Showing posts with label ਧਰਮਿੰਦਰ ਭੰਗੂ. Show all posts
Showing posts with label ਧਰਮਿੰਦਰ ਭੰਗੂ. Show all posts

ਜਿੰਦਗੀ ਅਤੇ ਮੌਤ......... ਨਜ਼ਮ/ਕਵਿਤਾ / ਧਰਮਿੰਦਰ ਭੰਗੂ


ਚਲਦੀ ਹਵਾ ਠੰਡਕ ਦੇਵੇ,
ਹੋਣ ਮਹਿਕਾਂ ਖਿਲਰੀਆਂ ਚੁਫੇਰੇ,
ਦੁਨੀਆਂ ਦਾ ਹਰ ਕੋਈ ਆਪਣਾ ਲੱਗੇ,
ਹੱਸਣ ਨੂੰ ਜੀ ਕਰੇ ਓਚੀ-ਓਚੀ,
ਦਿਲ ਕਰੇ,
ਰਾਹ ਜਾਂਦੇ ਰਾਹੀ ਨਾਲ,
ਯਾਰੀ ਪਾਓਣ ਨੂੰ,
ਅੰਬਰਾਂ 'ਚ ਓਡਣ ਨੂੰ,
ਸਮੁੰਦਰਾਂ 'ਚ ਨਹਾਉਣ ਨੂੰ,
ਬਸ ਇਹੋ ਜਿੰਦਗੀ ਹੈ,
ਜੋ ਹਰ ਪਲ ਜੀਵੀ ਜਾਂਦੀ ਹੈ....
ਅਤੇ

ਸੋਚਾਂ ਦਾ ਕਾਫ਼ਲਾ......... ਨਜ਼ਮ/ਕਵਿਤਾ / ਧਰਮਿੰਦਰ ਭੰਗੂ


ਸੋਚਾਂ ਦਾ ਕਾਫ਼ਲਾ,
ਜਦੋ ਵੀ ਕਿਤੇ ਦਮ ਲੈਂਦੈ,
ਅੱਖਾ ਸਾਹਵੇ ਆ ਜਾਦੇ ,
ਉਹੀ ਚਿਹਰਾ ....
ਕੰਨਾ ਨੂੰ ਸੁਣਨ ਲੱਗਦੀ ਐ..,
ਉਹਦੀ ਹੀ ਆਵਾਜ਼....
ਅਤੇ

ਹਨੇਰਾ.......... ਗ਼ਜ਼ਲ / ਧਰਮਿੰਦਰ ਭੰਗੂ ਕਾਲੇਮਾਜਰਾ

ਹਨੇਰਾ ਕਾਹਤੋਂ ਘਰ ਤੇਰੇ, ਸਵੇਰੇ ਸ਼ਾਮ ਰਹਿੰਦਾ ਹੈ।
ਸੱਚ ਦੇ ਸਿਰ ਹਮੇਸ਼ਾ, ਝੂਠ ਦਾ ਇਲਜ਼ਾਮ ਰਹਿੰਦਾ ਹੈ।
ਦੁਨੀਆਂ ਲੰਘ ਗਈ ਅੱਗੇ ਜਾਂ ਮੈਂ ਹੀ ਰਹਿ ਗਿਆ ਪਿੱਛੇ,
ਉਂਝ ਲੋਕੀ ਆਖਦੇ ਨੇ, ਇਹ ਬੜਾ ਉਪਰਾਮ ਰਹਿੰਦਾ ਹੈ।
ਸਿਆਸਤ,ਪਿਆਰ ਤੇ ਵਪਾਰ, ਸਾਰੇ ਇਸ ਕਦਰ ਬਦਲੇ,
ਖੁਸ਼ਾਮਦਾਂ ਦਾ ਅੱਜਕੱਲ੍ਹ ਵੱਧ, ਵਫਾ ਤੋਂ ਦਾਮ ਰਹਿੰਦਾ ਹੈ।
ਪੈਸੇ ਦੇ ਮੱਕੜ ਜਾਲ ਵਿੱਚ, ਰਿਸ਼ਤੇ ਵੇਖ ਕੇ ਉਲਝੇ,
ਇਹ ਮਨ ਜਦੋਂ ਤੜਪੇ, ਤਾਂ ਹੱਥ ਵਿੱਚ ਜਾਮ ਰਹਿੰਦਾ ਹੈ।
ਦਿਲ ਦੇ ਵਲਵਲੇ ਜਦ, ਸਿ਼ਅਰਾਂ ਦੇ ਵਿੱਚ ਢਲ਼ਦੇ ਨੇ
ਸਮਾਂ ਥੋੜਾ ਸਹੀ, ਪਰ ਮਨ ਨੂੰ ਕੁਝ ਆਰਾਮ ਰਹਿੰਦਾ ਹੈ।

ਵਿਸਥਾਰ......... ਗ਼ਜ਼ਲ / ਧਰਮਿੰਦਰ ਭੰਗੂ ਕਾਲੇਮਾਜਰਾ

ਆਪਣੇ ਆਪ ਨੂੰ ਸੀਮਤ ਨਾ ਕਰ, ਆਪਣਾ ਕੁਝ ਵਿਸਥਾਰ ਵੀ ਕਰ ।
ਚਰਚਾ -ਚਿੰਤਨ ਠੀਕ ਨੇ ਤੇਰੇ, ਵਕਤ ਮਿਲੇ ਤਾਂ ਪਿਆਰ ਵੀ ਕਰ ।

ਜਿ਼ੰਦਗੀ ਦੀ ਰਫ਼ਤਾਰ ਤੇਜ਼ ਹੈ, ਰੁੱਝਿਆ ਹੋਇਆ ਹੈ ਹਰ ਬੰਦਾ,
ਕਦੇ ਕਦਾਂਈਂ ਆਉਂਦੇ ਜਾਂਦੇ, ਲਿਆ ਸੱਜਣਾਂ ਦੀ ਸਾਰ ਵੀ ਕਰ ।

ਅਕਲ ਬੜੀ ਹੈ, ਦਾਨਿਸ਼ਵਰ ਹੈਂ ; ਘਰ ਅੰਦਰ ਨਾ ਦੀਵੇ ਬਾਲ਼,
ਚਾਨਣ ਲੈ ਕੇ ਬਾਹਰ ਨਿਕਲ਼, ਦੁਨੀਆਂ ਨੂੰ ਸ਼ਰਸ਼ਾਰ ਵੀ ਕਰ ।

ਜਿੱਤਣ ਦਾ ਤੂੰ ਆਦੀ ਬੇਸ਼ੱਕ, ਇਸ਼ਕ 'ਚ ਐਪਰ ਚੱਲਣਾ ਨਾ ਇਹ,
ਇਸ਼ਕ 'ਚ ਜੇਕਰ ਜਿੱਤਣਾ ਚਾਹੇਂ, ਯਾਰ ਤੋਂ ਜਾਇਆ ਹਾਰ ਵੀ ਕਰ ।

ਤੂੰ ਹੈਂ ਭੋਲ਼ਾ, ਭੋਲ਼ੇਪਣ ਵਿੱਚ ਹੋਣਾ ਹੋਰ ਗੁਜ਼ਾਰਾ ਨਹੀਂ ਹੁਣ,
ਦੁਨੀਆਂ ਦੀ ਹਰ ਚਾਲ ਸਮਝਲੈ, ਖੁਦ ਨੂੰ ਕੁਝ ਹੁਸਿ਼ਆਰ ਵੀ ਕਰ ।

****

ਕੀ ਸਾਡੀ ਸੇਵਾ ਭਾਵਨਾ ਤੇ ਦਿਖਾਵਾ ਤਾਂ ਭਾਰੂ ਨਹੀਂ ਹੋ ਰਿਹਾ?......... ਵਿਚਾਰਾਂ / ਧਰਮਿੰਦਰ ਭੰਗੂ ਕਾਲੇਮਾਜਰਾ


'ਟਰਨ ਟਰਨ ਟਰਨ' ਮੇਰੇ ਇੱਕ ਪੱਤਰਕਾਰ ਦੋਸਤ ਦੇ ਫੋਨ ਦੀ ਘੰਟੀ ਵੱਜਦੀ ਹੈ। ਜਦੋਂ ਉਹ ਫੋਨ ਚੁੱਕਦਾ ਹੈ ਤਾਂ ਅੱਗਿਉਂ ਉਸਨੂੰ ਆਪਣੇ ਇੱਕ ਜਾਣੂ ਦੀ ਆਵਾਜ਼ ਸੁਣਾਈ ਦਿੰਦੀ ਹੈ।" ਬਾਈ ਜੀ! ਆਪਾਂ ਨੇ ਬੱਸ ਅੱਡੇ ਕੋਲ ਛਬੀਲ ਲਾਈ ਹੋਈ ਹੈ, ਤੁਸੀਂ ਜ਼ਰਾ ਆ ਕੇ ਫੋਟੋ ਖਿੱਚ ਲਉ.. ਕੱਲ੍ਹ ਦੇ ਅਖ਼ਬਾਰ ਵਿੱਚ ਲੁਆ ਦੇਣੀ। ਆਪਣੇ ਦੋਸਤ ਦੇ ਹੁਕਮ ਦਾ ਬੰਨ੍ਹਿਆ ਮੇਰਾ ਪੱਤਰਕਾਰ ਦੋਸਤ ਮਜ਼ਬੂਰ ਕਰਕੇ ਮੈਨੂੰ ਵੀ ਨਾਲ ਲੈ ਜਾਂਦਾ ਹੈ। ਪੱਤਰਕਾਰ ਨੂੰ ਪਹੁੰਚਿਆ ਦੇਖਦੇ ਹੀ ਪ੍ਰਬੰਧਕ ਅਤੇ ਸਾਰੇ ਸੇਵਾਦਾਰ ਰਾਹੀਆਂ ਨੂੰ ਜਲ ਛਕਾਉਣਾ ਛੱਡ ਕੇ ਫੋਟੋ ਖਿਚਵਾਉਣ ਲਈ ਇਕੱਠੇ ਹੋ ਜਾਂਦੇ ਹਨ। ਅਗਲੇ ਦਿਨ ਅਖਬਾਰ ਵਿੱਚ ਫੋਟੋ ਛਪ ਜਾਂਦੀ ਹੈ। ਪਰ ਮੇਰਾ ਮਨ ਇਸ ਵਰਤਾਰੇ ਤੋਂ ਵਿਆਕੁਲ ਹੈ। ਮੈਂ ਸੋਚਦਾ ਹਾਂ ਕਿ ਕਿਤੇ ਸਾਡੀ ਸੇਵਾ ਭਾਵਨਾਂ ਤੇ ਦਿਖਾਵਾ ਤਾਂ ਭਾਰੂ ਨਹੀਂ ਹੋ ਰਿਹਾ। ਮੇਰੇ ਚੇਤੇ ਆਉਂਦਾ ਹੈ ਕਿ ਕੁਝ ਵਰ੍ਹੇ ਪਹਿਲਾਂ ਮੇਰਾ ਇੱਕ ਦੋਸਤ ਪਾਕਿਸਤਾਨ ਵਿਖੇ ਗੁਰਧਾਮਾਂ ਦੀ ਯਾਤਰਾ ਲਈ ਗਿਆ ਸੀ। ਉਸਨੇ ਵਾਪਸ ਆ ਕੇ ਆਪਣੀ ਯਾਤਰਾ ਬਾਰੇ ਦੱਸਿਆ ਕਿ ਉੱਧਰ ਵੀ ਸੰਗਤਾਂ ਦੀ ਸੇਵਾ ਲਈ ਬਹੁਤ ਲੰਗਰ ਲੱਗੇ ਹੋਏ ਸਨ। ਜਦੋਂ ਇੱਧਰੋਂ ਗਈਆਂ ਸੰਗਤਾਂ ਪੁੱਛਦੀਆਂ ਹਨ ਕਿ ਇਹ ਲੰਗਰ ਕਿੱਥੋਂ ਦਾ ਭਾਵ ਕਿਹੜੇ ਪਿੰਡ ਦਾ ਹੈ ਤਾਂ ਇੱਕੋ ਹੀ ਜਵਾਬ ਸੁਣਨ ਨੂੰ ਮਿਲਿਆ ਕਿ ਸਰਦਾਰ ਜੀ ਇਹ ਲ਼ਗਰ ਬਾਬੇ ਨਾਨਕ ਦਾ ਹੈ, ਕਿਸੇ ਪਿੰਡ ਜਾਂ ਸ਼ਹਿਰ ਦਾ ਨਹੀਂ। ਉਨ੍ਹਾ ਕੋਲਾਂ ਦੀ ਸੇਵਾ ਭਾਵਨਾ ਦੀ ਤੁਲਨਾ ਜਦੋਂ ਮਨੋਂ ਮਨੀਂ ਮੈ ਅਜੋਕੇ ਵਰ੍ਹਿਆਂ ਵਿੱਚ ਲਗਾਏ ਜਾ ਰਹੇ ਲੰਗਰਾਂ ਨਾਲ ਕਰਦਾ ਹਾਂ ਤਾ ਬਿਨਾਂ ਸੱ਼ਕ ਉਨ੍ਹਾਂ ਦੀ ਸੇਵਾ ਭਾਵਨਾ ਦਾ ਪੱਲੜਾ ਕਿਤੇ ਭਾਰੀ ਨਜ਼ਰ ਆਉਂਦਾ ਹੈ। ਅਸੀਂ ਜੋ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੇ ਸੱਚੇ ਪੈਰੋਕਾਰ ਦੱਸਦੇ ਹਾਂ ਪਤਾ ਨਹੀਂ ਕਿਸ ਕਾਰਨ ਵੱਸ ਇਨ੍ਹਾ ਦਿਖਾਵਿਆਂ ਵਿੱਚ ਪੈ ਗਏ ਹਾਂ। ਰਾਜਨੀਤਕ ਆਗੂਆਂ ਦੇ ਮਾਮਲੇ ਵਿੱਚ ਤਾਂ ਇਹ ਦਿਖਾਵਾ ਸ਼ਾਇਦ ਉਨ੍ਹਾਂ ਦੀ ਲੋੜ ਜਾਂ ਮਜਬੂਰੀ ਸਮਝੀ ਜਾ ਸਕਦੀ ਹੈ, ਪਰ ਆਮ ਲੋਕਾਂ ਨੂੰ ਤਾਂ ਇਹ ਦਿਖਾਵੇ ਛੱਡ ਕੇ ਪੰਜਾਬੀ ਜਿਸ ਨਿਰਸਵਾਰਥ ਸੇਵਾ ਭਵਨਾ ਲਈ ਮਜ਼ਬੂਰ ਹਨ, ਉਹ ਕਾਇਮ ਰੱਖਣੀ ਚਾਹੀਦੀ ਹੈ। 
***

ਚਿੰਤਾ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ


ਦੁਨੀਆਂ ਭਰ ਵਿੱਚ ਵੱਧ ਰਹੇ ਤਾਪਮਾਨ ਅਤੇ ਪ੍ਰਦੂਸ਼ਣ ਪ੍ਰਤੀ 'ਚਿੰਤਤ' ਇੱਕ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਉੱਚ ਸਰਕਾਰੀ ਨੁਮਾਇੰਦੇ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਸੰਸਥਾ ਦੇ ਪ੍ਰਬੰਧਕਾਂ ਦੀ ਇਸ ਪਹਿਲ ਲਈ ਭਰਪੂਰ ਸ਼ਲਾਘਾ ਹੋਈ। ਸਮਾਗਮ ਵਿੱਚਲੇ ਖਾਣਪੀਣ ਦੇ ਪ੍ਰਬੰਧਾਂ ਨੇ ਪ੍ਰਬੰਧਕਾਂ ਦੀ ਖੂਬ ਬੱਲੇ ਬੱਲੇ ਕਰਵਾਈ। ਅਗਲੇ ਦਿਨ ਦੇ ਅਖ਼ਬਾਰਾਂ ਵਿੱਚ ਇਸ ਸਮਾਗਮ ਬਾਰੇ ਮੋਟੀਆਂ ਸੁਰਖੀਆਂ ਵਿੱਚ ਖ਼ਬਰਾਂ ਸਨ, ਅਹੁਦੇਦਾਰ ਇੱਕ ਦੂਜੇ ਨੂੰ ਸਮਾਗਮ ਦੀ ਸਫ਼ਲਤਾ ਦੀਆਂ ਵਧਾਈਆਂ ਦੇ ਰਹੇ ਸਨ। ..... ਅਤੇ ਸਮਾਗਮ ਵਾਲੀ ਥਾਂ ਖਿਲਰੇ ਪਲਾਸਟਿਕ ਦੇ ਗਲਾਸ ਤੇ ਪਲੇਟਾਂ ਚਿੰਤਤ ਸੰਸਥਾ ਦੀ 'ਚਿੰਤਾ' ਤੇ ਸੁਹਿਰਦਤਾ ਪ੍ਰਤੀ ਪ੍ਰਸ਼ਨਚਿੰਨ੍ਹ ਖੜ੍ਹੇ ਕਰ ਰਹੇ ਸਨ। 

ਉਦਘਾਟਨ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ


ਅੱਜ ਪਿੰਡ ਵਿੱਚ ਬੜੀ ਖੁਸ਼ੀ ਦਾ ਮਾਹੌਲ ਸੀ। ਮੰਤਰੀ ਜੀ ਪਿੰਡ ਵਿੱਚ ਸਾਫ਼ ਤੇ ਸ਼ੁੱਧ ਪਾਣੀ ਵਾਲੀ ਟੈਂਕੀ ਦਾ ਉਦਘਾਟਨ ਕਰਨ ਆ ਰਹੇ ਸਨ। ਮੰਤਰੀ ਜੀ ਆਏ ਉਦਘਾਟਨ ਦੀ ਰਸਮ ਅਦਾ ਕਰਨ ਤੋਂ ਬਾਅਦ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਲੰਮਾ ਚੌੜਾ ਭਾਸ਼ਣ ਦੇ ਕੇ ਪਿੰਡ ਦੇ ਨੇੜੇ ਹੀ ਇੱਕ ਫੈਕਟਰੀ ਵਿੱਚ ਜਾ ਪਧਾਰੇ। ਇਹ ਫੈਕਟਰੀ ਜੋ ਇਲਾਕੇ ਵਿੱਚ ਪਾਣੀ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਸੀ, ਦੇ ਨਵੇਂ ਯੂਨਿਟ ਦਾ ਉਦਘਾਟਨ ਵੀ ਮੰਤਰੀ ਜੀ ਨੇ ਹੀ ਕਰਨਾ ਸੀ। 

ਚੀਕਦੀ ਚੁੱਪ..........ਮਿੰਨੀ ਕਹਾਣੀ / ਧਰਮਿੰਦਰ ਭੰਗੂ

ਕਿਸੇ ਧਾਰਮਿਕ ਆਗੂ ਦੇ ਅਪਮਾਨ ਤੋਂ ਭੜਕੀ ਹੋਈ ਭੀੜ ਥਾਂ-ਥਾਂ ਤੇ ਭੰਨਤੋੜ ਕਰ ਰਹੀ ਸੀ। ਪੂਰਾ ਦਿਨ ਸ਼ਹਿਰ ਵਿੱਚ ਗੱਡੀਆਂ ਦੀ ਸਾੜਫੂਕ ਕੀਤੀ ਗਈ ਅਤੇ ਦੁਕਾਨਾਂ ਦੇ ਸ਼ੀਸ਼ੇ ਭੰਨੇ ਗਏ ਸਨ। .... ਆਖਰ ਭੀੜ ਦਾ 'ਜੋਸ਼' ਮੱਠਾ ਪੈਣ ਤੋਂ ਬਾਅਦ ਸਰਕਾਰ ਜਾਗੀ ਸੀ ਅਤੇ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ। ਦੇਰ ਰਾਤ ਤੱਕ ਜਾਗਣ ਵਾਲੇ ਸ਼ਹਿਰ ਦੀਆਂ ਸੜਕਾਂ ਤੇ ਸ਼ਾਮ ਵੇਲੇ਼ ਹੀ ਸੁੰਨਸਾਨ ਸੀ। ਦਿਨ ਭਰ ਧੂ-ਧੂ ਕਰਕੇ ਜਲੇ ਵਾਹਨਾਂ 'ਚੋਂ ਉੱਠ ਰਹੇ ਮੱਠੇ-ਮੱਠੇ ਧੂੰਏਂ ਤੋਂ ਸਿਵਾਏ ਹੋਰ ਕੁਝ ਨਜ਼ਰ ਨਹੀਂ ਸੀ ਆ ਰਿਹਾ। ਸ਼ਹਿਰ ਅੰਦਰ ਛਾਈ ਇਹ ਭਿਆਨਕ ਚੁੱਪ ਚੀਕ-ਚੀਕ ਕੇ ਇਨਸਾਨੀਅਤ ਨੂੰ ਪੁਕਾਰ ਰਹੀ ਸੀ। 

ਸਿਆਸਤ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ

ਪੰਜਾਬ ਦੀ ਮੌਜੂਦਾ ਸਿਆਸਤ ਬਾਰੇ ਮੇਰੀ ਇੱਕ ਦੋਸਤ ਨਾਲ ਬਹਿਸ ਛਿੜ ਪਈ। ਮੈਂ ਇੱਕ ਰਾਜਨੀਤਕ ਪਾਰਟੀ ਦੀਆਂ ਨੀਤੀਆਂ ਦੀ ਹਮਾਇਤ ਕਰ ਰਿਹਾ ਸਾਂ ਤੇ ਮੇਰਾ ਦੋਸਤ ਉਸਨੂੰ ਫਿਰਕੂ ਗਰਦਾਨ ਕੇ ਦੂਜੀ ਪਾਰਟੀ ਨੂੰ ਵਧੀਆ ਆਖ ਰਿਹਾ ਸੀ।
ਹਾਸੇ-ਹਾਸੇ ਵਿੱਚ ਛਿੜੀ ਇਹ ਬਹਿਸ ਗੰਭੀਰ ਹੁੰਦੀ ਹੋਈ ਮੱਥੇ ਦੀਆਂ ਤਿਊੜੀਆਂ ਤੇ ਖਰ੍ਹਵੇਂ ਬੋਲਾਂ ਤੱਕ ਜਾ ਪਹੁੰਚੀ।....... ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਇੱਕ ਦੂਜੇ ਨਾਲ ਚੱਜ ਨਾਲ ਬੋਲੇ ਤੱਕ ਨਹੀਂ।


ਮੀਡੀਆ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ

'ਹਾਦਸੇ 'ਚ ਜ਼ਖਮੀ ਪੁਲਿਸ ਅਫ਼ਸਰ ਕਿਸੇ ਮੱਦਦ ਦੀ ਅਣਹੋਂਦ ਵਿੱਚ ਸੜਕ ਕਿਨਾਰੇ ਪਿਆ ਪੱਥਰ ਦਿਲ ਲੋਕਾਂ ਨੂੰ ਪੁਕਾਰਦਾ ਦਮ ਤੋੜ ਗਿਆ।' ਇਹ ਖ਼ਬਰ ਵਾਰ-ਵਾਰ ਟੀ.ਵੀ. ਚੈਨਲਾਂ ਤੋਂ ਨਸ਼ਰ ਹੋ ਰਹੀ ਸੀ। ਪਰ ਮੀਡੀਆ ਵਾਲੇ ਵੀ ਉਸਦੀ ਮੱਦਦ ਕਰਨ ਦੀ ਥਾਂ ਮਰ ਰਹੇ ਪੁਲਿਸ ਵਾਲੇ ਦੀ ਫਿਲਮ ਬਣਾਉਂਦੇ ਉਸਦੀ 'ਬ੍ਰੇਕਿੰਗ ਨਿਊਜ਼' ਬਣਾਉਣ ਵਿੱਚ ਮਸਰੂਫ਼ ਰਹੇ।


ਤਿੜਕੇ ਹੋਏ ਸ਼ੀਸ਼ੇ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ

ਇੱਕ ਸਾਹਿਤ ਸਭਾ ਦੇ ਸਾਲਾਨਾ ਸਮਾਗਮ ਦੌਰਾਨ ਕਵੀ ਦਰਬਾਰ ਚੱਲ ਰਿਹਾ ਸੀ . 'ਨਾਮਵਰ' ਕਵੀ ਆਪੋ - ਆਪਣੀਆਂ ਰਚਨਾਵਾਂ ਸੁਣਾ ਰਹੇ ਸਨ ਤੇ ਸਰੋਤੇ ਕਵੀਜਨਾਂ ਦੀਆਂ ਰਚਨਾਵਾਂ ਤੇ ਖ਼ਿਆਲਾਂ 'ਤੇ ਅਸ਼ - ਅਸ਼ ਕਰ ਰਹੇ ਸਨ . ਪਰ ... ਤਦੇ ਹੀ ਇੱਕ ' ਵਿਦਵਾਨ ' ਆਲੋਚਕ ਸਾਹਿਬਾਨ ਕਵੀ ਦਰਬਾਰ ਵਿੱਚ ਆਣ ਪਧਾਰੇ . ਕਵਿਤਾਵਾਂ ਦਾ ਚੱਲ ਰਿਹਾ ਅਖੰਡ ਪਾਠ ਜਿਵੇਂ ਖੰਡਿਤ ਹੋ ਗਿਆ . 'ਨਾਮਵਰ ' ਕਵੀ ਜਨ ਹੁਣ ਆਲੋਚਕ ਦੀ ਜੀ - ਹਜ਼ੂਰੀ ਕਰ ਰਹੇ ਸਨ . ਮੰਚ 'ਤੇ ਕਵਿਤਾ ਸੁਣਾ ਰਹੇ ਕਵੀ ਦੀ ਆਵਾਜ਼ ਇੱਕ 'ਸਾਹਿਤਕ ਸੂਝ' ਵਾਲੇ ਸ਼ੋਰ ਵਿੱਚ ਦਬ ਚੁੱਕੀ ਸੀ . ...............................ਤੇ ਮੈਨੂੰ ਇੰਝ ਜਾਪ ਰਿਹਾ ਸੀ ਜਿਵੇਂ ਸਮਾਜ ਨੂੰ ਉਸਦੀ ਅਸਲੀ ਤਸਵੀਰ ਵਿਖਾਉਣ ਵਾਲੇ ਸ਼ੀਸ਼ੇ ਤਿੜਕ ਗਏ ਹੋਣ

ਲੋਕਤੰਤਰ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ

ਇਕ ਦੇਸ ਵਿਚ ਇਕ ਰਾਜਾ ਰਾਜ ਕਰਦਾ ਸੀ । ਸਾਰੇ ਸੰਸਾਰ ਵਿਚ ਰਾਜਤੰਤਰ ਦੇ ਖਿਲਾਫ ਹੋਈਆਂ ਬਗਾਵਤਾਂ ਤੋਂ ਬਾਅਦ ਉਸ ਦੇਸ ਦੇ ਲੋਕ ਵੀ ਜਾਗ ਉੱਠੇ ਤੇ ਰਾਜੇ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ । ਉਸ ਦੇਸ ਵਿਚ ਲੋਕਤੰਤਰ ਕਾਇਮ ਹੋ ਗਿਆ । ਪਰ ਲੋਕਤੰਤਰ ਦੇ ਵੋਟਤੰਤਰ ਵਿਚ ਵੀ ਉਹ ਰਾਜਾ ਮਹਾਂਰਥੀ ਨਿਕਲਿਆ ਤੇ ਦੇਸ ਦੇ ਪ੍ਰਮੁੱਖ ਅਹੁਦੇ ਤੇ ਬਿਰਾਜਮਾਨ ਹੋ ਗਿਆ । ਜਦੋਂ ਉਹ ਰਾਜਾ ਬੁੱਢਾ ਹੋ ਗਿਆ ਤਾਂ ਉਸਨੇ ਆਪਣੇ ਪੁੱਤਰ ਨੂੰ ਰਾਜਨੀਤੀ ਵਿਚ ਸਰਗਰਮ ਕਰ ਦਿਂਤਾ । ਉਸ ਰਾਜੇ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਵੀ ਪ੍ਰਮੁੱਖ ਅਹੁਦੇ ਤੇ ਸਜਣ ਵਿਚ ਕਾਮਯਾਬ ਹੋ ਗਿਆ । ਸਮਾਂ ਆਪਣੀ ਚਾਲੇ ਚਲ ਰਿਹਾ ਸੀ । ਦੇਸ ਦੇ ਲੋਕਾਂ ਨੂੰ ਦੇਸ ਵਿਚਲੇ ਲੋਕਤੰਤਰ ਉਂਤੇ ਮਾਣ ਸੀ..... ਤੇ ਰਾਜ ਪਰਿਵਾਰ ਨੂੰ ਆਪਣੀ ਰਾਜਨੀਤਕ ਸੂਝ 'ਤੇ ।