ਸੌਣ.......... ਨਜ਼ਮ/ਕਵਿਤਾ / ਸੁਰਿੰਦਰ ਸਿੰਘ ਸੁੱਨੜ

ਨਿੱਤ ਅਰਦਾਸਾਂ ਕੀਤੀਆਂ, ਤਾਂ ਫਿਰ ਆਇਆ ਸੌਣ,
ਵਿਰਲੇ ਵਿਰਲੇ ਅੰਬਰੀਂ, ਬੱਦਲ ਲੱਗੇ ਭਓਣ।

ਕਿਣਮਿਣ ਹੋਈ ਅੰਬਰੋਂ, ਸੰਭਲ ਗਏ ਖੜਸੁੱਕ,
ਪਹਿਲੀਆਂ ਕਣੀਆਂ ਪਤਾ ਨਹੀਂ, ਕਿੱਥੇ ਗਈਆਂ ਲੁਕ।

ਬਾਰਸ਼ ਹੋਈ ਰੱਜ ਕੇ, ਆਇਆ ਸੁਖ ਦਾ ਸਾਹ,
ਜੇਠ ਹਾੜ੍ਹ ਦੀ ਧੁੱਪ ਨੇ, ਕੱਡ ਰੱਖਿਆ ਸੀ ਤ੍ਰਾਹ।

ਤੀਆਂ ਲੱਗੀਆਂ ਤ੍ਰਿੰਜਣੀ, ਕੁੜੀਆਂ ਗਾਉਂਦੀਆਂ ਗੀਤ,
ਅੰਦਰ ਬਾਹਰ ਤਪਸ਼ ਜੋ, ਰਤਾ ਕੁ ਹੋਈ ਸੀਤ।

 ਖੁੱਡੀਂ ਪਾਣੀ ਪੈ ਗਿਆ, ਸੱਪ ਸਪੋਲ ਬੜੀ,
ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜੀ।

ਸੁਣਦਾ ਨਹੀਂ ਸੈਂ ਕਿਸੇ ਦੀ, ਹੁਣ ਦੱਸ ਹੁਣ ਬੋਲ,
ਹੱਥਾਂ ਦੇ ਨਾਲ ਦਿੱਤੀਆਂ, ਦੰਦਾਂ ਦੇ ਨਾਲ ਖੋਹਲ॥

****

No comments: