ਸੰਜੀਵਨੀ.......... ਗ਼ਜ਼ਲ / ਚਰਨਜੀਤ ਸਿੰਘ ਪੰਨੂ

ਕੌਣ ਡੱਬੀ ਮਲ੍ਹਮ ਲਗਾਏਗਾ, ਹੁਣ ਪਾਣੀ ਕੌਣ ਪਿਲਾਏ ਗਾ,
ਮਸ਼ਕ ਜਗ੍ਹਾ ਘਨੱਈਏ ਮੋਢੇ, ਪਾਈ ਫਿਰਦੇ ਹਥਿਆਰਾਂ ਨੂੰ।

ਧਰਮ ਦੀ ਰਾਖੀ  ਲੱਗ ਗੀ ਫੋਰਸ, ਛਾਉਣੀ ਖਾਲਮ ਖ਼ਾਲੀ,
ਨਿਹੱਥੀ ਪਬਲਿਕ ਬੇਵੱਸ ਹੋਈ, ਰੋਕੂ ਕੌਣ ਬਘਿਆੜਾਂ ਨੂੰ।

ਪਲਾਇਨ ਕਰਕੇ ਜੰਗਲ ਵਿਚੋਂ, ਕਿੱਥੇ ਹੁਣ ਸਿਰ ਲੁਕਾਉਗੇ,
ਦਹਿਸ਼ਤਗਰਦੀ ਹਰ ਥਾਂ ਰਾਣੀ, ਚੰਬੜੀ ਪਈ ਉਜਾੜਾਂ ਨੂੰ।

ਮ੍ਰਿਗ-ਛਲਾਵਾ ਪਾਣੀ ਨਹੀਂ ਔਹ, ਚਮਕ ਰਿਹਾ ਜੋ ਅੱਗੇ,
ਅਗਿਆਨੀ ਅੰਨ੍ਹੇ ਦੌੜੀ ਜਾਂਦੇ, ਦੱਸੋ ਪਿਆਸੀਆਂ ਧਾੜਾਂ ਨੂੰ।

ਤੰਦ ਗੰਢਿਆਂ ਹੁਣ ਨਹੀਂ ਸਰਨਾ, ਉਲਝ ਗਈ ਜਦ ਤਾਣੀ,
ਬਣਾਉਟੀ ਡਰਨੇ ਰੋਕ ਨਾ ਸਕਦੇ, ਖੇਤ ਖਾਂਦੀਆਂ ਵਾੜਾਂ ਨੂੰ।

ਰਿਉੜੀਆਂ ਵੰਡਦੇ ਆਪਣਿਆਂ ਨੂੰ, ਸਾਰੇ ਬੋਲੇ ਅੰਨ੍ਹੇ ਕਾਣੇ,
ਵੈਦ ਧਨੰਤਰ ਮਚਲਾ ਹੋਇਆ, ਕੌਣ ਦਾਰੂ ਦਊ ਬਿਮਾਰਾਂ ਨੂੰ।

ਸਦਾਚਾਰ ਮੂਰਛਿਤ ਹੋਇਆ ਸਾਰਾ, ਕਿਸ ਨੂੰ ਕੀ ਸੁੰਘਾਓਗੇ,
‘ਸੰਜੀਵਨੀ’ ਹੁਣ ਨਹੀਂ ਮਿਲ਼ਨੀ ਪੰਨੂ, ਗਾਹੋ ਕੁੱਲ ਪਹਾੜਾਂ ਨੂੰ।

****

No comments: