Showing posts with label ਖੁਸ਼ਵੰਤ ਕੰਵਲ. Show all posts
Showing posts with label ਖੁਸ਼ਵੰਤ ਕੰਵਲ. Show all posts

ਬਾਤਾਂ ਨੂੰ ਹਾਸਿਲ.......... ਗ਼ਜ਼ਲ / ਖੁਸ਼ਵੰਤ ਕੰਵਲ

ਬਾਤਾਂ ਨੂੰ ਹਾਸਿਲ ਹੁੰਗਾਰਾ ਹੋ ਜਾਂਦਾ
ਤਾਂ ਕਿੰਨਾ ਦਿਲਚਸਪ ਨਜ਼ਾਰਾ ਹੋ ਜਾਂਦਾ

ਏਧਰ ਤਾਂ ਇਕ ਪਲ ਵੀ ਔਖਾ ਲੰਘਦਾ ਹੈ
ਓਧਰ ਖੌਰੇ ਕਿਵੇਂ ਗੁਜ਼ਾਰਾ ਹੋ ਜਾਂਦਾ


ਇਸ਼ਕ 'ਚ ਬੰਦਾ ਬਣ ਜਾਂਦਾ ਹੈ ਕੁਝ ਨਾ ਕੁਝ
ਨਹੀਂ ਤਾਂ ਰੁਲ਼ ਜਾਂਦੈ ਆਵਾਰਾ ਹੋ ਜਾਂਦਾ

ਦਿਲ ਦਾ ਕੀ ਇਤਬਾਰ ਬੜਾ ਬੇ-ਇਤਬਾਰਾ
ਇਕ ਪਲ ਪੱਥਰ ਇਕ ਪਲ ਪਾਰਾ ਹੋ ਜਾਂਦਾ

ਤਪਦੇ ਥਲ ਵਿਚ ਯਾਰ ਜਦੋਂ ਆ ਮਿਲ ਪੈਂਦਾ
ਮਾਰੂਥਲ ਵੀ ਬਲਖ ਬੁਖਾਰਾ ਹੋ ਜਾਂਦਾ

ਓਦੋਂ ਅਪਣਾ ਆਪ ਹੀ ਹੁੰਦਾ ਹੈ ਅਪਣਾ
ਦੁਸ਼ਮਣ ਜਦੋਂ ਜ਼ਮਾਨਾ ਸਾਰਾ ਹੁੰਦਾ ਹੈ

ਦਸ ਦੇਂਦੇ ਕਿ ਆਉਣਾ ਮੱਸਿਆ ਦੀ ਰਾਤੇ
ਤਾਂ ਫਿਰ ਜੁਗਨੂੰ ਜਾਂ ਮੈਂ ਤਾਰਾ ਹੋ ਜਾਂਦਾ



ਆਪੇ ਬੁਣੀਆਂ.......... ਗ਼ਜ਼ਲ / ਖੁਸ਼ਵੰਤ ਕੰਵਲ

ਆਪੇ ਬੁਣੀਆਂ ਆਪੇ ਅਸੀਂ ਉਧੇੜ ਰਹੇ ਹਾਂ
ਆਪਣੇ ਹੀ ਜ਼ਖ਼ਮਾਂ ਨੂੰ ਛੇੜ ਉਚੇੜ ਰਹੇ ਹਾਂ

ਉਮਰਾ ਬੀਤੀ ਫੱਟੀਆਂ ਲਿਖ ਲਿਖ ਪੋਚਦਿਆਂ ਹੀ
ਹਾਲੇ ਵੀ ਕੁਝ ਫਿੱਕੇ ਹਰਫ਼ ਉਘੇੜ ਰਹੇ ਹਾਂ


ਹੋਰ ਬੜੇ ਕੰਮ ਕਰਨੇ ਹਾਲੇ ਇਸ ਕਾਰਣ ਹੀ
ਹੱਥੀਂ ਫੜਿਆ ਜਲਦੀ ਕੰਮ ਨਿਬੇੜ ਰਹੇ ਹਾਂ

ਇਕ ਅੱਧ ਖੁਸ਼ੀ ਮਿਲੀ ਵੀ ਹੈ ਤਾਂ ਕੀ ਮਿਲਿਆ ਹੈ
ਜਦ ਕਿ ਗ਼ਮ ਨਿੱਤ ਨਵਿਓਂ ਨਵੇਂ ਸਹੇੜ ਰਹੇ ਹਾਂ

ਨਿੰਦਾ ਚੁਗਲੀ ਦਾ ਚਿੱਕੜ ਹੋਰਾਂ 'ਤੇ ਸੁੱਟ ਕੇ
ਪਹਿਲਾਂ ਹੀ ਹੱਥ ਅਪਣੇ ਅਸੀਂ ਲਬੇੜ ਰਹੇ ਹਾਂ

ਮਿਲਣਾ ਸੀ ਇਕ ਦੂਜੇ ਨੂੰ ਪਰ ਕਿੱਦਾਂ ਮਿਲਦੇ
ਹਰ ਵਾਰੀ ਹੀ ਪੈਂਦੇ ਲੰਮੇ ਗੇੜ ਰਹੇ ਹਾਂ

ਹੰਸਾਂ ਨੇ ਹੁਣ ਇਕ ਕੰਮ ਕਰਨਾ ਛੱਡ ਦਿੱਤਾ ਹੈ
ਹੁਣ ਦੁਧ ਪਾਣੀ ਕਲਮਾਂ ਨਾਲ਼ ਨਿਖੇੜ ਰਹੇ ਹਾਂ