
ਇਸ ਜੱਗ ਤ੍ਰਿੰਝਣ 'ਚ ਨਿਗ੍ਹਾ ਮਾਰਿਆਂ 'ਇੰਟਰਨੈਟ' ਨਾਂ ਦਾ ਪਿੰਡ ਸਭ ਦੀ ਨਿਗ੍ਹਾ 'ਚ ਆ ਹੀ ਜਾਂਦਾ ਹੈ। ਸੁੱਖ ਨਾਲ਼ ਬਹੁਤ ਵੱਡਾ ਪਿੰਡ ਹੈ ਇਹ। ਘਰ ਕਿੰਨੇ ਹੋਣਗੇ, ਕਦੇ ਗਿਣਤੀ ਹੀ ਨਹੀਂ ਕੀਤੀ। ਅਜੋਕੇ ਜ਼ਮਾਨੇ ਦੇ ਇਸ ਪਿੰਡ 'ਚ ਆਧੁਨਿਕਤਾ ਝਲਕਦੀ ਹੈ ਜਿਥੇ ਤੁਹਾਨੂੰ ਘਰ ਦੇ ਮੂਹਰਲੇ ਵੱਡੇ ਦਰਵਾਜ਼ੇ 'ਤੇ ਘਰ ਦੇ ਨਾਂ ਵਾਲ਼ੀ ਤਖਤੀ ਟੰਗੀ ਜ਼ਰੂਰ ਨਜ਼ਰ ਪੈ ਜਾਵੇਗੀ। ਇਸ ਪਿੰਡ ਦੀ ਹੋਰ ਸਿਫ਼ਤ ਇਹ ਆ ਬਈ ਕਿ ਏਥੇ ਪੁਰਾਣੀਆਂ ਨਿਸ਼ਾਨੀਆਂ ਵੀ ਸਾਂਭੀਆਂ ਮਿਲ਼ ਜਾਣਗੀਆਂ। ਪਿੰਡ 'ਚ ਗੇੜਾ ਮਾਰੋ ਤਾਂ ਐਨ ਵਿੱਚਕਾਰ ਜਿਹੇ, ਬੁੱਢੇ ਬੋਹੜ ਵਾਲ਼ਾ ਚੁੱਗਲ ਚੌਂਕ ਟੱਪ ਕੇ, ਉੱਚੀ ਬੀਹੀ ਵੜਦਿਆਂ ਹੀ ਛੱਤੇ ਖੂਹ ਦੇ ਐਨ ਸਾਹਮਣੇ ਇੱਕ ਬਹੁਤ ਖੁੱਲ੍ਹੇ-ਡੁੱਲ੍ਹੇ ਵਿਹੜੇ ਵਾਲ਼ਾ ਵੱਡਾ ਸਾਰਾ ਘਰ ਹੈ। ਓਸ ਘਰ ਦੇ ਬਾਰ ਮੂਹਰੇ ਮੋਟੇ-ਮੋਟੇ ਅੱਖਰਾਂ 'ਚ 'ਸ਼ਬਦ ਸਾਂਝ' ਦੇ ਨਾਂ ਦੀ ਲਿਖੀ ਤਖ਼ਤੀ ਤੁਹਾਨੂੰ ਦੂਰੋਂ ਹੀ ਨਜ਼ਰ ਪੈ ਜਾਵੇਗੀ।