ਵਿਹਲ.......... ਕਹਾਣੀ / ਸੰਜੀਵ ਸ਼ਰਮਾ, ਫਿਰੋਜ਼ਪੁਰ

ਡੇਢ ਵਰ੍ਹਾ ਹੋ ਗਿਆ, ਹੋਲੀ ਤੋਂ ਬਾਅਦ ਕੁਝ ਨਹੀਂ ਲਿਖ ਸਕਿਆ। ਬਹੁਤ ਵੇਰ ਲਿਖਣ ਨੂੰ ਦਿਲ ਕੀਤਾ, ਪਰ ਲਿਖਾਂ ਤਾਂ ਕੀ ਲਿਖਾਂ ? ਮੇਰੇ ਕੋਲ ਲਿਖਣ ਲਈ ਹੱਡਬੀਤੀ ਤੋਂ ਬਿਨਾਂ ਕੁਝ ਨਹੀਂ…। ਹੁਣ ਤਾਂ ਮੇਜ਼ ‘ਤੇ ਲਿਖਣ ਲਈ ਪਏ ਕੋਰੇ ਕਾਗਜ਼ ਵੀ ਸੋਚਣ ਲੱਗ ਪਏ ਹੋਣੇ ਨੇ ਕਿ ਕੀ ਹੋ ਗਿਆ ਏ ਮੇਰੀ ਕਲਮ ਨੂੰ ?

ਅੱਜ ਮੈਂ ਆਪਣੇ ਮੇਜ਼ ਦੀ ਦਰਾਜ ਖੋਲੀ ਤੇ ਕਲਮ ‘ਤੇ ਜੰਮ ਗਈ ਧੂੜ ਨੂੰ ਝਾੜਦਿਆਂ ਹੱਥ ਵਿੱਚ ਫੜ ਹੀ ਲਿਆ ਹੈ । ਸੋਚ ਰਿਹਾ ਹਾਂ ਕਿ ਕੀ ਲਿਖਾਂ ? ਅਸਲ ‘ਚ ਮੇਰੇ ਦਿਲੋ ਦਿਮਾਗ਼ ਨੂੰ ਤਾਜ਼ੇ ਹੀ ਵਾਪਰੇ ਹਾਦਸੇ ਨੇ ਆਪਣੇ ਪ੍ਰਭਾਵ ਹੇਠ ਜਕੜਿਆ ਹੋਇਆ ਹੈ । ਸੋਚ ਰਿਹਾ ਹਾਂ ਕਿ ਸਵੇਰ ਤੋਂ ਸ਼ਾਮ ਤੇ ਫਿਰ ਰਾਤ ਤੇ ਦੋਬਾਰਾ ਫਿਰ ਸਵੇਰ ਕਦੋਂ ਹੋ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਸਭ ਨੂੰ ਘੁਲਾੜੀ ਗੇੜ ਦੀ ਆਦਤ ਪੈ ਗਈ ਹੈ। ਬੱਚੇ ਤੱਕ ਟਾਈਮ ਵੇਖ ਕੇ ਕੰਮ ਕਰਨ ਦੇ ਆਦੀ ਹੋ ਗਏ ਹਨ । ਉਂਝ ਤਾਂ ਚੰਗੀ ਗੱਲ ਹੈ ਪਰ ਜਿੰਦਗੀ ‘ਚ ਇੱਕ ਠਹਿਰਾਅ ਆ ਗਿਆ ਜਾਪਦਾ ਹੈ ।

ਹੋਇਆ ਕੀ ਕਿ ਬੀਤੀ ਰਾਤ ਜਦ ਗਿਆਰਾਂ ਕੁ ਵਜੇ ਰਾਤੀਂ ਮੈਂ ਆਪਣੇ ਵਪਾਰਿਕ ਕੰਮਾਂ ਕਾਰਾਂ ਤੋਂ ਵਿਹਲਾ ਹੋ ਨੇੜਲੇ ਸ਼ਹਿਰ ‘ਚੋਂ ਘਰ ਨੂੰ ਪਰਤ ਰਿਹਾ ਸੀ, ਰਾਹ ਵਿੱਚ ਇੱਕ ਥਾਂ ‘ਤੇ ਜਾਮ ਲੱਗਾ ਹੋਇਆ ਸੀ। ਜਦ ਪੰਦਰਾਂ ਕੁ ਮਿੰਟ ਕੋਈ ਹਿਲਜੁਲ ਨਾ ਹੋਈ ਤਾਂ ਮੈਂ ਕਾਰ ਵਿੱਚੋਂ ਉਤਰ ਕੇ ਅਗਾਂਹ ਜਾਮ ਦਾ ਕਾਰਨ ਵੇਖਣ ਲਈ ਤੁਰ ਪਿਆ। ਅੱਗੇ ਬਹੁਤ ਹੀ ਭੀੜ ਇਕੱਠੀ ਹੋਈ ਪਈ ਸੀ । ਭੀੜ ਦੇ ਘੇਰੇ ਵਿੱਚ ਦੀ ਰਾਹ ਬਣਾਉਂਦਾ ਹੋਇਆ ਮੈਂ ਕਾਰਨ ਜਾਨਣ ਦੀ ਚਾਹ ਵਿੱਚ ਅਗਾਂਹ ਤੀਕ ਪੁੱਜ ਗਿਆ। ਇੱਕ ਲਾਸ਼ ਸੜਕ ਦੇ ਵਿਚਾਲੇ ਪਈ ਸੀ ਤੇ ਕੋਲ ਹੀ ਚੂਰ-ਚੂਰ ਹੋਇਆ ਇੱਕ ਸਾਇਕਲ ਵੀ ਸੀ । ਮਰਨ ਵਾਲੇ ਦੇ ਸਿਰ-ਮੂੰਹ ਬੁਰੀ ਤਰ੍ਹਾਂ ਫਿਸ ਚੁੱਕੇ ਸਨ। ਦੋ ਕੁ ਪੁਲਿਸ ਵਾਲੇ ਖੜੇ ਸਨ ਤੇ ਉਡੀਕ ਹੋ ਰਹੀ ਸੀ ਕਿ ਐਂਬੂਲੈਂਸ ਕਦੋਂ ਤੱਕ  ਆਵੇਗੀ ।

ਇਤਨੇ ਸਮੇਂ ‘ਚ ਹੀ ਦੂਰੋਂ ਐਂਬੂਲੈਂਸ ਦੇ ਸਾਇਰਨ ਦੀ ਆਵਾਜ਼ ਕੰਨੀਂ ਪਈ, ਪਰ ਇਹ ਕੀ? ਕੁਝ ਪੁਲਿਸ ਵਾਲੇ ਪੈਦਲ ਰਾਹ ਬਣਾ ਰਹੇ ਸਨ। ਫਿਰ ਇੱਕ ਜਿਪਸੀ ਵਿਖੀ, ਫਿਰ ਦੂਜੀ, ਫਿਰ ਮੰਤਰੀ ਜੀ ਦੀ ਕਾਰ ਤੇ ਉਸ ਪਿੱਛੇ ਲੰਮਾ ਜਿਹਾ ਗੱਡੀਆਂ ਦਾ ਕਾਫਿਲਾ ਤੇ ਪਿੱਛੇ ਫਾਇਰ-ਬ੍ਰਿਗੇਡ ਅਤੇ ਐਂਬੂਲੈਂਸ ਬਿਨਾ ਰੁਕੇ ਹੀ ਲੰਘ ਗਏ। ਮੰਤਰੀ ਜੀ ਨੇ ਇੱਕ ਪਲ ਵੀ ਰੁਕਣ ਜਾਂ ਜਾਨਣ ਦੀ ਕੋਸ਼ਿਸ਼ ਨਾ ਕੀਤੀ ਕਿ ਸੜਕ ਦੇ ਵਿਚਾਲੇ ਇਤਨਾ ਵੱਡਾ ਇਕੱਠ ਤੇ ਟ੍ਰੈਫਿ਼ਕ ਜਾਮ ਕਿਉਂ ਲੱਗਾ ਹੋਇਆ ਸੀ । ਕਾਫਿਲਾ ਨਿੱਕਲਣ ਤੋਂ ਕਾਫ਼ੀ ਸਮਾਂ ਬਾਅਦ ਵੀ ਐਂਬੂਲੈਂਸ ਦਾ ਕਿਧਰੇ ਨਾਮੋ-ਨਿਸ਼ਾਨ ਨਹੀਂ ਸੀ। ਪੁਲਿਸ ਵਾਲਿਆਂ ਦੇ ਦਖ਼ਲ ਦੇਣ ਤੇ ਹੌਲੀ-ਹੌਲੀ ਟ੍ਰੈਫਿਕ ਚੱਲਣਾ ਸ਼ੁਰੂ ਹੋ ਗਿਆ ਪਰ ਜ਼ਮੀਰ ਦੀ ਆਵਾਜ਼ ਸੁਣ ਮੈਂ ਉਥੇ ਹੀ ਰੁਕ ਗਿਆ। ਮੈਂ ਪੁਲਿਸ ਮੁਲਾਜ਼ਮਾਂ ਨੂੰ ਲਾਸ਼ ਆਪਣੀ ਕਾਰ ‘ਚ ਹੀ ਪਾ ਕੇ ਹਸਪਤਾਲ ਲੈ ਜਾਣ ਲਈ ਕਿਹਾ ਤਾਂ ਜੋ ਉਸਦੀ ਬੇਕਦਰੀ ਨਾ ਹੋਵੇ, ਪਰ ਉਹ ਵੀ ਕਾਨੂੰਨ ਦੇ ਬੱਝੇ ਮਜ਼ਬੂਰ ਸਨ।

ਲੋਕ ਆਪਣੇ-ਆਪਣੇ ਰਾਹ ਚੱਲ ਰਹੇ ਸਨ । ਕੁਝ ਕੁ ਪਲ ਰੁਕ ਕੇ ਵੇਖਦੇ, ਫਿਰ ਅਗਾਂਹ ਨੂੰ ਵਧ ਜਾਂਦੇ । ਲਾਸ਼ ਉਸੇ ਤਰ੍ਹਾਂ ਆਪਣੇ ਹਸ਼ਰ ਨੂੰ ਉਡੀਕ ਰਹੀ ਸੀ। ਸਵੇਰ ਦੇ ਤਿੰਨ ਵੱਜ ਗਏ । ਰਾਹ ਚੱਲਦੇ ਰਾਹੀਆਂ ਤੋ ਬਿਨਾਂ ਕੁਝ ਨਹੀਂ ਬਦਲਿਆ ਸੀ। ਇੱਕ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਜਨਾਬ ਤੁਸੀਂ ਵੀ ਆਪਣੇ ਰਾਹ ਚਲੇ ਜਾਓ, ਰੁਟੀਨ ਨਾਲ ਸਭ ਹੋ ਜਾਵੇਗਾ ਤੇ ਮੈਂ ਵੀ ਆਪਣਾ ਮਨ ਮਸੋਸਦੇ ਹੋਏ ਘਰ ਨੂੰ ਤੁਰ ਪਿਆ ।

ਘਰੇ ਪਰਤਣ ਤੇ ਸ਼੍ਰੀਮਤੀ ਜੀ ਮੇਰੇ ‘ਤੇ ਵਰ੍ਹ ਗਏ ।

“ਆ ਜੋ... ਆ ਜੋ... ਆਹ ਵੇਲਾ ਐ, ਘਰ ਪਰਤਣ ਦਾ । ਸਾਰੀ ਰਾਤ ਦੀ ਖਪੀ ਜਾਂਦੀ ਆਂ ਕਿ ਕਿੱਧਰ ਗਏ ।”

“ਓ ਭਾਗਵਾਨੇ ! ਰਾਹ ‘ਚ ਐਕਸੀਡੈਂਟ ਹੋਇਆ ਪਿਆ ਸੀ । ਉੁਥੇ ਟ੍ਰੈਫਿ਼ਕ ਜਾਮ ਹੋਇਆ ਪਿਆ ਸੀ ਤਾਂ ਲੇਟ ਹੋ ਗਿਆ ।”

“ਮੁਬੈਲ ਤਾਂ ਕੋਲੇ ਸੀ, ਫੋਨ ਕਰ ਦਿੰਦੇ । ਮੈਂ ਤਾਂ ਸੌਂ ਜਾਂਦੀ ।”

“ਤੇਰੀ ਗੱਲ ਠੀਕ ਐ ਪਰ ਉਥੇ ਹਾਲਾਤ ਹੀ ਏਨੇ ਦਰਦਨਾਕ ਸਨ ਕਿ ਮੇਰੇ ਧਿਆਨ ‘ਚੋਂ ਨਿੱਕਲ ਗਿਆ ਤੇ ਫੋਨ ਵੀ ਕਾਰ ‘ਚ ਪਿਆ ਸੀ ।”

“ਆਹੋ ! ਠੀਕ ਐ । ਜੇ ਸਾਡੀ ਚਿੰਤਾ ਨਹੀਂ ਤਾਂ ਠੀਕ ਐ । ਤੁਸੀਂ ਕਰ ਲਵੋ ਲੋਕ ਸੇਵਾ । ਲੜ ਲੋ ਇਲੈਕਸ਼ਨ ਤੇ ਬਣਕੇ ਮੰਤਰੀ ਸੰਤਰੀ, ਕਰੀ ਜਾਇਓ ਲੋਕਾਂ ਨਾਲ਼ ਮਗਜ਼ਖਪਾਈ । ਥੋਨੂੰ ਬਹੁਤਾ ਚਾਅ ਹੈ ਨਾ ਸਮਾਜ ਸੇਵਾ ਕਰਨ ਦਾ ?”
“ਓ ਭਲੀਏ ਲੋਕੇ ! ਲੀਡਰ ਬਣਕੇ ਕਿਸਦਾ ਜੀ ਕਰਦੈ ਸੇਵਾ ਕਰਨ ਨੂੰ ? ਫੇਰ ਤਾਂ ਸੇਵਾ ਕਰਵਾਉਣ ਤੋਂ ਵਿਹਲ ਨਹੀਂ ਮਿਲਦੀ ਉਨ੍ਹਾਂ ਨੂੰ । ਇਉਂ ਕਰ ਚਾਹ ਪਿਆ ਘੁੱਟ ਬਣਾ ਕੇ, ਦਰਦ ਨਾਲ਼ ਮੇਰਾ ਤਾਂ ਸਿਰ ਫਟਦਾ ਪਿਐ ।”

ਉਹ ਬੁੜ ਬੁੜ ਕਰਦੀ ਚਾਹ ਧਰਨ ਲਈ ਰਸੋਈ ਵੱਲ ਚਲੀ ਗਈ ਪਰ ਸੋਚਾਂ ਮੇਰਾ ਖਹਿੜਾ ਨਹੀਂ ਛੱਡਦੀਆਂ । ਸਹੀ ਹੈ ਕਿ ਆਮ ਬੰਦੇ ਦਾ ਹਾਲ ਤਾਂ ਜਾਨਵਰਾਂ ਨਾਲੋਂ ਵੀ ਮਾੜਾ ਹੋ ਗਿਆ ਹੈ । ਅੱਜ ਦੇ ਸਮੇਂ ਬਿਜਲੀ, ਡਾਕਟਰ, ਫਾਇਰ-ਬ੍ਰਿਗੇਡ ਕਿਸੇ ਦੇ ਘਰ ਪਹੁੰਚੇ ਨਾ ਪਹੁੰਚੇ, ਪਰ ਮੰਤਰੀਆਂ ਦੇ ਨਾਲ ਤਾਂ ਪੱਕੇ ਹੀ ਹਨ। ਆਮ ਜਨਤਾ ਦੇ ਚੁੱਲੇ ਵਿੱਚ ਗੈਸ ਬਲੇ ਨਾ ਬਲੇ ਅਫ਼ਸਰ ਸ਼ਾਹੀਆਂ ਨੂੰ ਬੁੱਕ ਕਰਾਉਣ ਤੱਕ ਦੀ ਲੋੜ ਹੀ ਨਹੀਂ ਪੈਂਦੀ। ਅਸਲ ‘ਚ ਸਭ ਸਹੂਲਤਾਂ ਹਨ ਹੀ ਇਨ੍ਹਾਂ ਲੋਕਾਂ ਲਈ ਤੇ ਆਮ ਜਨਤਾ...ਆਮ ਜਨਤਾ ਕੋਲ ਇੰਤਜਾਰ ਤੇ ਸਬਰ ਤੋਂ ਬਿਨਾਂ ਕੀ ਹੈ? ਵਾਰੀ ਆਉਣ ਤੀਕ ਸਮਾਂ ਮੁੱਕ ਜਾਂਦਾ ਹੈ ।

ਸੋਚਾਂ ਵਿਚਾਰਾਂ ‘ਚ ਹੀ ਸਵੇਰ ਹੋ ਗਈ ਤੇ “ਅੱਜ ਕੀ-ਕੀ ਕਰਨਾ ਹੈ” ਦੀ ਲਿਸਟ ਮੇਰੇ ਹੱਥ ਵਿੱਚ ਸੀ । ਸ਼੍ਰੀਮਤੀ ਜੀ ਸਕੂਲ ਲਈ ਤਿਆਰ ਹੋ ਰਹੀ ਬੇਟੀ ਦੀ ਗੁੱਤ ਕਰਦਿਆਂ ਉਚੀ ਉਚੀ ਚਿਲਾਉਣ ਵਾਂਗ ਕਹਿ ਰਹੇ ਰਹੇ ਸਨ, “ਸ਼ਰਮਾ ਜੀ ! ‘ਸ਼ਨਾਨ ਕਰ ਲਵੋ । ਅੱਜ ਬਿਜਲੀ ਦਾ ਬਿੱਲ ਜਮਾਂ ਕਰਾਉਣ ਦੀ ਆਖਰੀ ਤਾਰੀਖ ਹੈ । ਉੱਧਰੋਂ ਤੁਸੀਂ ਕਾਕੇ ਦੀ ਫ਼ੀਸ ਭਰਨ ਵੀ ਜਾਨਾ ਹੈ, ਵੇਲੇ ਨਾਲ ਚਲੇ ਜਾਵੋ ਨਹੀਂ ਤਾਂ ਵਾਰੀ ਨਹੀਂ ਆਉਣੀ । ...ਤੇ ਅੱਜ ਹੈ ਵੀ ਸ਼ਨੀਵਾਰ, ਅੱਧਾ ਦਿਨ ।

ਮੈਂ ਅਖਬਾਰ ‘ਚ ਹੱਥ ‘ਚ ਫੜੀ ਉਡਦੀ ਨਿਗ੍ਹਾ ਮਾਰਦਿਆਂ ਬੁੜਬੁੜ ਕਰਦਾ ਹੋਇਆ ਇਸ਼ਨਾਨ ਕਰਨ ਦੀ ਤਿਆਰੀ ਕਰਨ ਲੱਗਾ । ਮੇਰਾ ਅੱਜ ਦਾ ਦਿਨ ਬਹੁਤ ਹੀ ਵਿਅਸਤ ਰਹਿਣ ਵਾਲਾ ਸੀ । ਉਂਝ ਵੀ ਅੱਜ ਦੇ ਸਮੇਂ ਵਿਹਲ ਕਿਸ ਕੋਲ ਹੈ ? ਸਭ ਮਸ਼ੀਨੀ ਜਿੰਦਗੀ ਬਿਤਾਉਂਦੇ ਹੋਏ ਘੜੀ ਦੀਆਂ ਸੂਈਆਂ ਵਾਂਗੂ ਦੌੜ ਰਹੇ ਹਨ, ਤਾਂ ਕਿ ਸਮਾਂ ਹੱਥੋਂ ਨਾ ਖੁੰਝ ਜਾਵੇ, ਪਰ ਸਾਡੇ ਕੋਲ ਲੋਕ ਵਿਖਾਵੇ ਤੋਂ ਬਿਨਾਂ ਹੈ ਵੀ ਕੀ?

ਆਪਣੀ ਨਵੀਂ ਗੱਡੀ ਵਿਖਾਉਣ ਲਈ ਤਾਂ ਸਮਾਂ ਬਰਬਾਦ ਕਰ ਸਕਦੇ ਹਾਂ, ਪਰ ਕਿਸੇ ਦੀ ਮਦਦ ਕਰਨ ਦੀ ਵਿਹਲ ਸਾਡੇ ਕੋਲ ਨਹੀਂ ਹੈ। ਚੰਗੇ ਰੇਸਤਰਾਂ ਵਿੱਚ ਬਹਿ ਕੇ ਖਾਣੇ ਦੀ ਉਡੀਕ ਕਰਨੀ ਬਿਲਕੁਲ ਵੀ ਔਖੀ ਨਹੀਂ ਜਾਪਦੀ ਪਰ ਵਿਹਲ... ਕਿਸੇ ਪਾਸ ਨਹੀਂ। ਸਿਨੇਮਾ ਦੀ ਬੁਕਿੰਗ ਕਈ ਦਿਨ ਪਹਿਲਾਂ ਕਰਾ ਲਈ ਜਾਂਦੀ ਹੈ, ਪਰ ਮਰਗ ਦੇ ਭੋਗ ਤੇ ਜਾਣ ਦੀ ਵੀ ਵਿਹਲ ਕਿਸੇ ਪਾਸ ਨਹੀਂ । ਸਾਰੇ ਆਪੋ ਆਪਣੀ ਰੁਟੀਨ ਫਟਾ-ਫੱਟ ਸੁਣਾ ਦਿੰਦੇ ਹਨ। ਸਤਾਰੀਆ ਸੁੰਗੜ ਕੇ ਚੌਥੇ ਦਿਨ ਹੀ ਮੁੱਕ ਜਾਂਦਾ ਹੈ । ਸਭ ਕੁਝ ਹੈ ਸਾਰਿਆਂ ਕੋਲ ਪਰ ਨਹੀਂ ਹੈ ਤਾਂ ਵਿਹਲ ।

ਧਿਆਨ ਦਿੱਤਾ ਤਾਂ ਮੇਰੀ ਕਲਮ ਵੀ ਖਿੜਖੜਾ ਕੇ ਹੱਸ ਰਹੀ ਸੀ, ਸ਼ਾਇਦ ਇਸ ਲਈ ਕਿ ਮੈਨੂੰ ਤਾਂ ਉਸਤੋਂ ਧੂੜ ਹਟਾਉਣ ਦੀ ਵਿਹਲ ਮਿਲ ਗਈ ਸੀ ।

****

No comments: