ਛਠਮ ਪੀਰ ਬੈਠਾ ਗੁਰ ਭਾਰੀ........... ਲੇਖ / ਅਜੀਤ ਸਿੰਘ (ਡਾ.), ਕੋਟਕਪੂਰਾ

ਸਿੱਖ ਧਰਮ ਦੀ ਸ਼ੁਰੂਆਤ ਸਿਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ 1469 ਵਿਚ ਹੋਣ ਤੋਂ ਹੀ ਮੰਨੀ ਜਾ ਰਹੀ ਹੈ । ਉਨ੍ਹਾਂ ਨੇ ਗੁਰਿਆਈ ਭਾਈ ਲਹਿਣਾ ਜੀ ਨੂੰ ਅੰਗ ਲਗਾ ਕਿ ਅੰਗਦ ਬਣਾ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਦਿਤੀ ਸੀ । ਅੱਗੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਅਮਰੂ ਨੂੰ ਨਿਤਾਣਿਆਂ ਦਾ ਤਾਣ, ਨਿਆਸਰਿਆਂ ਦਾ ਆਸਰਾ ਆਦਿ ਬਹੁਤ ਸਾਰੇ ਵਰ ਦਿਤੇ ਅਤੇ ਸ੍ਰ਼ੀ ਗੁਰੂ ਅਮਰਦਾਸ ਜੀ ਬਣਾ ਦਿੱਤਾ । ਉਸ ਉਪਰੰਤ ਇਹ ਗੁਰਿਆਈ ਚੌਥੇ ਨਾਨਕ ਸੋਢੀ ਵੰਸ਼ ਦੇ ਸ੍ਰ਼ੀ ਗੁਰੂ ਰਾਮਦਾਸ ਜੀ ਨੂੰ ਦਿੱਤੀ ਗਈ । ਪੰਚਮ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ੍ਰ਼ੀ ਗੁਰੂ ਅਰਜਨ ਦੇਵ ਜੀ ਬਣੇ । ਇਹ ਪੰਜੇ ਪਾਤਸ਼ਾਹ ਆਮ ਲੋਕਾਂ ਨੂੰ ਸੱਚੇ ਪਾਤਸ਼ਾਹ ਦਾ ਸਿਮਰਨ ਕਰਨ ਲਈ ਉਪਦੇਸ਼ ਦੇ ਰਹੇ ਸਨ । ਜੋ ਕਿ ਉਸ ਸਮੇਂ ਦੇ ਹਾਕਮਾਂ ਨੂੰ ਪਸੰਦ ਨਹੀਂ ਸੀ ਅਤੇ ਬਾਬੇ ਕਿਆਂ ਅਤੇ ਬਾਬਰ ਕਿਆਂ ਵਿਚਕਾਰ ਵਿਰੋਧ ਵਧ ਰਿਹਾ ਸੀ । ਵਾਰ ਵਾਰ ਸਪੱਸ਼ਟ ਕਰ ਦੇਣ ਦੇ ਬਾਵਜੂਦ ਵਿਰੋਧ ਘਟ ਨਹੀਂ ਰਿਹਾ ਸੀ।
       
ਸ੍ਰ਼ੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖ ਵਿਚੋਂ 1595 ਦੀ 19 ਜਨਵਰੀ ਨੂੰ ਇਕ ਲਾਲ ਗੁਰੂ ਕੀ ਵਡਾਲੀ ਵਿਖੇ ਪੈਦਾ ਹੋਇਆ, ਜਿਸ ਦਾ ਨਾਮ ਹਰਗੋਬਿੰਦ ਰਖਿਆ ਗਿਆ ਅਤੇ ਗੁਰੂ ਪੰਚਮ ਪਾਤਸ਼ਾਹ ਨੇ ਇਸ ਖੁਸ਼ੀ ਵਿਚ ਛੇਹਰਟਾ ਖੂਹ ਲਗਵਾਇਆ ਅਤੇ ਖੁਸ਼ੀ ਮਨਾਈ ਗਈ । ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਉਚਾਰਿਆ;
                   
ਸਤਿਗੁਰ ਸਾਚੈ ਦੀਆ ਭੇਜ ।।
ਚਿਰੁ ਜੀਵਨੁ ਉਪਜਿਆ ਸੰਜੋਗਿ।।
ਉਦਰੈ ਮਾਹਿ ਆਇ ਕੀਆ ਨਿਵਾਸੁ।।
ਮਾਤਾ ਕੈ ਮਨਿ ਬਹੁਤੁ ਬਿਗਾਸੁ।।1।।
ਜੰਮਿਆ ਪੂਤੁ ਭਗਤੁ ਗੋਵਿੰਦ ਕਾ।।
ਪ੍ਰਗਟਿਆਂ ਸਭ ਮਹਿ ਲਿਖਿਆ ਧੁਰ ਕਾ।।ਰਹਾਉ।।
ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ।।
ਮਿਟਿਆ ਸੋਗੁ ਮਹਾ ਅਨੰਦੁ ਥਆਿ।।
ਗੁਰਬਾਣੀ ਸਖੀ ਅਨੰਦੁ ਗਾਵੈ।।
ਸਾਚੇ ਸਾਹਿਬ ਕੈ ਮਨਿ ਭਾਵੈ।।2।।
ਵਧੀ ਵੇਲਿ ਬਹੁ ਪੀੜੀ ਚਾਲੀ।।
ਧਰਮ ਕਲਾ ਹਰਿ ਬੰਧਿ ਬਹਾਲੀ।।
ਮਨ ਚਿੰਦਿਆ ਸਤਿਗੁਰੂ ਦਿਵਾਇਆ।।
ਭਏ ਅਚਿੰਤ ਏਕ ਲਿਵ ਲਾਇਆ।।3।।
ਜਿਉ ਬਾਲਕੁ ਪਿਤਾ ਉਪਰਿ ਕਰੇ ਬਹੁ ਮਾਣੁ।।
ਬੁਲਾਇਆ ਬੋਲੈ ਗੁਰ ਕੈ ਭਾਣਿ।।
ਗੁਝੀ ਛਮਨੀ ਨਾਹੀ ਬਾਤ।।
ਗੁਰੁ ਨਾਨਕੁ ਤੁਠਾ ਕੀਨੀ ਦਾਤਿ।।4।।7।।101।।(ਪੰਨਾ 396)
       
ਇਸ ਅਸਥਾਨ ਉਪਰ ਪੰਜਵੇਂ ਨਾਨਕ ਲਗਭਗ ਤਿੰਨ ਸਾਲ 1594 ਤੋਂ 1597 ਤਕ ਰਹੇ ਸਨ । ਜਹਾਂਗੀਰ ਬਾਦਸ਼ਾਹ ਦੇ ਸਮੇਂ ਕੁਝ ਝੂਠੀਆਂ ਤੁਹਮਤਾਂ ਲਗਾ ਕੇ ਪੰਚਮ ਪਾਤਸ਼ਾਹ ਜੀ ਨੂੰ ਯਾਸਾ ਨਿਯਮ ਅਧੀਨ ਸ਼ਹੀਦ ਕਰ ਦਿਤਾ ਗਿਆ । ਇਸ ਕਾਨੂੰਨ ਅਨੁਸਾਰ ਸ਼ਹੀਦ ਹੋਣ ਵਾਲੇ ਦਾ ਖੂਨ ਧਰਤੀ ‘ਤੇ ਇਸ ਲਈ ਡਿੱਗਣ ਨਹੀਂ ਦਿਤਾ ਜਾਂਦਾ, ਕਿਉਂ ਜੋ ਮੁਸਲਮਾਨ ਇਹ ਵਿਸ਼ਵਾਸ ਕਰਦੇ ਹਨ ਕਿ  ਜੇਕਰ ਖੂਨ ਦੇ ਕਤਰੇ ਜ਼ਮੀਨ ਉਪਰ ਡਿੱਗਣਗੇ ਤਾਂ ਹੋਰ ਸ਼ਹੀਦ ਪੈਦਾ ਹੋਣਗੇ।
       
ਪੰਚਮ ਪਾਤਸ਼ਾਹ ਖੁਦ ਜਾਣੀ ਜਾਣ ਸਨ । ਇਸ ਲਈ ਉਨ੍ਹਾਂ ਨੇ ਕੋਈ ਕੌਤਕ ਦਿਖਾ ਕੇ ਇਸ ਦਾ ਵਿਰੋਧ ਨਹੀਂ ਕੀਤਾ ਸੀ । ਉਹ ਜਾਣਦੇ ਸਨ ਕਿ ਬਾਬਰ ਕਿਆਂ ਦੇ ਵਿਰੋਧ ਦਾ ਮੁਕਾਬਲਾ ਸ਼ਕਤੀ ਨਾਲ ਕਰਨ ਦਾ ਸਮਾਂ ਆ ਰਿਹਾ ਹੈ, ਇਸ ਲਈ ਸ਼ਹੀਦੀ ਲਈ ਲਾਹੌਰ ਜਾਣ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੂੰ ਕਿਹਾ ਸੀ ਕਿ ਗੁਰਗੱਦੀ ਹਰਗੋਬਿੰਦ ਨੂੰ ਦਿੱਤੀ ਜਾਵੇ ਅਤੇ ਉਸ ਨੂੰ ਦੋ ਤਲਵਾਰਾਂ, ਇਕ ਮੀਰੀ ਅਤੇ ਇਕ ਪੀਰੀ ਦੀ ਪਹਿਨਾਈਆਂ ਜਾਣ। ਬਾਬਾ ਬੁੱਢਾ ਜੀ ਦੁਆਰਾ ਇਸ ਹੁਕਮ ਦੀ ਪਾਲਣਾ 25 ਮਈ 1606 ਨੂੰ ਕੀਤੀ ਗਈ । ਉਸ ਵਕਤ ਗੁਰੂ ਹਰਗੋਬਿੰਦ ਜੀ ਦੀ ਉਮਰ ਕੇਵਲ 11 ਸਾਲ ਦੀ ਸੀ ।

ਪੰਜ ਪਿਆਲੇ ਪੰਜ ਪੀਰ
ਛਠਮ ਪੀਰ ਬੈਠਾ ਗੁਰ ਭਾਰੀ।
       
ਛੇਵੇਂ ਪਾਤਸ਼ਾਹ ਸ੍ਰ਼ੀ ਹਰਗੋਬਿੰਦ ਜੀ ਨੇ ਘੋੜ ਸਵਾਰੀ ਅਤੇ ਤਲਵਾਰਬਾਜ਼ੀ ਆਦਿ ਵਿਚ ਮੁਹਾਰਤ ਹਾਸਲ ਕੀਤੀ । ਉਹਨਾਂ ਨੇ ਗੁਰਬਾਣੀ ਦਾ ਵੀ ਪੂਰਨ ਅਧਿਐਨ ਕੀਤਾ । ਉਨ੍ਹਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਸ੍ਰ਼ੀ ਅਕਾਲ ਤਖ਼ਤ ਸਾਹਿਬ ਬਣਵਾਇਆ । ਅਕਾਲ ਤਖ਼ਤ ਤੋਂ ਭਾਵ ਸੱਚੇ ਅਕਾਲ (ਜਨਮ ਮਰਨ ਤੋਂ ਰਹਿਤ) ਪੁਰਖ ਦਾ ਤਖ਼ਤ, ਜੋ ਕਿ ਇਸ ਦੀਨ ਦੁਨੀਆਂ ਦਾ ਵਾਲੀ ਹੈ । ਇਤਿਹਾਸ ਵਿਚ ਦਰਜ ਹੈ ਕਿ ਛੇਵੇਂ ਪਾਤਸ਼ਾਹ ਦੀਆਂ ਤਿੰਨ ਸ਼ਾਦੀਆਂ ਹੋਈਆਂ । ਪਹਿਲੀ ਸ਼ਾਦੀ ਪਿੰਡ ਤੱਲਾ ਦੇ ਨਰਾਇਣ ਦਾਸ ਦੀ ਪੁੱਤਰੀ ਮਾਤਾ ਦਮੋਦਰੀ ਨਾਲ ਹੋਈ ਅਤੇ ਮਾਤਾ ਦਮੋਦਰੀ ਦੀ ਕੁੱਖੋਂ ਗੁਰਦਿੱਤਾ ਜੀ, ਬੀਬੀ ਵੀਰੋ ਅਤੇ ਅਨੀ ਰਾਇ ਜੀ ਪੈਦਾ ਹੋਏ । ਦੂਜੀ ਸ਼ਾਦੀ ਬਕਾਲਾ ਦੇ ਹਰੀ ਚੰਦ ਦੀ ਪੁੱਤਰੀ ਬੀਬੀ ਨਾਨਕੀ ਨਾਲ ਹੋਈ, ਜਿਸ ਦੀ ਕੁੱਖੋਂ ਤਿਆਗ ਮੱਲ ਜੋ ਤੇਗ ਦੇ ਧਨੀ ਹੋਣ ਕਾਰਨ ਤੇਗ ਬਹਾਦਰ ਬਣੇ ਅਤੇ ਨੌਵੇਂ ਨਾਨਕ ਸ੍ਰ਼ੀ ਗੁਰੂ ਤੇਗ ਬਹਾਦਰ ਜੀ ਪੈਦਾ ਹੋਏ। ਤੀਸਰੀ ਸ਼ਾਦੀ ਪਿੰਡ ਜੰਡਿਆਲੀ ਸ਼ੇਖੂਪੁਰਾ (ਪਾਕਿਸਤਾਨ) ਦੇ ਦਯਾ ਰਾਮ ਦੀ ਪੁੱਤਰੀ ਬੀਬੀ ਮਹਾਂਦੇਵੀ ਜੀ ਨਾਲ ਹੋਈ, ਜਿਸ ਦੀ ਕੁੱਖੋਂ ਸੂਰਜ ਮੱਲ ਅਤੇ ਅਟਲ ਰਾਇ ਜੀ ਪੈਦਾ ਹੋਏ ਸਨ।
       
ਗੁਰੂ ਜੀ ਨੇ ਆਪਣੀ ਫੌਜ ਤਿਆਰ ਕੀਤੀ । ਗੁਰੂ ਜੀ ਆਪ ਵੀ ਸ਼ਸਤਰ ਵਿੱਦਿਆ ਵਿਚ ਮਾਹਰ ਸਨ । ਅੰਮ੍ਰਿਤਸਰ ਵਿਚ ਲੋਹਗੜ੍ਹ ਵਿਖੇ ਕਿਲਾ ਉਸਰਵਾਇਆ । ਉਨ੍ਹਾਂ ਨੇ ਇਕ ਝੰਡਾ ਅਤੇ ਨਗਾਰਾ ਵੀ ਬਣਵਾਇਆ । ਦੋਨੋਂ ਵੇਲੇ ਨਗਾਰੇ ਤੇ ਚੋਟ ਲਾਈ ਜਾਂਦੀ ਸੀ । ਬਾਬਰ ਕਿਆਂ ਨੂੰ ਇਹ ਰਾਸ ਨਾ ਆਇਆ । ਇਸ ਲਈ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿਚ ਕੈਦ ਕਰ ਲਿਆ । ਕਿਲੇ ਵਿਚ ਹੋਰ ਵੀ ਕੈਦੀ ਸਨ । ਗੁਰੂ ਜੀ ਜੇਲ੍ਹ ਅੰਦਰ ਵੀ ਸੱਚੇ ਅਕਾਲ ਪੁਰਖ ਦਾ ਉਪਦੇਸ਼ ਦੇਣ ਲੱਗ ਪਏ । ਹੋਰ ਕੈਦੀ ਵੀ ਗੁਰੂ ਜੀ ਦੀ ਸੰਗਤ ਦਾ ਆਨੰਦ ਮਾਣਨ ਲਗੇ । ਸੰਗਤਾਂ ਵੀ ਵਹੀਰਾਂ  ਘੱਤ ਕੇ ਗਵਾਲੀਅਰ ਜਾਣ ਲੱਗ ਪਈਆਂ ਅਤੇ ਮੁਲਾਕਾਤ ਦਾ ਸਮਾਂ ਨਾ ਮਿਲਣ ਕਾਰਣ ਕਿਲੇ ਦੀ ਕੰਧ ਨੂੰ ਸਿਜਦੇ ਕਰ ਕੇ ਪਰਤਣ ਲੱਗ ਪਈਆਂ।
       
ਜਦੋਂ ਸਮੇਂ ਦੇ ਹਾਕਮਾਂ ਨੂੰ ਫਕੀਰਾਂ ਨੇ ਸਮਝਾਇਆ ਤਾਂ ਹਾਕਮ ਉਨ੍ਹਾਂ ਨੂੰ ਛੱਡਣ ਲਈ ਤਿਆਰ ਹੋ ਗਿਆ । ਇਹ ਸੁਣ ਕੇ ਬਾਕੀ ਕੈਦੀਆਂ ਨੂੰ ਅਫਸੋਸ ਹੋਇਆ ਤਾਂ ਗੁਰੂ ਜੀ ਨੇ ਇਕੱਲੇ ਰਿਹਾ ਹੋਣ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ ਕਿ ਸਾਰੇ ਕੈਦੀ ਮੇਰੇ ਨਾਲ ਰਿਹਾ ਕਰ ਦਿਤੇ ਜਾਣ । ਸਮੇਂ ਦੇ ਹਾਕਮ ਨੇ ਹੁਕਮ ਕੀਤਾ ਕਿ ਜਿੰਨੇ ਕੈਦੀ ਪੱਲਾ ਫੜ ਕੇ ਜਾ ਸਕਣਗੇ, ੳਨ੍ਹਾਂ ਨੂੰ ਰਿਹਾ ਕਰ ਦਿਤਾ ਜਾਵੇਗਾ ਤਾਂ ਗੁਰੂ ਜੀ ਨੇ ਬਵੰਜਾ ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਅਤੇ ਆਪਣੇ ਨਾਲ ਬਵੰਜਾ ਕੈਦੀ ਰਿਹਾ ਕਰਵਾਏ । ਇਸ ਦਿਨ ਸਿੱਖਾਂ ਨੇ ਅੰਮ੍ਰਿਤਸਰ ਵਿਚ ਘਿਉ ਦੇ ਦੀਵੇ ਬਾਲੇ ਅਤੇ ਇਸ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ । ਅੱਜ ਤੱਕ ਵੀ ਇਹ ਦਿਨ ਬੰਦੀ ਛੋੜ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਤੋਂ ਬਾਅਦ ਜਹਾਂਗੀਰ ਨਾਲ ਸਬੰਧ ਚੰਗੇ ਹੋ ਗਏ । ਜਹਾਂਗੀਰ ਵਲੋਂ ਪੁਛੇ ਗਏ ਸਵਾਲਾਂ ਦੇ ਜਵਾਬ ਵਿਚ ਆਖਿਆ ਕਿ;
           
ਔਰਤ ਇਮਾਨ, ਪੁੱਤਰ ਨਿਸ਼ਾਨ, ਦੌਲਤ ਗੁਜ਼ਰਾਨ ਅਤੇ ਸੰਤ ਨਾ ਹਿੰਦੂ ਨਾ ਮੁਸਲਮਾਨ
         
ਜਦੋਂ ਦਿੱਲੀ ਦੇ ਤਖ਼ਤ ਤੇ ਸ਼ਾਹ ਜਹਾਨ ਬੈਠਾ ਤਾਂ ਸਬੰਧ ਫਿਰ ਵਿਗੜਨੇ ਸ਼ੁਰੂ ਹੋ ਗਏ, ਕਿੳਂੁ ਜੋ ਉਸ ਨੂੰ ਸਿੱਖ ਧਰਮ ਦਾ ਵਧਣਾ ਫੁੱਲਣਾ ਪਸੰਦ ਨਹੀਂ ਸੀ । ਉਸ ਨੇ ਲਾਹੌਰ ਵਿਚ ਬਣੀ ਬਉਲੀ ਢੁਆ ਦਿਤੀ । ਸਿੱਖਾਂ ਅਤੇ ਮੁਗਲਾਂ ਦੀਆਂ ਲੜਾਈਆਂ ਜੋ ਮੁੱਢਲੇ ਤੌਰ ‘ਤੇ ਘੋੜਿਆਂ ਦੇ ਖੋਹ ਲੈਣ ਤੋਂ ਸ਼ੁਰੂ ਹੋਈਆਂ ਸਨ, ਵੱਡੇ ਪੱਧਰ ‘ਤੇ ਲੜੀਆਂ ਜਾਣ ਲੱਗੀਆਂ, ਜਿਸ ਵਿਚ ਕਾਫੀ ਮਾਲੀ ਅਤੇ ਜਾਨੀ ਨੁਕਸਾਨ ਹੋਣ ਲੱਗ ਪਿਆ । ਅੰਮ੍ਰਿਤਸਰ ਅਤੇ ਕਰਤਾਰਪੁਰ ਵਿਚ ਲੜਾਈਆਂ ਲੜੀਆਂ ਗਈਆਂ । ਗੁਰੂ ਜੀ ਨੇ ਆਪ ਤਲਵਾਰ ਹੱਥ ਵਿਚ ਲੈ ਕੇ ਅਗਵਾਈ ਕੀਤੀ ਤੇ ਲੜਾਈਆਂ ਜਿੱਤੀਆਂ । ਇਸ ਤਰ੍ਹਾਂ ਨਾਲ ਛਟਮ ਪੀਰ ਮੁਗਲਾਂ ਉਪਰ ਭਾਰੀ ਪਿਆ। ਇਸ ਤਰ੍ਹਾਂ ਗੁਰੂ ਜੀ ਨੇ ਦੋਵੇਂ ਤਲਵਾਰਾਂ ਵਰਤ ਕੇ ਸਿੱਖੀ ਨੂੰ ਅੱਗੇ ਵਧਾਇਆ । ਉਹਨਾਂ ਨੇ ਇਹ ਉਪਦੇਸ਼ ਦਿਤਾ ਕਿ ਹਰ ਇਕ ਸਿਖ ਨੂੰ ਸੰਤ ਸਿਪਾਹੀ ਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ । ਸੰਤ ਪੁਣੇ ਵਿਚ ਉਹ ਅਕਾਲ ਪੁਰਖ ਨੂੰ ਧਿਆਵੇ ਅਤੇ ਸਿਪਾਹੀ ਰੂਪ ਵਿਚ ਹਮੇਸ਼ਾ ਜੰਗ ਲਈ ਵੀ ਤਤਪਰ ਰਹੇ।
       
ਸਿੱਖ ਧਰਮ ਵਿਚ ਬਾਣੀ ਅਤੇ ਤਲਵਾਰ ਦੇ ਆਸਰੇ ਸਿਖੀ ਨੂੰ ਅੱਗੇ ਵਲ ਲੈ ਕੇ ਜਾਣ ਵਾਲੇ ਗੁਰੂ ਹਰਗੋਬਿੰਦ ਜੀ 1644 ਦੀ ਮਾਰਚ ਦੀ 2 ਤਰੀਕ ਨੂੰ ਕੀਰਤਪੁਰ (ਰੋਪੜ) ਵਿਖੇ ਜੋਤੀ ਜੋਤ ਸਮਾਏ। ਉਸ ਅਸਥਾਨ ਉਪਰ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਗੁਰਦਵਾਰਾ ਮੌਜੂਦ ਹੈ ਅਤੇ ਸੰਗਤ ਭਾਰੀ ਗਿਣਤੀ ਵਿਚ ਹਰ ਰੋਜ਼ ਉਥੇ ਹਾਜ਼ਰ ਹੁੰਦੀ ਹੈ। ਰੋਜ਼ਾਨਾ ਨਿਤਨੇਮ ਅਤੇ ਕੀਰਤਨ ਹੁੰਦਾ ਹੈ ਅਤੇ ਸੰਗਤਾਂ ਪੰਗਤ ਵਿਚ ਬੈਠ ਕੇ ਲੰਗਰ ਛਕਦੀਆਂ ਹਨ।

****

No comments: