ਬਹੁਤ ਵਾਰ ਮੈਂ ਸੋਚਦਾ ਹਾਂ ਕਿ ਜੇਕਰ ਹੁਣ ਤੀਕ ਆਪਣੇ ਖ਼ੂਨ ਦੇ ਰਿਸ਼ਤਿਆਂ ਜਾਂ ਨੇੜਲੇ ਰਿਸ਼ਤੇਦਾਰਾਂ ਦੇ ਸਿਰ ‘ਤੇ ਜੀਂਦਾ ਹੁੰਦਾ ਤਾਂ ਹੁਣ ਤੀਕ (ਸ਼ਾਇਦ) ਜਿ਼ੰਦਾ ਨਾ ਰਹਿ ਸਕਦਾ। ਇਹ ਬਿਲਕੁਲ ਸੱਚ ਹੈ! ਇਹ ਲੋਕ ਕੀ ਲਗਦੇ ਨੇ ਮੇਰੇ? ਏਹ ਲੋਕ... ਚਾਹੇ ਲਾਗੇ-ਚਾਗੇ ਦੇ ਹੋਣ ਜਾਂ ਸੱਤ-ਸਮੁੰਦਰੋਂ ਪਾਰ ਦੇ। ਮੈਨੂੰ ਜੋ ਸੁਨੇਹਾ ਤੇ ਸਨੇਹ, ਸਤਿਕਾਰ ਤੇ ਸਨਮਾਨ, ਨਿੱਘ ਤੇ ਨੇੜਤਾ, ਦੂਜਿਆਂ ਤੋਂ ਹਾਸਲ ਹੋਇਆ, ਉਹ ਆਪਣਿਆਂ (ਖੂਨੀ ਰਿਸ਼ਤਿਆਂ ‘ਚੋ) ਲੱਭਿਆਂ ਨਹੀਂ ਥਿਆਇਆ, ਬੜੀ ਦੇਰ ਟੋਲਦਾ ਰਿਹਾ ਸਾਂ। ਮੈਂ ਇਹ ਕਲਮ ਦਾ ਕ੍ਰਿਸ਼ਮਾ ਹੀ ਮੰਨਦਾ ਹਾਂ ਕਿ ਮੈਨੂੰ ਚਾਹੁੰਣ ਵਾਲੇ, ਪਿਆਰਨ-ਸਤਿਕਾਰਨ (ਗ਼ਲਤ ਗੱਲ ਉਤੇ ਘੂਰਨ ਵਾਲੇ ਵੀ), ਅੱਜ ਮੇਰੇ ਅੰਗ-ਸੰਗ ਹਨ। ਇਹਨਾਂ ਲੋਕਾਂ ਮੇਰੀ ਕਲਮ ਨੂੰ ਚੁੰਮਿਆਂ। ਮੱਥੇ ਨਾਲ ਛੁਹਾਇਆ, ਭਾਵੇਂ ਕਿ ਮੇਰੀ ਕਲਮ ਦੀ ਨੋਕ ਖੁੰਢੀ ਸੀ ਤੇ ਇਸਦੇ ਬਾਵਜੂਦ ਵੀ...!
ਤਾਜ਼ਾ ਤਜ਼ਰਬਾ! ਪਾਪਾ ਚਲੇ ਗਏ। ਲੋਕਾਂ ਦਾ ਜੋ ਪਿਆਰ, ਇਸ ਔਖ ਦੀ ਘੜੀ ਹਾਸਲ ਹੋਇਆ, ਉਸ ਨਾਲ ਮੇਰਾ ਹੌਸਲਾ ਵਧਿਆ। ਦੁੱਖ ਘਟਿਆ। ਲੋਕਾਈ ਨੂੰ ਪਿਆਰ ਕਰਨ ਤੇ ਸੇਵਾ ਲਈ ਖੜ੍ਹਨ ਜਿਹਾ ਅਹਿਸਾਸ ਹੋਰ ਸਿ਼ੱਦਤ ਨਾਲ ਹੋਣ ਲੱਗਿਆ। ਕਿਸੇ ਦਾ ਦੁੱਖ ‘ਆਪਣਾ ਦੁੱਖ’ ਜਾਪਣ ਜਿਹਾ ਅਹਿਸਾਸ ਅੱਗੇ ਨਾਲੋਂ ਤਿੱਖਾ ਹੋਇਆ! ਰਿਸ਼ਤੇਦਾਰ ਆਉਂਦੇ ਸਨ, ਫ਼ਰਜ਼ ਪੂਰਦੇ ਸਨ, ਮੋਢਾ ਪਲੂਸਦੇ ਤੇ ਦੋ ਕੁ ਬੋਲ ਬੋਲਦੇ ਸੀ, “ਰੱਬ ਦਾ ਭਾਣਾ ਤਾਂ ਮੰਨਣਾ ਈ ਪੈਂਦਾ ਐ ਭਾਈ ਮੁੰਡਿਆ...।” (ਸਦੀਆਂ ਤੋਂ ਰਟੇ-ਰਟਾਏ ਇਹੋ ਬੋਲ ਦੁਨੀਆ ਬੋਲਦੀ ਆਈ ਹੈ...ਬੋਲਦੀ ਜਾਏਗੀ...) ਫਿਰ ਜਾਣ ਲਈ ਘੜੀ ਦੇਖਦੇ ਤੇ ਤੁਰ ਜਾਂਦੇ। ਮੈਂ ਸੋਚਦਾ ਹੁੰਦਾ ਕਿ ਕੋਈ ਨਾ ਕੋਈ ਤਾਂ ਅਜਿਹਾ ਰਿਸ਼ਤੇਦਾਰ ਹੋਏਗਾ, ਜੁ ਕਹੇਗਾ...ਅਸੀਂ ਤੇਰੇ ਨਾਲ ਆਂ। ਹਾਂ, ਕੁਝ ਦੋਸਤ ਤੇ ਹੋਰ ਮਿਹਰਬਾਨ ਸੱਜਣ ਸਨ, ਜੁ ਕਦੇ ਵੀ ਭੁੱਲਣ ਵਾਲੇ ਨਹੀਂ, ਜੁ ਹੌਸਲਾ ਦਿੰਦੇ ਰਹੇ ਤੇ ਨਾਲ ਵੀ ਖਲੋਂਦੇ ਰਹੇ, ਨਾ ਉਹ ਪਾਪਾ ਨੂੰ ਜਾਣੋਂ ਰੋਕ ਸਕਦੇ ਸਨ ਤੇ ਨਾ ਮੈਂ। ਸਾਨੂੰ ਸਭ ਨੂੰ ਪਤਾ ਸੀ ਕਿ ਪਾਪਾ ਜਾ ਰਹੇ ਹਨ ਪਰ ਫਿਰ ਵੀ ਦਿਲ ਮੰਨਣ ਨੂੰ ਤਿਆਰ ਨਹੀਂ ਸੀ ਤੇ ਲਗਦਾ ਕਿ ਉਹ ਠੀਕ ਹੋ ਜਾਣਗੇ। ਚਲੋ...ਅੱਗੇ ਵਾਂਗ ਚਾਹੇ ਨਾ ਸਹੀ, ਘੱਟੋ-ਘੱਟ ਮੰਜੇ ਉਤੇ ਬਹਿਣ ਜੋਗੇ ਹੀ ਹੋਣ ਜਾਣ। (ਘਰ ਵਿੱਚ ਮੰਜੇ ਉਤੇ ਬੈਠੇ ਜੀਅ ਦਾ ਕਿੰਨਾ ਆਸਰਾ ਹੁੰਦੈ ਤੇ ਇਸਦਾ ਪ੍ਰਛਾਵਾਂ ਤੇ ਛਾਂ ਕਿੰਨੀ ਸੰਘਣੀ ਹੁੰਦੀ ਹੈ, ਇਸਦਾ ਪਤਾ ਬਾਅਦ ਵਿੱਚ ਹੀ ਚਲਦਾ ਹੈ, ਪਹਿਲਾਂ ਅਸੀਂ ਗੌਲਦੇ ਨਹੀਂ) ਮੈਨੂੰ ਇਸ ਵੇਲੇ ਪੈਸੇ-ਟਕੇ ਦੀ ਭਾਵੇਂ ਨਹੀਂ ਲੋੜ ਸੀ ਪਰ ਸਕੂਨ ਭਰੇ ਸ਼ਬਦਾਂ ਦੀ ਲੋੜ ਸੀ...ਕੁਝ ਬੋਲ ਅਜਿਹੇ ਚਾਹੀਦੇ ਸਨ ਜੁ ਮਨ ਨੂੰ ਠੰਢਕ ਦਿੰਦੇ! ਕਿਸੇ ਖੂਨ ਦੇ ਰਿਸ਼ਤੇ ਵਾਲੇ ਪਾਸਿਓਂ ਅਜਿਹਾ ਠੰਢੀ ਵਾਅ ਦਾ ਬੁੱਲਾ ਉਡੀਕਣ ਦੇ ਬਾਵਜੂਦ ਵੀ ਨਾ ਆਇਆ।
ਗਰਮੀ ਬਹੁਤ ਸੀ। ਝੋਨਾ ਲਾਉਣ ਦੇ ਦਿਨ ਸਨ। ਬਿਜਲੀ ਤੇ ਪਾਣੀ ਦੀ ਡਾਹਢੀ ਤੋਟ ਸੀ। ਪਾਪਾ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਘਰ ਰੱਖਵਾ ਲਿਆ। ਸਾਰਾ ਪਿੰਡ ਪਾਰਟੀ ਬਾਜ਼ੀ ਭੁੱਲ ਕੇ ਪਿੰਡ ਦੀਆਂ ਗਲੀਆਂ-ਨਾਲੀਆਂ ਤੇ ਰਸਤੇ ਸਾਫ਼ ਕਰਨ ਲੱਗਿਆ। ਮੈਨੂੰ ਬਿਨਾਂ ਪੁੱਛੇ ਸਾਰੇ ਲੋਕ ਆਪਣੇ ਆਪ ਆਪਣੀ-ਆਪਣੀ ਜਿੰਮੇਵਾਰੀ ਸਮਝਦੇ ਹੋਏ ਸਾਰੇ ਕੰਮ ਨਿਪਟਾਈ ਜਾ ਰਹੇ ਸਨ। ਸਵੇਰੇ-ਸਵੇਰੇ ਘਰ ਭੋਗ ਪਾ ਕੇ ਫਿਰ ਪਿੰਡ ਦੇ ਨਵੇਂ ਬਣ ਰਹੇ ਗੁਰੂ ਘਰ ਵਿੱਚ ਚਲੇ ਗਏ ਸਾਂ। ਮਨ ਬੜਾ ਤੜਪਿਆ ਜਦ ਮੈਂ ਦੇਖਿਆ ਕਿ ਮੇਰੇ ਦੋ ਕਜ਼ਨ (ਆਪਸ ਵਿੱਚ ਸੱਕੇ ਭਰਾ, ਮੇਰੇ ਖ਼ੂਨ ਦੇ ਰਿਸ਼ਤੇ ‘ਚੋਂ) ਚਿੱਟੇ ਕੁਰਤੇ-ਪਜ਼ਾਮੇ ਪਾਈ ਗੁਰੂ ਘਰ ਦੇ ਗੇਟ ਅੱਗੇ ਖਲੋਤੇ ਆਪਸ ਵਿੱਚ ਮੁਸਕਰਾ ਰਹੇ ਸਨ। ਉਹਨਾਂ ਦੋਵਾਂ ਦੇ ਡੱਬ ਵਿੱਚ ਟੰਗੇ ਰਿਵਾਲਵਰ ਵੀ ਮੈਨੂੰ ਮੁਸਕ੍ਰਾਉਂਦੇ ਹੀ ਜਾਪੇ ਸਨ। ਮੈਂ ਕੋਲ ਦੀ ਲੰਘ ਗਿਆ। ਜਦ ਪਿੱਛਾ ਭਉਂ ਕੇ ਦੇਖਿਆ ਤਾਂ ਉਹ ਆਪਸ ਵਿੱਚ ਹੱਸਣ ਲੱਗੇ। ਇਸਤੋਂ ਚੰਗਾ ਸੀ ਕਿ ਨਾ ਹੀ ਆਉਂਦੇ। ਉਹ ਮੇਰਾ ਦੁੱਖ ਵੰਡਾਉਣ ਨਹੀਂ ਸਗੋਂ ਮੈਨੂੰ ਜਾਲਣ ਆਏ ਸਨ। ਭੋਗ ਤੋਂ ਦੋ ਦਿਨ ਪਹਿਲਾਂ ਮੈਨੂੰ ਇੱਕ ਰਿਸ਼ਤੇਦਾਰ ਬਹੁਤ ‘ਨੇਕ’ ਸਲਾਹਾਂ ਦਿੰਦਾ ਰਿਹਾ, ਫਲਾਣੀ ਸਬਜ਼ੀ ਤੇ ਫਲਾਣੀ ਦਾਲ ਬਣਵਾਵੀਂ ਤੇ ਢਮਕਾਣਾ ਸਲਾਦ ਚੰਗਾ ਰਹੂ। ਮੈਂ ਆਖਿਆ ਕਿ ਆਹ ਚੱਕ ਪੈਸੇ ਤੇ ਸਾਰਾ ਕੰਮ ਆਪੇ ਅੱਗੇ ਲੱਗ ਕੇ ਕਰ। ਖਹਿੜਾ ਛਡਾਉਂਦਾ ਬੋਲਿਆ, “ਮੈਂ ਤਾਂ ਭੋਗ ਵਾਲੇ ਦਿਨ ਹੀ ਆਵਾਂਗਾ ਯਾਰ.. ਮੇਰੇ ਮੁੰਡੇ ਦਾ ਪੇਪਰ ਆ.. ਓਹਦੀ ਤਿਆਰੀ ਕਰਵਾ ਰਿਹਾ ਵਾਂ।” ਅਜਿਹੇ ਮੁਫ਼ਤ ਦੇ ‘ਸਲਾਹਕਾਰ ਸੱਜਣ’ ਬੜੇ ਆਏ ਤੇ ਸਲਾਹਾਂ ਦੇ ਕੇ ਤੁਰ ਜਾਂਦੇ ਰਹੇ।