ਦੱਲ੍ਹਾ, ਦਿਲਾਵਰ ਨਾ ਬਣ ਸਕਿਆ……… ਕਹਾਣੀ / ਰਣਜੀਤ ਸਿੰਘ ਸ਼ੇਰਗਿੱਲ

ਘਰ ਵਾਲਿਆਂ ਨੇ ਤਾਂ ਆਪਣੀ ਧੀ ਦਾ ਨਾਮ ਭਾਗਦੇਈ ਰੱਖਿਆ ਸੀ ਪਰ ਜੱਲ੍ਹੇ ਲੰਬੜਦਾਰ ਨਾਲ ਵਿਆਹੀ ਜਾਣ ਕਾਰਨ ਭਾਗਦੇਈ ਲੰਬੜ ਦੇ ਘਰ ਵਾਲੀ ਲੰਬੜੋ ਕਰ ਕੇ ਹੀ ਜਾਣੀ ਪਹਿਚਾਣੀ ਜਾਣ ਲੱਗੀ। ਮਾਪਿਆਂ ਵੱਲੋਂ ਦਿੱਤਾ ਨਾਮ ਤਾਂ ਜਿਵੇਂ ਲੰਬੜੋ ਦੀ ਯਾਦ ਚੰਗੇਰ ਵਿੱਚੋਂ ਵਿਸਰ ਹੀ ਗਿਆ ਹੋਵੇ। ਜੱਲ੍ਹਾ ਲੰਬੜਦਾਰ ਤਾਂ ਭਾਵੇਂ ਪਿੰਡ ਦਾ ਸੀ ਪਰ ਮੁਖਬਰ ਪੱਕਾ ਪੁਲਿਸ ਵਾਲਿਆਂ ਦਾ ਹੀ ਸੀ। ਜਿਸ ਦੀਆਂ ਮੁਖਬਰੀਆਂ ਕਾਰਨ ਪਿੰਡ ਵਿੱਚ ਨਿੱਤ ਪੁਲਿਸ ਆਈ ਰਹਿੰਦੀ ਸੀ। ਪਿੰਡ ਵਿੱਚ ਕਈ ਪ੍ਰਾਣੀ ਜੱਲ੍ਹੇ ਦੀਆ ਕਰਤੂਤਾਂ ਤੋ ਦੁਖੀ ਹੋ ਕੇ ਉਸ ਨੂੰ ਸੋਧਣ ਦੀਆਂ ਵਿਉਤਾਂ ਬਣਾਉਦੇ ਰਹਿੰਦੇ। ਜੱਲ੍ਹੇ ਤੇ ਲੰਬੜੋ ਨੂੰ ਪ੍ਰਭੂ ਨੇ ਪੁੱਤ ਦੀ ਦਾਤ ਬਖਸ਼ੀ, ਜਿਸ ਦਾ ਨਾਮ ਤਾਂ ਦਿਲਾਵਰ ਰੱਖਿਆ ਗਿਆ ਪਰ ਲੰਬੜੋ ਨੇ ਪਿਆਰ ਨਾਲ ਦੱਲ੍ਹਾ ਹੀ ਕਹਿਣਾ ਅਤੇ ਸਮਾਂ ਪਾ ਕੇ ਇਹੀ ਨਾਮ ਪੱਕਾ ਹੋ ਗਿਆ। ਮੱਥੇ ਉਤੇ ਤਿਊੜੀ, ਇੱਕ ਅੱਖ ਛੋਟੀ ਤੇ ਖਚਰਾ ਹਾਸਾ ਇਵੇਂ ਜਚਦੇ ਜਿਵੇਂ ਦੱਲ੍ਹੇ ਦੇ ਸੁਹੱਪਣ ਉਤੇ ਨਜਰਵੱਟੂ ਦਾ ਕੰਮ ਦਿੰਦੇ ਹੋਣ। ਬਚਪਨ ਦੇ ਸਾਥੀ ਫੀਲਾ, ਫੱਗੂ, ਸੁੱਚਾ, ਤੇਲੂ, ਛੱਜੂ ਅਤੇ ਭੋਲੇ ਨਾਲ ਖੇਡਦਿਆਂ ਆਦਤ ਅਨੁਸਾਰ ਚਾਪਲੂਸ, ਮਕਾਰੀ ਅਤੇ ਚੁਗਲਖੋਰ ਸੁਮੇਲ ਦੀ ਭੂਮਿਕਾ ਨਿਭਾਉਂਦੇ ਹੋਏ, ਸਾਥੀਆਂ ਵਿੱਚ ਫੁੱਟ ਪਾ ਕੇ, ਆਪ ਉਹਨਾਂ ਦਾ ਆਗੂ ਬਣਿਆ ਰਹਿਣਾ ਦੱਲ੍ਹੇ ਦਾ ਅਸਲ ਕਿਰਦਾਰ ਸੀ। ਦੱਲ੍ਹਾ ਹਾਲੀ ਪੰਜ ਕੁ ਸਾਲ ਦਾ ਹੋਇਆ ਸੀ ਕਿ ਜੱਲ੍ਹੇ ਨੂੰ ਧੁਰ ਦਰਗਾਹੋਂ ਸੱਦਾ ਆਉਣ ਨਾਲ ਕਿਸੇ ਵੱਲੋਂ ਫੁੰਡਿਆ ਗਿਆ ਅਤੇ ਦੱਲ੍ਹਾ ਪਿਤਾ ਦੇ ਸਾਏ ਤੋਂ ਸੱਖਣਾ ਹੋ ਗਿਆ। ਦੱਲ੍ਹੇ ਦੇ ਨਬਾਲਗ ਹੋਣ ਕਾਰਨ ਲੰਬੜਦਾਰੀ ਭਾਗਦੇਈ ਨੂੰ ਮਿਲ ਗਈ।

ਜੱਲ੍ਹੇ ਵੱਲੋ ਧੋਖਾ-ਧੜੀ ਨਾਲ ਬਣਾਈ ਹੋਈ ਜਾਇਦਾਦ ਚੰਗੀ ਹੋਣ ਕਾਰਨ, ਲੰਬੜੋ ਨੂੰ ਘਰ ਦਾ ਗੁਜ਼ਾਰਾ ਚਲਾਉਣ ਲਈ ਬਹੁਤੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਦੱਲ੍ਹੇ ਨੂੰ ਆਪਣੀ ਪੜ੍ਹਾਈ ਕਰਦਿਆਂ ਵੀ ਕੋਈ ਮੁਸ਼ਕਿਲ ਉਸਦੀ ਰੁਕਾਵਟ ਨਹੀਂ ਬਣੀ ਕਿਉਂਕਿ ਖੁਦਗਰਜ਼, ਚਾਪਲੂਸ, ਸ਼ੁਹਰਤ ਲੋਚ ਅਤੇ ਹਊਮੈ ਗ੍ਰਸਤ ਸੁਭਾ ਦੇ ਨਾਲ ਦੱਲ੍ਹੇ ਵਿੱਚ ਚੰਗੀ ਯਾਦਾਸ਼ਤ ਹੋਣ ਵਾਲਾ ਇੱਕ ਗੁਣ ਵੀ ਸੀ। ਇੱਕ ਬਣ ਚੁੱਕੀ ਆਦਤ ਅਨੁਸਾਰ ਕਿਸੇ ਦੀ ਦਵਾਤ ਖੋਹ, ਕਿਸੇ ਦੀ ਕਲਮ ਤੇ ਕਿਸੇ ਦੀ ਕਾਪੀ ਖੋਹਣੀ, ਸ਼ਰਾਰਤ ਦੀ ਸ਼ਰਾਰਤ ਅਤੇ ਆਪਣੀ ਲੋੜ ਦੀ ਪੂਰਤੀ ਕਰਦਾ ਦੱਲ੍ਹਾ, ਪੜ੍ਹਾਈ ਦੀਆਂ ਕਲਾਸਾਂ ਦੀ ਪੌੜੀ ਚੜ੍ਹਦਿਆਂ ਐਮ. ਏ. ਬੀ. ਐੱਡ. ਕਰ ਗਿਆ ਅਤੇ ਇੱਕ ਸਕੂਲ ਵਿੱਚ ਮਾਸਟਰ ਦੀ ਨੌਕਰੀ ਮਿਲ ਗਈ। ਨਵੀਂ ਸ਼ੁਰੂਆਤ ਅਤੇ ਦੱਲ੍ਹੇ ਦੀਆਂ ਮੋਮੋਠੱਗਣੀਆਂ ਗੱਲਾਂ ਨਾਲ ਅਸਲ ਸੁਭਾ ਤੋਂ ਨਾਵਾਕਫ ਇੱਕ ਮਾਸਟਰਨੀ ਪੱਟੀ ਗਈ ਤੇ ਦੋਹਾਂ ਨੇ ਵਿਆਹ ਕਰਵਾ ਲਿਆ। ਉਸ ਸਕੂਲ ਵਿੱਚ ਪੜ੍ਹਾਉਂਦੇ ਪਹਿਲੇ ਅਤੇ ਦੂਜੇ ਦਰਜੇ ਵਾਲੇ ਮਾਸਟਰ, ਜਮਾਤਾਂ ਅਨੁਸਾਰ ਦੱਲ੍ਹੇ ਨਾਲੋਂ ਘੱਟ ਪੜ੍ਹੇ ਹੋਏ ਸਨ ਪਰ ਨੌਕਰੀ ਦੇ ਲੰਬੇ ਸਮੇਂ ਦੀ ਤਰੱਕੀ ਅਨੁਸਾਰ ਉਨ੍ਹਾਂ ਦਾ ਦਰਜਾ ਦੱਲ੍ਹੇ ਨਾਲੋਂ ਉਪਰ ਸੀ। ਦੱਲ੍ਹੇ ਦਾ ਈਰਖਾਲੂ ਅਤੇ ਅਹੰਕਾਰੀ ਸੁਭਾ ਇਸ ਨੂੰ ਕਿਵੇਂ ਬਰਦਾਸ਼ਤ ਕਰੇ ਕਿ ਕੋਈ ਉਸ ਨਾਲੋ ਘੱਟ ਪੜ੍ਹਿਆ ਹੋਇਆ, ਅਹੁਦੇ ਵਿੱਚ ਉਸ ਦੇ ਉਪਰ ਜਾਂ ਉਸਦਾ ਹੁਕਮਰਾਨ ਹੋਵੇ। ਇਹ ਸੋਚ ਕੇ ਉਸਦਾ ਸੜੀਅਲ ਸੁਭਾ, ਈਰਖਾ ਦੀ ਅੱਗ ਵਿੱਚ ਸੜਦਾ ਭੁੱਜਦਾ ਰਹਿੰਦਾ ਅਤੇ ਸਾੜੇ ਦੀ ਬਦਬੂ, ਚੁਗਲੀ ਅਤੇ ਨਿੰਦਾ ਦੇ ਰੂਪ ਵਿੱਚ ਜੱਗ ਜਾਹਰ ਹੁੰਦੀ ਰਹਿੰਦੀ। ਈਰਖਾ, ਹੰਕਾਰ ਅਤੇ ਹਊਮੈ ਦੇ ਸੁਮੇਲ ਦੀ ਮਾਰਦੀ ਸੜਿਆਂਦ ਨੇ ਦੱਲੇ ਅੰਦਰ ਵਿਦਿਆਰਥੀਆਂ ਪ੍ਰਤੀ ਸਿੱਖਿਅਕ ਵਾਲੇ ਫਰਜ਼ ਅਤੇ ਯੋਗਤਾ ਪੈਦਾ ਹੋਣ ਹੀ ਨਾ ਦਿੱਤੀ। ਸਿੱਖਿਆ ਕੇਂਦਰ ਵਿੱਚ ਪੜ੍ਹਾਉਂਦੇ ਸਿੱਖਿਅਕ ਦਾ ਤਾਂ ਫਰਜ਼ ਹੀ ਇਹ ਹੈ ਕਿ ਆਪਣੇ ਸਿਖਿਆਰਥੀਆ ਨੂੰ ਸੁਚੱਜੀ ਸਿੱਖਿਆ ਦੇ ਕੇ ਸ਼ਹਿਨਸ਼ੀਲ ਅਤੇ ਇਮਾਨਦਾਰ ਪ੍ਰਾਣੀ ਬਣਾਵੇ ਪਰ ਜਿਸ ਦਾ ਆਪਣਾ ਅੰਦਰ ਈਰਖਾ ਅਗਨੀ ਨਾਲ ਭੁੱਜਿਆ ਪਿਆ ਹੋਵੇ ਉਹ ਕਿਸੇ ਨੂੰ ਸੁਚੱਜੀ ਸਿੱਖਿਆ ਕੀ ਦੇਵੇਗਾ। ਸਿਆਣਿਆਂ ਦਾ ਕਥਨ ਹੈ ਕਿ ਚਾਪਲੂਸ ਅਤੇ ਸ਼ੁਹਰਤ ਲੋਚ ਵਾਲੇ ਸਰੀਰ ਵਿੱਚ ਗੈਰਤ ਨਾਮੀ ਤੱਤਾਂ ਦੀ ਬਹੁਤ ਘਾਟ ਹੁੰਦੀ ਹੈ। ਇਹ ਕਥਨ ਦੱਲ੍ਹੇ ਉਤੇ ਤਾਂ ਪੂਰਾ ਢੁੱਕਦਾ ਹੈ। ਆਪਣੇ ਤੋਂ ਉਚੇ ਅਹੁਦੇ ਉਤੇ ਸੁਭਾਇਮਾਨ ਹੈਡਮਾਸਟਰ ਨਾਲ ਈਰਖਾ, ਉਚ ਅਫਸਰਾਂ ਦੀ ਚਾਪਲੂਸੀ ਅਤੇ ਨਾਲ਼ ਦੇ ਸਾਥੀਆਂ ਦੀਆਂ ਸ਼ਕਾਇਤਾਂ ਜਾਂ ਚੁਗਲੀਆਂ ਕਰਨਾ ਦੱਲ੍ਹੇ ਦਾ ਸ਼ੌਕ ਬਣ ਚੁੱਕਾ ਸੀ। ਪਿੰਡ ਜਾਂ ਸਕੂਲ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਅੱਗੇ ਹੋ ਕੇ ਫੋਟੋ ਕਰਾਉਣੀ ਅਤੇ ਆਪਣੇ ਚਮਚਾਗੀਰੀ ਸਾਥੀਆਂ ਨੂੰ ਦਿਖਾ ਕੇ ਮਾਣ ਨਾਲ ਐਵੇਂ ਹਿੱਕ ਚੌੜੀ ਕਰਦਿਆਂ ਆਪਣੀ ਅੰਦਰੂਨੀ ਈਰਖਾਵਾਦੀ ਅਗਨੀ ਨੂੰ ਸ਼ਾਂਤ ਕਰਨ ਦੇ ਯਤਨ ਜ਼ਰੂਰ ਕਰਦਾ ਰਹਿੰਦਾ ਪਰ ਬਣ ਚੁੱਕੀ ਆਦਤ ਬਦਲੇ ਕਿਵੇਂ? ਬਣ ਫਬ ਕੇ ਰਹਿਣ ਵਾਲੇ ਦੱਲ੍ਹੇ ਉਤੇ ਬਾਣੀ ਦਾ ਇਹ ਫੁਰਮਾਣ “ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ” ਖੂਬ ਢੁੱਕਦਾ ਹੈ। 

ਪਿੰਡ ਦੀਆਂ ਪੰਚਾਇਤੀ ਚੋਣਾਂ ਆਈਆਂ ਤਾਂ ਸ਼ੁਹਰਤ ਅਤੇ ਵਡਿਆਈ ਦੀ ਲਾਲਸਾ ਨੇ ਦੱਲ੍ਹੇ ਦੇ ਅੰਦਰ ਵੀ ਪਿੰਡ ਦਾ ਆਗੂ ਬਣਨ ਦੀ ਉਤਸੁਕਤਾ ਪੈਦਾ ਕਰ ਦਿੱਤੀ ਅਤੇ ਨਾਲ ਹੀ ਆਪਣੀ ਹੈਸੀਅਤ ਨੂੰ ਫਿਟਕਾਰਦਿਆਂ ਸੋਚਣ ਲੱਗਾ ਮੇਰੀ ਤਾਂ ਕਿਸੇ ਨਾਲ ਬਣਦੀ ਹੀ ਨਹੀਂ ਫਿਰ ਮੈਂ ਸਰਪੰਚ ਕਿਵੇਂ ਬਣ ਸਕਦਾ ਹਾਂ। ਲੋੜ ਵੇਲੇ ਗਧੇ ਨੂੰ ਵੀ ਬਾਪ ਬਣਾ ਲੈਣ ਵਾਲਾ ਚਾਪਲੂਸ ਦੱਲ੍ਹਾ ਆਪਣੇ ਬਚਪਨ ਦੇ ਸਾਥੀਆਂ ਫੀਲੇ, ਫੱਗੂ ਤੇ ਸੁੱਚੇ ਹੁਰਾਂ ਕੋਲ ਜਾ ਕੇ ਆਪਣੀ ਮੱਦਦ ਦੇ ਵਾਸਤੇ ਪਾਉਣ ਲੱਗਾ। ਉਨ੍ਹਾਂ ਕਿਹਾ ਦੱਲ੍ਹਿਆ ਤੂੰ ਕਿਸੇ ਦਾ ਸਕਾ ਤਾਂ ਹੈ ਨਹੀਂ ਪਰ ਅਸੀਂ ਆਪਣੇ ਬਚਪਨ ਦੇ ਦੋਸਤ ਦਾ ਸਾਥ ਜ਼ਰੂਰ ਦਿਆਂਗੇ। ਉਨ੍ਹਾਂ ਆਪਣੇ ਸਮੂਹ ਸਾਥੀਆਂ ਨਾਲ ਮਿਲ ਕੇ ਦਿਨ ਰਾਤ ਇੱਕ ਕਰਦਿਆਂ ਪਿੰਡ ਵਾਸੀਆਂ ਨੂੰ ਸਮਝਾਇਆ ਕਿ ਕੀ ਹੋਇਆ ਜੇ ਦੱਲ੍ਹੇ ਦਾ ਸੁਭਾ ਕੁਝ ਸੜੀਅਲ ਹੈ ਪਰ ਪਿੰਡ ਵਿੱਚ ਸਭ ਤੋਂ ਵੱਧ ਪੜ੍ਹਿਆ ਲਿਖਿਆ ਹੋਇਆ ਵੀ ਤਾਂ ਹੈ। ਸਰਕਾਰ ਵੱਲੋਂ ਪਿੰਡ ਦੇ ਕਾਰਜ ਕਰਾਉਣ ਲਈ ਸਰਪੰਚ ਦਾ ਪੜ੍ਹਿਆ ਹੋਣਾ ਬਹੁਤ ਜ਼ਰੂਰੀ ਹੈ। ਗੱਲ ਕੀ ਬਚਪਨ ਦੇ ਸਾਥੀਆਂ ਦੀ ਮੱਦਦ ਸਦਕਾ ਦੱਲ੍ਹਾ ਪਿੰਡ ਦਾ ਸਰਪੰਚ ਚੁਣਿਆ ਗਿਆ। ਪਿੰਡ ਦੇ ਛੋਟੇ ਮੋਟੇ ਕੰਮਾਂ ਅਤੇ ਝਗੜਿਆਂ ਲਈ ਨਿੱਤ ਪੁਲਿਸ ਥਾਣੀ ਅਤੇ ਜ਼ਮੀਨੀ ਸੌਦਿਆਂ ਵਿੱਚ ਤਹਿਸੀਲੀ ਚੱਕਰਾਂ ਨੇ ਦੱਲ੍ਹੇ ਨੂੰ ਵੀ ਆਪਣੇ ਪਿਉ ਵਾਂਗ ਪੁਲਿਸ ਦਾ ਟਾਊਟ ਅਤੇ ਲੋਕਾਂ ਸਿਰੋਂ ਖਾਣ ਪੀਣ, ਪੈਸੇ ਲੈ ਕੇ ਗਵਾਹੀ ਦੇਣ ਅਤੇ ਕਈ ਸੌਦਿਆਂ ਵਿੱਚੋਂ ਦਲਾਲੀ ਲੈ ਕੇ, ਮੁਰਦਾਰ ਖਾਣ ਦਾ ਚਸਕਾ ਲਾ ਦਿੱਤਾ। ਇਸ ਤਰ੍ਹਾਂ ਮਾਇਆ ਨਾਲ ਮਮਤਾ ਵਧਦੀ ਗਈ। ਇਸੇ ਦੌਰਾਨ ਦੱਲ੍ਹੇ ਦੀ ਹੋਈ ਔਲਾਦ, ਦਲਾਲੀ ਦੀ ਕਮਾਈ ਨਾਲ ਪਲ੍ਹੀ ਤੇ ਜਵਾਨ ਹੋਈ। ਦਲਾਲੀ ਦੀ ਕਮਾਈ ਦਸਾਂ ਨੌਹਾਂ ਵਾਲੀ ਯੋਗ ਕਿਰਤ ਤਾਂ ਹੁੰਦੀ ਨਹੀਂ, ਦਲਾਲੀ ਤਾਂ ਜੋਕ ਦੀ ਤਰ੍ਹਾਂ ਬਿਨ ਦਰਦ ਦਿੱਤੇ, ਚੂਸੇ ਖੂਨ ਦੀ ਤਰ੍ਹਾਂ ਹੀ ਹੁੰਦੀ ਹੈ। ਐਸੀ ਕਮਾਈ ਨੇ ਦੱਲ੍ਹੇ ਦੀ ਔਲਾਦ ਉਤੇ ਵੀ ਅਸਰ ਕੀਤਾ ਅਤੇ ਪਿਉ ਵਾਂਗ ਦੱਲ੍ਹੇ ਦੇ ਪੁੱਤ ਵੀ ਮੁਖਬਰੀ ਤੇ ਏਜੰਟੀ ਦਾ ਕਾਰੋਬਾਰ ਕਰਦਿਆਂ ਦਲਾਲੀ ਦੀ ਕਮਾਈ ਖਾਣ ਲੱਗੇ। ਧੋਖਾ-ਧੜੀ ਵਾਲੇ ਕੰਮਾਂ ਕਾਰਨ ਦੱਲ੍ਹੇ ਦੀ ਔਲਾਦ ਦਾ ਕਿਰਦਾਰ ਵੀ ਕਾਫੀ ਕਲੰਕਿਆ ਗਿਆ। ਸਿਆਣਿਆਂ ਦਾ ਕਥਨ ਹੈ ਕਿ “ਜਦ ਲਾਹ ਲਈ ਲੋਈ,ਫਿਰ ਕੀ ਕਰੂਗਾ ਕੋਈ” ਅਨੁਸਾਰ ਦੱਲ੍ਹੇ ਉਤੇ ਇਸ ਔਲਾਦੀ ਕਲੰਕਾਂ ਦਾ ਵੀ ਕੋਈ ਅਸਰ ਨਹੀ ਪਿਆ ਪਰ ਟਾਊਟ ਦਾ ਪੁੱਤ ਅਤੇ ਟਾਊਟ ਪੁੱਤਰਾਂ ਦਾ ਪਿਉ ਹੋਣ ਦਾ ਖਿਤਾਬ ਦੱਲ੍ਹੇ ਦੇ ਨਾਮ ਨਾਲ ਜਰੂਰ ਜੁੜ ਗਿਆ।

“ਬੱਲੇ ਸਰਪੰਚਾਂ” ਕਹਿ ਕੇ ਦੱਲ੍ਹੇ ਦੀ ਹਊਮੈ ਨੂੰ ਪੱਠੇ ਪਾਉਣ ਵਾਲੇ ਕੁਝ ਖਚਰੇ ਚਮਚਗੀਰ ਹਰ ਵੇਲੇ ਦੱਲ੍ਹੇ ਨਾਲ ਚੁੰਬੜੇ ਰਹਿੰਦੇ। ਜਿੱਥੇ ਦੱਲ੍ਹਾ ਹੋਰਾਂ ਕੋਲੋਂ ਦਲਾਲੀ ਲੈਣ ਦੇ ਨਾਲ ਭੋਜਨ ਪਾਣੀ ਛਕਦਾ ਉਥੇ ਨਾਲ ਹੀ ਦੱਲ੍ਹੇ ਦੇ ਚਮਚਿਆਂ ਨੂੰ ਵੀ ਮੁਫਤਖੋਰੀ ਦਾ ਛਾਂਦਾ ਮਿਲ ਜਾਂਦਾ। ਇਨ੍ਹਾਂ ਖਚਰਿਆਂ ਨਾਲ ਬੈਠਾ ਦੱਲ੍ਹਾ ਜਦ ਕਿਸੇ ਹੋਰ ਪ੍ਰਾਣੀ ਦਾ ਔਗੁਣ ਦੱਸਦਾ ਤਾਂ ਇਸ ਤਰਾਂ ਲੱਗਦਾ ਜਿਵੇਂ ਛਾਨਣੀ ਜੋ ਖੁਦ ਹਜ਼ਾਰਾਂ ਛੇਕਾਂ ਵਾਲੀ ਹੁੰਦੀ ਹੈ, ਸੂਈ ਵਿੱਚ ਇੱਕ ਛੇਕ ਹੋਣ ਦਾ ਔਗੁਣ ਦੱਸ ਰਹੀ ਹੋਵੇ।
 
ਦੱਲ੍ਹਾ ਸਰਪੰਚ ਜ਼ਰੂਰ ਸੀ, ਪਰ ਈਰਖਾਵਾਦੀ ਸੋਚ ਅਤੇ ਸੜੀਅਲ ਸੁਭਾ ਨਾ ਬਦਲ ਸਕਣ ਕਾਰਨ ਪਿੰਡ ਵਿੱਚ ਉਸਦੀ ਕੋਈ ਹੈਸੀਅਤ ਨਹੀ ਸੀ। ਕਿਸੇ ਪ੍ਰਾਣੀ ਦੀ ਹੋਈ ਕੋਈ ਤਰੱਕੀ, ਲੋਕ ਭਲਾਈ ਵਾਲੇ ਕਿਸੇ ਕਾਰਜ ਵਜੋਂ ਮਿਲੀ ਵਡਿਆਈ ਜਾਂ ਹੋਇਆ ਸਨਮਾਨ ਦੱਲ੍ਹੇ ਦੇ ਢਿੱਡ ਵਿੱਚ ਕੁੜੱਲ ਪਾਉਣ ਲੱਗਦਾ। ਜਿੰਨੀ ਦੇਰ ਈਰਖਾ ਤੇ ਨਫਰਤ ਦੀ ਭੜਾਸ ਦੀਆਂ ਉਲਟੀਆਂ ਨਾ ਆਉਣ, ਦੱਲ੍ਹੇ ਨੂੰ ਅਫਾਰਾ ਚੜ੍ਹਿਆ ਰਹਿੰਦਾ। ਆਖਰ ਸਾਰੇ ਪੰਚਾਂ ਨੇ ਸਲਾਹ ਕਰਕੇ ਦੱਲ੍ਹੇ ਨੂੰ ਸਰਪੰਚੀ ਦੇ ਅਹੁਦੇ ਤੋਂ ਹਟਾ ਕੇ ਪੰਚ ਰੱਖ ਲਿਆ। ਥਾਣੀਂ ਅਤੇ ਤਹਿਸੀਲੀ ਚੱਕਰਾਂ ਅਤੇ ਚਾਪਲੂਸੀ ਕਿਰਦਾਰ ਨੇ ਸਰਕਾਰੇ-ਦਰਬਾਰੇ ਕੁਝ ਵਾਕਫੀਅਤ ਜ਼ਰੂਰ ਬਣਾ ਦਿੱਤੀ ਸੀ। ਸਰਕਾਰੀ ਨੌਕਰੀ ਅਤੇ ਦਲਾਲੀ ਦੁਆਰਾ ਲੋਕਾਂ ਦੀ ਨਿਚੋੜੀ ਰੱਤ ਨਾਲ ਗੁਜ਼ਾਰਾ ਵਧੀਆ ਚੱਲੀ ਜਾਂਦਾ ਸੀ ਪਰ ਈਰਖਾ, ਹੰਕਾਰ ਤੇ ਸਾੜ੍ਹੇ ਦੀ ਸੜ੍ਹਿਹਾਂਦ ਆਮ ਆਦਮੀ ਨੂੰ ਨੇੜੇ ਨਹੀ ਆਉਣ ਦਿੰਦੀ। ਸਮਝਦਾਰ ਇਨਸਾਨ ਦੱਲ੍ਹੇ ਨਾਲ ਗੱਲਬਾਤ ਕਰਨ ਤੋਂ ਝਿਜਕਦੇ ਪਾਸਾ ਵੱਟ ਜਾਂਦੇ। ਉਹ ਜਾਣਦੇ ਹਨ ਕਿ ਸਿਆਣਿਆਂ ਦਾ ਕਥਨ ਹੈ ਕਿ “ਮੁਰਦਾ ਬੋਲੂ ਕੱਫਣ ਹੀ ਪਾੜੂ” ਦੀ ਤਰ੍ਹਾਂ ਕੋਈ ਸੁਚੱਜੀ ਗੱਲ ਤਾਂ ਦੱਲ੍ਹੇ ਦੇ ਮੂੰਹੋਂ ਨਿਕਲਣੀ ਨਹੀਂ। ਬੀਤੇ ਦੀਆਂ ਬਾਤਾਂ ਨੂੰ ਲੈ ਕੇ ਤਾਹਨੇ ਮਿਹਣੇ ਮਾਰਨ ਤੋ ਬਿਨਾਂ ਕੋਈ ਮਿਆਰੀ ਗੱਲ ਤਾਂ ਦੱਲ੍ਹੇ ਦੇ ਮੂੰਹੋ ਸੁਣਨ ਨੂੰ ਮਿਲਣੀ ਨਹੀਂ ਫਿਰ ਸਮਾਂ ਬਰਬਾਦ ਕਿਉਂ ਕਰੀਏ ? ਕਿਸੇ ਪਿੰਡ ਵਾਸੀ ਜਾਂ ਪ੍ਰਵਾਰ ਦੀ ਨਿੰਦਾ ਚੁਗਲੀ ਕਰਨ ਬਦਲੇ ਕਈ ਪੇਂਡੂ ਮੁੰਡੇ ਦੱਲ੍ਹੇ ਦੀ ਛਿੱਤਰ ਪਰੇਡ ਕਰਨ ਲਈ ਵੀ ਉਤਾਰੂ ਹੋ ਜਾਂਦੇ ਪਰ ਕੋਈ ਸੂਝਵਾਨ ਪ੍ਰਾਣੀ, ਤੱਤ ਵਿੱਚ ਆਏ ਪ੍ਰਾਣੀਆਂ ਨੂੰ ਸਮਝਾਉਦਾ, ਉਏ ਭੋਲਿਓ ਮਰੀ ਹੋਈ ਜ਼ਮੀਰ ਵਾਲਾ ਦੱਲ੍ਹਾ ਤਾਂ ੳਂੁਝ ਹੀ ਮਰਿਆ ਹੋਇਆ ਹੈ। ਉਸ ਮਰੇ ਹੋਏ ਦਾ ਕੀ ਮਾਰਨਾ। ਸ਼ਹਿਨਸ਼ੀਲਤਾ ਹੀ ਇਨਸਾਨੀਅਤ ਦਾ ਸਭ ਤੋ ਵੱਡਾ ਗੁਣ ਹੈ। ਆਮ ਪਿੰਡ ਵਾਸੀ ਦੱਲ੍ਹੇ ਦੀ ਮਾਨਸਿਕਤਾ ਤੋ ਜਾਣੂ ਹੋਣ ਕਾਰਨ ਉਸ ਨਾਲ ਨੇੜਤਾ ਨਾ ਵਧਾਉਂਦੇ। ਇੱਕ ਜਾਨ ਲੇਵਾ ਹਮਲੇ ਵਿੱਚ ਬਚਾ ਹੋ ਜਾਣ ਪਿੱਛੋਂ ਦੱਲ੍ਹਾ ਹਮੇਸ਼ਾਂ ਸਾਵਧਾਨ ਰਹਿੰਦਾ ਅਤੇ ਆਪਣੀ ਹਿਫਾਜ਼ਤ ਲਈ ਨਿੱਤ ਨਵੇਂ ਦੋਸਤਾਂ ਦੀ ਨੇੜਤਾ ਪ੍ਰਾਪਤੀ ਦੇ ਯਤਨ ਕਰਦਾ ਰਹਿੰਦਾ ਤਾਂ ਜੋ ਨਵੇਂ-2 ਰੰਗਰੂਟ ਉਸਦੀਆਂ ਚਿਕਨੀਆਂ ਚੋਪੜੀਆਂ ਸੁਣਕੇ ਉਸਦੇ ਨੇੜੇ ਆਉਣ ਪਰ ਹੰਕਾਰ ਵਾਲੀ ਸੜਿਹਾਂਦ ਨੂੰ ਮਹਿਸੂਸ ਕਰਦਿਆਂ ਹੀ ਪਰ੍ਹਾਂ ਹੋ ਜਾਂਦੇ। ਇੱਕ ਕਹਾਵਤ ਹੈ ਕਿ “ਬੀਬੀ ਦੀਆਂ ਮੇਲਣਾਂ, ਜੁਲਾਹੀਆਂ ਤੇ ਤੇਲਣਾਂ”। ਸਕੂਲੀ ਸਟਾਫ ਅਤੇ ਪੇਂਡੂ ਕਮੇਟੀ ਮੈਂਬਰਾਂ ਨਾਲ ਤਾਂ ਭਾਵੇਂ ਨਹੀਂ ਬਣੀ ਪਰ ਗੁਰੂਦਵਾਰੇ ਦੀ ਗੋਲਕ ਚੋਰ ਕਮੇਟੀ, ਦੱਲ੍ਹੇ ਨਾਲ ਹਰ ਸਮੇਂ ਘਿਉ-ਖਿਚੜੀ ਹੋਈ ਰਹਿੰਦੀ। ਝੂਠ, ਫਰੇਬ, ਹੇਰਾ ਫੇਰੀ, ਮੁਫਤਖੋਰ ਅਤੇ ਸ਼ੁਹਰਤ ਲੋਚ ਸੋਚ ਦੀ ਰਾਸ਼ੀ ਜੁ ਮਿਲ ਜਾਂਦੀ ਸੀ। ਗੁਰੂਦਵਾਰੇ ਦੇ ਪ੍ਰਬੰਧਕਾਂ ਦਾ ਤਾਂ ਫਰਜ਼ ਬਣਦਾ ਹੈ ਕਿ ਉਹ ਗੁਰ-ਉਪਦੇਸ਼ ਅਨੁਸਾਰੀ ਜੀਵਨ ਜਿਉਣ ਅਤੇ ਹੋਰਾਂ ਨੂੰ ਸਿਖਾਉਣ ਪਰ ਧੋਖੇਬਾਜ,ਝੂਠ ਤੇ ਕਿਰਦਾਰੋਂ ਗਿਰੇ ਹੋਏ ਦੱਲ੍ਹੇ ਨਾਲ ਗੁਰੂਦਵਾਰੇ ਦੇ ਪ੍ਰਬੰਧਕਾਂ ਦੀ ਨੇੜਤਾ, ਦੇਖਣ ਵਾਲਿਆਂ ਦੇ ਮਨਾਂ ਵਿੱਚ ਪ੍ਰਬੰਧਕਾਂ ਦੇ ਬਾਰੇ ਵੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦੀ ਹੈ। ਸਿਆਣਿਆਂ ਦਾ ਕਥਨ ਹੈ ਕਿ ਮੀਣੇ ਨੂੰ ਮੀਣਾ ਸੌ ਵਲ ਪਾ ਕੇ ਵੀ ਮਿਲ ਪੈਂਦਾ ਹੈ, ਇਸੇ ਤਰ੍ਹਾਂ ਚਰਨ ਜਿਸ ਨੂੰ ਸਾਰੇ ਚੌਰਾ ਕਹਿਕੇ ਹੀ ਬੁਲਾਉਦੇ ਸਨ, ਦੱਲ੍ਹੇ ਦਾ ਮੇਲੀ ਬਣ ਗਿਆ। ਪੱਤਰਕਾਰੀ ਦੇ ਫਰਜ਼ਾਂ ਤੋਂ ਬਿਲਕੁਲ ਅਣਜਾਣ ਹੋਣ ਦੇ ਬਾਵਜੂਦ ਇਹ ਚੌਰਾ, ਆਪਣੇ ਆਪ ਨੂੰ ਕਿਸੇ ਅਖਬਾਰ ਦਾ ਪੱਤਰਕਾਰ ਦੱਸਦਾ ਤੇ ਇਸ ਬਾਰੇ ਆਮ ਲੋਕ ਜਾਣਦੇ ਸਨ ਕਿ ਜਿਸ ਪਰਵਾਰ ਨਾਲ ਇਸ ਦੀ ਨੇੜਤਾ ਹੋਈ ਉਸੇ ਨਾਲ ਹੀ ਇਸ ਨੇ ਵਿਸ਼ਵਾਸ਼ਘਾਤ ਕੀਤਾ ਜਾਂ ਇੰਝ ਕਹਿ ਲਵੋ ਕਿ ਜਿਸ ਥਾਲੀ ਵਿੱਚ ਖਾਧਾ, ਉਸੇ ਵਿੱਚ ਛੇਕ
ਕੀਤੇ। ਦੱਲ੍ਹਾ ਤੇ ਚੌਰਾ ਆਪਸੀ ਨੇੜਤਾ ਬਣਾਈ ਰੱਖਣ ਲਈ ਇੱਕ ਦੂਜੇ ਦੇ ਫੁਕਰੇਪਨ ਦੀਆ ਸਿਫਤਾਂ ਕਰਦੇ ਨਾ ਥੱਕਦੇ। ਇੰਨ੍ਹਾਂ ਦਾ ਮੇਲ ਦੇਖ ਕੇ ਦੋਵਾਂ ਬਾਰੇ ਜਾਣੂ ਲੋਕ ਕਹਿ ਦਿੰਦੇ, ਦੋ ਖੜੱਪਿਆ ਦਾ ਜੋੜ ਪਿਆ ਹੈ, ਦੇਖਦੇ ਹਾਂ ਸੱਪ ਨੂੰ ਸੱਪ ਲੜ੍ਹੇ ਤੇ ਜ਼ਹਿਰ ਕਿਸਨੂੰ ਚੜ੍ਹੇ ਦਾ ਕੀ ਨਤੀਜਾ ਨਿਕਲਦਾ ਹੈ। ਇਹ ਵੀ ਕਿਸੇ ਖਾਸ ਘਟਣ ਵਾਲੀ ਘਟਨਾ ਦਾ ਸੰਕੇਤ ਹੀ ਕਿਹਾ ਜਾ ਸਕਦਾ ਹੈ ਕਿ ਦੱਲ੍ਹਾ, ਚੌਰਾ ਤੇ ਇਨ੍ਹਾਂ ਦਾ ਇੱਕ ਬੇਲੀ ਗੁਰੂ ਘਰ ਦਾ ਪ੍ਰਬੰਧਕ, ਤਿੰਨ੍ਹੋ ਹੀ ਅੱਖੋਂ ਚੱਕਰੇ ਹਨ। ਪਤਾ ਨਹੀ ਇਸ ਤਿੱਕੜੀ ਦਾ ਮੇਲ ਪਿੰਡ ਉਤੇ ਕੀ ਆਫਤ ਲਿਆਵੇਗਾ। 

ਮੂੰਹ ਦੇ ਮਿੱਠੇ ਤੇ ਮੀਸਣੇ ਠੱਗ, ਦੱਲ੍ਹੇ ਦੇ ਹੱਥੇ ਜੋ ਵੀ ਚੜ੍ਹਿਆ ਭਾਵੇਂ ਗਰੀਬ ਜਾਂ ਅਮੀਰ, ਕੋਈ ਨਿਆਸਰੀ ਵਿਧਵਾ ਔਰਤ ਹੋਵੇ ਜਾਂ ਕੋਈ ਸ਼ਰੀਫ ਇਨਸਾਨ, ਉਸਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ। ਦੋ ਕੁ ਵਿਧਵਾ ਔਰਤਾਂ ਦੀ ਮੱਦਦ ਕਰਨ ਦੇ ਬਹਾਨੇ ਦੱਲ੍ਹੇ ਨੇ ਉਹਨਾਂ ਦੇ ਬੈਂਕ ਖਾਤੇ ਹੀ ਸਾਫ ਕਰ ਦਿੱਤੇ ਸੀ ਅਤੇ ਆਪਣੇ ਉਤੇ ਕੋਈ ਆਂਚ ਵੀ ਨਹੀਂ ਆਉਣ ਦਿੱਤੀ। ਆਪਣੇ ਤਕੜੇ ਕੱਦ ਕਾਠ ਵਾਲੀ ਪਤਨੀ ਦੇ ਹੁੰਦਿਆ, ਵਿਧਵਾ ਔਰਤਾਂ ਉਤੇ ਡੋਰੇ ਪਾਉਣ ਵਿੱਚ ਵੀ ਦੱਲ੍ਹੇ ਨੂੰ ਖਾਸ ਨਿਪੁੰਨਤਾ ਹਾਸਿਲ ਸੀ ਅਤੇ ਇਸੇ ਨਿਪੁੰਨਤਾ ਦੇ ਨਾਲ ਇਸ ਨੇ ਇੱਕ ਦੋ ਰਖੈਲਾਂ ਵੀ ਬਣਾ ਲਈਆਂ ਸਨ। ਜਿਨ੍ਹਾਂ ਨੂੰ ਇਹ ਮੇਰੀ ਜਾਨ ਕਹਿਕੇ ਬੁਲਾਉਂਦਾ, ਦੱਲ੍ਹਾ ਮੀਸਣਾ ਹਾਸਾ ਹੱਸਦਾ ਅਤੇ ਇਨ੍ਹਾਂ ਰਾਹੀਂ ਕਈ ਨਜਾਇਜ਼ ਕੰਮ ਵੀ ਕਰਵਾ ਲੈਂਦਾ। ਧੋਖਾ-ਧੜੀ ਅਤੇ ਮਿੱਤਰ-ਮਾਰ ਕਰਨੀ, ਦੱਲ੍ਹੇ ਦਾ ਤਾਂ ਪੇਸ਼ਾ ਬਣ ਚੁੱਕਾ ਸੀ ਪਰ ਜੋ ਜਾਣੇ ਅਣਜਾਣੇ ਉਸ ਦੀਆਂ ਮਕ੍ਹਾਰੀ ਚਾਲਾਂ ਵਿੱਚ ਫਸਦੇ ਉਨ੍ਹਾਂ ਨੂੰ ਵੀ ਤਾਂ ਅਕਲੋਂ ਹੀਣੇ ਹੀ ਕਹਿ ਸਕਦੇ ਹਾਂ। ਦੱਲ੍ਹੇ ਦੇ ਆਪਣੇ ਘਰ ਪਰਵਾਰ ਵਿੱਚੋ ਤਾਂ ਸੁੱਖ ਸ਼ਾਂਤੀ ਰੁੱਸ ਕੇ ਚਲੇ ਗਈ ਸੀ ਪਰ ਕਿਸੇ ਦੇ ਘਰ ਦੀ ਸੁੱਖ-ਸ਼ਾਂਤੀ ਦੱਲ੍ਹੇ ਤੋਂ ਬਿਲਕੁਲ ਨਹੀਂ ਸੀ ਝੱਲੀ ਜਾਂਦੀ। ਜਿਸ ਦੀ ਆਪਣੇ ਪਿੰਡ, ਸ਼ਰੀਕੇ ਜਾਂ ਸਮਾਜ ਵਿੱਚ ਕੋਈ ਪੁੱਛ ਨਾ ਹੋਵੇ ਉਹ ਹੋਰਾਂ ਉਤੇ ਆਪਣੀ ਬੇਸ਼ਰਮੀ ਦਾ ਨਜ਼ਲਾ ਝਾੜਦਿਆਂ, ਈਰਖਾ ਅਗਨੀ ਵਿੱਚ ਸੜ ਭੁੱਜ ਰਹੇ ਮਨ ਨੂੰ ਸ਼ਾਂਤ ਕਰਨ ਵਾਸਤੇ ਅਤੇ ਹੋਰਾਂ ਨੂੰ ਮਾਨਸਿਕ ਤਣਾਅ ਦੇਣ ਲਈ, ਇਨਸਾਨੀਅਤ ਤੋਂ ਗਿਰੀਆਂ ਹੋਈਆਂ ਕੋਝੀਆ ਹਰਕਤਾਂ ਕਰਨ ਵੱਲੋਂ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਕਰਦਾ। 

ਅਚਾਨਕ ਦੱਲ੍ਹੇ ਦੇ ਬਚਪਨ ਦੇ ਸਾਥੀ ਸੁੱਚੇ ਉਤੇ ਇੱਕ ਸਰਕਾਰੀ ਕੇਸ ਬਣਿਆ ਤਾਂ ਦੱਲ੍ਹਾ ਉਸ ਦੇ ਵਿਰੁੱਧ ਸਰਕਾਰੀ ਗਵਾਹ ਬਣ ਗਿਆ। ਸੁੱਚਾ ਮਿੰਨਤ ਤਰਲਾ ਕਰਨ ਦੱਲ੍ਹੇ ਦੇ ਘਰ ਗਿਆ, “ਮੈਂ ਤੇਰਾ ਬਚਪਨ ਦਾ ਦੋਸਤ ਹਾਂ, ਮੈਂ ਤੇਰਾ ਕੀ ਵਿਗਾੜਿਆ ਹੈ ਜਿਸ ਕਰਕੇ ਮੇਰੇ ਵਿਰੁੱਧ ਤੂੰ ਗਵਾਹੀ ਦੇਣ ਲਈ ਤਿਆਰ ਹੋ ਗਿਆ ਏਂ”।

ਅੱਗੋਂ ਬੇਸ਼ਰਮੀ ਵਾਲਾ ਹਾਸਾ ਹੱਸਦਿਆਂ ਦੱਲ੍ਹਾ ਬੋਲਿਆ, “ਕਿਉਂ ਚੇਤਾ ਭੁੱਲ ਗਿਆ, ਜਦ ਤੂੰ ਤੀਜੀ ਜਮਾਤ ਵਿੱਚ ਪੜ੍ਹਦਿਆਂ ਇੱਕ ਵੇਰ ਮੇਰੇ “ਢੂਏ” ‘ਤੇ ਚੂੰਢੀ ਵੱਢੀ ਸੀ। ਤੇਰਾ ਕੀ ਖਿਆਲ ਹੈ ਮੈਂ ਉਸ ਚੂੰਢੀ ਨੂੰ ਭੁੱਲ ਗਿਆ ਹਾਂ”?

ਸੁੱਚਾ ਬੋਲਿਆ, “ਉਏ ਦੱਲ੍ਹਿਆ ਤੈਨੂੰ ਮੇਰੀ ਤੀਜੀ ਜਮਾਤ ਵਿੱਚ ਪੜ੍ਹਦੇ ਦੀ ਵੱਢੀ ਚੂੰਢੀ ਤਾਂ ਚੇਤੇ ਹੈ ਪਰ ਤੈਨੂੰ ਸਰਪੰਚ ਬਨਾਉਣ ਵੇਲੇ ਮੇਰੇ ਅਤੇ ਮੇਰੇ ਦੋਸਤਾਂ ਵੱਲੋ ਕੀਤੀ ਏਨੀ ਮੱਦਦ ਭੁੱਲ ਗਈ”?

ਉਸੇ ਬੇਸ਼ਰਮੀ ਮੁਸਕਰਾਹੁਟ ਵਾਲੇ ਲਹਿਜੇ ਵਿੱਚ ਦੱਲ੍ਹਾ ਫਿਰ ਬੋਲਿਆ, “ਤੈਂ ਮੈਨੂੰ ਸਰਪੰਚ ਬਣਾਉਣ ਲਈ ਜੋ ਦੌੜ ਭੱਜ ਕੀਤੀ ਸੀ, ਕੱਲ ਨੂੰ ਉਸਦਾ ਕੋਈ ਮਿਹਣਾ ਨਾ ਮਾਰੇ, ਇਸ ਲਈ ਤੇਰੀਆ ਜੜ੍ਹਾਂ ਵੱਢਣ ਲਈ ਸਰਕਾਰੀ ਗਵਾਹ ਬਣਿਆ ਹਾਂ”।

“ਦੱਲ੍ਹਿਆ ! ਲੱਖ ਲਾਹਨਤ ਹੈ ਤੇਰੀ ਸੋਚ ‘ਤੇ, ਜਿਸ ਨੂੰ ਅੱਜ ਦੀ ਕੀਤੀ ਮੱਦਦ ਭੁੱਲ ਗਈ ਅਤੇ ਵਿਹਾਏ ਵਕਤ ਦੀਆਂ ਬਾਤਾਂ ਦੀ ਆੜ ਵਿੱਚ ਬਦਲਾ ਲੈਣਾਂ ਤੈਨੂੰ ਨਹੀਂ ਭੁੱਲਦਾ। ਮੈਂ ਸਮਝਦਾ ਸੀ ਕਿ ਪੜ੍ਹਿਆ ਹੋਣ ਕਾਰਨ ਸ਼ਾਇਦ ਸਿਆਣੀ ਉਮਰੇ ਤੈਨੂੰ ਕੁਝ ਅਕਲ ਆ ਜਾਵੇਗੀ ਪਰ ਤੂੰ ਤਾਂ ਮੂਰਖਤਾ ਵਾਲੀ ਹਰ ਹੱਦ ਪਾਰ ਕਰ ਗਿਆ” ਕਹਿ ਕੇ ਵਿਚਾਰਾ ਸੁੱਚਾ ਉਠ ਤੁਰਿਆ ਤੇ ਬੁੜ-ਬੁੜਾਉਦਾ ਕਹਿਣ ਲੱਗਾ, “ਇਹ ਦੱਲ੍ਹਾ, ਦੱਲ੍ਹਾ ਹੀ ਰਿਹਾ । ਉਮਰ ਦੇ ਸੱਤ ਦਹਾਕੇ ਹੰਢਾ ਕੇ ਵੀ ਦਿਲਾਵਰ ਨਹੀ ਬਣ ਸਕਿਆ”।

ਇਸ ਦੱਲ੍ਹੇ ਵਰਗਿਆ ਨੂੰ ਦੇਖ ਕੇ ਹੀ ਤਾਂ ਕੁਰਲਾ ਉਠਿਆ ਸੀ ਪੰਜਾਬ ਦਾ ਕਵੀ, “ਵਾਰਸ਼ ਸ਼ਾਹ ਨਾ ਜਾਂਦੀਆ ਆਦਤਾਂ ਨੇ,ਭਾਵੇਂ ਕੱਟੀਏ ਪੋਰੀਆ-ਪੋਰੀਆ ਜੀ” ।

****


No comments: