Showing posts with label ਬਲਜੀਤ ਬੱਲੀ. Show all posts
Showing posts with label ਬਲਜੀਤ ਬੱਲੀ. Show all posts

ਸਮੇਂ ਦਾ ਗੇੜ……… ਲੇਖ / ਬਲਜੀਤ ਬੱਲੀ

ਮੇਰੇ ਲਈ ਵੀ ਤਿਆਰ ਸੀ, ਏ ਕੇ 47 ਦੀਆਂ ਬੁਛਾੜ
 
ਜਯੋਤੀ ਡੇਅ ਦੀ ਥਾਂ ਮੈਂ ਵੀ ਹੋ ਸਕਦਾ ਸੀ

ਦਹਿਸ਼ਤਵਾਦ ਦੇ ਦਿਨਾਂ ਇੱਕ ਕੌੜੀ ਯਾਦ, ਜਦੋਂ ਮੈਨੂੰ ਇਕ ਰੂਪੋਸ਼ ਖਾਲਿਸਤਾਨੀ ਨੇ ਮੇਰੀ ਜਾਨ ਬਚਾਈ

ਕੁਝ ਦਿਨ ਪਹਿਲਾਂ ਪੰਜਾਬ ਸਕੱਤਰੇਤ ਵਿਚ ਸੀਨੀਅਰ ਪੀ ਸੀ ਅਫ਼ਸਰ ਅਰੁਣ ਸੇਖੜੀ ਕੋਲ ਬੈਠਾ  ਸਾਂ। ਗੱਲ ਚਲਦੀ-ਚਲਦੀ ਉਸਦੇ ਪਰਿਵਾਰਕ ਪਿਛੋਕੜ ਤਕ ਚਲੀ ਗਈ। ਇਕ ਦੁਖਾਂਤ ਭਾਰੀ ਯਾਦ ਤਾਜ਼ਾ ਹੋ ਗਈ। ਅਰੁਣ ਦੇ ਚੀਫ ਇੰਜੀਨੀਅਰ ਪਿਤਾ ਨੂੰ ਖਾਲਿਸਤਾਨੀ ਦਹਿਸ਼ਤਪਸੰਦਾਂ  ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਉਹ ਪੁਆੜੇ ਦੀ ਜੜ੍ਹ ਬਣੀ ਐਸ ਵਾਈ ਐਲ ਦੇ ਚੀਫ ਇੰਜੀਨੀਅਰ ਸਨ।ਉਨ੍ਹਾਂ ਦਿਨਾਂ ਵਿਚ ਇਸੇ ਨਹਿਰ  ਤੇ ਕੰਮ ਕਰਦੇ ਵਰਕਰ ਵੀ ਬਹੁਤ ਬੇਦਰਦੀ ਨਾਲ ਗੋਲੀਆਂ ਨਾਲ ਭੁੰਨ ਦਿੱਤੇ ਗਏ ਸਨ। ਪੰਜਾਬ ਦੇ ਉਨ੍ਹਾਂ ਸੰਤਾਪ ਦੇ ਦਿਨਾਂ ਦੀ ਰੀਲ੍ਹ ਜਿਹੀ ਘੁੰਮ ਗਈ। 1988 ਵਿਚ ਪੰਜਾਬ ਵਿਚ ਆਏ ਵੱਡੇ  ਹੜ੍ਹਾਂ ਤੋਂ ਬਾਅਦ ਚੰਡੀਗੜ੍ਹ ਵਿਚ ਭਾਖੜਾ-ਬਿਆਸ ਮੈਨੇਜਮੈਂਟ ਬੋਰਡ  ਦੇ ਉਸ ਵੇਲੇ ਦੇ ਚੇਅਰਮੈਨ ਜਰਨਲ ਕੁਮਾਰ ਦੀ ਗੋਲੀਆਂ ਦੀ ਬੁਛਾੜ ਨਾਲ ਵਿੰਨ੍ਹੀਂ ਲਾਸ਼ ਵੀ ਯਾਦ ਆ ਗਈ ਤੇ ਜਨਰਲ ਕੁਮਾਰ  ਦੇ ਕਤਲ ਨਾਲ ਜੁੜੀ ਇੱਕ ਨਿੱਜੀ ਘਟਨਾ ਅੱਖਾਂ ਸਾਹਮਣੇ ਘੁੰਮ ਗਈ।

ਇਹ ਵਾਕਿਆ 1989 ਦਾ ਹੈ। ਮੈਂ ਚੰਡੀਗੜ੍ਹ ਦੇ ਸੈਕਟਰ 22 ਵਿਚਲੇ ਅਜੀਤ ਦੇ ਦਫ਼ਤਰ ਵਿਚ ਕੰਮ ਕਰ ਰਿਹਾ ਸੀ।ਪੰਜਾਬ ਪੁਲਿਸ ਦੇ ਸੂਹੀਆ ਮਹਿਕਮੇ ਦੇ ਇੱਕ ਸੀਨੀਅਰ ਅਫ਼ਸਰ ਦਾ ਸੁਨੇਹਾ ਆਇਆ ਕਿ ਦਫ਼ਤਰ ਆ ਕੇ ਮਿਲੋ, ਜ਼ਰੂਰੀ ਗੱਲ ਕਰਨੀ ਹੈ। ਜਦੋਂ  ਉਸ ਨੂੰ ਮਿਲੇ ਤਾਂ ਉਸ ਨੇ ਕਿਹਾ ਕਿ ਤੁਸੀਂ ਪੁਲਿਸ ਸੁਰੱਖਿਆ ਲੈ ਲਵੋ, ਤੁਹਾਡੀ ਜਾਨ ਨੂੰ ਖ਼ਤਰਾ ਹੈ । ਉਸ ਨੇ ਦੱਸਿਆ  ਕਿ  ਭਿੰਡਰਾਂ ਵਾਲਾ ਟਾਈਗਰ ਫੋਰਸ ਛੰਦੜਾ ਗਰੁੱਪ ਦਾ ਇੱਕ ਖਾੜਕੂ ਸਾਡੇ ਹੱਥ ਆਇਐ, ਉੁਸ ਨੇ ਪੁੱਛ-ਗਿੱਛ ਦੌਰਾਨ ਇਹ ਖੁਲਾਸਾ ਕੀਤਾ  ਹੈ ਕਿ ਉਨ੍ਹਾਂ ਦੇ ਗਰੁੱਪ  ਨੇ ਬੱਲੀ ਅਤੇ ਅਜੀਤ ਦੇ ਇਕ ਹੋਰ ਪੱਤਰਕਾਰ ਨੂੰ ‘‘ਸੋਧਣ’’ ਦਾ ਫ਼ੈਸਲਾ ਕੀਤਾ ਸੀ। ਓਸ ਖਾੜਕੂ ਇਹ ਵੀ ਦੱਸਿਆ ਸੀ ਕਿ ਸਾਡੇ ਦਫ਼ਤਰ  ਅਤੇ ਘਰਾਂ ਦੀ ਰੈਕੀ ਵੀ ਕਰ ਚੁੱਕੇ ਸਨ। ਸੋਧਣ ਲਈ ਉਸਦੀ ਡਿਊਟੀ ਵੀ ਲੱਗੀ ਹੋਈ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਪੰਜਾਬ ਵਿਚ ਕਿਸੇ ਥਾਂ ਪੁਲਿਸ ਦੇ ਕਾਬੂ ਆ  ਗਿਆ ਸੀ।ਉੁਸ ਵੇਲੇ ਖਾਲਿਸਤਾਨੀ ਜਥੇਬੰਦੀਆਂ ਦੀ ਭਾਸ਼ਾ ਵਿਚ “ਸੋਧਣ” ਦਾ ਅਰਥ ਗੋਲੀ ਦਾ ਨਿਸ਼ਾਨਾ ਬਣਾ ਕੇ ਮਾਰ ਦੇਣ ਤੋਂ ਹੁੰਦਾ ਸੀ।

ਇੱਕ ਗੁੰਝਲਦਾਰ ਬੁਝਾਰਤ ਨੇ ਪੰਜਾਬ ਵਿਧਾਨ ਸਭਾ ਚੋਣ ਨਤੀਜੇ……… ਤਿਰਛੀ ਨਜ਼ਰ / ਬਲਜੀਤ ਬੱਲੀ


ਨਵੇਕਲੀਆਂ ਅਤੇ ਅਨੋਖੀਆਂ ਸਨ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ
ਪੰਜਾਬ ਦੇ ਚੋਣ ਨਤੀਜਿਆਂ ਬਾਰੇ ਭੰਬਲਭੂਸਾ ਜਾਰੀ

30 ਜਨਵਰੀ 2012 ਨੂੰ ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਵਿਚ ਰਿਕਾਰਡ ਪੋਲਿੰਗ ਹੋਈ। ਅੰਕੜੇ ਬੋਲਦੇ ਨੇ - 78.67 ਫ਼ੀਸਦੀ ਵੋਟਰਾਂ ਨੇ ਆਪਣੇ ਮੱਤ ਅਧਿਕਾਰ ਦੀ ਵਰਤੋਂ ਕੀਤੀ। ਹੁਣ ਤੱਕ ਦਾ ਇਹ ਸਭ ਤੋਂ ਵੱਡਾ ਰਿਕਾਰਡ  ਹੈ। ਚੋਣ ਨਤੀਜੇ  ਵਿਚ ਸਿਰਫ਼ 3 ਹਫ਼ਤੇ ਬਾਕੀ ਨੇ। ਹਰ ਜਗਾ ਸਵਾਲ ਇਹੀ ਹੁੰਦਾ ਐ-ਕੀ ਲਗਦੈ? ਕੌਣ ਜਿੱਤੂ? ਕਿਸਦੀ ਸਰਕਾਰ ਬਣੇਗੀ? ਕਾਂਗਰਸ ਨੂੰ ਕਿੰਨੀਆ  ਤੇ ਅਕਾਲੀਆਂ ਨੂੰ ਕਿੰਨੀਆ ਸੀਟਾਂ ਆਉਣਗੀਆਂ? ਵੈਸੇ ਤਾਂ ਰਾਜਨੀਤੀ ਵਿਚ ਥੋੜ੍ਹਾ ਜਿਹਾ ਵੀ ਮੱਸ ਰੱਖਣ ਵਾਲੇ ਸਾਰੇ ਹੀ ਇੱਕ ਦੂਜੇ ਨੂੰ ਇਹੀ ਸਵਾਲ ਕਰੀ ਜਾਂਦੇ ਨੇ। ਸਾਨੂੰ ਪੱਤਰਕਾਰਾਂ ਨੂੰ ਸਵਾਲ ਵੱਖਰੇ ਢੰਗ ਨਾਲ ਹੁੰਦੈ। ਦੱਸੋ ਜੀ ਕੀ ਹੋ ਰਿਹਾ ਹੈ ਥੋਨੂੰ ਤਾਂ ਸਾਰਾ ਪਤਾ ਹੁੰਦੈ। ਕੀਹਦੀ ਸਰਕਾਰ ਬਣੇਗੀ? ਇਸ ਵਾਰ ਬਹੁਤੇ ਪੱਤਰਕਾਰ ਖ਼ੁਦ ਵੀ ਭੰਬਲਭੂਸੇ ਵਿੱਚ ਨੇ। ਮੇਰੇ ਵਰਗਾ ਬੱਸ ਏਨਾ ਹੀ ਜਵਾਬ ਦਿੰਦਾ ਹੈ ਕਿ ਸਖ਼ਤ ਮੁਕਾਬਲਾ ਹੈ। ਜਿਹੜੇ ਕਿਸੇ ਇੱਕ  ਸਿਆਸੀ ਧਿਰ ਵੱਲ ਝੁਕਾਅ ਰੱਖਦੇ ਨੇ ਉਨ੍ਹਾਂ ਨੂੰ ਛੱਡਕੇ ਬਾਕੀ ਲਗਭਗ ਇਹੀ ਸੋਚਦੇ ਨੇ ਕਿ ਅਜੇ ਵੀ ਸਿਆਸੀ ਹਾਲਾਤ ਘਚੋਲੇ  ਵਾਲੀ ਹੈ। ਆਮ ਤੌਰ ਚੋਣਾਂ ਤੋਂ ਕੁਝ ਹਫ਼ਤੇ ਪਹਿਲਾ ਨਤੀਜਿਆਂ ਦੇ ਰੁਝਾਨ ਵੱਲ ਇਸ਼ਾਰਾ ਹੋਣ ਲੱਗ ਪੈਂਦਾ ਹੈ ਪਰ ਇਸ ਵਾਰ ਵੋਟਾਂ ਪੈਣ ਤੋਂ ਡੇਢ  ਹਫ਼ਤਾ ਬਾਅਦ ਵੀ ਕੋਈ ਸਿਰਾ ਨਹੀਂ ਲੱਭ ਰਿਹਾ। ਅਜਿਹਾ ਨਹੀਂ ਹੋ ਰਿਹਾ। ਬੇਸ਼ੱਕ ਦਾਅਵੇ ਸਭ ਕਰ ਰਹੇ ਨੇ ਆਪੋ-ਆਪਣੀ ਜਿੱਤ ਦੇ। ਕੈਪਟਨ ਅਮਰਿੰਦਰ ਸਿੰਘ 70+ ਸੀਟਾਂ ਤੇ ਜੇਤੂ ਹੋਣਾ ਮੰਨ ਰਹੇ ਨੇ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਤਾਂ ਦੂਜੀ ਵਾਰ ਜਿੱਤ ਦਾ ਰਿਕਾਰਡ ਬਨਾਉਣ ਦੀ ਉਮੀਦ ਵਿਚ ਨੇ। ਮਨਪ੍ਰੀਤ ਬਾਦਲ -ਸਾਂਝੇ ਮੋਰਚੇ ਦੀ ਸਰਕਾਰ ਦੇ ਸੁਫ਼ਨੇ ਵੀ ਲੈ ਰਹੇ ਨੇ ਲੋਕਾਂ ਨੂੰ ਸਬਜ਼ ਬਾਗ਼ ਵੀ ਦਿਖਾ ਰਹੇ ਨੇ।

ਪ੍ਰਵਾਸੀ ਮੀਡੀਏ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ, ਬਾਦਲ ਸਰਕਾਰ ਅਤੇ ਸੁਖਬੀਰ ਬਾਦਲ ਨੇ……… ਤਿਰਛੀ ਨਜ਼ਰ / ਬਲਜੀਤ ਬੱਲੀ

ਐਨ ਆਰ ਆਈ ਮੀਡੀਆ ਨੀਤੀ ਨਹੀਂ ਬਣਾਈ ਪੰਜਾਬ ਸਰਕਾਰ  ਨੇ
ਦਾਅਵੇ ਬਹੁਤ ਰਹੇ ਨੇ ਬਾਦਲ ਸਰਕਾਰ ਦੇ, ਅਕਾਲੀ ਦਲ ਦਲ ਦੇ ਤੇ ਸੁਖਬੀਰ  ਦੇ। ਬਹੁਤ ਉੱਚੀ ਆਵਾਜ਼ ਵਿਚ ਐਨ ਆਰ ਆਈ ਦਾ ਦਮ ਭਰਦੇ  ਨੇ। ਐਨ ਆਰ ਆਈ ਕਮਿਸ਼ਨ, ਵੱਖਰੇ ਪੁਲਿਸ  ਥਾਣੇ, ਵਿਸ਼ੇਸ਼ ਅਦਾਲਤਾਂ, ਕਿਰਾਏ ਕਾਨੂੰਨ ਵਿਚ ਸੋਧ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਟੇਟ ਗੈਸਟ ਦਾ ਦਰਜਾ  ਆਦਿਕ। ਇਹ ਵੀ ਦਾਅਵੇ ਅਕਸਰ ਸੁਣਦੇ ਆਂ,   ਐਨ ਆਰ  ਆਈ ਵੀ ਪੰਜਾਬ ਦਾ ਹਿੱਸਾ  ਨੇ, ਉਨ੍ਹਾਂ ਦਾ ਖ਼ਿਆਲ ਰੱਖਣਾ ਸਰਕਾਰਾਂ ਦਾ, ਨੇਤਾਵਾਂ ਦਾ ਫ਼ਰਜ਼  ਹੈ ਤੇ ਨਾਲ ਹੀ ਗਿਲੇ ਵੀ ਨੇ, ਸ਼ਿਕਾਇਤਾਂ ਵੀ ਨੇ । ਪ੍ਰਵਾਸੀ ਪੰਜਾਬੀ ਬਿਨਾਂ ਵਜ੍ਹਾ ਹੀ ਬਾਦਲਾਂ ਦਾ, ਅਕਾਲੀਆਂ  ਦਾ  ਤੇ ਬਾਦਲ ਸਰਕਾਰ  ਦਾ ਵਿਰੋਧ ਕਰਦੇ  ਨੇ। ਇਹ ਹਕੀਕਤ ਐ। ਪ੍ਰਵਾਸੀ ਭਾਰਤੀਆਂ ਦਾ ਵੱਡਾ ਹਿੱਸਾ ਬਾਦਲ ਪਰਿਵਾਰ  ਵਿਰੋਧੀ ਵੀ ਹੈ, ਰਵਾਇਤੀ ਅਕਾਲੀ ਨੇਤਾਵਾਂ ਦਾ ਵੀ। ਇਸੇ  ਹੀ ਕਤਾਰ  ਵਿਚ ਹੈ ਐਨ ਆਰ  ਆਈ ਮੀਡੀਆ ਵੀ । ਉਥੇ ਵੀ ਵੰਡੀਆਂ  ਨੇ । ਕੁਝ ਚਹੇਤੇ ਵੀ ਨੇ । ਪਰ ਬਹੁਗਿਣਤੀ ਪ੍ਰਵਾਸੀ  ਮੀਡੀਏ ਦਾ ਰੁੱਖ ਬਾਦਲ ਦਲ  ਲਈ ਰੁੱਖਾ ਹੀ ਰਿਹੈ। ਉਹ ਇਨ੍ਹਾਂ ਨੂੰ ਨਹੀਂ ਬਖਸ਼ਦੇ । ਕੌਈ ਮੌਕਾ ਵੀ ਨਹੀਂ ਖੁੰਝਾਉਂਦੇ ਬਾਦਲਾਂ ਨੂੰ ਰਗੜਾ ਲਾਉਣ ਦਾ। ਪ੍ਰਵਾਸੀ ਮੀਡੀਆ ਵੀ ਕੀ ਕਰੇ? ਪ੍ਰਵਾਸੀ ਪੱਤਰਕਾਰ ਵੀ ਕੀ ਕਰਨ ? ਉਨ੍ਹਾਂ ਨੂੰ ਤਾਂ ਬਾਦਲ ਸਰਕਾਰ  ਵੀ ਤੇ  ਅਕਾਲੀ ਨੇਤਾ ਵੀ ਸੱਤ-ਬਿਗਾਨੇ ਹੀ ਸਮਝਦੀ ਰਹੀ ਹੈ। ਅਕਾਲੀ ਦਲ ਦੀ, ਸਰਕਾਰ ਦੀ, ਮਹਿਕਮਿਆਂ ਦੀ, ਫ਼ੈਸਲਿਆਂ ਦੀ, ਪ੍ਰਵਾਸੀਆਂ ਲਈ ਦਿੱਤੀਆਂ ਸਹੂਲਤਾਂ ਦੀ ਮੁੱਢਲੀ ਜਾਣਕਾਰੀ ਤੱਕ ਵੀ ਨਹੀਂ ਦਿੱਤੀ ਜਾਂਦੀ ਪਰਵਾਸੀ ਮੀਡੀਏ ਨੂੰ। ਉਨ੍ਹਾਂ ਨਾਲ ਕੋਈ ਲਗਾਤਾਰ ਰਾਬਤਾ  ਨਹੀਂ। ਕੋਈ ਸੱਦਪੁੱਛ ਨਹੀਂ। ਦਿੱਲੀ, ਚੰਡੀਗੜ੍ਹ, ਜਲੰਧਰ, ਪਟਿਆਲੇ ਅਤੇ ਬਠਿੰਡੇ ਵਰਗੇ ਸ਼ਹਿਰਾਂ ਵਿਚ ਵੀ ਕਾਫ਼ੀ ਪੱਤਰਕਾਰ ਐਨ ਆਰ ਆਈ ਮੀਡੀਏ ਲਈ ਕੰਮ ਕਰ ਰਹੇ ਨੇ। ਦਰਜਨ ਦੇ ਕਰੀਬ ਪੰਜਾਬੀ ਅਖ਼ਬਾਰ ਤਾਂ ਤਿਆਰ ਹੀ ਪੰਜਾਬ ਅਤੇ ਚੰਡੀਗੜ੍ਹ ਵਿਚ ਕੀਤੇ ਜਾਂਦੇ  ਨੇ। ਇਨ੍ਹਾਂ ਦੀ ਕੰਪੋਜ਼ਿੰਗ ਅਤੇ ਪੂਰੀ ਡਿਜ਼ਾਈਨਿੰਗ ਇੱਥੇ ਕੀਤੀ ਜਾਂਦੀ ਹੈ, ਸਿਰਫ਼ ਛਪਾਈ ਹੀ ਬਾਹਰਲੇ ਮੁਲਕਾਂ ਵਿਚ ਹੁੰਦੀ ਹੈ। ਹੁਣ ਆਸਟ੍ਰੇਲੀਆ  ਦੇ ਇੱਕ ਪੰਜਾਬੀ ਅਖ਼ਬਾਰ ਨੇ  ਤਾਂ ਛਪਾਈ ਵੀ ਚੰਡੀਗੜ੍ਹ ਤੋਂ ਹੀ ਕਰਾਉਣ ਦੀ ਤਜ਼ਵੀਜ਼ ਬਣਾਈ ਹੈ। ਇੰਡੀਆ ਤੇ ਖ਼ਾਸ  ਕਰਕੇ  ਪੰਜਾਬ  ਤੇ ਚੰਡੀਗੜ੍ਹ  ਵਿਚ ਕੰਮ ਕਰਦੇ  ਪ੍ਰਵਾਸੀ ਮੀਡੀਏ ਦੇ ਪੱਤਰਕਾਰਾਂ ਤੇ ਫੋਟੋਗਰਾਫਰਾਂ ਨੂੰ ਫ਼ਾਲਤੂ ਸਮਝਿਆ ਜਾਂਦਾ ਹੈ। ਉਨ੍ਹਾਂ ਦੀ ਪਛਾਣ ਤੱਕ ਨੂੰ ਵੀ ਮਾਨਤਾ  ਨਹੀਂ ਦਿੱਤੀ ਜਾਂਦੀ। ਪੰਜਾਬ ਸਕੱਤਰੇਤ  ਅਤੇ ਸਰਕਾਰੀ ਦਫ਼ਤਰਾਂ ਅਤੇ ਸਮਾਗਮਾਂ ਤੱਕ ਪਹੁੰਚ ਕਰਨ ਲਈ ਇੱਕ ਪਛਾਣ-ਪੱਤਰ ਤਕ ਵੀ ਨਹੀਂ ਜਾਰੀ ਕੀਤਾ ਜਾਂਦਾ।  ਕਈ ਵਾਰੀ ਤਾਂ ਉਨ੍ਹਾਂ ਨੂੰ ਜ਼ਲੀਲ ਵੀ ਕੀਤਾ ਜਾਂਦਾ  ਹੈ।