ਕਿਉਂ ਗਈਆਂ ਰੌਣਕਾਂ.......... ਨਜ਼ਮ/ਕਵਿਤਾ / ਜਸਬੀਰ ਦੋਲੀਕੇ, ਨਿਊਜੀਲੈਂਡ

ਕਿਥੇ ਗਈਆਂ ਰੌਣਕਾਂ ਸਭ ਸੱਥਾਂ ਖਾਲੀ ਨੇ
ਪਹਿਲਾਂ ਨਾਲੋਂ ਵੱਧ ਲੋਕ ਵੱਸਦੇ ਪਰ ਇਹ ਚਿੰਨ੍ਹ ਸਵਾਲੀ ਨੇ
ਟੀ ਵੀ ਨੇ ਆਲਮ ਪੱਟਿਆ ਕਸਰ ਕੱਢਤੀ ਫੋਨਾਂ ਨੇ
ਹਰ ਕੋਈ ਕੀਲਿਆ ਇੰਟਰਨੈਟ ਨੇ ਬਾਕੀ ਫੇਸਬੁੱਕ ਨਿਰਾਲੀ ਨੇ
ਵਿੱਚ ਤ੍ਰਿੰਝਣਾਂ ਕੁੜੀਆਂ ਨਾ ਰਲ ਕੇ ਬੈਠਣ
ਨਾ ਪੀਘਾਂ ਕਿਤੇ ਵੀ ਪੈਂਦੀਆਂ ਰੋਂਦੇ ਪਿੱਪਲ ਟਾਹਲੀ ਨੇ
ਰੰਗਲੇ ਦੇਸ਼ ਪੰਜਾਬ ਦੀ ਨਸ਼ਿਆਂ ਨੇ ਜਵਾਨੀ ਖਾ ਲਈ
ਗੱਭਰੂ ਤੁਰਦੇ ਲੱਤਾਂ ਕੰਬਦੀਆਂ ਕਿਥੇ ਵਹਾਉਣੇ ਹਲ ਪੰਜਾਲੀ ਨੇ
ਹਿੰਮਤੀ ਲੋਕੀਂ ਬਾਹਰ ਚਲੇ ਗਏ ਬਾਕੀ ਵਿਹਲੇ ਹੋ ਗਏ ਨੇ
ਏਥੇ ਉਜੜਿਆਂ ਬਾਗਾਂ ਦੇ ਗਾਲੜ੍ਹ ਹੀ ਮਾਲੀ ਨੇ
ਨਾ ਬਲਦਾਂ ਗਲ ਟੱਲੀਆਂ ਕਿਧਰੇ ਵੀ ਸੁਣਦੀਆਂ ਨਾ
ਬੱਸ ਸ਼ੋਰ ਸ਼ਰਾਬਾ ਭੀੜ ਏ ਜ਼ੋਰ ਪਾਇਆ ਕਾਹਲੀ ਨੇ
ਡੰਡ ਕੱਢਣੇ ਘਰੜਾਂ ਪੀਣੀਆਂ ਫਿਰ ਜਾਣਾ ਵਿੱਚ ਅਖਾੜਿਆਂ
ਉਹ ਚੋਬਰ ਅੱਜ ਕੱਲ ਦੇ ਬੱਸ ਬਣੇ ਮਮਾਲੀ ਨੇ
ਹੱਥੀਂ ਗੁੱਡਣਾਂ ਵੇੜੇ ਵੱਟਣੇ ਕਣਕਾਂ ਦੀ ਵਾਢੀ ਕਰਨੀ
ਸਭ ਕੰਮ ਮਸ਼ੀਨਾਂ ਸਾਂਭਿਆ ਕੰਮ ਛੱਡ ਤੇ ਹਾਲੀ ਨੇ
ਜਰਾ ਹੋਸ਼ ਕਰੋ ਸਭ ਮੁੰਡਿਓ ਗੱਭਰੂਓ ਤੇ ਛੈਲ ਛਬੀਲਿਓ
ਕਦੇ ਮੁੜ ਨਾ ਜਵਾਨੀ ਲੱਭਣੀ ਕਿਉ ਜਾਂਦੇ ਗਾਲੀ ਨੇ
ਤੁਸੀਂ ਸ਼ੇਰ ਹੋ ਦਸਮ ਪਿਤਾ ਦੇ ਕਿਉਂ ਗਿੱਦੜ ਬਣਦੇ ਹੋ
ਤੁਸੀਂ ਸਾਂਭੋਂ ਵਿਰਸਾ ਆਪਣਾ ਥੋਡੇ ਪੈਰ ਚੁੰਮਣੇ ਖੁਸ਼ਹਾਲੀ ਨੇ
ਮੁੱਕ ਜਾਵੇ ਕੋਹੜ ਨਸ਼ੇ ਦਾ ਮੁੰਡੇ ਖੇਡਣ ਘੋਲ ਕੱਬਡੀਆਂ
ਦੁਨੀਆਂ 'ਤੇ ਰਾਜ ਫ਼ੇ ਕਰਨਾ ਪੰਜਾਬੀ ਕੌਮ ਨਿਰਾਲੀ ਨੇ

****

No comments: