Showing posts with label ਮਨਜੀਤ ਸਿੰਘ ਔਜਲਾ. Show all posts
Showing posts with label ਮਨਜੀਤ ਸਿੰਘ ਔਜਲਾ. Show all posts

ਪਹਿਲਾਂ ਤੋਲੋ ਫਿਰ ਬੋਲੋ……… ਲੇਖ / ਮਨਜੀਤ ਸਿੰਘ ਔਜਲਾ ਐਮ.ਏ.ਬੀ.ਟੀ.

ਉਪ੍ਰੋਕਤ ਲੋਕੋਕਤੀ ਉਸ ਸਮੇ ਕਹੀ ਜਾਂਦੀ ਹੈ ਜਦੋਂ ਅਕਸਰ ਹੀ ਲੋਕ ਬਿਨਾਂ ਸੋਚਣ ਦੇ ਕੁਝ ਅਜਿਹਾ ਬੋਲ ਜਾਂਦੇ ਹਨ ਜੋ ਉਨ੍ਹਾਂ ਦੇ ਆਪਣੇ ਵਾਸਤੇ ਹੀ ਗਲਤ ਸਾਬਤ ਹੋ ਜਾਂਦਾ ਹੈ। ਇਤਿਹਾਸ ਗਵਾਹ ਹੈ ਕਿ ਅਜਿਹਾ ਮੁਢ ਕਦੀਮਾਂ ਤੋਂ ਹੀ ਹੁੰਦਾ ਆ ਰਿਹਾ ਹੈ। ਅਜਿਹਾ ਕਰਨ ਵਾਲੇ ਜਾਂ ਕਹਿਣ ਵਾਲੇ ਇਤਿਹਾਸ ਪੜ੍ਹਦੇ ਵੀ ਹਨ ਅਤੇ ਦੂਸਰਿਆਂ ਦੀਆਂ ਗਲਤੀਆਂ ਤੇ ਉਨ੍ਹਾਂ ਨੂੰ ਕੋਸਦੇ ਵੀ ਹਨ ਪ੍ਰੰਤੂ ਫਿਰ ਵੀ ਆਪ ਅਜਿਹੀਆਂ ਗਲਤੀਆਂ ਅਕਸਰ ਹੀ ਕਰ ਜਾਂਦੇ ਹਨ। ਜੇਕਰ ਅਸੀਂ ਬਹੁਤ ਲੰਬਾ ਇਤਿਹਾਸ ਨਹੀਂ ਪਿਛਲੇ 544 ਸਾਲ ਭਾਵ ਗੁਰੂ ਨਾਨਕ ਦੇਵ ਜੀ ਦੇ ਸਮੇ ਤੋਂ ਬਣੇ ਸਿਖ ਇਤਿਹਾਸ ਉਤੇ ਨਜਰ ਮਾਰੀਏ ਤਾਂ ਸਾਨੂੰ ਸਿਖ ਜਗਤ ਦੀਆਂ ਕੁਝ ਅਜਿਹੀਆਂ ਗਲਤੀਆਂ ਮਿਲਣਗੀਆਂ ਜਿਨ੍ਹਾਂ ਨੇ ਸਿਖ ਇਤਿਹਾਸ ਵਿਚ ਕਈ ਉਤਾਰ ਚੜ੍ਹਾ ਅਤੇ ਵਾ-ਵਰੋਲੇ ਲਿਆਂਦੇ ਹਨ।
ਗੁਰੂ ਨਾਨਕ ਦੇਵ ਜੀ ਜਨਮ ਤੋਂ ਹੀ ਭਗਤੀ ਵਿਚ ਵਧ ਅਤੇ ਦੁਨਿਆਵੀ ਕੰਮਾਂ ਵਲ ਘਟ ਰੁਚੀ ਰਖਦੇ ਸਨ। ਉਨ੍ਹਾਂ ਬਾਰੇ ਮਝਾਂ ਚਰਾਂਦੇ ਸਮੇ ਰਾਏ ਬੁਲਾਰ ਦੀ ਖੇਤੀ ਖਰਾਬ ਕਰਨ, ਮੁਖੜੇ ਤੇ ਧੁਪ ਆਉਣ ਤੇ ਸਰਪ ਦੀ ਛਾਇਆ, ਜਨੇਊ ਨਾਂ ਪਾਉਣਾ ਆਦਿ ਕਈ ਸਾਖੀਆਂ ਅਸੀਂ ਸੁਣਦੇ ਆ ਰਹੇ ਹਾਂ ਜਿਨ੍ਹਾਂ ਬਾਰੇ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਵੀ ਪਤਾ ਸੀ। ਉਨ੍ਹਾਂ (ਪਿਤਾ) ਜਦੋਂ ਆਪਣੇ ਪੁਤਰ ਨੂੰ 20 ਰੁਪੈ ਦੇ ਕੇ ਕੋਈ ਲਾਭਵੰਦ ਸੌਦਾ ਕਰਨ ਵਾਸਤੇ ਭੇਜਿਆ ਅਤੇ ਖਾਲੀ ਘਰ ਪਰਤਣ ਤੇ ਅਤੇ ਮਰਦਾਨੇ ਵਲੋਂ ਸਾਧੂਆਂ ਨੂੰ ਪ੍ਰਸਾਦ ਛਕਾਉਣ ਬਾਰੇ ਸੁਣ ਕੇ ਬਿਨਾਂ ਵਿਚਾਰ ਅਤੇ ਸੋਚ ਦੇ ਗੁਰੂ ਰੂਪ ਪੁਤਰ ਦੇ ਚਪੇੜਾਂ ਮਾਰ ਦਿਤੀਆਂ ਸਨ। ਪਿਛੋਂ ਆਪਣੀ ਬੇਟੀ ਬੇਬੇ ਨਾਨਕੀ ਦੇ ਕਹਿਣ ਤੇ ਪਛਤਾਵਾ ਤਾਂ ਕੀਤਾ ਪ੍ਰੰਤੂ ਇਤਿਹਾਸ ਨਹੀਂ ਬਦਲ ਸਕੇ। ਹੰਮਾਯੂ ਜਦੋਂ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਭਜਿਆ ਅਤੇ ਗੋਇੰਦਵਾਲ ਗੁਰੂ ਅੰਗਦ ਦੇਵ ਜੀ ਪਾਸ ਵਰ ਲੈਣ ਵਾਸਤੇ ਆਇਆ ਤਾਂ ਗੁਰੂ ਜੀ ਦੀ ਸਮਾਧੀ ਖੁਲਣ ਤਕ ਵੀ ਉਡੀਕ ਨਾ ਕਰ ਸਕਿਆ ਅਤੇ ਜਿਸ ਪਾਸੋਂ ਬਾਦਸਾਹੀ ਦਾ ਵਰ ਲੈਣ ਆਇਆ ਸੀ ਬਿਨਾਂ ਕੁਝ ਸੋਚੇ ਸਮਝੇ ਓਸੇ ਨੂੰ ਹੀ ਮਾਰਨ ਵਾਸਤੇ ਤਿਆਰ ਹੋ ਗਿਆ। ਜੇਕਰ ਉਹ ਅਜਿਹਾ ਕਰਨ ਵਿਚ ਸਫਲ ਹੋ ਜਾਂਦਾ ਤਾਂ ਸਿਖੀ-ਸਿਧਾਂਤ ਪਤਾ ਨਹੀਂ ਅਜ ਕਿਸ ਰੂਪ ਵਿਚ ਹੁੰਦਾ! ਏਸੇ ਤਰਾਂ ਸਤਾਰਵੀਂ ਸਦੀ ਦੇ ਆਰੰਭ ਵਿਚ ਜਦੋਂ ਚੰਦੂ ਨੇ ਆਪਣੀ ਧੀ ਦੇ ਰਿਸਤੇ ਵਾਸਤੇ ਡੂਮਾਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੇ ਸਪੁਤਰ ਹਰਿਗੋਬਿੰਦ ਜੀ ਬਾਰੇ ਦਸਿਆ ਤਾਂ ਚੰਦੂ ਨੇ ਬਿਨਾਂ ਕਿਸੇ ਸੋਚ ਦੇ ਉਨ੍ਹਾਂ ਨੂੰ ਕਹਿ ਦਿਤਾ,“ਤੁਸੀਂ ਮੈਨੂੰ ਚਬਾਰੇ ਦੀ ਇਟ ਮੋਰੀ ਨੂੰ ਲਾਉਣ ਵਾਸਤੇ ਕਹਿੰਦੇ ਹੋ, ਮੈਨੂੰ ਇਹ ਮਨਜੂਰ ਨਹੀਂ”। ਚੰਦੂ ਨੇ ਇਹ ਗਲ ਬਿਨਾਂ 150 ਸਾਲ ਦਾ ਸਿਖ ਇਤਿਹਾਸ ਜਾਨਣ ਤੋਂ ਕਹਿ ਤਾਂ ਦਿਤੀ ਪ੍ਰੰਤੂ ਉਸਨੂੰ ਇਸਦਾ ਕਿਨਾਂ ਮੁਲ ਤਾਰਨਾਂ ਪਿਆ, ਇਤਿਹਾਸ ਹੀ ਜਾਣਦਾ ਹੈ।

ਸਚ ਅਤੇ ਸਿਖ……… ਲੇਖ / ਮਨਜੀਤ ਸਿੰਘ ਔਜਲਾ

ਸਿਖ ਦਾ ਦੂਜਾ ਨਾਂ ਸਚ ਹੈ ਅਤੇ ਸਚ ਦਾ ਦੂਜਾ ਨਾਂ ਕਰਾਂਤੀ। ਜੋ ਇਨਸਾਨ ਸਚਾ ਨਹੀਂ ਅਤੇ ਪੂਰਾ ਸਚ ਨਹੀਂ ਬੋਲਦਾ ਉਹ ਗੁਰੂ ਨਾਨਕ ਦੇਵ ਜੀ ਦੀ ਸਿਖਿਆ ਅਨੁਸਾਰ ਸਿਖ ਨਹੀਂ ਹੋ ਸਕਦਾ। ਸਚ ਕੌੜਾ ਹੁੰਦਾ ਹੈ, ਸਚ ਨਿਗਲਿਆ ਜਾਂਦਾ ਹੈ ਖਾਦਾ ਨਹੀਂ। ਸਚ ਜਹਿਰ ਹੈ ਅਤੇ ਝੂਠ ਗੁੜ। ਸਿਖ ਧਰਮ ਵਿਚ ਇਸ ਪੌਦੇ ਦਾ ਬੀਜ ਗੁਰੂ ਨਾਨਕ ਦੇਵ ਜੀ ਨੇ ਬੀਜਿਆ ਸੀ। ਇਸੇ ਕਰਕੇ ਉਨ੍ਹਾਂ ਨੂੰ ਕਰਾਂਤੀਕਾਰੀ ਅਤੇ ਕੁਰਾਹੀਆ ਵੀ ਕਿਹਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਆਰੰਭ ਤੋਂ ਹੀ ਝੂਠ ਤੋਂ ਪਰਦਾ ਲਾਉਣ ਅਤੇ ਸਚ ਬੋਲਣ ਦੀ ਸਿਖਿਆ ਦਿਤੀ। ਹਰਿਦੁਆਰ ਜਾ ਕੇ ਗੰਗਾ ਦਾ ਪਾਣੀ ਲਹਿੰਦੇ ਵਲ ਸੁਟ ਕੇ ਪੰਡਤਾਂ ਦੇ ਝੂਠ ਤੋਂ ਪਰਦਾ ਲਾਇਆ ਸੀ। ਇਸੇ ਤਰਾਂ ਜਦ ਬਾਬਰ ਨੂੰ ਨਿਹਥੇ ਲੋਕਾਂ ਉਤੇ ਜੁਲਮ ਕਰਦਿਆਂ ਦੇਖਿਆ ਤਾਂ ਵੀ ਉਸ ਨੂੰ ਛੀਂ ਅਤੇ ਉਸਦੇ ਅਫਸਰਾਂ ਨੂੰ ਕੁਤੇ ਕਿਹਾ ਸੀ ਅਤੇ ਬਦਲੇ ਵਿਚ ਉਸਦੀ ਕੈਦ ਵਿਚ ਵੀ ਰਹੇ ਸਨ ਪ੍ਰੰਤੂ ਸਚ ਨਹੀਂ ਸੀ ਤਿਆਗਿਆ। ਅਜਿਹਾ ਹੀ ਕੌਤਕ ਉਨ੍ਹਾਂ ਸੁਲਤਾਨ ਪੁਰ ਲੋਧੀ ਵਿਚ ਮੋਦੀ-ਖਾਨੇ ਦੀ ਨੌਕਰੀ ਵੇਲੇ ਵੀ ਵਰਤਾਇਆ। ਇਸ ਤੋਂ ਬਿਨ੍ਹਾਂ ਜਨਮ ਤੋਂ ਲੈ ਕੇ 1539 ਭਾਵ 70 ਸਾਲ ਦੀ ਉਮਰ ਤਕ ਹਰ ਜਾਲਮ ਅਤੇ ਝੂਠੇ ਦੀ ਨਿੰਦਿਆ ਕੀਤੀ ਅਤੇ ਆਪਣੇ ਪਾਸ ਆਏ ਸਰਧਾਲੂਆਂ ਨੂੰ ਸਚ ਦੀ ਸਿਖਿਆ ਦੇ ਕੇ ਆਪਣੇ ਸਿਖ ਦਾ ਨਾਮ ਦਿਤਾ। ਜਿਹੜਾ ਸਿਖ ਉਨ੍ਹਾਂ ਦੀ ਇਸ ਕਸਵਟੀ ਉਤੇ ਪੂਰਾ ਉਤਰਿਆ ਉਸਨੂੰ ਆਪਣੇ ਚਲਾਏ ਮਾਰਗ ਦੀ ਵਾਗ-ਡੋਰ ਸੰਭਾਲ ਕੇ ਆਪ ਆਪਣੀ ਸੰਸਾਰਕ ਯਾਤਰਾ ਪੂਰਣ ਕਰ ਗਏ। ਨੌਂ ਗੁਰੂਆਂ ਨੇ 169 ਸਾਲ ਇਸ ਬੂਟੇ ਨੂੰ ਪਾਣੀ ਪਾਇਆ ਅਤੇ ਸੰਭਾਲ ਕੀਤੀ। ਪਾਸ ਆਏ ਸਰਧਾਲੂ ਨੂੰ ਇਕ ਹੀ ਸਿਖਿਆ ਸਚੀ ਕਮਾਈ ਅਤੇ ਸਚ ਦਾ ਪਾਠ ਪੜਾਇਆ। ਕਿਉਂਕਿ ਸਚ ਕੜਵਾ ਹੁੰਦਾ ਹੈ ਇਸ ਲਈ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿਖਾਂ ਨੂੰ ਸਮੇਂ ਦੀਆਂ ਸਰਕਾਰਾਂ ਦੇ ਜੁਲਮ ਅਤੇ ਤਸੀਹੇ ਵੀ ਝਲਣੇ ਪਏ ਪ੍ਰੰਤੂ ਨਾਂ ਹੀ ਗੁਰੂ ਅਤੇ ਨਾਂ ਹੀ ਉਨ੍ਹਾਂ ਦੇ ਕਿਸੇ ਸਿਖ ਨੇ ਸਚ ਨੂੰ ਤਿਆਗਿਆ। ਸਮੇਂ ਅਨੁਸਾਰ ਜਾਲਮਾਂ ਅਤੇ ਰਾਜਿਆਂ ਨਾਲ ਯੁਧ ਵੀ ਹੋਏ ਪ੍ਰੰਤੂ ਉਹ ਵੀ ਸਚ ਦੇ ਇਸ ਪੌਦੇ ਨੂੰ ਹਰਿਆ ਭਰਿਆ ਰਖਣ ਵਾਸਤੇ ਹੀ ਨਾਂ ਕਿ ਕਿਸੇ ਤਾਕਤ ਦੇ ਵਿਖਾਵੇ ਵਾਸਤੇ। ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਚਾਰ ਲੜਾਈਆਂ ਲੜੀਆਂ ਪ੍ਰੰਤੂ ਕਿਸੇ ਵੀ ਲੜਾਈ ਵਿਚ ਹਮਲਾ-ਆਵਰ ਨਹੀਂ ਬਣੇ ਸਗੋਂ ਝੜਾਈ ਕਰਕੇ ਆਏ ਦੁਸਮਣ ਦਾ ਮੁਕਾਬਲਾ ਕੀਤਾ ਅਤੇ ਉਸਨੂੰ ਹਰਾਇਆ। ਆਖਰੀ ਲੜਾਈ ਜੋ ਕਰਤਾਰ ਪੁਰ ਵਿਚ ਲੜੀ ਗਈ ਛੇਵੇਂ ਪਾਤਿਸਾਹ ਨੇ 1800 ਸਿਖ ਜਵਾਨਾਂ ਨਾਲ 75,000 ਫੌਜ ਦਾ ਟਾਕਰਾ ਕੀਤਾ ਅਤੇ ਸੂਰਜ ਛੁਪਣ ਤੋਂ ਪਹਿਲਾਂ ਚਾਰ ਮੁਗਲ ਜਰਨੈਲਾਂ ਨੂੰ ਮਾਰਕੇ ਫਤਿਹ ਦਾ ਕੇਸਰੀ ਝੰਡਾ ਝੁਲਾ ਦਿਤਾ। 

ਇਤਿਹਾਸਕ ਗਲਤੀਆਂ ਜਾਂ ਸਚਾਈਆਂ……… ਲੇਖ / ਮਨਜੀਤ ਸਿੰਘ ਔਜਲਾ

ਆਮ ਤੌਰ ਉਤੇ ਮੰਨਿਆਂ ਜਾਂਦਾ ਹੈ ਕਿ ਇਤਿਹਾਸਕਾਰ ਇਤਿਹਾਸਕ ਸੱਚਾਈਆਂ ਜਾਨਣ ਵਾਸਤੇ ਬਹੁਤ ਪੁੱਛ-ਪੜਤਾਲ ਅਤੇ ਖੋਜ ਕਰਕੇ ਹੀ ਲਿਖਿਆ ਕਰਦੇ ਹਨ, ਪ੍ਰੰਤੂ ਕੁਝ ਇਕ ਇਤਿਹਾਸਕਾਰਾਂ ਦੀਆਂ ਲਿਖਤਾਂ ਪੜ ਕੇ ਪਾਠਕ ਸੁੱਤੇ ਸਿੱਧ ਹੀ ਅੰਦਾਜ਼ਾ ਲਗਾ ਲੈਂਦੇ ਹਨ ਕਿ ਇਸ ਵਿਚ ਸਚਾਈ ਕਿਥੋਂ ਤੱਕ ਹੈ। ਸਈਯਦ ਮੁਹੰਮਦ ਲਾਤੀਫ ਆਪਣੇ ਸਮੇਂ ਵਿਚ ਚੰਗੇ ਇਤਿਹਾਸਕਾਰਾਂ ਵਿਚੋਂ ਮੰਨਿਆਂ ਜਾਂਦਾ ਸੀ ਪ੍ਰੰਤੂ ਉਸਦਾ ਲਿਖਿਆ “ਪੰਜਾਬ ਦਾ ਇਤਿਹਾਸ” ਪੜ੍ਹ ਕੇ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਪੁਸਤਕ ਉਸਨੇ ਸਿੱਖਾਂ ਨੂੰ ਛੁਟਿਆਉਣ ਅਤੇ ਪਹਿਲਾਂ ਮੁਸਲਮਾਨਾਂ ਅਤੇ ਫਿਰ ਅੰਗਰੇਜਾਂ ਨੂੰ ਖੁਸ਼ ਕਰਨ ਵਾਸਤੇ ਹੀ ਲਿਖੀ ਸੀ।ਇਸ ਵਿਚ ਨਿਮਨ ਤਰੁਟੀਆਂ ਦੇਖਣ ਨੂੰ ਆਮ ਮਿਲਦੀਆਂ ਹਨ:

ਧਰਮਸਾਲ ਕਰਤਾਰਪੁਰ ਸਾਧਸੰਗ ਸਚਖੰਡ ਵਸਾਇਆ……… ਮਨਜੀਤ ਸਿੰਘ ਔਜਲਾ ਐਮ.ਏ.ਬੀ.ਟੀ.

8 ਜਨਵਰੀ, ਦਿਨ ਐਤਵਾਰ, ਸਾਲ 2012 ਨੂੰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੁੱਖ ਇਮਾਰਤ ਦਾ ਨੀਂਹ ਪੱਥਰ ਸਿੱਖ ਧਰਮ ਵਿਚ ਚਲੀ ਆ ਰਹੀ ਪ੍ਰਥਾ ਅਤੇ 1699 ਦੀ ਵੈਸਾਖੀ ਵਾਲੇ ਦਿਨ ਦਸਮ ਪਿਤਾ ਵਲੋਂ ਖੰਡੇ ਦੀ ਪਹੁਲ ਰਾਹੀਂ ਤਿਆਰ ਬਰ ਤਿਆਰ ਕੀਤੇ ਪੰਜ ਪਿਆਰਿਆਂ, ਜਿਨ੍ਹਾਂ ਵਿਚ ਬਾਬਾ ਹਰੀ ਸਿੰਘ ਰੰਧਾਵਾ ਵਾਲੇ ਵੀ ਸਨ, ਦੁਆਰਾ ਰਖਿਆ ਗਿਆ। ਅੰਮ੍ਰਿਤ ਵੇਲੇ ਤੋਂ ਥੋੜ੍ਹੀ ਬਾਰਸ਼ ਦੇ ਬਾਵਜੂਦ ਵੀ ਸੰਗਤ ਵਿਚ ਬਹੁਤ ਉਤਸ਼ਾਹ ਸੀ।

ਭੇਡ ਚਾਲ……… ਲੇਖ / ਮਨਜੀਤ ਸਿੰਘ ਔਜਲਾ ਐਮ.ਏ.ਬੀ.ਟੀ.

ਇਸ ਦਾ ਦੂਜਾ ਨਾਮ ‘ਰੀਸ’ ਹੈ ਅਤੇ ਭਾਰਤ ਦੇ ਸੂਬੇ ਪੰਜਾਬ ਵਿਚ ਅਤੇ ਪੰਜਾਬੀਆਂ ਵਿਚ ਇਹ ਆਮ ਹੀ ਦੇਖਣ ਨੂੰ ਮਿਲਦੀ ਹੈ। ਕਈ ਕੰਮਾਂ ਵਿਚ ਇਹ ਚੰਗੀ ਅਤੇ ਗੁਣਕਾਰੀ ਹੈ, ਪ੍ਰੰਤੂ ਆਮ ਤੌਰ ਤੇ ਇਸ ਨੂੰ ਬੁਰਾਈ ਦੀ ਜੜ੍ਹ ਹੀ ਸਮਝਿਆ ਜਾਂਦਾ ਹੈ, ਕਿਉਂਕਿ ਚੰਗੇ ਕੰਮ ਦੀ ਰੀਸ ਕਰਨ ਵਾਸਤੇ ਸਮਾਂ ਅਤੇ ਸੋਝੀ ਚਾਹੀਦੀ ਹੈ, ਪ੍ਰੰਤੂ ਬੁਰੇ ਕੰਮ ਦੀ ਰੀਸ ਸ਼ੌਕ ਨਾਲ ਅਤੇ ਜਲਦੀ ਹੀ ਪੰਜਾਬੀ ਦੀ ਆਦਤ ਵਿਚ ਬਦਲ ਜਾਦੀ ਹੈ। ਅੱਜ ਕਲ੍ਹ ਇਹ ਰੀਸ ਨੌਜਵਾਨ ਅਤੇ ਵੱਡੀ ਅਵਸਥਾ ਦੇ ਪੰਜਾਬੀਆਂ ਵਿਚ, ਔਖੇ ਹੋ ਕੇ, ਹਿੰਦੀ ਭਾਸ਼ਾ ਬੋਲਣ ਦੀ ਅਤੇ ਓਸਾਮਾ ਬਿਨ ਲਾਦਨ ਵਰਗੀ ਪੱਗ ਬੰਨ੍ਹਣ ਦੀ ਆਮ ਹੀ ਦੇਖਣ ਨੂੰ ਮਿਲਦੀ ਹੈ। ਪੰਜਾਬ ਵਿਚ ਹੀ ਨਹੀਂ ਦੁਨੀਆਂ ਭਰ ਵਿਚ ਇਕ ਪਾਸੇ ਤਾਂ ਗੁਰਦਾਸ ਮਾਨ ਅਤੇ ਹੋਰ ਪੰਜਾਬੀ ਗਾਇਕਾਂ, ਗੀਤਕਾਰਾਂ, ਧਾਰਮਿਕ ਸੰਸਥਾਵਾਂ ਅਤੇ ਬੁਧੀਜੀਵੀਆਂ ਦਾ ਪੂਰਾ ਟਿੱਲ ਲੱਗਾ ਹੋਇਆ ਹੈ ਕਿ ਪੰਜਾਬੀ ਪੜ੍ਹੋ, ਪੰਜਾਬੀ ਬੋਲੋ, ਪੰਜਾਬੀ ਸਿੱਖੋ ਅਤੇ ਪੰਜਾਬੀ ਬਣੋ ਤਾਂ ਦੂਸਰੇ ਪਾਸੇ ਪੰਜਾਬੀਆਂ ਵਿਚ ਦੌੜ ਲਗੀ ਹੋਈ ਹੈ ਅਤੇ ਉਹ ਔਖੇ ਹੋ ਕੇ ਅਤੇ ਕਈ ਤਰ੍ਹਾਂ ਦੇ ਮੂੰਹ ਬਣਾ ਕੇ ਹਿੰਦੀ ਬੋਲਣ ਅਤੇ ਮਰਦਮਸ਼ੁਮਾਰੀ ਵੇਲੇ ਆਪਣੀ ਬੋਲੀ ਹਿੰਦੀ ਲਿਖਵਾਉਣ ਦੇ ਆਦੀ ਹੁੰਦੇ ਜਾ ਰਹੇ ਹਨ। ਇਕ ਵਾਰ ਆਪਣੀ ਆਸਟ੍ਰੇਲੀਆ ਫੇਰੀ ਤੇ ਆਏ ਰੁਸਤਮੇ ਹਿੰਦ, ਪ੍ਰਸਿੱਧ ਪੰਜਾਬੀ ਪਹਿਲਵਾਨ ਅਤੇ ਸਫ਼ਲ ਕਲਾਕਾਰ ਦਾਰਾ ਸਿੰਘ ਦਾ ਕਹਿਣਾ ਸੀ ਕਿ ਜਦੋਂ ਉਹ ਫਿਲਮੀ ਦੁਨੀਆ ਵਿਚ ਗਏ ਤਾਂ ਉਹਨਾਂ ਨੂੰ ਹਿੰਦੀ ਅਤੇ ਉਰਦੂ ਸਿਖਾਉਣ ਵਾਸਤੇ ਅਧਿਆਪਕ ਲਗਾਏ ਗਏ। ਅਧਿਆਪਕਾਂ ਦੇ ਲੱਖ ਯਤਨ ਕਰਨ ਤੇ ਵੀ ਦਾਰਾ ਸਿੰਘ ਸਹੀ ਉਰਦੂ ਅਤੇ ਹਿੰਦੀ ਨਾ ਬੋਲ ਸਕਿਆ। ਜਦੋਂ ਉਹਨਾਂ ਦੀ ਮੇਹਨਤ ਸਫਲ ਨਾ ਹੋਈ ਤਾਂ ਫਿਲਮੀ ਦੁਨੀਆਂ ਵਿਚ ਇਹ ਕਹਾਵਤ ਆਮ ਚੱਲ ਪਈ ਸੀ:

ਸਿੱਖ ਧਰਮ ਵਿਚ ਟੀਕਾਕਾਰ………… ਲੇਖ / ਮਨਜੀਤ ਸਿੰਘ ਔਜਲਾ

ਸਿੱਖ ਧਰਮ ਸਭ ਤੋਂ ਨਵਾਂ ਧਰਮ ਹੈ ਜੋ ਪੰਦਰਵੀ ਸਦੀ ਵਿਚ ਉਤਪਨ ਹੋਇਆ ਅਤੇ ਛੇ ਸਦੀਆਂ ਵਿਚ ਹੀ ਇਤਨਾਂ ਨਿਘਾਰ ਵਿਚ ਚਲਿਆ ਗਿਆ ਹੈ ਕਿ ਅਜ ਕੋਈ ਵੀ ਸਿੱਖ ਧਰਮ ਦੇ ਬਾਰੇ ਪੁਛੇ ਕਿਸੇ ਪ੍ਰਸ਼ਨ ਦਾ ਉਤਰ ਦੇਣ ਦੇ ਸਮਰੱਥ ਨਹੀਂ ਰਿਹਾ।। ਬੁਧ ਧਰਮ ਦੇ ਨਿਰਮਾਤਾ ਮਹਾਤਮਾਂ ਬੁਧ ਅਤੇ ਜੈਨ ਧਰਮ ਦੇ ਨਿਰਮਾਤਾ ਮਹਾਂਵੀਰ ਨੇ ਜੋ ਅਸੂਲ ਆਪਣੇ ਆਪਣੇ ਧਰਮਾਂ ਦੇ ਆਪਣੇ ਸਿੱਖਾਂ ਨੂੰ ਦਿਤੇ ਸਨ ਉਹ ਅਜ ਵੀ ਪ੍ਰਚਲਤ ਹਨ।ਇਸਦੇ ਉਲਟ ਜਦੋਂ ਅਸੀਂ ਸਿੱਖ ਧਰਮ ਜੋ ਸਭ ਤੋਂ ਨਿਆਰਾ, ਸਰਲ ਅਤੇ ਆਮ ਮਨੁੱਖ ਦੀ ਭਾਸ਼ਾ ਵਿਚ ਪ੍ਰਚਲਤ ਹੋਇਆ ਸੀ ਅਜ ਇਸ ਵਿਚ ਸਭ ਧਰਮਾਂ ਤੋਂ ਵੱਧ ਕਿੰਤੂ, ਪ੍ਰੰਤੂ ਅਤੇ ਅਧੋਗਤੀ ਆ ਗਈ ਹੈ।ਅਜ ਜਦੋਂ ਅਸੀਂ ਆਪਣੇ ਧਰਮ ਤੇ ਝਾਤ ਮਾਰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਸ਼ਿਸ਼ਾਂ ਨੂੰ “ਕਿਰਤ ਕਰਨਾਂ, ਨਾਮ ਜਪਣਾ ਅਤੇ ਵੰਡ ਛਕਣ” ਦਾ ਉਪਦੇਸ਼ ਦਿਤਾ ਸੀ (ਕਿਤਨਾਂ ਸਰਲ ਅਤੇ ਮੰਨਣਯੋਗ ਸੀ)। ਇਸ ਉਪਦੇਸ਼ ਦੇ ਵਿਚ ਹੀ ਬਾਕੀ ਦੀਆਂ ਸਾਰੀਆਂ ਗਲਾਂ, ਜਾਤ-ਪਾਤ, ਊਚ-ਨੀਚ ਅਤੇ ਸੱਚ-ਝੂਠ ਆ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਨੇ ਇਹ ਸਿਖਿਆ ਨਹੀਂ ਸੀ ਦਿਤੀ ਸਗੋਂ ਇਸਦੀ ਕਮਾਈ ਕਰਨ ਵਾਸਤੇ ਕਿਹਾ ਸੀ ਅਤੇ ਸਾਰਾ ਜੀਵਨ ਆਪ ਖੁਦ ਇਨ੍ਹਾਂ ਸ਼ਬਦਾਂ ਦੀ ਕਮਾਈ ਕੀਤੀ ਪ੍ਰੰਤੂ ਅਜ ਅਸੀਂ ਕਿਤਨੇਂ ਮੰਦ-ਭਾਗੇ ਬਣ ਚੁਕੇ ਹਾਂ ਕਿ ਅਸੀਂ ਇਨ੍ਹਾਂ ਸ਼ਬਦਾਂ ਦਾ ਗਾਯਨ ਕਰਨ ਯੋਗੇ ਹੀ ਰਹਿ ਗਏ ਹਾਂ ਕਮਾਉਣ ਦੀ ਜਾਚ ਤਾਂ ਸਾਨੂੰ ਸਿਖਿਆ ਦੇਣ ਵਾਲੇ ਰਾਗੀ ਅਤੇ ਗਰੰਥੀ ਸਿੰਘ ਵੀ ਭੁਲ ਚੁਕੇ ਹਨ। ਸਾਡੀ ਇਸ ਮੰਦ-ਭਾਗੀ ਦਸ਼ਾ ਦਾ ਕਾਰਣ ਹੈ ਕਿ ਅਜ ਸਿੱਖ ਧਰਮ ਵਿਚ ਬੇਅੰਤ ਅਤੇ ਲੋੜ ਤੋਂ ਕਿਤੇ ਵਧ ਟੀਕਾਕਾਰ ਪੈਦਾ ਹੋ ਗਏ ਹਨ ਜੋ ਆਪਣੇ ਵਜਾਏ ਢੋਲ ਦੀ ਆਵਾਜ ਨੂੰ ਹੀ ਅਸਲੀ ਰਾਗ ਦਸਦੇ ਹਨ ਬਾਕੀਆਂ ਦੀ ਟਿਪਣੀ ਬੇਸ਼ਰਮੀਂ ਨਾਲ ਸ਼ਰੇ-ਆਮ ਅਤੇ ਬੇ-ਝਿਝਕ ਕਰਦੇ ਹਨ। 

ਗਿਆਨ ਦੇ ਯੁੱਗ ਵਿਚ ਅਗਿਆਨ ਵਾਸ……… ਲੇਖ / ਮਨਜੀਤ ਸਿੰਘ ਔਜਲਾ

ਅਜ ਅਸੀਂ ਇਕੀਵੀਂ ਸਦੀ ਦੇ ਤਕਨੀਕੀ ਯੁੱਗ ਵਿਚ ਰਹਿ ਰਹੇ ਹਾਂ, ਜਿਸ ਵਿਚ ਵਿਚਰਦਿਆਂ ਅੱਜ ਦਾ ਸਾਧਾਰਣ ਵਿਅਕਤੀ ਪ੍ਰਸਾਰਣ ਦੇ ਵਾਧੇ ਕਾਰਣ ਅਨੇਕਾਂ ਗੱਲਾਂ ਤੋਂ ਸੁਭਾਵਕ ਹੀ ਜਾਣੂ ਹੋ ਜਾਂਦਾ ਹੈ। ਇਹ ਹੀ ਕਾਰਣ ਹੈ ਕਿ ਅੱਜ ਆਮ ਆਦਮੀ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਬੈਠ ਕੇ ਭਾਰਤ ਦੀਆਂ ਬੁਰਾਈਆਂ ਅਤੇ ਅਮਰੀਕਾ ਦੇ ਟ੍ਰੀਲਿਯਨ ਡਾਲਰਾਂ ਦੇ ਕਰਜੇ ਬਾਰੇ ਇੰਝ ਗੱਲਾਂ ਕਰਦਾ ਹੈ, ਜਿਵੇਂ ਇਹ ਸਭ ਕੁਝ ਉਸਨੇ ਅੱਖੀਂ ਦੇਖਿਆ ਹੋਵੇ। ਇਹ ਹੀ ਨਹੀਂ ਅੱਜ ਦਾ ਅਨਪੜ੍ਹ ਜਾਂ ਇਹ ਕਹਿ ਲਵੋ ਕਿ ਘੱਟ ਪੜ੍ਹਿਆ ਇਨਸਾਨ ਗੱਲਾਂ ਕਰਕੇ ਸਿਆਣੇ ਮਨੁੱਖਾਂ ਦੇ ਵੀ ਕੰਨ ਕੁਤਰਦਾ ਹੈ ਅਤੇ ਆਪਣੀ ਕਿਸੇ ਵੀ ਕਮਜ਼ੋਰੀ ਤੇ ਸ਼ਰਮਸਾਰ ਨਹੀਂ ਹੁੰਦਾ। ਅਜੇ ਕੱਲ ਦੀ ਹੀ ਗੱਲ ਹੈ ਕਿ ਇੱਕ ਅੱਠ ਸਾਲ ਦਾ ਬੱਚਾ ਗੁਰੂ ਘਰ ਵਿੱਚੋਂ ਬਿਨਾਂ ਕੋਈ ਸ਼ਬਦ ਬੋਲਿਆਂ ਕਮੇਟੀ ਤੋਂ ਸਨਮਾਨ ਕਰਵਾ ਕੇ ਆਸਟ੍ਰੇਲੀਆ ਵਿਚੋਂ ਵਾਅਵਾ ਖੱਟ ਰਿਹਾ ਹੈ ਅਤੇ ਪੜ੍ਹਿਆਂ ਲਿਖਿਆਂ ਦੀਆਂ ਮੁਰਾਦਾਂ ਪੂਰੀਆਂ ਕਰ ਰਿਹਾ ਹੈ। ਇਹ ਹੀ ਨਹੀਂ ਅੱਜ ਪੰਜਾਬ ਤੋਂ ਹਰ ਝੂਠਾ ਸੱਚਾ ਡੇਰੇਦਾਰ ਆਪਣਾ ਜਥਾ ਲੈ ਕੇ ਬਾਹਰਲੇ ਦੇਸ਼ਾਂ ਦੇ ਦੌਰੇ ਤੇ ਨਿੱਕਲ ਪੈਂਦਾ ਹੈ, ਗੁਰਦੁਆਰਾ ਬਨਾਉਣ ਦਾ ਹੋਕਾ ਦੇਈ ਜਾਂਦਾ ਹੈ ਅਤੇ ਭੁੱਲੇ ਵਿਸਰਿਆਂ ਤੋਂ ਮਾਇਆ ਬਟੋਰੀ ਜਾਂਦਾ ਹੈ। ਬੜੂ ਸਹਿਬ ਵਿੱਦਿਆ ਕੇਂਦਰ ਜੋ ਕਦੇ ਵਿੱਦਿਆ ਦੀ ਘਾਟ ਪੂਰੀ ਕਰਨ ਵਾਸਤੇ ਹੋਂਦ ਵਿਚ ਆਇਆ ਸੀ, ਅੱਜ ਹੋਣਹਾਰ ਬੱਚਿਆਂ ਨੂੰ ਕੇਵਲ ਰਾਗ ਸਿਖਾ ਕੇ ਵਿਦੇਸ਼ਾਂ ਵਿਚੋਂ ਪੈਸਾ ਇਕੱਠਾ ਕਰ ਰਿਹਾ ਹੈ ਅਤੇ ਮਾਪਿਆਂ ਦੀਆਂ ਆਸਾਂ ਉੱਤੇ ਪਾਣੀ ਫੇਰ ਰਿਹਾ ਹੈ। ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ਵਿਚ ਜਦੋਂ ਪੜ੍ਹ ਲਿਖ ਕੇ ਲੋਕ ਬੇਰੁਜ਼ਗਾਰੀ ਵਿਚ ਵਾਧਾ ਕਰਨ ਲੱਗ ਪਏ ਤਾਂ ਇੱਕ ਕਹਾਵਤ ਜਿਹੀ ਹੀ ਚੱਲ ਪਈ ਸੀ ਕਿ ਅੱਜ ਕਲ੍ਹ ਦੋ ਹੀ ਰੁਜ਼ਗਾਰ ਰਹਿ ਗਏ ਹਨ, ਜੋ ਬੇਰੁਜ਼ਗਾਰੀ ਨੂੰ ਠੱਲ੍ਹ ਪਾ ਸਕਦੇ ਹਨ ਅਤੇ ਉਹ ਸਨ, “ਕੱਦੂ ਵਿਚ ਡੰਡਾ ਫਸਾ ਕੇ ਕੋਈ ਵੀ ਰਾਗ ਆਰੰਭ ਦੇਵੋ ਅਤੇ ਦੂਸਰਾ ਕਿਸੇ ਪ੍ਰੇਤ ਆਤਮਾਂ ਦਾ ਸੁਪਨਾ ਦੱਸਕੇ ਕਿਸੇ ਸਰਕਾਰੀ ਜ਼ਮੀਨ ਉੱਤੇ ਡੰਡੇ ਤੇ ਝੰਡਾ ਲਾ ਕੇ ਗੱਡ ਦਿਓ ਬੱਸ ਫਿਰ ਪੌਂ ਬਾਰਾਂ”। ਸਦੀ ਬਦਲੀ ਅਤੇ ਇਨ੍ਹਾਂ ਸ਼ਰਾਰਤੀਆਂ ਦੀ ਸੋਚ ਵੀ ਬਦਲ ਗਈ।

ਕੂੜ ਨਿਖੁਟੇ ਨਾਨਕਾ ਓੜਕ ਸਚਿ ਰਹੀ ॥2॥.......... ਲੇਖ / ਮਨਜੀਤ ਸਿੰਘ ਔਜਲਾ


ਸਿੱਖੀ ਦਾ ਬੂਟਾ ਤਾਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਸਮੇਂ ਹੀ ਲਗ ਗਿਆ ਸੀ ਅਤੇ ਸਚ ਦਾ ਪਰਚਾਰ ਵੀ ਆਰੰਭ ਹੋ ਗਿਆ ਸੀ ਫਿਰ ਵੀ ਮਾਤਲੋਕੀ ਜੀਵਾਂ ਨੂੰ ਸਚ ਦਾ ਪਾਠ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਜਾਨਸ਼ੀਨ ਗੁਰੂ ਸਹਿਬਾਨ ਨੇ 239 ਸਾਲ ਤਕ ਕੰਠ ਕਰਵਾਇਆ। ਇਥੇ ਹੀ ਬਸ ਨਹੀਂ 1708 ਈਸਵੀ (ਸੰਮਤ 1765), ਜਦੋਂ ਦਸਵੇਂ ਜਾਮੇਂ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸ਼ਬਦ ਗੁਰੂ ਦੇ ਲੜ ਲਾਕੇ ਗੁਰੂ ਗਰੰਥ ਸਹਿਬ ਨੂੰ ਸਦੀਵ ਕਾਲ ਲਈ ਸਿੱਖਾਂ ਦਾ ਗੁਰੂ ਥਾਪ ਦਿਤਾ ਅਤੇ ਫੁਰਮਾਣ ਕੀਤਾ, “ਸਭ ਸਿੱਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ॥” ਉਸ ਦਿਨ ਤੋਂ ਅਜ ਤਕ ਹਰ ਇਨਸਾਨ ਜੋ ਆਪਣੇ ਆਪ ਨੂੰ ਸਿਖ ਅਖਵਾਉਂਦਾ ਹੈ, ਗੁਰੂ ਘਰ ਜਾਕੇ ਗੁਰੂ ਗ੍ਰੰਥ ਸਹਿਬ ਅਗੇ ਨੱਤ-ਮਸਤਕ ਹੁੰਦਾ ਹੈ ਅਤੇ ਰਾਗੀ ਜਥੇ ਦਾ ਕੀਰਤਨ ਪੁਰੀ ਸ਼ਰਧਾ ਨਾਲ ਸੁਣ ਕੇ ਉਸ ਉਤੇ ਅਮਲ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਅਜਿਹੇ ਸਿੱਖ ਦੇ ਦਿਮਾਗ ਵਿਚ ਇਹ ਸੋਚ ਕਤੱਈ ਨਹੀਂ ਆ ਸਕਦੀ ਕਿ ਇਹ ਰਾਗੀ ਸਿੰਘ ਜੋ ਇਤਨੇ ਪਿਆਰ ਅਤੇ ਸ਼ਰਧਾ ਨਾਲ ਸੰਗਤ ਨੂੰ ਗੁਰਬਾਣੀ ਦੇ ਲੜ ਲਗਣ ਦੀ ਪ੍ਰੇਰਨਾਂ ਕਰਦੇ ਹਨ, ਖੁਦ ਆਪ ਸਿੱਖੀ ਤੋਂ ਬਹੁਤ ਦੂਰ ਹੋਣਗੇ ਅਤੇ ਇਨ੍ਹਾਂ ਦੇ ਜੀਵਨ ਵਿਚ ਵੀ ਕੋਈ ਤਰੁਟੀ ਹੋਵੇਗੀ ਜਾਂ ਆ ਸਕਦੀ ਹੈ।

ਪੂਰਨ ਸਿੰਘ ਆਸਟ੍ਰੇਲੀਆ ਵਿਚ.......... ਲੇਖ / ਮਨਜੀਤ ਸਿੰਘ ਔਜਲਾ (ਐਮ.ਏ.ਬੀ.ਟੀ.)



ਆਸਟ੍ਰੇਲੀਅਨ ਇਤਿਹਾਸਕਾਰ, ਲਿਨ ਕੈਨਾਅ ਅਤੇ ਆਧੁਨਿਕ ਗੂਗਲ ਦੀ ਖੋਜ ਅਨੁਸਾਰ, ਆਸਟ੍ਰੇਲੀਆ ਦੀ ‘ਵਾਈਟ ਪਾਲਿਸੀ’ ਦਾ ਭਾਰਤੀਆਂ ਉਤੇ ਅਤੇ ਖਾਸ ਕਰਕੇ ਸਿੱਖਾਂ ਉਤੇ ਕੋਈ ਅਸਰ ਨਹੀਂ ਸੀ ਕਿਉਂਕਿ ਖੋਜ ਅਨੁਸਾਰ ਆਸਟ੍ਰੇਲੀਆ ਵਿਚ ਪਹਿਲਾ ਭਾਰਤੀ ਤਾਂ ਕੈਪਟਨ ਕੁੱਕ ਦੇ ਨਾਲ ਹੀ ਆ ਗਿਆ ਸੀ ਅਤੇ ਉਸ ਤੋਂ ਬਾਅਦ, 1830 ਵਿਚ ਚਰਵਾਹਾ ਬਣ ਕੇ ਆਏ ਸਿੱਖ ਦਾ ਵੀ ਜ਼ਿਕਰ ਆਉਂਦਾ ਹੈ। ਫੇਰ 1860 ਵਿਚ ਸਿੱਖ ਊਠਾਂ ਦੇ ਚਾਲਕ ਬਣ ਕੇ ਆਏ ਅਤੇ ਊਠਾਂ ਤੇ ਸਾਮਾਨ ਲੱਦ ਕੇ, ਇਕ ਥਾਂ ਤੋਂ ਦੂਸਰੀ ਥਾਂ ਲੈਜਾਇਆ ਕਰਦੇ ਸਨ। ਉਸ ਸਮੇ ਇਹਨ੍ਹਾਂ ਨੂੰ ‘ਗਾਨ’ (ਅਫ਼ਗਾਨੀ) ਆਖਿਆ ਜਾਂਦਾ ਸੀ। 1895 ਵਿਚ ਬੀਰ ਸਿੰਘ ਜੌਹਲ ਨਾਮ ਦਾ ਸਿੱਖ ਆਸਟ੍ਰੇਲੀਆ ਆਇਆ ਅਤੇ 1898 ਵਿਚ ਨਰੈਣ ਸਿੰਘ ਹੇਅਰ ਦਾ ਨਾਮ ਵੀ ਮਿਲਦਾ ਹੈ ਪ੍ਰੰਤੂ ਅੱਜ ਜਿਸ ਕਹਾਣੀ ਨੇ ਸਿੱਖਾਂ ਨੂੰ ਆਸਟ੍ਰੇਲੀਅਨਜ਼ ਦਾ ਕਾਇਲ ਬਣਾਇਆ ਹੈ, ਉਹ ਸਰਦਾਰ ਪੂਰਨ ਸਿੰਘ ਦੀ ਹੈ, ਜੋ 1899 ਵਿਚ ਆਸਟ੍ਰੇਲੀਆ ਆਏ ਅਤੇ ਜਿਨ੍ਹਾਂ ਨੇ ਮਿਸਟਰ ਮਾਯਰ (ਮਾਯਰ ਸਟੋਰ ਦੇ ਮਾਲਕ) ਅਤੇ ਮਿਸਟਰ ਫਲੈਚਰ (ਜੌਹਨ ਫਲੈਚਰ ਸਟੋਰ ਦੇ ਮਾਲਕ) ਦੇ ਨਾਲ ਵਾਰਨਾਂਬੂਲ ਤੋਂ, ਇਕੋ ਸਮੇਂ ਊਠ, ਘੋੜੇ, ਸਾਈਕਲ ਅਤੇ ਘੋੜਾ ਗਡੀ ਉਤੇ ਘਰਾਂ ਦੀ ਅਤੇ ਲੋਕਾਂ ਦੀ ਵਰਤੋਂ ਦਾ ਹਰ ਪ੍ਰਕਾਰ ਦਾ ਸਾਮਾਨ ਲੱਦ ਕੇ ਥਾਂ ਥਾਂ ਤੇ ਜਾਕੇ ਵੇਚਿਆ।
ਵਿਕਟੋਰੀਆ ਦੇ ਪਛਮੀਂ ਖਿਤੇ ਵਾਰਨਾਂਬੂਲ ਵਿਚ ਮਲਟੀਕਲਚਰਲਿਜ਼ਮ ਦੀ ਇਕ ਅਨੋਖੀ ਮਿਸਾਲ ਸਾਹਮਣੇ ਆਈ ਹੈ। ਕਹਾਣੀ ਸ਼ੁਰੂ ਹੋਣ ਤੋਂ ਲਗ ਪਗ ਚਾਰ ਹਫਤੇ ਪਹਿਲਾਂ ਐਸ.ਬੀ.ਐਸ. ਦੀ ਐਗ਼ਜੈਕਟਿਵ ਪ੍ਰੋਡਿਊਸਰ ਮਨਪ੍ਰੀਤ ਕੇ. ਸਿੰਘ ਨੂੰ ਸੂਚਨਾ ਮਿਲੀ ਕਿ ਵਾਰਨਾਂਬੂਲ ਵਿਚ ਇਕ ਆਸਟ੍ਰੇਲੀਅਨ ਪਰਵਾਰ ਨੇ ਪਿਛਲੇ 63 ਸਾਲ ਇਕ ਮਹੀਨਾ ਸਤਾਰਾਂ ਦਿਨ ਤੋਂ ਇਕ ਸਿੱਖ, ਜਿਸ ਦੀ ਇਹ ਖਾਹਸ਼ ਸੀ ਕਿ ਉਸ ਦੀਆਂ ਅਸਥੀਆਂ ਉਸ ਦੇ ਦੇਸ ਭੇਜੀਆਂ ਜਾਣ, ਦੀਆਂ ਅਸਥੀਆਂ ਸੰਭਾਲ ਕੇ ਰਖੀਆਂ ਹੋਈਆਂ ਹਨ। ਪਤਾ ਲੱਗਣ ਤੇ ਮਨਪ੍ਰੀਤ ਨੇ ਭਾਰਤੀ ਕ੍ਰਿਕਟ ਵੈਟਰਨ, ਕਪਿਲ ਦੇਵ ਨਾਲ ਇੰਟਰਵਿਊ ਸਮੇ ਇਸ ਦਾ ਜ਼ਿਕਰ ਕੀਤਾ ਤਾਂ ਉਹਨ੍ਹਾਂ ਨੇ ਝਟ ਇਸ ਦੀ ਜੁੰਮੇਵਾਰੀ ਆਪਣੇ ਸਿਰ ਲੈਂਦਿਆਂ ਕਿਹਾ, “ਇਹ ਇਕ ਮਹਾਨ ਗੱਲ ਹੈ ਅਤੇ ਜੇਕਰ ਇਹ ਅਵਸਰ ਮੈਨੂੰ ਮਿਲਦਾ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ ਕਿ ਮੈਂ ਇਹ ਅਸਥੀਆਂ ਭਾਰਤ ਲੈ ਕੇ ਜਾਵਾਂ। ਪੂਰਨ ਸਿੰਘ ਦੀ ਅੰਤਮ ਇਛਾ ਪੂਰੀ ਕਰਾਂ ਅਤੇ ਅਸਥੀਆਂ ਉਸਦੇ ਭਾਰਤ ਵਸਦੇ ਪਰਵਾਰ ਦੇ ਹਵਾਲੇ ਕਰਾਂ। ਮੈ ਲੈ ਜਾਂਦਾ ਹਾਂ” ਇਸ ਦੇ ਨਾਲ ਹੀ ਮਨਪ੍ਰੀਤ ਕੇ. ਸਿੰਘ ਨੇ ਇਹ ਖਬਰ ਭਾਰਤੀ ਮੀਡੀਏ ਨੂੰ, ਪ੍ਰਕਾਸ਼ਤ ਕਰਨ ਵਾਸਤੇ ਵੀ ਭੇਜ ਦਿਤੀ। ਸੋਨੇ ਤੇ ਸੁਹਾਗੇ ਵਾਂਗ ਇਕ ਪਾਸੇ ਤਾਂ ਭਾਰਤ ਦਾ ਉਘਾ ਕ੍ਰਿਕਟ ਖਿਡਾਰੀ ਕਪਿਲ ਦੇਵ ਇਸ ਵਾਸਤੇ ਮੈਦਾਨ ਵਿਚ ਆ ਗਿਆ ਅਤੇ ਦੂਸਰੇ ਪਾਸੇ ਮ੍ਰਿਤਕ ਪੂਰਨ ਸਿੰਘ ਦੇ ਭਰਾ ਸੁਲਤਾਨੀ ਰਾਮ ਦਾ ਪੋਤਰਾ, ਜੋ ਇੰਗਲੈਂਡ ਦੇ ਸ਼ਹਿਰ, ਬਰਮਿੰਘਮ ਵਿਚ ਰਹਿ ਰਿਹਾ ਹੈ, ਇੰਗਲੈਂਡ ਤੋਂ ਆਸਟ੍ਰੇਲੀਆ ਆਉਣ ਵਾਸਤੇ ਤਿਆਰ ਹੋ ਗਿਆ ਅਤੇ ਦੋਨੋ ਹੀ ਸਮੇ ਸਿਰ ਵਾਰਨਾਂਬੂਲ ਪਹੁੰਚ ਗਏ। ਯਾਦ ਰਹੇ ਕਿ ਇਸ ਨੇਕ ਕੰਮ ਵਿਚ ਵਿਕਟੋਰੀਆ ਸਰਕਾਰ ਅਤੇ ਸਿੱਖ ਭਾਈਚਾਰੇ ਨੇ ਵੀ ਯੋਗਦਾਨ ਪਾਉਣ ਵਾਸਤੇ ਆਪਣੇ ਆਪ ਨੂੰ ਪਿਛੇ ਨਹੀਂ ਰੱਖਿਆ। ਵਿਕਟੋਰੀਆ ਸਰਕਾਰ ਨੇ ਕਪਿਲ ਦੇਵ ਨੂੰ ਵਿਕਟੋਰੀਅਨ ਮਹਿਮਾਨ ਬਣ ਕੇ ਆਉਣ ਦੀ ਪੇਸ਼ਕਸ਼ ਕੀਤੀ ਜਦੋਂ ਕਿ ਗੁਰਦੁਆਰਾ ਬਲੈਕਬਰਨ ਦੀ ਸੰਗਤ ਨੇ ਹਰਮੇਲ ਉਪਲ ਦੀ ਟਿਕਟ ਅਤੇ ਆਸਟ੍ਰੇਲੀਆ ਰਹਿਣ ਦੇ ਖਰਚੇ ਦੀ ਪੇਸ਼ਕਸ਼ ਕੀਤੀ ਪ੍ਰੰਤੂ ਦੋਹਾਂ ਨੇ ਧੰਨਵਾਦ ਕਰਦਿਆਂ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਅਤੇ ਆਪਣੇ ਆਪਣੇ ਖਰਚੇ ਤੇ ਦਿਤੇ ਸਮੇਂ ਅਨੁਸਾਰ ਪਹੁੰਚ ਗਏ।
25 ਜੁਲਾਈ 2010 ਨੂੰ, ਮੈਲਬੌਰਨ ਤੋਂ ਲਗ ਪਗ 150 ਦੇ ਕਰੀਬ ਪੰਜਾਬੀ ਵਾਰਨਾਂਬੂਲ ਵਾਸਤੇ ਚਲ ਪਏ। ਦੋ ਬੱਸਾਂ ਗੁਰਦੁਆਰਾ ਬਲੈਕਬਰਨ ਤੋਂ ਅਤੇ ਇਕ ਬੱਸ ਗੁਰਦਵਾਰਾ ਕਰੇਗੀਬਰਨ ਸਹਿਬ ਤੋਂ ਚੱਲੀ। 270 ਕਿਲੋਮੀਟਰ ਦਾ ਰਸਤਾ ਲਗ ਪਗ ਚਾਰ ਘੰਟਿਆਂ ਵਿਚ ਤਹਿ ਕਰਕੇ, ਸੰਗਤ ਦੇ ਰੂਪ ਵਿਚ, ਪੰਜਾਬੀ ਭਾਈਚਾਰਾ 12 ਵਜੇ ਦੇ ਆਸ ਪਾਸ ਵਾਰਨਾਂਬੂਲ ਪਹੁੰਚ ਗਿਆ। ਵਾਰਨਾਂਬੂਲ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਬੱਸ ਫਿਊਨਰਲ ਡਾਇਰੈਕਟਰ ਦਫਤਰ ਦੇ ਬਾਹਰ ਰੁਕੀ ਅਤੇ ਇਕ ਆਸਟ੍ਰੇਲੀਅਨ ਗਾਈਡ ਬੱਸ ਵਿਚ ਸਵਾਰ ਹੋ ਗਈ, ਜਿਸ ਨੇ ਮਨਜ਼ਲ ਤੇ ਪਹੁੰਚਣ ਤੋਂ ਪਹਿਲਾਂ ਵਾਰਨਾਂਬੂਲ ਦੀਆਂ ਮਨ ਲੁਭਾਊ ਥਾਵਾਂ ਅਤੇ ਸੁੰਦਰ ਦ੍ਰਿਸ਼ ਦਿਖਾਏ ਅਤੇ ਵਾਰਨਾਂਬੂਲ ਦੇ ਇਤਿਹਾਸਕ ਪਿਛੋਕੜ ਉਤੇ ਚਾਨਣਾ ਪਾਇਆ। ਅੰਤ ਵਿਚ ਬੱਸ ਵਾਰਨਾਂਬੂਲ ਫੁਟਬਾਲ ਕਲੱਬ ਦੇ ਸਾਹਮਣੇ ਪਹੁੰਚ ਗਈ। ਕਲੱਬ ਵਿਚ ਪਹੁੰਚਦਿਆਂ ਹੀ ਮਾਹੌਲ ਆਓ ਭਗਤ ਵਰਗਾ ਲਗਿਆ ਜਿਥੇ 100 ਦੇ ਕਰੀਬ ਆਸਟ੍ਰੇਲੀਅਨ, ਤੀਬਰਤਾ ਨਾਲ ਮੈਲਬੌਰਨ ਤੋਂ ਆਉਣ ਵਾਲੇ ਪੰਜਾਬੀਆਂ ਦਾ ਸਵਾਗਤ ਕਰਨ ਵਾਸਤੇ ਤਿਆਰ ਬੈਠੇ ਸਨ। ਸਰਦੀਆਂ ਦੇ ਮੌਸਮ ਵਿਚ ਸਵੇਰੇ 8 ਵਜੇ ਤੋਂ ਚੱਲੀ ਸੰਗਤ ਨੇ ਆਸਟ੍ਰੇਲੀਅਨ ਵਲੋਂ ਕੀਤੀ ਆਓ ਭਗਤ ਅਤੇ ਗਰਮਾ ਗਰਮ ਚਾਹ ਦਾ ਖੂਬ ਆਨੰਦ ਮਾਣਿਆਂ। ਗੁਰਦੁਆਰਾ ਬਲੈਕਬਰਨ ਦੇ ਸੇਵਾਦਾਰਾਂ ਨੇ ਲੰਗਰ ਦੀ ਤਿਆਰੀ ਦੀ ਜੁੰਮੇਵਾਰੀ ਸੰਭਾਲ਼ੀ ਹੋਈ ਸੀ। ਚਾਹ ਪਾਣੀ ਪੀ ਕੇ ਹਰ ਕੋਈ ਆਪਣੇ ਆਪਣੇ ਕੰਮ ਵਿਚ ਲੱਗ ਗਿਆ; ਕੋਈ ਗੱਲਾਂ ਵਿਚ ਅਤੇ ਕੋਈ ਪੁੱਛ-ਗਿੱਛ ਵਿਚ, ਕਿ ਇਹ ਸਾਰਾ ਕੁਝ ਇਕ ਦਮ ਕਿਵੇਂ ਵਾਪਰਿਆ? ਅਜ ਵਾਰਨਾਂਬੂਲ ਦੇ ਪਛਮੀ ਫੁਟਬਾਲ ਕਲੱਬ ਦੇ ਅੰਦਰ ਦਾ ਨਜਾਰਾ ਪੁਰਾਣੇ ਸਮੇਂ ਵਿਚ ਕੀਤੇ ਜਾ ਰਹੇ ਸਰਾਧ ਵਰਗਾ ਲਗ ਰਿਹਾ ਸੀ।
ਕਲੱਬ ਵਿਚ ਜਿਥੇ ਖਾਣ ਪੀਣ ਅਤੇ ਸੁਖ ਆਰਾਮ ਦਾ ਪ੍ਰਬੰਧ ਕੀਤਾ ਗਿਆ ਸੀ ਓਥੇ ‘ਗਾਯਟ ਪ੍ਰੀਵਾਰ’ ਅਤੇ ਹਿਸਟੋਰੀਅਨ ‘ਲਿਨ ਕੈਨਾਅ ਅਤੇ ਕਰਿਸਟਲ ਜੌਰਡਨ’ ਵੀ ਹਾਜਰ ਸਨ।ਮਿਸਟਰ ਕੈਨਾਅ ਨਾਲ ਗਲ ਬਾਤ ਕਰਨ ਤੇ ਪਤਾ ਲਗਿਆ ਕਿ ਉਹ ਹਿਸਟੋਰੀਅਨ ਹਨ ਅਤੇ ਆਸਟ੍ਰੇਲੀਆ ਵਿਚ ਇੰਡੀਅਨ ਅਰਾਈਵਲ ਦੀ ਖੋਜ ਉਨ੍ਹਾਂ ਦਾ ਮੇਨ ਵਿਸ਼ਾ ਹੈ। ਇਸ ਤੋਂ ਬਾਅਦ ਐਲਿਸ, ਜਿਸਦੇ ਦੇ ਦਾਦਾ ਜੀ ਨੇ ਪੂਰਨ ਸਿੰਘ ਦਾ ਸਸਕਾਰ ਸਪਰਿੰਗਵੇਲ ਦੀ ਸਿਮਿਟਰੀ ਵਿਚ ਕਤਿਾ ਸੀ ਅਤੇ ਅਸਥੀਆਂ ਆਪਣੇ ਪਾਸ ਵਾਰਨਾਂਬੂਲ ਲੈ ਗਏ ਸਨ, ਜਿਨ੍ਹਾਂ ਨੇ ਆਪਣੇ ਅੰਤਮ ਸਮੇਂ ਅਸਥੀਆਂ ਆਪਣੇ ਪੁਤਰ ਨੂੰ ਇਸ ਆਸ ਨਾਲ ਸੌਂਪ ਦਿਤੀਆਂ ਕਿ ਕੋਈ ਤਾਂ ਆਵੇਗਾ ਇਨ੍ਹਾਂ ਦੀ ਸੰਭਾਲ ਵਾਸਤੇ। ਪੁਤਰ ਦੀ ਆਯੂ ਬੀਤ ਗਈ ਅਤੇ ਆਪਣੀ ਖਾਹਸ਼ ਪੂਰੀ ਹੁੰਦੀ ਨਾਂ ਦੇਖ ਕੇ ਇਹ ਸੌਂਪਣਾ ਆਂਪਣੀ ਬੇਟੀ ਐਲਿਸ ਅਤੇ ਉਸਦੇ ਭਾਈ ਨੂੰ ਸੌਂਪ ਗਏ। ਦੋਨੋ ਭੇਣ ਭਾਈ ਆਪਣੀ ਆਧੇੜ ਉਮਰ ਤਕ ਉਡੀਕ ਕਰਦੇ ਰਹੇ ਪ੍ਰੰਤੂ ਆਸ ਪੂਰੀ ਨਾਂ ਹੁੰਦੀ ਨਜਰ ਆਈ। ਤੀਸਰੀ ਪੁਸ਼ਤ ਹੋ ਜਾਣ ਤੇ ਸ਼ਾਇਦ ਥੋੜੇ ਨਿਰਾਸ਼ ਵੀ ਹੋ ਗਏ ਹੋਣ। ਕਹਿੰਦੇ ਹਨ ਕਿ ਕਈ ਵਾਰ ਪ੍ਰਮਾਤਮਾਂ ਵੀ ਪਰਖ ਕਰਦਿਆਂ ਕਰਦਿਆ ਬਹੁਤ ਦੇਰ ਕਰ ਦਿੰਦਾ ਹੈ। ਅਜ ਜਦੋਂ ਭੈਣ ਭਰਾ ਇਨ੍ਹਾਂ ਅਸਥੀਆਂ ਬਾਰੇ ਸੋਚ ਹੀ ਰਹੇ ਹੋਣਗੇ ਕਿ ਹਿਸਟੋਰੀਅਨ, ਲਿਨ ਕੈਨਾਅ ਨੂੰ ਇਸ ਗਲ ਦੀ ਭਿਣਕ ਪੈ ਗਈ ਅਤੇ ਉਹ ਕਹਾਣੀ ਦੇ ਹੀਰੋ ਬਣਨ ਵਾਸਤੇ ਆ ਹਾਜਰ ਹੋਏ। ਪੂਰੀ ਖੋਜ ਤੋਂ ਬਾਦ ਉਨਾਂ ਇਹ ਖਬਰ ਐਸ.ਬੀ.ਐਸ. ਰੇਡੀਓ ਦੇ ਪੰਜਾਬੀ ਪ੍ਰੋਗਰਾਮ ਦੇ ਪ੍ਰਡਿਊਸਰ ਮਨਪ੍ਰੀਤ ਕ. ਸਿੰਘ ਨੂੰ ਦਿਤੀ ਜਿਨ੍ਹਾਂ ਨਾਲ ਉਨ੍ਹਾਂ ਦੀ ਵਾਕਫੀ ਬਹੁਤ ਦੇਰ ਤੋਂ ਸੀ। ਜਿਓਂ ਹੀ ਇਹ ਖਬਰ ਮਨਪ੍ਰੀਤ ਪਾਸ ਆਈ ਤਾਂ ਇਕ ਦਮ ਹਵਾ ਵਿਚ ਫੈਲ ਗਈ। ਐਸ.ਬੀ.ਐਸ. ਰੇਡੀਓ ਤੋਂ ਇਲਾਵਾ ਇਹ ਭਾਰਤੀ ਮੀਡੀਏ ਪਾਸ ਵੀ ਪਹੁੰਚ ਗਈ। ਭਾਰਤੀ ਮੀਡੀਆ ਜੋ ਭਾਰਤੀ ਵਿਦਿਆਰਥੀਆਂ ਦੀਆਂ ਸਮਿਸਆਵਾਂ ਨੂੰ ਵਧਾ ਘਟਾ ਕੇ ਅਤੇ ਗਲਤ ਢੰਗ ਨਾਲ ਪ੍ਰਕਾਸ਼ਤ ਕਰਨ ਵਿਚ ਬਦਨਾਮ ਹੋ ਚੁਕਿਆ ਸੀ, ਇਸ ਖਬਰ ਨੂੰ ਸਹੀ ਰੂਪ ਦੇ ਕੇ ਆਪਣੀ ਥੋੜੀ ਬਹੁਤ ਹੋਂਦ ਕਾਇਮ ਕਰਨ ਵਿਚ ਸਫਲ ਹੋ ਗਿਆ ਅਤੇ ਖਬਰ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਤਕ ਪਹੁੰਚਾ ਦਿਤੀ, ਜਿਥੋਂ ਪੂਰਨ ਸਿੰਘ ਦੇ ਭਰਾ, ਸੁਲਤਾਨੀ ਰਾਮ ਦਾ ਪੋਤਰਾ ਹਰਮੇਲ ਉਪਲ ਵੀ ਆ ਹਾਜਰ ਹੋਇਆ। ਜਿਵੇਂ ਅਸੀਂ ਉਪਰ ਵਿਸਥਾਰ ਪੂਰਵਕ ਬਿਆਨ ਕਰ ਚੁੱਕੇ ਹਾਂ ਕਿ ਵਾਰਨਾਂਬੂਲ਼ ਨਿਵਾਸੀਆਂ ਨੇ ਮੈਲਬੌਰਨ ਤੋਂ ਪਹੁੰਚੀ ਸਿੱਖ ਸੰਗਤ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਥੋਹੜੇ ਆਰਾਮ ਅਤੇ ਖਾਣ ਪੀਣ ਤੋਂ ਬਾਅਦ, ਸ਼ਮਸ਼ਾਨ ਭੂਮੀ ਵੱਲ ਚਾਲੇ ਪਾਏ, ਜਿਥੇ ਪੂਰਨ ਸਿੰਘ ਦੀਆਂ ਅਸਥੀਆਂ ਸੰਭਾਲ਼ ਕੇ ਰਖੀਆਂ ਹੋਈਆਂ ਸਨ। ਏਥੇ ਪਹੁੰਚ ਕੇ ਅਸਥੀਆਂ ਪ੍ਰਾਪਤ ਕਰਨ ਤੋਂ ਪਹਿਲਾਂ ਕਪਿਲ ਦੇਵ ਨੇ ਇਸ ਬਾਰੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ, “ਇਹ ਉਸ ਸਮੇ ਦੀ ਗੱਲ ਹੈ ਜਦੋਂ ਅਜੇ ਆਸਟ੍ਰੇਲੀਆ ਵਿਚੋਂ ‘ਵਾਈਟ ਪਾਲਿਸੀ’ ਖਤਮ ਨਹੀਂ ਸੀ ਹੋਈ। ਅੱਜ ਜਦੋਂ ਆਸਟ੍ਰੇਲੀਆ ਮਨੁੱਖੀ ਹਿਤਾਂ ਦੀ ਮੋਹਰਲੀ ਕਤਾਰ ਵਿਚ ਖੜ੍ਹਾ ਹੈ ਤਾਂ 2% ਮੀਡੀਆ, ਜੋ ਆਪਣਾ ਸਹੀ ਰੋਲ ਨਹੀਂ ਨਿਭਾ ਰਿਹਾ, ਨੂੰ ਆਪਣੀ ਸੋਚ ਬਦਲ ਲੈਣੀ ਚਾਹੀਦੀ ਹੈ ਤਾਂ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ, ਵਿਦਿਆਰਥੀਆਂ ਦੁ ਮਸਲੇ ਤੇ ਆਈ ਦਰਾੜ ਮਿਟ ਜਾਵੇ।“ ਪੂਰਨ ਸਿੰਘ ਦੀਆਂ ਅਸਥੀਆਂ ਬਾਰੇ ਬੋਲਦਿਆਂ ਉਹਨਾਂ ਕਿਹਾ, “63 ਸਾਲ ਤਕ ਕਿਸੇ ਦੀ ਇਸ ਤਰ੍ਹਾਂ ਅਮਾਨਤ ਸੰਭਾਲ ਕੇ ਰਖਣੀ ਅਤੇ ਉਹ ਵੀ ਇਕ ਆਸਟ੍ਰੇਲੀਅਨ ਪਰਵਾਰ ਵਲੋਂ, ਇਸ ਦੀ ਮਿਸਾਲ ਸ਼ਾਇਦ ਹੀ ਦੁਨੀਆਂ ਦੇ ਕਿਸੇ ਹੋਰ ਦੇਸ ਵਿਚੋਂ ਮਿਲ ਸਕੇ। ਅੱਜ ਸਾਡੇ ਪਾਸ ਦੋ ਕੌਮਾਂ ਦੇ ਆਪਸੀ ਮੇਲ ਦੀ ਇਸ ਤੋਂ ਵੱਡੀ ਕੋਈ ਵੀ ਉਦਾਹਰਣ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਆਪਣੀ ਖੇਡ ਸਮੇ, ਕਦੇ ਵੀ ਕਿਸੇ ਆਸਟ੍ਰੇਲੀਅਨ ਖਿਡਾਰੀ ਵਿਚ ਕੋਈ ਭੇਦ-ਭਾਵ ਨਹੀਂ ਸੀ ਦੇਖਿਆ। ਅੱਜ ਤਾਂ ਇਕ ਸਭ ਤੋਂ ਵੱਡੀ ਮਿਸਾਲ ਸਾਡੇ ਸਾਹਮਣੇ ਆ ਗਈ ਹੈ। ਅੰਤ ਵਿਚ ਉਹਨਾਂ ਪੂਰਨ ਸਿੰਘ ਦੇ ਪੋਤਰੇ ਨੂੰ ਆਪਣੇ ਪੂਰਵਜ ਦੀ ਅਮਾਨਤ ਲੈਣ ਵਾਸਤੇ ਕਿਹਾ।“
ਅਗਲਾ ਸਫਰ ਆਰੰਭ ਹੋਇਆ ਅਸਥੀਆਂ ਦਾ ਭਾਰਤ ਪਹੁੰਚਣ ਦਾ। ਜਿਵੇਂ ਉਪਰ ਦੱਸਿਆ ਜਾ ਚੁਕਾ ਹੈ ਕਿ ਰੇਡੀਓ ਐਸ.ਬੀ.ਐਸ. ਦੀ ਪੰਜਾਬੀ ਪ੍ਰੋਡੀਊਸਰ ਮਨਪ੍ਰੀਤ ਕ. ਸਿੰਘ ਦੀ ਭੂਮਿਕਾ ਇਤਨੀ ਅਹਿਮ ਹੈ ਕਿ ਉਹਨਾਂ ਦੀ ਦਖਲ ਅੰਦਾਜੀ ਤੋਂ ਬਿਨਾ ਇਹ ਗੁੱਥੀ ਸ਼ਾਇਦ ਕਦੀ ਸੁਲਝਦੀ ਹੀ ਨਾਂ ਅਤੇ ਆਸਟ੍ਰੇਲੀਅਨ ਪਰਵਾਰ, ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਦੀ ਤੰਗ ਦਿਲੀ, ਸੰਗਾਊ ਸੁਭਾ ਅਤੇ ਨਾ-ਮਿਲਵਰਤਣ ਵਾਲੀ ਕੌਮ ਸਮਝ ਕੇ, ਆਪਣੀਆਂ ਆਸਾਂ ਆਪਣੇ ਅੰਦਰ ਹੀ ਰਖਦਿਆਂ, ਅੱਗੇ ਤੋਂ ਅਗੇ ਪੁਸ਼ਤ-ਦਰ-ਪੁਸ਼ਤ ਚੱਲਦਾ ਰਹਿੰਦਾ। ਧੰਨ ਹੈ ਸਾਡੀ ਮਨਪ੍ਰੀਤ ਕ. ਸਿੰਘ ਜਿਸ ਦੇ ਕਾਰਨ ਅੱਜ ਪੰਜਾਬੀਅਤ ਦਾ ਸਿਰ ਉਚਾ ਹੋਇਆ ਹੈ। ਏਥੇ ਹੀ ਬਸ ਨਹੀਂ ਮਨਪ੍ਰੀਤ ਨੇ ਆਪਣਾ ਰੋਲ ਭਾਰਤ ਜਾਣ ਦਾ, ਪੂਰਨ ਸਿੰਘ ਦਾ ਪਿੰਡ ਉਪਲ ਭੂਪਾ ਅਤੇ ਉਸ ਦੇ ਭੇਜੇ ਪੈਸਿਆਂ ਨਾਲ ਬਣਿਆ ਘਰ, ਜਿਸ ਉਤੇ ਅੱਜ ਵੀ ਤਖਤੀ ਲਗੀ ਹੋਈ ਹੈ:

ਪੂਰਨ ਸਿੰਘ ਭਰਾ ਸੁਲਤਾਨੀ ਰਾਮ, ਆਸਟ੍ਰੇਲੀਆ ਵਾਲੇ

ਆਪਣੀਆਂ ਅੱਖਾਂ ਨਾਲ ਵੇਖਿਆ। ਅਸਥੀਆਂ 27 ਜੁਲਾਈ ਸਵੇਰ ਵੇਲੇ ਮੈਲਬਰਨ ਤੋਂ ਰਵਾਨਾ ਹੋਈਆਂ। ਸ਼ਾਮ ਨੂੰ ਦਿਲੀ ਪਹੁੰਚੀਆਂ। ਰਾਤ ਆਰਾਮ ਕਰਕੇ 28 ਸਵੇਰ ਤੋਂ ਚਲ ਕੇ ਸ਼ਾਮ ਤਕ ਜਲੰਧਰ ਪਹੁੰਚੀਆਂ। 29 ਸਵੇਰੇ ਪਿੰਡ ਉਪਲ ਭੂਪਾ ਤੋਂ ਰਵਾਨਾ ਹੋ ਕੇ, ਸ਼ਾਮ ਨੂੰ ਹਰਿਦੁਆਰ ਪਹੁੰਚੀਆਂ। ਅੰਤ 30 ਜੁਲਾਈ 2010 ਸਵੇਰ ਵੇਲੇ, ਪੂਰਨ ਸਿੰਘ ਦੀ ਆਖਰੀ ਇੱਛਾ ਪੂਰਤੀ ਲਈ, ਅਸਥੀਆਂ ਪਵਿਤਰ ਗੰਗਾ ਵਿਚ ਵਹਾ ਦਿਤੀਆਂ ਗਈਆਂ। ਪਹਿਲੀ ਅਗੱਸਤ ਨੂੰ ਵਾਪਸੀ ਸਫਰ ਆਰੰਭ ਕਰਕੇ ਮਨਪ੍ਰੀਤ ਆਪਣੇ ਦੇਸ ਆਸਟ੍ਰੇਲੀਆ ਪਹੁੰਚ ਗਈ, ਜਿਥੇ ਪਹੁੰਚ ਕੇ ਉਹਨਾਂ ਆਪਣੀ ਸਾਰੀ ਯਾਤਰਾ ਦਾ ਵੇਰਵਾ ਰੇਡੀਓ ਤੇ ਪ੍ਰਸਾਰਤ ਕੀਤਾ ਅਤੇ ਵੈਬ ਸਾਈਟ ਤੇ ਪਾਇਆ।

ਇਹ ਸੀ ਇਕ ਸਿੱਖ ਦੀ ਆਖਰੀ ਇੱਛਾ ਦੀ ਅਤੇ ਇਕ ਸੱਚੇ ਆਸਟ੍ਰੇਲੀਅਨ ਦੇ ਫਰਜ਼ ਅਤੇ ਉਪਕਾਰ ਦੀ ਪੂਰਤੀ।
****

ਖੋਟ.......... ਲੇਖ / ਮਨਜੀਤ ਸਿੰਘ ਔਜਲਾ


ਦੋ ਭਿੰਨ ਭਿੰਨ ਵਸਤੂਆਂ ਦੇ ਮੇਲ ਨੂੰ ਮਿਲਾਵਟ ਜਾਂ ਖੋਟ ਕਿਹਾ ਜਾਂਦਾ ਹੈ। ਆਲਮਾਂ (ਗਿਆਨੀਆਂ) ਦਾ ਕਹਿਣਾ ਹੈ ਕਿ ਇਹ ਮਿਲਾਵਟ ਦੋ ਪ੍ਰਕਾਰ ਦੀ ਹੁੰਦੀ ਹੈ। (1) ਵਿਜਾਤੀ ਮੇਲ ਅਤੇ (2) ਸਜਾਤੀ ਮੇਲ। ਵਿਜਾਤੀ ਮੇਲ ਨੁੰ ਉਹ ਖੋਟ ਆਖਦੇ ਹਨ ਪ੍ਰੰਤੂ ਸਜਾਤੀ ਮੇਲ ਨੂੰ ਕੋਈ ਨਾਂ ਨਹੀਂ ਦਿੰਦੇ ਕਿਉਂਕਿ ਸਜਾਤੀ ਮੇਲ ਦੁਆਰਾ ਮਿਲਣ ਵਾਲੀ ਵਸਤੂ ਆਪਣੇ ਮੂਲ ਵਿਚ ਅਭੇਦ ਹੋ ਜਾਂਦੀ ਹੈ ਜਿਵੇਂ ਪਾਣੀ ਵਿਚ ਪਾਣੀ ਦਾ ਮੇਲ, ਸੁਗੰਧੀ ਵਿਚ ਸੁਗੰਧੀ ਦਾ ਮੇਲ। ਏਸੇ ਤਰਾਂ ਸੁਰਤ ਅਤੇ ਸ਼ਬਦ ਦੇ ਮੇਲ ਨਾਲ ਆਤਮਾ ਦਾ ਪ੍ਰਮਾਤਮਾ ਨਾਲ ਮੇਲ, ਪਾਣੀ ਦੀ ਬੂੰਦ ਦਾ ਸਾਗਰ ਵਿਚ ਸਮਾਣਾ ਆਦਿ: (ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗਿ ਪਾਨੀ॥ (253)
ਦੂਸਰਾ ਜੋ ਵਿਜਾਤੀ ਮੇਲ ਹੁੰਦਾ ਹੈ ਉਹ ਮਿਲਾਵਟ ਅਖਵਾਂਦਾ ਹੈ ਕਿਉਂਕਿ ਉਹ ਦੋ ਵਖ ਵਖ ਵਸਤੂਆਂ ਦੇ ਮਿਲਾਪ ਦਾ ਨਾਮ ਹੈ ਜਿਨ੍ਹਾਂ ਦੀ ਪਹਿਚਾਨ ਵਖਰੀ ਹੁੰਦੀ ਹੈ ਜਿਵੇਂ ਪਾਣੀ ਅਤੇ ਤੇਲ ਦਾ ਮੇਲ, ਸੋਨੇ ਅਤੇ ਤਾਂਬੇ ਦਾ ਮੇਲ, ਦੁਧ ਅਤੇ ਪਾਣੀ ਦਾ ਮੇਲ, ਸੁਗੰਧ ਅਤੇ ਦੁਰਗੰਧ ਦਾ ਮੇਲ ਆਦਿ। ਇਸ ਤਰ੍ਹਾਂ ਦੇ ਮੇਲ ਦੀ ਤੁਲਨਾ ਜਦੋਂ ਇਨਸਾਨੀ ਸੁਭਾ ਨਾਲ ਕੀਤੀ ਜਾਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਵਿਜਾਤੀ ਮੇਲ ਮੂਰਖ ਲੋਕਾਂ ਦੀ ਕਿਸਮ ਹੈ ਅਤੇ ਸਜਾਤੀ ਮੇਲ ਸਿਆਣੇ ਲੋਕਾਂ ਦੀ। ਫਿਰ ਏਥੇ ਇਹ ਵੀ ਰਾਏ ਹੈ ਕਿ ਮੂਰਖ ਸਾਰੇ ਇਕੋ ਕਿਸਮ ਦੇ ਲੋਕ ਹੁੰਦੇ ਹਨ ਜਦੋਂ ਕਿ ਸਿਆਣੇ ਅਲੱਗ ਅਲੱਗ ਕਿਸਮ ਦੇ ਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 100 ਮੂਰਖ ਇਕਠਾ ਕਰ ਲਵੋ ਸਾਰੇ ਇਕ ਹੀ ਬੋਲੀ ਬੋਲਣਗੇ ਅਤੇ ਉਹ ਹੈ ਕਿ ਉਨ੍ਹਾਂ ਵਿਚੋਂ ਕੋਈ ਵੀ ਸਿਅਣੀ ਗਲ ਨਹੀਂ ਕਰੇਗਾ, ਜਿਹੜਾ ਵੀ ਬੋਲੇਗਾ ਨਾਂ ਮੰਨਣ ਯੋਗ ਗਲ ਹੀ ਕਰੇਗਾ। ਦੂਸਰੇ ਪਾਸੇ ਦੋ ਸਿਆਣੇ ਬੈਠ ਜਾਣ ਤਾਂ ਦੋਨਾਂ ਦੀ ਸੋਚ ਆਪਣੇ ਢੰਗ ਦੀ ਹੋਵੇਗੀ, ਦੋਨਾਂ ਦੀ ਰਾਏ ਵਖਰੀ ਹੋਵੇਗੀ, ਦੋਵਾਂ ਦੇ ਸੁਭਾ ਵਖਰੇ ਹੋਣਗੇ ਪ੍ਰਤੂੰ ਦੋਨੋ ਹੀ ਸੱਚ ਦੇ ਪਾਂਧੀ ਹੋਣਗੇ ਅਤੇ ਦੋਨੋ ਹੀ ਧਰਮ ਅਤੇ ਨਿਆਂ ਦੀ ਗਲ ਨਾਲ ਸਹਿਮਤ ਹੋਣਗੇ। ਇਸ ਦਾ ਸਪਸ਼ਟੀਕਰਣ ਅਵਤਾਰੀ ਪੁਰਸ਼ਾਂ ਦੀ ਉਦਾਹਰਣ ਦੁਆਰਾ ਵੀ ਕੀਤਾ ਜਾ ਸਕਦਾ ਹੈ ਜਿਵੇਂ ਸ੍ਰੀ ਰਾਮ ਚੰਦਰ ਜੀ ਅਤੇ ਭਗਵਾਨ ਕ੍ਰਿਸ਼ਨ ਜੀ ਵੱਖ ਵੱਖ ਸਮੇਂ ਦੇ ਅਵਤਾਰ ਹੋਏ ਹਨ ਪ੍ਰੰਤੂ ਦੇਖਿਆ ਜਾਵੇ ਤਾਂ ਦੋਨਾਂ ਦੇ ਸੁਭਾ ਇਕ ਦੂਸਰੇ ਨਾਲ ਮੇਲ ਨਹੀਂ ਸਨ ਖਾਂਦੇ ਜਦੋਂ ਕਿ ਦੋਨੋ ਹੀ ਅਵਤਾਰੀ ਪੁਰਸ਼ ਅਤੇ ਧਰਮ, ਕਰਮ ਦੇ ਧਾਰਣੀ ਸਨ। ਰਾਮ ਚੰਦਰ ਜੀ ਆਗਿਆਕਾਰੀ ਅਤੇ ਸਾਮਰਾਜ ਦੇ ਪਾਂਧੀ ਸਨ ਏਸੇ ਕਾਰਣ ਜਦੋਂ ਧੋਬੀ ਦੀ ਅਗਵਾਈ ਹੇਠ ਉਸਦੀ ਪਰਜਾ ਨੇ ਇਹ ਕਹਿ ਦਿਤਾ ਕਿ ਉਹ ਰਾਮ ਚੰਦਰ ਜੀ ਨੂੰ ਰਾਜਾ ਮੰਨਦੇ ਹਨ ਪ੍ਰੰਤੂ ਮਾਤਾ ਸੀਤਾ ਨੂੰ ਰਾਣੀ ਸਵੀਕਾਰ ਨਹੀਂ ਕਰਨਗੇ ਕਿਉਂਕਿ ਉਹ ਰਾਵਣ ਦੇ ਰਾਜ ਵਿਚ ਇਕਲੀ ਰਹਿ ਕੇ ਆਈ ਹੈ ਤਾਂ ਰਾਮ ਚੰਦਰ ਜੀ ਨੇ ਸਭ ਕੁਝ ਜਾਣਦਿਆਂ ਅਤੇ ਗਰਭਵਤੀ ਅਵਸਥਾ ਵਿਚ ਓਸ ਸੀਤਾ ਨੂੰ ਆਪਣੇ ਤੋਂ ਦੂਰ ਕਰ ਦਿਤਾ ਜਿਸਨੂੰ ਅਜ ਵੀ ਲੋਕ ਮਾਤਾ ਸੀਤਾ ਕਹਿ ਕੇ ਯਾਦ ਕਰਦੇ ਹਨ ਅਤੇ ਸਤੀ ਸਵਿਤਰੀ ਦਾ ਰੁਤਬਾ ਦੇ ਕੇ ਸਤਿਕਾਰਦੇ ਹਨ। ਅਜਿਹਾ ਕਰਕੇ ਉਸਨੇ ਪ੍ਰਜਾ ਨੂੰ ਇਹ ਸਾਬਤ ਕਰ ਦਿਤਾ ਸੀ ਕਿ ਉਸਦਾ ਰਾਜ ਇਕ ਲੋਕ-ਰਾਜ ਹੈ ਅਤੇ ਉਹ ਉਸ ਲੋਕ ਰਾਜ ਦੇ ਪ੍ਰਜਾਪਤੀ ਹਨ। ਦੂਸਰੇ ਪਾਸੇ ਭਗਵਾਨ ਕ੍ਰਿਸ਼ਨ ਜੀ ਸਨ ਜਿਨ੍ਹਾਂ ਨੇ ਬਚਪਨ ਵਿਚ ਕਈ ਤਰਾਂ ਦੀ ਰਾਸ ਲੀਲਾ ਕੀਤੀ, ਜਵਾਨੀ ਵਿਚ ਵੀ ਅਤੇ ਮਹਾਂਭਾਰਤ ਦੇ ਯੁਧ ਸਮੇਂ ਜਦੋਂ ਉਹ ਪਾਂਡਵਾਂ ਦੇ ਰਥਵਾਨ ਬਣੇ ਜਿਥੇ ਉਨ੍ਹਾਂ ਨੇ ਭਾਗਵਤ ਗੀਤਾ ਦਾ ਉਚਾਰਣ ਵੀ ਕੀਤਾ, ਓਸੇ ਹੀ ਰਣਭੂਮੀਂ ਵਿਚ ਕੌਰਵਾਂ ਨੂੰ ਹਰਾਉਣ ਵਾਸਤੇ ਯੁਧਿਸ਼ਟਰ ਨੂੰ ਝੂਠ ਬੋਲਣ ਵਾਸਤੇ ਮਜਬੂਰ ਕੀਤਾ ਅਤੇ ਪਾਪ ਆਪਣੇ ਸਿਰ ਲੈਂਦਿਆਂ ਉਸ ਪਾਸੋਂ ਝੂਠ ਬੁਲਵਾਇਆ। ਕੇਵਲ ਇਹ ਹੀ ਨਹਂਿ ਇਸ ਯੁਧ ਵਿਚ ਭਗਵਾਨ ਕ੍ਰਿਸ਼ਨ ਜੀ ਨੇ ਸ਼ਸਤਰ ਨਾਂ ਚੁਕਣ ਦਾ ਵੀ ਪ੍ਰਣ ਕੀਤਾ ਸੀ ਪ੍ਰੰਤੂ ਜਦੋਂ ਪਾਂਡਵਾਂ ਦੀ ਹਾਰ ਹੁੰਦੀ ਨਜਰ ਆਈ ਤਾਂ ਉਨ੍ਹਾਂ ਇਹ ਪ੍ਰਣ ਵੀ ਤੋੜ ਦਿਤਾ। ਬੇਸ਼ਕ ਇਸ ਸਾਰੇ ਕੁਝ ਪਿਛੇ ਇਕ ਹੀ ਇਛਾ ਸੀ, ਪਾਂਡਵਾਂ ਨੂੰ ਇਨਸਾਫ (ਰਾਜ) ਦਿਵਾਉਣਾ ਅਤੇ ਉਹ ਵੀ ਨਿਰਸਵਾਰਥ, ਫਿਰ ਵੀ ਇਕ ਅਵਤਾਰ ਦਾ ਸੁਭਾ ਦੂਸਰੇ ਦੇ ਉਲਟ ਸੀ। ਕਹਿੰਦੇ ਹਨ ਕਿ ਮਹਾਤਮਾਂ ਗਾਂਧੀ ਵੀ ਇਕ ਆਤਮਾਂ ਵਿਚ ਦੋ ਵਖਰੇ ਸੁਭਾ ਰਖਦੇ ਸਨ। ਜਦੋਂ ਉਨ੍ਹਾਂ ਨੇ ਆਜਾਦੀ ਦੀ ਲੜਾਈ ਆਰੰਭ ਕੀਤੀ ਸੀ ਤਾਂ ਓਸੇ ਦਿਨ ਤੋਂ ਹੀ ਉਹ ਰਾਮਰਾਜ ਭਾਵ ਸਾਮਰਾਜ ਦੇ ਹਾਮੀ ਸਨ ਪ੍ਰੰਤੂ ਆਪਣੇ ਦੋ ਵੇਲੇ ਦੇ ਨਿਤਨੇਮ ਵਿਚ ਹਮੇਸ਼ਾਂ ਹੀ ਪਾਠ ਭਾਗਵਤ ਗੀਤਾ ਦਾ ਕਰਦੇ ਸਨ ਰਾਮਾਇਣ ਦਾ ਨਹੀਂ। ਇਸ ਤਰਾਂ ਆਪਣੇ ਨਿਜੀ ਜੀਵਨ ਵਿਚ ਉਹ ਭਗਵਾਨ ਕ੍ਰਿਸ਼ਨ ਦੇ ਪੁਜਾਰੀ ਸਨ।
ਹੁਣ ਦੂਸਰੇ ਮੇਲ ਦੀ ਗਲ ਕਰਦੇ ਹਾਂ ਜਿਸਨੂੰ ਗਿਆਨੀ ਪੁਰਸ਼ ਵਿਜਾਤੀ ਮੇਲ ਦਸਦੇ ਹਨ। ਇਸ ਵਿਜਾਤੀ ਮੇਲ ਦੀਆਂ ਵੀ ਅਨੇਕ ਉਦਾਹਰਣਾ ਹਨ ਜੋ ਮਨੁਖੀ ਸੁਭਾ ਨਾਲ ਮੇਲ ਖਾਂਦੀਆਂ ਹਨ। ਦੇਖਿਆ ਜਾਵੇ ਤਾਂ ਮਨੁਖ ਦੋ ਤੱਤਾਂ (ਭੌਤਿਕ ਅਤੇ ਅਭੌਤਿਕ) ਭਾਵ ਮਨ ਅਤੇ ਤਨ ਦੇ ਮਿਲਾਪ ਦਾ ਬਣਿਆ ਹੈ ਅਤੇ ਮਨ ਉਤੇ ਅਗੇ ਛੇ ਤੱਤਾਂ ਦਾ ਕਬਜਾ ਹੈ, ਜਿਨ੍ਹਾਂ ਵਿਚੋਂ ਸੁਰਤ ਦੈਵੀ ਸ਼ਕਤੀ ਹੈ ਜਿਸਨੂੰ ਦੁਨਿਆਵੀ ਸ਼ਕਤੀਆਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ) ਨੇ ਆਪਣੇ ਏਕੇ ਨਾਲ ਦਬਾ ਰਖਿਆ ਹੈ ਕਿਉਂਕਿ ਇਨ੍ਹਾਂ ਨੇ ਮਨ ਨੂੰ ਵੀ ਆਪਣਾ ਗੁਲਾਮ ਬਣਾਇਆ ਹੋਇਆ ਹੈ। ਪੰਜਾਂ ਤੱਤਾਂ ਵਿਚੋਂ ਮੋਹ ਅਤੇ ਕ੍ਰੋਧ ਸੰਸਾਰੀ ਜੀਵਾਂ ਦਾ ਸੁਭਾ ਬਣ ਚੁਕਿਆ ਹੈ ਪ੍ਰੰਤੂ ਹੰਕਾਰ, ਲੋਭ ਅਤੇ ਕਾਮ, ਵਾਸ਼ਨਾਵਾਂ ਹਨ ਜੋ ਕਦੇ ਮਰਦੀਆਂ ਨਹੀਂ। ਇਸ ਲਈ ਇਹ ਕਦੀ ਖਤਮ ਵੀ ਨਹੀਂ ਹੁੰਦੀਆਂ। ਆਲਮ ਲੋਕ ਕਹਿੰਦੇ ਹਨ ਕਿ ਜੇਕਰ ਵਾਸ਼ਨਾਵਾਂ ਮਰ ਜਾਣ ਤਾਂ ਇਨਸਾਨ ਜਾਂ ਤਾਂ ਮਰ ਜਾਂਦਾ ਹੈ ਜਾਂ ਫਿਰ ਆਪਣੇ ਕਰਤੇ (ਪ੍ਰਮਾਤਮਾਂ) ਵਿਚ ਅਭੇਦ ਹੋ ਜਾਂਦਾ ਹੈ। ਹੰਕਾਰ ਵਾਸ਼ਨਾ ਉਸ ਵਸਤੂ ਦੀ ਹੁੰਦੀ ਹੈ ਜੋ ਮਨੁਖ ਦੇ ਕੋਲ ਨਹੀਂ ਹੁੰਦੀ, ਮਿਸਾਲ ਦੇ ਤੌਰ ਤੇ ਜਿਸ ਰੁਤਬੇ ਤੇ ਮਨੁਖ ਹੁੰਦਾ ਹੈ ਉਸਦੀ ਮਹਾਨਤਾ ਨੂੰ ਭੁਲ ਜਾਂਦਾ ਹੈ ਅਤੇ ਉਸਤੋਂ ਉਪਰ ਵਲ ਜਾਣ ਦੀ ਹਮੇਸ਼ਾਂ ਤਾਂਗ ਰਖਦਾ ਹੈ। ਹੰਕਾਰ ਮਿਲੀ ਹੋਈ ਪਦਵੀ (ਵਸਤੂ) ਤੋਂ ਉਚੀ ਪਦਵੀ ਦੀ ਤਾਂਗ ਹੈ। ਲੋਭ ਵਾਸ਼ਨਾ ਹੋਰ ਹੋਰ ਮਾਇਆ ਅਤੇ ਤਾਕਤ ਇਕਠੀ ਕਰਕੇ ਬਲਵਾਨ ਬਣਨ ਦੀ ਤਾਂਗ ਹੈ। ਜਿਵੇਂ ਜਿਵੇਂ ਉਪਰ ਦਿਤੀਆਂ ਦੋ ਵਾਸ਼ਨਾਵਾਂ ਦੀ ਪੂਰਤੀ ਹੁੰਦੀ ਜਾਂਦੀ ਹੈ ਤਾਂ ਤੀਸਰੀ ਵਾਸ਼ਨਾਂ ਭਾਵ ਕਾਮ ਵਾਸ਼ਨਾ ਦੀ ਉਤਪਤੀ ਹੋਂਦ ਵਿਚ ਆਉਂਦੀ ਜਾਂਦੀ ਹੈ। ਗਰੀਬ ਇਕ ਵਿਆਹ ਨੂੰ ਤਰਸਦਾ ਮਰ ਜਾਂਦਾ ਹੈ ਜਦੋਂ ਕਿ ਅਮੀਰ ਸੈਂਕਿੜਆਂ ਨਾਲ ਵੀ ਤ੍ਰਿਪਤ ਨਹੀਂ ਹੁੰਦੇ। ਕਿਹਾ ਜਾਂਦਾ ਹੈ ਕਿ ਇਕ ਸਮੇਂ ਮਰਾਕੋ ਦੇ ਇਕ ਰਾਜੇ ਦੀਆਂ 1000 ਬੇਗਮਾਂ ਸਨ। ਏਸੇ ਤਰਾਂ ਹੈਦਰਾਬਾਦ ਦੇ ਇਕ ਨਿਜ਼ਾਮ ਦੀਆਂ 600 ਬੇਗਮਾਂ ਅਤੇ ਪੰਜਾਬ ਦੇ ਇਕ ਰਾਜੇ ਦੀਆਂ 400 ਰਾਣੀਆਂ ਸਨ। ਜਿਸ ਵਸਤੂ ਦਾ ਬਾਰ ਬਾਰ ਅਭਿਆਸ ਕੀਤਾ ਜਾਵੇ ਉਹ ਫਿਰ ਮਨੁਖ ਦਾ ਸੁਭਾ ਬਣ ਜਾਂਦੀ ਹੈ ਇਸ ਲਈ ਵਾਸ਼ਨਾਵਾਂ ਵੀ ਮਨ ਦਾ ਸੁਭਾ ਬਣ ਚੁਕੀਆਂ ਹਨ ਜਿਸ ਕਰਕੇ ਮਨ ਨੇ ਤਨ (ਸਰੀਰ) ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਵਿਚ ਕਰ ਰਖਿਆ ਹੈ ਇਥੋਂ ਤਕ ਕਿ ਇਸਦਾ ਹੁਕਮ ਮੰਨ ਮੰਨ ਕੇ ਤਨ (ਸਰੀਰ) ਬੀਮਾਰ ਰਹਿਣ ਲਗ ਪਿਆ ਹੈ ਅਤੇ ਹਮੇਸ਼ਾਂ ਮਨ ਤੋਂ ਦੂਰ ਜਾਣ (ਮਰਨ) ਦੀ ਸੋਚਦਾ ਰਹਿੰਦਾ ਹੈ। ਬੀਮਾਰੀ ਦਾ ਕਾਰਣ ਵੀ ਮਨ ਦੀ ਵਾਸ਼ਨਾ ਹੀ ਹੈ। ਜੇਕਰ ਤਨ ਦੀ ਭੁਖ ਦੋ ਰੋਟੀਆਂ ਦੀ ਹੈ ਪ੍ਰੰਤੂ ਮਨ ਨੂੰ ਭੋਜਨ ਸਵਾਦ ਲਗਿਆ ਹੈ ਤਾਂ ਉਹ ਵਾਸਨਾਵਾਂ ਦਾ ਹੁਕਮ ਮਨਦਾ ਹੋਇਆ ਤਨ ਨੂੰ ਹੋਰ ਹੋਰ ਖਾਣ ਤੇ ਮਜਬੂਰ ਕਰਦਾ ਹੈ ਜਿਸ ਨਾਲ ਤਨ ਦੇ ਦੂਸਰੇ ਭਾਗਾਂ ਨੂੰ ਵਧ ਕੰਮ ਕਰਨਾਂ ਪੈਂਦਾ ਹੈ ਅਤੇ ਅੰਤ ਥਕ ਕੇ ਫੇਲ (ਖਤਮ) ਹੋ ਜਾਂਦੇ ਹਨ। 
ਅਸੀਂ ਅਕਸਰ ਸੁਣਦੇ ਹਾਂ ਕਿ ਕੁਝ ਆਤਮਾਵਾਂ ਭੂਤਾਂ ਪ੍ਰੇਤਾਂ ਅਤੇ ਨੇਕ ਇਨਸਾਨਾਂ ਦੇ ਰੂਪ ਵਿਚ ਭਟਕਦੀਆਂ ਰਹਿੰਦੀਆਂ ਹਨ ਅਤੇ ਕਈ ਮਨੁਖਾਂ ਨੂੰ ਸੁਪਨੇ ਵਿਚ ਮਿਲਦੀਆਂ ਹਨ। ਇਨ੍ਹਾਂ ਬਾਰੇ ਵੀ ਸਿਆਣਿਆਂ ਦਾ ਕਥਨ ਹੈ ਕਿ ਇਹ ਸਚ ਹੈ ਅਤੇ ਉਹ ਇਸ ਤਰਾਂ ਹੈ ਕਿ ਜਦੋਂ ਇਨਸਾਨ ਬੁਰੇ ਕੰਮ ਕਰਦਾ ਕਰਦਾ ਸਰੀਰ ਦਾ ਤਿਆਗ ਕਰ ਜਾਂਦਾ ਹੈ ਤਾਂ ਦੋਬਾਰਾ ਜਨਮ ਲੈਣ ਵਾਸਤੇ ਉਸਨੂੰ ਆਪਣੇ ਸੁਭਾ ਵਾਲੀ ਮਾਂ ਅਤੇ ਗਰਭ ਚਾਹੀਦਾ ਹੁੰਦਾ ਹੈ। ਜਦੋਂ ਤਕ ਉਸਨੂੰ ਅਜਿਹਾ ਗਰਭ ਨਹੀਂ ਮਿਲਦਾ ਉਸਦੀ ਆਤਮਾਂ ਭਟਕਦੀ ਰਹਿੰਦੀ ਹੈ। ਪੁਰਾਣੇ ਸਮੇਂ ਵਿਚ ਬੁਰੇ ਖਿਆਲਾਂ ਵਾਲੀਆਂ ਮਾਵਾਂ ਘਟ ਸਨ ਅਤੇ ਉਚੇ ਖਿਆਲਾਂ ਵਾਲੀਆਂ ਵਧ, ਇਸ ਲਈ ਭੂਤ ਪ੍ਰੇਤ ਆਤਮਾਵਾਂ ਵਧ ਭਟਕਦੀਆਂ ਸਨ ਅਤੇ ਨੇਕ ਆਤਮਾਵਾਂ ਘਟ ਪ੍ਰੰਤੂ ਅਜ ਕਲ ਇਸਦੇ ਉਲਟ ਹੋ ਰਿਾਹਾ ਹੈ ਇਸ ਲਈ ਅਜ ਕਲ ਨੇਕ ਆਤਮਾਵਾਂ ਵਧ ਭਟਕ ਰਹੀਆਂ ਹਨ ਕਿਉਂਕਿ ਖੋਟ ਦੇ ਕਾਰਣ ਉਨ੍ਹਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਦੀ ਘਾਟ ਹੁੰਦੀ ਜਾ ਰਹੀ ਹੈ ਜਿਸ ਕਾਰਣ ਨੇਕ ਆਤਮਾਵਾਂ ਇਧਰ ਓਧਰ ਅਤੇ ਕੀਰਤਨ ਦੇ ਪਿਛੋਕੜ ਵਿਚ ਰਹਿ ਕੇ ਆਪਣੀ ਭਟਕਣਾ ਦਾ ਸਮਾਂ ਬਤੀਤ ਕਰਦੀਆਂ ਹਨ।
ਕੇਵਲ ਤੇ ਕੇਵਲ ਖੋਟ ਦੇ ਕਾਰਣ ਹੀ ਉਪ੍ਰੋਕਤ ਸਾਰੀਆਂ ਗਲਾਂ ਅਤੇ ਤਥ ਹੋਂਦ ਵਿਚ ਆਉਂਦੇ ਹਨ ਅਤੇ ਏਸੇ ਹੀ ਸਬੰਧ ਵਿਚ ਪਾਠਕਾਂ ਸਾਹਮਣੇ ਪੇਸ਼ ਕੀਤੇ ਹਨ। ਇਕ ਜਰੂਰੀ ਅੰਸ਼ ਜੋ ਬਾਕੀ ਹੈ ਉਹ ਹੈ ਸਾਡੀ ਸਿਖੀ ਅਤੇ ਧਰਮ ਵਿਚ ਮਿਲੀ ਖੋਟ ਦਾ। ਇਸ ਵਿਚ ਵੀ ਅਜ ਕਲ ਇਤਨੀਂ ਖੋਟ ਮਿਲੀ ਹੋਈ ਹੈ ਅਤੇ ਹੋਰ ਮਿਲਦੀ ਜਾ ਰਹੀ ਹੈ ਕਿ ਧਰਮ ਵਰਗੀ ਸ੍ਰਵਸ੍ਰੇਸ਼ਟ ਅਤੇ ਅਮਰ ਹਸਤੀ ਨੂੰ ਘੁਣ ਵਾਂਗ ਖਾਈ ਜਾਰਹੀ ਹੈ। ਅਧਰਮੀਂ ਪੁਰਸ਼ ਇਸ ਵਿਚ ਵਾਧਾ ਕਰਦੇ ਜਾ ਰਹੇ ਹਨ ਜੋ ਆਪਣੀ ਈਗੋ-ਪੂਰਤੀ ਅਤੇ ਲਾਲਚ ਨੂੰ ਪੂਰਾ ਕਰਨ ਵਾਸਤੇ ਧਾਰਮਿਕ ਤੱਥਾਂ ਨੂੰ ਤੋੜ ਮਰੋੜ ਕੇ ਵਕਤੀ ਤੌਰ ਉਤੇ ਆਪਣੇ ਪਖ ਵਿਚ ਕਰਕੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਇਸ ਵਿਚ ਖੋਟ ਮਿਲਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਜਿਵੇਂ ਸੋਨਾਂ ਜਦੋਂ ਕੁਠਾਲੀ ਵਿਚ ਪਾਕੇ ਢਾਲਿਆ ਜਾਂਦਾ ਹੈ ਤਾਂ ਸਾਰੀਆਂ ਧਾਤਾਂ ਤੋਂ ਵਖਰਾ ਹੋ ਜਾਂਦਾ ਹ। ਏਸੇ ਤਰਾਂ ਧਰਮ ਵੀ, ਜਿਉਂ ਹੀ ਅਧਰਮੀਂ ਪੁਰਸ਼ ਤੋਂ ਥੋੜਾ ਪਰੇ ਹੁੰਦਾ ਹੈ, ਧਰਮੀਆਂ ਦੀ ਬਾਂਹ ਫੜ ਲੈਂਦਾ ਹੈ ਪ੍ਰੰਤੂ ਮੁਸ਼ਕਲ ਤਾਂ ਇਹ ਹੈ ਕਿ ਅਧਰਮੀਂਆਂ ਦੀ ਗਿਣਤੀ ਵਧ ਹੋਣ ਕਾਰਣ ਅਤੇ ਧਰਮੀਂ ਲੋਕਾਂ ਦੇ ਚੁਪ ਰਹਿਣ ਕਾਰਣ ਇਹ ਖੋਟ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਅਜ ਦੇ ਸਿੱਖਾਂ ਵਿਚ ਇਹ ਖੋਟ ਦੋ ਪ੍ਰਕਾਰ ਬਣ ਚੁਕੀ ਹੈ। ਪਹਿਲੀ ਪ੍ਰਕਾਰ ਦੀ ਖੋਟ ਤਾਂ ਡੇਰਾਵਾਦ ਦੀ ਹੈ ਜੋ ਇਤਨੀ ਫੈਲ ਚੁਕੀ ਹੈ ਕਿ ਅਜ ਕਲ ਤਾਂ ਇਸਤੋਂ ਬਚਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਜਿਹਾ ਹੁੰਦਾ ਜਾ ਰਿਹਾ ਹੈ ਕਿਉਂਕਿ ਇਸ ਦੇ ਇਤਨੇ ਰੂਪ ਹੋਂਦ ਵਿਚ ਆ ਚੁਕੇ ਹਨ ਜਿਨ੍ਹਾਂ ਨੂੰ ਸਮਝਣਾ ਆਮ ਇਨਸਾਨ ਦੀ ਸੋਚ ਤੋਂ ਬਹੁਤ ਦੂਰ ਹੋ ਗਿਆ ਹੈ। ਫਿਰ ਵੀ ਇਸਤੋਂ ਤਾਂ ਥੋੜੀ ਹਿੰਮਤ ਕਰਕੇ ਬਚਿਆ ਜਾ ਸਕਦਾ ਹੈ ਪ੍ਰੰਤੂ ਇਹ ਹਿੰਮਤ ਵੀ ਆਮ ਸਿਖ ਦੇ ਵਸ ਵਾਲੀ ਗਲ ਨਹੀਂ ਰਹੀ। ਦੂਸਰੀ ਪ੍ਰਕਾਰ ਦੀ ਖੋਟ ਜੋ ਅਤਿ ਦੀ ਖਤਰਨਾਕ ਬਣਦੀ ਜਾ ਰਹੀ ਹੈ ਉਹ ਹੈ ਸਾਡੇ ਆਪਣਿਆਂ ਦੀ ਜਾਂ ਸਿੱਖੀ ਸਰੂਪ ਵਿਚ ਵਿਚਰਦਿਆਂ ਸਿੱਖੀ ਨੂੰ ਘੁਣ ਲਾਣ ਵਾਲਿਆਂ ਦੀ। ਅਜੇ ਕਲ ਦੀ (2ਮਈ) ਹੀ ਗਲ ਹੈ ਕਿ ਇਕ ਗੁਰੂ ਘਰ ਵਿਚ ਲੰਬੇ ਦਾਹੜੇ ਅਤੇ ਭਰਵੇਂ ਸਰੀਰ ਵਾਲਾ ਪੁਰਸ਼ ਆਇਆ ਜਿਸਨੇ ਗੁਰੂ ਅਰਜਨ ਦੇਵ ਜੀ ਮਹਾਂਰਾਜ ਦੇ ਆਗਮਨ ਪੁਰਬ ਦਾ ਲਾਭ ਉਠਾਉਂਦਿਆਂ ਕਮੇਟੀ ਪਾਸੋਂ ਕਥਾ ਕਰਨ ਦਾ ਸਮਾਂ ਲਿਆ। ਕਥਾ ਅਕਸਰ ਗੁਰਬਾਣੀ ਸ਼ਬਦ ਦੀ ਹੀ ਹੋਇਆ ਕਰਦੀ ਹੈ ਸੋ ਸਾਰੀ ਸੰਗਤ ਇਕ ਮਨ ਹੋ ਕੇ ਬੈਠ ਗਈ। ਉਸ ਗਿਆਨੀ ਜੀ ਨੇ ਕਥਾ ਕਰਨ ਦੀ ਥਾਂ ਗੁਰੂ ਸਹਿਬ ਦਾ ਬਚਪਨ ਦਸਣਾ ਆਰੰਭ ਕਰ ਦਿਤਾ ਅਤੇ ਉਹ ਵੀ ਇਸ ਤਰਾਂ ਬਿਆਨਿਆਂ ਜਿਵੇਂ ਉਹ ਗੁਰੂ ਸਹਿਬ ਨਾਲ ਖੇਡਦੇ ਰਹੇ ਹੁੰਦੇ ਹਨ। ਫਿਰ ਇਕ ਘੰਟੇ ਦੇ ਸਮੇਂ ਵਿਚ ਉਨ੍ਹਾਂ ਦੋ ਚਾਰ ਸ਼ਬਦ ਤਾਂ ਗੁਰਬਾਣੀ ਵਿਚੋਂ ਪੜੇ ਪ੍ਰੰਤੂ ਵਿਆਖਿਆ ਕਿਸੇ ਇਕ ਸ਼ਬਦ ਦੀ ਵੀ ਨਹੀਂ ਕੀਤੀ। ਬਾਹਰ ਕਿਸੇ ਸਿੱਖ ਨੇ ਜਦੋਂ ਉਨ੍ਹਾਂ ਪਾਸੋਂ ਸੱਤੇ ਬਲਵੰਡ ਬਾਰੇ ਕਹੀ ਗਲ ਦਾ ਸਪਸ਼ਟੀਕਰਣ ਲੈਣ ਲਈ ਬੇਨਤੀ ਕੀਤੀ ਤਾਂ ਉਸ ਦੇ ਸਮਰਥਕਾਂ ਨੇ ਗਲ ਰੌਲੇ ਵਿਚ ਪਾ ਕੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਜੋ ਗੁਰਦਵਾਰੇ ਵਿਚ ਸ਼ੋਭਾ ਨਹੀਂ ਦਿੰਦਾ ਅਤੇ ਗਿਅਨੀ ਜੀ ਇਸਦੀ ਰੋਕ ਵਾਸਤੇ ਕਾਰ ਵਿਚੋਂ ਬਾਹਰ ਤਕ ਨਹੀਂ ਨਿਕਲੇ। ਸੋ ਇਸ ਨੂੰ ਜਿਥੇ ਅਸੀਂ ਉਸ ਗਿਆਨੀ ਵਿਚ ਹੰਕਾਰ ਵਾਸ਼ਨਾਂ ਦੀ ਮਿਲਾਵਟ ਕਹਾਂਗੇ ਓਥੇ ਉਸਦੇ ਸਮਰਥਕਾਂ ਵਿਚ ਅਗਿਆਨਤਾ ਦੀ ਮਿਲਾਵਟ ਵੀ ਜਰੂਰ ਕਹਾਂਗੇ ਜਿਨ੍ਹਾਂ ਨੇ ਧਾਰਮਕ ਸੋਚ ਨੂੰ ਛਿਕੇ ਟੰਗ ਕੇ ਗੁਰਦਵਾਰੇ ਵਿਚ ਹੀ ਉਸਦਾ ਪਖ ਪੂਰਿਆ। ਅਜ ਸਾਡੇ ਵਿਚ ਇਸ ਤਰਾਂ ਦੀ ਬਹੁਤ ਮਿਲਾਵਟ ਆ ਚੁਕੀ ਹੈ ਜਿਵੇਂ ਬਿਨਾਂ ਸੋਚਿਆਂ ਕਿਸੇ ਨੂੰ ਵੀ ਧਾਰਮਕ ਜਾਂ ਅਧਰਮੀਂ ਕਹਿ ਦੇਣਾ, ਦਿਖਾਵੇ ਦੀ ਮਿਲਾਵਟ ਜਿਵੇਂ ਬਗਲ ਵਿਚ ਛੁਰੀ, ਮੂੰਹ ਵਿਚ ਰਾਮ ਰਾਮ, ਰਹਿਤ ਵਿਚ ਪੂਰੇ ਕਰਮ ਵਿਚ ਅਧੂਰੇ, ਕਹਿਣੀ ਅਤੇ ਕਥਨੀਂ ਵਿਚ ਜਿਮੀਂ ਅਸਮਾਨ ਜਿਨਾਂ ਅੰਤਰ, ਕਰਮ ਕਾਂਡਾਂ ਦੇ ਪੁਜਾਰੀ, ਚਾਪਲੂਸੀ ਨਾਲ ਧਾਰਮਕ ਪਦਵੀਆਂ ਪ੍ਰਾਪਤ ਕਰਕੇ ਸਿੱਖਾਂ ਨੂੰ ਗੁਮਰਾਹ ਕਰਨਾ ਅਤੇ ਹੁਕਮਨਾਮੇ ਜਾਰੀ ਕਰਨੇ। ਅਜ ਸਿੱਖੀ ਵਿਚ ਇਤਨੀਂ ਖੋਟ ਮਿਲ ਚੁਕੀ ਹੈ ਜਿਸਨੂੰ ਦੂਰ ਕਰਨ ਦੇ ਸਾਰੇ ਉਪਾ ਫੇਲ ਹੁੰਦੇ ਜਾ ਰਹੇ ਹਨ ਅਤੇ ਸਿੱਖੀ ਡਾਵਾਂਡੋਲ ਹੁੰਦੀ ਜਾ ਰਹੀ ਹੈ। ਅਜ ਲੋੜ ਹੈ ਨਿਰ-ਸਵਾਰਥ, ਕਰਨ, ਸੁਣਨ ਅਤੇ ਮੰਨਣ ਵਾਲੇ ਅਤੇ ਨਿਰੋਲ ਸਿੱਖੀ ਦੇ ਪੁਜਾਰੀ ਅਤੇ ਸਿੱਖੀ ਦੇ ਭਿਖਾਰੀ ਸਿਖਾਂ ਦੀ। ਪ੍ਰਮਾਤਮਾਂ ਮੇਹਰ ਕਰੇ ਅਤੇ ਆਪਣੇ ਕਾਰਜ ਆਪ ਹੀ ਸਵਾਰੇ ਅਤੇ ਆਪਣੇ ਹਰ ਸਿੱਖ ਦੀ ਆਸ ਪੂਰੀ ਕਰੇ।
ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ॥
ਜੋ ਤਿਸ ਭਾਵੇ ਨਾਨਕਾ ਸਾਈ ਗਲ ਚੰਗੀ॥ (726)

****