Showing posts with label ਰਾਜਿੰਦਰ ਜਿੰਦ (ਨਿਊਯਾਰਕ). Show all posts
Showing posts with label ਰਾਜਿੰਦਰ ਜਿੰਦ (ਨਿਊਯਾਰਕ). Show all posts

ਗਵਾਚੇ.......... ਗ਼ਜ਼ਲ / ਰਾਜਿੰਦਰ ਜਿੰਦ, ਨਿਊਯਾਰਕ


ਜ਼ਿੰਦਗੀ ਦੇ ਇਸ ਸਾਗਰ ਦੇ ਵਿੱਚ ਲੋਕਾਂ ਤੋਂ ਪਤਵਾਰ ਗਵਾਚੇ।
ਕੁਝ ਲੋਕੀਂ ਇਸ ਪਾਰ ਗਵਾਚੇ ਕੁਝ ਲੋਕੀਂ ਉਸ ਪਾਰ ਗਵਾਚੇ।

ਕਿੰਨੀ ਛਾਤਰ ਹੈ ਇਹ ਜਿੰਦਗੀ ਆਪਣਾ ਹੱਥ ਫੜਾਉਂਦੀ ਹੀ ਨਹੀਂ ,
ਇਸ ਦੇ ਵਾਲਾਂ ਦੇ ਵਿੱਚ ਉਲਝੇ ਕਿੰਨੇ ਹੀ ਦਿਲਦਾਰ ਗਵਾਚੇ।

ਇੱਕ ਬੰਦੇ ਦੇ ਅੰਦਰ ਹੁਣ ਤਾਂ ਕਈ ਕਈ ਬੰਦੇ ਵੱਸਦੇ ਨੇ,
ਲੋਕਾਂ ਦਾ ਸਿਰ ਲੱਭਦੇ-ਲੱਭਦੇ ਮੇਰੇ ਹੱਥੋਂ ਹਾਰ ਗਵਾਚੇ।

ਉੱਚੀਆਂ-ਉੱਚੀਆਂ ਬਾਂਹਾ ਚੁੱਕ ਕੇ ਉੱਚੀ-ਉੱਚੀ ਬੋਲਣ ਵਾਲੇ,
ਜਦ ਖੜਨੇ ਦੀ ਵਾਰੀ ਆਈ ਕਿੰਨੇ ਹੀ ਸਰਦਾਰ ਗਵਾਚੇ।

ਛਤਰੀ ਤਾਣ ਕੇ .......... ਗ਼ਜ਼ਲ / ਰਾਜਿੰਦਰ ਜਿੰਦ, ਨਿਊਯਾਰਕ


ਛਤਰੀ ਤਾਣ ਕੇ ਮੀਂਹ ਦੀਆਂ ਕਣੀਆਂ ਕੋਲੋਂ ਤਾਂ ਬਚ ਜਾਈਏ।
ਇਸ ਜ਼ਿੰਦਗੀ ਦਿਆਂ ਤੀਰਾਂ ਮੂਹਰੇ ਕਿਹੜਾ ਸੀਨਾ ਡਾਹੀਏ।

ਤੈਥੋਂ  ਜਾਣ  ਲੱਗੇ  ਤੋਂ  ਇਸ  ਤੇ  ਏਨੇ  ਪੂੰਝੇ  ਪੈ  ਗਏ,
ਹੁਣ ਇਸ ਦਿਲ ਦੀ ਤਖਤੀ ਉੱਤੇ ਕੀ ਲਿਖੀਏ ਕੀ ਵਾਹੀਏ।

ਇਹ ਜੀਵਣ ਹੈ ਇਸ ਦੇ ਰਾਹਾਂ ਦੀ ਹੀ ਸਮਝ ਨਹੀਂ ਪੈਂਦੀ,
ਇਹ  ਸੋਚਾਂ ਦੀ  ਚੱਕੀ ਦੇ  ਚੱਕ ਜਿੰਨੇ  ਮਰਜ਼ੀ ਰਾਈਏ।

ਕਿਰਚੀ ਕਿਰਚੀ ਖਿਲਰ ਗਿਆ.......... ਗ਼ਜ਼ਲ / ਰਾਜਿੰਦਰ ਜਿੰਦ,ਨਿਊਯਾਰਕ


ਕਿਰਚੀ ਕਿਰਚੀ ਖਿਲਰ ਗਿਆ ਤੇ ਲੋਕੀ ਲੱਭਣ ਆਏ ਨੇ।
ਧੁੱਪ ਦੇ ਨਾਲ ਹੀ ਡਰ ਕੇ ਰਲ ਗਏ ਮੇਰੇ ਅਪਣੇ ਸਾਏ ਨੇ।

ਵਖਰੀ ਗੱਲ ਹੈ ਤੇਰੇ ਵਰਗਾ ਇਕ ਵੀ ਮੈਥੋਂ ਬਣਿਆ ਨਾ,
ਅਖੀਆਂ ਮੀਚ ਇਕੱਲਿਆਂ ਬਹਿ ਮੈਂ ਕਿੰਨੇ ਨਕਸ਼ ਬਣਾਏ ਨੇ।

ਫਸਲ ਵਫਾ ਦੀ ਬੀਜੀ, ਉਥੇ ਧੋਖੇ ਦੇ ਫੁੱਲ ਉੱਗੇ ਨੇ,
ਇਸ ਮਿੱਟੀ ਵਿਚ ਮਿੱਤਰਾਂ ਖੌਰੇ ਕਿਹੜੇ ਪਾਣੀ ਪਾਏ ਨੇ।

ਦੁਨੀਆ ਦੇ ਵਿਚ..........ਗ਼ਜ਼ਲ / ਰਾਜਿੰਦਰ ਜਿੰਦ,ਨਿਊਯਾਰਕ


ਦੁਨੀਆ ਦੇ ਵਿਚ ਬੇਸ਼ੱਕ ਲੱਖ ਸਹਾਰੇ ਹੁੰਦੇ ਨੇ।
ਖਾਹਿਸ਼ਾਂ ਨਾਲੋਂ ਦੁੱਖ ਕਿਤੇ ਹੀ ਭਾਰੇ ਹੁੰਦੇ ਨੇ।

ਬਹੁਤੇ ਬੰਦੇ ਮੌਤ ਦਾ ਬਾਜ਼ ਉਡਾ ਕੇ ਲੈ ਜਾਦਾਂ,
ਕੁਝ ਬੰਦੇ ਇਸ ਜ਼ਿੰਦਗ਼ੀ ਦੇ ਵੀ ਮਾਰੇ ਹੁੰਦੇ ਨੇ।

ਨੀਂਹ ਪੱਥਰ ਹੀ ਤੱਕ ਕੇ ਕੋਈ ਆਸ ਨ  ਲਾ ਲੈਣੀ,
ਭੋਲਿਓ ਲੋਕੋ ਇਹ ਨੇਤਾ ਦੇ ਲਾਰੇ ਹੁੰਦੇ ਨੇ।

ਬੰਦੇ......... ਗ਼ਜ਼ਲ / ਰਾਜਿੰਦਰ ਜਿੰਦ (ਨਿਊਯਾਰਕ)


ਸਿਦਕ ਜਿੰਨਾ ਦੇ ਪੱਕੇ ਉਹ ਤਾਂ ਵਿਰਲੇ ਹੁੰਦੇ ਨੇ,
ਨਹੀਂ ਡਰਦੇ ਉਹ ਬੇਸ਼ੱਕ ਸਿਰ ਤੇ ਆਰੇ ਹੁੰਦੇ ਨੇ।

ਦੁੱਖ ਵੀ ਦੇਣ ਤੇ ਫਿਰ ਵੀ ਦਿਲ ਨੂੰ ਚੰਗੇ ਲੱਗ਼ਣ ਜੋ,
ਮੈਨੂੰ ਲਗਦਾ ਉਹ ਬੰਦੇ ਨੂੰ ਪਿਆਰੇ ਹੁੰਦੇ ਨੇ।

ਧੀਆਂ ਨੂੰ ਅਸੀਂ ਕੁੱਖਾਂ ਵਿਚ ਹੀ ਮਾਰੀ ਜਾਂਦੇ ਆਂ,
ਡੋਬੀ ਜਾਂਦੇ ਜੋ ਅੱਖੀਆਂ ਦੇ ਤਾਰੇ ਹੁੰਦੇ ਨੇ।

ਤਨਹਾਈ ਦੇ ਜ਼ਖਮ………… ਗ਼ਜ਼ਲ / ਰਾਜਿੰਦਰ ਜਿੰਦ,ਨਿਊਯਾਰਕ


ਤਨਹਾਈ ਦੇ ਜ਼ਖਮਾਂ ਉੱਤੇ ਸੁੱਕੇ ਫੇਹੇ ਧਰ ਜਾਂਦੇ ਨੇ।
ਹੱਸਦੇ-ਹੱਸਦੇ ਜਿਗਰੇ ਵਾਲੇ ਦੁੱਖ ਦੀਆਂ ਗੱਲਾਂ ਕਰ ਜਾਂਦੇ ਨੇ।

ਕਦੇ-ਕਦੇ ਇਸ ਵਕਤ ਦੇ ਹੱਥੋਂ ਬੰਦੂਕਾਂ ਤਲਵਾਰਾਂ ਵਾਲੇ,
ਕੁੰਡੇ ਜਿੰਦੇ ਲਾ ਕੇ ਬੈਠੇ ਆਪਣੇ ਘਰ ਹੀ ਡਰ ਜਾਂਦੇ ਨੇ।

ਕੁਝ ਲੋਕਾਂ ਦਾ ਸਬ ਕੁਝ ਖਾ ਕੇ ਆਪਣੇ ਸਿਰ ਇਲਜ਼ਾਮ ਨਹੀਂ ਲੈਂਦੇ,
ਕੁਝ ਵਿਰਲੇ ਹਨ ਆਪਣਾ ਹਿੱਸਾ ਲੋਕਾਂ ਦੇ ਨਾਂ ਕਰ ਜਾਂਦੇ ਨੇ।

ਹੀਰ ਬਦਲ ਗਈ ਰਾਝੇਂ ਬਦਲੇ ਸੋਹਣੀ ਤੇ ਮਹੀਂਵਾਲ ਬਦਲ ਗਏ,
ਕੱਚੇ ਕੀ ਇਸ ਤੇਜ਼ ਝਨਾਂ ਵਿੱਚ ਹੁਣ ਪੱਕੇ ਵੀ ਖਰ ਜਾਂਦੇ ਨੇ।

ਦੁਨੀਆਂ ਦੇ ਨਾਲ ਲੜਨੇ ਵਾਲੇ ਮੌਤ ਦੇ ਮੂਹਰੇ ਖੜਨੇ ਵਾਲੇ,
ਜ਼ਿੰਦਗੀ ਜਿੱਤਣ ਵਾਲੇ ਯੋਧੇ ਦਿਲ ਦੇ ਮੂਹਰੇ ਹਰ ਜਾਂਦੇ ਨੇ।

ਇਹ ਚੰਦਰੇ ਬੜੇ ਨਾਜ਼ੁਕ ਹੁੰਦੇ ਇਹ ਤਾਂ ਤੱਤਾ ਸਾਹ ਨਹੀਂ ਝੱਲਦੇ,
ਪਿਆਰ ਦੇ ਚੋਗੇ ਬਾਝੋਂ ਦਿਲ ਦੇ ਪੰਛੀ ਭੁੱਖੈ ਮਰ ਜਾਂਦੇ ਨੇ।

ਲਾਲਚ ਦੀ ਇਹ ਹਵਾ ਨਿਮਾਣੀ ਖਵਰੇ ਕਿੱਧਰ ਨੂੰ ਲੈ ਜਾਵੇ,
ਆਪਣੇ ਸਿਰ ਦੇ ਬੱਦਲ ਵੀ ਜਾ ਹੋਰ ਕਿਤੇ ਹੀ ਵਰ ਜਾਂਦੇ ਨੇ।

****

ਪਤਾ ਏ.......... ਗ਼ਜ਼ਲ / ਰਾਜਿੰਦਰ ਜਿੰਦ,ਨਿਊਯਾਰਕ

ਪਤਾ ਏ ਮੇਰੇ ਖਾਲੀ ਦਿਲ ਵਿਚ ਤੇਰੇ ਕੋਲੋਂ ਬਹਿ ਨਹੀਂ ਹੋਣਾ।
ਫਿਰ ਵੀ ਗੂੰਗੇ ਬੋਲੇ ਦਿਲ ਤੋਂ ਤੈਨੂੰ ਕੁਝ ਵੀ ਕਹਿ ਨਹੀਂ ਹੋਣਾ।

ਆਪਣੇ ਆਪਣੇ ਸੱਚ ਨੂੰ ਆਪਾਂ ਦਿਲ ਦੇ ਵਿਚ ਹੀ ਮਾਰ ਲਵਾਂਗੇ,
ਤੇਰੇ ਕੋਲੋ ਕਹਿ ਨਹੀਂ ਹੋਣਾ ਮੇਰੇ ਕੋਲੋਂ ਸਹਿ ਨਹੀਂ ਹੋਣਾ।

ਝੂਠ ਦੇ ਕੋਮਲ ਫੁੱਲਾਂ ਦੇ ਨਾਲ ਹੱਸ ਕੇ ਯਾਰੀ ਲਾ ਲਈ ਮੈਂ ਤਾਂ,
ਪਤਾ ਸੀ ਸੱਚ ਦੇ ਕੰਡਿਆਂ ਦੇ ਨਾਲ ਮੇਰੇ ਕੋਲੋਂ ਖਹਿ ਨਹੀਂ ਹੋਣਾ।

ਪਤਾ ਏ ਤੇਰਾ ਹੋਵਣ ਦੇ ਲਈ ਤੇਰੇ ਦਰ ਤੇ ਢਹਿਣਾ ਪੈਂਦਾ,
ਪਰ ਇਸ ਮਨ ਦੇ ਬੰਦੇ ਕੋਲੋਂ ਤੇਰੇ ਦਰ ਤੇ ਢਹਿ ਨਹੀਂ ਹੋਣਾ।

ਮੈਂ ਮਨ ਦੀ ਸੁੰਦਰਤਾ ਵੇਖਾਂ ਤੂੰ ਤਨ ਤੇ ਹੀ ਠਹਿਰ ਗਿਆਂ ਏ,
ਏਸ ਵਣਜ ਵਿਚ ਤੇਰਾ ਮੇਰਾ ਇਹ ਸੌਦਾ ਤਾਂ ਤਹਿ ਨਹੀਂ ਹੋਣਾ।

ਉਹ ਤਾਂ ਮੇਰੀ ਰਗ-ਰਗ ਦੇ ਵਿਚ ਖੂਨ ਦੇ ਵਾਂਗੂ ਤੁਰਿਆ ਫਿਰਦਾ,
‘ਜਿੰਦ’ ਗਰਜ਼ੀ ਤੋਂ ਉਸ ਦੇ ਦਿਲ ਵਿਚ ਏਨਾ ਡੂੰਘਾ ਲਹਿ ਨਹੀਂ ਹੋਣਾ।

ਕੁਝਨਾ ਨੂੰ ਮਨਫੀ ਕਰਾਂਗੇ.......... ਗ਼ਜ਼ਲ / ਰਾਜਿੰਦਰ ਜਿੰਦ

ਕੁਝਨਾ ਨੂੰ ਮਨਫੀ ਕਰਾਂਗੇ ਕੁਝਨਾ ਨੂੰ ਥੋੜ੍ਹਾ ਗੁਣਾਂਗੇ।
ਬਹੁਤਾ ਰਲਾ ਕੇ ਝੂਠ ਨੂੰ ਕੋਈ ਕਹਾਣੀ ਬੁਣਾਂਗੇ।

ਦੁਸ਼ਮਣਾਂ ਨੂੰ ਕੀ ਪਤਾ ਕੇਹੋ ਜਿਹਾ ਉਹ ਆਦਮੀ,
ਦੋਸਤਾਂ ਤੋਂ ਓਸਦੀ ਕੋਈ ਕਹਾਣੀ ਸੁਣਾਂਗੇ।

ਆਪ ਬੇਸ਼ਕ ਹਰ ਕੋਈ ਹੈ ਪਾਸਕਾਂ ਵਿਚ ਤੁਲ ਰਿਹਾ,
ਓਸ ਨੂੰ ਪਰ ਰੱਤੀਆਂ ਤੇ ਮਾਸਿਆਂ ਵਿਚ ਪੁਣਾਂਗੇ।

ਜੇ ਕਦੇ ਕਿਸੇ ਮੋੜ ‘ਤੇ ਝੂਠ ਤੇ ਸੱਚ ਮਿਲ ਪਏ,
ਥਕ ਗਏ ਹਾਂ ਸੋਚ ਕੇ ਦੋਹਾਂ ਚੋਂ ਕਿਸਨੂੰ ਚੁਣਾਂਗੇ।

ਅੱਜ ਕੱਲ੍ਹ ਤਾਂ ਹਰ ਕੋਈ ਹੀ ਸਾਜਿਸ਼ਾਂ ਵਿਚ ਜੀਅ ਰਿਹਾ,
ਉਸ ਨੂੰ ਕਿਵੇਂ ਉਲਝਾਵਣਾ ਕੋਈ ਜਾਲ ਐਸਾ ਉਣਾਂਗੇ।

‘ਜਿੰਦ’ ਵਰਗੇ ਹੋਰਨਾਂ ਵਿਚ ਐਬ ਹੀ ਤਕਦੇ ਰਹੇ,
ਔਗੁਣਾਂ ਦੇ ਭਰੇ ਕਦ ਸੋਭਾ ਕਿਸੇ ਦੀ ਸੁਣਾਂਗੇ।

****

ਜ਼ਿੰਦਗੀ ........ ਗ਼ਜ਼ਲ / ਰਾਜਿੰਦਰ ਜਿੰਦ,ਨਿਊਯਾਰਕ

ਕਦੇ ਇਹ ਖਾਰ ਲਗਦੀ ਹੈ,ਕਦੇ ਇਹ ਪਿਆਰ ਲਗਦੀ ਹੈ।
ਅਨੋਖੀ ਖੇਡ ਹੈ ਦੁਨੀਆ,ਕਦੇ ਤਲਵਾਰ ਲਗਦੀ ਹੈ।
ਕਦੇ ਇਸ ਜ਼ਿੰਦਗੀ ਨੂੰ ਮਾਨਣੇ ਦੀ ਤਾਂਘ ਉਠਦੀ ਹੈ,
ਕਦੇ ਇਹ ਆਪਣੇ ਹੀ ਪੈਰ ਉੱਤੇ ਭਾਰ ਲਗਦੀ ਹੈ।
ਵਕਤ ਦੇ ਹੱਥ ਵਿਚ ਹੀ ਖੇਡਦੀ ਹੈ ਸੋਚ ਬੰਦੇ ਦੀ,
ਕਦੇ ਇਹ ਬਿਰਧ ਲਗਦੀ ਹੈ,ਕਦੇ ਮੁਟਿਆਰ ਲਗਦੀ ਹੈ।
ਸਮਾਂ ਕਿੰਨਾ ਸਿਤਮਗਰ ਹੈ,ਉਹ ਭਾਵੇਂ ਕੋਲ ਹੈ ਮੇਰੇ,
ਮਗਰ ਦੋਵਾਂ ਵਿਚਾਲੇ ਫੇਰ ਵੀ ਦੀਵਾਰ ਲਗਦੀ ਹੈ।
ਅਸਾਂ ਨੂੰ ਜਾਪਦਾ ਹੈ ਹੁਣ ਅਸੀਂ ਜੀਵਾਂਗੇ ਮਰ ਮਰ ਕੇ,
ਅਸਾਂ ਨੂੰ ਜ਼ਿੰਦਗੀ ਆਪਣੀ ਬੜੀ ਦੁਸ਼ਵਾਰ ਲਗਦੀ ਹੈ।
ਨਾ ਮਾਰੂਥਲ ਹੀ ਲਗਦੀ ਹੈ,ਨਾ ਲਗਦੀ ਹੈ ਇਹ ਸਾਗਰ ਹੀ,
ਅਸਾਂ ਨੂੰ ਜ਼ਿੰਦਗੀ ਐ ‘ਜਿੰਦ’ ਇਹਨਾਂ ਵਿਚਕਾਰ ਲਗਦੀ ਹੈ।
ਗੁਜ਼ਾਰੀ ਰਾਤ ਹੈ ਜਿਸ ਨੇ,ਉਸਨੂੰ ਪਹਿਰ ਦੇ ਤੜਕੇ,
ਕਦੇ ਇਹ ਜਿੱਤ ਲਗਦੀ ਹੈ,ਕਦੇ ਇਹ ਹਾਰ ਲਗਦੀ ਹੈ।

****


ਟੁਕੜੇ-ਟੁਕੜੇ ਹੋਇਆ.......... ਗ਼ਜ਼ਲ / ਰਾਜਿੰਦਰ ਜਿੰਦ (ਨਿਊਯਾਰਕ)

ਟੁਕੜੇ-ਟੁਕੜੇ ਹੋਇਆ ਫਿਰਦਾ ਕਿੱਥੇ ਇਸ ਦਾ ਧੀਰ ਗਿਆ।
ਕੁਝ ਤਾਂ ਹੈ ਜੋ ਇਸ ਦੇ ਅੰਦਰ ਡੂੰਘੀ ਖਿੱਚ ਲਕੀਰ ਗਿਆ।
ਉਹੀ ਬੰਦਾ ਗੱਲ ਕਿਸੇ ਦੀ ਇਸਨੂੰ ਚੰਗੀ ਲੱਗਦੀ ਨਹੀਂ,
ਦਰਦ ਮਰ ਗਿਆ ਫਰਜ਼ ਹਰ ਗਿਆ ਸੁੱਕ ਅੱਖੀਆਂ ਦਾ ਨੀਰ ਗਿਆ।
ਨਾ ਤੂੰ ਪਿਆਰ ਦੀ ਸੇਜ ਵਿਛਾਈ ਨਾ ਤੂੰ ਘੋਟੀ ਨਾ ਤੂੰ ਪੀਤੀ,
ਕੇਲੇ ਕੋਲੇ ਕਿੱਕਰ ਬੀਜੀ ਉਸ ਦਾ ਸੀਨਾ ਚੀਰ ਗਿਆ।
ਸੋਚ ਸਮਝ ਦਾ ਰਾਹੀ ਬਣਕੇ ਕਿੰਨਾ ਕੁ ਚਿਰ ਲੜਦਾ ਉਹ,
ਅੱਜ ਤੇ ਰਾਝਾਂ ਆਪਣੇ ਹੱਥੀਂ ਸੈਦੇ ਨੂੰ ਦੇ ਹੀਰ ਗਿਆ।
ਦੁੱਖ ਭੁੱਖ ਨਫਰਤ ਨਿੰਦਿਆ ਚੁਗਲ਼ੀ ਮੇਰਾ ਟੱਬਰ ਭਾਰਾ ਸੀ,
ਉਦੋਂ ਹੋਰ ਵੀ ਟੁੱਟ ਗਿਆ ਮੈਂ ਜਦ ਸੁੱਖਾਂ ਦਾ ਵੀਰ ਗਿਆ।
ਝੱਖੜ ਨ੍ਹੇਰੀ ਕੰਡਿਆਂ ਦੇ ਵਿੱਚ ਜਿਹੜੀ ਸਾਂਭ ਕੇ ਰੱਖੀ ਸੀ,
ਦਿਲ ਦਾ ਪਾਤਰ ਬਣ ਉਸਨੂੰ ਕੋਈ ਕਰਕੇ ਲੀਰੋ ਲੀਰ ਗਿਆ।
ਆਪਣੇ ਨਾਲ ਹੀ ਲੜ ਝਗੜ ਕੇ ਉਹ ਤਾਂ ਜ਼ਖਮੀ ਹੋਇਆ ਸੀ,
ਲੋਕੀਂ ਕਹਿੰਦੇ ਜਿੰਦ ਵਿਚਾਰਾ ਅੰਦਰੋ-ਅੰਦਰੀ ਜ਼ੀਰ ਗਿਆ।

****