ
ਲੋੜ ਨਹੀਂ ਸ਼ਬਦ ਜਾਲ਼ ਦੀ
ਤਬਸਰਿਆਂ ਦੀ ਦਿਲਕਸ਼ ਇਬਾਰਤ
ਨਹੀਂ ਹੈ ਜੀਵਨ ਦਾ ਫ਼ਲਸਫ਼ਾ

ਮੁਸਾਫਿ਼ਰ ਇਕੱਲਾ ਨਹੀਂ ਹੁੰਦਾ
ਜੇ ਕੋਈ 'ਬੋਲ ' ਹਮਸਫ਼ਰ ਹੋਵੇ
ਅਰਥਾਂ ਦੇ ਜੰਗਲ ਵਿਚ ਵਿਚਰਦੇ
ਸੁੱਚੇ ਸ਼ਬਦ
ਮਸਤਕਾਂ ਨੂੰ ਚੀਰ ਕੇ ਰਾਹ ਲੱਭਦੇ

ਹਨੇਰਿਆਂ 'ਚ ਕੈਦ ਧੜਕਦੇ ਸਾਏ
ਸੂਰਜ ਚੜ੍ਹਨ ਦਾ ਇੰਤਜ਼ਾਰ ਨਹੀਂ ਕਰਦੇ
ਅਪਣੇ ਨਕਸ਼ਾਂ 'ਚੋਂ
ਜਗਦੀਆਂ ਕਿਰਨਾਂ ਆਪ ਜਗਾਉਂਦੇ

ਤੂੰ ਮੇਰੇ ਨਾਲ਼ ਨਹੀਂ
ਮੇਰੀ ਬਾਤ ਵਿਚਲੇ
ਕਿਰਦਾਰਾਂ ਨਾਲ਼ ਇਕਸੁਰ ਹੋ

ਅੱਖਾਂ ਮੀਟ ਯਕੀਨ ਕਰੀਂ
ਹਵਾ 'ਚ ਤੈਰਦੇ ਮੇਰੇ ਬੋਲਾਂ 'ਤੇ
ਇਨ੍ਹਾਂ 'ਤੇ ਪੈਰ ਧਰਦੀ
ਚੜ੍ਹ ਜਾਵੀਂ
ਤਲਾਸ਼ ਦੀ ਸਿਖਰਲੀ ਮੰਜਿ਼ਲ 'ਤੇ

ਕੋਈ ਕੋਈ ਸਫ਼ਰ
ਪੈਰਾਂ ਨਾਲ਼ ਨਹੀਂ
ਸਿਰਾਂ ਨਾਲ਼ ਤੈਅ ਕਰੀਦਾ
ਪੈਰਾਂ ਹੇਠਲੇ ਰਾਹਾਂ ਤੋਂ ਪਹਿਲਾਂ
ਸੋਚਾਂ ਵਿਚੋਂ ਸੂਲਾਂ ਚੁਗੀਦੀਆਂ

ਸੱਚ ਦੇ ਕੇਸਰੀ ਫੁੱਲ
ਪੁੰਗਰਦੇ ਨੇ
ਸੂਹੇ ਸੁਫ਼ਨਿਆਂ ਦੀਆਂ ਵਾਦੀਆਂ ਅੰਦਰ
ਜੇ
ਰੂਹ ਦੀ ਪਾਕੀਜ਼ਗੀ ਕੋਲ਼ ਕੋਲ਼ ਹੋਵੇ......


ਬੇਵਸੀ ਦੀ ਵਰਣਮਾਲਾ਼.......... / ਨਜ਼ਮ/ਕਵਿਤਾ / ਦਰਸ਼ਨ ਬੁੱਟਰ (ਸ਼੍ਰੋਮਣੀ ਕਵੀ)

ਨਿਮਾਣਾ ਜਿਹਾ ਮੇਰਾ ਮਾਣ
ਅਣਗੌਲਿ਼ਆ ਮੇਰਾ ਥਹੁ-ਪਤਾ
ਤਾਰਿਆਂ ਦੇ ਦੇਸ਼ 'ਚ ਉਡਦਾ ਕਣ
ਕਾਹਦੇ 'ਤੇ ਗਰਬ ਕਰੇ

ਕਿੰਨੀ ਕੁ ਯਾਤਰਾ

ਸਮੁੰਦਰ 'ਚ ਉਠਦੇ ਬੁਲਬੁਲੇ ਦੀ
ਪੱਤੇ 'ਤੇ ਡਿੱਗੀ ਕਣੀ
ਕਿੰਜ ਮੁਖ਼ਾਤਿਬ ਹੋਵੇ ਸ਼ੂਕਦੇ ਦਰਿਆ ਨੂੰ

ਗੁਲਾਬੀ ਮਹਿਕ ਦਾ ਬੁੱਲਾ
ਕਿੰਜ ਬਹਿਸ ਕਰੇ ਝੱਖੜਾਂ ਨਾਲ਼
ਅੱਖਾਂ 'ਚ ਲਿਖੀ ਬੇਵਸੀ ਦੀ ਵਰਣਮਾਲ਼ਾ
ਕਿਵੇਂ ਅਰਥ ਕਰੇ
ਮਰਮਰ 'ਤੇ ਉਕਰੇ ਸਿ਼ਲਾਲੇਖ ਦੇ

ਮੈਂ ਇਕ ਅਣਲਿਖੀ ਨਜ਼ਮ
ਇਕ ਅਣਗਾਈ ਗ਼ਜ਼ਲ
ਕੀ ਮਾਣ ਕਰਾਂ
ਮਹਾਂ ਸ਼ਬਦ-ਕੋਸ਼ਾਂ 'ਤੇ

ਇਕ ਲਫ਼ਜ਼ ਹੈ ਮੇਰੇ ਕੋਲ਼, ਮੁਹੱਬਤ
ਇਕ ਅਹਿਸਾਸ ਹੈ ਮੇਰੇ ਕੋਲ਼, ਦੋਸਤੀ
ਹੜ੍ਹਾਂ ਦੀ ਰੁੱਤ ਵਿੱਚ
ਨਾ ਇਹ ਬੇੜੀਆਂ ਬਣੇ ਨਾ ਮਲਾਹ

ਚੇਤਨਾ ਵਿਚ ਗੁਫਾਵਾਂ ਦਾ ਅੰਧਕਾਰ
ਅਵਚੇਤਨ ਵਿਚ ਸੂਰਜਾਂ ਦਾ ਪਰਿਵਾਰ
ਰੂਹ ਦੀ ਮਿੱਟੀ 'ਚ ਕਿਹੜਾ ਰੰਗ ਬੀਜਾਂ
ਕਿ ਧੁੱਪ ਦੇ ਫੁੱਲ ਖਿੜ ਪੈਣ

ਮੇਰੇ ਪੈਰਾਂ ਹੇਠ
ਅਨੰਤ ਦਿਸ਼ਾਵਾਂ ਦਾ ਕੇਂਦਰ
ਕਿਹੜੀ ਦਿਸ਼ਾ ਦੀ ਸੇਧ ਲਵਾਂ
ਕਿ ਖੁ਼ਦ ਤੋਂ ਪਾਰ ਹੋ ਜਾਵਾਂ
ਕਿਹੜੀ ਕਿਰਨ ਨੂੰ ਅਰਘ ਚੜਾਵਾਂ
ਕਿ ਰਾਖ ਤੋਂ ਅੰਗਿਆਰ ਹੋ ਜਾਵਾਂ.......
------

(ਗੁਰੂਦੇਵ)

ਹਵਾ ਦਾ ਕੋਈ ਵੇਗ ਨਹੀਂ ਹੁੰਦਾ
ਅਰੁੱਕ ਵੇਗ ਹੀ ਸਿਰਨਾਵਾਂ ਉਸਦਾ
ਫੁੱਲ
ਆਪਣੀ ਮਹਿਕ 'ਤੇ ਮਾਣ ਨਹੀਂ ਕਰਦੇ
ਪਾਣੀ ਬੇਖ਼ਬਰ ਆਪਣੀ ਤਰਲਤਾ ਤੋਂ

ਅਣਕਹੇ ਬੋਲ
ਲਫ਼ਜ਼ਾਂ ਦੇ ਤਲਬਗਾਰ ਨਹੀਂ ਹੁੰਦੇ
ਉਡ ਕੇ ਆ ਬਹਿੰਦੇ ਚੁੱਪ ਦੀ ਸਲੇਟ 'ਤੇ

ਕੋਈ ਬੂਹਾ ਨਹੀਂ ਹੁੰਦਾ
ਅੰਧਕਾਰ ਦੇ ਮਹਿਲ ਦਾ
ਛੱਤਾਂ ਪਾੜ ਕੇ ਲੰਘਣਾ ਪੈਂਦਾ
ਜਾਗਦੀਆਂ ਕਿਰਨਾਂ ਨੂੰ

ਮੁਹੱਬਤ ਦੀ ਮਹਿਕ
ਹਵਾ ਦਾ ਮੋਢਾ ਨਹੀਂ ਮੰਗਦੀ
ਕੰਧਾਂ ਦੇ ਅਰਥ ਨਹੀਂ ਜਾਣਦੀ
ਬਸ ਪੁੱਜ ਜਾਂਦੀ
ਇਕ ਸਾਹ ਤੋਂ ਦੂਜੇ ਸਾਹ ਤੱਕ

ਕਿਸੇ ਬਿੰਦੂ ਨਾਲ਼ ਮੋਹ ਪਾਲਣਾ
ਖੜੋਤ ਹੈ ਮੌਤ ਵਰਗੀ
ਦਿਸ਼ਾਵਾਂ ਵੱਲ ਪਿੱਠ ਕਰਨੀ
ਨਿਰੀ ਖ਼ੁਦਕਸ਼ੀ

ਵਿਸ਼ੇਸ਼ਣਾਂ ਤੋਂ ਬੇਪਰਵਾਹ ਸਹਿਜ ਵਿਚਰੀਏ
ਤਾਂ ਹਰ ਹਨੇਰੀ ਗੁਫ਼ਾ 'ਚੋਂ ਪਾਰ ਹੋ ਜਾਈਦਾ
ਸੰਨਾਟੇ ਦਾ ਰਾਗ ਸੁਣ ਲਈਦਾ

ਮੱਥੇ ਵਿਚਲਾ ਭਾਂਬੜ
ਸਹਿਜ ਹੋ ਮਸ਼ਾਲ ਬਣਦਾ
ਤਾਂ ਦਿਸ਼ਾਵਾਂ ਪੈਰਾਂ ਹੇਠ ਵਿਛ ਜਾਂਦੀਆਂ

ਹੇ ਸਖੀ !
ਤੂੰ ਆਪਣੇ ਅੰਦਰਲੇ ਸਚਿਆਰ ਨੂੰ
ਪਰਤੱਖ ਹੋਣ ਤੋਂ ਨਾ ਰੋਕੀਂ........

ਜਗਿਆਸਾ.......... ਨਜ਼ਮ/ਕਵਿਤਾ / ਦਰਸ਼ਨ ਬੁੱਟਰ (ਸ਼੍ਰੋਮਣੀ ਕਵੀ)

ਅਤ੍ਰਿਪਤੀ

ਹੇ ਗੁਰੂਦੇਵ!
ਮੈਂ ਆਪਣੀਆਂ ਅਤ੍ਰਿਪਤੀਆਂ ਦਾ ਕਾਸਾ ਲੈ ਕੇ
ਖੜ੍ਹੀ ਹਾਂ ਤੇਰੇ ਦੁਆਰ

ਤੂੰ ਗਿਆਨ ਦਾ ਮਹਾਂਸਾਗਰ

ਮੇਰੀ ਤਪਦੀ ਰੂਹ ਨੂੰ
ਜ਼ਰਾ ਕੁ ਨਮੀ ਬਖ਼ਸ਼
ਸਿਰ ‘ਤੇ ਛਾਈਆਂ ਕਾਲੀ਼ਆਂ ਘਟਾਵਾਂ
ਲੰਘ ਗਈਆਂ ਤੇਹਾਂ ਜਗਾ ਕੇ

ਮੇਰੇ ਮੱਥੇ ਦੀ ਠੀਕਰੀ ਤੇ ਉਕਰਿਆ
ਯੁਗਾਂ ਦਾ ਸੰਤਾਪ
ਮੇਰੀ ਦੇਹੀ ਦੀ ਜਿਲਦ ‘ਤੇ ਲਿਖੀ
ਪੀੜ੍ਹੀਆਂ ਦੀ ਭਟਕਣ

ਮੇਰੇ ਸਖਣੇ ਕਾਸੇ ਵਿਚ
ਦੋ ਧੜਕਦੇ ਹਰਫ਼ ਪਾ
ਜੋ ਪਾਰ ਲੈ ਜਾਣ ਮੈਨੂੰ
ਫੈਲਦੀ ਸਿਮਟਦੀ ਪਿਆਸ ਤੋਂ

ਪੈਰਾਂ ਹੇਠਲੀ ਬਰਫ਼ ਉਤੇ
ਚੇਤਨਾ ਦੇ ਅੰਗਿਆਰ ਵਿਛਾ
ਅੰਧਕਾਰ ਦੀ ਸਲਤਨਤ ਵਿਚ
ਕੋਈ ਦੀਵਾ ਜਗਾ

ਮੇਰੇ ਗਿਰਦ ਝੁਰਮਟ ਹੈ
ਪਾਗਲ ਸ਼ੰਕਾਵਾਂ ਦਾ
ਮੇਰੇ ਸੁਪਨਿਆਂ ਵਿਚ ਸ਼ੋਰ ਹੈ
ਬਿਫਰੇ ਦਰਿਆਵਾਂ ਦਾ

ਕਿਸ ਬਿਧ ਸਹਿਜ ਹੋ ਕੇ
ਆਪਣੀ ਹੋਂਦ ਦਾ ਮਕਸਦ ਤਲਾਸ਼ਾਂ
ਕਿਸ ਬਿਧ ਤਰਲ ਹੋ ਕੇ
ਵਗਾਂ ਅਪਣੇ ਧਰਾਤਲ ‘ਤੇ

ਤੂੰ ਮੈਨੂੰ ‘ਊੜੇ’ ਦੀ ਉਂਗਲ਼ ਫੜਾ
ੜਾੜੇ ਦੀ ਪੈੜ
ਮੈਂ ਆਪ ਤਲਾਸ਼ ਲਵਾਂਗੀ

ਗੁਰੂਦੇਵ

ਹੇ ਸਖੀ!
ਅਤ੍ਰਿਪਤੀਆਂ ਹੀ ਜਾਮਨ ਹੁੰਦੀਆਂ
ਰਗਾਂ ਵਿਚ ਦੌੜਦੇ ਲਹੂ ਦੀਆਂ
ਪਿਆਸ ਮਿਟ ਜਾਵੇ
ਤਲਾਸ਼ ਦਾ ਸਿਲਸਿਲਾ ਹੀ ਰੁਕ ਜਾਂਦਾ

ਫੇਰ ਵੀ
ਖੁਸ਼ਕ ਬੁੱਲ੍ਹਾਂ ‘ਤੇ ਦੋ ਬੂੰਦਾਂ ਡੋਲ੍ਹ ਕੇ
ਜ਼ਰੂਰੀ ਹੈ ਪਿਆਸ ਜਿਉਂਦੀ ਰੱਖਣੀ
ਪਾਟੇ ਪੈਰਾਂ ਉਤੇ ਮਹਿੰਦੀ ਲਾਈਏ
ਤਾਂ ਰੰਗ ਹੋਰ ਗੂੜ੍ਹਾ ਉਘੜਦਾ

ਅਣੀਆਂ ਦੀ ਕਸ਼ਮਕਸ਼ ਦੇ ਬੇਰੋਕ ਵੇਗ ਨੂੰ
ਅਸੀਂ ਸੰਤਾਪ ਆਖੀਏ ਜਾਂ ਹੋਣੀ
ਭਟਕਣ ਜਾਂ ਤਲਾਸ਼
ਬਸ ਇਹੀ ਹੈ ਅਧਾਰ ਸਾਡੀ ਹੋਂਦ ਦਾ

ਹਰ ਸ਼ੰਕਾ ਦਾ ਜਨਮ
ਤਰਲ ਕਰ ਦਿੰਦਾ ਸਾਨੂੰ
ਗਹਿਰਾਈਆਂ ‘ਚ ਵਗਣ ਲਈ
ਹਰ ਸ਼ੰਕਾ ਦੀ ਮੌਤ
ਪਥਰਾਅ ਦਿੰਦੀ
ਮਨ ਵਿਚ ਲਰਜ਼ਦੇ ਪਾਰੇ ਨੂੰ

ਚਿਤ ਵਿਚ ਖੌਰੂ ਹੋਵੇ
ਤਾਂ ਜ਼ਰੂਰੀ ਹੈ
ਉਸਨੂੰ ਪੌਣ ਦੇ ਹਵਾਲੇ ਕਰਨਾ
ਅੰਦਰਲੀ ਝੀਲ ਮੂਰਛਤ ਹੋਵੇ
ਤਾਂ ਜ਼ਰੂਰੀ ਹੈ ਉਸਨੂੰ ਤਰੰਗਤ ਕਰਨਾ

ਤੈਨੂੰ ਮੁਬਾਰਕ ਹੋਵੇ ਇਹ ਭਟਕਣ
ਤੇਰੀ ਪਾਜੇਬ ਦੇ ਜ਼ਖ਼ਮ
ਫੁੱਲ ਬਣ ਕੇ ਖਿੜਨਗੇ ਇਕ ਦਿਨ

ਮੈਂ ਜੋ
ਬੂੰਦ ਮਾਤਰ ਹਾਂ ਮਹਾਂਸਾਗਰ ਦੀ
ਆਪਣੇ ਵਜੂਦ ਦੇ ਸੱਤੇ ਰੰਗ ਵਿਛਾਉਂਦਾ ਹਾਂ
ਤੇਰੇ ਮੁਬਾਰਕ ਪੈਰਾਂ ਹੇਠ.............

ਕੁੜੀਆਂ.......... ਨਜ਼ਮ/ਕਵਿਤਾ / ਦਰਸ਼ਨ ਬੁੱਟਰ

ਜਦੋਂ ਮੈਂ
ਨਿੱਕਾ ਜਿੰਨਾ ਹੁੰਦਾ ਸਾਂ
ਸੋਲ਼ਾਂ ਸਾਲਾਂ ਦੀਆਂ ਕੁੜੀਆਂ
ਮੈਨੂੰ "ਮਾਵਾਂ" ਲਗਦੀਆਂ ਸਨ


ਵੱਡਾ ਹੋਇਆ
ਇਹ ਕੁੜੀਆਂ
"ਮਹਿਬੂਬ" ਬਣ ਗਈਆਂ

ਹੁਣ
ਮੇਰੀਆਂ ਬੁੱਢੀਆਂ ਅੱਖਾਂ ਲਈ
ਇਹ ਕੁੜੀਆਂ
"ਧੀਆਂ" ਬਣ ਗਈਆਂ ਨੇ

****

ਮੈਂ ਤੇ ਚੌਂਕੀਦਾਰ

ਚੌਂਕੀਦਾਰ
ਮੇਰੇ ਘਰ ਦੇ ਅੱਗੇ
ਸੀਟੀ ਨਹੀਂ ਵਜਾਉਂਦਾ

ਜਾਗਦੇ ਰਹੋ
ਦੀ ਆਵਾਜ਼ ਨਹੀਂ ਲਾਉਂਦਾ
ਇਲਮ ਹੈ ਉਸਨੂੰ
ਕਿ ਜਾਗਦਾ ਹਾਂ ਮੈਂ

ਪਤਾ ਹੈ ਉਸਨੂੰ
ਚੰਗਾ ਨਹੀਂ ਹੁੰਦਾ
ਬਸ ਸੌਂ ਜਾਣਾ

ਜਾਗ ਰਹੇ ਹਾਂ
ਮੈਂ ਅਤੇ ਚੌਂਕੀਦਾਰ
ਇਕ ਪੇਟ-ਭੁੱਖ ਲਈ
ਇਕ ਮਨ-ਤ੍ਰਿਪਤੀ ਲਈ

ਸ਼ਹਿਰ ਬੇਖ਼ਬਰ ਸੌਂ ਰਿਹਾ ਹੈ ।

ਪ੍ਰਸ਼ਨ ਕਾਵਿ.........ਨਜ਼ਮ/ਕਵਿਤਾ / ਦਰਸ਼ਨ ਬੁੱਟਰ

? ਕਿੰਨਾਂ ਕੁ ਚਾਨਣ
ਪੂਰਾ ਚੰਨ
ਹੈ ਵੀ
ਕਿੰਨੀਆਂ ਕੁ ਰਾਤਾਂ ਕੋਲ

ਪੂਰੀ ਰਾਤ
ਹੈ ਵੀ
ਕਿੰਨੀਆਂ ਕੁ ਮੁਲਾਕਾਤਾਂ ਕੋਲ


? ਸ਼ੁਹਰਤ
ਪਿਆਸ
ਇਹ ਨਹੀਂ ਵੇਖਦੀ
ਪਾਣੀ ਝੀਲ ਦਾ
ਛੱਪੜ ਦਾ

ਪਾਣੀ
ਇਹ ਨਹੀਂ ਸੋਚਦਾ
ਪੀਣ ਵਾਲਾ
ਰਾਜਾ ਕਿ ਫ਼ਕੀਰ

? ਸਿਜਦਾ
ਫੁੱਲਾਂ ਨੂੰ ਤੋੜ ਕੇ
ਪੱਥਰਾਂ ਨੂੰ
ਮੱਥਾ ਨਹੀਂ ਟੇਕਦਾ

ਟਾਹਣੀ ਤੇ
ਖਿੜਿਆਂ ਨੂੰ
ਸਲਾਮ ਆਖਦਾ ਹਾਂ

? ਜਗਤ ਲੀਲ੍ਹਾ
ਕੋਈ
ਚਾਂਬਲ ਚਾਂਬਲ ਕੇ
ਖਰਚ ਲੈਂਦਾ ਹੈ ਜਿੰਦਗੀ
ਕੋਈ
ਸੰਭਲ ਸੰਭਲ ਕੇ
ਮੌਤੋਂ ਸੰਭਲ ਲੈਂਦਾ ਹੈ

? ਕਰਮ-ਧਰਮ
ਤੇਰਾ ਕਰਮ
ਸਮੁੰਦਰ ਦੇ ਸੁਭਾਅ ਤੇ
ਤਬਸਰੇ ਕਰਨੇ

ਮੇਰਾ ਧਰਮ
ਸਮੁੰਦਰ ‘ਚ ਡੁੱਬਕੇ
ਮੋਤੀ ਲੱਭਣੇ