Showing posts with label ਹਰਮੀਤ ਵਿਦਿਆਰਥੀ. Show all posts
Showing posts with label ਹਰਮੀਤ ਵਿਦਿਆਰਥੀ. Show all posts

ਦੇਰ ਬਾਅਦ ਪਰਤਿਆ ਹਾਂ ਘਰ.......... ਨਜ਼ਮ/ਕਵਿਤਾ / ਹਰਮੀਤ ਵਿਦਿਆਰਥੀ

ਦੇਰ ਬਾਅਦ ਪਰਤਿਆ ਹਾਂ ਘਰ
ਕਾਲ ਬੈੱਲ ਨੇ ਦਿੱਤਾ
ਆਮਦ ਦਾ ਸੁਨੇਹਾ
ਪੋਰਚ 'ਚ ਖਿੜੇ

ਸੂਹੇ ਗੁਲਾਬ ਨੇ
ਬੋਗਨ ਵੀਲੀਆ ਵੱਲ
ਨਸੀ਼ਲੀ ਨਜ਼ਰ ਨਾਲ਼ ਤੱਕਿਆ
ਦਰਵਾਜ਼ੇ 'ਤੇ ਲੱਗੀ
ਇਸ਼ਕ ਪੇਚੇ ਦੀ ਵੇਲ
ਰਤਾ ਕੁ ਸੰਗੀ

ਪੱਖੇ ਦੀ ਹਵਾ
ਖੁਸ਼ੀ ਵਿਚ
ਲਹਿਰੀਆਂ ਪਾਉਣ ਲੱਗੀ
ਮੇਰੇ ਬਾਲ ਦੇ
ਨਿੱਕੇ ਨਿੱਕੇ ਹੱਥਾਂ ਦੀ ਤਾੜੀ 'ਚੋਂ
ਕੱਵਾਲੀ ਦੇ ਸੁਰ ਫੁੱਟੇ
ਛੂਈ ਮੂਈ ਹੋ
ਆਪਣੇ ਚਿਹਰੇ ਦੀ ਗੁਲਾਬੀ ਭਾਅ ਨੂੰ
ਕਿਸੇ ਤਨਹਾਈ
ਲੁਕੋਣ ਦਾ ਆਹਰ ਕਰਨ ਲੱਗੀ
ਮੇਰੀ ਬੀਵੀ।

ਟੂਟੀ ਥੱਲੇ ਬੈਠਾ ਹਾਂ,
ਤਾਂ ਪਾਣੀ ਛਪਕ-ਛਪਕ 'ਚੋਂ
ਮਲਹਾਰ ਗੂੰਜਦਾ ਹੈ
ਕਿਸੇ ਇਕ ਜਣੇ ਦੀ ਆਮਦ ਨਾਲ਼
ਘਰ ਦੇ ਤੌਰ
ਇਉਂ ਬਦਲਦੇ ਹਨ
ਘਰ ਜਿਊਂਦਾ ਹੋ ਜਾਂਦਾ ਹੈ।

ਸਮੁੰਦਰ ਬੁਲਾਉਂਦਾ ਹੈ.......... ਨਜ਼ਮ/ਕਵਿਤਾ / ਹਰਮੀਤ ਵਿਦਿਆਰਥੀ

ਖ਼ਾਬਾਂ ਤੇ
ਕਿਤਾਬਾਂ ਨੂੰ ਸਮੇਟੀ
ਲੰਬੇ ਸਫ਼ਰ ਤੋਂ
ਜਦ ਪਰਤਦਾ ਹਾਂ ਘਰ
ਬਹੁਤ ਹੀ ਥੱਕ ਜਾਂਦਾ ਹਾਂ-

ਨੀਂਦਰ ਵਿਚ
ਇਕ ਸਮੁੰਦਰ
ਬੁਲਾਉਂਦਾ ਹੈ ਮੈਨੂੰ,
ਆਕਾਸ਼ ਛੂੰਹਦੀਆਂ ਛੱਲਾਂ
ਕੁਝ ਕਹਿੰਦੀਆਂ-
ਚੁਪ ਰਹਿੰਦੀਆਂ,
ਇਸ਼ਾਰੇ ਕਰਦੀਆਂ,
ਮੈਨੂੰ ਬੁਲਾਉਂਦੀਆਂ ਨੇ-
ਮੇਰੇ ਪੈਰਾਂ ਨਾਲ਼
ਖ਼ਬਰੇ ਕੀ ਬੱਝਾ ਹੈ
ਰੋਕਦਾ-ਵਰਜਦਾ ਮੈਨੂੰ-
ਮਨ ਮੇਰੇ ਨੂੰ
ਵਰਜਣਾ ਇਹ ਪ੍ਰਵਾਨ ਨਾ ਹੋਵੇ-
ਮੈਂ ਬੰਧਨ ਤੋੜਨੇ ਚਾਹਾਂ
ਤੇ ਸਮੁੰਦਰ ਵੱਲ ਨੂੰ
ਦੌੜਨਾ ਚਾਹਾਂ-
ਏਸੇ ਕੋਸਿ਼ਸ਼ 'ਚ
ਪੈਰ ਮੇਰੇ
ਲਹੂ ਲੁਹਾਣ ਹੋ ਜਾਵਣ-
ਇਹ ਬੰਧਨ
ਮੂਲ ਨਾ ਟੁੱਟਣ-
ਮੈਂ
ਥੱਕ ਕੇ ਚੂਰ ਹੋ ਜਾਵਾਂ
ਕੱਕੀ ਰੇਤ ਤੇ ਡਿੱਗ ਪਵਾਂ,
ਤ੍ਰਭਕ ਕੇ ਨੀਂਦਰ 'ਚੋਂ ਜਾਗਾਂ,
ਸਮੁੰਦਰ
ਗਾਇਬ ਹੋ ਜਾਵੇ,
ਬੁਲਾਵੇ ਦੀ ਘੂਕਰ
ਪਰ ਅਜੇ ਮੇਰੇ ਕੰਨਾਂ 'ਚ ਗੂੰਜੇ-
ਨਾਲ਼ ਸੁੱਤੇ ਪਏ ਬੱਚੇ ਵੱਲ
ਗਹੁ ਨਾਲ਼ ਤੱਕਾਂ
ਤੇ ਚੁੰਮ ਕੇ ਆਖਾਂ,
"ਉਫ ! ਕਿੰਨਾ ਭਿਆਨਕ ਖ਼ਾਬ ਹੈ"
ਪਰ ਸਮੁੰਦਰ ਹੈ
ਕਿ ਮੈਨੂੰ ਅਜੇ ਵੀ ਬੁਲਾਉਂਦਾ ਹੈ-

ਨਜ਼ਮਾਂ.......... ਨਜ਼ਮ/ਕਵਿਤਾ / ਹਰਮੀਤ ਵਿਦਿਆਰਥੀ

ਬੱਚੇ

ਮੈਂ ਨਹੀਂ ਕਹਿੰਦਾ
ਕਿ ਮਾਸੂਮ ਬੱਚਿਆਂ ਦੇ ਹੱਥਾਂ 'ਚੋਂ
ਖੋਹ ਲਵੋ ਹਥਿਆਰ,
ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਮੱਠੀਆਂ 'ਚੋਂ

ਖੋਹ ਕੇ ਪੈਂਸਲਾਂ ਅਤੇ ਟਾਫੀਆਂ
ਜੇ ਦੇ ਹੀ ਦਿੱਤੇ ਹਨ
ਆਤਸ਼ੀ ਖਿਡੌਣੇ
ਤਾਂ ਆਓ
ਉਹਨਾਂ ਨੂੰ ਸਹੀ ਦੁਸ਼ਮਣ ਦੀ
ਪਹਿਚਾਣ ਵੀ ਦੇਈਏ ।
ਮੈਂ ਨਹੀਂ ਕਹਿੰਦਾ
ਕਿ ਮਾਸੂਮ ਬੱਚਿਆਂ ਦੇ ਹੱਥਾਂ 'ਚੋਂ
ਖੋਹ ਲਵੋ ਹਥਿਆਰ ।

ਔਰਤ

ਔਰਤ
ਬਿਸਤਰ ਨਹੀਂ ਹੁੰਦੀ
ਨਾ ਰੱਖੜੀ
ਨਾ ਕੰਜਕ
ਔਰਤ ਸਿਰਫ ਰਿਸ਼ਤਾ ਨਹੀਂ ਹੁੰਦੀ
ਰਿਸ਼ਤਿਆਂ ਦੀ ਵਲਗਣ ਤੋਂ ਪਾਰ
ਔਰਤ ਮਹਿਕ ਵੀ ਹੁੰਦੀ ਹੈ
ਤੇ ਆਦਮੀ ਦੇ ਵਜੂਦ ਦਾ
ਸਭ ਤੋਂ ਵੱਡਾ ਹਿੱਸਾ ਵੀ ।