Showing posts with label ਮਨਦੀਪ ਖੁਰਮੀ. Show all posts
Showing posts with label ਮਨਦੀਪ ਖੁਰਮੀ. Show all posts

ਨੌਜ਼ਵਾਨ ਸ਼ਾਇਰ ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸਿ਼ੰਦਿਓ”.......... ਪੁਸਤਕ ਰਿਵੀਊ / ਮਨਦੀਪ ਖੁਰਮੀ ਹਿੰਮਤਪੁਰਾ


ਲੇਖਕ- ਹਰਮਨਦੀਪ ਚੜ੍ਹਿੱਕ
ਪ੍ਰਕਾਸ਼ਕ:- ਅਦਾਰਾ ਭਵਿੱਖ, ਸ਼ਹੀਦ ਨਛੱਤਰ ਸਿੰਘ ਭਵਨ, ਮੋਗਾ।
ਕੀਮਤ- 100 ਰੁਪਏ
ਕਹਿੰਦੇ ਹਨ ਕਿ "ਬੋਹੜ ਦੇ ਹੇਠਾਂ ਬੋਹੜ ਨਹੀਂ ਉੱਗਦਾ।" ਪਰ ਮੇਰਾ ਖਿਆਲ ਹੈ ਕਿ ਬੋਹੜ ਦੇ ਹੇਠਾਂ ਬੋਹੜ ਬੀਜਣ ਵਰਗਾ ਬਚਕਾਨਾ ਕੰਮ ਕਰਨਾ ਵੀ ਇੱਕ ਨਿੱਕੇ ਬੂਟੇ ਦੇ ਬਚਪਨ ਨੂੰ ਦਾਬੇ ਹੇਠ ਰੱਖਣ ਵਾਂਗ ਹੀ ਹੋਵੇਗਾ। ਇਸ ਤਜ਼ਰਬੇ ਨਾਲੋਂ ਤਾਂ ਇਹੀ ਬਿਹਤਰ ਹੋਵੇਗਾ ਕਿ ਪਹਿਲਾਂ ਤੋਂ ਛਾਂ ਦੇ ਰਹੇ ਬੋਹੜ ਤੋਂ ਕੁਝ ਦੂਰੀ 'ਤੇ ਹੀ ਉਸ 'ਮਿੰਨੀ ਬੋਹੜ' ਨੂੰ ਲਗਾਇਆ ਜਾਵੇ ਤਾਂ ਜੋ ਉਹ ਵੀ ਆਪਣੇ 'ਬਜ਼ੁਰਗ ਬੋਹੜ' ਵਾਂਗ ਸੰਘਣੀ ਛਾਂ ਦੇ ਸਕੇ। ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕਾਵਿ-ਪੁਸਤਕ "ਨਵੀਂ ਦੁਨੀਆ ਦੇ ਬਾਸਿ਼ੰਦਿਓ" ਪੜ੍ਹਦਿਆਂ ਅਹਿਸਾਸ ਹੋਇਆ ਹੈ ਕਿ ਜੇ ਬਾਪੂ ਦਰਸ਼ਨ ਸਿੰਘ 'ਟੂਟੀ' ਨੌਕਰੀ ਤੋਂ ਸੇਵਾਮੁਕਤ ਹੋ ਕੇ ਵੀ ਪੰਜਾਬ ਦੇ ਰੋਡਵੇਜ ਕਾਮਿਆਂ ਦੇ ਹੱਕਾਂ ਲਈ ਲੜਦਾ ਆ ਰਿਹਾ ਹੈ ਉੱਥੇ ਉਸ 'ਪਿਓ ਬੋਹੜ' ਤੋਂ ਹਜਾਰਾਂ ਮੀਲਾਂ ਦੀ ਦੂਰੀ 'ਤੇ ਬੈਠਾ ਹਰਮਨਦੀਪ ਵੀ ਆਪਣੀ ਕਲਮ ਰਾਹੀਂ ਕਿਰਤੀਆਂ ਨੂੰ ਨਵੀਂ ਸੇਧ ਦੇਣ ਦੀ ਕੋਸਿ਼ਸ਼ ਕਰਦਾ ਹੋਇਆ ਲਿਖਦਾ ਹੈ ਕਿ-
ਨਵੇਂ ਯੁਗ ਦੀ ਦੁਨੀਆਂ ਦੇ ਬਾਸਿ਼ੰਦਿਓ
....ਅੱਜ ਧਰਤੀ ਤੇ ਚੰਨ
ਸਾਡੀ ਪਹੁੰਚ ਵਿੱਚ ਹਨ
ਆਓ! ਅੱਜ ਅਸੀਂ
ਬ੍ਰਹਿਮੰਡ ਤੋਂ ਅੱਗੇ ਦੀਆਂ
ਉਦਾਸੀਆਂ ਕਰਨ ਲਈ ਤੁਰੀਏ।

ਭੀਰੀ ਐਂਡ ਪਾਰਟੀ ਦੀ ਦੀਵਾਲੀ.......... ਵਿਅੰਗ / ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

ਪਤਾ ਨਹੀਂ ਭੀਰੀ ਤੇ ਭਾਂਬੜ ਕਿੱਧਰੋਂ ਗੇਂਦੇ ਦੇ ਫੁੱਲ ਤੋੜ ਲਿਆਏ ਸਨ। ਬੱਸ ਅੱਡੇ ਵਾਲੇ ਤਖਤਪੋਸ਼ ਦੇ ਆਸੇ ਪਾਸੇ ਬੌਹਕਰ ਮਾਰ ਕੇ ਪਾਣੀ ਦਾ ਛਿੜਕਾਅ ਵੀ ਕਰੀ ਬੈਠੇ ਸਨ। ਨਲਕਾ ਗੇੜਦੇ ਦਾ ਭਾਂਬੜ ਦਾ ਸਾਹ ਚੜ੍ਹਿਆ ਪਿਆ ਸੀ ਤੇ ਭੀਰੀ ਦੇ ਗਿੱਲੇ ਕੱਪੜੇ ਦੱਸ ਰਹੇ ਸਨ ਕਿ ਉਹਨੇ ਹੀ ਛਿੜਕਾਅ ਕੀਤਾ ਹੋਣੈ। ਪਤੰਦਰਾਂ ਨੇ ਤਖਤਪੋਸ਼ ਦੇ ਉੱਪਰ ਗੇਂਦੇ ਦੇ ਫੁੱਲ ਟੀਲ੍ਹੇ ਤੋਂ ਸਾਈਕਲਾਂ ਦੇ ਚੱਕਿਆਂ ਵਾਲੀਆਂ ਤਾਰਾਂ ‘ਚ ਪਰੋ ਪਰੋ ਕੇ ਇਉਂ ਟੰਗ ਦਿੱਤੇ ਸਨ ਜਿਵੇਂ ਕਿਸੇ ਸਾਧ ਨੇ ਆਵਦਾ ‘ਭੋਰਾ’ ਸਿ਼ੰਗਾਰਿਆ ਹੋਵੇ। ਗੇਂਦੇ ਦੇ ਫੁੱਲਾਂ ‘ਚੋਂ ਟੋਕਰੇ ਭਰ ਭਰ ਮਹਿਕ ਦੇ ਆ ਰਹੇ ਸਨ। ਤਖਤਪੋਸ਼ ਕਿਸੇ ਛੜੇ ਡਰੈਵਰ ਦੇ ਟਰੱਕ ਵਾਂਗੂੰ ਲਿਸ਼ਕਾਂ ਮਾਰ ਰਿਹਾ ਸੀ।
-“ਭੀਰੀ! ਕੀ ਗੱਲ ਅੱਜ ਕਿਹੜੇ ਬਾਬੇ ਨੇ ਹਾਥੀ ਲੈ ਕੇ ਲੰਘਣੈ? ਐਨਾ ਛਿੜਕ ਛਿੜਕਾਅ ਕਰੀ ਜਾਨੇ ਹੋਂ? ਬੰਬ ਬੁਲਾਏ ਪਏ ਆ ਬਈ ਸਫਾਈ ਵਾਲੇ ਅੱਜ ਤਾਂ।”, ਸੂਬੇਦਾਰ ਜਸਵੰਤ ਸਿਉਂ ਨੇ ਆਪਣੇ ਅੰਦਾਜ਼ ‘ਚ ਕਿਹਾ।
-“ਸੂਬੇਦਾਰ ਸਾਬ੍ਹ! ਕਿਸੇ ਬਾਬੇ ਬੂਬੇ ਨਾਲ ਆਪਣੀ ਮੀਚਾ ਨੀ ਮਿਲਦੀ। ਬਾਕੀ ਕੁੱਤਾ ਵੀ ਪੂਛ ਮਾਰਕੇ ਬਹਿੰਦੈ, ਆਪਾਂ ਤਾਂ ਫੇਰ ਬੰਦੇ ਆਂ। ਅਸੀਂ ਆਖਿਆ ਵਰ੍ਹੇ ਦਿਨਾਂ ਦੇ ਦਿਨ ਆ, ਚੱਲੋ ਰਾਂਝਾ ਰਾਜ਼ੀ ਕਰ ਲੈਨੇ ਆਂ।”, ਭੀਰੀ ਨੇ ਸੂਬੇਦਾਰ ਸਾਬ੍ਹ ਨੂੰ ਬੜੀ ਹਲੀਮੀ ਨਾਲ ਜਵਾਬ ਦਿੱਤਾ।

ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ.......... ਰੀਵਿਊ / ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

ਬੀਤੇ ਦਿਨੀਂ ਪੰਜਾਬੀ ਦੀ ਇੱਕ ਫਿਲਮ 'ਸਿਰਫਿਰੇ' ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਪੰਜਾਬ ਦੀ ਧਰਤੀ ਤੋਂ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਦੇ ਨਾਂ 'ਤੇ ਬਣਾਈ ਇਸ 'ਪਰਿਵਾਰਕ' ਦੱਸੀ ਜਾਂਦੀ ਫਿਲਮ ਦੀ ਟੀਮ ਦੀ ਪਤਾ ਨਹੀਂ ਕੀ ਮਜ਼ਬੂਰੀ ਹੋਵੇਗੀ ਕਿ ਪੂਰੀ ਫਿਲਮ ਵਿੱਚ ਕਿਸੇ ਡਾਇਰੈਕਟਰ, ਪ੍ਰੋਡਿਊਸਰ ਜਾਂ ਕਲਾਕਾਰ ਆਦਿ ਦਾ ਨਾਂ ਵੀ ਪੰਜਾਬੀ ਵਿੱਚ ਨਹੀਂ ਦਿਖਾਈ ਦਿੱਤਾ। ਸ਼ੁਰੂਆਤ ਦੇਖ ਕੇ ਇਉਂ ਲਗਦੈ ਜਿਵੇਂ ਇਹ ਪੰਜਾਬੀ ਫਿਲਮ ਸ਼ੁੱਧ ਗੋਰਿਆਂ ਨੂੰ ਹੀ ਦਿਖਾਉਣ ਲਈ ਬਣਾਈ ਹੋਵੇ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਪਰਿਵਾਰਕ ਫਿਲਮ ਹੋਣ ਦਾ ਭਰਮ ਪਹਿਲੇ ਚਾਰ ਕੁ ਮਿੰਟ ਦੀ ਫਿਲਮ ਲੰਘਣ 'ਤੇ ਹੀ ਟੁੱਟ ਜਾਂਦੈ ਜਦੋਂ ਇੱਕ ਅੱਧਢਕੀ ਜਿਹੀ ਬੀਬੀ ਦੇ ਪੱਟਾਂ 'ਤੇ ਕੈਮਰਾ ਘੁਮਾਇਆ ਜਾਂਦੈ ਤੇ ਤਿੰਨ ਮੁਸ਼ਟੰਡੇ ਉਹਨੂੰ ਪੁਰਜਾ, ਮੋਟਰ, ਬੰਬ ਅਤੇ 'ਚੈੱਕ ਤਾਂ ਕਰੀਏ ਮੋਟਰ ਕਿੰਨੇ ਹਾਰਸ ਪਾਵਰ ਦੀ ਆ' ਆਦਿ ਨਾਵਾਂ ਨਾਲ ਪੁਕਾਰਦੇ ਹਨ ਤੇ ਬੀਬੀ ਵੀ ਮੁੰਡਿਆਂ ਨੂੰ 'ਸਾਲਿਆਂ' ਸ਼ਬਦ ਨਾਲ ਸੰਬੋਧਨ ਕਰਦੀ ਹੋਈ ਚਕਮਾ ਸਿੱਧੀ ਫਿਲਮ ਦੇ ਇੱਕ ਹੀਰੋ ਪ੍ਰੀਤ ਦੇ ਦਰਵਾਜੇ ਮੂਹਰੇ ਮੋਟਰਸਾਈਕਲ ਦੀ 'ਟੀ-ਟੀ' ਮਾਰਦੀ ਐ ਤੇ ਹੀਰੋ ਸਾਬ੍ਹ ਮੋਟਰਸਾਈਕਲ 'ਤੇ ਬਹਿੰਦਿਆਂ ਹੀ ਬੀਬੀ ਦੇ ਪਿੰਡੇ 'ਤੇ ਐਨਾ ਕੁ ਰਗੜ ਕੇ ਹੱਥ ਫੇਰਦੇ ਹਨ ਜਿੰਨਾ ਸ਼ਾਇਦ ਕੋਈ ਕਾਮਾ ਲੋਹੇ ਤੋਂ ਜੰਗਾਲ ਲਾਹੁਣ ਲੱਗਾ ਰੇਗਮਾਰ ਵੀ ਨਾ ਮਾਰੇ। ਫਿਰ ਕਾਲਜ ਪਹੁੰਚ ਕੇ ਹੀਰੋ ਸਾਬ੍ਹ 'ਤੇ ਉਹਨਾਂ ਦੀ ਜੁੰਡਲੀ ਜਿਆਦਾਤਰ ਪੰਜਾਬੀ ਫਿਲਮਾਂ ਦੀ ਰੀਸੇ ਅਧਿਆਪਕ ਨੂੰ ਬੁੱਧੂ ਬਣਾਉਂਦੀ ਹੈ। 'ਕੁੜੀ 'ਚ ਕਰੰਟ ਤਾਂ ਪੂਰਾ' 'ਮਿਰਚੀ ਵੀ ਕੁਛ ਜਿਆਦਾ ਈ ਲਗਦੀ ਆ' ਫਿਕਰਿਆਂ ਦੇ ਨਾਲ ਨਾਲ ਸ਼ੁਰੂ ਹੁੰਦੀ ਐ ਕਾਲਜੀਏਟ ਮੁੰਡਿਆਂ ਵੱਲੋਂ ਫਲੈਟ ਵਿੱਚ ਬੀਅਰਾਂ ਪੀਣ, 'ਦੂਜਾ ਸਮਾਨ' ਤੇ ਰਾਤ ਨੂੰ ਮੁੰਡਿਆਂ ਕੋਲ ਬਿਸਤਰ ਗਰਮ ਕਰਾਉਣ ਆਈ ਬੀਬੀ ਬਾਰੇ ਬੇਲੋੜੀ ਚਰਚਾ।

ਮੂਰਖ਼ਸਤਾਨ ਦੇ ਪ੍ਰਧਾਨ ਮੰਤਰੀ ਰਜਿੰਦਰ ਰਿਖੀ ਨਾਲ ਵਿਸ਼ੇਸ਼ ਮੁਲਾਕਾਤ........ਮੁਲਾਕਾਤ / ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਮੂਰਖ ਦਿਵਸ 'ਤੇ ਵਿਸ਼ੇਸ਼ 
ਪਿਆਰੇ ਪਾਠਕ ਜੀਓ, ਜਿਵੇਂ ਕਿ ਹਰ ਕਿਸੇ ਦੇ ਮਨ 'ਚ ਇਹੀ ਹੁੰਦੈ ਕਿ ਮੈਂ ਹੀ ਬਹੁਤ ਸਿਆਣਾ ਹਾਂ। ਹਰ ਉਸ ਸਿਆਣੇ ਨੂੰ ਵਹਿਮ ਹੁੰਦੈ ਕਿ ਦੁਨੀਆ ਸਿਰਫ਼ ਡੇਢ ਬੰਦੇ ਦੀ ਬਣੀ ਹੋਈ ਐ। ਆਪਣਾ ਆਪ ਸਾਬਤਾ ਸਬੂਤਾ ਅਤੇ ਬਾਕੀ ਦੀ ਦੁਨੀਆ ਅੱਧ-ਪਚੱਧੀ ਹੀ ਨਜ਼ਰੀਂ ਪੈਂਦੀ ਐ। ਇਸ ਸਿਆਣਿਆਂ ਦੀ ਦੁਨੀਆ ਵਿੱਚ ਕੋਈ ਆਪਣੇ ਆਪ ਨੂੰ ਖੁਦ ਹੀ ਮੂਰਖ ਆਖੇ, ਸ਼ਾਇਦ ਇਹ ਗੱਲ ਵੀ ਹਾਸੋਹੀਣੀ ਜਿਹੀ ਲੱਗੇ ਪਰ ਇਹ ਆਪਣੇ ਆਪ ਵਿੱਚ ਵਡੱਪਣ ਹੈ। ਆਪਣੇ ਆਪ ਨੂੰ ਮੂਰਖ ਅਖਵਾਉਣਾ ਵੀ ਫਰਾਖ਼ਦਿਲੀ ਦਾ ਸਬੂਤ ਹੋ ਸਕਦੈ। ਅਪ੍ਰੈਲ ਮਹੀਨੇ ਦਾ ਪਹਿਲਾ ਦਿਨ ਹੀ ਮੂਰਖਾਂ ਦੇ ਦਿਨ ਵਜ਼ੋਂ ਜਾਣਿਆ ਜਾਂਦੈ... ਦਿਲ ਕਰਦਾ ਸੀ ਕਿ ਇਸ ਦਿਨ 'ਤੇ ਕਿਸੇ ਮਹਾਂ-ਮੂਰਖ ਨੂੰ ਤੁਹਾਡੇ ਰੂ-ਬ-ਰੂ ਕਰਵਾਇਆ ਜਾਵੇ। ਆਓ ਮਿਲਾਵਾਂ ਤੁਹਾਨੂੰ "ਇਡੀਅਟ" ਕਲੱਬ ਰਈਆ ਦੇ ਜਿ਼ੰਦਗੀ ਭਰ ਲਈ ਆਪੇ ਬਣੇ ਪ੍ਰਧਾਨ ਰਜਿੰਦਰ ਰਿਖੀ ਜੀ ਨਾਲ:

ਇੱਕ ਖ਼ਤ....ਪੰਜਾਬੀ ਗਾਇਕੀ 'ਚ 'ਬੁਰੀ ਤਰ੍ਹਾਂ' ਛਾ ਚੁੱਕੀ 'ਕੁਆਰੀ ਬੀਬੀ' ਦੇ ਨਾਂ............ ਲੇਖ / ਮਨਦੀਪ ਖੁਰਮੀ ਹਿੰਮਤਪੁਰਾ



ਭਾਈ ਕੁੜੀਏ...! ਬੜੀ ਦੇਰ ਤੋਂ ਤੇਰੇ ਵੱਲੋਂ ਗਾਇਕੀ ਦੇ ਨਾਂਅ 'ਤੇ ਪਾਈ ਜਾਂਦੀ ਕਾਵਾਂ ਰੌਲੀ ਨੂੰ ਸੁਣਦਾ ਆ ਰਿਹਾ ਹਾਂ। ਕੋਈ ਵਿਸ਼ਾ ਨਹੀਂ ਛੱਡਿਆ ਤੂੰ ਮਾਂ ਦੀਏ ਧੀਏ, ਗਾਉਣ ਵੱਲੋਂ । ਪਹਿਲਾਂ ਤਾਂ ਕੰਪਨੀਆਂ ਵਾਲੇ ਪੱਲਿਓਂ ਪੈਸੇ ਦੇ ਕੇ ਆਪਦੀਆਂ ਚੀਜਾਂ ਦੀ ਮਸ਼ਹੂਰੀ ਕਰਦੇ ਹੁੰਦੇ ਸੀ, ਪਰ ਤੂੰ ਤਾਂ ਸਕੂਟਰੀਆਂ, ਮੋਟਰ ਸਾਈਕਲਾਂ, ਟਰੈਕਟਰਾਂ ਇੱਥੋਂ ਤੱਕ ਕਿ ਮੋਬਾਈਲ ਫੋਨਾਂ ਦੀ ਵੀ ਮੁਫ਼ਤੋ-ਮੁਫ਼ਤੀ ਮਸ਼ਹੂਰੀ ਕਰ ਛੱਡੀ ਹੈ । ਆਪਣੀ ਗਾਇਕੀ ਦੇ ਜੌਹਰ ਦਿਖਾਉਣ ਦੇ ਨਾਲ-ਨਾਲ ਕੋਈ ਕਸਰ ਨਹੀਂ ਛੱਡੀ ਕੁੜੀਆਂ ਨੂੰ 'ਮਾਸ਼ੂਕਾਂ' ਦਰਸਾਉਣ 'ਚ ਵੀ! ਸੰਗੀਤ ਤਾਂ ਰੂਹ ਦੀ ਖੁਰਾਕ ਮੰਨਿਆ ਜਾਂਦੈ, ਪਰ ਥੋਡੇ ਵੱਲੋਂ ਪਰੋਸਿਆ ਜਾ ਰਿਹਾ 'ਸੰਗੀਤ' ਤਾਂ ਲੋਕਾਂ ਦੇ ਮਨਾਂ 'ਚ ਪਾਰੇ ਵਰਗਾ ਅਸਰ ਕਰਦਾ ਨਜ਼ਰ ਆ ਰਿਹਾ ਹੈ । ਮੈਂ ਤਾਂ ਇਹ ਵੀ ਸੁਣਿਐ ਕਿ ਤੂੰ ਇੱਕ ਅਧਿਆਪਕਾ ਵੀ ਹੈਂ। ਭਾਈ ਕੁੜੀਏ... ਅਧਿਆਪਕ ਤਾਂ ਆਪਣੇ ਵਿਦਿਆਰਥੀਆਂ ਲਈ ਆਦਰਸ਼ ਹੁੰਦੈ.. ਤੇ ਤੂੰ..? ਤੂੰ ਤਾਂ ਆਪਣੇ ਵਿਦਿਆਰਥੀਆਂ ਨੂੰ ਆਦਰਸ਼ਕ ਗੀਤ ਹੀ ਅਜਿਹੇ ਦਿੱਤੇ ਹਨ ਕਿ,

"ਮਾਰਿਆ ਨਾ ਕਰ ਮਿੱਸ ਕਾਲ ਮਿੱਤਰਾ,
ਵੇ ਸਾਡੇ ਘਰ ਵਿੱਚ ਪੈਂਦੀ ਆ ਲੜਾਈ...।"

ਇੰਗਲੈਂਡ 'ਚ ਵੀ ਧੁੰਮ ਪਾਵੇਗਾ ਜੱਗੀ ਕੁੱਸਾ 'ਸਟਰਗਲ ਫ਼ਾਰ ਔਨਰ' ਨਾਲ........... ਪੁਸਤਕ ਰਿਲੀਜ਼ / ਮਨਦੀਪ ਖ਼ੁਰਮੀ ਹਿੰਮਤਪੁਰਾ

ਲੰਡਨ : ਪੰਜਾਬੀ ਨਾਵਲਕਾਰੀ ਦੇ ਖ਼ੇਤਰ ਵਿਚ ਆਪਣੀ ਠੇਠ ਸ਼ੈਲੀ ਜ਼ਰੀਏ ਚਰਚਿਤ ਅਤੇ ਵਿਸ਼ਵ ਭਰ ਦੇ ਦਰਜਨ ਤੋਂ ਵਧੇਰੇ ਪੰਜਾਬੀ ਅਖ਼ਬਾਰਾਂ ਵਿਚ ਇੱਕੋ ਸਮੇਂ ਲੜੀਵਾਰ ਨਾਵਲ ਛਪਦੇ ਹੋਣ ਦਾ ਮਾਣ ਪ੍ਰਾਪਤ, ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀ ਝੋਲੀ ਇੱਕ ਹੋਰ ਮਾਣ ਪਿਆ ਹੈ ਕਿ ਉਹਨਾਂ ਦੇ ਬਹੁ-ਚਰਚਿਤ ਪੰਜਾਬੀ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਦਾ ਅੰਗਰੇਜ਼ੀ ਅਨੁਵਾਦ "ਸਟਰਗਲ ਫ਼ਾਰ ਔਨਰ" ਛਪ ਕੇ ਇੰਗਲੈਂਡ ਵਿਚ ਵਿਕਣ ਲਈ ਆ ਗਿਆ ਹੈ। ਜੱਗੀ ਕੁੱਸਾ ਦਾ ਇਹ ਨਾਵਲ ਲੰਡਨ ਦੀ ਮਸ਼ਹੂਰ ਪਬਲਿਸ਼ਿੰਗ ਫ਼ਰਮ "ਸਟਾਰ ਬੁੱਕਸ ਯੂ.ਕੇ." ਨੇ ਪ੍ਰਕਾਸ਼ਿਤ ਕੀਤਾ ਹੈ। ਡਾ. ਐੱਸ. ਐੱਨ. ਸੇਵਕ ਦੀ ਅਨੁਵਾਦ ਸਮਰੱਥਾ ਦਾ ਆਨੰਦ ਹੁਣ ਅੰਗਰੇਜ਼ੀ ਪਾਠਕ ਵੀ ਮਾਣ ਸਕਣਗੇ ਕਿ ਜੱਗੀ ਕੁੱਸਾ ਨੇ ਆਪਣੇ ਪੰਜਾਬੀ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਵਿਚ 1984 ਤੋਂ ਸ਼ੁਰੂ ਹੋ ਕੇ 1995 ਤੱਕ ਦੇ ਪੰਜਾਬ ਦੇ ਕਾਲੇ ਦਿਨਾਂ ਨੂੰ ਕਿਸ ਅੰਦਾਜ਼ ਵਿਚ ਰੂਪਮਾਨ ਕੀਤਾ ਸੀ। ਜੱਗੀ ਕੁੱਸਾ ਦੀ ਲਿਖਣ ਕਲਾ ਦਾ ਵਿਸ਼ੇਸ਼ ਗੁਣ ਇਹ ਹੈ ਕਿ ਉਹ ਲਫ਼ਜ਼ਾਂ ਦੀ ਬੁਣਤੀ ਰਾਹੀਂ ਹੀ ਇੱਕ ਫ਼ਿਲਮ ਵਰਗਾ ਮਾਹੌਲ ਉਸਾਰ ਦਿੰਦਾ ਹੈ। ਵਿਦੇਸ਼ ਵਸਦੇ ਜਿਹੜੇ ਮਾਪੇ ਪੰਜਾਬ ਅਤੇ ਸਿੱਖੀ ਪ੍ਰਤੀ ਆਪਣੇ ਮਨ ਵਿਚ ਦਰਦ ਰੱਖਦੇ ਹਨ, ਅਤੇ ਜਿੰਨ੍ਹਾਂ ਦੇ ਬੱਚੇ ਪੰਜਾਬੀ ਪੜ੍ਹਨ ਦੇ ਸਮਰੱਥ ਨਹੀਂ ਹਨ, ਉਹਨਾਂ ਨੂੰ ਇਹ ਨਾਵਲ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣਾਂ ਚਾਹੀਦਾ ਹੈ ਤਾਂ ਕਿ ਉਹ ਜਾਣ ਸਕਣ ਕਿ ਪੰਜਾਬ ਵਿਚ ਇਹਨਾਂ ਕਾਲੇ ਦਿਨਾਂ ਦੌਰਾਨ ਕੀ ਹੋਇਆ। ਇੱਥੇ ਜ਼ਿਕਰਯੋਗ ਹੈ ਕਿ ਜੱਗੀ ਕੁੱਸਾ ਜੀ ਦਾ ਅਗਲਾ ਨਾਵਲ "ਆਊਟਸਾਈਡ, ਸਮਵੇਅਰ, ਏ ਲੈਂਪ ਬਰਨਸ" ਵੀ ਅਪ੍ਰੈਲ 2012 ਵਿਚ ਪ੍ਰਕਾਸ਼ਿਤ ਹੋ ਰਿਹਾ ਹੈ! ਇਹ ਨਾਵਲ 'ਐਮਾਜ਼ੋਨ' ਕੋਲ ਵੀ ਉਪਲੱਭਦ ਹੈ ਅਤੇ ਨਾਵਲ ਸਿੱਧਾ ਆਰਡਰ ਕਰਨ ਲਈ ਇਸ ਲਿੰਕ 'ਤੇ ਜਾ ਕੇ ਕਰ ਸਕਦੇ ਹੋ:

ਅਖੇ “ਜਿਹੜੀ ਕੁੜੀ ਕੋਲ ਨੈੱਟ ਆ, ਸਮਝੋ ਓਹ ਕੁੜੀ ਸੈੱਟ ਆ”…..….. ਲੇਖ / ਮਨਦੀਪ ਖੁਰਮੀ ਹਿੰਮਤਪੁਰਾ


ਪਿਛਲੇ ਕੁੱਝ ਕੁ ਦਿਨਾਂ ਤੋਂ ਫੇਸਬੁੱਕ ਤੇ ਦੋ ਤਿੰਨ ਪੰਜਾਬੀ ਗੀਤਾਂ ਦੀ ਕਾਫੀ ਚਰਚਾ ਚੱਲਦੀ ਆ ਰਹੀ ਹੈ। ਲੋਕਾਂ ਵੱਲੋਂ ਫੇਸਬੁੱਕ ਵਰਤਦੇ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਗੀਤਕਾਰੀ ਗਾਇਕੀ ਜ਼ਰੀਏ ਗੰਦਪਾ ਰਹੇ ਅਨਸਰਾਂ ਨੂੰ ਨੱਥ ਪਾਈ ਜਾਵੇ। ਮੈਂ ਵੀ ਸੋਚਿਆ ਕਿ ਆਪਣੇ ਢੰਗ ਰਾਹੀਂ ਹੀ ਅਪੀਲ ਕੀਤੀ ਜਾਵੇ। ਪਹਿਲਾਂ ਹੀ ਇਹ ਦੱਸ ਦੇਵਾਂ ਕਿ ਮੈਨੂੰ ਪਤੈ ਕਿ ਇਹ ਸਤਰਾਂ ਪੜ੍ਹ ਕੇ ਕਈਆਂ ਦੇ ਢਿੱਡ ਪੀੜ ਹੋਊਗੀ ਤੇ ਕਈਆਂ ਦੇ ਚਲੂਣੇ ਵੀ ਲੜ੍ਹਣਗੇ, ਅਖੀਰ ਵਿੱਚ ਮੇਰੇ ਨਾਮ ਦੇ ਨਾਲ ਮੋਬਾਈਲ ਨੰਬਰ ਤੇ ਈਮੇਲ ਐੱਡਰੈੱਸ ਵੀ ਹੋਵੇਗਾਧਮਕੀਆਂ ਦੇਣ ਵਾਲਿਆਂ ਨੂੰ ਮੱਥੇ ਹੱਥ ਰੱਖ ਕੇ ਉਡੀਕੂੰਗਾ ਨਾ ਕਿ ਵਾਹ ਵਾਹ ਕਰਨ ਵਾਲਿਆਂ ਨੂੰ। ਕਰੀਏ ਫਿਰ ਅਪੀਲ ਸ਼ੁਰੂ…? 


ਪਰਮਗੁਣੀ ਭਗਤ ਸਿੰਘ ਦੇ ਸ਼ਹੀਦੀ ਦਿਨ ‘ਤੇ ਕੁਝ ਗੱਲਾਂ ਚਿੱਠੀ ਰਾਹੀਂ......... ਲੇਖ / ਮਨਦੀਪ ਖੁਰਮੀ ਹਿੰਮਤਪੁਰਾ


ਲਿਖਤੁਮ,
ਤੇਰਾ ਛੋਟਾ ਵੀਰ।

ਵੀਰ ਭਗਤ ਸਿਆਂ, ਪੈਰੀਂ ਪੈਣਾ ਕਬੂਲ ਕਰੀਂ। ਮੈਂ ਤੈਨੂੰ ਵੀਰ ਤਾਂ ਕਹਿ ਦਿੱਤੈ ਪਰ ਦੁਚਿੱਤੀ 'ਚ ਸੀ ਕਿ ਤੈਨੂੰ ਵੱਡੇ ਵੀਰ ਦੀ ਜਗ੍ਹਾ ਮੰਨ ਕੇ ਸੰਬੋਧਨ ਕਰਾਂ ਜਾਂ ਫਿਰ ਦਾਦੇ ਦੇ ਹਾਣ ਦਾ ਮੰਨ ਕੇ ਗੋਡੀਂ ਹੱਥ ਲਾਵਾਂ। ਵੀਰ ਮੇਰਿਆ ਜਿਸ ਉਮਰੇ ਤੂੰ ਸਾਡੇ ਲਈ ਜਾਨ ਵਾਰ ਗਿਆ ਸੀ, ਤੂੰ ਤਾਂ ਅੱਜ ਵੀ ਓਸ ਉਮਰ ਦਾ ਹੀ ਐਂ। ਬੇਸ਼ੱਕ ਸੰਨ 1907 ਬਹੁਤ ਦੂਰ ਰਹਿ ਗਿਆ ਤੇ ਤੂੰ ਹੁਣ 104 ਸਾਲਾਂ ਦਾ ਬਜ਼ੁਰਗ ਹੋਣਾ ਸੀ। ਪਰ ਤੇਰੀ ਸ਼ਹਾਦਤ ਕਾਰਨ ਤੂੰ ਅਜੇ ਵੀ 23-24 ਸਾਲ ਦਾ ਮੁੱਛਫੁੱਟ ਗੱਭਰੂ ਹੀ ਹੈਂ। ਬਾਈ, ਬੜਾ ਜੀਅ ਕਰਦਾ ਸੀ ਕਿ ਤੇਰੇ ਨਾਲ ਦੁੱਖ-ਸੁੱਖ ਫੋਲਾਂ.... ਤੇਰੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਜੋਗੇ ਤਾਂ ਅਸੀਂ ਅਜੇ ਵੀ ਨਹੀਂ ਹੋਏ ਇਸੇ ਕਰਕੇ ਹੀ ਖ਼ਤ ਲਿਖ ਰਿਹਾ ਹਾਂ। ਵੈਸੇ ਤਾਂ ਤੈਨੂੰ ਪਤਾ ਈ ਹੋਣੈ ਪਰ ਜੇ ਪੋਤੜੇ ਫਰੋਲ ਕੇ ਤੈਨੂੰ ਦੱਸ ਦਿੱਤੇ ਤਾਂ ਤੂੰ ਵੀ ਪਛਤਾਵਾ ਕਰੇਂਗਾ ਕਿ ਐਂਵੇਂ ਲੋਕਾਂ ਪਿੱਛੇ ਜਾਨ ਗਵਾਈ। ਜਿਹਨਾਂ ਖਾਤਰ ਫਾਂਸੀ ਦਾ ਰੱਸਾ ਚੁੰਮਿਆ ਓਹੀ ਐਨੇ ਅਕ੍ਰਿਤਘਣ ਹੋਗੇ? ਤੂੰ ਤਾਂ ਹੁਣ ਵੀ ਸ਼ਰਮ ਨਾਲ ਪਾਣੀ ਪਾਣੀ ਹੋਜੇਂਗਾ

ਤਾਏ ਬੱਕਰੀਆਂ ਵਾਲੇ ਨੂੰ ਸਦਮਾਂ.......... ਸ਼ੋਕ ਸਮਾਚਾਰ / ਮਨਦੀਪ ਖ਼ੁਰਮੀ ਹਿੰਮਤਪੁਰਾ

ਲੰਡਨ: 'ਤਾਇਆ ਬੱਕਰੀਆਂ ਵਾਲਾ' ਦੇ ਕਾਲਮ ਨਾਲ ਨਾਮਣਾਂ ਖੱਟ ਚੁੱਕੇ ਜਰਮਨ ਵਾਸੀ ਸ਼ ਰਣਜੀਤ ਸਿੰਘ ਦੂਲੇ ਨੂੰ ਉਸ ਸਮੇਂ ਘੋਰ ਸਦਮਾਂ ਪੁੱਜਿਆ, ਜਦ ਉਸ ਦੇ ਸਾਲਾ ਸਾਹਿਬ, ਸ਼ ਬਲਿਹਾਰ ਸਿੰਘ ਬਾਸੀ 24 ਦਸੰਬਰ, ਸ਼ੁੱਕਰਵਾਰ ਦੀ ਰਾਤ ਨੂੰ ਗਿਆਰਾਂਵਜੇ ਅਚਾਨਕ ਸਦੀਵੀ ਵਿਛੋੜਾ ਦੇ ਗਏ। ਲੰਡਨ ਦੇ ਸ਼ਹਿਰ ਰੌਮਫ਼ੋਰਡ ਵਸਦੇ 48 ਸਾਲਾ ਬਲਿਹਾਰ ਸਿੰਘ ਬਾਸੀ ਪਿਛਲੇ ਕੁਝ ਅਰਸੇ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ। ਸ਼ ਰਣਜੀਤ ਸਿੰਘ ਦੂਲੇ ਨਾਲ ਪੱਤਰਕਾਰ ਮਨਦੀਪ ਖ਼ੁਰਮੀ ਹਿੰਮਤਪੁਰਾ, ਸ੍ਰੀ ਗੁਰੂ ਨਾਨਕਯੂਨੀਵਰਸਲ ਸੇਵਾ ਯੂ. ਕੇ. ਦੇ ਆਗੂ ਡਾ. ਤਾਰਾ ਸਿੰਘ ਆਲਮ, ਵਿਸ਼ਵਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਪ੍ਰਭਜੋਤ ਸਿੰਘ ਹਿੰਮਤਪੁਰਾ, ਸ਼ਾਇਰਾ ਕੁਲਵੰਤ ਕੌਰ ਢਿੱਲੋਂ, ਕਾਵਿੱਤਰੀ ਅਤੇ ਕਹਾਣੀਕਾਰਾ ਭਿੰਦਰ ਜਲਾਲਾਬਾਦੀ, ਹਰਪ੍ਰੀਤ ਹੈਪੀ ਸੰਗਰੂਰ, ਧਰਮਿੰਦਰ ਸਿੰਘ ਚੱਕ ਬਖਤੂ,ਪ੍ਰਗਟ ਸਿੰਘ ਜੋਧਪੁਰੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਭੀਰੀ ਅਮਲੀ ਦੀਆਂ ‘ਬਾਬੇ ਸੈਂਟੇ’ ਨੂੰ ਅਰਜ਼ਾਂ.........ਵਿਅੰਗ / ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

ਕ੍ਰਿਸਮਿਸ ‘ਤੇ ਵਿਸ਼ੇਸ਼

ਕ੍ਰਿਸਮਿਸ ਦੀਆਂ ਛੁੱਟੀਆਂ ‘ਚ ਇੰਗਲੈਂਡ ਤੋਂ ਪਿੰਡ ਆਇਆ ਨੰਬਰਦਾਰਾਂ ਦਾ ਛੋਟਾ ਮੁੰਡਾ ਸਤਵਿੰਦਰ ਫਾਟਕਾਂ ਤੋਂ ਡਰੀ ਗਾਂ ਵਾਂਗ ਓਪਰਾ ਓਪਰਾ ਜਿਹਾ ਝਾਕਦਾ ਫਿਰਦਾ ਸੀ। ਕਈ ਸਾਲਾਂ ਬਾਦ ਆਏ ਸਤਵਿੰਦਰ ਨੂੰ ਸ਼ਾਇਦ ਪਿੰਡ ਦੇ ਲੋਕਾਂ ਦੇ ਨਕਸ਼ ਭੁੱਲ ਗਏ ਹੋਣ ਪਰ ਲੋਕ ਉਸ ਪਹਿਲਾਂ ਵਾਲੇ ਸਤਵਿੰਦਰ ਦਾ ਹੀ ਚਿਹਰਾ ਯਾਦਾਂ ‘ਚ ਵਸਾਈ ਬੈਠੇ ਸਨ। ਜਦ ਲੋਕਾਂ ਨੇ ਵਲੈਤੋਂ ਮੁੜੇ ਸਤਵਿੰਦਰ ਨੂੰ ਤੱਕਿਆ ਤਾਂ ਸ਼ਾਇਦ ਸਾਰੇ ਇਹੀ ਕਹਿ ਉੱਠੇ ਕਿ...... ਆਹ ਕੀ ਆ ਗਿਆ? ਉਹਨਾਂ ਦਾ ਅਚੰਭਿਤ ਹੋਣਾ ਵੀ ਸੁਭਾਵਿਕ ਸੀ ਕਿਉਂਕਿ ਕਿਸੇ ਵੇਲੇ ਡੱਬੀਦਾਰ ਪਰਨਾ ਸਿਰ ਬੰਨ੍ਹਣ ਵਾਲਾ ਸਤਵਿੰਦਰ ਹੁਣ ‘ਸੈਂਟੀ’ ਬਣਕੇ ਕੰਨਾਂ ‘ਚ ਦੋ ਦੋ ਵਾਲੀਆਂ ਜੋ ਪਾਈ ਫਿਰਦਾ ਸੀ, ਗਿੱਚੀ ‘ਚ ਇੱਕ ਗੁੱਤ ਜੋ ਬਣਾਈ ਫਿਰਦਾ ਸੀ, ਗੋਡਿਆਂ ਤੋਂ ਪਾਟੀ ਹੋਈ ਪੈਂਟ ਜੋ ਪਾਈ ਫਿਰਦਾ ਸੀ, ਗਲ ‘ਚ ਇੱਕ ਮੋਟੀ ਸਾਰੀ ਸੰਗਲੀ ਜੋ ਲਮਕਾਈ ਫਿਰਦਾ ਸੀ। ਢਿਲਕੂੰ ਢਿਲਕੂੰ ਕਰਦੀ ਪੈਂਟ ਤੇ ਉਹਦਾ ਧਾਰਿਆ ਹੋਇਆ ਰੂਪ ਦੇਖਕੇ ਪਿੰਡ ਦੀਆਂ ਕੁੜੀਆਂ ਬੁੜ੍ਹੀਆਂ ਫੂ ਫੂ ਕਰਦੀਆਂ ਹਸਦੀਆਂ ਫਿਰਦੀਆਂ ਸਨ। ਭਾਵੇਂ ਕਿ ਸਤਵਿੰਦਰ ਲਈ ਤਾਂ ਵਲੈਤ ਦਾ ਫ਼ੈਸ਼ਨ ਸੀ ਪਰ ਪਿੰਡ ਦੇ ਜੁਆਕ ਉਸ ਬਦਲੇ ਹੋਏ ‘ਸੈਂਟੀ’ ਨੂੰ ਦੇਖਕੇ ਇਉਂ ਲਾਚੜੇ ਫਿਰਦੇ ਸਨ ਜਿਵੇਂ ਤੁਰਦੀ ਫਿਰਦੀ ਬਿਨਾਂ ਟਿਕਟੋਂ ਸਰਕਸ ਉਹਨਾਂ ਦੇ ਪਿੰਡ ਆ ਗਈ ਹੋਵੇ।


ਆਪਣੇ ਪਿੰਡ ਦੇ ਉਦਰੇਵੇਂ ਨੂੰ ਪੂਰਾ ਕਰਨ ਲਈ ਸੈਂਟੀ ਵੀ ਕੋਈ ਪਲ ਖਾਲੀ ਨਹੀ ਸੀ ਜਾਣ ਦੇਣਾ ਚਾਹੁੰਦਾ। ਮੋਢੇ ਨਾਲ ਲਟਕਾਏ ਬੌਣੇ ਜਿਹੇ ਵੀਡੀਓ ਕੈਮਰੇ ਨਾਲ ਮੂਵੀ ਬਣਾਉਣ ਬਹਿ ਜਾਂਦਾ। ਪਿੰਡ ਦੀਆਂ ਰੂੜੀਆਂ, ਗਹੀਰਿਆਂ, ਬਲਦਾਂ ਵਾਲੀਆਂ ਗੱਡੀਆਂ, ਸਰਕਾਰੀ ਮੇਹਰਬਾਨੀਆਂ ਸਦਕਾ ਮੁਸ਼ਕ ਮਾਰਦੇ ਛੱਪੜਾਂ, ਗਲੀਆਂ ‘ਚ ਖੜ੍ਹੇ ਚਿੱਕੜਾਂ, ਮਾਸਟਰਾਂ ਬਿਨਾਂ ਖਾਲੀ ਸਕੂਲਾਂ, ਬੱਸ ਅੱਡੇ ‘ਚ ਬਿਨਾਂ ਹੱਥ ਡੰਡੀ ਤੋਂ ਖੜ੍ਹੇ ਨਲਕੇ, ਬੁਢਾਪਾ ਪੈਨਸ਼ਨ ਲੈਣ ਲਈ ਬੈਂਕ ਦੇ ਬਾਹਰ ਧੁੱਪੇ ਚੌਂਕੀ ਭਰ ਰਹੇ ਬਜ਼ੁਰਗਾਂ.... ਗੱਲ ਕੀ ਥਾਂ ਥਾਂ ਦੀ ਮੂਵੀ ਬਣਾ ਰਿਹਾ ਸੀ। ਇਉਂ ਲਗਦਾ ਸੀ ਜਿਵੇਂ ਸਾਰੀਆਂ ਯਾਦਾਂ ਇੱਕ ਵੇਲੇ ਹੀ ਆਪਣੇ ਕੈਮਰੇ ‘ਚ ਕੈਦ ਕਰਕੇ ਲੈ ਜਾਣ ਦਾ ਮਨ ਬਣਾਈ ਬੈਠਾ ਹੋਵੇ। ਇਉਂ ਲਗਦਾ ਸੀ ਜਿਵੇਂ ਉਹਦਾ ਦੁਬਾਰਾ ਪਿੰਡ ਮੁੜਨ ਦਾ ਕੋਈ ਇਰਾਦਾ ਹੀ ਨਾ ਹੋਵੇ। 
ਓਧਰ ਦੂਜੇ ਪਾਸੇ ਬੱਸ ਅੱਡੇ ਦੇ ਪਿੱਪਲ ਹੇਠਲੇ ਤਖਤਪੋਸ਼ ‘ਤੇ ਪੁਰਾਣੇ ਜੋਟੀਦਾਰਾਂ ਦੀ ਜੁੰਡਲੀ ਆਪਣੇ ਹੀ ਰਾਮਰੌਲੇ ‘ਚ ਮਸਤ ਸੀ। ਭੋਲਾ ਹਨੇਰੀ, ਭਾਂਬੜ, ਟੀਲ੍ਹਾ ਤੇ ਰੂਪਾ ਚੰਗੇ ਸਰੋਤੇ ਬਣਕੇ ਉਤਲੀ ਹਵਾ ‘ਚ ਉੱਡਦੇ ਪਤੰਗ ਵਾਂਗ ਟਿਕੇ ਬੈਠੇ ਸਨ। ਉਹਨਾਂ ਦਾ ਮੁੱਖ ਬੁਲਾਰਾ ਜਾਣੀਕਿ ਭੀਰੀ ਅਮਲੀ ਆਪਣੀ ਬੰਸਰੀ ਵਜਾਉਣ ‘ਚ ਮਸਤ ਸੀ। ਜਿਉਂ ਹੀ ਭੀਰੀ ਦੀ ਨਿਗ੍ਹਾ ਉਹਨਾਂ ਵੱਲ ਤੁਰੇ ਆਉਂਦੇ ਸੈਂਟੀ ‘ਤੇ ਪਈ ਤਾਂ ਮੱਥੇ ‘ਤੇ ਹੱਥ ਧਰਕੇ ਬੈਠ ਗਿਆ।
-“ਕੀ ਗੱਲ ਹੋਗੀ? ਤੈਨੂੰ ਕੀ ਕਣਕ ‘ਚੋਂ ਘਾਟਾ ਪੈ ਗਿਆ?”, ਰੂਪੇ ਨੇ ਭੀਰੀ ਦੇ ਬਦਲੇ ਮਿਜਾਜ ਦਾ ਕਾਰਨ ਪੁੱਛਿਆ।
-“ਔਹ ਦੇਖੋ ‘ਕੀ’ ਤੁਰਿਆ ਆਉਂਦੈ। ਕੀਹਦੀ ਗਲਤੀ ਆ ਓਏ ਏਹ?”, ਭੀਰੀ ਨੇ ਚੌਕੜੀ ਨੂੰ ਸੁਆਲ ਕੀਤਾ।
-“ਇਹ ਨੰਬਰਦਾਰਾਂ ਦਾ ਸਤਵਿੰਦਰ ਆ, ਜੀਹਨੂੰ ਸੱਤੀ ਸੱਤੀ ਕਹਿੰਦੇ ਹੁੰਦੇ ਸੀ।”, ਭੋਲੇ ਹਨੇਰੀ ਨੇ ਭੀਰੀ ਨੂੰ ਸੰਖੇਪ ‘ਚ ਰਾਮਾਇਣ ਸਮਝਾ ਦਿੱਤੀ ਸੀ। 
-“ਮੈਂ ਤੁਹਾਡੀ ਸਭ ਦੀ ਟਾਕਿੰਗ ਰਿਕਾਰਡ ਕਰਨੀ ਮੰਗਦਾਂ।”, ਸਤਵਿੰਦਰ ਜਾਣੀਕਿ ਸੈਂਟੀ ਨੇ ਆਉਂਦਿਆਂ ਹੀ ‘ਹੈਲੋ ਹੈਲੋ’ ਸਭ ਦੇ ਗਿੱਟਿਆਂ ‘ਚ ਮਾਰੀ ਤੇ ਵਿਹਲਾ ਜਿਹਾ ਹੁੰਦਾ ਬੋਲਿਆ। 
-“ਸੱਤੀ ਸਿੰਹਾਂ ਅਸੀਂ ਗਰੀਬ ਤਾਂ ਕੁਛ ਦੇਣ ਜੋਗੇ ਹੈਨੀਂ, ਕਿਸੇ ਤਕੜੇ ਘਰੋਂ ਮੰਗ ਜਾ ਕੇ... ਸ਼ੈਦ ਮਿਲਜੇ। ਕੀ ਕਿਹਾ ਸੀ ਤੂੰ ਆਹ...?”, ਭੀਰੀ ਨੂੰ ਅਸਲ ਗੱਲ ਤਾਂ ਸਮਝ ਨਾ ਆਈ ਪਰ ਉਸਨੂੰ ਇੰਨਾ ਪਤਾ ਜਰੂਰ ਲੱਗ ਗਿਆ ਸੀ ਕਿ ਉਹ ਕੁਝ ਨਾ ਕੁਝ ਮੰਗ ਰਿਹਾ ਹੈ।
-“ਓਏ ਇਹ ਤਾਂ ਆਪਣੀਆਂ ਗੱਲਾਂ ਦੀ ਮੂਵੀ ਬਣਾਉਣ ਨੂੰ ਫਿਰਦੈ, ਦੁੱਧ ਤੋਂ ਵੀ ਚਿੱਟੀਆਂ ਗੋਰੀਆਂ ਨੂੰ ਦਿਖਾਊ ਜਾ ਕੇ, ਰੱਜੇ ਪੁੱਜੇ ਘਰ ਦਾ ਮੁੰਡੈ... ਸੁੱਖ ਨਾਲ ਇਹ ਕਾਹਨੂੰ ਮੰਗੇ।”, ਟੀਲ੍ਹਾ ਸੈਂਟੀ ਦੀ ਗੱਲ ਅੱਗੇ ਸਮਝਾਉਂਦਿਆਂ ਪਰਨੇ ਦੇ ਲੜ ਠੀਕ ਕਰਦਾ ਬੋਲਿਆ।
-“ਅੱਛਾ... ਮੈਂ ਤਾਂ ਇਹਦੀ ਗੋਡਿਆਂ ਤੋਂ ਘਸੀ ਜਿਹੀ ਪੈਂਟ ਦੇਖਕੇ ਸੋਚਿਆ ਸੀ ਕਿ ਸ਼ੈਦ ਕੋਈ ਪੈਸਾ ਧੇਲਾ ਮੰਗਦਾ ਹੋਊ। .... ਚੰਗਾ ਬਈ ਸੈਂਟੀ ਸਿੰਹਾਂ ਪਹਿਲਾਂ ਇਹ ਦੱਸ ਕਿ ਥੋਡੇ ਮੁਲਕ ‘ਚ ਆਹ ‘ਕਿਸਮਿਸ’ ਕੀ ਬਲਾ ਹੁੰਦੀ ਆ। ਜੀਹਨੂੰ ਦੇਖੋ ਓਹੀ ‘ਮੇਰੀ ਕਿਸਮਿਸ- ਮੇਰੀ ਕਿਸਮਿਸ’ ਕਰੀ ਜਾਂਦੈ।”, ਭੀਰੀ ਹੁਣ ਆਪਣੇ ਅਸਲ ਰੂਪ ‘ਚ ਮੁੜ ਆਇਆ ਸੀ।
-“ਅੰਕਲ, ਕਿਸਮਿਸ ਨਹੀਂ.... ਕ੍ਰਿਸਮਿਸ ਹੁੰਦੀ ਐ। ਇਹ ਸਾਡੀ ਕੰਟਰੀ ਦਾ ਮੇਨ ਫੈਸਟੀਵਲ ਆ। ਇਸ ਦਿਨ ਸੈਂਟਾ ਕਲੌਜ਼ ਬੱਚਿਆਂ ਨੂੰ ਗਿਫਟਸ ਤੇ ਸਵੀਟਸ ਦਿੰਦਾ ਹੋਂਦੈ। ਕਹਿੰਦੇ ਨੇ ਸੈਂਟਾ ਬੱਚਿਆਂ ਦੇ ਮਨ ਦੀਆਂ ਗੱਲਾਂ ਪੂਰੀਆਂ ਕਰਦਾ ਹੈਗਾ।”, ਸੈਂਟੀ ਨੇ ਪੰਜਾਬੀ ਤੇ ਅੰਗਰੇਜ਼ੀ ਦੇ ਰਲਗੱਡ ਨਾਲ ਭੀਰੀ ਨੂੰ ਸਮਝਾਉਣਾ ਚਾਹਿਆ।
-“ਭਰਾਵਾ ਮੇਰੇ ਖੋਪੜ ‘ਚ ਤੇਰੀ ‘ਗਰੇਜੀ ਨਹੀਂ ਪਈ। ਜੇ ਹੋ ਸਕੇ ਤਾਂ ਪੰਜਾਬੀ ‘ਚ ਦੱਸ।”, ਭੀਰੀ ਨੇ ਖਿਝਦਿਆਂ ਕਿਹਾ। 
-“ਤੈਨੂੰ ਮੈਂ ਦੱਸਦਾਂ... ਇਹ ਗੋਰਿਆਂ ਦਾ ਦਿਨ- ਦਿਹਾਰ ਆ। ਕਹਿੰਦੇ ਆ ਬਈ ਓਸ ਦਿਨ ਕੋਈ ਸੈਂਟਾ ਬਾਬਾ ਜੁਆਕਾਂ ਨੂੰ ਮਠਿਆਈਆਂ ਤੇ ਤੋਹਫੇ ਉਹਨਾਂ ਦੇ ਦਰੱਖਤ ਹੇਠਾਂ ਰੱਖ ਜਾਂਦੈ। ਹੁਣ ਤੂੰ ਪੁੱਛੇਂਗਾ ਕਿ ਸੈਂਟਾ ਬਾਬਾ ਕੌਣ ਹੋਇਆ।”, ਟੀਲ੍ਹੇ ਨੇ ਸੈਂਟੀ ਤੋਂ ਪਹਿਲਾਂ ਹੀ ਸੁਣੀ ਸੁਣਾਈ ਗੱਲ ਭੀਰੀ ਨੂੰ ਪੰਜਾਬੀ ‘ਚ ਸੁਣਾ ਦਿੱਤੀ।
-“ਮੈਂ ਐਨਾ ਵੀ ਪਾਗਲ ਨਹੀਂ, ਬਈ ਮੈਨੂੰ ਸੈਂਟੇ ਬਾਬੇ ਦਾ ਪਤਾ ਨੀਂ ਹੋਣਾ। ਸੈਂਟਾ ਓਹੀ ਹੁੰਦੈ ਨਾ ਜੀਹਦੇ ਸਿਰ ‘ਤੇ ਲਾਲ ਟੋਪਾ ਲਿਆ ਹੁੰਦੈ ਤੇ ਆਪਣੇ ਤੋਤਾ ਸਿਉਂ ਅੰਗੂੰ ਉਹਦਾ ਦਾਹੜਾ ਵੀ ਦੁੱਧ ਚਿੱਟਾ ਹੁੰਦੈ। ਕਿਉਂ ਬਈ ਸੈਂਟੀ ਸਿੰਹਾਂ ਮੈਂ ਠੀਕ ਕਿਹੈ ਕਿ ਗਲਤ?”, ਭੀਰੀ ਆਵਦੀ ਦਲੀਲ ਦੇ ਕੇ ਸਤਵਿੰਦਰ ਤੋ ਹਾਮੀ ਭਰਵਾ ਰਿਹਾ ਸੀ। “ਗੱਲਾਂ ਕਰਦੈ.... ਤੇਰੇ ਖਿਆਲ ਮੁਤਾਬਕ ਮੈਨੂੰ ਪਤਾ ਨਹੀਂ ਸੀ ਕਿ ਸੈਂਟਾ ਕੌਣ ਆ। ਮੈਨੂੰ ਤਾਂ ਕਦੇ ਕਦੇ ‘ਬਾਬੇ ਸੈਂਟੇ’ ਦੇ ਦਾਹੜੇ ਤੇ ਕੱਪੜੇ ਲੱਤੇ ਤੋਂ ਇਉਂ ਲੱਗਣ ਲੱਗ ਜਾਂਦੈ ਕਿ ਜਿਵੇਂ ਸੈਂਟਾ ਬਾਬਾ ਵੀ ਆਪਣਾ ਪੰਜਾਬੀ ਭਰਾ ਹੀ ਹੋਵੇ। ਜਿਵੇਂ ਬਾਹਰ ਜਾ ਕੇ ਬਲਜਿੰਦਰ ਸਿਉਂ ‘ਬੱਲ’ ਬਣ ਗਿਐ, ਜਿਵੇਂ ਮਾਸਟਰ ਦਾ ਮੁੰਡਾ ਜਗਸੀਰ ‘ਜੈਗ’ ਬਣ ਗਿਐ, ਜਿਵੇਂ ਕਰਤਾਰੋ ਦੀ ਵੱਡੀ ਕੁੜੀ ਕੁਲਵੰਤ ‘ਕੇਟ’ ਬਣਗੀ, ਜਿਵੇਂ ਆਹ ਸੱਤੀ ਤੋਂ ਸੈਂਟੀ ਬਣ ਗਿਐ, ਓਵੇਂ ਹੀ ਕਿਸੇ ਸੰਤੇ ਨੇ ਵੀ ਆਵਦਾ ਨਾਂ ਬਦਲ ਕੇ ‘ਸੈਂਟਾ’ ਰੱਖ ਲਿਆ ਹੋਣੈ।”, ਭੀਰੀ ਦੀ ਵਜ਼ਨਦਾਰ ਗੱਲ ਸੁਣ ਕੇ ਸੱਤੀ ਤੋਂ ‘ਸੈਂਟੀ’ ਬਣੇ ਸਤਵਿੰਦਰ ਕੋਲ ਕੱਚਾ ਜਿਹਾ ਧੂੰਆਂ ਮਾਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਸੀ।
-“ਚੱਲ ਤੂੰ ਹੋਰ ਹੀ ਪਾਣੀ ‘ਚ ਮਧਾਣੀ ਪਾਲੀ। ਜੁਆਕ ਸਾਡੀ ਮੂਵੀ ਬਨੌਣ ਆਇਆ ਸੀ। ਤੂੰ ਓਹਦੀ ਹੀ ਸੋਤ ਲਾਹੁਣ ਤੁਰ ਪਿਐਂ।”, ਟੀਲ੍ਹਾ ਭੀਰੀ ‘ਤੇ ਤਪਿਆ ਪਿਆ ਸੀ।
-“ਹਾਂ ਬਈ ਸੱਤੀ ਸਿੰਹਾਂ ਹੁਣ ਦੱਸ, ਕੀ ਬੋਲੀਏ ਮੂਵੀ ‘ਚ? ਮੈਂ ਤਾਂ ਫੇਰ ਬੋਲੂੰ ਕੁਛ, ਜੇ ਬਾਬੇ ਸੈਂਟੇ ਨੂੰ ਦਿਖਾਵੇਂਗਾ ਮੂਵੀ.... ਨਹੀਂ ਤਾਂ ਆਪਾਂ ਹਟੇ ਆਂ...।”, ਭੀਰੀ ਨੇ ਸੈਂਟੀ ਅੱਗੇ ਨਵੀਂ ਹੀ ਸ਼ਰਤ ਰੱਖ ਦਿੱਤੀ ਸੀ। 
-“ਅੰਕਲ ਨੋ ਪਰਾਬਲਮ, ਤੁਸੀਂ ਬੋਲੋ ਤਾਂ ਸਹੀ।”, ਸੈਂਟੀ ਨੂੰ ਵੀ ਪਤਾ ਸੀ ਕਿ ਭੀਰੀ ਦੀਆਂ ਗੱਲਾਂ ਰਿਕਾਰਡ ਕਰਨ ਲਈ ਕੋਈ ਨਾ ਕੋਈ ਚੋਗਾ ਤਾਂ ਪਾਉਣਾ ਹੀ ਪਊ।
ਸੈਂਟੀ ਦੀ ਹਾਂ ਦੀ ਹੀ ਦੇਰ ਸੀ ਕਿ ਰੂਪੇ ਵਰਗਿਆਂ ਨੇ ਭੀਰੀ ਨੂੰ ਜੰਝ ਚੜ੍ਹਾਉਣ ਵਾਂਗ ਸਿੰ਼ਗਾਰਨਾ ਸ਼ੁਰੂ ਕਰ ਦਿੱਤਾ। ਕੋਈ ਓਹਦਾ ਕੁਰਤਾ ਠੀਕ ਕਰ ਰਿਹਾ ਸੀ, ਕੋਈ ਪਰਨੇ ਦੇ ਲੜ ਠੀਕ ਕਰ ਰਿਹਾ ਸੀ। ਰੂਪਾ ਇੱਲਤ ਕਰਦਾ ਕਰਦਾ ਭੀਰੀ ਦੀ ਮੁੱਛ ਨੂੰ ਵਟ ਚਾੜ੍ਹਨ ਲੱਗਾ ਹੋਇਆ ਸੀ। ਭੀਰੀ ਵੀ ਇਉਂ ਸੀਲ ਕੁੱਕੜ ਵਾਂਗ ਖੜ੍ਹਾ ਸੀ ਜਿਵੇਂ ਵੋਟਾਂ ਦੇ ਦਿਨਾਂ ‘ਚ ਨੇਤਾ ਲੋਕ ਬਣੇ ਹੁੰਦੇ ਹਨ। ਜਿਉਂ ਹੀ ਸੈਂਟੀ ਨੇ ਆਪਣਾ ਕੈਮਰਾ ਤਿਆਰ ਕੀਤਾ ਤਿਉਂ ਹੀ ਭੀਰੀ ਵੀ ਖੰਘੂਰਾ ਮਾਰ ਕੇ ਗਲ ਸਾਫ ਕਰਦਾ ਬੋਲਿਆ।
-“ਬਾਈ ਸੈਂਟਿਆ, ਮੈਨੂੰ ਇਹ ਤਾਂ ਨੀ ਪਤਾ ਕਿ ਲੋਕ ਤੈਨੂੰ ਸਾਸਰੀਕਾਲ ਬੁਲਾਉਂਦੇ ਨੇ, ਸਲਾਮ ਕਹਿੰਦੇ ਨੇ ਜਾਂ ਕੁਛ ਹੋਰ। ਪਰ ਮੇਰੀ ਦੋਵੇਂ ਹੱਥ ਜੋੜ ਕੇ ਬੁਲਾਈ ਫ਼ਤਿਹ ਪ੍ਰਵਾਨ ਕਰੀਂ। ‘ਗਰੇਜੀ ਮੈਨੂੰ ਬੋਲਣੀ ਨਹੀਂ ਆਉਂਦੀ, ਨਹੀਂ ਤਾਂ ਮੈਂ ਵੀ ਤੈਨੂੰ ‘ਗੋਡਾ ਮਾਰਨੀ’ ਕਹਿ ਦਿੰਦਾ।”
-“ਕੰਜਰਾ ਗੋਡਾ ਮਾਰਨੀ ਨੀ ਹੁੰਦੀ, ਗੁੱਡ ਮਾਰਨਿੰਗ ਹੁੰਦੀ ਆ।”, ਰੂਪਾ ਭੀਰੀ ਦੇ ਗਲਤ ਬੋਲਣ ‘ਤੇ ਵਿਚਾਲਿਉਂ ਟੋਕਦਿਆਂ ਬੋਲਿਆ।
-“ਮੇਰੀ ਗੱਲ ਸੁਣਲਾ...... ਜੇ ਮੈਂਨੂੰ ਵਿਚਾਲਿਉਂ ਟੋਕਿਆ, ਫੇਰ ਨਾ ਕਹੀਂ ਮੈਂ ਗੋਡਿਆਂ ਹੇਠਾਂ ਲੈ ਲਿਆ। ਮੇਰੇ ਸਾਲੇ ਆਪ ਈ ਬਾਹਲੇ ਪੜ੍ਹੇ ਵੇ ਬਣਦੇ ਆ। ਤੇਰੀ ਮਾਂ ਮੂਵੀ ਬਣਦੀ ਆ, ਇਹ ਵਿੱਚ ਬੋਲੀ ਜਾਂਦਾ। ਇਹਨੂੰ ਓਨਾ ਚਿਰ ਟੇਕ ਨੀ ਆਉਂਦੀ ਜਿੰਨਾ ਚਿਰ ਕੋਈ ਚਿੰਗੜੀ ਨਾ ਛੇੜੇ। ਜੇ ਲੰਡੇ ਬੋਕ ਵਾਂਗੂੰ ਢਾਹ ਲਿਆ, ਫੇਰ ਠੀਕ ਰਹੇਂਗਾ ਜਦੋਂ ਸਾਰੇ ‘ਗਲੈਂਡ ਨੇ ਮੂਵੀ ਦੇਖੀ..... ਬਈ ਅਬ ਬਲਬੀਰ ਸਿਉਂ ਰੂਪ ਸਿਉਂ ਕੀ ਕੁੱਤੇਖਾਣੀ ਕਰ ਰਹੇ ਹੈਂ।”, ਭੀਰੀ ਰੂਪੇ ਨੂੰ ਝਾੜਦਾ ਬੋਲਿਆ।
-“ਚਲੋ ਅੰਕਲ ਕੋਈ ਗੱਲ ਨਹੀਂ, ਬਾਬਾ ਸੈਂਟਾ ਵੀ ਪੰਜਾਬੀ ਜਾਣਦਾ ਈ ਹੋਊ।”, ਸੈਂਟੀ ਨੇ ਭੀਰੀ ਨੂੰ ਮਿੱਠੀ ਗੋਲੀ ਦਿੰਦਿਆਂ ਕਿਹਾ।
-“ਬਾਈ ਸੈਂਟਿਆ, ਇੱਕ ਬੇਨਤੀ ਆ.. ਜਿਵੇਂ ਤੂੰ ਆਵਦੇ ਦੇਸ਼ ਦੇ ਜੁਆਕਾਂ ਨੂੰ ਤੋਹਫੇ ਦਿੰਨੈਂ, ਜੇ ਹੋ ਸਕੇ ਤਾਂ ਸਾਡੇ ਵੀ ਕਦੇ ਗੇੜਾ ਮਾਰਜੀਂ। ਸਾਡੇ ਦੇਸ਼ ਦੇ ਲੱਖਾਂ ਜੁਆਕ ਵਿਚਾਰੇ ਐਸੇ ਵੀ ਨੇ ਜਿਹਨਾਂ ਨੂੰ ਏਹ ਵੀ ਨੀ ਪਤਾ ਕਿ ਖਿਡੌਣੇ ਕੀ ਹੁੰਦੇ ਆ। ਵਿਚਾਰੇ ਮਾਂ ਪਿਉ ਨਾਲ ਭੱਠਿਆਂ ‘ਤੇ ਇੱਟਾਂ ਪੱਥਣ ਲਈ, ਹੋਟਲਾਂ ‘ਤੇ ਭਾਡੇ ਮਾਂਜਣ ਲਈ, ਸਕੂਲ ਜਾਣ ਦੀ ਬਜਾਏ ਸੀਰ ਕਮਾਉਣ ਲਈ ਮਜ਼ਬੂਰ ਨੇ। ਜਿਹੜੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਨੇ, ਉਹਨਾਂ ਦਾ ਵੀ ਰੱਬ ਈ ਰਾਖੈ। ਡਿਗਰੀਆਂ ਚੱਕੀ ਫਿਰਦੇ ਬੇਰੁਜ਼ਗਾਰ ਮਾਸਟਰਾਂ ਦੇ ਸਰਕਾਰਾਂ ਹੱਡ ਸੇਕੀ ਜਾਂਦੀਆਂ ਨੇ। ਜੁਆਕਾਂ ਨੂੰ ਪੜਾਉਣ ਵਾਸਤੇ ਮਾਸਟਰ ਤਾਂ ਕੀ ਭੇਜਣੇ ਆ, ਵਿਚਾਰੇ ਜੁਆਕਾਂ ਨੂੰ ਚੌਲ- ਦਲੀਆ ਖੁਆ ਕੇ ਵਿਰਾ ਦਿੱਤਾ ਜਾਂਦੈ। ਓਹ ਕਾਪੀ ਕਿਤਾਬ ਭਾਵੇਂ ਘਰੇ ਭੁੱਲ ਜਾਣ ਪਰ ਚੌਲ ਖਾਣ ਵਾਲੀ ਕੌਲੀ ਨੀਂ ਭੁੱਲਦੇ। ਜੇਹੜੇ ਥੋੜ੍ਹੇ ਜਹੇ ਉਡਾਰ ਆ ਮੇਰਾ ਮਤਬਲ ਆ ਬਈ ਮੁੱਛਫੁੱਟ ਆ, ਉਹਨਾਂ ਦੀ ਮੱਤ ਨਸਿ਼ਆਂ ਨੇ ਮਾਰੀ ਪਈ ਆ। ਜਿਹੜੇ ਕੌਡੀ ਕੂਡੀ ਖੇਡਦੇ ਆ, ਓਹ ਕਮਲੇ ਪਸ਼ੂਆਂ ਆਲੇ ਟੀਕੇ ਲਾ ਲਾ ਖੇਡੀ ਜਾਂਦੇ ਆ। ਕਿਸੇ ਨੂੰ ਕੋਈ ਨੀ ਪਤਾ ਕਿ ਬਾਦ ‘ਚ ਗੁਰਦੇ ਖਰਾਬ ਹੋਣਗੇ ਜਾਂ ਫਿਰ ਨਾਮਰਦ ਹੋਣਗੇ। ਹੋਰ ਤਾਂ ਹੋਰ ਭਰਾਵਾ! ਧਰਮੀ ਕਰਮੀ ਬੰਦੇ ਵੀ ਨਸਿ਼ਆਂ ਦਾ ਕਾਰੋਬਾਰ ਕਰੀ ਜਾਂਦੇ ਆ। ਚੱਲ ਸਾਡੇ ਅਰਗੇ ਕੰਧੀ ‘ਤੇ ਰੁੱਖੜਿਆਂ ਦਾ ਕੀ ਆ... ਪਰ ਵਿਚਾਰੇ ਉਹਨਾਂ ਜੁਆਕਾਂ ਦਾ ਕੀ ਬਣੂੰ ਜਿਹੜੇ ਜੁਆਨੀ ‘ਚ ਈ ਭੁੱਕੀ ਫੀਮਾਂ ਗਿੱਝਗੇ। ਭਰਾਵਾ ਸਾਡੇ ਮੁਲਕ ‘ਚ ਤਾਂ ਨ੍ਹੇਰ ਆਇਆ ਪਿਐ, ਜਿਹੜੇ ਲੀਡਰਾਂ ਨੇ ਲੋਕਾਂ ਦੀ ਹਫਾਜਤ ਕਰਨੀ ਆ ਉਹਨਾਂ ਦੀ ਸ਼ਹਿ ‘ਤੇ ਹੀ ਨਸ਼ੇ ਵਿਕਦੇ ਆ। ਲੰਡੂ ਜੇਹੀਆਂ ਵੋਟਾਂ ਵੇਲੇ ਵੀ ਲੋਕਾਂ ਨੂੰ ਨਸਿ਼ਆਂ ਜਾਂ ਪੈਸਿਆਂ ਦੀ ਚਾਟ ਪਾ ਕੇ ਵੋਟਾਂ ਖਰੀਦੀਆਂ ਜਾਂਦੀਆਂ ਨੇ। ਲੈ ਹੋਰ ਸੁਣ..... ਪੰਜਾਬ ‘ਚੋਂ ਨਸ਼ੇ ਖ਼ਤਮ ਕਰਨ ਦਾ ਢਿੰਡੋਰਾ ਪਿੱਟਣ ਆਲੇ ਸਭ ਚਿੱਟੇ ਨੀਲੇ ਇੱਕੋ ਜਹੇ ਈਆ। ਪਿਛਲੀ ਸਰਕਾਰ ਵੇਲੇ ਸ਼ਰਾਬ ਦੇ ਠੇਕਿਆਂ ‘ਤੇ ਚਿੱਟੀਆਂ ਪੱਗਾਂ ਵਾਲਿਆਂ ਦਾ ਬੋਲਬਾਲਾ ਸੀ, ਹੁਣ ਨੀਲੀਆਂ ਪੱਗਾਂ ਵਾਲਿਆਂ ਦੇ ਯੂਥ ਬ੍ਰਿਗੇਡ ਦਾ....।”
-“ਭੀਰੀ ਐਨਾ ਗਰਮ ਨਾ ਬੋਲ ਯਾਰ, ਹੋਰ ਬਾਦ ‘ਚ ਪੁਲਸ ਤੇਰੇ ਪੁੜੇ ਕੁੱਟਦੀ ਫਿਰੇ।”, ਰੂਪੇ ਨੇ ਹਮਦਰਦੀ ਜਤਾਉਂਦਿਆਂ ਕਿਹਾ।
-“ਰੂਪਿਆ ਹੁਣ ਨਾ ਰੋਕੀਂ ਵੀਰ ਬਣਕੇ, ਮੈਨੂੰ ਤਾਂ ਵਿਉਹ ਅਰਗੇ ਲਗਦੇ ਆ ਮੇਰੇ ਪੁੱਤਾਂ ਦੇ। ਮੈਨੂੰ ਕੋਈ ਪੁੱਛੇ ਤਾਂ ਸਹੀ...... ਮੈਂ ਤਾਂ ਕੱਲੇ ਕੱਲੇ ਦੇ ਪੋਤੜੇ ਫਰੋਲ ਦੂੰ। ਸੱਚ ਯਾਰ ਤੂੰ ਮੈਨੂੰ ਫੇਰ ਗੱਲੀਂ ਲਾ ਲਿਆ......... ਕੀ ਕਹਿੰਦਾ ਸੀ ਮੈਂ ਸੈਂਟੀ ਸਿੰਹਾਂ?”, ਭੀਰੀ ਗਰਮਾ ਗਰਮੀ ‘ਚ ਇਹ ਵੀ ਭੁੱਲ ਗਿਆ ਸੀ ਕਿ ਕੈਮਰਾ ਚੱਲ ਰਿਹਾ ਹੈ।
-“ਹਾਂ ਬਾਈ ਸੈਂਟਿਆ! ਹੁਣ ਤੈਨੂੰ ਅੰਨਦਾਤੇ ਦਾ ਹਾਲ ਸੁਨਾਉਨਾਂ, ਕਿਸਾਨ ਨੂੰ ‘ਪੰਪ’ ਮਾਰਨ ਵਾਸਤੇ ਸਾਰੇ ਇਹਨੂੰ ਅੰਨਦਾਤਾ ਅੰਨਦਾਤਾ ਕਹਿੰਦੇ ਨੀਂ ਥੱਕਦੇ। ਪਰ ਕੀ ਆੜ੍ਹਤੀਆ, ਕੀ ਪਟਵਾਰੀ.... ਗੱਲ ਮੁਕਾ ਹਰ ਕੋਈ ਇਹਦਾ ਮਾਸ ਚੂੰਡਣ ਵਾਸਤੇ ਮੁੱਠੀਆਂ ‘ਚ ਥੁੱਕੀ ਫਿਰਦੈ। ਖਾਦਾਂ ਦੇ ਰੇਟ ਸਿਰ ਚੜ੍ਹੀ ਜਾਦੇ ਆ। ਕਿਸਾਨ ਕਰਜਾਈ ਹੋਈ ਜਾਂਦੈ। ਮੁੜਕੇ ਇਹ ਕਹਿ ਦੇਣਗੇ ਕਿ ਕਿਸਾਨ ਚਾਦਰ ਦੇਖਕੇ ਪੈਰ ਨੀਂ ਪਸਾਰਦਾ। ਜੱਟ ਦੀ ਚਾਦਰ ਤਾਂ ਪਹਿਲਾਂ ਹੀ ਲੀਰੋਲੀਰ ਹੋਈ ਪਈ ਆ। ਹੁਣ ਕਰੀਏ ਬੁੜ੍ਹਿਆਂ ਦੀ ਗੱਲ..... ਵਿਚਾਰੇ ਖਊਂ ਖਊਂ ਕਰਦੇ ਫਿਰਦੇ ਆ, ਮੰਗਵੀਂ ਮੌਤ ਨੀਂ ਮਿਲਦੀ। ਮੈਂ ਸੁਣਿਐ ਤੇਰੇ ਮੁਲਕ ‘ਚ ਤਾਂ ਬੁੜ੍ਹੇ ਵੀ ਜੁਆਈਆਂ ਅੰਗੂੰ ਸੇਵਾ ਕਰਾਉਂਦੇ ਆ। ਪਰ ਸਾਡੇ ਆਲਿਆਂ ਨੂੰ ਹਰ ਸਰਕਾਰ ਹੀ ਲਾਰੇ ਲਾ ਜਾਂਦੀ ਆ। ਕਦੇ ਕੋਈ ਮਾਈਆਂ ਵਾਸਤੇ ਮੁਫਤ ਸਫਰ ਦਾ ਲਾਰਾ ਲਾ ਦਿੰਦੈ, ਉਹੀ ਮੁੜਕੇ ਅੱਧਾ ਕਿਰਾਇਆ ਲੈਣ ਲੱਗ ਜਾਂਦੇ ਨੇ। ਥੋੜ੍ਹੇ ਦਿਨ ਹੋਰ ਆ ਜਿੱਦੇਂ ਰੋਡਵੇਜ ਦਾ ਗੁੱਗਾ ਪੂਜਤਾ, ਓਦੇਂ ਕਿਸੇ ਨੇ ਮਾਈਆਂ ਨੂੰ ਬੱਸ ‘ਚ ਪੈਰ ਨੀ ਪਾਉਣ ਦਿਆ ਕਰਨਾ। ਹੋਰ ਸੁਣਲਾ... ਬਾਦਲ ਨੇ ਕਿਹਾ ਸੀ ਕਿ ਬਜ਼ੁਰਗਾਂ ਨੂੰ ਡਾਕੀਆ ਸੈਕਲ ਦੀ ਟੱਲੀ ਮਾਰ ਕੇ ਪੈਂਨਸ਼ਨ ਫੜਾਇਆ ਕਰੂ। ਪਰ ਹੁਣ ਤਾਂਈਂ ਨੀ ਕੋਈ ਡਾਕੀਆ ਆਇਆ ਜੀਹਨੇ ਟੱਲੀ ਮਾਰੀ ਹੋਵੇ, ਸੈਕਲ ਮਾਰ ਕੇ ਭਾਵੇਂ ਕਿਸੇ ਬੁੜ੍ਹੇ ਦਾ ਕੂੰਡਾ ਕਰਜੇ।”
-“ਯਾਰ ਆਹ ਤਾਂ ਤਹਿ ਲਾਤੀ... ਸੱਚੀ ਗੱਲ ਆ। ਪਰਸੋਂ ਈ ਕੌਰੇ ਡਾਕੀਏ ਨੇ ਨਰੰਜਣ ‘ਚ ਸੈਕਲ ਮਾਰ ਕੇ ਚੂਕਣਾ ਹਿਲਾਤਾ।”, ਭਾਂਬੜ ਆਪਣੀ ਹੀ ਪੀਪਣੀ ਵਜਾ ਗਿਆ ਸੀ। 
-“ਭਾਂਬੜਾ, ਬੋਲ ਲੈਣ ਦੇ ਯਾਰ..... ਮੇਰੀ ਮਸਾਂ ਲਿਵ ਲਗਦੀ ਆ, ਤੁਸੀਂ ਭੰਗ ਕਰ ਦਿੰਨੇ ਓ।”, ਭੀਰੀ ਹੁਣ ਭਾਂਬੜ ਨਾਲ ਥੋੜ੍ਹਾ ਨਰਮੀ ਨਾਲ ਪੇਸ਼ ਆਇਆ ਸੀ।
-“ਬਾਈ ਸੈਂਟਿਆ! ਜੇ ਹੋ ਸਕੇ ਤਾਂ ਰੱਬ ਨੂੰ ਐਨਾ ਕੁ ਜ਼ਰੂਰ ਕਹੀਂ ਕਿ ਸਾਡੇ ਪੰਜਾਬ ਦੇ ਹਰੇਕ ਪਿੰਡ ‘ਚ ਇੱਕ ਇੱਕ ਬਾਦਲ ਜ਼ਰੂਰ ਜੰਮੇ। ਭਰਾਵਾ ਬਾਦਲ ਦੇ ਪਿੰਡ ਜਾ ਕੇ ਦੇਖੀਂ, ਕਿਵੇਂ ਲਹਿਰਾਂ ਬਹਿਰਾਂ ਲਾਈਆਂ ਪਈਆਂ ਨੇ। ਮਲਾਈ ਅਰਗੀਆਂ ਸੜਕਾਂ, ਬਿਰਧਾਂ ਆਸਤੇ ਆਸ਼ਰਮ, ਫੁੱਲੋ- ਫੁੱਲ ਬਿਜ਼ਲੀ। ਪਿੰਡ ਦਾ ਮਹੌਲ ਦੇਖਕੇ ਸ਼ਹਿਰਾਂ ਨੂੰ ਵੀ ਸ਼ਰਮ ਆਉਂਦੀ ਆ। ਭਰਾਵਾ ਸਾਡੇ ਪਿੰਡਾਂ ‘ਚ ਤਾਂ ਛੱਪੜਾਂ ਦੀ ਭੜਦਾਹ ਹੀ ਨੱਕ ‘ਚ ਦਮ ਕਰੀ ਰੱਖਦੀ ਆ। ਬਿਜਲੀ ਆਉਂਦੀ ਨੀ, ਮੱਛਰ ਸਾਰੀ ਰਾਤ ਗਾਣੇ ਸੁਣਾਉਂਦਾ ਰਹਿੰਦੈ।”, ਭੀਰੀ ਦੀਆਂ ਗੱਲਾਂ ਸਾਰੇ ਅਕਾਸ਼ਬਾਣੀ ਦੀਆਂ ਖ਼ਬਰਾਂ ਵਾਂਗ ਸੁਣ ਰਹੇ ਸਨ।
-“ਜੇ ਹੋ ਸਕੇ ਤਾਂ ਸਾਡੇ ਆਲੇ ਲੀਡਰਾਂ ਦੇ ਕੰਨਾਂ ‘ਚ ਵੀ ਕੋਈ ਐਸੀ ਫੂਕ ਮਾਰ ਕਿ ਉਹ ਵੀ ਤੇਰੇ ਮੁਲਕ ਦੇ ਲੀਡਰਾਂ ਵਾਂਗੂੰ ਇਮਾਨਦਾਰ ਹੋਣ, ਲੋਕਾਂ ਬਾਰੇ ਸੋਚਣ, ਆਵਦੇ ਪਰਿਵਾਰਾਂ ਨੂੰ ਲੁੱਜ੍ਹਣ ਦੀ ਬਜਾਏ ਲੋਕਾਂ ਦੇ ਪੁੱਤਾਂ ਦੇ ਭਵਿੱਖਾਂ ਬਾਰੇ ਵੀ ਕੁਛ ਕਰਨ..... ਅਫ਼ਸਰਾਂ ਨੂੰ ਵੀ ਕੋਈ ਮੱਤ ਦੇਵੀਂ ਕਿ ਦਫਤਰਾਂ ‘ਚ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ‘ਮੁਰਗੀਆਂ’ ਨਾ ਸਮਝਣ, ਤਨਖਾਹਾਂ ‘ਤੇ ਸਬਰ ਕਰਨ, ਰਿਸ਼ਵਤ ਨਾਲ ਲੋਕਾਂ ਦੀ ਚਮੜੀ ਨਾ ਪੱਟਣ, ਭਰਾਵਾ ਜੇ ਹੋ ਸਕੇ ਤਾਂ ਖਾਖੀ ਵਰਦੀ ਆਲਿਆਂ ਨੂੰ ਜ਼ਰੂਰ ਮੱਤ ਦੇਵੀਂ ਕਿਉਂਕਿ ਇਹ ਤੇਰੇ ਮੁਲਕ ਵੱਲ ਆਉਣ ਵਾਲਿਆਂ ਦਾ ਬਹੁਤ ‘ਖਿਆਲ’ ਰੱਖਦੇ ਆ... ਜਦੋਂ ਕਿਸੇ ਨੇ ‘ਪਾਸਕੋਰਟ’ ਬਣਾਉਣਾ ਹੁੰਦੈ ਤਾਂ ‘ਐਨਕੁਆਰੀ’ ਵੇਲੇ ਇਹ ਵੀ ‘ਪੂਜਾ’ ਕਰਾਏ ਬਗੈਰ ਘੁੱਗੀ ਨੀਂ ਖੰਘਣ ਦਿੰਦੇ ...... ਸਾਡੇ ਪੀਰ ਪੈਗੰਬਰ ਤਾਂ ਵਿਚਾਰੇ ਲੋਕਾਂ ਨੂੰ ਨਸੀਹਤਾਂ ਦੇ ਦੇ ਥੱਕਗੇ, ਹੋ ਸਕਦੈ ਤੇਰੇ ਕਹਿਣ ਨਾਲ ਹੀ ਲੋਕ ਕੁੜੀਆਂ ਨੂੰ ਕੁੱਖਾਂ ‘ਚ ਮਾਰਨੋਂ ਹਟ ਜਾਣ, ਲੀਡਰਾਂ ਦੀ ਸ਼ਹਿ ‘ਤੇ ਨਸ਼ੇ ਪੱਤਿਆਂ ਦਾ ਕਾਰੋਬਾਰ ਹੋਣੋਂ ਰੁਕਜੇ, ਹੋ ਸਕਦੈ ਮੇਰੇ ਅਰਗੇ ਲੱਖਾਂ ਨਸਿ਼ਆਂ ਦੇ ਖੂਹਾਂ ‘ਚ ਡੁੱਬਣੋਂ ਬਚ ਜਾਣ।”, ਭੀਰੀ ਦੀਆਂ ਅੱਖਾਂ ‘ਚ ਹੰਝੂ ਤ੍ਰੇਲ ਦੇ ਤੁਪਕਿਆਂ ਵਾਂਗ ਚਮਕਣ ਲੱਗ ਗਏ ਸਨ।
-“ਭੀਰੀ ਯਾਰਾ, ਹੁਣ ਨਾ ਐਹੋ ਜੀਆਂ ਰੋਣ ਆਲੀਆਂ ਗੱਲਾਂ ਕਰੀਂ, ਨਹੀਂ ਤਾਂ ਮੇਰਾ ਵੀ ਰੋਣ ਨਿੱਕਲਜੂ। ਨਾਲੇ ਬਾਬਾ ਸੈਂਟਾ ਕੀ ਕਹੂ? ਤੂੰ ਤਾਂ ਹਰ ਵੇਲੇ ਤਵਾ ਧਰ ਕੇ ਬਹਿ ਜਾਨੈਂ ਜੇਹੜਾ ਲੋਟ ਆਉਂਦੈ, ਕਦੇ ਸਿਫਤ ਕੀਤੀ ਆ ਕਿਸੇ ਦੀ? ਸਰਕਾਰਾਂ ਗਰੀਬਾਂ ਨੂੰ ਸ਼ਗਨ ਸਕੀਮਾਂ ਦੇਈ ਜਾਂਦੀਆਂ ਨੇ, ਦਾਲਾਂ ਆਟਾ ਦੇਈ ਜਾਂਦੀਆਂ ਨੇ, ਆਪਣੇ ਸੰਤ ਬਾਬੇ ਤੇ 'ਬਾਹਰਲੇ' ਵੀਰ ਗਰੀਬਾਂ ਦੀਆਂ ਕੁੜੀਆਂ ਦੇ ਸਮੂਹਿਕ ਵਿਆਹ ਕਰੀ ਜਾਂਦੇ ਨੇ। ਕਦੇ ਸਿਫਤ ਵੀ ਕਰ ਲਿਆ ਕਰ ਕਿਸੇ ਕੰਜ਼ਰ ਦੀ।”, ਰੂਪਾ ਆਪਣਾ ਰੋਣ ਜਿਹਾ ਰੋਕਦਾ ਭੀਰੀ ਨੂੰ ਮੁਫਤੀ ਮੱਤ ਦੇ ਬੈਠਾ ਸੀ।
-“ਸੈਂਟੀ ਸਿੰਹਾਂ, ਕੈਮਰਾ ਬੰਦ ਕਰੀਂ ਮਾੜਾ ਜਿਆ, ਪਹਿਲਾਂ ਏਹਦੀ ਦਸੱਲੀ ਕਰਾ ਦਿਆਂ।", ਭੀਰੀ ਪੈਂਤਰਾ ਜਿਹਾ ਕੱਢਦਾ ਬੋਲਿਆ। ਸਭ ਨੂੰ ਏਹੀ ਉਮੀਦ ਸੀ ਕਿ ਹੁਣ ਭੀਰੀ ਜਰੂਰ ਰੂਪੇ ਨਾਲ ਜੂੰਡੋ- ਜੂੰਡੀ ਹੋਊ, ਪਰ ਵਾਪਰਿਆ ਉਲਟ..... ਸੈਂਟੀ ਦਾ ਕੈਮਰਾ ਵੀ ਬੰਦ ਨਾ ਹੋਇਆ।
-"ਕਦੇ 'ਖਬਾਰ ਖਬੂਰ ਵੀ ਪੜ੍ਹ ਲਿਆ ਕਰ। ਕਹਿੰਦੈ ਤਵਾ ਧਰ ਲੈਂਦੈ... ਹੂੰਅ... ਕੱਲੀਆਂ ਮੁੱਛਾਂ ਈ ਆ ਕੋਲੇ, ਮੱਤ ਤਾਂ ਹੈਨੀ ਧੇਲੇ ਦੀ... ਇਹ ਗਰੀਬਾਂ ਦੀਆਂ ਕੁੜੀਆਂ ਨੂੰ ਸ਼ਗਨ ਸਕੀਮਾਂ ਦੇਣ ਤੇ ਲੋਕਾਂ ਨੂੰ ਦਾਲ- ਆਟਾ ਦੇਣ 'ਤੇ ਈ ਪੂਛ ਹਿਲਾਈ ਜਾਂਦੈ। ਕਦੇ ਏਸ ਗੱਲ ਬਾਰੇ ਸੋਚਿਐ ਕਿ ਸਰਕਾਰਾਂ ਲੋਕਾਂ ਨੂੰ ਉੱਚਾ ਚੁੱਕਣ ਲਈ ਉਪਰਾਲਾ ਕਰਨ ਦੀ ਬਜਾਏ ਮੰਗਤਿਆਂ ਵਾਂਗ ਮੰਗਦੇ ਰਹਿਣ ਦੇ ਆਦੀ ਬਣਾ ਰਹੀਆਂ ਨੇ। ਲੋਕਾਂ ਦੀਆਂ ਕੁੜੀਆਂ ਨੂੰ ਸਰਕਾਰੀ ਖਾਤਿਆਂ 'ਚੋਂ ਸ਼ਗਨ ਦੇਣ ਤੇ ਸਰਕਾਰੀ ਖਾਤਿਆਂ 'ਚੋਂ ਹੀ ਰਾਸ਼ਨ ਦੇਣ ਦੀ ਬਜਾਏ ਲੋਕਾਂ ਨੂੰ ਹੀ ਐਨੇ ਜੋਕਰੇ ਕਿਉਂ ਨਹੀਂ ਬਣਾਇਆ ਜਾਂਦਾ ਕਿ ਓਹ ਆਵਦੀਆਂ ਧੀਆਂ ਖੁਦ ਵਿਆਹ ਸਕਣ ਤੇ ਆਵਦੇ ਪਰਿਵਾਰਾਂ ਦਾ ਆਪ ਪੇਟ ਪਾਲ ਸਕਣ? ਪਤੈ ਸ਼ਹੀਦ ਏ ਆਜ਼ਮ ਭਗਤ ਸਿੰਘ ਨੇ ਕੀ ਕਿਹਾ ਸੀ? ਉਹਨੇ ਕਿਹਾ ਸੀ ਕਿ 'ਕਿਸੇ ਗਰੀਬ ਨੂੰ ਦਾਨ ਦੇਣ ਦੀ ਬਜਾਏ ਅਜਿਹਾ ਸਮਾਜ ਸਿਰਜੋ, ਜਿੱਥੇ ਨਾ ਗਰੀਬ ਹੋਣ ਨਾ ਦਾਨੀ।' ਜੇ ਲੋਕ ਇਹਨਾਂ ਲੀਡਰਾਂ 'ਤੇ ਝਾਕ ਰੱਖਣੋਂ ਹਟਗੇ.... ਤਾਂ ਸਮਝਲੋ ਇਹਨਾਂ ਲੀਡਰਾਂ ਦਾ ਪੱਤਾ ਕੱਟਿਆ ਜਾਊ। ਏਸੇ ਕਰਕੇ ਤਾਂ ਹਰ ਸਰਕਾਰ ਲੋਕਾਂ ਨੂੰ ਖੁਦ ਕਮਾਉਣ ਜੋਗੇ ਕਰਨ ਨਾਲੋਂ 'ਸਹੂਲਤਾਂ' ਦਾ ਚੋਗਾ ਪਾਉਂਦੀ ਰਹਿੰਦੀ ਆ।", ਭੀਰੀ ਦੀਆਂ ਇਨਕਲਾਬੀ ਸੋਚ ਵਾਲੀਆਂ ਗੱਲਾਂ ਸੁਣ ਕੇ ਰੂਪਾ ਪੁਰਾਣੇ ਕੁੱਕੜ ਮਾਰਕਾ ਪਟਾਕਿਆਂ ਵਾਂਗ ਧੂੰਆਂ ਜਿਹਾ ਮਾਰੀ ਜਾ ਰਿਹਾ ਸੀ।
-"ਲੈ ਹੁਣ ਆਹ ਸਮੂਹਿਕ ਸ਼ਾਦੀਆਂ ਕਰਨ ਵਾਲਿਆਂ ਦੀ ਸੁਣਲਾ, ਪੁੱਤ ਪੂਰੀ ਦਸੱਲੀ ਕਰਾਕੇ ਹਟੂੰ। ਐਂਵੇਂ ਤਾਂ ਨੀ ਬਲਦਾਂ ਆਲੀਆਂ ਗੱਡੀਆਂ ਪਿੱਛੇ ਲਿਖਿਆ ਹੁੰਦੈ ਕਿ 'ਐ ਦੇਨੇ ਵਾਲੇ ਗਰੀਬੀ ਨਾ ਦੇ, ਮੌਤ ਦੇ ਦੇ ਮਗਰ ਬਦਨਸੀਬੀ ਨਾ ਦੇ' ..... ਰੂਪ ਸਿੰਹਾਂ ਮੈਨੂੰ ਤਾਂ ਐਂ ਲਗਦਾ ਜਿਵੇਂ ਗਰੀਬਾਂ ਦੀ ਮਦਦ ਕਰਨ ਦੇ ਨਾਂਅ 'ਤੇ ਲੋਕ ਆਵਦੇ ਨੰਬਰ ਵੱਧ ਬਣਾ ਰਹੇ ਨੇ। ਕਿਸੇ ਕੁੜੀ ਦਾ ਕੰਨਿਆਦਾਨ ਪਿਉ ਦੀ ਥਾਂ ਕੋਈ ਹੋਰ ਉਦੋਂ ਕਰਦਾ ਹੁੰਦੈ ਜਦੋਂ ਵਿਆਹੁਲੀ ਕੁੜੀ ਦਾ ਪਿਉ ਮਰਿਆ ਹੋਇਆ ਹੋਵੇ। ਸਮੂਹਿਕ ਸ਼ਾਦੀਆਂ ਕਰਨ ਵਾਲੇ ਦੇਖਿਆ 'ਖਬਾਰਾਂ 'ਚ ਕਿਵੇਂ ਮੂਹਰੇ ਹੋ ਹੋ ਫੋਟੂਆਂ ਖਿਚਾਉਂਦੇ ਆ। ਵਿਚਾਰੇ ਵਿਆਹ ਕਰਾਉਣ ਆਲੇ ਮੁੰਡੇ ਕੁੜੀਆਂ ਐਂ ਮੂੰਹ ਲੁਕਾਉਂਦੇ ਹੁੰਦੇ ਆ ਜਿਵੇਂ ਭੁੱਕੀ ਦੇ ਕੇਸ 'ਚ ਫੜ੍ਹੇ ਬਲੈਕੀਏ ਫੋਟੂ ਖਿਚਾਉਣ ਵੇਲੇ ਲੁਕੋਂਦੇ ਹੁੰਦੇ ਆ। ਖਬਰਾਂ 'ਚ ਲਿਖਿਆ ਹੁੰਦੈ ਕਿ 'ਫਲਾਣਾ ਸਿਉਂ ਸਮਾਜ ਸੇਵੀ' ਨੇ ਐਨੀਆਂ ਕੁੜੀਆਂ ਦਾ ਕੰਨਿਆਦਾਨ ਕੀਤਾ। ਉਹਨਾਂ ਕੁੜੀਆਂ ਦੇ ਜਿਉਂਦੇ ਜਾਗਦੇ ਪਿਉ ਸਿਰਫ ਏਸੇ ਕਰਕੇ ਹੀ ਮਰਿਆਂ ਵਰਗੇ ਹੋਗੇ ਕਿਉਂਕਿ ਉਹ ਗਰੀਬ ਸਨ। ਫੇਰ ਉਹਨਾਂ ਦੀਆਂ ਮੂਵੀਆਂ ਬਣਾ ਕੇ ਟੇਲੀਵੀਜਨਾਂ 'ਤੇ ਦਿਖਾਈਆਂ ਜਾਣਗੀਆਂ ਕਿ 'ਲਓ ਜੀ ਦੇਖ ਲੋ ਆਹ ਸਾਡੇ ਦੇਸ਼ ਦੇ ਮਾਨਤਾ ਪ੍ਰਾਪਤ ਗਰੀਬ ਨੇ।' ਰੂਪ ਸਿੰਹਾਂ ਲੋਕਾਂ ਨੂੰ ਕੌਣ ਕਹੇ ਕਿ ਤੁਸੀਂ ਆਵਦੀ ਹਉਮੈ ਨੂੰ ਪੱਠੇ ਪਾਉਣ ਦੇ ਚੱਕਰ 'ਚ ਉਹਨਾਂ ਗਰੀਬ ਲੋਕਾਂ ਦੀ ਮਦਦ ਕਰਨ ਦੇ ਨਾਂਅ 'ਤੇ ਉਹਨਾਂ ਨੂੰ ਹੋਰ ਨੀਵਾਂ ਦਿਖਾ ਰਹੇ ਹੋਂ। ਜੇ ਦਾਨ ਈ ਕਰਨੈ ਤਾਂ ਬਾਣੀ ਨੇ ਗੁਪਤਦਾਨ ਨੂੰ ਸਭ ਤੋਂ ਵਧੀਆ ਦਾਨ ਕਿਹੈ। ਨਾਲੇ ਥੋਡਾ ਦਾਨ ਹੋਜੂ, ਨਾਲੇ ਵਿਚਾਰੇ ਗਰੀਬ ਪਿਉ ਦਾ ਮਾਣ ਹੋਜੂ! ਦਾਨ ਕਰਕੇ ਅਹਿਸਾਨ ਕਰਦੇ ਨੇ ਲੋਕ, ਦਾਨ ਲੈਣ ਆਲਿਆਂ ਦੀਆਂ ਫੋਟੂਆਂ ਐਂ ਦਿਖਾਉਂਦੇ ਨੇ ਕਿ ਕੱਲ੍ਹ ਨੂੰ ਮੁੱਕਰ ਨਾ ਜਾਣ। ਮੈਂ ਤਾਂ ਇਹਨੂੰ ਦਾਨ ਨੀਂ ਕਹਿੰਦਾ.... ਇਹਤਾਂ ਗਰੀਬਾਂ ਦੀ ਹੋਰ ਵੀ ਵੱਧ ਬੇਜਤੀ ਆ। ਮੰਨ ਲਾ, ਕਿ ਕੱਲ੍ਹ ਨੂੰ ਕੋਈ ਗਰੀਬ ਮੁੰਡਾ ਆਵਦੇ ਪੈਰਾਂ ਸਿਰ ਹੋ ਕੇ ਅਮੀਰ ਹੋ ਗਿਆ, ਕੋਈ ਤੇਰੇ ਅਰਗਾ ਨਲੀਚੋਚਲ ਈ ਮੇਹਣਾ ਮਾਰਜੂ ਕਿ 'ਵੱਡਾ ਬਣਿਆ ਫਿਰਦੈ... ਵਿਆਹ ਤਾਂ ਫਲਾਣਿਆਂ ਨੇ ਕੀਤਾ ਸੀ।", ਭੀਰੀ ਦੀਆਂ ਦਲੀਲਾਂ ਅੱਗੇ ਰੂਪਾ ਹੁਣ ਬਿਲਕੁਲ ਹੀ ਬੇਹੇ ਪਾਣੀ 'ਚ ਬਹਿ ਗਿਆ ਸੀ। 
-"ਸੈਂਟੀ ਸਿੰਹਾਂ ਕਰੀਂ ਕੈਮਰਾ ਲੋਟ... ਲੈ ਬਾਈ ਸੈਂਟਿਆ, ਗੱਲਾਂ ਤਾਂ ਹੋਰ ਵੀ ਬਹੁਤ ਸੀ ਪਰ ਯਾਰ ਕੀ ਕਰੀਏ? ਹੁਣ ਸਾਡਾ ਵੀ ਟੈਮ ਹੋਗਿਆ ਘਰਾਂ ਨੂੰ ਜਾਣ ਦਾ, ਮੱਝਾਂ ਵੀ ਰੰਭੀ ਜਾਂਦੀਆਂ ਹੋਣਗੀਆਂ। ਜੇ ਤੇਰਾ ਟੈਮ ਲੱਗਿਆ ਤਾਂ ਜਰੂਰ ਆਵੀਂ ਯਾਰ, ਹੋਰ ਨਾ ਸਾਡੇ ਆਲੇ ਲੀਡਰਾਂ ਅੰਗੂੰ ਭੁੱਲ ਭੁਲਾ ਈ ਜਾਵੀਂ ਜਿਵੇਂ ਇਹ ਨੀਂਹ ਪੱਥਰ ਰੱਖ ਕੇ ਈ ਭੁੱਲ ਜਾਂਦੇ ਐ ਕਿ 'ਹੈਂ ਇਹ ਮੈਂ ਰੱਖਿਆ ਸੀ?' ਅਸੀਂ ਸਾਰੇ ਮੇਰਾ ਮਤਬਲ ਆ ਮੈਂ ਬਲਬੀਰ ਸਿਉਂ, ਭੋਲਾ ਸਿਉਂ ਨ੍ਹੇਰੀ, ਭਾਂਬੜ ਸਿਉਂ ਤੇ ਆਹ ਘਤਿੱਤੀ ਰੂਪਾ ਸਿਉਂ ਤੈਨੂੰ 'ਡੀਕਾਂਗੇ।... ਤੇ ਕਰ ਫਤਿਹ ਪ੍ਰਵਾਨ.... ਜੈ ਹਿੰਦ।", ਭੀਰੀ ਦੀਆਂ ਆਖਰੀ ਗੱਲਾਂ ਨੂੰ ਆਪਣੇ ਕੈਮਰੇ 'ਚ ਕੈਦ ਕਰਦਾ ਸੈਂਟੀ ਉਹਨਾਂ ਚਹੁੰ ਉੱਪਰ ਵੀ ਕੈਮਰਾ ਘੁੰਮਾ ਗਿਆ ਸੀ। ਰੂਪੇ ਵਰਗਿਆਂ ਨੂੰ ਚਾਅ ਸੀ ਕਿ ਉਹਨਾਂ ਦੀ ਮੂਵੀ 'ਗਲੈਂਡ ਪਹੁੰਚਜੂ ਪਰ ਭੀਰੀ ਇਸ ਗੱਲੋਂ ਸੰਤੁਸ਼ਟ ਸੀ ਕਿ ਕਈ ਦਿਨਾਂ ਬਾਦ ਉਹਦੇ ਅੰਦਰ ਜਮ੍ਹਾ ਹੋਇਆ ਗੁੱਭ- ਗੁਭ੍ਹਾਟ ਸੈਂਟੀ ਦੀ ਮੂਵੀ ਦੇ ਬਹਾਨੇ ਨਿੱਕਲ ਗਿਆ ਸੀ।

**** 

ਮੋ: 0044 (0) 75191 12312

ਸੁਣੀਂ ਮਾਲਕਾ! ਮੇਰੀ ਕੂਕ ਪਪੀਹੇ ਵਾਲੀ.......... ਲੇਖ / ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)


ਗੁਰੂ ਜੀ ਬੜੇ ਚਿਰ ਦਾ ਦਿਲ ਕਰਦਾ ਸੀ ਕਿ ਤੁਹਾਨੂੰ ਮੇਰਾ ਮਤਲਬ ਕਿ ਪ੍ਰਿਥਮ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਵਦੇ ਦਿਲ 'ਚ ਉੱਠਦੇ ਉਬਾਲ ਲਿਖ ਕੇ ਚਿੱਠੀ ਪਾਈ ਜਾਵੇ। ਤੁਹਾਡਾ ਕਮਅਕਲ ਪੁੱਤ ਕੁੱਝ ਲਿਖਣ ਤੋਂ ਪਹਿਲਾਂ ਹੀ ਮਾਫ਼ੀ ਦਾ ਚਾਹਵਾਨ ਹੈ ਸੋ ਤੁਸੀਂ ਵੀ ਪਹਿਲਾਂ ਹੀ ਮਾਫ਼ ਕਰ ਦਿਓ। ਤੁਹਾਨੂੰ ਤਾਂ ਪਤਾ ਹੀ ਐ ਕਿ ਜਿਵੇਂ ਲੋਕ ਤੁਹਾਡੇ ਨਾਂ 'ਤੇ ਇੱਕ ਰੁਪਈਆ ਮੱਥਾ ਟੇਕ ਕੇ 'ਬਾਹਲਾ ਬਾਹਲਾ ਦੇਈਂ' ਦੀ ਮੰਗ ਰੱਖ ਦਿੰਦੇ ਨੇ... ਪਰ ਮੈਂ ਤਾਂ ਕਦੇ ਅਜਿਹੀ ਮੰਗ ਵੀ ਨਹੀਂ ਰੱਖੀ ਜੋ ਮੇਰੀ ਔਕਾਤ ਤੋਂ ਵੱਧ ਹੋਵੇ। ਕਈ ਤਾਂ ਐਸੇ ਵੀ ਹਨ ਜੋ ਪੰਜ ਟੇਕ ਕੇ ਦਸ ਚੁੱਕ ਲੈਂਦੇ ਹਨ। ਪਰ ਅੱਜ ਜੇ ਕੁੱਝ ਮੰਗ ਰਿਹਾ ਹਾਂ ਤਾਂ ਮਾਫ਼ੀ ਹੀ ਮੰਗ ਰਿਹਾ ਹਾਂ। ਉਮੀਦ ਹੀ ਨਹੀਂ ਯਕੀਨ ਵੀ ਹੈ ਕਿ ਮਾਫ਼ ਕਰਨ ਦੇ ਨਾਲ ਨਾਲ ਮੇਰੀ ਇਹ ਚਿੱਠੀ ਪੜ੍ਹ ਕੇ ਕੋਈ ਮੱਤ ਵੀ ਜਰੂਰ ਦੇਵੋਗੇ ਅਤੇ ਅੱਗੇ ਤੋਂ ਬੁੱਧੀ- ਬਲ ਬਖਸ਼ੋਗੇ। 
ਗੁਰੂ ਜੀ,
ਸਕੂਲ 'ਚ ਪੜ੍ਹਦਿਆਂ ਮਾਸਟਰਾਂ ਨੇ ਪੜ੍ਹਾਇਆ ਸੀ ਕਿ ਜਦੋਂ ਪਾਧ੍ਹਾ ਤੁਹਾਨੂੰ ਪੜ੍ਹਾਉਣ ਲੱਗਾ ਤਾਂ ਤੁਸੀਂ ੴ ਲਿਖ ਦਿੱਤਾ ਸੀ। ਇਹ ਤੁਹਾਡੇ ਵੱਲੋਂ ਲੋਕਾਈ ਨੂੰ ਦਿੱਤਾ ਸੁਨੇਹਾ ਸੀ ਕਿ ਤੁਸੀਂ ਆਪਣੇ ਹੱਥੋਂ ਪਹਿਲਾ ਅੱਖਰ ਹੀ ਗੁਰਮੁਖੀ ਦਾ ਲਿਖਿਆ ਸੀ ਪਰ ਗੁਰੂ ਜੀ ਹੁਣ ਤਾਂ ਲੋਕ 'ਅੰਗਜਾਬੀ' ਹੋ ਗਏ ਨੇ ਕਿਉਂਕਿ ਤੁਹਾਡੇ ਜਨਮਦਿਨ ਦੀਆਂ ਵਧਾਈਆਂ ਵੀ 'ਹੈਪੀ ਗੁਰਪੁਰਬ' ਕਹਿ ਕੇ ਦੇਣ ਦੇ ਆਦੀ ਹੋ ਗਏ ਨੇ। ਸਾਡੇ ਬੱਚਿਆਂ ਨੂੰ ਤਾਂ ਅਸੀਂ ਅਜੇ ਵੀ ਦੀਵਾਲੀ ਵਾਲੇ ਦਿਨ ਵਰਜਦਿਆਂ ਇਹੀ ਆਖਦੇ ਆਂ, "ਕੰਜਰੋ, ਸਾਰੇ ਭੜਾਕੇ ਅੱਜ ਈ ਨਾ ਮੁਕਾ ਲਿਓ, ਗੁਰਪੁਰਬ ਵਾਸਤੇ ਵੀ ਬਚਾ ਲਿਓ।" ਪਤਾ ਨਹੀਂ ਲੱਗ ਰਿਹਾ ਕਿ ਇਹ ਤੁਹਾਡੇ ਜਨਮਦਿਨ ਦੀ ਖੁਸ਼ੀ ਹੁੰਦੀ ਐ ਕਿ ਭੇਡ-ਚਾਲ। ਇਉਂ ਲਗਦੈ ਕਿ ਅਸੀਂ ਤਾਂ ਤੁਹਾਡੀਆਂ ਸਿੱਖਿਆਵਾਂ 'ਤੇ ਹੀ ਗੋਹਾ ਮਿੱਟੀ ਦਾ ਪੋਚਾ ਫੇਰ ਦਿੱਤੈ। ਗੁਰੂ ਜੀ ਅਸੀਂ ਤਾਂ ਤੁਹਾਡੀ ਕਿਸੇ ਸਿੱਖਿਆ 'ਤੇ ਮੂਲੋਂ ਹੀ ਅਮਲ ਨਹੀਂ ਕੀਤਾ। ਜੋ ਕੁਝ ਤੁਸੀਂ ਸਾਡੇ ਅਗਾਊਂ ਜੀਵਨ ਨੂੰ ਸੌਖਿਆਂ ਕਰਨ ਲਈ ਉੱਚਰਿਆ ਸੀ ਅਸੀਂ ਤਾਂ ਓਹ ਸਿਰਫ਼ ਤੇ ਸਿਰਫ਼ ਕਾਗਜ਼ਾਂ ਦਾ ਮੁਹਤਾਜ ਬਣਾ ਕੇ ਰੱਖ ਦਿੱਤੈ। ਹਾਂ ਜੀ, ਕਾਗਜ਼ਾਂ ਦਾ ਮੁਹਤਾਜ ਹੀ ਹੋਇਆ, ਜਦੋਂ ਅਮਲ ਹੀ ਨਹੀਂ ਕਰਨਾ। ਤੁਹਾਡੀ ਦੂਰਦਰਸ਼ੀ ਸੋਚ ਹੀ ਸੀ ਕਿ 
"ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।।
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।।
ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।" (ਪੰਨਾ 473) 
ਪਰ ਗੁਰੂ ਜੀ ਅਸੀਂ ਤਾਂ ਆਪਣੇ ਹੀ ਮੂਲ ਭਾਵ ਕੁੜੀ ਨੂੰ ਮਾਰਨ ਦੇ ਰਾਹ ਤੁਰੇ ਹੋਏ ਹਾਂ। ਜਿਸ ਕੁੜੀ ਨੂੰ ਤੁਸੀਂ ਵਡਿਆਇਆ ਹੈ, ਉਸਨੂੰ ਤਾਂ ਤੁਹਾਡੇ ਪੈਰੋਕਾਰ ਪੱਥਰ ਦੱਸ ਕੇ ਕੁੱਖ 'ਚ ਹੀ ਓਹਦੀ ਕਬਰ ਬਣਾ ਦਿੰਦੇ ਹਨ। ਤੁਹਾਡਾ ਤਾਂ ਸੁਨੇਹਾ ਹੀ ਇਹ ਸੀ ਕਿ ਨਰ ਤੇ ਮਾਦਾ ਇਸ ਦੁਨਿਆਵੀ ਗੱਡੇ ਦੇ ਦੋ ਪਹੀਏ ਹਨ ਪਰ ਅਸੀਂ ਤਾਂ ਮਾਦਾ ਰੂਪੀ ਪਹੀਏ ਦੀਆਂ ਖਲਪਾੜਾਂ ਕਰ ਦਿੱਤੀਆਂ ਹਨ ਫਿਰ ਅਸੀਂ ਕਿਹੜੇ ਸੁਖਾਵੇਂ ਸਫ਼ਰ ਦੀ ਆਸ ਰੱਖਾਂਗੇ। ਹੁਣ ਤਾਂ ਥਾਂ ਥਾਂ ਇਹੀ ਲਿਖਿਆ ਪੜ੍ਹੋਗੇ ਕਿ "ਇੱਥੇ ਲਿੰਗ ਨਿਰਧਾਰਨ ਟੈਸਟ ਨਹੀਂ ਕੀਤਾ ਜਾਂਦਾ।" ਇਹਦਾ ਮਤਲਬ ਤਾਂ ਇਹੀ ਐ ਕਿ ਅਸੀਂ ਪਹਿਲਾਂ ਟੈਸਟ ਕਰਦੇ ਸੀ ਪਰ ਹੁਣ ਨਹੀਂ ਕਰਦੇ.... ਇਹ ਹੈ ਇਸ ਧਰਤੀ ਦੇ ਜੀਵਾਂ 'ਚੋਂ ਸਭ ਤੋਂ ਉੱਤਮ ਬੁੱਧੀ ਦੇ ਮਾਲਕ ਮਨੁੱਖ ਦੀ ਕਰਤੂਤ ਕਿ ਉਸਨੂੰ ਮਾੜੇ ਪਾਸਿਉਂ ਮੋੜਨ ਲਈ ਕਾਨੂੰਨ ਰੂਪੀ ਡਾਂਗਾਂ ਵਾਲੇ ਰਸਤੇ 'ਚ ਖੜ੍ਹਾਏ ਜਾਂਦੇ ਹਨ। ਗੁਰੂ ਜੀ ਮੈਨੂੰ ਤਾਂ ਲਗਦੈ ਕਿ ਕੁੱਤਾ ਵੀ ਮਨੁੱਖ ਤੋਂ ਵਧੇਰੇ ਸਮਝਦਾਰ ਐ ਕਿਉਂਕਿ ਮੈਂ ਤਾਂ ਕਦੇ ਕਿਸੇ ਕੁੱਤੇ ਨੂੰ ਆਵਦੀ ਔਲਾਦ ਨੂੰ ਕੁੱਖ 'ਚ ਕਤਲ ਕਰਦਿਆਂ ਨਹੀਂ ਦੇਖਿਆ? ਫਿਰ ਬੰਦਾ ਤਾਂ ਕੁੱਤੇ ਤੋਂ ਵੀ ਭੈੜਾ ਹੋਇਆ ਕਿ ਨਹੀਂ? ਇੱਕ ਬੰਦਾ ਦੂਜੇ ਨੂੰ ਗਾਲ੍ਹ ਕੱਢਣ ਲੱਗਾ ਆਮ ਹੀ ਕਹਿ ਦਿੰਦਾ ਸੀ 'ਓਏ ਕੁੱਤੇ ਦਿਆ ਪੁੱਤਾ'.... ਪਰ ਹੁਣ ਕੁੱਤਿਆਂ ਤੋਂ ਵੀ ਭੈੜੀਆਂ ਕਰਤੂਤਾਂ ਦੇਖਕੇ ਕੁੱਤੇ ਇੱਕ ਦੂਜੇ ਨੂੰ ਗਾਲ੍ਹ ਕੱਢਣ ਲੱਗੇ ਕਹਿੰਦੇ ਹੋਣਗੇ 'ਓਏ ਬੰਦੇ ਦਿਆ ਪੁੱਤਾ'। 
ਗੁਰੂ ਜੀ, ਕੀ ਕਹਾਂ? ਤੁਸੀਂ ਹੀ ਦੱਸੋ ਕਿ ਤੁਸੀਂ ਤਾਂ ਮਨੁੱਖ ਨੂੰ ਹੀ ਉੱਤਮ ਮੰਨਿਆ ਸੀ। ਨੀਵਾਂ ਰਹਿਣ ਨੂੰ ਹੀ ਚੰਗਾ ਜੀਵਨ ਕਿਹਾ ਸੀ।
"ਨੀਚਾ ਅੰਦਰਿ ਨੀਚ ਜਾਤਿ ਨੀਚੀਹੂ ਅਤਿ ਨੀਚੁ।।
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।
ਜਿਥੈ ਨੀਚ ਸਮਾਲੀਅਨਿ ਤਿਥੇ ਨਦਰਿ ਤੇਰੀ ਬਖਸ਼ੀਸ।।" (ਪੰਨਾ 15)
ਕਹਿਣ ਨੂੰ ਹੀ ਲੋਕ ਆਪਣੇ ਆਪ ਨੂੰ ਧਾਰਮਿਕ ਖਿਆਲਾਂ ਦੇ ਹੋਣ ਦਾ ਢੌਂਗ ਕਰਦੇ ਨੇ ਪਰ ਜਾਤੀਵਾਦ ਤਾਂ ਦਿਮਾਗਾਂ 'ਚ ਤੁੰਨ ਤੁੰਨ ਕੇ ਭਰਿਆ ਪਿਐ। ਹੁਣ ਤਾਂ ਹਰ ਗਾਣੇ-ਰਕਾਟ 'ਚੋਂ ਵੀ ਜਾਤੀਵਾਦ ਦੀ ਬੋਅ ਆਉਣ ਲੱਗ ਗਈ ਐ। ਅੱਗੇ ਤਾਂ ਗੀਤ ਹੁੰਦੇ ਸੀ ਕਿ 'ਜੱਟ ਬੰਦੇ ਵੱਢ ਦਿੰਦੈ', 'ਜੱਟ ਕਿਸੇ ਨੂੰ ਖੰਘਣ ਨੀ ਦਿੰਦਾ', 'ਜੱਟ ਡਾਂਗ ਦੇ ਸਿਰ 'ਤੇ ਜਿਉਂਦਾ' ਵਗੈਰਾ ਵਗੈਰਾ। ਪਰ ਹੁਣ ਤਾਂ ਇਸੇ ਲੜੀ ਤਹਿਤ ਹੀ ਗੀਤ ਸੁਣ ਸਕਦੇ ਹੋ ਕਿ 'ਅਣਖੀ ਪੁੱਤ ਚਮਾਰਾਂ ਦੇ' ਦੇਖਦੇ ਜਾਓ.. ਹੁਣ ਤਾਂ ਬਾਕੀ ਜਾਤਾਂ ਵੀ ਮੁੱਠੀਆਂ 'ਚ ਥੁੱਕੀ ਬੈਠੀਆਂ ਹੋਣਗੀਆਂ ਆਪੋ ਆਪਣੀ ਆਪ ਹੀ ਬੱਲੇ ਬੱਲੇ ਕਰਵਾਉਣ ਨੂੰ। ਗੁਰੁ ਜੀ ਤੁਹਾਨੂੰ ਤਾਂ ਪਤਾ ਹੀ ਐ ਕਿ ਇਹਨਾਂ ਜਾਤਾ ਨਾਲ ਸੰਬੰਧਤ ਲੋਕਾਂ ਦੀ ਜੂਨ ਕੀ ਐ? ਬੱਲੇ ਬੱਲੇ ਤਾਂ ਕੁੱਝ ਕੁ ਉਤਲਿਆਂ ਦੇ ਹਿੱਸੇ ਆਉਂਦੀ ਐ, ਵਿਚਾਰੇ ਦਿਨੇ ਕਮਾ ਕੇ ਰਾਤ ਨੂੰ ਖਾਣ ਵਾਲੇ ਕਿਵੇਂ ਲਲਕਾਰੇ ਕਦੋਂ ਮਾਰਦੇ ਹਨ? ਇਹਨਾਂ ਭੋਲੇ ਪੰਛੀਆਂ ਨੂੰ ਕੌਣ ਸਮਝਾਵੇ ਕਿ 
"ਜਾਤਿ ਕਾ ਗਰਬੁ ਨਾ ਕਰਿ ਮੂਰਖ ਗਵਾਰਾ।।
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ।। (ਪੰਨਾ 1128)
ਇਹਨਾਂ ਘੁੰਮਣ-ਘੇਰੀਆਂ 'ਚ ਫਸੇ ਲੋਕਾਂ ਦਾ ਵੀ ਕੋਈ ਕਸੂਰ ਨਹੀਂ। ਓਹ ਤਾ ਵਿਚਾਰੇ ਬੰਸਰੀਆਂ ਵਰਗੇ ਬਣੇ ਪਏ ਆ, ਜਿਹੋ ਜਿਹੀ ਫੂਕ ਵਜਦੀ ਐ.. ਓਹੋ ਜਿਹੀ 'ਵਾਜ ਕੱਢ ਦਿੰਦੇ ਆ। ਇਹਤਾਂ ਤੁਹਾਡਾ ਵਡੱਪਣ ਸੀ ਕਿ ਗੁਰਿਆਈ 'ਆਪਣੇ ਘਰ' ਹੀ ਨਹੀਂ ਰੱਖੀ ਜਦੋਂ ਕਿ ਹੁਣ ਤਾਂ ਕਰਜਈ ਦਾ ਪੁੱਤ ਕਰਜਈ ਜੰਮਦੈ ਤੇ ਰਾਜੇ ਦਾ ਪੁੱਤ ਰਾਜਾ। ਹੁਣ ਤਾਂ ਓਹੀ ਹਾਲਾਤ ਬਣੇ ਪਏ ਆ ਕਿ
"ਅੰਨੀ ਕੋ ਬੋਲਾ ਘੜੀਸੈ
ਨਾ ਉਸ ਸੁਣੈ ਨਾ ਉਸ ਦੀਸੈ।।" 
ਸਿਆਸਤ ਦੇ ਨਾਂ 'ਤੇ ਅੰਨ੍ਹੀ ਮਚਾਈ ਪਈ ਐ, ਦੁਖੀਆਂ ਦਾ ਦਰਦਮੰਦ ਬਨਣ ਲਈ ਕੋਈ ਬਾਂਹ ਨਹੀਂ ਵਧਾਉਂਦਾ। ਸਗੋਂ ਦੁਖੀਆਂ ਵੱਲੋਂ ਵਧਾਈਆਂ ਬਾਹਾਂ ਖਾਣ ਨੂੰ ਆਉਂਦੈ ਹਰ ਕੋਈ। ਜਿਹਨਾਂ ਨੇ ਆਗੂ ਬਣ ਕੇ ਦੂਜਿਆਂ ਨੂੰ ਰਾਹ ਦੱਸਣੇ ਨੇ, ਓਹ ਤਾਂ ਖੁਦ ਕਿਸਮਤ ਪੁੜੀਆਂ ਦੇ ਗਰਭ 'ਚੋਂ ਜਨਮਦੇ ਨੇ। ਗੁਰੂ ਜੀ, ਸ਼ੁਕਰ ਕਰੋ ਕਿ ਪਾਕਿਸਤਾਨ ਵਾਲਿਆਂ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਆਵਦੇ ਹੱਥਾਂ 'ਚ ਹੀ ਲੈ ਲਿਐ ਤੇ ਪੰਜਾਬ ਵਾਲਿਆਂ ਦੀ ਘੁੱਗੀ ਨੀ ਖੰਘਣ ਦਿੱਤੀ, ਨਹੀਂ ਤਾਂ ਓਥੇ ਵੀ ਹੁਣ ਵਾਂਗੂੰ 'ਵਿਰੋਧੀਆਂ' ਲਈ ਹੋਰ ਤੇ 'ਆਪਣਿਆਂ' ਲਈ ਹੋਰ ਹੁਕਮਨਾਮੇ ਹੋਣੇ ਸੀ। ਗੁਰੂ ਜੀ ਤੁਸੀਂ ਵੀ ਬਹੁਤ ਵੱਡੇ ਸਬਰ ਦੇ ਮਾਲਕ ਹੋ, ਪੰਜਾਬ 'ਚ ਤਾਂ ਤੁਹਾਡੀਆਂ ਸਾਖੀਆਂ ਸੁਣਾ ਸੁਣਾ ਕੇ 'ਬਾਬੇ' ਕਰੋੜਪਤੀ ਬਣੇ ਬੈਠੇ ਹਨ ਤੇ ਜੇ ਵਿਦੇਸ਼ ਦੇ ਜਾਦੂ ਮੰਤਰਾਂ ਵਾਲਿਆਂ ਦਾ ਪ੍ਰਚਾਰ ਦੇਖੀਏ ਤਾਂ ਕਈ ਐਸੇ ਵੀ ਹਨ ਜੋ ਅਖ਼ਬਾਰਾਂ ਰਾਹੀਂ 'ਸ੍ਰੀ ਨਨਕਾਣਾ ਸਾਹਿਬ ਤੇ ਤੁਹਾਡੀ ਜਨਮ ਭੂਮੀ' ਦਾ ਨਾਂ ਵਰਤ ਕੇ ਆਵਦੇ ਜਾਦੂ ਰਾਹੀਂ ਲੋਕਾਂ ਦੇ ਧੱਫੜ ਪਾ ਰਹੇ ਨੇ।
"ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ।।
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੇ।। (ਪੰਨਾ 767)
ਗੁਰੂ ਜੀ ਕਹਿੰਦੇ ਨੇ ਕਿ 'ਕਲਮ ਤਲਵਾਰ ਨਾਲੋਂ ਵੀ ਤਿੱਖੀ ਹੁੰਦੀ ਐ।' ਪਰ ਤਿੱਖੀ ਦਾ ਫਾਇਦਾ ਵੀ ਫੇਰ ਈ ਐ ਨਾ ਜੇ ਚਲਾਉਣੀ ਆਉਂਦੀ ਹੋਵੇ। ਕਲਮ ਦੀ ਨੋਕ 'ਚੋਂ ਨਿੱਕਲੇ ਲਫ਼ਜ਼ ਵੱਡਿਆਂ ਵੱਡਿਆਂ ਦਾ ਪੱਥਰ ਦਿਲ ਪਿਘਲਾਉਣ ਦੀ ਸਮਰੱਥਾ ਰੱਖਦੇ ਹਨ। ਤੁਹਾਡੀ ਕਲਮਕਾਰੀ ਅੱਗੇ ਤਾਂ ਪੱਤਰਕਾਰ, ਸੰਪਾਦਕ, ਲੇਖਕ ਵਰਗੇ ਸ਼ਬਦ ਵੀ ਬੌਣੇ ਜਿਹੇ ਲੱਗਣ ਲਗਦੇ ਹਨ। ਮੌਕੇ ਦੀ ਸਰਕਾਰ ਖਿਲਾਫ ਲਿਖਣਾ ਵੀ ਵੱਡੇ ਜ਼ੇਰੇ ਦਾ ਕੰਮ ਹੁੰਦੈ ਤਾਂ ਹੀ ਤਾਂ ਤੁਸੀਂ 
"ਪਾਪ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।।" (ਪੰਨਾ 722) 
ਕਹਿਣ ਲੱਗਿਆਂ ਕਿਸੇ ਨਾਢੂ ਖਾਂ ਦਾ ਭੈਅ ਨਹੀਂ ਮੰਨਿਆ ਸੀ। ਲੋਕਾਂ ਦੀਆਂ ਸਮੱਸਿਆਵਾਂ ਨੂੰ ਰਾਜਿਆਂ ਅੱਗੇ ਕਲਮ ਰਾਹੀਂ ਪੇਸ਼ ਕਰਨ ਵਾਲਿਆਂ ਨੂੰ ਹੁਣ 'ਪੱਤਰਕਾਰ' ਕਿਹਾ ਜਾਂਦੈ ਗੁਰੂ ਜੀ। ਪਰ ਬਥੇਰੇ ਐਸੇ ਟੱਕਰ ਜਾਣਗੇ ਜੋ ਭੁੱਖ ਨੂੰ ਢੁੱਡਾਂ ਮਾਰਦੇ ਹੀ ਐਸ ਰਾਹ ਤੁਰਪੇ, ਲੋਕਾਂ ਦੇ ਦੁੱਖ ਦਰਦ ਤਾਂ ਇੱਕ ਪਾਸੇ ਰਹਿਗੇ ਵਿਚਾਰਿਆਂ ਨੂੰ ਆਪਾ ਧਾਪੀ ਪਈ ਹੋਈ ਆ। ਤੁਹਾਡੀ ਬੇਬਾਕੀ ਅੱਗੇ ਆਵਦੇ ਆਪ ਨੂੰ ਪੱਤਰਕਾਰ ਅਖਵਾਉਣ ਵਾਲੇ "ਪੱਤਰ-ਕਾਰ" ਤਾਂ ਕੀ "ਪੱਤਰ-ਸਾਈਕਲ" ਅਖਵਾਉਣ ਦੇ ਹੱਕਦਾਰ ਵੀ ਨਹੀਂ ਜਾਪਦੇ। ਗੁਰੂ ਜੀ ਜਦੋਂ ਕਲਮਾਂ ਵਿਕਾਊ ਹੋ ਜਾਣ ਜਾਂ ਹੀਂਜੜਿਆਂ ਵਾਂਗੂੰ ਘੱਗਰੀਆਂ ਪਾ ਕੇ ਠੁਮਕੇ ਲਾਉਂਦੀਆਂ ਫਿਰਨ ਤਾਂ ਫਿਰ ਲੋਕਾਂ ਲਈ ਸੱਚ ਲਿਖਣ ਦੀ ਕੀ ਆਸ ਰੱਖੀ ਜਾ ਸਕਦੀ ਐ? ਹੁਣ ਤਾਂ ਇਹ ਹਾਲ ਹੋਇਆ ਪਿਐ ਕਿ ਵਿਚਾਰੇ "ਪੱਤਰ-ਸੈਕਲ" ਰਾਜਭਾਗ ਬਦਲਦਿਆਂ ਹੀ ਆਪਣੀਆਂ ਕਲਮਾਂ ਦੀਆਂ ਨਿੱਭਾਂ ਬਦਲ ਲੈਂਦੇ ਨੇ। ਪੁੱਛੋ ਨਾ ਗੁਰੂ ਜੀ, ਚੁੱਪ ਈ ਭਲੀ ਆ। ਗੱਲਾਂ ਤਾਂ ਬਹੁਤ ਸੀ ਲਿਖਣ ਵਾਲੀਆਂ.... ਪਰ ਕੀ ਕਰਾਂ ਜੀ... ਸਵੇਰੇ ਕੰਮ 'ਤੇ ਵੀ ਜਾਣੈ... ਜਿਹੜੀਆਂ ਲਿਖਣ ਵੱਲੋਂ ਰਹਿ ਗਈਆਂ, ਤੁਹਾਨੂੰ ਪਤਾ ਹੀ ਹਨ। ਬਸ ਗੁਰੂ ਜੀ ਕੋਈ ਐਸਾ ਬਾਨਣੂੰ ਬੰਨ੍ਹ ਦਿਉ ਕਿ ਸਾਰੇ ਉੱਲੂ ਉੱਡ ਜਾਣ ਕਿਉਂਕਿ
"ਏਕ ਹੀ ਉੱਲੂ ਕਾਫੀ ਥਾ, ਬਰਬਾਦ ਗੁਲਸਿਤਾਂ ਕਰਨੇ ਕੋ,
ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜ਼ਾਮ-ਏ-ਗੁਲਸਿਤਾਂ ਕਿਆ ਹੋਗਾ?"
ਬਹੁਤ ਹੀ ਆਦਰ ਸਤਿਕਾਰ ਸਹਿਤ,
ਤੁਹਾਡਾ ਕਮਅਕਲ ਪੁੱਤ,
ਮਨਦੀਪ ਖੁਰਮੀ ਹਿੰਮਤਪੁਰਾ।
****
ਮੋਬਾ: 0044 75191 12312




ਲੇਖਿਕਾ ਚਰਨਜੀਤ ਧਾਲੀਵਾਲ ਸੈਦੋਕੇ ਨੂੰ ਸਦਮਾ, ਪਿਤਾ ਜੀ ਦਾ ਦਿਹਾਂਤ.......... ਸ਼ੋਕ ਸਮਾਚਾਰ / ਮਨਦੀਪ ਖੁਰਮੀ ਹਿੰਮਤਪੁਰਾ

ਲੰਡਨ : ਜਰਮਨ ਵਾਸੀ ਚਰਚਿਤ ਲੇਖਿਕਾ ਚਰਨਜੀਤ ਧਾਲੀਵਾਲ ਸੈਦੋਕੇ ਲਈ ਦੀਵਾਲੀ ਦੇ ਰੰਗ ਉਸ ਸਮੇਂ ਫਿੱਕੇ ਹੋ ਗਏ ਜਦੋਂ ਉਹਨਾਂ ਦੇ ਪੂਜਨੀਕ ਪਿਤਾ ਸ੍ਰ: ਨਿਹਾਲ ਸਿੰਘ ਜੀ ਨਾਮਧਾਰੀ ਉਹਨਾਂ ਦੇ ਜੱਦੀ ਪਿੰਡ ਸੈਦੋਕੇ (ਮੋਗਾ) ਵਿਖੇ ਅਕਾਲ ਚਲਾਣਾ ਕਰ ਗਏ। ਜਿ਼ਕਰਯੋਗ ਹੈ ਕਿ ਬਾਪੂ ਨਿਹਾਲ ਸਿੰਘ ਜੀ ਮੁੱਖ ਨਾਮਧਾਰੀ ਡੇਰਾ ਭੈਣੀ ਸਾਹਿਬ ਅਤੇ ਮਿੰਨੀ ਭੈਣੀ ਸਾਹਿਬ ਵਜੋਂ ਜਾਣੇ ਜਾਂਦੇ ਨਾਮਧਾਰੀ ਡੇਰਾ ਹਿੰਮਤਪੁਰਾ ਦੇ ਅਨਿੰਨ ਸੇਵਕਾਂ 'ਚੋਂ ਸਨ। 9 ਜਨਵਰੀ 1925 ਵਿੱਚ ਜਨਮੇ ਬਾਪੂ ਨਿਹਾਲ ਸਿੰਘ ਨੇ ਜਿ਼ੰਦਗੀ ਦੇ ਉਤਰਾਅ- ਚੜ੍ਹਾਅ ਸਮੇਤ ਭਾਰਤ ਪਾਕਿਸਤਾਨ ਵੰਡ ਸਮੇਂ ਦਾ ਦਰਦਨਾਕ ਦੌਰ ਭਰ ਜੁਆਨੀ 'ਚ ਦੇਖਿਆ ਸੀ। ਇਲਾਕੇ ਵਿੱਚ 'ਅੱਖਾਂ ਦੇ ਵੈਦ' ਵਜੋਂ ਜਾਣੇ ਜਾਂਦੇ ਬਾਪੂ ਨਿਹਾਲ ਸਿੰਘ ਜੀ ਅੱਖਾਂ ਦੇ ਰੋਗੀਆਂ ਨੂੰ ਦੇਸੀ ਦਵਾਈ ਦੇ ਕੇ ਲੰਮੇ ਸਮੇਂ ਤੋਂ ਸਮਾਜ ਸੇਵਾ ਕਰਦੇ ਆ ਰਹੇ ਸਨ। 85 ਸਾਲ ਦੀ ਉਮਰ ਦੇ ਬਾਵਜੂਦ ਵੀ ਉਹ ਕਾਫੀ ਤੰਦਰੁਸਤ ਸਨ ਪਰ ਅਚਾਨਕ ਦੀਵਾਲੀ ਵਾਲੇ ਦਿਨ ਅਲਵਿਦਾ ਕਹਿ ਗਏ। ਇਸ ਦੁੱਖ ਦੀ ਘੜੀ ਵਿੱਚ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ, ਰਿਸ਼ੀ ਗੁਲਾਟੀ ਆਸਟਰੇਲੀਆ, ਧਰਮਿੰਦਰ ਸਿੱਧੂ ਚੱਕ ਬਖਤੂ ਬੈਲਜੀਅਮ, ਪਰਗਟ ਜੋਧਪੁਰੀ ਬੈਲਜ਼ੀਅਮ, ਰਾਜੂ ਹਠੂਰੀਆ ਇਟਲੀ, ਡਾ. ਤਾਰਾ ਸਿੰਘ ਆਲਮ ਲੰਡਨ, ਲੇਖਕ ਹਰਪ੍ਰੀਤ ਸੰਗਰੂਰ ਸਾਊਥਾਲ, ਪ੍ਰਭਜੋਤ ਹਿੰਮਤਪੁਰਾ ਆਦਿ ਨੇ ਲੇਖਿਕਾ ਚਰਨਜੀਤ ਧਾਲੀਵਾਲ ਸੈਦੋਕੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਦੁਨੀਆ ਭਰ ਦੇ ਪੰਜਾਬੀਆਂ ‘ਚੋਂ ਹੈ ਕੋਈ ਸਾਨੀ ਅਜੀਤ ਸਿੰਘ ਚੱਘਰ ਦਾ......? ਸ਼ਬਦ ਚਿੱਤਰ / ਮਨਦੀਪ ਖੁਰਮੀ, ਹਿੰਮਤਪੁਰਾ (ਲੰਡਨ)


ਬਾਗਬਾਨੀ ਵਿੱਚ ਲਗਾਤਾਰ ਦਸਵੇਂ ਸਾਲ ਦਾ ਵਿਜੇਤਾ!


ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਮਹਿੰਗੀ ਗੱਡੀ, ਮਹਿੰਗਾ ਘਰ, ਵਧੀਆ ਰਹਿਣੀ ਬਹਿਣੀ ਵਰਗੇ ਸ਼ੌਕ ਤਾਂ ਹੋ ਸਕਦੇ ਹਨ ਪਰ ਫੁੱਲ ਉਗਾਉਣੇ ਜਾਂ ਉਹਨਾਂ ਹੀ ਫੁੱਲਾਂ ਦੇ ਸਿਰ 'ਤੇ ਲਗਾਤਾਰ 10 ਵਾਰ ਵਿਜੇਤਾ ਹੋਣਾ, ਗੱਲ ਹਜ਼ਮ ਜਿਹੀ ਨਹੀਂ ਆਉਂਦੀ। ਇਹੋ ਜਿਹੇ ਹੀ ਨਿਰਾਲੇ ਸ਼ੌਕ ਦਾ ਮਾਲਕ ਹੈ ਇੰਗਲੈਂਡ ਵਾਸੀ ਪੰਜਾਬੀ ਸਿੱਖ ਅਜੀਤ ਸਿੰਘ ਚੱਘਰ। ਵਿਦੇਸ਼ 'ਚ ਅਜਿਹੇ ਸ਼ੌਕ ਗੋਰਿਆਂ ਦੇ ਹਿੱਸੇ ਹੀ ਆਉਂਦੇ ਹਨ ਪਰ ਅਜੀਤ ਸਿੰਘ ਚੱਘਰ ਦੀ ਫੁੱਲ ਉਗਾਉਣ ਦੀ ਕਲਾਤਮਕਤਾ ਨੇ ਗੋਰਿਆਂ ਦੀਆਂ ਵੀ ਗੋਡਨੀਆਂ ਲੁਆ ਦਿੱਤੀਆਂ ਹਨ। ਆਪਣੀ ਜਾਨ ਤੋੜ ਕੇ ਕੀਤੀ ਮਿਹਨਤ ਨਾਲ ਸਿ਼ੰਗਾਰੀ ਘਰੇਲੂ ਬਗੀਚੀ ਜ਼ਰੀਏ ਪਿਛਲੇ ਦਸਾਂ ਸਾਲਾਂ ਤੋਂ ਲਗਾਤਾਰ ਇੰਗਲੈਂਡ ਦੀ 'ਈਲਿੰਗ ਬਾਰੋਅ' ਦਾ 'ਈਲਿੰਗ ਇਨ ਬਲੂਮ' ਨਾਂ ਦਾ ਸਨਮਾਨ ਜਿੱਤਦਾ ਆ ਰਿਹਾ ਹੈ। ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਵਿਸ਼ਵ ਭਰ 'ਚ ਵਸਦੇ ਪੰਜਾਬੀਆਂ 'ਚੋਂ ਅਜੀਤ ਸਿੰਘ ਚੱਘਰ ਹੀ ਅਜਿਹਾ ਇਨਸਾਨ ਹੋਵੇਗਾ ਜਿਸਨੇ ਫੁੱਲ ਉਗਾਉਣ ਦੇ ਖੇਤਰ ਵਿੱਚ ਲਗਾਤਾਰ ਦਸ ਜਿੱਤਾਂ ਦਰਜ਼ ਕੀਤੀਆਂ ਹੋਣ। ਅੰਤਾਂ ਦੇ ਮਜਾਕੀਆ ਸੁਭਾਅ ਦੇ ਮਾਲਕ ਅਜੀਤ ਸਿੰਘ ਚੱਘਰ ਦਾ ਪਿਛੋਕੜ ਪੰਜਾਬ ਦੇ ਸ਼ਹਿਰ ਫਗਵਾੜਾ ਦੇ ਲਾਗਲੇ ਪਿੰਡ ਪੰਡਵਾ ਤੋਂ ਹੈ। ਪਿਤਾ ਭਗਤ ਸਿੰਘ ਚੱਘਰ ਜੀ ਨਾਲ 1953 'ਚ ਕੀਨੀਆ ਚਲੇ ਜਾਣ ਉਪਰੰਤ 1965 'ਚ ਉਹ ਪਰਿਵਾਰ ਸਮੇਤ ਇੰਗਲੈਂਡ ਆ ਟਿਕੇ। ਇੱਥੇ ਇੰਜੀਨੀਅਰ ਵਜੋਂ ਨੌਕਰੀ ਕੀਤੀ ਤੇ ਆਪਣੀ ਟਰੈਵਲ ਏਜੰਸੀ ਚਲਾਈ। ਫੁੱਲਾਂ ਨਾਲ ਐਨੀ ਗੂੜ੍ਹੀ ਯਾਰੀ ਪੈਣ ਬਾਰੇ ਸਵਾਲ ਪੁੱਛਣ 'ਤੇ ਸ੍ਰੀ ਚੱਘਰ ਨੇ ਦੱਸਿਆ ਕਿ ਉਹਨਾਂ ਦੀ ਮਰਹੂਮ ਧਰਮ ਪਤਨੀ ਨਛੱਤਰ ਕੌਰ ਫੁੱਲਾਂ ਦੀ ਬਹੁਤ ਸ਼ੌਕੀਨ ਸੀ। ਸਮੇਂ ਸਮੇਂ 'ਤੇ ਉਹਨਾਂ ਨੂੰ ਫੁੱਲ ਬੀਜਣ ਲਈ ਪ੍ਰੇਰਿਤ ਕਰਦੀ ਰਹਿੰਦੀ ਸੀ। 1998 'ਚ ਉਹ ਉਹਨਾਂ ਨੂੰ ਇਕੱਲੇ ਛੱਡ ਜਹਾਨੋਂ ਕੂਚ ਕਰ ਗਈ। ਜਿਸ ਉਪਰੰਤ ਉਹਨਾਂ ਆਪਣੀ ਪਤਨੀ ਦੀ ਯਾਦ ਨੂੰ ਸੀਨੇ 'ਚ ਵਸਾ ਕੇ ਉਹਦੇ ਨਾਂ ਦੇ ਫੁੱਲ ਬੀਜਣੇ ਸ਼ੁਰੂ ਕਰ ਦਿੱਤੇ ਜਿਸਦੇ ਸਿੱਟੇ ਵਜੋਂ ਹੀ ਉਹ ਇਸ ਵਰ੍ਹੇ ਲਗਾਤਾਰ ਦਸਵੀਂ ਵਾਰ ਵਿਜੇਤਾ ਬਣੇ। ਨੌਜ਼ਵਾਨਾਂ ਤੋਂ ਵੀ ਵੱਧ ਫੁਰਤੀਲੇ ਦਿਸਦੇ ਅਜੀਤ ਸਿੰਘ ਚੱਘਰ ਤੋਂ ਜਦ ਉਹਨਾਂ ਦੀ ਉਮਰ ਬਾਰੇ ਪੁੱਛਿਆ ਤਾਂ ਉਹਨਾਂ ਮਜਾਕੀਆ ਲਹਿਜੇ 'ਚ ਕਿਹਾ ਕਿ "ਅੱਜ ਤੋਂ 60 ਕੁ ਸਾਲ ਪਹਿਲਾਂ ਮੈਂ 15 ਸਾਲਾ ਦਾ ਸੀ।" 75 ਸਾਲ ਦੀ ਉਮਰ ਅਤੇ ਨੌਜ਼ਵਾਨਾਂ ਤੋਂ ਵੀ ਤੇਜ਼ ਜਜ਼ਬਿਆਂ ਦਾ ਮਾਲਕ ਅਜੀਤ ਸਿੰਘ ਚੱਘਰ ਆਖਰੀ ਸਾਹ ਤੱਕ ਫੁੱਲਾਂ ਨਾਲ ਸਾਂਝ ਪਾਈ ਰੱਖਣ ਦਾ ਚਾਹਵਾਨ ਹੈ। ਉਹਨਾਂ ਕਿਹਾ ਕਿ ਫੁੱਲਾਂ ਨਾਲ ਦੋਸਤੀ ਹੋਣ ਤੋਂ ਬਾਦ ਹੀ ਉਹਨਾਂ ਸਿੱਖਿਆ ਹੈ ਕਿ ਮਨੁੱਖ ਨਾਲ ਦੋਸਤੀ 'ਚ ਵਾਧਾ ਘਾਟਾ ਹੋ ਸਕਦੈ ਪਰ ਫੁੱਲ ਕਦੇ ਦੁਸ਼ਮਣ ਨਹੀਂ ਬਣਦੇ ਸਗੋਂ ਹਰ ਪਲ ਹੱਸਣ, ਮਹਿਕਾਂ ਵੰਡਣ ਤੇ ਵੈਰ-ਰਹਿਤ ਜੀਵਨ ਜਿਉਣ ਦਾ ਸੁਨੇਹਾ ਹੀ ਦਿੰਦੇ ਹਨ। 
ਬੀਤੇ ਦਿਨੀਂ ਸ੍ਰੀ ਚੱਘਰ ਨੂੰ ਦਸਵੀਂ ਵਾਰ ਸਨਮਾਨ ਮਿਲਣ ਦੀ ਖੁਸ਼ੀ ਵਿੱਚ ਵਿਸ਼ੇਸ਼ ਸਾਹਿਤਕ ਇਕੱਤਰਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇੰਗਲੈਂਡ ਦੇ ਨਾਮੀ ਕਵੀਜਨਾਂ, ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੇ ਸਿ਼ਰਕਤ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਈਲਿੰਗ ਬਾਰੋਅ ਦੇ ਮੇਅਰ ਸ੍ਰੀ ਰਾਜਿੰਦਰ ਮਾਨ ਅਤੇ ਉਹਨਾਂ ਦੀ ਪਤਨੀ ਕੌਂਸਲਰ ਗੁਰਮੀਤ ਕੌਰ ਮਾਨ ਨੇ ਕਿਹਾ ਕਿ ਬੇਸ਼ੱਕ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਵੱਖ ਵੱਖ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਦੇ ਝੰਡੇ ਗੱਡੇ ਹਨ ਪਰ ਸ੍ਰੀ ਚੱਘਰ ਦੀ ਪ੍ਰਾਪਤੀ ਸਭ ਤੋਂ ਅਨੋਖੀ ਅਤੇ ਸੇਧ-ਦਾਇਕ ਹੈ। ਇਸ ਸਮੇਂ ਉੱਘੇ ਹਾਸਰਸ ਕਵੀ ਤੇਜਾ ਸਿੰਘ ਤੇਜ ਕੋਟਲੇ ਵਾਲਾ,ਡਾ. ਤਾਰਾ ਸਿੰਘ ਆਲਮ, ਨਿਰਮਲ ਸਿੰਘ ਕੰਧਾਲਵੀ, ਗਾਇਕ ਹਰਵਿੰਦਰ ਥਰੀਕੇ, ਟੀ.ਵੀ. ਪੇਸ਼ਕਾਰ ਸੁਖਵੀਰ ਸੋਢੀ, ਕੌਂਸਲਰ ਮਹਿੰਦਰ ਕੌਰ ਮਿੱਢਾ, ਮਨਜੀਤ ਕੌਰ (ਰਾਣੀ ਗਿੱਧਾ ਜਾਗੋ), ਟੀ.ਵੀ. ਪੇਸ਼ਕਾਰਾ ਰੂਪ ਦਵਿੰਦਰ ਕੌਰ, ਝਲਮਣ ਸਿੰਘ, ਉਜਾਗਰ ਸਿੰਘ, ਰਘਵੀਰ ਸਿੰਘ ਰਾਹੀ, ਬਲਜੀਤ ਕੌਰ ਜੱਬਲ, ਚਮਨ ਲਾਲ ਚਮਨ ਜੀ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਰਾਹੀ ਹਾਜਰੀ ਲੁਆਈ। ਸਮਾਗਮ ਦੀ ਵਿਸ਼ੇਸ਼ਤਾ ਸੀ ਕਿ ਸਾਰੇ ਲੇਖਕਾਂ ਨੇ ਸਿਰਫ ਤੇ ਸਿਰਫ ਫੁੱਲਾਂ ਨਾਲ ਸੰਬੰਧਤ ਰਚਨਾਵਾਂ ਹੀ ਪੇਸ਼ ਕੀਤੀਆਂ। ਇਸ ਸਮੇਂ ਗੁਰੂ ਨਾਨਕ ਯੁਨੀਵਰਸਲ ਸੇਵਾ ਯੂ. ਕੇ. ਦੇ ਚੇਅਰਮੈਨ ਅਤੇ ਲੰਡਨ ਦੀ ਚਰਚਿਤ ਫਰਨੀਚਰ ਕੰਪਨੀ ‘ਇਮੇਜ 22’ ਦੇ ਮਾਲਕ ਜਸਵੀਰ ਸਿੰਘ ਮਠਾੜੂ ਨੇ ਫੁੱਲਾਂ ਨਾਲ ਸੰਬੰਧਤ ਰਚਨਾਵਾਂ ਦੀ ਪੁਸਤਕ ਸ੍ਰੀ ਚੱਘਰ ਦੇ ਉੱਦਮ ਨੂੰ ਸਮਰਪਿਤ ਕਰਕੇ ਪ੍ਰਕਾਸਿ਼ਤ ਕਰਵਾਉਣ ਦੇ ਖਰਚੇ ਦੀ ਜਿ਼ੰਮੇਵਾਰੀ ਆਪਣੇ ਸਿਰ ਲਈ ਹੈ। 
****





ਕਿਵੇਂ ਕਹਾਂ... ਦੀਵਾਲੀ ਦੀਆਂ ਮੁਬਾਰਕਾਂ.......... ਲੇਖ / ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)


ਕਹਿੰਦੇ ਹਨ ਕਿ 'ਜੀਹਦੀ ਕੋਠੀ ਦਾਣੇ, ਓਹਦੇ ਕਮਲੇ ਵੀ ਸਿਆਣੇ।' ਜਿਸਨੇ ਵੀ ਇਸ ਕਹਾਵਤ ਦੀ ਘਾੜ੍ਹਤ ਘੜੀ ਹੋਵੇਗੀ, ਬੜੀ ਵੱਡੀ ਖੋਪੜੀ ਦਾ ਮਾਲਕ ਹੋਣੈ। ਕਿਉਂਕਿ ਉਸਦੇ ਦਿਮਾਗ ਦੀ ਉਪਜ, ਇਹ ਗੱਲ ਅੱਜ ਵੀ ਓਨੀ ਹੀ ਅਸਰਦਾਰ ਹੈ ਜਿੰਨੀ ਪਹਿਲਾਂ ਹੋਵੇਗੀ। ਦੀਵਾਲੀਆਂ, ਲੋਹੜੀਆਂ, ਵਿਸਾਖੀਆਂ ਵੀ ਓਹਨਾਂ ਲਈ ਹੀ ਮਾਅਨੇ ਰੱਖਦੀਆਂ ਹਨ ਜਿਹਨਾਂ ਦੀ ਕੋਠੀ ਦਾਣੇ ਹੁੰਦੇ ਹਨ। ਓਹਨਾਂ ਨੂੰ ਹੀ ਇਹੋ ਜਿਹੇ ਦਿਹਾੜਿਆਂ ਦਾ ਚਾਅ ਚੜ੍ਹਦਾ ਹੋਵੇਗਾ ਜਿਹਨਾਂ ਨੂੰ ਦੋ ਡੰਗ ਦੀ ਰੋਟੀ ਦਾ ਫਿਕਰ ਨਹੀਂ। ਦੀਵਾਲੀ ਦਾ ਜਿ਼ਕਰ ਹੁੰਦਿਆਂ ਹੀ ਜਿ਼ਹਨ ਵਿੱਚ ਦੀਵੇ ਜਗ-ਮਗ ਜਗ-ਮਗ ਕਰਨ ਲਗਦੇ ਹਨ। ਪਟਾਕਿਆਂ ਦੀ ਗੜਗੜਾਹਟ ਸੁਣਾਈ ਦੇਣ ਲਗਦੀ ਐ। ਕਦੇ ਛੋਟੇ ਹੁੰਦਿਆਂ ਤੋਂ ਹੀ ਤੋਤਾ-ਰਟਨੀ ਵਾਂਗ ਰਟਾਏ ਦੀਵਾਲੀ ਦੇ ਲੇਖ ਦੀਆਂ ਓਹ ਸਤਰਾਂ ਦਿਮਾਗ 'ਚ ਸ਼ੋਰ ਪਾਉਣਾ ਸ਼ੁਰੂ ਕਰ ਦਿੰਦੀਆਂ ਹਨ ਕਿ "ਦੀਵਾਲੀ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਅ ਹੋ ਕੇ ਪਰਤੇ ਸਨ ਤੇ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਭੋਗ ਕੇ ਅਯੁੱਧਿਆ ਵਾਪਸ ਪਰਤੇ ਸਨ। ਉਹਨਾਂ ਦੇ ਵਾਪਸ ਆਉਣ ਦੀ ਖੁਸ਼ੀ 'ਚ ਹੀ ਲੋਕਾਂ ਨੇ ਦੀਪਮਾਲਾ ਕੀਤੀ ਸੀ ਤੇ ਇਸ ਤੋਂ ਬਾਦ ਹਿੰਦੂ ਇਸ ਦਿਨ ਨੂੰ ਦੀਪਾਵਲੀ ਜਾਂ ਦੀਵਾਲੀ ਦੇ ਨਾਂ ਨਾਲ ਤਿਉਹਾਰ ਵਜੋਂ ਮਨਾਉਣ ਲੱਗੇ, ਤੇ ਸਿੱਖ ਬੰਦੀ ਛੋੜ ਦਿਵਸ ਦੇ ਨਾਂ ਨਾਲ।" ਬਚਪਨ 'ਚ ਤਾਂ ਚਾਅ ਹੁੰਦਾ ਸੀ ਕਿ ਚਲੋ ਇਸ ਦਿਨ ਪਟਾਕੇ ਚਲਾਉਣ ਲਈ ਮਿਲਣਗੇ, ਮਿਠਾਈਆਂ ਖਾਣ ਲਈ, ਨਵੇਂ ਕੱਪੜੇ ਪਾਉਣ ਲਈ ਤੇ ਮਾਂ ਪਿਓ ਵੱਲੋਂ ਨਕਦ ਨਾਰਾਇਣ ਵੀ ਮਿਲੇਗਾ ਪਰ ਜਦੋਂ ਤੋਂ ਹੋਸ਼ ਜਿਹੀ ਸੰਭਲੀ ਹੈ ਤਾਂ ਦੀਵਾਲੀ ਦੇ ਅਰਥ ਹੀ ਬਦਲ ਜਿਹੇ ਗਏ ਲਗਦੇ ਹਨ। ਹੁਣ ਜਿਉਂ ਜਿਉਂ ਦੀਵਾਲੀ ਨੇੜੇ ਆਉਣ ਲਗਦੀ ਐ ਤਾਂ ਸੋਚਾਂ ਦਾ ਝੁਰਮਟ ਵਧਣ ਲਗਦੈ ਤੇ ਕਦੇ ਕਦੇ ਦਿਲ ਕਰਦੈ ਕਿ ਸ੍ਰੀ ਰਾਮ ਚੰਦਰ ਜੀ ਅੱਗੇ ਅਰਜੋਈਆਂ ਕਰਾਂ ਕਿ ਜਿਸ ਦਿਨ ਨੂੰ ਤੁਹਾਡੀ ਘਰ ਵਾਪਸੀ ਦੀ ਖੁਸ਼ੀ 'ਚ ਮਨਾਉਣਾ ਆਰੰਭ ਕੀਤਾ ਸੀ ਹੁਣ ਓਹ ਦਿਨ ਦੰਭ, ਪਾਖੰਡ ਜਾਂ ਵੱਡੀ ਮੱਛੀ ਵੱਲੋਂ ਛੋਟੀ ਮੱਛੀ ਨੂੰ 'ਹਲਾਲ' ਕਰਨ ਦੇ ਦਿਨ ਵਜੋਂ ਵਧੇਰੇ ਵਰਤਿਆ ਜਾ ਰਿਹੈ। ਤੁਸੀਂ ਤਾਂ ਆਪਣੇ ਪਿਉ ਦੇ ਇੱਕ ਬੋਲ 'ਤੇ ਹੀ ਮਤਰੇਈ ਮਾਂ ਦੀ ਜਿ਼ੱਦ ਪੁਗਾਉਣ, ਮਤਰੇਏ ਭਰਾ ਨੂੰ ਰਾਜਗੱਦੀ ਦਿਵਾਉਣ ਲਈ ਬਣਵਾਸ ਕਬੂਲ ਲਿਆ ਸੀ ਪਰ ਅੱਜ ਤੁਹਾਡੇ ਧਰਮ ਦੇ ਪੈਰੋਕਾਰ ਤਾਂ ਤੁਹਾਡੇ ਨਾਂ 'ਤੇ ਸਕੇ ਭਰਾ ਤੱਕ ਦਾ ਗਲਾ ਝਟਕਾਉਣ ਨੂੰ ਫੋਰਾ ਨਹੀਂ ਲਾਉਂਦੇ। ਜੇ ਤੁਸੀਂ ਵੀ ਜੁਗਾੜ ਲਾਊ ਤੇ ਲਾਲਚੀ ਬਿਰਤੀ ਦੇ ਮਾਲਕ ਹੁੰਦੇ ਤਾਂ ਕੀ ਲੋੜ ਪਈ ਸੀ ਕਿ ਪੈਰ ਪੈਰ 'ਤੇ ਹੁਕਮ ਮੰਨਣ ਵਾਲੇ ਸੇਵਕਾਂ ਦੀਆਂ ਡਾਰਾਂ ਛੱਡ ਕੇ ਜੰਗਲਾਂ ਦੀ ਖਾਕ ਛਾਣਦੇ ਫਿਰਦੇ। ਜੇ ਬਣਵਾਸ ਨਾ ਲੈਂਦੇ ਤਾਂ ਇੱਕ ਗੱਲ ਜਰੂਰ ਹੋਣੀ ਸੀ ਕਿ ਨਾ ਤੁਸੀ ਬਣਵਾਸ ਜਾਂਦੇ, ਨਾ ਕਿਸੇ ਸਰੂਪਨਖ਼ਾਂ ਦਾ ਨੱਕ ਵੱਢਿਆ ਜਾਂਦਾ। ਨਾ ਸੀਤਾ ਜੀ ਨੂੰ ਰਾਵਣ ਚੁੱਕ ਕੇ ਲਿਜਾਂਦਾ ਤੇ ਨਾ ਹੀ ਦਸਾਂ ਸਿਰਾਂ ਜਿੰਨੀ ਅਕਲ ਦਾ ਮਾਲਕ ਭਾਵ ਕਿ ਚਾਰ ਵੇਦਾਂ ਦਾ ਗਿਆਤਾ ਰਾਵਣ ਤੁਹਾਡੇ ਹੱਥੋਂ ਮਾਰਿਆ ਜਾਂਦਾ। ਨਾ ਦੀਵਾਲੀ ਦਾ ਦਿਨ ਤਿਉਹਾਰ ਬਣਦਾ.... ਤੇ ਨਾ...। ਦੋਸਤੋ ਮੈਂ ਤਾਂ ਰਾਮ ਚੰਦਰ ਜੀ ਨਾਲ ਗੱਲਾਂ ਕਰ ਰਿਹਾਂ ਤੁਸੀਂ ਐਵੇਂ ਹੀ ਮੁੱਠੀਆਂ 'ਚ ਨਾ ਥੁੱਕੀ ਫਿਰੋ ਕਿ ਆਹ ਬੰਦਾ ਬਿਨਾਂ ਵਜ੍ਹਾ ਹੀ ਇਤਿਹਾਸ ਨੂੰ ਪੁੱਠਾ ਗੇੜਾ ਦੇਈ ਜਾਂਦੈ। ਕਦੇ 'ਕੱਲੇ ਬੈਠ ਕੇ ਸੋਚ ਕੇ ਦੇਖਿਓ ਕਿ ਜੇ ਦੀਵਾਲੀ ਦਾ ਤਿਓਹਾਰ ਨਾ ਹੋਵੇ ਤਾਂ ਕੀ ਕੀ ਹੋਣੋਂ ਬਚ ਸਕਦੈ... ਜੇ ਖੁਦ ਦਿਮਾਗ 'ਤੇ ਜ਼ੋਰ ਨਹੀਂ ਪਾਉਣਾ ਤਾਂ ਲਓ ਸੁਣੋ...। ਜੇ ਦੀਵਾਲੀ ਦਾ ਤਿਉਹਾਰ ਨਾ ਹੁੰਦਾ, ਨਾ ਤਾਂ ਵੱਡੇ ਢਿੱਡਾਂ ਵਾਲੇ ਜਮ੍ਹਾਂਖੋਰਾਂ ਨੂੰ ਦੀਵਾਲੀ ਦੇ ਨੇੜੇ ਦੀਵਿਆਂ 'ਚ ਪਾਉਣ ਲਈ ਅੰਤਾਂ ਦਾ ਘਟੀਆ ਸਰ੍ਹੋਂ ਦਾ ਤੇਲ ਵੇਚਣ ਦੀ ਲੋੜ ਨਹੀਂ ਪੈਣੀ ਸੀ। ਨਾ ਹੀ ਵੱਡੇ ਮੁਨਾਫੇ ਦੀ ਝਾਕ 'ਚ ਹਲਵਾਈਆਂ ਨੂੰ ਜਾਅਲੀ ਖੋਏ, ਪਨੀਰ ਜਾਂ ਹੋਰ ਮਠਿਆਈਆਂ ਬਨਾਉਣ ਦੀ ਲੋੜ ਪੈਣੀ ਸੀ। ਜੇ ਹਲਵਾਈ ਇਸ ਰਾਹ ਨਾ ਤੁਰਦੇ ਤਾਂ ਸਿਹਤ ਅਧਿਕਾਰੀਆਂ ਨੂੰ ਵੀ ਮੇਜ ਹੇਠੋਂ ਦੀ ਮਿਲਦੀ ਮਾਇਆ ਨੂੰ ਬਰੇਕਾਂ ਲੱਗ ਜਾਣੀਆਂ ਸਨ। ਭਾਵੇਂ ਕਿ ਜਾਅਲੀ ਮਠਿਆਈਆਂ ਤਾਂ ਪੂਰਾ ਸਾਲ ਵਿਕਦੀਆਂ ਰਹਿੰਦੀਆਂ ਹਨ ਪਰ ਵਿਚਾਰੇ ਸਿਹਤ ਅਧਿਕਾਰੀ ਦੀਵਾਲੀ ਨੂੰ ਕੁੱਝ ਜਿਆਦਾ ਸਰਗਰਮ ਹੋ ਜਾਂਦੇ ਹਨ। ਨਾ ਮਿਲੀ ਭੁਗਤ ਨਾਲ ਜਾਅਲੀ ਮਠਿਆਈਆਂ ਵਿਕਦੀਆਂ, ਨਾ ਵਿਚਾਰੇ ਲੋਕ ਖਾਂਦੇ ਤੇ ਨਾ ਬਿਮਾਰ ਹੋ ਕੇ ਸਰਕਾਰੀ ਡਾਕਟਰਾਂ ਦੇ ਪ੍ਰਾਈਵੇਟ ਹਸਪਤਾਲਾਂ 'ਚ ਖੁਦ ਹਲਾਲ ਹੋਣ ਜਾਂਦੇ। ਸਰਕਾਰੀ ਡਾਕਟਰਾਂ ਦੇ ਪ੍ਰਾਈਵੇਟ ਹਸਪਤਾਲ ਇਸ ਕਰਕੇ ਲਿਖਿਐ ਕਿ ਸ੍ਰੀ ਰਾਮ ਚੰਦਰ ਜੀ ਦੇ ਭਰਾਤਾ ਦੇ ਨਾਂ 'ਤੇ ਬਣੇ ਭਾਰਤ 'ਚ ਸਰਕਾਰੀ ਨੌਕਰੀਆਂ 'ਤੇ ਬਿਰਾਜਮਾਨ ਜਿਆਦਾਤਰ ਡਾਕਟਰ ਸਾਹਿਬਾਨਾਂ ਨੇ ਆਪਣੇ ਆਪਣੇ ਪ੍ਰਾਈਵੇਟ ਹਸਪਤਾਲ ਵੀ ਬਣਾਏ ਹੋਏ ਹਨ। ਤਾਂ ਜੋ ਵਿਚਾਰੇ ਲੋਕਾਂ ਦਾ 'ਵਧੀਆ' ਇਲਾਜ਼ ਕੀਤਾ ਜਾ ਸਕੇ। ਜੇ ਦੀਵਾਲੀ ਨਾ ਹੁੰਦੀ ਤਾਂ... ਵੱਡੇ ਸਾਬ੍ਹਾਂ ਨੂੰ ਖੁਸ਼ ਕਰਨ ਲਈ ਤੋਹਫੇ ਦੇਣ ਦੀ ਲੋੜ ਵੀ ਨਹੀਂ ਸੀ ਪੈਣੀ। ਕਿਉਂਕਿ ਹੁਣ ਦੀਵਾਲੀ ਨੂੰ ਤੋਹਫਿਆਂ ਰਾਹੀਂ 'ਛਿੱਟੇ' ਮਾਰਨ ਲਈ ਵੀ ਵਧੇਰੇ ਵਰਤਿਆ ਜਾਂਦੈ। ਹੋਰ ਤਾਂ ਹੋਰ ਲੱਛਮੀ ਜਾਣੀਕਿ ਮਾਇਆ ਆਉਣ ਦੇ ਲਾਲਚ ‘ਚ ਲੋਕ ਘਰ ਦੇ ਬੂਹੇ ਤਾਂ ਖੋਲ੍ਹ ਦਿੰਦੇ ਹਨ ਪਰ ਜੂਏਬਾਜੀ ਜਾਂ ਫਿਰ ਦਾਰੂ ਪਿਆਲੇ ਜਰੀਏ ਪਤਾ ਹੀ ਨਹੀਂ ਕੀ ਕੀ ਲੁਟਾ ਬਹਿੰਦੇ ਹਨ। ਦੀਵਾਲੀ ਨਾ ਹੁੰਦੀ ਤਾਂ ਇਸ ਦਿਨ ਤੰਗੀਆਂ ਤੁਰਸੀਆਂ ਦੇ ਝੰਬੇ ਲੋਕਾਂ ਨੂੰ ਪਾਖੰਡੀ ਸਾਧਾਂ ਮਗਰ ਲੱਗ ਕੇ ਚੁਰਾਹਿਆਂ 'ਚ ਟੂਣੇ- ਟਾਮਣ ਕਰਨ ਦੀ ਵੀ ਲੋੜ ਨਹੀਂ ਸੀ ਪੈਣੀ। 
ਕਦੇ ਕਦੇ ਤਾਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਬੇਨਤੀਆਂ ਕਰਨ ਨੂੰ ਮਨ ਕਰ ਆਉਂਦੈ। ਬੜਾ ਮਨ ਕਰਦੈ ਕਿ ਗੁਰੂ ਜੀ ਨੂੰ ਕਹਾਂ ਕਿ ਚੰਗਾ ਹੋਇਆ ਕਿ ਲੋਕਾਂ ਨੇ ਖੂਹ ਖੁਦ ਹੀ ਪੂਰ ਦਿੱਤੇ, ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸਰਕਾਰੀ ਸਕੂਲਾਂ ਦੀ ਬੁੱਕਤ ਨਹੀਂ ਰਹੀ, ਚੰਗਾ ਹੋਇਆ ਕਿ ਪਿੰਡਾਂ ਦੇ ਛੱਪੜ ਵੀ ਪਿੰਡਾਂ ਦਿਆਂ ਮੋਹਤਬਰਾਂ ਨੇ ਦੱਬ ਲਏ। ਮੈਂ 'ਚੰਗਾ ਹੋਇਆ' ਇਸ ਕਰਕੇ ਕਿਹੈ ਕਿਉਂਕਿ ਵਿਚਾਰੇ ਲੋਕ ਦੀਵਾਲੀ ਵਾਲੇ ਦਿਨ ਖੂਹ, ਸਕੂਲਾਂ ਜਾਂ ਛੱਪੜਾਂ ਦੇ ਕਿਨਾਰਿਆਂ 'ਤੇ ਵੀ ਦੀਵੇ ਜਗਾਉਂਦੇ ਸਨ ਕਿਉਂਕਿ ਸਕੂਲ ਵਿੱਦਿਆ ਵੰਡਦੇ ਸਨ, ਖੂਹ ਪਾਣੀ ਦਿੰਦੇ ਸਨ ਤੇ ਛੱਪੜ ਵੀ ਪਿੰਡਾਂ ਦੇ ਲੋਕਾਂ ਦੇ ਡੰਗਰ ਪਸ਼ੂ ਨਹਾਉਣ, ਸਣ ਦੱਬਣ ਜਾਂ ਘਰ ਲਿੱਪਣ ਲਈ ਚਿੱਕ ਦਿੰਦੇ ਸਨ। ਇਹੀ ਵਜ੍ਹਾ ਸੀ ਕਿ ਲੋਕ ਦੀਵਾਲੀ ਵਾਲੇ ਦਿਨ ਇਹਨਾਂ ਨੂੰ ਵੀ ਬਣਦਾ ਸਤਿਕਾਰ ਦੀਵੇ ਜਗਾ ਕੇ ਦਿੰਦੇ ਸਨ। ਪਰ ਹੁਣ ਤਾਂ ਇਹੀ ਕਹਿ ਸਕਦੇ ਆਂ ਕਿ ਮੋਹਤਬਰ ਲੋਕਾਂ ਤੇ ਸਰਕਾਰਾਂ ਨੂੰ ਲੋਕਾਂ ਦਾ ਜਿਆਦਾ ਫਿਕਰ ਸੀ ਕਿ ਜੇ ਸਕੂਲ, ਖੂਹ ਜਾ ਛੱਪੜ ਬਚ ਗਏ ਤਾਂ ਲੋਕ ਹਰ ਵਰ੍ਹੇ ਦੀਵੇ ਜਗਾਉਣਗੇ। ਫਿਰ ਪ੍ਰਦੂਸ਼ਣ ਹੋਵੇਗਾ ਤੇ ਲੋਕਾਂ ਨੂੰ ਸਾਹ ਆਦਿ ਦੀਆਂ ਬੀਮਾਰੀਆਂ ਘੇਰ ਲੈਣਗੀਆਂ। ਗੁਰੂ ਜੀ ਕਿੰਨੀ ਹਾਸੋਹੀਣੀ ਗੱਲ ਹੈ ਕਿ ਜਿਸ ਬਾਣੀ ਨੂੰ ਅਸੀਂ ਸਭ ਆਪਣੇ ਜੀਵਨ ਦਾ ਅਸਲ ਆਧਾਰ ਮੰਨਦੇ ਜਾਂ ਕਹਿੰਦੇ ਨਹੀਂ ਥੱਕਦੇ, ਉਸੇ ਬਾਣੀ ਦੀਆਂ ਸਿੱਖਿਆਵਾਂ ਤੋਂ ਮੁਨਕਰ ਹੋ ਕੇ ਅਸੀਂ ਸਭ ਇਸ ਦਿਨ ਹੀ ਪੂਰੇ ਸਾਲ ਜਿੰਨਾ ਪ੍ਰਦੂਸ਼ਣ ਫੈਲਾ ਦਿੰਦੇ ਹਾਂ ਦੀਵਿਆਂ ਜਾਂ ਪਟਾਕਿਆਂ ਨਾਲ ਗਰਦਾਗੋਰ ਕਰ ਕੇ। ਗੁਰਬਾਣੀ ਤਾਂ ਕੁਦਰਤ ਨੂੰ ਪਿਆਰਨ ਸਤਿਕਾਰਨ ਦਾ ਸੰਦੇਸ਼ ਦਿੰਦੀ ਐ ਪਰ ਅਸੀਂ ਆਮ ਲੋਕ ਤਾਂ ਕੀ ਸਿੱਖਾਂ ਦੀ ਸਰਵ-ਉੱਚ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮਣਾਂਮੂੰਹੀ ਮਾਇਆ ਕਿਸੇ ਗਰੀਬ ਗੁਰਬੇ ਦੀ ਮਦਦ ਕਰਨ ਨਾਲੋਂ ਪਟਾਕਿਆਂ ਜ਼ਰੀਏ ਫੂਕ ਕੇ ਹੀ ਖੁਸ਼ ਹੁੰਦੀ ਐ। ਓਹਨਾਂ ਨੂੰ ਤਾਂ ਇਸੇ ਗੱਲ ਦਾ ਹੀ ਝੱਲ ਸਾਹ ਨਹੀਂ ਲੈਣ ਦਿੰਦਾ ਕਿ "ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ।" ਬੇਸ਼ੱਕ ਇੱਕ ਦੂਜੇ ਦੀ ਅਖ਼ਬਾਰਾਂ ਰਾਹੀਂ ਕੁੱਤ-ਪੋਹ ਤਾਂ ਕਰਦੇ ਰਹਿੰਦੇ ਹਨ ਪਰ ਕਦੇ ਕਿਸੇ ਜੱਥੇਦਾਰ ਨੇ ਅਜਿਹਾ ਹੁਕਮਨਾਮਾ ਜਾਰੀ ਨਹੀਂ ਕਰਵਾਇਆ ਕਿ ਸੰਗਤਾਂ ਨੂੰ ਇਹ ਸੇਧ ਦਿੱਤੀ ਜਾ ਸਕੇ ਕਿ ਦੀਵਾਲੀ ਪ੍ਰਦੂਸ਼ਣ ਮੁਕਤ ਵੀ ਹੋਣੀ ਚਾਹੀਦੀ ਹੈ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁਦਰਤ ਨਾਲ ਇੱਕ-ਮਿੱਕ ਹੋਣ ਦੀ ਸਿੱਖਿਆ ਨੂੰ ਅਮਲੀ ਜ਼ਾਮਾ ਪਹਿਨਾਇਆ ਜਾ ਸਕੇ। ਗੁਰੂ ਜੀ, ਜੱਥੇਦਾਰ ਵੀ ਕੀ ਕਰਨ ਵਿਚਾਰੇ.. ਓਹ ਤਾਂ ਖੁਦ ਬੰਦ ਲਿਫਾਫਿਆਂ 'ਚੋਂ ਨਿੱਕਲਦੇ ਹਨ। ਓਹਨਾਂ ਨੂੰ ਤਾਂ ਆਪਸ 'ਚ ਚੁੰਝ ਚਰਚਾ, ਸਰਨੇ ਜਾਂ ਝੀਂਡੇ ਤੋਂ ਬਿਨਾਂ ਦਿਸਦਾ ਹੀ ਕੁਛ ਨੀਂ। ਓਹਨਾਂ ਨੂੰ ਤਾਂ ਹੁਣ ਹਰਿਆਣੇ ਦੇ ਕਮਾਈ ਵਾਲੇ ਗੁਰਦੁਆਰੇ ਈ ਦਿਸਦੇ ਆ। ਐਸ ਦੀਵਾਲੀ ਨੂੰ ਤਾਂ ਗੁਰੂ ਜੀ ਇੱਕ ਹੋਰ ਹੀ ਵਾਕਿਆ ਵਰਤ ਗਿਆ। ਲਓ ਸੁਣੋ... ਰਾਮ ਨੂੰ ਤਾਂ ਆਵਦੇ ਮਤਰੇਏ ਭਰਾ ਨੂੰ ਗੱਦੀ ਦਿਵਾਉਣ ਲਈ ਬਣਵਾਸ ਮਿਲਿਆ ਸੀ ਪਰ ਪੰਜਾਬ ਦੇ ਲੋਕਾਂ ਸਿਰੋਂ ਕਰਜ਼ਾ ਉਤਾਰਨ ਦੀ ਕੋਸਿ਼ਸ਼ ਕਰਨ ਬਦਲੇ ਇੱਕ ਤਾਏ ਨੇ ਆਵਦੇ ਭਤੀਜੇ ਨੂੰ ਬਣਵਾਸ ਨਹੀਂ ਸਗੋਂ ਘਰੋਂ ਈ ਕੱਢਤਾ। ਓਹਨੇ ਤਾਂ ਕਿਸੇ ਸਰੂਪਨਖ਼ਾਂ ਦਾ ਨੱਕ ਵੀ ਨਹੀਂ ਸੀ ਵੱਢਿਆ ਸਗੋਂ ਅਕਾਲੀਆਂ ਦਾ ਨੱਕ 'ਵੱਡਾ' ਕਰਨ ਲਈ ਪੰਜਾਬ ਦੇ ਲੋਕਾਂ ਦੇ ਹੱਕ 'ਚ ਬੀੜਾ ਚੁੱਕਿਆ ਸੀ। ਜੇ ਉਹਨੂੰ ਘਰੋਂ ਨਾ ਕੱਢਿਆ ਜਾਂਦਾ ਤਾਂ ਸ਼ਾਇਦ ਓਹ ਲੋਕਾਂ ਸਿਰੋਂ ਐਨਾ ਕੁ ਕਰਜ਼ਾ ਮਾਫ ਕਰਵਾਉਣ 'ਚ ਕਾਮਯਾਬ ਹੋ ਜਾਂਦਾ ਜਿੰਨਾ ਸਾਡੀਆਂ ਅਗਲੀਆਂ ਤਿੰਨ ਪੀੜ੍ਹੀਆਂ ਵੀ ਨਹੀਂ ਲਾਹ ਸਕਦੀਆਂ। ਗੁਰੂ ਜੀ ਕੀ ਦੱਸਾਂ..? ਸਿਆਸਤ ਹੈ ਬੜੀ ਕੁੱਤੀ ਸ਼ੈਅ.. ਜੇ ਕਰਜ਼ਾ ਮਾਫ ਕਰਵਾਉਣ ਲਈ ਲੋਕਾਂ ਨੂੰ ਦਿੱਤਾ ਸਬਸਿਡੀਆਂ ਵਾਲਾ ਚੂਸਾ ਲੋਕਾਂ ਤੋਂ ਖੋਹ ਲਿਆ ਜਾਂਦਾ ਤਾਂ 'ਬੇਸਮਝ' ਲੋਕ 'ਕਾਲੀਆਂ ਨਾਲ ਰੁੱਸ ਜਾਣੇ ਸੀ। ਅਗਲੀ ਵਾਰ ਫੇਰ ਮੁੱਖ ਮੰਤਰੀ ਬਨਣ ਦੀ ਇੱਛਾ 'ਚ ਹੀ ਤਾਏ ਨੇ ਆਵਦਾ 'ਸਮਝਦਾਰ' ਭਤੀਜਾ ਭੁੰਜੇ ਲਾਹਤਾ। ਲੋਕ ਖਾਣ ਖਸਮਾਂ ਨੂੰ.. ਇਹਨਾਂ ਨੂੰ ਤਾਂ ਲਾਰਿਆਂ ਨਾਲ ਮਿਲੀਆਂ ਵੋਟਾਂ ਚਾਹੀਦੀਆਂ ਨੇ। ਤੁਸੀਂ ਤਾਂ ਆਪਣੇ 52 ਕਲੀਆਂ ਵਾਲੇ ਚੋਗੇ ਨਾਲ 52 ਕੈਦੀ ਰਾਜਿਆਂ ਨੂੰ ਰਿਹਾਅ ਕਰਵਾਉਣ ਵੇਲੇ ਨਾ ਤਾਂ ਕਿਸੇ ਦੀ ਜਾਤ ਦੇਖੀ ਸੀ ਨਾ ਗੋਤ ਪਰ ਆਪਣੇ ਆਪ ਨੂੰ ਤੁਹਾਡੇ ਪੈਰੋਕਾਰ ਹੋਣ ਦੀਆਂ ਡੀਂਗਾਂ ਮਾਰਨ ਵਾਲੇ ਤਾਂ 'ਸ਼ਰੀਕ ਉੱਜੜਿਆ, ਵੇਹੜਾ ਮੋਕਲਾ' ਦੇ ਸਿਧਾਂਤ 'ਤੇ ਪਹਿਰਾ ਦਿੰਦੇ ਹਨ। ਗੁਰੂ ਜੀ ਤੁਸੀਂ ਤਾਂ ਖੁਦ ਵੀ ਜਾਣੀ ਜਾਣ ਹੋ, ਕਿ ਗੁਰੂ ਕਾ ਲੰਗਰ ਵੀ ਇੱਕ ਸਿਆਸੀ ਧਿਰ ਵੱਲੋਂ ਵੋਟਾਂ ਇਕੱਠੀਆਂ ਕਰਨ ਲਈ ‘ਸਪਾਂਸਰ’ ਕੀਤਾ ਜਾਂਦੈ। ਹਰ ਦੂਜੇ ਦਿਨ ਅਖਬਾਰਾਂ ਦੀਆਂ ਸੁਰਖੀਆਂ ਹੁੰਦੀਆਂ ਹਨ ਕਿ ‘ਫਲਾਣੇ ਜਿਲ੍ਹੇ ਦੇ ਜੱਥੇਦਾਰ ਸਾਬ੍ਹ ਲੰਗਰ ‘ਚ ਮਟਰ ਕੱਢਦੇ ਹੋਏ।’ ਗੁਰੂ ਜੀ ਇੱਥੇ ਕੁ ਹੀ ਖੜ੍ਹੀ ਹੈ ਸਿੱਖੀ। ਸ਼ਾਇਦ ਇਸ ਦੀਵਾਲੀ ਨੂੰ ਵੀ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕੀਤੀਆਂ ਜਾਣਗੀਆਂ ਪਰ ਗੁਰੂ ਜੀ ਦਿਲ ‘ਤੇ ਹੱਥ ਰੱਖਕੇ ਕਹਿੰਨਾਂ ਕਿ ਸਰਬੱਤ ਦੇ ਭਲੇ ਵਾਲੀ ਦਿੱਲੀ ਬਹੁਤ ਦੂਰ ਹੈ ਸਗੋਂ ਆਮ ਲੋਕਾਂ ਤੋਂ ਤਾਂ ਖਿੱਚ ਖਿੱਚ ਕੇ ਹੋਰ ਵੀ ਦੂਰ ਕੀਤੀ ਜਾ ਰਹੀ ਹੈ। ਗੁਰੂ ਇੰਨੀ ਕੁ ਸੁਮੱਤ ਬਖਸ਼ੋ ਸਾਡੇ ਲਾਣੇ ਨੂੰ ਕਿ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਆਪਣੇ ਘਰਾਂ ਵਿੱਚ ਦੀਵੇ ਜਗਾਉਣ ਨਾਲੋਂ ਨਫਰਤ, ਲਾਲਚ ਜਾਂ ਬੇਵਕੂਫੀ ਦਾ ਹਨੇਰਾ ਆਪਣੇ ਖੋਪੜਾਂ ‘ਚੋਂ ਦੂਰ ਕਰਨ ਲਈ ਆਪਣੇ ਅੰਦਰ ਦੀਵੇ ਜਗਾਉਣ ਨਾ ਕਿ ਬਨੇਰਿਆਂ ‘ਤੇ। ਇਹ ਦੁੱਖ ਤੁਹਾਡੇ ਨਾਲ ਤੇ ਸ੍ਰੀ ਰਾਮ ਚੰਦਰ ਜੀ ਨਾਲ ਇਸ ਕਰਕੇ ਸਾਂਝੇ ਕੀਤੇ ਹਨ। ਹੁਣ ਤੁਸੀਂ ਹੀ ਦੱਸੋ ਕਿ ਤੰਗੀਆਂ ਤੁਰਸੀਆਂ ਨਾਲ ਜੂੰਡੋਜੂੰਡੀ ਹੁੰਦੇ ਲੋਕਾਂ ਨੂੰ ਕਿਵੇਂ ਕਹਾਂ... ਦੀਵਾਲੀ ਦੀਆਂ ਮੁਬਾਰਕਾਂ!
****
ਮੋ:- 0044 75191 12312

ਇੱਕ ਖ਼ਤ... ਪੰਜਾਬੀ ਗਾਇਕੀ ‘ਚ ‘ਬੁਰੀ ਤਰ੍ਹਾਂ’ ਛਾ ਚੁੱਕੀ ‘ਕੁਆਰੀ ਬੀਬੀ’ ਦੇ ਨਾਂ........ ਲੇਖ਼ / ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)


ਭਾਈ ਕੁੜੀਏ...! ਬੜੀ ਦੇਰ ਤੋਂ ਤੇਰੇ ਵੱਲੋਂ ਗਾਇਕੀ ਦੇ ਨਾਂਅ 'ਤੇ ਪਾਈ ਜਾਂਦੀ ਕਾਵਾਂ ਰੌਲੀ ਨੂੰ ਸੁਣਦਾ ਆ ਰਿਹਾ ਹਾਂ। ਕੋਈ ਵਿਸ਼ਾ ਨਹੀਂ ਛੱਡਿਆ ਤੂੰ ਮਾਂ ਦੀਏ ਧੀਏ, ਗਾਉਣ ਵੱਲੋਂ। ਪਹਿਲਾਂ ਤਾਂ ਕੰਪਨੀਆਂ ਵਾਲੇ ਪੱਲਿਓਂ ਪੈਸੇ ਦੇ ਕੇ ਆਪਦੀਆਂ ਚੀਜਾਂ ਦੀ ਮਸ਼ਹੂਰੀ ਕਰਦੇ ਹੁੰਦੇ ਸੀ, ਪਰ ਤੂੰ ਤਾਂ ਸਕੂਟਰੀਆਂ, ਮੋਟਰ ਸਾਈਕਲਾਂ, ਟਰੈਕਟਰਾਂ ਇੱਥੋਂ ਤੱਕ ਕਿ ਮੋਬਾਈਲ ਫੋਨਾਂ ਦੀ ਵੀ ਮੁਫ਼ਤੋ-ਮੁਫ਼ਤੀ ਮਸ਼ਹੂਰੀ ਕਰ ਛੱਡੀ ਹੈ। ਆਪਣੀ ਗਾਇਕੀ ਦੇ ਜੌਹਰ ਦਿਖਾਉਣ ਦੇ ਨਾਲ-ਨਾਲ ਕੋਈ ਕਸਰ ਨਹੀਂ ਛੱਡੀ ਕੁੜੀਆਂ ਨੂੰ 'ਮਾਸ਼ੂਕਾਂ' ਦਰਸਾਉਣ 'ਚ ਵੀ! ਸੰਗੀਤ ਤਾਂ ਰੂਹ ਦੀ ਖੁਰਾਕ ਮੰਨਿਆ ਜਾਂਦੈ, ਪਰ ਥੋਡੇ ਵੱਲੋਂ ਪਰੋਸਿਆ ਜਾ ਰਿਹਾ 'ਸੰਗੀਤ' ਤਾਂ ਲੋਕਾਂ ਦੇ ਮਨਾਂ 'ਚ ਪਾਰੇ ਵਰਗਾ ਅਸਰ ਕਰਦਾ ਨਜ਼ਰ ਆ ਰਿਹਾ ਹੈ। ਮੈਂ ਤਾਂ ਇਹ ਵੀ ਸੁਣਿਐ ਕਿ ਤੂੰ ਇੱਕ ਅਧਿਆਪਕਾ ਵੀ ਹੈਂ। ਭਾਈ ਕੁੜੀਏ... ਅਧਿਆਪਕ ਤਾਂ ਆਪਣੇ ਵਿਦਿਆਰਥੀਆਂ ਲਈ ਆਦਰਸ਼ ਹੁੰਦੈ.. ਤੇ ਤੂੰ..? ਤੂੰ ਤਾਂ ਆਪਣੇ ਵਿਦਿਆਰਥੀਆਂ ਨੂੰ ਆਦਰਸ਼ਕ ਗੀਤ ਹੀ ਅਜਿਹੇ ਦਿੱਤੇ ਹਨ ਕਿ,



“ਮਾਰਿਆ ਨਾ ਕਰ ਮਿੱਸ ਕਾਲ ਮਿੱਤਰਾ,
ਵੇ ਸਾਡੇ ਘਰ ਵਿੱਚ ਪੈਂਦੀ ਆ ਲੜਾਈ...।”
ਜੇ ਤੇਰੇ ਵਿਦਿਆਰਥੀ ਤੇਰੀਆਂ ਪਾਈਆਂ 'ਲੀਹਾਂ' ‘ਤੇ ਤੁਰ ਪਏ ਤਾਂ ਪੱਥਰ ‘ਤੇ ਲਕੀਰ ਹੈ ਕਿ ਉਹ ਕੁਝ ਹੋਰ ਬਣਨ ਜਾਂ ਨਾ ਨਬਣਨ, ਪਰ ‘ਆਦਰਸ਼’ ਆਸ਼ਕ ਜ਼ਰੂਰ ਬਣ ਜਾਣਗੇ। ਤੂੰ ਤਾਂ ਆਪਣੇ ਗੀਤਾਂ ਰਾਹੀਂ ਆਪਣੀਆਂ ਵਿਦਿਆਰਥਣਾਂ ਨੂੰ ਹੀ ਮਾਪਿਆਂ ਤੋਂ ਚੋਰੀ ਮੋਬਾਈਲ ਰੱਖਕੇ ਆਪਣੇ 'ਮੁੰਡੇ ਮਿੱਤਰਾਂ' ਨਾਲ ਲੁਕ-ਲੁਕ ਗੱਲਾਂ ਕਰਨ ਦੀਆਂ ਨਸੀਹਤਾਂ ਦੇ ਰਹੀ ਹੈਂ! ਤੇਰੇ ਗੀਤ ਤਾਂ ਉਹਨਾਂ ਕੁੜੀਆਂ ਨੂੰ ਬੜੀ 'ਆਦਰਸ਼' ਸਿੱਖਿਆ ਦੇ ਰਹੇ ਹਨ ਕਿ ਜਦੋਂ ਤੁਹਾਡਾ ਪ੍ਰੇਮੀ ਤੁਹਾਨੂੰ ਫੋਨ ਕਰੇ, ਪਰ ਤੁਹਾਡੇ ਘਰ ਮਹਿਮਾਨ ਆਏ ਹੋਣ ਤਾਂ 'ਸੌਰੀ ਰੌਂਗ ਨੰਬਰ' ਕਹਿ ਕੇ ਫ਼ੋਨ ਕੱਟ ਕੇ ਬਾਦ 'ਚ ਆਪਣੇ 'ਪਿਆਰੇ' ਤੋਂ ਮਾਫੀ ਵੀ ਮੰਗੀ ਜਾ ਸਕਦੀ ਹੈ। ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਸਮਾਜਿਕ ਰੁਤਬਾ ਮਿਲ ਰਿਹੈ। ਜੇ ਮੁੰਡੇ ਮੋਬਾਈਲ ਫ਼ੋਨ ਰੱਖ ਸਕਦੇ ਹਨ ਤਾਂ ਕੁੜੀਆਂ ਵੀ... ਪਰ ਇਹ ਵੀ ਜਰੂਰੀ ਨਹੀਂ ਕਿ ਸਾਰੇ ਮੁੰਡੇ ਵੀ 'ਆਸਿ਼ਕ-ਟਿੱਡੇ' ਹਨ। ਤੇ ਇਹ ਵੀ ਜਰੂਰੀ ਨਹੀਂ ਕਿ ਸਾਰੀਆਂ ਕੁੜੀਆਂ ਨੇ ਵੀ ਮੋਬਾਈਲ ਕੋਲ ਰੱਖ ਕੇ ਮਾਪਿਆਂ ਦੀਆਂ ਅੱਖਾਂ 'ਚ ਘੱਟਾ ਪਾਉਣਾ ਹੈ। 
ਬੇਸ਼ੱਕ ਥੋਡਾ ਸੱਭਿਆਚਾਰ ਦੇ ਸੇਵਕ ਅਖਵਾਉਣ ਵਾਲਾ ਲੁੰਗ ਲਾਣਾ ਕੱਛਾਂ ਵਜਾਉਂਦਾ ਫਿਰ ਰਿਹਾ ਹੋਵੇ ਕਿ, "ਵਾਹ ਜੀ ਵਾਹ, ਕੁੜੀ ਨੇ ਗਾਣੇ ਗੌਣ ਵਾਲੇ ਰਿਕਾਰਡ ਬਣਾਤੇ।" ਪਰ ਇਹ ਕੋਈ ਪ੍ਰਾਪਤੀ ਨਹੀਂ ਕਿ ਗੀਤ ਹੀ ਉਹ ਗਾਏ ਜਾਣ, ਜੋ ਸੁਣਨ ਵਾਲਿਆਂ ਦੀਆਂ ਹੀ ਧੀਆਂ ਭੈਣਾਂ 'ਤੇ ਉਪੱਦਰ ਢੰਗ ਨਾਲ ਲਾਗੂ ਹੋਣ। ਵਿਚਾਰੇ ਲੋਕ ਤੇਰੇ ਵੱਲੋਂ ਉਹਨਾਂ ਦੀਆਂ ਹੀ ਧੀਆਂ ਭੈਣਾਂ ਨੂੰ ਲੋਫਰਾਂ ਜਿਹੀਆਂ ਦਿਖਾਉਣ ਵਾਲੇ ਗੀਤ ਸੁਣਕੇ ਹੀ ਪਤਾ ਨਹੀਂ ਕਿਹੜੀ 'ਖੁਸ਼ੀ' 'ਚ ਝੂੰਮੀ ਜਾ ਰਹੇ ਹਨ। ਮੈਨੂੰ ਆਪਣੇ ਪਿੰਡ ਵਾਲੇ ਬਲੌਰ ਸਿਉਂ ਗਵੰਤਰੀ ਦੀ ਗੱਲ ਯਾਦ ਆ ਜਾਂਦੀ ਐ। ਉਹ ਤਿੰਨ ਜਣੇ ਢੱਡ-ਸਾਰੰਗੀ ਨਾਲ ਪਿੰਡਾਂ 'ਚ ਗਾਉਣ ਕਰਨ ਜਾਇਆ ਕਰਦੇ ਸਨ। ਕਿਸੇ ਬਜ਼ੁਰਗ ਨੇ ਉਹਨਾਂ ਨੂੰ ਪੁੱਛ ਲਿਆ ਕਿ "ਤੁਸੀਂ ਹਰ ਵੇਲੇ ਬਾਹਰ ਤੁਰੇ ਰਹਿੰਨੇ ਓ, ਲੋਕ ਥੋਨੂੰ ਪੈਸੇ-ਪੂਸੇ ਵੀ ਦਿੰਦੇ ਨੇ ਕਿ ਨਹੀਂ?" ਬਲੌਰ ਸਿਉਂ ਦਾ ਜਵਾਬ ਸੀ, "ਲੋਕਾਂ ਨੂੰ ਗੌਣ ਲੱਗੇ ਭਾਵੇਂ ਗਾਲ੍ਹਾਂ ਕੱਢ ਦਿਉ, ਉਹ ਤਾਂ ਫੇਰ ਵੀ ਵਾਹ ਵਾਹ ਕਰਦੇ ਨੋਟ ਵਾਰ ਹੀ ਦਿੰਦੇ ਨੇ। ਅਸੀਂ ਵੀ ਏਵੇਂ ਈ ਕਰਦੇ ਆਂ... ਮਿਰਜ਼ੇ ਦਾ ਗੌਣ ਸੁਣਾਉਣ ਵੇਲੇ ਜਦੋਂ ਹੇਕ ਲਾਈਦੀ ਐ ਕਿ 'ਤੇਰੀ ਧੀ ਤਾਂ... ਤੁਰਗੀ ਨਾਲ ਮਲੰਗਾਂ ਦੇ' ਤਾਂ ਜੀਹਦੇ ਵੱਲ ਨੂੰ ਹੱਥ ਕਰ ਦੇਈਦੈ, ਉਹ ਬਾਗੋ ਬਾਗ ਹੋ ਜਾਂਦੈ। ਪਰ ਲੋਕਾਂ ਨੂੰ ਤਾਂ ਕਈ ਵਾਰ ਇਹ ਵੀ ਪਤਾ ਨੀਂ ਲੱਗਦਾ ਕਿ ਜਦੋਂ ਉਹਨਾਂ ਵੱਲ ਹੱਥ ਕਰਕੇ ਕਹੀਦੈ ਤਾਂ ਇਹ ਦਾ ਮਤਲਬ ਤਾਂ ਇਹੀ ਹੋਇਆ ਕਿ ਤੇਰੀ ਧੀ ਮਲੰਗਾਂ ਨਾਲ ਤੁਰਗੀ।" ਸੱਚੀਂ ਉਹੀ ਹਾਲ ਐ ਲੋਕਾਂ ਦਾ, ਤੁਸੀਂ ਉਹਨਾਂ ਹੀ ਲੋਕਾਂ ਦੀਆਂ ਧੀਆਂ ਭੈਣਾਂ ਦੀ ਪਤ ਉਧੇੜਨ ਦੇ ਰਾਹ ਤੁਰੇ ਹੋਏ ਓ, ਤੇ ਉਹੀ ਲੋਕ ਤੁਹਾਡੇ 'ਪ੍ਰਸ਼ੰਸਕ' ਬਣਕੇ ਉਹਨਾਂ ਹੀ ਗੀਤਾਂ 'ਤੇ ਤਾੜੀਆਂ ਮਾਰਦੇ ਨਹੀਂ ਥੱਕਦੇ। ਇਹ ਕਿੱਧਰਲੀ ਮਕਬੂਲੀਅਤ ਹੈ ਕਿ ਕੀ ਫੇਸਬੁੱਕ, ਕੀ ਆਰਕੁੱਟ ਸਭ ਪਾਸੇ ਤੈਨੂੰ ‘ਸੱਭਿਆਚਾਰ ਦੇ ਮੱਥੇ ‘ਤੇ ਸਾਢੇ ਚਾਰ ਫੁੱਟਾ ਦਾਗ’ ਆਦਿ ਵਿਸ਼ੇਸ਼ਣਾਂ ਨਾਲ ਨਿਵਾਜਿਆ ਪਿਐ। ਗਾਇਕੀ ਤਾਂ ਅਸਲ ‘ਚ ਉਹ ਹੁੰਦੀ ਹੈ, ਜੋ ਸਾਰੇ ਭੈਣਾਂ ਭਰਾਵਾਂ ‘ਚ ਬੈਠ ਕੇ ਵੀ ਸੁਣੀ ਜਾ ਸਕਦੀ ਹੋਵੇ ਪਰ ਜਿਹੋ ਜਿਹੇ ‘ਆਦਰਸ਼ਕ’ ਗੀਤ ਤੂੰ ‘ਉੱਚਰੇ’ ਹਨ, ਸ਼ਾਇਦ ਤੂੰ ਆਪਣੀ ਛੋਟੀ ਭੈਣ ਜਾਂ ਭਰਾ ਕੋਲ ਬਹਿਕੇ ਖੁਦ ਵੀ ਨਾ ਸੁਣ ਸਕੇਂ। 
ਇਸਨੂੰ ਛੋਟੀ ਬੁੱਧੀ ਕਿਹਾ ਜਾਵੇ ਜਾਂ ਅੰਤਾਂ ਦੀ ਚਲਾਕੀ ਕਿ ਤੂੰ 'ਬੇਗਮਪੁਰਾ' ਵਸਾਉਣ ਵਰਗਾ ਗੀਤ ਵੀ ਗਾ ਧਰਿਆ। ਸਭ ਜਾਣਦੇ ਨੇ ਕਿ ਤੇਰਾ ਪਰਿਵਾਰਕ ਪਿਛੋਕੜ ਨਿਰੰਕਾਰੀ ਸੰਪਰਦਾਏ ਨਾਲ ਜੁੜਿਆ ਹੋਇਆ ਹੈ। ਕੀ ਇਹੋ ਜਿਹਾ ਵੰਡੀਆਂ ਪਾਊ ਗੀਤ ਚੰਦ ਪੈਸਿਆਂ ਖਾਤਰ ਗਾਉਣ ਲੱਗਿਆਂ ਤੂੰ ਇੱਕ ਵਾਰ ਵੀ ਨਹੀਂ ਸੋਚਿਆ ਕਿ ਤੂੰ ਇੱਕ ਨਿਰੰਕਾਰੀ ਟੱਬਰ ਨਾਲ ਸਬੰਧਿਤ ਹੋਣ ਕਰਕੇ ਸਿੱਖੀ ਪ੍ਰਤੀ ਸ਼ਰਧਾ ਵਿਸ਼ਵਾਸ਼ ਰੱਖਣ ਵਾਲਿਆਂ ਦੇ ਮਨੋਂ ਲਹਿ ਜਾਵੇਂਗੀ? ਤੂੰ ਭੋਰਾ ਵੀ ਖਿਆਲ ਨਹੀਂ ਕੀਤਾ ਕਿ ਲੋਕ ਦੁਬਾਰਾ ਇਹੀ ਕਹਿਣਗੇ ਕਿ ਇਸ ਤਰ੍ਹਾਂ ਦੇ ਵੰਡੀਆਂ ਪਾਊ ਗੀਤ ਗਵਾਉਣ ਪਿੱਛੇ ਵੀ ਕਿਸੇ ਦੀ ਸਾਜਿਸ਼ ਹੈ...! ਮੈਨੂੰ ਨਹੀਂ ਲਗਦਾ ਕਿ ਤੂੰ ਜਿਆਦਾ ਸਿਆਣੀ ਵੀ ਹੈਂ, ਜੇ ਸਿਆਣੀ ਹੁੰਦੀ ਤਾਂ ਜਿਸ ਬੇਗਮਪੁਰੇ ਨੂੰ ਵਸਾਉਣ ਬਾਰੇ ਤੂੰ ਗਰਾਰੀਆਂ ਮਾਰ-ਮਾਰ ਗਾਇਆ ਹੈ, ਉਸ ਬਾਰੇ ਇਹ ਤਾਂ ਪਤਾ ਕਰ ਲੈਂਦੀ ਕਿ ਬਾਣੀ ਵਿੱਚ ਬੇਗਮਪੁਰਾ ਸ਼ਬਦ ਦੇ ਅਰਥ ਕੀ ਹਨ? ਜੇ ਹੁਣ ਤੱਕ ਪਤਾ ਨਹੀਂ ਲੱਗਾ ਤਾਂ ਹੁਣ ਸੁਣ ਲੈ.... ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਰਵਿਦਾਸ ਜੀ ਦੇ 40 ਸ਼ਬਦ ਦਰਜ਼ ਕੀਤੇ ਹਨ। ਜਿਹਨਾਂ ਦਾ ਸਾਂਝਾ ਉਪਦੇਸ਼ ਨਰੋਏ ਤੇ ਵਿਤਕਰੇ ਰਹਿਤ ਸਮਾਜ ਦੀ ਸਥਾਪਨਾ, ਨਾਮ ਸਿਮਰਨ ਰਾਹੀਂ ਜਾਤ-ਅਭਿਮਾਨੀ ਲੋਕਾਂ ਦੇ ਹੰਕਾਰ ਨੂੰ ਤੋੜਨਾ ਅਤੇ ਮਨੁੱਖ ਤੇ ਪ੍ਰਮਾਤਮਾ ਵਿੱਚ ਕੋਈ ਅੰਤਰ ਨਾ ਹੋਣ ਬਾਰੇ ਦੱਸਣਾ ਹੀ ਹੈ। ਭਗਤ ਰਵੀਦਾਸ ਜੀ ਦੀ ਬਾਣੀ ਵਿੱਚੋਂ ਰਾਗ ਗਾਉੜੀ ਦਾ ਇੱਕ ਸ਼ਬਦ ਹੈ  ‘ਬੇਗਮਪੁਰਾ ਸਹਰ ਕੋ ਨਾਉ’ ਜਿਸ ਵਿੱਚ ਭਗਤ ਜੀ ਨੇ ਐਸੀ ਅਵੱਸਥਾ ਦਾ ਜਿ਼ਕਰ ਕੀਤਾ ਹੈ, ਜੋ ਪ੍ਰਮਾਤਮਾ ਨਾਲ ਇੱਕ-ਮਿੱਕ ਹੋ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਆਤਮਿਕ ਅਵੱਸਥਾ ਵਿੱਚ ਜਦੋਂ ਮਨੁੱਖ ਪ੍ਰਭੂ ਪ੍ਰਮਾਤਮਾ ਦੇ ਭੇਦ ਸਮਝ ਜਾਦਾ ਹੈ ਤਾਂ ਇਸ ਦੁਨੀਆ ਦੇ ਸਭ ਫਿ਼ਕਰ-ਫ਼ਾਕੇ ਮੁੱਕ ਜਾਂਦੇ ਹਨ। ਭਗਤ ਰਵੀਦਾਸ ਜੀ ਨੇ ਇਸ ਅਵੱਸਥਾ ਭਾਵ 'ਗ਼ਮਾਂ ਤੋਂ ਰਹਿਤ' ਅਵੱਸਥਾ ਨੂੰ 'ਬੇਗਮਪੁਰਾ' ਦਾ ਨਾਂ ਦਿੱਤਾ ਹੈ ਅਤੇ ‘ਸਹਰ’ ਤੋਂ ਭਾਵ ਮਨੁੱਖਾ ਸਰੀਰ ਹੈ। ਪਰ ਕਾਕੀ ਜੀਓ..! ਤੁਸੀਂ ਤਾਂ ਭਗਤ ਰਵੀਦਾਸ ਜੀ ਦੇ ਬੇਗਮਪੁਰੇ ਨੂੰ 
“ਸੁਣ ਲਓ ਮੇਰੀ ਗੱਲ ਭਰਾਵੋ,
ਗੁਣ ਗੁਰੂ ਰਵੀਦਾਸ ਦੇ ਗਾਓ,
ਨਾ ਹੁਣ ਆਸੇ ਪਾਸੇ ਜਾਵੋ,
ਵੱਖਰਾ ਪੰਥ ਚਲਾਉਣਾ ਇਆਂ।
ਸਾਰੇ ਕਰ ਲਓ ਏਕਾ, ਬੇਗਮਪੁਰਾ ਵਸਾਉਣਾ ਇਆਂ।” ਵਰਗੀ ਤੁਕਬੰਦੀ ‘ਚ ਕੈਦ ਕਰਕੇ ਸਿਰਫ ਮਿੱਟੀ-ਗਾਰੇ ਜਾ ਇੱਟਾਂ ਤੋਂ ਬਣਨ ਵਾਲੇ ਬੇਗਮਪੁਰੇ ਨਾਲ ਜੋੜ ਕੇ ਹੀ 'ਸੀਮਤ' ਜਿਹਾ ਕਰ ਦਿੱਤਾ। ਕਦੇ ਇਕੱਲੀ ਬੈਠ ਕੇ ਭਗਤ ਰਵਿਦਾਸ ਜੀ ਦੀ ਬਾਣੀ ਦੀਆਂ ਇਹਨਾਂ ਪੰਗਤੀਆਂ ਦਾ ਅਰਥ ਕੱਢ ਕੇ ਵੇਖੀਂ,
ਤਿਉ ਤਿਉ ਸੈਲ ਕਰਹਿ ਜਿਉ ਭਾਵੈ।।
ਮਹਰਮ ਮਹਲ ਨ ਕੋ ਅਟਕਾਵੈ।।
ਕਹਿ ਰਵਿਦਾਸ ਖਲਾਸ ਚਮਾਰਾ।।
ਜੋ ਹਮ ਸਹਰੀ ਸੁ ਮੀਤ ਹਮਾਰਾ।।
ਭਾਈ ਬੀਬਾ.... ਬਹੁਤ ਸੋਹਣਾ ਗਾਉਨੀ ਏਂ ਤੂੰ, ਮਾਫ ਕਰਨਾ ਤੈਨੂੰ ਭੁਲੇਖੇ ਨਾਲ ਹੀ ਬੀਬਾ ਕਹਿ ਗਿਆਂ... ਇਹ ਲਫਜ਼ ਤਾਂ ਸੁਰਿੰਦਰ ਕੌਰ, ਗੁਰਮੀਤ ਬਾਵਾ, ਨਰਿੰਦਰ ਬੀਬਾ ਵਰਗੀਆਂ ਗਾਇਕਾਵਾਂ ਦੇ ਨਾਵਾਂ ਨਾਲ ਹੀ ਸ਼ੋਭਦਾ ਹੈ, ਜਿਹਨਾਂ ਨੂੰ ਲੋਕ ਇੱਕ ਫ਼ਨਕਾਰ ਵਜੋਂ ਹੀ ਸਤਿਕਾਰ ਦਿੰਦੇ ਸਨ... ਨਾ ਕਿ ਤੇਰੇ ਵਰਗੀ ਗਾਉਣ ਵਾਲੀ ਬੀਬੀ ਨੂੰ ਹੀ ਆਪਣੀ ਸੁਪਨਿਆਂ ਦੀ ਰਾਣੀ ਸਮਝ ਬੈਠਦੇ ਹਨ। ਸਰਸਵਤੀ ਰੱਜ ਕੇ ਦਿਆਲ ਹੋਈ ਐ ਤੇਰੇ ‘ਤੇ। ਪਰ ਉਹ ਵੀ ਵੇਲਾ ਦੂਰ ਨਹੀਂ ਜਦੋਂ ਸਰਸਵਤੀ ਆਪਣਾ ਦਿੱਤਾ ਹੋਇਆ ਤੋਹਫਾ ਥੱਪੜ ਮਾਰ ਕੇ ਖੋਹਣ ਲੱਗੀ ਵੀ ਝਿਜਕੇਗੀ ਨਹੀਂ, ਕਿਉਂਕਿ ਆਮ ਹੀ ਕਿਹਾ ਜਾਂਦਾ ਹੈ ਕਿ ‘ਜਦੋਂ ਪ੍ਰਮਾਤਮਾ ਦਿੰਦੈ ਤਾਂ ਛੱਪਰ ਪਾੜ ਕੇ ਦਿੰਦੈ ਤੇ ਜਦੋਂ ਖੋਂਹਦੈ ਤਾਂ ਥੱਪੜ ਮਾਰ ਕੇ ਖੋਂਹਦੈ।’ 
ਗਾਇਕਾ ਜੀਓ! ਇੱਕ ਕੁੜੀ ਹੋ ਕੇ ਕੁੜੀਆਂ ਦੀ ਹੀ ਸਮਾਜਿਕ ਅਜ਼ਾਦੀ ਉੱਪਰ ਜਿੰਨੀਆਂ ਬੰਦਿਸ਼ਾਂ ਤੇਰੇ ਗੀਤਾਂ ਨੇ ਲਾਈਆਂ ਨੇ, ਉਹਨਾਂ ਬਦਲੇ ਮਾਪਿਆਂ ਦੀਆਂ ਬੰਦਸ਼ਾਂ ਦਾ ਸਿ਼ਕਾਰ ਹੋਈਆਂ ਕੁੜੀਆਂ ਤੈਨੂੰ ਅਸੀਸਾਂ ਨਹੀਂ ਦੇ ਰਹੀਆਂ ਹੋਣਗੀਆਂ। ਕੁੜੀਆਂ ਦਾ ਵੀ ਵਿਚਾਰੀਆਂ ਦਾ ਨੱਚਣ ਟੱਪਣ ਨੂੰ ਦਿਲ ਕਰਦਾ ਹੁੰਦੈ ਤੇ ਵਿਆਹ ਸ਼ਾਦੀਆਂ ਹੀ ਉਹਨਾਂ ਦੇ ਇਸ ਚਾਅ ਨੂੰ ਪੂਰਾ ਕਰਨ ਦਾ ਸਬੱਬ ਬਣਦੇ ਨੇ। ਪਰ ਤੁਹਾਡੇ ‘ਆਈਡੀਆ’ ਮਾਰਕਾ ਗੀਤਾਂ ਨੇ ਤਾਂ ਲੋਕਾਂ ਦੇ ਦਿਮਾਗਾਂ ‘ਚ ਹੁਣ ਤੱਕ ਇਹੀ ਤੂੜਿਆ ਹੈ ਕਿ ‘ਕਿਵੇਂ ਨੱਚ ਰਹੀ ਕੁੜੀ ਨੂੰ ਇਸ਼ਾਰੇ ਮਾਰਨੇ’ ‘ਜੇ ਨੱਚਦੀ ਦੀ ਬਾਂਹ ਫੜ੍ਹ ਲਈ... ਫੇਰ ਕੀ ਹੋ ਗਿਆ?’ ‘ਤੈਨੂੰ ਗਿੱਧੇ ‘ਚ ਨੱਚਦੀ ਨੂੰ ਚੱਕ ਕੇ ਲੈਜਾਂ’ ‘ਮੇਰਾ ਤੇਰੇ ਨਾਲ ਨੱਚਣ ਨੂੰ ਦਿਲ ਕਰਦੈ’ ਵਗੈਰਾ ਵਗੈਰਾ... ਮੈਨੂੰ ਨਹੀਂ ਲੱਗਦਾ ਕਿ ਤੂੰ ਵੀ ਜਾਂ ਥੋਡਾ ਲੁੰਗ-ਲਾਣਾ ਕਿਸੇ ‘ਹੋਰ’ ਨੂੰ ਇਜਾਜ਼ਤ ਦੇਵੋਂ ਕਿ ਤੁਹਾਡੀ ਆਪਣੀ ‘ਸਕੀ ਭੈਣ’ ਨੱਚਦੀ ਹੋਵੇ ਤੇ ਤੁਸੀਂ ਕਿਸੇ ਨੂੰ ਅੱਖ ਪੱਟ ਕੇ ਦੇਖਦੇ ਨੂੰ ਵੀ ਬਰਦਾਸ਼ਤ ਕਰੋ.... ਚੱਕ ਕੇ ਲਿਜਾਣਾ ਤਾਂ ਦੂਰ ਦੀ ਗੱਲ ਹੈ! ਹੁਣ ਗੱਲ ਕਬੱਡੀ ਦੀ ਵੀ ਕਰ ਲੈਨੇ ਆਂ... ਬੇਸ਼ੱਕ ਖਿਡਾਰੀ ਕਿਸੇ ਵੀ ਖਿੱਤੇ ਦੇ ਸ਼ਾਂਤੀ ਦੂਤ ਮੰਨੇ ਜਾਦੇ ਹਨ। ਪਰ ਥੋਡੇ ਵੱਲੋਂ ਵਿੱਢੀ ਭੇਡ ਚਾਲ ਜਾਣੀ ਕਿ ਕੌਡੀ ਖਿਡਾਰੀਆਂ ਦੇ ਆਸ਼ਕੀ ਮਿਜਾਜੀ ਵਾਲੇ ਗੀਤਾਂ ਨੇ ਆਮ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਜਰੂਰ ਬਿਠਾਈ ਹੋਵੇਗੀ ਕਿ ਥੋੜ੍ਹੇ-ਬਹੁਤੇ ਡੌਲੇ ਜਿਹੇ ਬਣਾ ਕੇ ਹਰ ਖਿਡਾਰੀ ਹੀ ਕੁਆਰੀਆਂ-ਕੁੜੀਆਂ ‘ਤੇ ਅੱਖ ਰੱਖਦਾ ਹੋਊ.. ਸ਼ਾਇਦ ਤੁਹਾਡੇ ਗੀਤਾਂ ਜਿਵੇਂ ਕਿ ‘ਘਿਓ ਵਾਂਗੂੰ ਲੱਗੇ ਤੇਰਾ ਪਿਆਰ ਸੋਹਣੀਏ, ਨੀ ਮੈਨੂੰ ਕੌਡੀ ਦੇ ਖਿਡਾਰੀ ਨੂੰ’ ਸੁਣਕੇ ਵਿਚਾਰੇ ਕੌਡੀ ਖਿਡਾਰੀ ਵੀ ਘਰ ਦੀਆਂ ਖੁਰਾਕਾਂ ਛੱਡ ਕੇ ਟੀਕਿਆਂ ਦਾ ਆਸਰਾ ਲੈਣ ਲੱਗੇ ਹੋਣ ਤੇ ਕੁਝ ਕੁ ਆਸ਼ਕੀ ‘ਚ ਗਲਤਾਨ ਹੋ ਕੇ ਆਪਣੀ ਮਸ਼ੂਕ ਦੇ ਪਿਆਰ ਨੂੰ ਹੀ ਘਿਓ ਸਮਝੀ ਬੈਠੇ ਹੋਣ। ਪਤਾ ਨਹੀਂ ਕਿਉਂ ਕਿਸੇ ਕਬੱਡੀ ਖਿਡਾਰੀ ਨੇ ਵੀ ਅਜਿਹੇ ਬੇਤੁਕੇ ਗੀਤਾਂ ਖਿਲਾਫ ਆਵਾਜ ਕਿਉਂ ਨਹੀਂ ਉਠਾਈ ਕਿ ‘ਅਸੀਂ ਐਸੇ ਨਹੀਂ ਹਾਂ, ਸਾਡੇ ਘਰ ਵੀ ਧੀਆਂ ਭੈਣਾਂ ਹਨ... ਸਾਡਾ ਜ਼ੋਰ ਦੇਸ਼ ਪੰਜਾਬ ਜਾਂ ਸਾਡੀ ਮਾਂ ਖੇਡ ਦਾ ਮਾਣ ਵਧਾਉਣ ਲਈ ਹੈ! ਨਾ ਕਿ ਕੁੜੀਆਂ ਨੂੰ ਦਿਖਾਉਣ ਲਈ!’ ਪੰਜਾਬ ‘ਚ ਤਾਂ ਕੁੜੀਆਂ ਪਹਿਲਾਂ ਹੀ ਕੁੱਖਾਂ ‘ਚ ਮਾਰੀਆਂ ਜਾ ਰਹੀਆਂ ਹਨ। ਉਹਨਾਂ ਲਈ ਹਾਅ ਦਾ ਨਾਅਰਾ ਮਾਰਨਾ ਤਾਂ ਦੂਰ ਦੀ ਗੱਲ... ਤੂੰ ਤਾਂ ਉਹਨਾਂ ਦੇ ਕਤਲੇਆਮ ਨੂੰ ਹੱਲਾਸ਼ੇਰੀ ਦੇਣ ਦੇ ਰਾਹ ਤੁਰੀ ਪਈ ਐਂ। ਉਹ ਪੁੱਛ ਕਿਵੇਂ..... ਲੈ ਸੁਣ, ਜਿਹੜੇ ਮਾਪੇ ਤੇਰੇ ਜਾਂ ਤੇਰੇ ਹੋਰ ਭੈਣਾਂ ਭਰਾਵਾਂ ਵੱਲੋਂ ਗਾਏ ਜਾਂਦੇ ਕੁੜੀਆਂ ਨੂੰ ‘ਮਾਸ਼ੂਕਾਂ’ ਦਰਸਾਉਣ ਵਾਲੇ ਗੀਤ ਸੁਣਦੇ ਹੋਣਗੇ, ਉਹਨਾਂ ਮਨਾਂ ਵਿੱਚ ਪਾਕ-ਪਵਿੱਤਰ ਸੋਚ ਵਾਲੀਆਂ ਕੁੜੀਆਂ ਉੱਪਰ ਵੀ ਸ਼ੱਕ ਦੀ ਸੂਈ ਟਿਕਦਿਆਂ ਦੇਰ ਨਹੀਂ ਲੱਗਦੀ ਹੋਵੇਗੀ। ਤੈਨੂੰ ਵੀ ਯਾਦ ਹੋਣੈ ਕਿ ਪੰਜਾਬ ਵਿੱਚ ਇੱਕ ਵਾਰ ‘ਨੈਨੀ’ ਕੋਰਸ ਕਰਕੇ ਵਿਦੇਸ਼ ਜਾਣ ਲਈ ਕੁੜੀਆਂ ਵਿੱਚ ਇੱਕ ਝੱਲ ਜਿਹਾ ਛਾਇਆ ਹੋਇਆ ਸੀ। ਜਿਹਨੀਂ ਦਿਨੀਂ ਪੰਜਾਬ ਦੇ ਪਿੰਡ ਪਿੰਡ ‘ਚੋਂ ਕੁੜੀਆਂ ਚੰਡੀਗੜ੍ਹ ਦੇ ਨੈਨੀ ਕੋਚਿੰਗ ਸੈਂਟਰਾਂ ਤੋਂ ਨੈਨੀ ਦੀ ‘ਕੋਚਿੰਗ’ ਲੈ ਰਹੀਆਂ ਸਨ। ਉਹਨੀਂ ਦਿਨੀਂ ਹੀ ਥੋਡੇ ਲਾਣੇ ਦੇ ਇੱਕ ਗਾਇਕ ਸਾਬ੍ਹ ਦਾ ਗੀਤ ਆਇਆ ਸੀ ਕਿ: 
"ਬੈਠਜਾ ਬੁੱਲਟ ਉੱਤੇ ਛਾਲ ਮਾਰਕੇ, 
ਦਿਲੋਂ ਵਹਿਮ ਕੱਢ ਕੇ। 
ਚੰਡੀਗੜ੍ਹ ਝੀਲ ਦੀ ਕਰਾਦੂੰ ਤੈਨੂੰ ਸੈਰ, 
ਆਜੀਂ ਟੈਮ ਕੱਢਕੇ।" 
ਜਿਹੜੇ ਮਾਂ ਪਿਉ ਦੀਆਂ ਸਹੁੰ ਖਾਣ ਜੋਗੀਆਂ ਸਿਆਣੀਆਂ ਧੀਆਂ ਵੀ ਚੰਡੀਗੜ੍ਹ ਪੜ੍ਹਦੀਆਂ ਹੋਣਗੀਆਂ, ਥੋਡੇ ਗਾਇਕ ਲਾਣੇ ਦੀ ਸੱਭਿਆਚਾਰ ਦੀ ਕੀਤੀ 'ਸੇਵਾ' ਸੁਣਕੇ ਇੱਕ ਵਾਰ ਤਾਂ ਉਹਨਾਂ ਮਾਪਿਆਂ ਦੇ ਦਿਮਾਗ ਵੀ ਜਰੂਰ ਸੁੰਨ ਹੋਏ ਹੋਣਗੇ ਕਿ ਕਿਤੇ ਸਾਡੀ 'ਬੀਬੀ' ਵੀ ਕਿਸੇ ਬੁੱਲਟ ਵਾਲੇ ਨਾਲ ਝੀਲ ਦੀ ਸ਼ੈਰ ਕਰਦੀ ਫਿਰਦੀ, ਉਹਨਾਂ ਦੇ ਧੌਲੇ-ਝਾਟੇ 'ਚ ਖੇਹ ਨਾ ਪੁਆਉਂਦੀ ਫਿਰਦੀ ਹੋਵੇ? ਕਾਲਜ, ਸਕੂਲ ਤਾਂ ਵਿੱਦਿਆ ਦੇ ਮੰਦਰਾਂ ਵਜੋਂ ਖਿਆਲ ਕੀਤੇ ਜਾਂਦੇ ਹਨ। ਪਰ ਥੋਡੀ ਕੁੱਝ ਵੱਧ ਹੀ ਸੱਭਿਆਚਾਰਕ ਸੋਚ ਨੇ ਇਹਨਾਂ ਨੂੰ ਵੀ ਆਸ਼ਕੀ ਦੇ ਅੱਡੇ ਬਣਾ ਦਿੱਤੈ। ਕਿਹੜਾ ਮਾਂ ਪਿਓ ਹੋਵੇਗਾ ਜੋ ਥੋਡੀ ਸੱਭਿਆਚਾਰ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਧੀਆਂ ਨੂੰ ਉੱਚ-ਵਿੱਦਿਆ ਲਈ ਕਿਸੇ ਲਾਗਲੇ ਕਸਬੇ ਜਾਂ ਸ਼ਹਿਰ ‘ਚ ਵੀ ਭੇਜਣ ਦੀ ਹਿੰਮਤ ਕਰੇਗਾ? ਕਿਉਂਕਿ ਤੁਸੀਂ ਤਾਂ ਲੋਕਾਂ ਦੇ ਦਿਮਾਗਾਂ ‘ਚ ਕੰਡੇ ਹੀ ਅਜਿਹੇ ਬੀਜ ਦਿੱਤੇ ਹਨ ਕਿ ਕੁੜੀਆਂ ਨੂੰ ਘਰੋਂ ਬਾਹਰ ਕੱਢਣ ਤੋਂ ਪਹਿਲਾਂ ਹਰ ਮਾਪਾ ਹਜ਼ਾਰ ਵਾਰ ਸੋਚੇਗਾ। ਸਿਆਣਿਆਂ ਦਾ ਕਥਨ ਹੈ ਕਿ ਜੇ ਤੁਹਾਡੇ ਪੱਲੇ ਕੋਈ ਨਿੱਗਰ ਸੋਚ ਜਾਂ ਗੁਣ ਹੈ ਤਾਂ ਉਸਨੂੰ ਵੰਡਣਾ ਚਾਹੀਦਾ ਹੈ, ਤਾਂ ਜੋ ਸਿਆਣਪ ਦਾ ਪਸਾਰਾ ਚਾਰੇ ਪਾਸੇ ਹੋ ਸਕੇ। 
ਇਹ ਗੱਲ ਮੰਨਣਯੋਗ ਹੈ ਕਿ ਤੇਰੇ ਗਲੇ ‘ਚ ਕੁਝ ਨਾ ਕੁਝ ਤਾਂ ਹੈ। ਪਰ ਅਸਲ ਫ਼ਾਇਦਾ ਫੇਰ ਸੀ, ਜੇ ਗਲੇ ਦੀ ਮਿਠਾਸ ਨੂੰ ਲੋਕਾਂ ਦੇ ਦੁੱਖਾਂ ਦਰਦਾਂ, ਧੀਆਂ ਭੈਣਾਂ ਲਈ ਹਾਅ ਦਾ ਨਾਅਰਾ ਮਾਰਨ, ਭਰੂਣ ਹੱਤਿਆ, ਦਾਜ ਦਹੇਜ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਆਦਿ ਸਮੇਤ ਸੈਂਕੜੇ ਹੀ ਦਨਦਨਾਉਂਦੀਆਂ ਫਿਰਦੀਆਂ ਸਮਾਜਿਕ ਅਲਾਮਤਾਂ ਖਿਲਾਫ਼ ਵਰਤਦੀ। ਤੂੰ ਤਾਂ ਮਾਂ ਦੀਏ ਧੀਏ ਗਾਉਣ ਦੇ ਗੁਣ ਨੂੰ ਸਕੂਲਾਂ ‘ਚ ਆਸ਼ਕੀ ਵਾੜਨ ਲਈ ਹੀ ਵਰਤ ਰਹੀ ਹੈਂ। ਇੱਥੇ ਵੀ ਇੱਕ ਗੱਲ ਯਾਦ ਆ ਗਈ... ਇੱਕ ਵਾਰ ਦੁਨੀਆਦਾਰੀ ਤੋਂ ਅਭਿੱਜ ਜਿਹੀਆਂ ਮਾਂ-ਧੀ ਤੁਰੀਆਂ ਜਾ ਰਹੀਆਂ ਸਨ। ਅੱਗੋਂ ਗਲ ‘ਚ ਲਮਕਦੀ ਟੱਲੀ ਦਾ ਚੀਕ-ਚਿਹਾੜਾ ਪੁਆਈ ਫਿਰਦਾ ਬੋਤਾ, ਜਾਣੀ ਕਿ ਊਠ ਆ ਰਿਹਾ ਸੀ। ਮਾਂ ਤੇ ਧੀ ਦੋਵਾਂ ਨੂੰ ਹੀ ਨਹੀਂ ਸੀ ਪਤਾ ਕਿ ਜਾਨਵਰ ਦਾ ਨਾਂ ਕੀ ਹੈ, ਤੇ ਉਹਦੇ ਗਲ ‘ਚ ਕੀ ਹੈ? ਧੀ ਨੇ ਮਾਂ ਨੂੰ ਪੁੱਛਿਆ, “ਮਾਂ ‘ਕੀ’ ਦੇ ਗਲ ‘ਚ ‘ਕੀ’ ਆ?” ਮਾਂ ਨੂੰ ਵੀ ਜੇ ਪੰਜਾਬ ਦੇ ਲੋਕਾਂ ਵਾਂਗੂੰ ਕੁਝ ਸੁਰਤ ਹੁੰਦੀ, ਫੇਰ ਹੀ ਦੱਸਦੀ..? ਉਹ ਵਿਚਾਰੀ ਠਿੱਠ ਜਿਹੀ ਹੁੰਦੀ ਬੋਲੀ, “ਚੱਲ ਘਰ ਚੱਲੀਏ..ਕੁਵੇਲਾ ਹੋਈ ਜਾਂਦੈ... ‘ਇਹੋ ਜਿਹਿਆਂ’ ਦੇ ਗਲਾਂ ‘ਚ ‘ਇਹੋ ਜਿਹੇ’ ਹੀ ਹੁੰਦੇ ਆ।” ਉਹ ਦਿਨ ਵੀ ਦੂਰ ਨਹੀਂ ਹਨ, ਜੇ ਤੁਸੀਂ ਲੋਕਾਂ ਦੀ ਧੀ-ਭੈਣ ‘ਇੱਕ’ ਕਰਨ ਵਾਲੇ ਗੌਣ-ਪਾਣੀ ਦਾ ਖਹਿੜਾ ਨਾ ਛੱਡਿਆ ਤਾਂ ਲੋਕ ਵੀ ਇਹ ਕਹਿਕੇ ਪਾਸਾ ਵੱਟ ਲਿਆ ਕਰਨਗੇ ਕਿ ਜਾਂ ਤਾਂ ਬੇਸ਼ਰਮਾਂ ਨੇ ਸ਼ਰਮ ਦੀ ਲੋਈ ਹੀ ਲਾਹ ਛੱਡੀ ਹੈ, ਜਾਂ ਫਿਰ ‘ਇਹੋ ਜਿਹਿਆਂ’ ਦੇ ਗਲਿਆਂ ‘ਚੋਂ ‘ਇਹੋ ਜਿਹਾ’ ਗੰਦਾ ਪਾਣੀ ਹੀ ਨਿੱਕਲੂ। ਉਮੀਦ ਹੈ ਕਿ ਮੇਰੀਆਂ ਕਮਅਕਲ ਦੀਆਂ ਹੱਥ ਜੋੜ ਕੇ ਕੀਤੀਆਂ ਬੇਨਤੀਆਂ ‘ਤੇ ਜਰੂਰ ਗੌਰ ਕਰੋਗੇ। ਜਿਸ ਦਿਨ ਲੋਕਾਂ ਦੇ ਜ਼ਖਮਾ ‘ਤੇ ਫੈਹਾ ਧਰਨ ਵਰਗਾ ਕੋਈ ਗੀਤ ਤੇਰੇ ਮੂੰਹੋਂ ਸੁਨਣ ਨੂੰ ਮਿਲਿਆ ਤਾਂ ਸ਼ਾਇਦ ਉਸ ਦਿਨ ਤੈਨੂੰ ‘ਆਪਣੀ ਭੈਣ’ ਵਰਗੀ ਕਹਿਣ ਦਾ ਹੌਸਲਾ ਕਰ ਲਵਾਂ...... ਕੋਈ ਲਫ਼ਜ਼ਾਂ ਦੀ ਵਾਧ ‘ਘਾਟ’ ਰਹਿ ਗਈ ਹੋਵੇ ਤਾਂ ਲੋਕਾਂ ਕੋਲੋਂ ਮਾਫੀ ਮੰਗਦਾ ਹਾਂ।

"ਅੱਗ ਲੱਗੀ ਜਗਰਾਵੀਂ,ਧੂੰਆਂ ਨਿਕਲੇ ਬੋਪਾਰਾਵੀਂ" ਬਨਾਮ ਪੰਜਾਬ..........ਲੇਖ਼ / ਮਨਦੀਪ ਖੁਰਮੀ ਹਿੰਮਤਪੁਰਾ

ਅਜੋਕੇ ਪੰਜਾਬ ਦੇ ਉਲਝੇ ਸਮਾਜਿਕ ਤਾਣੇ ਬਾਣੇ 'ਤੇ ਠੰਢਾ ਜਿਹਾ ਹਾਉਕਾ ਲਏ ਬਗੈਰ ਕੁਝ ਵੀ ਨਹੀਂ ਕੀਤਾ ਜਾ ਸਕਦਾ। ਜਦ ਸੋਚਾਂ ਦੇ ਘੋੜੇ ਆਪਣੀ ਜੰਮਣਭੂਮੀ ਵੱਲ ਭੱਜਦੇ ਹਨ ਤਾਂ ਧਾਹ ਜਿਹੀ ਨਿਕਲ ਜਾਂਦੀ ਐ। ਉਹ ਦਿਨ ਯਾਦ ਆ ਜਾਂਦੇ ਹਨ ਜਦੋਂ ਬਚਪਨ 'ਚ ਕੋਠਿਆਂ ਦੀਆਂ ਛੱਤਾਂ 'ਤੇ ਮੰਜੇ ਡਾਹ ਕੇ ਸੌਣ ਤੋਂ ਪਹਿਲਾਂ ਅੱਧੀ ਅੱਧੀ ਰਾਤ ਤੱਕ ਬੁਝਾਰਤਾਂ ਬੁੱਝਣ ਦੇ ਆਹਰ ਲੱਗੇ ਰਹਿੰਦੇ ਸੀ। ਇੱਕ ਬੁਝਾਰਤ ਵਾਰ ਵਾਰ ਚੇਤੇ ਆਉਂਦੀ ਹੈ ਕਿ "ਅੱਗ ਲੱਗੀ ਜਗਰਾਵੀਂ, ਧੂੰਆਂ ਨਿਕਲੇ ਬੋਪਾਰਾਵੀਂ"।

ਬੇਸ਼ੱਕ ਇਸ ਬੁਝਾਰਤ ਦੇ ਅਰਥ ਹੋਰ ਸਨ ਪਰ ਅੱਜ ਜਦੋਂ ਵੀ ਕਿਤੇ ਉਹ ਦਿਨ ਚੇਤੇ ਆਉਂਦੇ ਹਨ ਤਾਂ ਮੈਂ ਇਸ ਬੁਝਾਰਤ ਦੇ ਆਪਣੇ ਹੀ ਢੰਗ ਨਾਲ ਅਰਥ ਕਰਨ ਬੈਠ ਜਾਦਾ ਹਾਂ। ਜੇ ਅੱਜ ਮੈਨੂੰ ਕੋਈ ਇਹੀ ਬੁਝਾਰਤ ਪਾਵੇ ਤਾਂ ਮੈਂ ਪਹਿਲਾਂ ਵਾਂਗ ਅਰਥ ਕਰਦਾ ਹੋਇਆ ਇਹ ਨਹੀਂ ਕਹਾਂਗਾ ਕਿ "ਹੁੱਕਾ", ਹੁਣ ਮੈਂ ਕਹਾਂਗਾ ਕਿ "ਪੰਜਾਬ"। 
ਜੇ ਅਰਥਾਂ ਨਾਲ ਸਹਿਮਤ ਨਹੀਂ ਹੋ ਤਾਂ ਸੁਣੋ ਕਿ ਬੁਝਾਰਤ ਦਾ ਜਵਾਬ "ਪੰਜਾਬ" ਕਿਵੇਂ ਹੋਇਆ। ਇੱਕ ਸੰਤ ਜੀ ਦੀ ਹੱਤਿਆ ਆਸਟਰੀਆ 'ਚ ਹੋਈ ਜਾਣੀਕਿ ਅੱਗ ਆਸਟਰੀਆ 'ਚ ਲੱਗੀ ਪਰ ਉਹਦਾ ਧੂੰਆਂ ਸੱਤ ਸਮੁੰਦਰੋਂ ਪਾਰ ਪੰਜਾਬ 'ਚ ਨਿਕਲਿਆ। ਧੂੰਆਂ ਵੀ ਗੱਲੀਂ ਬਾਤੀਂ ਨਹੀਂ ਨਿਕਲਿਆ, ਸਕੂਟਰ ਸੜੇ, ਬੱਸਾਂ ਟਰੱਕ ਸੜੇ, ਰੇਲਾਂ ਸੜੀਆਂ। ਸੈਂਕੜੇ ਕਰੋੜਾਂ ਦਾ ਮਾਲੀ ਨੁਕਸਾਨ ਹੋਇਆ, ਜੋ ਬੇਕਸੂਰੇ ਲੋਕਾਂ ਦੇ ਪੁੜੇ ਸੇਕੇ ਗਏ ਉਹ ਵੱਖਰੇ...! ਅੱਗ ਲੱਗੀ ਰਹੀ, ਧੂੰਆਂ ਨਿਕਲਦਾ ਰਿਹਾ, ਧਰਮ ਦੇ ਨਾਂਅ 'ਤੇ ਹੈਵਾਨੀਅਤ ਦਾ ਤਾਂਡਵ ਨਾਚ ਹੁੰਦਾ ਰਿਹਾ ਪਰ ਲੱਗੀ ਅੱਗ ਉੱਪਰ ਸਿਆਣਪ ਦੀਆਂ ਬੂੰਦਾਂ ਪਾਉਣ ਬਦਲੇ ਪੰਜਾਬ ਦਾ 'ਬੱਦਲ' ਚੋਣਾਂ 'ਚ ਉਲਝਿਆ ਰਿਹਾ। ਇਸ ਤੋਂ ਪਹਿਲਾਂ ਵੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ 'ਭੜਕਾਉਣ' ਦੇ ਨਾਂਅ 'ਤੇ ਲੱਗੀ ਅੱਗ ਦਾ ਧੂੰਆਂ ਅੱਜ ਵੀ ਪੰਜਾਬ 'ਚੋਂ ਨਿਰੰਤਰ ਨਿੱਕਲੀ ਜਾ ਰਿਹਾ ਹੈ। ਜਿਸ ਤਰ੍ਹਾਂ ਵਿਆਨਾ ਕਾਂਡ ਨੇ ਪੰਜਾਬ 'ਚ ਰਵੀਦਾਸੀਆਂ ਅਤੇ ਸਿੱਖਾਂ ਦੇ ਦੋ ਧੜੇ ਪੈਦਾ ਕਰ ਦਿੱਤੇ ਹਨ ਬਿਲਕੁਲ ਉਸੇ ਤਰ੍ਹਾਂ ਹੀ ਇਸ ਤੋਂ ਪਹਿਲਾਂ ਪੰਜਾਬ ਸਿੱਖਾਂ ਅਤੇ ਪ੍ਰੇਮੀਆਂ 'ਚ ਵੀ ਵੰਡਿਆ ਜਾ ਚੁੱਕਾ ਹੈ। ਬੀਤੇ ਦਿਨੀਂ ਫੇਰ ਪੰਜਾਬ ਵਿੱਚ ਸਿਰਸਾ ਡੇਰੇ ਦੇ ਪ੍ਰੇਮੀਆਂ ਨੇ ਜੋ ਹੜਦੁੰਗ ਮਚਾਇਆ... ਬੱਸਾਂ ਫੂਕੀਆਂ, ਰੇਲਾਂ ਫੂਕੀਆਂ।। ਇੱਥੋਂ ਤੱਕ ਕਿ ਸਰਕਾਰੀ ਦਫਤਰਾਂ ਚੋਂ ਵੀ ਅੱਗ ਦੇ ਲਾਂਬੂ ਨਿਕਲਦੇ ਦੇਖੇ ਗਏ। ਪੰਜਾਬ ਨਿਰੰਤਰ ਰਾਜਨੀਤਕ ਕਸਮਕਸ਼ ਵਿਚਕਾਰ ਸੜਦਾ ਭੁੱਜਦਾ ਰਿਹਾ। ਪਹਿਲਾਂ ਬੇਸ਼ੱਕ ਸੇਕ ਨਾ ਲੱਗਿਆ ਹੋਵੇ ਪਰ ਬਾਦਲ ਪਰਿਵਾਰ ਨੂੰ ਇਸ ਵਾਰ ਲੱਗੀ ਅੱਗ ਦਾ ਕਾਫੀ ਸੇਕ ਲੱਗਿਆ ਕਿਉਂਕਿ ਇਸ ਅੱਗ ਨਾਲ ਉਹਨਾਂ ਦੀਆਂ 'ਆਰਬਿਟ' ਬੱਸਾਂ ਵੀ ਧੁਆਂਖੀਆਂ ਗਈਆਂ। ਉਹ ਵੀ ਵੇਲਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ Ḕਚ ਸਿਹਤ ਖਰਾਬੀ ਦੇ ਨਾਂ Ḕਤੇ ਕੁਰਸੀ ਉੱਪਰ ਬੈਠਦੇ ਰਹੇ ਬਾਦਲ ਸਾਬ੍ਹ ਸਰਸੇ ਵਾਲੇ ਬਾਬੇ ਅੱਗੇ ਚੌਂਕੀ ਭਰਨ ਗਏ ਪਿਉ ਪੁੱਤ ਭੁੰਜੇ ਬੈਠੇ ਸਨ। ਸ਼ਾਇਦ ਪਹਿਲੀਆਂ ਅੱਗਾਂ ਨਾਲ ਬਾਦਲ ਸਾਬ੍ਹ ਦਾ ਨਿੱਜੀ ਨੁਕਸਾਨ ਨਹੀਂ ਸੀ ਹੋਇਆ ਪਰ ਹੁਣ Ḕਆਪਣੇ ਲੱਗੀ ਅੱਗ ਤੇ ਹੋਰਾਂ ਦੇ ਬਸੰਤਰḔ ਦਾ ਦੁੱਖ ਸਹਿੰਦਿਆਂ ਛੋਟੇ ਬਾਦਲ ਸਾਬ੍ਹ ਵੱਖਰਾ ਕਨੂੰਨ ਬਣਾਉਣ ਲਈ ਵੀ ਪੱਬਾਂ ਭਾਰ ਹੋ ਗਏ ਜਿਸ ਵਿੱਚ ਵਿਵਸਥਾ ਹੋਵੇਗੀ ਕਿ ਜੋ ਵੀ ਇਸ ਤਰ੍ਹਾਂ ਦੀ ਅੱਗ ਦੀ ਖੇਡ ਖੇਡੇਗਾ ਉਹੀ ਉਸਦੀ ਭਰਪਾਈ ਕਰੇਗਾ। ਇਹਨਾ ਕਾਂਡਾਂ ਦਾ ਪੰਜਾਬ ਦੀਆਂ ਦੋ ਮੁੱਖ ਰਾਜਨੀਤਕ ਪਾਰਟੀਆਂ ਨੇ ਭਰਪੂਰ ਲਾਹਾ ਲਿਆ, ਆਪਣੀ ਵੋਟਾਂ ਦੀ ਖੁੱਦੋ ਖੂੰਡੀ ਖੇਡਦਿਆਂ ਇੱਕ ਦੂਜੇ ਸਿਰ ਗੋਲ ਦਾਗਣ ਦਾ ਕੋਈ ਵੀ ਪਾਰਟੀ ਮੌਕਾ ਨਹੀਂ ਸੀ ਖੁੰਝਣ ਦੇਣਾ ਚਾਹੁੰਦੀ। ਗਰਮ ਗਰਮ ਬਿਆਨਬਾਜੀਆਂ ਕਾਰਨ ਪਿੰਡ ਪਿੰਡ ਸੰਨ 47 ਵਰਗਾ ਮਾਹੌਲ ਬਣ ਗਿਆ। ਲੋਕਾਂ ਦੇ ਸਿਰ ਪਾਟਦੇ ਰਹੇ। ਇਸ ਅੱਗ 'ਚ ਕਮਲਜੀਤ, ਹਰਮਿੰਦਰ, ਬਲਕਾਰ, ਲਿੱਲੀ ਆਦਿ ਪਤਾ ਹੀ ਨਹੀਂ ਕਿੰਨੇ ਕੁ ਸ਼ਮਸ਼ਾਨਘਾਟ ਦੀ ਰਾਖ 'ਚ ਤਬਦੀਲ ਹੋ ਗਏ। ਨਿਰੰਕਾਰੀ ਕਾਂਡ, ਇੰਦਰਾ ਕਾਂਡ ਤੋਂ ਬਾਦ ਸਿਰਸਾ ਕਾਂਡ ਤੇ ਵਿਆਨਾ ਕਾਂਡ ਕਾਰਨ ਰੰਗੀਂ ਵਸਦਾ ਪੰਜਾਬ ਕੁਰਸੀ ਦੇ ਭੁੱਖਿਆਂ ਦੀਆਂ ਕੁਚਾਲਾਂ ਦੀ ਭੇਂਟ ਚੜ੍ਹਕੇ ਫਿਰਕੂਵਾਦ ਦੀ ਭੱਠੀ ਵਿੱਚ ਪਿਆ ਸੁਲਘ ਰਿਹਾ ਹੈ। ਸੈਂਕੜੇ ਨਹੀਂ ਹਜਾਰਾਂ ਹੀ ਸਿੱਖ ਅਤੇ ਗੈਰਸਿੱਖ ਬਾਬੇ- ਬਾਬੀਆਂ ਆਪੋ ਆਪਣੇ ਡੇਰਿਆਂ ਰਾਹੀਂ ਸਰਗਰਮ ਹਨ। ਇਸਨੂੰ ਚਿੰਤਾਜਨਕ ਕਿਹਾ ਜਾਵੇ ਜਾਂ ਹਾਸੋਹੀਣਾ ਕਿਹਾ ਜਾਵੇ ਕਿ ਸਿੱਖ ਪੰਥ ਦਾ ਇੱਕ ਜੱਥੇਦਾਰ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਗਰਮ ਬਿਆਨਬਾਜੀ ਕਰਦਾ ਹੋਇਆ ਕਹਿੰਦਾ ਹੈ ਕਿ "ਸਾਧ ਦਾ ਸਿਰ ਕਲਮ ਕਰਕੇ ਲਿਆਉਣ ਵਾਲੇ ਨੂੰ ਸੋਨੇ ਨਾਲ ਤੋਲਿਆ ਜਾਵੇਗਾ।" ਜ਼ੁਲਮ ਖਿਲਾਫ ਡਟ ਕੇ ਨਿਧੜਕ ਪਹਿਰਾ ਦੇਣ ਵਾਲੀ ਸਿੱਖੀ ਨਿੱਜੀ ਮੁਫਾਂਦਾਂ ਦੀ ਭੇਂਟ ਚੜ੍ਹ ਕੇ ਪਤਾ ਨਹੀਂ ਕੀ ਕੀ ਰੰਗ ਵਟਾ ਰਹੀ ਹੈ? ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇੱਕ ਸਿਰ ਲਾਹ ਕੇ ਸਿੱਖੀ ਸਿਰੋਂ ਖਤਰਾ ਟਲ ਜਾਵੇਗਾ? ਪੰਥ ਹਿਤੈਸ਼ੀਆਂ, ਵਿਦਵਾਨਾਂ, ਪ੍ਰਚਾਰਕਾਂ, ਰਾਗੀਆਂ, ਢਾਡੀਆਂ, ਗ੍ਰੰਥੀਆਂ ਅਤੇ ਹਰ ਸਿੱਖ ਨੂੰ ਸਵੈ ਪੜਚੋਲ ਕਰਨੀ ਪਵੇਗੀ ਕਿ ਉਹ ਦਸ਼ਮੇਸ਼ ਪਿਤਾ ਦੇ ਲਾਏ ਸਿੱਖੀ ਦੇ ਬੂਟੇ ਨੂੰ ਭਰਵਾਂ ਛਾਂਦਾਰ ਰੁੱਖ ਬਣਾਉਣ ਲਈ ਕਿੰਨੇ ਕੁ ਸੁਹਿਰਦ ਹਨ? ਗਣਿਤ ਦਾ ਸੁਆਲ ਹੈ ਕਿ 10 ਸੈਂਟੀਮੀਟਰ ਰੇਖਾ ਜਾਂ ਲਕੀਰ ਨੂੰ ਛੋਟੀ ਦਿਖਾਉਣ ਲਈ ਤੁਸੀਂ ਕੀ ਕਰੋਗੇ? ਜੇਕਰ ਇਹੀ ਸੁਆਲ ਸਿਰ ਕਲਮ ਕਰਨ ਬਦਲੇ ਸੋਨੇ ਨਾਲ ਤੋਲਣ ਦਾ ਬਿਆਨ ਦੇਣ ਵਾਲੇ ਜੱਥੇਦਾਰ ਸਾਬ੍ਹ ਨੂੰ ਕੀਤਾ ਜਾਂਦਾ ਤਾਂ ਸ਼ਾਇਦ ਉਹ ਆਪਣੀ ਉੱਚ ਸੂਝ ਦਾ ਦਿਖਾਵਾ ਕਰਦੇ ਹੋਏ 10 ਸੈਂਟੀਮੀਟਰ ਨੂੰ ਛੋਟਾ ਦਿਖਾਉਣ ਲਈ ਵਰਕਾ ਹੀ ਪਾੜ ਦੇਣਾ ਮੁਨਾਸਿਬ ਸਮਝਦੇ। ਜਦੋਂਕਿ ਇਸ ਸਵਾਲ ਦਾ ਜੁਆਬ ਇਹ ਹੋ ਸਕਦਾ ਹੈ ਕਿ 10 ਸੈਂਟੀਮੀਟਰ ਲਕੀਰ ਦੇ ਬਰਾਬਰ 15 ਜਾਂ 20 ਸੈਂਟੀਮੀਟਰ ਲਕੀਰ ਖਿੱਚ ਦਿਓ ਤਾਂ ਉਹ ਲਕੀਰ ਆਪਣੇ ਆਪ ਹੀ ਛੋਟੀ ਦਿਖਾਈ ਦੇਣ ਲੱਗੇਗੀ। ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਸਿੱਖੀ ਲਈ ਖਤਰਾ ਪੈਦਾ ਹੋਏ 'ਦੱਸੇ' ਜਾਂਦੇ ਡੇਰਾਵਾਦ ਦੀ ਲਕੀਰ ਨੂੰ ਛੋਟਾ ਦਿਖਾਉਣ ਲਈ ਬਗੈਰ ਗਰਮ ਬਿਆਨਬਾਜੀ ਕਰਨ ਦੇ ਸਾਡੇ ਜੱਥੇਦਾਰਾਂ ਦੀ ਫੌਜ਼ ਨੇ ਕੀ ਕੀਤਾ ਹੈ?
ਸਰਸਰੀ ਜਿਹੀ ਨਿਗਾ ਮਾਰੀ ਜਾਵੇ ਤਾਂ ਪੰਜਾਬ 'ਚ ਧਰਮ ਦੇ ਨਾਂ 'ਤੇ ਹੋਏ 'ਦੰਗਿਆਂ' ਨੂੰ ਠੱਲ੍ਹਣ ਜਾਂ ਹਾਲਾਤਾਂ ਨੂੰ ਸਿਆਣਪ ਭਰਿਆ ਮੋੜਾ ਦੇਣ ਲਈ ਕਿਸੇ ਵੀ ਧਾਰਮਿਕ ਜਾਂ ਰਾਜਨੀਤਕ ਆਗੂ ਨੇ ਦਲੀਲਬਾਜੀ ਸਹਿਤ ਗੱਲ ਨਹੀਂ ਕੀਤੀ ਬਜਾਏ ਲੋਕਾਂ ਦੇ ਪੁੱਤਾਂ ਨੂੰ ਬਲਦੀ ਦੇ ਬੂਥੇ ਦੇਣ ਤੋਂææææ। ਜੇਕਰ ਸਾਡੇ ਜੱਥੇਦਾਰ ਸਹਿਬਾਨ ਸਚਮੁੱਚ ਹੀ ਦਸਮ ਪਿਤਾ ਜੀ ਦੇ ਪਾਏ ਪੂਰਨਿਆਂ Ḕਤੇ ਚੱਲਣ ਦੇ ਦਾਅਵੇ ਕਰਦੇ ਹਨ ਤਾਂ ਕਿਸੇ ਦੇ ਪੁੱਤਾਂ ਨੂੰ ਸੋਨੇ ਨਾਲ ਤੋਲਣ ਦਾ ਲਾਲਚ ਦੇਣ ਦੀ ਬਜਾਏ ਸਭ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਸਰਸੇ ਜਾਂ ਸਲਾਬਤਪੁਰੇ ਵੱਲ ਨੂੰ ਚਾਲਾ ਪੁਆਉਂਦੇ। ਜਿਸ ਦੇ ਦੋ ਫਾਇਦੇ ਹੋਣੇ ਸਨ, ਇੱਕ ਤਾਂ ਖੁਦ ਦੇ ਪੁੱਤਰਾਂ ਦੀ ਅਜਾਇਬ ਘਰ Ḕਚ ਫੋਟੋ ਲੱਗ ਜਾਣੀ ਸੀ ਤੇ ਦੂਜਾ ਫਾਇਦਾ ਇਹ ਹੋਣਾ ਸੀ ਕਿ ਸੋਨਾ ਘਰ ਦਾ ਘਰ ਹੀ ਰਹਿ ਜਾਣਾ ਸੀ।
ਮੈਂ ਕਿਸੇ ਵੀ ਡੇਰੇਦਾਰ ਬਾਬੇ ਦੀ ਵਕਾਲਤ ਨਹੀਂ ਕਰ ਰਿਹਾ ਸਗੋਂ ਕਰੋੜਾਂ ਰੁਪਏ ਦੇ ਲਾਹੇ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਤੋਂ ਜਵਾਬ ਦੀ ਆਸ ਰੱਖੂੰਗਾ ਕਿ ਉਹਨਾਂ ਦੇ ਜੱਥੇਦਾਰਾਂ, ਪ੍ਰਚਾਰਕਾਂ ਦੀ ਤਨਖਾਹਦਾਰ ਫ਼ੌਜ ਨੇ ਸਿੱਖ ਪੰਥ ਦੀ ਬੜੌਤਰੀ ਲਈ ਕੀ ਕੀਤਾ ਹੈ ਬਜਾਏ ਡੇਰੇਦਾਰਾਂ ਦੀਆਂ ਖਾਮੀਆਂ ਲੱਭਣ ਤੇ ਭੰਡਣ ਤੋਂ। ਗੱਲ ਇਸ ਤੋਂ ਅੱਗੇ ਸ਼ੁਰੂ ਕਰਾਂ, ਇਸ ਤੋਂ ਪਹਿਲਾਂ ਇੱਕ ਜੱਥੇਦਾਰ ਜੀ ਦੇ ਬਿਆਨ ਦੀ ਫਰੋਲਾ- ਫਰੋਲੀ ਕਰਨੀ ਚਾਹੂੰਗਾ। ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਸਰਸੇ ਵਾਲੇ ਬਾਬੇ ਤੋਂ 'ਮਾਫੀ' ਮੰਗਵਾਉਣਾ ਹੀ ਸਾਰਿਆਂ ਲਈ 'ਵੱਕਾਰ ਦਾ ਸੁਆਲ' ਜਿਹਾ ਬਣਿਆ ਪਿਆ ਸੀ। ਬਾਬੇ ਨੇ ਕਿਹਾ ਕਿ, "ਜੇ ਮੈਥੋਂ ਗਲਤੀ ਹੋਈ ਹੈ ਤਾਂ ਮੈਂ ਇਸ ਬਦਲੇ ਦਸ਼ਮੇਸ਼ ਪਿਤਾ ਤੋਂ ਮਾਫੀ ਮੰਗਦਾ ਹਾਂ।" ਪਰ ਇਸ ਬਦਲੇ ਜੱਥੇਦਾਰ ਜੀ ਦਾ ਸਿਆਣਪ ਭਰਿਆ ਬਿਆਨ ਸੀ ਕਿ, "ਦਸਮ ਪਿਤਾ ਤੋਂ ਮਾਫੀ ਮੰਗਣ ਲਈ ਉੱਪਰ ਜਾਣਾ ਪਵੇਗਾ।" ਇਸ ਗੱਲ ਨੇ ਉਸ ਜੱਥੇਦਾਰ ਜੀ ਦੀ ਸਿਆਣਪ 'ਤੇ ਤਾਂ ਪ੍ਰਸ਼ਨ ਚਿੰਨ੍ਹ ਲਾਇਆ ਹੀ ਹੈ ਸਗੋਂ ਇਹ ਵੀ ਸੋਚਣ ਲਈ ਮਜ਼ਬੂਰ ਕੀਤਾ ਕਿ ਇੱਕ ਪਾਸੇ ਤਾਂ ਅਸੀਂ ਅਰਦਾਸ ਕਰਨ ਵੇਲੇ ਗੁਰੂ ਸਾਹਿਬਾਨਾਂ ਨੂੰ 'ਹਾਜ਼ਰ- ਨਾਜ਼ਰ' ਮੰਨਦੇ ਹਾਂ।
"ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਸਭ ਥਾਈਂ ਹੋਇ ਸਹਾਇ।"
ਦੂਸਰੇ ਪਾਸੇ ਸਾਡੇ ਸਿਆਣੇ ਜੱਥੇਦਾਰ ਜੀ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ ਜਿਸ ਤੋਂ ਇਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਖੁਦ ਵੀ ਦਸਮ ਪਿਤਾ ਨੂੰ ਪ੍ਰਲੋਕ ਸਿਧਾਰ ਗਏ ਹੀ ਸਮਝ ਰਿਹਾ ਹੈ ਤਾਂਹੀਉਂ ਉਹ ਸਰਸੇ ਵਾਲੇ ਬਾਬੇ ਨੂੰ ਮਾਫੀ ਮੰਗਣ ਲਈ 'ਉੱਪਰ' ਜਾਣ ਦੀ ਸਲਾਹ ਦੇ ਰਿਹਾ ਹੈ। ਸਿੱਖ ਧਰਮ ਨੇ ਆਪਣਾ ਪਸਾਰਾ ਦੁਨੀਆ ਦੇ ਹਰ ਕੋਨੇ 'ਚ ਕਰ ਲਿਆ ਹੈ ਪਰ ਇਹ ਬਦਕਿਸਮਤੀ ਵੀ ਕਹੀ ਜਾ ਸਕਦੀ ਹੈ ਂਕਿ ਪੰਜਾਬ ਦੀ ਰਾਜਨੀਤੀ 'ਤੇ ਕਾਬਜ਼ ਪਰਿਵਾਰ ਵੱਲੋਂ ਪੁੱਟੀਆਂ ਜਾਂਦੀਆਂ 'ਕਿਸਮਤ ਪੁੜੀਆਂ' ਹੀ ਸਿੱਖਾਂ ਦੀ ਸਰਵਉੱਚ ਸੰਸਥਾ ਦੇ ਪ੍ਰਧਾਨ, ਜੱਥੇਦਾਰ ਸਾਬ੍ਹ ਦੀ ਨਿਯੁਕਤੀ ਜਾਂ 'ਰਾਹ ਦਿਖਾਉਣ' ਦਾ ਅਸਲ ਆਧਾਰ ਹਨ। ਚੰਗੇ ਭਲੇ ਦਿਮਾਗਾਂ ਵਾਲੇ 'ਵਿਦਵਾਨ' ਖੁੱਲ੍ਹ ਕੇ ਅੱਗੇ ਨਹੀਂ ਆ ਰਹੇ ਜੋ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਹੂਬਹੂ ਲੋਕਾਂ ਅੱਗੇ ਪ੍ਰਸਾਰਿਤ ਕਰ ਸਕਣ। ਜੇ ਅਜਿਹਾ ਹੋ ਜਾਂਦਾ ਹੈ ਤਾਂ ਲੋਕ ਆਪਣੇ ਆਪ ਹੀ ਡੇਰਿਆਂ 'ਤੇ ਨੱਕ ਰਗੜਨ ਨਾਲੋਂ ਗੁਰਬਾਣੀ ਦੀ ਤਾਬਿਆ 'ਚ ਬੈਠਣਾ ਬਿਹਤਰ ਸਮਝਣਗੇ। ਪਰ ਅਜਿਹਾ ਨਾ ਤਾਂ ਹੋਇਆ ਹੈ ਅਤੇ ਨਾ ਹੀ ਹੋਣਾ ਹੈ ਕਿਉਂਕਿ ਜੇ ਅਜਿਹਾ ਹੋ ਜਾਦਾ ਹੈ ਤਾਂ ਧਰਮ ਦੇ ਨਾਂਅ 'ਤੇ ਹੁੰਦੀ ਰਾਜਨੀਤੀ ਦੇ ਸਿਪਾਹਸਲਾਰਾਂ ਦੇ ਠੂਠੇ ਮੂਧੇ ਵੱਜ ਜਾਣਗੇ। ਆਓ ਹੁਣ ਗੱਲ ਕਰੀਏ ਪੁਣਛਾਣ ਦੀ.....! ਸਰਸੇ ਵਾਲੇ ਬਾਬੇ ਦਾ ਚਰਚਿਤ 'ਸਲਾਬਤਪੁਰਾ ਕਾਂਡ' ਮੇਰੇ ਪੰਜਾਬ ਰਹਿੰਦਿਆਂ ਵਾਪਰਿਆ। ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ 'ਕਰਵਾ' ਦਿੱਤਾ ਗਿਆ ਕਿ "ਸਰਸੇ ਡੇਰੇ ਨਾਲ ਸੰਬੰਧ ਰੱਖਣ ਵਾਲਿਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ।" ਬਾਈਕਾਟ ਵੀ ਇਸ ਕਦਰ ਹੋਇਆ ਕਿ ਨੀਲੀਆਂ ਪੱਗਾਂ ਵਾਲੇ ਵੀਰਾਂ ਨੇ ਅਹਿਮ ਰੋਲ ਅਦਾ ਕੀਤਾ ਕਿਉਂਕਿ 'ਬੱਦਲ ਸਾਬ੍ਹ' ਨੂੰ ਵਿਧਾਨ ਸਭਾ ਚੋਣਾਂ 'ਚ ਪ੍ਰੇਮੀਆਂ ਦੀਆਂ ਵੋਟਾਂ ਨਾ ਪੈਣ 'ਤੇ ਮਾਲਵੇ 'ਚੋਂ ਹੋਈ ਹਾਰ ਦਾ ਦੁੱਖ ਵੀ ਰੜਕਾਂ ਪਾ ਰਿਹਾ ਸੀ। ਬਾਬੇ ਦੇ ਪੈਰੋਕਾਰਾਂ 'ਤੇ 'ਪ੍ਰੇਮੀ' ਹੋਣ ਦਾ ਲੇਬਲ ਲਗਾ ਕੇ ਉਹਨਾਂ ਨੂੰ ਸ਼ਮਸ਼ਾਨਘਾਟਾਂ ਵਿੱਚ ਮੁਰਦੇ ਫੂਕਣ ਦੀ ਵੀ ਮਨਾਹੀ ਕਰ ਦਿੱਤੀ ਹੈ। ਇਜ਼ਾਜਤ ਬਦਲੇ ਸ਼ਰਤ ਇਹ ਹੈ ਕਿ "ਸਿੱਖ ਪੰਥ 'ਚ ਆ ਜਾਉ ਸਿਰੋਪੇ ਲੈ ਕੇ।" ਮਜਬੂਰੀਆਂ ਦੇ ਮਾਰੇ ਲੋਕਾਂ ਨੇ ਸਿਰੋਪੇ ਗਲਾਂ 'ਚ ਪੁਆਉਣੇ ਆਰੰਭ ਦਿੱਤੇ। ਨਿੱਤ ਅਖਬਾਰਾਂ ਫੋਟੋਆਂ ਨਾਲ ਭਰੀਆਂ ਹੁੰਦੀਆਂ ਕਿ "ਅੱਜ ਫਲਾਣੇ ਪਿੰਡ ਐਨੇ ਪ੍ਰੇਮੀਆਂ ਦੀ ਘਰ ਵਾਪਸੀ।" ਸੁਆਦ ਤਾਂ ਫਿਰ ਹੈ ਜੇ ਉਹਨਾਂ ਹੀ ਲੋਕਾਂ ਨੂੰ ਹੁਕਮਨਾਮੇ ਦੀ ਆੜ ਹੇਠ ਮਜ਼ਬੂਰ ਕਰਨ ਨਾਲੋਂ ਦਲੀਲਬਾਜੀ ਨਾਲ 'ਵਾਪਸੀ' ਕਰਵਾਈ ਜਾਂਦੀ। ਉਹਨਾਂ ਦੇ ਗਲਾਂ Ḕਚ ਨਹੀਂ ਸਗੋਂ ਦਿਲਾਂ Ḕਚ ਸਿਰੋਪੇ ਪਾਉਣੇ ਚਾਹੀਦੇ ਹਨ। ਬਾਬੇ 'ਤੇ ਚਲਦੇ ਕੇਸਾਂ ਬਾਰੇ ਡੌਂਡੀ ਪਿੱਟੀ ਜਾ ਰਹੀ ਹੈ, ਉਸ ਦੀਆਂ ਭੈੜਾਂ ਬਾਹਾਂ ਉੱਚੀਆਂ ਕਰ ਕਰ ਕੇ ਗਿਣਾਈਆਂ ਜਾ ਰਹੀਆਂ ਹਨ ਪਰ ਉਸਦੇ ਚੰਗੇ ਕੰਮਾਂ ਦਾ ਇੱਕ ਫੀਸਦੀ ਵੀ ਜ਼ਿਕਰ ਨਹੀਂ ਕੀਤਾ ਗਿਆ। ਜਦੋਂ ਤਖਤਾਂ ਦੇ ਜੱਥੇਦਾਰ ਸਾਬ੍ਹ ਹੀ ਉੱਪਰਲੇ ਸਾਹਿਬਾਂ ਦੀਆਂ 'ਘੁਰਕੀਆਂ' ਸਹਿ ਕੇ ਚੁੱਪ ਹੋ ਜਾਂਦੇ ਹਨ ਤਾਂ ਆਪਾਂ ਐਵੇਂ ਹੀ ਕਿਉਂ ਚੁੱਪ ਬੈਠੀਏ? ਬੇਸ਼ੱਕ ਇਹ ਗੱਲਾਂ ਕਈਆਂ ਨੂੰ ਹਜ਼ਮ ਵੀ ਨਹੀਂ ਆਉਣੀਆਂ ਪਰ ਅੱਜ ਜਦੋਂ ਸਾਡੇ ਜੱਥੇਦਾਰਾਂ, ਸ੍ਰੋਮਣੀ ਕਮੇਟੀ ਦੇ ਆਹਲਾ 'ਸੇਵਾਦਾਰਾਂ' ਨੂੰ ਗੱਡੀਆਂ ਉੱਪਰ ਲਾਲ ਬੱਤੀਆਂ ਲਾ ਕੇ Ḕਹੂ- ਹੂḔ ਕਰਦੇ ਫਿਰਨ ਦਾ ਝੱਲ ਹੀ ਸਾਹ ਨਹੀਂ ਲੈਣ ਦੇ ਰਿਹਾ ਉਦੋਂ ਨਹੀਂ ਦਿਸਦਾ ਕਿ ਸਾਡੇ ਜੱਥੇਦਾਰਾਂ 'ਚੋਂ ਕਿਸੇ ਨੇ ਆਪਣੇ ਪੰਥ ਦੇ ਕਿਸੇ ਦੁਖੀਏ ਗਰੀਬ ਲਈ ਖੂਨ ਦੀ ਤਿੱਪ ਵੀ ਕਢਵਾਈ ਹੋਵੇ ਜਦੋਂ ਕਿ ਡੇਰਾ ਸਰਸਾ ਦੇ ਸੇਵਾਦਾਰਾਂ ਨੇ ਆਪਣੇ 'ਪਿਤਾ ਜੀ' ਦੇ ਕਹਿਣ 'ਤੇ ਇੰਨਾ ਕੁ ਖੂਨ ਦਾਨ ਕੀਤਾ ਹੈ ਕਿ ਡੇਰੇ ਦਾ ਨਾਂਅ ਗਿੰਨੀਜ ਬੁੱਕ 'ਚ ਦਰਜ਼ ਕਰਵਾ ਦਿੱਤਾ ਹੈ। ਪਿੰਡਾਂ ਵਿੱਚ ਗਰੀਬ ਪਰਿਵਾਰਾਂ ਨੂੰ ਰਾਸ਼ਨ ਮੁਫ਼ਤ ਵੰਡਿਆ ਜਾ ਰਿਹਾ ਹੈ। ਬਗੈਰ ਦਾਜ ਦਹੇਜ ਤੋਂ ਵਿਆਹ ਵੀ ਡੇਰੇ 'ਚ ਹੀ ਸ਼ਾਦੇ ਢੰਗ ਨਾਲ ਕਰਵਾਏ ਜਾਦੇ ਹਨ। ਬੇਘਰੇ ਪ੍ਰੇਮੀਆਂ ਨੂੰ ਸਿਰ ਲੁਕੋਣ ਲਈ ਘਰ ਵੀ ਨਿਸ਼ਕਾਮ ਸੇਵਾ ਭਾਵਨਾ ਨਾਲ ਬਣਾਕੇ ਦਿੱਤੇ ਜਾਂਦੇ ਹਨ। ਭਰੂਣ ਹੱਤਿਆ, ਨਸ਼ਾ ਵਿਰੋਧੀ ਮੁਹਿੰਮ, ਰੁੱਖ ਲਗਾਉਣੇ ਆਦਿ ਮੁਹਿੰਮਾਂ ਰਾਹੀਂ ਵੀ ਮੁੜ ਸਰਸਾ ਡੇਰੇ ਦੇ ਪ੍ਰੇਮੀ ਆਪਣੇ 'ਭਾਈਚਾਰੇ' ਦੀ ਮਜ਼ਬੂਤੀ ਦੇ ਰਾਹ 'ਤੇ ਹਨ। ਕੀ ਸਾਡੇ ਕਿਸੇ ਵੀ ਆਗੂ ਨੇ ਅਜਿਹੀ ਹਿੰਮਤ ਕੀਤੀ ਹੈ ਕਿ ਉਹ ਹਰ ਫਿਰਕੇ ਦੇ ਲੋਕਾਂ ਨੂੰ ਹਿੱਕ ਨਾਲ ਲਾਉਣ ਦਾ ਦਾਅਵਾ ਕਰ ਸਕੇ.... ਹਰਗਿਜ਼ ਨਹੀਂ। ਜਦੋਂਕਿ ਅੱਜ ਲੋੜ ਹੈ ਕਿ ਪੰਜਾਬ ਨੂੰ ਦਿਨ ਬ ਦਿਨ ਲੱਗ ਰਹੇ ਨਵੇਂ ਤੋਂ ਨਵੇਂ ਲਾਬੂੰਆਂ ਨੂੰ ਸਦਭਾਵਨਾ ਵਿੱਚ ਬਦਲਿਆ ਜਾਵੇ। ਪਰ ਸੁਹਿਰਦ ਤੇ ਸੂਝਵਾਨ ਆਗੂਆਂ ਦੀ ਘਾਟ ਹੀ ਪੰਜਾਬ ਦੀ ਸ਼ਾਂਤੀ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਹੈ। ਜੇ ਪੰਜਾਬ ਵਿੱਚ ਪੰਜਾਬ ਨੂੰ ਹੀ ਅੱਗਾਂ ਲਾਉਣ ਵਾਲਾ ਸਮਾਨ ਮੌਜੂਦ ਪਿਆ ਹੈ ਤਾਂ ਪੰਜਾਬ ਅੰਦਰ ਉਹਨਾਂ ਅੱਗਾਂ ਨੂੰ ਬੁਝਾਉਣ ਵਾਲਾ ਸਮਾਨ ਵੀ ਮੌਜੂਦ ਹੈ ਪਰ ਬੁਝਾਉਣ ਦੀ ਬਜਾਏ ਅੱਗਾਂ ਲਾਉਣ ਵਾਲੇ ਸਮਾਨ ਵੱਲ ਹੀ ਹਰ ਕਿਸੇ ਦਾ ਧਿਆਨ ਕੇਂਦਰਿਤ ਹੈ। ਕਹਿੰਦੇ ਹਨ ਕਿ ਜੇ ਕਿਸੇ ਮੂਰਖ ਹੱਥ ਸ਼ਹਿਦ ਆ ਜਾਵੇ ਤਾਂ ਵੀਹਾਂ ਨੂੰ 'ਮੋਕ' ਲਾ ਦੇਊ, ਪਰ ਜੇ ਕਿਸੇ ਸਿਆਣੇ ਹੱਥ ਜ਼ਹਿਰ ਵੀ ਆਜੇ ਤਾ ਉਹ ਜ਼ਹਿਰ ਨੂੰ ਮਾਰ ਕੇ ਦਵਾਈ ਵਜੋਂ ਕਈਆਂ ਦੀ ਜਾਨ ਬਚਾ ਵੀ ਸਕਦੈ। ਭਵਿੱਖ ਤੋਂ ਆਸ ਕਰਦੇ ਹਾਂ ਕਿ ਕੋਈ ਨਾ ਕੋਈ ਸਿਆਣਾ ਵੈਦ ਸਿਵਿਆਂ ਦੇ ਰਾਹ ਤੁਰੇ ਪੰਜਾਬ ਨੂੰ ਫੁੱਲਾਂ ਲੱਦੇ ਬਾਗਾਂ ਦਾ ਰਾਹ ਦਿਖਾਉਣ ਜਰੂਰ ਆਵੇਗਾ। ਨਹੀਂ ਤਾਂ 'ਅੱਗ ਲੱਗੀ ਜਗਰਾਵੀਂ, ਧੂੰਆਂ ਨਿਕਲੇ ਬੋਪਾਰਾਵੀਂ' ਦੇ ਅਰਥ ਪਹਿਲਾਂ ਵਾਂਗ ਹੀ ਹਵਾ 'ਚ ਲਟਕਦੇ ਰਹਿਣਗੇ।