“ਆਈਂ ਜ਼ਰੂਰ। ਟਾਈਮ ਨਾਲ ਪਹੁੰਚ ਜਾਈਂ ” ਰਵੀ ਫੋਨ ਤੇ ਗੁਣਵੰਤ ਨੂੰ ਦੱਸ ਰਹੀ ਸੀ, “ਪ੍ਰੀਆ ਕਹਿ ਰਹੀ ਸੀ ਕਿ ਗੁਣਵੰਤ ਮਾਸੀ ਨੂੰ ਜ਼ਰੂਰ ਦਸ ਦੇਣਾ”।
“ਅੱਛਾ ਅੱਛਾ, ਤੂੰ ਫਿਕਰ ਨਾ ਕਰ, ਇਸ ਸਮਾਰੋਹ ਵਿਚ ਤਾਂ ਮੈਂ ਜ਼ਰੂਰ ਭਾਗ
ਲਵਾਂਗੀ।” ਇਹ ਕਹਿ ਕੇ ਗੁਣਵੰਤ ਨੇ ਫੋਨ ਰੱਖ ਦਿੱਤਾ। ਫੋਨ ਰੱਖਣ ਸਾਰ ਹੀ ਗੁਣਵੰਤ ਦਾ ਦਿਮਾਗ
ਉਹਨਾਂ ਗੱਲਾਂ ਵੱਲ ਚਲਾ ਗਿਆ, ਜੋ ਅੱਜ ਤੋਂ ਕਈ ਸਾਲ ਪਹਿਲਾਂ ਹੋਈਆਂ ਸਨ।
ਗੁਣਵੰਤ ਨਾਲ ਇਹ ਪਹਿਲੀ ਵਾਰੀ ਨਹੀਂ ਅੱਗੇ ਵੀ ਇਹ ਹੋ ਚੁਕਿਆ ਸੀ। ਜਦੋਂ ਵੀ ਉਹ ਪ੍ਰੀਆ ਨੂੰ
ਦੇਖਦੀ ਜਾਂ ਉਸ ਬਾਰੇ ਕੋਈ ਗੱਲ ਹੁੰਦੀ ਤਾਂ ਉਸ ਦਾ ਦਿਮਾਗ ਆਪਣੇ-ਆਪ ਹੀ ਪੁਰਾਣੀਆਂ ਗੱਲਾਂ ਵਿਚ
ਗੁਆਚ ਜਾਂਦਾ ਰਵੀ ਤੇ ਗੁਣਵੰਤ ਦਸਵੀ ਕਲਾਸ ਤੋਂ ਹੀ ਪੱਕੀਆਂ ਸਹੇਲੀਆਂ ਸਨ।ਕਾਲਜ ਵਿਚ ਬੀ ਏ
ਕਰਦਿਆਂ ਰਵੀ ਦਾ ਵਿਆਹ ਕੈਨੇਡਾ ਤੋਂ ਆਏ ਮੁੰਡੇ ਨਾਲ ਹੋ ਗਿਆ। ਉਹ ਆਪਣੀ ਬੀ ਏ ਵਿਚ ਛੱਡ ਬ੍ਰਿਟਿਸ਼
ਕੋਲੰਬੀਆ ਦੇ ਸ਼ਹਿਰ ਸਰੀ ਜਾ ਵਸੀ। ਉਦੋਂ ਇੰਡੀਆ ਵਿਚ ਫੋਨ ਆਮ ਨਾ ਹੋਣ ਕਾਰਨ ਦੋਨੋ ਸਹੇਲੀਆਂ
ਚਿੱਠੀਆਂ ਰਾਹੀ ਹੀ ਆਪਣੇ ਮਨ ਦੇ ਭਾਵ ਪ੍ਰਗਟ ਕਰਦੀਆਂ। ਜਦੋਂ ਰਵੀ ਦੀ ਪਹਿਲੀ ਬੱਚੀ ਨੇ ਜਨਮ ਲਿਆ
ਤਾ ਉਸ ਨੇ ਬਹੁਤ ਚਾਵਾਂ ਨਾਲ ਗੁਣਵੰਤ ਨੂੰ ਬੱਚੀ ਦੀਆਂ ਫੋਟੋ ਭੇਜੀਆਂ।ਇਸ ਤਰ੍ਹਾਂ ਤਿੰਨ ਸਾਲ
ਫੋਟੋ ਚਿੱਠੀਆਂ ਵਿਚ ਚਲੇ ਗਏ। ਜਦੋਂ ਗੁਣਵੰਤ ਨੇ ਐਮ ਏ ਕੀਤੀ ਤਾਂ ਉਦੋਂ ਹੀ ਉਸ ਦਾ ਰਿਸ਼ਤਾ
ਕੈਨੇਡਾ ਤੋਂ ਹੀ ਇਕ ਲੜਕੇ ਨਾਲ ਹੋ ਗਿਆ। ਜਦੋਂ ਰਵੀ ਨੂੰ ਪਤਾ ਲੱਗਾ ਤਾਂ ਉਸ ਦੀ ਖੁਸ਼ੀ ਦਾ ਤਾਂ
ਕੋਈ ਟਿਕਾਣਾ ਹੀ ਨਾ ਰਿਹਾ।ਜਦੋਂ ਗੁਣਵੰਤ ਦਾ ਵਿਆਹ ਹੋਇਆ ਤਾਂ ਰਵੀ ਸਰੀ ਤੋਂ ਕੈਲਗਰੀ ਉਸ ਦੇ
ਵਿਆਹ ਵਿਚ ਸ਼ਾਮਲ ਹੋਣ ਲਈ ਗਈ। ਹੁਣ ਤਾਂ ਦੂਜੇ ਤੀਜੇ ਦਿਨ ਉਹਨਾਂ ਦੀ ਫੋਨ ਉੱਪਰ ਗੱਲ-ਬਾਤ ਹੁੰਦੀ
ਹੀ ਰਹਿੰਦੀ।
