ਜੇ ਤੂੰ ਅਕਲਿ ਲਤੀਫ਼ ਹੈ ਕਾਲ਼ੇ ਲਿਖ ਨਾ ਲੇਖ ।
ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ ।।
-- ਬਾਬਾ ਸ਼ੇਖ਼ ਫ਼ਰੀਦ ਜੀ


ਤੂੰ ਏਨਾ ਵੀ ਨਹੀਂ ਤੜਪੀ.......... ਗ਼ਜ਼ਲ / ਜਗਤਾਰ (ਡਾ.)

ਤੂੰ ਏਨਾ ਵੀ ਨਹੀਂ ਤੜਪੀ ਜੁਦਾ ਹੋ ਕੇ ਜੁਦਾ ਕਰਕੇ
ਕਿ ਜਿੰਨੀ ਤੜਪਦੀ ਹੈ ਛਾਂ ਮੁਸਾਫਿ਼ਰ ਨੂੰ ਵਿਦਾ ਕਰਕੇ

ਘਟਾ ਬਣ ਕੇ ਮਿਲੀ ਸਾਂ ਜਿਸਨੂੰ ਮੈਂ ਸੜਦੇ ਥਲਾਂ ਅੰਦਰ
ਉਹ ਮੈਨੂੰ ਥਲ ਬਣਾ ਕੇ ਛੱਡ ਗਿਐ ਬੇਆਸਰਾ ਕਰਕੇ


ਇਹ 'ਦਰਿਆ ਦਿਲ ' ਸਹੀ ਦਰਿਆ, ਕਰੂ ਪਰ ਸਬਰ ਕਿੰਨਾ ਚਿਰ
ਨਹਾਇਆ ਕਰ ਨਾ ਨੰਗੀ ਤੂੰ ਨਹਾ ਕੁਝ ਅੜਤਲਾ ਕਰਕੇ

ਬੜਾ ਟੁੱਟੇ, ਜਲ਼ੇ, ਤੜਪੇ, ਸਿਤਾਰੇ ਮੈਂ ਅਤੇ ਦੀਵੇ
ਨਾ ਜਾਣੇ ਕਿਉਂ ਨਹੀਂ ਆਇਆ, ਉਹ ਮੇਰੀ ਕਿਸ ਖ਼ਤਾ ਕਰਕੇ

ਹਵਾ ਦੀ ਚੁੱਕ ਵਿਚ ਪੱਤੀ ਉਡੀ ਸੂਲਾਂ 'ਚ ਫਿਰ ਡਿੱਗੀ
ਝਰੀਟੀ ਜਾਏਗੀ ਸੂਲ਼ਾਂ 'ਚ ਹੁਣ ਓਸੇ ਹਵਾ ਕਰਕੇ

ਦੁਆ ਕੀਤੇ ਬਿਨਾਂ ਹੀ ਪਰਤ ਆਇਆ ਖ਼ਾਨਗਾਹ 'ਚੋਂ ਮੈਂ
ਜਾਂ ਵੇਖੀ ਜਿ਼ੰਦਗੀ ਵਰਗੀ ਕੁੜੀ ਮੁੜਦੀ ਦੁਆ ਕਰਕੇ

ਖ਼ਬਰ ਕੀ ਹੋ ਗਿਆ ਹੁੰਦਾ.......... ਗ਼ਜ਼ਲ / ਰਾਬਿੰਦਰ ਮਸਰੂਰ

ਖ਼ਬਰ ਕੀ ਹੋ ਗਿਆ ਹੁੰਦਾ ਜੇ ਮੈਂ ਤਬਦੀਲ ਹੋ ਜਾਂਦਾ
ਜੇ ਤੇਰੇ ਹੁਕਮ ਤੋਂ ਮੈਂ ਹੁਕਮ ਦੀ ਤਾਮੀਲ ਹੋ ਜਾਂਦਾ

ਮੈਂ ਪੱਥਰ ਹੋ ਕੇ ਡਿੱਗਾ ਝੀਲ ਵਿਚ ਤਾਂ ਡੁੱਬਣਾ ਹੀ ਸੀ
ਜੇ ਰਸਤਾ ਹੋ ਗਿਆ ਹੁੰਦਾ ਤਾਂ ਬਸ ਕੁਝ ਮੀਲ ਹੋ ਜਾਂਦਾ


ਜਦੋਂ ਤਕ, ਸ਼ਬਦ ਹਾਂ ਨਿਤ ਅਰਥ ਹੋਣੇ ਨੇ ਨਵੇਂ ਮੇਰੇ
ਕਿਨ੍ਹੇ ਪੜ੍ਹਨਾ ਸੀ ਜੇ ਮੈਂ ਸ਼ਬਦ ਦੀ ਤਫ਼ਸੀਲ ਹੋ ਜਾਂਦਾ

ਮੇਰਾ ਕੀ ਹੈ ਮੈਂ ਆਪਣਾ ਸਿਰਫ਼ ਕੋਈ ਨਾਮ ਰੱਖਣਾ ਸੀ
ਜੇ ਮੈਨੂੰ ਵੇਦ ਨਾ ਕਹਿੰਦੇ ਤਾਂ ਮੈਂ ਅੰਜੀਲ ਹੋ ਜਾਂਦਾ

ਅਨੰਦੀ ਸ਼ਬਦ ਹੈ ਜਾਂ ਬਸ ਵਿਲਾਸੀ ਸ਼ਬਦ-ਚਿੱਤਰ ਹੈ
ਹੁਨਰ ਏਨੇ 'ਚ ਹੈ ਸ਼ਾਲੀਨ ਤੋਂ ਅਸ਼ਲੀਲ ਹੋ ਜਾਂਦਾ

ਗੁਰੂ ਦੀ ਦਖਸ਼ਣਾ ਵਿਚ ਜੇ ਸਿਆਸਤ ਦਖਲ ਨਾ ਦਿੰਦੀ
ਤਾਂ ਹੋ ਸਕਦੈ ਮਹਾਂਭਾਰਤ ਦਾ ਨਾਇਕ ਭੀਲ ਹੋ ਜਾਂਦਾ

ਭੇਸ ਬਦਲ ਕੇ.......... ਗ਼ਜ਼ਲ / ਬਿਸਮਲ ਫ਼ਰੀਦਕੋਟੀ

ਭੇਸ ਬਦਲ ਕੇ ਲੱਖ ਆਵੇਂ , ਪਹਿਚਾਣ ਲਵਾਂਗੇ
ਤੇਰੇ ਦਿਲ ਦੀਆਂ ਗੁੱਝੀਆਂ ਰਮਜ਼ਾਂ ਜਾਣ ਲਵਾਂਗੇ

ਅੰਦਰੋਂ ਬਾਹਰੋਂ ਕਹਿਣੀ ਤੇ ਕਰਨੀ ਵਿਚ ਅੰਤਰ
ਅਸੀਂ ਨਜ਼ਰ ਦੇ ਛਾਣਨਿਆਂ ਥੀਂ ਛਾਣ ਲਵਾਂਗੇ


ਜਜ਼ਬੇ ‘ਚੋਂ ਜਦ ਆਤਮ ਬਲ ਦੀ ਸੋਝੀ ਉਪਜੂ
ਨਰਕਾਂ ਵਿਚ ਵੀ ਸੁਰਗ ਹੁਲਾਰਾ ਮਾਣ ਲਵਾਂਗੇ

ਕੁਦਰਤ ਦੀ ਰੂਹ ਵਿਚ ਸਮੋ ਕੇ ਰੂਹ ਆਪਣੀ ਨੂੰ
ਭੇਤ ਅਗੰਮੀ ਸ਼ਕਤੀ ਦੇ ਸਭ ਜਾਣ ਲਵਾਂਗੇ

ਗਰਦਿਸ਼ ਦੇ ਝਟਕੇ ਨਾ ਜਦੋਂ ਸਹਾਰੇ ਜਾਸਣ
ਤੇਰੀ ਜ਼ੁਲਫ਼ ਦੀ ਛਾਂਵੇਂ ਲੰਮੀਆਂ ਤਾਣ ਲਵਾਂਗੇ

ਹਰ ਕੋਈ ਇਜ਼ਤ ਆਦਰ ਚਾਹੁੰਦਾ ਦੁਨੀਆਂ ਅੰਦਰ
ਦੇਵਾਂਗੇ ਸਨਮਾਨ ਅਤੇ ਸਨਮਾਨ ਲਵਾਂਗੇ

ਦੋਹੇ.......... ਨਜ਼ਮ/ਕਵਿਤਾ / ਪ੍ਰਮਿੰਦਰਜੀਤ

ਇਕ ਲਟਬੌਰੀ ਜ਼ੁਲਫ਼ ਨੇ ਉਮਰਾਂ ਦਿੱਤੀਆਂ ਰੋਲ਼
ਬੁਝੀ ਅਗਨ ‘ਚੋਂ ਕਿਸ ਤਰ੍ਹਾਂ ਲੈਂਦੇ ਚਿਣਗ ਫਰੋਲ

ਕਿੰਜ ਧਰਦੇ ਦਰਵੇਸ਼ੀਆਂ ਕਿਵੇਂ ਹੰਢਾਉਂਦੇ ਜੋਗ
ਨਿਵੇ ਅਸਾਡੇ ਨਾਲ਼ ਨਾ, ਤਨ ਮਨ ਦੇ ਸੰਜੋਗ


ਸੁਰਤੀ ਤਾਂ ਸੀ ਜਾਗਦੀ, ਕਈ ਕੁਝ ਬੀਤ ਗਿਆ
ਤਨ ਦੇ ਗੁੰਬਦ ‘ਚੋਂ ਕੋਈ ਜਿਉਂ ਹੋਇਆ ਲਾ ਪਤਾ

ਸਾਥੋਂ ਪਾਇਆ ਨਾ ਗਿਆ ਇਕ ਦੂਜੇ ਦਾ ਭੇਤ
ਭਾਵੇਂ ਵਰ੍ਹਿਆਂ ਦੀ ਸਿਰਾਂ ਤੋਂ ਕਿਰਦੀ ਜਾਵੇ ਰੇਤ

ਜੇ ਤੂੰ ਰੱਖੀ ਤੋਰ ਕੇ ਸੁਰਤ ਸਮੇਂ ਦੇ ਨਾਲ਼
ਤਾਂ ਹੀ ਜਗਦੇ ਰਹਿਣਗੇ ਸ਼ਬਦ ਸੁਹਜ ਸੁਰਤਾਲ

ਸਦੀਆਂ ਤੋਂ ਮੁਹੱਬਤ ਦਾ.......... ਗ਼ਜ਼ਲ / ਸੁਖਵਿੰਦਰ ਅੰਮ੍ਰਿਤ

ਸਦੀਆਂ ਤੋਂ ਮੁਹੱਬਤ ਦਾ ਏਹੀ ਅਫ਼ਸਾਨਾ ਹੈ
ਹਰ ਹੱਥ ਵਿਚ ਪੱਥਰ ਹੈ ਮਜਨੂੰ ਤੇ ਨਿਸ਼ਾਨਾ ਹੈ

ਇਹ ਰਹਿਬਰ ਕੀ ਜਾਣਨ, ਦਾਨਸ਼ਵਰ ਕੀ ਸਮਝਣ
ਇਸ ਇਸ਼ਕ ਦੀ ਮੰਜਿ਼ਲ 'ਤੇ ਪੁੱਜਦਾ ਦੀਵਾਨਾ ਹੈ


ਕੋਈ ਰਾਂਝਾ ਜਾਣ ਸਕੇ ਫ਼ਰਿਆਦ ਹੀ ਸਮਝ ਸਕੇ
ਕਿਓਂ ਬਲ਼ਦੀਆਂ ਲਾਟਾਂ 'ਤੇ ਸੜਦਾ ਪਰਵਾਨਾ ਹੈ

ਕਿਆ ਇਸ਼ਕ ਦੀ ਸ਼ਾਨ ਅੱਲ੍ਹਾ, ਇਹ ਇਸ਼ਕ ਸੁਭਾਨ ਅੱਲ੍ਹਾ !
ਇਸ ਇਸ਼ਕ ਬਿਨਾ ਲੋਕੋ ਕਿਆ ਖਾਕ ਜ਼ਮਾਨਾ ਹੈ

ਇਸ ਇਸ਼ਕ ਦੀ ਹੱਟੀ 'ਤੇ ਕੋਈ ਹੋਰ ਵਪਾਰ ਨਹੀਂ
ਬਸ ਦਿਲ ਦੇ ਸੌਦੇ ਨੇ ਤੇ ਸਿਰ ਨਜ਼ਰਾਨਾ ਹੈ

ਮੀਰੀ ਵੀ, ਪੀਰੀ ਵੀ, ਸ਼ਾਹੀ ਵੀ, ਫ਼ਕੀਰੀ ਵੀ
ਇਸ ਇਸ਼ਕ ਦੇ ਦਾਮਨ ਵਿਚ ਹਰ ਇਕ ਹੀ ਖ਼ਜਾ਼ਨਾ ਹੈ

ਕੁੱਝ ਚੋਣਵੇਂ ਸਿ਼ਅਰ..........ਸਿ਼ਅਰ / ਰਣਬੀਰ ਕੌਰ

ਪੰਜ ਨਦੀਆਂ ਦੇ ਪਾਣੀ ਵਗਦੇ ਰਹਿਣ ਸਦਾ
ਪਾਣੀ ਭਰਦੇ ਮੁਖੜੇ ਦਗ਼ਦੇ ਰਹਿਣ ਸਦਾ

--ਹਰਦੀਪ ਢਿੱਲੋਂ ਮੁਰਾਦਵਾਲਾ਼

ਨਾ ਜਾਇਓ ਵੇ ਪੁੱਤਰੋ ਦਲਾਲਾਂ ਦੇ ਆਖੇ
ਮਰਨ ਲਈ ਕਿਤੇ ਦੂਰ ਮਾਂਵਾਂ ਤੋਂ ਚੋਰੀ
--ਡਾ. ਸੁਰਜੀਤ ਪਾਤਰ

ਪਹਿਲੀ ਰੋਟੀ 'ਤੇ ਅੱਖ ਭਰਦੀ ਹੋਵੇਗੀ
ਮਾਂ ਜਦ ਚੁੱਲ੍ਹਾ ਚੌਂਕਾ ਕਰਦੀ ਹੋਵੇਗੀ
--ਸੁਰਿੰਦਰ ਸੋਹਲ

ਆਹਾਂ ਨੂੰ ਰੋਜ਼ ਪੈਂਦੀਆਂ ਖਾਦਾਂ ਨੂੰ ਕੀ ਕਰਾਂ
ਤੇਰੇ ਬਗ਼ੈਰ ਤੇਰੀਆਂ ਯਾਦਾਂ ਨੂੰ ਕੀ ਕਰਾਂ
--ਡਾ. ਗੁਰਚਰਨ ਸਿੰਘ

ਕੁਝ ਦਿਨਾਂ ਤੋਂ ਦਿਲ ਮੇਰਾ ਕੁਝ ਵੱਟਿਆ ਘੁੱਟਿਆ ਰਹਿੰਦਾ ਹੈ
ਜਿਹੜੀ ਸੋਹਣੀ ਸੂਰਤ ਵਿਹਨਾਂ ਤੇਰਾ ਝੌਲ਼ਾ ਪੈਂਦਾ ਹੈ
--ਰਾਊਫ਼ ਸੈ਼ਖ਼

ਬਣੇਗੀ ਯਾਦ ਮੇਰੀ ਇਕ ਸਹਾਰਾ ਹਰ ਘੜੀ ਤੇਰਾ
ਤੂੰ ਚੇਤੇ ਕਰ ਲਵੀਂ ਮੈਨੂੰ ਜਦੋਂ ਵੀ ਡਗਮਗਾਏਂਗਾ
--ਗੁਰਚਰਨ ਕੌਰ ਕੋਚਰ

ਹਵਾ ਦੇ ਸਹਿਮ ਵਿਚ ਜੇ ਖੁ਼ਦ ਲਈ ਓਹਲਾ ਬਣਾਵਾਂਗਾ
ਮੈਂ ਜਗਦੇ ਦੀਵਿਆਂ ਨੂੰ ਕਿਸ ਤਰ੍ਹਾਂ ਚਿਹਰਾ ਦਿਖਾਵਾਂਗਾ
--ਸੁਨੀਲ ਚੰਦਿਆਣਵੀ

ਸੁਰ ਸਜਾਉਂਦੇ ਪਾਣੀਆਂ ਨੂੰ ਨਾਗ਼ਵਲ਼ ਪਾਉਂਦੀ ਮਿਲੀ
ਇਕ ਨਦੀ ਝਰਨੇ ਦੇ ਥੱਲੇ ਆਪ ਹੀ ਨਾਹੁੰਦੀ ਮਿਲੀ
--ਸਤੀਸ਼ ਗੁਲਾਟੀ

ਦਿਲਾ ਝੱਲਿਆ ਮੁਹੱਬਤ ਵਿਚ ਜੁਦਾਈ ਵੀ ਜ਼ਰੂਰੀ ਹੈ
ਮਿਲਣ ਦਾ ਲੁਤਫ਼ ਨਈਂ ਆਉਂਦਾ ਜੇ ਵਿਛੜਨ ਦਾ ਨਾ ਡਰ ਹੋਵੇ
--ਸੁਖਵਿੰਦਰ ਅੰਮ੍ਰਿਤ

ਉਲੀਕੇ ਖੰਭ ਕਾਗਜ਼ 'ਤੇ ਦੁਆਲ਼ੇ ਹਾਸ਼ੀਏ ਲਾਵੇ
ਕਿਵੇਂ ਵਾਪਿਸ ਨਿਆਣੀ ਤੋਂ ਉਦ੍ਹੇ ਅੰਦਰਲੇ ਡਰ ਲਈਏ
--ਰਾਜਿੰਦਰਜੀਤ

ਤੂੰ ਘਟਾ ਸੀ ਮੈਂ ਬਰੇਤਾ ਸੀ, ਕਿਸ ਨੂੰ ਇਸ ਹਾਦਸੇ ਦਾ ਚੇਤਾ ਸੀ
ਮੈਥੋਂ ਇਕ ਪਿਆਸ ਨਾ ਦਬਾਈ ਗਈ, ਤੈਥੋਂ ਪਾਣੀ ਸੰਭਾਲਿਆ ਨਾ ਗਿਆ
-- ਵਿਜੈ ਵਿਵੇਕ

ਝੀਲ ਦਾ ਫੁੱਲ ਬਣਦੇ ਬਣਦੇ ਰੇਤ ਦਾ ਘਰ ਹੋ ਗਏ
ਸ਼ੀਸਿ਼ਆਂ ਦਾ ਵਣਜ ਕਰਦੇ ਕਰਦੇ ਪੱਥਰ ਹੋ ਗਏ
--ਪ੍ਰੋ. ਜਸਪਾਲ ਘਈ

ਸਮੇਂ ਦੇ ਮਾਰਿਆਂ ਦਾ ਹੱਲ ਮੇਰੇ ਸ਼ਹਿਰ ਵੀ ਹੈ
ਉਰੇ ਹੈ ਰੇਲ ਦੀ ਪਟੜੀ ਪਰੇ ਇਕ ਨਹਿਰ ਵੀ ਹੈ
--ਬੂਟਾ ਸਿੰਘ ਚੌਹਾਨ

ਅਸਾਂ ਨੂੰ ਪਤਝੜਾਂ ੳੱਤੇ ਕਦੇ ਅਫਸੋਸ ਨਹੀਂ ਹੋਇਆ
ਅਗਰ ਮੌਸਮ ਦੀ ਨੀਅਤ ਤੋਂ ਨਾ ਮਾਲੀ ਬੇਖ਼ਬਰ ਹੋਵੇ
--ਸੁਸ਼ੀਲ ਦੁਸਾਂਝ

ਨਜ਼ਮਾਂ.......... ਨਜ਼ਮ/ਕਵਿਤਾ / ਰਾਕੇਸ਼ ਵਰਮਾਂ

ਤੂੰ
ਮੇਰੇ ਇਸ਼ਕ ਦੇ
ਜ਼ਖ਼ਮਾਂ ਉੱਤੇ
ਵਫਾ ਦਾ ਲੋਗੜ
ਭਾਵੇਂ ਨਾ ਬੰਨ੍ਹੀ.......


ਯਾਦਾਂ ਦੇ ਨਸ਼ਤਰ
ਚੋਭ ਕੇ
ਇਹਨਾਂ ਨੂੰ
ਹਰੇ ਤਾਂ ਨਾ ਕਰ......

2
ਕਦੇ ਨਾ
ਸੁਲਘਦਾ ਰਹਿੰਦਾ
ਬੁਝੇ ਗੋਹਟੇ ਦੀ ਅੱਗ ਵਾਕਣ...

ਓਹਦੀ
ਫਿਤਰਤ ਦਾ ਯਾਰੋ
ਭੇਦ ਜੇ
ਮੈਂ ਪਾ ਲਿਆ ਹੁੰਦਾ...

3
ਹਨ੍ਹੇਰੀ ਰਾਤ
ਵਿਚ
ਅੱਜ ਵੀ
ਸਦਾਅ ਉਸਦੀ
ਹੈ ਸ਼ੂਕਦੀ......

ਜੋ
ਮੈਨੂੰ ਛੱਡ ਕੇ
ਤੁਰ ਗਈ
ਪਰਛਾਵਿਆਂ
ਦੇ ਡਰ ਕਾਰਨ.....

4

ਕਰਾ ਕੇ
ਛੇਕ ਸੀਨੇ ਵਿਚ
ਮੈਂ ਹਾਂ ਬੰਸਰੀ ਬਣਿਆ

ਲਿਆ ਕੇ
ਕੋਲ਼ ਹੋਠਾਂ ਦੇ
ਬਖਸ਼ ਦੇ
ਫੂਕ ਇਕ ਮੈਨੂੰ........

ਸੱਜਣ ਜੇ ਮਿਲੇ ਤੈਨੂੰ.......... ਗ਼ਜ਼ਲ / ਦੀਵਾਨ ਸਿੰਘ (ਡਾ.)

ਸੱਜਣ ਜੇ ਮਿਲੇ ਤੈਨੂੰ, ਮੇਰਾ ਵੀ ਸਲਾਮ ਆਖੀਂ
ਇਸ ਇਸ਼ਕ ਦੇ ਕੁੱਠੇ ਦਾ ਦੁੱਖ ਭਰਿਆ ਪਿਆਮ ਆਖੀਂ

ਜੇ ਪੁੱਛੇ ਕਿ ਇਸ਼ਕ ਦੀ ਅੱਗ ਕਿੰਨੀ ਕੁ ਹੈ ਦਿਲ ਅੰਦਰ
ਮੈਅ ਜਿਸ ਵਿਚੋਂ ਮੁਕ ਜਾਏ,ਉਲਟਾ ਪਿਆ ਜਾਮ ਆਖੀਂ


ਭੁੱਲਿਆ ਜੇ ਹੋਵੇ ਮੈਨੂੰ, ਇਹ ਪਤਾ ਨਿਸ਼ਾਂ ਦੱਸੀਂ
ਆਖੀਂ ਤੇਰਾ ਦੀਵਾਨਾ, ਇਕ ਅਦਨਾ ਗ਼ੁਲਾਮ ਆਖੀਂ

ਜੇ ਮਿਲਣ ਦੀ ਗੱਲ ਤੋਰੇ ਆਖੀਂ ਹੁਣ ਕੀ ਫਾਇਦਾ
ਬੇਰੁੱਤੇ ਸਮਰ ਵਾਂਗੂੰ ਇਸ ਖਿਆਲ ਨੂੰ ਖ਼ਾਮ ਆਖੀਂ

ਆਖਰੀ ਸਮਾਂ ਮਹਾਨ ਸ਼ਖਸੀਅਤਾਂ ਦਾ.......... ਲੇਖ / ਨਿੰਦਰ ਘੁਗਿਆਣਵੀ

ਕਈ ਲੋਕ ਆਖਰੀ ਸਮੇਂ ਤੱਕ ਜਿ਼ੰਦਾ-ਦਿਲੀ ਨੂੰ ਅਪਣੇ ਕਲ਼ਾਵੇ ਵਿਚ ਲਈ ਰੱਖਦੇ ਹਨ। ਉਹ ਅਪਣੀ ਉਮਰ ਦੇ ਕੁਝ ਖਾਸ ਪਲਾਂ ਸਮੇਂ ਹੀ ਉਦਾਸ ਜਾਂ ਨਿਰਾਸ਼ ਹੋਏ ਹੁੰਦੇ ਹਨ। ਉਹਨਾਂ ਨੇ ਅਪਣੀ ਸਾਰੀ ਹਯਾਤੀ ਹੱਸਦਿਆਂ ਖੇਲਦਿਆਂ ਤੇ ਕੁਦਰਤ ਦੀ ਰਜ਼ਾ ਮਾਣਦਿਆਂ ਕੱਟੀ ਹੁੰਦੀ ਹੈ। ਬਹੁਤੇ ਸ਼ਖ਼ਸ ਅਪਣੀ ਉਮਰ ਦੇ ਐਨ ਆਖਰੀ ਪੜਾਅ ਸਮੇਂ ਅਪਣੀ ਸੁਰਤ-ਬੁਧ ਖੋ ਬੈਠਦੇ ਹਨ ਤੇ ਬੇਹੋਸ਼ੀ ਵਿਚ ਲਿਪਟੇ ਹੋਏ ਹੀ ਮੌਤ ਦੀ ਬੁੱਕਲ਼ ਵਿਚ ਜਾ ਬਿਰਾਜਦੇ ਹਨ। ਅਜਿਹੇ ਬੰਦਿਆਂ ਕੋਲ਼ੋਂ ਜਿ਼ੰਦਾ-ਦਿਲੀ ਪੱਲਾ ਛੁਡਾ ਕੇ ਕਿਧਰੇ ਦੂਰ ਚਲੀ ਜਾਂਦੀ ਹੈ ਤੇ ਉਹ ਮੰਜੇ ਨਾਲ਼ ਮੰਜਾ ਹੋ ਜਾਂਦੇ ਹਨ।

ਸ਼੍ਰੋਮਣੀ ਕਵੀਸ਼ਰ ਮਰਹੂਮ ਕਰਨੈਲ ਸਿੰਘ ਪਾਰਸ ਰਾਮੂਵਾਲੀਆ 93 ਵਰ੍ਹੇ ਜਿ਼ੰਦਗੀ ਮਾਣ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਜਿ਼ੰਦਾ-ਦਿਲੀ ਨਾਲ ਜੀਵਨ ਹੰਢਾਇਆ। ਉਨ੍ਹਾਂ ਦੀ ਨਿਗ੍ਹਾ ਪੂਰੀ ਤਰ੍ਹਾਂ ਕਾਇਮ ਰਹੀ।ਨਿਤ ਚਾਰ ਪੰਜ ਅਖਬਾਰ ਤੇ ਪੁਸਤਕਾਂ ਪੜ੍ਹਦੇ ਸਨ। ਗੋਡਿਆਂ ਦੀ ਸਮੱਸਿਆ ਕਾਰਨ ਵੀਲ੍ਹ ਚੇਅਰ ਤੇ ਸਨ। ਮੀਂਹ ਆਵੇ, ਨੇਰ੍ਹੀ ਆਵੇ, ਭਾਵੇਂ ਤੇਜ਼ ਬੁਖਾਰ ਵੀ ਕਿਓੁਂ ਨਾ ਹੋਵੇ, ਸ਼ਾਮ ਨੂੰ ਨਿੱਕੇ-ਨਿੱਕੇ ਦੋ ਪੈੱਗ ਸਕਾਚ ਦੇ ਲੈਣੇ ਹੀ ਲੈਣੇ ਹੁੰਦੇ ਸਨ। ਬਾਪੂ ਜੀ ਕਹਿੰਦੇ ਸਨ," ਮੌਤ ਦਾ ਮੈਨੂੰ ਕੋਈ ਡਰ ਨਹੀਂ...ਭੋਰਾ ਜਿੰਨਾ ਵੀ ਨਹੀਂ, ਭਾਵੇਂ ਹੁਣ ਆ ਜੇ ਇਕ ਸਕਿੰਟ ਨੂੰ... ਮੈਂ ਹੱਸ ਕੇ ਮੌਤ ਦਾ ਸਵਾਗਤ ਕਰਾਂਗਾ। ਮੇਰੇ ਸਾਰੇ ਸਾਰੇ ਚਾਅ ਲੱਥ ਗਏ ਐ...ਕੋਈ ਗ਼ਮ ਨੀ ਕੋਈ ਝੋਰਾ ਨੀ...ਸਿ਼ਕਵਾ ਨੀ ... ਸਿ਼ਕਾਇਤ ਨਹੀ... ਮੈਂ ਬਾਗੋ-ਬਾਗ ਆਂ।

ਦੇਸ਼ ਭਗਤ ਬਾਬਾ ਭਗਤ ਸਿੰਘ ਬਿਲਗਾ ਸੌ ਨੂੰ ਟੱਪ ਗਏ ਹਨ। ਅਨੰਦਮਈ ਅਵਸਥਾ ਵਿਚ ਹਨ। ਚੜ੍ਹਦੀ ਕਲਾ ਵਿਚ ਹਨ। ਕਰਤਾਰ ਸਿੰਘ ਦੁੱਗਲ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਸੰਤੋਖ ਸਿੰਘ ਧੀਰ, ਰਾਮ ਸਰੂਪ ਅਣਖੀ ਹੁਰੀਂ ਸਰੀਰਕ ਪੱਖੋਂ ਮਾੜੇ ਮੋਟੇ ਭਾਵੇਂ ਢਿੱਲੇ ਰਹਿੰਦੇ ਹਨ, ਪਰ ਇਨ੍ਹਾਂ ਨੇ ਅਪਣੀ ਕਲਮ ਦੀ ਰਫ਼ਤਾਰ ਮੱਠੀ ਨਹੀਂ ਪੈਣ ਦਿੱਤੀ।

ਪੰਜਾਬੀ ਦਾ ਮਾਣਮੱਤਾ ਕਲਮਕਾਰ ਬਲਵੰਤ ਗਾਰਗੀ ਆਪਣੀਆਂ ਆਖਰੀ ਘੜੀਆਂ ਸਮੇਂ ਅਪਣੀ ਸੁਰਤ ਗੁਆ ਬੈਠਾ ਸੀ। ਬਸ ਉਹ ਮੂੰਹ ਅੱਡ ਕੇ ਅਪਣੀ ਅਹਿਲ ਅਵਸਥਾ ਵਿਚ, ਟਿਕੀ-ਟਿਕੀ ਲਗਾਈ ਸਾਹਮਣੇ ਵੱਲ ਦੇਖਦਾ ਰਹਿੰਦਾ ਸੀ। ਉਹਦੇ ਹੱਥ ਪੈਰ ਕੰਬਦੇ ਸਨ। ਦਸਤਖ਼ਤ ਵੀ ਠੀਕ ਤਰ੍ਹਾਂ ਕਰੇ ਨਹੀਂ ਸੀ ਜਾਂਦੇ ਉਸ ਤੋਂ। ਕਿਸੇ ਨੂੰ ਪਛਾਣਦਾ ਵੀ ਨਹੀਂ ਸੀ। ਚਾਹ ਦੀ ਪਿਆਲੀ ਵੀ ਕਈ ਵਾਰ ਕੱਪੜਿਆਂ ਉੱਤੇ ਡੁੱਲ੍ਹ ਜਾਂਦੀ ਸੀ।

ਮਹਾਨ ਖੋਜੀ ਅਤੇ ਵਿਦਵਾਨ ਲੇਖਕ ਡਾ. ਆਤਮ ਹਮਰਾਹੀ ਦੀ ਪਹਿਲਾਂ ਇਕ ਲੱਤ ਕੱਟੀ ਗਈ ਸੀ, ਫਿਰ ਸ਼ੂਗਰ ਦੇ ਵਧਣ ਕਾਰਨ ਦੂਸਰੀ ਵੀ ਕੱਟਣੀ ਪੈ ਗਈ। ਉਹ ਆਪਣੇ ਲਿਖਣ ਕਮਰੇ ਵਿਚ, ਦੀਵਾਨ ਉਤੇ ਬੈਠਾ ਕਿਤਾਬਾਂ ਨਾਲ਼ ਕਿਤਾਬ ਤੇ ਕਲਮ ਨਾਲ਼ ਕਲਮ ਹੋਇਆ,ਸਿਰ ਸੁੱਟ ਕੇ ਲਿਖੀ ਜਾਂਦਾ ਰਹਿੰਦਾ। ਉਹਨੂੰ ਖਿਝ ਵੀ ਬਹੁਤ ਆਉਣ ਲੱਗ ਪਈ ਸੀ। ਜੇ ਕੋਈ ਭੁੱਲਾ ਚੁੱਕਾ ਉਹਨੂੰ ਫੋਨ ਕਰ ਬੈਠਦਾ, ਤਾਂ ਉਹ ਅਗਲੇ ਦੀ ਬਸ ਕਰਾ ਕੇ ਛਡਦਾ ਸੀ, ਉਹਦੀ ਗੱਲ ਨਾ ਮੁੱਕਦੀ। ਲੋਕ ਡਰਦੇ ਮਾਰੇ ਉਹਨੂੰ ਫੋਨ ਕਰਨੋਂ ਹੀ ਹਟ ਗਏ। ਇਕ ਦਿਨ ਮੈਂ ਉਹਦੇ ਕੋਲ਼ ਬੈਠਾ ਸਾਂ, ਉਹਦਾ ਫੋਨ ਖੜਕਿਆ, ਉਹਨੇ ਰਸੀਵਰ ਕੰਨ ਨੂੰ ਲਾ ਕੇ ਕਿਹਾ, "ਹੈਲੋ ਮੈਂ ਆਤਮ ਹਮਰਾਹੀ ਬੋਲਦਾਂ...।" ਫੋਨ ਕਰਨ ਵਾਲ਼ੇ ਨੇ ਜਦੋਂ ਉਸਨੂੰ ਆਪਣੀ ਪਛਾਣ ਦੱਸੀ, ਤਾਂ ਹਮਰਾਹੀ ਉਸਨੂੰ ਪੈ ਨਿਕਲਿਆ। ਆਪਣੇ ਆਖਰੀ ਸਮੇਂ ਉਹ ਪੂਰਾ ਸਤਿਆ ਪਿਆ ਸੀ।

ਸਾਲ 2005 ਦੀ ਕਨੇਡਾ ਫੇਰੀ ਸਮੇਂ ਐਡਮਿੰਟਨ ਵਿਖੇ ਗਿਆਨੀ ਕੇਸਰ ਸਿੰਘ ਨਾਵਲਿਸਟ ਦੇ ਦੋ ਵਾਰ ਦਰਸ਼ਨ ਕਰਨ ਦਾ ਮੌਕਾ ਮਿਲਿਆ। ਉਹਨਾ ਨੇ ਹਥਿਆਰਬੰਦ ਇਨਕਲਾਬ ਵਰਗੇ ਉੱਚ ਕੋਟੀ ਦੇ ਨਾਵਲ ਲਿਖੇ। ਉਹਨਾਂ ਨੂੰ ਹਾਲੋਂ ਬੇਹਾਲ ਪਏ ਦੇਖ ਕੇ ਮੇਰਾ ਮਨ ਉਦਾਸ ਹੋ ਗਿਆ। ਉਨ੍ਹਾਂ ਦੀ ਦੇਖਭਾਲ ਉਹਨਾਂ ਦੀ ਪਤਨੀ ਕਰਦੀ ਸ਼੍ਰੀਮਤੀ ਰਾਜ ਕਰਦੀ ਸੀ। ਗਿਆਨੀ ਜੀ ਨਾ ਉਠ ਸਕਦੇ ਸਨ, ਨਾ ਨਹਾ ਸਕਦੇ ਸਨ। ਨਹਾਉਣ ਤੋਂ ਉਹਨਾਂ ਨੂੰ ਬੜਾ ਡਰ ਆਉਣ ਲੱਗ ਪਿਆ ਸੀ। ਉਹ ਆਪਣੀ ਪਤਨੀ ਨੂੰ ਚੀਖ-ਚੀਖ ਕੇ ਆਖਦੇ, "ਏ ਨਾ...ਏ ਨਾ.. ਮੈਂ ਨਹੀਂ ਨਹਾਵਾਂਗਾ..ਮੈਨੂੰ ਪਾਣੀ ਦੀਆਂ ਧਾਰਾਂ ਤੋਂ ਡਰ ਆਉਂਦਾ ਏ...।" ਗਿਆਨੀ ਜੀ ਹੱਥ-ਪੈਰ ਮਾਰਨ ਲੱਗਦੇ, ਰਾਜ ਔਖੀ-ਸੌਖੀ ਉਹਨਾਂ ਨੂੰ ਨੁਹਾ ਦਿੰਦੀ। ਉਹ ਖੱਟੀਆਂ ਮਿੱਠੀਆਂ ਟਾਫੀਆਂ ਬਹੁਤ ਖਾਂਦੇ ਸਨ। ਹਰ ਵੇਲੇ ਸਾਗ ਤੇ ਮੱਕੀ ਦੀ ਰੋਟੀ ਦੀ ਮੰਗ ਕਰਦੇ, ਖਾਣ ਪਿੱਛੋਂ ਸੁੱਤੇ ਰਹਿੰਦੇ...ਜਦੋਂ ਜਾਗਦੇ.. ਰੌਲ਼ਾ ਪਾਉਂਦੇ। ਗਿਆਨੀ ਜੀ ਦੀ ਆਵਾਜ਼ ਦਾ ਗੜ੍ਹਕਾ ਉਵੇਂ ਹੀ ਕਾਇਮ ਰਿਹਾ। ਕਿਸੇ ਮਿਲਣ ਆਏ ਨੂੰ ਬੜੀ ਔਖੀ ਤਰ੍ਹਾਂ ਪਛਾਣਦੇ ਸਨ। ਨਾ ਹੀ ਉਹਨਾ ਦੀ ਕਿਸੇ ਗੱਲ ਦੀ ਸਮਝ ਹੀ ਪੈਂਦੀ ਸੀ, ਯਾਦ ਸ਼ਕਤੀ ਵੀ ਸਾਥ ਛੱਡ ਗਈ ਸੀ ਉਹਨਾਂ ਦਾ।

ਕਈ ਨਾਵਲ, ਕਹਾਣੀਆਂ ਤੇ ਅਲੋਚਨਾ ਦੀਆਂ ਪੁਸਤਕਾਂ ਦੇ ਰਚਣਹਾਰੇ ਪ੍ਰੋ. ਸੁਰਿੰਦਰ ਸਿੰਘ ਨਰੂਲਾ ਵੀ ਵ੍ਹੀਲ ਚੇਅਰ ਜੋਗੇ ਰਹਿ ਗਏ ਸਨ। ਉਨ੍ਹਾਂ ਨੂੰ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਨੇ ਘੇਰ ਲਿਆ ਸੀ, ਫੁਲਬਹਿਰੀ ਵੀ ਹੋ ਚੁੱਕੀ ਸੀ, ਸਿਰ ਦੇ ਵਾਲ਼ ਵੀ ਝੜ ਚੁੱਕੇ ਸਨ। ਫੁਲਬਹਿਰੀ ਦੇ ਵਾਲ਼ ਇਉਂ ਜਾਪਦੇ ਜਿਵੇਂ ਬੁੱਢੇ ਬ੍ਰਿਛ ਦਾ ਸੱਕ ਲਹਿ ਰਿਹਾ ਹੋਵੇ। ਉਹਨਾਂ ਦਾ ਮੂੰਹ ਅੱਡਿਆ ਰਹਿਣ ਲੱਗਿਆ। ਉਹ ਹੱਡੀਆਂ ਦੀ ਮੁੱਠ ਜਾਪਦੇ। ਉਹ ਅਪਣੀ ਸੇਵਾ ਸੰਭਾਲ਼ ਦੇ ਕਾਟੋ ਕਲੇਸ਼ ਤੋਂ ਬਹੁਤ ਦੁਖੀ ਸਨ। ਕਿਹਾ ਕਰਦੇ ਸਨ, "ਜਿੱਥੇ ਕੁੜ ਕੁੜੇਂਦੀ ਵੱਸੇ...ਉਥੇ ਘੜਿਉਂ ਪਾਣੀ ਨੱਸੇ...ਮੈਨੂੰ ਤੇ ਮੇਰੇ ਕਲੇਸ਼ ਨੇ ਮਾਰ ਲਿਆ...ਦੂਜਾ ਬੀਮਾਰੀਆਂ ਨੇ...ਮੈਂ ਤੇ ਹਾਲੇ ਬਹੁਤ ਕੁਝ ਲਿਖਣਾ ਸੀ...।" ਉਨ੍ਹਾਂ
ਦੀ ਇਹ ਇੱਛਾ ਪੂਰੀ ਨਹੀਂ ਹੋਈ...ਅੰਤ ਸਮੇਂ ਉਹਨਾਂ ਨੂੰ ਅਪਣਾ ਘਰ ਹੀ ਵੇਚਣਾ ਪਿਆ ਤੇ ਉਹ ਕਿਰਾਏ ਦੇ ਘਰ ਵਿਚ ਹੀ ਪੂਰੇ ਹੋ ਗਏ।

ਪੰਜਾਬ ਦੀ ਕੋਇਲ ਦਿੱਲੀਓਂ ਆ ਕੇ ਪੰਚਕੂਲੇ ਆਪਣੀ ਧੀ ਡੌਲੀ ਗੁਲੇਰੀਆ ਦੇ ਘਰ ਨੇੜੇ ਕਿਰਾਏ ਤੇ ਘਰ ਲੈ ਕੇ ਰਹਿਣ ਲੱਗ ਪਈ ਸੀ, ਉਹ ਬਹੁਤੀ ਬੀਮਾਰ ਹੋ ਗਈ। ਉਹਦੇ ਜੀਵਨ ਤੇ ਗਾਇਨ ਬਾਰੇ ਇਕ ਪੁਸਤਕ ਲਿਖ ਰਿਹਾ ਹੋਣ ਕਰਕੇ ਮੈਂ ਅਕਸਰ ਹੀ ਉਹਦੇ ਕੋਲ਼ ਜਾਂਦਾ। ਉਹ ਲੰਬਾ ਹਾਉਕਾ ਭਰਦੀ ਤੇ ਵਿਛੜ ਗਏ ਅਪਣੇ ਭੈਣ ਭਰਾਵਾਂ, ਪਤੀ ਤੇ ਵੱਡੇ ਵੱਡੇਰਿਆਂ ਨੂੰ ਚੇਤੇ ਕਰਕੇ ਰੋਂਦੀ। ਉਹ ਕਿਹਾ ਕਰਦੀ ਸੀ, " ਵੇ ਬੱਚਿਆ..ਮੇਰੀ ਤਾਂ ਇਕੋ-ਇਕ ਇੱਛਾ ਏ ਬਈ ਮੈਂ ਪੰਜਾਬ ਵਿਚ ਮਰਾਂ...ਮੇਰਾ ਆਖਰੀ ਸਾਹ ਪੰਜਾਬ ਵਿਚ ਨਿਕਲੇ਼... ਮੈਂ ਪੰਜਾਬਣ ਆਂ...ਪੰਜਾਬੀਆਂ ਲਈ ਗਾਇਆ ਏ...ਕਿਉਂ ਜੁਦਾ ਹੋਵਾਂ ਮੈਂ ਪੰਜਾਬ ਨਾਲੋ਼ਂ ...?" ਪਰ ਉਸਦੀ ਇਹ ਇਛਾ ਪੂਰੀ ਨਹੀਂ ਹੋਈ। ਸਖਤ ਬੀਮਾਰ ਹੋ ਜਾਣ 'ਤੇ ਉਸਦੀਆਂ ਅਮਰੀਕਾ ਵਸਦੀਆਂ ਧੀਆਂ ਨੰਦਨੀ ਤੇ ਪ੍ਰਮੋਦਨੀ ਉਸ ਨੂੰ ਅਮਰੀਕਾ ਲੈ ਗਈਆਂ। ਉਹਦੀ ਸਿਹਤ ਵਿਚ ਸੁਧਾਰ ਨਾ ਹੋਇਆ, ਹਸਪਤਾਲ ਪਈ ਹੀ ਪੰਜਾਬ ਨੂੰ ਚੇਤੇ ਕਰਦੀ ਕਰਦੀ ਸਦਾ ਲਈ ਅੱਖਾਂ ਮੀਟ ਗਈ।

ਤੂੰਬੀ ਦਾ ਬਾਦਸ਼ਾਹ ਉਸਤਾਦ ਲਾਲ ਚੰਦ ਯਮਲਾ ਜੱਟ ਆਪਣੇ ਘਰ ਵਿਚ ਹੀ, ਇਕ ਰਾਤ ਫ਼ਰਸ਼ ਉਤੋਂ ਤਿਲਕ ਕੇ ਡਿੱਗ ਪਿਆ। ਚੂਕਣਾ ਟੁੱਟ ਗਿਆ ਸੀ। ਮੋਹਨ ਦੇਵੀ ਓਸਵਾਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉੱਥੇ ਦਿਲ ਦਾ ਦੌਰਾ ਪੈ ਗਿਆ। ਆਖਰੀ ਸਮੇਂ ਵੀ ਬਿਲਕੁਲ ਬੇਸੁਰਤ ਪਿਆ ਰਿਹਾ, ਇਲਾਜ ਲਈ ਇਧਰੋਂ ਉਧਰੋਂ ਮਿਲੇ ਰੁਪਈਏ ਝੱਟ ਦਵਾਈਆਂ ਉਤੇ ਖਰਚ ਹੋ ਗਏ। ਪਰਿਵਾਰ ਕੋਲ਼ ਖਰਚਣ ਲਈ ਫੁੱਟੀ ਕੌਡੀ ਵੀ ਨਾ ਬਚੀ। ਉਸਤਾਦ ਜੀ ਅਕਸਰ ਹੀ ਆਪਣੀਆਂ ਮੁਲਾਕਾਤਾਂ ਵਿਚ ਕਿਹਾ ਕਰਦੇ ਸਨ, ਮੈਂ ਸੱਚੇ ਮਨ ਨਾਲ਼ ਪੰਜਾਬ ਦੇ ਲੋਕਾਂ ਦੀ ਸੱਚੀ ਸੁੱਚੀ ਸੇਵਾ ਕੀਤੀ ਏ..ਪੰਜਾਬੀ ਮੇਰੀ ਕਲਾ ਦਾ ਮੁੱਲ ਜ਼ਰੂਰ ਪਾਉਣਗੇ,. ਓ ਲੋਕੋ..ਮੇਰੇ ਕੋਲ਼ ਸਿਵਾਏ ਨਾਮਣੇ ਤੇ ਸੁੱਚਤਾ ਤੋਂ ਹੋਰ ਕੁਝ ਨਹੀਂ ਏ..।" ਆਖਰੀ ਸਮੇਂ ਪਰਿਵਾਰ ਦੇ ਜੀਅ ਦਵਾਈਆਂ ਖਰੀਦਣ ਲਈ ਲੋਕਾਂ ਦੇ
ਮੂੰਹ ਵੱਲ ਦੇਖਦੇ ਰਹੇ ਸਨ।

ਸਿੱਖ ਗੁਰੂਆਂ ਤੇ ਯੋਧਿਆਂ ਦੇ ਜੀਵਨ ਤੇ ਇਤਿਹਾਸਕ ਨਾਵਲ ਲਿਖਣ ਵਾਲ਼ਾ ਬਜ਼ੁਰਗ ਸਾਹਿਤਕਾਰ ਹਰਨਾਮ ਦਾਸ ਸਹਿਰਾਈ ਕਹਿੰਦਾ ਹੁੰਦਾ ਸੀ, "ਮੇਰੇ ਮਰਨ ਪਿੱਛੋਂ ਮੇਰੀਆਂ ਕਿਤਾਬਾਂ ਤੇ ਖਰੜੇ ਨਾ ਰੁਲਣ.. ਮੇਰੇ ਜੀਂਦੇ ਜੀਅ ਇਹਨਾਂ ਨੂੰ ਅਗਨ ਭੇਂਟ ਕਰ ਦਿਓ.. ਇਹਨਾਂ ਦੀ ਬੇਹੁਰਮਤੀ ਨਾ ਹੋਵੇ।" ਜਦੋਂ ਉਹਨੇ ਆਖਰੀ ਸਵਾਸ ਲਏ, ਉਹਦੇ ਚੁਬਾਰੇ ਵਿਚ ਉਹਦੀਆਂ ਕਿਤਾਬਾਂ ਤੇ ਖਰੜੇ ਮਿਟੀ ਘੱਟੇ ਵਿਚ ਖਿਲਰੇ ਪਏ ਸਨ। ਉਸਦੀ ਨੂੰਹ ਉਸਨੂੰ ਕਿਹਾ ਕਰਦੀ ਸੀ, "ਭਾਪਾ ਚੁਬਾਰਾ ਕਦੋਂ ਵਿਹਲਾ ਕਰਨਾ ਏ...?" ਸਹਿਰਾਈ ਮੈਨੂੰ ਕਹਿੰਦਾ ਹੁੰਦਾ ਸੀ,"ਓਏ ਮੇਰੀ ਗੱਲ ਸੁਣ.. ਮੇਰੇ ਮੁੰਡੇ ਕੁਲਦੀਪ ਨੂੰ ਕਹਿ ਕੇ ਮੇਰਾ ਸਾਰਾ ਲਿਟਰੇਚਰ ਕਿਸੇ ਲਾਇਬਰੇਰੀ ਜਾਂ ਭਾਸ਼ਾ ਵਿਭਾਗ ਨੂੰ ਦਾਨ ਕਰ ਦਿਆ ਜੇ..।" ਪਰ ਉਸ ਦੀ ਇਹ ਗੱਲ ਕੌਣ ਪੂਰੀ ਕਰੇ।

ਸਾਡੇ ਹਰਮਨ ਪਿਆਰੇ ਕਹਾਣੀਕਾਰ ਅਜੀਤ ਸਿੰਘ ਪੱਤੋ ਨੇ ਵੀ ਪਿਛਲੇ ਪਹਿਰ ਲੱਤ ਤੁੜਵਾ ਲਈ ਸੀ। ਦੇਸੀ ਦਾਰੂ ਦਾ ਖਹਿੜਾ ਨਹੀਂ ਸੀ ਛੱਡਿਆ। ਗਰਮੀਆਂ ਦੀ ਰੁੱਤੇ ਇਕ ਦਿਨ ਉਸ ਨੂੰ ਮਿਲਣ ਗਿਆ ਸਾਂ, ਉਹ ਵਰਾਂਡੇ ਵਿਚ ਪਿਆ ਹੋਇਆ ਸੀ। ਆਲ਼ੇ-ਦੁਆਲ਼ੇ ਮੱਖੀਆਂ ਭਿਣ-ਭਿਣਾ ਰਹੀਆਂ ਸਨ। ਉਹਨੂੰ ਦੇਖ ਕੇ ਮੇਰਾ ਮਨ ਢੱਠ ਗਿਆ ਸੀ। ਉਹਨੇ ਅੱਖਾਂ ਭਰ ਕੇ ਕਿਹਾ ਸੀ, "ਪੁੱਤ..ਹੁਣ ਬਸ..ਬਥੇਰੀ ਭੋਗ ਲੀ..ਮਰਨ ਨੂੰ ਜੀਅ ਕਰਦਾ ਐ,ਹੁਣ ਤਾਂ ਮੇਰਾ...।"

ਉਹਦੇ ਪਿੰਡੋਂ ਮਿੰਨੀ ਬੱਸ ਵਿਚ ਬੈਠਾ ਹੋਇਆ ਸੋਚਦਾ ਜਾ ਰਿਹਾ ਸਾਂ ਕਿ..ਕਿੰਨੇ ਚਿਰਾਂ ਤੋਂ ਸਾਡੀਆਂ ਸਾਰੀਆਂ ਮਹਾਨ ਸ਼ਖ਼ਸੀਅਤਾਂ ਨਾਲ਼ ਇੰਜ ਹੀ ਹੁੰਦੀ ਆਈ ਹੈ? ਕਿਉਂ ਹੁੰਦੀ ਹੈ ਇੰਜ ਇਹੋ-ਜਿਹੇ ਸਭਨਾਂ ਲੋਕਾਂ ਨਾਲ਼..? ਸਾਡੇ ਸਮਾਜ ਦਾ ਕਸੂਰ ਹੈ..ਜਾਂ ਇਸ ਵਿਚ ਇਹ ਆਪ ਕਸੂਰਵਾਰ ਹਨ? ਮੈਂ ਆਪਣੇ ਆਪ ਨਾਲ਼ ਖੌਜਲ਼ ਰਿਹਾ ਸਾਂ..ਕੁਝ ਸਮਝ ਨਹੀਂ ਸੀ ਆ ਰਹੀ ਮੈਨੂੰ!

ਕੁਤਰਿਆ ਉਸ ਇਸ ਤਰ੍ਹਾਂ.......... ਗ਼ਜ਼ਲ / ਗੁਰਭਜਨ ਗਿੱਲ

ਕੁਤਰਿਆ ਉਸ ਇਸ ਤਰ੍ਹਾਂ ਸਾਡੇ ਪਰਾਂ ਨੂੰ
ਮੁੜਨ ਜੋਗੇ ਨਾ ਰਹੇ ਅਪਣੇ ਘਰਾਂ ਨੂੰ

ਤਾਣ ਚਾਦਰ ਸੌਂ ਗਿਆ ਏ ਸ਼ਹਿਰ ਸਾਰਾ
ਸਾਂਭ ਕੇ ਸੰਕੋਚ ਕੇ ਅਪਣੇ ਡਰਾਂ ਨੂੰ

ਕਹਿਰ ਦਾ ਅਹਿਸਾਸ ਪਹਿਲੀ ਵਾਰ ਹੋਇਆ
ਪਾਲ ਵਿਚ ਗੁੰਮ ਸੁਮ ਖੜ੍ਹੇ ਪੱਕੇ ਘਰਾਂ ਨੂੰ

ਪਿੰਡ ਜਾਗਣਗੇ ਸੰਭਾਲਣਗੇ ਵੀ ਮਿੱਟੀ
ਮੁੜ ਉਸਾਰਨਗੇ ਉਹੀ ਢੱਠੇ ਘਰਾਂ ਨੂੰ

ਕੌਣ ਕਿੱਥੇ ਹੈ ਖਲੋਤਾ ਨਾਲ਼ ਕਿਸਦੇ
ਫੈਸਲਾ ਸਮਿਆਂ ਨੇ ਕਰਨਾ ਆਖਰਾਂ ਨੂੰ

ਕੁਤਰਿਆ ਉਸ ਇਸ ਤਰ੍ਹਾਂ.......... ਗ਼ਜ਼ਲ / ਗੁਰਭਜਨ ਗਿੱਲ

ਕੁਤਰਿਆ ਉਸ ਇਸ ਤਰ੍ਹਾਂ ਸਾਡੇ ਪਰਾਂ ਨੂੰ
ਮੁੜਨ ਜੋਗੇ ਨਾ ਰਹੇ ਅਪਣੇ ਘਰਾਂ ਨੂੰ

ਤਾਣ ਚਾਦਰ ਸੌਂ ਗਿਆ ਏ ਸ਼ਹਿਰ ਸਾਰਾ
ਸਾਂਭ ਕੇ ਸੰਕੋਚ ਕੇ ਅਪਣੇ ਡਰਾਂ ਨੂੰ


ਕਹਿਰ ਦਾ ਅਹਿਸਾਸ ਪਹਿਲੀ ਵਾਰ ਹੋਇਆ
ਪਾਲ ਵਿਚ ਗੁੰਮ ਸੁਮ ਖੜ੍ਹੇ ਪੱਕੇ ਘਰਾਂ ਨੂੰ

ਪਿੰਡ ਜਾਗਣਗੇ ਸੰਭਾਲਣਗੇ ਵੀ ਮਿੱਟੀ
ਮੁੜ ਉਸਾਰਨਗੇ ਉਹੀ ਢੱਠੇ ਘਰਾਂ ਨੂੰ

ਕੌਣ ਕਿੱਥੇ ਹੈ ਖਲੋਤਾ ਨਾਲ਼ ਕਿਸਦੇ
ਫੈਸਲਾ ਸਮਿਆਂ ਨੇ ਕਰਨਾ ਆਖਰਾਂ ਨੂੰ

ਫੇਰ ਕੀ ਮਜਬੂਰ.......... ਗ਼ਜ਼ਲ / ਬਰਜਿੰਦਰ ਚੌਹਾਨ

ਫੇਰ ਕੀ ਮਜਬੂਰ ਜੇ ਹੋਣਾ ਪਿਐ ਪਰਵਾਸ 'ਤੇ
ਬੇਘਰੇ ਹੋਣਾ ਵੀ ਪੈਂਦਾ ਹੈ ਕਦੇ ਘਰ ਵਾਸਤੇ

ਕਿਸ਼ਤੀਆਂ ਦਾ ਡੁੱਬਣਾ ਤੇਰੇ ਲਈ ਹੈ ਹਾਦਸਾ
ਰੋਜ਼ ਦਾ ਪਰ ਸ਼ੁਗਲ ਹੈ ਇਹ ਤਾਂ ਸਮੁੰਦਰ ਵਾਸਤੇ


ਰਾਹ ਦਿਆਂ ਰੁੱਖਾਂ ਲਈ ਸਤਿਕਾਰ ਤਾਂ ਚਾਹੀਦਾ ਹੈ
ਪਰ ਉਨ੍ਹਾਂ ਦਾ ਮੋਹ ਨਹੀਂ ਚੰਗਾ ਮੁਸਾਫ਼ਰ ਵਾਸਤੇ

ਮੇਰੇ ਦੂਹਰਾ ਹੋਣ ਉੱਤੇ ਵੀ ਇਹ ਪੂਰੀ ਨਾ ਪਵੇ
ਕਿਸ ਤਰਾਂ ਖ਼ੁਦ ਨੂੰ ਸਮੇਟਾਂ ਹੁਣ ਮੈਂ ਚਾਦਰ ਵਾਸਤੇ

ਦਿਨ ਢਲ਼ੇ ਮੈਨੂੰ ਉਡੀਕੇ ਘਰ ਦੀ ਸਰਦਲ 'ਤੇ ਕੋਈ
ਤਰਸਦੀ ਹੈ ਅੱਖ ਮੇਰੀ ਏਸ ਮੰਜ਼ਰ ਵਾਸਤੇ

ਤੂੰ ਕਹੇ ਨਾ ਮੈਂ ਸੁਣੇ ਜੋ ਆਖਰੀ ਮਿਲਣੀ ਸਮੇਂ
ਨਕਸ਼ ਨੇ ਉਹ ਬੋਲ ਦਿਲ 'ਤੇ ਜਿ਼ੰਦਗੀ ਭਰ ਵਾਸਤੇ

ਹਨ੍ਹੇਰਾ ਮਨ ਦਾ.......... ਗ਼ਜ਼ਲ / ਗੁਰਤੇਜ ਕੋਹਾਰਵਾਲਾ

ਹਨ੍ਹੇਰਾ ਮਨ ਦਾ ਤੇ ਅੱਖਾਂ ਦਾ ਘੱਟਾ ਧੋਣ ਲੱਗਾ ਹਾਂ
ਐ ਜਗਦੇ ਦੀਵਿਓ ! ਛੁਪ ਕੇ ਤੁਹਾਥੋਂ ਰੋਣ ਲੱਗਾ ਹਾਂ

ਅਚਾਨਕ ਹੋ ਗਏ ਨੰਗੇ ਮੇਰੇ ਅੰਦਰ ਕਈ ਖੱਪੇ
ਮੈਂ ਇਕ ਸੁਪਨੇ 'ਚ ਸਾਂ ਜੀਕਣ ਮੁਕੰਮਲ ਹੋਣ ਲੱਗਾ ਹਾਂ


ਹਮੇਸ਼ਾ ਹੀ ਕਈ ਵੈਰਾਗ 'ਕੱਠੇ ਦਿਲ ਉੱਠੇ ਨੇ
ਕਦੇ ਵੀ ਸਾਫ਼ ਨਾ ਹੋਇਆ ਮੈਂ ਕਿਸ ਨੂੰ ਰੋਣ ਲੱਗਾ ਹਾਂ

ਕੁਵੇਲ਼ੇ ਜਾਗਿਆ ਕੋਈ ਗਵਈਆ ਹਾਂ ਜਿਵੇਂ ਮੈਂ ਵੀ
ਸੁਬ੍ਹਾ ਦੇ ਰਾਗ ਨੂੰ ਤਿਰਕਾਲ਼ ਵੇਲੇ਼ ਛ੍ਹੋਣ ਲੱਗਾ ਹਾਂ

ਕਈ ਅੱਖਰ ਬਦਲ ਬੈਠਾ ਮੈਂ ਅਪਣਾ ਤਰਜੁਮਾ ਕਰਦਾ
ਮੈਂ ਕੀ ਕੀ ਹੋਣ ਵਾਲ਼ਾ ਸਾਂ ਤੇ ਕੀ ਕੀ ਹੋਣ ਲੱਗਾ ਹਾਂ

ਪੂਰੇ ਪੰਜਾਬ ਲਈ ਅੱਧੀ ਨਜ਼ਮ.......... ਨਜ਼ਮ/ਕਵਿਤਾ / ਤਾਰਕ ਗੁੱਜਰ

ਮੈਨੂੰ ਜੰਮਣ ਲੱਗਿਆਂ
ਧਰਤੀ ਮਾਂ ਦੇ ਦੋ ਟੋਟੇ ਹੋ ਗਏ
ਮੇਰੇ ਬੋਲਾਂ ਦੀ ਕੁੜਤਣ
ਚਖ ਕੇ ਵੇਖ ਲਓ

ਤੁਹਾਨੂੰ ਯਕੀਨ ਆ ਜਾਏਗਾ
ਕਿ ਮੈਨੂੰ
ਰੱਤ ਰਲ਼ੇ ਪਾਣੀਆਂ ਦੀ ਗੁੜਤੀ ਮਿਲੀ ਸੀ
ਟੁੱਟੇ ਸਾਜ਼ਾਂ ਉਤੇ
ਸਬੂਤੇ ਨਗ਼ਮੇ ਨਹੀਂ ਗਾਏ ਜਾ ਸਕਦੇ
ਦਰਿਆ ਪਾਰ ਕਰਨ ਲੱਗਿਆਂ
ਮੇਰੀ ਅੱਧੀ ਵੰਝਲੀ ਓਧਰ ਰਹਿ ਗਈ ਸੀ

ਚਾਤ੍ਰਿਕ ਦੇ ਪੰਜਾਬ ਨੂੰ.......... ਗੀਤ / ਗੁਰਚਰਨ ਸਿੰਘ ਗਿੱਲ

ਐ ਪੰਜਾਬ ਕਿੱਥੇ ਉਹ ਸ਼ਾਨ ਤੇਰੀ, ਐ ਪੰਜਾਬ
ਐ ਪੰਜਾਬ ਕਿੱਥੇ ਉਹ ਸ਼ਾਨ ਤੇਰੀ, ਐ ਪੰਜਾਬ

ਉਹ ਪਹਾੜ ਕਿੱਥੇ ਉਹ ਬਰਫ ਤੇਰੀ, ਉਹ ਪਾਣੀ ਪੰਜ ਦਰਿਆਵਾਂ ਦੇ
ਸਣੇ ਪੱਤਣ ਬੇੜੀ ਲੁੱਡਣ ਦੀ ਕਿੱਥੇ ਨੇ ਇਸ਼ਕ ਝਨਾਵਾਂ ਦੇ

ਬਾਰਾਂ ਅਤੇ ਬੇਲੇ ਕਿੱਧਰ ਗਏ ਵੱਗ ਚਰਦੇ ਮੱਝਾਂ ਗਾਵਾਂ ਦੇ
ਸੀ ਬੁਰਕੀ ਸਾਂਝੀ ਜਿਨ੍ਹਾਂ ਦੀ ਗਏ ਕਿੱਧਰ ਪਿਆਰ ਭਰਾਵਾਂ ਦੇ
ਐ ਪੰਜਾਬ........

ਮੋਢਿਆਂ ਤੋਂ ਚਾਦਰ ਬਰਫਾਂ ਦੀ ਖਿੱਚ ਲਾਹੀ ਤੇਰੇ ਭਰਾਵਾਂ ਨੇ
ਸੀਨੇ 'ਚੋਂ ਸੇਕ ਜਵਾਲਾ ਦਾ ਕੱਢ ਦਿੱਤਾ ਫੁੱਟ ਦਿਆਂ ਤਾਵਾਂ ਨੇ
ਏਥੇ ਫਿਰਕੂ ਬੂਟਾ ਮੱਲ ਗਿਆ ਤੈਨੂੰ ਝੁਲਸਿਆ ਉਹਦੀਆਂ ਛਾਂਵਾਂ ਨੇ
ਤੇਰੀ ਬੋਟੀ ਬੋਟੀ ਚੂੰਡਣ ਲਈ ਹੈ ਰੌਲ਼ਾ ਪਾਇਆ ਕਾਂਵਾਂ ਨੇ
ਐ ਪੰਜਾਬ..........

ਜਿਨੀਂ੍ਹ ਕੰਢੀਂ ਹੇਕਾਂ ਲੱਗਦੀਆਂ ਸਨ ਵੱਜਦੇ ਸਨ ਨਾਦ ਪਿਆਰਾਂ ਦੇ
ਉਹਨਾਂ ਵਿਚ ਲਾਸ਼ਾਂ ਤਰਨ ਪਈਆਂ ਲੁੱਟੇ ਨੇ ਸੁਹਾਗ ਮੁਟਿਆਰਾਂ ਦੇ
ਨਫ਼ਰਤ ਦੀ ਅੱਗ ਵਿਚ ਸੜਦੇ ਨੇ ਤੇਰੇ ਵਾਰਿਸ ਪਿਆਰ ਭੰਡਾਰਾਂ ਦੇ
ਤੈਥੋਂ ਰੱਬ ਜਵਾਨੀ ਮੰਗਦਾ ਸੀ ਅੱਜ ਹੋਇਆ ਵਾਂਗ ਬੀਮਾਰਾਂ ਦੇ
ਐ ਪੰਜਾਬ..........

ਤੈਥੋਂ ਭੰਗੜੇ ਛਿੰਝਾਂ ਖੋਹ ਲਈਆਂ ਸਾਵਣ ਦੀਆਂ ਖੋਹੀਆਂ ਤੀਆਂ ਵੀ
ਸੈਂ ਰਾਖਾ ਪੱਤਾਂ ਪਰਾਈਆਂ ਦਾ ਅੱਜ ਬੇ-ਪੱਤ ਤੇਰੀਆਂ ਧੀਆਂ ਵੀ
ਸਦਾ ਪਰਬਤ ਵਾਂਗ ਅਡੋਲ ਰਿਹਾ ਅੱਜ ਡੋਲੀਆਂ ਤੇਰੀਆਂ ਨੀਆਂ੍ਹ ਵੀ
ਹੈ ਤੈਥੋਂ ਪਾਸਾ ਵੱਟ ਲੀਤਾ ਤੇਰੇ ਹੀ ਘਰ ਦੇ ਜੀਆਂ ਵੀ
ਐ ਪੰਜਾਬ............

ਤੂੰ ਮੋਢੀ ਸੈਂ ਕੁਰਬਾਨੀ ਦਾ ਅੱਜ ਮੋਹਰੀ ਕਹਿਣ ਗੱਦਾਰਾਂ ਦਾ
ਪੱਤਝੜ (ਦਿੱਲੀ) ਤੋਂ ਲੋਚੇਂ ਇਕ ਫੁੱਲ ਨੂੰ ਸੈਂ ਰਾਜਾ ਆਪ ਬਹਾਰਾਂ ਦਾ
ਪਿਆ ਕੀਤੇ ਵਾਂਗੂ ਰੀਂਘਦਾ ਐਂ ਤੂੰ ਸ਼ਾਹ ਸੈਂ ਸ਼ਾਹ ਅਸਵਾਰਾਂ ਦਾ
ਅੱਜ ਛਾਤੀ ਕੀਰਨੇ ਦੱਬੇ ਤੂੰ ਸਿਰਜਕ ਨਲੂਇਆਂ ਦੀਆਂ ਵਾਰਾਂ ਦਾ
ਐ ਪੰਜਾਬ.............

ਪੰਜ ਆਬ ਤੇਰੇ ਪੀ ਲਏ ਫੁੱਟ ਨੇ ਤੂੰ ਨਾਂ ਦਾ ਰਹਿ ਪੰਜ-ਆਬ ਗਿਆ
ਸਤਲੁਜ ਵੀ ਪੂਛੋਂ ਵੱਢ ਦਿੱਤਾ ਜਿਹਲਮ ਦੇ ਨਾਲ਼ ਚਨਾਬ ਗਿਆ
ਤੇਰੀ ਮਹਿਕ ਫਿਰਕੂਆਂ ਧੁਆਂਖ ਦਿੱਤੀ ਤੂੰ ਨਾਂ ਦਾ ਰਹਿ ਗੁਲਾਬ ਗਿਆ
'ਗਿੱਲ' ਵਾਰਿਸ, ਬੁੱਲ੍ਹਿਆਂ ਵਾਲ਼ਾ ਉਹ ਚਾਤ੍ਰਿਕ ਦਾ ਕਿੱਧਰ ਪੰਜਾਬ ਗਿਆ
ਐ ਪੰਜਾਬ.............

ਝੀਲਾਂ ਤਰਦੇ ਨਦੀਆਂ ਤਰਦੇ.......... ਗ਼ਜ਼ਲ / ਤ੍ਰੈਲੋਚਣ ਲੋਚੀ

ਝੀਲਾਂ ਤਰਦੇ ਨਦੀਆਂ ਤਰਦੇ ਡੂੰਘੇ ਸਾਗਰ ਤਰਦੇ ਲੋਕ
ਐਪਰ ਅਪਣੇ ਮਨ ਦੇ ਵਹਿੜੇ ਪੈਰ ਕਦੇ ਨਾ ਧਰਦੇ ਲੋਕ

ਏਹਨਾਂ ਤੋਂ ਇਹ ਆਸ ਨਾ ਰੱਖੀਂ ਤੇਰਾ ਦੁੱਖ ਵੰਡਾਵਣਗੇ
ਹੋਰਾਂ ਦਾ ਘਰ ਵੇਖਕੇ ਜਲ਼ਦਾ ਹੌਕਾ ਵੀ ਨਾ ਭਰਦੇ ਲੋਕ


ਕੁੜੀਆਂ ਨੂੰ ਕਵਿਤਾਵਾਂ ਲਿਖਦੈ ਕਿੰਨਾ ਸ਼ਖ਼ਸ ਅਜੀਬ ਹੈ ਉਹ
ਇਸ ਯੁਗ ਵਿਚ ਕਿ ਜਦ ਕੁੜੀਆਂ ਨੂੰ ਅਗਨ ਹਵਾਲੇ ਕਰਦੇ ਲੋਕ

ਛੱਡ ਪਰ੍ਹੇ ਹੁਣ 'ਲੋਚੀ ' ਏਹਨਾਂ ਗੀਤਾਂ, ਗ਼ਜ਼ਲਾਂ, ਨਜ਼ਮਾਂ ਨੂੰ
ਤੂੰ ਹੀ ਦਿਲ ਦੇ ਵਰਕੇ ਫੋਲੇਂ ਕਰ ਜਾਂਦੇ ਨੇ ਪਰਦੇ ਲੋਕ

ਮਹਿਕ ਵਫਾ ਦੇ.......... ਗ਼ਜ਼ਲ / ਕਵਿੰਦਰ ਚਾਂਦ

ਮਹਿਕ ਵਫਾ ਦੇ ਝੂਠੇ ਲਾਰੇ ਹੁੰਦੇ ਨੇ
ਫੁੱਲ ਕਈ ਪੱਥਰ ਤੋਂ ਭਾਰੇ ਹੁੰਦੇ ਨੇ

ਉਸ ਪਾਣੀ ਵਿਚ ਦਿਲ ਹੁੰਦੇ ਨੇ ਮਾਵਾਂ ਦੇ
ਜੋ ਪੁੱਤਾਂ ਦੇ ਸਿਰ ਤੋਂ ਵਾਰੇ ਹੁੰਦੇ ਨੇ


ਕੁੜੀਓ ਚਿੜੀਓ ਸੋਨੇ ਦੇ ਪਿੰਜਰੇ ਮੂਹਰੇ
ਅਕਸਰ ਹੀ ਕੁਝ ਚੋਗ ਖਿਲਾਰੇ ਹੁੰਦੇ ਨੇ

ਪੁੱਤੀਂ ਫਲੋ ਅਸੀਸਾਂ ਦੇਵੋ ਜੀ ਸਦਕੇ
ਧੀਆਂ ਦੇ ਵੀ ਬੜੇ ਸਹਾਰੇ ਹੁੰਦੇ ਨੇ

ਹਰ ਵਾਰੀ ਹੀ ਔਰਤ ਅਬਲਾ ਨਈਂ ਹੁੰਦੀ
ਕਈ ਥਾਂਈਂ ਬੰਦੇ ਬੇਚਾਰੇ ਹੁੰਦੇ ਨੇ

ਬੰਦੇ ਅੰਦਰ ਇਕ ਸਮੁੰਦਰ ਹੁੰਦਾ ਹੈ
ਹੰਝੂ ਤਾਹੀਓਂ ਖਾਰੇ ਖਾਰੇ ਹੁੰਦੇ ਨੇ

ਕੋਈ ਵੀ ਤਾਰੀਖ ਨਹੀਂ ਮੂ਼ਲੋਂ ਮਿਟਦੀ
ਰਾਖ਼ ਨਾ ਛੇੜੋ ਵਿਚ ਅੰਗਾਰੇ ਹੁੰਦੇ ਨੇ

ਕਿਸ ਸਾਦਗੀ ਦੇ ਨਾਲ਼.......... ਗ਼ਜ਼ਲ / ਹਰੀ ਸਿੰਘ ਮੋਹੀ

ਕਿਸ ਸਾਦਗੀ ਦੇ ਨਾਲ਼ ਦੇਖੋ ਉਹ ਛਲ ਰਹੇ ਨੇ
ਕਿਤੇ ਹੋਰ ਜਾ ਰਹੇ ਨੇ ਮੇਰੇ ਨਾਲ਼ ਚਲ ਰਹੇ ਨੇ

ਸ਼ਾਇਦ ਸਜ਼ਾ ਕੋਈ ਬਾਕੀ ਅਜੇ ਹੋਰ ਰਹਿ ਗਈ ਹੈ
ਹੁਣ ਫੇਰ ਦੋਸਤੀ ਦਾ ਪੈਗ਼ਾਮ ਘਲ ਰਹੇ ਨੇ


ਸੁਖ ਸਾਂਦ ਇਕ ਦੂਏ ਦੀ ਪੁਛਦੇ ਹਾਂ ਇਸ ਤਰ੍ਹਾਂ ਹੁਣ
ਹਾਲਾਤ ਕਿਸ ਤਰ੍ਹਾਂ ਦੇ ਤੇਰੇ ਸ਼ਹਿਰ ਚਲ ਰਹੇ ਨੇ

ਹੈ ਅਜਬ ਦਿਲਕਸ਼ੀ ਇਹ ਅਜਕਲ੍ਹ ਮਹੌਲ ਅੰਦਰ
ਨ੍ਹੇਰੀ ਵੀ ਚਲ ਰਹੀ ਹੈ ਦੀਵੇ ਵੀ ਬਲ਼ ਰਹੇ ਨੇ

ਆਖੋ ਮੁਸਾਫ਼ਰਾਂ ਨੂੰ ਹੁਣ ਹੌਸਲਾ ਨਾ ਹਾਰਨ
ਥੋੜ੍ਹੀ ਹੀ ਦੇਰ ਧੁਪ ਹੈ ਪਰਛਾਵੇਂ ਢਲ਼ ਰਹੇ ਨੇ

ਮੇਰੀ ਕਾਮਯਾਬੀ ਉਤੇ ਜੋ ਦੇ ਰਹੇ ਮੁਬਾਰਕ
ਬਾਹਰੋਂ ਤਾਂ ਖੁਸ਼ ਬੜੇ ਨੇ ਅੰਦਰੋਂ ਕਈ ਜਲ਼ ਰਹੇ ਨੇ

ਭਵਿੱਖ ਬਾਣੀ.......... ਕਾਵਿ ਵਿਅੰਗ / ਤਾਰਾ ਸਿੰਘ ਖੋਜੇਪੁਰੀ

ਭਵਿੱਖ ਬਾਣੀ

ਨਾਥ ਆਖਦਾ ਮੱਝ ਮਿਲੂ ਇਕ ਲੱਖ ਦੀ
ਕਿੱਲੋ ਦੁੱਧ ਪੰਜਾਹ ਦੇ ਨਾਲ਼ ਰਾਂਝੇ

ਮੁਰਗੀ ਬਾਰਾਂ ਸੌ, ਆਂਡਾ ਪੰਝੀਆਂ ਦਾ
ਸਾਢੇ ਸੱਤ ਸੌ ਦਾ ਮੁਰਗਾ ਲਾਲ ਰਾਂਝੇ


ਆਟਾ ਪੰਝੀਆਂ ਦਾ ਜਾਊ ਇਕ ਕਿੱਲੋ
ਅਤੇ ਇਕ ਸੌ ਦੀ ਕਿੱਲੋ ਦਾਲ਼ ਰਾਂਝੇ

ਘਿਉ ਚੂਰੀਆਂ ਖਾਣਗੇ ਲੋਕ ਵਿਰਲੇ
ਮੱਖਣ ਦੁੱਧ ਕੋਈ ਮਾਈ ਦਾ ਲਾਲ ਰਾਂਝੇ

****
ਅਜੋਕਾ ਸੰਸਾਰ

ਸਹਿਣਸ਼ੀਲਤਾ, ਸਬਰ, ਸੰਤੋਖ ਉਡ ਗਏ
ਵਰਤ ਗਈ ਏ ਭੁੱਖ ਅਥਾਹ ਲੋਕੋ

ਨਾਲ਼ ਸਮੇਂ ਦੇ ਕਿਵੇਂ ਸੁਭਾਅ ਬਦਲੇ
ਖੁਸ਼ਕੀ ਖਾਣ ਬੰਦੇ ਖਾਹ ਮ ਖਾਹ ਲੋਕੋ

ਜੁੱਸੇ ਲੋਕਾਂ ਦੇ ਉਂਜ ਤਾਂ ਦਰਸ਼ਨੀ ਨੇ
ਰੂਪੋਸ਼ ਨੇ ਵਿਚੋਂ ਉਤਸ਼ਾਹ ਲੋਕੋ

ਹੀਰ ਦੱਸੇ ਨਾ ਆਪਣੀ ਉਮਰ ਅਸਲੀ
ਦੱਸੇ ਰਾਂਝਾ ਨਾ ਅਸਲ ਤਨਖਾਹ ਲੋਕੋ

****
ਸ਼ੂਗਰ ਰੋਗ

ਖਾਂਦੇ ਪੀਂਦਿਆਂ ਨਿਘਰਦਾ ਜਾਏ ਰਾਂਝਾ
ਵਿੰਹਦੇ ਵਿੰਹਦਿਆਂ ਹੋ ਬੀਮਾਰ ਗਿਆ

ਹੱਟੇ ਕੱਟੇ ਜਵਾਨ ਦਾ ਦਿਨਾਂ ਅੰਦਰ
ਅੱਧੇ ਨਾਲ਼ੋਂ ਵੀ ਘੱਟ ਹੋ ਭਾਰ ਗਿਆ

ਜਦੋਂ ਮਾਹਰਾਂ ਰਾਂਝੇ ਦੀ ਜਾਂਚ ਕੀਤੀ
ਸਾਰਾ ਭੇਤ ਖੁੱਲ੍ਹ ਕੇ ਆ ਬਾਹਰ ਗਿਆ

ਖਾ ਖਾ ਮਿੱਠੀਆਂ ਚੂਰੀਆਂ ਰੋਜ਼ ਰਾਂਝਾ
ਸ਼ੂਗਰ ਰੋਗ ਦਾ ਹੋ ਸਿ਼ਕਾਰ ਗਿਆ

ਭੁਲੇਖਾ..........ਨਜ਼ਮ/ਕਵਿਤਾ / ਸੁਰਿੰਦਰ ਭਾਰਤੀ ਤਿਵਾੜੀ

ਜਿੰਦਗੀ ਤੇ ਭੁਲੇਖਾ
ਕਿੰਨੇ ਨੇੜੇ
ਹਰ ਪਲ ਸਬੰਧ
ਪਲ ਪਲ ਭੁਲੇਖਾ,


ਭੁਲੇਖਾ

ਕਿਸੇ ਦੇ ਆਪਣੇ ਹੋਣ ਦਾ,
ਕਿਸੇ ਦੇ ਆਉਣ ਦਾ,
ਕਿਸੇ ਦੇ ਜਾਣ ਦਾ,
ਕੁਝ ਪਾਉਣ ਦਾ
ਕੁਝ ਖੋਹਣ ਦਾ
ਕਿਤੇ ਜਾਣੇ ਵਿੱਚ
ਅਣਜਾਣੇ ਵਿੱਚ
ਕਦੇ ਪਿਆਰ ਦਾ
ਸਤਿਕਾਰ ਦਾ
ਕਦੇ ਖੁਸ਼ੀ ਦਾ
ਕਦੇ ਗਮ ਦਾ
ਹੱਸਣ ਦਾ
ਜਾਂ ਰੋਣ ਦਾ
ਮੌਤ ਦਾ ਵੀ
ਜਿਉਣ ਦਾ

ਪਰ ਇਹ ਭੁਲੇਖਾ

ਕਿਤੇ ਪਲ ਦਾ
ਕਿਤੇ ਘੜੀ ਦਾ
ਤੇ ਸੁਪਨਿਆਂ ਦੀ ਲੜੀ ਦਾ
ਅੱਧਵਾਟੇ ਟੁੱਟਦਾ
ਕਿਤੇ ਜਿੰਦਗੀ ਨਾਲ ਚੱਲਦਾ
ਕੌਝਾ ਵੀ ਖੂਬਸੂਰਤ ਵੀ
ਇੱਕ ਬਣਾਉਟੀ ਮੂਰਤ ਹੀ


ਪਰ ਭੁਲੇਖਾ
ਬੱਸ ਭੁਲੇਖਾ
ਤੇ ਭੁਲੇਖਾ
ਹੀ ਭੁਲੇਖਾ
ਭਾਰਤੀ ਵੀ ਇੱਕ ਭੁਲੇਖਾ
ਜਿੰਦਗੀ ਕੀ ਹੈ
ਭੁਲੇਖਾ

ਨਜ਼ਮਾਂ.......... ਨਜ਼ਮ/ਕਵਿਤਾ / ਹਰਮੀਤ ਵਿਦਿਆਰਥੀ

ਬੱਚੇ

ਮੈਂ ਨਹੀਂ ਕਹਿੰਦਾ
ਕਿ ਮਾਸੂਮ ਬੱਚਿਆਂ ਦੇ ਹੱਥਾਂ 'ਚੋਂ
ਖੋਹ ਲਵੋ ਹਥਿਆਰ,
ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਮੱਠੀਆਂ 'ਚੋਂ

ਖੋਹ ਕੇ ਪੈਂਸਲਾਂ ਅਤੇ ਟਾਫੀਆਂ
ਜੇ ਦੇ ਹੀ ਦਿੱਤੇ ਹਨ
ਆਤਸ਼ੀ ਖਿਡੌਣੇ
ਤਾਂ ਆਓ
ਉਹਨਾਂ ਨੂੰ ਸਹੀ ਦੁਸ਼ਮਣ ਦੀ
ਪਹਿਚਾਣ ਵੀ ਦੇਈਏ ।
ਮੈਂ ਨਹੀਂ ਕਹਿੰਦਾ
ਕਿ ਮਾਸੂਮ ਬੱਚਿਆਂ ਦੇ ਹੱਥਾਂ 'ਚੋਂ
ਖੋਹ ਲਵੋ ਹਥਿਆਰ ।

ਔਰਤ

ਔਰਤ
ਬਿਸਤਰ ਨਹੀਂ ਹੁੰਦੀ
ਨਾ ਰੱਖੜੀ
ਨਾ ਕੰਜਕ
ਔਰਤ ਸਿਰਫ ਰਿਸ਼ਤਾ ਨਹੀਂ ਹੁੰਦੀ
ਰਿਸ਼ਤਿਆਂ ਦੀ ਵਲਗਣ ਤੋਂ ਪਾਰ
ਔਰਤ ਮਹਿਕ ਵੀ ਹੁੰਦੀ ਹੈ
ਤੇ ਆਦਮੀ ਦੇ ਵਜੂਦ ਦਾ
ਸਭ ਤੋਂ ਵੱਡਾ ਹਿੱਸਾ ਵੀ ।

ਪੰਜਾਬੀ ਜ਼ੁਬਾਨ ਦੇ ਸਹੀ ਉਚਾਰਨ ਦੀ ਲੋੜ.......... ਲੇਖ / ਪ੍ਰੀਤਮ ਪਰਵਾਜ਼

ਕਿਸੇ ਵੀ ਭਾਸ਼ਾ ਦੀ ਇਕਸੁਰਤਾ ਇਕਸਾਰਤਾ ਅਤੇ ਸੁੱਧਤਾ ਲਿਆਉਣ ਲਈ ਵਿਆਕਰਨ ਦਾ ਬਹੁਤ ਵੱਡਾ ਯੋਗਦਾਨ ਹੈ। ਵਿਆਕਰਨ ਸਾਡੇ ਲਈ ਨਿਯਮਬੱਧਤਾ ਅਤੇ ਸਪਸ਼ਟਤਾ ਵਾਸਤੇ ਸਹਾਈ ਹੈ। ਵਿਆਕਰਨ ਤੋਂ ਬਿਨਾਂ ਭਾਸ਼ਾ ਅਨੁਸ਼ਾਸਨਹੀਣ, ਬੇਤੁਕੀ ਅਤੇ ਦਿਸ਼ਾਹੀਣ ਹੋ ਕੇ ਰਹਿ ਜਾਂਦੀ ਹੈ।

ਜਿਵੇਂ ਸੰਗੀਤ ਵਿਚ ਸੱਤ ਸੁਰਾਂ ਦੀ ਸਰਗਮ ਨੂੰ ਨਿਯਮਾਂ ਅਤੇ ਬੰਦਸ਼ਾਂ ਵਿਚ ਤੇ ਰਾਗਾਂ ਦੀ ਉਤਪਤੀ ਅਤੇ ਵਿਕਾਸ ਕੀਤਾ ਜਾਂਦਾ ਹੈ,ਇਵੇਂ ਹੀ ਵਿਆਕਰਨ ਭਾਸ਼ਾ ਨੂੰ ਨਿਯਮਾਂ ਅਤੇ ਬੰਦਸ਼ਾਂ ਵਿਚ ਬੰਨ੍ਹ ਕੇ ਉਸ ਵਿਚ ਇਕਸਾਰਤਾ ਅਤੇ ਨਿਖਾਰ ਲਿਆਉਂਦੀ ਹੈ। ਪੰਜਾਬੀ ਭਾਸ਼ਾ ਵਿਚ ਪੰਜਾਬੀ ਵਿਆਕਰਨ ਦੀ ਇਕ ਖਾਸ ਮਹਾਨਤਾ ਹੈ। ਖਾਸ ਨਿਯਮਾਂ ਅਤੇ ਅਨੁਸ਼ਾਸਨ ਵਿਚ ਰਹਿ ਕੇ ਹੀ ਪੰਜਾਬੀ ਭਾਸ਼ਾ ਦਾ ਠੁੱਕ ਬੰਨਿਆ ਜਾ ਸਕਦਾ ਹੈ।

ਲਿਖਤੀ ਬੋਲੀ ਵਿਚ ਵਿਆਕਰਨ ਨਿਯਮਾਂ ਰਾਹੀਂ ਅਸੀਂ ਪੰਜਾਬੀ ਭਾਸ਼ਾ ਨੂੰ ਸ਼ੁਧ ਅਤੇ ਸਹੀ ਲਿਖਣ ਵਿਚ ਪ੍ਰਬੀਨਤਾ ਹਾਸਿਲ ਕਰ ਸਕਦੇ ਹਾਂ। ਪਰ ਭਾਸ਼ਾ ਦੀ ਬੋਲਚਾਲ ਦੀ ਸ਼ੁੱਧਤਾ ਨੂੰ ਕਿਵੇਂ ਸ਼ੁੱਧ ਬੋਲ ਸਕਦੇ ਹਾਂ। ਇਹ ਸਮੱਸਿਆ ਬੜੀ ਜਟਿਲ ਹੈ। ਭਾਸ਼ਾ ਵਿਚ ਤਲੱਫ਼ਜ਼ ਜਾਂ ਉਚਾਰਨ ਦੀ ਬਹੁਤ ਵੱਡੀ ਮਹੱਤਤਾ ਹੈ। ਜੇਕਰ ਸ਼ੁੱਧ ਉਚਾਰਣ ਨਹੀਂ ਹੋਵੇਗਾ ਤਾਂ ਅਸੀਂ ਪ੍ਰਭਾਵਹੀਣ ਹੋ ਕੇ ਰਹਿ ਜਾਵਾਂਗੇ। ਆਉਣ ਵਾਲ਼ੀ ਪੀੜ੍ਹੀ ਵਿਚ ਉਚਾਰਣ ਦੀਆਂ ਬਹੁਤ ਸਾਰੀਆਂ ਖਾਮੀਆਂ ਨਜ਼ਰ ਆ ਰਹੀਆਂ ਹਨ। ਇਹਨਾਂ ਦਾ ਮੈਂ ਮੋਟੇ ਤੌਰ ਤੇ ਜਿ਼ਕਰ ਕਰਾਂਗਾ।

ਅਜੋਕੇ ਪੰਜਾਬੀ ਉਚਾਰਨ ਦੀ ਜੋ ਸਮੱਸਿਆ ਬਣ ਗਈ ਹੈ ਉਹ ਬੜੀ ਗੁੰਝਲਦਾਰ ਤੇ ਉਲਝਣ ਵਾਲ਼ੀ ਹੈ। ਪੰਜਾਬੀ ਪੜ੍ਹਾਉਣ ਵਾਲ਼ੇ ਅਧਿਆਪਕ ਅਤੇ ਕਾਲਜਾਂ ਦੇ ਪ੍ਰਾ-ਅਧਿਆਪਕ ਪੰਜਾਬੀ ਦੇ ਗ਼ਲਤ ਉਚਾਰਨ ਵਿਚ ਗ੍ਰਸ ਚੁੱਕੇ ਹਨ। ਜੇਕਰ ਅਧਿਆਪਕ ਵਰਗ ਦਾ ਉਚਾਰਨ ਸ਼ੁੱਧ ਨਹੀਂ ਹੈ ਤਾਂ ਉਹ ਵਿਦਿਆਰਥੀ ਨੂੰ ਕੀ ਸੇਧ ਦੇਵੇਗਾ। ਅਸ਼ੁੱਧ ਉਚਾਰਨ ਪੰਜਾਬੀ ਭਾਸ਼ਾ ਲਈ ਇਕ ਮਾਰੂ ਸੱਟ ਹੈ। ਪੰਜਾਬੀ ਦੇ ਨਵੀਂ ਪੀੜ੍ਹੀ ਦੇ ਕਵੀਆਂ ਅਤੇ ਲੇਖਕਾਂ ਵਿਚ ਵੀ ਸੁ਼ੱਧ ਉਚਾਰਨ ਦੀ ਘਾਟ ਰੜਕ ਰਹੀ ਹੈ।

ਉਰਦੂ ਜ਼ੁਬਾਨ ਦਾ ਸਾਡੇ ਪੰਜਾਬੀ ਸਾਹਿਤ ਵਿਚ ਇਕ ਖ਼ਾਸ ਮੁਕਾਮ ਹੈ। ਇਸ ਮੁਕਾਮ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਪੰਜਾਬੀ ਸਾਹਿਤ ਵਿਚ ਬਾਬਾ ਸ਼ੇਖ਼ ਫ਼ਰੀਦ, ਬਾਬਾ ਬੁੱਲ੍ਹੇ ਸ਼ਾਹ, ਦਮੋਦਰ, ਸ਼ਾਹ ਹੁਸੈਨ, ਸ਼ਾਹ ਮੁਹੰਮਦ, ਪੀਲੂ, ਹਾਸ਼ਮ, ਮਕਬੂਲ, ਫਜ਼ਲ ਸ਼ਾਹ ਤੇ ਸਯੀਅਦ ਵਾਰਸ ਸ਼ਾਹ ਦਾ ਉਚਾ ਸਥਾਨ ਹੈ। ਇਹਨਾਂ ਸਾਹਿਤਕਾਰਾਂ ਨੇ ਅਪਣੀ ਲਿਖਤ ਵਿਚ ਉਰਦੂ-ਫਾਰਸੀ ਦੇ ਸ਼ਬਦਾਂ ਦਾ ਪ੍ਰਯੋਗ ਕਰਕੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਇਆ ਹੈ ਅਤੇ ਸਾਹਿਤ ਦਾ ਖਜ਼ਾਨਾ ਭਰਪੂਰ ਕੀਤਾ ਹੈ। ਉਰਦੂ-ਫਾਰਸੀ ਨੂੰ ਮੁੱਖ ਰੱਖਦਿਆਂ ਸਾਡੇ ਵਿਦਵਾਨਾਂ ਨੇ ਪੰਜਾਬੀ ਵਰਣਮਾਲਾ ਵਿਚ ਕੁਝ ਬਿੰਦੀਆਂ ਵਾਲ਼ੇ ਅੱਖਰਾਂ ਦਾ ਵਾਧਾ ਕੀਤਾ ਹੈ ਤਾਂ ਕਿ ਫਾਰਸੀ ਵਿਚ ਆਏ ਸ਼ਬਦਾਂ ਦਾ ਸ਼ੁੱਧ ਅਤੇ ਸਹੀ ਉਚਾਰਨ ਹੋ ਸਕੇ ਇਹ ਅੱਖਰ ਹਨ- ਸ਼, ਖ਼, ਜ਼, ਗ਼, ਫ਼, ਲ਼ । ਹਜ਼ਾਰਾਂ ਸ਼ਬਦ ਪੰਜਾਬੀ ਨੇ ਫਾਰਸੀ ਵਿਚੋਂ ਹਜ਼ਮ ਕੀਤੇ ਹਨ। ਇਹਨਾਂ ਸ਼ਬਦਾਂ ਨੂੰ ਅਸੀਂ ਪੰਜਾਬੀ ਜ਼ੁਬਾਨ ਵਿਚੋਂ ਕਿਵੇਂ ਮਨਫੀ ਕਰ ਸਕਦੇ ਹਾਂ।

ਸਾਡੇ ਪ੍ਰਾਇਮਰੀ ਸਕੂਲਾਂ ਵਿਚ ਪੰਜਾਬੀ ਦੇ ਕਾਇਦੇ ਵਿਚ ਇਹ ਬਿੰਦੀਆਂ ਵਾਲ਼ੇ ਅੱਖਰ ਦਰਜ ਹਨ। ਫਾਰਸੀ ਸ਼ਬਦਾਂ ਦੇ ਸ਼ੁੱਧ ਉਚਾਰਨ ਲਈ ਇਹਨਾਂ ਅੱਖਰਾਂ ਦੇ ਪੈਰਾਂ ਵਿਚ ਬਿੰਦੀਆਂ ਲਾਈਆਂ ਗਈਆਂ ਹਨ। ਪ੍ਰੰਤੂ ਅਧਿਆਪਕਜਨ ਇਹਨਾਂ ਅੱਖਰਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੰਦੇ। ਪ੍ਰਾਇਮਰੀ ਤੋਂ ਹਾਈ ਸਕੂਲਾਂ ਅਤੇ ਫਿਰ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਉਚਾਰਨ ਦੀ ਸ਼ੁੱਧਤਾ ਵੱਲ ਪ੍ਰੇਰਿਆ ਨਹੀਂ ਜਾਂਦਾ। ਏਸੇ ਕਰਕੇ ਬੱਚਿਆਂ ਦਾ ਉਚਾਰਨ ਅਸ਼ੁੱਧ ਅਤੇ ਕੱਚ ਘਰੜ ਰਹਿ ਜਾਂਦਾ ਹੈ। ਭਾਸ਼ਾ ਦੀ ਬੋਲਚਾਲ ਵਿਚ ਇਕ ਠੁੱਕ, ਇਕ ਪ੍ਰਭਾਵ ਖਤਮ ਹੋ ਜਾਂਦਾ ਹੈ।

ਵਿਦਿਆਰਥੀਆਂ ਦੇ ਵਰਗ ਨੂੰ ਇਕ ਪਾਸੇ ਰੱਖਦੇ ਹੋਏ ਮੈਂ ਅਧਿਆਪਕ ਵਰਗ ਬਾਰੇ ਚਰਚਾ ਕਰਾਂਗਾ ਕਿ ਉਹ ਉਚਾਰਨ ਦੀ ਕਿਵੇਂ ਜੱਖਣਾ ਪੁੱਟਦੇ ਹਨ। ਕੁਝ ਉਦਾਹਰਣਾਂ ਦੇਵਾਂਗਾ ਜਿਵੇਂ ਜਿ਼ੰਦਗੀ ਨੂੰ (ਜਿੰਦਗੀ), ਜ਼ਮਾਨਾ ਨੂੰ (ਜਮਾਨਾ), ਜ਼ਮੀਨ ਨੂੰ (ਜਮੀਨ), ਗ਼ੇਰਤ ਨੂੰ (ਗੈਰਤ), ਗ਼ਜ਼ਲ ਨੂੰ (ਗਜਲ), ਬਾਗ਼ ਨੂੰ (ਬਾਗ), ਫ਼ਸਲ ਨੂੰ (ਫਸਲ), ਫ਼ਕੀਰ ਨੂੰ (ਫਕੀਰ), ਜਿ਼ਕਰ ਨੂੰ (ਜਿਕਰ), ਯਾਰੀ ਨੂੰ (ਜਾਰੀ), ਜਾਰੀ ਨੂੰ (ਯਾਰੀ) ਬੋਲਦੇ ਹਨ।

ਇਕ ਹੋਰ ਹਾਸੋਹੀਣਾ ਪੱਖ ਦੇਖੋ ਮਜਬੂਰੀ ਨੂੰ (ਮਜ਼ਬੂਰੀ), ਤਜਰਬਾ ਨੂੰ (ਤਜ਼ਰਬਾ) ਅਤੇ ਹਿਜਰ ਨੂੰ ਹਿਜ਼ਰ ਬੋਲਦੇ ਹਨ।

ਮੈਂ ਇਕ ਮਿਸਾਲ ਹੋਰ ਦਿਆਂਗਾ ਕਿ ਸਾਡਾ ਸ਼ਹਿਰੀ ਵਰਗ ਪੰਜਾਬੀ ਜ਼ੁਬਾਨ ਦਾ ਸੱਤਿਆਨਾਸ਼ ਕਿਵੇਂ ਕਰ ਰਿਹਾ ਹੈ। ਇਹ ਲੋਕ ਨ ਅਤੇ ਣ ਦੀ ਵਰਤੋਂ ਕਿਵੇਂ ਕਰਦੇ ਹਨ। "ਨੀ ਮੀਨਾ! ਤੂੰ ਪਾਨੀ ਪੀਨਾ ਏਂ ਕੂ ਨਹੀਂ ਪੀਨਾ। ਖਾਨਾ ਕਦੋਂ ਖਾਨਾ ਏਂ?" " ਨੀ ਗੀਤਾ! ਮੈਂ ਨਹੀਂ ਹਾਲੀ ਖਾਨਾ। ਮੈਂ ਤਾਂ ਹਾਲੀ ਬਸ ਪਾਨੀ ਹੀ ਪੀਨਾ ਏਂ।"

ਨਵੇਂ ਲੇਖਕ ਅਤੇ ਕਵੀ ਜੋ ਪੰਜਾਬੀ ਜ਼ੁਬਾਨ ਦੀ ਰੂਹ ਪਛਾਣਦੇ ਹਨ, ਦਾ ਉਚਾਰਨ ਕਾਫੀ ਹੱਦ ਤੱਕ ਸ਼ੁੱਧ ਅਤੇ ਸਹੀ ਹੁੰਦਾ ਹੈ। ਜਦੋਂ ਕਵੀ ਕਿਸੇ ਕਵੀ ਦਰਬਾਰ ਵਿਚ ਅਸ਼ੁੱਧ ਭਾਸ਼ਾ ਬੋਲਦਾ ਹੈ ਤਾਂ ਆਪਣਾ ਸਾਰਾ ਪ੍ਰਭਾਵ ਮਨਫ਼ੀ ਕਰ ਲੈਂਦਾ ਹੈ। ਅੱਜ ਕੱਲ੍ਹ ਟੀ.ਵੀ. ਚੈਨਲਾਂ 'ਤੇ ਬਹੁਤ ਹੀ ਅਸ਼ੁੱਧ ਪੰਜਾਬੀ ਬੋਲੀ ਅਤੇ ਲਿਖੀ ਜਾਂਦੀ ਹੈ।

ਪੁਰਾਣੇ ਸਮਿਆਂ ਵਿਚ ਮੌਲਵੀ ਪਾਸੋਂ ਲੋਕ ਉਰਦੂ ਅਤੇ ਫਾਰਸੀ ਦੀ ਤਾਲੀਮ ਹਾਸਿਲ ਕਰਦੇ ਸਨ। ਉਹ ਤਲੱਫ਼ਜ਼ ਜਾਂ ਉਚਾਰਨ ਉਤੇ ਬਹੁਤ ਜ਼ੋਰ ਦਿਆ ਕਰਦੇ ਸਨ। ਭੁੱਲ ਭੁਲੇਖੇ ਜੇ ਕਿਸੇ ਵਿਦਿਆਰਥੀ ਨੇ ਲੇਕਿਨ ਲਫ਼ਜ਼ ਨੂੰ ਲੇਕਨ ਆਖ ਦੇਣਾ ਜਾਂ ਮੁਸ਼ਕਿਲ ਨੂੰ ਮੁਸ਼ਕਲ ਬੋਲ ਦੇਣਾ ਤਾਂ ਉਸੇ ਲਫ਼ਜ਼ ਦੀ ਕਈ ਕਈ ਵਾਰ ਦੁਹਰਾਈ ਕਰਵਾਈ ਜਾਂਦੀ ਸੀ। ਮੈਂ ਆਪਣੇ ਪੰਜਾਬੀ ਪੜ੍ਹਾਉਣ ਦੇ 35 ਸਾਲਾਂ ਸਮੇਂ ਵਿਦਿਆਰਥੀਆਂ ਨੂੰ ਸੁੱਧ ਉਚਾਰਨ ਲਈ ਮਿਹਨਤ ਕਰਵਾਉਂਦਾ ਰਿਹਾ ਹਾਂ। ਕਾਫੀ ਵਿਦਿਆਰਥੀ ਨੂੰ ਇਸ ਪਾਸੇ ਸਫ਼ਲਤਾ ਦਿਵਾਈ ਹੈ। ਇਹ ਵਿਦਿਆਰਥੀ ਅੱਜ ਕੱਲ੍ਹ ਲਿਖਣ ਪ੍ਰਕਿਰਿਆ ਵਿਚ ਯੋਗਦਾਨ ਪਾ ਰਹੇ ਹਨ। ਕੁਲਵਿੰਦਰ ਕੌਰ ਮਠਾਰੂ, ਗੁਲਜ਼ਾਰ ਤਾਹਰਪੁਰੀ, ਸਤਨਾਮ ਦੁੱਗਲ ਅਤੇ ਕਮਲ ਕੇਸਰ ਜਿ਼ਕਰਯੋਗ ਹਨ।

ਮੇਰੇ ਇਹਨਾਂ ਵਿਚਾਰਾਂ ਤੋਂ ਪੰਜਾਬੀ ਪਿਆਰੇ ਅਤੇ ਪੰਜਾਬੀ ਪਾਠਕ ਸ਼ਾਇਦ ਕੁਝ ਸੇਧ ਲੈ ਸਕਣਗੇ ਤੇ ਆਪਣੇ ਜੀਵਨ ਵਿਚ ਸ਼ੁੱਧ ਉਚਾਰਨ ਦੀ ਮਹੱਤਤਾ ਨੂੰ ਬਰਕਰਾਰ ਰੱਖ ਸਕਣਗੇ।

ਐ ਮਾਂ ਬੋਲੀ! ਤੈਨੂੰ ਲੱਖ-ਲੱਖ ਪ੍ਰਣਾਮ।

ਨਜ਼ਮਾਂ.......... ਨਜ਼ਮ/ਕਵਿਤਾ / ਅਨਿਲ ਆਦਮ

ਤਲਬ

ਤੇਰੀ ਹੀ ਚੂਲ਼ੀ 'ਚੋਂ
ਘੁੱਟ ਭਰਨ ਦੀ ਤਲਬ
ਕਿ ਮੈਂ
ਦਰਿਆਵਾਂ ਦੇ ਕੰਢੇ

ਪਿਆਸਾ ਮਰ ਗਿਆ.........।

ਰਿਸ਼ਤੇ

ਰਿਸ਼ਤੇ
ਡਰਾਇੰਗ ਰੂਮ ਤਰ੍ਹਾਂ ਨੇ
ਮੁਹੱਬਤ ਤਾਂ ਸਾਰੇ ਦਾ ਸਾਰਾ
ਘਰ ਹੁੰਦੀ ਹੈ...........।

ਆਪਾਂ ਸਭ ਦੁੱਖ ਸਹਿ ਜਾਣੇ.......... ਗ਼ਜ਼ਲ / ਸੰਧੂ ਵਰਿਆਣਵੀ

ਆਪਾਂ ਸਭ ਦੁੱਖ ਸਹਿ ਜਾਣੇ ਹਨ
ਦਿਲ ਦੇ ਜਜ਼ਬੇ ਕਹਿ ਜਾਣੇ ਹਨ

ਨਕਸ਼ ਇਹ ਤੇਰੇ ਸੁਹਣੇ-ਸੁਹਣੇ
ਮੇਰੇ ਦਿਲ ਵਿਚ ਲਹਿ ਜਾਣੇ ਹਨ


ਇਹ ਮਾਲੂਮ ਨਹੀਂ ਸੀ ਸਾਨੂੰ
ਅਪਣੇ ਘਰ ਵੀ ਢਹਿ ਜਾਣੇ ਹਨ

ਤੱਤੀ ਪੌਣ ਤੇ ਇਹ ਕਾਲੇ਼ ਦਿਨ
ਬੀਤੇ ਦੀ ਗੱਲ ਰਹਿ ਜਾਣੇ ਹਨ

ਜਿਥੋਂ ਦੀ ਤੂੰ ਲੰਘ ਗਿਆ ਏਂ
ਪੈੜਾਂ ਦੇ ਚਿੰਨ੍ਹ ਰਹਿ ਜਾਣੇ ਹਨ

ਰੋਕ ਨਹੀਂ ਸਕਦਾ ਤੂੰ ਸੰਧੂ
ਹੰਝੂ ਤੇਰੇ ਵਹਿ ਜਾਣੇ ਹਨ

ਕਿਸੇ ਨੇ ਨਾਮ ਲੈ.......... ਗ਼ਜ਼ਲ / ਸੁਰਿੰਦਰ ਪ੍ਰੀਤ ਘਣੀਆਂ

ਕਿਸੇ ਨੇ ਨਾਮ ਲੈ ਮੇਰਾ, ਬੁਲਾਉਣਾ ਕਦ ਭਲਾ ਮੈਨੂੰ
ਜ਼ਖ਼ਮ ਹਾਂ, ਦਿਲ 'ਚ ਅਪਣੇ ਕੌਣ ਦੇਵੇਗਾ ਜਗ੍ਹਾ ਮੈਨੂੰ

ਜ਼ਮਾਨੇ ਦੇ ਕਪਟ-ਛਲ ਸਭ ਸਿਖਾ ਨਾ ਖਾਹਮਖਾਹ ਮੈਨੂੰ
ਮੈਂ ਨਿਰਛਲ ਪੌਣ ਹਾਂ, ਕੁਝ ਹੋਰ ਨਾ ਐਵੇਂ ਬਣਾ ਮੈਨੂੰ


ਅਵੱਲੇ ਸ਼ੌਕ ਮੇਰੇ ਦਾ ਤੂੰ ਇਉਂ ਸਤਿਕਾਰ ਕਰ ਕੁਝ ਤਾਂ
ਨਹੀਂ ਫੁੱਲਾਂ ਤੇ ਐ ਦੋਸਤ! ਅੰਗਾਰਾਂ 'ਤੇ ਬਿਠਾ ਮੈਨੂੰ

ਮੈਂ ਤਾਂ ਇਕ ਆਮ ਬੰਦੇ ਵਾਂਗਰਾਂ ਜੀਣਾ ਸੀ ਇਹ ਜੀਵਨ
ਬੁਰੇ ਇਸ ਮੌਸਮਾਂ ਨੇ ਪਰ ਦਿੱਤਾ ਸ਼ਾਇਰ ਬਣਾ ਮੈਨੂੰ

ਅਜੇ ਤਾਂ ਸਾਗਰਾਂ ਦੇ ਪਾਣੀਆਂ ਦੀ ਨੀਂਦ ਨਈਂ ਟੁੱਟੀ
ਪਵੇਗਾ ਦੇਰ ਤੱਕ ਲਿਖਣਾ ਅਜੇ ਅੱਜ ਦਾ ਸਫ਼ਾ ਮੈਨੂੰ

ਸਹਿਯੋਗ.......... ਨਜ਼ਮ/ਕਵਿਤਾ / ਹਰਪ੍ਰੀਤ ਐੱਸ.

ਅੱਖਰ
ਅੱਖਰ ਨਾਲ਼ ਮਿਲ ਕੇ
ਲਗਾਂ, ਮਾਤ੍ਰਾਵਾਂ ਦੇ ਸਹਿਯੋਗ ਨਾਲ਼
ਬਣਾਉਂਦਾ ਹੈ ਸ਼ਬਦ

ਤੇ ਸ਼ਬਦ ਦਾ
ਹੁੰਦਾ ਹੈ
ਬਣਦਾ ਹੈ
ਕੋਈ ਨਾ ਕੋਈ ਅਰਥ
ਪਰ.....
'ਕੱਲਾ ਅੱਖਰ
ਬੇ-ਅਰਥਾ ਹੁੰਦੈ
ਨਿਰਾ ਨਿਅਰਥਕ
ਸੋ
ਅੱਖਰ ਤੋਂ
ਸ਼ਬਦ ਹੋਣ ਲਈ,
ਤੇ ਸਾਰਥਕ ਬਣਨ ਲਈ
ਜ਼ਰੂਰੀ ਹੈ
ਅੱਖਰ ਦਾ ਨਾਲ਼
ਸੁਮੇਲ
ਤੇ ਲਗਾਂ ਮਾਤਰ੍ਰਾਵਾਂ ਦਾ
ਸਹਿਯੋਗ...............

ਵਿਚ ਪ੍ਰਦੇਸਾਂ.......... ਨਜ਼ਮ/ਕਵਿਤਾ / ਸੱਤਪਾਲ ਬਰਾੜ (ਯੂ.ਐਸ.ਏ.)

ਵਿਚ ਪ੍ਰਦੇਸਾਂ, ਰੁੱਖੀਆਂ ਰੁੱਤਾਂ
ਠੰਡੀਆਂ ਵਗਣ ਹਵਾਵਾਂ।
ਠੰਡੇ ਠੰਡੇ ਹਾਉਕੇ ਦਿਲ ਦੇ,
ਕਿਸ ਨੂੰ ਦਰਦ ਸੁਣਾਵਾਂ।
ਕੌਣ ਕੀਹਨੂੰ ਧਰਵਾਸਾ ਦੇਵੇ,

ਹਰ ਦਿਲ ਹੀ ਹੈ ਜ਼ਖ਼ਮੀ
ਆਪਣਿਆਂ ਸਾਹਾਂ ਨੂੰ ਕੋਸਾਂ,
ਆਪੇ ਦਿਆਂ ਦੁਆਵਾਂ।
ਅਰਮਾਨਾਂ ਨੂੰ ਖਾਹਸ਼ਾਂ ਲੁੱਟ ਲਿਆ,
ਚਾਵਾਂ ਨੂੰ ਅੱਗ ਲੱਗੀ,
ਉਜੜੀ ਹੈ ਫੁਲਵਾੜੀ ਦਿਲ ਦੀ,
ਨਾ ਕੋਈ ਪੱਤਰ ਸਾਵਾ।
ਵਿਚ ਪ੍ਰਦੇਸਾਂ ਏਦਾਂ ਰੁਲ਼ ਗਏ,
ਜਿਉਂ ਬੱਚੇ ਬਿਨ ਮਾਂਵਾਂ।
ਕਾਸ਼! ਸਾਨੂੰ ਕੋਈ ਬਾਹੋਂ ਫੜ ਕੇ,
ਆ ਦੱਸੇ ਸਿਰਨਾਵਾਂ।
ਕੌਣ ਅਸੀਂ ਹਾਂ? ਕੌਣ ਅਸਾਡਾ?
ਕਿਸ ਮੰਜ਼ਲ ਵੱਲ ਜਾਣਾ।
ਕੌਣ ਹੈ ਸਾਡੇ ਦਿਲ ਦਾ ਜਾਨੀ,
ਲਿਖ ਲਿਖ ਚਿੱਠੀਆਂ ਪਾਵਾਂ।
ਪੈਸੇ ਦੇ ਪੁੱਤ ਕਹਿਣ ਅਸਾਨੂੰ,
ਸੁਰਗ ਦੇਸ ਦੇ ਵਾਸੀ,
ਪੈਸਾ ਜਾਣੀ ਮਾਂ ਹੈ ਸਾਡੀ,
ਪੈਸਾ ਸਾਡੀ ਮਾਸੀ।
ਵੱਡੀਆਂ ਵੱਡੀਆਂ ਕੋਠੀਆਂ ਪਾਈਆਂ,
ਬਾਹਰ ਲਟਕਦੇ ਤਾਲੇ,
ਚੁਗਦੇ ਫਿਰਦੇ ਚੋਗ ਖਿਲਾਰੀ
ਲੋਕ ਕਹਿਣ ਪ੍ਰਵਾਸੀ!
ਜ਼ਖਮੀ ਰੂਹ 'ਤੇ ਮੇਕਅੱਪ ਕਰਕੇ
ਵਤਨ ਅਸੀਂ ਹਾਂ ਪਰਤੇ,
ਚਿਹਰਾ ਦੇਖ ਨਾ ਧੋਖਾ ਖਾ ਜੀਂ,
ਇਹ ਨਕਲੀ ਹੈ ਹਾਸੀ।
ਲੱਖ ਸੋਚਿਆ ਤੇ ਸੋਚਦਿਆਂ
ਵਕਤ ਗੁਜ਼ਰ ਗਿਆ ਖਾਸੀ
ਹਾਰ ਸਮਝ ਕੇ ਗਲ਼ ਵਿਚ ਪਾਇਆ
ਹੁਣ ਬਣ ਗਈ ਏ ਫਾਂਸੀ
ਵਾਪਸ ਮੁੜ ਜਾਂ ਘਰ ਅਪਣੇ ਨੂੰ
ਪਰ ਕਾਹਦਾ ਮੁੜਿਆ ਜਾਣਾ।
ਠੀਕ ਕਰਦਿਆਂ ਹੋਰ ਉਲਝਦਾ
ਇਹ ਜਿ਼ਦਗੀ ਦਾ ਤਾਣਾ।
ਸਰਵਣ ਪੁੱਤਰ ਝੂਠੇ ਪੈ ਗਏ,
ਕੋਲ਼ ਆਪਣੀਆਂ ਮਾਂਵਾਂ।
ਮਾਂ ਤਾਂ ਮਾਂ ਸੀ,ਦੱਸ ਕੀ ਕਰਦੀ,
ਦਿੰਦੀ ਰਹੀ ਦੁਆਵਾਂ।
ਦੁੱਧ ਦਾ ਕੋਈ ਦੋਸ਼ ਨਹੀਂ ਸੀ,
ਨਾ ਮਮਤਾ ਦਾ ਘਾਟਾ,
ਤੇਰੇ ਪੁੱਤ ਦੇ ਕਰਮੀਂ ਹੈ ਨੀ
ਮਾਂ ਇਸ ਘਰ ਦਾ ਆਟਾ।
ਪੁੱਤ ਤੇਰੇ ਦੇ ਪੈਰ 'ਚ ਚੱਕਰ
ਤੇਰਾ ਦੋਸ਼ ਨਾ ਕੋਈ।
ਠੰਡੇ ਠੰਡੇ ਹਾਉਕੇ ਲੈ ਲੈ
ਨਾ ਅੰਮੀਏਂ ਤੂੰ ਰੋਈ।
ਪੁੱਤ ਤੇਰੇ ਦੇ ਪੁੱਤ ਵੀ ਹੁਣ ਤਾਂ
ਸੁੱਖ ਨਾਲ਼ ਗੱਭਰੂ ਹੋ ਗੇ।
ਵਾਪਸ ਸ਼ਾਇਦ ਮੈਂ ਆ ਜਾਂਦਾ,
ਉਹ ਰਸਤਾ ਰੋਕ ਖੜੋਗੇ।
ਮੇਰੀ ਕਿਸਮਤ ਨਾਲ਼ ਇਨ੍ਹਾਂ ਦੇ
ਹੁਣ ਤਾਂ ਜੁੜ ਕੇ ਰਹਿ ਗੀ।
ਵੱਡੇ ਵੱਡੇ ਸੁਪਨਿਆਂ ਦੀ ਮਾਂ,
ਕੀਮਤ ਦੇਣੀ ਪੈ ਗੀ।

ਪੱਥਰ ੳੱਤੇ ਵਾਹ ਕੇ.......... ਗ਼ਜ਼ਲ / ਸਾਧੂ ਸਿੰਘ (ਪ੍ਰੋ:)

ਪੱਥਰ ੳੱਤੇ ਵਾਹ ਕੇ ਪੱਕੀ ਲੀਕ ਗਏ
ਮੇਰੇ ਦਿਲ ਤੇ ਅਪਣਾ ਨਾਮ ਉਲੀਕ ਗਏ

ਮੇਰੀ ਸੂਰਤ ਪੱਥਰ ਦੇ ਵਿਚ ਢਾਲ਼ ਗਏ
ਆਪ ਗਏ ਜਿਉਂ ਪਾਣੀ ਉਤੋਂ ਲੀਕ ਗਏ


ਸਾਡੇ ਜੁੰਮੇ ਸੌਂਪੀ ਪੀੜ ਲੋਕਾਈ ਦੀ
ਹੋ ਕੇ ਸੱਤ ਬੇਗਾਨੇ ਤੁਰਦੇ ਮੀਤ ਗਏ

ਸਾਨੂੰ ਮਰਜ਼ਾਂ ਇਸ਼ਕੇ ਤੋਂ ਵੀ ਚੰਦਰੀਆਂ
ਵੈਦ ਧਨੰਤਰ ਵੇਂਹਦਿਆਂ ਅੱਖਾਂ ਮੀਟ ਗਏ

ਹਾਲੀਂ ਹਰ ਸੂਰਤ ਵਿਚ ਮਹਿਰਮ ਦਿਸਿਆ ਨਾ
ਕੀਕਣ ਆਖਾਂ ਯੁੱਗ ਬ੍ਰਿਹੋਂ ਦੇ ਬੀਤ ਗਏ

ਤਖਤਾਂ ਤੋਂ ਤਵੀਆਂ ਤੋਂ ਲੱਥੇ ਬਲ ਬਲ ਕੇ
ਤੱਤੀਆਂ ਤਵੀਆਂ ਉਤੋਂ ਠੰਢੇ ਸੀਤ ਗਏ