Showing posts with label ਸੁਰਿੰਦਰ ਸੋਹਲ. Show all posts
Showing posts with label ਸੁਰਿੰਦਰ ਸੋਹਲ. Show all posts

ਮਿਲ ਗਿਆ ਨ੍ਹੇਰੇ ਨੂੰ ਮੌਕਾ.......... ਗ਼ਜ਼ਲ / ਸੁਰਿੰਦਰ ਸੋਹਲ

ਮਿਲ ਗਿਆ ਨ੍ਹੇਰੇ ਨੂੰ ਮੌਕਾ ਦੋਸ਼ ਲਾਵਣ ਵਾਸਤੇ
ਮੈਂ ਚੁਰਾਈ ਅੱਗ ਜਦੋਂ ਦੀਵੇ ਜਗਾਵਣ ਵਾਸਤੇ

ਘਰਦਿਆਂ ਬਿਰਖਾਂ ਨੂੰ ਔੜਾਂ ਤੋਂ ਬਚਾਵਣ ਵਾਸਤੇ
ਸੰਦਲੀ ਬਦਲੀ ਗਈ ਸਾਗਰ 'ਚ ਨਾਵ੍ਹਣ ਵਾਸਤੇ


ਇਸ ਤਰ੍ਹਾਂ ਦੀ ਲਹਿਰ ਸਾਗਰ 'ਚੋਂ ਨਾ ਉਠੇ ਐ ਖੁ਼ਦਾ
ਬੱਚਿਆਂ ਦੇ ਮਨ 'ਚੋਂ ਘਰ ਰੇਤਾ ਦੇ ਢਾਵਣ ਵਾਸਤੇ

ਮੈਂ ਬੁਲਾਏ ਨੇ ਘਰੇ ਕਿਸ਼ਤੀ, ਪਰਿੰਦਾ ਤੇ ਚਿਰਾਗ
ਤਰਨ ਉੱਡਣ ਜਗਣ ਦੇ ਸਭ ਭੇਦ ਪਾਵਣ ਵਾਸਤੇ

ਮਾਣ ਕੇ ਛਾਵਾਂ ਤੇ ਫ਼ਲ਼ ਖਾ ਕੇ ਨਾ-ਸ਼ੁਕਰਾ ਆਦਮੀ
ਸੋਚਦਾ ਹੈ ਬਿਰਖ ਦੀ ਪੌੜੀ ਬਣਾਵਣ ਵਾਸਤੇ

ਤੂੰ ਏਂ ਚਿਤਰਕਾਰ ਤੇਰੇ 'ਤੇ ਕੋਈ ਬੰਦਿਸ਼ ਨਹੀਂ
ਬਰਫ ਦੇ ਆਲ਼ੇ 'ਚ ਸੂਰਜ ਨੂੰ ਟਿਕਾਵਣ ਵਾਸਤੇ

ਸੋਚ ਸੀ ਜਿਹੜੀ ਬਚਾਈ ਸਿਰ ਗਵਾ ਕੇ ਆਪਣਾ
ਹੋਰ ਮੇਰੇ ਕੋਲ਼ ਹੈ ਕੀ ਸੀ ਗਵਾਵਣ ਵਾਸਤੇ

ਪਾਈ ਹੈ ਅੜਚਣ ਜਿਨ੍ਹੇ ਉਹ ਸੋਚਦੈ ਮੈਂ, ਝੁਕ ਗਿਆ
ਮੈਂ ਤਾਂ ਝੁਕਿਆ ਰਾਹ 'ਚੋਂ ਕੰਡੇ ਹਟਾਵਣ ਵਾਸਤੇ