ਕਾਵਿ ਪੁਸਤਕ “ਕੀਕਣ ਲਿਖਾਂ ਹਰਫ਼ ਨਵੇਂ” ਦਾ ਲੋਕ ਅਰਪਣ ਤੇ ਕਵੀ ਦਰਬਾਰ ਸੰਪੰਨ........... ਪੁਸਤਕ ਰਿਲੀਜ਼

ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ:) ਮੋਹਾਲੀ ਵੱਲੋਂ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 71 ਮੋਹਾਲੀ ਦੇ ਸਹਿਯੋਗ ਨਾਲ਼ ਕਾਵਿ ਪੁਸਤਕ ਲੋਕ ਅਰਪਣ ਤੇ ਕਵੀ ਦਰਬਾਰ ਉਕਤ ਸਕੂਲ ਦੇ ਖ਼ੂਬਸੂਰਤ ਆਡੀਟੋਰੀਅਮ ਵਿਚ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਸ੍ਰ. ਸੁਖਚੈਨ ਸਿੰਘ ਭੰਡਾਰੀ (ਡਾਇਰੈਕਟਰ, ਹਰਿਆਣਾ ਪੰਜਾਬੀ ਸਾਹਿਤ ਅਕੈਡਮੀ), ਉਸਤਾਦ ਗ਼ਜ਼ਲ ਗੋ ਸਰਦਾਰ ਪੰਛੀ ਅਤੇ ਮੈਡਮ ਕੁਲਵੰਤ ਕੌਰ (ਪ੍ਰਧਾਨ, ਪੈਰਾਗਾਨ ਐਜੂਕੇਸ਼ਨ ਸੁਸਾਇਟੀ) ਬਿਰਾਜਮਾਨ ਸਨ । ਜਦ ਕਿ ਸਿੱਖ ਪੰਥ ਦੀ ਉਘੀ ਹਸਤੀ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ (ਸਾਬਕਾ ਪ੍ਰਧਾਨ, ਸ੍ਰੋ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਤਸ਼ਰੀਫ਼ ਲਿਆਏ। ਸ਼੍ਰੀ ਸੱਤਪਾਲ ਸਿੰਘ ਨੂਰ (ਪ੍ਰਧਾਨ, ਪੰਜਾਬੀ ਕਵੀ ਮੰਡਲ ਚੰਡੀਗੜ੍ਹ) ਅਤੇ ਸ. ਪ੍ਰੀਤਮ ਸਿੰਘ ਭੱਲਾ (ਸਮਾਜ ਸੇਵੀ) ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਨ। ਮੰਚ ਦੇ ਪ੍ਰਧਾਨ ਬਾਬੂ ਰਾਮ ਦੀਵਾਨਾ ਨੇ ਹਾੜ੍ਹ ਸਾਵਣ ਮਹੀਨਿਆਂ ਦੀ ਮਹੱਤਤਾ ਦੱਸਦਿਆਂ ਮੰਚ ਦੀਆਂ ਗਤੀ ਵਿਧੀਆਂ ਦਾ ਜਿ਼ਕਰ ਕੀਤਾ ਤੇ ਸਵਾਗਤੀ ਸ਼ਬਦ ਆਖੇ। ਪ੍ਰਧਾਨਗੀ ਮੰਡਲ ਵੱਲੋਂ ਅਮਰਜੀਤ ਕੌਰ ‘ਹਿਰਦੇ‘ ਦੀ ਦੂਜੀ ਗ਼ਜ਼ਲ ਕਾਵਿ ਪੁਸਤਕ ‘ਕੀਕਣ ਲਿਖਾਂ ਹਰਫ਼ ਨਵੇਂ‘ ਲੋਕ ਅਰਪਣ ਕੀਤੇ ਜਾਣ ਉਪਰੰਤ ਇਸ ‘ਤੇ ਪਰਚਾ ਡਾ. ਅਵਤਾਰ ਸਿੰਘ ਪਤੰਗ ਨੇ ਬਹੁਤ ਵਿਦਵਤਾਪੂਰਨ ਪੇਸ਼ ਕਰਦਿਆਂ ‘ਹਿਰਦੇ‘ ਨੂੰ ਬਹੁਤ ਹੀ ਸੂਖ਼ਮਭਾਵੀ ਤੇ ਸੰਵੇਦਨਸ਼ੀਲ ਕਵਿੱਤਰੀ ਗਰਦਾਨਿਆ । ਪੁਸਤਕ ਬਾਰੇ ਚਰਚਾ ਵਿਚ ਸ੍ਰੋਮਣੀ ਕਵੀ ਡਾ. ਸੁਰਿੰਦਰ ਗਿੱਲ ਨੇ ਕਵਿੱਤਰੀ ਦੀ ਲੇਖਣੀ ਦੇ ਮੀਰੀ ਗੁਣ ਦਾ ਜਿ਼ਕਰ ਕੀਤਾ ਅਤੇ ਪ੍ਰੋ. ਮਨਮੋਹਨ ਸਿੰਘ ਦਾਊਂ ਨੇ ਪੁਸਤਕ ਬਾਰੇ ਨਿੱਗਰ ਵਿਚਾਰ ਪ੍ਰਗਟਾਏ ਅਤੇ ਕੁਝ ਸੁਚੱਜੇ ਸੁਝਾਅ ਵੀ ਕਵਿੱਤਰੀ ਨੂੰ ਦਿੱਤੇ। ਸੁਮਨ ਕੁਮਾਰੀ ਅਤੇ ਰੁਖ਼ਸਾਨਾ ਬੇਗ਼ਮ ਨੇ ‘ਹਿਰਦੇ‘ ਦੀ ਰਿਲੀਜ਼ ਹੋਈ ਪੁਸਤਕ ਵਿੱਚੋਂ ਆਪਣੀ ਬਹੁਤ ਹੀ ਸੁਰੀਲੀ ਅਵਾਜ਼ ਵਿਚ ਗ਼ਜ਼ਲਾਂ ਗਾ ਕੇ ਸਰੋਤਿਆਂ ਨੂੰ ਕੀਲ ਲਿਆ।

ਕਵੀ ਦਰਬਾਰ ਵਿਚ ਲੁਧਿਆਣਾ ਤੋਂ ਉਚੇਚੇ ਤੌਰ ‘ਤੇ ਆਏ ਕੁਲਵਿੰਦਰ ਕੌਰ ਕਿਰਨ, ਪਰਮਜੀਤ ਕੌਰ ਮਹਿਕ, ਜਸਪ੍ਰੀਤ ਕੌਰ ਫ਼ਲਕ, ਸਰਬਜੀਤ ਵਿਰਦੀ, ਬਲਵੰਤ ਸਨੇਹੀ ਅਤੇ ਸਿਕੰਦਰ ਰਾਮਪੁਰੀ ਤੋਂ ਇਲਾਵਾ ਕਸ਼ਮੀਰ ਕੌਰ ਸੰਧੂ, ਰਤਨੀਵ, ਡਾ. ਪੰਨੂ ਪਰਵਾਜ਼, ਵਰਿਆਮ ਬਟਿਆਲਵੀ, ਪਿਆਰਾ ਸਿੰਘ ਰਾਹੀ, ਅਜੀਤ ਸਿੰਘ ਸੰਧੂ, ਅਹੀਰ ਹੁਸਿ਼ਆਰਪੁਰੀ, ਬਲਵੰਤ ਸਿੰਘ ਮੁਸਾਫਿਰ, ਬਲਜੀਤ ਪਪਨੇਜਾ, ਅਮਰੀਕ ਬੱਲ੍ਹੋਪੁਰੀ, ਕੇਵਲ ਮਾਣਕਪੁਰੀ, ਸਤਪਾਲ ਲਖੋਤਰਾ, ਸੇਵੀ ਰਾਇਤ, ਸੁਧਾ ਸੁਦੀਪ, ਸੁਮਨ ਬਾਲਾ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਂ ਬੰਨ੍ਹਿਆ । ਨਰਾਇਣ ਸਿੰਘ ਯਮਲਾ ਨੇ ਆਪਣੀ ਗਾਇਕੀ ਰਾਹੀਂ ਮਸ਼ਹੂਰ ਲੋਕ ਗਾਇਕ ਲਾਲ ਚੰਦ ਯਮਲਾ ਦੀ ਯਾਦ ਤਾਜ਼ਾ ਕਰਵਾਈ। ਭੰਡਾਰੀ ਜੀ ਨੇ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ ਤੇ ‘ਹਿਰਦੇ‘ ਦੀ ਕਾਵਿ ਪਸਤਕ ਵਿਚ ਦਰਜ ਰਚਨਾਵਾਂ ਦੇ ਸੰਗੀਤਕ ਗੁਣ ਹੋਣ ਦਾ ਜਿ਼ਕਰ ਵੀ ਕੀਤਾ ਅਤੇ ਸ਼ਬਦ ਬੂੰਦ ਮੈਗਜ਼ੀਨ ਵਿਚ ਪੰਜਾਬ ਦੇ ਲੇਖਕਾਂ ਨੂੰ ਯੋਗ ਥਾਂ ਦੇਣ ਦਾ ਵਾਅਦਾ ਦੁਹਰਾਇਆ। ਨੂਰ ਜੀ ਨੇ ਸਾਵਣ ਦਾ ਗੀਤ ਪੇਸ਼ ਕੀਤਾ। ਪ੍ਰਧਾਨਗੀ ਭਾਸ਼ਣ ਦਿੰਦਿਆਂ ਜਨਾਬ ਸਰਦਾਰ ਪੰਛੀ ਨੇ ਆਪਣੀ ਕਲਮ ਦੀ ਸਰਦਾਰੀ ਅਤੇ ਸਿਕਦਾਰੀ ਦਾ ਲੋਹਾ ਮਨਵਾਇਆ ਅਤੇ ਆਮਦ ਦੀ ਸ਼ਾਇਰੀ ਕਹਿ ਕੇ ‘ਹਿਰਦੇ’ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਤੇ ਡਾ. ਗੁਰਬਚਨ ਕੌਰ ਨੰਦਾ, ਡਾ. ਗੁਰਦਰਪਾਲ ਸਿੰਘ, ਡਾ. ਮੁਕੇਸ਼ ਭਾਟੀਆ, ਸੁਦਰਸ਼ਨ ਵਾਲੀਆ, ਨਰਿੰਦਰ ਕਮਲ, ਕਸ਼ਮੀਰ ਘੇਸਲ, ਡਾ. ਲਾਭ ਸਿੰਘ ਖੀਵਾ, ਜਗਪਾਲ ਸਿੰਘ, ਪ੍ਰੀਤਮ ਲੁਧਿਆਣਵੀ, ਨੀਰਜ਼ ਪੂਜਾ ਅਜਮਾਨੀ, ਅਤੇ ਹੋਰ ਬਹੁਤ ਸਾਰੇ ਮਹਿਮਾਨ ਸਰੋਤੇ ਵੀ ਹਾਜ਼ਰ ਸਨ। ਪ੍ਰਧਾਨਗੀ ਮੰਡਲ ਅਤੇ ਕਵਿੱਤਰੀ ਅਮਰਜੀਤ ਕੌਰ ‘ਹਿਰਦੇ‘ ਦਾ ਮੰਚ ਵੱਲੋਂ ਸਨਮਾਨ ਕੀਤਾ ਗਿਆ। ਮੰਚ ਦਾ ਸੰਚਾਲਨ ਜਨਰਲ ਸਕੱਤਰ ਰਾਜ ਕੁਮਾਰ ਸਾਹੋਵਾਲੀਆ ਨੇ ਬਾਖ਼ੂਬੀ ਕੀਤਾ।  
****

No comments: