ਕੁਝਨਾ ਨੂੰ ਮਨਫੀ ਕਰਾਂਗੇ.......... ਗ਼ਜ਼ਲ / ਰਾਜਿੰਦਰ ਜਿੰਦ

ਕੁਝਨਾ ਨੂੰ ਮਨਫੀ ਕਰਾਂਗੇ ਕੁਝਨਾ ਨੂੰ ਥੋੜ੍ਹਾ ਗੁਣਾਂਗੇ।
ਬਹੁਤਾ ਰਲਾ ਕੇ ਝੂਠ ਨੂੰ ਕੋਈ ਕਹਾਣੀ ਬੁਣਾਂਗੇ।

ਦੁਸ਼ਮਣਾਂ ਨੂੰ ਕੀ ਪਤਾ ਕੇਹੋ ਜਿਹਾ ਉਹ ਆਦਮੀ,
ਦੋਸਤਾਂ ਤੋਂ ਓਸਦੀ ਕੋਈ ਕਹਾਣੀ ਸੁਣਾਂਗੇ।

ਆਪ ਬੇਸ਼ਕ ਹਰ ਕੋਈ ਹੈ ਪਾਸਕਾਂ ਵਿਚ ਤੁਲ ਰਿਹਾ,
ਓਸ ਨੂੰ ਪਰ ਰੱਤੀਆਂ ਤੇ ਮਾਸਿਆਂ ਵਿਚ ਪੁਣਾਂਗੇ।

ਜੇ ਕਦੇ ਕਿਸੇ ਮੋੜ ‘ਤੇ ਝੂਠ ਤੇ ਸੱਚ ਮਿਲ ਪਏ,
ਥਕ ਗਏ ਹਾਂ ਸੋਚ ਕੇ ਦੋਹਾਂ ਚੋਂ ਕਿਸਨੂੰ ਚੁਣਾਂਗੇ।

ਅੱਜ ਕੱਲ੍ਹ ਤਾਂ ਹਰ ਕੋਈ ਹੀ ਸਾਜਿਸ਼ਾਂ ਵਿਚ ਜੀਅ ਰਿਹਾ,
ਉਸ ਨੂੰ ਕਿਵੇਂ ਉਲਝਾਵਣਾ ਕੋਈ ਜਾਲ ਐਸਾ ਉਣਾਂਗੇ।

‘ਜਿੰਦ’ ਵਰਗੇ ਹੋਰਨਾਂ ਵਿਚ ਐਬ ਹੀ ਤਕਦੇ ਰਹੇ,
ਔਗੁਣਾਂ ਦੇ ਭਰੇ ਕਦ ਸੋਭਾ ਕਿਸੇ ਦੀ ਸੁਣਾਂਗੇ।

****

ਪਿੱਠ ਦੇ ਵਿਚ ਖੋਭਿਆ .......... ਗ਼ਜ਼ਲ / ਇੰਦਰਜੀਤ ਪੁਰੇਵਾਲ,ਨਿਊਯਾਰਕ

ਪਿੱਠ ਦੇ ਵਿਚ ਖੋਭਿਆ ਜਦ ਖੰਜਰ ਜਿਗਰੀ ਯਾਰ ਨੇ।
ਦੁਸ਼ਮਣੀ ਸੋਚਾਂ ‘ਚ ਪਾ ਤੀ ਦੋਸਤੀ ਦੇ ਵਾਰ ਨੇ।

ਦਿਲ ਆਦੀ ਹੋ ਗਿਐ ਨਿੱਤ ਨਵੀਂਆਂ ਚੋਟਾਂ ਖਾਣ ਦਾ,
ਕੋਈ ਫਰਕ ਨਹੀਂ ਓਸ ਨੂੰ ਹੁਣ ਫੁੱਲ ਨੇ ਜਾਂ ਖਾਰ ਨੇ।

ਮਾਣ ਨਾ ਕਰੀਏ ਕਦੀ ਵੀ ਹੁਸਨ ਜਾਂ ਰੰਗ ਰੂਪ ਦਾ,
ਪਤਝੜਾਂ ਤੋਂ ਸਿੱਖਿਆ ਏ ਸਬਕ ਇਹ ਬਹਾਰ ਨੇ।

ਐ ਖੁਦਾ ਜਿੱਥੇ ਵੀ ਹੈਂ ਲੁਕਿਆ ਰਹਿ ਮਹਿਫੂਜ਼ ਏਂ,
ਥੱਲੇ ਨਾ ਆਵੀਂ ਭੁੱਲ ਕੇ ਏਥੇ ਘਰ-ਘਰ ਵਿਚ ਅਵਤਾਰ ਨੇ।

ਉਹ ਕੁਲਹਿਣੀ ਘੜੀ ਮੈਨੂੰ ਅੱਜ ਵੀ ਨਹੀਂ ਭੁੱਲਦੀ,
ਗੈਰ ਦੀ ਬੁੱਕਲ ‘ਚ ਬਹਿ ਕੇ ਤੱਕਿਆ ਜਦ ਯਾਰ ਨੇ।

ਮੈਂ ਰੋਜ਼ ਸੂਲੀ ਚੜ੍ਹ ਰਿਹਾ ਏਨੀ ਸਜ਼ਾ ਹੀ ਬਹੁਤ ਏ,
ਮਰੇ ਨੂੰ ਕੀ ਮਾਰਨਾ ਏ ‘ਪੁਰੇਵਾਲ’ ਨੂੰ ਤਲਵਾਰ ਨੇ।

****

ਸਿੱਖ ਧਰਮ ਵਿਚ ਇਸਤਰੀ ਦਾ ਸਥਾਨ ਬਨਾਮ ਕੰਨਿਆਂ ਭਰੂਣ ਹੱਤਿਆ.......... ਲੇਖ / ਗਿਆਨੀ ਅਮਰੀਕ ਸਿੰਘ, ਕੁਰੂਕਸ਼ੇਤਰ

ਸਿੱਖ ਧਰਮ ਦੀ ਆਰੰਭਤਾ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਮੰਨੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਮੇਂ ਹਿੰਦੂਸਤਾਨ ਵਿਚ ਵੱਖ-ਵੱਖ ਧਰਮਾਂ ਵਿਚ ਔਰਤ ਦੀ ਸਥਿਤੀ ਬੜੀ ਹੀ ਤਰਸਯੋਗ ਸੀ। ਉਸ ਨੂੰ ਧਾਰਮਿਕ ਕਾਰਜਾਂ ਵਿਚ ਭਾਈਵਾਲੀ ਦਾ ਅਧਿਕਾਰ ਨਹੀਂ ਸੀ। ਹੋਰ ਤਾਂ ਹੋਰ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਕੋਈ ਔਰਤ ਧਾਰਮਿਕ ਆਗੂ ਨਹੀਂ ਸੀ ਬਣ ਸਕਦੀ। ਮਰਦਾਂ ਦੇ ਧਰਮ ਸਥਾਨਾਂ ਤੇ ਔਰਤ ਨੂੰ ਜਾਣ ਦਾ ਅਧਿਕਾਰ ਨਹੀਂ ਸੀ।

ਜਿਸ ਇਸਤਰੀ ਦਾ ਪਤੀ ਮਰ ਜਾਂਦਾ ਸੀ ਤਾਂ ਉਸ ਔਰਤ ਨੂੰ ਜ਼ਬਰਦਸਤੀ ਉਸ ਦੇ ਪਤੀ ਦੇ ਨਾਲ ਜਿੰਦਾ ਹੀ ਸਾੜ ਦਿੱਤਾ ਜਾਂਦਾ ਸੀ। ਇਸ ਪ੍ਰਥਾ ਨੂੰ ਸਤੀਪ੍ਰਥਾ ਕਿਹਾ ਜਾਂਦਾ ਸੀ। ਇਸੇ ਪ੍ਰਕਾਰ ਔਰਤ ਨੂੰ ਸਿੱਖਿਆ ਦਾ ਅਧਿਕਾਰ ਨਹੀਂ ਸੀ। ਉਹ ਧਰਮ ਗ੍ਰੰਥ ਨਹੀਂ ਸੀ ਪੜ੍ਹ ਸਕਦੀ। ਉਹ ਧਰਮ ਸਥਾਨਾਂ ਤੇ ਆ ਕੇ ਪ੍ਰਾਥਨਾ ਆਦਿ ਨਹੀਂ ਸੀ ਕਰ ਸਕਦੀ।
ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆ ਕੇ ਸਭ ਤੋਂ ਪਹਿਲਾਂ ਔਰਤ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਉਹਨਾਂ ਆਪਣੀ ਬਾਣੀ ਵਿਚ ਔਰਤ ਨੂੰ ਸਤਿਕਾਰ ਦਿੰਦਿਆਂ ਕਿਹਾ:-

“ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ।।”

ਭਾਵ ਉਸ ਇਸਤਰੀ ਨੂੰ ਮਾੜਾ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਜਿਸ ਨੇ ਰਾਜਿਆਂ-ਮਹਾਂਰਾਜਿਆਂ, ਪੀਰਾਂ-ਫ਼ਕੀਰਾਂ, ਸਾਧੂ-ਸੰਤਾਂ, ਦਰਵੇਸ਼ਾਂ ਅਤੇ ਮਹਾਂਪੁਰਸ਼ਾਂ ਨੂੰ ਜਨਮ ਦਿੱਤਾ ਹੈ। ਜਿਸ ਦੀ ਕੁੱਖ ਤੋਂ ਪੈਦਾ ਹੋ ਕੇ ਮਰਦ ਰਾਜਾ-ਮਹਾਂਰਾਜਾ ਤਾਂ ਬਣ ਸਕਦਾ ਹੈ ਪਰ ਉਸ ਨੂੰ ਜਨਮ ਦੇਣ ਵਾਲੀ ਮਾਂ ਨੂੰ ਹੀਣ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਔਰਤ ਦੀ ਹੋਂਦ ਤੋਂ ਬਿਨਾਂ ਸ੍ਰਿਸਟੀ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਮੰਨਣ ਵਾਲੀ ਸਭ ਤੋਂ ਪਹਿਲੀ ਸਿੱਖ ਹੀ ਔਰਤ ਹੋਈ ਹੈ ਅਤੇ ਉਹ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭੈਣ ਬੀਬੀ ਨਾਨਕੀ ਜੀ। ਬੀਬੀ ਨਾਨਕੀ ਜੀ ਨੂੰ ਸਿੱਖ ਧਰਮ ਵਿਚ ਸਭ ਤੋਂ ਪਹਿਲੀ ਸਿੱਖ ਮੰਨਿਆਂ ਜਾਂਦਾ ਹੈ। ਸਭ ਤੋਂ ਪਹਿਲਾਂ ਉਹਨਾਂ ਹੀ ਗੁਰੂ ਨਾਨਕ ਸਾਹਿਬ ਦੀ ਪਹਿਚਾਣ ਕੀਤੀ ਕਿ ਇਹ ਰੱਬੀ ਅਵਤਾਰ ਹਨ।
ਇਸੇ ਤਰ੍ਹਾਂ ਸਿੱਖ ਇਤਿਹਾਸ ਵਿਚ ਅਨੇਕਾਂ ਸਿੱਖ ਬੀਬੀਆਂ ਦੀ ਕੁਰਬਾਨੀ ਅਤੇ ਬਹਾਦਰੀ ਦੇ ਕਿੱਸੇ ਪ੍ਰਚੱਲਤ ਹਨ। ਮਾਤਾ ਗੁਜਰੀ, ਮਾਈ ਭਾਗੋ, ਬੀਬੀ ਭਾਨੀ, ਮਾਤਾ ਖੀਵੀ, ਮਾਤਾ ਸਾਹਿਬ ਕੌਰ ਅਤੇ ਮਾਤਾ ਗੰਗਾ ਜੀ ਵਰਗੀਆਂ ਅਨੇਕਾਂ ਸਿੱਖ ਬੀਬੀਆਂ ਨੇ ਆਪਣੇ ਵੱਡਮੁੱਲੇ ਯੋਗਦਾਨ ਨਾਲ ਸਿੱਖ ਇਤਿਹਾਸ ਨੂੰ ਸ਼ਿੰਗਾਰਿਆ ਹੈ।
ਗੁਰੂ ਸਾਹਿਬਾਨ ਨੇ ਔਰਤ ਨੂੰ ਮਰਦ ਦੇ ਬਰਾਬਰ ਦੇ ਅਧਿਕਾਰ ਦਿੱਤੇ ਹਨ। ਔਰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਸਕਦੀ ਹੈ। ਉਹ ਪੰਜਾਂ ਪਿਆਰਿਆਂ ਵਿਚ ਸ਼ਾਮਲ ਹੋ ਕੇ ਅੰਮ੍ਰਿਤਪਾਨ ਕਰਵਾ ਸਕਦੀ ਹੈ ਅਤੇ ਮਰਦਾਂ ਦੀ ਤਰ੍ਹਾਂ ਅੰਮ੍ਰਿਤਪਾਨ ਕਰ ਵੀ ਸਕਦੀ ਹੈ। ਉਹ ਰਾਗੀ, ਗ੍ਰੰਥੀ, ਕਥਾਵਾਚਕ, ਢਾਡੀ, ਕਵੀਸ਼ਰ ਆਦਿ ਧਰਮ ਪ੍ਰਚਾਰਕ ਦੀ ਡਿਊਟੀ ਨਿਭਾ ਸਕਦੀ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 30 ਮਾਰਚ 1699 ਈ. ਨੂੰ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤਾਂ ਮਾਤਾ ਸਾਹਿਬ ਕੌਰ ਨੇ ਪਤਾਸੇ ਪਾ ਕੇ ਅੰਮ੍ਰਿਤ ਵਿਚ ਮਿਠਾਸ ਪਾਈ ਸੀ ਅਤੇ ਗਰੂ ਸਾਹਿਬ ਨੇ ਮਾਤਾ ਜੀ ਨੂੰ ਖਾਲਸੇ ਦੀ ਧਰਮ ਮਾਤਾ ਹੋਣ ਦਾ ਵਰ ਦਿੱਤਾ ਸੀ।
ਮਾਤਾ ਗੁਜਰੀ ਨੇ ਆਪਣੇ ਯੋਗਦਾਨ ਨਾਲ ਔਰਤ ਦੇ ਸਤਿਕਾਰ ਨੂੰ ਚਾਰ ਚੰਨ ਲਗਾਏ ਹਨ। ਉਹਨਾਂ ਆਪਣਾ ਪਤੀ, ਪੋਤਰੇ, ਪੁੱਤਰ ਅਤੇ ਨੂੰਹਆਂ ਸਾਰਾ ਪਰਿਵਾਰ ਧਰਮ ਦੇ ਲੇਖੇ ਲਾ ਦਿੱਤਾ ਪਰੰਤੂ ਕਦੇ ਮਨ ਨਹੀਂ ਡੋਲਾਇਆ ਬਲਕਿ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆਂ ਹੈ। ਉਹਨਾਂ ਆਪਣੇ ਛੋਟੇ ਪੋਤਰਿਆਂ ਨੂੰ ਧਰਮ ਦੀ ਰੱਖਿਆ ਖ਼ਾਤਰ ਸ਼ਹੀਦੀ ਦੇਣ ਲਈ ਪ੍ਰੇਰਿਤ ਕੀਤਾ ਅਤੇ ਧਰਮ ਦੀ ਰੱਖਿਆ ਕਰਦਿਆਂ ਖ਼ੁਦ ਆਪਣੀ ਵੀ ਸ਼ਹੀਦੀ ਦੇ ਦਿੱਤੀ। ਅਜਿਹੀ ਮਿਸਾਲ ਸ਼ਾਇਦ ਹੀ ਸੰਸਾਰ ਵਿਚ ਕਿਤੇ ਹੋਰ ਮਿਲੇ ਜਿਹੜੀ ਮਾਤਾ ਗੁਜਰੀ ਨੇ ਕਾਇਮ ਕੀਤੀ ਹੈ।
ਇਸੇ ਤਰ੍ਹਾਂ ਮਾਈ ਭਾਗੋ ਜੀ ਨੇ ਮਹਾਨ ਸਿੱਖ ਜਰਨੈਲ ਭਾਈ ਮਹਾਂ ਸਿੰਘ ਅਤੇ ਹੋਰ ਸਿੰਘਾਂ ਨੂੰ ਅਜਿਹੀ ਵੰਗਾਰ ਪਾਈ ਕਿ ਉਹ ਦਸ਼ਮੇਸ਼ ਪਿਤਾ ਜੀ ਦੀ ਸੇਵਾ ਵਿਚ ਜੰਗ ਨੂੰ ਚੱਲ ਪਏ। ਇਹਨਾਂ ਸਿੰਘਾਂ ਨੇ ਧਰਮ ਦੀ ਰੱਖਿਆ ਲਈ ਆਪਣੇ ਬਲੀਦਾਨ ਦੇ ਦਿੱਤੇ। ਇਹਨਾਂ ਨੂੰ ਕੁਰਬਾਨੀ ਦਾ ਪਾਠ ਪੜਾਉਣ ਵਾਲੀ ਔਰਤ ਹੀ ਸੀ। 
ਅੱਜ ਤੋਂ 300-350 ਸਾਲ ਪਹਿਲਾਂ ਰਾਜਸਥਾਨ ਦੇ ਕੁੱਝ ਰਾਜਪੂਤ ਕਬੀਲਿਆਂ ਵਿਚ ਕੰਨਿਆਂ ਨੂੰ ਪੈਦਾ ਹੋਣ ਉਪਰੰਤ ਜ਼ਮੀਨ ਵਿਚ ਜਿ਼ੰਦਾ ਹੀ ਦਫ਼ਨਾ ਦਿੱਤਾ ਜਾਂਦਾ ਸੀ ਕਿਉਂਕਿ ਇਹਨਾਂ ਕਬੀਲਿਆਂ ਵਿਚ ਕੰਨਿਆਂ ਨੂੰ ਮੰਦਭਾਗਾ ਸਮਝਿਆ ਜਾਂਦਾ ਸੀ। ਪਰਤੂੰ ਅਜੋਕੇ ਸਮੇਂ ਸਾਈਂਸ ਦੀ ਤਰੱਕੀ ਦੇ ਨਾਲ ਹੀ ਕੰਨਿਆਂ ਤੋਂ ਜਨਮ ਲੈਣ ਦਾ ਅਧਿਕਾਰ ਵੀ ਖੋਹ ਲਿਆ ਗਿਆ ਹੈ।
ਅੱਜ ਤਾਂ ਕੰਨਿਆ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਗਰਭ ਵਿਚ ਹੀ ਕਤਲ ਕਰ ਦਿੱਤਾ ਜਾਂਦਾ ਹੈ। ਇੱਥੇ ਧਿਆਨਦੇਣ ਵਾਲੀ ਗੱਲ ਇਹ ਹੈ ਕਿ ਪੂਰੇ ਭਾਰਤ ਵਿਚ ਸਾਡੇ ਉੱਤਰ ਰਾਜ ਜਿਵੇਂ ਹਰਿਆਣਾ, ਪੰਜਾਬ, ਹਿਮਾਚਲ-ਪ੍ਰਦੇਸ਼, ਰਾਜਸਥਾਨ ਅਤੇ ਜੰਮੂ-ਕਸ਼ਮੀਰ ਕੰਨਿਆਂ-ਭਰੂਣ ਹੱਤਿਆ ਵਿਚ ਸਭ ਤੋਂ ਮੌਹਰੀ ਹਨ।
ਕੰਨਿਆਂ ਭਰੂਣ ਹੱਤਿਆ ਦੇ ਮਾਮਲਿਆਂ ਵਿਚ ਪੰਜਾਬ ਪੂਰੇ ਭਾਰਤ ਵਿਚ ਪਹਿਲੇ ਥਾਂ ਤੇ ਹੈ। ਸਾਡੇ ਲਈ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਜਿਸ ਧਰਤੀ ਤੇ ਸਾਡੇ ਗੁਰੂਆਂ, ਪੀਰਾਂ-ਫ਼ਕੀਰਾਂ ਨੇ ਇਸਤਰੀ ਨੂੰ ਸਤਿਕਾਰ ਦੇਣ ਹਿੱਤ ਲੋਕਾਂ ਨੂੰ ਜਾਗਰੁਕ ਕੀਤਾ ਸੀ ਔਰਤ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਸੀ ਅੱਜ ਉਸੇ ਧਰਤੀ ਤੇ ਸਭ ਤੋਂ ਵੱਧ ਧੀਆਂ ਦੇ ਭਰੂਣ ਵਿਚ ਹੀ ਕਤਲ ਹੋ ਰਹੇ ਹਨ। 
ਦੁਨੀਆਂ ਵਿਚ ਮੌਜੂਦ ਸਾਰੇ ਧਰਮ ਗ੍ਰੰਥਾਂ ਅਤੇ ਗੁਰੂ ਸਾਹਿਬਾਨ ਦੀ ਸਿੱਖਿਆ ਇਹ ਹੈ ਕਿ ਕੰਨਿਆਂ ਵੀ ਆਪਣੇ ਫ਼ਰਜ ਮਰਦ ਵਾਂਗ ਹੀ ਚੰਗੇ ਢੰਗ ਨਾਲ ਨਿਭਾ ਸਕਦੀ ਹੈ। ਉਸ ਨੂੰ ਵੀ ਜਨਮ ਲੈਣ ਦਾ ਅਧਿਕਾਰ ਹੈ। 
ਕੀ ਪਤਾ ਤੁਹਾਡੇ ਘਰ ਪੈਦਾ ਹੋਣ ਵਾਲੀ ਲੜਕੀ ਕਲਪਣਾ ਚਾਵਲਾ, ਕਿਰਨ ਬੇਦੀ, ਪ੍ਰਤਿਭਾ ਪਾਟੀਲ, ਮਹਾਂਰਾਣੀ ਲਕਸ਼ਮੀ ਬਾਈ, ਮਾਈ ਭਾਗੋ, ਮਦਰ ਟੈਰੇਸਾ ਅਤੇ ਅੰਮ੍ਰਿਤਾ ਪ੍ਰੀਤਮ ਵਰਗੀ ਬਣ ਜਾਵੇ ਅਤੇ ਸਫ਼ਲਤਾ ਦੇ ਝੰਡੇ ਗੱਡ ਦੇਵੇ...?
ਅੱਜ ਕੁੜੀਆਂ ਹਰ ਖੇਤਰ ਵਿਚ ਮੁੰਡਿਆਂ ਦੇ ਬਰਾਬਰ ਕੰਮ ਕਰ ਰਹੀਆਂ ਹਨ। ਆਮਤੋਰ ਤੇ ਦੇਖਿਆ ਜਾ ਰਿਹਾ ਹੈ ਕਿ ਯੂਨੀਵਰਸਿਟੀਆਂ ਵਿਚ ਜਦੋਂ ਕਿਸੇ ਕਲਾਸ ਦਾ ਨਤੀਜਾ ਐਲਾਨ ਹੁੰਦਾ ਹੈ ਤਾਂ ਪਹਿਲੇ 9 ਸਥਾਨਾਂ ਤੇ ਕੁੜੀਆਂ ਦਾ ਹੀ ਕਬਜ਼ਾ ਹੁੰਦਾ ਹੈ। ਪੱਤਰਕਾਰਤਾ, ਧਰਮ, ਅਧਿਆਪਨ, ਸਾਈਂਸ, ਤਕਨੋਲਜੀ, ਮੈਡੀਕਲ, ਸਾਹਿਤ, ਵਿਗਿਆਨ, ਭੂਗੋਲ, ਅਰਥਸ਼ਾਸ਼ਤਰ, ਸੰਗੀਤ ਅਤੇ ਨਿਆਂ ਮਾਮਲਿਆਂ ਵਿਚ ਕੁੜੀਆਂ ਦੀ ਭਾਗੀਦਾਰੀ ਕਿਸੇ ਗੱਲੋਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹੈ ਬਲਕਿ ਅੱਜ ਹਰ ਖੇਤਰ ਵਿਚ ਔਰਤਾਂ ਨੇ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ।
ਜਦੋਂ ਇਕ ਇਸਤਰੀ ਕਿਸੇ ਦੇਸ਼ ਦੀ ਰਾਸ਼ਟਰਪਤੀ, ਸੂਬੇ ਦੀ ਮੁੱਖਮੰਤਰੀ ਅਤੇ ਰਾਜਪਾਲ ਬਣ ਸਕਦੀ ਹੈ ਤਾਂ ਉਸ ਨੂੰ ਕਿਸੇ ਗੱਲੋਂ ਘੱਟ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ। ਦਿੱਲੀ ਵਿਖੇ ਹੁਣੇ ਹੋਏ ਰਾਸ਼ਟਮੰਡਲ ਖੇਡਾਂ ਵਿਚ ਕੁੜੀਆਂ ਨੇ ਕੁਸ਼ਤੀ ਅਤੇ ਮੁੱਕੇਬਾਜੀ ਵਿਚ ਮੁੰਡਿਆਂ ਦੇ ਮੁਕਾਬਲੇ ਵੱਧ ਸੋਨੇ ਦੇ ਮੈਡਲ ਜਿੱਤੇ ਹਨ।
ਕੋਈ ਧਰਮ ਔਰਤ ਦੇ ਜ਼ੁਲਮ ਕਰਨ ਲਈ ਨਹੀਂ ਕਹਿੰਦਾ ਹੈ। ਜਿੱਥੇ ਸਿੱਖ ਧਰਮ ਵਿਚ ਔਰਤ ਨੂੰ ਸਤਿਕਾਰ ਦੀ ਨਿਗ੍ਹਾਂ ਨਾਲ ਦੇਖਿਆ ਜਾਂਦਾ ਹੈ ਉੱਥੇ ਇਸਲਾਮ ਵਿਚ ਕਿਹਾ ਗਿਆ ਹੈ ਕਿ ਮਾਂ ਦੇ ਪੈਰਾਂ ਹੇਠ ਸਵਰਗ ਹੈ ਅਤੇ ਹਿੰਦੂ ਧਰਮ ਵਿਚ ਕੰਨਿਆਂ-ਪੂਜਨ ਕੀਤਾ ਜਾਂਦਾ ਹੈ। ਔਰਤ ਨੂੰ ਦੇਵੀ ਦਾ ਰੂਪ ਮੰਨਿਆਂ ਜਾਂਦਾ ਹੈ।
ਇਹ ਸਾਡੀ ਮਾੜੀ ਸੋਚ ਅਨਪੜਤਾ ਦਾ ਪ੍ਰਤੀਕ ਹੈ ਕਿ ਅਸੀਂ ਕਹਿੰਦੇ ਹਾਂ ਕਿ ਮੁੰਡਿਆਂ ਨਾਲ ਖਾਨਦਾਨ ਦਾ ਨਾਮ ਚੱਲਦਾ ਹੈ ਪਰੰਤੂ ਜੇਕਰ ਲੜਕੇ ਮਾੜੇ ਨਿਕਲ ਜਾਣ ਤਾਂ ਉਹੀ ਮਾਤਾ-ਪਿਤਾ ਸਭ ਤੋਂ ਜਿਆਦਾ ਦੁਖੀ ਹੁੰਦੇ ਹਨ ਜਿਨ੍ਹਾਂ ਨੇ ਪੁੱਤਰਾਂ ਦੇ ਜਨਮ ਤੇ ਜਸ਼ਨ ਮਨਾਏ ਹੁੰਦੇ ਹਨ।
ਇਸ ਤੋਂ ਇਲਾਵਾ ਕੰਨਿਆਂ ਭਰੂਣ ਹੱਤਿਆ ਲਈ ਇਕ ਹੋਰ ਕਾਰਨ ਵੀ ਹੈ ਅਤੇ ਉਹ ਹੈ ਦਾਜ ਪ੍ਰਥਾ। ਕੰਨਿਆਂ ਭਰੂਣ ਹੱਤਿਆ ਲਈ ਦਾਜ ਪ੍ਰਥਾ ਵੀ ਬਰਾਬਰ ਦੀ ਜਿੰ਼ਮੇਵਾਰ ਹੈ। ਲੜਕੀ ਦੇ ਵਿਆਹ ਤੇ ਲਾਲਚੀ ਸਾਹੁਰਿਆਂ ਵੱਲੋਂ ਚੋਖੇ ਦਾਜ ਦੀ ਮੰਗ ਕੀਤੀ ਜਾਂਦੀ ਹੈ। ਇਸ ਲਈ ਜਦੋਂ ਲੜਕੀ ਦਾ ਜਨਮ ਹੁੰਦਾ ਹੈ ਤਾਂ ਗ਼ਰੀਬ ਮਾਂ-ਬਾਪ ਦਾਜ ਪ੍ਰਥਾ ਦੇ ਚੱਲਦਿਆਂ ਕੰਨਿਆਂ ਨੂੰ ਕੁੱਖ ਵਿਚ ਹੀ ਕਤਲ ਕਰ ਦਿੰਦੇ ਹਨ ਤਾਂ ਕਿ ਉਹਨਾਂ ਨੂੰ ਦਾਜ ਨਾ ਦੇਣਾ ਪਵੇ। ਪਰ ਜੇਕਰ ਅਸੀਂ ਇਸੇ ਤਰ੍ਹਾਂ ਕੁੱਖ ਵਿਚ ਹੀ ਧੀਆਂ ਦਾ ਕਤਲ ਕਰਦੇ ਰਹੇ ਤਾਂ ਨੂੰਹਆਂ ਕਿੱਥੋਂ ਲੈ ਕੇ ਆਵਾਂਗੇ। ਅੱਜ ਜੇਕਰ ਨੌਜਵਾਨ ਵਰਗ ਦਾਜ ਨਾ ਲੈਣ ਦਾ ਪ੍ਰਣ ਕਰ ਲਵੇ ਤਾਂ ਸ਼ਾਇਦ ਇਹਨਾਂ ਕਤਲਾਂ ਦੀ ਗਿਣਤੀ ਘੱਟ ਹੋ ਸਕਦੀ ਹੈ। ਇਸ ਲਈ ਨੌਜਵਾਨਾਂ ਨੂੰ ਵੀ ਅੱਗੇ ਆਉਣਾ ਪਵੇਗਾ।
ਕੇਂਦਰ ਅਤੇ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਕੋਈ ਹਸਪਤਾਲ ਕੰਨਿਆਂ ਭਰੂਣ ਹੱਤਿਆ ਦੇ ਜ਼ੁਰਮ ਵਿਚ ਸ਼ਾਮਲ ਪਾਇਆ ਜਾਂਦਾ ਹੈ ਜਾਂ ਜਨਮ ਤੋਂ ਪਹਿਲਾਂ ਭਰੂਣ ਚੈੱਕ ਕੀਤਾ ਜਾਂਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਨਾਲ ਹੀ ਉਸ ਡਾਕਟਰ ਖਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਇਸ ਜ਼ੁਰਮ ਵਿਚ ਸ਼ਾਮਲ ਹੁੰਦਾ ਪਾਇਆ ਜਾਂਦਾ ਹੈ।
ਅੱਜ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਬਣੀ ਹੋਈ ਹੈ। ਦਾਦੀ ਨੂੰ ਆਪਣੇ ਪੁੱਤਰ ਦੇ ਘਰ ਕੁੜੀ ਦਾ ਜਨਮ ਨਹੀਂ ਚਾਹੀਦਾ ਬਲਕਿ ਉਹ ਪੋਤਰੇ ਦਾ ਮੂੰਹ ਦੇਖਣਾ ਚਾਹੁੰਦੀ ਹੈ ਪਰ ਪੋਤਰੀ ਦਾ ਨਹੀਂ। ਇਕ ਧੀ ਤੋਂ ਬਾਅਦ ਜਦੋਂ ਦੂਜੀ ਵਾਰ ਚੈੱਕਅਪ ਕਰਵਾਇਆ ਜਾਂਦਾ ਤਾਂ ਜੇ ਕੁੜੀ ਹੋਵੇ ਤਾਂ ਮਾਂ ਖ਼ੁਦ ਹੀ ਆਪਣੀ ਬੱਚੀ ਨੂੰ ਕਤਲ ਕਰਵਾਉਣ ਦੀ ਪਹਿਲ ਕਰਦੀ ਹੈ ਸੋ ਔਰਤ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੁਕ ਹੋਣਾ ਪਵੇਗਾ। 

****
ਮੁੱਖ ਗ੍ਰੰਥੀ, ਗੁਰਦੁਆਰਾ 7ਵੀਂ ਪਾਤਸ਼ਾਹੀ, ਚੱਕਰਵਰਤੀ ਮੁਹੱਲਾ, ਥਾਨੇਸਰ, ਜਿ਼ਲ੍ਹਾ ਕੁਰੂਕਸ਼ੇਤਰ (ਹਰਿਆਣਾ)
ਮੋਬਾਈਲ +91 98961 61534



ਸੁਣੋ ! ਵਣਜਾਰਿਆਂ ਦੀ ਦਾਸਤਾਨ.......... ਲੇਖ / ਰਣਜੀਤ ਸਿੰਘ ਦੂਲੇ


ਹਾਂ ਜੀ, ‘ਵਣਜਾਰੇ‘ ਮੇਰਾ ਕਹਿਣ ਦਾ ਭਾਵ ਹੈ, ਸ਼ਿਕਲੀਗਰ ਵਣਜਾਰੇ! ਜਾਣੀ ਕਿ ‘ਸ਼ਿਕਲ‘ ਕਰਨ ਵਾਲੇ, ਲੋਹੇ ਤੋਂ ਜੰਗ ਲਾਹੁਣ ਵਾਲੇ ਅਤੇ ਵਣਜ, ਜਾਣੀ ਵਪਾਰ ਕਰਨ ਵਾਲੇ, ਹੱਥੀਂ ਮਿਹਨਤ ਮੁਸ਼ੱਕਤ ਕਰਨ ਵਾਲੇ, ਰੁੱਖੀ- ਮਿੱਸੀ ਖਾ ਕੇ ਗੁਰੂ ਦਾ ਸ਼ੁਕਰਾਨਾਂ ਕਰਨ ਵਾਲੇ, ਗੁਰੂ ਦੇ ਸਿੱਖ, ਸ਼ਿਕਲੀਗਰ ਵਣਜਾਰੇ! ਜਿਹਨਾਂ ਨੇ ਆਪਣੀਆਂ ਜਾਨਾਂ ਸਿੱਖ ਪੰਥ ਤੋਂ ਵਾਰ ਦਿੱਤੀਆਂ, ਜਿਹਨਾਂ ਨੇ ਗੁਰੂ ਸਾਹਿਬਾਂ ਦੇ ਸਮੇਂ ਆਪਣੇ ਤਨ ਮਨ ਧਨ ਦੀ ਪ੍ਰਵਾਹ ਕੀਤੇ ਬਿਨਾਂ ਹਰ ਵਕਤ ਗੁਰੂ ਜੀ ਚਰਨਾਂ ‘ਤੇ ਹਾਂ ਪੱਖੀ ਫੁੱਲ ਨਿਸ਼ਾਵਰ ਕੀਤੇ! ਤੇ ਉਸ ਸਮੇਂ ਗੁਰੂਆਂ ਨੂੰ ਵਧੀਆ ਤੋ ਵਧੀਆ ਹਥਿਆਰ ਬਣਾ ਕੇ ਦਿੰਦੇ ਰਹੇ ਅਤੇ ਹਰ ਸਮੇਂ ਗੁਰੂਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਜੰਗਾਂ ਵੀ ਲੜਦੇ ਰਹੇ ਅਤੇ ਸ਼ਹੀਦੀਆਂ ਵੀ ਪਾਉਂਦੇ ਰਹੇ ! ਗੁਰੂਆਂ ਦੀ ਬਾਣੀ ਦਾ ਪ੍ਰਚਾਰ ਵੀ ਕਰਦੇ ਰਹੇ। ਕੋਈ ਸਮਾਂ ਸੀ, ਜਿਸ ਵੇਲੇ ਇਸ ਜਾਤੀ ਨੂੰ ਸਭ ਤੋਂ ਵੱਧ ਮਾਣ ਸਤਿਕਾਰ ਦਿੱਤਾ ਜਾਂਦਾ ਸੀ ਅਤੇ ਅੱਜ ਵੀ ਤੁਸੀਂ ਪਿੰਡਾਂ ਸ਼ਹਿਰਾਂ ‘ਚ ਆਮ ਹੀ ਦੇਖ ਸਕਦੇ ਹੋ, ਜੋ ਵਿਚਾਰੇ ਲੋਹੇ ਦਾ ਛੋਟਾ ਮੋਟਾ ਕਿੱਤਾ, ਜਿਸ ਵਿੱਚ ਰੰਬੇ, ਦਾਤੀਆਂ, ਤਵੇ, ਲੋਹੇ ਦੇ ਬੱਠਲ ਆਦਿ ਬਣਾ ਕਰਕੇ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ! ਕਿਉਂਕਿ ਅੱਜ ਦੇ ਮਸ਼ੀਨੀ ਯੁੱਗ ਦੇ ਨਾਲ ਉਹ ਹਮਸਫਰ ਨਹੀਂ ਹੋ ਸਕਦੇ! ਗਰੀਬ ਕਿਰਤੀ ਰੋਜ਼ ਦੀ ਦਿਹਾੜੀ-ਦੱਪਾ ਕਰਕੇ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਨੇ।
“ਜਿਸ ਘਰ ਗੁਰੂ ਦੀ ਪੂਜਾ - ਉਥੇ ਨਾਮ ਨਹੀਂ ਕੋਈ ਦੂਜਾ” ਦੇ ਕਥਨ ਅਨੁਸਾਰ ਇਹਨਾਂ ਵਿਚੋਂ ਹੀ ਲਾਹੌਰ ਦਾ ਵਣਜਾਰਾ ਮਨਸੁਖ ਲਾਲ, ਗੁਰੂ ਨਾਨਕ ਦੀ ਸਿੱਖਿਆ ਤੋਂ ਪ੍ਰਭਾਵਿਤ ਹੋਕੇ ਸਿੱਖ ਸਜਿਆ ਸੀ ਅਤੇ ਜਿਸਦੀ ਪ੍ਰੇਰਨਾਂ ਸਦਕਾ ਲੰਕਾ ਦਾ ਉਸ ਵੇਲੇ ਦਾ ਰਾਜਾ ਸ਼ਿਵਲਾਤ ਵੀ ਸਿੱਖ ਧਰਮ ਅਪਨਾ ਗਿਆ ਸੀ! ਭਾਈ ਮੱਖਣ ਸ਼ਾਹ ਲੁਬਾਣਾ ਵੀ ਇਸੇ ਸ਼੍ਰੇਣੀ ਦਾ ਹੀ ਸਿੱਖ ਸੀ, ਜਿਸ ਨੇ ਉਸ ਵੇਲੇ ਦੇ ਪਾਖੰਡੀਆਂ ਵੱਲੋਂ ਨੌਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਮੁਤੱਲਕ ਪਾਏ ਹੋਏ ਭੰਬਲਭੂਸੇ ਨੂੰ ਦੂਰ ਕੀਤਾ ਸੀ ਅਤੇ ਸੱਚੀ ਸ਼ਰਧਾ ਅਤੇ ਪ੍ਰੇਮ-ਭਾਵਨਾਂ ਨਾਲ ਅਸਲੀ ਗੁਰੂ ਦੀ ਪਹਿਚਾਣ ਕਰ ਲਈ ਅਤੇ "ਗੁਰ ਲਾਧੋ ਰੇ - ਗੁਰ ਲਾਧੋ ਰੇ" ਦਾ ਹੋਕਾ ਦਿੱਤਾ ਸੀ! ਮਸਤ ਹਾਥੀ ਦਾ ਮੂੰਹ ਭੁਆ ਦੇਣ ਵਾਲੇ ਭਾਈ ਬਚਿੱਤਰ ਸਿੰਘ ਦੀ ‘ਨਾਗਣੀ‘ ਬਾਰੇ ਅੱਜ ਵੀ ਸਾਡੇ ਢਾਡੀ, ਕਵੀਸ਼ਰ ਸੰਘ ਪਾੜ-ਪਾੜ ਕੇ ਗਾਉਂਦੇ ਨੀ ਥੱਕਦੇ, ਕਿ ਕਿਸ ਤਰ੍ਹਾਂ ਸੂਰਮੇਂ ਸਿੰਘ ਨੇ ਮੁਗਲਾਂ ਦੇ ਸ਼ਰਾਬੀ ਹਾਥੀਆਂ ਦੇ ਮੂੰਹ ਸੱਤ ਤਵੀਆਂ ਪਾੜ ਕੇ ਪੁੱਠੇ ਮੋੜੇ ਸੀ! ਇਤਿਹਾਸ ਨੂੰ ਜ਼ਰਾ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ, ਭਾਈ ਜਗਤ ਸਿੰਘ ਜੀ, ਜਿਹਨਾਂ ਦੀ ਪੁੱਠੀ ਖੱਲ ਲਾਹੀ ਗਈ ਸੀ, ਤਿੰਨੇ ਹੀ ਸਕੇ ਭਰਾ ਸਨ ਅਤੇ ਇਹਨਾਂ ਦੇ ਬਾਕੀ 7 ਭਰਾਵਾਂ ਨੇ ਵੀ ਸਿੱਖ ਧਰਮ ਲਈ ਹੀ ਅਦੁਤੀ ਸ਼ਹੀਦੀਆਂ ਦਿੱਤੀਆਂ ਸਨ! ਜੇ ਸਾਰਿਆਂ ਦੇ ਨਾਮ ਵਰਨਣ ਕਰਨ ਲੱਗਾਂ ਤਾਂ ਇਹ ਕਈ ਸੈਂਕੜਿਆ ਦੀ ਗਿਣਤੀ ਵਿਚ ਹਨ! ਭਾਈ ਲੱਖੀ ਸ਼ਾਹ ਵਣਜਾਰਾ, ਜਿਸ ਨੇ ਨੌਵੇਂ ਗੁਰੂ ਸਾਹਿਬ ਜੀ ਦਾ ਅੰਤਿਮ ਸਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਸੀ ਅਤੇ ਅੱਜ ਵੀ ਜੇ ਦਿੱਲੀ ਵਿੱਚ ਪੁਰਾਣਾ ਰਿਕਾਰਡ ਦੇਖੀਏ ਤਾਂ ਗੁਰਦੁਆਰਾ ਚਾਂਦਨੀ ਚੌਕ, ਰਕਾਬ ਗੰਜ, ਪਾਰਲੀਮੈਂਟ ਹਾਊਸ ਅਤੇ ਹੋਰ ਸਾਰੀ ਨੇੜੇ-ਤੇੜੇ ਦੀ ਮਲਕੀਅਤ ਲੱਖੀ ਸ਼ਾਹ ਵਣਜਾਰੇ ਦੇ ਨਾਂ ਹੀ ਬੋਲਦੀ ਹੈ! ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ, ਉਸ ਸਮੇਂ ਵੀ ਇਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਅੱਜ ਵੀ ਇਹ 95% ਸਿੱਖ ਹਨ ਅਤੇ ਸਿੱਖ ਮਰਿਆਦਾ ਵਿੱਚ ਰਹਿ ਕੇ ਹੀ ਉਸ ਵਾਹਿਗੁਰੂ ਦਾ ਸ਼ੁਕਰਾਨਾ
ਗਾਇਨ ਕਰ ਰਹੇ ਹਨ।
ਪਰ ਅੱਜ ਸਾਡੇ ਧਰਮ ਦੇ ‘ਵਣਜਾਰੇ‘ ਕੀ ਕਰ ਰਹੇ ਨੇ? ਅੱਜ ਧਰਮ ਅਤੇ ਸਿਆਸਤ ਦੇ ‘ਵਣਜਾਰੇ‘, ਕੀ ਇਹਨਾਂ ਦਾ ਕੰਮ ਹੁਣ ਆਪਸ ਵਿੱਚੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ, ਦਸਤਾਰਾਂ ਲਾਹੁੰਣੀਆਂ, ਜਾਂ ਆਪਸ ਵਿਚ ਸ਼੍ਰੀ ਸਾਹਿਬਾਂ ਚਲਾਉਣੀਆਂ ਹੀ ਰਹਿ ਗਿਆ ਹੈ? ਕਿਸੇ ਨੂੰ ‘ਤਲਬ‘ ਕਰ ਲਿਆ ਅਤੇ ਕਿਸੇ ਨੂੰ ਧਰਮ ‘ਚੋਂ ਛੇਕ ਦਿੱਤਾ? ਕੋਈ ਕਲੰਡਰ ਪਾੜ ਕੇ, ਚੋਲ੍ਹੇ ਨੂੰ ਪ੍ਰੈਸ ਕਰਾ-ਕਰਾ ਪਾ ਰਿਹੈ ਅਤੇ ਕੋਈ ਬਾਦਲ ਦੇ ਕਹਿਣ ‘ਤੇ “ਤੋਤਾ ਰਾਮ ਚੂਰੀ ਖਾਣੀ ਏ?” ਦੇ ਨਸ਼ੇ ਵਿਚ ਉਡਿਆ ਫਿਰਦੈ! ਕੋਈ ਦਸਮ ਗੰ੍ਰਥ ਦਾ ਅੜ੍ਹਾਟ ਪਾਈ ਜਾਂਦੈ! ਕਿਸੇ ‘ਤੇ ਕੋਈ ਅਦਾਲਤੀ ਕਾਰਵਾਈ ਕਰ ਰਿਹਾ ਹੈ ਅਤੇ ਕਿਸੇ ਤੇ ਕੋਈ...! ਕੀ ਇਹੀ ਲੜਨਾ-ਭਿੜਨਾ ਹੀ ਇਹਨਾਂ ਦੀ ਜ਼ਿੰਮੇਵਾਰੀ ਹੈ? ਇਕ ਦੂਜੇ ਨਾਲ ਪੱਗੋ-ਲੱਥੀ ਹੋਣਾ, ਕੀ ਇਹੀ ਸਿੱਖੀ ਦੀ ਪ੍ਰੰਪਰਾ ਹੈ? ਕੀ ਇਹ ਇਸ ਤਰ੍ਹਾਂ ਕੜ੍ਹੀ-ਕਲੇਸ਼ ਕਰਕੇ ਸਿੱਖ ਧਰਮ ਦੀ ‘ਸੇਵਾ‘ ਕਰ ਰਹੇ ਨੇ? ਇਸ ਤਰ੍ਹਾਂ ਦੇ ਬਹੁਤ ਸਾਰੇ
ਸਵਾਲਾਂ ਦਾ ਜਵਾਬ ਸਾਨੂੰ ਲੱਭਣਾ ਪਵੇਗਾ।
ਅੱਜ ਸਾਡੇ ਕੀਰਤਨੀਏਂ, ਕਥਾ ਵਾਚਕ, ਧਰਮ ਪ੍ਰਚਾਰਕ, ਬਾਹਰਲੀਆਂ ਸਟੇਜਾਂ ‘ਤੇ ਆ ਕੇ ਹੋਰ ਕੋਈ ਕੰਮ ਦੀ ਗੱਲ ਕਰਨ, ਚਾਹੇ ਨਾਂ ਕਰਨ, ਬੱਸ ਦੋ ਚਾਰ ਮਨਮਤਿ ਵਾਲੀਆਂ ਮਿਥਿਹਾਸਕ ਸਾਖੀਆਂ ਸੁਣਾਈਆਂ, ਦੋ ਚਾਰ ਕਿਸੇ ਵਧੀਆ ਜਿਹੀ ਤਰਜ਼ ‘ਤੇ ਸ਼ਬਦ ਪੜੇ, ਜਦੋਂ ਦੇਖਿਆ ਕਿ ਕਾਫੀ ਯੂਰੋ, ਪੌਂਡਾਂ, ਜਾਂ ਡਾਲਰਾਂ ਦੀ ਢੇਰੀ ਲੱਗ ਗਈ, ਆਖਰ ‘ਚ ਕਹਿਣਗੇ, "ਸੰਗਤਾਂ ਬੜੀਆਂ ਸ਼ਰਧਾਲੂ ਨੇ, ਬਾਹਰ ਆ ਕੇ ਵੀ ਆਪਣੀ ਮਿੱਟੀ, ਧਰਮ ਅਤੇ ਗੁਰੂਆਂ ਨੂੰ ਨਹੀਂ ਭੁੱਲੇ! .....ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਕਿ ਕੇਸ ਰੱਖੋ, ਸਿੱਖੀ ਸਰੂਪ ‘ਚ ਆਓ ਤੇ ਗੁਰੂ ਵਾਲੇ ਜਹਾਜੇ ਚੜ੍ਹ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ! ਗੁਰੂ ਮਹਾਰਾਜ ਦੇ ਚਰਨਾਂ ‘ਚ ਵੀ ਇਹੋ ਅਰਦਾਸ ਬੇਨਤੀ ਹੈ ਕਿ ਸੰਗਤਾਂ ‘ਤੇ ਕਿਰਪਾ ਕਰੋ, ਆਪਣੇ ਲੜ ਲਾਓ ਜੀ!"
ਮੈਂ ਇਹ ਨੀ ਕਹਿੰਦਾ ਕਿ ਸਾਡੇ ਧਰਮ ਪ੍ਰਚਾਰਕ ਜਾਂ ਕੀਰਤਨੀਏਂ ਇਹ ਸਭ ਕੁਝ ਕਿਉਂ ਕਰਦੇ ਜਾਂ ਕਹਿੰਦੇ ਹਨ! ਪਰ ਉੱਥੇ ਉਹਨਾਂ ਵਣਜਾਰਿਆਂ ਕੋਲੇ ਕੋਈ ਪ੍ਰਚਾਰਕ, ਢਾਡੀ, ਕੀਰਤਨੀਆਂ ਕਿਉਂ ਨਹੀਂ ਜਾਂਦਾ? ਕੀ ਉਹ ਗੁਰੂ ਦੇ ਸਿੱਖ ਨਹੀਂ? ਉਹਨਾਂ ਨੂੰ ਸੰਗਤ ਅਤੇ ਪੰਗਤ ਦੀ ਲੋੜ ਨਹੀਂ? ਕੀ ਵਣਜਾਰਿਆਂ ਦੇ ਬੱਚੇ ਸਿੱਖੀ ਦੇ ਵਾਰਿਸ ਨਹੀਂ? ਉਹਨਾਂ ਨੂੰ ਗੁਰਬਾਣੀ ਅਤੇ ਪ੍ਰਚਾਰ ਦੀ ਲੋੜ ਨਹੀਂ? ਜੇ ਤੁਸੀਂ ਸਿੱਖੀ ਦੀ ਇਤਨੀ ਹੀ ਸੇਵਾ ਕਰ ਰਹੇ ਹੋ, ਤਾਂ ਫਿਰ ਭੇਦ ਭਾਵ ਕਿਉਂ? ਗੁਰੂਆਂ ਨੇ ਤਾਂ ਇਹਨਾਂ ਚੀਜ਼ਾਂ ਦਾ ਪੁਰਜ਼ੋਰ ਖੰਡਨ ਕੀਤਾ ਸੀ! ਫਿਰ ਇਹ, ਕਿਸੇ ਨੂੰ ਬਦਾਮ ਅਤੇ ਕਿਸੇ ਨੂੰ ਫੁੱਲੀਆਂ ਵੀ ਨਹੀਂ, ਦਾ ਪਾਖੰਡ ਕਿਉਂ ਕਰਦੇ ਨੇ? ਪਤੈ, ਬਈ ਉਹਨਾਂ ਤੋਂ ਮਿਲਣਾ ਕਰਨਾ ਤੇ ਕੁਛ ਹੈ ਨਹੀਂ, ਫਿਰ ਸੰਘ ਅੱਡਣ ਦਾ ਕੀ ਫਾਇਦਾ? ਪਰ ਮੈਂ ਇਤਨਾ ਕੁ ਜ਼ਰੂਰ ਪੁੱਛਾਂਗਾ ਕਿ ਜਿਹੜੇ ਉੱਥੇ 34, 35000 ਸਿੱਖ ਸਿੱਖੀ ਸਰੂਪ ‘ਚ (ਵਣਜਾਰੇ) ਤਰਸ ਰਹੇ ਨੇ ਕਿ ਭਾਈ ਅਸੀਂ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਣ ਵਾਲੇ ਹਾਂ, ਸਾਨੂੰ ਕੁਝ ਨਹੀਂ ਚਾਹੀਦਾ! ਬੱਸ, ਚਾਹੀਦਾ ਹੈ ਤਾਂ ਸਾਨੂੰ ਆਪਣੀ ਬੁੱਕਲ ‘ਚ ਲੈ ਕੇ ਇਨਾਂ ਹੀ ਕਹਿ ਦਿਓ ਕਿ ਤੁਸੀਂ ਵੀ ਸਾਡੇ ਭੈਣ-ਭਰਾ ਹੋ! ਅਤੇ ਤੁਸੀਂ ਵੀ ਸਾਡੇ ਵਾਂਗ ਗੁਰੂ ਨਾਨਕ ਦੇ ਹੀ ਸਿੱਖ ਹੋ, ਕੋਈ ਮਾੜੀ ਮੋਟੀ ਹਿੰਮਤ ਕਰ ਕੇ ਇਕ ਦੋ ਸਕੂਲਾਂ ਦਾ ਇੰਤਜ਼ਾਮ ਹੀ ਕਰ ਦਿਓ, ਕਿਉਕਿ ਉਹ ਕਮ-ਸੇ-ਕਮ ਪੰਜਾਬੀ ਨਾਲ ਤਾਂ ਜੁੜ ਸਕਣ! ਨਹੀਂ ਤੇ ਉਹ ਫਿਰ ਗੁਰਬਾਣੀ ਵੀ ਕਿਸੇ ਹੋਰ ਭਾਸ਼ਾ ‘ਚ ਹੀ ਪੜ੍ਹਨਗੇ ਅਤੇ ਹਰ ਭਾਸ਼ਾ ਆਪਣਾ ਅਸਰ ਤਾਂ ਛੱਡਦੀ ਹੀ ਹੈ, ਇਹ ਤਾਂ ਹਰ ਕੋਈ ਜਾਣਦੈ
ਸਿਆਸੀ ਅਤੇ ਧਾਰਮਿਕ ਬਾਬਿਓ...! ਕੋਈ ਫਰਕ ਨਹੀਂ ਪੈਣਾ, ਉਹ ਆ ਕੇ ਤੁਹਾਡੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਲੜਨ ਲੱਗੇ! ਉਹ ਤਾਂ ਵਿਚਾਰੇ ਆਪਣਾ ਢਿੱਡ ਮਸੀਂ ਭਰਦੇ ਨੇ, ਫਿਰ ਤੁਹਾਡੇ ਕੋਲ ਤਾਂ ਅਰਬਾਂ ਦਾ ਬਜ਼ਟ ਹੈ! ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ? ਸੋ ਇੰਨਾ ਵੀ ਡਰਨ ਦੀ ਲੋੜ ਨਹੀਂ! ਉਨ੍ਹਾਂ ‘ਚ ਕਮੀਂ ਹੀ ਕੀ ਹੈ? ਕੀ ਉਹ ਕਿਰਤ ਨਹੀਂ ਕਰਦੇ? ਵੰਡ ਕੇ ਨਹੀਂ ਛਕਦੇ? ਨਾਂਮ ਨਹੀਂ ਜਪਦੇ? ਕਮੀਂ ਹੈ, ਤਾਂ ਸਿਰਫ ਇੰਨੀ ਕਿ ਉਹ ਤੁਹਾਡੇ ਵਰਗੇ ਧਾਰਮਿਕ ਅਤੇ ਸਿਆਸੀ ਲੀਡਰਾਂ ਦੀਆਂ ਸਿਆਸੀ ਚੱਕੀ ‘ਚ ਪਿਸਣ ਦੀ, ਜਾਂ ਗਰੀਬ ਹੋਣ ਦੀ ‘ਸਜ਼ਾ‘ ਭੁਗਤ ਰਹੇ ਨੇ! ਅਜੇ ਵੀ ਸਮਾਂ ਹੈ, ਸੰਭਲ ਜਾਓ! ਇਹਨਾਂ ਨੂੰ ਆਪਣੇ ਧਰਮ ਦੀ ਬੁੱਕਲ ‘ਚ ਲੈਣ ਦੀ ਕੋਸ਼ਿਸ਼ ਕਰੋ! ਇਹ ਵਿਚਾਰੇ ਮਜਲੂਮ ਸਦੀਆਂ ਤੋਂ ਮੱਥੇ ‘ਤੇ ਹੱਥ ਰੱਖ ਕੇ ਤੁਹਾਡੀਆਂ ਰਾਹਾਂ ਤੱਕ ਰਹੇ ਨੇ! ਫਿਰ ਦੋਸ਼ ਨਾ ਦੇਣਾ ਕਿ ਇਹਨਾਂ ਨੇ ਕੋਈ ਵੱਖਰਾ ‘ਗ੍ਰੰਥ‘ ਤਿਆਰ ਕਰ ਲਿਆ, ਜਾਂ ਫਿਰ ਕਿਸੇ ਡੇਰੇ ਦੀ ਸ਼ਰਨ ਚਲੇ ਗਏ! ਡੇਰੇ, ਜੋ ਅੱਜ ਕੱਲ੍ਹ ਤੁਹਾਡੀ ‘ਕ੍ਰਿਪਾ‘ ਨਾਲ ਬਥੇਰੇ ਨੇ, ਉਹਨਾਂ ਨੂੰ ਕੋਈ ਬਹੁਤੀ
ਦੂਰ ਨਹੀਂ ਜਾਣਾ ਪੈਣਾ।
ਬਾਕੀ ਰਹੀ ਸਾਡੇ ਧਾਰਮਿਕ ਤੇ ਸਿਆਸੀ ਆਗੂਆਂ ਦੀ ਗੱਲ, ਇਨ੍ਹਾਂ ਤੋਂ ਆਸ ਰੱਖਣਾ ਤਾਂ ਸਿਪਾਹੀ ਤੋਂ ਅਫੀਮ ਮੰਗਣ ਵਾਲੀ ਗੱਲ ਹੈ! ਥੋੜ੍ਹੀ ਜਿਹੀ ਬੇਨਤੀ ਮੈ ਬਲਵੰਤ ਸਿੰਘ ਰਾਮੂਵਾਲੀਏ ਨੂੰ ਜਰੂਰ ਕਰਾਂਗਾ ਕਿ ਵੋਟਾਂ ਤੋਂ ਬਾਅਦ ਆਲੇ ‘ਚ ਮੂੰਹ ਦੇ ਕੇ ਰੋਂਦਾ ਰਹਿੰਦੈ, ਇਹ ਵੀ ਇਕ ਸੇਵਾ ਹੀ ਹੈ, ਨਾਲੇ 35, 40 000 ਸਿੱਖਾਂ ਦੀਆਂ ਵੋਟਾਂ ਪੱਕੀਆਂ! ਦੋ-ਦੋ ਕੰਮ, ਨਾਲੇ ਵਿਸਾਖੀ ਤੇ ਨਾਲੇ ਵਗੜ ਦਾ ਸੌਦਾ! ਆਖਰ ‘ਚ ਇਹੀ ਕਹਿਣਾ ਚਾਹਾਂਗਾ ਕਿ ਉਹ ਗੱਲ ਨਾ ਕਰੋ, “ਅੰਨ੍ਹੀ ਕੋ ਬੋਲਾ ਘੜ੍ਹੀਸੈ-ਨ ਉਸ ਸੁਣੈ ਨ ਉਸ ਦੀਸੈ!” ਵਣਜਾਰੇ ਭਰਾਵਾਂ ਦੀ ਆਰਥਿਕ ਮੱਦਦ ਤੋਂ ਲੈ ਕੇ ਪੱਕੇ ਵਸੇਬੇ ਤੱਕ ਦਾ ਕੋਈ ਸਾਰਥਿਕ ਹੱਲ ਲੱਭੋ, ਉਹਨਾਂ ਦੇ ਮਾਸੂਮ ਬੱਚਿਆਂ ਦੀ ਪੜ੍ਹਾਈ ਲਈ ਸਕੂਲੀ ਪ੍ਰਬੰਧ ਚਲਾਏ ਜਾਣ ਅਤੇ ਉਹਨਾਂ ਨੂੰ ਮੁਫਤ ਵਿੱਦਿਆ ਮੁਹੱਈਆ ਕਰਵਾ ਕੇ ਵਣਜਾਰੇ ਭਰਾਵਾਂ ਦਾ ਜੱਸ ਖੱਟਿਆ ਜਾਵੇ, ਵਾਹਿਗੁਰੂ ਤੁਹਾਨੂੰ ਆਪ ਖੁਸ਼ੀਆਂ ਬਖਸ਼ਿਸ਼ ਕਰਨਗੇ! 


ਸਭਿਆਚਾਰਕ ਸ਼ਰਮਾਇਆ ਲੁਟਾ ਰਹੇ ਹਨ ਚਰਖੇ , ਡੀ.ਜੇ. ਵਾਲੇ………… ਲੇਖ / ਜਰਨੈਲ ਘੁਮਾਣ


ਗੀਤ ਸੰਗੀਤ ਪੰਜਾਬੀ ਸਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ । ਗੀਤ ਸਾਡੇ ਸਭਿਆਚਾਰ ਦੀਆਂ ਅਨੇਕਾਂ ਵੰਨਗੀਆਂ ਦੀ ਤਰਜ਼ਮਾਨੀ ਕਰਦੇ ਹਨ । ਟੱਪੇ , ਮਾਹੀਆ ,ਢੋਲਾ , ਸਿੱਠਣੀਆਂ ਵਿਚਲੇ ਬੋਲ ਸਾਡੇ ਰਿਸ਼ਤਿਆਂ ਅਤੇ ਰਿਸ਼ਤਿਆਂ ਵਿੱਚਲੀ ਨਿੱਘ ਨੂੰ ਪ੍ਰਤੱਖ ਰੂਪ ਵਿੱਚ ਬਿਆਨਦੇ ਹਨ । ਸਮੇਂ ਸਮੇਂ ’ਤੇ ਗੀਤ ਸੰਗੀਤ ਵਿੱਚ ਵੀ ਬਦਲਾਅ ਆਉਂਦਾ ਰਿਹਾ । ਪਿਛਲੇ ਚਾਰ ਦਹਾਕਿਆ ਵਿੱਚ ਗੀਤ ਸੰਗੀਤ ਵਿੱਚ ਆਈਆਂ ਤਬਦੀਲੀਆਂ ਨੇ ਪੰਜਾਬੀ ਗਾਇਕਾ ਨੂੰ ਭੋਇੰ ਤੋਂ ਚੁੱਕ ਆਸਮਾਨ ਨੂੰ ਛੂਹਣ ਲਗਾ ਦਿੱਤਾ । ਪੰਜਾਬੀ ਮਾਂ ਬੋਲੀ ਦਾ ਪਸਾਰਾ ਇਸ ਕਦਰ ਵੱਧ ਗਿਆ ਕਿ ਬਾਲੀਵੁੱਡ ਦੀਆਂ ਫ਼ਿਲਮਾਂ ਨੂੰ ਚਲਾਉਣ ਵਾਸਤੇ ਪੰਜਾਬੀ ਗਾਇਕਾਂ ਜਾਂ ਪੰਜਾਬੀ ਕਿਰਦਾਰਾਂ ਦਾ ਸਹਾਰਾ ਲਿਆ ਜਾਣ ਲੱਗਾ । ਇਹ ਗੱਲ ਸਮੁੱਚੇ ਪੰਜਾਬੀਆਂ ਲਈ ਫ਼ਖਰ ਵਾਲੀ ਹੋ ਨਿਬੜੀ ਅਤੇ ਹਰ ਪੰਜਾਬੀ ਆਪਣੀ ਮਾਂ ਬੋਲੀ ਦੇ ਸੇਵਾਦਾਰਾਂ ’ਤੇ ਮਾਣ ਮਹਿਸੂਸ ਕਰਨ ਲੱਗਾ । ਅਣਗਿਣਤ ਬੇਰੁਜ਼ਗਾਰਾਂ ਨੂੰ ਵੀ ਇਸ ਖੇਤਰ ਨੇ ਚੰਗੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਏ ਅਤੇ ਗਾਉਣਾ ਵਜਾਉਣਾ ਇੱਕ ਕਿੱਤੇ ਵਜੋਂ ਵਿਕਸਤ ਹੋ ਗਿਆ ।
ਪੰਜ ਕੁ ਵਰ੍ਹੇ ਪਹਿਲਾਂ ਤੱਕ ਸਭ ਠੀਕ ਠਾਕ ਚੱਲ ਰਿਹਾ ਸੀ ਕਿ ਅਚਾਨਕ ਇਸ ਕਿੱਤੇ ਵਿੱਚ ਇੱਕ ‘ਘਾਤਕ ਘੂਸਪੈਠ’ ਹੋਈ , ਜਿਸਨੇ ਪੰਜਾਬੀ ਗੀਤ ਸੰਗੀਤ ਦੀ ਅੰਬਰਾਂ ਨੂੰ ਛੂਹ ਰਹੀ ਪਤੰਗ ਨੂੰ ਐਸੀ ਕਾਟ ਮਾਰੀ ਕਿ ਉਹ ਭੂੰਜੇ ਡਿੱਗ, ਆਪਣੀ ਰੀਡ ਦੀ ਹੱਡੀ ਤੱਕ ਤੁੜਵਾ ਬੈਠਾ । ਪੰਜਾਬੀ ਅਖਾੜਿਆਂ ਅਤੇ ਗਾਇਕਾਂ ਦੀ ਸ਼ੋਹਰਤ ਰੂਪੀ ਰਿਆਸਤ ਤੇ ਅਸ਼ਲੀਲਵਾਦ ਦਾ ਇੱਕਦਮ ਕਬਜ਼ਾ ਹੋ ਗਿਆ । ਇਹ ਕਬਜ਼ਾ ਕਰਨ ਵਾਲੇ ਕੋਈ ਸੱਤ ਸਮੁੰਦਰ ਪਾਰ ਕਰਕੇ ਨਹੀਂ ਸਨ ਆਏ ,ਇਹ ਧਾੜਵੀ ਸਾਡੇ ਆਪਣੇ ਹੀ ਲੋਕ ਸਨ ,ਜਿਹਨਾਂ ਨੇ ਆਪਣੀ ਮਾਂ ਬੋਲੀ ਦੇ ਕਪੜੇ ਲੀਰੋ ਲੀਰ ਕਰਨ ਲੱਗਿਆਂ ਰੱਤੀ ਭਰ ਵੀ ਸ਼ਰਮ ਨਾ ਕੀਤੀ । ਹਲਕੀ ਫੁੱਲਕੀ ਛੇੜ ਛਾੜ ਤੋਂ ਗੱਲ ਕਪੜੇ ਫਾੜਨ ਜਾਂ ਉਤਾਰਨ ਤੱਕ ਪਹੁੰਚ ਗਈ । ਪੰਜਾਬਾਣ ਮੁਟਿਆਰਾਂ ਆਪਣੇ ਹੁਸਨ ਸੁਹੱਪਣ ਦਾ ਦਰੁਪਯੋਗ , ਫੋਕੀ ਸ਼ੋਹਰਤ ਹਾਸਿਲ ਕਰਨ ਵਾਸਤੇ ਕਰਨ ਲੱਗੀਆਂ । ਸੰਗੀਤਕ ਰੁਜ਼ਗਾਰ ਦੇ ਵਿੱਚੋਂ ‘ਵੇਸਵਾ ਗਮਨੀ’ ਵਰਗਾ ਨਵਾਂ ਵਿਉਪਾਰ ਜਨਮ ਲੈ ਬੈਠਾ । ਪਿੰਡਾਂ ਦੀ ਮੰਡੀਰ ਦਾ ਝੁੱਕਾ ਸੁਰੀਲੇ ਗਾਇਕਾਂ ਵਾਲੇ ਪਾਸਿਓ ਹੱਟਕੇ , ਸੋਹਣੀਆਂ ਡਾਂਸਰਾਂ ਵੱਲ ਹੋ ਗਿਆ । ਅੱਠ ਅੱਠ , ਦਸ ਦਸ ਜਵਾਨ ਮੁੰਡੇ ਕੁੜੀਆਂ ਦੇ ਅਣਗਿਣਤ ਗਰੁੱਪ ਜਿਹੇ ਬਣ ਗਏ । ਇੱਕ ਇੱਕ ਕਰਕੇ ਅਜਿਹੇ ਗਰੁੱਪ ਦਿਨਾਂ ਵਿੱਚ ਹੀ ਪੂਰੇ ਪੰਜਾਬ ਭਰ ਵਿੱਚ ਖੁੰਭਾਂ ਵਾਂਗੂੰ ਉਗ ਗਏ । ਪੰਜਾਬ ਭਰ ਵਿੱਚ ਤੂੜੀ ਵਾਲੇ ਕੋਠਿਆਂ ਵਿੱਚ ਸੁੱਟੇ ਪਏ ਚਰਖ਼ਿਆਂ ਦੀ ਕਦਰ ਪੈਣ ਲੱਗੀ ਅਤੇ ਉਹਨਾਂ ਨੂੰ ਰੰਗ ਰੋਗਨ ਕਰਵਾਕੇ , ਕਾਰਾਂ ਦੇ ਹੂਟੇ ਮਿਲਨ ਲੱਗੇ ।
ਇਹਨਾਂ ਗਰੁੱਪਾਂ ਦੀ ਚਕਾਚੌਹਦ ਨੇ ਸੈਂਕੜੇ ਗਾਇਕ ਕਲਾਕਾਰਾਂ ਅਤੇ ਹਜ਼ਾਰਾਂ ਸਾਜ਼ੀਆਂ ਦੇ ਰੁਜ਼ਗਾਰ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕੀਤਾ । ਇਹ ਚਰਖ਼ੇ , ਡੀ.ਜੇ. ਵਾਲੇ ਪੰਜਾਬੀ ਕਲਾਕਾਰਾਂ ਦੇ ਗਾਣਿਆਂ ਉਪਰ ਹੀ ਡਾਂਸ ਕਰਕੇ ਨੋਟ ਕਮਾਉਣ ਲੱਗੇ ਅਤੇ ਗੀਤਾਂ ਦੇ ਗਾਇਕਾਂ ਨੂੰ ਭੁੱਖੇ ਮਰਨ ਤੱਕ ਦੀ ਨੌਬਤ ਆ ਜਾਣ ਦਾ ਖਤਰਾ ਮੰਡਰਾਉਣ ਲੱਗਾ ।
ਬੇਸ਼ੱਕ ਕੁੜੀਆਂ ਨੂੰ ਗਾਣਿਆਂ ਤੇ ਨਾਲ ਨਾਲ ਨਚਾਉਣ ਦੀ ਪਿਰਤ ਵੀ ਗਾਇਕਾ ਵਿੱਚੋ ਹੀ ਕੁੱਝ ਕੁ ਗਾਇਕਾ ਨੇ ਖ਼ੁਦ ਹੀ ਪਾਈ ਸੀ ਸ਼ਾਇਦ ਓਸ ਵੇਲੇ ਉਹ ਆਪਣੇ ਗਲੇ ਨੂੰ ਅਰਾਮ ਦਿਵਾਉਂਦੇ ਦਿਵਾਉਂਦੇ ਇੱਕ ਵੱਡੀ ਬਹੁਤ ਭੁੱਲ ਕਰ ਬੈਠੇ ਸਨ । ਸਮੇਂ ਨਾਲ ਇਹਨਾਂ ਦੀ ਕੀਤੀ ਭੁੱਲ, ਇਹਨਾਂ ਦੇ ਹੀ ਸੰਘ ਵਿੱਚ ਫਸੀ ਹੱਡੀ ਬਣ ਬੈਠੀ ।
ਕਲਾਕਾਰਾਂ ਦੀਆਂ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਚਰਖਾ ਚਲਦਾ ਰਿਹਾ ਅਤੇ ਅਸ਼ਲੀਲ ਪੂਣੀਆਂ ਨਾਲ ਕਾਮੁਕਤਾ ਦੇ ਗਲੋਟੇ ਗੂੰਦੇ ਜਾਂਦੇ ਰਹੇ । ਪੰਜਾਬਣ ਮੁਟਿਆਰ ਦਾ ਪਹਿਰਾਵਾ ਪਾ ਕੇ ਸਟੇਜ ਤੇ ਟਪੂਸੀਆਂ ਮਾਰਨ ਵਾਲੀਆਂ ਇਹਨਾਂ ‘ਜ਼ਾਅਲੀ ਪੰਜਾਬਣਾ’ ਨੂੰ ਸ਼ਾਇਦ ‘ਪੰਜਾਬਣ ਜੱਟੀ’ ਦੀ ਮੜਕ ਦਾ ਗਿਆਨ ਹੀ ਨਾ ਹੋਵੇ ਕਿ ਗਿੱਧੇ ਵਿੱਚ ਨੱਚਦੀ ਪੰਜਾਬਣ ਦੀ ਅੱਡੀ ਦੀ ਧਮਕ ਸੱਚਮੁਚ ਹੀ ਲਾਗਲੇ ਚਾਰ ਪਿੰਡਾਂ ਤੱਕ ਸੁਣਦੀ ਹੁੰਦੀ ਸੀ ਅਤੇ ਉਹ ਨੱਚ ਨੱਚਕੇ ਭੂਚਾਲ ਲਿਆ ਦਿੰਦੀ ਸੀ । ਉਸਨੂੰ ਨੱਚਦੀ ਵੇਖ ਮੁਟਿਆਰਾਂ ਤਾਂ ਮੁਟਿਆਰਾਂ ਹਰੇਕ ਬੁੱਢੀ ਠੇਰੀ ਮੇਲਣ ਦਾ ਵੀ ਜੀਅ ਮੋਲੋਮੱਲੀ ਨੱਚਣ ਨੂੰ ਕਰਨ ਲੱਗਦਾ ਸੀ । ਪੰਜਾਬਣ ਮੁਟਿਆਰ ਸਾਰੀ ਸਾਰੀ ਰਾਤ ਨੱਚ ਨੱਚਕੇ ਧਮਾਲਾਂ ਪਾਉਂਦੀ ਨਹੀਂ ਸੀ ਥੱਕਦੀ ਹੁੰਦੀ । ਇਸੇ ਤਰ੍ਹਾ ਦਾ ਹਾਲ ਹੀਲਾ ਭੰਗੜੇ ਦੇ ਮੋਹਰੀ ਪੰਜਾਬੀ ਗਭਰੂ ਜਵਾਨਾਂ ਦਾ ਵੀ ਹੁੰਦਾ ਸੀ ਕਿ ਢੋਲ ਤੇ ਡੱਗਾ ਵੱਜਦਿਆਂ ਹੀ ਸਭਨਾ ਦਾ ਪੱਬ ਉਠਣ ਲੱਗ ਜਾਂਦਾ ਸੀ । ਜੇ ਕਿਤੇ ਪੰਜਾਬਣ ਮੁਟਿਆਰ ਅਤੇ ਪੰਜਾਬੀ ਗਭਰੂ ਇੱਕੋ ਅਖਾੜੇ ਵਿੱਚ ਇਕੱਠੇ ਉਤਰ ਆਉਂਦੇ ਸਨ ਤਾਂ ਸਮਾਂ ਬੰਨ੍ਹ ਦਿੰਦੇ ਸਨ । ਪੌਣਾ ਉਹਨਾਂ ਦੀਆਂ ਧਮਾਲਾਂ ਵੇਖਣ ਵਾਸਤੇ ਰਾਸਤੇ ਬਦਲ ਲੈਂਦੀਆਂ ਸਨ ਅਤੇ ਚੰਦ ਗੋਡੀ ਮਾਰਦਾ ਮਾਰਦਾ ਕੁੱਝ ਪਲ ਰੁੱਕ ਜਾਂਦਾ ਸੀ ।
ਅੱਜ ਕੱਲ੍ਹ ਇਹਨਾਂ ਡੀ.ਜੇ. ਅਤੇ ਚਰਖ਼ੇ ਵਾਲਿਆਂ ਦੀਆਂ ਬੇਢੰਗੀਆਂ ਸਟੇਜਾ ਵੇਖਣ ਵਾਲੇ ਨੂੰ ਏਨਾਂ ਸ਼ਰਮਸਾਰ ਕਰ ਦਿੰਦੀਆਂ ਹਨ ਕਿ ਚਾਵਾਂ ਨਾਲ ਵਿਆਹ ਵਿੱਚ ਪ੍ਰੀਵਾਰ ਸਮੇਤ ਆਇਆ ਆਦਮੀ , ਵਿਆਹ ਨੂੰ ਵਿਚਾਲੇ ਹੀ ਛੱਡਕੇ , ਘਰ ਵਾਪਿਸ ਪਰਤ ਜਾਣ ਵਾਸਤੇ ਮਜਬੂਰ ਹੋ ਜਾਂਦਾ ਹੈ । ਕੁੱਝ ਕੁ ਗਰੁੱਪਾਂ ਨੂੰ ਛੱਡ ਜ਼ਿਆਦਾਤਰ ਗਰੁੱਪਾਂ ਦੇ ਡਾਂਸਰ ਅਤੇ ਡਾਂਸਰਾਂ ਪ੍ਰੀਵਾਰਾਂ ਦੇ ਵਿਚਕਾਰ ਲੱਗੀ ਸਟੇਜ ਉਪਰ ਅਜਿਹੀ ਹਰਕਤ ਕਰ ਜਾਂਦੇ ਹਨ ਕਿ ਧੀਆਂ ਭੈਣਾ ਨਾਲ ਬੈਠਾ ਆਦਮੀਂ ਆਪਮੁਹਾਰੇ ਮੂੰਹੋ ਕਹਿ ਉਠਦਾ ਹੈ ਕਿ ‘ਕੀ ਕੰਜਰਖਾਨਾ ਲਾ ਰੱਖਿਐ’ । ਸਚੁਮੱਚ ਹੀ ਇਹ ਕਲਾਕਾਰ ਇਸ ਤਰ੍ਹਾਂ ਆਪਣੇ ਆਪ ਨੂੰ ਸਟੇਜਾਂ ਤੇ ਪੇਸ਼ ਕਰਦੇ ਹਨ ਕਿ ਇਹਨਾਂ ਦਾ ਡਾਂਸ ਜਾਂ ਹਰਕਤਾਂ ਬਹੁਤ ਅਸਭਿਅਕ ਤੇ ਅਸ਼ਲੀਲ ਹੁੰਦੀਆਂ ਹਨ । ਇਹਨਾਂ ਗਰੁੱਪਾਂ ਵਿੱਚੋਂ ਹੀ ਹੁਣ ਤਾਂ ਕਈਆਂ ਗਰੁੱਪਾਂ ਨੇ ਵੀ ਆਪਣੇ ਨਾਵਾਂ ਨਾਲ ‘ਅਸਲੀ ਸਭਿਆਚਾਰਕ ਗਰੁੱਪ’ ਲਿਖਣਾ ਸ਼ੁਰੂ ਕਰ ਦਿੱਤਾ ਹੈ ਸ਼ਾਇਦ ਇਹਨਾਂ ਨੂੰ ਆਪਣੇ ਸਮਕਾਲੀ ਗਰੁੱਪਾਂ ਵਿੱਚ ਫੈਲੀ ‘ਅਸ਼ਲੀਲਤਾ ਦੀ ਕਾਲਨਿਗਾਰੀ’ ਦਾ ਅਹਿਸਾਸ ਹੋਣ ਲੱਗਾ ਹੋਵੇ ।

ਪਿਛਲੇ ਦਿਨੀਂ ਇਹਨਾਂ ਗਰੁੱਪਾਂ ਦੀ ਇੱਕ ਹੋਰ ਸ਼ਰਮਨਾਕ ਗੱਲ ਸੁਨਣ ਨੂੰ ਮਿਲੀ ਜਿਸ ਨਾਲ ਪੰਜਾਬੀ ਸਭਿਆਚਾਰ ਨਾਲ ਜੁੜਿਆ ਹਰ ਇਨਸਾਨ ਖ਼ੁਦ ਵ ਖ਼ੁਦ ,ਥਾਂ ਤੇ ਹੀ ਗਰਕ ਜਾਣ ਨੂੰ ਮਜਬੂਰ ਹੋ ਜਾਏਗਾ । ਉਹ ਇੱਕ ਲੰਬਾ ਹਉਂਕਾ ਲੈ ਕੇ ਬਸ ਇਹੋ ਹੀ ਕਹਿ ਸਕੇਗਾ ਕਿ ;
‘ਐ ਖ਼ੁਦਾ ਅਸਾਂ ਨੇ ਇਹ ਦਿਨ ਵੀ ਵੇਖਣੇ ਸਨ’
ਬੇਸ਼ੱਕ ਪੁਰਾਣੇ ਸਮਿਆਂ ਵਿੱਚ ਦੋਗਾਣਾ ਜੋੜੀਆਂ ਵੀ ਸਟੇਜਾਂ ਕਰਨ ਜਾਂਦੀਆਂ ਹੁੰਦੀਆਂ ਸਨ ਪਰੰਤੂ ਉਸ ਵੇਲੇ ਜੇ ਕੋਈ ਸ਼ਰਾਬੀ ਕਿਸੇ ਗਾਇਕਾ ਨੂੰ ਇਨਾਮ ਵਾਲੇ ਪੈਸੇ ,ਉਸ ਦੇ ਹੱਥ ਵਿੱਚ ਫੜਾਉਣ ਦੀ ਜ਼ਿੱਦ ਕਰ ਲੈਂਦਾ ਤਾਂ ਸ਼ਰਾਬੀ ਦੀ ਗਾਇਕ ਨਾਲ ਲੜਾਈ ਹੋ ਜਾਣ ਤੱਕ ਦੀ ਨੌਬਤ ਆ ਜਾਂਦੀ ਸੀ । ਗੱਲ ਵਧ ਜਾਣ ਤੇ ਗੋਲੀ ਵੀ ਚੱਲ ਜਾਂਦੀ ਸੀ । ਅੱਜ ਕੱਲ੍ਹ ਇਹਨਾਂ ‘ਡਾਂਸਰਾਂ ਉਰਫ਼ ਡੰਮੀ ਗਾਇਕਾਵਾਂ’ ਨੇ ਸ਼ਰਾਬੀਆਂ ਅਤੇ ਸੋਫ਼ੀਆਂ , ਦੋਹਾਂ ਦੀਆਂ ਜੇਬਾਂ ਵਿੱਚੋਂ ਨੋਟ ਕਢਵਾਉਣ ਦੇ ਕਈ ਅਸਭਿਅਕ ਢੰਗ ,ਤਰੀਕੇ ਲੱਭ ਲਏ ਹਨ ।
ਪਹਿਲਾਂ ਪਹਿਲਾਂ ਅਜਿਹੀਆਂ ਖ਼ਬਰਾਂ ਬੰਬਈ ਦੀਆਂ ਛੋਟੀਆਂ ਮੋਟੀਆਂ ਫਿਲਮੀ ਐਕਟਰੱਸਾ ਵਾਸਤੇ ਸੁਨਣ ਨੂੰ ਮਿਲਿਆ ਕਰਦੀਆਂ ਸਨ ਕਿ ਕਿਸੇ ਵਪਾਰੀ ਨਾਲ ਕੋਈ ਫਿਲਮੀ ਆਰਟਿਸਟ ਡੇਟਸ ਤੇਂ ਚਲੀ ਗਈ ।
ਅਫਸੋਸ ! ਹੁਣ ਇਹ ਖ਼ਬਰਾਂ ਪੰਜਾਬ ਦੇ ਪਿੰਡਾਂ , ਕਸਬਿਆਂ, ਸ਼ਹਿਰਾਂ ਵਿੱਚ ਥਾਂ ਥਾਂ ਫੱਟੇ ਟੰਗ ਕੇ ਬੈਠੇ ਇਹਨਾਂ ਪੰਜਾਬੀ ਸਭਿਆਚਾਰ ਦੇ ਨਵੇਂ ਵਾਰਿਸਾ ਬਾਰੇ ਸੁਨਣ ਨੂੰ ਆਮ ਮਿਲਦੀਆਂ ਹਨ ।
ਪਿਛਲੇ ਸਾਲ ਝੋਨੇ ਦੀ ਫਸਲ ਵੇਲੇ ਖੇਤਾਂ ਦੀਆਂ ਬੰਬੀਆਂ ਦੀ ਰਾਖੀ ਨੌਜਵਾਨ ਪੁੱਤਾਂ ਦੀ ਬਜਾਏ , ਪੇਂਡੂ ਬੁੜੀਆਂ ਔਰਤਾਂ ਨੇ ਆਪਣੇ ਬਜ਼ੁਰਗ ਪਤੀਆਂ ਨੂੰ ਭੇਜਣਾ ਮੁਨਾਸਿਬ ਸਮਝਿਆ ਕਿਉਂਕਿ ਇਹ ਸਭਿਆਚਾਰ ਦੀ ਰਖਵਾਲੀ ਕਰਦੀਆਂ ਡਾਂਸਰਾਂ ,ਸਭਿਆਚਾਰ ਦੀ ਸੇਵਾ ਕਰਨ ਦੇ ਨਾਲ ਨਾਲ ,ਵਿਹਲੇ ਸਮੇਂ ਵਿੱਚ ਰਾਤਾਂ ਨੂੰ ਖੇਤ ਦੇ ਰਖਵਾਲਿਆਂ ਨਾਲ ਬੰਬੀਆਂ ਦੀ ਰਖਵਾਲੀ ਕਰਨ ਜਾਂ ਉਹਨਾਂ ਦੀ ਸੇਵਾ ਕਰਨ ਵਾਸਤੇ ਕਿਰਾਏ ਤੇ ਵੀ ਆ ਜਾਂਦੀਆਂ ਸਨ । ਪੰਜਾਬੀ ਸਭਿਆਚਾਰ ਦੀ ਦੁਹਾਈ ਪਾਉਂਦੀਆਂ ਇਹ ਦੁਕਾਨਾਂ ਸਾਡੇ ਅਮੀਰ ਸਭਿਆਚਾਰਕ ਸ਼ਰਮਾਏ ਨੂੰ ਕਿੰਨਾਂ ਜ਼ਲੀਲ ਕਰ ਕਰ ਲੁਟਾ ਰਹੀਆਂ ਹਨ । ਇਹ ਗੱਲ ਹੁਣ ਬਹੁਤੀ ਦੇਰ ਛੁਪਕੇ ਰਹਿਣ ਵਾਲੀ 
ਨਹੀਂ । ਮੈਨੂੰ ਇੱਕੋ ਸਵਾਲ ਘੁਣ ਵਾਂਗ ਅੰਦਰੋ ਅੰਦਰੀ ਖਾਈਂ ਜਾ ਰਿਹਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਤਾਂ ਪਹਿਲਾਂ ਹੀ ‘ਨਸ਼ਿਆਂ ਦੀ ਲਤ’ ਨੇ ਬਰਬਾਦ ਕਰ ਦਿੱਤਾ ਹੈ । ਹੁਣ ਸਭਿਆਚਾਰ ਦੇ ਨਾਂ ’ਤੇ ਹੋ ਰਹੇ ਇਹਨਾਂ ਅਸਭਿਅਕ ਕੰਮਾਂ ਕਰਕੇ ਪੰਜਾਬ ਦੇ ਗਭਰੂ ਹੋਰ ਕੀ ਕੀ ਐਬ ਲਗਵਾ ਬੈਠਣਗੇ , ਇਹ ਗੱਲ ਤੁਹਾਡੇ ਸਾਡੇ ਵਾਸਤੇ ਚਿੰਤਾ ਕਰਨਯੋਗ ਹੈ ।
ਇਹਨਾਂ ‘ਅਸਭਿਆਚਾਰਕ ਗਰੁੱਪਾਂ’ ਨੂੰ ਹੁਣ ਕੌਣ ਨਕੇਲ ਪਾਏਗਾ ਸਰਕਾਰ ਜਾਂ ਲੋਕ ?
****

ਮੋਬਾਇਲ ਨੰਬਰ : 98885-05577

ਵੰਡ ਹੀ ਗਈ ਤਾਏ - ਭਤੀਜੇ ਦੀ ਸਿਆਸੀ ਖੀਰ ………… ਵਿਅੰਗ / ਜਰਨੈਲ ਘੁਮਾਣ

-ਮਾਸਟਰ ਜੀ ,ਅੱਜ ਅਖ਼ਬਾਰ ’ਚ ਬੜਾ ਖ਼ੂਬ ਕੇ ਬੈਠੇ ਓ ! ਸੁੱਖ ਤਾਂ ਹੈ ਅਜਿਹਾ ਕੀ ਛਪਿਆ ਅੱਜ ਜਿਹੜਾ ਅੱਖਰਾਂ ਦੇ ਵਿੱਚ ਵੜਨ ਨੂੰ ਫਿਰਦੇ ਓ …
-ਤਾਏ – ਭਤੀਜੇ ਦੀ ਵੰਡ ਗਈ ਸਿਆਸੀ ਖੀਰ ਦੀ ਖ਼ਬਰ ਪੜ੍ਹ ਰਿਹਾ ਫੌਜੀ ਸਾਹਿਬ ,ਦੇਖੋ ਸਿਆਸਤ ਕੈਸੀ ਖੇਡ ਆ , ਜਦੋਂ ਮੌਕਾ ਪੈਂਦੇ ਤਾਂ ਬੰਦਾ ਆਪਣਿਆਂ ਨੂੰ ਵੀ ਨਹੀਂ ਬਖ਼ਸਦਾ । ਰਘੜਤਾ ਨਾ ਵਿਚਾਰਾ ਮਨਪ੍ਰੀਤ ਬਾਦਲ ਸਿਆਸੀ ਪੈਂਤੜੇਬਾਜ਼ੀ ਨੇ ।
-ਹਾ…ਹਾ..ਹਾ…ਹਾ ………ਭਲਾ ਬੱਕਰੇ ਦੀ ਮਾਂ ਕਦ ਤੱਕ ਖ਼ੈਰ ਮਨਾਉਂਦੀ ਮਾਸਟਰਾ , ਬਾਦਲ ਸਾਬ ਨਾ ਰਗੜਦੇ ਤਾਂ ਸਵਾ ਕੁ ਸਾਲ ਨੂੰ ਲੋਕ ਰਗੜ ਦਿੰਦੇ ,ਸਬ ਸੀ.ਡੀਆਂ ਦੇ ਦੁਸ਼ਮਣ ਨੂੰ …….., ਪੁੱਛਣ ਵਾਲਾ ਹੋਵੇ ਪਈ ਕਾਕਾ ਤੂੰ ਆਪਣੀ ਲਾਲਾ ਬੱਤੀ ਵਾਲੀ ਕਾਰ ’ਚ ਨਜ਼ਾਰੇ ਲੈ … ਰੋਜ਼ ਰੋਜ਼ ਸਰਕਾਰ ਦਾ ਢਿੱਡ ਨੰਗਾ ਕਰਕੇ ਆਹ ਕੁੱਝ ਹੀ ਕਰਵਾਉਣਾ ਸੀ ਜੋ ਹੁਣ ਕਰਵਾ ਲਿਆ ।

-ਅਮਲੀਆ ਕਿਸੇ ਹੱਦ ਤੱਕ ਤਾਂ ਠੀਕ ਸੀ ਖਜ਼ਾਨਾ ਮੰਤਰੀ ਦੀਆਂ ਗੱਲਾਂ …. ਸਰਕਾਰ ਦੇ ਹਜ਼ਮ ਨਹੀਂ ਹੋਈਆਂ ਬਸ !..............ਬਿਸ਼ਨੇ ਬੁੜੇ ਨੇ ਮਿੱਠਾ ਪੋਚਾ ਮਾਰਿਆ ।
-ਨਾ ਚਾਚਾ ਸਿਆਂ ! ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਪਈ ਤੁਸੀਂ ਲੀਡਰ ਲੋਕ ਹਮੇਸ਼ਾਂ ਜੱਟਾਂ ਦੇ ਪਿੱਛੇ ਹੀ ਕਿਉਂ ਪੈਨੇ ਓ ਭਲਾ , ਹੋਰ ਲੋਕ ਵੀ ਨੇ ਜਿਹਨਾਂ ਕਰਕੇ ਤੁਹਾਡੀਆਂ ਸਰਕਾਰਾਂ ਦੇ ਖਜ਼ਾਨੇ ਖਾਲੀ ਖੜਕਦੇ ਆ ….ਉਹਨਾਂ ਨੂੰ ਤਾਂ ਕੁੱਝ ਕਹਿੰਦੀਆਂ ਨਹੀਂ ਥੋਡੀਆਂ ਸਰਕਾਰਾਂ ….. ਅਮਲੀ ਭਾਵੁਕ ਹੋ ਗਿਆ 
-ਦੇਖੋ ਜੀ ! ਮੇਰੇ ਹਿਸਾਬ ਨਾਲ ਪਾਰਟੀ ਨੇ ਜੋ ਫੈਸਲਾ ਕੀਤੈ , ਉਹ ਬਹੁਤ ਵਧੀਆਂ ਤੇ ਢੁੱਕਵਾਂ ਫੈਸਲਾ ਆ । ਮਨਪ੍ਰੀਤ ਸਾਹਿਬ ਨੂੰ ਸਰਕਾਰ ਦਾ ਹਿੱਸਾ ਹੁੰਦੇ ਹੋਏ ..ਰੋਜ਼ਾਨਾ ਰੋਜ਼ਾਨਾ ਖ਼ੁਦ ਹੀ ਸਰਕਾਰ ਦਾ ਭੰਡੀ ਪ੍ਰਚਾਰ ਜਿਹਾ ਕਰਵਾਉਣ ਵਾਲੀ ਠੀਕ ਗੱਲ ਨਹੀਂ ਸੀ ………ਕੁੰਢਾ ਕਾਲੀ ਤਾਸ਼ ਦੇ ਪੱਤੇ ਵੰਡਦਾ ਵੰਡਦਾ ਬੋਲ ਰਿਹਾ ਸੀ ।
-ਵੈਸੇ ਗਲਤ ਕੀ ਕਹਿ ਰਿਹਾ ਸੀ ਮਨਪ੍ਰੀਤ .. ਜੋ ਕਹਿ ਰਿਹਾ ਸੀ ਬਿਲਕੁਲ ਠੀਕ ਹੀ …ਨਾਲੇ ਉਸਨੂੰ ਤਾਂ ਤਿੰਨ ਸਾਲ ਤੋਂ ਵੀ ਵੱਧ ਹੋ ਗਏ ਅਜਿਹੀ ਬਿਆਨਬਾਜ਼ੀ ਕਰਦਿਆਂ …ਜੇ ਕਿਤੇ ਗਲਤ ਸੀ ਤਾਂ ਪਹਿਲੇ ਦਿਨ ਹੀ ਅਜਿਹਾ ਫੈਸਲਾ ਲੈ ਲੈਂਦੇ ਤਾਂ ਜੱਗ ਹਸਾਈ ਤੋਂ ਤਾਂ ਬਚ ਜਾਂਦੇ ……… ….।
-ਨਾ ਬਈ ਨਾ ..ਕਾਂਗਰਸੀ ਚਾਚਾ ਏਥੇ ਤੂੰ ਗਲਤ ਬੋਲਦੈਂ ………ਸਕੇ ਭਤੀਜੇ ਨਾਲ ਕੁੱਝ ਤਾਂ ਰਿਆਇਤ ਕਰਨੀ ਪੈਣੀ ਸੀ ਮੁੱਖ ਮੰਤਰੀ ਸਾਹਿਬ ਨੂੰ , ਸੋ ਜਿੰਨਾ ਚਿਰ ਹੋ ਸਕਿਆ ਉਨਾਂ ਚਿਰ ਕੁਰਸੀ ਬੱਚਦੀ ਰਹੀ ..ਹੁਣ ਜਦੋਂ ਅਖੀਰ ਹੀ ਆ ਗਈ ਤਾਂ ਕੁੱਝ ਨਾ ਕੁੱਝ ਤਾਂ ਕਰਨਾ ਹੀ ਪੈਣਾ ਸੀ …….ਨੈਬ ਸਿੰਘ ਫੌਜੀ ਨੇ ਇੱਟ ਦੀ ਬੇਗੀ ਸੁੱਟਦਿਆਂ ਕਿਹਾ ।
-ਸੁਣੋ ….ਨਾਲੇ ਮੈਂ ਤੁਹਾਨੂੰ ਇੱਕ ਗੱਲ ਹੋਰ ਦਸ ਦੇਵਾਂ ਸਾਡੀ ਸਰਕਾਰ ਕਿਸਾਨਾ ਦੀ ਸਰਕਾਰ ਹੈ …..ਸਾਡੇ ਸੂਝਵਾਨ ਨੇਤਾਵਾਂ ਨੇ ਇਹ ਕੰਮ ਕਰਕੇ ਕਿਸਾਨ ਪੱਖੀ ਹੋਣ ਦਾ ਪੱਕਾ ਸਬੂਤ ਦਿੱਤੈ ਕਿ ਕਿਸਾਨ ਹਿੱਤਾ ਵਾਸਤੇ ਅਸੀਂ ਕੁੱਝ ਵੀ ਕਰ ਸਕਦੇ ਹਾਂ …ਭਾਵੇਂ ਘਰਦੇ ਬੰਦੇ ਹੀ ਕਿਉਂ ਨਾ ਹੋਣ ਸਾਨੂੰ ਕਿਸਾਨਾ ਦੇ ਹਿੱਤ ਪਹਿਲਾਂ ਪ੍ਰੀਵਾਰ ਦੇ ਹਿੱਤ ਬਾਅਦ ਵਿੱਚ .. ਕੁੰਢਾ ਕਾਲੀ ਬੇਗੀ ਤੇ ਬਾਦਸ਼ਾਹ ਸੁਟਦਿਆਂ ਬੋਲਿਆ ।
-ਨਾ ….ਬਈ ..ਨਾ ਕਾਲੀ ਚਾਚਾ …ਮੈਂ ਨਹੀ ਮੰਨਦਾ ਪਈ ਥੋਡੀ ਸੇਵਾ ਸਰਕਾਰ ਕਿਸਾਨ ਦੀ ਹਮਾਇਤੀ ਆ ….. ਜੇ ਸੇਵਾ ਸਰਕਾਰ , ਕਿਸਾਨਾ ਦੀ ਸਰਕਾਰ ਹੁੰਦੀ ਤਾਂ ਥੋਡੇ ਰਾਜ ਵਿੱਚ ਵਿਚਾਰੇ ਕਿਸਾਨਾ ਨੂੰ ਵਾਰ ਵਾਰ ਜ਼ਲੀਲ ਨਾ ਹੋਣਾ ਪੈਂਦਾ ……. ਕਦੇ ਬਿਜਲੀ ਦੇ ਬਿਲਾਂ ਦੇ ਮੁਆਫ਼ੀਨਾਮੇ ਕਰਕੇ ਤੇ ਕਦੇ ਬਿਜਲੀ ਨਾ ਆਉਣ ਕਰਕੇ ………ਨੈਬ ਸਿੰਘ ਫੌਜੀ ਨੇ ਕੁੰਢੇ ਕਾਲੀ ਦੀ ਗੱਲ ਨੂੰ ਕੱਟਦਿਆਂ ਇੱਟ ਦੇ ਯੱਕੇ ਨਾਲ ਸਰ ਜਿੱਤ ਲਈ ।
-ਹਾ…ਹਾ……..ਹਾ……ਥੋਡੀ ਜੱਟ ਯੂਨੀਅਨ ਵਾਲੇ ਤਾਂ ਖ਼ੁਸ਼ ਹੋਗੇ ਹੋਣਗੇ ਫੌਜੀ ਸਾਬ ਕਿ ਨਹੀਂ …..ਅਮਲੀ ਖਿੜ ਖਿੜ ਕਰਕੇ ਹੱਸਦਾ ਬੋਲਿਆ ।
-ਇਹਦੇ ਵਿੱਚ ਖ਼ੁਸ਼ ਹੋਣ ਵਾਲੀ ਕਿਹੜੀ ਗੱਲ ਆ ਅਮਲੀਆਂ …ਅਗਲਿਆਂ ਦਾ ਅੰਦਰੂਨੀ ਮਾਮਲੈ ਜਿਵੇਂ ਚੰਗਾ ਲੱਗਾ ਕਰ ਦਿੱਤਾ .ਨੈਬ ਸਿੰਘ ਫੌਜੀ ਨੇ ਤਾਸ਼ ਦੇ ਪੱਤੇ ਮੱਘਰ ਮਾਸਟਰ ਨੂੰ ਫੜਾਉਂਦਿਆਂ ਕਿਹਾ ।
-ਅੰਦਰੂਨੀ ਮਾਮਲਾ ਸੀ ……………ਹਾ…ਹਾ……ਹਾ……… ਵੈਸੇ ਤਾਂ ਮਾਸਟਰ ਜੀ ਤੁਸੀਂ ਪੜ੍ਹੇ ਲਿਖੇ ਓ ………ਮੈਨੂੰ ਇੱਕ ਗੱਲ ਦੱਸੋ ਪਈ ਜੇ ਇਹ ਮਾਮਲਾ ਅੰਦਰੂਨੀ ਸੀ ਤਾਂ ਅੰਦਰੋਂ ਬਾਹਰ ਕਿਵੇਂ ਆ ਗਿਆ ….ਅੰਦਰੋ ਅੰਦਰੀ ਕਿਉਂ ਨਹੀਂ ਨਬੇੜਿਆ ਗਿਆ ਭਲਾ …………ਅਮਲੀ ਫਿਰ ਬੋਲਿਆ ।
-ਤੂੰ ਅੰਬ ਲੈਣੇ ਆਂ ..ਅਮਲੀਆਂ ..ਆਪਣੀ ਨਸ਼ਵਾਰ ਜਿਹੀ ਸੜ੍ਹਾਕ ਅਤੇ ਬੁੱਲ੍ਹੇ ਵੱਢ …….ਕੁੰਢੇ ਕਾਲੀ ਨੇ ਗੱਲ ਦਾ ਲਹਿਜ਼ਾ ਬਦਲਣ ਦੀ ਕੋਸ਼ਿਸ਼ ਕਰਦਿਆਂ ਕਿਹਾ ।
-ਅੰਬ ਤਾਂ ਕਾਲੀ ਚਾਚਾ ਤੂੰ ਵੀ ਨਹੀਂ ਲੈਣੇ ਫਿਰ ਤੂੰ ਕੀ ਰੋਜ਼ਾਨਾ ਅੰਬ ਲੈਣ ਜਾਨੈ ਚੰਡੀਗੜ੍ਹ ?
-ਮੈਂ ਚੰਡੀਗੜ੍ਹ ਜਾਨਾ ..ਲੋਕਾਂ ਦੇ ਕੰਮ ਕਰਵਾਉਣ …
-ਨਾ ਜੇ ਗੁੱਸਾ ਨਾ ਕਰੇ ਕੁੰਢਾ ਸਿਆਂ ਇੱਕ ਗੱਲ ਪੁੱਛਾਂ ..ਵੈਸੇ ਤਿੰਨ ਸਾਢੇ ਤਿੰਨ ਸਾਲ ਤੁਸੀਂ ਪਿੰਡ ਦਾ ਜਾਂ ਪਿੰਡ ਦੇ ਕਿਸੇ ਜੀਅ ਦਾ ਕਿਹੜਾ ਕੰਮ ਕਰਵਾਇਐ ……..ਬਿਸ਼ਨੇ ਬੁੜੇ ਨੇ ਕੁੰਢੇ ਕਾਲੀ ਦੇ ਹੱਢ ਤੇ ਮਾਰਦਿਆਂ ਕਿਹਾ ।
-ਕੰਮ…….ਕੰਮ……. ਹੋਰ ਆਹ ਐਂਵੀ ਹੋਈ ਜਾਂਦੇ ਆ ਸਾਰੇ ਕੰਮ ..ਮੈਂ ਦਿੜ੍ਹਬੇ ਤੋਂ ਸੁਨਾਮ ਵਾਇਆ ਜਨਾਲ ਮਿੰਨੀ ਬੱਸ ਨਹੀਂ ਲਗਵਾਈ ਕਿ ਪੈਟਰੌਲ ਪੰਪ ਨਹੀਂ ਲਗਵਾ ਕੇ ਦਿੱਤਾ ..ਹੋਰ ਕਿਹੜੇ ਕੰਮ ਹੁੰਦੇ ਆ…
-ਸਹੀ ਗੱਲ ਆ ਚਾਚਾ ਸਿਆਂ ……..ਮਿੰਨੀ ਬਸ ਤੁਹਾਡੇ ਭਾਣਜੇ ਦੀ ਆ ਅਤੇ ਪੈਟਰੌਲ ਪੰਪ ਤੇਰਾ ਅਤੇ ਸਰਪੰਚ ਦੇ ਸਾਲੇ ਦਾ ਸਾਂਝਾਂ ਆ ,,ਨੈਬ ਸਿੰਘ ਫੌਜੀ ਨੇ ਕਰਾਰੀ ਚੋਟ ਕਰਦਿਆਂ ਕਿਹਾ ।
-ਜਿਸ ਦਾ ਮਰਜ਼ੀ ਹੋਵੇ ਤੁਹਾਨੂੰ ਲੋਕਾਂ ਨੂੰ ਸਹੂਲਤ ਤਾਂ ਮਹੱਈਆ ਕਰਵਾਈ ……….ਤੇ ਪਹਿਲਾਂ ਖੱਚਰ ਰੇਹੜਿਆਂ ’ਚ ਧੱਕੇ ਖਾਂਦੇ ਜਾਂਦੇ ਸੀ ਸੁਨਾਮ ! …………ਕੁੰਢਾ ਕਾਲੀ ਫਿਰ ਬੋਲਿਆ ।
- ਨਾ ਬਈ ਨਾ…ਫੌਜੀ ਸਾਹਿਬ …….ਕੁੰਢੇ ਚਾਚੇ ਨੂੰ ਗਲਤ ਨਾਲ ਬੋਲੋ ਅਤੇ ਨਾ ਹੀ ਗਲਤ ਸਮਝੋ ਇਹ ਸੇਵਾ ਸਰਕਾਰ ਦੇ ਪੱਕੇ ਭਗਤ ਨੇ …ਲੋਕਾਂ ਦੀ ਸੇਵਾ ਦਾ ਪੂਰਾ ਪੂਰਾ ਖ਼ਿਆਲ ਰੱਖਦੇ ਆ ….ਬੇਸ਼ੱਕ ਬਸਾਂ ਵਾਲੇ ਪਾਸੇ ਹੋਵੇ , ਬੇਸ਼ੱਕ ਪੈਟਰੌਲ ਜਾਂ ਠੇਕਿਆਂ ਵਾਲੇ ਪਾਸੇ ..ਹੁਣ ਖੋਹਲ ਤੇ ਨਾ ਮੋੜ ਮੋੜ ਤੇ ਠੇਕੇ ਸਰਕਾਰ ਨੇ …ਏਸ ਤੋਂ ਕੀ ਸੇਵਾ ਕਰੂ ਸੇਵਾ ਸਰਕਾਰ ਤੁਹਾਡੀ ………ਅਮਲੀ ਨੇ ਵਿਅੰਗ ਕੱਸਣੇ ਸ਼ੁਰੂ ਕਰ ਦਿੱਤੇ ।
-ਥਾਂ ਥਾਂ ਠੇਕੇ ਅਸੀਂ ਨਹੀਂ ਖੋਹਲੇ ਸਾਥੋਂ ਪਹਿਲੀ ਸਰਕਾਰ ਦਾ ਕੰਮ ਆ ਨਾਲੇ ਇਸ ਵਿੱਚ ਕੀ ਬੁਰਾਈ ਆ ਭਲਾ ……….ਕੁੰਢਾ ਕਾਲੀ ਫਿਰ ਬੋਲਿਆ ।
-ਚਾਚਾ ਸਿਆਂ ਇੱਕ ਸਲਾਹ ਦੇਵਾਂ ਜੇ ਗੁੱਸਾ ਨਾ ਕਰੇ ….ਅਮਲੀ ਬੋਲਿਆ
-ਬੋਲ 
-ਤੂੰ ਵੀ ਨਾ ਆਹ ਬਿਆਨ ਜਿਹੇ ਘੱਟ ਵੱਧ ਹੀ ਦਿਆ ਕਰ …..ਸ਼ਰਾਬ ਦੇ ਠੇਕਿਆਂ ਬਾਬਤ … ਬੱਸਾਂ ਬਾਬਤ ਜਾਂ ਹੋਰ ਵੀ ਆਹ ਕੇਬਲ਼ਾ ਸੇਬਲਾਂ , ਟੀ.ਵੀਆਂ ,ਸੀਵੀਆਂ ਬਾਬਤ …..ਜ਼ਿਆਦਾ ਬੋਲਦਾ ਰਿਹਾ ਤਾਂ ਥੋਡੀ ਪਾਰਟੀ ਨੇ ਕਦੇ ਮਨਪ੍ਰੀਤ ਵਾਗੂੰ ਤੇਰਾ ਪੱਤਾ ਵੀ ਕੱਟ ਦੇਣੈ ..ਹਾ..ਹਾ..ਹਾ…………।
-ਅਮਲੀਆਂ ! ਪਹਿਲਾਂ ਤੂੰ ਨਾ ਛਿੱਤਰਪ੍ਰੇਡ ਕਰਵਾ ਲਵੀਂ ਤੂੰ ਆਪਣੀ ਔਕਾਤ ’ਚ ਰਹਿ ਬਸ ।
-ਫੌਜੀ ਸਾਹਿਬ ਫਿਰ ਹੁਣ ਨਹੀਂ ਜਾਂਦੀ ਤੁਹਾਡੀ ‘ਜੱਟ ਯੂਨੀਅਨ’ ਚੰਡੀਗੜ੍ਹ ? 
ਧੰਨਵਾਦੀ ਮੁਜ਼ਾਹਰਾ ਕਰਨ ਮਨਪ੍ਰੀਤ ਵਾਲੇ ਮਾਮਲੇ ’ਚ ਸਰਕਾਰ ਦਾ ..ਮੱਘਰ ਮਾਸਟਰ ਨੇ ਫੌਜੀ ਨੈਬ ਸਿੰਘ ਨੂੰ ਟਕੋਰ ਮਾਰੀ ।
-ਆਹੋ ਬਈ ! ਜਾਣਾ ਤਾਂ ਚਾਹੀਂਦੈ ਤੁਹਾਨੂੰ ਫੌਜੀ ਸਾਹਿਬ ਕਿਉਂਕਿ ਤੁਹਾਡੀਆਂ ਸਬ ਸੀਡੀਆਂ ਦੇ ਦੁਸ਼ਮਣ ਦਾ ਪੱਤਾ ਸਾਫ਼ ਜੋ ਹੋ ਗਿਆ ..ਬਿਸ਼ਨੇ ਬੁੜੇ ਨੇ ਮੱਘਰ ਮਾਸਟਰ ਦੀ ਗੱਲ ਨਾਲ ਸਹਿਮਤੀ ਪ੍ਰਗਟਾਈ ।
-ਹਾ..ਹਾ..ਹਾ.. ਫੌਜੀ ਸਾਹਿਬ ਝੰਡੀ ਚੁੱਕ ਕੇ ਚੰਡੀਗੜ੍ਹ ਜਾਓ ਤਾਂ ਜਰੂਰ ਪਰੰਤੂ ਨਾਹਰਾ ਲਾਇਓ ਮਨਪ੍ਰੀਤ ਬਾਦਲ ਨੂੰ ਮੁੜ ਤੋਂ ਮੰਤਰੀ ਬਣਾਉਣ ਦਾ ……ਅਮਲੀ ਨੇ ਜਿਵੇਂ ਕੋਈ ਡੂੰਘੀਂ ਗੱਲ ਕਹਿ ਦਿੱਤੀ ।
-ਅਮਲੀਆਂ ਉਹ ਕਿਵੇਂ ਭਲਾ ..ਮੱਘਰ ਮਾਸਟਰ ਨੇ ਅਮਲੀ ਨੂੰ ਆਪਣੀ ਗੱਲ ਤੋਂ ਸਵਾਲੀਆਂ ਚਿੰਨ੍ਹ ਹਟਾਉਣ ਵਾਸਤੇ ਕਿਹਾ ।
-ਗੱਲ ਤਾਂ ਸਾਫ਼ ਨਜ਼ਰ ਆ ਰਹੀ ਆ ਮਾਸਟਰ ਜੀ .ਅਮਲੀ ਠੀਕ ਤਾਂ ਕਹਿ ਰਿਹੈ ... ਹੁਣ ਜੇ ਮਨਪ੍ਰੀਤ ਹੋਰਾਂ ਦੇ ਹੱਕ ਵਿੱਚ ਖੜਨਗੇ ਤਾਂ ਹੀ ਰੋਜ਼ਾਨਾ ਰੋਜ਼ਾਨਾ ਮੁਜ਼ਾਹਰੇ ਕਰਨ ਵਾਸਤੇ ਨਵੇਂ ਨਵੇਂ ਮੁੱਦੇ ਮਿਲਣਗੇ ਜੇ ਭਲਾ ਸਰਕਾਰ ਨੇ ਖਜ਼ਾਨਾ ਮਹਿਕਮਾ ਕਿਸੇ ‘ਜੈਸ ਸਰ’ ਨੂੰ ਦੇ ਦਿੱਤਾ ਤਾਂ ‘ਜੱਟ ਯੂਨੀਅਨ’ ਕਿਸ ਬਹਾਨੇ ਕਰੂਗੀ ਮੁਜ਼ਾਹਰੇ ਚੰਡੀਗੜ੍ਹ ਜਾ ਜਾ …………..ਬਿਸ਼ਨੇ ਬੁੜੇ ਨੇ ਮੱਘਰ ਮਾਸਟਰ ਨੂੰ ਸਮਝਾਉਂਦਿਆਂ ਕਿਹਾ ।
-ਵੈਸੇ ਜੋ ਹੋਇਆ …..ਉਹ ਮਾੜਾ ਹੋਇਆ ਪਤਾ ਨਹੀਂ ਚੰਗਾ ………ਹੁਣ ਇੱਕ ਗੱਲ ਜਰੂਰ ਆ ਚਾਚਾ ਸਿਆਂ ……
ਹੁਣ ‘ਸੇਵਾ ਸਰਕਾਰ’ ਦਾ ਵਾਰ ਵਾਰ ਢਿੱਡ ਨੰਗਾ ਹੋਣ ਤੋਂ ਬੱਚ ਜਾਊ ………ਹਾ………ਹਾ….ਹਾ…….ਅਮਲੀ ਖਿੜ ਖਿੜ ਕਰਕੇ ਉਨੀਂ ਦੇਰ ਤੱਕ ਹੱਸਦਾ ਰਿਹਾ ਜਦੋਂ ਤੱਕ ‘ਤਾਸ਼ ਮੰਡਲੀ’ ਤਾਸ਼ ਦੇ ਪੱਤੇ ਇਕੱਤਰ ਕਰ , ਆਪੋ ਆਪਣੇ ਘਰਾਂ ਨੂੰ ਨਹੀਂ ਤੁਰ ਪਈ 

****

ਹੁਸਨ ਵੀ ਤਾਂ.......... ਗ਼ਜ਼ਲ / ਜਰਨੈਲ ਸਿੰਘ ਨਿਰਮਲ

ਹੁਸਨ ਵੀ ਤਾਂ ਦਿਨ-ਬਦਿਨ ਮਗਰੂਰ ਹੁੰਦਾ ਜਾ ਰਿਹੈ
ਇਸ਼ਕ ਤੋਂ ਬੇਅੰਤ ਕੋਹਾਂ ਦੂਰ ਹੁੰਦਾ ਜਾ ਰਿਹੈ

ਕੌਣ ਦਿੰਦਾ ਹੈ ਬਲੀ ਅੱਜ ਜਿ਼ੰਦਗੀ ਦੀ ਪਿਆਰ ਨੂੰ
ਧੋਖਿਆਂ ਦਾ ਪਿਆਰ ਵਿਚ ਦਸਤੂਰ ਹੁੰਦਾ ਜਾ ਰਿਹੈ

ਕੁਝ ਜ਼ਮਾਨੇ ਦੀ ਹਵਾ ਹੀ ਹੋ ਗਈ ਹੈ ਇਸ ਤਰ੍ਹਾਂ
ਹਰ ਕੋਈ ਚੁੱਪ ਰਹਿਣ ਲਈ ਮਜਬੂਰ ਹੁੰਦਾ ਜਾ ਰਿਹੈ

ਰੌਸ਼ਨੀ ਮੂਸੇ ਨੂੰ ਕਿੱਦਾਂ ਮਿਲੇਗੀ ਕੋਹਤੂਰ ਤੋਂ
ਆਪ ਜਦ ਕਾਲ਼ਾ ਸਿਆਹ ਕੋਹ-ਤੂਰ ਹੁੰਦਾ ਜਾ ਰਿਹੈ

ਪਿਆਰ ਪੂੰਜੀ ਸਾਂਭ ਕੇ ਰੱਖੀ ਨਹੀਂ ‘ਨਿਰਮਲ’ ਰਤਾ
ਨਫ਼ਰਤਾਂ ਦੇ ਨਾਲ਼ ਦਿਲ ਭਰਪੂਰ ਹੁੰਦਾ ਜਾ ਰਿਹੈ

****


ਸੰਮੋਹਨ.......... ਨਜ਼ਮ/ਕਵਿਤਾ / ਹਰੀ ਸਿੰਘ ਮੋਹੀ

ਲਿਖਦੇ ਕਾਹਦਾ ਓ
ਸੰਮੋਹਿਤ ਕਰ ਲੈਂਦੇ ਓ
ਅਰਥਾਂ ਦੀਆਂ ਤਹਿਆਂ
ਦੇ ਵਿਚ ਲਹਿ ਜਾਂਦੇ ਹਾਂ…
ਅਸਲੀ ਅਰਥ ਨੂੰ
ਫੜ੍ਹਨ ਤੋਂ
ਫਿਰ ਵੀ ਰਹਿ ਜਾਂਦੇ ਹਾਂ…
ਕਿਤੇ ਕੋਈ ਵਿਸ਼ਰਾਮ ਚਿੰਨ੍ਹ
ਡੰਡੀ-ਵਿਸਮਿਕ ਜਾਂ ਪ੍ਰਸ਼ਨ ਚਿੰਨ੍ਹ ਨਹੀਂ
ਅੱਧੇ ਸ਼ਬਦ- ਅਧੂਰੀਆਂ ਸਤਰਾਂ
ਭਾਵਾਂ ਦੇ ਕੋਲਾਜ ‘ਚ
ਅੱਖ ਚਿਪਕ ਜਾਂਦੀ ਹੈ…
ਅੱਧ ਵਿਚਾਲ਼ੇ ਪੁੱਜਦੇ ਪੁੱਜਦੇ
ਮੁੱਢਲੀ ਕੜੀ ਖਿਸਕ ਜਾਂਦੀ ਹੈ
ਤਿਲਮਿਲਾਂਵਦੇ
ਰਹਿ ਜਾਂਦੇ ਹਾਂ
ਬੱਸ
ਸੰਮੋਹਿਤ ਕਰ ਲੈਂਦੇ ਓ…


ਜਿੱਤ.......... ਨਜ਼ਮ/ਕਵਿਤਾ / ਸੀਮਾ ਚਾਵਲਾ

ਸਭ ਤੋਂ ਔਖਾ ਹੁੰਦਾ ਏ
ਕਿਸੇ ਦੀ ਰੂਹ ਨੂੰ ਸਰ ਕਰ ਲੈਣਾ
ਤੇ
ਤੈਨੂੰ ਤਾਂ ਖ਼ੁਦ ਪਤਾ ਨਾ ਲੱਗਿਆ
ਤੂੰ ਇਹ ਕੰਮ ਕਦੋਂ ਕਰ ਲਿਆ



ਆਜ਼ਾਦੀ

ਤੇਰੀ ਕੈਦ ਚੋਂ
ਆਜ਼ਾਦ ਹੋ ਕੇ
ਬਹੁਤ ਉਦਾਸ ਹਾਂ ਮੈਂ
ਇਹ ਕੇਹੀ ਆਜ਼ਾਦੀ ਹੈ
ਨਾ ਤੇਰੇ ਕਰੀਬ
ਨਾ ਆਪਣੇ ਪਾਸ ਹਾਂ ਮੈਂ

ਸੱਚ ਦਾ ਢੋਲ……… ਗ਼ਜ਼ਲ / ਗੋਬਿੰਦ ਰਾਮ ਲਹਿਰੀ

ਸੱਚ ਦਾ ਢੋਲ ਵਜਾਉਂਦਾ ਰਹਿਬਰ
ਝੂਠ ਤੇ ਪਰਦਾ ਪਾਉਂਦਾ ਰਹਿਬਰ

ਚੁੱਪ ਚਾਂਦ ਹੈ ਇਸ ਬਸਤੀ ਵਿਚ
ਲੋਕਾਂ ਨੂੰ ਭੜਕਾਉਂਦੈ ਰਹਿਬਰ

ਬਾਗ਼ ‘ਚ ਪੰਛੀ ਤਾਂ ਰੋਂਦੇ ਹਨ
ਬਾਗ਼ ਨੂੰ ਲਾਂਬੂ ਲਾਉਂਦੈ ਰਹਿਬਰ

ਜਰਬਾਂ ਤੇ ਤਕਸੀਮਾਂ ਦੇ ਵਿਚ
ਸਾਨੂੰ ਕਿਉਂ ਉਲ਼ਝਾਉਂਦੈ ਰਹਿਬਰ

ਪਾਟਕ ਪਾ ਕੇ ਖੂਸ਼ ਹੁੰਦਾ ਹੈ
ਉਤੋਂ ਪਿਆਰ ਜਤਾਉਂਦੈ ਰਹਿਬਰ

ਝੂਠ ਦਾ ਹੋਕਾ ਦਿੰਦੇ ਨੇ ਜੋ
ਉਸਦੇ ਸੋਹਲੇ ਗਾਉਂਦੈ ਰਹਿਬਰ

‘ਲਹਿਰੀ’ ਅਪਣੇ ਮਤਲਬ ਦੇ ਲਈ
ਅਪਣਾ ਸੀਸ ਝੁਕਾਉਂਦੈ ਰਹਿਬਰ

ਮੇਰਾ ਭਾਰਤ.......... ਗੀਤ / ਮਿੰਟਾ ਚਮੇਲੀ

ਘੁੱਗ ਵਸਦੇ ਭਾਰਤ ਦੇਸ਼ ਨੂੰ ਕੋਈ ਨਜ਼ਰ ਹੈ ਲੱਗੀ
ਹਰ ਬੰਦੇ ਦੀ ਕਾਮਨਾ ਉਹ ਮਾਰੇ ਠੱਗੀ
ਜਿੱਥੇ ਲੁੱਚਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ
ਅਸੀਂ ਕਿਹੜੇ ਮੂੰਹ ਨਾਲ਼ ਆਖੀਏ,ਮੇਰਾ ਭਾਰਤ ਬੜਾ ਮਹਾਨ

ਅੰਨਦਾਤਾ ਮੇਰੇ ਦੇਸ਼ ਦਾ ਹੈ ਰੁਲ਼ਦਾ ਫਿਰਦਾ
ਜਾਨੋਂ ਪਿਆਰੀਆਂ ਜਿਨਸਾਂ ਦਾ ਅੱਜ ਭਾਅ ਨਾ ਮਿਲਦਾ
ਪਰਵਾਰ ਸਮੇਤ ਖੁਦਕਸੀ਼ਆਂ ਕਰਕੇ ਦੇਵੇ ਜਾਨ
ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਮੇਰਾ ਭਾਰਤ ਬੜਾ ਮਹਾਨ…

ਜਿਥੇ ਨਿੱਕੀ ਵੱਡੀ ਨੌਕਰੀ ਲਈ ਪੈਸੇ ਚੱਲਦੇ
ਮਾਰ ਕੇ ਲੀਡਰ ਠੱਗੀਆਂ ਧਨ ਬਾਹਰ ਘੱਲਦੇ
ਵਾੜ ਖੇਤ ਨੂੰ ਲੱਗ ਪਈ ਏ ਯਾਰੋ ਖਾਣ
ਅਸੀਂ ਕਿਹੜੇ ਮੂੰਹ ਨਾ਼ਲ਼ ਆਖੀਏ, ਸਾਡਾ ਭਾਰਤ ਦੇਸ਼ ਮਹਾਨ…

ਸੂਰਬੀਰਾਂ ਤੇ ਯੋਧਿਆਂ ਦੀ ਰਾਣੀ ਧਰਤੀ
ਅਣਜੰਮੀਆਂ ਦੀਆਂ ਲਾਸ਼ਾਂ ਨੇ ਅਜ ਗੰਦੀ ਕਰ’ਤੀ
ਜਿਥੇ ਪੁੱਤ ਲਈ ਧੀ ਮਾਰ ਕੇ ਮਾਂ ਸਮਝੇ ਸ਼ਾਨ
ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਸਾਡਾ ਭਾਰਤ ਦੇਸ਼ ਮਹਾਨ…

ਜਿਥੇ ‘ਮਿੰਟੇ’ ਵਰਗੇ ਪਾਪੀਆਂ ਦੀ ਕਮੀ ਨਾ ਕੋਈ
ਹੁਣ ਭਾਰ ਝੱਲ ਨਾ ਸਕਦੀ ਮਾਂ ਧਰਤੀ ਰੋਈ
ਜਿਥੇ ਲੱਖਾਂ ਭੁੱਖੇ ਰੋਜ਼ ਹੀ ਰੋਟੀ ਲਈ ਕੁਰਲਾਣ
ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਸਾਡਾ ਭਾਰਤ ਬੜਾ ਮਹਾਨ…
ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਸਾਡਾ ਭਾਰਤ ਬੜਾ ਮਹਾਨ…


ਦੀਵਾਲੀ ਤੇ ਵਿਸ਼ੇਸ਼.......... ਲੇਖ / ਮੁਹਿੰਦਰ ਸਿੰਘ ਘੱਗ


ਦੀਵਾਲੀ ਜਾਂ ਦੀਪਾਵਲੀ ਇਕ ਮੋਸਮੀ ਮੇਲਾ ਸਦੀਆਂ ਤੋਂ ਸਾਡੇ ਪੂਰਬਲੇ ਮਨਾਉਂਦੇ ਆਏ ਹਨ। ਬਾਕੀ ਮੋਸਮੀ ਮੇਲਿਆਂ ਵਾਂਗ ਇਸ ਮੇਲੇ ਨਾਲ ਵੀ ਕਈ ਮਿਥਹਾਸਕ ਗਾਥਾਵਾਂ ਜੁੜਦੀਆਂ ਰਹੀਆਂ ਹਨ। ਥੋੜੀ ਬਹੁਤੀ ਅਦਲਾ ਬਦਲੀ ਨਾਲ ਦਿਵਾਲੀ ਮੇਲਾ ਕੋਈ ਪੰਜ ਦਿਨਾਂ ਲਈ ਤਿਓਹਾਰ ਦੇ ਰੂਪ ਵਿਚ ਸਾਰੇ ਭਾਰਤ ਵਿਚ ਮਨਾਇਆ ਜਾਂਦਾ ਹੈ। ਭਾਰਤੀਆਂ ਦੇ ਪ੍ਰਵਾਸ ਕਾਰਨ ਹੁਣ ਤਾਂ ਇਹ ਮੇਲਾ ਸੰਸਾਰ ਪੱਧਰ ਤੇ ਮਨਾਇਆ ਜਾਣ ਲੱਗਾ ਹੈ। ਇਸ ਮੇਲੇ ਦੀਆਂ ਖੁਸ਼ੀਆਂ ਮਾਨਣ ਲਈ ਉਮਰ ਦਾ ਤਕਾਜ਼ਾ ਨਹੀਂ ਇਹ ਤਾਂ ਮਰਦਾਂ ਔਰਤਾਂ ਬੱਚਿਆਂ ਬਜ਼ੁਰਗਾਂ ਦਾ ਸਾਂਝਾ ਮੇਲਾ ਹੈ। ਦੀਵਿਆਂ ਦੀਆਂ ਲੜੀਆਂ , ਭਾਂਤ ਭਾਂਤ ਦੀਆਂ ਮਠਿਆਈਆਂ ਨਾਲ ਸਜੀਆਂ ਦੁਕਾਨਾਂ , ਪਠਾਖਿਆਂ ਦਾ ਸ਼ੋਰ, ਆਸਮਾਨ ਵੱਲ ਨੂੰ ਉੜਾਨ ਭਰਦੀ ਆਤਸ਼ਬਾਜ਼ੀ ਅਤੇ ਜੂਏ ਦੀ ਹਾਰ ਜਿੱਤ । ਦੀਵਾਲੀ ਤੇ ਦੂਸਰੇ ਦਿਨ ਜਿੱਤੇ ਹਾਰੇ ਜੁਆਰੀਆਂ ਬਾਰੇ ਇਕ ਪ੍ਰਚਲਿਤ ਅਖਾਣ ਸਾਂਝਾ ਕਰਾਂਗਾ ( ਜੇ ਜੁਆਰੀਏ ਦੀ ਜਿੱਤ ਤਾਂ ਮੰਜੇ ਚਾਰ ਜੁਆਰੀਆ ਇਕ ਅਤੇ ਜੇ ਜੁਆਰੀਏ ਦੀ ਹਾਰ ਮੰਜਾ ਇਕ ਜੁਆਰੀਏ ਚਾਰ ) ਦੀਵਾਲੀ ਦੀ ਮਕਬੂਲੀਅਤ ਇਸ ਗੱਲ ਨਾਲ ਪ੍ਰਤੱਖ ਹੋ ਜਾਂਦੀ ਹੈ ਕਿ ਦੀਵਾਲੀ ਲੰਘਦਿਆਂ ਦੂਸਰੇ ਦਿਨ ਆਖਦੇ ਸੁਣੇ ਗਏ ਹਨ ਅੱਜ ਇਕ ਦਿਨ ਘੱਟ ਸਾਲ ਰਹਿ ਗਿਆ ਦੀਵਾਲੀ ਵਿਚ। 


ਇਸ ਮੋਸਮੀ ਮੇਲੇ ਦਾ ਸਭੰਧ ਚੰਦਰਮਾਂ ਅਤੇ ਸੂਰਜ ਦੋਵਾਂ ਨਾਲ ਹੈ। ਸੂਰਜ ਰੌਸ਼ਨੀ ਦਾ ਭੰਡਾਰ ਹੈ, ਜੋ ਹਰ ਸਮੇਂ ਰੌਸ਼ਨੀ ਵੰਡੀ ਜਾ ਰਿਹਾ ਹੈ। ਧਰਤੀ ਦਾ ਆਪਣੇ ਮਹਿਵਰ ਦੁਆਲੇ ਘੁੰਮਣ ਕਾਰਨ ਸਮਾਂ ਦਿਨ ਰਾਤ ਵਿਚ ਬਦਲਦਾ ਹੈ। ਦਿਨ ਦੇ ਚਾਨਣ ਵਿਚ ਭੱਜਾ ਜਾਂਦਾ ਹੈ ਸੰਸਾਰ ਅਤੇ ਅੰਧੇਰ ਚਾਨਣ ਦਾ ਮਿਲਗੋਭਾ ਰਾਤ , ਆਰਾਮ ਕਰਨ ਲਈ “ ਲੈਲਾ ਤੂਂ ਬੇਸ਼ਕ ਕਾਲੀ ਏਂ ਪਰ ਬੜੇ ਨਸੀਬਾਂ ਵਾਲੀ ਏਂ। ਥਕੇ ਟੁਟੇ ਰਾਹੀਆਂ ਨੂੰ ਆਰਾਮ ਪਹੁੰਚਾਵਣ ਵਾਲੀ ਏਂ “ ( ਧਨੀ ਰਾਮ ਚਾਤ੍ਰਿਕ ) ਵੱਧਦੇ ਚੰਦਰਮਾਂ ਨੂੰ ਰਾਧਾ ਪੱਖ ਜਾਂ ਸ਼ੁਦੀ ਪੱਖ ਆਖਿਆ ਜਾਂਦਾ ਹੈ ਅਤੇ ਪੁਰਨਮਾਸ਼ੀ ਤੋਂ ਲੈ ਕੇ ਮਸਿਆ ਤਕ ਨੂੰ ਕ੍ਰਿਸ਼ਨ ਪੱਖ ਜਾਂ ਬੱਦੀ ਪੱਖ ਕਿਹਾ ਜਾਂਦਾ ਹੈ । ਚੰਦਰਮਾਂ ਕੋਲ ਰੋਸ਼ਨੀ ਦਾ ਕੋਈ ਭੰਡਾਰ ਨਹੀਂ , ਸੂਰਜ ਦੀ ਰੌਸ਼ਨੀ ਇਸ’ ਤੇ ਪੈਂਦੀ ਹੈ ਤਾਂ ਉਸ ਦੀ ਚਮਕ ਨਾਲ ਸਾਡੀਆਂ ਰਾਤਾਂ ਵੀ ਰੌਸ਼ਨ ਹੋ ਜਾਂਦੀਆਂ ਹਨ। ਚੰਦਰਮਾਂ ਧਰਤੀ ਦੀ ਪ੍ਰਕਿਰਮਾ ਕਰਦਾ ਹੈ ਜਿਸ ਨਾਲ ਅੰਧੇਰ ਚਾਨਣ ਲੁਕਣਮੀਚੀ ਖੇਲਦਾ ਮਸਿਆ ਪੁੰਨਿਆ ਸਿਰਜਦਾ ਹੈ । ਧਰਤੀ ਸੂਰਜ ਦੀਆਂ ਪ੍ਰਿਕਰਮਾ ਕਰਦੀ ਹੈ ਜਿਸ ਨਾਲ ਮੌਸਮ ਬਦਲਦੇ ਹਨ ( ਸੂਰਜ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ॥) ਅਤੇ ਧਰਤੀ ਦੀ ਸੂਰਜ ਦੀ ਪ੍ਰਕਿਰਮਾ ਸਮੇਂ ਵਿਥ ਇਕੋ ਜਿਹੀ ਨਹੀਂ ਰਹਿੰਦੀ ਨਾਂ ਹੀ ਚੰਦਰਮਾਂ ਧਰਤੀ ਦੀ ਪ੍ਰਕਿਰਮਾਂ ਵਿਥ‘ਤੇ ਰਹਿ ਕੇ ਕਰਦਾ ਹੈ ਦੋਵਾਂ ਦਾ ਪ੍ਰਕਿਰਮਾ ਚੱਕਰ ਗੋਲ ਦੀ ਬਜਾਏ ਅੰਡਕਾਰੀ ਲੰਬੂਤਰਾ ਹੈ । ਕਤਕ ਦੀ ਮਸਿਆ ਵੇਲੇ ਧਰਤੀ ਦਾ ਉਤਰੀ ਹਿੱਸਾ ਜਿਸ ਵਿਚ ਸਾਡਾ ਭਾਰਤ ਵੀ ਹੈ ਸੂਰਜ ਤੋਂ ਸਾਰੇ ਸਾਲ ਨਾਲੋਂ ਜ਼ਿਆਦਾ ਵਿੱਥ’ਤੇ ਹੁੰਦਾ ਹੈ । ਇਸੇ ਕਾਰਨ ਕਤਕ ਦੀ ਮਸਿਆ ਜਿਸ ਨੂੰ ਦਿਵਾਲੀ ਵਜੋਂ ਮਨਾਇਆ ਜਾਂਦਾ ਹੈ, ਬਾਕੀ ਸਾਰੀਆਂ ਮਸਿਆ ਦੀਆਂ ਰਾਤਾਂ ਨਾਲੋਂ ਅੰਧੇਰੀ ਹੁੰਦੀ ਹੈ ( ਕਈਆਂ ਦਾ ਵਿਚਾਰ ਹੈ ਕਿ ਬਹੁਤ ਸਾਰੇ ਦੀਵੇ ਬਲਣ ਕਾਰਨ ਦਿਵਾਲੀ ਦੀ ਰਾਤ ਜ਼ਿਆਦਾ ਅੰਧੇਰੀ ਲੱਗਦੀ ਹੈ) ਮੱਨੁਖ ਬਾਕੀ ਪਸ਼ੂ ਪੰਛੀਆਂ ਵਾਂਗ ਕੁਦਰਤ ਨਾਲ ਸਹਿਮਤੀ ਨਹੀਂ ਕਰਦਾ, ਬਲਕਿ ਉਸਨੂੰ ਬਦਲਣ ਦੇ ਯਤਨ ਕਰਦਾ ਆਇਆ ਹੈ। ਜਦ ਉਸ ਨੂੰ ਖੌਫਨਾਕ ਹਨੇਰ ਦਾ ਐਹਸਾਸ ਹੋਇਆ ਤਾਂ ਉਸਨੇ ਅੱਗ ਦੀ ਮਦਦ ਨਾਲ ਉਸਨੂੰ ਚਾਨਣ ਵਿਚ ਬਦਲਣ ਦਾ ਯਤਨ ਕੀਤਾ। ਡੰਡੇ-ਸੋਟਿਆਂ ਨਾਲ ਖੜਾਕ ਕੀਤੇ ਉਚੀ-ਉਚੀ ਸ਼ੋਰ ਮਚਾਇਆ ਅੱਗ ਦਾ ਵੱਡਾ ਧੂਣਾ ਲਾ ਕੇ ਕਤਕ ਦੀ ਮਸਿਆ ਦੀ ਰਾਤ ਦੇ ਹਨੇਰੇ ਨੂੰ ਦੂਰ ਕਰਨ ਦਾ ਉਪਰਾਲਾ ਕੀਤਾ ਜੋ ਸਮੇਂ ਨਾਲ ਦੀਪਾਂ ਦੀਆਂ ਕਤਾਰਾਂ ਵਿਚ ਬਦਲਦਾ-ਬਦਲਦਾ ਮੋਮਬਤੀਆਂ ਅਤੇ ਬਿਜਲੀ ਦੇ ਲਾਟੂਆਂ ਤਕ ਦਾ ਸਫਰ ਤੈਅ ਕਰ ਚੁਕਾ ਹੈ। ਇਹ ਵਿਚਾਰ ਮੈਂ ਤਾਰਾ ਵਿਗਿਆਨ ਦੇ ਆਧਾਰ ਤੇ ਪਾਠਕਾਂ ਨਾਲ ਸਾਂਝੇ ਕੀਤੇ ਹਨ। ਜੇ ਕੋਈ ਵਿਦਵਾਨ ਕੋਈ ਹੋਰ ਵਿਚਾਰ ਪੇਸ਼ ਕਰੇਗਾ ਤਾਂ ਵਿਚਾਰ ਕੀਤੀ ਜਾ ਸਕਦੀ ਹੈ।
ਕੁਝ ਉਨਤੀ ਹੋਈ ਨਗਰ ਵਸ ਗਏ ਫਸਲਾਂ ਦੀ ਬੀਜ ਬਜਾਈ ਸ਼ੁਰੂ ਹੋ ਗਈ। ਪੁਰਾਣੇ ਜ਼ਮਾਨੇ ਵਿਚ ਨਾਂ ਤਾਂ ਨੈਹਰਾਂ ਸਨ ਅਤੇ ਨਾਂ ਹੀ ਟਿਊਬਵੈਲ, ਝੋਨਾ,ਮੱਕੀ, ਤਿਲ ਵਗੈਰਾ (ਸੌਣੀ ਦੀ ਫਸਲ ) ਲਈ ਲੋੜੀਂਦਾ ਪਾਣੀ ਬਰਸਾਤ ਹੀ ਪੂਰਾ ਕਰਦੀ ਸੀ । ਜੂਨ, ਜੁਲਾਈ, ਅਗਸਤ ਅਤੇ ਸਤੰਬਰ ਨੂੰ ਚੋਮਾਸਾ ਕਹਿੰਦੇ ਹਨ। ਜੂਨ ਮਹੀਨੇ ਤੋਂ ਮੌਨਸੂਨ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਜੁਲਾਈ ਅਗਸਤ ਅਤੇ ਕੁਝ ਹਿਸਾ ਸਤੰਬਰ ਦਾ ਵਰਖਾ ਰੁਤ ਸਦਾਉਂਦਾ ਹੈ ।ਜੇ ਇਹਨਾਂ ਦਿਨਾਂ ਵਿਚ ਬਰਸਾਤ ਨਾਂ ਪਵੇ ਤਾਂ ਗੋਹਾਰਾਲੀ ( ਜਾਨਵਰਾਂ ਦਾ ਗੋਹਾ ਘੋਲ ਕੇ ਇਕ ਦੂਸਰੇ’ਤੇ ਪਾਉਣਾ) ਖੇਲੀ ਜਾਂਦੀ ਸੀ। ਕੋਈ ਗੁੱਸਾ ਨਹੀਂ ਸੀ ਕਰਦਾ। ਦਰਅਸਲ ਪੁਰਾਣੇ ਬਜ਼ੁਰਗਾਂ ਦਾ ਰੱਬ ਨੂੰ ਸੁਨੇਹਾ ਭੇਜਣ ਦਾ ਇਹ ਅਨੋਖਾ ਢੰਗ ਸੀ। ਵਰਖਾ ਚਾਹੀਦੀ ਹੈ ਤਾਂ ਕਿ ਅਸੀਂ ਇਸ ਤਰਾਂ ਦੇ ਭਿੱਜੇ ਭਿੱਜੇ ਲੱਗੀਏ। ਚੰਗੀ ਬਰਸਾਤ ਹੋ ਗਈ ਸੌਣੀ ਦੀ ਫਸਲ ਘਰ ਆ ਗਈ ਅਤੇ ਕਣਕ ਛੋਲੇ ਜੌਂ ਸਰਸੋਂ ਤਾਰਾ ਮੀਰਾ (ਹਾੜੀ ਦੀ ਫਸਲ) ਬੀਜੀ ਜਾ ਚੁੱਕੀ ਹੈ । ਵੇਹਲ ਅਤੇ ਖੁਸ਼ੀ ਨੇ ਕਤਕ ਦੀ ਕਾਲੀ ਰਾਤ ਨੂੰ ਦੀਵਾਲੀ ਵਰਗੇ ਮੇਲੇ ਵਿਚ ਬਦਲ ਦਿੱਤਾ । ਅੱਗ ਦੀ ਥਾਂ ਦੀਵੇ ਖੜਾਕ ਕਰਨ ਲਈ ਪਟਾਖੇ ਅਤੇ ਖਾਣ ਪੀਣ ਲਈ ਭਾਂਤ-ਸੁਭਾਂਤਾ ਸਮਾਨ ਬਣਨ ਲਗਾ । ਖਾਣ ਪੀਣ ਦਾ ਫਿਕਰ ਨਾ ਹੋਵੇ ਤਾਂ ਫੇਰ ਮਸਤੀ ਦਾ ਹਾਜ਼ਰ ਹੋਣਾਂ ਤਾਂ ਸੁਭਾਵਕ ਹੀ ਹੈ, ਸੋ ਦੀਵਾਲੀ ਇਕ ਮੌਜ ਮਸਤੀ ਦਾ ਮੇਲਾ ਹੋ ਨਿਬੜਿਆ। 
ਅਜ ਵੱਧੀਆ ਸੜਕਾਂ ਅਤੇ ਚੰਗੇ ਆਵਾਜਾਈ ਦੇ ਸਾਧਨ ਰਹਾਇਸ਼ ਲਈ ਵਧੀਆ ਮਕਾਨ ਫੇਰ ਵੀ ਜਦ ਬਰਸਾਤ ਆਉਂਦੀ ਹੈ ਤਾਂ ਖੁਸ਼ਗਵਾਰ ਮੋਸਮ ਦੇ ਨਾਲ ਨਾਲ ਪਰੇਸ਼ਾਨੀਆਂ ਵਿਚ ਵੀ ਵਾਧਾ ਹੁੰਦਾ ਹੈ । ਸਿਆਣਿਆਂ ਦਾ ਅਖਾਣ ਹੈ ਕਿ ਇਕ ਦਿਨ ਦੀ ਮੋਲੇਧਾਰ ਬਰਸਾਤ ਨਾਲੋਂ ਇਕ ਸਾਲ ਦਾ ਸੋਕਾ ਝੱਲਣਾ ਸੌਖਾ ਹੈ । ਕਈ ਦਫਾ ਕਈ-ਕਈ ਦਿਨ ਬਦਲਵਾਈ ਅਤੇ ਕਿਣ-ਮਿਣ ਕਿਣ-ਮਿਣ ਰਹਿਣ ਕਾਰਨ ਹਰ ਪਾਸੇ ਸਲ੍ਹਾਬ ਕਪੜਿਆਂ ਵਿਚੋਂ ਹੱਮਕ, ਮੱਛਰ ਦੀ ਬੁਹਤਾਤ ਕਾਂਬੇ ਨਾਲ ਮਲੇਰੀਆ ਕੌੜੀ ਕੁਨੈਣ ਸੰਘੋਂ ਨਹੀ ਲਿੱਥਦੀ। ਜਿਸ ਬਰਸਾਤ ਨੂੰ ਮੰਨਤਾਂ ਕਰਕੇ ਮੰਗਿਆ ਸੀ ਉਸ ਤੋਂ ਛੁਟਕਾਰਾ ਪਾਉਣ ਨੂੰ ਜੀ ਕਰਦਾ ਹੈ । ਵਰਖਾ ਰੁਤ ਮੁੱਕੀ ਲੋਕਾਂ ਨੇ ਸ਼ੁਕਰ ਕੀਤਾ। ਹੁਣ ਸਮਾਂ ਆ ਗਿਆ ਸਲ੍ਹਾਬ ਕਾਰਨ ਵਿਕਸਤ ਹੋਏ ਬੀਮਾਰੀ ਦੇ ਕਿਟਾਣੂ ਨਸ਼ਟ ਕਰਨ ਦਾ । ਘਰਾਂ ਦੀ ਲੇਪਾ-ਪੋਚੀ ਕਰਨ ਨਾਲ ਬੀਮਾਰੀ ਦੇ ਕਿਟਾਣੂ ਤਾਂ ਨਸ਼ਟ ਹੁੰਦੇ ਹੀ ਹਨ ਨਾਲ ਨਾਲ ਬਰਸਾਤ ਦੇ ਪਾਣੀ ਨਾਲ ਥਾਂ-ਥਾਂ ਪਏ ਪਾਣੀ ਦੇ ਦਾਗ ਮਿਟ ਜਾਂਦੇ ਹਨ ,ਸਾਫ ਸੁਥਰਾ ਘਰ ਮਨ ਨੂੰ ਸਕੂਨ ਦਿੰਦਾ ਹੈ। ਬਰਸਾਤ ਦੇ ਦਿਨਾਂ ਵਿਚ , ਗਾਗਰਾਂ ਵਲਟੋਹੀਆਂ ਅਤੇ ਹੋਰ ਪਿੱਤਲ ਦੇ ਭਾਂਡੇ ਜੋ ਸਲ੍ਹਾਬ ਕਾਰਨ ਕਾਲੇ ਪੈ ਜਾਂਦੇ ਹਨ ਉਹਨਾਂ ਨੂੰ ਵੀ ਮਾਂਜ ਬਣਾ ਕੇ ਲਿਸ਼ਕਾ ਲਿਆ ਜਾਂਦਾ ਹੈ। ਸਾਫ ਸਫਾਈ ਕਰਨ ਨਾਲ ਸਾਰਾ ਚੁਗਿਰਦਾ ਸੁਥਰਾ ਲਗਣ ਲੱਗ ਜਾਂਦਾ ਹੈ । ਸਿਆਣੇ ਬਜ਼ੁਰਗ ਆਖਦੇ ਹਨ ਕਿ ਸਫਾਈ ਦਾ ਰੱਬ ਤੋਂ ਬਾਅਦ ਦੂਜਾ ਸਥਾਨ ਹੈ। ਯਾਦ ਹੋਵੇਗਾ ਕਿ ਬੀਮਾਰੀ ਠਮਾਰੀ ਸਮੇਂ ਘਰ ਦੀਆਂ ਸੁਆਣੀਆਂ ਘਰ ਅੰਦਰ ਚੱਪਣੀ ਵਿਚ ਕੋਲਾ ਰਖ ਕੇ ਉਸ ਤੇ ਥੋੜ੍ਹਾ ਘੇ ਪਾਕੇ ਘਰ ਦੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਸਾਰੇ ਘਰ ਵਿਚ ਫਿਰ ਜਾਂਦੀਆਂ ਸਨ।ਪੁਰਾਣੇ ਬਜ਼ੁਰਗਾਂ ਦਾ ਖਿਆਲ ਸੀ ਕਿ ਬਹੁਤ ਸਾਰੇ ਦੀਵਿਆਂ ਵਿਚ ਬਲਿਆ ਤੇਲ ਲੋ ਦੇ ਨਾਲ ਨਾਲ ਵਾਤਾ ਵਰਣ ਨੂੰ ਵੀ ਸ਼ੁਧ ਕਰਦਾ ਹੈ। ਇਹੋ ਜਿਹੀ ਇਕ ਕਹਾਵਤ ਹੈ ਕਿ ਦਿਵਾਲੀ ਵਾਲੇ ਦਿਨ ਤੇਲ ਜ਼ਰੂਰ ਲੂਹਿਆ ਜਾਵੇ ਭਾਵ ਤੇਲ ਵਿਚ ਕੁਝ ਨਾ ਕੁਝ ਪਕਾਇਆ ਜਾਵੇ। ਵਿੱਛੜ ਗਏ ਬਜ਼ੁਰਗਾਂ ਦੀ ਯਾਦ ਵਿਚ ਵੀ ਹਰ ਪ੍ਰਿਵਾਰ ਕਬਰਸਤਾਨ ਵਿਚ ਵੀ ਬਲਦਾ ਦੀਵਾ ਰੱਖ ਆਉਂਦਾ ਹੈ । ਬਸ ਹਰ ਸਾਲ ਕਤਕ ਦੀ ਮਸਿਆ ,ਦੀਵਿਆਂ ਭਰੀ ਇਹ ਕਾਲੀ ਰਾਤ , ਸੁਆਦਲੇ ਭੋਜਨ ਨਵੇਂ ਬਸਤਰ ਅਤੇ ਸਾਫ ਸੁਥਰੇ ਘਰ, ਪਠਾਖਿਆਂ ਦਾ ਸ਼ੌਰ ਇਕ ਮੌਸਮੀ ਮੇਲਾ ਹੀ ਸੀ ਜੋ ਬਾਅਦ ਵਿਚ ਕੁਝ ਮਿਥਿਹਾਸਕ ਗਾਥਾਵਾਂ ਜੁੜਨ ਕਾਰਨ ਇਹ ਪੰਜ ਦਿਨਾਂ ਤਿਉਹਾਰ ਹੋ ਨਿਬੜਿਆ ਹੈ। ਪੂਜਾ ਪਾਠ ਤਿਉਹਾਰ ਦਾ ਜ਼ਰੂਰੀ ਅੰਗ ਹੁੰਦਾ ਹੈ । 
ਕਤਕ ਮਹੀਨੇ ਦੇ ਕ੍ਰਿਸ਼ਨ ਪਖਸ਼ ਦੇ ਤੇਰਾਂ ਦਿਨਾਂ ਤੋਂ ਦੀਵਾਲੀ ਪੂਜਾ ਸ਼ੁਰੂ ਹੋ ਜਾਂਦੀ ਹੈ। ਇਸ ਦਿਨ ਨੂੰ ਧੰਨਵੰਤਰੀ ਤਿਰੋਦਸ਼ੀ ਆਖਦੇ ਹਨ। ਵਿਉਪਾਰੀ ਲੋਕ ਆਪਣੇ ਧੰਨ ਦੇ ਵਾਧੇ ਲਈ ਇਸ ਰਾਤ ਲਕਸ਼ਮੀ ਪੂਜਾ ਕਰਦੇ ਹਨ। ਵਹੀ ਖਾਤਿਆਂ ਨੂੰ ਧੂਫ ਦਿੰਦੇ ਹਨ । ਵਿਆਜ ਵਗੈਰਾ ਜੋੜ ਕੇ ਖਾਤਾ ਨਵਾਂ ਕਰ ਲੈਂਦੇ ਹਨ। ਉਹਨਾਂ ਲਈ ਦੀਵਾਲੀ ਤੋਂ ਨਵਾਂ ਸਾਲ ਸ਼ੁਰੂ ਹੋ ਜਾਂਦਾ ਹੈ । ਸੋਨੇ ਚਾਂਦੀ ਦੇ ਜ਼ੇਵਰਾਂ ਦੀ ਖਰੀਦ ਨੂੰ ਸ਼ੁਭ ਮੰਨਣ ਕਾਰਨ ਇਸ ਦਿਨ ਜ਼ੇਵਰਾਤ ਦੀਆਂ ਦੁਕਾਨਾਂ ਤੇ ਕਾਫੀ ਭੀੜ ਹੁੰਦੀ ਹੈ ।ਇਸ ਤਰਾਂ ਇਹ ਮੋਸਮੀ ਮੇਲਾ ਵਿਉਪਾਰਕ ਵੀ ਹੋ ਨਿਬੜਿਆ।
ਕਤਕ ਮਹੀਨੇ ਦੇ ਕ੍ਰਿਸ਼ਨ ਪੱਖ ਦਾ ਚੌਦਵਾਂ ਦਿਨ ਛੋਟੀ ਦੀਵਾਲੀ ਜਾਂ ਨਰਕ ਚੌਰਾਦਸੀ ਵਜੋਂ ਮਨਾਇਆ ਜਾਂਦਾ ਹੈ । ਇਸ ਨਾਲ ਜੁੜੀ ਗਾਥਾ ਦਾ ਸਭੰਧ ਦੁਆਪਰ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਨਾਲ ਹੈ। ਪੁਰਾਣੇ ਗਰੰਥਾਂ ਅਨੁਸਾਰ ਜਿਸ ਇਲਾਕੇ ਨੂੰ ਅੱਜ ਅਸਾਮ ਕਿਹਾ ਜਾਂਦਾ ਹੈ ਉਸ ਇਲਾਕੇ ਵਿਚ ਇਕ ਨਰਕਸੁਰ ਨਾਂਮ ਦਾ ਜਾਬਰ ਰਾਜੇ ਦਾ ਰਾਜ ਸੀ। ਉਸਨੇ ਦੇਵਤਿਆਂ ਰਿਸ਼ੀਆਂ ਮੁਨੀਆਂ ਦੀਆਂ ਵਰਪਰਾਪਤ 16,100 ਬੇਟੀਆਂ ਆਪਣੇ ਹਰਮ ਵਿਚ ਪਾ ਲਈਆਂ ਸਨ। ਨਾਲ ਹੀ ਉਸਨੇ ਸੁਰਲੋਕ ਦੀ ਮਲਕਾ ਅਦਿਤੀ ਦੀਆਂ ਕੀਮਤੀ ਮੁਰਕੀਆਂ ਵੀ ਖੋਹ ਲਿਆਂਦੀਆਂ ਸਨ। ਦੇਵਤਿਆਂ ਨੇ ਤੰਗ ਆ ਕੇ ਵਿਸ਼ਨੂੰ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਦੀ ਸਹਾਇਤਾ ਮੰਗੀ। ਸ਼੍ਰੀ ਕ੍ਰਿਸ਼ਨ ਜੀ ਨੇ ਆਪਣੀ ਪਤਨੀ ਸਤਿਆਭਾਮਾਂ ਨੂੰ ਮਨਾ ਲਿਆ ਕਿ ਉਹ ਨਰਕਸੁਰ ਦੀ ਲੜਾਈ ਵਿਚ ਉਸ ਦੀ ਰਥਵਾਨ ਬਣੇ। ਲੋੜਾਈ ਦੌਰਾਨ ਇਕ ਤੀਰ ਕ੍ਰਿਸ਼ਨ ਜੀ ਦੇ ਲੱਗਣ ਨਾਲ ਉਹ ਮੂਰਛਤ ਹੋ ਗਏ ਤਾਂ ਉਨ੍ਹਾਂ ਦੀ ਪਤਨੀ ਸਤਿਆਭਾਮਾਂ ਨੇ ਧੰਨੁਸ਼ ਸੰਭਾਲ ਕੇ ਨਰਕਸੁਰ ਦਾ ਵੱਧ ਕਰ ਦਿੱਤਾ। ਕ੍ਰਿਸ਼ਨ ਜੀ ਨੇ 16100 ਕੰਨਿਆਵਾਂ ਨੂੰ ਛੁੜਾ ਕੇ ਉਨ੍ਹਾਂ ਨੂੰ ਆਪਣਾ ਨਾਮ ਦਿੰਦਿਆ ਆਖਿਆ ਕਿ ਅੱਜ ਤੋਂ ਤੁਸੀਂ ਮੇਰੀਆਂ ਪਤਨੀਆਂ ਹੋ।( ਕ੍ਰਿਸ਼ਨ ਜੀ ਦਾ ਇਹ ਫੈਸਲਾ ੳਨ੍ਹਾਂ ਦੀ ਭਲਾਈ ਲਈ ਲਿਆ ਲੱਗਦਾ ਹੈ ਕਿ ਜੇ ੳਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਪਤਤ ਸਮਝ ਕੇ ਨਾ ਕਬੂਲਿਆ ਤਾਂ ਉਹ ਆਪਣੇ ਆਪ ਨੂੰ ਲਾਵਾਰਸ ਨਹੀਂ ਸਮਝਣਗੀਆਂ।) ਨਰਕਸੁਰ ਦਾ ਖੂਨ ਆਪਣੇ ਮੱਥੇ ਤੇ ਲਾ ਕੇ ਜਦ ਕ੍ਰਿਸ਼ਨ ਜੀ ਵਾਪਸ ਆਏ ਤਾਂ ਲੋਕਾਂ ਨੇ ਨਰਕਸੁਰ ਤੋਂ ਛੁਟਕਾਰਾ ਮਿਲਣ ਕਰਕੇ ਖੁਸ਼ੀਆਂ ਮਨਾਈਆਂ। 
ਹੁਣ ਇਕ ਰਲਦਾ ਮਿਲਦਾ ਇਤਹਾਸਕ ਪੱਖ ਪੇਸ਼ ਕਰਨ ਦੀ ਇਜਾਜ਼ਤ ਚਾਹਾਂਗਾ । ਅਬਦਾਲੀ ਨੇ ਭਾਰਤ’ਤੇ ਹਮਲਾ ਕੀਤਾ ਦੇਸ਼ ਦਿਆਂ ਮੰਦਰਾਂ ਵਿਚੋਂ ਹੀਰੇ ਮੋਤੀ ਸੋਨਾ ਅਤੇ ਨਾਲ ਹੀ ਦੇਸ਼ ਦਾ ਇਸਤ੍ਰੀ ਧੰਨ ਨੋਜਵਾਨ ਬੇਟੀਆਂ ਲੁੱਟ ਕੇ ਜਦ ਵਾਪਸ ਜਾ ਰਿਹਾ ਸੀ ਤਾਂ ਗੁਰੂ ਗੋਬੰਦ ਸਿੰਘ ਜੀ ਦੇ ਸਾਜੇ ਖਾਲਸੇ ਨੇ ਬਹੁਤ ਘੱਟ ਗਿਣਤੀ ਵਿਚ ਹੁੰਦਿਆਂ ਹੋਇਆਂ ਵੀ ਉਸ ਤੋਂ ਸਾਰਾ ਮਾਲ ਵੀ ਖੋਹ ਲਿਆ ਅਤੇ ਦੇਸ਼ ਦੀ ਬੇਟੀਆਂ ਨੂੰ ਵੀ ਅਬਦਾਲੀ ਦੀ ਗ੍ਰਿਫਤ ਵਿਚੋਂ ਛੁਡਾ ਲਿਆ। ਕੁਝ ਇਕ ਨੂੰ ਤਾਂ ਮਾਪਿਆਂ ਨੇ ਕਬੂਲ ਲਿਆ, ਜਿਨ੍ਹਾਂ ਨੂੰ ਮਾਪਿਆਂ ਨੇ ਭ੍ਰਿਸ਼ਟ ਹੋਈਆਂ ਸਮਝ ਕੇ ਕਬੂਲਣ ਤੋਂ ਇਨਕਾਰ ਕਰ ਦਿਤਾ ਉਹ ਬੇਟੀਆਂ ਖਾਲਸੇ ਦਾ ਹੀ ਇਕ ਅੰਗ ਬਣ ਗਈਆਂ। ਅਬਦਾਲੀ ਨਾਲ ਹੋਈਆਂ ਝੜਪਾਂ ਵਿਚ ਸ਼ਹੀਦੀਆਂ ਵੀ ਹੋਈਆਂ ਹੋਣਗੀਆਂ। ਇਤਹਾਸ ਦਾ ਇਹ ਸਬਕ ਨਵੀਂ ਪੀੜ੍ਹੀ ਨੂੰ ਪੜਾਉਣਾ ਤਾਂ ਇਕ ਪਾਸੇ ਉਨ੍ਹਾਂ ਸੂਰਵੀਰਾਂ ਦੇ ਵੱਡਮੁੱਲੇ ਕਾਰਨਾਮੇ ਦੀ ਯਾਦ ਵਿਚ ਕੀ ਕਦੇ ਕਿਸੇ ਨੇ ਇਕ ਵੀ ਦੀਵਾ ਬਾਲਿਆ ਹੈ। ਨਹੀਂ ਨਾਂ ! ਉਸ ਦੇ ਉਲਟ ਨਵੰਬਰ 1984 ਵਿਚ ਦਿੱਲੀ ਕਾਨਪੁਰ ਅਤੇ ਹੋਰ ਕਈ ਸ਼ਹਿਰਾਂ ਵਿਚ ਇਕ ਸੋਚੀ ਸਮਝੀ ਸਰਕਾਰੀ ਸਰਪ੍ਰਸਤੀ ਹੇਠ ਸਿੱਖਾਂ ਦੀ ਜਾਨ ਮਾਲ ਦੀ ਲੁੱਟ ,ਸਿੱਖ ਬੀਬੀਆ ਦੀ ਬੇਪਤੀ ਨੇ ਭਾਰਤ ਵਾਸੀਆਂ ਨੂੰ ਨਾਸੁਕਰਿਆਂ ਦੀ ਕਤਾਰ ਵਿਚ ਖੜ੍ਹਾ ਕਰ ਦਿਤਾ। ਭਾਰਤ ਮਹਾਨ ਦੀ ਸ਼ਵੀ ਕਲੰਕਤ ਹੋ ਗਈ। ਸਿੱਖ ਕੌਮ ਦੇ ਹਿਰਦੇ ਵਲੂੰਦਰੇ ਗਏ ਇਕ ਨਾ ਮਿਟਣ ਵਾਲਾ ਘਾਵ ਲੱਗਾ ਹੈ। 
ਦੀਵਾਲੀ ਦੀ ਰਾਤ ਨਾਲ ਕੁਝ ਮਿਥਹਾਸ ਤੇ ਕੁਝ ਇਤਹਾਸ ਜੁੜਿਆ ਹੋਇਆ ਹੈ । ਪਹਿਲਾਂ ਮਿਥਹਾਸ ਦੀ ਗੱਲ ਕਰਦੇ ਹਾਂ। ਇਕ ਵਿਸ਼ਵਾਸ ਹੈ ਕਿ ਸਮੁੰਦਰ ਮਥਨ ਕਰਨ ਸਮੇਂ ਹੋਰ ਵਸਤੂਆਂ ਨਾਲ ਇਕ ਅਤਿਅੰਤ ਸੁੰਦਰ ਇਸਤਰੀ ਵੀ ਪ੍ਰਗਟ ਹੋਈ ਸੀ। ਉਸਨੂੰ ਵਿਸਨੂੰ ਭਗਵਾਨ ਨੇ ਆਪਣੀ ਅਰਧਾਂਗਣੀ ਬਣਾ ਲਿਆ ਅਤੇ ਉਸ ਦਾ ਨਾਮ ਧੰਨ ਦੇਣ ਵਾਲੀ ਦੇਵੀ ਲੱਛਮੀ ਪ੍ਰਚਲਿਤ ਹੋ ਗਿਆ । ਧੰਨ ਦੀ ਪਰਾਪਤੀ ਲਈ ਦਿਵਾਲੀ ਵਾਲੀ ਰਾਤ ਉਸ ਦੀ ਪੂਜਾ ਕੀਤੀ ਜਾਂਦੀ ਹੈ । ਇਕ ਆਮ ਵਿਸ਼ਵਾਸ ਹੈ ਕਿ ਦੀਵਾਲੀ ਦੀ ਰਾਤ ਨੂੰ ਲਛਮੀ ਦੇਵੀ ਸਾਫ ਸੁਥਰੇ ਅਤੇ ਰੌਸ਼ਨ ਘਰਾਂ ਵਿਚ ਗੇੜਾ ਮਾਰਦੀ ਹੈ । ਸੋ ਘਰਾਂ ਦੀ ਲੇਪਾ ਪੋਚੀ ਕੀਤੀ ਜਾ ਚੁੱਕੀ ਹੈ ਦੀਵੇ ਬਲ ਰਹੇ ਹਨ ਬਸ ਸਾਰੀਆਂ ਖਿੜਕੀਆਂ ਖੋਹਲ ਦਿਤੀਆਂ ਜਾਂਦੀਆਂ ਹਨ ਤਾਂ ਕਿ ਲੱਛਮੀ ਦੇਵੀ ਧੰਨ ਦਾ ਛਟਾ ਦੇ ਜਾਵੇ।
ਦੂਸਰੀ ਮਿਥ ਰਾਮ ਚੰਦਰ ਦੇ ਚੌਦਾਂ ਸਾਲ ਬਨਵਾਸ ਤੋਂ ਪਰਤਣ ਨਾਲ ਜੁੜੀ ਹੋਈ ਹੈ । ਅਯੁਧਿਆ ਪਤੀ ਰਾਜਾ ਦਸ਼ਰਥ ਆਪਣੀ ਰਾਣੀ ਕੇਕੇਈ ਦੇ ਹੱਠ ਅੱਗੇ ਝੁਕ ਗਿਆ। ਨਤੀਜਾ ਰਾਣੀ ਕੁਸ਼ਲਿਆ ਦੀ ਕੁੱਖੋਂ ਰਾਜਾ ਦਸ਼ਰਥ ਦੇ ਵੱਡੇ ਪੁਤ੍ਰ ਰਾਮਚੰਦਰ ਨੂੰ ਰਾਜ ਤਿਲਕ ਦੀ ਥਾਂ ਚੌਦਾਂ ਸਾਲਾਂ ਦਾ ਬਨਵਾਸ। ਰਾਮਚੰਦਰ ਦੀ ਪਤਨੀ ਸੀਤਾ ਨੇ ਪਤੀ ਧਰਮ ਦਾ ਪਾਲਣ ਕਰਦਿਆਂ ਮਹਿਲਾਂ ਦੇ ਐਸ਼ੋ ਆਰਾਮ ਦੀ ਥਾਂ ਬਨਵਾਸ ਦੀ ਚੋਣ ਕੀਤੀ। ਰਾਣੀ ਸੁਮਿਤ੍ਰਾ ਦਾ ਪੁੱਤਰ ਲਛਮਣ ਵੀ ਨਾਲ ਜਾਣ ਲਈ ਬਜ਼ਿਦ ਸੀ । ਬਨਵਾਸ ਦੌਰਾਨ ਲੰਕਾ ਪਤੀ ਰਾਵਣ ਸੀਤਾ ਦਾ ਹਰਣ ਕਰ ਲੈਂਦਾ ਹੈ। ਜੰਗ ਹੁੰਦੀ ਹੈ ਰਾਵਣ ਹਾਰ ਜਾਂਦਾ ਹੈ। ਸੰਸਾਰ ਜਿੱਤਣ ਵਾਲਿਆਂ ਨੂੰ ਪੂਜਦਾ ਆਇਆ ਹੈ। ਸੀਤਾ ਜੀ ਖੁਸ਼ੀ ਨਾਲ ਨਹੀਂ ਸੀ ਗਈ, ਉਸ ਦੇ ਜਿਸਮ’ਤੇ ਉਸ ਦਾ ਕੋਈ ਬਸ ਨਹੀਂ ਸੀ ਪਰ ਉਸ ਦਾ ਮਨ ਹਰ ਵਕਤ ਸ਼੍ਰੀ ਰਾਮ ਨਾਲ ਜੁੜਿਆ ਰਹਿੰਦਾ ਸੀ । ਫੇਰ ਵੀ ਆਪਣੀ ਪਵਿੱਤਰਤਾ ਸਾਬਤ ਕਰਨ ਲਈ ਸੀਤਾ ਜੀ ਨੂੰ ਅਗਨੀ ਪ੍ਰੀਖਿਆ ਦੇਣੀ ਪਈ । ਰਾਮ ਵੱਲੋਂ ਰਾਵਣ ਦਾ ਵੱਧ ਨੇਕੀ ਦੀ ਬਦੀ’ਤੇ ਜਿੱਤ ਮੰਨਦਿਆਂ ਅਤੇ ਰਾਮ ਲਛਮਣ ਅਤੇ ਸੀਤਾ ਦੇ ਵਾਪਸ ਆਉਣ ਦੀ ਖੁਸ਼ੀ ਵਿਚ ਆਖਿਆ ਜਾਂਦਾ ਹੈ ਅਯੁਧਿਆ ਨਾਵਾਸੀਆਂ ਨੇ ਦੀਪਮਾਲਾ ਕੀਤੀ, ਜੋ ਅੱਜ ਤਕ ਦਿਪਾਵਲੀ ਦੇ ਰੂਪ ਵਿਚ ਹੋ ਰਹੀ ਹੈ। ਰਾਮਚੰਦਰ ਨੇ ਅਯੁਧਿਆ ਦਾ ਰਾਜ ਕਾਜ ਸੰਭਾਲ ਲਿਆ। ਸਮਾਂ ਅਤੇ ਇਨਸਾਨ ਦੀ ਸੋਚ ਬਦਲਦੀ ਰਹਿੰਦੀ ਹੈ । ਸੀਤਾ ਦੇ ਚਰਿੱਤਰ ਤੇ ਫੇਰ ਉਂਗਲੀ ਉਠਾਈ ਜਾਣ ਲੱਗੀ।(ਆਨੰਦਾ ਕੇ ਕੁਮਾਰਾ ਸੁਆਮੀ ਅਤੇ ਸਿਸਟਰ ਨਿਵਈ ਦਿਤਾ ) ਆਪਣੀ ਕਿਤਾਬ ਮਿਥਸ ਔਫ ਦਾ ਹਿੰਦੂਸ ਅਤੇ ਬੁਧਿਸਟ’ ਵਿਚ ਲਿਖਦੇ ਹਨ ਕਿ ਰਾਮਚੰਦਰ ਨੇ ਲਛਮਣ ਨੂੰ ਸੱਦ ਕੇ ਹੁਕਮ ਦਿੱਤਾ ਕਿ ਕਿਸੇ ਕਿਸਮ ਦਾ ਵਬਾਲ ਖੜਾ ਹੋਣ ਦੀ ਬਜਾਏ ਸੀਤਾ ਜੀ ਨੂੰ ਗੰਗਾ ਦੀ ਯਾਤਰਾ ਦੇ ਬਹਾਨੇ ਲੈ ਜਾਵੇ। ਗੰਗਾ ਦੇ ਦੂਸਰੇ ਪਾਰ ਜਾ ਕੇ ਸੀਤਾ ਨੂੰ ਦਸ ਦੇਵੇ ਕਿ ਉਸ ਦੇ ਪਤੀ ਰਾਮ ਨੇ ਉਸ ਨੂੰ ਤਿਆਗ ਦਿੱਤਾ ਹੈ ।ਅਤੇ ਸੀਤਾ ਨੂੰ ਛੱਡ ਕੇ ਵਾਪਸ ਆ ਜਾਵੇ।ਸੋ ਇਸੇ ਤਰ੍ਹਾਂ ਹੋਇਆ। ਗਰਭਵਤੀ ਸੀਤਾ ਜੀ ਨੇ ਰੁਦਨ ਕੀਤੇ, ਕੁਦਰਤੀ ਵਾਲਮੀਕਿ ਦੇ ਸੇਵਕ ਉਧਰ ਆ ਗਏ, ਜੋ ਸੀਤਾ ਜੀ ਨੂੰ ਵਾਲਮੀਕਿ ਆਸ਼ਰਮ ਵਿਚ ਲੈ ਗਏ। ਆਸ਼ਰਮ ਵਿਚ ਸੀਤਾ ਜੀ ਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ ਇਕ ਨੂੰ ਗੁੜ੍ਹਤੀ ਉਂਗਲੀ ਨਾਲ ਦਿੱਤੀ ਗਈ ਜੋ ਲਵੂ ਕਹਿਲਾਇਆ ਅਤੇ ਦੂਸਰੈ ਨੂੰ ਗੁੜ੍ਹਤੀ ਕਿਛਾ ਦੇ ਤੀਲੇ ਨਾਲ ਦਿੱਤੀ ਜੋ ਕਿਛੂ ਵਜੋਂ ਜਾਣਿਆ ਜਾਣ ਲੱਗਾ।
ਰਾਮ ਸੀਤਾ ਲਛਮਣ ਦੇ ਆਉਂਣ ਦੀ ਖੁਸ਼ੀ ਵਿਚ ਦੀਪਮਾਲਾ ਕੀਤੀ ਗਈ ਸੀ। ਪਰ ਸੀਤਾ ਨੂੰ ਘਰੋਂ ਕੱਢਣ ਲੱਗਿਆਂ ਸ਼ਾਇਦ ਹੀ ਕੋਈ ਅੱਖ ਛਲਕੀ ਹੋਵੇ। ਸ਼ਾਇਦ ਸੱਚਾਈ ਤੋਂ ਕੋਹਾਂ ਦੂਰ ਇਹ ਇਕ ਮਿਥ ਹੀ ਹੋਵੇ ਪਰ ਸਦੀਆਂ ਦੇ ਪ੍ਰਚਾਰ ਕਾਰਨ ਇਸ ਨੂੰ ਸੱਚ ਮੰਨਦਿਆਂ ਇਹ ਕਹਾਣੀ ਵਾਰ-ਵਾਰ ਦੁਹਰਾਈ ਜਾਂਦੀ ਹੈ। ਇੰਦਰਾ ਗਾਂਧੀ ਨੇ ਮੈਨਕਾ ਨੂੰ ਅਤੇ ਇੰਗਲੈਡ ਦੀ ਮਲਿਕਾ ਨੇ ਆਪਣੀ ਨੂੰਹ ਡਾਇਨਾ ਨੂੰ ਘਰੌਂ ਕੱਢ ਦਿੱਤਾ ਸੀ।“ ਯਥਾ ਰਾਜਾ ਤੱਥਾ ਪਰਜਾ “ ਦੇ ਅਖਾਣ ਅਨੁਸਾਰ ਜੇ ਰਾਜੇ ਹੀ ਇਹੋ ਜਿਹੇ ਕੁਕਰਮ ਕਰਨ ਤਾਂ ਪਰਜਾ ਕਿਵੇਂ ਪਿੱਛੇ ਰਹਿ ਸਕਦੀ ਹੈ । ਲੜਕੀਆਂ ਦਹੇਜ ਦੀ ਬਲੀ ਚੜ੍ਹ ਰਹੀਆਂ ਹਨ। ਅੱਜ ਦੇ ਟੇਕਨਾਲੋਜੀ ਦੇ ਯੁੱਗ ਵਿਚ ਗਰਭ ਵਿਚ ਹੀ ਲੜਕੀ ਬਾਰੇ ਪਤਾ ਲੱਗਦਿਆਂ ਹੀ ਉਸ ਨੂੰ ਪਾਰ ਬੁਲਾ ਦਿਤਾ ਜਾਂਦਾ ਹੈ । ਭਰੂਣ ਹੱਤਿਆ ਨੂੰ ਨੇਕੀ ਦੀ ਬਦੀ’ਤੇ ਜਿਤ ਸਮਝਦਿਆਂ ਹੋਇਆਂ ਸਾਡੇ ਧਰਮੀ ਰਾਮ ਖਾਮੌਸ਼ ਸਹਿਮਤੀ ਦੇ ਰਹੇ ਹਨ। ਸਮਾਜ ਦਾ ਆਤਮਕ ਦੀਵਾ ਤਾਂ ਕਦੋਂ ਦਾ ਬੁਝ ਚੁੱਕਿਆ ਹੈ । ਬਸ ਦਿਖਾਵੇ ਦੀ ਦੀਪਮਾਲਾ ਅਤੇ ਪਟਾਖਿਆਂ ਦੇ ਗੰਧਕੀ ਧੂਏਂ ਨਾਲ ਸਭ ਕੁਝ ਮਲੀਆਮੇਟ ਹੋ ਰਿਹਾ ਹੈ ।
ਹਰਮੰਦਰ ਸਾਹਿਬ ਅਮ੍ਰਤਸਰ ਵਿਚ ਦੀਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਤਕ ਨਿਰਵੈਰ ਸਮਾਜ ਦੀ ਉਸਾਰੀ ਹੋ ਰਹੀ ਸੀ ਉਨ੍ਹਾਂ ਦੀ ਸ਼ਹਾਦਤ ਨੇ ਇਡੀ ਦੈਹਿਸ਼ਤ ਫੈਲਾਈ ਕਿ ਗੁਰੂ ਪ੍ਰੈਮੀ ਚੁੱਪ ਕਰਕੇ ਘਰੋ ਘਰੀਂ ਬੈਠ ਗਏ। ਸਮਾਂ ਆ ਗਿਆ ਸੀ ਕਿ ਨਿਰਵੈਰੁ ਸਮਾਜ ਨੂੰ ਨਿਰਭਉ ਵੀ ਕਰ ਦਿੱਤਾ ਜਾਵੇ ਇਸ ਲਈ ਗੁਰੂ ਹਰਗੋਬੀੰਦ ਜੀ ,ਬਾਬਾ ਬੁਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਮਿਲ ਕੇ ਹਰਮੰਦਰ ਦੇ ਲਾਗੇ ਹੀ ਅਕਾਲ ਬੁੰਗੇ ਦੀ ਉਸਾਰੀ ਕੀਤੀ ( ਅੱਜ ਕਲ ਉਸ ਦਾ ਨਾਮ ਅਕਾਲ ਤੱਖਤ ਹੈ ) ਏਡਾ ਉਚਾ ਥੜ੍ਹਾ ਬਣਾ ਦੇਣਾ ਅਤੇ ਸੇਵਕਾਂ ਨੂੰ ਹਥਿਆਰਬੰਦ ਕਰਨਾ ਮੁਗਲੀਆਂ ਹਕੂਮਤ ਦੇ ਖਿਲਾਫ ਖੁੱਲ੍ਹੀ ਬਗਾਵਤ ਸੀ। ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਦਿੱਲੀ ਸਦ ਕੇ ਪੱਜ ਨਾਲ ਗਵਾਲੀਅਰ ਭੇਜ ਦਿੱਤਾ। ਉਸ ਕਿਲ੍ਹੇ ਵਿਚ 52 ਹਿੰਦੂ ਰਾਜੇ ਪਹਿਲਾਂ ਹੀ ਕੈਦ ਕੀਤੇ ਹੋਏ ਸਨ। ਗੁਰੂ ਮਹਾਰਾਜ ਕੋਈ ਡੇਢ ਸਾਲ ਉਸ ਕਿਲੇ ਵਿਚ ਰਹੇ । ਅਤੇ ਜਦ ਬਾਹਰ ਆਏ ਤਾਂ 52 ਹਿੰਦੂ ਰਾਜੇ ਵੀ ਉਹਨਾ ਦੇ ਚੋਲੇ ਦੀਆਂ ਕੰਨੀਆਂ ਫੜ ਕੇ ਰਿਹਾ ਹੋ ਗਏ। ਅਮ੍ਰਤਸਰ ਵਾਪਸ ਆਉਣ’ਤੇ ਖੁਸ਼ੀ ਵਿਚ ਦੀਪ ਮਾਲਾ ਕੀਤੀ ਗਈ ਜੋ ਅੱਜ ਤਕ ਬੜੀ ਸ਼ਾਨ ਸ਼ੌਕਤ ਨਾਲ ਮਨਾਈ ਜਾਂਦੀ ਹੈ। ਦੀਵਾਲੀ ਦੀ ਰਾਤ ਨੂੰ ਅਮ੍ਰਤਸਰ ਦੀ ਆਤਸ਼ਬਾਜ਼ੀ ਸਾਰੇ ਸੰਸਾਰ ਤੇ ਮਸ਼ਹੂਰ ਹੈ ਪਰ ਉਸ ਅਸਥਾਨ ਦੀ ਉਚਤਾ ਨੂੰ ਗ੍ਰਹਿਣ ਲਗ ਰਿਹਾ ਹੈ। ਗੁਰੂ ਮਹਾਰਾਜ ਵੱਲੋਂ ਸਾਜੇ ਅਕਾਲ ਬੁੰਗੇ ਨੂੰ ਅਕਾਲ ਤਖਤ ਦਾ ਨਾ ਦੇ ਕੇ ਉਸ ਨੂੰ ਸਿਆਸਤ ਦਾ ਕੇਂਦਰ ਬਣਾ ਦਿੱਤਾ ਹੈ । ਸਿੱਖੀ ਦੇ ਬਰਾਬਰਤਾ ਅਤੇ ਸੰਗਤ ਦੇ ਵੱਡਮੁੱਲੇ ਸਿਧਾਂਤ ਨੂੰ ਤਿਲਾਂਜਲੀ ਦੇ ਕੇ ਇਕ ਪੁਰਖੀ ਤਾਕਤ ਕਾਇਮ ਕੀਤੀ ਜਾ ਰਹੀ ਹੈ। ਹੁਕਮ ਸਾਦਰ ਕਰਨ ਵਾਲੇ ਆਪ ਹੀ ਹੁਕਮ ਅਦੂਲੀ ਕਰ ਰਹੇ ਹਨ। ਸਿੱਖ ਬੱਚਿਆਂ ਨੂੰ ਸਿੱਖ ਸਿਧਾਂਤਾਂ ਦੀ ਸੋਝੀ ਦੇਣ ਵਾਲੇ ਖੁਦ ਬ੍ਰਾਹਮਣੀ ਰੀਤਾਂ ਵਿਚ ਉਲਝ ਕਰ ਰਹਿ ਗਏ ਹਨ। 
ਦੀਵਾਲੀ ਤੋਂ ਦੂਜੇ ਦਿਨ ਨੂੰ ਬਾਲੀ ਪਾਰਤਪਦਾ ਦੇ ਨਾਮ ਨਾਲ ਮਨਾਇਆ ਜਾਂਦਾ ਹੈ । ਕਹਾਣੀ ਕੁਝ ਇਸ ਤਰਾਂ ਹੈ ਕਿ ਪਤਾਲਪੁਰੀ ਦਾ ਰਾਜਾ ਬਾਲੀ ਬਹੁਤ ਸ਼ਕਤੀਸ਼ਾਲੀ ਹੋ ਗਿਆ ਉਸਨੇ ਕਈ ਪ੍ਚਲਿਤ ਰਸਮਾਂ ਦਾ ਉਲੰਘਣ ਕੀਤੀ ਤਾਂ ਵਿਸ਼ਨੂੰ ਭਗਵਾਨ ਨੇ ਵਾਮਨ ਅਵਤਾਰ (ਗਿਠਮੁਠੀਆ ਬ੍ਰਾਹਮਣ ) ਦਾ ਰੂਪ ਧਾਰ ਕੇ ਰਾਜਨ ਤੋਂ ਭਿਖਿਆ ਵਜੋਂ ਤਿਨ ਕਦਮ ਜਗ੍ਹਾ ਦੀ ਮੰਗ ਕੀਤੀ । ਬਾਲੀ ਦੀ ਹਾਂ ਤੇ ਵਿਸਨੂੰ ਨੇ ਵਰਾਟ ਰੂਪ ਧਾਰਨ ਕਰਕੇ ਸਮੁਚੀ ਧਰਤੀ ਅਤੇ ਅਕਾਸ਼ ਦੋ ਕਦਮਾਂ ਵਿਚ ਹੀ ਸਮੇਟ ਕੇ ਕਿਹਾ ਰਾਜਨ ਦਸ ਤੀਸਰਾ ਕਦਮ ਕਿਥੇ ਰਖਾਂ ਤਾਂ ਬਾਲੀ ਨੇ ਸਿਰ ਅਗੇ ਕਰ ਦਿਤਾ। ਵਿਸ਼ਨੂੰ ਨੇ ਉਸ ਦੇ ਸਿਰ ਤੇ ਪੈਰ ਰਖ ਕੇ ਉਸ ਨੂੰ ਮੁੜ ਪਤਾਲ ਪੁਰੀ ਵਿਚ ਧਕ ਦਿਤਾ । ਬਾਲੀ ਨੇ ਦਾਨ ਦੇ ਇਵਜ਼ਾਨੇ ਵਿਚ ਵਿਸਨੂੰ ਨੂੰ ਆਪਣਾ ਦਰਬਾਨ ਬਣਾ ਲਿਆ । ਵਿਸ਼ਨੂੰ ਦੇ ਵਿਯੋਗ ਵਿਚ ਲਛਮੀ ਦੇਵੀ ਬੇਹਬਲ ਹੋ ਗਈ ਤਾਂ ਬਰਹਮਾ ਅਤੇ ਸ਼ਿਵ ਨੇ ਜਾ ਕੇ ਰਾਜਾ ਬਾਲੀ ਨੂੰ ਮਨਾਉਣ ਦਾ ਯਤਨ ਕੀਤਾ । ਬਾਲੀ ਨੇ ਵਿਸ਼ਨੂੰ ਨੂੰ ਇਕ ਸ਼ਰਤ ਤੇ ਮੁਕਤ ਕੀਤਾ ਕਿ ਉਹ ਸਾਲ ਵਾਚ ਦੀਵਾਲੀ ਤੋਂ ਦੁਸਰੇ ਦਿਨ ਇਕ ਦਿਨ ਲਈ ਧਰਤੀ ਤੇ ਆਇਆ ਕਰੇਗਾ ਇਹ ਦਿਨ ਉਸ ਯਾਦ ਵਜੌਂ ਮਨਾਇਆ ਜਾਂਦਾ ਹੈ । ਨੈਹਰੂ, ਗਾਂਧੀ ਪਟੇਲ ਵਲੋਂ ਸਿਖ ਆਗੂਆਂ ਨੂੰ ਛਲ ਲੈਣਾ ਤਾਂ ਪੁਰਾਤਨ ਪ੍ਮਪਰਾ ਦਾ ਹੀ ਦੁਹਰਾ ਸੀ । ਆਪਣੀ ਆਜ਼ਾਦੀ ਦਾਨ ਕਰਨ ਦੇ ਬਦਲੇ ਸਿਖ ਕੌਮ ਦੇ ਆਗੂਆਂ ਨੇ ਜਰਾਇਮ ਪੇਸ਼ਾ ਦਾ ਸਰਾਪ ਪਰਾਪਤ ਕੀਤਾ। 
ਪੰਜਵਾਂ ਦਿਨ ਭਾਈ ਦੂਜ ਹੈ। ਇਕ ਵਿਸ਼ਵਾਸ਼ ਅਨਸਾਰ ਸ਼੍ਰੀ ਕ੍ਰਿਸ਼ਨ ਜੀ ਨਰਕਸੁਰ ਨੂੰ ਮਾਰਨ ੳਤੁਪਰੰਤ ਆਪਣੀ ਭੈਣ ਸੁਭਦਰਾਂ ਨੂੰ ਮਿਲਣ ਗਏ ਸੀ। ਉਸ ਨੇ ਆਪਣੇ ਭਰਾ ਦੇ ਤਿਲਕ ਲਾਇਆ ਸੀ ।ਇਸ ਦਿਨ ਭਰਾ ਆਪਣੀਆਂ ਭੈਣਾ ਨੂੰ ਤੋਹਫੇ ਦਿੰਦੇ ਹਨ ਭੈਣਾ ਆਪਣੇ ਭਰਾਵਾਂ ਦੀਆਂ ਸ਼ੁਖਾਂ ਮਨਾਉਂਦੀਆਂ ਹਨ। ਇਸ ਤਰਾਂ ਭੈਣਾ ਅਤੇ ਭਰਾਵਾਂ ਦਾ ਪਿਆਰ ਬਣਿਆ ਰਹਿੰਦਾ ਹੈ । ਭਾਈ ਦੂਜ ਮਨਾਉਣ ਬਗੈਰ ਦਿਵਾਲੀ ਅਧੂਰੀ ਗਿਣੀ ਜਾਂਦੀ ਹੈ।
ਜੈਨ ਮਤ ਵਾਲੇ ਸੰਤ ਮਹਾਂਵੀਰ ਦੇ ਨਿਰਵਾਣ ਪਰਾਪਤ ਕਰਨ ਕਰਕੇ ਦੀਵਾਲੀ ਮਨਾਉਂਦੇ ਹਨ। ਬੰਗਾਲ ਵਿਚ ਦੁਰਗਾ ਪੂਜਾ ਹੁੰਦੀ ਹੈ । 
ਗੱਲ ਦਿਵਾਲੀ ਦੀ ਕਰ ਰਿਹਾ ਸੀ ਭਾਵਨਾ ਦੇ ਹੜ ਅਗੇ ਖੜੋ ਨਹੀਂ ਸਕਿਆ ਪਾਠਕਾਂ ਤੋਂ ਖਿਮਾ ਚਾਹੁੰਦਾ ਹਾਂ। 
2010 ਦੀ ਦਿਵਾਲੀ ਸਭ ਪਾਠਕਾਂ ਨੂੰ ਖੁਸ਼ੀਆਂ ਖੇੜੇ ਵੰਡੇ ਆਪਸੀ ਸਾਂਝ ਵਧੇ ਇਹੀ ਤਮੱਨਾ ਹੈ । ਦੀਵਾਲੀ ਦੀਆਂ ਲਖ ਲਖ ਵਧਾਈਆਂ।


ਉਡੀਕ.......... ਨਜ਼ਮ/ਕਵਿਤਾ / ਗੁਰਜੀਤ ਟਹਿਣਾ

ਦਿਲ ਦਾ ਕਮਰਾ ਖਾਤਿਰ ਤੇਰੀ, ਸੱਜਣਾ ਖੂਬ ਸਜਾਇਆ,
ਸਾਉਣ ਮਹੀਨਾ ਲੰਘ ਚੱਲਿਆ, ਪਰ ਤੂੰ ਨਾ ਮੁੜ ਕੇ ਆਇਆ।

ਇੱਕ ਕੰਧ ਤੇ ਪਾ ਦਿੱਤੀ ਮੈਂ ਰੀਝਾਂ ਦੀ ਫੁਲਕਾਰੀ,
ਸੇਜ ਤੇਰੀ ਤੇ ਯਾਦਾਂ ਵਾਲਾ ਅੜਿਆ ਬਾਗ ਵਿਛਾਇਆ।

ਓਸ ਕੰਧ ਤੇ ਟੰਗ ਦਿੱਤੀ ਮੈਂ ਹਿਜ਼ਰ ਤੇਰੇ ਦੀ ਫੋਟੋ,
ਲਿਖ ‘ਵਿਛੋੜਾ’ ਫੱਟੀ ਉੱਤੇ ਬੂਹੇ ਤੇ ਲਟਕਾਇਆ।

ਵਿੱਚ ਤ੍ਰਿੰਝਣਾ ਰਲ ਮਿਲ ਕੁੜੀਆਂ ਪੀਂਘਾਂ ਝੂਟਣ ਆਈਆਂ,
ਪਰ ਮੈਂ ਤੱਤੜੀ ਨੇ ਨਾਂਹੀ ਅੜਿਆ ਕੋਈ ਸ਼ਗਨ ਮਨਾਇਆ।

ਰੋ-ਰੋ ਕੇ ਮਰ ਜਾਵਣ ਲੋਕੀਂ ਆਪਣਾ ਜਦ ਕੋਈ ਮਰ ਜਾਵੇ,
ਦਿਲ ਮਰਿਆ ਤਾਂ ਅੱਖੀਆਂ ਰੋਈਆਂ ਕਿਸੇ ਨਾ ਸੋਗ ਮਨਾਇਆ।

ਆਥਣ ਉੱਗਣ ਕੰਧੀ ਕੌਲੀਂ ਲੱਗ-ਲੱਗ ਕੇ ਮੈਂ ਰੋਵਾਂ,
ਕਰਾਂ ਉਡੀਕਾਂ ਪਰ ਅੱਜ ਤੱਕ ਨਾ ਟਹਿਣੇ ਵਾਲਾ ਆਇਆ।

+91 94782 77772

ਪੰਜਾਬ ਅੰਦਰ ਵਿਧਾਨ ਪ੍ਰੀਸ਼ਦ ਨੂੰ ਮੁੜ ਸੁਰਜੀਤ ਕਰਨਾ ਜਾਇਜ਼ ਹੈ ਕਿ ਨਹੀਂ.......... ਲੇਖ / ਸ਼ਾਮ ਸਿੰਘ ‘ਅੰਗ ਸੰਗ’


ਲੋਕ-ਹਿਤਾਂ ਦੇ ਨਾਂ ’ਤੇ ਆਪਣੇ ਹਿਤਾਂ ਨੂੰ ਤਰਜੀਹੀ ਅਧਾਰ ’ਤੇ ਪਾਲਣਾ ਬਦਨੀਤੀ ਵੀ ਹੈ ਤੇ ਬਦ-ਦਿਆਨਤਦਾਰੀ ਵੀ। ਅਜਿਹਾ ਕਰਨ ਨਾਲ ਭਰੋਸੇਯੋਗਤਾ ਵੀ ਖੁਰਦੀ ਹੈ ਅਤੇ ਨੇਤਾਗਿਰੀ ਦੇ ਮਿਆਰਾਂ ਨੂੰ ਵੀ ਖੋਰਾ ਲਗਦਾ ਹੈ। ਫੇਰ ਵੀ ਸਿਆਸਤਦਾਨ ਅਜਿਹੇ ਰਾਹ ’ਤੇ ਤੁਰਨ ਤੋਂ ਕਦੇ ਨਹੀਂ ਘਬਰਾਉਂਦੇ। ਸ਼ਾਇਦ ਉਹ ਸਮਝਦੇ ਹਨ ਕਿ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦੇ ਟੀਚਿਆਂ ਅਤੇ ਨਿਸ਼ਾਨਿਆਂ ਦੀ ਪੂਰਤੀ ਨਹੀਂ ਹੋ ਸਕਦੀ। ਇਸ ਕਰਕੇ ਉਹ ਆਪਣੇ ਹੀ ਮੋਢਿਆਂ ’ਤੇ ਚੜ੍ਹਕੇ ਆਪਣਾ ਹੀ ਢੰਡੋਰਾ ਪਿੱਟਦੇ ਲੋਕ ਹਿਤਾਂ ਦਾ ਸ਼ਰੇਆਮ ਸੋਸ਼ਣ ਕਰਦੇ ਹਨ। ਅਜਿਹਾ ਕਰਦਿਆਂ ਉਹ ਨਾ ਤਾਂ ਆਪਣੇ ਪੈਰਾਂ ਹੇਠਲੇ ਰਾਹ ਗੁਆਚਣ ਦਿੰਦੇ ਹਨ ਅਤੇ ਨਾ ਹੀ ਕਿਆਸੇ ਅਤੇ ਮਿੱਥੇ ਹੋਏ ਇਰਾਦੇ। ਸਿਆਸਤ ਸਮਾਜ ’ਤੇ ਭਾਰੂ ਹੈ ਅਤੇ ਸਿਆਸਤਦਾਨ ਸਮਾਜ ਵਿਚ ਵਿਚਰਦਿਆਂ ਅਜਿਹੇ ਹਾਲਾਤ ਪੈਦਾ ਕਰ ਦਿੰਦੇ ਹਨ ਕਿ ਸਾਰਾ ਸਮਾਜ ਸਿਰਫ ਉਨ੍ਹਾਂ ਦੇ ਦੁਆਲੇ ਹੀ ਘੁੰਮਦਾ ਲੱਗੇ।
ਅਕਸਰ ਚੋਣਾਂ ਵੇਲੇ ਰਾਜਨੀਤਕ ਪਾਰਟੀਆਂ ਅਜਿਹੇ ਪੈਂਤੜੇ ਲੈਂਦੀਆਂ ਹਨ ਜਿਨ੍ਹਾਂ ਨਾਲ ਵੱਧ ਵੋਟਾਂ ਖਿੱਚੀਆਂ ਜਾ ਸਕਣ, ਅਜਿਹੀਆਂ ਲੁਭਾਣੀਆਂ ਤਰਜੀਹਾਂ ਆਪੋ ਆਪਣੇ ਏਜੰਡਿਆਂ ਵਿਚ ਸ਼ਾਮਲ ਕਰਦੀਆਂ ਹਨ ਜਿਹੜੀਆਂ ਜਿੱਤ ਵੱਲ ਕਦਮ ਪੁੱਟਣ ਵਿਚ ਸਹਾਈ ਹੁੰਦੀਆਂ ਹੋਣ ਅਤੇ ਅਜਿਹੇ ਗਰਮਾਂ-ਗਰਮ ਨਾਅ੍ਹਰੇ ਭਖਾਉਂਦੀਆਂ ਹਨ ਜਿਹੜੇ ਭਾਵਕਤਾ ਨਾਲ ਵੋਟਰਾਂ ਦੀਆਂ ਭਾਵਨਾਵਾਂ ਨੂੰ ਭਰਮਾ ਤੇ ਵਰਗਲ਼ਾ ਸਕਣ ਅਤੇ ਕਿਸੇ ਹੋਰ ਪਾਸੇ ਨਾ ਭੱਜਣ ਦੇਣ। 
ਚੋਣਾਂ ਵਿਚ ਵੋਟਾਂ ਹਥਿਆਉਣ ਲਈ ਤਿਆਰ ਕੀਤੇ ਜਾਂਦੇ ਮੈਨੀਫੈਸਟੋ (ਚੋਣ ਮਨੋਰਥ ਪੱਤਰ) ’ਚ ਅਜਿਹੇ ਵਾਅਦੇ ਕੀਤੇ ਜਾਂਦੇ ਹਨ ਜਿਹੜੇ ਲੋਕਾਂ ਦੇ ਦਿਲਾਂ ’ਚ ਉਤਰ ਜਾਣ, ਉਨ੍ਹਾਂ ਦੀਆਂ ਸੋਚਾਂ ਦੇ ਹਾਣ ਦੇ ਹੋਣ ਅਤੇ ਅਜਿਹੇ ਲਾਰੇ ਲਾਏ ਜਾਂਦੇ ਹਨ ਜਿਹੜੇ ਕਦੇ ਪੂਰੇ ਨਹੀਂ ਕੀਤੇ ਜਾਣੇ ਹੁੰਦੇ। ਮੁੱਦੇ ਉਭਾਰੇ ਜਾਂਦੇ ਹਨ ਅਤੇ ਕਿਤਾਬਚਿਆਂ ਦੇ ਵਰਕਿਆਂ ਦੀ ਹਿੱਕ ’ਤੇ ਮਸਲਿਆਂ ਨੂੰ ਇੰਜ ਉਭਾਰਿਆਂ ਜਾਂਦਾ ਹੈ ਜਿਵੇਂ ਉਨ੍ਹਾਂ ਵਿਚਲੇ ਨੁਕਤੇ ਹੀ ਲੋਕਾਂ ਲਈ ਮੁਕਤੀ ਵੱਲ ਜਾਂਦੇ ਰਾਹ ਹੋਣ।
ਪੰਜਾਬ ਦੀ ਹਾਕਮ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਜਿਸ ਦੇ ਛਪੇ ਪਿਛਲੇ ਚੋਣ ਮੈਨੀਫੈਸਟੋ ’ਚ ਹੋਰ ਗੱਲਾਂ / ਨੁਕਤਿਆਂ ਦੇ ਨਾਲ ਨਾਲ ਪੰਜਾਬ ਵਿਧਾਨ ਪ੍ਰੀਸ਼ਦ ਨੂੰ ਮੁੜ ਸੁਰਜੀਤ ਕਰਨ ਦਾ ਵਾਅਦਾ ਵੀ ਪੰਜਾਬ ਦੇ ਲੋਕਾਂ ਨਾਲ ਕੀਤਾ ਹੋਇਆ ਹੈ ਜਿਸ ਨੂੰ ਪਿਛਲੇ ਸਾਢੇ ਤਿੰਨ ਸਾਲ ਦੇ ਲੰਮੇ ਅਰਸੇ ਦੌਰਾਨ ਹਵਾ ਤੱਕ ਨਹੀਂ ਲੱਗਣ ਦਿੱਤੀ ਗਈ ਪਰ ਹੁਣ ਇਸ ਵਾਅਦੇ ’ਤੇ ਅਮਲ ਕਰਨ ਦੀ ਅਚਾਨਕ ਹੀ ਚਰਚਾ ਛੇੜ ਦਿੱਤੀ ਗਈ ਹੈ ਤਾਂ ਕਿ ਸਾਰੀਆਂ ਸਬੰਧਤ ਧਿਰਾਂ ਇਸ ਬਾਰੇ ਆਪੋ ਆਪਣੀ ਰਾਇ ਬਣਾਉਣ ਵਿਚ ਹੀ ਉਲਝੀਆਂ ਰਹਿਣ।
ਇਸ ਉੱਪਰਲੇ (ਵਿਧਾਨ ਪ੍ਰੀਸ਼ਦ) ਕਹੇ ਜਾਂਦੇ ਸਦਨ ਨੂੰ ਚਾਰ ਦਹਾਕੇ ਪਹਿਲਾਂ ਪੰਜਾਬ ਵਿਚ ਖਤਮ ਕਰ ਦਿੱਤਾ ਗਿਆ ਸੀ ਕਿਉਂਕਿ ਨਾ ਹਾਕਮ ਧਿਰ ਇਸ ਦੇ ਹੱਕ ਵਿਚ ਰਹਿ ਗਈ ਸੀ ਨਾ ਹੀ ਵਿਰੋਧੀ ਧਿਰ। ਰਾਜ ਵਿਚ ਇਸ ’ਤੇ ਹੁੰਦਾ ਵਾਧੂ ਦਾ ਖਰਚਾ ਵੀ ਬਚ ਗਿਆ ਸੀ ਅਤੇ ਸਿਆਸੀ ਖੇਤਰ ਵਿਚ ਹੁੰਦੀ ਬੇਲੋੜੀ ਖਚ ਖਚ ਵੀ ਨਹੀਂ ਸੀ ਰਹੀ। ਪਹਿਲਾਂ ਪੰਜਾਬ ਦੂਰ ਦੂਰ ਤੱਕ ਫੈਲਿਆ ਹੋਇਆ ਸੀ ਜਿਸ ਵਿਚ ਵਿਧਾਨ ਪ੍ਰੀਸ਼ਦ ਵਿਚਲੀ ਨੁਮਾਇੰਦਗੀ ਦੀ ਜਰੂਰਤ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ ਪਰ ਹੁਣ ਤਾਂ ਰਾਜ ਹੀ ਏਨਾ ਛੋਟਾ ਰਹਿ ਗਿਆ ਹੈ ਜਿਸ ਲਈ ਵਿਧਾਨ ਪ੍ਰੀਸ਼ਦ ਜਹੀ ਸੰਸਥਾ ਬੇਲੋੜੀ ਹੀ ਜਾਪੇਗੀ, ਨਿਰਾ ਚਿੱਟਾ ਹਾਥੀ ਬੰਨਣ੍ਹ ਦੇ ਬਰਾਬਰ।
ਅੰਗਰੇਜ਼ਾਂ ਵਲੋਂ ਹਾਊਸ ਆਫ ਲਾਰਡਜ਼ ਦੀ ਤਰਜ਼ ’ਤੇ ਇਸ ਸਦਨ (ਰਾਜ ਸਭਾ ਸਮੇਤ) ਨੂੰ ਉੱਪਰਲਾ ਸਦਨ ਕਿਹਾ ਗਿਆ ਜਿਸ ਨੂੰ ਭਾਰਤੀ ਵੀ ਉਵੇਂ ਹੀ ਮੰਨਣ ਲੱਗ ਪਏ ਜਦ ਕਿ ਇਹ ਕਹਿਣਾ ਸਹੀ ਨਹੀਂ। ਸਹੀ ਤਾਂ ਏਹੀ ਮੰਨਿਆਂ ਜਾਣਾ ਚਾਹੀਦਾ ਹੈ ਕਿ ਲੋਕਾਂ ਵਲੋਂ ਸਿੱਧੇ ਚੁਣੇ ਗਏ ਲੋਕਾਂ ਵਾਲਾ ਸਦਨ ਹੀ ਉੱਪਰਲਾ ਸਦਨ ਕਹਾਉਣ ਦਾ ਹੱਕਦਾਰ ਹੋ ਸਕਦਾ ਹੈ ਕਿਉਂਕਿ ਇਹ ਰਾਜ ਦੀਆਂ ਸਮੁੱਚੀਆਂ ਅਵਾਜ਼ਾਂ ਦਾ ਸਮੂਹ ਹੁੰਦਾ ਹੈ ਅਤੇ ਸਮੁੱਚੇ ਵਰਗਾਂ ਦਾ ਬੁਲਾਰਾ। ਨਾਮਜ਼ਦਗੀਆਂ ਜਾਂ ਫੇਰ ਅਸਿੱਧੀਆ ਨਾਮ-ਨਿਹਾਦ ਚੋਣਾਂ ਦੇ ਰਸਤੇ ਆਏ ਨੁਮਾਂਇੰਦਿਆਂ ਵਾਲਾ ਸਦਨ ਲੋਕ ਦਿਲਾਂ ਦੀਆਂ ਰਮਜ਼ਾਂ ਤੋਂ ਕਦੇ ਅਤੇ ਕਿਸੇ ਤਰ੍ਹਾਂ ਵੀ ਉੱਚਾ (ਉੱਪਰਲਾ) ਨਹੀਂ ਹੋ ਸਕਦਾ।
ਵਿਧਾਨ ਸਭਾ ਦੇ ਹੁੰਦਿਆਂ-ਸੁੰਦਿਆਂ ਵਿਧਾਨ ਪ੍ਰੀਸ਼ਦ ਨੂੰ ਮੁੜ ਸੁਰਜੀਤ ਕਰਨ ਦੀ ਗੱਲ ਸ਼ਾਇਦ ਬਾਹਰ ਨਾ ਆਉਂਦੀ ਜੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਕ ਮੀਟਿੰਗ ਵਿਚ ਕਾਂਗਰਸ ਦੇ ਆਗੂਆਂ ਤੋਂ ਇਸ ਤਜਵੀਜ਼ ਨੂੰ ਨੇਪਰੇ ਚਾੜ੍ਹਨ ਲਈ ਹਮਾਇਤ ਦੀ ਮੰਗ ਨਾ ਕਰਦੇ। ਹਮਾਇਤ ਮੰਗੇ ਜਾਣ ’ਤੇ ਕਾਂਗਰਸੀ ਆਗੂ ਇਸ ਤਜਵੀਜ਼ ਦੇ ਪਿੱਛੇ ਕੰਮ ਕਰਦੀ ਨੀਤ ਅਤੇ ਨੀਤੀ ਸਮਝ ਗਏ ਜਿਸ ’ਤੇ ਪਹਿਲਾਂ ਤਾਂ ਉਨ੍ਹਾਂ ਵਿਚਾਰ ਕਰਨ ਲਈ ਗੱਲ ਟਾਲ਼ ਦਿੱਤੀ ਪਰ ਛੇਤੀ ਬਾਅਦ ਵਿਚ ਸਾਫ ਨਾਂਹ ਕਰ ਦਿੱਤੀ। ਕਾਂਗਰਸ ਦੇ ਵਿਧਾਇਕ ਸ਼੍ਰੀ ਲਾਲ ਸਿੰਘ ਅਤੇ ਸ਼੍ਰੀ ਅਵਤਾਰ ਸਿੰਘ ਬਰਾੜ ਨੇ ਆਖ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਸਮਝਦੀ ਹੈ ਕਿ ਅਜਿਹਾ ਕਰਨ ਨਾਲ ਰਾਜ ਦੀ ਆਰਥਿਕਤਾ ਨੂੰ ਹੋਰ ਸੱਟ ਮਾਰਨ ਵਾਲੀ ਗੱਲ ਹੋਵੇਗੀ। ਕੇਵਲ ਕਾਂਗਰਸ ਜਾਂ ਹੋਰ ਪਾਰਟੀਆਂ ਹੀ ਨਹੀਂ ਸਗੋਂ ਅਕਾਲੀ-ਭਾਜਪਾ ਸਰਕਾਰ ਤੋਂ ਪੂਰਾ ਪੰਜਾਬ ਪੁੱਛ ਸਕਦਾ ਹੈ ਕਿ ਇਸ ਸਮੇਂ ਵਿਧਾਨ ਪ੍ਰੀਸ਼ਦ ਨੂੰ ਮੁੜ ਸੁਰਜੀਤ ਕਰਨ ਦੀ ਜਰੂਰਤ ਕੀ ਹੈ ਅਤੇ ਐਨੀ ਕਾਹਲ਼ ਕਾਹਦੇ ਵਾਸਤੇ? ਸੱਤਰ ਹਜ਼ਾਰ ਕਰੋੜ ਰੁਪਏ ਦੇ ਕਰੀਬ ਕੇਂਦਰੀ ਕਰਜ਼ੇ ਦੀ ਮਾਰ ਝੱਲ ਰਹੀ ਪੰਜਾਬ ਸਰਕਾਰ ਨੂੰ ਕੀ ਇਹ ਦਰਕਿਨਾਰ ਹੋਵੇਗਾ ਕਿ ਵਿਧਾਨ ਸਭਾ ਜਿੰਨੇ ਹੋਰ ਫਜ਼ੂਲ ਖਰਚੇ ਨੂੰ ਸਿਆਸੀ ਪੱਧਰ ’ਤੇ ਚਿੱਤ ਪ੍ਰਚਾਣ ਲਈ ਅਵਾਜ਼ ਮਾਰ ਲਵੇ? ਇਹ ਵੀ ਸੋਚਣ ਦੀ ਤੇ ਪੁੱਛਣ ਦੀ ਗੱਲ ਹੈ ਕਿ ਸਰਕਾਰ ਨੂੰ ਅਚਾਨਕ ਇਹ ਸੁਪਨਾ ਕਿਵੇਂ ਆ ਗਿਆ ਕਿ ਰਾਜ ’ਚ ਵਿਧਾਨ ਪ੍ਰੀਸ਼ਦ ਬਗੈਰ ਕੰਮ ਨਹੀਂ ਚੱਲ ਸਕਦਾ। ਇਸ ਤਜਵੀਜ਼ ਨੂੰ ਸਰਕਾਰ ਦੀ ਮਿਆਦ ਦੇ ਆਖਰੀ ਪੜਾਅ ਵੇਲੇ ਉਭਾਰਨਾ ਤੇ ਅਮਲ ਵਿਚ ਲਿਆਉਣ ਲਈ ਕਾਹਲ਼ੀ ਕਰਨਾ ਕੁਵੇਲੇ ਦੀਆਂ ਟੱਕਰਾਂ ਹਨ, ਵੇਲੇ ਦੀ ਨਮਾਜ਼ ਨਹੀਂ। 
ਹਾਕਮ ਪਾਰਟੀ ਸ਼ਾਇਦ ਵਿਧਾਨ ਪ੍ਰੀਸ਼ਦ ਦੀ ਸੁਰਜੀਤੀ ਇਸ ਲਈ ਕਰਨਾ ਚਾਹੁੰਦੀ ਹੈ ਕਿ ਪਾਰਟੀ ਦੇ ਹਾਰੇ ਹੋਏ ਨੇਤਾਵਾਂ ਨੂੰ ‘ਢੁੱਕਵੀਂ’ ਥਾਂ ਦਿੱਤੀ ਜਾ ਸਕੇ, ਅਸੰਤੁਸ਼ਟ ਨੇਤਾਵਾਂ / ਕਾਰਕੁਨਾਂ ਨੂੰ ਸੰਤੁਸ਼ਟ ਕੀਤਾ ਜਾ ਸਕੇ ਤਾਂ ਕਿ ਪਾਰਟੀ-ਸਫਾਂ ’ਚ ਖਲਲ ਪੈਣੋਂ ਰੋਕਿਆ ਜਾ ਸਕੇ। ਉਨ੍ਹਾਂ ਮੂਹਰੇ ਸਿਆਸੀ ਲੋਭ ਦੀਆਂ ਗਾਜਰਾਂ ਲਟਕਾਈਆਂ ਜਾ ਰਹੀਆਂ ਹਨ। ਸ਼ਾਇਦ ਅਕਾਲੀ ਪਾਰਟੀ ਨੂੰ ਆਉਂਦੀਆਂ ਚੋਣਾਂ ਲਈ ਅਜਿਹੀ ਤਿਆਰੀ ਦੀ ਅਗਾਊਂ ਲੋੜ ਹੈ ਅਤੇ ਉਸੇ ਲਈ ਅਭਿਆਸ ਹੈ ਇਹ। ਇਸ ਤਜਵੀਜ਼ ਨੂੰ ਜਾਇਜ਼ ਠਹਿਰਾਉਣ ਲਈ ਉੱਘੀਆਂ ਹਸਤੀਆਂ ਅਤੇ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਦੀਆਂ ਵੱਖੋ-ਵੱਖਰੀਆਂ ਅਵਾਜ਼ਾਂ ਅਤੇ ਅਮੀਰ ਤਜ਼ੁਰਬੇ ਨੂੰ ਥਾਂ ਦੇਣ ਦਾ ਬਹਾਨਾ ਘੜਿਆ ਜਾ ਸਕਦਾ ਹੈ ਜਦ ਕਿ ਉਨ੍ਹਾਂ ਨੂੰ ਵਿਧਾਨ ਸਭਾ ਜਾਂ ਹੋਰ ਪਾਰਟੀ ਮੰਚਾਂ, ਅਹੁਦਿਆਂ ਤੇ ਫਿੱਟ ਕਰਨ ਲਈ ਪਾਰਟੀਆਂ ’ਤੇ ਕਿਸੇ ਕਿਸਮ ਦੀ ਕੋਈ ਰੋਕ ਨਹੀਂ।
ਬਹਿਸ ਦੇ ਮਿਆਰ ਨੂੰ ਵਧਾਉਣ ਅਤੇ ਕਾਨੂਨੀ-ਖਰੜਿਆਂ ਦੀ ਨਿਰਖ-ਪਰਖ ਦੀ ਉੱਚਤਾ ਕਾਇਮ ਕਰਨ ਦਾ ਨੁਕਤਾ ਵੀ ਸਾਹਮਣੇ ਲਿਆਂਦਾ ਜਾ ਸਕਦਾ ਹੈ, ਪਰ ਜੇ ਪਰਿਵਾਰਕ ਚਾਰਦੀਵਾਰੀ ਤੋਂ ਬਾਹਰਲੇ ਬੰਦਿਆਂ ਨੂੰ ਅਜਿਹੇ ਅਦਾਰਿਆਂ ਵਿਚ ਪੈਰ ਹੀ ਧਰਨ ਨਹੀਂ ਦੇਣਾ ਤਾਂ ਇਸ ਨੁਕਤੇ ਨੂੰ ਵੀ ਸਿੱਟਾ ਪੈਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਨਾਲ ਅੰਨ੍ਹੇ ਵਲੋਂ ਮੁੜ-ਘਿੜ ਘਰਦਿਆਂ ਨੂੰ ਰਿਉੜੀਆਂ ਵੰਡਣ ਵਾਲੀ ਕਹਾਵਤ ਹੀ ਸੱਚ ਹੁੰਦੀ ਦੇਖੀ ਜਾ ਸਕੇਗੀ, ਹੋਰ ਕੁੱਝ ਵੀ ਨਹੀਂ।
ਪੰਜਾਬ ਵਿਧਾਨ ਸਭਾ ਵਿਚ 1993 ਨੂੰ ਬੇਅੰਤ ਸਿੰਘ ਸਰਕਾਰ ਵੇਲੇ ਇਕ ਮਤਾ ਵਿਧਾਨ ਪ੍ਰੀਸ਼ਦ ਨੂੰ ਮੁੜ ਸੁਰਜੀਤ ਕਰਨ ਲਈ ਪਾਸ ਕੀਤਾ ਸੀ ਪਰ ਉਹ ਕਿਧਰੇ ਠੰਢੇ ਬਸਤੇ ਵਿਚ ਹੀ ਪਿਆ ਰਹਿ ਗਿਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਸਮਾਂ ਖਤਮ ਹੋਇਆ ਤਾਂ ਅਕਾਲੀ-ਭਾਜਪਾ ਸਰਕਾਰ ਨੇ ਵਿਧਾਨ ਪ੍ਰੀਸ਼ਦ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਕਾਨੂੰਨੀ ਮਾਹਿਰਾਂ ਦੇ ਹਵਾਲੇ ਕੀਤਾ ਕਿ ਉਹ ਇਸ ਸਬੰਧੀ ਤਜਵੀਜ਼ ਨੂੰ ਨੇਪਰੇ ਚਾੜ੍ਹਨ ਲਈ ਅਪਣੀ ਰਾਇ ਦੇਣ। ਸਰਕਾਰ ਵਲੋਂ ਅਪਰੈਲ 2007 ਵਿਚ ਕਾਨੂਨੀ ਮਾਹਿਰਾਂ ਨੂੰ ਇਹ ਪਤਾ ਲਾਉਣ ਲਈ ਕਿਹਾ ਗਿਆ ਕਿ ਪੁਰਾਣਾ ਪਾਸ ਹੋਇਆ ਮਤਾ ਹੀ ਕੰਮ ਸਾਰ ਸਕਦਾ ਹੈ ਜਾਂ ਫੇਰ ਵਿਧਾਨ ਸਭਾ ਵਿਚ ਨਵਾਂ ਮਤਾ ਪਾਸ ਕਰਾਉਣਾ ਪਵੇਗਾ। ਇਸ ਤਰ੍ਹਾਂ ਦਾ ਮਤਾ ਪਾਸ ਕਰਾਉਣ ਲਈ ਸਦਨ ਵਿਚ ਦੋ-ਤਿਹਾਈ ਬਹੁਮਤ ਦੀ ਲੋੜ ਪਵੇਗੀ। ਅਜਿਹਾ ਕਰਨ ਲਈ ਪੰਜਾਬ ਵਿਧਾਨ ਸਭਾ ’ਚ ਕਾਂਗਰਸ ਪਾਰਟੀ ਦੀ ਹਮਾਇਤ ਬਿਨਾਂ ਨਹੀਂ ਸਰ ਸਕਦਾ। ਸੰਵਿਧਾਨਕ ਲੋੜ ਪੂਰੀ ਕੀਤੇ ਜਾਣ ਬਾਅਦ ਵੀ ਪਾਸ ਹੋਇਆ ਮਤਾ ਕੇਂਦਰ ਵਿਚ ਪਾਰਲੀਮੈਂਟ ਦੀ ਪ੍ਰਵਾਨਗੀ ਲੈਣ ਲਈ ਭੇਜਣਾ ਪਵੇਗਾ ਤਾਂ ਹੀ ਵਿਧਾਨ ਪ੍ਰੀਸ਼ਦ ਕਾਇਮ ਕੀਤੀ ਜਾ ਸਕੇਗੀ।
ਵਿਧਾਨ ਪ੍ਰੀਸ਼ਦ ਦੀ ਤਜਵੀਜ਼ ਓਨਾ ਚਿਰ ਨੇਪਰੇ ਨਹੀਂ ਚੜ੍ਹ ਸਕਦੀ ਜਿੰਨਾ ਚਿਰ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਕਾਂਗਰਸ ਨਾਲ ਕੋਈ ਸਿਆਸੀ ਸੌਦੇਬਾਜ਼ੀ ਨਹੀਂ ਕੀਤੀ ਜਾਂਦੀ ਕਿਉਂਕਿ ਸਿਆਸਤ ਵਿਚ ਸੌਦੇਬਾਜ਼ੀਆਂ ਲਈ ਹਮੇਸ਼ਾ ਹੀ ਰਾਹ ਖੁਲ੍ਹੇ ਰੱਖੇ ਜਾਂਦੇ ਹਨ। ਬਹੁਤੀ ਵਾਰ ‘ਹਾਂ’ ਨਾਂਹ ਵਿਚ ਬਦਲ ਜਾਂਦੀ ਹੈ ਅਤੇ ‘ਨਾਂਹ’ ਹਾਂ ਵਿਚ। ਬੀਤਿਆ ਸਮਾਂ ਇਸ ਦਾ ਗਵਾਹ ਹੈ ਕਿ ਸਿਆਸੀ ਗਰਜਾਂ ਅਧੀਨ ਕੀਤੀਆਂ ਜਾਂਦੀਆਂ ਬੇ-ਅਸੂਲੀਆਂ ਸੌਦੇਬਾਜ਼ੀਆਂ ਤਾਂ ਕਮੀਨਗੀ ਨੂੰ ਵੀ ਮਾਤ ਪਾ ਜਾਂਦੀਆਂ ਹਨ।
ਇਸ ਤੁਰਤ ਫੁਰਤ ਆਈ ਤਜਵੀਜ਼ ਬਾਰੇ ਵੱਖ ਵੱਖ ਖਿੱਤਿਆਂ ਦੇ ਮਾਹਿਰਾਂ ਦੀ ਰਾਇ ਵੀ ਇਕ ਸੁਰ ਨਹੀਂ। ਜਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਤੇ ਪੰਥਕ ਆਗੂ ਮਨਜੀਤ ਸਿੰਘ ਖਹਿਰਾ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਸਾਫ ਕਿਹਾ ਕਿ ਵਿਧਾਨ ਪ੍ਰੀਸ਼ਦ ਕਾਇਮ ਕਰਨੀ ਤਾਂ ਹੀ ਸਾਰਥਿਕ ਹੋ ਸਕਦੀ ਹੈ ਜੇ ਇਸ ਵਿਚ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਨੂੰ ਥਾਂ ਮਿਲੇ। ਜੇ ਇਹ ਲੋਕਾਂ ਵਲੋਂ ਰੱਦ ਕੀਤੇ ਗਏ ਆਗੂਆਂ ਦੀ ਠਾਹਰ ਬਣਦੀ ਹੈ ਤਾਂ ਇਹ ਇਕ ਲਾਹਣਤ ਹੋਵੇਗੀ। 
ਪੰਜਾਬ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਸਾਬਕਾ ਡਾਇਰੈਕਟਰ ਸ਼੍ਰੀ ਗੁਰਸ਼ਰਨ ਸਿੰਘ ਦਾ ਆਖਣਾ ਹੈ ਕਿ ਪੰਜਾਬ ਦੀ ਬਦਤਰ ਆਰਥਿਕ ਦਸ਼ਾ ਅਜਿਹਾ ਕਰਨ ਦੀ ਆਗਿਆ ਜਾਂ ਇਜਾਜ਼ਤ ਹੀ ਨਹੀਂ ਦਿੰਦੀ ਦੂਜਾ ਇਸ ਨਾਲ ਸਿਆਸਤ ਦੇ ਖੇਤਰ ਵਿਚ ਅਨੈਤਿਕਤਾ ਫੈਲਣ ਦਾ ਡਰ ਬਣਿਆ ਰਹੇਗਾ।
ਸਾਬਕ ਸਹਾਇਕ ਐਡਵੋਕੇਟ ਜਨਰਲ ਨਰਿੰਦਰ ਸਿੰਘ ਸਿੱਟਾ ਨੇ ਹੱਕ ਵਿਚ ਬੋਲਦਿਆਂ ਕਿਹਾ ਕਿ ਵਿਧਾਨ ਪ੍ਰੀਸ਼ਦ ’ਚ ਬਹਿਸ ਮਿਆਰੀ ਹੋ ਸਕਦੀ ਹੈ ਕਿਉਂਕਿ ਉਸ ਅੰਦਰ ਮਾਹਿਰ ਕਾਨੂਨੀ ਖਰੜਿਆਂ ਦੀ ਵੱਖ ਵੱਖ ਕੋਨਾਂ ਤੋਂ ਪੁਣਛਾਣ ਅਤੇ ਨਿਰਖ ਪਰਖ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਹੁਣ ਵਿਧਾਨ ਸਭਾ ਵਿਚ ਡੀਬੇਟ ਵਿਧੀ ਨਹੀਂ ਲਪੇਟ-ਵਿਧੀ ਚੱਲ ਰਹੀ ਹੈ।
ਹਾਈ ਕੋਰਟ ਦੇ ਐਡਵੋਕੇਟ ਪਰਮਿੰਦਰ ਸਿੰਘ ਗਿੱਲ ਨੇ ਵਿਧਾਨ ਪ੍ਰੀਸ਼ਦ ਦੀ ਤਜਵੀਜ਼ ਨੂੰ ਰੱਦ ਕਰਦਿਆਂ ਆਖਿਆ ਕਿ ਇਸ ਨਾਲ ਵੋਟਰਾਂ ਦੇ ਹੱਕ ਨੂੰ ਖੋਰਾ ਲੱਗੇਗਾ, ਵੱਖ ਵੱਖ ਚੋਣਾਂ ਵਿਚ ਹਾਰੇ ਹੋਏ ਆਗੂਆਂ ਨੂੰ ਬੁੱਕਲ਼ ਵਿਚ ਲੈਣ ਦਾ ਰਾਹ ਖੁੱਲੇਗਾ, ਚਿੱਟਾ ਹਾਥੀ ਬੰਨਣ੍ਹ ਵਾਲੀ ਗੱਲ ਹੋਵੇਗੀ ਅਤੇ ਮੌਕਾ ਪ੍ਰਸਤਾਂ, ਚਾਪਲੂਸਾਂ ਦੀਆਂ ਮੌਜਾਂ ਲੱਗ ਜਾਣਗੀਆਂ।
ਭਾਸ਼ਾ ਵਿਭਾਗ ਦੇ ਸਾਬਕ ਡਾਇਰੈਕਟਰ ਰਾਜਿੰਦਰ ਸਿੰਘ ਭਸੀਨ ਨੇ ਵਿਧਾਨ ਪ੍ਰੀਸ਼ਦ ਦੀ ਲੋੜ ਤਾਂ ਮੰਨੀ ਹੈ ਪਰ ਨਾਲ ਹੀ ਕਿਹਾ ਕਿ ਇਸ ਵੇਲੇ ਇਹ ਪਤੰਗਬਾਜ਼ੀ ਵਰਗੀ ਗੱਲ ਹੈ, ਕੇਂਦਰ ਨੇ ਪਹਿਲਾਂ ਹੀ ਪਾਸ ਹੋਏ ਮਤੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਤੇ ਜੇ ਹੁਣ ਮਤਾ ਪਾਸ ਕਰਕੇ ਭੇਜਿਆ ਵੀ ਗਿਆ ਤਾਂ ਕੇਂਦਰ ਹੀ ਕਾਂਗਰਸੀ ਹਕੂਮਤ ਵਲੋਂ ਇਸ ਨੂੰ ਪ੍ਰਵਾਨਗੀ ਦੇਣ ਦੀ ਜ਼ਰਾ-ਮਾਤਰ ਵੀ ਸੰਭਾਵਨਾ ਨਹੀਂ।
ਸਾਰੇ ਹਾਲਾਤ ਨੂੰ ਦੇਖਦਿਆਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਇਸ ਦੀ ਫੌਰੀ ਕੋਈ ਲੋੜ ਨਹੀਂ ਅਤੇ ਇਹ ਜਾਇਜ਼ ਵੀ ਨਹੀਂ। ਜਦ 40 ਵਰ੍ਹਿਆਂ ਤੋਂ ਵਿਧਾਨ ਸਭਾ ਨਾਲ ਪੰਜਾਬ ਦਾ ਕੰਮ ਠੀਕ ਚੱਲ ਰਿਹਾ ਹੈ ਤਾਂ ਵਿਧਾਨ ਪ੍ਰੀਸ਼ਦ ਦੀ ਕੀ ਲੋੜ ਰਹਿ ਗਈ? ਦੂਜਾ, ਮਨਸੂਬੇ ਵੀ ਠੀਕ ਨਹੀਂ ਲਗਦੇ ਅਤੇ ਇਸ ਵਾਸਤੇ ਸਮਾਂ ਵੀ ਢੁੱਕਵਾਂ ਨਹੀਂ। ਚੋਣਾਂ ਦੀ ਤਿਆਰੀ ਲਈ ਅਜਿਹਾ ਕਰਨਾ ਪੰਜਾਬ ਅਤੇ ਪੰਜਾਬੀਆਂ ਨਾਲ ਧੱਕਾ ਤੇ ਜਿ਼ਆਦਤੀ ਹੋਵੇਗੀ ਜਦੋਂ ਕਿ ਚੋਣਾਂ ਜਿੱਤਣ ਲਈ ਹੋਰ ਬੜੇ ਤਰਜੀਹੀ ਨੁਕਤੇ ਤੇ ਮਸਲੇ ਹਨ ਜਿਨ੍ਹਾਂ ਨਾਲ ਇਨਸਾਫ ਕਰਦਿਆਂ ਪੰਜਾਬੀਆਂ ਦਾ ਭਲਾ ਕਰਕੇ ਵੋਟਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। 

****

ਮੈਂ, ਨਾ ਸਲਮਾਨ ਰਸ਼ਦੀ ਹਾਂ , ਨਾ ਹੁਸੈਨ.......... ਲੇਖ / ਤਸਲੀਮਾ ਨਸਰੀਨ (ਅਨੁਵਾਦ – ਕੇਹਰ ਸ਼ਰੀਫ਼)


ਬਹੁਤ ਸਾਰੇ ਲੋਕ ਮੇਰਾ ਨਾਮ ਸਲਮਾਨ ਰਸ਼ਦੀ ਦੇ ਨਾਂ ਨਾਲ ਜੋੜ ਦਿੰਦੇ ਹਨ, ਦੇਸ-ਵਿਦੇਸ਼ ਸਭ ਥਾਵ੍ਹੀਂ। ਪਰ, ਜਦੋਂ ਦੋ ਵਿਅਕਤੀਆਂ ਨੂੰ ਅਜਿਹੇ ਪੱਧਰ ’ਤੇ ਦੇਖਿਆ ਜਾਂਦਾ ਹੈ ਜਿਨ੍ਹਾਂ ਵਿਚ ਕਾਫੀ ਅਸਮਾਨਤਾ ਹੋਵੇ ਤਾਂ ਇਤਰਾਜ਼ ਸੁਭਾਵਕ ਹੈ। ਅੱਜ-ਕਲ ਧੜੱਲੇ ਨਾਲ ਮੈਨੂੰ ਔਰਤ ਰਸ਼ਦੀ ਕਹਿ ਦਿੱਤਾ ਜਾਂਦਾ ਹੈ। ਮੈਂ ਪੁੱਛਦੀ ਹਾਂ ਕਿ ਸਲਮਾਨ ਰਸ਼ਦੀ ਨੂੰ ਮਰਦ ਨਸਰੀਨ ਕਿਉਂ ਨਹੀਂ ਕਹਿ ਸਕਦੇ? ਇਕ ਫਤਵੇ ਨੂੰ ਛੱਡ ਦਿਉ ਤਾਂ ਸਾਡੇ ਵਿਚਕਾਰ ਕੋਈ ਸਮਾਨਤਾ ਨਹੀਂ ਹੈ। ਮਰਦ ਹੋਣ ਕਰਕੇ ਉਹ ਸੁਖ-ਸਹੂਲਤਾਂ ਭੋਗ ਰਹੇ ਹਨ, ਔਰਤ ਹੋਣ ਕਰਕੇ ਮੈਂ ਮੁਸ਼ਕਲਾਂ ਵਿਚ ਘਿਰੀ ਹੋਈ ਹਾਂ।



ਮੈਂ ਇਕ ਇਕ ਕਰਕੇ ਅਸਮਾਨਤਾਵਾਂ ਗਿਣਾਉਂਦੀ ਹਾਂ। ਫਤਵਾ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਕੱਟੜਪੰਥੀਆਂ ਤੋਂ ਮਾਫੀ ਮੰਗੀ। ਤੌਬਾ ਕਰਕੇ ਚੰਗੇ ਮੁਸਲਮਾਨ ਬਣੇ ਰਹਿਣ ਦੀ ਕਸਮ ਖਾਧੀ। ਮੈਂ ਮਾਫੀ ਨਹੀਂ ਮੰਗੀ ਮੁਸਲਮਾਨ ਵੀ ਨਹੀਂ ਹੋਣਾ ਚਾਹੁੰਦੀ। ਮੈਂ ਬਚਪਨ ਤੋਂ ਹੀ ਨਾਸਤਿਕ ਹਾਂ, ਭਾਵੇਂ ਕਿੰਨੀਆਂ ਹਨੇਰੀਆਂ-ਤੂਫਾਨ ਆਏ ਹਮੇਸ਼ਾ ਸਿਰ ਉੱਚਾ ਕਰਕੇ ਨਾਸਤਿਕ ਬਣੀ ਰਹੀ।

ਜਿਸ ਇਰਾਨ ਨੇ ਰਸ਼ਦੀ ਦੇ ਖਿਲਾਫ ਫਤਵਾ ਜਾਰੀ ਕੀਤਾ ਸੀ ਉਹ ਉਸ ਦੇਸ਼ ਵਿਚ ਕਦੇ ਨਹੀਂ ਰਹੇ। ਪਰ, ਜਿਸ ਦੇਸ਼ ਵਿਚ ਮੈਨੂੰ ਫਾਂਸੀ ’ਤੇ ਲਟਕਾਉਣ ਦੇ ਮਕਸਦ ਨਾਲ ਸਾਲਾਂ ਬੱਧੀ ਖਰੂਦੀਆਂ ਦੇ ਜਲੂਸ ਨਿਕਲਦੇ ਰਹੇ, ਜਿੱਥੇ ਅਸਹਿਣਸ਼ੀਲ ਮੁਸਲਮਾਨ ਮੇਰੀ ਹੱਤਿਆ ਕਰਨਾ ਚਾਹੁੰਦੇ ਸਨ, ਜਿੱਥੇ ਦੀ ਸਰਕਾਰ ਨੇ ਖੁਦ ਮੇਰੇ ਖਿਲਾਫ ਅਪੀਲ ਕੀਤੀ ਸੀ, ਜਿਸ ਦੇ ਚੱਲਦਿਆਂ ਮੇਰਾ ਹੁਲੀਆ ਜਾਰੀ ਕੀਤਾ ਗਿਆ ਅਤੇ ਮੈਨੂੰ ਮਹੀਨਿਆਂ ਬੱਧੀ ਹਨੇਰੇ ਵਿਚ ਲੁਕ-ਛਿਪ ਕੇ ਰਹਿਣਾ ਪਿਆ ਸੀ। ਜਿਸ ਦੇਸ਼ ਦੇ ਕੱਟੜਪੰਥੀ ਆਪਣੇ ਹੱਥਾਂ ਨਾਲ ਮੇਰੀ ਗਰਦਣ ਮਰੋੜਨ ਲਈ ਬਜਿਦ ਸਨ। ਉਸ ਦੇਸ਼ ਵਿਚ, ਅਜਿਹੇ ਹਿੰਸਕ ਮਹੌਲ ਵਿਚ ਵੀ ਮੈਂ ਵਿਅਕਤੀਗਤ (ਖੁਦ) ਤੌਰ ’ਤੇ ਉੱਥੇ ਹਾਜ਼ਰ ਰਹੀ। ਸਰਕਾਰ ਅਤੇ ਕੱਟੜਪੰਥੀਆਂ ਦੇ ਅੱਤਿਆਚਾਰ ਮੈਂ ਇਕੱਲੀ ਨੇ ਝੱਲੇ।

ਫਤਵੇ ਦੇ ਚੱਲਦਿਆਂ ਰਸ਼ਦੀ ਨੂੰ ਉਸਦੇ ਦੇਸ਼ ਵਿਚ ਕਿਸੇ ਨੇ ਤੰਗ ਨਹੀਂ ਕੀਤਾ। ਉਸਨੂੰ ਦੇਸ਼ ਨਿਕਾਲੇ ਦੀ ਸਜ਼ਾ ਨਹੀਂ ਦਿੱਤੀ ਗਈ। ਰਸ਼ਦੀ ਦਾ ਦੇਸ਼ ਹੈ ਇੰਗਲੈਂਡ । ਉਹ ਉੱਥੇ ਹੀ ਰਹੇ ਅਤੇ ਉੱਥੇ ਹੀ ਹਨ। ਉਨ੍ਹਾਂ ਦੇ ਖਿਲਾਫ ਸਿਰਫ ਇਕ ਫਤਵਾ ਜਾਰੀ ਹੋਇਆ। ਮੇਰੇ ਖਿਲਾਫ ਬੰਗਲਾਦੇਸ਼ ਵਿਚ ਤਿੰਨ ਅਤੇ ਭਾਰਤ ਵਿਚ ਪੰਜ ਫਤਵੇ ਜਾਰੀ ਹੋਏ। ਸਾਰਿਆਂ ਵਿਚ ਮੇਰੇ ਸਿਰ ਦੀ ਕੀਮਤ ਦਾ ਐਲਾਨ ਕੀਤਾ ਗਿਆ। ਰਸ਼ਦੀ ਨੂੰ ਤਾਂ ਕਿਸੇ ਦੇਸ਼ ਤੋਂ ਨਹੀਂ ਪਰ ਮੈਨੂੰ ਮੇਰੇ ਲਿਖਣ ਦੇ ਕਾਰਨ ਦੋ ਦੇਸ਼ਾਂ ਤੋਂ ਬਾਹਰ ਕੱਢ ਦਿੱਤਾ ਗਿਆ। ਉਸਦੀ ਇਕ ਕਿਤਾਬ ’ਤੇ ਪਾਬੰਦੀ ਲੱਗੀ ਹੈ ਪਰ ਮੇਰੀਆਂ ਪੰਜ ਕਿਤਾਬਾਂ ’ਤੇ ਪਾਬੰਦੀ ਹੈ,- ਲੱਜਾ, ਮੇਰਾ ਬਚਪਨ, ਉਤਾਲ ਹਵਾ, ਦਿਖੰਡਿਤ ਅਤੇ ਸਾਰਾ ਅੰਧਕਾਰ। ਧਰਮ ਦੀ ਨਿੰਦਿਆ ਕਰਨ ਦੇ ਬਾਵਜੂਦ ਰਸ਼ਦੀ ਕਿਸੇ ਵੀ ਧਰਮ-ਨਿਰਪੱਖ ਮਨੁੱਖੀ ਅਧਿਕਾਰ ਸੰਗਠਨ ਨਾਲ ਨਹੀਂ ਜੁੜੇ ਹੋਏ, ਮੈਂ ਸਰਗਰਮੀ ਨਾਲ ਜੁੜੀ ਹੋਈ ਹਾਂ।

ਉਹ ਵਿਅਕਤੀਗਤ ਜੀਵਨ ਵਿਚ ਅਤਿਅੰਤ ਸਾਮੰਤਵਾਦੀ (ਜਗੀਰੂ) ਹਨ। ਮੈਂ ਉਨ੍ਹਾਂ ਦੇ ਉਲਟ ਹਾਂ। ਰਸ਼ਦੀ ਇਕ ਤੋਂ ਬਾਅਦ ਇਕ ਲੜਕੀਆਂ ਨੂੰ ਪਕੜਦੇ , ਉਨ੍ਹਾਂ ਨੂੰ ਭੋਗਦੇ ਅਤੇ ਫੇਰ ਛੱਡ ਦਿੰਦੇ ਹਨ। ਬੁੱਢੀ ਉਮਰ ਵਿਚ ਉਨ੍ਹਾਂ ਦੀ ਇਸ ਕਾਮੁਕਤਾ (ਯੌਨ ਇੱਛਾ) ਨੂੰ ਕੋਈ ਬੁਢਾਪੇ ਦੇ ਸੁਪਨੇ ਵਜੋਂ ਨਹੀਂ ਦੇਖਦਾ ਸਗੋਂ ਉਸਨੂੰ ਵਧੇਰੇ ਸਮਰੱਥ, ਖੁਬਸੂਰਤ, ਪ੍ਰੇਮੀ ਦੇ ਰੂਪ ਵਿਚ ਸਨਮਾਨ ਦਿੱਤਾ ਜਾਂਦਾ ਹੈ ਅਤੇ ਬਹੁਤੇ ਮਰਦਾਂ ਵਾਸਤੇ ਉਹ ਈਰਖਾ ਦਾ ਵਿਸ਼ਾ ਬਣੇ ਹੋਏ ਹਨ। ਜਦੋਂ ਕਿ ਇਸ ਪਾਸੇ ਮਰਦ ਸਾਥੀ ਤੋਂ ਬਿਨਾਂ ਜੀਵਨ ਗੁਜ਼ਾਰਦੇ ਰਹਿਣ ਦੇ ਬਾਵਜੂਦ ਮੇਰੀ ਕਾਮੁਕਤਾ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਿੱਸੇ ਕਹਾਣੀਆਂ ਲਿਖੇ ਜਾਂਦੇ ਹਨ। ਮੈਨੂੰ ਵੇਸਵਾ ਅਤੇ ਵਿਗੜੀ ਹੋਈ ਔਰਤ ਦੱਸਣ ਵਾਲ਼ਿਆਂ ਦਾ ਵੀ ਕੋਈ ਘਾਟਾ ਨਹੀਂ ਹੈ।

ਮਰਦ ਯੌਨ ਜੀਵਨ ਦਾ ਆਨੰਦ ਲੈ ਸਕਦਾ ਹੈ। ਪਰ ਔਰਤ ਜਦੋਂ ਅਜਿਹਾ ਕਰਦੀ ਹੈ ਜਾਂ ਕਰਨ ਦੇ ਅਧਿਕਾਰ ਦੀ ਗੱਲ ਕਰਦੀ, ਲਿਖਦੀ ਹੈ ਤਾਂ ਉਹ “ਵੇਸਵਾ” ਹੈ। ਜਦੋਂ ਤੋਂ ਲਿਖਣਾ ਸ਼ੁਰੂ ਕੀਤਾ ਹੈ ਤਾਂ ਲੋਕਾਂ ਦੀ ਨਿੰਦਿਆ ਸੁਣਦੀ ਆ ਰਹੀ ਹਾਂ। ਔਰਤ ਦੀ ਯੌਨ ਅਜਾਦੀ ਦਾ ਸਵਾਲ ਉਠਾ ਕੇ ਜਿਵੇਂ ਮੈਂ ਸਮਾਜ ਦੇ ਬਾਰਾਂ ਬਜਾ ਦਿੱਤੇ ਹੋਣ। ਰਸ਼ਦੀ ਅਤੇ ਮੇਰੇ ਵਿਚਕਾਰ ਇਕ ਹੋਰ ਅਜੀਬ ਸਮਾਨਤਾ ਜਾਂ ਅਸਮਾਨਤਾ ਇਹ ਹੈ ਕਿ ਜਿਹੜੇ ਰਸ਼ਦੀ ਨੂੰ ਚੰਗਾ ਲੇਖਕ ਮੰਨਦੇ ਹਨ ਉਨ੍ਹਾਂ ਵਿਚੋਂ ਬਹੁਤਿਆਂ ਨੇ ਉਨ੍ਹਾਂ ਦੀਆਂ ਲਿਖਤਾਂ ਨਹੀਂ ਪੜ੍ਹੀਆਂ ਹੋਈਆਂ ਅਤੇ ਜੋ ਲੋਕ ਮੈਨੂੰ ਖਰਾਬ ਲੇਖਕ ਮੰਨਦੇ ਹਨ ਉਨ੍ਹਾਂ ਵਿਚੋਂ ਬਹੁਤਿਆਂ ਨੇ ਮੇਰਾ ਲਿਖਿਆ ਪੜ੍ਹਿਆ ਹੀ ਨਹੀਂ। 

ਰਸ਼ਦੀ ਨਾਲ 1993 ਤੋਂ ਮੇਰਾ ਨਾਮ ਜੋੜਿਆ ਜਾ ਰਿਹਾ ਹੈ। ਇਰਾਨ ਵਲੋਂ ਫਤਵਾ ਜਾਰੀ ਹੋਣ ਤੋਂ ਬਾਅਦ ਰਸ਼ਦੀ ਇਕ ਬਹੁਤ ਵੱਡਾ ਨਾਮ ਹੋ ਗਿਆ ਸੀ। ਜਦੋਂ ਕਿ ਮੇਰੇ ਸਿਰ ਦੀ ਕੀਮਤ ਐਲਾਨੇ ਜਾਣ ਤੋਂ ਬਾਅਦ ਬੰਗਲਾ ਦੇਸ਼ ਅਤੇ ਭਾਰਤ ਦੀ ਸੀਮਾ ਨੇੜਲੇ ਕੁੱਝ ਲੋਕਾਂ ਨੇ ਮੇਰਾ ਨਾਮ ਜਾਣਿਆ। ਜਿਸ ਸਮੇਂ ਬੰਗਲਾ ਦੇਸ਼ ਵਿਚ ਮੈਂ ਨਜ਼ਰਬੰਦ ਸਥਿਤੀ ਵਿਚ ਸੀ ਉਸ ਵਕਤ ਮੇਰੇ ਹੱਕ ਵਿਚ ਖੁੱਲ੍ਹਾ ਖ਼ਤ ਲਿਖ ਕੇ ਅੰਦੋਲਨ ਚਲਾਉਣ ਵਾਲੇ ਯੂਰਪੀ ਲੇਖਕਾਂ ਵਿਚ ਰਸ਼ਦੀ ਵੀ ਸ਼ਾਮਲ ਸਨ। ਪਰਵਾਸ ਦੇ ਦੌਰਾਨ ਜਰਮਨੀ ਦੀ ਇਕ ਪੱਤ੍ਰਿਕਾ ਵਿਚ ਛਪੇ ਮੇਰੇ ਬਿਆਨ ਪੜ੍ਹਕੇ ਉਹ ਭੜਕ ਉੱਠੇ। ਉਸ ਪੱਤ੍ਰਿਕਾ ਵਿਚ ਮੈਂ ਗੁੱਸਾ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਜੇ ਫਤਵੇ ਦੇ ਡਰ ਤੋਂ ਰਸ਼ਦੀ ਨੇ ਮਾਫੀ ਮੰਗੀ ਹੈ ਤਾਂ ਇਹ ਉਸਦੀ ਕਾਇਰਤਾ ਹੈ।

ਫਿਲਹਾਲ ਰਸ਼ਦੀ ਨਿਊਯਾਰਕ ਸ਼ਹਿਰ ਵਿਚ ਰਹਿੰਦੇ ਹਨ, ਮੈਂ ਵੀ ਉੱਥੇ ਹੀ ਰਹਿੰਦੀ ਹਾਂ। ਫੇਰ ਸਾਡੇ ਦੋਹਾਂ ਵਿਚਕਾਰ ਮੁਲਾਕਾਤ ਦੀ ਕੋਈ ਸੰਭਾਵਨਾ ਨਹੀਂ ਹੈ। ਉਹ ਅਮਰੀਕੀ ਲੇਖਕਾਂ, ਕਵੀਆਂ ਦੇ ਵੱਡੇ ਸੰਗਠਨ ਪੈਨ ਕਲੱਬ ਦੇ ਪ੍ਰਧਾਨ ਹਨ। ਦੋ ਸਾਲ ਪਹਿਲਾਂ ਪੈਨ ਕਲੱਬ ਵਲੋਂ ਲਿਖਣ ਦੀ ਅਜਾਦੀ ਨੂੰ ਲੈ ਕੇ ਕਾਫੀ ਵੱਡਾ ਇਕੱਠ ਹੋਇਆ ਸੀ। ਉਸ ਵਿਚ ਏਸ਼ੀਆ, ਅਫਰੀਕਾ ਦੇ ਬਹੁਤ ਸਾਰੇ ਲੇਖਕ ਇਕੱਠੇ ਹੋਏ ਸਨ, ਸਾਰੇ ਹੀ ਅਣਜਾਣੇ। 

ਸਲਮਾਨ ਰਸ਼ਦੀ ਜਾਣਦੇ ਹਨ ਕਿ ਮੈਂ ਭਾਰਤ ਵਿਚੋਂ ਕੱਢੇ ਜਾਣ ਤੋਂ ਬਾਅਦ ਉੱਥੇ ਆਈ ਹਾਂ। ਮੇਰੀ ਲਿਖਣ ਦੀ ਅਜਾਦੀ ਉੱਤੇ ਹਮਲੇ ਹੋਏ ਹਨ ਉਸਦੇ ਪਿੱਛੇ ਨਫਰਤ ਅਤੇ ਅਵਿਸ਼ਵਾਸ ਹੈ। ਬੰਗਲਾ ਦੇਸ਼ ਵਿਚ ਮੇਰੀਆਂ ਸਾਰੀਆਂ ਕਿਤਾਬਾਂ ਸਮਾਜਿਕ ਭਾਵ ਤੋਂ ਨਹੀਂ ਸਰਕਾਰੀ ਤੌਰ ’ਤੇ ਪਾਬੰਦੀਸ਼ੁਦਾ ਹਨ। ਸਿਰਫ ਬੰਗਲਾਦੇਸ਼ ਤੋਂ ਹੀ ਨਹੀਂ ਪੱਛਮੀ ਬੰਗਾਲ ਤੋਂ ਵੀ ਮੈਨੂੰ ਕੱਢਿਆ ਜਾ ਚੁੱਕਾ ਹੈ। ਇੰਨਾ ਹੀ ਨਹੀਂ ਦੇਸ਼ ਵਿੱਚੋਂ ਬਾਹਰ ਕੱਢਣ ਤੋਂ ਪਹਿਲਾਂ ਸਾਢੇ ਸੱਤ ਮਹੀਨੇ ਤੱਕ ਮੈਨੂੰ ਕੋਲਕਤਾ ਅਤੇ ਦਿੱਲੀ ਵਿਖੇ ਨਜ਼ਰਬੰਦੀ ਦੀ ਹਾਲਤ ਵਿਚ ਰੱਖਿਆ ਗਿਆ ਪਰ ਮੇਰੇ ਇਤਿਹਾਸ ਨੂੰ ਧੋਖੇ, ਧੱਕੇ ਅਤੇ ਚਤਰਾਈ ਨਾਲ ਅਸਵੀਕਾਰ ਕਰਦੇ ਹੋਏ ਸਲਮਾਨ ਰਸ਼ਦੀ ਲੇਖਕ ਦੀ ਅਜਾਦੀ ਦਾ ਉਤਸਵ ਮਨਾ ਰਹੇ ਹਨ। 

ਉਹ ਜੋ ਚਾਹੁੰਦੇ ਹਨ ਕਰਦੇ ਹਨ। ਉਹਦੇ ਸੁਰੱਖਿਆ ਗਾਰਡਾਂ ਵਿਚੋਂ ਇਕ ਨੇ ਉਸਦੇ ਖਿਲਾਫ ਕਿਤਾਬ ਲਿਖੀ ਹੈ। ਉਹਨੇ ਪ੍ਰਕਾਸ਼ਕਾਂ ਨਾਲ ਗੱਲਬਾਤ ਕਰਕੇ ਉਸ ਨੂੰ ਨਾ ਛਪਣ ਦੇਣ ਦਾ ਪ੍ਰਬੰਧ ਕਰ ਲਿਆ ਹੈ। ਹਾਂ ! ਉਹ ਪੇਸ਼ਕਾਰੀ ਦੀ ਅਜਾਦੀ ਦਾ ਜਸ਼ਨ ਮਨਾ ਰਹੇ ਹਨ। ਉਹ ਸੱਠ ਪਾਰ ਕਰ ਚੁੱਕੇ ਹਨ ਪਰ ਲੜਕੀਆਂ ਨੂੰ ਲਲਚਾਈਆਂ ਨਜ਼ਰਾਂ ਨਾਲ ਦੇਖਦੇ ਹਨ ਤਾਂ ਉਨ੍ਹਾਂ ਨੂੰ ਕੋਈ ਬੁਰਾ ਨਹੀਂ ਕਹਿੰਦਾ। ਲੜਕੀਆਂ ਉਹਦੇ ’ਤੇ ਇਲਜ਼ਾਮ ਲਾ ਚੁੱਕੀਆਂ ਹਨ ਕਿ ਰਸ਼ਦੀ ਉਨ੍ਹਾਂ ਨੂੰ ਕਾਮੁਕ ਖਿਡੌਣੇ ਤੋਂ ਵੱਧ ਕੁੱਝ ਨਹੀਂ ਸਮਝਦੇ ਤਦ ਵੀ ਉਨ੍ਹਾਂ ਦੇ ਖਿਲਾਫ ਲੋਕਾਂ ਦੇ ਮਨਾਂ ਵਿਚ ਨਫਰਤ ਪੈਦਾ ਨਹੀਂ ਹੁੰਦੀ। ਇਸ ਪ੍ਰਚੰਡ ਮਰਦਵਾਦੀ ਲੇਖਕ ਦਾ ਖੂਬ ਨਾਮ ਹੈ, ਯਸ਼ ਹੈ। ਉਹਨੂੰ ਖੂਬ ਪ੍ਰਸਿੱਧੀ ਮਿਲ ਚੁੱਕੀ ਹੈ, ਪਰ ਹਕੀਕਤ ਇਹ ਹੈ ਕਿ ਇਕ ਫਤਵੇ ਨੂੰ ਛੱਡ ਕੇ ਉਸ ਨਾਲ ਮੇਰਾ ਕੋਈ ਮੇਲ ਨਹੀਂ ਹੈ।

ਪਿਛਲੇ ਲੱਗਭੱਗ ਦੋ ਸਾਲਾਂ ਤੋਂ ਇਕ ਹੋਰ ਵਿਅਕਤੀ ਨਾਲ ਮੇਰਾ ਨਾਮ ਜੋੜਿਆ ਜਾਣ ਲੱਗਾ ਹੈ, ਉਹ ਹਨ ਮਕਬੂਲ ਫਿਦਾ ਹੁਸੈਨ। ਉਹ ਵੱਡੇ ਚਿੱਤਰਕਾਰ ਹਨ। ਭਾਰਤ ਵਿਚ ਉਸਦੇ ਚਿੱਤਰ ਸਭ ਤੋਂ ਵੱਧ ਕੀਮਤ ’ਤੇ ਵਿਕਦੇ ਹਨ। ਬਹੁਤ ਸਾਰੇ ਲੋਕ ਉਸਨੂੰ ਭਾਰਤ ਦੇ ਨੰਬਰ ਇਕ ਚਿੱਤਰਕਾਰ ਦੇ ਰੂਪ ਵਿਚ ਵੇਖਦੇ ਹਨ। ਉਨ੍ਹਾਂ ਨੇ ਸਰਸਵਤੀ ਦੀ ਨੰਗੀ ਤਸਵੀਰ ਬਣਾ ਕੇ ਧਾਰਮਿਕ ਹਿੰਦੂ ਮਨ ’ਤੇ ਜ਼ਖ਼ਮ ਕੀਤਾ ਸੀ। ਹਿੰਦੂਆਂ ਨੇ ਉਸ ਦੇ ਚਿੱਤਰ ਨਸ਼ਟ ਕਰ ਦਿੱਤੇ। ਉਹਨੂੰ ਧਮਕੀ ਦਿੱਤੀ ਗਈ। ਉਹ ਦੇਸ਼ ਛੱਡਣ ਲਈ ਮਜਬੂਰ ਹੋਏ। ਮੈਂ ਰਚਨਾਕਾਰ ਦੀ ਅਜਾਦੀ ਵਿਚ ਸੌ ਫੀਸਦੀ ਵਿਸ਼ਵਾਸ ਰੱਖਦੀ ਹਾਂ। ਮੇਰਾ ਮੰਨਣਾ ਹੈ ਕਿ ਮਕਬੂਲ ਫਿਦਾ ਹੁਸੈਨ ਜੋ ਚਾਹੁੰਦੇ ਹਨ ਉਨ੍ਹਾਂ ਨੂੰ ਉਹ ਹੀ ਰਚਣ ਦੀ ਅਜਾਦੀ ਹੋਣੀ ਚਾਹੀਦੀ ਹੈ। ਇਸ ਪੱਖੋਂ ਉਨ੍ਹਾ ’ਤੇ ਅੱਤਿਆਚਾਰ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ।

ਜਦੋਂ ਹੁਸੈਨ ਵਰਗੇ ਵੱਡੇ ਚਿੱਤਰਕਾਰ ਨਾਲ ਮੇਰੇ ਵਰਗੇ ਇਕ ਛੋਟੇ ਇਨਸਾਨ ਦਾ ਨਾਮ ਜੋੜਿਆ ਜਾਂਦਾ ਹੈ ਤਾਂ ਮੈਂ ਬੇਚੈਨੀ ਮਹਿਸੂਸ ਕਰਦੀ ਹਾਂ। ਇਸ ਕਰਕੇ ਕਿ ਛੋਟੀ ਹੋਣ ਦੇ ਬਾਵਜੂਦ ਮੈਂ ਆਪਣੇ ਆਦਰਸ਼ਾਂ ਨੂੰ ਬਹੁਤ ਮੁੱਲਵਾਨ ਮੰਨਦੀ ਹਾਂ। ਮੇਰੇ ਆਦਰਸ਼ਾਂ ਦੀ ਤੁਲਨਾ ਕਿਸੇ ਦੂਸਰੇ ਵਿਅਕਤੀ ਨਾਲ ਨਹੀਂ ਕੀਤੀ ਜਾ ਸਕਦੀ ਭਾਵੇਂ ਕਿ ਉਹ ਇਸ ਦੁਨੀਆਂ ਦਾ ਕਿੰਨਾਂ ਹੀ ਪ੍ਰਸਿੱਧ ਵਿਅਕਤੀ ਕਿਉਂ ਨਾ ਹੋਵੇ, ਉਸ ਦੇ ਪ੍ਰਤੀ ਮੇਰੇ ਮਨ ਵਿਚ ਕੋਈ ਪੱਖਪਾਤ ਪੈਦਾ ਨਹੀਂ ਹੁੰਦਾ। ਉਹਦੇ ਨਾਲ ਮੇਰਾ ਨਾਮ ਲਿਆ ਜਾਂਦਾ ਹੈ ਤਾਂ ਮੈਂ ਸਨਮਾਨਿਤ ਨਹੀਂ ਹੁੰਦੀ। 

ਹੁਸੈਨ ਵਲੋਂ ਸਰਸਵਤੀ ਦੀ ਨੰਗੀ ਤਸਵੀਰ ਬਣਾਉਣ ਨੂੰ ਲੈ ਕੇ ਭਾਰਤ ਵਿਚ ਵਿਵਾਦ ਸ਼ੁਰੂ ਹੋਇਆ ਤਾਂ ਸੁਭਾਵਿਕ ਰੂਪ ਵਿਚ ਮੈਂ ਚਿੱਤਰਕਾਰ ਦੀ ਅਜਾਦੀ ਦੇ ਹੱਕ ਵਿਚ ਸੀ। ਮੁਸਲਮਾਨਾਂ ਵਿਚ ਨਾਸਤਕਾਂ ਦੀ ਗਿਣਤੀ ਬਹੁਤ ਥੋੜੀ ਹੈ। ਮੈਂ ਮਕਬੂਲ ਫਿਦਾ ਹੁਸੈਨ ਦੇ ਚਿੱਤਰਾਂ ਨੂੰ ਹਰ ਜਗ੍ਹਾ ਤੋਂ ਲੱਭ ਕੇ ਦੇਖਣ ਦੀ ਕੋਸਿ਼ਸ਼ ਕੀਤੀ ਕਿ ਹਿੰਦੂ ਧਰਮ ਤੋਂ ਬਿਨਾ ਕਿਸੇ ਹੋਰ ਧਰਮ ਖਾਸ ਕਰ ਆਪਣੇ ਧਰਮ ਇਸਲਾਮ ਨੂੰ ਲੈ ਕੇ ਉਨ੍ਹਾਂ ਨੇ ਕੋਈ ਵਿਅੰਗ ਕੀਤਾ ਹੈ ਕਿ ਨਹੀਂ। ਪਰ, ਦੇਖਿਆ ਕਿ ਬਿਲਕੁੱਲ ਨਹੀਂ ਕੀਤਾ ਪਰ ਉਹ ਕੈਨਵਸ ’ਤੇ ਅਰਬੀ ਵਿਚ ਲਫ਼ਜ਼ ਅੱਲਾਹ ਲਿਖਦੇ ਹਨ। ਮੈਂ ਇਹ ਵੀ ਸਪਸ਼ਟ ਰੂਪ ਵਿਚ ਦੇਖਿਆ ਕਿ ਉਨ੍ਹਾਂ ਦੀ ਇਸਲਾਮ ਦੇ ਪ੍ਰਤੀ ਡੂੰਘੀ ਸ਼ਰਧਾ ਅਤੇ ਵਿਸ਼ਵਾਸ ਹੈ। ਇਸਲਾਮ ਤੋਂ ਬਿਨਾ ਕਿਸੇ ਦੂਸਰੇ ਧਰਮ ਵਿਚ ਉਹ ਵਿਸ਼ਵਾਸ ਨਹੀਂ ਕਰਦੇ। ਹਿੰਦੂਤਵ ਵੱਲ ਅਵਿਸ਼ਵਾਸ ਦੇ ਚਲਦਿਆਂ ਹੀ ਉਨ੍ਹਾਂ ਨੇ ਲੱਛਮੀ ਅਤੇ ਸਰਸਵਤੀ ਨੂੰ ਨੰਗਿਆਂ ਚਿੱਤਰਿਆ। ਕੀ ਉਹ ਮੁਹੰਮਦ ਨੂੰ ਨੰਗਿਆਂ ਚਿਤਰ ਸਕਦੇ ਹਨ? ਮੈਨੂੰ ਯਕੀਨ ਹੈ ਨਹੀਂ ਕਰ ਸਕਦੇ। ਮੈਨੂੰ ਕਿਸੇ ਵੀ ਧਰਮ ਦੇ ਦੇਵੀ-ਦੇਵਤੇ ਜਾਂ ਪੈਗੰਬਰ ਬਗੈਰਾ ਨੂੰ ਨੰਗਾ ਚਿਤਰਨ ਵਿਚ ਕੋਈ ਹਿਚਕਚਾਹਟ ਨਹੀਂ ਹੈ।

ਦੁਨੀਆਂ ਦੇ ਹਰ ਧਰਮ ਪ੍ਰਤੀ ਮੇਰੇ ਮਨ ਵਿਚ ਬਰਾਬਰ ਦਾ ਅਵਿਸ਼ਵਾਸ ਹੈ। ਮੈਂ ਕਿਸੇ ਧਰਮ ਨੂੰ ਉੱਪਰ ਰੱਖ ਕੇ ਦੂਸਰੇ ਨਾਲ ਨਫਰਤ ਪ੍ਰਗਟ ਕਰਨ, ਕਿਸੇ ਵੱਲ ਲਗਾਉ ਜਾਂ ਵਿਸ਼ਵਾਸ ਵਿਖਾਉਣ ਦੀ ਕੋਸਿ਼ਸ਼ ਨਹੀਂ ਕਰਦੀ।

ਹੁਸੈਨ ਵੀ ਉਨ੍ਹਾਂ ਧਾਰਮਿਕ ਲੋਕਾਂ ਵਾਂਗ ਹਨ ਜੋ ਆਪਣੇ ਧਰਮ ਵਿਚ ਤਾਂ ਵਿਸ਼ਵਾਸ ਰੱਖਦੇ ਹਨ ਪਰ ਦੂਜੇ ਲੋਕਾਂ ਵਲੋਂ ਉਨ੍ਹਾਂ ਦੇ ਧਰਮ ਵਿਚ ਵਿਸ਼ਵਾਸ ਕਰਨ ਦੀ ਨਿੰਦਿਆ ਕਰਦੇ ਹਨ। ਫਿਦਾ ਹੁਸੈਨ ਨਾਲ ਮੇਰਾ ਨਾਮ ਲਿਆ ਜਾਂਦਾ ਹੈ ਕਿੱਥੇ ਉਹ ਵਿਸ਼ਾਲ ਵੱਡਾ ਦਰੱਖਤ ਅਤੇ ਕਿੱਥੇ ਮੈਂ ਛੋਟਾ ਜਿਹਾ ਤਿਣਕਾ। ਦੋਹਾਂ ਵਿਚ ਕੀ ਮੇਲ਼। ਕਿੱਥੇ ਮੈਂ ਨਾਸਤਿਕ ਅਤੇ ਕਿੱਥੇ ਉਹ ਆਸਤਿਕ ਨਾ ਸਹੀ ਪਰ ਆਪਣੇ ਰੱਬ ਪ੍ਰਤੀ ਤਾਂ ਆਸਤਿਕ ਹੈ। 

ਫਿਦਾ ਹੁਸੈਨ ਨਾਲ ਮੇਰੀ ਇਕ ਹੀ ਸਮਾਨਤਾ ਹੈ। ਧਰਮੀ ਲੋਕਾਂ ਵਲੋਂ ਹਮਲਾਵਰ ਹੋ ਜਾਣ ਤੋਂ ਬਾਅਦ ਲੱਗਭੱਗ ਇਕੋ ਹੀ ਸਮੇਂ ਸਾਨੂੰ ਦੋਹਾਂ ਨੂੰ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਇਸ ਤੋਂ ਬਿਨਾ ਬਾਕੀ ਸਭ ਅਸਮਾਨਤਾ ਹੈ। ਪਹਿਲੀ ਅਸਮਾਨਤਾ ਤਾਂ ਇਹ ਹੀ ਹੈ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਦੇਸ਼ ਛੱਡਿਆ ਹੈ, ਮੈਂ ਆਪਣੀ ਮਰਜ਼ੀ ਨਾਲ ਨਹੀਂ ਛੱਡਿਆ। ਫੇਰ ਮੈਨੂੰ ਆਪਣੇ ਕੋਲਕਤਾ ਵਾਲੇ ਘਰ ਤੋਂ ਹੀ ਨਹੀਂ ਸਮੁੱਚੇ ਭਾਰਤ ਤੋਂ ਹੀ ਬਾਹਰ ਕਰ ਦਿੱਤਾ ਗਿਆ ਹੈ ਕਿਸੇ ਕੱਟੜਪੰਥੀ ਨੇ ਨਹੀਂ ਖੁਦ ਸਰਕਾਰ ਨੇ ਮੈਨੂੰ ਬਾਹਰ ਕੱਢਿਆ। ਹੁਸੈਨ ਕੋਲ ਤਾਂ ਵਿਦੇਸ਼ ਵਿਚ ਰਹਿਣ ਲਈ ਆਪਣਾ ਘਰ ਹੈ, ਮੇਰਾ ਨਹੀਂ ਹੈ।

ਹੁਸੈਨ ਦੀ ਦੇਸ਼ ਵਾਪਸੀ ਲਈ ਸਰਕਾਰ ਪੂਰੀ ਕੋਸਿ਼ਸ਼ ਕਰ ਰਹੀ ਹੈ। ਮੈਨੂੰ ਤਾਂ ਨਾ ਭਾਰਤ ਸਰਕਾਰ ਵਾਪਸ ਪਰਤਣ ਦੇ ਰਹੀ ਹੈ ਨਾ ਬੰਗਲਾਦੇਸ਼ ਦੀ ਸਰਕਾਰ। ਭਾਰਤ ਵਿਚੋਂ ਕੱਢੇ ਜਾਣ ਤੋਂ ਬਾਅਦ ਮੈਂ ਜਿੰਨੀ ਵਾਰ ਵੀ ਉੱਥੇ ਵਾਪਸ ਜਾਣ ਦੀ ਕੋਸਿ਼ਸ਼ ਕੀਤੀ ਮੈਨੂੰ ਹੱਠਧਰਮੀ ਨਾਲ ਰੋਕ ਦਿੱਤਾ ਗਿਆ। ਹੁਸੈਨ ਤਾਂ ਇਕ ਧਰਮ ’ਤੇ ਹੀ ਵਿਅੰਗ ਕਰਦੇ ਹਨ ਮੈਂ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦਿਆਂ ਦੁਨੀਆਂ ਦੇ ਸਾਰੇ ਧਰਮਾਂ ਵਿਚ ਵਰਨਣ ਕੀਤੇ ਗਏ ਔਰਤਾਂ ਦੇ ਵਿਰੋਧੀ ਸ਼ਲੋਕਾਂ ਦੀ ਆਲੋਚਨਾ ਕਰਦੀ ਹਾਂ। ਔਰਤਾਂ ਦੀ ਵਿਰੋਧੀ ਸੰਸਕ੍ਰਿਤੀ ਅਤੇ ਕਾਨੂੰਨ ਖਤਮ ਹੋਣੇ ਚਾਹੀਦੇ ਹਨ। ਜਦੋਂ ਧਰਮ ਦੀ ਆਲੋਚਨਾ ਕਰਦੀ ਹਾਂ ਤਾਂ ਸਾਰੇ ਧਰਮਾਂ ਦੀ ਕਰਦੀ ਹਾਂ। ਅਜਿਹਾ ਨਹੀਂ ਕਿ ਆਪਣੇ ਜਨਮ ਵਾਲੇ ਅਤੇ ਹੋਰਨਾਂ ਦੇ ਧਰਮ ਇਸਲਾਮ ਨੂੰ ਵੱਖ ਰੱਖਕੇ ਕਰਦੀ ਹਾਂ।

ਰਸ਼ਦੀ ਅਤੇ ਫਿਦਾ ਹੁਸੈਨ ਵਾਂਗ ਮੈਨੂੰ ਨਾਮ, ਪ੍ਰਸਿੱਧੀ ਅਤੇ ਵਿਸ਼ੇਸ਼ਤਾ ਪ੍ਰਾਪਤ ਨਹੀਂ। ਉਨ੍ਹਾਂ ਦੇ ਨਾਲ ਮੇਰਾ ਨਾਮ ਨਹੀਂ ਲਿਆ ਜਾਣਾ ਚਾਹੀਦਾ। ਜਿਸ ਤਰ੍ਹਾਂ ਲੰਮੇ ਸਮੇਂ ਤੱਕ ਮੈਂ ਧਾਰਮਿਕ ਕੱਟੜਵਾਦੀਆਂ ਅਤੇ ਤਾਕਤਵਰ ਸਰਕਾਰ ਦੇ ਅੱਤਿਆਚਾਰ ਸਹਿਣ ਕੀਤੇ ਹਨ ਉਹੋ ਜਿਹਾ ਇਨ੍ਹਾਂ ’ਚੋਂ ਕਿਸੇ ਨਹੀਂ ਝੱਲਿਆ। ਜਿਸ ਤਰ੍ਹਾਂ ਬੇ-ਘਰ ਹਾਲਤ ਵਿਚ ਬੇ-ਯਕੀਨੀ ਅਤੇ ਇਕੱਲਤਾ ਵਿਚ ਇਕੱਲੀ ਖੁਦ ਨੂੰ ਬਚਾਉਣ ਲਈ ਵਿਦੇਸ਼ ਵਿਚ ਰਹਿ ਕੇ ਦਿਨ ਪ੍ਰਤੀ ਦਿਨ ਸੰਘਰਸ਼ ਕਰਨਾ ਪੈ ਰਿਹਾ ਹੈ। ਜੇ ਕੋਈ ਨਾਲ ਹੈ ਤਾਂ ਉਹ ਮੇਰਾ ਆਦਰਸ਼ ਅਤੇ ਵਿਸ਼ਵਾਸ ਜਿਸਦੇ ਸਿਰੜ ਅਤੇ ਤਾਕਤ ਨਾਲ ਸੰਘਰਸ਼ ਕਰੀ ਜਾ ਰਹੀ ਹਾਂ। ਇਹ ਸਭ ਨਜ਼ਰ-ਅੰਦਾਜ਼ ਕਰਨ ਦੀ ਚੀਜ ਨਹੀਂ। ਰਸ਼ਦੀ ਅਤੇ ਹੁਸੈਨ ਨੂੰ ਇੰਨੀ ਦੱਖ ਭਰੀ ਸਥਿਤੀ ਵਿਚ ਕਦੇ ਦਿਨ ਨਹੀਂ ਗੁਜ਼ਾਰਨੇ ਪਏ।

ਉਨ੍ਹਾਂ ਦੋਹਾਂ ਦੀਆਂ ਰਚਨਾਵਾਂ ਦੇ ਪ੍ਰਤੀ ਅਥਾਹ ਸ਼ਰਧਾ ਰੱਖਦੇ ਹੋਏ ਕਹਿ ਰਹੀ ਹਾਂ ਕਿ ਇਨ੍ਹਾਂ ਦੋਹਾਂ ਮਰਦਾਂ ਨਾਲ ਇੱਕੋ ਪੱਧਰ ’ਤੇ ਮੇਰਾ ਨਾਮ ਰੱਖਣਾ ਠੀਕ ਨਹੀਂ ਹੈ। ਧਰਮ ਮੁਕਤ, ਨਫਰਤ ਤੋਂ ਮੁਕਤ, ਬਰਾਬਰੀ ਦੇ ਅਧਿਕਾਰਾਂ ਵਾਲੇ ਸਮਾਜ ਦੀ ਸਥਾਪਨਾ ਲਈ ਮੈਂ ਸੰਘਰਸ਼ ਕਰ ਰਹੀ ਹਾਂ ਜੇ ਉਹ ਕਿਸੇ ਨੂੰ ਵਿਖਾਈ ਨਹੀਂ ਦਿੰਦਾ ਤਾਂ ਉਹ ਭਾਵੇਂ ਕਿੰਨਾ ਵੱਡਾ ਰਚਨਾਕਾਰ ਕਿਉਂ ਨਾ ਹੋਵੇ ਮੇਰੇ ਆਦਰਸ਼ ਦੇ ਨੇੜੇ ਆਉਣ ਦੀ ਉਸ ਵਿਚ ਕੋਈ ਯੋਗਤਾ ਨਹੀਂ।

- ਜਨਸਤਾ ’ਚੋਂ ਧੰਨਵਾਦ ਸਹਿਤ

ਹਰਿਆਣੇ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ: ਸਹੀ ਜਾਂ ਗਲਤ.......... ਲੇਖ / ਨਿਸ਼ਾਨ ਸਿੰਘ ਰਾਠੌਰ

ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੱਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਅਨੇਕਾਂ ਕੁਰਬਾਨੀਆਂ ਬਾਅਦ ਹੋਂਦ ਵਿਚ ਆਈ ਸੀ। ਇਸ ਕਮੇਟੀ ਦੀ ਰੱਖਿਆ ਲਈ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਗਿਆ ਸੀ। ਆਜ਼ਾਦੀ ਤੋਂ ਬਾਅਦ ਭਾਰਤ ਦੇ ਵਿਕਾਸ ਲਈ ਜਿਵੇਂ-ਜਿਵੇਂ ਵੱਡੇ ਰਾਜਾਂ ਨੂੰ ਤੋੜ ਕੇ ਛੋਟੇ ਰਾਜਾਂ ਦਾ ਗਠਨ ਹੁੰਦਾ ਗਿਆ ਉਸੇ ਤਰ੍ਹਾਂ ਰਾਜਾਂ ਵਿਚ ਆਪਸੀ ਝਗੜੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ।

ਇਹਨਾਂ ਝਗੜਿਆਂ ਵਿਚ ਪੰਜਾਬ ਅਤੇ ਹਰਿਆਣਾ ਵੀ ਉਲਝਣ ਤੋਂ ਬੱਚ ਨਾ ਸਕੇ। ਪੰਜਾਬ ਰਾਜ ਵਿਚੋਂ 1 ਨਵੰਬਰ 1966 ਨੂੰ ਹਰਿਆਣਾ ਪ੍ਰਾਂਤ ਹੋਂਦ ਵਿਚ ਆਇਆ। ਪੰਜਾਬ ਦੇ ਨਾਲ-ਨਾਲ ਹਰਿਆਣੇ ਦੀ ਰਾਜਧਾਨੀ ਵੀ ਚੰਡੀਗੜ੍ਹ ਹੀ ਰਹੀ। ਦੋਹਾਂ ਪ੍ਰਦੇਸਾਂ ਦਾ ਹਾਈਕੋਰਟ ਵੀ ਸਾਂਝਾ ਰਿਹਾ ਅਤੇ ਇਸੇ ਤਰ੍ਹਾਂ ਗੁਰਦੁਆਰਿਆਂ ਦੇ ਸਾਂਭ-ਸੰਭਾਲ ਲਈ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਵੀ ਇਕੋ ਹੀ ਰਹੀ।
ਮੌਜੂਦਾ ਸਮੇਂ ਵਿਚ ਹਰਿਆਣਾ ਅਤੇ ਪੰਜਾਬ ਵਿਚ ਜਿਸ ਤਰ੍ਹਾਂ ਰਾਜਧਾਨੀ ਚੰਡੀਗੜ੍ਹ ਲਈ ਲੜਾਈ ਹੋ ਰਹੀ ਹੈ ਉਸੇ ਤਰ੍ਹਾਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੀ ਦੋਹਾਂ ਰਾਜਾਂ ਵਿਚ ਆਪਸੀ ਮਤਭੇਦ ਉੱਭਰ ਕੇ ਸਾਹਮਣੇ ਆ ਗਏ ਹਨ। ਖਾਸ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਨੇ ਪਿਛਲੇ 44 ਸਾਲਾਂ ਤੋਂ ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਵੀ ਸੰਭਾਲਿਆ ਹੋਇਆ ਹੈ।
ਹਰਿਆਣੇ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਸਾਲ 2000 ਵਿਚ ਆਰੰਭ ਹੋਈ ਸੀ। ਇਸ ਲਹਿਰ ਨੂੰ ਆਰੰਭ ਕਰਨ ਵਾਲੇ ਕਰਨਾਲ ਜਿ਼ਲ੍ਹੇ ਦੇ ਇਕ ਅਕਾਲੀ ਆਗੂ ਸਨ। ਇਸ ਤੋਂ ਬਾਅਦ ਕੁਰੂਕਸ਼ੇਤਰ ਦੇ ਸ੍ਰ. ਦੀਦਾਰ ਸਿੰਘ ਨਲਵੀ ਅਤੇ ਕਰਨਾਲ ਦੇ ਸ੍ਰ. ਜਗਦੀਸ਼ ਸਿੰਘ ਝੀਂਡਾ ਨੇ ਵੱਖਰੀ ਕਮੇਟੀ ਦੀ ਆਵਾਜ਼ ਨੂੰ ਬੁਲੰਦ ਕੀਤਾ।
ਇਸ ਮੰਗ ਨੂੰ ਕਾਂਗਰਸ ਪਾਰਟੀ ਨੇ ਹੋਰ ਹਵਾ ਦਿੱਤੀ। ਹਰਿਆਣਾ ਕਾਂਗਰਸ ਨੇ ਹਰਿਆਣੇ ਦੇ ਸਿੱਖਾਂ ਦੀ ਇਸ ਮੰਗ ਨੂੰ ਆਪਣੇ ਚੋਣ ਐਲਾਨਨਾਮੇ ਵਿਚ ਲਿਖਤੀ ਤੌਰ ਤੇ ਸ਼ਾਮਲ ਕਰ ਲਿਆ ਕਿ ਜੇਕਰ ਹਰਿਆਣੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸਿੱਖਾਂ ਦੀ ਇਸ ਮੰਗ ਨੂੰ ਪੂਰਾ ਕਰ ਦਿੱਤਾ ਜਾਵੇਗਾ।
ਇਸ ਦਾ ਨਤੀਜਾ ਇਹ ਨਿਕਲਿਆ ਕਿ ਹਰਿਆਣੇ ਦੇ ਸਿੱਖ ਆਗੂਆਂ ਨੇ ਕਾਂਗਰਸ ਪਾਰਟੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨਾ ਆਰੰਭ ਕਰ ਦਿੱਤਾ ਅਤੇ ਹਰਿਆਣਾ ਵਿਚ ਕਾਂਗਰਸ ਪਾਰਟੀ ਦੇ 90 ਵਿਚੋਂ 67 ਵਿਧਾਇਕ ਚੁਣੇ ਗਏ ਅਤੇ ਰਾਜ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ।
ਇਸ ਸ਼ਾਇਦ ਪਹਿਲੀ ਵਾਰ ਸੀ ਜਦੋਂ ਹਰਿਆਣੇ ਵਿਚ ਕਾਂਗਰਸ ਪਾਰਟੀ ਨੂੰ ਇਤਨੀ ਜ਼ਬਰਦਸਤ ਸਫ਼ਲਤਾ ਹਾਸਲ ਹੋਈ ਹੋਵੇ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਚੋਧਰੀ ਭੁਪਿੰਦਰ ਸਿੰਘ ਹੁੱਡਾ ਹਰਿਆਣਾ ਦੇ ਮੁੱਖਮੰਤਰੀ ਬਣ ਗਏ। ਵੱਖਰੀ ਕਮੇਟੀ ਦੇ ਹਿਮਾਇਤੀ ਆਗੂ ਮੁੱਖਮੰਤਰੀ ਨੂੰ ਆਪਣੀ ਮੰਗ ਤੋਂ ਜਾਣੂ ਕਰਵਾਉਣ ਲਈ ਅਤੇ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਵਾਅਦਾ ਯਾਦ ਕਰਵਾਉਣ ਲਈ ਮਿਲੇ ਤਾਂ ਹੁੱਡਾ ਸਰਕਾਰ ਨੇ ਹਰਿਆਣਾ ਦੇ ਸਿੱਖਾਂ ਨੂੰ ਕੋਈ ਹੱਥ-ਪੱਲਾ ਨਾ ਫੜਾਇਆ।
ਇਸ ਦਾ ਸਿੱਟਾ ਇਹ ਨਿਕਲਿਆ ਕਿ ਸਿੱਖਾਂ ਨੇ ਉਸ ਸਮੇਂ ਦੇ ਖੇਤੀ ਮੰਤਰੀ ਸ੍ਰ. ਹਰਮੋਹਿੰਦਰ ਸਿੰਘ ਚੱਠਾ ਦੇ ਕੁਰੂਕਸ਼ੇਤਰ ਸਥਿਤ ਘਰ ਅੱਗੇ ਧਰਨਾ ਲਗਾ ਦਿੱਤਾ। ਇਹ ਧਰਨਾ ਕੁੱਲ 111 ਦਿਨ ਚਲਿਆ ਅਤੇ ਹਰਿਆਣਾ ਸਰਕਾਰ ਦੇ ਕੁੱਝ ਮੰਤਰੀਆਂ ਦੇ ਕਹਿਣ ਤੇ ਧਰਨਾ ਖਤਮ ਕਰ ਦਿੱਤਾ ਗਿਆ ਕਿ ਜਲਦ ਹੀ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ ਜਾਵੇਗੀ।
ਹੁੱਡਾ ਸਰਕਾਰ ਦਾ 4 ਸਾਲ ਦਾ ਲੰਮਾ ਅਰਸਾ ਬੀਤ ਗਿਆ ਪਰ ਸਰਕਾਰ ਨੇ ਸਿਵਾਏ ਖੇਤੀ ਮੰਤਰੀ ਸ੍ਰ. ਚੱਠਾ ਦੀ ਅਗੁਵਾਈ ਵਿਚ ਇਕ ਕਮੇਟੀ ਬਣਾਉਨ ਦੇ ਕੋਈ ਕਾਰਵਾਈ ਨਾ ਕੀਤੀ। ਇਸ ਕਮੇਟੀ ਨੇ ਹਰਿਆਣੇ ਦੇ ਸਿੱਖਾਂ ਤੋਂ ਹਲਫ਼ਨਾਮੇ ਲੈਣ ਦਾ ਮਨ ਬਣਾਇਆ ਤਾਂ ਕਿ ਪਤਾ ਲੱਗ ਸਕੇ ਕਿ ਹਰਿਆਣਵੀਂ ਸਿੱਖ ਵੱਖਰੀ ਕਮੇਟੀ ਚਾਹੁੰਦੇ ਵੀ ਹਨ ਜਾਂ ਨਹੀਂ।
ਇਸ ਲਈ ਬਕਾਇਦਾ ਹਲਫ਼ਨਾਮੇ ਤਿਆਰ ਕਰਵਾਏ ਗਏ ਅਤੇ ਹਰਿਆਣੇ ਦੇ 18 ਲੱਖ ਸਿੱਖਾਂ ਵਿਚੋਂ 3 ਲੱਖ ਸਿੱਖਾਂ ਨੇ ਵੱਖਰੀ ਕਮੇਟੀ ਦੇ ਹੱਕ ਵਿਚ ਹਲਫ਼ਨਾਮੇ ਦਿੱਤੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿਚ ਇਕ ਵੀ ਹਲਫ਼ਨਾਮਾ ਨਾ ਆਇਆ।
ਇਸ ਤੋਂ ਬਾਅਦ ਵੀ ਹੁੱਡਾ ਸਰਕਾਰ ਨੇ ਕੋਈ ਪਹਿਲਕਦਮੀ ਨਹੀਂ ਕੀਤੀ। ਇਸ ਸਮੇਂ ਦੌਰਾਨ ਵੱਖਰੀ ਕਮੇਟੀ ਦੇ ਹਿਮਾਇਤੀ ਲੀਡਰ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਤਮਾਮ ਵੱਡੇ ਲੀਡਰਾਂ ਨੂੰ ਮਿਲਦੇ ਰਹੇ ਅਤੇ ਆਪਣੀ ਮੰਗ ਨੂੰ ਪੂਰਾ ਕਰਵਾਉਣ ਦਾ ਯਤਨ ਕਰਦੇ ਰਹੇ। ਜਦੋਂ ਫਿਰ ਵੀ ਵੱਖਰੀ ਕਮੇਟੀ ਦੀ ਮੰਗ ਨਹੀਂ ਪੂਰੀ ਹੋਈ ਤਾਂ ਹਰਿਆਣੇ ਦੇ ਸਿੱਖਾਂ ਨੇ ਹਰਿਆਣਾ ਕਾਂਗਰਸ ਦੇ ਪ੍ਰਧਾਨ ਫੂਲਚੰਦ ਮੁਲਾਣਾ ਦੀ ਅੰਬਾਲਾ ਸਥਿਤ ਕੋਠੀ ਅੱਗੇ ਧਰਨਾ ਲਗਾ ਦਿੱਤਾ। ਇਸ ਧਰਨਾ ਵੀ ਕੁੱਝ ਦਿਨਾਂ ਬਾਅਦ ਚੁੱਕ ਲਿਆ ਗਿਆ। 
ਇਸ ਤੋਂ ਇਲਾਵਾ ਹਰਿਆਣੇ ਦੇ ਸਿੱਖਾਂ ਨੇ ਕਈ ਵਾਰ ਜੀ.ਟੀ. ਰੋਡ ਜਾਮ ਕੀਤਾ, ਧਰਨੇ ਲਗਾਏ, ਰੇਲਵੇ ਟਰੈਕ ਰੋਕੇ ਅਤੇ ਗ੍ਰਿਫ਼ਤਾਰੀਆਂ ਦਿੱਤੀਆਂ ਪਰ ਕਾਂਗਰਸ ਸਰਕਾਰ ਨੇ ਵੱਖਰੀ ਕਮੇਟੀ ਨਾ ਬਣਾਈ।
ਹਰਿਆਣਾ ਵਿਚ ਮੁੜ ਵਿਧਾਨ ਸਭਾ ਦੀਆਂ ਚੋਣਾਂ ਆ ਗਈਆਂ ਅਤੇ ਕਾਂਗਰਸ ਪਾਰਟੀ ਨੇ ਫਿਰ ਲਾਰਾ ਲਗਾ ਦਿੱਤਾ ਕਿ ਇਸ ਵਾਰੀ ਸਰਕਾਰ ਬਨਣ ਤੇ ਹਰਿਆਣਾ ਦੇ ਸਿੱਖਾਂ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲ ਦੇ ਆਧਾਰ ਤੇ ਬਣਾ ਦਿੱਤੀ ਜਾਵੇਗੀ। ਕਾਂਗਰਸ ਪਾਰਟੀ’ਤੇ ਭਰੋਸਾ ਕਰਦਿਆਂ ਹਰਿਆਣੇ ਦੇ ਸਿੱਖ ਆਗੂਆਂ ਨੇ ਮੁੜ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਲਈ ਆਪਣਾ ਪ੍ਰਚਾਰ ਕਰਨਾ ਆਰੰਭ ਕਰ ਦਿੱਤਾ। ਪਰ ਇਸ ਵਾਰ ਕਾਂਗਰਸ ਨੂੰ ਪਿਛਲੀ ਵਾਰ ਦੀ ਤਰ੍ਹਾਂ ਵੱਡੀ ਸਫ਼ਲਤਾ ਨਾ ਮਿਲੀ ਅਤੇ ਚੋਧਰੀ ਭੁਪਿੰਦਰ ਸਿੰਘ ਹੁੱਡਾ ਬੜੀ ਮੁਸ਼ਕਲ ਨਾਲ ਜੋੜ-ਤੋੜ ਕਰਕੇ ਹੀ ਹਰਿਆਣੇ ਦੇ ਦੂਜੀ ਵਾਰ ਮੁੱਖਮੰਤਰੀ ਬਣ ਸਕੇ। 
ਇਸੇ ਸਮੇਂ ਦੌਰਾਨ ਹੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿਮਾਇਤੀ ਆਗੂ ਆਪਸ ਵਿਚ ਵੰਡੇ ਗਏ। ਇਸ ਮੰਗ ਨੂੰ ਅੱਗੇ ਤੋਰਨ ਵਾਲੇ 2 ਧੜੇ ਬਣ ਗਏ। ਇਕ ਸ੍ਰ. ਜਗਦੀਸ਼ ਸਿੰਘ ਝੀਂਡਾ ਦੀ ਅਗੁਵਾਈ ਵਾਲਾ ਗਰਮ ਦਲ ਅਤੇ ਦੂਜਾ ਸ੍ਰ. ਦੀਦਾਰ ਸਿੰਘ ਨਲਵੀ ਦੀ ਅਗੁਵਾਈ ਵਿਚ ਕਾਨੂੰਨੀ ਲੜਾਈ ਲੜਣ ਵਾਲਾ ਦਲ।
ਵੱਖਰੀ ਕਮੇਟੀ ਲਈ ਝੀਂਡਾ ਧੜਾ ਜਿਆਦਾ ਸਰਗਰਮ ਹੈ ਅਤੇ ਇਸ ਲਈ ਇਸ ਧੜੇ ਨੇ ਕੁੱਝ ਸਮਾਂ ਪਹਿਲਾਂ ਐਲਾਨ ਕਰ ਦਿੱਤਾ ਕਿ ਜੇਕਰ ਹਰਿਆਣਾ ਸਰਕਾਰ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਣਾਉਂਦੀ ਤਾਂ ਉਹ 15 ਸਤੰਬਰ 2010 ਨੂੰ ਕੁਰੂਕਸ਼ੇਤਰ ਦੇ ਗੁਰਦੁਆਰਾ 6ਵੀਂ ਪਾਤਸ਼ਾਹੀ ਤੇ ਕਬਜ਼ਾ ਕਰ ਲੈਣਗੇ। ਇਸ ਐਲਾਨ ਤੋਂ ਬਾਅਦ ਹਰਿਆਣਾ ਸਰਕਾਰ ਹਰਕਤ ਵਿਚ ਆਈ।
ਸਰਕਾਰ ਨੇ ਕੁਰੂਕਸ਼ੇਤਰ ਦੇ ਗੁਰਦੁਆਰਾ 6ਵੀਂ ਪਾਤਸ਼ਾਹੀ ਦੇ ਨਾਲ-ਨਾਲ ਹਰਿਆਣੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਤਮਾਮ ਗੁਰਦੁਆਰਿਆਂ ਦੀ ਸੁਰੱਖਿਆ ਸਖ਼ਤ ਕਰ ਦਿੱਤੀ। ਗੁਰਦੁਆਰਿਆਂ ਵਿਚ ਵਰਦੀਧਾਰੀ ਪੁਲਿਸ ਮੁਲਾਜ਼ਮ ਤੈਨਾਤ ਕਰ ਦਿੱਤੇ ਗਏ ਅਤੇ ਨਾਲ ਹੀ ਪੰਜਾਬ ਦੇ ਗੁਰਦੁਆਰਾ ਸਾਹਿਬਾਨ ਤੋਂ ਸੇਵਾਦਾਰ ਵੀ ਲਗਾ ਦਿੱਤੇ ਗਏ। 
ਵੱਖਰੀ ਕਮੇਟੀ ਦੇ ਝੀਂਡਾ ਧੜੇ ਦੇ ਸਾਰੇ ਆਗੂਆਂ ਨੂੰ ਕਬਜ਼ਾ ਕਰਨ ਦੀ ਤੈਅ ਮਿਤੀ ਤੋਂ ਇਕ ਰਾਤ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਇਹਨਾਂ ਸਿੱਖਾਂ ਨੇ ਹਰ ਰੋਜ਼ 11 ਮੈਂਬਰਾਂ ਦੀ ਗ੍ਰਿਫ਼ਤਾਰੀ ਦਾ ਐਲਾਨ ਕਰ ਦਿੱਤਾ।
ਦੂਜੇ ਪਾਸੇ ਨਲਵੀ ਧੜਾ ਕਾਨੂੰਨੀ ਲੜਾਈ ਲੜ ਰਿਹਾ ਹੈ। ਨਲਵੀ ਅਨੁਸਾਰ ਜਦੋਂ ਹਰਿਆਣਾ ਪ੍ਰਾਂਤ ਹੋਂਦ ਵਿਚ ਆਇਆ ਸੀ ਤਾਂ ਪੰਜਾਬ ਪੁਨਰਗਠਨ ਐਕਟ ਦੀ ਧਾਰਾ 72-ਏ ਦੇ ਅਧੀਨ ਇਹ ਗੱਲ ਆਖੀ ਗਈ ਸੀ ਕਿ ਹਰਿਆਣਾ ਦੇ ਸਿੱਖ ਜਦੋਂ ਚਾਹੇ ਆਪਣੇ ਗੁਰੂਧਾਮਾਂ ਦੀ ਸੇਵਾ-ਸੰਭਾਲ ਲਈ ਵੱਖਰੀ ਕਮੇਟੀ ਬਣਾ ਸਕਦੇ ਹਨ ਪਰ ਪੰਜਾਬ ਦੇ ਅਕਾਲੀ ਹਰਿਆਣੇ ਦੇ ਗੁਰੂਧਾਮਾਂ ਦਾ ਪੈਸਾ ਪੰਜਾਬ ਦੇ ਵਿਕਾਸ ਲਈ ਖਰਚ ਕਰ ਰਹੇ ਹਨ ਅਤੇ ਹਰਿਆਣੇ ਵਿਚ ਕੋਈ ਪੈਸਾ ਖਰਚ ਨਹੀਂ ਕੀਤਾ ਜਾ ਰਿਹਾ। ਇਸ ਲਈ ਵੱਖਰੀ ਕਮੇਟੀ ਦੀ ਰਾਹ ਵਿਚ ਰੋੜੇ ਅਟਕਾਏ ਜਾ ਰਹੇ ਹਨ ਤਾਂ ਕਿ ਕਿਤੇ ਹਰਿਆਣੇ ਦੇ ਗੁਰਦੁਆਰਿਆਂ ਦੀ ਕਰੋੜਾਂ ਦੀ ਆਮਦਨ ਇਹਨਾਂ ਦੇ ਹੱਥੋਂ ਨਾ ਨਿਕਲ ਜਾਏ।
ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਆਗੂਆਂ ਅਨੁਸਾਰ ਕਾਂਗਰਸ ਪਾਰਟੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਜਾਣਬੁੱਝ ਕੇ ਦਖਲਅੰਦਾਜ਼ੀ ਕਰ ਰਹੀ ਹੈ। ਇਹਨਾਂ ਆਗੂਆਂ ਅਨੁਸਾਰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੋ-ਫਾੜ ਹੁੰਦੀ ਹੈ ਤਾਂ ਸਿੱਖਾਂ ਦੀ ਰਾਜਸੀ ਤਾਕਤ ਘੱਟ ਹੋ ਜਾਵੇਗੀ ਅਤੇ ਕਾਂਗਰਸ ਪਾਰਟੀ ਇਹੋ ਹੀ ਚਾਹੁੰਦੀ ਹੈ।
ਦੂਜੀ ਗੱਲ ਇਹ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕੁੱਝ ਸ਼ਰਾਰਤੀ ਅਨਸਰ ਹੀ ਕਰ ਰਹੇ ਹਨ। ਸਮੁੱਚੇ ਹਰਿਆਣਵੀਂ ਸਿੱਖ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਗੁਵਾਈ ਵਿਚ ਹੀ ਰਹਿ ਕੇ ਆਪਣੇ ਗੁਰੂਧਾਮਾਂ ਦੀ ਸਾਂਭ-ਸੰਭਾਲ ਚਾਹੁੰਦੇ ਹਨ। ਅਕਾਲੀ ਆਗੂਆਂ ਅਨੁਸਾਰ ਹਰਿਆਣੇ ਵਿਚ 18 ਲੱਖ ਸਿੱਖ ਰਹਿੰਦੇ ਹਨ ਪਰ ਹਲਫ਼ਨਾਮੇ ਕੇਵਲ 3 ਲੱਖ ਸਿੱਖਾਂ ਨੇ ਦਿੱਤੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਹਰਿਆਣੇ ਦੇ ਸਿੱਖ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਚਾਹੁੰਦੇ।
ਅਕਾਲੀ ਆਗੂਆਂ ਅਨੁਸਾਰ ਹਰਿਆਣੇ ਦੇ ਗੁਰਦੁਆਰਿਆਂ ਦੀ ਆਮਦਨ ਹਰਿਆਣੇ ਵਿਚ ਹੀ ਖਰਚ ਕੀਤੀ ਜਾ ਰਹੀ ਹੈ ਅਤੇ ਗੁਰੂ ਘਰਾਂ ਵਿਚ ਹਰਿਆਣੇ ਦੇ ਸਿੱਖ ਨੌਜਵਾਨਾਂ ਨੂੰ ਹੀ ਭਰਤੀ ਕੀਤਾ ਜਾ ਰਿਹਾ ਹੈ। 
ਇੱਥੇ ਜਿ਼ਕਰਯੋਗ ਹੈ ਕਿ ਹਰਿਆਣੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਕੁਲ 11 ਮੈਂਬਰ ਚੁਣੇ ਜਾਂਦੇ ਹਨ। ਪਿਛਲੀ ਵਾਰ ਹੋਈਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ 11 ਮੈਂਬਰਾਂ ਵਿਚੋਂ 7 ਮੈਂਬਰ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਜੇਤੂ ਰਹੇ ਸਨ। ਇਹਨਾਂ ਸੱਤਾਂ ਵਿਚੋਂ ਇਕ ਚੋਣਾਂ ਜਿੱਤਣ ਤੋਂ ਕੁੱਝ ਦਿਨ ਬਾਅਦ ਹੀ ਪਾਸਾ ਪਰਤ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਆ ਗਿਆ ਸੀ। ਇਸ ਲਈ ਹਰਿਆਣਾ ਵਿਚ ਅਕਾਲੀ ਦਲ ਦੇ 5 ਅਤੇ ਵੱਖਰੀ ਕਮੇਟੀ ਦੇ ਹਿਮਾਇਤੀ 6 ਮੈਂਬਰ ਹੋ ਗਏ ਸਨ।
ਦੋਹਾਂ ਪੱਖਾਂ ਦੀਆਂ ਦਲੀਲਾਂ ਨੂੰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਵੱਖਰੀ ਕਮੇਟੀ ਵਾਲੇ ਆਗੂ ਵੀ ਆਪਣੀ ਜਗ੍ਹਾਂ ਠੀਕ ਜਾਪਦੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਆਗੂ ਵੀ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਨਾਲੋਂ ਹਰਿਆਣੇ ਦੇ ਵਿਕਾਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਕਾਮ ਰਹੀ ਹੈ। ਜਿਸ ਪ੍ਰਕਾਰ ਪੰਜਾਬ ਦੇ ਜਿ਼ਲ੍ਹਿਆਂ ਵਿਚ ਸ਼੍ਰੋਮਣੀ ਕਮਟੀ ਨੇ ਹਸਪਤਾਲ, ਕਾਲਜ ਅਤੇ ਸਕੂਲ ਬਣਵਾਏ ਹਨ ਉਸ ਗਿਣਤੀ ਵਿਚ ਹਰਿਆਣਾ ਕਾਫ਼ੀ ਪਿੱਛੇ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਨੇ ਹਰਿਆਣਾ ਵਿਚ ਕੋਈ ਵੱਡਾ ਜਨਤਕ ਸੁਵਿਧਾ ਵਾਲਾ ਅਦਾਰਾ ਨਹੀਂ ਬਣਾਇਆ ਅਤੇ ਨਾ ਹੀ ਹਰਿਆਣਾ ਦੇ ਸਿੱਖ ਮੁੰਡਿਆਂ ਨੂੰ ਗੁਰਦੁਆਰਿਆਂ ਵਿਚ ਰੁਜ਼ਗਾਰ ਦਿੱਤਾ ਹੈ। ਜੇਕਰ ਕੁੱਝ ਨੌਜਵਾਨ ਭਰਤੀ ਵੀ ਕੀਤੇ ਹਨ ਤਾਂ ਸੇਵਾਦਾਰ/ਕਲਰਕ ਆਦਿ ਰੈਂਕ ਦੇ। ਵੱਡੀਆਂ ਪੋਸਟਾਂ ਤੇ ਪੰਜਾਬ ਦੇ ਅਕਾਲੀਆਂ ਦੇ ਹੀ ਹਿਮਾਇਤੀ ਕਾਬਜ਼ ਹਨ। ਇਸ ਲਈ ਹਰਿਆਣਾ ਦੇ ਸਿੱਖਾਂ ਦੀ ਮੰਗ ਜਾਇਜ਼ ਜਾਪਦੀ ਹੈ।
ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਕਿ ਜਿਸ ਸਮੇਂ ਤੋਂ ਹਰਿਆਣੇ ਅੰਦਰ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਆਰੰਭ ਹੋਈ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣੇ ਵਿਚ ਕੁੱਝ ਵਿਕਾਰ ਕਾਰਜ ਕਰਨੇ ਸ਼ੁਰੂ ਕੀਤੇ ਹਨ। ਇਹਨਾਂ ਵਿਚ ਕੁਰੂਕਸ਼ੇਤਰ ਜਿ਼ਲ੍ਹੇ ਦੇ ਕਸਬਾ ਸ਼ਾਹਬਾਦ ਮਾਰਕੰਡਾ ਵਿਚ ਬਣ ਰਿਹਾ ਮੀਰੀ-ਪੀਰੀ ਮੈਡੀਕਲ ਕਾਲਜ ਜਿ਼ਕਰਯੋਗ ਹੈ ਪਰ ਪਿਛਲੇ 7-8 ਸਾਲਾਂ ਤੋਂ ਬਣ ਰਿਹਾ ਇਹ ਕਾਲਜ ਅਜੇ ਤੀਕ ਸੰਪੂਰਨ ਨਹੀਂ ਹੋਇਆ। ਇਸ ਤੋਂ ਇਲਾਵਾ ਕਰਨਾਲ ਵਿਚ ਬਣਾਇਆ ਗਿਆ ਮਾਤਾ ਸੁੰਦਰੀ ਕੁੜੀਆਂ ਦਾ ਕਾਲਜ ਅਤੇ ਗੁਰਮਤਿ ਸੰਗੀਤ ਅਕੈਡਮੀ। ਪਰ ਹਰਿਆਣੇ ਦੇ ਸਿੱਖਾਂ ਨੂੰ ਇਤਨਾ ਘਟ ਵਿਕਾਸ ਕਾਰਜ ਮਨਜੂਰ ਨਹੀਂ ਹੈ। ਹਰਿਆਣਾ ਦੇ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਤੋਂ ਵੱਡੇ ਪੱਧਰ’ਤੇ ਵਿਕਾਸ ਕਾਰਜ ਚਾਹੁੰਦੇ ਹਨ ਜਿਸ ਤਰ੍ਹਾਂ ਦੇ ਵਿਕਾਸ ਕਾਰਜ ਪੰਜਾਬ ਵਿਚ ਕੀਤੇ ਗਏ ਹਨ।
ਦੂਜੇ ਪਾਸੇ ਅਕਾਲੀ ਆਗੂਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਆਗੂਆਂ ਦਾ ਕਹਿਣਾ ਵੀ ਠੀਕ ਜਾਪਦਾ ਹੈ ਕਿ ਇਸ ਦੋ-ਫਾੜ ਨਾਲ ਸਿੱਖਾਂ ਦੀ ਸਿਆਸੀ ਤਾਕਤ ਘੱਟ ਹੋ ਜਾਵੇਗੀ। ਹਰਿਆਣਾ ਅਤੇ ਪੰਜਾਬ ਦੇ ਸਿੱਖ ਆਪਸ ਵਿਚ ਵੰਡੇ ਜਾਣਗੇ।
ਸਿੱਖ ਰਾਜਨੀਤੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਹੱਲ ਇਹ ਹੋ ਸਕਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਆਪਣੇ ਅਧੀਨ ਹਰਿਆਣੇ ਵਿਚ ਇਕ ਸਬ-ਕਮੇਟੀ ਬਣਾ ਦੇਵੇ ਅਤੇ ਇੱਥੋਂ ਦੇ ਵਸਨੀਕ ਕਿਸੇ ਅਕਾਲੀ/ਵੱਖਰੀ ਕਮੇਟੀ ਦੀ ਹਿਮਾਇਤ ਵਾਲੇ ਆਗੂ ਨੂੰ ਇਸ ਦਾ ਚੇਅਰਮੈਨ ਬਣਾ ਦੇਵੇ। ਇਸ ਦੇ ਨਾਲ ਹੀ ਇਕ 11 ਮੈਂਬਰੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਜਾਵੇ ਜੋ ਹਰਿਆਣੇ ਦੇ ਗੁਰਦੁਆਰਿਆਂ ਦੀ ਆਮਦਨ ਹਰਿਆਣੇ ਦੇ ਵਿਕਾਸ’ਤੇ ਹੀ ਖਰਚ ਕਰਨ ਦੇ ਫੈਸਲੇ ਲੈਣ ਦੇ ਸਮਰੱਥ ਹੋਵੇ। ਇਸ ਲਈ ਪੰਜਾਬ ਦੇ ਕਿਸੇ ਅਕਾਲੀ ਤੋਂ ‘ਹੁਕਮ’ ਲੈਣ ਦੀ ਲੋੜ ਨਾ ਪਵੇ। ਹਰਿਆਣੇ ਵਿਚ ਸਥਿਤ ਗੁਰਦੁਆਰਿਆਂ ਅੰਦਰ ਹਰਿਆਣਾ ਦੇ ਸਿੱਖ ਮੁੰਡਿਆਂ ਨੂੰ ਹੀ ਭਰਤੀ ਕੀਤਾ ਜਾਵੇ।
ਹਰਿਆਣਾ ਵਿਚ ਧਰਮ ਪ੍ਰਚਾਰ ਦੀ ਲਹਿਰ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਇਕ ਸਿੱਖ ਮਿਸ਼ਨ ਸਥਾਪਿਤ ਕੀਤਾ ਜਾਵੇ ਅਤੇ ਇਸ ਦਾ ਪ੍ਰਬੰਧ ਹਰਿਆਣਾ ਦੀ ਸਬ-ਕਮਟੀ ਹੀ ਸੰਭਾਲੇ। ਇੱਥੇ ਹਰਿਆਣਾ ਦੇ ਧਰਮ ਪ੍ਰਚਾਰਕਾਂ, ਰਾਗੀਆਂ, ਢਾਡੀਆਂ ਅਤੇ ਗ੍ਰੰਥੀਆਂ ਨੂੰ ਹੀ ਭਰਤੀ ਕੀਤਾ ਜਾਵੇ।
ਇਹਨਾਂ ਕਾਰਜਾਂ ਲਈ ਬਕਾਇਦਾ ਇਕ ਸਬ-ਆਫਿ਼ਸ ਹਰਿਆਣੇ ਵਿਚ ਹੀ ਬਣਾ ਦਿੱਤਾ ਜਾਵੇ ਅਤੇ ਗੁਰਦੁਆਰਿਆਂ ਦਾ ਪੂਰਾ ਲੇਖਾ-ਜੋਖਾ ਇੱਥੇ ਹੀ ਕੀਤਾ ਜਾਵੇ। ਦਫ਼ਤਰੀ ਕੰਮਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਚੱਕਰ ਲਗਾਉਣ ਦੀ ਲੋੜ ਨਾ ਪਵੇ। ਪੰਜਾਬ ਦੀ ਤਰ੍ਹਾਂ ਹਰਿਆਣੇ ਵਿਚ ਸਕੂਲ, ਕਾਲਜ ਅਤੇ ਹੋਰ ਵਿੱਦਿਅਕ ਅਦਾਰੇ ਬਣਾਏ ਜਾਣ।
ਇਸ ਤਰ੍ਹਾਂ ਹਰਿਆਣਾ ਅਤੇ ਪੰਜਾਬ ਦੇ ਸਿੱਖਾਂ ਵਿਚ ਆਪਣੀ ਮਤਭੇਦ ਵੀ ਦੂਰ ਹੋ ਜਾਣਗੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਦੋ-ਫਾੜ ਹੋਣ ਤੋਂ ਬੱਚ ਜਾਵੇਗੀ। ਪਰ ਇਸ ਲਈ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖਰੀ ਕਮੇਟੀ ਦੇ ਹਿਮਾਇਤੀ ਆਗੂਆਂ ਨੂੰ ਮਿਲ-ਬੈਠ ਕੇ ਗੱਲਬਾਤ ਕਰਨੀ ਪਵੇਗੀ। ਪਰ ਇਹ ਗੱਲਬਾਤ ਕਦੋਂ ਸ਼ੁਰੂ ਹੁੰਦੀ ਹੈ ਅਤੇ ਇਸ ਗੱਲਬਾਤ ਲਈ ਪਹਿਲ ਕੌਣ ਕਰਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ।

****

ਸੱਚ ਦਾ ਸਵਾਲ........ਗ਼ਜ਼ਲ / ਇੰਦਰਜੀਤ ਪੁਰੇਵਾਲ,ਨਿਊਯਾਰਕ

ਰੁੱਖਾਂ ਵਾਂਗੂ ਤੱਤੀਆਂ ਠੰਡੀਆਂ,ਪਿੰਡੇ ਉੱਤੇ ਸਹਿ ਜਾਂਦਾ ਹਾਂ।
ਸੱਜਣ ਮੌਸਮ ਵਾਂਗ ਬਦਲਦੇ,ਵੇਖ ਭੁਚੱਕਾ ਰਹਿ ਜਾਂਦਾ ਹਾਂ।

ਮੇਰੇ ਮਨ ਮਸਤਕ ਦੇ ਅੰਦਰ,ਸੋਚ ਦੇ ਦੰਗਲ ਚਲਦੇ ਰਹਿੰਦੇ,
ਕਈਆਂ ਨੂੰ ਮੈਂ ਢਾਹ ਲੈਂਦਾ ਹਾਂ, ਕਈਆਂ ਕੋਲੋਂ ਢਹਿ ਜਾਂਦਾ ਹਾਂ।

ਧੁੱਪ ਦੇ ਵਾਂਗੂ ਖਿੜਿਆ ਹੋਇਆ ,ਸਿਖਰ ਦੁਪਹਿਰਾ ਰੁੱਸ ਨਾ ਜਾਵੇ,
ਵੇਖ ਕੇ ਸਿਰ ‘ਤੇ ਚੜਿਆ ਬੱਦਲ,ਹਾਉਕਾ ਭਰ ਕੇ ਰਹਿ ਜਾਂਦਾ ਹਾਂ।

ਕੰਨਾਂ ਦੇ ਵਿਚ ਅੱਜ ਵੀ ਉਸਦੇ ਮਿੱਠੇ-ਮਿੱਠੇ ਬੋਲ ਸੁਣੀਂਦੇ,
ਨਾ ਚਾਹ ਕੇ ਵੀ ਬਹੁਤੀ ਵਾਰੀ ਯਾਦਾਂ ਅੰਦਰ ਵਹਿ ਜਾਂਦਾ ਹਾਂ।

ਪੱਕੀ ਗੱਲ ਹੈ ਹੋਰਾਂ ਵਾਂਗੂ ਮੇਰੇ ਵਿਚ ਵੀ ਔਗੁਣ ਹੋਣੈਂ,
ਸਭ ਤੋਂ ਵੱਡਾ ਔਗੁਣ ਮੇਰਾ,ਮੂੰਹ ਤੇ ਸੱਚੀਆਂ ਕਹਿ ਜਾਂਦਾ ਹਾਂ।

ਸੱਚ ਝੂਠ ਨੂੰ ਪੁੱਛਦਾ ਸੀ ਕੱਲ ਸੱਚੋ-ਸੱਚੀ ਦੱਸੀਂ ਮੈਨੂੰ,
ਸੱਚਾ ਹੁੰਦਾ ਹੋਇਆ ਵੀ ਮੈਂ ‘ਕੱਲਾ ਕਾਹਤੋਂ ਰਹਿ ਜਾਂਦਾ ਹਾਂ।

ਜ਼ਿੰਦਗੀ ........ ਗ਼ਜ਼ਲ / ਰਾਜਿੰਦਰ ਜਿੰਦ,ਨਿਊਯਾਰਕ

ਕਦੇ ਇਹ ਖਾਰ ਲਗਦੀ ਹੈ,ਕਦੇ ਇਹ ਪਿਆਰ ਲਗਦੀ ਹੈ।
ਅਨੋਖੀ ਖੇਡ ਹੈ ਦੁਨੀਆ,ਕਦੇ ਤਲਵਾਰ ਲਗਦੀ ਹੈ।
ਕਦੇ ਇਸ ਜ਼ਿੰਦਗੀ ਨੂੰ ਮਾਨਣੇ ਦੀ ਤਾਂਘ ਉਠਦੀ ਹੈ,
ਕਦੇ ਇਹ ਆਪਣੇ ਹੀ ਪੈਰ ਉੱਤੇ ਭਾਰ ਲਗਦੀ ਹੈ।
ਵਕਤ ਦੇ ਹੱਥ ਵਿਚ ਹੀ ਖੇਡਦੀ ਹੈ ਸੋਚ ਬੰਦੇ ਦੀ,
ਕਦੇ ਇਹ ਬਿਰਧ ਲਗਦੀ ਹੈ,ਕਦੇ ਮੁਟਿਆਰ ਲਗਦੀ ਹੈ।
ਸਮਾਂ ਕਿੰਨਾ ਸਿਤਮਗਰ ਹੈ,ਉਹ ਭਾਵੇਂ ਕੋਲ ਹੈ ਮੇਰੇ,
ਮਗਰ ਦੋਵਾਂ ਵਿਚਾਲੇ ਫੇਰ ਵੀ ਦੀਵਾਰ ਲਗਦੀ ਹੈ।
ਅਸਾਂ ਨੂੰ ਜਾਪਦਾ ਹੈ ਹੁਣ ਅਸੀਂ ਜੀਵਾਂਗੇ ਮਰ ਮਰ ਕੇ,
ਅਸਾਂ ਨੂੰ ਜ਼ਿੰਦਗੀ ਆਪਣੀ ਬੜੀ ਦੁਸ਼ਵਾਰ ਲਗਦੀ ਹੈ।
ਨਾ ਮਾਰੂਥਲ ਹੀ ਲਗਦੀ ਹੈ,ਨਾ ਲਗਦੀ ਹੈ ਇਹ ਸਾਗਰ ਹੀ,
ਅਸਾਂ ਨੂੰ ਜ਼ਿੰਦਗੀ ਐ ‘ਜਿੰਦ’ ਇਹਨਾਂ ਵਿਚਕਾਰ ਲਗਦੀ ਹੈ।
ਗੁਜ਼ਾਰੀ ਰਾਤ ਹੈ ਜਿਸ ਨੇ,ਉਸਨੂੰ ਪਹਿਰ ਦੇ ਤੜਕੇ,
ਕਦੇ ਇਹ ਜਿੱਤ ਲਗਦੀ ਹੈ,ਕਦੇ ਇਹ ਹਾਰ ਲਗਦੀ ਹੈ।

****


ਦੇਵ ਪੁਰਸ਼.......... ਕਹਾਣੀ / ਨਿਸ਼ਾਨ ਸਿੰਘ ਰਾਠੌਰ

ਬਲਕਾਰ ਨੇ ਕਦੇ ਵੀ ਉਸ ਰੇਲਵੇ ਲਾਈਨ ਦੀ ਪ੍ਰਵਾਹ ਨਹੀਂ ਕੀਤੀ ਜਿਸ ਤੇ ਨਾ ਤਾਂ ਫਾਟਕ ਬਣਿਆ ਹੋਇਆ ਸੀ ਅਤੇ ਨਾ ਹੀ ਕੋਈ ਚੌਂਕੀਦਾਰ ਤੈਨਾਤ ਸੀ। ਉਹ ਅਕਸਰ ਹੀ ਆਪਣੀ ਮਰਜ਼ੀ ਨਾਲ ਟ੍ਰੈਕਟਰ ਪੂਰੀ ਰਫ਼ਤਾਰ ਨਾਲ ਰੇਵਲੇ ਲਾਈਨ ਤੋਂ ਪਾਰ ਕਰ ਲੈਂਦਾ। ਜੇ ਕਦੇ ਉਸ ਦਾ ਬਾਪੂ ਨਾਲ ਹੁੰਦਾ ਤਾਂ ਉਸ ਨੂੰ ਦੋ ਚਾਰ ਖਰੀਆਂ-ਖਰੀਆਂ ਜ਼ਰੂਰ ਸੁਣਨੀਆਂ ਪੈਂਦੀਆਂ, ਪਰ ਉਸ ਨੇ ਇਸ ਦੀ ਵੀ ਕਦੇ ਪ੍ਰਵਾਹ ਨਹੀਂ ਸੀ ਕੀਤੀ।
ਉਹ ਸ਼ੁ਼ਰੂ ਤੋਂ ਹੀ ਜਿੱਦੀ ਸੁਭਾਅ ਦਾ ਸੀ ਤੇ ਉਸ ਦਾ ਬਾਪੂ ਅਕਸਰ ਹੀ ਉਸ ਨੂੰ ਸਮਝਾਉਂਦਾ, “ਬਲਕਾਰ ਤੂੰ ਆਪਣੀ ਮਨਮਰਜ਼ੀ ਨਾ ਕਰਿਆ ਕਰ, ਹੁਣ ਸੁਧਰ ਜਾ, ਨਹੀਂ ਤਾਂ ਬੜੀ ਦੇਰ ਹੋ ਜਾਵੇਗੀ ਤੇ ਤੇਰੇ ਹੱਥ ਕੁਝ ਵੀ ਨਹੀਂ ਆਵੇਗਾ।”

“ਠੀਕ ਏ ਬਾਪੂ ਜੀ।”


ਪਰ ਅਸਰ ਕੁੱਝ ਵੀ ਨਾ ਹੁੰਦਾ। ਅਸਲ ਵਿੱਚ ਬਲਕਾਰ ਦੇ ਦੋਵੇਂ ਭਰਾ ਚੰਗੀ ਪੜਾਈ ਕਰਕੇ ਸ਼ਹਿਰ ਵਿੱਚ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਸਨ ਤੇ ਬਲਕਾਰ ਪਿੰਡ ਆਪਣੇ ਬਾਪੂ ਨਾਲ ਖੇਤੀ ਕਰਦਾ ਸੀ। ਪਿੰਡ ਦੇ ਸਕੂਲ ਵਿੱਚ ਪੜਦਿਆਂ ਆਪਣੇ ਮਾਸਟਰ ਨਾਲ ਲੜਾਈ ਕਰਕੇ ਬਲਕਾਰ ਨੇ ਮੁੜ ਫਿਰ ਸਕੂਲ ਦਾ ਮੂੰਹ ਨਹੀਂ ਸੀ ਵੇਖਿਆ।
ਉਸ ਦੇ ਬਾਪੂ ਨੂੰ ਬੜੀ ਚਿੰਤਾ ਰਹਿੰਦੀ ਕਿ ਬਲਕਾਰ ਆਪਣੇ ਜਿ਼ੰਦਗੀ ਵਿੱਚ ਕੀ ਕਰੇਗਾ? ਕਦੇ ਸੋਚਦਾ ਕੀ ਇਸ ਨੂੰ ਸ਼ਹਿਰ, ਇਸ ਦੇ ਭਰਾਵਾਂ ਕੋਲ ਭੇਜ ਦਿਆਂ ਪਰ ਫਿਰ ਖੇਤ ਕੌਣ ਸੰਭਾਲੇਗਾ? ਇਸ ਲਈ ਉਹ ਚੁੱਪ ਕਰ ਜਾਂਦਾ।
ਤੇ ਅੱਜ ਫਿਰ ਆਪਣੇ ਬਾਪੂ ਦੇ ਨਾਲ ਹੁੰਦਿਆਂ ਵੀ ਬਲਕਾਰ ਨੇ ਰੇਲਵੇ ਲਾਈਨ ਦੇ ਇੱਧਰ-ਉੱਧਰ ਦੇਖੇ ਬਿਨਾਂ ਪੂਰੀ ਰਫ਼ਤਾਰ ਨਾਲ ਆਪਣਾ ਟ੍ਰੈਕਟਰ ਪਾਰ ਕਰਨਾ ਚਾਹਿਆ ਤਾਂ ਪਿੱਛੇ ਟ੍ਰਾਲੀ ਵਿੱਚ ਕਣਕ ਦਾ ਭਾਰ ਹੋਣ ਕਾਰਣ ਟ੍ਰੈਕਟਰ ਦਾ ਅਗਲਾ ਪਹੀਆ ਰੇਲਵੇ ਲਾਈਨ ਦੇ ਐਨ ਵਿੱਚਕਾਰ ਫੱਸ ਗਿਆ।
ਬਲਕਾਰ ਨੇ ਬਿਨਾਂ ਘਬਰਾਹਟ ਦੇ ਦੂਜੀ ਵਾਰ ਫਿਰ ਟ੍ਰੈਕਟਰ ਨੂੰ ਰੇਸ ਦਿੱਤੀ ਕਿ ਸ਼ਾਇਦ ਪਹੀਆ ਬਾਹਰ ਨਿਕਲ ਆਏ ਪਰ ਪਹੀਆ ਕਣਕ ਦੇ ਭਾਰੀ ਵਜ਼ਨ ਕਾਰਣ ਬਾਹਰ ਨਾ ਨਿਕਲਿਆ। 
ਬਲਕਾਰ ਪ੍ਰੇਸ਼ਾਨ ਹੋ ਕੇ ਫਿਰ ਲੱਗਾ ਟ੍ਰੈਕਟਰ ਦਾ ਜ਼ੋਰ ਲਵਾਉਣ। ਦੂਜੇ ਪਾਸੇ ਉਸ ਦੇ ਬਾਪੂ ਦੀ ਨਜ਼ਰ ਲਾਈਨ ਤੇ ਆਉਂਦੀ ਰੇਲਗੱਡੀ ਤੇ ਪੈ ਗਈ।
“ਉਏ, ਬਲਕਾਰੇ ਚੱਲ ਛੇਤੀ ਥੱਲੇ ਉੱਤਰ ਟ੍ਰੈਕਟਰ ਤੋਂ, ਨਹੀਂ ਤਾਂ ਇੱਥੇ ਹੀ ਭੋਗ ਪੈ ਜਾਏਗਾ, ਦੋਵਾਂ ਪਿਉ ਪੁੱਤਾਂ ਦਾ।”
“ਬਾਪੂ ਤੂੰ ਉੱਤਰ ਕੇ ਸਾਹਮਣੇ ਚੱਲ ਮੈਂ ਦੇਖਦਾ ਹਾਂ।”
“ਉਏ ਸਾਹਮਣੇ ਗੱਡੀ ਪਈ ਆਉਂਦੀ ਏ।” ਬਾਪੂ ਨੇ ਗੁੱਸੇ ਨਾਲ ਕਿਹਾ।
“ਕੋਈ ਗੱਲ ਨਹੀਂ ਬਾਪੂ ਤੂੰ ਚੱਲ ਮੈਂ ਆਇਆ।” ਬਲਕਾਰ ਨੇ ਆਪਣੇ ਬਾਪੂ ਦੀ ਗੱਲ ਅਣਸੁਣੀ ਕਰਦਿਆਂ ਕਿਹਾ।
“ਉਏ ਕੰਜਰਾ 20-25 ਹਜਾਰ ਦੀ ਕਣਕ ਤੇ ਟ੍ਰੈਕਟਰ ਟ੍ਰਾਲੀ ਦਾ ਘਾਟਾ ਤਾਂ 2-4 ਸਾਲਾਂ ਵਿੱਚ ਪੂਰਾ ਹੋ ਜਾਊ, ਪਰ ਜੇ ਆਪਾਂ ਹੀ ਨਾ ਰਹੇ ਤਾਂ ਫਿਰ…?”
“ਬਾਪੂ ਤੂੰ ਫਿ਼ਕਰ ਨਾ ਕਰ, ਮੈਂ ਹੁਣੇ ਕੱਢ ਦੇਂਦਾ ਹਾਂ ਟ੍ਰੈਕਟਰ।”
ਤੇ ਹਰ ਵਾਰ ਦੀ ਤਰਾਂ ਉਸ ਨੇ ਜਿੱਦ ਫੜ ਲਈ ਕੀ ਕਿਸੇ ਨਾ ਕਿਸੇ ਤਰਾਂ ਟ੍ਰੈਕਟਰ ਨੂੰ ਬਾਹਰ ਕੱਢਿਆ ਜਾਏ। ਦੂਜੇ ਪਾਸੇ ਮੌਤ ਰੂਪੀ ਰੇਲਗੱਡੀ ਤੇਜੀ ਨਾਲ ਉਸ ਵੱਲ ਵੱਧ ਰਹੀ ਸੀ ਤੇ ਉਸ ਦਾ ਬਾਪੂ ਦੂਜੇ ਪਾਸੇ ਥੱਲੇ ਉੱਤਰ ਆਉਣ ਲਈ ਰੌਲਾ ਪਾ ਰਿਹਾ ਸੀ।
ਬਲਕਾਰ ਫਿਰ ਲੱਗਾ ਰੇਸ ਦੇਣ ਪਰ ਪਹੀਆ ਲਾਈਨ ਦੇ ਐਨ ਵਿੱਚਕਾਰ ਫੱਸਿਆ ਹੋਇਆ ਸੀ। ਟ੍ਰਾਲੀ ਵਿੱਚ ਪਿਆ ਕਣਕ ਦਾ ਵਜ਼ਨ ਉਸ ਨੂੰ ਬਾਹਰ ਨਹੀਂ ਸੀ ਆਉਣ ਦੇ ਰਿਹਾ ਤੇ ਮੌਤ ਪਲ-ਪਲ ਉਸ ਵੱਲ ਵੱਧ ਰਹੀ ਸੀ।
“ਉਏ ਉੱਲੂ ਦੇ ਪੱਠਿਆ, ਛੇਤੀ ਉੱਤਰ ਥੱਲੇ।” ਬਾਪੂ ਨੇ ਚੀਖਦਿਆਂ ਕਿਹਾ।
ਉਸ ਦੇ ਕੋਈ ਅਸਰ ਨਾ ਹੋਇਆ। ਹੁਣ ਤੱਕ ਗੱਡੀ ਤਕਰੀਬਨ ਅੱਧੇ ਕਿਲੋਮੀਟਰ ਦੀ ਦੂਰੀ ਤੇ ਆ ਗਈ ਸੀ ਤੇ ਗੱਡੀ ਦੇ ਡਰਾਈਵਰ ਨੇ ਹਾਰਨ ਮਾਰਨੇ ਸ਼਼ੁਰੂ ਕਰ ਦਿੱਤੇ ਸਨ ਕਿਸੇ ਨਾ ਕਿਸੇ ਤਰਾਂ ਇਸ ਟ੍ਰੈਕਟਰ ਨੂੰ ਛੇਤੀ ਲਾਈਨ ਤੋਂ ਪਾਰ ਕਰੋ।
ਪਰ ਬਲਕਾਰ ਨੇ ਆਪਣੀ ਜਿੱਦ ਨਾ ਛੱਡੀ। ਉਹ ਆਪਣੀ ਸੀਟ ਤੇ ਬੈਠਾ ਰਿਹਾ। ਆਪਣੇ ਪੁੱਤਰ ਦੀ ਜਿੱਦ ਨੂੰ ਜਾਣਦਿਆਂ ਉਸ ਦਾ ਬਾਪੂ ਪੂਰੀ ਰਫ਼ਤਾਰ ਨਾਲ ਭੱਜ ਕੇ ਉਸ ਵੱਧ ਵਧਿਆ ਤੇ ਉਸ ਨੂੰ ਬਾਂਹ ਤੋਂ ਫੱੜ ਕੇ ਲਗਭਗ ਘਸੀਟਦਿਆਂ ਥੱਲੇ ਲੈ ਆਇਆ।
ਗੱਡੀ ਆਪਣੀ ਰਫ਼ਤਾਰ ਨਾਲ ਆਈ ਅਤੇ ਟ੍ਰੈਕਟਰ-ਟ੍ਰਾਲੀ ਦੇ ਪਰਖੱਚੇ ਉਡਾਉਂਦੀ ਹੋਈ ਅੱਗੇ ਵੱਧ ਗਈ। ਕੁੱਝ ਦੂਰ ਜਾ ਕੇ ਗੱਡੀ ਰੁੱਕ ਗਈ ਕਿਉਂਕਿ ਰੇਲ ਦੇ ਇੰਜਨ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ। ਰੇਲਵੇ ਪੁਲੀਸ ਨੇ ਕੇ ਆ ਕੇ ਟ੍ਰੈਕਟਰ-ਟ੍ਰਾਲੀ ਨੂੰ ਘੇਰਾ ਪਾ ਲਿਆ। ਗੱਡੀ ਦੀਆਂ ਸਵਾਰੀਆਂ ਥੱਲੇ ਆ ਕੇ ਹਾਦਸੇ ਵਾਲੀ ਜਗ੍ਹਾਂ ਤੇ ਇੱਕਠੀਆਂ ਹੋ ਗਈਆਂ। ਬਲਕਾਰ ਤੇ ਉਸ ਦਾ ਬਾਪੂ ਲੋਕਾਂ ਦੀ ਭੀੜ ਵਿੱਚ ਅਨਜਾਣ ਬਣੇ ਖੜੇ ਰਹੇ ਪਰ ਕਿਸੇ ਨੂੰ ਉਸ ਵਕਤ ਪਤਾ ਨਾ ਲੱਗਾ ਕਿ ਟ੍ਰੈਕਟਰ ਨੂੰ ਕੋਣ ਚਲਾ ਰਿਹਾ ਸੀ?
ਬਲਕਾਰ ਦੇ ਬਾਪੂ ਨੇ ਮਨ ਵਿੱਚ ਸੋਚਿਆ ਕਿ ਹੁਣ ਕੋਈ ਵੱਡੀ ਮੁਸੀਬਤ ਆਉਣ ਵਾਲੀ ਹੈ ਤੇ ਇਸ ਦਾ ਉਪਾਅ ਬਹੁਤ ਜ਼ਰੂਰੀ ਹੈ। ਉਸ ਨੇ ਬਲਕਾਰ ਨੂੰ ਕਿਹਾ, “ਬਲਕਾਰੇ, ਛੇਤੀ ਚੱਲ ਇਸ ਮੁਸੀਬਤ ਤੋਂ ਬਚਣ ਦਾ ਹੱਲ ਲੱਭੀਏ।”
“ਬਾਪੂ, ਕੇਸ ਤਾਂ ਵੱਡਾ ਪੈ ਗਿਆ ਏ।” ਬਲਕਾਰ ਵੀ ਥੋੜਾ ਡਰਿਆ ਹੋਇਆ ਸੀ।
“ਕੋਈ ਗੱਲ ਨਹੀਂ…ਪੁੱਤ…ਤੂੰ ਫਿ਼ਕਰ ਨਾ ਕਰ…ਰੱਬ ਭਲਾ ਕਰੂਗਾ।”
“ਹੁਣ ਰੱਬ ਨਹੀਂ ਥਾਨੇਦਾਰ ਮਹਿੰਗਾ ਸਿੰਘ ਹੀ ਭਲਾ ਕਰ ਸਕਦਾ ਏ ਆਪਣਾ।” ਬਲਕਾਰ ਨੂੰ ਜਿਵੇਂ ਇਸ ਮੁਸੀਬਤ ਵਿੱਚੋਂ ਕੱਢਣ ਵਾਲਾ ਕੋਈ ‘ਦੇਵ ਪੁਰਸ਼’ ਮਿਲ ਗਿਆ ਹੋਵੇ ਅਤੇ ਜਿਸ ਤੇ ਉਸ ਨੂੰ ਪੂਰਾ ਭਰੋਸਾ ਸੀ।
“ਤਾਂ ਫਿਰ ਛੇਤੀ ਚੱਲ।” ਬਾਪੂ ਉਸ ਜਗ੍ਹਾਂ ਤੋਂ ਜਾਣ ਲਈ ਕਾਹਲਾ ਸੀ।
ਲੋਕ ਥਾਣੇ ਵੱਲ ਨੂੰ ਜਾਣ ਤੋਂ ਕਤਰਾਉਂਦੇ ਹਨ ਪਰ ਅੱਜ ਦੋਵੇਂ ਪਿਉ ਪੁੱਤ ਬੜੀ ‘ਆਸ’ ਲੈ ਕੇ ਕਾਹਲੀ ਨਾਲ ਥਾਣੇ ਵੱਲ ਨੂੰ ਚੱਲ ਪਏ। ਰਸਤੇ ਵਿੱਚ ਉਹਨਾਂ ਕੋਈ ਗੱਲਬਾਤ ਨਾ ਕੀਤੀ।
ਥਾਣੇ ਵਿੱਚ ਪਹੁੰਚ ਕੇ ਉਹਨਾਂ ਮੁਨਸ਼ੀ ਨੂੰ ਥਾਣੇਦਾਰ ਮਹਿੰਗਾ ਸਿੰਘ ਬਾਰੇ ਪੁੱਛਿਆ। ਮੁਨਸ਼ੀ ਨੇ ਕਿਹਾ ਕਿ, “ਸਾਹਬ, ਬਾਹਰ ਗਏ ਨੇ, ਥੋੜੀ ਦੇਰ ਨੂੰ ਆ ਜਾਣਗੇ ਤੁਸੀਂ ਬਾਹਰ ਬੈਠ ਕੇ ਇੰਤਜਾਰ ਕਰ ਸਕਦੇ ਹੋ।”
“ਠੀਕ ਏ ਅਸੀਂ ਬਾਹਰ ਹੀ ਬੈਠਦੇ ਹਾਂ।” ਬਲਕਾਰ ਦੇ ਬਾਪੂ ਨੇ ਕਿਹਾ।
ਤਕਰੀਬਨ ਇੱਕ ਘੰਟੇ ਬਾਅਦ ਥਾਣੇਦਾਰ ਮਹਿੰਗਾ ਸਿੰਘ ਵਾਪਸ ਆ ਗਿਆ ਤੇ ਬਲਕਾਰ ਤੇ ਉਸ ਦਾ ਬਾਪੂ ਥਾਣੇ ਅੰਦਰ ਉਸ ਨੂੰ ਮਿਲਣ ਲਈ ਚਲੇ ਗਏ।
“ਸਤਿ ਸ਼੍ਰੀ ਅਕਾਲ, ਸਾਹਬ ਜੀ।”
“ਸਤਿ ਸ਼੍ਰੀ ਅਕਾਲ, ਦੱਸੋ ਕੀ ਗੱਲ ਏ।” ਥਾਣੇਦਾਰ ਮਹਿੰਗਾ ਸਿੰਘ ਨੇ ਆਪਣੀ ਕੁਰਸੀ ਤੇ ਬੈਠਦਿਆਂ ਕਿਹਾ।
“ਸਾਹਬ ਜੀ ਅਸੀਂ ਬੜੀ ਵੱਡੀ ਮੁਸੀਬਤ ਵਿੱਚ ਫੱਸ ਗਏ ਹਾਂ ਤੇ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ।” ਬਲਕਾਰ ਦੇ ਬਾਪੂ ਨੇ ਗੱਲ ਸ਼਼ੁਰੂ ਕਰਦਿਆਂ ਕਿਹਾ।
“…ਸਿਰਫ਼ ਤੁਸੀਂ ਹੀ ਸਾਨੂੰ ਬਚਾ ਸਕਦੇ ਹੋ?” ਬਲਕਾਰ ਨੇ ਆਪਣੇ ਬਾਪੂ ਦੀ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਬੋਲਦਿਆਂ ਕਿਹਾ।
“ਗੱਲ ਤਾਂ ਦੱਸੋ ਬਜ਼ੁਰਗੋ?” ਥਾਣੇਦਾਰ ਮਹਿੰਗਾ ਸਿੰਘ ਨੇ ਬਲਕਾਰ ਦੇ ਬਾਪੂ ਨੂੰ ਮੁਖਾਤਿਬ ਹੁੰਦਿਆਂ ਕਿਹਾ।
ਤੇ ਫਿਰ ਬਲਕਾਰ ਦੇ ਬਾਪੂ ਨੇ ਸਾਰੀ ਹੱਡਬੀਤੀ ਥਾਣੇਦਾਰ ਮਹਿੰਗਾ ਸਿੰਘ ਨੂੰ ਸੁਣਾ ਦਿੱਤੀ ਤੇ ਕਿਹਾ ਕਿ, “ਹੁਣ ਰੇਲਵੇ ਪੁਲੀਸ ਸਾਡੇ ਘਰ ਆਉਣ ਵਾਲੀ ਹੋਵੇਗੀ।”
“ਤੁਸੀਂ ਹੀ ਕੁੱਝ ਕਰੋ…ਹੁਣ ਸਾਡੇ ਲਈ।” ਬਲਕਾਰ ਦੇ ਬਾਪੂ ਨੇ ਤਰਲਾ ਕਰਦਿਆਂ ਕਿਹਾ।
ਥਾਣੇਦਾਰ ਮਹਿੰਗਾ ਸਿੰਘ ਨੇ ਪੂਰੇ ਧਿਆਨ ਨਾਲ ਦੋਹਾਂ ਦੀ ਗੱਲਬਾਤ ਸੁਣੀ ਤੇ ਫਿਰ ਕਿਸੇ ਗਹਿਰੀ ਸੋਚ ਵਿੱਚ ਗੁੰਮ ਹੋ ਗਿਆ। ਦੋਵੇਂ ਪਿਉ ਪੁੱਤ ਸਾਹਮਣੇ ਕੁਰਸੀਆਂ ਤੇ ਬੈਠੇ ਕਿਸੇ ‘ਆਸ’ ਨਾਲ ਉਸ ਵੱਲ ਤੱਕ ਰਹੇ ਸਨ।
“ਹੂੰ…ਕੀ ਟ੍ਰੈਕਟਰ ਤੁਹਾਡੇ ਨਾਂ ਹੈ?” ਕੁੱਝ ਚਿਰ ਸੋਚਣ ਤੋਂ ਮਗਰੋਂ ਥਾਣੇਦਾਰ ਮਹਿੰਗਾ ਸਿੰਘ ਨੇ ਬਲਕਾਰ ਦੇ ਬਾਪੂ ਤੋਂ ਪੁੱਛਿਆ।
“ਹਾਂ ਹਾਂ……, ਮੇਰੇ ਨਾਂ ਹੈ।”
“ਤਾਂ ਫਿਰ ਠੀਕ ਏ, ਤੁਹਾਡਾ ਕੰਮ ਹੋ ਜਾਵੇਗਾ।”
“ਅੱਛਾ ਜੀ…!”
“ਪਰ ਇਸ ਲਈ ਖਰਚਾ ਚੋਖਾ ਆ ਜਾਵੇਗਾ…।”
“ਕਿੰਨਾ ਕੂ…?” ਬਲਕਾਰ ਨੇ ਕਾਹਲੀ ਨਾਲ ਪੁੱਛਿਆ।
“ਇਹੋ ਹੀ ਕੋਈ 50 ਕੂ ਹਜ਼ਾਰ ਰੁਪਈਆ ਲੱਗ ਜਾਵੇਗਾ।”
“ਪਰ…ਰਕਮ ਕੁੱਝ ਜਿਆਦਾ……?” ਬਲਕਾਰ ਨੇ ਕਿਹਾ।
“ਤਾਂ ਆਪਣਾ ਬੰਦੋਬਸਤ ਖ਼ੁਦ ਹੀ ਕਰ ਲਵੋ, ਮੇਰੇ ਕੋਲ ਕੀ ਲੈਣ ਆਏ ਹੋ…?” ਥਾਣੇਦਾਰ ਮਹਿੰਗਾ ਸਿੰਘ ਨੇ ਗੁੱਸੇ ਹੁੰਦਿਆਂ ਕਿਹਾ।
“ਨਹੀਂ ਨਹੀਂ ਸਾਹਬ ਇਸ ਦੇ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਪੈਸਾ ਜਿਆਦਾ ਹੈ ਬਲਕਿ ਇਸ ਦਾ ਮਤਲਬ ਇਸ ਸੀ ਕਿ ਅਸੀਂ ਪੈਸਾ ਕਿਸਤਾਂ ਵਿੱਚ ਦੇਵਾਂਗੇ…ਇੱਕ ਮੁਸ਼ਤ ਦੇਣ ਲਈ ਸਾਡੇ ਕੋਲ ਪੈਸਾ ਨਹੀਂ ਹੈ।” ਬਲਕਾਰ ਦੇ ਬਾਪੂ ਨੇ ਗੱਲ ਨੂੰ ਟਾਲਦਿਆਂ ਕਿਹਾ।
“ਤਾਂ ਠੀਕ ਹੈ 25 ਹਜਾਰ ਪਹਿਲਾਂ ਤੇ ਬਾਕੀ ਕੰਮ ਹੋਣ ਦੇ ਬਾਅਦ ਵਿੱਚ,……ਕੀ ਤੁਹਾਨੂੰ ਮਨਜ਼ੁਰ ਏ?” ਥਾਣੇਦਾਰ ਮਹਿੰਗਾ ਸਿੰਘ ਨੇ ਆਪਣੇ ਵੱਲੋਂ ਸੌਦਾ ਤੈਅ ਕਰਦਿਆਂ ਕਿਹਾ।
“ਹਾਂ ਜੀ ਠੀਕ ਏ, ਅਸੀਂ 25 ਹਜਾਰ ਰੁਪਈਆ ਸ਼ਾਮ ਨੂੰ ਤੁਹਾਡੇ ਕੋਲ ਪਹੁੰਚਾ ਦੇਵਾਂਗੇ।” ਬਲਕਾਰ ਦੇ ਬਾਪੂ ਨੇ ਹੋਲੀ ਜਿਹੀ ਕਿਹਾ।
“ਅੱਛਾ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ।” ਮਹਿੰਗਾ ਸਿੰਘ ਨੇ ਸੋਦਾ ਤੈਅ ਹੋਣ ਤੋਂ ਬਾਅਦ ਬਲਕਾਰ ਦੇ ਬਾਪੂ ਦੇ ਕੰਨ ਕੋਲ ਹੁੰਦਿਆਂ ਹੌਲੀ ਜਿਹੀ ਕਿਹਾ।
“ਹਾਂ ਜੀ…ਦੱਸੋ?”
“ਮੇਰੇ ਨਾਲ ਹੋਈ ਗੱਲਬਾਤ ਬਾਰੇ ਕਿਸੇ ਨੂੰ ਕੰਨੋਂ ਕੰਨ ਖ਼ਬਰ ਨ੍ਹੀਂ ਹੋਣੀ ਚਾਹੀਦੀ।”
“ਨਾ ਨਾ ਜੀ ਰੱਬ ਦਾ ਨਾਂ ਲਵੋ……ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ।” ਬਲਕਾਰ ਦੇ ਬਾਪੂ ਨੇ ਆਵਾਜ਼ ਮੱਠੀ ਰੱਖਦਿਆਂ ਕਿਹਾ।
“ਜਿਸ ਵੇਲੇ ਤੁਹਾਡੇ ਘਰ ਰੇਲਵੇ ਪੁਲੀਸ ਆਵੇ ਤਾਂ ਤੁਸੀਂ ਮੈਨੂੰ ਫ਼ੋਨ ਕਰ ਦੇਣਾ ਬਾਕੀ ਸਭ ਮੈਂ ਸੰਭਾਲ ਲਵਾਂਗਾ।” ਥਾਣੇਦਾਰ ਮਹਿੰਗਾ ਸਿੰਘ ਨੇ ਬੜੇ ਮਾਣ ਨਾਲ ਕਿਹਾ।
“ਪਰ ਤੁਸੀਂ ਕਰੋਗੇ ਕੀ…?” ਬਲਕਾਰ ਨੇ ਪੁੱਛਿਆ।
“ਇਸ ਦੀ ਚਿੰਤਾ ਤੁਸੀਂ ਨਾ ਕਰੋ…ਬਸ ਘਰ ਜਾ ਕੇ ਆਰਾਮ ਕਰੋ।”
“ਪਰ ਕੁੱਝ ਤਾਂ ਦੱਸੋ…………!”
“ਕਿਹਾ ਨਾ…ਚਿੰਤਾ ਨਾ ਕਰੋ।”
“ਠੀਕ ਏ ਪਰ ਹੁਣ ਸਾਰੀ ਜਿ਼ਮੇਵਾਰੀ ਤੁਹਾਡੀ ਹੋਵੇਗੀ।” ਬਲਕਾਰ ਨੇ ਕਿਹਾ।
“ਹਾਂ…ਹਾਂ…ਤੁਸੀਂ ਫਿ਼ਕਰ ਨਾ ਕਰੋ।”
ਤੇ ਫਿਰ ਦੋਵੇਂ ਪਿਉ ਪੁੱਤ ਘਰ ਵੱਲ ਨੂੰ ਚੱਲ ਪਏ। ਬਲਕਾਰ ਆਪਣੇ ਬਾਪੂ ਤੋਂ ਵਧੇਰੇ ਚਿੰਤਾਗ੍ਰਸਤ ਲੱਗ ਰਿਹਾ ਸੀ ਪਰ ਰਸਤੇ ਵਿੱਚ ਉਸ ਨੇ ਆਪਣੇ ਬਾਪੂ ਨਾਲ ਕੋਈ ਗੱਲ ਨਾ ਕੀਤੀ।
ਜਿਸ ਗੱਲ ਦਾ ਡਰ ਸੀ ਉਹੀ ਹੋਇਆ ਸ਼ਾਮ ਪੈਣ ਤੱਕ ਰੇਲਵੇ ਪੁਲੀਸ ਬਲਕਾਰ ਕੇ ਘਰ ਆ ਗਈ ਤੇ ਪੁੱਛਗਿੱਛ ਕਰਨ ਲੱਗੀ ਕਿ ਗੱਡੀ ਨਾਲ ਟਕਰਾਉਣ ਵਾਲਾ ਟ੍ਰੈਕਟਰ ਕਿਸ ਦੇ ਨਾਂ ਹੈ ਤੇ ਉਸ ਨੂੰ ਕੋਣ ਚਲਾ ਰਿਹਾ ਸੀ?
ਇਤਨੇ ਨੂੰ ਨਾਲ ਦੇ ਕਮਰੇ ਵਿੱਚੋਂ ਬਲਕਾਰ ਦੇ ਬਾਪੂ ਨੇ ਥਾਣੇਦਾਰ ਮਹਿੰਗਾ ਸਿੰਘ ਨੂੰ ਫ਼ੋਨ ਕਰ ਦਿੱਤਾ ਤੇ ਅਕਸਰ ਦੇਰ ਨਾਲ ਆਉਣ ਵਾਲੀ ਪੁਲੀਸ ਅਗਲੇ 10 ਮਿਨਟ ਵਿੱਚ ਬਲਕਾਰ ਦੇ ਘਰ ਸੀ।
ਥਾਣੇਦਾਰ ਮਹਿੰਗਾ ਸਿੰਘ ਆਪਣੀ ਜੀਪ ਵਿੱਚੋਂ ਉੱਤਰਿਆ ਤੇ ਰੇਲਵੇ ਪੁਲੀਸ ਦੇ ਅਫ਼ਸਰ ਨੂੰ ਮੁਖਾਤਿਬ ਹੁੰਦਿਆਂ ਕਿਹਾ, “ ਜਨਾਬ ਜਿਸ ਟ੍ਰੈਕਟਰ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਪਿਛਲੇ ਦੋ ਦਿਨ ਤੋਂ ਚੋਰੀ ਹੋ ਗਿਆ ਸੀ ਤੇ ਇਸ ਦੀ ਰੀਪੋਰਟ ਇਹਨਾਂ ਨੇ ਥਾਣੇ ਵਿੱਚ ਲਿਖਵਾਈ ਹੋਈ ਏ।” ਥਾਣੇਦਾਰ ਮਹਿੰਗਾ ਸਿੰਘ ਨੇ ਰੇਲਵੇ ਅਫ਼ਸਰ ਨੂੰ ਕਿਹਾ।
“ਅੱਛਾ…ਟ੍ਰੈਕਟਰ ਚੋਰੀ ਸੀ…!” ਅਫ਼ਸਰ ਨੇ ਹੈਰਾਨ ਹੁੰਦਿਆਂ ਕਿਹਾ।
“ਹਾਂ ਜੀ…ਆਹ ਦੇਖੋ ਰੀਪੋਰਟ।” ਥਾਣੇਦਾਰ ਮਹਿੰਗਾ ਸਿੰਘ ਨੇ ਚੋਰੀ ਦੀ ਦਰਜ਼ ਰੀਪੋਰਟ ਰੇਲਵੇ ਪੁਲੀਸ ਅਫ਼ਸਰ ਨੂੰ ਦਿਖਾਉਂਦਿਆਂ ਕਿਹਾ।
ਰੇਲਵੇ ਅਫ਼ਸਰ ਨੇ ਰੀਪੋਰਟ ਚੈੱਕ ਕੀਤੀ ਤਾਂ ਟ੍ਰੈਕਟਰ ਚੋਰੀ ਦੀ ਰੀਪੋਰਟ ਦਰਜ਼ ਕੀਤੀ ਹੋਈ ਸੀ। 
“ਹੂੰ………, ਹੁਣ ਕੀ ਕੀਤਾ ਜਾ ਸਕਦਾ ਹੈ?” ਰੇਲਵੇ ਅਫ਼ਸਰ ਨੇ ਥਾਣੇਦਾਰ ਮਹਿੰਗਾ ਸਿੰਘ ਤੋਂ ਸਲਾਹ ਲੈਂਦਿਆਂ ਕਿਹਾ।
“ਕਰਨਾ ਕੀ ਏ ਜਨਾਬ, ਅਸੀਂ ਅਣਪਛਾਤੇ ਚੋਰਾਂ ਖਿ਼ਲਾਫ ਟ੍ਰੈਕਟਰ ਚੋਰੀ ਦਾ ਮਾਮਲਾ ਦਰਜ਼ ਕੀਤਾ ਹੋਇਆ ਏ,……ਤੁਸੀਂ ਵੀ ਇਸੇ ਆਧਾਰ ਤੇ ਚੋਰਾਂ ਖਿ਼ਲਾਫ ਮਾਮਲਾ ਦਰਜ਼ ਕਰ ਦਿਓ।”
“ਕਾਨੂੰਨ ਮੁਤਾਬਕ ਵੀ ਇਹੋ ਹੀ ਕਾਰਵਾਈ ਬਣਦੀ ਹੈ।” ਮਹਿੰਗਾ ਸਿੰਘ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ।
“ਤੁਸੀਂ ਠੀਕ ਕਹਿੰਦੇ ਹੋ…।” ਰੇਲਵੇ ਅਫ਼ਸਰ ਨੂੰ ਥਾਣੇਦਾਰ ਮਹਿੰਗਾ ਸਿੰਘ ਦੀ ਗੱਲ ਚੰਗੀ ਲੱਗੀ।
ਅਤੇ ਫਿਰ ਅਣਪਛਾਤੇ ਚੋਰਾਂ ਵਿਰੁੱਧ ਇੱਕ ਮਾਮਲਾ ਹੋਰ ਦਰਜ਼ ਹੋ ਗਿਆ। ਰੇਲਵੇ ਪੁਲੀਸ ਅਫ਼ਸਰ ਅਤੇ ਥਾਣੇਦਾਰ ਮਹਿੰਗਾ ਸਿੰਘ ਦੀ ਜੀਪ ਉਹਨਾਂ ਦੇ ਘਰੋਂ ਬਾਹਰ ਨਿਕਲ ਰਹੀ ਸੀ ਅਤੇ ਬਲਕਾਰ ਤੇ ਉਸ ਦਾ ਬਾਪੂ ਇੱਕ ਦੂਜੇ ਵੱਲ ਕਿਸੇ ਜੇਤੂ ਖਿਡਾਰੀ ਵਾਂਗ ਦੇਖ ਕੇ ਮੁਸਕਰਾ ਰਹੇ ਸਨ।

****

*ਖੋਜ ਵਿਦਿਆਰਥੀ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ।
nishan_rathaur@yahoo.com