Showing posts with label ਬੂਟਾ ਸਿੰਘ ਵਾਕਫ਼. Show all posts
Showing posts with label ਬੂਟਾ ਸਿੰਘ ਵਾਕਫ਼. Show all posts

ਸੁਨੀਲ ਚੰਦਿਆਨਵੀ ਨਾਲ ਸਾਹਿਤਕ ਮਿਲਣੀ.......... ਸਾਹਿਤਕ ਮਿਲਣੀ / ਬੂਟਾ ਸਿੰਘ ਵਾਕਫ਼

ਲੋਕ-ਸਾਹਿਤ ਸਭਾ, ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬੀ ਦੇ ਨੌਜਵਾਨ ਗ਼ਜ਼ਲਗੋ ਸ੍ਰੀ ਸੁਨੀਲ ਚੰਦਿਆਨਵੀ ਨਾਲ ਸਾਹਿਤਕ ਮਿਲਣੀ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਕਰਵਾਈ ਗਈ। ਇਸ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ ਡਾ. ਪਰਮਜੀਤ ਸਿੰਘ ਢੀਂਗਰਾ, ਪ੍ਰੋ. ਲੋਕ ਨਾਥ, ਜਗਵੰਤ ਨਿਰਮੋਹੀ ਅਤੇ ਬਲਦੇਵ ਸਿੰਘ ਆਜ਼ਾਦ। ਸਮਾਗਮ ਦੇ ਸ਼ੁਰੂ ਵਿਚ ਸ੍ਰੀ ਸੁਨੀਲ ਚੰਦਿਆਨਵੀ ਨੂੰ ਖੂਬਸੂਰਤ ਕਲਮ ਭੇਂਟ ਕਰਕੇ ਉਨਾਂ ਦਾ ਸਨਮਾਨ ਕੀਤਾ ਗਿਆ। ਸ੍ਰੀ ਜਗਵੰਤ ਨਿਰਮੋਹੀ ਨੇ ਸੁਨੀਲ ਚੰਦਿਆਨਵੀ ਦੀ ਹਾਜ਼ਰੀਨ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਉਨਾਂ ਨੂੰ ਸਾਊ ਮਨੁੱਖ, ਵਧੀਆ ਮਿੱਤਰ ਅਤੇ ਉਚ-ਕੋਟੀ ਦਾ ਗ਼ਜ਼ਲਗੋ ਕਿਹਾ। ਡਾ. ਢੀਂਗਰਾ ਨੇ ਆਖਿਆ ਕਿ ਚੰਦਿਆਨਵੀ ਇੱਕ ਨਵੀਂ ਭਾਸ਼ਾ ਸਿਰਜ ਰਿਹਾ ਹੈ। ਇਸ ਦੀ ਗ਼ਜ਼ਲ ਹਾਸ਼ੀਏ ਵੱਲ ਧੱਕੇ ਲੋਕਾਂ ਪ੍ਰਤੀ ਪ੍ਰਤੀਬੱਧ ਨਜ਼ਰ ਆਉਂਦੀ ਹੈ ਅਤੇ ਪਾਠਕ ਨੂੰ ਚੇਤਨਾ ਪ੍ਰਦਾਨ ਕਰਦੀ ਹੈ। ਹਾਜ਼ਰੀਨ ਨਾਲ ਆਪਣੀ ਕਲਮ ਦਾ ਸਫ਼ਰ ਸਾਂਝਾ ਕਰਦਿਆਂ ਸ੍ਰੀ ਸੁਨੀਲ ਚੰਦਿਆਨਵੀ ਨੇ ਆਖਿਆ ਕਿ ਹੋਰਨਾਂ ਵਿਧਾਵਾਂ ਤੇ ਕਾਫੀ ਸਮਾਂ ਕੰਮ ਕਰਨ ਉਪਰੰਤ ਉਨਾਂ ਨੇ ਸੁਚੇਤ ਰੂਪ ਵਿਚ ਗ਼ਜ਼ਲ ਵਿਧਾ ਨੂੰ ਅਪਣਾਇਆ ਹੈ ਕਿਉਂਕਿ ਗ਼ਜ਼ਲ ਉਨਾਂ ਦੇ ਸੁਭਾਅ ਦੇ ਬਿਲਕੁਲ ਅਨੁਕੂਲ ਹੈ। ਉਨਾਂ ਆਖਿਆ ਕਿ ਕਵਿਤਾ ਉਨਾਂ ਲਈ ਇਲਹਾਮ ਨਹੀਂ ਬਲਕਿ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਉਨਾਂ ਨੂੰ ਗ਼ਜ਼ਲ ਲਿਖਣ ਲਈ ਪ੍ਰੇਰਿਤ ਕਰਦੀਆਂ ਹਨ। ਉਨਾਂ ਆਪਣੀਆਂ ਚੋਣਵੀਂਆਂ ਗ਼ਜ਼ਲਾਂ ਹਾਜ਼ਾਰੀਨ ਨਾਲ ਸਾਂਝੀਆਂ ਕੀਤੀਆਂ ਜਿਨਾਂ ਨੂੰ ਹਾਜ਼ਰ ਸਰੋਤਿਆਂ ਵੱਲੋਂ ਬੇਹੱਦ ਸਰਾਹਿਆ ਗਿਆ।