ਪ੍ਰਸ਼ਨ ਕਾਵਿ.........ਨਜ਼ਮ/ਕਵਿਤਾ / ਦਰਸ਼ਨ ਬੁੱਟਰ

? ਕਿੰਨਾਂ ਕੁ ਚਾਨਣ
ਪੂਰਾ ਚੰਨ
ਹੈ ਵੀ
ਕਿੰਨੀਆਂ ਕੁ ਰਾਤਾਂ ਕੋਲ

ਪੂਰੀ ਰਾਤ
ਹੈ ਵੀ
ਕਿੰਨੀਆਂ ਕੁ ਮੁਲਾਕਾਤਾਂ ਕੋਲ


? ਸ਼ੁਹਰਤ
ਪਿਆਸ
ਇਹ ਨਹੀਂ ਵੇਖਦੀ
ਪਾਣੀ ਝੀਲ ਦਾ
ਛੱਪੜ ਦਾ

ਪਾਣੀ
ਇਹ ਨਹੀਂ ਸੋਚਦਾ
ਪੀਣ ਵਾਲਾ
ਰਾਜਾ ਕਿ ਫ਼ਕੀਰ

? ਸਿਜਦਾ
ਫੁੱਲਾਂ ਨੂੰ ਤੋੜ ਕੇ
ਪੱਥਰਾਂ ਨੂੰ
ਮੱਥਾ ਨਹੀਂ ਟੇਕਦਾ

ਟਾਹਣੀ ਤੇ
ਖਿੜਿਆਂ ਨੂੰ
ਸਲਾਮ ਆਖਦਾ ਹਾਂ

? ਜਗਤ ਲੀਲ੍ਹਾ
ਕੋਈ
ਚਾਂਬਲ ਚਾਂਬਲ ਕੇ
ਖਰਚ ਲੈਂਦਾ ਹੈ ਜਿੰਦਗੀ
ਕੋਈ
ਸੰਭਲ ਸੰਭਲ ਕੇ
ਮੌਤੋਂ ਸੰਭਲ ਲੈਂਦਾ ਹੈ

? ਕਰਮ-ਧਰਮ
ਤੇਰਾ ਕਰਮ
ਸਮੁੰਦਰ ਦੇ ਸੁਭਾਅ ਤੇ
ਤਬਸਰੇ ਕਰਨੇ

ਮੇਰਾ ਧਰਮ
ਸਮੁੰਦਰ ‘ਚ ਡੁੱਬਕੇ
ਮੋਤੀ ਲੱਭਣੇ

ਤੂੰ ਪਿੰਜਰਾ ਖੋਲ......... ਗ਼ਜ਼ਲ / ਸੁਰਜੀਤ ਜੱਜ

ਤੂੰ ਪਿੰਜਰਾ ਖੋਲ ਦੇ ਤੇ ਇਸ ਪਰਿੰਦੇ ਨੂੰ ਸਜਾ ਦੇ ਦੇ
ਇਹ ਉਡਣਾ ਭੁੱਲ ਚੁੱਕੈ, ਇਸਨੂੰ ਅੰਬਰ ਮੋਕਲਾ ਦੇ ਦੇ

ਤੇਰੇ ਇਸ ਸਹਿਰ ਦੀ ਸੀਸਾਗਰੀ ਤੋਂ ਸਹਿਮਿਆ ਫਿਰਦੈ
ਇਹ ਮੇਰੇ ਸਬਰ ਦਾ ਭੱਥਰ ਹੈ, ਇਸਨੂੰ ਹੌਸਲਾ ਦੇ ਦੇ


ਮੈਂ ਤੇਰੇ ਦਨ ਦੇ ਚਸ਼ਮੇਂ ਤੋਂ ਪਿਆਸਾ ਪਰਤ ਆਇਆ ਹਾਂ
ਮੈਂ ਸਾਗਰ ਪੀ ਸਕਾਂ ਮੈਨੂੰ, ਬਦਨ ਦੀ ਕਰਬਲਾ ਦੇ ਦੇ

ਤੂੰ ਐਨਾ ਪਾਰਦਰਸ਼ੀ ਹੈਂ ਕਿ ਇਕ ਖੋਖਾ ਜਿਹਾ ਲੱਗਦੈ
ਮੈਂ ਤੇਰਾ ਸੱਚ ਤੱਕਣਾ ਏਂ, ਜਰਾ ਕੁਝ ਧੁੰਦਲਕਾ ਦੇ ਦੇ

ਮੇਰੇ ਹੱਥਾਂ ਦੀ ਆਦਤ ਹੈ, ਅਗਨ ਤੇ ਦਸਤਖਤ ਕਰਨਾ
ਅਗਰ ਸੂਰਜ ਨਹੀਂ ਤਾਂ ਨਾ ਸਹੀ, ਆਪਣਾ ਪਤਾ ਦੇ ਦੇ

ਮੈਂ ਪਿੱਪਲ ਨੂੰ ਮਸਾਂ ਕੈਕਟਸ ਦੀ ਕਰਨੀ ਪਿਉਂਦ ਸਿੱਖੀ ਹੈ
ਤੂੰ ਸ਼ਹਿਰੀਪਣ ਦਾ ਹੱਕ ਥੋੜਾ ਜਿਹਾ, ਮੈਨੂੰ ਜਰਾ ਦੇ ਦੇ

ਮੇਰੀ ਖਾਹਿਸ਼ ਹੈ ਕਿ ਆਪਣੀ ਰਾਖ ‘ਚੋਂ ਸੁਰਜੀਤ ਹੋਣਾ ਹੈ
ਤੂੰ ਆਪਣੀ ਛੋਹ ਦੀ, ਕੁਕਨੂਸ ਨੂੰ ਸੰਧਿਆ ਦੇ ਦੇ

ਮੇਰੀ ਵੀ ਲੋਹੜੀ ਪਾ ਮਾਏ……… ਗੀਤ / ਰਾਕੇਸ਼ ਵਰਮਾ

ਦਿਨ ਲੋਹੜੀ ਵਾਲਾ ਆਇਆ ਨੀ, ਚਾਅ ਚੜ੍ਹਿਆ ਦੂਣ ਸਵਾਇਆ ਨੀ,
ਕੀ ਹੋਇਆ ਜੇ ਮੈਂ ਜੰਮ ਪਈ ਆਂ, ਤੂੰ ਕਾਹਤੋਂ ਮੂੰਹ ਲਟਕਾਇਆ ਨੀ,
ਜਿਵੇਂ ਵੀਰ ਦੀ ਖੁਸ਼ੀ ਮਨਾਉਣੀ ਸੀ, ਮੇਰੇ ਵੀ ਕਰ ਲੈ ਚਾਅ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!


ਮੈਨੂੰ ਜੰਮਣ ਤੋਂ ਰੋਕਣ ਲਈ, ਤੂੰ ਛੱਤੀ ਟੈਸਟ ਕਰਾਏ ਸੀ,
ਕਈ ਦਰਾਂ ਤੇ ਮੱਥੇ ਟੇਕੇ ਸੀ, ਇੰਜੈਕਸ਼ਨ ਕਈ ਲਵਾਏ ਸੀ,
ਮੇਰਾ ਆਉਣਾ ਰੱਬ ਦਾ ਭਾਣਾ ਐ, ਤੂੰ ਰੱਬ ਦਾ ਸ਼ੁਕਰ ਮਨਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!

ਮੈਨੂੰ ਪਤੈ ਕਿ ਮੇਰੇ ਜੰਮਣ ਤੇ, ਦਾਦੀ ਤੋਂ ਝਿੜਕਾਂ ਖਾਂ ਰਹੀ ਐ,
ਭੂਆ-ਚਾਚੀ ਦੇ ਤਾਅਨੇ ਸੁਣ, ਅੰਦਰੋ-ਅੰਦਰੀ ਘਬਰਾ ਰਹੀ ਐ,
ਉਹ ਵੀ ਤਾਂ ਕਿਸੇ ਦੀਆਂ ਧੀਆਂ ਨੇ, ਜਾ ਕੇ ਇਹ ਗੱਲ ਸਮਝਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!

ਭੂਆ ਨੂੰ ਫੁੱਫੜ ਕੁੱਟਦਾ ਹੈ, ਤਾਹੀਓ ਤਾਂ ਪੇਕੇ ਰਹਿੰਦੀ ਐ,
ਚਾਚੀ ਦੇ ਪੁੱਤਰ ਵੈਲੀ ਨੇ, ਦਿਨ-ਰਾਤ ਕਲਪਦੀ ਰਹਿੰਦੀ ਐ,
ਕੀ ਕਰਨਾ ਐਹੋ ਜਿਹੇ ਪੁੱਤਾਂ ਨੂੰ, ਪੁੱਛ ਉਹਨਾਂ ਨੂੰ ਕੋਲ ਬਿਠਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!

ਉਹ ਕਿਹੜਾ ਕੰਮ ਐ ਇਸ ਜੱਗ ਤੇ, ਜੋ ਤੂੰ ਸੋਚੇਂ ਮੈਥੋਂ ਹੋਣਾ ਨਹੀਂ,
ਕੀ ਉੱਚ-ਵਿੱਦਿਆ ਮੈਂ ਲੈਣੀ ਨਹੀਂ, ਜਾਂ ਪੈਰਾਂ ੳੁੱਤੇ ਖਲੋਣਾ ਨਹੀਂ ?
ਤੂੰ ਫਿਕਰ ਨਾ ਭੋਰਾ ਕਰ ਅੰਮੀਏ, ਦੇਊਂ ਕੁੱਲ ਦਾ ਨਾ ਰੁਸ਼ਨਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!

ਮੈਥੋਂ ਪਹਿਲਾਂ ਵੀ ਕਈ ਧੀਆਂ ਨੇ, ਇਸ ਜੱਗ ਤੇ ਨਾਮ ਕਮਾਇਆ ਐ,
ਮਰਦਾਂ ਦੀ ਝੋਲ ਪਏ ਹਰ ਕੰਮ ਨੂੰ, ਕਰ ਉਹਨਾਂ ਵੀ ਦਿਖਲਾਇਆ ਐ,
ਅੱਜ ਅੰਬਰ, ਧਰਤੀ, ਚੰਨ, ਤਾਰੇ, ਗੁਣ ਰਹੇ ਉਹਨਾਂ ਦਾ ਗਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!

ਆਏ ਗਲੀ ਦੇ ਵਿੱਚ ਨਿਆਣੇ ਨੀ, ਪਾ ਬੋਝੇ ਰਿਉੜੀਆਂ-ਦਾਣੇ ਨੀ,
ਕੋਈ ਝੁੰਡਾ ਗੀਠੇ ਧਰ ਲੈ ਨੀ, ਕੁੱਝ ਲੱਕੜਾਂ ਕੱਠੀਆਂ ਕਰ ਲੈ ਨੀ,
ਅੱਜ ਸਾੜ ਪੁਰਾਣੀਆਂ ਰਸਮਾ ਨੂੰ, ਤੂੰ ਰੀਤ ਕੋਈ ਨਵੀਂ ਚਲਾ ਮਾਏ,
ਮੈਂ ਵੀ ਤਾਂ ਕੁੱਖੋਂ ਜਾਈ ਆਂ, ਮੇਰੀ ਵੀ ਲੋਹੜੀ ਪਾ ਮਾਏ..!!

ਸੁਣਲਾ ਨਿਹਾਲੀਏ ਵਲੈਤੀ ਚੋਰਾਂ ਦੀਆਂ......... ਲੇਖ / ਗੁਰਬੀਰ ਸਿੰਘ ਭੁੱਲਰ, ਸਵਿਟਜ਼ਰਲੈਂਡ

ਦੇਸ ਵਿਚ ਵੱਸਦਿਆਂ, ਹਰ ਦਿਨ ਕਿਸੇ ਨਾ ਕਿਸੇ ਛੋਟੀ-ਮੋਟੀ ਠੱਗੀ-ਠੋਰੀ ਦਾ ਸ਼ਿਕਾਰ ਹੁੰਦਿਆਂ, ਸਾਡੇ ਵਿਚੋਂ ਬਹੁਤਿਆਂ ਦੇ ਮਨ ਵਿਚ ਅਕਸਰ ਇਹ ਵਿਸ਼ਵਾਸ ਬਣ ਜਾਂਦਾ ਹੈ ਕਿ ਹਿੰਦੁਸਤਾਨ ਜਿਹੇ ਠੱਗ, ਚੋਰ, ਜਾਅਲਸਾਜ, ਧੋਖੇਬਾਜ, ਸ਼ਾਇਦ ਹੀ ਦੁਨੀਆਂ ਵਿਚ ਹੋਰ ਕਿਧਰੇ ਲੱਭਦੇ ਹੋਣ. ‘ਬਨਾਰਸ ਦੇ ਠੱਗਾਂ’ ਦਾ ਦਰਜਾ ਤਾਂ ਸਭ ਤੋਂ ਉਪਰ ਮੰਨਿਆਂ ਜਾਂਦਾ ਹੈ. ਵਿਸ਼ੇਸ਼ ਤੌਰ ਤੇ ਓਹ ਲੋਕ ਜਿਨਾਂ ਨੇ ਅਜੇ ਵਲੈਤ ਨਹੀਂ ਵੇਖੀ, ਸ਼ਾਇਦ ਇਹੀ ਸੋਚਦੇ ਹੋਣਗੇ ਕਿ ਪੱਛਮ ਦੇ ਇਹਨਾਂ ਵਿਕਸਤ ਮੁਲਕਾਂ ਵਿਚ ਠੱਗੀਆਂ-ਚੋਰੀਆਂ ਜਾਂ ਹੇਰਾਫੇਰੀਆਂ ਖੌਰੇ ਉੱਕਾ ਹੀ ਨਹੀਂ ਹੁੰਦੀਆਂ. ਪਰ ਹਕੀਕਤ ਕੁਝ ਹੋਰ ਹੀ ਹੈ. ਹੋ ਸਕਦਾ ਹੈ ਕਿ ਸ਼ਾਨਦਾਰ ਪ੍ਰਬੰਧਕੀ ਢਾਂਚੇ ਦੀ ਬਦੌਲਤ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ‘ਤੇ ਇਹਨਾ ਗੱਲਾਂ ਦਾ ਬਹੁਤਾ ਅਸਰ ਨਾ ਪੈਂਦਾ ਹੋਵੇ. ਪਰ ‘ਜੇਤਾ ਸਿਰ, ਤੇਤੀ ਸਿਰ ਪੀੜਾ’ ਵਾਲੀ ਅਖੌਤ ਅਨੁਸਾਰ, ਜਿਨਾਂ ਵਧੀਆ ਸਿਸਟਮ ਹੋਵੇ, ਉਸ ਵਿਚ ਚੋਰ-ਮੋਰੀਆਂ ਬਣਾਉਣ ਵਾਲਿਆਂ ਦੇ ਦਿਮਾਗ ਵੀ ਓਨੀਆਂ ਹੀ ਸ਼ਾਤਰ ਸਕੀਮਾਂ ਘੜਦੇ ਹਨ. ਪ੍ਰਸਿਧ ਵਲੈਤੀ ਠੱਗਾਂ ਨੇ ਕੁਝ ਅਜਿਹੇ ਕਾਰਨਾਮੇ ਕੀਤੇ ਹਨ ਜਿਨਾਂ ਸਦਕਾ ਉਹਨਾਂ ਦੇ ਨਾਮ ਇਤਹਾਸ ਦੇ ਪੰਨਿਆਂ ‘ਤੇ ਹਮੇਸ਼ਾਂ ਲਈ ਦਰਜ ਹੋ ਗਏ ਹਨ. ਅਜਿਹੀ ਹੀ ਇਕ ਕਹਾਣੀ ਉਸ ਇਨਸਾਨ ਦੀ ਹੈ, ਜਿਸ ਨੇ ਪੂਰੇ ਫ਼ਿਲਮੀ ਅੰਦਾਜ਼ ਵਿਚ ਦੁਨੀਆਂ ਦੇ ਮਸ਼ਹੂਰ ਅਜੂਬੇ ‘ਆਈਫਲ ਟਾਵਰ’ ਨੂੰ ਹੀ (ਇਕ ਨਹੀਂ ਸਗੋਂ ਦੋ ਵਾਰ) ਕਵਾੜ ਵਿਚ ਵੇਚ ਦਿੱਤਾ.

‘ਵਿਕਟਰ ਲਸਟਿਗ’ (Victor Lustig) ਨਾਂ ਦਾ ਇਹ ਠੱਗ, 4 ਜਨਵਰੀ 1890 ਨੂੰ ਮੱਧ ਯੂਰਪ ਸਥਿੱਤ ‘ਬੋਹੀਮੀਆਂ’ ਵਿਚ ਪੈਦਾ ਹੋਇਆ. ਚੜਦੀ ਜਵਾਨੀ ਵਿਚ ਹੀ ਉਸ ਨੇ ਆਪਣੇ ਹੱਥ ਦੀ ਸਫਾਈ ਵਿਖਾਉਣ ਲਈ ਪੱਛਮੀ ਯੂਰਪ ਵੱਲ ਨੂੰ ਚਾਲੇ ਪਾ ਦਿੱਤੇ. ਉਹ ਬੜਾ ਚਤੁਰ ਚਲਾਕ ਨੌਜਵਾਨ ਸੀ ਅਤੇ ਕਈ ਬੋਲੀਆਂ ਜਾਣਦਾ ਸੀ. ਪਹਿਲਾਂ-ਪਹਿਲ ਉਸ ਨੇ ਪੈਰਿਸ ਅਤੇ ਨਿਊ ਯਾਰਕ ਦਰਮਿਆਨ ਸਮੁੰਦਰ ਦੇ ਰਸਤੇ ਹੋਣ ਵਾਲੇ ਵਪਾਰ ਵਿਚ ਛੋਟੇ ਮੋਟੇ ਘਪਲੇ ਕਰਨੇ ਸ਼ੁਰੂ ਕੀਤੇ. ਉਸ ਦੀ ਪਹਿਲੀ ਵੱਡੀ ਠੱਗੀ ਇਕ ਨੋਟ ਛਾਪਣ ਵਾਲੀ ਨਕਲੀ ਮਸ਼ੀਨ ਦੇ ਸੌਦੇ ਦੀ ਸੀ. ਉਸ ਨੇ ਇਕ ਗਾਹਕ ਫਸਾਇਆ ਅਤੇ ਉਸ ਨੂੰ ਇਕ ਮਸ਼ੀਨ ਵਿਖਾਈ ਜੋ ਕਿ 6 ਘੰਟਿਆਂ ਵਿਚ 100 ਡਾਲਰ ਦਾ ਇਕ ਨਕਲੀ ਨੋਟ ਛਾਪ ਸਕਦੀ ਸੀ. ਗਾਹਕ ਦੀ ਤਸੱਲੀ ਲਈ ਉਸ ਨੇ ਮਸ਼ੀਨ ਚਲਾ ਕੇ ਵੀ ਵਿਖਾਈ. ਗਾਹਕ ਨੇ ਤਕਰੀਬਨ 30 ਹਜਾਰ ਡਾਲਰ ਵਿੱਚ ਮਸ਼ੀਨ ਖਰੀਦ ਲਈ. ਘਰ ਲਿਜਾ ਕੇ ਉਸ ਨੇ ਅਗਲੇ 12 ਘੰਟਿਆਂ ਵਿਚ 100 ਡਾਲਰ ਦੇ ਬਿਲਕੁਲ ਅਸਲੀ ਨੋਟ ਵਰਗੇ 2 ਨੋਟ ਛਾਪੇ ਤੇ ਉਸ ਤੋਂ ਬਾਅਦ ਮਸ਼ੀਨ ਨੇ ਖਾਲੀ ਕਾਗਜ਼ ਕੱਢਣੇ ਸ਼ੁਰੂ ਕਰ ਦਿੱਤੇ. ਅਸਲ ਵਿਚ ਮਸ਼ੀਨ ਵਿਚ ਨੋਟ ਛਾਪਣ ਵਾਲੀ ਕੋਈ ਤਕਨੀਕ ਨਹੀਂ ਸੀ ਤੇ ਉਹ ਦੋ ਨੋਟ ਅਸਲੀ ਸਨ ਜੋ ਲਸਟਿਗ ਨੇ ਪਹਿਲਾਂ ਹੀ ਮਸ਼ੀਨ ਵਿਚ ਪਾ ਦਿੱਤੇ ਸਨ.

ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ ਲਸਟਿਗ ਨੇ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਰਹਿਣ ਦਾ ਫੈਸਲਾ ਕਰ ਲਿਆ. ਪਹਿਲੀ ਸੰਸਾਰ ਜੰਗ ਤੋਂ ਬਾਅਦ ਦੇ ਸਮੇ ਵਿਚ ਤੇਜੀ ਨਾਲ ਉੱਭਰ ਰਹੇ ਇਸ ਆਧੁਨਿਕ ਸ਼ਹਿਰ ਦੀ ਚਮਕ ਦਮਕ, ਪੂਰੀ ਦੁਨੀਆਂ ਦੇ ਲੋਕਾਂ ਲਈ ਖਿੱਚ ਦਾ ਕਾਰਨ ਸੀ. ਲਸਟਿਗ ਵਰਗੇ ਠੱਗ ਲਈ ਇਸ ਤੋਂ ਵਧੀਆ ਮਾਹੌਲ ਹੋਰ ਭਲਾ ਕਿੱਥੇ ਹੋ ਸਕਦਾ ਸੀ. 1925 ਦੀ ਬਸੰਤ ਰੁੱਤ ਦੀ ਇਕ ਸਵੇਰ ਨੂੰ ਅਖਬਾਰ ਪੜਦਿਆਂ, ਇਕ ਖ਼ਬਰ ਉਸ ਦੇ ਨਜ਼ਰੀਂ ਪਈ. ਖ਼ਬਰ ਅਨੁਸਾਰ ‘ਆਈਫਲ ਟਾਵਰ’ ਹੁਣ ਪੈਰਿਸ ਵਾਸਤੇ ਇਕ ਸਮੱਸਿਆ ਬਣਦਾ ਜਾ ਰਿਹਾ ਸੀ. ਇਸ ਦੀ ਸਾਂਭ ਸੰਭਾਲ ਅਤੇ ਰੰਗ ਰੋਗਨ ਦਾ ਖਰਚਾ ਕਾਫੀ ਜ਼ਿਆਦਾ ਹੋਣ ਕਰਕੇ, ਇਸ ਦੀ ਸ਼ਾਨ ਨੂੰ ਬਰਕਰਾਰ ਰੱਖਣਾਂ ਹੁਣ ਮੁਸ਼ਕਿਲ ਜਾਪਦਾ ਸੀ. ਅਸਲ ਵਿਚ 324 ਮੀਟਰ (1063 ਫੁੱਟ) ਉਚਾਈ ਵਾਲਾ ਧਾਤੂ ਦਾ ਇਹ ਮੀਨਾਰ, ਫਰਾਂਸੀਸ ਕ੍ਰਾਂਤੀ ਦੇ ਸ਼ਤਾਬਦੀ ਜਸ਼ਨਾਂ ਲਈ ਆਯੋਜਿਤ ਕੀਤੇ ਜਾਣ ਵਾਲੇ ਅੰਤਰ-ਰਾਸ਼ਟਰੀ ਮੇਲੇ ਦੇ ਉਦਘਾਟਨੀ ਦੁਆਰ ਵਜੋਂ 1887 ਤੋਂ 1889 ਦਰਮਿਆਨ ਕੀਤਾ ਗਿਆ ਸੀ. ਇਸ ਦੇ ਨਿਰਮਾਤਾ ‘ਗਸਟੇਵ ਆਈਫਲ’ ਨੂੰ 20 ਸਾਲ ਲਈ ਇਸ ਟਾਵਰ ਦਾ ਪਰਮਿਟ ਮਿਲਿਆ ਸੀ, ਜਿਸ ਅਨੁਸਾਰ 1909 ਵਿਚ ਇਸ ਦੀ ਮਾਲਕੀ ਪੈਰਿਸ ਸ਼ਹਿਰ ਕੋਲ ਚਲੇ ਜਾਣੀ ਸੀ ਅਤੇ ਫਿਰ ਇਸ ਨੂੰ ਜਾਂ ਤਾਂ ਤੋੜ ਦਿੱਤਾ ਜਾਣਾਂ ਸੀ ਜਾਂ ਖੋਲ ਕੇ ਕਿਸੇ ਦੂਜੀ ਥਾਂ ਤੇ ਲਿਜਾਇਆ ਜਾਣਾ ਸੀ. ਪਰ ਜੰਗ ਦੇ ਦੌਰਾਨ ਇਸ ਟਾਵਰ ਨੇ ਫੌਜ ਨੂੰ ਟਰਾਂਸਮਿਸ਼ਨ (ਦੂਰਸੰਚਾਰ) ਲਈ ਚੰਗਾ ਕੰਮ ਦਿੱਤਾ ਅਤੇ ਜੰਗ ਦੇ ਜੇਤੂ ਨਿਸ਼ਾਨ ਵਜੋਂ ਆਪਣੀ ਪਛਾਣ ਬਣਾ ਲਈ. ਇਸ ਲਈ ਪਰਮਿਟ ਦੀ ਮਣਿਆਦ ਮੁੱਕਣ ਤੋਂ ਬਾਅਦ ਵੀ ਇਸ ਨੂੰ ਤੋੜਿਆ ਨਾ ਗਿਆ. ਪਰ ਹੁਣ ਜਦੋਂ ਲਸਟਿਗ ਨੇ ਅਖ਼ਬਾਰ ਵਿਚਲੀ ਖ਼ਬਰ ਪੜੀ ਤਾਂ ਉਸ ਨੇ ਸੋਚਿਆ ਕਿ ਹੋ ਸਕਦਾ ਹੈ ਸ਼ਹਿਰ ਦੀ ਇੰਤਜ਼ਾਮੀਆਂ ਸੋਚੇ ਕਿ ਹੁਣ ਇਹ ਟਾਵਰ ਸਾਂਭਣ ਯੋਗ ਨਹੀਂ ਰਿਹਾ ਅਤੇ ਇਸ ਨੂੰ ਖ਼ਤਮ ਕਰ ਦਿੱਤਾ ਜਾਣਾਂ ਚਾਹੀਦਾ ਹੈ. ਉਸ ਦੇ ਸ਼ੈਤਾਨੀ ਦਿਮਾਗ ਨੇ ਝੱਟ ਹੀ ਮੌਕੇ ਦੇ ਅਨੁਕੂਲ ਇਕ ਕਾਰਗਰ ਸਕੀਮ ਘੜੀ. ਉਸ ਨੇ ਪੈਰਿਸ ਦੇ ਕਿਸੇ ਵੱਡੇ ਸਰਕਾਰੀ ਅਫਸਰ ਵਰਗਾ ਭੇਸ ਬਣਾਇਆ, ਕੁਝ ਜਾਲੀ ਕਾਗਜ਼-ਪੱਤਰ ਤਿਆਰ ਕੀਤੇ ਅਤੇ ਪੈਰਿਸ ਦੇ ਛੇ ਵੱਡੇ ਕਵਾੜੀਆਂ ਨੂੰ ਇਕ ਖੁਫੀਆ ਮੀਟਿੰਗ ਲਈ ਸੱਦਾ ਪੱਤਰ ਭੇਜ ਦਿੱਤੇ. ਇਹ ਮੀਟਿੰਗ ਵੀ ਚੁਣ ਕੇ ਪੈਰਿਸ ਦੇ ਸਭ ਤੋਂ ਵੱਡੇ, ਪੁਰਾਣੇ ਅਤੇ ਮਸ਼ਹੂਰ ਹੋਟਲ ‘ਹੋਟਲ ਡੀ ਕਲੋਨ ’ ਵਿਚ ਰੱਖੀ ਗਈ ਜੋ ਕਿ ਅੰਤਰ-ਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਅਤੇ ਸਰਕਾਰੀ ਮੀਟਿੰਗਾਂ ਲਈ ਮਸ਼ਹੂਰ ਥਾਂ ਸੀ. ਉਤਸੁਕਤਾ ਵੱਸ ਸਾਰੇ ਦੇ ਸਾਰੇ 6 ਕਵਾੜੀਏ ਮਿੱਥੇ ਸਮੇ ਤੇ ਪਹੁੰਚ ਗਏ. ਲਸਟਿਗ ਨੇ ਆਪਣੀ ਜਾਣ ਪਛਾਣ ਕਰਵਾਉਂਦੇ ਹੋਏ ਦੱਸਿਆ ਕਿ ਉਹ ਡਾਕ-ਤਾਰ ਵਿਭਾਗ ਦਾ ਡਿਪਟੀ ਡਾਇਰੈਕਟਰ ਜਨਰਲ ਹੈ ਅਤੇ ਉਹਨਾਂ ਕਵਾੜੀਆਂ ਨੂੰ ਉਹਨਾਂ ਦੇ ਇਮਾਨਦਾਰ ਵਪਾਰੀਆਂ ਵਾਲੇ ਅਕਸ ਕਰਕੇ ਚੁਣਿਆਂ ਗਿਆ ਹੈ. ਆਪਣੀ ਗੱਲ ਅੱਗੇ ਤੋਰਦੇ ਹੋਏ ਉਸਨੇ ਕਿਹਾ ਕਿ ਆਈਫਲ ਟਾਵਰ ਹੁਣ ਸਰਕਾਰ ਲਈ ਸਿਰਦਰਦੀ ਬਣ ਗਿਆ ਹੈ ਅਤੇ ਇਸ ਨੂੰ ਕਵਾੜ ਵਿਚ ਵੇਚ ਦੇਣ ਦਾ ਫੈਸਲਾ ਲਿਆ ਗਿਆ ਹੈ. ਇਸ ਕੰਮ ਲਈ ਇਕ ਵਪਾਰੀ ਨੂੰ ਚੁਣਨ ਦੀ ਜ਼ਿਮੇਵਾਰੀ ਉਸ ਨੂੰ ਸੌਂਪੀ ਗਈ ਹੈ. ਕਿਉਂਕਿ ਜਨਤਾ ਵਿਚ ਰੌਲਾ ਪੈਣ ਦਾ ਖ਼ਤਰਾ ਹੈ ਇਸ ਲਈ ਜਦੋਂ ਤੱਕ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਨਹੀਂ ਹੋ ਜਾਂਦੀ, ਓਦੋਂ ਤੱਕ ਇਹ ਗੱਲ ਖੁਫ਼ੀਆ ਹੀ ਰੱਖੀ ਜਾਵੇਗੀ. ਫਿਰ ਉਹ ਕਿਰਾਏ ਤੇ ਕੀਤੀ ਹੋਈ ਆਲੀਸ਼ਾਨ ਲਿਮੋਜ਼ੀਨ ਕਾਰ ਵਿਚ ਉਹਨਾਂ ਬੰਦਿਆਂ ਨੂੰ ਟਾਵਰ ਦੀ ਸਥਿਤੀ ਦਾ ਜਾਇਜਾ ਦਵਾਉਣ ਲਈ ਲੈ ਗਿਆ ਤਾਂ ਜੋ ਉਹਨਾਂ ਨੂੰ ਅਹਿਸਾਸ ਕਰਵਾਇਆ ਜਾ ਸਕੇ ਕਿ ਇਹ ਸੌਦਾ ਉਹਨਾਂ ਲਈ ਕਿੰਨਾ ਫਾਇਦੇਮੰਦ ਹੋ ਸਕਦਾ ਹੈ ਅਤੇ ਨਾਲ ਹੀ ਉਹਨਾਂ ਦੀ ਮਨੋ-ਸਥਿਤੀ ਦਾ ਵੀ ਜਾਇਜਾ ਲਿਆ ਜਾ ਸਕੇ. ਉਸ ਤੋਂ ਬਾਅਦ ਲਸਟਿਗ ਨੇ ਉਹਨਾਂ ਨੂੰ ਟਾਵਰ ਦੀ ਬੋਲੀ ਵਾਸਤੇ ਟੈਂਡਰ ਭਰਨ ਲਈ ਕਿਹਾ ਅਤੇ ਨਾਲ ਹੀ ਯਾਦ ਦਵਾਇਆ ਕਿ ਇਹ ਮਾਮਲਾ ਮੁਲਕ ਲਈ ਅਤਿ ਮਹੱਤਵਪੂਰਨ ਹੋਣ ਕਰਕੇ ਪੂਰੀ ਤਰਾਂ ਗੁਪਤ ਰੱਖਿਆ ਜਾਣਾ ਚਾਹੀਦਾ ਹੈ. ਇਸ ਸਾਰੇ ਸਮੇ ਦੌਰਾਨ ਲਸਟਿਗ ਨੇ ਆਪਣਾ ਸੰਭਾਵੀ ਸ਼ਿਕਾਰ ਚੁਣ ਲਿਆ ਸੀ.

ਆਂਦਰੇ ਪੌਇਸਨ (Andre Poisson) ਨਾਮ ਦਾ ਇਕ ਵਪਾਰੀ ਜੋ ਕਿ ਦੂਜਿਆਂ ਦੇ ਮੁਕਾਬਲੇ ਬਹੁਤਾ ਮਸ਼ਹੂਰ ਨਹੀਂ ਸੀ, ਇਸ ਸੌਦੇ ਲਈ ਬੜਾ ਤਰਲੋਮੱਛੀ ਹੋ ਰਿਹਾ ਸੀ ਕਿਉਂਕਿ ਇਹ ਇੱਕੋ-ਇਕ ਸੌਦਾ ਉਸ ਨੂੰ ਪੈਰਿਸ ਦੇ ਵਪਾਰੀ ਜਗਤ ਦੀਆਂ ਮੂਹਰਲੀਆਂ ਸਫਾਂ ਵਿਚ ਲਿਆ ਸਕਦਾ ਸੀ. ਲਸਟਿਗ ਦਾ ਚਤੁਰ ਦਿਮਾਗ ਇਹ ਸਭ ਜਾਣ ਗਿਆ ਸੀ ਇਸ ਲਈ ਉਸ ਨੇ ਗਰਮ ਲੋਹੇ ਤੇ ਸੱਟ ਮਾਰਨ ਵਿਚ ਜ਼ਰਾ ਵੀ ਦੇਰੀ ਨਾ ਕਰਦੇ ਹੋਏ ਸੌਦੇ ਦੀ ਪੇਸ਼ਕਸ਼ ਕਰ ਦਿੱਤੀ. ਪਰ ਪੌਇਸਨ ਦੀ ਘਰਵਾਲੀ ਨੂੰ ਸ਼ੱਕ ਹੋ ਗਿਆ ਸੀ ਕਿ ਇਹ ਸਰਕਾਰੀ ਅਫ਼ਸਰ ਕੌਣ ਹੋ ਸਕਦਾ ਹੈ ਅਤੇ ਸਾਰਾ ਕੁਝ ਇਨੀ ਕਾਹਲੀ ਵਿਚ ਅਤੇ ਰਹੱਸਮਈ ਤਰੀਕੇ ਨਾਲ ਕਿਉਂ ਹੋ ਰਿਹਾ ਹੈ. ਸਥਿਤੀ ਦੀ ਨਾਜ਼ੁਕਤਾ ਨੂੰ ਵੇਖਦੇ ਹੋਏ, ਲਸਟਿਗ ਨੇ ਪੌਇਸਨ ਨਾਲ ਇਕ ਹੋਰ ਮੁਲਾਕਾਤ ਕੀਤੀ ਅਤੇ ਅਸਲ ਗੱਲ ਕਬੂਲ ਕਰਨ ਦਾ ਨਾਟਕ ਕੀਤਾ. ਉਸ ਨੇ ਕਿਹਾ ਕਿ ਸਰਕਾਰੀ ਤਨਖਾਹ ਨਾਲ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋਣ ਕਰਕੇ ਉਹ ਇਸ ਸੌਦੇ ਵਿਚ ਕੁਝ ਉੱਪਰੋਂ ਕਮਾਈ ਕਰਨ ਦੀ ਤਾਕ ਵਿੱਚ ਹੈ. ਪੌਇਸਨ ਉਹਨੀ ਦਿਨੀ ਇਕ ਹੋਰ ਭ੍ਰਿਸ਼ਟ ਅਫ਼ਸਰ ਦੇ ਵੱਸ ਪਿਆ ਹੋਇਆ ਸੀ ਇਸ ਲਈ ਉਹ ਝੱਟ ਸਮਝ ਗਿਆ ਕਿ ਲਸਟਿਗ ਰਿਸ਼ਵਤ ਚਾਹੁੰਦਾ ਹੈ. ਇਸੇ ਲਈ ਸੌਦੇਬਾਜੀ ਗੁਪਤ ਤਰੀਕੇ ਨਾਲ ਕਰ ਰਿਹਾ ਹੈ. ਕਿਉਂਕਿ ਪੌਇਸਨ ਇਸ ਸੌਦੇ ਨੂੰ ਕਿਸੇ ਕੀਮਤ ਤੇ ਵੀ ਗਵਾਉਣਾ ਨਹੀਂ ਸੀ ਚਾਹੁੰਦਾ, ਇਸ ਲਈ ਉਸ ਨੇ ਸੌਦੇ ਦੀ ਪੇਸ਼ਗੀ ਰਕਮ ਦੇ ਨਾਲ-ਨਾਲ ਰਿਸ਼ਵਤ ਵਜੋਂ ਵੀ ਮੋਟੀ ਰਕਮ ਲਸਟਿਗ ਨੂੰ ਦੇ ਦਿੱਤੀ. ਲਸਟਿਗ ਦਾ ਦਾਅ ਚੱਲ ਗਿਆ ਸੀ. ਉਹ ਅਤੇ ਉਸਦਾ ਅਮਰੀਕਨ ਸੈਕਟਰੀ ਡਾਨ ਕੌਲਿਨਸ (Dan Collins) ਨੋਟਾਂ ਦੇ ਭਰੇ ਸੂਟਕੇਸ ਲੈ ਕੇ ਕਾਹਲੀ ਨਾਲ ਆਸਟਰੀਆ ਦੀ ਰਾਜਧਾਨੀ ਵਿਆਨਾ ਨੂੰ ਜਾਣ ਵਾਲੀ ਗੱਡੀ ਵਿਚ ਚੜ ਗਏ. ਉਹ ਭਲੀ ਭਾਂਤ ਜਾਣਦੇ ਸਨ ਕਿ ਜਦੋਂ ਹੀ ਪੌਇਸਨ ਅਗਲੀ ਕਾਰਵਾਈ ਲਈ ਸਰਕਾਰੀ ਦਫ਼ਤਰਾਂ ਨਾਲ ਸੰਪਰਕ ਕਰੇਗਾ ਤਾਂ ਉਹਨਾ ਲਈ ਖਤਰਾ ਪੈਦਾ ਹੋ ਜਾਵੇਗਾ. ਪਰ ਜਦੋਂ ਕਾਫ਼ੀ ਦਿਨਾ ਤੱਕ ਕੋਈ ਵੀ ਖ਼ਬਰ ਸੁਣਨ ਨੂੰ ਨਾ ਮਿਲੀ ਤਾਂ ਉਹ ਹੈਰਾਨ ਹੋ ਗਏ. ਅਸਲ ਵਿਚ ਜਦੋਂ ਪੌਇਸਨ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਆਪਣੀ ਮੂਰਖਤਾ ਵੱਸ ਸ਼ਰੇਆਮ ਠੱਗਿਆ ਗਿਆ ਹੈ ਤਾਂ ਉਹ ਇਨਾ ਸ਼ਰਮਸਾਰ ਹੋ ਗਿਆ ਕਿ ਪੁਲਿਸ ਕੋਲ ਜਾਣ ਦੀ ਹਿੱਮਤ ਹੀ ਨਾ ਕਰ ਸਕਿਆ.

ਇਕ ਮਹੀਨੇ ਬਾਅਦ ਲਸਟਿਗ ਫੇਰ ਪੈਰਿਸ ਮੁੜ ਆਇਆ ਅਤੇ ਉਸੇ ਤਰਾਂ ਛੇ ਹੋਰ ਕਵਾੜੀਆਂ ਨਾਲ ਉਹੋ ਡਰਾਮਾ ਫੇਰ ਕੀਤਾ. ਪਰ ਇਸ ਵਾਰ ਸੌਦਾ ਸਿਰੇ ਚੜਨ ਤੋਂ ਪਹਿਲਾਂ ਹੀ ਉਸ ਦਾ ਸ਼ਿਕਾਰ ਵਪਾਰੀ ਪੁਲਿਸ ਕੋਲ ਚਲਾ ਗਿਆ. ਪਰ ਫਿਰ ਵੀ ਲਸਟਿਗ ਤੇ ਉਸ ਦਾ ਸਾਥੀ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਏ. ਇਸ ਤੋਂ ਬਾਅਦ ਲਸਟਿਗ ਅਮਰੀਕਾ ਚਲਾ ਗਿਆ ਅਤੇ ਉਥੇ ਵੀ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ. ਉਸ ਦੀ ਹੁਸ਼ਿਆਰੀ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ ਅਮਰੀਕੀ ਮਾਫ਼ੀਆ ਦੇ ਖ਼ਤਰਨਾਕ ਸਰਗਨੇ ‘ਅਲ ਕੈਪੋਨੇ’ ਨੂੰ ਵੀ ਬੜੀ ਸਫ਼ਾਈ ਨਾਲ ਚੂਨਾ ਲਾ ਗਿਆ. 1934 ਵਿਚ ਲਸਟਿਗ ਨੂੰ ਜਾਅਲਸਾਜੀ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ. ਪਰ ਅਦਾਲਤ ਵਿਚ ਪੇਸ਼ੀ ਤੋਂ ਇਕ ਦਿਨ ਪਹਿਲਾਂ ਹੀ ਉਹ ਨਿਊ-ਯਾਰਕ ਦੀ ਹਵਾਲਾਤ ਵਿਚੋਂ ਫ਼ਰਾਰ ਹੋ ਗਿਆ. ਠੀਕ 27 ਦਿਨਾ ਬਾਅਦ ਉਸ ਨੂੰ ਅਮਰੀਕਾ ਦੇ ਪਿਟਸਬਰਗ਼ ਸ਼ਹਿਰ ਵਿੱਚੋਂ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ. ਅਦਾਲਤ ਨੇ ਉਸ ਨੂੰ ਦੋਸ਼ੀ ਪਾਇਆ ਅਤੇ 20 ਸਾਲ ਦੀ ਕੈਦ ਦੀ ਸਜ਼ਾ ਭੁਗਤਣ ਲਈ ਅਮਰੀਕਾ ਦੇ ਸੂਬੇ ਕੈਲੀਫੋਰਨੀਆਂ ਦੀ ਸਾਨ ਫ਼ਰਾਂਸਿਸਕੋ ਖਾੜੀ ਵਿਚ ਸਥਿਤ ਅਲਕਤਰਾਜ਼ ਨਾਂ ਦੇ ਟਾਪੂ ’ਤੇ ਬਣੀ ਜੇਲ ਵਿਚ ਭੇਜ ਦਿੱਤਾ. 9 ਮਾਰਚ 1947 ਨੂੰ ਉਸਨੂੰ ਨਮੂਨੀਆ ਹੋ ਗਿਆ ਅਤੇ ਦੋ ਦਿਨ ਬਾਅਦ ਸਪਰਿੰਗਫੀਲਡ ਵਿਚ ਬਣੇ ਜੇਲ ਦੇ ਹਸਪਤਾਲ ਵਿਚ ਉਹ ਦਮ ਤੋੜ ਗਿਆ. ਉਸ ਦੀ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਵਾਲਾ ਕਲਰਕ ਇਕ ਵਾਰ ਤਾਂ ਸੋਚਾਂ ਵਿਚ ਪੈ ਗਿਆ ਕਿ ‘ਕਿੱਤੇ’ ਵਾਲੇ ਖਾਨੇ ਵਿਚ ਕੀ ਲਿਖੇ, ਜਦ ਹੋਰ ਕੁਝ ਨਾ ਸੁਝਿਆ ਤਾਂ ਉਸ ਨੇ ਲਸਟਿਗ ਨੂੰ ਕਿੱਤੇ ਵਜੋਂ ਸੇਲਜ਼ਮੈਨ ਲਿਖ ਦਿੱਤਾ. ਜੋ ਕਿ ਸ਼ਾਇਦ, ਵਾਕਿਆ ਹੀ ਢੁਕਵਾਂ ਸੀ. ਜੋ ਇਨਸਾਨ ਉਹ ਚੀਜ ਵੀ ਇਨੀ ਸਫ਼ਾਈ ਨਾਲ ਵੇਚ ਜਾਵੇ, ਜਿਸ ਦੀ ਮਾਲਕੀ ਤਾਂ ਦੂਰ ਦੀ ਗੱਲ ਸਗੋਂ ਜਿਸ ਨਾਲ ਕੋਈ ਦੂਰ-ਦੂਰ ਦਾ ਵੀ ਸੰਬੰਧ ਨਾ ਹੋਵੇ, ਉਸ ਤੋਂ ਵੱਡਾ ਸੇਲਜ਼ਮੈਨ ਭਲਾ ਹੋਰ ਕੌਣ ਹੋ ਸਕਦਾ ਹੈ. ਇਹ ਸੀ ਉਸ ਵਲੈਤੀ ਠੱਗ ਦੀ ਦਾਸਤਾਨ ਜਿਸ ਬਾਰੇ 1961 ਵਿਚ ਇਕ ਕਿਤਾਬ ਵੀ ਛਪੀ ਜਿਸ ਦਾ ਟਾਈਟਲ ਸੀ – ‘‘The Man Who Sold Eiffel Tower’ ਭਾਵ ‘ਉਹ ਬੰਦਾ ਜਿਸਨੇ ਆਈਫਲ ਟਾਵਰ ਵੇਚ ਦਿੱਤਾ’.

ਪਰ ਕਿਤੇ ਇਹ ਨਾ ਸਮਝ ਲੈਣਾ ਕਿ ਅਜਿਹੇ ਕਾਰਨਾਮੇ ਕਰਨ ਵਾਲਾ ਉਹ ਇਕੱਲਾ ਬੰਦਾ ਸੀ. ਦੁਨੀਆਂ ਦਾ ਇਤਹਾਸ ਅਜਿਹੇ ਬੰਦਿਆਂ ਦੇ ਕਿੱਸਿਆਂ ਨਾਲ ਭਰਿਆ ਪਿਆ ਹੈ. ਅੰਗਰੇਜ਼ੀ ਵਿਚ ਅਜਿਹੇ ਲੋਕਾਂ ਲਈ ਇਕ ਵਿਸ਼ੇਸ਼ ਸ਼ਬਦ ‘ਕੋਨ ਆਰਟਿਸਟ’ (Con Artist) ਵਰਤਿਆ ਜਾਂਦਾ ਹੈ ਜਿਸ ਦਾ ਮਤਲਬ ਹੈ ਕਿਸੇ ਦਾ ਭਰੋਸਾ ਜਿੱਤ ਕੇ ਠੱਗੀ ਮਾਰਨ ਵਾਲਾ ਕਲਾਕਾਰ. ਆਰਥਰ ਫ਼ਰਗੂਸਨ (Arthur Ferguson) ਵੀ ਅਜਿਹਾ ਹੀ ਇਕ ਕਲਾਕਾਰ ਸੀ ਜੋ ਕਿ ਲਸਟਿਗ ਦਾ ਸਮਕਾਲੀ ਸੀ. ਉਸ ਨੇ ਇੰਗਲੈਂਡ ਦੇ ਮਸ਼ਹੂਰ ਚੌਂਕ ‘Trafalgar Square’ ਵਿਚ ਸਥਿੱਤ ਨੈਲਸਨ ਦਾ ਬੁੱਤ ‘Nelson’s Column’ ਕਿਸੇ ਅਮਰੀਕਨ ਯਾਤਰੀ ਨੂੰ 6,000 ਪੌਂਡ ਵਿਚ ਵੇਚ ਦਿੱਤਾ. ਇਸੇ ਤਰਾਂ ਮਸ਼ਹੂਰ ਘੰਟਾਘਰ ਬਿੱਗ ਬੈੱਨ ‘Big Ben’ ਅਤੇ ਸ਼ਾਹੀ ਪਰਿਵਾਰ ਦੀ ਰਿਹਾਇਸ਼ਗਾਹ ਬਕਿੰਘਮ ਪੈਲੇਸ ‘Buckingham Palace’ ਦੇ ਸੌਦੇ ਦੀ ਪੇਸ਼ਗੀ ਰਕਮ ਵਜੋਂ ਕਰਮਵਾਰ 1,000 ਅਤੇ 2,000 ਪੌਂਡ ਅਮਰੀਕਨਾ ਦੀਆਂ ਜੇਬਾਂ ਵਿਚੋਂ ਕਢਾਉਣ ਤੋਂ ਬਾਅਦ ਉਸ ਨੂੰ ਲੱਗਿਆ ਕਿ ਅਮਰੀਕਾ ਜਾ ਕੇ ਵੱਸਣਾ ਹੋਰ ਵੀ ਫ਼ਾਇਦੇਮੰਦ ਸਾਬਿਤ ਹੋਵੇਗਾ. ਉਥੇ ਜਾ ਕੇ ਤਾਂ ਉਸ ਨੇ ਕਮਾਲ ਦੀ ਕਲਾਕਾਰੀ ਵਿਖਾਈ. ਅਮਰੀਕਾ ਦੇ ਰਾਸ਼ਟਰਪਤੀ ਦੀ ਰਿਹਾਇਸ਼ਗਾਹ ‘ਵਾਈਟ ਹਾਊਸ’ ਹੀ ਇਕ ਅਮੀਰ ਕਿਸਾਨ ਨੂੰ ਇਕ ਲੱਖ ਡਾਲਰ ਦੇ ਸਾਲਾਨਾ ਕਿਰਾਏ ’ਤੇ 99 ਸਾਲ ਲਈ ਪਟੇ ’ਤੇ ਦੇ ਦਿੱਤੀ ਅਤੇ ਪਹਿਲੇ ਸਾਲ ਦੀ ਕਿਸ਼ਤ ਲੈ ਕੇ ਰਾਹੇ ਪਿਆ. ਫਿਰ ਉਸ ਨੇ ਕਿਸੇ ਆਸਟ੍ਰੇਲੀਅਨ ਯਾਤਰੀ ਨੂੰ ਮਸ਼ਹੂਰ ਲਿਬਰਟੀ ਦਾ ਬੁੱਤ ‘Statue of Liberty’ ਵੇਚਣ ਦੀ ਕੋਸ਼ਿਸ਼ ਕੀਤੀ. ਪਰ ਉਹ ਆਸਟ੍ਰੇਲੀਅਨ ਬੰਦਾ ਹੁਸ਼ਿਆਰ ਨਿਕਲਿਆ ਅਤੇ ਆਪਣੇ ਨਾਲ ਖਿਚਾਈ ਹੋਈ ਫਰਗੂਸਨ ਦੀ ਇਕ ਤਸਵੀਰ ਲੈ ਕੇ ਪੁਲਿਸ ਕੋਲ ਪਹੁੰਚ ਗਿਆ, ਜੋ ਕਿ ਪਹਿਲਾਂ ਹੀ ਉਸ ਰਹੱਸਮਈ ਇਨਸਾਨ ਦੀ ਭਾਲ ਵਿਚ ਸੀ ਜੋ ਸਰਵਜਨਿਕ ਸੰਪਤੀ ਨਾਲ ਸੰਬੰਧਿਤ ਸਮਾਰਕ ਧੋਖੇ ਨਾਲ ਵੇਚ ਰਿਹਾ ਸੀ. ਬਸ ਫੇਰ ਕੀ ਸੀ, ‘ਸੌ ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾ’, ਫ਼ਰਗੂਸਨ ਵੀ ਪੁਲਿਸ ਦੇ ਕਾਬੂ ਆ ਗਿਆ, ਮੁਕਦਮਾ ਚੱਲਿਆ ਅਤੇ ਸਜ਼ਾ ਹੋ ਗਈ. ਜਿਵੇਂ ਕਿ ਵਾਰਿਸ ਸ਼ਾਹ ਜੀ ਨੇ ਫ਼ੁਰਮਾਇਆ ਹੈ “ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ - ਪੋਰੀਆਂ ਜੀ”, ਫਰਗੂਸਨ ਸਜ਼ਾ ਤਾਂ ਭੁਗਤ ਆਇਆ ਪਰ ਆਖਰੀ ਦਮ ਤੱਕ ਆਪਣਾ ਕਿੱਤਾ ਨਹੀਂ ਛੱਡਿਆ.

ਇਹ ਹੈ ਕਹਾਣੀ ਉਹਨਾ ਵਲੈਤੀ ਚੋਰਾਂ ਦੀ ਜੋ ਚਿੱਟੇ ਦਿਨ ਠੱਗੀ ਮਾਰ ਜਾਣ ਤੇ ਸ਼ੱਕ ਵੀ ਨਾ ਹੋਵੇ. ਕਿੱਸੇ ਤਾਂ ਹੋਰ ਵੀ ਬਹੁਤ ਨੇ, ਪਰ ਬਾਕੀ ਫੇਰ ਕਦੇ…..

ਪੈੜਾਂ ’ਤੇ ਕੀ ਤੁਰਨਾ......... ਨਜ਼ਮ/ਕਵਿਤਾ / ਅਮਰਜੀਤ ਟਾਂਡਾ (ਡਾ।)

ਪੈੜਾਂ ਤੇ ਕੀ ਤੁਰਨਾ
ਹਿੱਕ ਦੀ ਚੀਕ ’ਤੇ ਤੁਰੀਏ
ਜਿਹੜੀ ਆਸ ਬਲ ਰਹੇ ਬਿਰਖ
ਓਸ ਉਡੀਕ ’ਤੇ ਤੁਰੀਏ


ਮੇਰੀ ਨਜ਼ਮ ਰਹੇਗੀ ਸਦਾ
ਇਕ ਪੈਗਾਮ ਜੇਹਾ ਬਣਕੇ
ਓਸੇ ਉਮੀਦ ਦੇ ਸਦਕੇ
ਪਾਣੀ ਦੀ ਲੀਕ ’ਤੇ ਤੁਰੀਏ

ਮੈਂ ਹਾਂ ਬੰਸਰੀ ਨੀਲੀ
ਸੀਨੇ ਚ ਛੇਕ ਨੇ ਮੇਰੇ
ਹੋਂਟਾਂ ਦੀ ਛੁਹ ਚੋਂ ਜੋ ਜਨਮੇ
ਚੱਲ ਉਸ ਚੀਕ ’ਤੇ ਤੁਰੀਏ

ਜੋ ਮਾਂ ਦਰ ਤੇ ਬੈਠੀ ਹੈ
ਤੋਰ ਕੇ ਪੁੱਤ ਪ੍ਰਦੇਸਾਂ ਨੂੰ
ਆ ਪਲ ਦੋ ਪਲ
ਓਹਦੀ ਵੱਟੀ ਕਸੀਸ ’ਤੇ ਤੁਰੀਏ

ਤੁਰਨਾ ਕੀ ਰਾਹਾਂ ਤੇ
ਤੇ ਉਡਣਾਂ ਅਸਮਾਨਾਂ ਤੇ
ਪੱਬ ਰੱਖ ਹਿੱਕ ਤੇ ਦੋਨੋਂ
ਪੌਣ ਸ਼ਰੀਕ ’ਤੇ ਤੁਰੀਏ

ਆਸਟ੍ਰੇਲੀਆ ਆ ਰਹੇ ਹੋ... ਜੀ ਆਇਆਂ ਨੂੰ............ ਲੇਖ / ਰਿਸ਼ੀ ਗੁਲਾਟੀ

ਅੱਜ ਦੇ ਇਸ ਲੇਖ ਵਿੱਚ ਮੈਂ ਪਮੁੱਖ ਤੌਰ ਤੇ ਉਹਨਾਂ ਪਾਠਕ ਵੀਰਾਂ ਨੂੰ ਸੰਬੋਧਿਤ ਹੋਣਾ ਚਾਹੁੰਦਾ ਹਾਂ, ਜੋ ਖ਼ੁਦ ਜਾਂ ਜਿੰਨ੍ਹਾਂ ਦੇ ਬੱਚੇ ਪੜ੍ਹਾਈ ਲਈ ਆਸਟ੍ਰੇਲੀਆ ਆਉਣਾ ਚਾਹੁੰਦੇ ਹਨ । ਪੜ੍ਹਾਈ ਪੂਰੀ ਹੋਣ ਤੋਂ ਬਾਅਦ ਇੱਥੇ ਪੱਕਾ ਹੋਣ ਦੇ ਸੁਪਨੇ ਤਾਂ ਹਰ ਆਉਣ ਵਾਲਾ ਤੇ ਉਸਦੇ ਘਰ ਵਾਲੇ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਹੀ ਤੱਕਣੇ ਸ਼ੁਰੂ ਕਰ ਦਿੰਦੇ ਹਨ । ਇੱਕ ਵਾਰ ਪੱਕਾ ਹੋਣ ਤੋਂ ਬਾਅਦ ਐਸ਼ੋ-ਆਰਾਮ ਭਰੀ ਜਿੰਦਗੀ ਕਿਸਨੂੰ ਨਹੀਂ ਦਿਸਦੀ । ਸਭ ਨੂੰ ਜਾਪਦਾ ਹੈ ਕਿ ਦੋ ਸਾਲ ਮਿਹਨਤ ਤੇ ਮੁੜ ਸਾਰਾ ਪਰਿਵਾਰ ਆਸਟ੍ਰੇਲੀਆ ਵਿਚ, ਪਰ ਸਚਾਈ ਇਸ ਤੋਂ ਕੋਹਾਂ ਦੂਰ ਹੈ । ਅੱਜ ਤੋਂ ਪਹਿਲਾਂ ਜੋ ਕੁਝ ਵੀ ਲਿਖਿਆ ਉਹ ਪੰਜਾਬੀ ਮਾਂ-ਬੋਲੀ ਜਾਂ ਸਾਹਿਤ ਦੀ ਸੇਵਾ ਸਮਝ ਕੇ ਲਿਖਿਆ ਪਰ ਅੱਜ ਪੰਜਾਬ ‘ਚ ਬੈਠੇ ਆਪਣੇ ਹਮਵਤਨਾਂ ਪ੍ਰਤੀ ਫਰਜ਼ ਸਮਝ ਕੇ ਕਲਮ ਚਲਾ ਰਿਹਾ ਹਾਂ । ਇੱਥੋਂ ਦੇ ਮੇਰੇ ਥੋੜੇ ਸਮੇਂ ਦੇ ਪ੍ਰਵਾਸ ਦੌਰਾਨ ਜੋ ਚੰਗੇ-ਮਾੜੇ ਅਨੁਭਵ ਹੋਏ ਉਹ ਸਭ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ । ਕੋਸਿ਼ਸ਼ ਹੈ ਕਿ ਇੱਥੇ ਆਉਣ ਵਾਲਿਆਂ ਨੂੰ ਸਹੀ ਸੇਧ ਦੇ ਸਕਾਂ ਤਾਂ ਜੋ ਉਹ ਮੇਰੀ ਤਰ੍ਹਾਂ ਇਹ ਨਾਂ ਕਹਿਣ “ਜੇਕਰ ਪਤਾ ਹੁੰਦਾ ਕਿ ਇੱਥੇ ਅਜਿਹੇ ਹਾਲਾਤ ਨਾਲ਼ ਦੋ-ਚਾਰ ਹੋਣਾ ਪਵੇਗਾ, ਤਾਂ ਕਦੀ ਵੀ ਨਾ ਆਉਂਦਾ ।”

ਵਿਦੇਸ਼ ਪ੍ਰਵਾਸ ਦੀ ਪੌੜੀ ਦਾ ਸਭ ਤੋਂ ਪਹਿਲਾ ਡੰਡਾ ਏਜੰਟ ਹੁੰਦਾ ਹੈ । ਜਿੰਨ੍ਹਾ ਦੇ ਦਿਖਾਏ ਸੁਪਨੇ ਜੋ ਕੋਈ ਤੱਕ ਲੈਂਦਾ ਹੈ, ਮੁੜ ਉਹ ਪੰਜਾਬ ਵਿੱਚ ਕਿਸੇ ਕੰਮ ਜੋਗਾ ਨਹੀਂ ਰਹਿੰਦਾ । ਜਦ ਅਸੀਂ ਆਪਣੇ ਵਤਨ ਵਿੱਚ ਹੁੰਦੇ ਹਾਂ ਤਾਂ ਏਜੰਟ ਸਾਨੂੰ ਘਰ ਬੈਠਿਆਂ ਹੀ ਮੈਲਬੌਰਨ ਦੀ “ਫਲਿੰਡਰ ਸਟਰੀਟ” “ਯਾਰਾ ਰਿਵਰ” ਤੇ “ਐਲਿਜ਼ਬੈਥ ਸਟਰੀਟ” ਆਦਿ ਦੇ ਨਜ਼ਾਰੇ ਦਿਖਾ ਦਿੰਦੇ ਹਨ । ਕਈ ਹੋਰ ਪਹੁੰਚੇ ਹੋਏ ਏਜੰਟ “ਕਰਾਊਨ” ਦੀ ਸੈਰ ਵੀ ਕਰਵਾ ਦਿੰਦੇ ਹਨ, ਜਿੱਥੇ ਕਿ ਸਲਾਮ ਨਮਸਤੇ ਫਿਲਮ ਦੇ ਕੁਝ ਸੀਨਾਂ ਦੀ ਸ਼ੂਟਿੰਗ ਹੋਈ ਸੀ । ਵਰਨਣਯੋਗ ਹੈ ਕਿ ਜਿੰਨ੍ਹੇ ਵੀ ਭਾਰਤੀਆਂ ਨੂੰ ਇੱਥੇ ਮਿਲਿਆ ਹਾਂ, ਪੰਜਾਬੀ ਹੀ ਆਟੇ ਬਰਾਬਰ ਹਨ ਤੇ ਬਾਕੀ ਰਾਜਾਂ ਦੇ ਰਹਿਣ ਵਾਲੇ ਨਮਕ ਬਰਾਬਰ । ਆਸਟ੍ਰੇਲੀਆ ਵਿੱਚ ਅਨੇਕਾਂ ਹਮਵਤਨਾਂ ਨੂੰ ਮਿਲਿਆ ਪਰ ਕਦੀ ਕਿਸੇ ਨੂੰ ਇੰਝ ਹੱਸਦਿਆਂ ਜਾਂ ਖੁਸ਼ ਨਹੀਂ ਦੇਖਿਆ ਕਿ ਮੈਨੂੰ ਕੋਈ ਪੰਜਾਬੀ ਬਜੁ਼ਰਗ ਇਹ ਕਹਿੰਦਾ ਯਾਦ ਆ ਜਾਵੇ “ਚੁੱਪ ਵੀ ਕਰਜਾ ਕੰਜਰਾ, ਕਿਵੇਂ ਹਿੜ-ਹਿੜ ਲਾਈ ਐ । ਸਹੁਰੀ ਦਾ ਬਿਨਾਂ ਗੱਲੋਂ ਹੀ ਦੰਦੀਆਂ ਕੱਢੀ ਜਾਂਦੈ ।” ਇੰਝ ਜਾਪਦਾ ਹੈ ਕਿ ਜਿਵੇਂ ਸਭ ਹੱਸ ਕੇ ਜਾਂ ਮੁਸਕਰਾ ਕੇ “ਕਿਸੇ ਸਰਕਾਰੀ ਫਾਈਲ ਦਾ ਘਰ ਪੂਰਾ ਕਰ ਰਹੇ ਹਨ ।” ਖੁਸ਼ੀਆਂ ਤੇ ਖੇੜੇ, ਹਾਸੇ ਤੇ ਠੱਠੇ ਪੰਜਾਬੀਆਂ ਦਾ ਅਜਿਹਾ ਗਹਿਣਾ ਹੈ, ਜਿਸ ਨਾਲ ਸਭ ਦੀ ਬੜੀ ਡੂੰਘੀ ਸਾਂਝ ਹੈ ਪਰ ਇੱਥੇ ਤਾਂ ਸਭ ਦੇ ਚਿਹਰੇ ਉਦਾਸੇ ਤੇ ਮਸੋਸੇ ਜਾਪਦੇ ਹਨ । ਨਵੇਂ ਆਏ ਹੋਣ ਕਰਕੇ ਅਜੇ ਸਾਡੀ ਕੋਈ ਖਾਸ ਜਾਣ ਪਹਿਚਾਣ ਨਹੀਂ ਹੈ । ਬਾਕੀ ਆਸਟ੍ਰੇਲੀਆ ਦੇ ਮਾਹੌਲ ‘ਚ ਨਹੀਂ ਰੰਗੇ ਹੋਣ ਕਰਕੇ, ਜਿਸ ਨੂੰ ਵੀ ਸੂਤ ਲੱਗੇ ਬੁਲਾ ਹੀ ਲਈਦਾ ਹੈ । ਜਿਸ ਨਾਲ਼ ਵੀ ਗੱਲ ਕਰੀਏ ਗਿਣਤੀ ਦੇ ਹੀ ਸੁਆਲ ਜੁਆਬ ਹੁੰਦੇ ਹਨ ।

“ਕਦੋਂ ਆਏ?”

“ਪੱਕੇ ਹੋ ਕੇ ਆਏ ਜਾਂ ਪੜ੍ਹਾਈ ਬੇਸ ‘ਤੇ ?”

“ਕਿਹੜਾ ਕੋਰਸ ਹੈ?”

“ਕਿਸ ਨਾਲ਼ ਰਹਿੰਦੇ ਹੋ?”

“ਪੰਜਾਬ ਵਿੱਚ ਕਿੱਥੋਂ ਆਏ ਹੋ?”

ਸਭ ਦੀ ਗੱਲ ਬਾਤ ਦਾ ਯਕੀਨਨ ਇੱਕ ਹੀ ਅੰਤ ਹੁੰਦਾ ਹੈ ਕਿ ਜੌਬ ਮਿਲੀ ਕਿ ਨਹੀਂ । ਜੇਕਰ ਕਦੀ ਗੱਲ-ਬਾਤ ਖਿੱਚੀ ਵੀ ਜਾਵੇ ਤਾਂ ਜੌਬ ਤੋਂ ਅੱਗੇ ਤਾਂ ਵਧਦੀ ਹੀ ਨਹੀਂ, ਇਸੇ ਸ਼ਬਦ ਦੁਆਲੇ ਹੀ ਘੁੰਮਦੀ ਰਹਿੰਦੀ ਹੈ । ਜਿਹੜੇ ਪੰਜਾਬੀ ਪੁੱਤ ਪੰਜਾਬ ਵਿੱਚ ਰਹਿੰਦਿਆਂ ਟੀਟਣੀਆਂ ਮਾਰਦੇ ਹੁੰਦੇ ਹਨ, ਇੱਥੇ ਨਿੱਕੀ ਤੋਂ ਨਿੱਕੀ ਜੌਬ ਲਈ ਤਰਸਦੇ ਹਨ । ਹਫ਼ਤੇ ਵਿੱਚ 20 ਘੰਟੇ ਕੰਮ ਕਰਕੇ ਫ਼ੀਸ ਕੱਢਣ ਦਾ ਸੁਪਨਾ ਤੜੱਕ ਕਰਕੇ ਟੁੱਟ ਜਾਂਦਾ ਹੈ । ਪਤਾ ਉਦੋਂ ਲੱਗਦਾ ਹੈ ਜਦੋਂ ਅਗਲੇ ਛੇ ਮਹੀਨਿਆਂ ਦੀ ਫ਼ੀਸ ਲਈ ਘਰ ਫੋਨ ਆ ਜਾਂਦਾ ਹੈ । 4-5 ਲੱਖ ਰੁਪਇਆ ਖ਼ਰਚ ਕਰਕੇ ਪੁੱਤ/ਧੀ ਨੂੰ ਵਿਦੇਸ਼ ਵਿੱਚ ਸੈੱਟ ਕਰਨ ਬਾਰੇ ਸੋਚਣ ਵਾਲੇ ਮਾਪਿਆਂ ਲਈ ਇਹ ਪਹਿਲਾ ਝਟਕਾ ਹੁੰਦਾ ਹੈ । ਪਰ ਗਾਰੰਟੀ ਇਸ ਗੱਲ ਦੀ ਵੀ ਹੈ ਕਿ ਪੰਜਾਬ ਵਿੱਚ ਬੈਠਿਆਂ ਕੋਈ ਵੀ, ਕਿਸੇ ਹੋਰ ਨੂੰ ਇਹਨਾਂ ਕੌੜੀਆਂ ਸਚਾਈਆਂ ਤੋਂ ਜਾਣੂ ਨਹੀਂ ਕਰਵਾਉਂਦਾ । ਜੇਕਰ ਕੋਈ ਮਾੜਾ ਮੋਟਾ ਦੱਸ ਵੀ ਦੇਵੇ ਤਾਂ ਇੰਝ ਦੱਸਦਾ ਹੈ ਜਿਵੇਂ ਕਿ ਮਾਮੂਲੀ ਗੱਲ ਹੋਵੇ । ਇੱਥੇ ਬਹੁਤ ਸਾਰੇ ਲੋਕਾਂ ਨਾਲ ਗੱਲ ਬਾਤ ਹੋਈ ਤੇ ਮੈਂ ਮੁੱਖ ਤੌਰ ਤੇ ਇਹੀ ਸਵਾਲ ਪੁੱਛਿਆ ਕਿ ਜਦੋਂ ਕੋਈ ਵੀ ਆਪਣੇ ਵਤਨ ਬੈਠਾ ਇਥੋਂ ਦੇ ਹਾਲਤਾਂ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਹੈ ਤਾਂ ਉਸਨੂੰ ਕੋਈ ਵੀ ਸਹੀ ਕਿਉਂ ਨਹੀਂ ਦੱਸਦਾ ਕਿ ਜੌਬ ਆਦਿ ਦਾ ਬਹੁਤ ਬੁਰਾ ਹਾਲ ਹੈ ਤਾਂ ਹਰ ਵਾਰ ਇਹੀ ਜੁਆਬ ਮਿਲਿਆ ਕਿ ਵਤਨੀਂ ਬੈਠੇ ਨੂੰ ਜੇਕਰ ਸਹੀ ਦੱਸ ਵੀ ਦੇਈਏ, ਤਾਂ ਹਰ ਕੋਈ ਇਹੀ ਸਮਝਦਾ ਹੈ ਕਿ “ਖੁਦ ਤਾਂ ਮੈਲਬੌਰਨ ਦੇ ਬੁੱਲ੍ਹੇ ਲੁੱਟ ਰਿਹਾ ਹੈ ਤੇ ਸਾਨੂੰ ਇੱਥੇ ਆਉਣ ਤੋਂ ਰੋਕਦਾ ਹੈ । ਇਸ ਲਈ ਜੇਕਰ ਕੋਈ ਪੁੱਛੇ, ਤਾਂ ਵੀ ਸਭ ਨਾਲ ਹਿਸਾਬ ਸਿਰ ਹੀ ਗੱਲ ਕਰੀਦੀ ਹੈ ।”

ਕੁਝ ਕੁ ਦਿਨ ਤਾਂ ਆਉਣ ਵਾਲਾ ਜਿਸ ਯਾਰ-ਦੋਸਤ ਕੋਲ ਆਇਆ ਹੁੰਦਾ ਹੈ, ਉਸ ਕੋਲ ਹੀ ਰੋਟੀਆਂ ਤੋੜਦਾ ਹੈ । “ਫੁੱਲ ਡੇ” ਟਿਕਟ ਲੈ ਕੇ ਚਾਂਈ-ਚਾਂਈ ਸਿਟੀ ਘੁੰਮਦਾ ਹੈ । ਸਾਰਾ ਮੈਲਬੌਰਨ ਦੋ ਜ਼ੋਨਾਂ ਵਿੱਚ ਵੰਡਿਆ ਹੋਇਆ ਹੈ । ਜੋ਼ਨ ਵਨ ਤੇ ਜ਼ੋਨ ਟੂ । ਆਉਣ ਵਾਲਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਜ਼ੋਨ ਦੀ ਟਿਕਟ ਦੂਜੇ ਜ਼ੋਨ ਵਿੱਚ ਨਹੀਂ ਚੱਲਦੀ । ਜੇਕਰ ਪਕੜਿਆ ਜਾਵੇ ਤਾਂ ਪਨੈਲਟੀਆਂ ਬਹੁਤ ਭਾਰੀ ਹਨ ਤੇ ਕੋਈ ਅਫ਼ਸਰ ਇਹ ਬਹਾਨਾ ਸੁਨਣ ਲਈ ਤਿਆਰ ਨਹੀਂ ਹੁੰਦਾ ਕਿ “ਅਸੀਂ ਨਵੇਂ ਆਏ ਹਾਂ ਜੀ, ਸਾਨੂੰ ਪਤਾ ਨਹੀਂ ਸੀ ।” ਜਿੰਨਾਂ ਨੂੰ ਪੰਜਾਬ ਵਿੱਚ ਕਾਲਜ ਜਾਣ ਸਮੇਂ ਟਿਕਟ ਜਾਂ ਪਾਸ ਦੇ ਮਾਮਲੇ ਤੇ ਬੱਸ ਕੰਡਕਟਰਾਂ ਨਾਲ ਖਹਿਬਾਜੀ ਦਾ ਅਨੁਭਵ ਹੋਵੇ, ਕਦੀ ਡਰਾਇਵਰਾਂ ਜਾਂ ਕੰਡਕਟਰਾਂ ਤੇ ਹੱਥ ਗਰਮ ਕੀਤਾ ਹੋਵੇ ਜਾਂ ਯਾਰਾਂ ਦੋਸਤਾਂ ਨਾਲ਼ ਮਿਲਕੇ ਬੱਸ ਨੂੰ ਘੇਰਿਆ ਹੋਵੇ, ਉਨ੍ਹਾਂ ਨੂੰ ਜ਼ਰਾ ਸਾਵਧਾਨ ਰਹਿਣ ਦੀ ਲੋੜ ਹੈ, ਅਜਿਹੀਆਂ ਆਦਤਾਂ ਇੱਥੇ ਨਹੀਂ ਚੱਲਣਗੀਆਂ । ਹਾਂ, ਇੱਕ ਗੱਲ ਤਾਂ ਹੈ ਕਿ ਇੱਕ ਵਾਰ ਲਈ ਗਈ ਟਿਕਟ ਨਾਲ਼ ਬੱਸ, ਟਰੇਨ ਜਾਂ ਟਰਾਮ ਜਿਸ ਵਿੱਚ ਚਾਹੋ, ਜਿੰਨਾ ਚਾਹੋ ਸਫ਼ਰ ਕਰ ਸਕਦੇ ਹੋ । ਪਰ ਧਿਆਨ ਰੱਖੋ ਕਿ ਗਲ਼ਤ ਜੋ਼ਨ ਵਿੱਚ ਨਾ ਜਾਣਾ । ਬਾਕੀ ਸੰਡੇ ਸੇਵਰ, ਦੋ ਘੰਟੇ, ਅਰਲੀ ਬਰਡ ਤੇ ਹੋਰ ਕਈ ਕਿਸਮ ਦੀਆਂ ਟਿਕਟਾਂ ਮਿਲ ਜਾਂਦੀਆਂ ਹਨ, ਜੋ ਜ਼ਰੂਰਤ ਮੁਤਾਬਿਕ ਖਰੀਦੀਆਂ ਜਾ ਸਕਦੀਆਂ ਹਨ । ਗਗਨਚੁੰਬੀ ਇਮਾਰਤਾਂ, ਸਾਫ਼-ਸੁਥਰਾ ਵਾਤਾਵਰਣ ਤੇ ਚੰਗਾ ਖਾਣ-ਪੀਣ ਨਵੇਂ ਆਏ ਵਿਦਿਆਰਥੀ ਦੇ ਚਾਵਾਂ ਮਲ੍ਹਾਰਾਂ ਉੱਪਰ ਮਠਿਆਈ ‘ਤੇ “ਵਰਕ” ਵਾਂਗ ਕੰਮ ਕਰਦਾ ਹੈ । ਜਿਹੜੀਆਂ ਗੋਰੀਆਂ ਨੱਢੀਆਂ ਕਦੇ-ਕਦਾਈਂ ਪੰਜਾਬ ਜਾਂ ਕਿਸੇ ਟੂਰਿਸਟ ਸਥਾਨ ਤੇ ਖੜ੍ਹ-ਖੜ੍ਹ ਦੇਖੀਆਂ ਸਨ, ਨਾਲ਼ ਫੋਟੋ ਖਿਚਵਾਈਆਂ ਸਨ ਤੇ ਸਭ ਯਾਰਾਂ ਨੂੰ ਚੌੜੇ ਹੋ-ਹੋ ਦਿਖਾਈਆਂ ਸਨ, ਉਹਨਾਂ ਦਾ ਤਾਂ ਰੱਬ ਨੇ ਇੱਥੇ ਟੋਕਰਾ ਹੀ ਮੂਧਾ ਕੀਤਾ ਹੋਇਆ ਹੈ । ਇੱਥੇ ਬੜੀ ਵਰਾਇਟੀ ਹੈ, ਆਸਟ੍ਰੇਲੀਅਨ, ਵੀਅਤਨਾਮੀ, ਥਾਈਲੈਂਡ ਤੇ ਚੀਨ ਤੋਂ ਇਲਾਵਾ ਹੋਰ ਪਤਾ ਨਹੀਂ ਕਿੱਥੋਂ-ਕਿੱਥੋਂ । ਆਪਣੇ ਸਾਥੀਆਂ ਨਾਲ਼ ਜੱਫੀ ਪਾਈ ਖੜੀਆਂ ਅੱਧ-ਨੰਗੀਆਂ ਨੱਢੀਆਂ ਦੇਖ ਪੰਜਾਬੀ ਗੱਭਰੂ ਦਾ ਚਿੱਤ ਬਾਗੋ-ਬਾਗ ਹੁੰਦਾ ਹੈ ਤੇ ਜੇਕਰ ਕਿਤੇ ਟਰਾਮ ਜਾਂ ਟਰੇਨ ਆਦਿ ਵਿੱਚ ਗੋਰੀ ਮੇਮ ਕੋਲ ਆ ਕੇ ਬੈਠ ਜਾਏ ਤਾਂ ਗੱਭਰੂ ਦੀਆਂ ਸੋਚਾਂ ਬੇ-ਲਗਾਮ ਹੋ ਜਾਂਦੀਆਂ ਹਨ । ਮੇਮ ਦੇ ਸਾਥ ਦਾ ਨਿੱਘ ਮਾਣਦਿਆਂ, ਉਹ ਆਪਣੇ ਸਾਥੀਆਂ ਨਾਲ਼ ਪੰਜਾਬੀ ਵਿੱਚ ਜੋ ਗੱਲਾਂ ਕਰਦਾ ਹੈ, ਉਹ ਸਾਡੇ ਵਰਗਿਆਂ ਨੂੰ ਤਾਂ ਸਮਝ ਆ ਹੀ ਜਾਂਦੀਆਂ ਹਨ । ਕਦੀ-ਕਦੀ ਬੀਚ ਤੇ ਜਾ ਕੇ ਸ਼ੁਗਲਮੇਲਾ ਵੀ ਦੇਖਦਾ ਹੈ । ਆਖਿਰ ਮੈਲਬੌਰਨ ਦੇ ਨਜ਼ਦੀਕ ਏਨੇ ਬੀਚ ਘੁੰਮਣ ਲਈ ਹੀ ਤਾਂ ਹਨ ।

ਸੀਨ ਪਲਟਦਾ ਹੈ ਤੇ ਗੱਭਰੂ ਨੂੰ ਆਪਣੇ ਲਈ ਕਮਰਾ ਲੈਣ ਦੀ ਫਿਕਰ ਸ਼ੁਰੂ ਹੋ ਜਾਂਦੀ ਹੈ । ਮੁੜ ਉਹ ਐਤਵਾਰ ਨੂੰ ਗੁਰਦੁਆਰਾ ਸਾਹਿਬ ਜਾਣ ਲਈ ਬਲੈਕ ਬਰਨ ਦੀ ਟਰੇਨ ਪਕੜਦਾ ਹੈ ਤੇ ਅਰਦਾਸ ਉਪਰੰਤ ਲੰਗਰ ਛਕਣ ਤੋਂ ਬਾਅਦ, ਬਾਹਰ ਲੱਗੇ ਨੋਟਿਸ ਬੋਰਡ ਤੇ ਕਮਰੇ ਲੱਭਣ ਲਈ ਫੋਨ ਨੰਬਰ ਤੇ ਐਡਰੈਸ ਨੋਟ ਕਰ, ਕਮਰਾ ਲੱਭਣ ਦੀ ਕੋਸਿ਼ਸ਼ ਸ਼ੁਰੂ ਹੋ ਜਾਂਦੀ ਹੈ । ਕਮਰਾ ਵੀ ਇੱਥੇ ਚੰਗੀ ਕਵਾਇਦ ਤੋਂ ਬਾਅਦ ਮਿਲਦਾ ਹੈ । ਯਾਦ ਰੱਖੋ ਚਾਹੇ ਕਮਰਾ ਲੈਣਾ ਹੈ ਜਾਂ ਜੌਬ, ਹਰ ਕੰਮ ਲਈ ਤੁਹਾਨੂੰ “ਰੈਫਰੈਂਸ” ਦੀ ਜ਼ਰੂਰਤ ਪਵੇਗੀ ਤੇ “ਰੈਫਰੈਂਸ” ਵੀ ਅਜਿਹੀ ਜੋ ਅੱਧੀ ਰਾਤ ਨੂੰ ਵੀ ਤੁਹਾਡਾ ਪੱਖ ਪੂਰ ਸਕੇ । ਅਗਲਾ ਕੰਮ ਜੌਬ ਲੱਭਣ ਦਾ ਹੁੰਦਾ ਹੈ । ਕੋਈ ਵੀ ਤੁਹਾਡੀ ਮੱਦਦ ਨਹੀਂ ਕਰ ਸਕਦਾ, “ਰਜਿ਼ਊਮੇ” ਬਣਾ ਕੇ ਖੁਦ ਹੀ ਦਰ-ਦਰ ਠੋਕਰਾਂ ਖਾਣੀਆਂ ਪੈਂਦੀਆਂ ਹਨ । ਕੁਝ ਸ਼ੁਭਚਿੰਤਕਾਂ ਵੱਲੋਂ ਸਾਨੂੰ ਮੈਲਬੌਰਨ ਆਉਣ ਤੇ ਜੌਬ ਬਾਬਤ ਇੱਕ ਚੇਤਾਵਨੀ ਮਿਲੀ ਸੀ ਕਿ “ਜੋ ਮਰਜ਼ੀ ਕੰਮ ਕਰਨਾ ਪਰ ਕਿਸੇ “ਵੈੱਲ ਸੈਟਲਡ” ਪੰਜਾਬੀ ਤੇ ਵਿਸ਼ਵਾਸ ਨਹੀਂ ਕਰਨਾ । ਕਿਉਂ ਜੋ ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਉਸ ਤਬਕੇ ਨਾਲ ਸੰਬੰਧਿਤ ਹਨ, ਜੋ ਨਵੇਂ ਆਏ ਲੋਕਾਂ ਦਾ ਸ਼ੋਸ਼ਣ ਕਰਦਾ ਹੈ ।” ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਇੱਕ ਨਹੀਂ, ਦੋ ਨਹੀਂ, ਕਈ ਚੇਤਾਵਨੀਆਂ ਮਿਲਣ ਦੇ ਬਾਵਜੂਦ ਇਸ ਦਾ ਕੌੜਾ ਤਜ਼ਰਬਾ ਸਾਨੂੰ ਹੋ ਹੀ ਗਿਆ । ਕਿਸੇ “ਦੇਸੀ” ਨਾਲ਼ ਥੋੜੀ ਜਿਹੀ ਜਾਣ-ਪਹਿਚਾਣ ਹੋਈ ਤੇ ਉਸਨੇ ਆਪਣੇ ਕਿਸੇ “ਦੇਸੀ” ਦੋਸਤ ਦੀ ਫੈਕਟਰੀ ਵਿੱਚ ਦੋ ਦਿਨ ਕੰਮ ਕਰਨ ਲਈ ਕਿਹਾ (ਇੱਥੇ ਭਾਰਤੀਆਂ ਨੂੰ ਦੇਸੀ ਕਿਹਾ ਜਾਂਦਾ ਹੈ, ਸ਼ਰਮਨਾਕ ਗੱਲ ਤਾਂ ਇਹ ਹੈ ਕਿ ਕੋਈ ਬੇਗਾਨਾ ਨਹੀਂ ਬਲਕਿ ਭਾਰਤੀ ਹੀ ਭਾਰਤੀਆਂ ਨੂੰ ਦੇਸੀ ਕਹਿੰਦੇ ਹਨ, ਮੈਨੂੰ ਇਹ ਸ਼ਬਦ ਆਪਣੇ ਪਾਠਕਾਂ ਨੂੰ ਸਚਾਈ ਨਾਲ ਜਾਣੂ ਕਰਵਾਉਣ ਲਈ ਵਰਤਣਾ ਪੈ ਰਿਹਾ ਹੈ) । “ਚਲੋ, ਦੋ ਦਿਨਾਂ ਵਿੱਚ ਮਾੜਾ-ਮੋਟਾ ਕੰਮ ਬਾਰੇ ਜਾਣਕਾਰੀ ਹੀ ਮਿਲ ਜਾਊ” ਇਹ ਸੋਚ ਕੇ ਮੈਂ ਦੋ ਦਿਨ ਸਿਰਫ਼ 50 ਡਾਲਰ ਰੋਜ਼ਾਨਾਂ ਤੇ ਜਾਣਾ ਸਵੀਕਾਰ ਕਰ ਲਿਆ । ਪਹਿਲੇ ਦਿਨ ਸ਼ਾਮ ਨੂੰ ਜਦੋਂ 50 ਡਾਲਰ ਦਾ ਨੋਟ ਮਿਲਿਆ ਤਾਂ ਨਾਲ਼ ਦੀ ਨਾਲ਼ 35 ਨਾਲ਼ ਗੁਣਾ ਕਰਕੇ ਕਾਫ਼ੀ ਸੁਆਦ ਆਇਆ ਤੇ ਸਾਰੇ ਦਿਨ ਦੀ ਤਕਲੀਫ਼ ਭੁੱਲ ਗਈ । ਦੂਜੇ ਦਿਨ ਸ਼ਾਮ ਹੋਈ ।

“ਸਰ, ਕੰਮ ਹੋ ਗਿਆ ।” ਮੈਂ ਫੈਕਟਰੀ ਦੇ ਪੰਜਾਬੀ ਮਾਲਕ ਨੂੰ ਕਿਹਾ ।

“ਗੁੱਡ ! ਚੰਗਾ ਐਸ਼ ਕਰੋ ਫਿਰ” ਫੈਕਟਰੀ ਮਾਲਕ ਨੇ ਬਿਨਾਂ ਮੇਰੇ ਵੱਲ ਤੱਕਿਆਂ, ਬੀਅਰ ਦੀ ਚੁਸਕੀ ਭਰਦਿਆਂ ਜੁਆਬ ਦਿੱਤਾ । ਆਪਣੀ ਅੱਜ ਤੱਕ ਦੀ ਜਿੰਦਗੀ ਵਿੱਚ ਅਜਿਹਾ “ਪਿਆਰ ਭਰਿਆ” ਜੁਆਬ ਤਾਂ ਮੈਨੂੰ ਉਦੋਂ ਵੀ ਕਦੀ ਨਹੀਂ ਸੀ ਸੁਣਨਾ ਪਿਆ, ਜਦੋਂ ਕਿ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ।

“ਭਾ ਜੀ, ਅੱਜ ਦੇ ਪੈਸੇ......” ਜਿਸ ਨੇ ਕੰਮ ਦਿਵਾਇਆ ਸੀ, ਉਸ ਵੱਲ ਤਕਦਿਆਂ ਗੱਲ ਅਧੂਰੀ ਛੱਡ ਦਿੱਤੀ ।

“ਕੋਈ ਨਾਂ ਪੈਸੇ ਨਹੀਂ ਕਿਤੇ ਜਾਂਦੇ, ਲੈ ਲਵਾਂਗੇ” ਜੁਆਬ ਮਿਲਿਆ ।

“ਪਰ ਕੰਮ ਤਾਂ ਦੋ ਦਿਨ ਦਾ ਸੀ, ਤੇ ਉਹ ਹੋ ਗਿਆ । ਬਾਕੀ ਆਉਣ ਲਈ ਦੋ ਘੰਟੇ ਦਾ ਸਫ਼ਰ ਤੇ ਦਸ ਡਾਲਰ ਕਿਰਾਇਆ ਲੱਗਦਾ ਹੈ, ਇਸ ਕਰਕੇ ਦੋਬਾਰਾ ਸਿਰਫ਼ ਪੈਸੇ ਲੈਣ ਲਈ ਆਉਣਾ ਵੀ ਮੁਸ਼ਕਿਲ ਹੈ” ਮੇਰਾ ਜੁਆਬ ਸੀ ।

“ਕੋਈ ਨਾਂ ਲੈ ਲਵਾਂਗੇ” ਕਹਿ ਕੇ ਉਹ ਆਪਣੇ ਰਸਤੇ ਜਾਣ ਲਈ ਗੱਡੀ ਵੱਲ ਤੁਰ ਪਿਆ । ਹੁਣ ਕਰੀਬ 4 ਹਫ਼ਤੇ ਬੀਤ ਜਾਣ ਤੋਂ ਬਾਅਦ ਉਹ ਪੈਸੇ ਨਹੀਂ ਮਿਲੇ ਤੇ ਨਾ ਹੀ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਆਉਂਦੀ ਹੈ । ਜੇਕਰ ਇਸ ਦੇ ਉਲਟ ਕਿਸੇ “ਗੋਰੇ” ਕੋਲ ਕੰਮ ਕੀਤਾ ਹੋਵੇ, ਜੇਕਰ ਉਸਨੂੰ ਕੰਮ ਪਸੰਦ ਨਹੀਂ ਵੀ ਆਵੇਗਾ ਤਾਂ ਵੀ ਕੀਤੇ ਗਏ ਕੰਮ ਦੀ ਉਜਰਤ ਜਰੂਰ ਮਿਲਦੀ ਹੈ । ਇਸ ਦਿਨ ਦੁਪਿਹਰ ਤੋਂ ਲੈ ਕੇ ਹੁਣ ਤੱਕ ਫੈਕਟਰੀ ਵਿੱਚ ਹੀ ਮੁਰਗੇ, ਬੱਕਰੇ ਭੁੰਨੇ ਜਾ ਰਹੇ ਸਨ ਤੇ ਬੀਅਰ ਦੇ ਨਾਲ਼ ਵਿਸਕੀ ਦੇ ਦੌਰ ਵੀ ਚੱਲੇ ਸਨ । ਜਿੱਥੇ ਇਸ ਸ਼ਾਮ ਨੂੰ ਰੰਗੀਨ ਬਨਾਉਣ ਲਈ ਏਨਾਂ ਖ਼ਰਚ ਕੀਤਾ ਗਿਆ ਸੀ, ਉੱਥੇ ਮੇਰੇ 50 ਡਾਲਰ ਮੁੱਕਰ ਕੇ ਪਤਾ ਨਹੀਂ ਕਿਹੜੇ ਖ਼ਰਚੇ ਬਚਾ ਹੋ ਗਏ । ਜਾਪਦਾ ਹੈ ਕਿ ਅਜਿਹੀਆਂ ਮੱਛੀਆਂ ਨੇ ਸਾਰਾ ਸੰਸਾਰ ਹੀ ਗੰਦਾ ਕਰ ਦੇਣਾ ਹੈ । ਇਹ ਲੋਕ ਬਹੁਤ ਹੀ ਘੱਟ ਡਾਲਰਾਂ ਤੇ ਆਪਣੀਆਂ ਫੈਕਟਰੀਆਂ ਵਿੱਚ ਅਹਿਸਾਨ ਕਰਕੇ ਕੰਮ ਦੇਣਗੇ ਤੇ ਕੰਮ ਵੀ ਚੰਮ ਲਾਹੁਣ ਬਰਾਬਰ ਹੋਵੇਗਾ । ਕਈ ਅਜਿਹੇ ਸੂਰਮੇ ਵੀ ਹਨ ਜੋ ਮੱਦਦ ਕਰਨ ਦੇ ਨਾਮ ਤੇ ਤੁਹਾਡੀ ਕਮਾਈ ‘ਚੋਂ ਆਪਣਾ ਹਿੱਸਾ ਪਹਿਲਾਂ ਹੀ ਕਢਵਾ ਲੈਂਦੇ ਹਨ । ਤੁਹਾਡੇ ਸਿਰ ਕੰਮ ਦਿਵਾਉਣ ਦਾ ਅਹਿਸਾਨ ਤਾਂ ਰਹੇਗਾ ਹੀ । ਇਹ ਵੀ ਵੱਡੀ ਗੱਲ ਨਹੀਂ ਹੈ ਕਿ ਜੇਕਰ ਉਹ ਤੁਹਾਡੇ ਤੋਂ ਚਾਰ-ਪੰਜ ਦਿਨ ਕੰਮ ਸਿਖਾਉਣ ਦੇ ਨਾਮ ਤੇ ਲਗਵਾ ਲੈਣ ਤੇ ਮੁੜ ਕਹਿ ਦੇਣ ਕਿ ਤੁਹਾਡਾ ਕੰਮ ਪਸੰਦ ਨਹੀਂ ਆਇਆ । ਇਹ ਟ੍ਰੇਨਿੰਗ ਬਿਨਾਂ ਪੈਸਿਆਂ ਤੋਂ ਹੁੰਦੀ ਹੈ । ਮੁੜ ਅਗਲੇ ਹਫ਼ਤੇ ਇਸ ਜਗ੍ਹਾ ਤੇ ਹੋਰ ਮਜ਼ਬੂਰ “ਮੁਰਗੇ” ਆ ਜਾਣਗੇ । ਮੈਨੂੰ ਬਾਅਦ ਵਿੱਚ ਪਤਾ ਲੱਗਾ ਸੀ ਕਿ ਮੇਰੇ ਦੋ ਦਿਨ ਲਾਉਣ ਤੋਂ ਪਹਿਲਾਂ ਵੀ ਕਈ ਜਣੇ ਚਾਰ-ਚਾਰ ਪੰਜ-ਪੰਜ ਦਿਨ ਲਗਾ ਕੇ ਗਏ ਸਨ ਤੇ ਮੈਂ ਤਾਂ “ਤਕੜਾ” ਵਗਿਆ ਸਾਂ ਜੋ ਘੱਟੋ-ਘੱਟ 50 ਡਾਲਰ ਤਾਂ ਲੈ ਗਿਆ ਸਾਂ । ਜੇਕਰ ਕਿਸਮਤ ਸਾਥ ਦੇ ਜਾਵੇ ਤਾਂ ਗੱਲ ਵੱਖਰੀ ਹੈ ਨਹੀਂ ਤਾਂ ਚਾਰ-ਛੇ ਮਹੀਨੇ ਤਾਂ ਕੰਮ ਮਿਲਣ ਦਾ ਕੋਈ ਚਾਂਸ ਨਹੀਂ ਹੈ । ਇੱਥੇ ਆ ਕੇ ਤੁਹਾਡੀ ਸਾਰੀ ਕਾਬਲੀਅਤ, ਸਾਰੀ ਪੜ੍ਹਾਈ, ਸਾਰਾ ਤਜਰਬਾ ਮਿੱਟੀ ਹੋ ਜਾਵੇਗਾ । ਮੈਲਬੌਰਨ ਦੇ ਇੱਕ ਇੰਸਟੀਚਿਊਟ ਵਿੱਚ ਇੱਕ ਅਜਿਹੀ ਰਿਸੈਪਸ਼ਨਿਸਟ ਨੂੰ ਮਿਲਿਆ ਜੋ ਕਿ ਕੇਰਲਾ ਵਿੱਚ ਗਾਈਨੀ ਦੀ ਡਾਕਟਰ ਸੀ ਤੇ ਉਸਦਾ ਪਤੀ ਚਾਰਟਰਡ ਅਕਾਊਂਟੈਂਟ ਸੀ ਤੇ ਇੱਥੇ ਸਟੋਰ ਵਿੱਚ ਸੇਲਜ਼ਮੈਨ ਲੱਗਾ ਹੋਇਆ ਹੈ । ਇਹ ਜੋੜਾ ਭਾਰਤ ਤੋਂ ਹੀ ਪੱਕਾ ਹੋ ਕੇ ਆਸਟ੍ਰੇਲੀਆ ਆਇਆ ਹੈ । ਬੇਸ਼ੱਕ ਭਵਿੱਖ ਵਿੱਚ ਉਨ੍ਹਾਂ ਨੇ ਆਪਣੀ ਲਾਈਨ ਵਿੱਚ ਹੀ ਜੌਬ ਕਰਨੀ ਹੋਵੇਗੀ ਪਰ ਅੱਜ ਤਾਂ ਇਹੀ ਕੁਝ ਕਰਨਾ ਪੈ ਰਿਹਾ ਹੈ । ਇੱਕ ਹੋਰ “ਫ਼ੈਸ਼ਨ ਡਿਜ਼ਾਇਨਰ” ਮਿਲੀ, ਪੰਜਾਬ ਵਿੱਚ ਇਹੀ ਕੰਮ ਕਰਦੀ ਸੀ, ਚੰਗੇ ਨੋਟ ਛਾਪਦੀ ਸੀ । ਵਿਦੇਸ਼ੀ ਚਮਕ-ਦਮਕ ਨੇ “ਕਮਰਸ਼ੀਅਲ ਕੁਕਰੀ” ਕੋਰਸ ਵਿੱਚ ਮੈਲਬੌਰਨ ਲੈ ਆਂਦਾ ਤੇ ਹੁਣ ਖ਼ਰਚ ਚਲਾਉਣ ਲਈ ਰੈਸਟੋਰੈਂਟ ਵਿੱਚ ਨੌਕਰੀ ਕਰਦੀ ਹੈ । ਪਹਿਲਾਂ ਬਾਹਵਾਂ ਤੇ ਵੈਕਸ ਕਰਵਾ ਕੇ ਰੱਖਦੀ ਸੀ ਤੇ ਹੁਣ ਤੰਦੂਰ ਤੇ ਰੋਟੀਆਂ ਲਾਹੁੰਦੀ ਹੈ ਤੇ ਵੈਕਸ ਕਰਵਾਉਣ ਦੀ ਲੋੜ ਹੀ ਨਹੀਂ ਪੈਂਦੀ । ਚਾਹੇ ਤੁਸੀਂ ਵੈਲਡਿੰਗ ਕਰਦੇ ਹੋ, ਮੀਟ ਕੱਟਦੇ ਹੋ, ਪਲੰਬਰ ਜਾਂ ਕੋਈ ਹੋਰ ਹੱਥੀਂ ਕੰਮ ਕਰਨਾ ਜਾਣਦੇ ਹੋ, ਹਰ ਕੰਮ ਲਈ ਲਾਇਸੈਂਸ ਦੀ ਜ਼ਰੂਰਤ ਪਵੇਗੀ । ਇੱਥੋਂ ਤੱਕ ਕਿ ਜੇਕਰ ਤੁਸੀਂ ਮਜ਼ਦੂਰੀ ਕਰਨੀ ਚਾਹੁੰਦੇ ਹੋ ਤਾਂ ਵੀ “ਰੈੱਡ ਕਾਰਡ” ਦਾ ਕੋਰਸ ਕਰਨਾ ਪਵੇਗਾ ਤੇ ਫਿਰ ਕੰਮ ਲਈ ਅਪਲਾਈ ਕਰ ਸਕਦੇ ਹੋ । ਜੇਕਰ ਕਲੀਨਿੰਗ ਵੀ ਕਰਨੀ ਹੈ ਤਾਂ ਵੀ ਤਜਰਬਾ ਚਾਹੀਦਾ ਹੈ । ਪੰਜਾਬ ਵਿੱਚੋਂ ਜਿੰਨੇ ਵੀ ਇੱਥੇ ਆਉਂਦੇ ਹਨ, ਕਿਸੇ ਨੇ ਡੱਕਾ ਤੋੜ ਕੇ ਦੂਹਰਾ ਨਹੀਂ ਕੀਤਾ ਹੁੰਦਾ ਪਰ ਇੱਥੇ ਜਦ ਜੌਬ ਲੱਭਣੀ ਪੈਂਦੀ ਹੈ ਤਾਂ ਬੜੀਆਂ ਮੁਸ਼ਕਿਲਾਂ ਦਰ-ਪੇਸ਼ ਆਉਂਦੀਆਂ ਹਨ । ਇਥੇ ਇੱਕ ਗੱਲ ਤਾਂ ਹੈ ਕਿ ਕੰਮ ਚਾਹੇ ਕੋਈ ਵੀ ਕਿਉਂ ਨਾ ਹੋਵੇ, ਹਰ ਕੰਮ ਕਰ ਵਾਲਾ ਬਰਾਬਰ ਅਧਿਕਾਰ ਰੱਖਦਾ ਹੈ । ਇੱਥੇ ਸਲੂਟ ਮਾਰਨ ਦੇ ਨਹੀਂ, ਕੰਮ ਕਰਨ ਦੇ ਪੈਸੇ ਮਿਲਦੇ ਹਨ । ਇੱਕ ਬੜੀ ਪੁਰਾਣੀ ਘਟਨਾ ਯਾਦ ਆ ਗਈ ਹੈ । ਕਰੀਬ ਵੀਹ ਕੁ ਸਾਲ ਪਹਿਲਾਂ ਜਦੋਂ ਮੈਂ ਕੋਟਕਪੂਰੇ, ਉਸ ਸਮੇਂ ਦੇ ਮਸ਼ਹੂਰ ਸਟੂਡੀਓ ਵਿੱਚ ਫੋਟੋਗ੍ਰਾਫ਼ੀ ਸਿੱਖ ਰਿਹਾ ਸਾਂ ਤਾਂ “ਬਾਊ ਜੀ” ਕੋਲ ਉਹਨਾਂ ਦਾ ਇੱਕ ਦੋਸਤ ਜੋ ਕਿ ਐਤਵਾਰ ਕੇਵਲ ਤਾਸ਼ ਖੇਡਣ ਆਉਂਦਾ ਹੁੰਦਾ ਸੀ, ਮੇਰੀ ਸਿ਼ਕਾਇਤ ਕਰਕੇ ਗਿਆ ਕਿ “ਥੋਡਾ ਇਹ ਮੁੰਡਾ ਮੈਨੂੰ ਨਮਸਤੇ ਨਹੀਂ ਕਰਦਾ” ।

“ਬਾਊ ਜੀ, ਮੇਰਾ ਇਹਦੇ ਨਾਲ਼ ਕੀ ਲੱਲਾ-ਖੱਖਾ ਹੈ, ਜੋ ਇਹਨੂੰ ਐਵੇਂ ਹੀ ਸਲੂਟ ਮਾਰਦਾ ਫਿਰਾਂ ? ਘਰ ਦਿਆਂ ਦਾ ਧਕਾਇਆ ਏਥੇ ਆ ਕੇ ਸਾਰੀ ਦਿਹਾੜੀ ਤਾਸ਼ ਕੁੱਟੀ ਜਾਂਦੈ” ਜੁਆਬ ਮੇਰਾ ਵੀ ਹੂੜ-ਮੱਤ ਵਾਲਾ ਹੀ ਸੀ । ਪਰ ਆਸਟ੍ਰੇਲੀਆ ਵਿੱਚ ਤਾਂ ਵਾਕਈ ਹੀ ਸਭ ਨੂੰ ਕੰਮ ਪਿਆਰਾ ਹੈ, ਚੰਮ ਨਹੀਂ । ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਤੇ ਹਰ ਕੋਈ ਆਪਣੇ ਕੰਮ ਦੀ ਇੱਜ਼ਤ ਕਰਦਾ ਹੈ । “ਨਾਰਥ ਮੈਲਬੌਰਨ” ਦੇ ਸਟੇਸ਼ਨ ਤੇ ਖੜਿਆਂ “ਕੌਨੈਕਸ ਰੇਲ” ਦੀ ਇੱਕ ਮੁਲਾਜ਼ਮ ਨਾਲ਼ ਗੱਲ ਬਾਤ ਚੱਲ ਪਈ, ਜੋ ਕਿ ਕਈ ਸਾਲ ਪਹਿਲਾਂ ਦੱਖਣ ਭਾਰਤ ਤੋਂ ਆਈ ਹੋਈ ਸੀ ।

“ਜੌਬ ਪਰ ਜਾ ਰਹੇ ਹੋ ?”

“ਜੌਬ ਤੋ ਅਭੀ ਮਿਲੀ ਨਹੀਂ ਹੈ, ਢੂੰਢ ਰਹੇ ਹੈਂ”

“ਹਾਂ, ਥੋੜਾ ਮੁਸ਼ਕਿਲ ਹੈ, ਮਿਲ ਜਾਏਗੀ, ਇੰਡੀਆ ਮੇਂ ਕਿਆ ਕਰਤੇ ਥੇ”

“ਸੌਫਟਵੇਅਰ ਕਾ ਕਾਮ ਥਾ, ਸਾਥ ਮੇਂ ਅਕਾਊਂਟਸ ਕੀ ਟ੍ਰੇਨਿੰਗ ਦੇਤਾ ਥਾ”

“ਯਹਾਂ ਟਰਾਈ ਕੀਆ ?”

“ਕੋਸਿ਼ਸ਼ ਚਲ ਰਹੀ ਹੈ, ਵੈਸੇ ਤੋ ਇੰਡੀਆ ਮੇਂ ਅਕਾਊਂਟਸ ਕਾ 17 ਸਾਲ ਕਾ ਤਜ਼ਰਬਾ ਹੈ ਮਗਰ ਯਹਾਂ ਤੋ ਡੀ ਗਰੇਡ ਜੌਬ ਭੀ ਨਹੀਂ ਮਿਲ ਰਹੀ ।”

“ਅੱਛਾ, ਇੰਡੀਆ ਸੇ ਅਭੀ ਆਏ ਹੋ !!!! ਜੋ ਸੀ, ਡੀ ਗਰੇਡ ਕੇ ਚੱਕਰੋਂ ਮੇਂ ਪੜੇ ਹੋ, ਪਹਿਲੇ ਗਰੇਡ ਕਾ ਚੱਕਰ ਛੋੜੋ ਫਿਰ ਜੌਬ ਢੂੰਢਨਾ । ਯਹਾਂ ਕੋਈ ਏ ਯਾ ਡੀ ਗਰੇਡ ਜੌਬ ਨਹੀਂ ਹੈ, ਜੌਬ ਬੱਸ ਜੌਬ ਹੈ । ਪਹਿਲੇ ਜੌਬ ਕੀ ਰਸਪੈਕਟ ਕਰੋ, ਫਿਰ ਜੌਬ ਕਰਨਾਂ । ਚਾਹੇ ਲੇਬਰ ਕਰਤੇ ਹੋ ਯਾ ਅਫ਼ਸਰ ਹੋ, ਯਹਾਂ ਸਭ ਸਮਾਨ ਹੈ, ਕਿਸੀ ਕੋ ਕਿਸੀ ਸੇ ਕੋਈ ਮਤਲਬ ਨਹੀਂ ” ਜਾਪਦਾ ਹੈ ਕਿ ਉਸਨੇ ਆਸਟ੍ਰੇਲੀਆ ਜਿਉਣ ਲਈ ਬਹੁਤ ਜ਼ਰੂਰੀ ਗੁਰ ਗੱਲਾਂ-ਗੱਲਾਂ ਵਿੱਚ ਹੀ ਦੇ ਦਿੱਤਾ ਸੀ ।

ਆਸਟ੍ਰੇਲੀਆ ਆਉਣ ਤੋਂ ਪਹਿਲਾਂ ਸਾਨੂੰ ਕੁਝ “ਜਾਣਕਾਰਾਂ” ਨੇ ਇੱਥੋਂ ਤੱਕ ਕਿਹਾ ਸੀ ਕਿ ਜੋ ਹਾਲਤ ਪੰਜਾਬ ਵਿੱਚ ਭਈਆਂ ਦੀ ਹੈ, ਉਹੀ ਹਾਲਤ ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਹੈ । ਚਾਹੇ ਅਸਿੱਧੇ ਰੂਪ ਵਿੱਚ ਹੀ ਸਹੀ, ਅਸੀਂ ਇਹ ਤਾਂ ਸਵੀਕਾਰ ਕਰਦੇ ਹੀ ਹਾਂ ਕਿ ਅਸੀਂ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਨਾਲ਼ ਚੰਗਾ ਵਿਵਹਾਰ ਨਹੀਂ ਕਰ ਰਹੇ । ਉਨ੍ਹਾਂ ਦੀ ਇੱਜ਼ਤ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ, ਬਿਨਾਂ ਗੱਲੋਂ ਹੀ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ । ਜੋ ਭਈਆਵਾਦ ਪੰਜਾਬ ਵਿੱਚ ਚੱਲ ਰਿਹਾ ਹੈ, ਕਿਸੇ ਹੱਦ ਤੱਕ ਅਸੀਂ ਵੀ ਉਸਦੇ ਜਿੰਮੇਵਾਰ ਹਾਂ । ਉਦਾਹਰਣ ਦੇ ਤੌਰ ਤੇ ਜੇਕਰ ਮਜ਼ਦੂਰਾਂ ਦੀ ਜ਼ਰੂਰਤ ਹੋਵੇ ਤਾਂ ਹਰ ਕਿਸੇ ਦੀ ਕੋਸਿ਼ਸ਼ ਹੁੰਦੀ ਹੈ ਕਿ ਪ੍ਰਵਾਸੀ ਮਜ਼ਦੂਰ ਨੂੰ ਲਗਾਇਆ ਜਾਵੇ, ਕਿਉਂ ਜੋ ਉਹ ਪੰਜਾਬੀ ਮਜ਼ਦੂਰਾਂ ਦੇ ਮੁਕਾਬਲੇ ਜਿ਼ਆਦਾ ਮਿਹਨਤੀ ਹੁੰਦੇ ਹਨ । ਜੇਕਰ ਪੰਜਾਬੀ ਮਜ਼ਦੂਰ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਦੇ ਤਾਂ ਕੀ ਪ੍ਰਵਾਸੀ ਮਜ਼ਦੂਰ ਪੰਜਾਬ ਦੀ ਇੰਡਸਟਰੀ ਜਾਂ ਕੰਮ-ਕਾਰ ਤੇ ਕਦੇ ਕਬਜ਼ਾ ਕਰ ਸਕਦੇ ਸਨ ? ਨਹੀਂ... ਕਦੇ ਵੀ ਨਹੀਂ । ਅੱਜ ਲੁਧਿਆਣੇ ਦੇ ਇੰਡਸਟਰੀਅਲ ਏਰੀਏ ਵਿੱਚ ਚਲੇ ਜਾਓ ਤਾਂ ਲੱਗਦਾ ਹੀ ਨਹੀਂ ਕਿ ਇਹ ਪੰਜਾਬ ਦਾ ਕੋਈ ਹਿੱਸਾ ਹੈ । ਸਭ ਪ੍ਰਵਾਸੀ ਮਜ਼ਦੂਰ ਹੀ ਨਜ਼ਰ ਆਉਂਦੇ ਹਨ । ਇੱਕ ਛੋਟੀ ਜਿਹੀ ਘਟਨਾ ਯਾਦ ਆ ਰਹੀ ਹੈ ਕਿ ਜਦੋਂ ਮੈਂ ਫਰੀਦਕੋਟ ਵਿੱਚ ਆਪਣੇ ਮਕਾਨ ਦੀ ਮੁਰੰਮਤ ਕਰਵਾ ਰਿਹਾ ਸਾਂ ਤਾਂ ਕਮਰੇ ਵਿੱਚੋਂ ਸਮਾਨ ਬਾਹਰ ਕੱਢਣ ਲਈ ਇੱਕ ਹੋਰ ਮਜ਼ਦੂਰ ਦੀ ਜ਼ਰੂਰਤ ਪਈ । ਅਕਸਰ ਕੰਮ ਸ਼ੁਰੂ ਕਰਨ ਦਾ ਸਮਾਂ ਸਵੇਰੇ 8 ਵਜੇ ਦਾ ਹੁੰਦਾ ਹੈ । ਕਰੀਬ 10 ਵਜੇ ਮੈਂ ਅੱਡੇ ਤੇ ਗਿਆ । ਇੱਕ ਪੰਜਾਬੀ ਮਜ਼ਦੂਰ ਨੂੰ ਕੰਮ ਕਰਨ ਲਈ ਕਿਹਾ । ਪਹਿਲਾਂ ਤਾਂ ਉਸਨੇ ਮੇਰੀ ਪੂਰੀ ਇੰਟਰਵਿਊ ਲਈ ਕਿ ਘਰ ਕਿੱਥੇ ਹੈ ? ਕੰਮ ਕੀ ਹੈ ? ਆਦਿ ਆਦਿ.... । ਘਰ ਆ ਕੇ ਉਹ ਬੋਲਿਆ ਕਿ ਮੈਂ ਹੈਲਥ ਕਲੱਬ ਦਾ ਸਮਾਨ ਬਾਹਰ ਨਹੀਂ ਕੱਢਣਾ, ਮੇਰੇ ਕੋਲੋਂ ਉਸਾਰੀ ਵਾਲੇ ਮਿਸਤਰੀ ਨਾਲ ਕੰਮ ਕਰਵਾਉਣਾ ਹੈ ਤਾਂ ਕਰਵਾ ਲਓ । ਕੰਮ ਛੱਡ ਕੇ ਉਹ ਆਪਣੇ ਪਿੰਡ ਵੱਲ ਨੂੰ ਚਾਲੇ ਪਾ ਗਿਆ । ਸਮਾਨ ਤਾਂ ਕੰਮ ਤੇ ਲੱਗੇ ਹੋਏ ਬਾਕੀ ਮਜ਼ਦੂਰਾਂ ਨੇ ਆਪਣੇ ਆਪ ਬਾਹਰ ਕੱਢ ਲਿਆ ਤੇ ਨਵਾਂ ਮਜ਼ਦੂਰ ਇੱਕ ਸਵਾਲ ਜਰੂਰ ਪਿੱਛੇ ਛੱਡ ਗਿਆ ਕਿ ਕੋਈ ਆਪਣੇ ਕੰਮ ਪ੍ਰਤੀ ਕਿੰਨਾ ਕੁ ਇਮਾਨਦਾਰ ਹੈ ? ਆਸਟ੍ਰੇਲੀਆ ਵਿੱਚ ਹੋਰ ਦੇਸ਼ਾਂ ਦੇ ਲੋਕਾਂ ਦੀ ਹਾਲਤ ਏਨੀ ਨਾਜ਼ੁਕ ਨਹੀਂ ਹੈ, ਜਿੰਨੀ ਕਿ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ । ਹਾਂ, ਕੰਮ ਕਿਹੜਾ ਮਿਲਦਾ ਹੈ, ਉਹ ਇੱਕ ਜੁਦਾ ਗੱਲ ਹੈ । ਇਹ ਗੱਲ ਤਾਂ ਜ਼ਰੂਰ ਹੈ ਕਿ ਇੱਥੇ ਵਸਦੇ ਪੰਜਾਬੀ ਵੀ ਆਪਣੇ ਕੰਮ ਨੂੰ ਬੜੀ ਮਿਹਨਤ ਤੇ ਲਗਨ ਨਾਲ ਕਰਦੇ ਹਨ ਤੇ ਉਸ ਉੱਪਰ ਮਾਣ ਵੀ ਕਰਦੇ ਹਨ । ਜੇਕਰ ਕੰਮ ਪ੍ਰਤੀ ਅਜਿਹੀ ਮਿਹਨਤ, ਲਗਨ ਤੇ ਇਮਾਨਦਾਰੀ ਦਾ ਮੁੱਲ ਸਾਨੂੰ ਆਪਣੇ ਵਤਨ ਰਹਿੰਦਿਆਂ ਹੀ ਪਤਾ ਚਲ ਜਾਵੇ ਤਾਂ ਕੀ ਮਜਾਲ ਹੈ ਕਿ ਅਸੀਂ ਅਸਮਾਨੋਂ ਤਾਰੇ ਨਾ ਤੋੜ ਲਿਆਈਏ । ਪਰ ਯਾਰੋ... ਦੁੱਖ ਤਾਂ ਇਹੀ ਹੈ ਕਿ ਵਤਨ ਵਾਪਸ ਜਾਂਦਿਆਂ ਹੀ ਪਾਣੀ ਦਾ ਗਿਲਾਸ ਭਰ ਕੇ ਪੀਣਾ ਵੀ ਆਪਣੀ ਹੱਤਕ ਮਹਿਸੂਸ ਹੁੰਦੀ ਹੈ ਤੇ ਮੁੜ ਪ੍ਰਦੇਸੀਂ ਆ ਕੇ ਫਿਰ ਕਿੱਲ ਵਾਂਗ ਸਿੱਧੇ ਹੋ ਜਾਂਦੇ ਹਾਂ । ਜੇਕਰ ਸਫ਼ਾਈ ਕਰਨ ਨੂੰ “ਕਲੀਨਿੰਗ” ਤੇ ਭਾਂਡੇ ਧੋਣ ਨੂੰ “ਡਿਸ਼ ਵਾਸਿ਼ੰਗ” ਕਹਿ ਵੀ ਲਵਾਂਗੇ ਤਾਂ ਕੀ ਕੀਤੇ ਜਾਣ ਵਾਲੇ ਕੰਮ ਦੀ ਕਿਸਮ ਬਦਲ ਜਾਏਗੀ ? “ਕਿੱਲਿਆਂ” ਦੇ ਵਾਰਿਸ ਨੌਜਵਾਨ ਜਦੋਂ ਅਜਿਹੇ ਕੰਮ ਕਰਨ ਲਈ ਤਰਸਦੇ ਨਜ਼ਰ ਆਉਂਦੇ ਹਨ ਤਾਂ ਮੇਰੇ ਸਾਹਮਣੇ ਪੰਜਾਬ ਦੇ ਪਿੰਡਾਂ ਦਾ ਉਹ ਦ੍ਰਿਸ਼ ਆ ਜਾਂਦਾ ਹੈ ਕਿ ਜੱਟ ਦਾ ਕਾਲਜੀਏਟ ਮੁੰਡਾ ਕੰਨਾਂ ‘ਚ ਮੁਰਕੀਆਂ ਤੇ ਖੜ-ਖੜ ਕਰਦਾ ਚਿੱਟਾ ਕੁੜਤਾ ਪਜਾਮਾ ਪਾਈ ਖੇਤ ਦੀ ਵੱਟ ਤੇ ਕਿੱਕਰ ਦੀ ਛਾਵੇਂ ਢਾਕਾਂ ਤੇ ਹੱਥ ਰੱਖੀ ਖੜਾ ਹੈ ਤੇ ਕਾਲੇ ਰੰਗ ਦਾ ਬੁਲਟ ਮੋਟਰਸਾਈਕਲ ਸੜਕ ਦੇ ਕਿਨਾਰੇ ਲੱਗਾ ਹੋਇਆ ਹੈ । ਜੇ ਕੰਮ ਜਿ਼ਆਦਾ ਹੋਵੇ ਤਾਂ ਦਿਹਾੜੀਏ ਨੂੰ ਇੱਕ ਹੋਰ ਦਿਹਾੜੀਆ ਲੈਣ ਲਈ ਝੱਟ ਆਰਡਰ ਮਾਰ ਦੇਵੇਗਾ ਪਰ ਖ਼ੁਦ ਕੰਮ ਨੂੰ ਹੱਥ ਨਹੀਂ ਲਗਾਏਗਾ । ਇੱਥੇ ਹਾਲਾਤ ਬਿੱਲਕੁਲ ਉਲਟ ਹਨ । ਹਰ ਕੋਈ ਕੰਮ ਕਰਨ ਨੂੰ ਤਿਆਰ ਹੈ, ਕੰਮ ਚਾਹੇ ਕੋਈ ਵੀ ਕਿਉਂ ਨਾ ਹੋਵੇ । ਪਰ ਕੰਮ ਨਹੀਂ ਮਿਲਦਾ ਮੇਰੇ ਦੋਸਤ....................। ਸਟੂਡੈਂਟ ਜਾਂ ਸਪਾਊਜ਼ ਵੀਜ਼ਾ ਤੇ ਆਉਣ ਵਾਲੇ ਸਕਿਉਰਟੀ ਦਾ ਕੰਮ ਵੀ ਨਹੀਂ ਕਰ ਸਕਦੇ, ਕਿਉਂ ਜੋ ਇਸ ਕੰਮ ਲਈ ਆਸਟ੍ਰੇਲੀਆ ਵਿੱਚ ਘੱਟੋ-ਘੱਟ 1 ਸਾਲ ਰਹਿਣਾ ਜਰੂਰੀ ਹੈ । ਲੜਕੀਆਂ ਲਈ ਮੁਸ਼ਕਿਲਾਂ ਥੋੜੀਆਂ ਹੋਰ ਵੱਧ ਹਨ ।

ਟੈਕਸੀ ਚਲਾਉਣ ਦੇ ਚਾਹਵਾਨ ਜੋ ਵੱਡੀ ਗਲਤੀ ਕਰਦੇ ਹਨ, ਉਹ ਇਹ ਹੈ ਕਿ ਉਹਨਾਂ ਕੋਲ ਭਾਰਤ ਦੇ ਡਰਾਇਵਿੰਗ ਲਾਇਸੈਂਸ ਦੀ ਵੈਰੀਫਿਕੇਸ਼ਨ ਨਹੀਂ ਹੁੰਦੀ । ਸੰਬੰਧਿਤ ਡੀ.ਟੀ.ਓ. ਦਫ਼ਤਰ ਵਿੱਚੋਂ ਇਹ ਲਿਖਵਾਉਣਾ ਜ਼ਰੂਰੀ ਹੁੰਦਾ ਹੈ ਕਿ ਇਹ ਲਾਇਸੈਂਸ ਉਹਨਾਂ ਵੱਲੋਂ ਬਣਾਇਆ ਗਿਆ ਹੈ ਤੇ ਅਸਲੀ ਹੈ । ਇਸ ਵੈਰੀਫਿਕੇਸ਼ਨ ਦੇ ਅਧਾਰ ਤੇ ਆਸਟ੍ਰੇਲੀਆ ਵਿੱਚ ਸਥਿਤ ਭਾਰਤੀ ਰਾਜਦੂਤ ਦੇ ਦਫ਼ਤਰ ਵਿੱਚੋਂ ਆਸਟ੍ਰੇਲੀਆ ਵਿੱਚ ਡਰਾਇਵਿੰਗ ਨਾਲ ਸਬੰਧਿਤ ਵਿਭਾਗ ਲਈ ਵੈਰੀਫਿਕੇਸ਼ਨ ਪੱਤਰ ਮਿਲਦਾ ਹੈ । ਇਸ ਤੋਂ ਬਿਨਾਂ ਵਿਕਟੋਰੀਆ ਵਿੱਚ ਲਾਇਸੈਂਸ ਨਹੀਂ ਬਣ ਸਕਦਾ । ਡਰਾਇਵਿੰਗ ਲਈ ਇੱਥੇ ਤਿੰਨ ਟੈਸਟ ਪਾਸ ਕਰਨੇ ਜ਼ਰੂਰੀ ਹਨ । ਪਹਿਲਾ ਨਿਯਮਾਂ ਨਾਲ ਸਬੰਧਿਤ ਟੈਸਟ ਹੁੰਦਾ ਹੈ ਜੋ ਕਿ ਕੰਪਿਊਟਰ ਤੇ ਹੁੰਦਾ ਹੈ, ਦੂਜਾ ਟੈਸਟ ਵੀ ਕੰਪਿਊਟਰ ਤੇ ਗੇਮ ਦੇ ਰੂਪ ਵਿੱਚ ਹੁੰਦਾ ਹੈ ਤੇ ਤੀਸਰਾ ਟੈਸਟ ਜੋ ਕਿ ਸਭ ਤੋਂ ਔਖਾ ਹੈ, ਉਹ ਹੈ ਸੜਕ ਤੇ ਕਾਰ ਚਲਾਉਣਾ । ਅਫ਼ਸਰ ਤੁਹਾਡੇ ਨਾਲ ਕਾਰ ਵਿੱਚ ਬੈਠਦਾ ਹੈ ਤੇ ਕਿਸੇ ਵੀ ਤਰੀਕੇ ਨਾਲ ਕਾਰ ਚਲਾਉਣ ਸਬੰਧੀ ਨਿਰਦੇਸ਼ ਦੇ ਸਕਦਾ ਹੈ । ਇੱਕ ਗੱਲ ਜੋ ਹੋਰ ਸੁਣਨ ਵਿੱਚ ਆ ਰਹੀ ਹੈ, ਉਹ ਇਹ ਹੈ ਕਿ ਸ਼ਾਇਦ ਟੈਕਸੀ ਚਲਾਉਣ ਦੇ ਚਾਹਵਾਨਾਂ ਨੂੰ ਵੀ ਆਈਲੈਟਸ ਕਰਨੀ ਪਵੇਗੀ । ਪਰ ਜੇਕਰ ਟੈਕਸੀ ਨਹੀਂ ਤਾਂ ਕੋਰੀਅਰ ਦਾ ਕੰਮ ਵੀ ਕੀਤਾ ਜਾ ਸਕਦਾ ਹੈ । ਡਰਾਇਵਿੰਗ ਦੇ ਨਿਯਮ ਬਹੁਤ ਸਖ਼ਤ ਹਨ । ਜੇਕਰ ਗ਼ਲਤੀ ਪਕੜੀ ਜਾਵੇ ਤਾਂ ਜੁਰਮਾਨੇ ਬਹੁਤ ਜਿਆਦਾ ਹਨ । ਹਰ ਕੋਈ ਨਿਯਮਾਂ ਮੁਤਾਬਿਕ ਡਰਾਇਵਿੰਗ ਕਰਦਾ ਹੈ ਤੇ ਜੇਕਰ ਅਜਿਹੇ ਵਿੱਚ ਅਸੀਂ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਗੱਡੀ ਚਲਾਵਾਂਗੇ ਤਾਂ ਦੁਰਘਟਨਾ ਦੇ ਚਾਂਸ ਬਹੁਤ ਜਿ਼ਆਦਾ ਹਨ । ਸਾਡੇ ਮੁਲਕ ਵਾਂਗ ਅਜਿਹਾ ਨਹੀਂ ਹੈ ਕਿ ਟਰੱਕ ਵਾਲਾ ਕਾਰ ਦੀ ਤੇ ਕਾਰ ਵਾਲਾ ਕਿਸੇ ਛੋਟੇ ਵਹੀਕਲ ਦੀ ਪਰਵਾਹ ਨਹੀਂ ਕਰਦਾ । ਜੇਕਰ ਜਾਣੇ-ਅਣਜਾਣੇ ਕਿਸੇ ਵੀ ਵਹੀਕਲ ਵਾਲਾ, ਪੈਦਲ ਚੱਲਦੇ ਨਾਲ ਟਕਰਾ ਗਿਆ ਤਾਂ ਵਹੀਕਲ ਵਾਲੇ ਦਾ ਅਜਿਹਾ “ਵਾਜਾ ਵੱਜੇਗਾ” ਕਿ ਲੰਮੇ ਸਮੇਂ ਤੱਕ ਯਾਦ ਰਹੇਗਾ । ਸਿਟੀ ਵਿੱਚ ਪੈਦਲ ਚੱਲ ਰਿਹਾ ਵਿਅਕਤੀ ਵੀ ਜੇਕਰ ਗ਼ਲਤ ਢੰਗ ਨਾਲ ਸੜਕ ਪਾਰ ਕਰਦਾ ਫੜਿਆ ਗਿਆ ਤਾਂ ਉਸਦਾ ਵੀ ਚਲਾਨ ਹੋ ਸਕਦਾ ਹੈ । ਏਥੋਂ ਤੱਕ ਕਿ ਜੇਕਰ ਟਰੇਨ ਵਿੱਚ ਕੋਈ ਸੀਟ ਤੇ ਪੈਰ ਰੱਖੀ ਬੈਠਾ ਫੜਿਆ ਗਿਆ ਤਾਂ ਵੀ ਚਲਾਨ ਦਾ "ਫਰਲਾ" ਘਰ ਆ ਜਾਵੇਗਾ ।

ਅੰਤਲੀ ਗੱਲ ਮੈਂ ਉਨ੍ਹਾਂ ਜੋੜਿਆਂ ਨਾਲ਼ ਕਰਨੀ ਚਾਹੁੰਦਾ ਹਾਂ, ਜੋ ਸਾਡੇ ਵਾਂਗ ਬੇ-ਮੌਸਮੇ, ਪੜ੍ਹਾਈ ਦਾ ਆਧਾਰ ਬਣਾ ਕੇ ਆਸਟ੍ਰੇਲੀਆ ਪੁੱਜ ਜਾਂਦੇ ਹਨ । ਜਿਨ੍ਹਾਂ ਦੇ ਨਿੱਕੇ-ਨਿੱਕੇ ਬੱਚੇ ਹੁੰਦੇ ਹਨ ਤੇ ਕਈ ਉਹਨਾਂ ਨੂੰ ਵੀ ਨਾਲ ਹੀ ਟੰਗ ਲੈਂਦੇ ਹਨ । ਅਜਿਹੇ ਜੋੜਿਆਂ ਨੂੰ ਹੋਰ ਵੀ ਜਿ਼ਆਦਾ ਮੁਸ਼ਕਿਲਾਂ ਦਰ-ਪੇਸ਼ ਆਉਂਦੀਆਂ ਹਨ । ਕੰਮ-ਕਾਰ ਦੇ ਹਾਲਤਾਂ ਦਾ ਵਰਨਣ ਤਾਂ ਉੱਪਰ ਕਰ ਹੀ ਆਇਆ ਹਾਂ । ਸਾਨੂੰ ਪਤਾ ਲੱਗਾ ਹੈ ਕਿ ਇੱਥੋਂ ਦੇ ਕਾਨੂੰਨ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਇਕੱਲਿਆਂ ਘਰ ਵਿੱਚ ਨਹੀਂ ਛੱਡਿਆ ਜਾ ਸਕਦਾ । ਮਤਲਬ ਇਹ ਹੈ ਕਿ ਮਾਂ ਜਾਂ ਬਾਪ ਦੋਹਾਂ ਵਿੱਚੋਂ ਕਿਸੇ ਇੱਕ ਨੂੰ ਘਰ ਰਹਿਣਾ ਹੀ ਪਵੇਗਾ । ਘਰ ਬੈਠਿਆਂ ਖ਼ਰਚ ਕਿਦਾਂ ਨਿੱਕਲੇਗਾ, ਇਹ ਸੋਚ-ਵਿਚਾਰ ਕਰਨ ਵਾਲੀ ਗੱਲ ਹੈ । ਜੇਕਰ ਬੱਚਾ ਪੰਜ ਸਾਲ ਤੋਂ ਉੱਪਰ ਹੈ ਤਾਂ ਉਸਨੂੰ ਸਕੂਲ ਭੇਜਣਾ ਲਾਜ਼ਮੀ ਹੈ । ਸਕੂਲ ਦਾ ਖ਼ਰਚ ਬਹੁਤ ਜਿ਼ਆਦਾ ਹੈ । ਇੱਥੇ ਬੱਘੀਆਂ ਜਾਂ ਰਿਕਸ਼ੇ ਨਹੀਂ ਹਨ, ਬੱਚੇ ਨੂੰ ਆਪ ਹੀ ਸਕੂਲ ਲੈ ਜਾਣਾ ਤੇ ਲਿਆਉਣਾ ਪੈਂਦਾ ਹੈ । ਜੇਕਰ ਬੱਚਾ ਪੰਜ ਸਾਲ ਤੋਂ ਘੱਟ ਹੈ ਤੇ ਮਾਪੇ ਕੰਮ/ਪੜ੍ਹਾਈ ਕਰਨ ਜਾਣਾ ਚਾਹੁੰਦੇ ਹਨ ਤਾਂ ਉਸਨੂੰ ਡੇ-ਬੋਰਡਿੰਗ ਵਿੱਚ ਛੱਡਣਾ ਪਵੇਗਾ । ਡੇ-ਬੋਰਡਿੰਗ ਦਾ ਖ਼ਰਚ ਏਨਾ ਕੁ ਜਿ਼ਆਦਾ ਹੈ ਕਿ ਬਹੁਤੇ ਮਾਪੇ ਕੰਮ ਛੱਡ ਕੇ ਘਰ ਬੈਠਣਾ ਜਿ਼ਆਦਾ ਮੁਨਾਸਿਬ ਸਮਝਦੇ ਹਨ । ਇੱਥੇ ਮੈਂ ਅਜਿਹੇ ਕਈ ਜੋੜਿਆਂ ਨੂੰ ਮਿਲਿਆ ਹਾਂ ਜਿਨ੍ਹਾਂ ਨੇ ਕਿ ਆਪਣੇ ਬੱਚੇ ਵਾਪਸ ਵਤਨੀਂ ਭੇਜ ਦਿੱਤੇ ਹਨ ਜਾਂ ਭੇਜਣ ਬਾਰੇ ਸੋਚ ਰਹੇ ਹਨ । ਅਜਿਹੇ ਜੋੜਿਆਂ ਨੂੰ ਮੈਂ ਇੱਕ ਸਲਾਹ ਦੇਣੀ ਚਾਹਾਂਗਾ ਕਿ ਜੀ ਸਦਕੇ ਆਸਟ੍ਰੇਲੀਆ ਆਓ, ਪਰ ਜੇਕਰ ਸੰਭਵ ਹੋ ਸਕੇ ਤਾਂ ਇੱਕ ਵਾਰ ਬੱਚੇ ਨਾਲ ਨਾਂ ਲੈ ਕੇ ਆਓ । ਇੱਥੋਂ ਦੇ ਰੰਗ-ਢੰਗ ਦੇਖੋ, ਕੰਮ-ਕਾਰ ਦੇਖੋ, ਮੁੜ ਬੱਚੇ ਤਾਂ ਜਦੋਂ ਜੀ ਕਰੇ ਬੁਲਾ ਲਵੋ । ਇਸ ਗੱਲ ਦਾ ਇਹ ਮਤਲਬ ਨਹੀਂ ਕਿ ਬੱਚੇ ਦਾ ਵੀਜ਼ਾ ਵੀ ਨਹੀਂ ਲਗਵਾਉਣਾ । ਇਹ ਗ਼ਲਤੀ ਵੀ ਨਾ ਕਰ ਬੈਠਣਾ । ਮੈਂ ਖੁਦ ਤਾਂ ਨਹੀਂ ਮਿਲਿਆ ਪਰ ਇੱਕ ਅਜਿਹੇ ਜੋੜੇ ਬਾਰੇ ਪਤਾ ਲੱਗਾ ਹੈ, ਜਿਨਾਂ ਵੀਜ਼ਾ ਲਗਵਾਉਣ ਸਮੇਂ ਆਪਣੇ ਬੱਚੇ ਦਾ ਜਿ਼ਕਰ ਨਹੀਂ ਸੀ ਕੀਤਾ, ਹੁਣ ਉਹ ਇੱਥੇ ਸੈੱਟ ਹੋ ਚੁੱਕੇ ਹਨ ਤੇ ਬੱਚੇ ਨੂੰ ਬੁਲਾਉਣਾ ਚਾਹੁੰਦੇ ਹਨ, ਪਰ ਇਸ ਗੱਲ ਦਾ ਜੁਆਬ ਦੇਣਾ ਔਖਾਂ ਹੋਇਆ ਪਿਆ ਹੈ ਕਿ ਉਹ ਪਿਛਲੇ ਕਰੀਬ ਸਾਲ-ਡੇਢ ਸਾਲ ਤੋਂ ਤਾਂ ਮੈਲਬੌਰਨ ਵਿੱਚ ਹਨ ਤੇ ਪੰਜਾਬ ਵਿੱਚ ਉਨ੍ਹਾਂ ਦਾ ਨਿਆਣਾ ਕਿਥੋਂ ਜੰਮ ਪਿਆ । ਬੱਚਿਆਂ ਨੂੰ ਇੱਥੇ ਨਾ ਲੈ ਕੇ ਆਉੁਣ ਦਾ ਇੱਕ ਹੋਰ ਕਾਰਨ ਦੋਹਾਂ ਦੇਸ਼ਾਂ ਦੀ ਕਰੰਸੀ ਦੇ ਮੁੱਲ ਦਾ ਵੱਡਾ ਫ਼ਰਕ ਵੀ ਹੈ । ਅਪਣੇ ਵਤਨ ਵਿੱਚ ਅਸੀਂ ਬੱਚਿਆਂ ਦੀਆਂ ਮੰਗਾਂ ਤੁਰੰਤ ਹੀ ਪੂਰੀਆਂ ਕਰ ਦਿੰਦੇ ਹਾਂ । ਇੱਥੇ ਇੰਝ ਨਹੀਂ ਹੁੰਦਾ ਜਿਨ੍ਹਾਂ ਚਿਰ ਸਾਡੀ ਆਮਦਨ ਸ਼ੁਰੂ ਨਾ ਹੋ ਜਾਵੇ, ਕਿਉਂਕਿ ਸਾਡੇ ਕੋਲ ਭਾਰਤ ਤੋਂ ਲਿਆਂਦੀ ਕਰੰਸੀ ਹੁੰਦੀ ਹੈ । ਰੋਜ਼ਾਨਾ ਜਿੰਦਗੀ ਦੀ ਜ਼ਰੂਰਤ ਦੀਆਂ ਵਸਤਾਂ ਜਿਵੇਂ ਦੁੱਧ, ਆਟਾ, ਸਬਜ਼ੀ ਆਦਿ ਖਰੀਦ ਕੇ ਨਾਲ਼ ਦੀ ਨਾਲ਼ 35 ਨਾਲ ਗੁਣਾ ਕਰਨ ਬਹਿ ਜਾਂਦੇ ਹਾਂ । ਆਪਣੇ ਦੇਸ਼ ਵਿੱਚ ਰਹਿੰਦਿਆਂ ਦਸ ਰੁਪੈ ਦੀ ਚਾਕਲੇਟ ਜਾਂ ਚਿਪਸ ਨਾਲ ਨਿਆਣਾ ਵਰ੍ਹਾ ਲੈਂਦੇ ਹਾਂ ਪਰ ਆਸਟ੍ਰੇਲੀਆ ਵਿੱਚ ਇਹ ਮੁਮਕਿਨ ਨਹੀਂ ਹੈ । ਚਿਪਸ ਜਾਂ ਚਾਕਲੇਟ ਤਾਂ ਉਹੀ ਹੁੰਦਾ ਹੈ ਪਰ ਖ਼ਰਚ ਕੀਤੀ ਜਾਣ ਵਾਲੀ ਕਰੰਸੀ ਪਲਾਸਟਿਕ ਦੇ ਨੋਟਾਂ ਦੇ ਰੂਪ ਵਿੱਚ ਹੁੰਦੀ ਹੈ । ਇਹ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਭਾਰਤ ਅਨੁਸਾਰ ਉਤਨੀ ਦੇਰ ਪੂਰੀਆਂ ਨਹੀਂ ਕਰ ਸਕਦੇ, ਜਿਤਨਾ ਸਮਾਂ ਇੱਥੇ ਕਮਾਈ ਨਾ ਸ਼ੁਰੂ ਹੋ ਜਾਵੇ । ਅਸੀਂ ਆਪਣੀਆਂ ਫੁੱਲਾਂ ਵਰਗੀਆਂ ਮਾਸੂਮ ਬੇਟੀਆਂ ਅੱਠ ਸਾਲਾ ਤਨੀਸ਼ਾ ਤੇ ਤਿੰਨ ਸਾਲਾ ਗਰਿਮਾ ਨੂੰ ਕੇਵਲ ਕੁਝ ਮਹੀਨਿਆਂ ਲਈ ਹੀ ਵਤਨੀਂ ਛੱਡ ਕੇ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਤਾਂ ਜੋ ਤਨੀਸ਼ਾ ਆਪਣੀ ਕਲਾਸ ਦੇ ਪੇਪਰ ਫਰੀਦਕੋਟ ਹੀ ਦੇਵੇ ਤੇ ਸਾਲ ਖ਼ਰਾਬ ਨਾ ਹੋਵੇ । ਅਸੀਂ ਸੋਚਦੇ ਸਾਂ ਕਿ ਮੈਲਬੌਰਨ ਜਾ ਕੇ ਕੁਝ ਮਹੀਨਿਆਂ ਵਿੱਚ ਸੈੱਟ ਹੋ ਕੇ ਬੁਲਵਾ ਲਵਾਂਗੇ ਪਰ ਇਥੋਂ ਦੇ ਹਾਲਾਤ ਦੇਖਦਿਆਂ ਸਾਨੂੰ ਬੱਚੇ ਬੁਲਾਉਣ ਦਾ ਪ੍ਰੋਗਰਾਮ ਫਿਲਹਾਲ ਮੁਲਤਵੀ ਕਰਨਾ ਪਿਆ ਹੈ । ਤਨੀਸ਼ਾ – ਗਰਿਮਾ, ਬੇਟਾ ਮੁਆਫ਼ ਕਰਨਾ, ਪਾਪਾ ਮੰਮੀ ਨੂੰ, ਜੋ ਆਪਣਾ ਵਾਅਦਾ ਨਹੀਂ ਨਿਭਾ ਸਕੇ ।

ਪੰਜਾਬੀ ਸ਼ਬਦ-ਜੋੜਾਂ ਦੀ ਸਰਲਤਾ ਤੇ ਸਮਾਨਤਾ……… ਲੇਖ / ਗਿਆਨੀ ਸੰਤੋਖ ਸਿੰਘ

ਮੁਢਲੀ ਗੱਲ
ਪੰਜਾਬੀ ਦੇ ਸ਼ਬਦ-ਜੋੜਾਂ ਦੀ, ਅੰਗ੍ਰੇਜ਼ੀ ਵਾਂਗ ਇਕਸਾਰਤਾ ਦੀ ਆਸ ਰੱਖਣਾ, ਕੁਝ ਕੁਝ, ਖੋਤੇ ਦੇ ਸਿਰੋਂ ਸਿਙਾਂ ਦੀ ਭਾਲ਼ ਕਰਨ ਵਾਂਗ ਹੀ ਹੈ। ਇਸਦੇ ਕਈ ਕਾਰਨ ਹਨ। ਇਕ ਤਾਂ ਇਹ ਹੈ ਕਿ ਹਰ ਕੋਈ, ਸਮੇਤ ਮੇਰੇ, ਸਮਝਦਾ ਹੈ ਕਿ ਜਿਸ ਤਰ੍ਹਾਂ ਮੈ ਲਿਖਦਾ ਹਾਂ ਓਹੀ ਸ਼ੁਧ ਹੈ; ਬਾਕੀ ਸਾਰੇ ਗ਼ਲਤ ਹਨ। ਇਸ ਲਈ ਹਰ ਕੋਈ ਆਪਣੀ ਮਨ ਮਰਜੀ ਅਨੁਸਾਰ ਲਿਖੀ ਜਾਂਦਾ ਹੈ ਤੇ ਇਸ ਬਾਰੇ ਕਦੀ ਵਿਚਾਰ ਵੀ ਨਹੀ ਕਰਦਾ।

ਇਹ ਵੀ ਠੀਕ ਹੈ ਸ਼ਬਦ ਭਾਸ਼ਾ ਨੂੰ ਪ੍ਰਗਟਾਉਣ ਦਾ ਕੇਵਲ ਇਕ ਜ਼ਰੀਆ ਹਨ ਤੇ ਸ਼ਬਦਾਂ ਨੂੰ ਅੱਖਰਾਂ ਰਾਹੀਂ ਲਿਖਿਆ ਜਾਣਾ ਹੈ। ਜੇਕਰ ਸ਼ਬਦ ਪੜ੍ਹ ਕੇ ਸਮਝਿਆ ਜਾ ਸਕਦਾ ਹੈ ਤੇ ਲਿਖਾਰੀ ਦੀ ਗੱਲ ਪਾਠਕ ਦੀ ਸਮਝ ਵਿਚ ਆ ਗਈ ਹੈ ਤਾਂ ਠੀਕ ਹੀ ਹੈ। ਇਸ ਵਿਚ ਕੋਈ ਗ਼ਲਤੀ ਨਹੀ। ਜੇਕਰ ਕੱਪੜਾ ਗਰਮੀ ਸਰਦੀ ਤੋਂ ਸਰੀਰ ਨੂੰ ਬਚਾਉਂਦਾ ਹੈ ਤੇ ਪੜਦਾ ਕੱਜਦਾ ਹੈ ਤਾਂ ਆਪਣਾ ਮਕਸਦ ਪੂਰਾ ਕਰ ਰਿਹਾ ਹੈ ਤੇ ਜੇਕਰ ਇਸਦੇ ਨਾਲ਼ ਨਾਲ਼ ਢੁਕਵਾਂ ਫੱਬਵਾਂ ਵੀ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਂਗ, ਸਾਡੀ ਸ਼ਖ਼ਸੀਅਤ ਨੂੰ ਨਿਖਾਰਨ ਵਿਚ ਵੀ ਭਰਪੂਰ ਹਿੱਸਾ ਪਾਉਂਦਾ ਹੈ। ਏਸੇ ਲਈ ਸਿਆਣਿਆਂ ਨੇ ਮਨੁਖ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਲਗਾਉਣ ਲਈ ਜਿਥੇ ਰਫ਼ਤਾਰ ਤੇ ਗੁਫ਼ਤਾਰ ਨੂੰ ਸਾਹਮਣੇ ਰੱਖਿਆ ਹੈ ਓਥੇ ਆਰੰਭ ਵਿਚ ਦਸਤਾਰ ਨੂੰ ਵੀ ਓਨੀ ਹੀ ਮਹੱਤਤਾ ਦਿਤੀ ਹੈ। ਇਸ ਲਈ ਜੇਕਰ ਅਸੀਂ ਪੰਜਾਬੀ ਭਾਸ਼ਾ ਨੂੰ ਲਿਖਣ ਵਾਲ਼ੀ ਲਿੱਪੀ 'ਗੁਰਮੁਖੀ' ਦੇ ਸ਼ਬਦ-ਜੋੜਾਂ ਨੂੰ ਵੀ ਬੋਲਣ ਦੇ ਨੇੜੇ ਨੇੜੇ ਰੱਖਦੇ ਹੋਏ, ਇਹਨਾਂ ਵਿਚ ਸਰਲਤਾ ਤੇ ਸਮਾਨਤਾ ਲਿਆਉਣ ਵਿਚ ਹਿੱਸਾ ਪਾ ਸਕਦੇ ਹੋਈਏ ਤਾਂ ਇਹ ਹੋਰ ਵੀ ਚੰਗੇਰੀ ਗੱਲ ਹੋਵੇਗੀ।

ਮੇਰੇ ਵਿਚਾਰ ਵਿਚ ਪੰਜਾਬੀ ਯੂਵਰਸਿਟੀ ਪਟਿਆਲਾ ਵੱਲੋਂ, ਬਹੁਤ ਸਮਾ, ਮੇਹਨਤ ਤੇ ਧਨ ਖ਼ਰਚ ਕੇ ਤਿਆਰ ਕੀਤਾ ਗ੍ਰੰਥ, 'ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼' ਬਹੁਤ ਲਾਭਕਾਰੀ ਸਾਬਤ ਹੋ ਸਕਦਾ ਹੈ। ਸੰਪਾਦਕਾਂ. ਕੰਪੋਜ਼ਰਾਂ, ਪਰੂਫ਼ ਰੀਡਰਾਂ ਤੇ ਇਸ ਪਾਸੇ ਦਾ ਸ਼ੌਕ ਰੱਖਣ ਵਾਲ਼ੇ ਹੋਰ ਸਭ ਸੱਜਣਾਂ ਲਈ ਜ਼ਰੂਰ ਇਹ ਗ੍ਰੰਥ ਲਾਭਕਾਰੀ ਹੋਵੇਗਾ। ਮੈ ਵੀ ਗੁਰਦੁਆਰਾ ਸਾਹਿਬ ਪਰਥ, ਵੈਸਟ ਆਸਟ੍ਰੇਲੀਆ, ਦੀ ਲਾਇਬ੍ਰੇਰੀ ਵਿਚ ਹੀ ਇਸ ਤੇ ਚਲਾਵੀਂ ਜਿਹੀ ਝਾਤ ਪਾਈ ਸੀ। ਜਦੋਂ ਵੀ ਦੇਸ਼ ਗਿਆ ਇਸਨੂੰ ਲੈ ਕੇ ਆਵਾਂਗਾ।

(ਹੁਣ ਇਸ ਗ੍ਰੰਥ ਨੂੰ ਜਰਾ ਜ਼ਿਆਦਾ ਗਹੁ ਨਾਲ਼ ਵੇਖਣ ਤੇ ਪਤਾ ਲੱਗਾ ਹੈ ਕਿ ਇਸ ਵਿਚ ਮੇਰੀ ਸੋਚ ਨਾਲ਼ੋਂ ਕਿਤੇ ਵਧ ਖਾਮੀਆਂ ਹਨ। ਇਸ ਵਿਚ ਦਰਸਾਏ ਗਏ ਨਿਯਮਾਂ ਨੂੰ ਖ਼ੁਦ ਇਸ ਗ੍ਰੰਥ ਦੇ ਲਿਖਾਰੀਆਂ ਨੇ ਵੀ ਨਹੀ ਅਪਣਾਇਆ। ਇਸ ਬਾਰੇ ਜਾਣਕਾਰੀ ਦੇਣ ਵਾਲੀਆਂ ਲਿਖਤਾਂ ਵਿਚ ਹੋਰ ਜੋੜ ਹਨ ਤੇ ਨਿਯਮਾਂ ਵਿਚ ਹੋਰ। ਫਿਰ ਸਿੰਘ ਬਰਦਰਜ਼ ਵਾਲ਼ੇ ਸ. ਗੁਰ ਸਾਗਰ ਸਿੰਘ ਜੀ ਤੋਂ ਪਤਾ ਲੱਗਾ ਹੈ ਕਿ ਗ੍ਰੰਥ ਦੀ ਤਿਆਰੀ ਤੋਂ ਬਾਅਦ ਬਣਨ ਵਾਲ਼ੇ ਵੀ. ਸੀ. ਸਾਹਿਬ ਨੇ ਇਕ ਹੋਰ ਕਿਤਾਬਚਾ ਛਾਪ ਕੇ ਇਹਨਾਂ ਵਿਚ ਵੀ ਅਦਲਾ ਬਦਲੀ ਕਰ ਦਿਤੀ ਹੈ।)

ਪੰਜਾਬੀ ਦੇ ਸ਼ਬਦ-ਜੋੜਾਂ ਦੀ ਘੜਮੱਸ ਚੌਦੇਂ
ਵੈਸੇ ਤਾਂ ਇਹਨਾਂ ਦਿਨਾਂ ਵਿਚ ਪੰਜਾਬੀ ਪੜ੍ਹਨ ਤੇ ਲਿਖਣ ਦਾ ਯਤਨ ਕਰਨਾ ਹੀ ਇਕ ਪ੍ਰਸੰਸਾ ਦੇ ਯੋਗ ਕਾਰਜ ਹੈ ਤੇ ਫੇਰ ਜੇਕਰ ਕੋਈ ਵਿਦਵਾਨ ਲ਼ਿਖਣ ਸਮੇ ਇਸਦੇ ਸ਼ਬਦ-ਜੋੜਾਂ ਦੀ ਸਰਲਤਾ ਤੇ ਸਮਾਨਤਾ ਨੂੰ ਵੀ ਧਿਆਨ ਵਿਚ ਰੱਖਣ ਦਾ ਯਤਨ ਕਰੇ ਤਾਂ ਇਹ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਹੋਵੇਗੀ। ਜੇਕਰ ਹੋ ਸਕੇ ਤਾਂ ਅਸੀਂ ਇਸਨੂੰ ਲਿਖਣ ਵਾਲ਼ੇ, ਸਮਰੱਥਾ ਅਨੁਸਾਰ, ਕੁਝ ਹੋਰ ਉਦਮ ਕਰਕੇ, ਇਹਨਾਂ ਵਿਚ ਸਰਲਤਾ ਤੇ ਇਕਸਾਰਤਾ ਲਿਆਉਣ ਦਾ, ਸਹਿੰਦਾ ਸਹਿੰਦਾ ਯਤਨ ਕਰਦੇ ਰਹੀਏ ਤਾਂ ਇਹ ਵੀ ਮਾਂ-ਬੋਲੀ ਦੀ ਇਕ ਕਿਸਮ ਦੀ ਸੇਵਾ ਹੀ ਹੋਵੇਗੀ। ਇਹ ਵੀ ਸੱਚ ਹੈ ਕਿ ਹਰ ਲੇਖਕ ਆਪਣੀ ਮਰਜੀ ਅਨੁਸਾਰ ਸ਼ਬਦ-ਜੋੜਾਂ ਦੀ ਵਰਤੋਂ ਕਰਦਾ ਹੈ; ਇਸ ਤਰ੍ਹਾਂ ਕਰਨ ਨੂੰ ਉਹ ਠੀਕ ਵੀ ਸਮਝਦਾ ਹੈ ਤੇ ਇਉਂ ਸਮਝਣਾ ਉਸਦਾ ਹੱਕ ਵੀ ਹੈ। ਹਰੇਕ ਵਿਦਵਾਨ ਲਿਖਾਰੀ ਦੇ ਇਸ ਹੱਕ ਦਾ ਆਦਰ ਕਰਦਿਆਂ ਹੋਇਆਂ ਵੀ, ਇਕਸਾਰਤਾ ਵਾਸਤੇ, ਯਥਾਸ਼ਕਤਿ ਉਦਮ ਕਰਨ ਦਾ, ਸਾਡਾ ਵੀ ਹੱਕ ਬਣਦਾ ਹੈ।

ਇਹਨੀ ਦਿਨੀਂ ਪੰਜਾਬੀ ਸ਼ਬਦ-ਜੋੜਾਂ ਦੀ ਤਾਂ ਗਿਆਨੀ ਗਿਆਨ ਸਿੰਘ ਜੀ ਅਨੁਸਾਰ,
“ਅੰਨ੍ਹੀ ਕਉ ਬੋਲ਼ਾ ਘੜੀਸੈ॥
ਨ ਉਸ ਸੁਣੈ ਨ ਉਸ ਦੀਸੈ॥”
ਵਾਲ਼ੀ ਹਾਲਤ ਹੈ। ਹਰ ਕੋਈ ਆਪਣੀ ਮਰਜੀ ਨਾਲ਼ ਹੀ ਲਿਖੀ ਜਾਂਦਾ ਹੈ। ਇਕ ਇਕ ਪੰਜਾਬੀ ਸ਼ਬਦ ਨੂੰ ਪੰਜ ਪੰਜ ਤਰ੍ਹਾਂ ਲਿਖੀ ਜਾਂਦੇ ਹਨ। ਜਿਵੇਂ ਅਜ-ਕਲ੍ਹ ਗੁਰਮੁਖੀ ਫੌਂਟਾਂ ਨੇ ਘੜਮੱਸ ਚੌਦੇਂ ਪਾ ਕੇ ਪੰਜਾਬੀ ‘ਕੰਪਿਊਟਰਿਸਟਾਂ’ ਨੂੰ ਵਖ਼ਤ ਪਾਇਆ ਹੋਇਆ ਹੈ ਏਸੇ ਤਰ੍ਹਾਂ ਸਦੀਆਂ ਤੋਂ ਪੰਜਾਬੀ ਸ਼ਬਦ-ਜੋੜਾਂ ਨੇ ਵੀ ਪਾੜ੍ਹਿਆਂ ਲਈ ਘੀਚਮਚੋਲ਼ਾ ਜਿਹਾ ਪਾਉਣ ਵਿਚ ਕੋਈ ਕਸਰ ਨਹੀ ਛੱਡੀ। “ਜਿਹਾ ਬੋਲੋ, ਤਿਹਾ ਲਿਖੋ” ਅਸੂਲ ਤਾਂ ਬਣਾਇਆ ਸੀ ਸਿਆਣਿਆਂ ਨੇ ਭਈ ਪੰਜਾਬੀ ਵਿਚ ਵੀ ਸਾਈਕਾਲੋਜੀ ਨੂੰ ਪਸਾਈਚਲੋਜੀ ਵਰਗੀ ਹਾਲਤ ਬਣਨ ਤੋਂ ਰੋਕ ਕੇ ਲਿਖਤ ਨੂੰ ਪਾਠਕਾਂ ਦੀ ਬੋਲ-ਚਾਲ ਦੇ ਨੇੜੇ ਰਖਿਆ ਜਾਵੇ ਪਰ ਇਸ ਨਿਯਮ ਦਾ ਲਿਖਾਰੀਆਂ ਨੇ ਓਸੇ ਤਰ੍ਹਾਂ ਹੀ ਦੁਰਉਪਯੋਗ ਕੀਤਾ ਹੈ ਜਿਸ ਤਰ੍ਹਾਂ ਹਿੰਦੁਸਤਾਨ ਦੇ ‘ਰਾਜ-ਰੱਬਾਂ’ ਨੇ ਹਿੰਦੁਸਤਾਨ ਦੇ ਚੰਗੇ ਸੰਵਿਧਾਨ ਦਾ। ਫੇਰ ਸਿਤਮ ਇਹ ਕਿ ਕਿਸੇ ਡਿਕਸ਼ਨਰੀ ਜਾਂ ਹੋਰ ਕਿਸੇ ਪੰਜਾਬੀ ਪਾਸੋਂ ਪੁੱਛ ਲੈਣ ਨੂੰ ਆਪਣੀ ਹੱਤਕ ਖਿਆਲ ਕਰਦੇ ਹਨ। ਅੰਗ੍ਰੇਜ਼ੀ ਦੇ ਜੋ ਸਪੈਲਿੰਗ 1476 ਵਿਚ, ਮਿ. ਕੈਕਸਟਨ (William Caxton (c. 1415-1422 – c. March 1492) ਨੇ ਬਣਾ ਦਿਤੇ ਅਂਜ ਵੀ ਉਹ ਤਕਰੀਬਨ ਸਾਰੀ ਦੁਨੀਆਂ ਤੇ ਚੱਲਦੇ ਹਨ।

ਪੰਜਾਬੀ ਯੂਨਵਿਰਸਟੀ ਪਟਿਆਲਾ ਵਾਲ਼ਿਆਂ ਨੇ ਕਰੋੜਾਂ ਖ਼ਰਚ ਕੇ, 159 ਵਿਦਵਾਨਾਂ ਦੀ ਸਹਾਇਤਾ ਲੈ ਕੇ. ਪੂਰਾ ਜ਼ਿਲਾ ਅੰਮ੍ਰਿਤਸਰ ਤੇ ਜ਼ਿਲਾ ਗੁਰਦਾਸਪੁਰ ਦੀ ਤਸੀਲ ਬਟਾਲਾ ਨੂੰ ਆਧਾਰ ਬਣਾ ਕੇ, ‘ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼’ ਨਾਂ ਦਾ ਬੜਾ ਵੱਡਾ ਗ੍ਰੰਥ ਸਿਰਜਿਆ ਹੈ। ਉਦਮ ਬੜਾ ਹੀ ਸ਼ਲਾਘਾਯੋਗ ਹੈ ਪਰ ਉਹ ਵੀ ਊਣਤਾਈਆਂ ਤੋਂ ਰਹਿਤ ਨਹੀ। ਮਿਸਾਲ ਵਜੋਂ ਅਸੀਂ ਦੋ ਸ਼ਬਦ ਲੈਂਦੇ ਹਾਂ। ਇਕ ਹੈ ‘ਹੁਦਾਰ’ ਉਹ ਇਸ ਅਰਥ ਵਿਚ ਉਧਾਰ ਸ਼ਬਦ ਨੂੰ ਵਰਤਦੇ ਹਨ ਤੇ ਨਾਲ਼ ਹੀ ਆਖਦੇ ਨੇ ਕਿ ਬੋਲ-ਚਾਲ ਵਿਚ ਹੁਦਾਰ ਵੀ ਵਰਤਿਆ ਜਾਂਦਾ ਹੈ। ਦੱਸੋ ਕਿ ਜੇ ਅੰਮ੍ਰਿਤਸਰ ਦੇ ਵਸਨੀਕ ਹੁਦਾਰ ਆਖਦੇ ਹਨ ਤਾਂ ਤੁਸੀਂ ਕਿਉਂ ਉਧਾਰ ਲਿਖ ਕੇ ਦੁਬਿਧਾ ਖੜ੍ਹੀ ਕਰਦੇ ਹੋ ਜਦੋਂ ਕਿ ਇਹ ਉਧਾਰ ਸ਼ਬਦ ਹੋਰ ਅਰਥਾਂ ਵਿਚ ਪਹਿਲਾਂ ਹੀ ਪੰਜਾਬੀ ਭਾਸ਼ਾ ਵਿਚ ਵਰਤੀਂਦਾ ਹੈ! ਦੂਜਾ ਸ਼ਬਦ ਹੈ ‘ਛਨਿਛਰਵਾਰ’। ਇਸ ਦੀ ਤਾਂ ਬਿਲਕੁਲ ਹੀ ਗ਼ਲਤ ਵਰਤੋਂ ਹੁੰਦੀ ਹੈ। ਇਹਨਾਂ ਨੇ ਵੀ ਇਸਨੂੰ ‘ਸ਼ਨਿਚਰਵਾਰ’ ਲਿਖ ਕੇ ਨਾਲ਼ ਹੀ ਲਿਖ ਦਿਤਾ ਹੈ ਕਿ ਬੋਲ-ਚਾਲ ਵਿਚ ‘ਛਨਿਛਰਵਾਰ’ ਵੀ ਵਰਤਿਆ ਜਾਂਦਾ ਹੈ। ਦੱਸੋ ਭਈ ਜੇ ਚਾਰ ਸਦੀਆਂ ਪਹਿਲਾਂ ਲਿਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਛਨਿਛਰਵਾਰ’ ਹੈ ਤੇ ਤੁਸੀਂ ਖ਼ੁਦ ਵੀ ਮੰਨਦੇ ਹੋ ਕਿ ਅੱਜ ਵੀ ਲੋਕੀਂ ਇਸਨੂੰ ‘ਛਨਿਛਰਵਾਰ’ ਬੋਲਦੇ ਹਨ ਤਾਂ ਤੁਹਾਨੂੰ ਕੀ ਮਜਬੂਰੀ ਹੈ ਜਿਸ ਕਰਕੇ ਤੁਸੀਂ ਇਸਦੇ ਸਹੀ ਉਚਾਰਣ ‘ਛਨਿਛਰਵਾਰ’ ਨੂੰ ਬਦਲ ਕੇ ‘ਸ਼ਨਿਚਰਵਾਰ’ ਬਣਾ ਲਿਆ ਹੈ!

ਭਾਵੇਂ ਕਿ ਬਹੁਤ ਸਾਰੇ ਵਿਦਵਾਨ ਇਸ ਵਿਸ਼ੇ ਨੂੰ ਬੇਲੋੜਾ ਹੀ ਸਮਝਣ ਪਰ ਕੋਈ ਚਾਰ-ਕੁ ਦਹਾਕੇ ਪਹਿਲਾਂ, ‘ਪ੍ਰੀਤਲੜੀ’ ਵਿਚ ਦੋ ਧੁਰੰਤਰ ਵਿਦਵਾਨਾਂ ਦੇ ਵਿਚਾਰ ਇਸ ਸਬੰਧ ਵਿਚ ਪੜ੍ਹੇ; ਅੱਜ ਤੱਕ ਨਹੀ ਭੁੱਲੇ। ਇਕ ਸਨ ਡਾ: ਹਰਿਭਜਨ ਸਿੰਘ ਜੀ ਅਤੇ ਦੂਜੇ ਸਨ ਸ: ਸੋਹਣ ਸਿੰਘ ਜੋਸ਼ ਜੀ। ਡਾਕਟਰ ਸਾਹਿਬ ਹਿੰਦੀ ਦੀ ਪੀ. ਐਚ. ਡੀ. ਸਨ ਤੇ ਦਿੱਲੀ ਯੂਨੀਵਰਸਟੀ ਵਿਚ ਹਿੰਦੀ ਦੇ ਪ੍ਰੋਫ਼ੈਸਰ ਸਨ ਤੇ ਹਿੰਦੀ ਦੇ ਪ੍ਰਭਾਵ ਅਧੀਨ, ਉਹਨਾਂ ਨੇ ਇਕ ਲੇਖ ਵਿਚ ‘ਪਾਣੀ’ ਨੂੰ ‘ਪਾਨੀ’ ਲਿਖ ਦਿਤਾ। ਸ: ਸੋਹਣ ਸਿੰਘ ਜੋਸ਼ ਸਾਬਕ ਅਕਾਲੀ ਅਤੇ ਪ੍ਰਸਿਧ ਕਮਿਊਨਿਸਟ ਲਿਖਾਰੀ ਤੇ ਪੱਤਰਕਾਰ ਸਨ; ਤੇ ਭਾਵੇਂ ਰਹਿੰਦੇ ਉਹ ਵੀ ਦਿੱਲੀ ਵਿਚ ਹੀ ਸਨ ਪਰ ਜ਼ਿਲਾ ਅੰਮ੍ਰਿਤਸਰ ਦੇ ਜੰਮ-ਪਲ਼ ਹੋਣ ਕਰਕੇ, ਉਹਨਾਂ ਨੇ ਇਸ ਨੂੰ ਬੜੀ ਗੰਭੀਰਤਾ ਨਾਲ਼ ਲਿਆ। ਡਾਕਟਰ ਸਾਹਿਬ ਦੇ ਇਹ ਕਹਿਣ ਤੇ, “ਕੀ ਆਖਰ ਆ ਗਈ ਜੇ ਮੈ ਪਾਣੀ ਨੂੰ ਪਾਨੀ ਲਿਖ ਦਿਤਾ ਤਾਂ!” ਜਵਾਬ ਵਿਚ ਜੋਸ਼ ਜੀ ਨੇ ਆਖਿਆ, “ਅਸੀਂ ਸਹੇ ਨੂੰ ਨਹੀ ਪਹੇ ਨੂੰ ਰੋਂਦੇ ਹਾਂ। ਪਾਣੀ ਨੂੰ ਪਾਨੀ ਆਖਣ ਨਾਲ਼ ਆਖਰ ਨਹੀ ਆਈ। ਡਰ ਹੈ ਕਿ ਇਹ ਕਿਤੇ 'ਪਾਣੀ' ਤੋਂ 'ਪਾਨੀ' ਬਣਦਾ ਬਣਦਾ 'ਜਲ' ਨਾ ਬਣ ਜਾਵੇ, ਜੋ ਫੇਰ ਸਾਥੋਂ ‘ਗ੍ਰਹਿਣ’ ਨਹੀ ਕਰ ਹੋਣਾ।“

ਪੰਜਾਬੀ ਵਿਚ ਬਹੁਤ ਵਾਰੀਂ ਇਸ ਤਰ੍ਹਾਂ ਹੁੰਦਾ ਹੈ ਕਿ ਗ਼ਲਤ ਸ਼ਬਦ-ਜੋੜਾਂ ਕਰਕੇ ਅਰਥ ਦਾ ਅਨਰਥ ਹੀ ਹੋ ਜਾਂਦਾ ਹੈ। ਅਸੀਂ ਪਦ ਨੂੰ ਪੱਦ ਤੇ ਪੱਦ ਨੂੰ ਪਦ, ਪੱਧਰ ਨੂੰ ਪਧਰ ਤੇ ਪਧਰ ਨੂੰ ਪੱਧਰ, ਜਾਂਚ ਨੂੰ ਜਾਚ ਤੇ ਜਾਚ ਨੂੰ ਜਾਂਚ, ਪਤਨ ਨੂੰ ਪੱਤਣ ਤੇ ਪੱਤਣ ਨੂੰ ਪਤਨ, ਉਧਾਰ ਨੂੰ ਹੁਦਾਰ ਤੇ ਹੁਦਾਰ ਨੂੰ ਉਧਾਰ, ਬਿਨਾ ਇਹਨਾਂ ਦੇ ਅਰਥ ਸਮਝੇ ਹੀ ਲਿਖੀ ਜਾ ਰਹੇ ਹਾਂ। ਅਸੀਂ ਇਹ ਜਾਨਣ ਦਾ ਯਤਨ ਹੀ ਨਹੀ ਕਰਦੇ ਕਿ ਪੰਜਾਬੀ ਦੇ ਇਹ ਤਿੰਨ ਸ਼ਬਦ ਉਦਾਰ, ਉਧਾਰ ਤੇ ਹੁਦਾਰ ਹਨ ਜਿਨ੍ਹਾਂ ਦੇ ਵੱਖ ਵੱਖ ਅਰਥ ਹਨ:
(ੳ) ਉਧਾਰ -- ਗੁਰੂ ਨਾਨਕ ਦੇਵ ਜੀ ਨੇ ਪਾਪੀਆਂ ਦਾ ਉਧਾਰ ਕੀਤਾ।
(ਅ) ਉਦਾਰ -- ਉਹ ਉਦਾਰ ਵਿਚਾਰਾਂ ਦਾ ਧਾਰਨੀ ਹੈ।
(ੲ) ਹੁਦਾਰ --ਮੈ ਹੁਦਾਰ ਚੁੱਕ ਕੇ ਕੰਮ ਸਾਰਿਆ।

ਇਕ ਅੱਖਰ, ਪੈਰ ਵਿਚ ਬਿੰਦੀ ਵਾਲ਼ੇ ਜ਼ ਦੀ ਵੀ ਅਜ ਕਲ੍ਹ ਬੁਰੀ ਤਰ੍ਹਾਂ ਮਿੱਟੀ ਬਾਲ਼ੀ ਜਾਦੀ ਹੈ। ਕੁਝ ਸਾਲਾਂ ਤੋਂ ਅਖ਼ਬਾਰਾਂ, ਕਿਤਾਬਾਂ, ਸਾਈਨ ਬੋਰਡਾਂ, ਏਥੋਂ ਤੱਕ ਕਿ ਆਮ ਬੋਚ-ਚਾਲ ਵਿਚ ਵੀ ਇਸਨੂੰ ਜ ਦੇ ਥਾਂ ਏਨੀ ਬੁਰੀ ਤਰ੍ਹਾਂ ਗ਼ਲਤ ਵਰਤਿਆ ਜਾਂਦਾ ਹੈ ਕਿ ਕਈ ਵਾਰ ਖ਼ੁਦ ਨੂੰ ਇਹ ਭੁਲੇਖਾ ਲੱਗ ਜਾਣ ਦੀ ਨੌਬਤ ਵੀ ਆ ਜਾਂਦੀ ਹੈ ਕਿ ਜੇਕਰ ਏਨੇ ਵਿਦਵਾਨ ਲੋਕ ਇਸ ਤਰ੍ਹਾਂ ਇਸਨੂੰ ਵਰਤਦੇ ਹਨ ਤਾਂ ਕਿਤੇ ਮੈ ਹੀ ਗ਼ਲਤ ਨਾ ਹੋਵਾਂ! ਇਸ ਗੱਲ ਤੋਂ ਤਾਂ ਕਰੀਬਨ ਸਾਰੇ ਪਾਹੜੇ ਜਾਣੂ ਹੀ ਹਨ ਕਿ ਪੰਜਾਬੀ (ਗੁਰਮੁਖੀ) ਲਿੱਪੀ, ਜਿਸਨੂੰ ਪੈਂਤੀ ਅੱਖਰ ਹੋਣ ਕਰਕੇ ‘ਪੈਂਤੀ’ ਵੀ ਆਖਿਆ ਜਾਂਦਾ ਹੈ, ਵਿਚ ਫ਼ਾਰਸੀ ਦੇ ਸ਼ਬਦਾਂ ਦਾ ਸਹੀ ਉਚਾਰਣ ਕਰਨ ਵਾਸਤੇ ਪੰਜ ਅੱਖਰਾਂ ਦੇ ਪੈਰਾਂ ਵਿਚ ਬਿੰਦੀ ਲਾ ਕੇ ਪੰਜ ਅੱਖਰਾਂ ਦਾ ਵਾਧਾ ਕੀਤਾ ਗਿਆ ਸੀ; ਉਹਨਾਂ ਵਿਚੋਂ ਇਕ ਜ਼ ਵੀ ਹੈ ਪਰ ਵਰਤਣ ਸਮੇ ਇਸਦੀ ਵੀ ਖੇਹ ਉਡਾਈ ਜਾਂਦੀ ਹੈ। ਅਰਥਾਤ ਜਿਥੇ ਲੋੜ ਹੈ ਓਥੇ ਨਹੀ ਤੇ ਜਿਥੇ ਨਹੀ ਵਰਤਣਾ ਓਥੇ ਅਧਕ ਵਾਂਗ ਹੀ, ਜ ਦੇ ਪੈਰ ਵਿਚ ਬਿੰਦੀ ਘਸੋੜ ਦਿੰਦੇ ਹਾਂ। ਸ਼ਾਇਦ ਅਸੀਂ ਦੂਸਰਿਆਂ ਉਪਰ ਆਪਣੀ ਵਿਦਵਤਾ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਵਿਚ ਅਜਿਹਾ ਕਰਦੇ ਹਾਂ! ਸੌਖੀ ਜਿਹੀ ਗਲ ਹੈ ਕਿ ਅਧਕ ਵਾਂਗ ਹੀ ਜਿਥੇ ਅਸੀਂ ਸਪੱਸ਼ਟ ਨਹੀ ਓਥੇ ਇਸਨੂੰ ਨਾ ਵਰਤਿਆ ਜਾਵੇ; ਇਸ ਤੋਂ ਬਿਨਾ ਵੀ ਸਰ ਸਕਦਾ ਹੈ; ਅੰਦਾਜ਼ੇ ਨਾਲ਼ ਗ਼ਲਤ ਵਰਤਣ ਦੀ ਥਾਂ। ਮਿਸਾਲ ਵਜੋਂ: ਜ਼ੰਗ (ਜੰਗ), ਬਰਿਜ਼ (ਬਰਿਜ), ਲੈਂਗਵਿਜ਼ (ਲੈਂਗਵਿਜ). ਫਰਿਜ਼ (ਫਰਿਜ), ਜ਼ਲਵਾ (ਜਲਵਾ), ਹਜ਼ਮ (ਹਜਮ) ਆਦਿ

ਇਕ ਸ਼ਬਦ ਹੈ ‘ਪਰਵਾਰ’ ਜਿਸਦਾ ਸਭ ਤੋਂ ਸਾਦਾ ਰੂਪ ਇਸ ਤਰ੍ਹਾਂ ਹੀ ਹੈ। ਇਸਦੀ ਪ੍ਰੋੜ੍ਹਤਾ, ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਪੁਰਾਤਨ ਸਿੱਖ ਸਾਹਿਤ ਵਿਚੋਂ ਵੀ ਹੁੰਦੀ ਹੈ; ਜਿਵੇਂ ਕਿ, “ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ॥” ਪਰ ਅੱਜ ਅਸੀਂ ਇਸ ਸਭ ਤੋਂ ਸਾਦੇ ਸ਼ਬਦ ਨੂੰ ਵੀ, ਪਰਿਵਾਰ, ਪ੍ਰਵਾਰ, ਪ੍ਰੀਵਾਰ ਦੇ ਰੂਪ ਵਿਚ ਲਿਖਦੇ ਹਾਂ; ਪਤਾ ਨਹੀ ਕਿਉਂ!

ਇਸ ਮੁਲਕ ਦਾ ਨਾਂ ਅੰਗ੍ਰੇਜ਼ੀ ਅੱਖਰਾਂ ਵਿਚ Australia ਹੈ। ਪੰਜਾਬੀ ਵਿਚ ਲਿਖਣ ਸਮੇ ਇਸਨੂੰ ਅਸਟਰੇਲੀਆ, ਆਸਟਰੇਲੀਆ, ਔਸਟਰੇਲੀਆ, ਔਸਟ੍ਰੇਲੀਆ, ਅਸਟ੍ਰੇਲੀਆ ਤੇ ਹੋਰ ਪਤਾ ਨਹੀ ਕਿੰਨੀ-ਕੁ ਤਰ੍ਹਾਂ ਇਹ ‘ਬਿਦਬਾਨ’ ਲਿਖਦੇ ਹਨ ਜਦੋਂ ਕਿ ਬੋਲ-ਚਾਲ ਅਨੁਸਾਰ ਵੀ ਅਤੇ ਪੰਜਾਬ ਯੂਨੀਵਰਸਟੀ ਟੈਕਸਟ ਬੁੱਕ ਵਾਲ਼ਿਆਂ ਵੱਲੋਂ ਪ੍ਰਕਾਸ਼ਤ ਡਿਕਸ਼ਨਰੀ ਵਿਚ ਵੀ ਇਸਦੇ ਸਪੈਲਿੰਗ ਆਸਟ੍ਰੇਲੀਆ ਦਰਜ ਹਨ।

ਸੰਪਾਦਿਕ, ਇਤਿਹਾਸਿਕ, ਮਿਥਿਹਾਸਿਕ, ਆਸ਼ਿਕ, ਅੰਕਿਤ, ਪ੍ਰਕਾਸ਼ਿਤ, ਅੰਤਿਮ, ਕਾਫ਼ਿਰ, ਕਾਮਿਲ, ਪਰਚਾਰਿਕ, ਆਧਾਰਿਤ ਆਦਿ ਸ਼ਬਦਾਂ ਵਿਚਲੇ ਆਖ਼ਰੀ ਅੱਖਰ ਤੋਂ ਪਹਿਲੇ ਅੱਖਰ ਨੂੰ ਲੱਗੀਆਂ ਸਿਹਾਰੀਆਂ, ਹਿੰਦੀ ਵਿਚ ਤਾਂ ਭਾਵੇਂ ਠੀਕ ਹੋਣ ਪਰ ਪੰਜਾਬੀ ਵਿਚ ਇਹਨਾਂ ਦਾ ਪ੍ਰਯੋਗ, ਦੁਰਉਪਯੋਗ ਹੀ ਲੱਗਦਾ ਹੈ।

ਇਕ ਸ਼ਬਦ ‘ਮੱਸ ਫੁੱਟ’ ਪੰਜਾਬੀ ਵਿਚ ਆਮ ਹੀ ਵਰਤਿਆ ਜਾਂਦਾ, ਦਹਾਕਿਆਂ ਤੋਂ ਪੜ੍ਹਦੇ ਸੁਣਦੇ ਆ ਰਹੇ ਸਾਂ, ਜਿਸ ਦਾ ਮਤਲਬ ਹੈ ਕਿ ਜਿਸਨੂੰ ਦਾਹੜੀ ਆ ਰਹੀ ਹੋਵੇ ਪਰ ਇਸਨੂੰ ਹੁਣ ਬਦਲ ਕੇ ਪਤਾ ਨਹੀ ਕਿਉਂ 'ਮੁੱਛ ਫੁੱਟ’ ਲਿਖਣਾ ਸ਼ੁਰੂ ਕਰ ਦਿਤਾ ਗਿਆ ਹੈ! ‘ਮੱਸ’ ਦਾਹੜੀ ਦੇ ਥਾਂ ਸ਼ਾਇਦ ‘ਮੁੱਛ’ ਨੂੰ ਸ਼ਾਮਲ ਕਰ ਲਿਆ ਗਿਆ ਹੈ।

ਨਾਂ, ਸੁਝਾ, ਭੈ, ਸ਼ੈ, ਨਿਭਾ ਆਦਿ ਸ਼ਬਦ ਬੜੀ ਸੋਹਣੀ ਤਰ੍ਹਾਂ ਲਿਖੇ, ਬੋਲੇ ਤੇ ਸਮਝੇ ਜਾਂਦੇ ਸਨ ਪਰ ਪਤਾ ਨਹੀ ਹੁਣ ਇਹਨਾਂ ਨਾਲ਼ ‘ਅ’ ਐਡ ਕਰਨ ਦੀ ਕੀ ਮਜਬੂਰੀ ਆ ਬਣੀ ਹੈ!

ਅੱਜ ਤੋਂ ਅਸੀਂ ਏਨਾ ਉਦਮ ਹੀ ਕਰ ਲਈਏ ਕਿ ਅੱਗੇ ਲਿਖੇ ਪੰਜ ਸ਼ਬਦਾਂ ਨੂੰ ਕਿਸੇ ਹੋਰ ਰੂਪ ਵਿਚ ਨਹੀ ਬਲਕਿ ਇਹਨਾਂ ਦੇ ਅਸਲੀ ਰੂਪ ਵਿਚ ਹੀ ਲਿਖਣਾ ਹੈ:

ਆਸਟ੍ਰੇਲੀਆ (ਮੁਲਕ), ਪਰਵਾਰ (ਟੱਬਰ), ਪੱਤਣ (ਘਾਟ), ਪਤਨ (ਗਿਰਾਵਟ) ਤੇ ਛਨਿਛਰਵਾਰ (ਦਿਨ ਦਾ ਨਾਂ)

ਪੰਜਾਬੀ ਦੀ ਲਿੱਪੀ ਗੁਰਮੁਖੀ ਲਿਖਣ ਸਮੇ ਲੇਖਕਾਂ ਵੱਲੋਂ ਆਮ ਹੀ ਬੇ ਧਿਆਨੇ ਕਰ ਦਿਤੇ ਜਾਣ ਵਾਲ਼ੇ ਕੁਝ ਅਹਿਮ ਨੁਕਤੇ

1. 'ਊੜਾ' ਕਦੀ ਵੀ ਮੁਕਤਾ ਨਹੀ ਆਉਂਦਾ। ਇਸਨੂੰ ਕਦੀ ਵੀ ਕੰਨਾ, ਸਿਹਾਰੀ, ਬਿਹਾਰੀ, ਕਨੌੜਾ, ਟਿੱਪੀ, ਅਧਕ ਨਹੀ ਲੱਗਦੇ। ਹੋੜਾ ਲਾਉਣ ਦੀ ਥਾਂ 'ਓ' ਲਿਖ ਕੇ ਹੋੜੇ ਦਾ ਕੰਮ ਲਿਆ ਜਾਂਦਾ ਹੈ। ਇਸਨੂੰ 'ਓੁ' ਲਿਖਣਾ ਵੀ ਗ਼ਲਤ ਹੈ। ਆਮ ਪੰਜਾਬੀ ਲਿਖਣ ਸਮੇ ਇਹ ਸਿਰਫ ਤਿੰਨ ਰੂਪਾਂ ਵਿਚ ਹੀ ਲਿਖਿਆ ਜਾਂਦਾ ਹੈ: ਉ, ਊ ਤੇ ਓ। ਹਾਂ, ਗੁਰਬਾਣੀ ਵਿਚ ਇਸਦਾ ਇਕ ਹੋਰ ਰੂਪ ਵੀ ਹੈ ਜੋ ਕਿ ਨੂੰ ਦੇ ਰੂਪ ਵਿਚ ਆਉਂਦਾ ਹੈ।

2. 'ਐੜਾ' ਵੀ ਇਹਨਾਂ ਸੱਤ ਰੂਪਾਂ ਵਿਚ ਹੀ ਲਿਖਿਆ ਜਾਂਦਾ ਹੈ: ਅ ਆ ਐ ਔ ਅੰ ਆਂ ਅੱ।

3. 'ਈੜੀ' ਵੀ ਇਹਨਾਂ ਤਿੰਨ ਰੂਪਾਂ ਵਿਚ ਹੀ ਲਿਖੀ ਜਾਂਦੀ ਹੈ: ਇ ਈ ਏ।

4. ੳ, ਅ ਤੇ ੲ ਤੋਂ ਬਿਨਾ ਬਾਕੀ ਸਾਰੇ ਅੱਖਰਾਂ ਨੂੰ ਸਾਰੀਆਂ ਹੀ ਲਗਾਂ ਮਾਤਰਾਂ ਲੱਗਦੀਆਂ ਹਨ।

5. ਙ, ਞ, ਣ, ਨ ਤੇ ਮ ਨੂੰ, ਇਹਨਾਂ ਦੀ ਨੱਕ ਵਾਲ਼ੀ (ਅਨੁਨਾਸਕ) ਆਵਾਜ਼ ਬਣਾਉਣ ਸਮੇ, ਬਹੁਤੀ ਥਾਂਈਂ ਇਹਨਾਂ ਨਾਲ਼ ਬਿੰਦੀ ਤੇ ਟਿੱਪੀ ਨਹੀ ਵੀ ਵਰਤੀ ਜਾਂਦੀ ਕਿਉਂਕਿ ਇਹਨਾਂ ਦੀ ਆਪਣੀ ਆਵਾਜ਼ ਹੀ ਨੱਕ ਵਿਚੋਂ ਨਿਕਲ਼ਦੀ ਹੈ।

6. ਕੰਨੇ, ਬਿਹਾਰੀ, ਲਾਂ, ਦੁਲਾਵਾਂ, ਹੋੜੇ, ਕਨੌੜੇ ਤੇ ਓ ਨਾਲ਼, ਨੱਕ ਦੀ ਆਵਾਜ਼ ਬਣਾਉਣ ਲਈ ਬਿੰਦੀ ਹੀ ਵਰਤੀ ਜਾਂਦੀ ਹੈ; ਟਿੱਪੀ ਨਹੀ।

7. ਮੁਕਤੇ, ਸਿਹਾਰੀ, ਔਂਕੜ ਤੇ ਦੁਲੈਂਕੜ ਨਾਲ਼ ਨੱਕ ਦੀ ਆਵਾਜ਼ ਬਣਾਉਣ ਲਈ ਟਿੱਪੀ ਹੀ ਵਰਤੀ ਜਾਂਦੀ ਹੈ; ਬਿੰਦੀ ਨਹੀ।

8. ਹ, ਘ, ਝ, ਢ, ਧ, ਭ ਅੱਖਰ ਜਦੋਂ ਕਿਸੇ ਸ਼ਬਦ ਦੇ ਆਰੰਭ ਵਿਚ ਆਉਣ ਤਾਂ ਇਹਨਾਂ ਦਾ ਉਚਾਰਣ ਪੂਰਾ ਹੁੰਦਾ ਹੈ। ਜਦੋਂ ਇਹ ਅੱਖਰ ਕਿਸੇ ਸ਼ਬਦ ਦੇ ਵਿਚਕਾਰ ਜਾਂ ਅੰਤ ਵਿਚ ਆਉਣ ਤਾਂ ਇਹਨਾਂ ਦਾ ਉਚਾਰਣ ਅਧਾ ਰਹਿ ਜਾਂਦਾ ਹੈ। ਮਿਸਾਲ ਵਜੋਂ: ਹਰੀ ਤੇ ਰਹਿ, ਘਰ ਤੇ ਰਘੂ, ਝੰਡ ਤੇ ਡੰਝ, ਢਿਡ ਤੇ ਵਿਢ, ਤੁਧ ਤੇ ਧੁਨ, ਭਰ ਤੇ ਰੰਭ ਵਰਗੇ ਸ਼ਬਦਾਂ ਵਿਚ ਇਹਨਾਂ ਦੇ ਉਚਾਰਣ ਤੋਂ ਅੰਦਾਜ਼ਾ ਲਾ ਸਕਦੇ ਹੋ।

9. ਜਦੋਂ ਕਿ ਸ਼ਬਦ ਦੇ ਆਰੰਭ ਵਿਚ ਆਏ ਹ ਨਾਲੋਂ ਵਿਚਾਲੇ ਜਾਂ ਅੰਤ ਵਿਚ ਆਏ ਹ ਦੀ ਆਵਾਜ਼ ਖੁਦ ਹੀ ਅਧੀ ਰਹਿ ਜਾਂਦੀ ਹੈ ਤਾਂ ਉਸਦੇ ਥਾਂ ਸਾਰੀਆਂ ਥਾਵਾਂ ਤੇ ਪੈਰ ਵਾਲ਼ਾ ਹ ਵਰਤਣ ਦੀ ਕੋਈ ਲੋੜ ਨਹੀ ਰਹਿ ਜਾਂਦੀ। ਕੁਝ ਕੁ ਥਾਂਵਾਂ ਤੇ ਭਾਵੇਂ ਇਸਨੂੰ ਲਾਉਣ ਦੀ ਲੋੜ ਹੈ, ਜਿਵੇਂ ਕਿ ਪੜ੍ਹ, ਚੜ੍ਹ, ਜੜ੍ਹ ਆਦਿ ਪਰ ਇਹਨਾਂ ਉਹਨਾਂ ਆਦਿ ਨੂੰ ਉਨ੍ਹਾਂ ਇਨ੍ਹਾਂ ਲਿਖਣ ਦੀ ਲੋੜ ਨਹੀ।

10. ਘ, ਝ, ਢ, ਧ ਤੇ ਭ, ਇਹ ਪੰਜ ਅੱਖਰ, ਸਬਦ ਦੇ ਸ਼ੁਰੂ ਵਿਚ ਆਉਣ ਤਾਂ ਇਹਨਾਂ ਦੀ ਆਵਾਜ਼ ਪੰਜਾਬੀ ਉਚਾਰਣ ਅਨੁਸਾਰ ਹੁੰਦੀ ਹੈ; ਅਰਥਾਤ ਆਪਣੀ ਲਾਈਨ ਵਾਲੇ ਪਹਿਲੇ ਅੱਖਰ ਦੇ ਨਾਲ਼ ਮਿਲ਼ ਜਾਂਦੀ ਹੈ। ਜਦੋਂ ਇਹ ਸ਼ਬਦ ਦੇ ਵਿਚਕਾਰ ਜਾਂ ਅਖੀਰ ਵਿਚ ਆਉਣ ਤਾਂ ਇਹਨਾਂ ਦੀ ਆਵਾਜ਼ ਹਿੰਦੀ/ਉਰਦੂ ਦੇ ਉਚਾਰਣ ਅਨੁਸਾਰ ਹੋ ਜਾਂਦੀ ਹੈ; ਅਰਥਾਤ ਆਪਣੀ ਲਾਈਨ ਦੇ ਤੀਸਰੇ ਅੱਖਰ ਨਾਲ਼ ਮਿਲ਼ ਜਾਂਦੀ ਹੈ। ਙ, ਞ, ਣ ਤੇ ੜ, ਇਹ ਚਾਰ ਅੱਖਰ ਕਿਸੇ ਸ਼ਬਦ ਦੇ ਸ਼ੁਰੂ ਵਿਚ ਨਹੀ ਆਉਂਦੇ। ਗੁਰਬਾਣੀ ਵਿਚ ਕਿਤੇ ਕਿਤੇ ਇਸ ਦਾ ਅਪਵਾਦ ਹੈ ਪਰ ਆਮ ਪੰਜਾਬੀ ਦੀ ਬੋਲ-ਚਾਲ ਵਿਚ, ਕਿਸੇ ਸ਼ਬਦ ਦੇ ਸ਼ੁਰੂ ਵਿਚ ਇਹ ਨਹੀ ਵਰਤੇ ਜਾਂਦੇ, ਬਲਕਿ ਙ ਤੇ ਞ ਅਜ ਕਲ੍ਹ ਬਹੁਤ ਹੀ ਘੱਟ ਵਰਤੇ ਜਾਂਦੇ ਹਨ। ਙ ਨੂੰ ਗ ਤੇ ਟਿੱਪੀ ਅਤੇ ਞ ਦੇ ਥਾਂ ਕਦੀ ਝ ਤੇ ਕਦੀ ਨ ਲਿਖ ਕੇ ਹੀ ਕੰਮ ਸਾਰ ਲਿਆ ਜਾਂਦਾ ਹੈ ਜੋ ਕਿ ਗ਼ਲਤ ਗੱਲ ਹੈ।

11. ਅੱਖਰ ਨ ਤੇ ਣ ਅਕਸਰ ਹੀ ਇਕ ਦੂਜੇ ਦੇ ਥਾਂ ਗ਼ਲਤੀ ਨਾਲ਼ ਵਰਤ ਲਏ ਜਾਂਦੇ ਹਨ; ਖਾਸ ਕਰਕੇ ਹਿੰਦੀ ਪੜ੍ਹੇ ਲਿਖੇ ਸੱਜਣ ਇਹ ਗ਼ਲਤੀ ਦੂਜਿਆਂ ਨਾਲ਼ੋਂ ਵਧ ਕਰਦੇ ਹਨ।

12. ਬਹੁਤ ਸਾਰੇ ਹਿੰਦੀ/ਉਰਦੂ ਵਿਚੋਂ ਆਏ ਜਾਂ ਅੰਗ੍ਰੇਜ਼ੀ ਅੱਖਰਾਂ ਵਿਚ ਲਿਖਣ ਸਮੇ ਵਰਤੇ ਗਏ, ਉਰਦੂ ਦੇ ਜ਼ੇਰ ਤੇ ਅੰਗ੍ਰੇਜ਼ੀ ਦੇ, ਈ. ਤੇ ਆਈ. ਵਾਲ਼ੇ, ਪੰਜਾਬੀ ਵਿਚ ਅਪਣਾਏ ਜਾ ਚੁੱਕੇ ਸ਼ਬਦਾਂ ਨੂੰ, ਗੁਰਮੁਖੀ ਲਿੱਪੀ ਵਿਚ ਲਿਖਣ ਸਮੇ ਸਿਹਾਰੀ ਦੀ ਵਰਤੋਂ ਕਰਨੀ, ਗ਼ਲਤ ਤਾਂ ਭਾਵੇਂ ਨਹੀ ਆਖੀ ਜਾ ਸਕਦੀ ਪਰ ਬੇਲੋੜੀ ਜ਼ਰੂਰ ਹੈ।

13. ਅਧਕ ਇਕ ਅਜਿਹਾ ਗਰੀਬ ਚਿੰਨ੍ਹ ਹੈ ਜਿਸ ਦੀ, ਪੰਜਾਬੀ ਦੇ ਲੇਖਕ, ਕੰਪੋਜ਼ਰ ਪ੍ਰਕਾਸ਼ਕ ਆਦਿ ਸਭ ਤੋਂ ਵਧ ਦੁਰਵਰਤੋਂ ਕਰਦੇ ਹਨ। ਜਿਥੇ ਇਸਦੀ ਲੋੜ ਹੋਵੇ ਓਥੇ ਇਸਨੂੰ ਲਾਉਣਾ ਨਹੀ ਤੇ ਜਿਥੇ ਨਾ ਲੱਗਦਾ ਹੋਵੇ ਓਥੇ ਜ਼ਰੂਰ ਲਾ ਦਿੰਦੇ ਹਨ। ਖਾਸ ਕਰਕੇ ਪੱਛਮੀ ਪੰਜਾਬ ਤੋਂ ਆਏ ਹੋਏ ਲੇਖਕ ਸੱਜਣਾਂ ਨੇ ਤਾਂ ਜਿਵੇਂ ਕਿਤੇ ਤਹੱਈਆ ਹੀ ਕੀਤਾ ਹੋਵੇ ਇਸ ਵਿਚਾਰੇ ਅਧਕ ਦੀ ਮਿੱਟੀ ਪਲੀਤ ਕਰਨ ਦਾ। ਦਿੱਲੀ ਯੂਨੀਵਰਸਿਟੀ ਦੇ ਇਕ ਸਾਬਕ ਪ੍ਰੋਫ਼ੈਸਰ ਸਾਹਿਬ ਜੀ ਤੋਂ ਪਤਾ ਲਗਾ ਕਿ ਪੋਠੋਹਾਰ ਦੇ ਇਲਾਕੇ ਵਿਚੋਂ ਆਉਣ ਵਾਲ਼ੇ ਲੇਖਕਾਂ ਦਾ ਨਾਂ ਹੀ ਉਹਨਾਂ ਵਿੱਦਿਅਕ ਦਾਇਰੇ ਵਿਚ, ਮਖੌਲ ਵਜੋਂ ਅਧਕਾਂ ਪਾਇਆ ਹੋਇਆ ਸੀ; ਕਿਉਂਕਿ ਉਹ ਅਕਸਰ ਹੀ ਇਸਦੀ ਬੇਲੋੜੀ ਤੇ ਵਾਧੂ ਵਰਤੋਂ ਕਰਦੇ ਸਨ। ਉਹਨਾਂ ਦੀਆਂ ਲਿਖਤਾਂ ਪੜ੍ਹਕੇ ਵੇਖੋ; ਜਿਥੇ ਲੋੜ ਹੋਵੇਗੀ ਓਥੇ ਇਸਨੂੰ ਨਹੀ ਲਾਉਣਗੇ ਤੇ ਜਿਥੇ ਨਹੀ ਲੋੜ ਹੋਵੇਗੀ ਓਥੇ ਜ਼ਰੂਰ ਹੀ ਇਸ ਵਿਚਾਰੇ ਨੂੰ ਟਾਂਕਣਗੇ। ਅਸੀਂ ਅਜੇ ਤੱਕ ਇਹ ਨਹੀ ਜਾਣ ਸਕੇ ਕਿ ਅਧਕ ਕੇਵਲ ਜਿਸ ਅੱਖਰ ਦਾ ਦੋਹਰਾ ਉਚਾਰਣ ਹੋਵੇ, ਉਸ ਤੋਂ ਪਹਿਲੇ ਅੱਖਰ ਉਪਰ ਹੀ ਲਾਇਆ ਜਾਂਦਾ ਹੈ; ਹੋਰ ਕਿਤੇ ਨਹੀ। ਜਿਥੇ ਸ਼ੱਕ ਹੋਵੇ ਅਰਥਾਤ ਪੂਰਾ ਯਕੀਨ ਨਾ ਹੋਵੇ ਓਥੇ ਲਾਉਣ ਦੀ ਕੋਈ ਲੋੜ ਨਹੀ; ਇਸ ਤੋਂ ਬਿਨਾ ਵੀ ਸਰ ਸਕਦਾ ਹੈ। ਮਿਸਾਲ ਵਜੋਂ: ਵਰਤਮਾਨ ਸਮੇ ਅੰਦਰ ਪੱਤਰਾਂ ਦੇ ਸੰਪਾਦਕ ਸ਼ਬਦ ‘ਕੁਝ’ ਦੇ ਉਪਰ ਬੇਲੋੜਾ ਅਧਕ ਲਾ ਕੇ ਇਸਨੂੰ ‘ਕੁੱਝ’ ਬਣਾਉਣ ਵਿਚ ਅਣਗਹਿਲੀ ਨਹੀ ਕਰਦੇ। ਅਸੀਂ ਪੇਂਡੂ ਮਝੈਲ ਇਸ ‘ਕੁਝ’ ਨੂੰ ‘ਕੁਸ਼’ ਬੋਲਦੇ ਹਾਂ ਤੇ ਉਰਦੂ ਹਿੰਦੀ ਵਾਲ਼ੇ ਵੀ ਏਸੇ ਤਰ੍ਹਾਂ ਹੀ ਬੋਲਦੇ ਹਨ। ਹਿੰਦੀ ਵਿਚ ਲਿਖਿਆ ਇਸਨੂੰ ‘ਕੁਛ’ ਜਾਂਦਾ ਹੈ। ਕਈ ਸੱਜਣ ਇਸਨੂੰ ‘ਕੁਸ’ ਵੀ ਉਚਾਰਦੇ ਹਨ। ਪੱਛਮੀ ਪੰਜਾਬ ਦੇ ਸਿੱਖ ਲਿਖਾਰੀਆਂ ਨੇ ਇਸਨੂੰ ‘ਕੁਝ’ ਲਿਖਣਾ ਸ਼ੁਰੂ ਕਰ ਦਿਤਾ ਤੇ ਛਾਪੇ ਵਿਚ ਏਹੋ ਹੀ ਪ੍ਰਚੱਲਤ ਹੋ ਗਿਆ ਜਿਸਨੂੰ ਹੁਣ ਬਦਲ ਕੇ ਭੰਬਲ਼ਭੂਸੇ ਵਿਚ ਹੋਰ ਵਾਧਾ ਕਰਨ ਦੀ ਕੋਈ ਤੁਕ ਨਹੀ ਬਣਦੀ; ਪਰ ਇਹ ਮੈਨੂੰ ਸਮਝ ਨਹੀ ਆਉਂਦੀ ਕਿ ਤਕਰੀਬਨ ਹਰੇਕ ਸੰਪਾਦਕ ਹੀ ਇਸ ਉਪਰ ਬੇਲੋੜਾ ਅਧਕ ਲਾਉਣੋ ਕਿਉਂ ਨਹੀ ਉਕਦਾ! ਵੈਸੇ ਗੁਰਬਾਣੀ ਵਿਚ ਇਸ ਅਰਥ ਵਿਚ, ਇਹ ਸ਼ਬਦ ਇਹਨਾਂ ਰੂਪਾਂ ਵਿਚ ਆਇਆ ਹੈ: ਕਛ, ਕਛੁ, ਕਛੂ, ਕਛੂਅ, ਕਛੂਅਕ, ਕਿਛ, ਕਿਛੁ, ਕਿਛੂ, ਕਿਛੂਅ, ਕਿਛਹੂ, ਕਿਝੁ, ਕਿਝ; ਜਿਨ੍ਹਾਂ ਨੂੰ ਅਜੋਕੇ ਸਮੇ ਦੇ ਛਾਪੇਖਾਨੇ ਵਿਚ ਲਿਆ ਕੇ, ਪਹਿਲਾਂ ਹੀ ਵਲ਼ਗਣੋ ਬਾਹਰੀਆਂ ਹੋ ਚੁੱਕੀਆਂ ਉਲ਼ਝਣਾਂ ਵਿਚ ਹੋਰ ਵਾਧਾ ਕਰਨ ਦੀ ਕੋਈ ਲੋੜ ਨਹੀ। ਹੁਣ ਇਸਦਾ ਪ੍ਰਚੱਲਤ ਰੂਪ ‘ਕੁਝ’ ਹੀ ਠੀਕ ਹੈ।

ਪੰਜਾਬੀ ਵਿਚ ਇਹਨਾਂ ਕੁਝ ਗਿਣਵੇ ਚੁਣਵੇਂ ਥਾਂਵਾਂ ਤੋਂ ਬਿਨਾ, ਹੋਰ ਥਾਂਵਾਂ ਤੇ ਅਧਕ ਨਾ ਵੀ ਲੱਗੇ ਤਾਂ ਅਰਥਾਂ ਵਿਚ ਫਿਰ ਵੀ ਕੋਈ ਫਰਕ ਨਹੀ ਪੈਂਦਾ:
ਪਦ (ਪਦਵੀ) ਪੱਦ (ਅਸ਼ੁਧ ਹਵਾ) ਪੱਤਣ (ਪੋਰਟ) ਪਤਨ (ਗਿਰਾਵਟ)
ਕਦ (ਕਦੋਂ) ਕੱਦ (ਸਾਈਜ਼) ਗੁਦਾ (ਪਿੱਠ) ਗੁੱਦਾ (ਪਲਪ)
ਪਤ (ਇਜ਼ਤ) ਪੱਤ (ਪੱਤੇ) ਜਤ (ਸੰਜਮ) ਜੱਤ (ਵਾਲ਼)
ਭਲਾ (ਚੰਗਾ) ਭੱਲਾ (ਖਾਣ ਵਾਲ਼ਾ) ਧੁਪ (ਧੋਣਾ) ਧੁੱਪ (ਸੂਰਜ ਦੀ)
ਪਤਾ (ਸਿਰਨਾਵਾਂ) ਪੱਤਾ (ਦਰੱਖ਼ਤ ਦਾ ਪੱਤਾ) ਸਦਾ (ਹਮੇਸ਼ਾਂ) ਸੱਦਾ (ਬੁਲਾਵਾ)

14. ਬਹੁਤ ਵਾਰੀਂ ਅਸੀਂ ਬ - ਵ, ਛ - ਸ਼, ੳ - ਵ, ਮ - ਵ, ਰ - ੜ, ਯ - ਜ ਨੂੰ ਗ਼ਲਤੀ ਨਾਲ਼ ਜਾਂ ਸਹਿਜ ਸੁਭਾ ਵੀ ਇਕ ਦੂਜੇ ਦੇ ਥਾਂ ਵਰਤ ਜਾਂਦੇ ਹਾਂ।

15. ਕੁਝ ਸਮੇ ਤੋਂ ਇਕ ਹੋਰ ਬੇਲੋੜਾ ਰੁਝਾਨ ਚੱਲਿਆ ਹੈ ਕਿ ਚਾ, ਪੜਾ, ਸੁਝਾ ਆਦਿ ਪੰਜਾਬੀ ਦੇ ਸ਼ਬਦਾਂ ਦੇ ਪਿਛੇ 'ਅ' ਲਾਉਣ ਦਾ। ਇਹ ਠੀਕ ਹੈ ਕਿ ਅਜਿਹੇ ਸ਼ਬਦਾਂ ਦੇ ਪਿਛਲੇ ਦੀ ਆਵਾਜ਼ ਵਿਚ, ਆਮ ਨਾਲ਼ੋਂ ਕੁਝ ਵਧ ਲਮਕਾ ਜਿਹਾ ਆ ਜਾਂਦਾ ਹੈ ਪਰ ਸਦੀਆਂ ਤੋਂ ਇਹ ਸ਼ਬਦ ਏਸੇ ਤਰ੍ਹਾਂ ਲਿਖੇ, ਪੜ੍ਹੇ, ਸਮਝੇ ਤੇ ਪ੍ਰਵਾਨੇ ਜਾ ਚੁੱਕੇ ਹੋਣ ਕਰਕੇ ਹੁਣ ਇਹਨਾਂ ਪਿਛੇ ਵਾਧੂ 'ਅ' ਟਾਂਕ ਕੇ ਜੋੜਾਂ ਵਿਚ ਬੇਲੋੜੇ ਭੁਲੇਖੇ ਪੈਦਾ ਕਰਨ ਤੋਂ ਬਿਨਾ ਕੋਈ ਹੋਰ ਲਾਭ ਨਹੀ ਹੈ। 'ਅਜੀਤ' ਅਖ਼ਬਾਰ ਖਾਸ ਕਰਕੇ ਇਸ ਬੇਲੋੜੇ ਐੜੇ ਨੂੰ ਓਸੇ ਤਰ੍ਹਾਂ ਹੀ ਵਰਤਣਾ ਨਹੀ ਭੁੱਲਦਾ ਜਿਵੇਂ ਕਿ 'ਪਰਵਾਰ' ਵਿਚਲੇ ਪਹਿਲੇ 'ਰ' ਨੂੰ ਸਿਹਾਰੀ ਲਾਉਣੋ ਨਹੀ ਉਕਦਾ।

16. ਵਿਸ਼ਰਾਮ ਚਿੰਨ੍ਹ (Punctuation) ਲਾਉਣ ਦਾ ਪੰਜਾਬੀ ਵਿਚ ਪਹਿਲਾਂ ਰਿਵਾਜ ਨਹੀ ਸੀ। ਜੁੜਵੇਂ ਅੱਖਰਾਂ ਵਿਚ ਹੀ ਸਾਰਾ ਸਾਹਿਤ ਲਿਖਿਆ ਜਾਂਦਾ ਸੀ। ਸਿਰਫ ਵਾਕ ਦੇ ਅੰਤ ਤੇ ਦੋ ਡੰਡੀਆਂ ' ॥ ' ਲਾ ਕੇ ਵਾਕ ਪੂਰਾ ਕੀਤਾ ਜਾਂਦਾ ਸੀ। ਇਹ ਵਿਸ਼ਰਾਮ ਚਿੰਨ੍ਹ (ਪੰਕਚੂਏਸ਼ਨ) ਪੰਜਾਬੀ ਵਿਚ, ਅੰਗ੍ਰੇਜ਼ੀ ਵਿਚੋਂ ਵਿਦਵਾਨਾਂ ਨੇ ਲਿਆਂਦਾ ਹੈ ਤੇ ਇਸਨੂੰ ਓਸੇ ਤਰ੍ਹਾਂ ਜਿਉਂ ਦਾ ਤਿਉਂ ਹੀ ਵਰਤਣਾ ਚਾਹੀਦਾ ਹੈ, ਜਿਵੇਂ ਅੰਗ੍ਰੇਜ਼ੀ ਵਾਲ਼ੇ ਵਰਤਦੇ ਹਨ; ਸਿਵਾਏ ਇਕ ਫੁੱਲ ਸਟਾਪ ਤੋਂ, ਜੋ ਕਿ ਅੰਗ੍ਰੇਜ਼ੀ ਵਿਚ ' . ' ਹੈ ਪਰ ਅੱਜ ਕਲ੍ਹ ਪੰਜਾਬੀ ਦੇ ਸਾਰੇ ਨਵੀਨ ਸਾਹਿਤ ਵਿਚ ' । ' ਹੀ ਵਰਤਿਆ ਜਾਂਦਾ ਹੈ। ਇਹ ਢੁਕਵਾਂ ਵੀ ਹੈ।
ਕੁਝ ਆਮ ਹੀ ਗ਼ਲਤ ਲਿਖੇ ਜਾਣ ਵਾਲ਼ੇ ਸਾਧਾਰਣ ਸ਼ਬਦ


ਸਹੀ ਗ਼ਲਤ ਸਹੀ ਗ਼ਲਤ ਸਹੀ ਗ਼ਲਤ
ਓਤੇ ਉੱਥੇ ਕਾਬਲ ਕਾਬਿਲ ਢੁਚਰਾਂ ਢੁੱਚਰਾਂ
ਉਹਨਾਂ ਉਨ੍ਹਾਂ ਕਾਤਲ ਕਾਤਿਲ ਤੁੜਵਾ ਤੁੱੜਵਾ
ਓਦੋਂ ਉਦੋਂ ਕਾਮਲ ਕਾਮਿਲ ਦਲ ਦੱਲ
ਓਦਾਂ ਉਦਾਂ ਕਾਫ਼ਰ ਕਾਫ਼ਿਰ ਦਾ ਦਾਅ
ਉਂਜ ਉੰਝ ਕੁਝ ਕੁੱਝ ਦੁਬਿਧਾ ਦੁਬਿਦਾ
ਉਘਾ ਉੱਘਾ ਕੰਧਾ ਕੰਦਾ ਦਸਤਾਰ ਦੱਸਤਾਰ
ਉਤੇ ਉੱਤੇ ਖਮਾ ਕਮਾਅ ਤਦ ਤੱਦ
ਓਪਰਾ ਉਪਰਾ ਕੰਙਣ ਕੰਗਣ ਤੁਧ ਤੁੱਧ
ਉਂਗਲ਼ ਉੰਗਲ ਕੌਮ ਕੌਂਮ ਧੰਨਵਾਦ ਧੰਨਬਾਦ
ਉਪਲਭਦ ਖੁਦਰਤ ਕੁੱਦਰਤ ਨਾਂ ਨਾਂਅ
ਅਤਰ ਅੱਤਰ ਕੰਬਣਾ ਕੰਬਣਾਂ ਪ੍ਰਸ਼ਾਦ ਪ੍ਰਸ਼ਾਦਿ
ਆਸਟ੍ਰੇਲੀਆ ਅਸਟਰੇਲੀਆ ਖਾਇਨਾਤ ਕਾਯਨਾਤ ਪੰਝੀ ਪੱਚੀ
ਆਖ਼ਿਰ ਕੱਪੜਾ ਕੱਪੜ੍ਹਾ ਪੜ੍ਹਨਾ ਪੜ੍ਹਣਾ
ਅੰਗ੍ਰੇਜ਼ੀ ਅੰਗਰੇਜ਼ੀ ਕਿਸ ਤਰ੍ਹਾਂ ਕਿੱਸ ਤਰ੍ਹਾਂ ਪਾਣੀ ਪਾਨੀ
ਅਪਮਾਨਤ ਅਪਮਾਣਿਤ ਖਾਣਾ ਖਾਨਾ ਪਧਰ ਪੱਧਰ
ਅਦਰਕ ਅਦਕਰ ਖੰਭ ਖੰਬ ਪਿਆ ਪਇਆ
ਆਡਾ ਅੰਡਾ ਖੁੰਬ ਖੁੰਭ ਪਰਵਾਰ ਪਰਿਵਾਰ
ਅੰਮ੍ਰਿਤਸਰ ਅੰਮ੍ਰਿਤ ਸਰ ਖੁਭ ਖੁਬ ਪੰਧ ਪੰਦ
ਐਨਕ ਏਨਕ ਖ਼ਤਰਨਾਕ ਖੱਤਰਨਾਕ ਪਚਾ ਪਚਾਅ
ਇਕ ਦਮ ਇਕਦੱਮ ਗਿਧਾ ਗਿੱਦਾ ਪਰਵਾਰਕ ਪਰਿਵਾਰਿਕ
ਈਚੋਗਿੱਲ ਇਛੋਗਿੱਲ ਗਿਆ ਗਇਆ ਪ੍ਰੋਗਰਾਮ ਪਰੋਗਰਾਮ
ਏਦਾਂ ਇੱਦਾਂ ਘੁਪਤ ਗੁੱਪਤ ਪੱਡਾ ਪੱਢਾ
ਇਹਨਾਂ ਇਨ੍ਹਾਂ ਘੁਪਤ ਗੁੱਪਤ ਪਿੜ ਪਿੜ੍ਹ
ਇੰਜ ਇੰਝ ਗੰਢਾ ਗੰਡਾ ਪਟਕਾ ਪੱਟਕਾ
ਏਧਰ ਇਧਰ ਗਿਝ ਗਿੱਜ ਫੜਨਾ ਫੜ੍ਹਣਾ
ਏਥੇ ਇੱਥੇ ਗਭੇ ਗੱਬੇ ਫੜ ਫੱੜ
ਸੰਬੋਧਨ ਸੰਭੋਦਿਨ ਗੁਰਦੁਆਰਾ ਗੁਰਦਵਾਰਾ ਬੁਜ਼ਦਿਲੀ ਬੁੱਜਦਿਲੀ
ਸਭ ਸੱਭ ਛਰਨ ਚਰਣ ਬਾਵਾਸਤਾ ਵਾਬਾਸਤਾ
ਸ਼੍ਰੋਮਣੀ ਸ਼ਰੋਮਣੀ ਛਾ ਚਾਅ ਬੱਸ ਬਸ
ਸਾਬਤ ਸਾਬਿਤ ਚੜ੍ਹਾ ਚੜ੍ਹਾਅ ਬਿਲਕੁਲ ਬਿੱਲਕੁੱਲ
ਸੁਭਾ ਸੁਭਾਅ ਚੜ੍ਹ ਚੱੜ ਬਾਣੀ ਬਾਨੀ
ਸਭਿਅਕ ਸੱਭਿਅਕ ਚੌਲ਼ ਚੋਲ ਬਗੈਰ ਵਗੈਰ
ਸਨਮਾਨਤ ਸਨਮਾਣਿਤ ਚੁੰਝ ਚੁੰਜ ਮਾਹਰ ਮਾਹਿਰ
ਸਾਬਤ ਸਾਬਿਤ ਚੜ੍ਹਨਾ ਚੜ੍ਹਣਾ ਮੁਸ਼ਕਲ ਮੁਸ਼ਕਿਲ
ਸਦਾ ਸਦਾਅ ਛਨਿਛਰਵਾਰ ਸ਼ਨਿਚਰਵਾਰ ਮੈਬਰ ਮੈੰਬਰ
ਸਮਾਜਕ ਸਮਾਜਿਕ ਛੱਤ ਸ਼ੱਤ ਮੰਦਰ ਮੰਦਿਰ
ਸ਼ੱਕ ਛੱਕ ਛਕਣਾ ਸ਼ਕਣਾ ਮੁੰਜ ਮੁੰਝ
ਸ਼ੋਕ ਛੋਕ ਛਾਂ ਛਾਂਅ ਮੈ ਮੈਂ
ਸੰਧਰਬ ਸੰਧਰਭ ਜੰਞ ਜੰਝ ਮੁੜਨਾ ਮੁੜਣਾ
ਸੰਪਾਦਕ ਸੰਪਾਦਿਕ ਝਜ਼ਬਾਤ ਜਜ਼ਬਾਤਾਂ ਮੰਦਰ ਮੰਦਿਰ
ਸੰਭਾਲ਼ ਸੰਬਾਲ ਜਥਾ ਜੱਥਾ ਮਤਲਬ ਮੱਤਲਬ
ਸੁਥਰਾ ਸੁੱਥਰਾ ਜਥੇਦਾਰ ਜੱਥੇਦਾਰ ਮੱਸ ਫੁੱਟ ਮੁੱਛ ਫੁੱਟ
ਹਾਸਲ ਹਾਸਿਲ ਝੱਗਾ ਝੱਘਾ ਮੈਲਬਰਨ ਮੈਲਬੌਰਨ
ਹੁਦਾਰ ਉੱਧਾਰ ਝਨਾਂ ਚਨਾ ਮੁਬਾਰਕ ਮੁਬਾਰਿਕ
ਹਨ ਹੁਣ ਝੰਬ ਝੰਭ ਮੜ੍ਹਦਾ ਮੱੜ੍ਹਦਾ
ਹਾਜਰ ਹਾਜਿਰ ਟੱਬ ਟੱਭ ਰਿਹਾ ਰਹਿਆ
ਹਸ਼ਰ ਹੱਸ਼ਰ ਟੁਕੜਾ ਟੁੱਕੜਾ ਰਸ ਰੱਸ
ਹੁਦਾਰ ਉੱਧਾਰ ਠਪਕ ਟੱਪਕ ਲਿਖਤ ਲਿੱਖਤ
ਹੁਣ ਹੁਨ ਡੰਝ ਡੰਜ ਲੜਕੀ ਲੱੜਕੀ
ਵੈਸਾਖੀ ਬੈਸਾਖੀ ਵੱਛਾ ਬੱਛਾ ਵਾਪਸ ਵਾਪਿਸ
ਵੇਲ਼ਾ ਬੇਲ਼ਾ ਵੱਖੀ ਬੱਖੀ ਵਗੈਰਾ ਬਗੈਰਾ
ਵਰਿਆਮਾ ਬਰਿਆਮਾ ਵੇਖੋ ਬੇਖੋ ਵਾੜਾ ਬਾੜਾ
ਬਚਨ ਵਚਨ ਵੱਲ ਬੱਲ ਪਿੰਗਲਵਾੜਾ ਪਿੰਗਲਬਾੜਾ

ਇਹ ਸਿਰਫ ਪੰਜਾਬੀ ਸ਼ਬਦ ਜੋੜਾਂ ਵਿਚ ਸਰਲਤਾ ਲਿਆਉਣ ਤੇ ਅੰਗ੍ਰੇਜ਼ੀ ਵਾਂਗ ਇਕਸਾਰਤਾ ਵੱਲ ਵਧਣ ਦਾ ਨਿਮਾਣਾ ਜਿਹਾ ਯਤਨ ਹੀ ਹੈ। ਪੂਰੀ ਸ਼ੁਧਤਾਈ ਦਾ ਦਾਹਵਾ ਜਾਂ ਕਿਸੇ ਕਿਸਮ ਦੀ ਵਿਦਵਤਾ ਦਾ ਵਿਖਾਲ਼ਾ ਪਾਉਣਾ, ਇਸ ਯਤਨ ਦਾ, ਕਦਾਚਿਤ ਮਨੋਰਥ ਨਹੀ ਤੇ ਪੂਰਨ ਸ਼ੁਧਤਾਈ ਲਿਆਉਣੀ ਵੀ ਅਸੰਭਵਤਾ ਦੇ ਨੇੜੇ ਦੀ ਗੱਲ ਹੀ ਜਾਪਦੀ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੇ ਗਏ ਵਿਸ਼ਾਲ ਗ੍ਰੰਥ, 'ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼' ਇਸ ਪਾਸੇ ਬਹੁਤ ਹੀ ਵੱਡਾ ਯਤਨ ਹੈ। ਇਸ ਤੋਂ ਸਹਾਇਤਾ ਲੈ ਕੇ ਸਾਨੂੰ ਇਕਸਾਰਤਾ ਵੱਲ ਵਧਣ ਦਾ ਯਤਨ ਕਰਨਾ ਚਾਹੀਦਾ ਹੈ। ਇਹ ਵੱਖਰੀ ਗੱਲ ਹੈ ਕਿ ਏਧਰ-ਓਧਰ ਕਾਫੀ ਊਣਤਾਈਆਂ ਇਸ ਵਿਚ ਵੀ ਹਨ ਪਰ ਇਸ ਵਰਗਾ ਹੋਰ ਕੋਈ ਉਦਮ ਅਜੇ ਤੱਕ ਨਹੀ ਹੋ ਸਕਿਆ।

ਏਸੇ ਵਿਸ਼ੇ ਬਾਰੇ ਪਾਠਕਾਂ ਨੂੰ ਵਿਚ ਇਕ ਸੱਚੀ ਵਾਰਤਾ ਸ਼ਾਇਦ ਦਿਲਚਸਪ ਰਹੇ: ਗੱਲ ਇਹ 1965 ਜਾਂ 66 ਦੀ ਹੈ ਕਿ ਪਬਲਿਕ ਲਾਇਬ੍ਰੇਰੀ ਪਟਿਆਲਾ ਵਿਚ, ਇਕ ਸਮਾਗਮ ਏਸੇ ਸਬੰਧ ਵਿਚ ਕੀਤਾ ਜਾ ਰਿਹਾ ਸੀ। ਪ੍ਰਸਿਧ ਭਾਸ਼ਾ ਵਿਗਿਆਨੀ, ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ ਜੀ, ਨੇ ਸ਼ਬਦ-ਜੋੜਾਂ ਦੀ ਸਮੱਸਿਆ ਬਾਰੇ ਇਕ ਕਿਤਾਬਚਾ ਛਾਪ ਕੇ ਪੇਸ਼ ਕੀਤਾ ਸੀ ਤੇ ਇਸ ਉਪਰ ਹੀ ਵਿਚਾਰ ਹੋ ਰਹੀ ਸੀ। ਨਾ ਸੀ 'ਪੰਜਾਬੀ ਸ਼ਬਦ-ਜੋੜਾਂ ਦਾ ਪ੍ਰਮਾਣੀਕਰਣ'। ਮੈ ਵੀ, ਵੇਹਲ ਤੇ ਆਦਤ ਅਨੁਸਾਰ, ਡਰਦਾ ਡਰਦਾ ਪਿਛਵਾੜੇ ਜਿਹੇ ਪਈ ਕੁਰਸੀ ਉਪਰ ਜਾ ਬੈਠਾ, ਵਿਦਵਾਨਾਂ ਦੀ ਚੁੰਝ-ਚਰਚਾ ਸੁਣਨ। ਇਕ ਨੌਜਵਾਨ ਨੇ ਉਠ ਕੇ ਉਸ ਕਿਤਾਬਚੇ ਵਿਚ, ਇਕੇ ਸ਼ਬਦ ਨੂੰ ਦੋ ਤਰ੍ਹਾਂ ਲਿਖੇ ਹੋਣ ਕਰਕੇ ਪੁੱਛ ਲਿਆ, "ਪ੍ਰੋਫ਼ੈਸਰ ਸਾਹਿਬ ਕਿਤਾਬਚੇ ਦੇ ਬਾਹਰਵਾਰ ਤੁਸੀਂ 'ਪਰਮਾਣੀਕਰਣ' ਲਿਖਦੇ ਹੋ ਤੇ ਅੰਦਰ ਜਾ ਕੇ 'ਪ੍ਰਮਾਣੀਕਰਣ' ਦੋਹਾਂ ਵਿਚੋਂ ਸਹੀ ਕੇਹੜਾ ਹੈ!" ਇਹ ਸੁਣ ਕੇ ਹਾਲ ਵਿਚ ਹਾਸਾ ਖਿੱਲਰ ਗਿਆ। ਪ੍ਰੋਫ਼ੈਸਰ ਸਾਹਿਬ ਨੇ ਇਸਦਾ ਜਵਾਬ ਦਿਤਾ ਪਰ ਹੁਣ ਯਾਦ ਨਹੀ ਰਿਹਾ ਕਿ ਉਹਨਾਂ ਨੇ ਕਿਸ ਰੂਪ ਨੂੰ ਸਹੀ ਠਹਿਰਾਇਆ।

ਓਸੇ ਸਮਾਗਮ ਵਿਚ ਹੀ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਤੇ ਤਤਕਾਲੀ ਵਾਈਸ ਚਾਂਸਲਰ, ਸਿੱਖੀ ਤੇ ਸਾਹਿਤ ਦੇ ਧੁਰੰਤਰ ਵਿਦਵਾਨ, ਜਿਨ੍ਹਾਂ ਨੂੰ ਗੁਰਬਾਣੀ ਦੇ ਮਸਲੇ ਤੇ ਪਿੰ੍ਰ. ਸਾਹਿਬ ਸਿੰਘ ਜੀ ਵੀ ਆਪਣੇ ਉਸਤਾਦ ਸਮਾਨ ਸਤਿਕਾਰਦੇ ਸਨ, ਭਾਈ ਜੋਧ ਸਿੰਘ ਜੀ ਵੀ ਬੋਲੇ। ਉਹਨਾਂ ਨੇ ਸ਼ਬਦ-ਜੋੜਾਂ ਨੂੰ ਗੁਰਬਾਣੀ ਅਨੁਸਾਰ ਕਰਨ ਦਾ ਸੁਝਾ ਦਿਤਾ ਜੋ ਕਿ ਮੈਨੂੰ ਉਸ ਸਮੇ ਬਿਲਕੁਲ ਨਹੀ ਜਚਿਆ। ਇਸ ਕਰਕੇ ਕਿ ਗੁਰਬਾਣੀ ਵਿਆਕਣ ਅਨੁਸਾਰ ਇਕ ਸ਼ਬਦ (ਲਫ਼ਜ਼) ਨੂੰ ਓਥੇ, ਅਰਥਾਂ ਅਨੁਸਾਰ, ਇਕ ਤੋਂ ਵਧ ਰੂਪਾਂ ਵਿਚ ਲਿਖਿਆ ਜਾਂਦਾ ਹੈ ਜੋ ਕਿ ਅਜੋਕੇ ਸਮੇ ਵਿਚ ਸੰਭਵ ਨਹੀ ਹੈ ਕਿ ਅਸੀ ਇਤਿਹਾਸ ਨੂੰ ਚਾਰ ਸਦੀਆਂ ਪਿੱਛੇ ਵੱਲ ਮੋੜਾ ਦੇ ਸਕੀਏ ਪਰ ਅੱਜ ਮੈ ਜਦੋਂ ਗਹੁ ਨਾਲ਼ ਵੇਖਦਾ ਹਾਂ ਤਾਂ ਉਹਨਾਂ ਦੀ ਗੱਲ ਮੈਨੂੰ ਓਨੀ ਅਜਚਵੀਂ ਨਹੀ ਲੱਗਦੀ ਜਿੰਨੀ ਓਦੋਂ ਲੱਗੀ ਸੀ। ਕਿਸੇ ਹੱਦ ਤੱਕ ਇਸ ਮਸਲੇ ਤੇ ਅਸੀਂ ਗੁਰਬਾਣੀ ਤੋਂ ਸੇਧ ਲੈ ਵੀ ਸਕਦੇ ਹਾਂ। ਡਿਊਟੀ ਦਾ ਸਮਾ ਹੋ ਜਾਣ ਕਰਕੇ ਮੈ ਤਾਂ ਉਸ ਵਿਦਵਾਨਾਂ ਦੇ ਸਮਾਗਮ ਵਿਚੋਂ ਉਠ ਆਇਆ। ਪਿੱਛੋਂ ਕੀ ਹੋਇਆ, ਕੋਈ ਪਤਾ ਨਹੀ।

ਮੈ ਤਾਂ ਇਸ ਹੱਕ ਵਿਚ ਵੀ ਹਾਂ ਕਿ ਜੇਹੜੀ ਨਵੀ ਵਸਤੂ ਦਾ, ਜਿਸ ਨੇ ਈਜਾਦ ਕਰਨ ਵੇਲ਼ੇ ਜੋ ਨਾਂ ਰੱਖਿਆ ਉਸਨੂੰ ਤਰਜਮਾਉਣ ਵਿਚ ਉਚੇਚੀ ਸਿਰ ਖਪਾਈ ਕਰਨ ਨਾਲ਼ੋਂ ਉਸਨੂੰ ਜਿਉਂ ਦਾ ਤਿਉਂ ਪੰਜਾਬੀ ਅੱਖਰਾਂ ਵਿਚ ਲਿਖ ਕੇ ਅਪਣਾ ਲੈਣਾ ਚਾਹੀਦਾ ਹੈ। ਟੈਲੀਫ਼ੋਨ ਦਾ ਦੂਰਭਾਸ਼, ਟੈਲੀਵੀਯਨ ਦਾ ਦੂਰ ਦਰਸ਼ਨ, ਰੇਡੀਉ ਦਾ ਆਕਾਸ਼ਵਾਣੀ, ਟ੍ਰੈਕਟਰ ਦਾ ਭੂਮੀਖ਼ੋਦ ਯੰਤਰ ਬਣਾ ਕੇ ਅਸੀਂ ਕੀ ਕੱਦੂ ਵਿਚ ਤੀਰ ਮਾਰ ਰਹੇ ਹਾਂ; ਇਹ ਮੇਰੀ ਸਮਝ ਤੋਂ ਬਾਹਰੀ ਬਾਤ ਹੈ।

ਜਜੀਰਾ ਹਾਂ ਚੁਫੇਰੇ ਕੈਦ ਹੈ......... ਗ਼ਜ਼ਲ / ਜਸਵਿੰਦਰ

ਜਜੀਰਾ ਹਾਂ ਚੁਫੇਰੇ ਕੈਦ ਹੈ ਬਿਫਰੇ ਸਮੁੰਦਰ ਦੀ
ਚਲੋ ਕੋਈ ਤਾਂ ਖਿੜਕੀ ਸਾਹਮਣੇ ਖੁੱਲੀ, ਹੈ ਅੰਬਰ ਦੀ

ਮੇਰੇ ਮਾਸੂਮ ਜਜ਼ਬੇ ਰੋਜ਼ ਹੀ ਇਸ ਅੰਦਰ ਚਿਣੇ ਜਾਂਦੇ
ਮੇਰੇ ਸੀਨੇ ‘ਚ ਨਿੱਤ ਸਰਹਿੰਦ ਦੀ ਦੀਵਾਰ ਉਸਰਦੀ


ਜ਼ਹਿਨ ਦੇ ਆਲ੍ਹਣੇ ਵਿਚ ਦੇਰ ਤੋਂ ਜੋ ਫੜਫੜਾਉਂਦਾ ਹੈ
ਜਗਾਉਂਦੀ ਰਾਤ ਭਰ ਮੈਨੂੰ ਗੁਟਰਗੂੰ ਉਸ ਕਬੂਤਰ ਦੀ

ਘਰੋਂ ਤਾਂ ਤੁਰ ਪਿਆ ਸਾਂ, ਮੈਂ ਵੀ ਬਣ ਜਾਣਾ ਸੀ ਪੈਗੰਬਰ
ਲਿਆਉਂਦੀ ਮੋੜ ਕੇ ਮੈਨੂੰ ਨਾ ਜੇ ਆਵਾਜ਼ ਝਾਂਜਰ ਦੀ

ਘਟਾਵਾਂ ਕਾਲੀਆਂ, ਨਦੀਆਂ, ਸਮੁੰਦਰ ਰੋਜ਼ ਹੀ ਚਿਤਰੇ
ਪਤਾ ਨਹੀਂ ਪਿਆਸ ਕਿਥੋਂ ਤੀਕ ਫੈਲੀ ਹੈ ਮੁਸਵਰ ਦੀ

ਬਰੂਹਾਂ ਤੇ ਖੁਸ਼ੀ ਤੇ ਫਿਕਰ ਨਾਲੋ ਨਾਲ ਆਉਂਦੇ ਨੇ
ਜਦੋਂ ਗਮਲੇ ਦੇ ਵਿਚ ਕੋਈ ਪੱਤੀ ਹੈ ਪੁੰਗਰਦੀ

ਘਰਾਂ ਦਾ ਰਾਜ਼ ਇਹ ਗਲੀਆਂ ‘ਚ ਫਿਰ ਕੇ ਨਸ਼ਰ ਕਰ ਦੇਵੇ
ਹਵਾ ਜਾਸੂਸ ਹੈ ਕਿਹੜੀ ਖਬਰ ਰੱਖਦੀ ਘਰ ਘਰ ਦੀ

ਦਫ਼ਨ ਹੋ ਕੇ ਵੀ ਉਹ ਬੇਚੈਨ ਹੈ ਲੋਕਾਂ ‘ਚ ਆ ਬਹਿੰਦੈ
ਅਜੇ ਸੱਥਾਂ ‘ਚ ਲਗਦੀ ਹਾਜ਼ਰੀ ਉਸ ਗੈਰਹਾਜ਼ਰ ਦੀ

ਜੇ ਤਿਤਲੀ ਦੋਸਤੀ ਦੀ ਮਰ ਗਈ.......... ਗ਼ਜ਼ਲ / ਸੁਲੱਖਣ ਸਰਹੱਦੀ

ਜੇ ਤਿਤਲੀ ਦੋਸਤੀ ਦੀ ਮਰ ਗਈ ਤਾਂ ਫੇਰ ਨਾ ਕਹਿਣਾ
ਕੁੜੱਤਣ ਰਿਸ਼ਤਿਆਂ ਵਿਚ ਭਰ ਗਈ ਤਾਂ ਫੇਰ ਨਾ ਕਹਿਣਾ

ਮੈਂ ਸਾਰੇ ਰੰਜ ਦੇ ਅੰਗਿਆਰ ਦਿਲ ਵਿਚ ਦੱਬਕੇ ਆਇਆਂ
ਹਵਾ ਜੇ ਕੋਈ ਕਾਰਾ ਕਰ ਗਈ ਤਾਂ ਫਿਰ ਨਾ ਕਹਿਣਾ


ਤੂੰ ਆਪਣੀ ਜਿੱਤ ਦੇ ਹਰ ਹਾਰ ਵਿੱਚ ਮੈਨੂੰ ਪਰੋਨਾ ਏਂ
ਇਵੇਂ ਜੇ ਮੇਰੀ ਖੁਸ਼ਬੂ ਮਰ ਗਈ ਤਾਂ ਫੇਰ ਨਾ ਕਹਿਣਾ

ਸਦਾ ਦਿਲ ਤੇ ਖੰਜਰ ਲਾਉਣ ਦੀ ਤੇਰੀ ਜੋ ਆਦਤ ਹੈ
ਮੇਰਾ ਜੇ ਦਿਲ ਹੀ ਪੱਥਰ ਕਰ ਗਈ ਤਾਂ ਫੇਰ ਨਾ ਕਹਿਣਾ

ਤੂੰ ਆਪਣੇ ਸੁਪਨਿਆਂ ਦੀ ਲਾਸ਼ ਉਤੇ ਕਿਸ ਤਰ ਸੌਨੈਂ
ਜੇ ਕੱਲ ਨੂੰ ਨੀਂਦ ਤੇਰੀ ਮਰ ਗਈ ਤਾਂ ਫੇਰ ਨਾ ਕਹਿਣਾ

ਮੈਂ ਤੇਰੇ ਸਾਹਮਣੇ ਤਾਂ ਆਪਣੇ ਮਨ ਨੂੰ ਮਾਰ ਆਊਂ
ਪਰੰਤੂ ਦਰਦ ਅੱਖੀਂ ਤਰ ਗਈ ਤਾਂ ਫੇਰ ਨਾ ਕਹਿਣਾ

ਬਦਲਦੇ ਨੇ ਜਦੋਂ ਅਹਿਸਾਸ, ਮੌਸਮ ਬਦਲ ਜਾਂਦੇ ਨੇ
ਜੇ ਬਲ ਪਈ ਚਾਨਣੀ, ਧੁੱਪ ਠਰ ਗਈ ਤਾਂ ਫੇਰ ਨਾ ਕਹਿਣਾ

ਜਿੰਨੇ ਗੀਤਾਂ ਦੀ ਖਾਤਰ ਹੀ ਕਰਾਏ ਛੇਕ ਸੀਨੇ ਵਿਚ
ਉਹ ਵੰਝਲੀ ਚੁੱਪ ਰਹਿਣਾ ਜਰ ਗਈ ਤਾਂ ਫੇਰ ਨਾ ਕਹਿਣਾ

ਦੋਹੇ.........ਨਜ਼ਮ/ਕਵਿਤਾ / ਪ੍ਰਮਿੰਦਰਜੀਤ

ਮੂੰਹ ਉੱਤੇ ਦਰਵੇਸੀਆਂ ਅੰਦਰ ਕੂੜ ਫਰੇਬ
ਅੱਖਰ ਇੱਕ ਨਾ ਬੁੱਝਿਆ ਸੰਘਾ ਪਾੜੇ ਕਤੇਬ

ਤਨ ਦਾ ਪੈਂਡਾ ਗਾਹ ਲਿਆ ਮਨ ਦੀ ਲੰਮੀ ਵਾਟ
ਔਝੜ ਰਾਹੇ ਤੁਰਦਿਆਂ ਤਾਂ ਸੁਰਤੀ ਰਹੇ ਉਚਾਟ


ਕੁਝ ਧੁੰਦਲੇ ਕੁਝ ਲਰਜ਼ਦੇ ਚਿਹਰੇ ਜਾਗ ਪਏ
ਜਗਮਤਾ ਪੈੜਾਂ ਬੋਲੀਆਂ ਰਾਹੀ ਗੁਜ਼ਰ ਗਏ

ਤਨ ਪਰਛਾਵੇਂ ਹੋ ਗਏ, ਪਰਛਾਵੇਂ ਤਨ ਮਾਸ
ਮਨ ਦੀ ਵੇਦਨ ਅਣਸੁਣੀ, ਕੌਣ ਦਵੇ ਧਰਵਾਸ

ਪੀ ਲਏ ਫੁੱਲ ਸੁਹੀਦੀਆਂ ਇਹ ਕੀ ਹੋਈ ਰੀਤ
ਮਹਿੰਗੀ ਹੋ ਗਈ ਦੁਸ਼ਮਣੀ ਸਸਤੀ ਹੋਈ ਪ੍ਰੀਤ

ਨਿਸਫਲ ਤਨ ਦੀ ਸਾਧਨਾ ਜੇ ਮਨ ਤਪੇ ਅੰਗਾਰ
ਮੋਹ ਤੋਂ ਮੂੰਹ ਨਾ ਮੋੜੀਏ ਤਨ ਮਨ ਦੇਵੇ ਠਾਰ

ਪਾਣੀ ਵਿਚ ਪਿਆਸ ਜਿਉਂ ਪਰਾ ਵਿਚ ਪਰਵਾਜ਼
ਇਉਂ ਸਰਗਮ ਨੂੰ ਸਾਂਭ ਕੇ ਰੱਖਦੇ ਹਰ ਸਾਜ਼

ਸੋਚ ਵਿਚ ਬਾਬਾ ਨਾਨਕ, ਚਿੰਤਨ ਵਿਚ ਫਰੀਦ
ਅੰਦਰ ਕੁਦਰਤ ਵੱਸਦੀ ਕਰ ਨਿੱਤ ਉਸਦੀ ਦੀਦ

ਪਰੀਆਂ ਦਾ ਦੇਸ਼………… ਕਹਾਣੀ / ਮੇਜਰ ਮਾਂਗਟ

ਭਿੰਦੀ ਦਾ ਜਦੋਂ ਮਾਂ ਬਾਪ ਤੇ ਭੈਣਾਂ ਭਰਾਵਾਂ ਦੇ ਕਨੇਡਾ ਆਉਣ ਦਾ ਸੁਪਨਾ ਵੀ ਪੂਰਾ ਹੋ ਗਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਜਿਸ ਦਿਨ ਦੀ ਉਹ ਵਿਆਹ ਕਰਵਾ ਕੇ ਆਈ ਸੀ ਬੱਸ ਅੱਗੇ ਹੀ ਅੱਗੇ ਵਧਦੀ ਰਹੀ ਸੀ। ਪਿਛਲੇ ਕੁੱਝ ਦਿਨਾਂ ਤੋਂ ਉਸਦੇ ਮਨ ਅੰਦਰ ਅੱਚਬੀ ਜਿਹੀ ਲੱਗੀ ਹੋਈ ਸੀ, ਜਿਵੇਂ ਕਿਸੇ ਨੇ ਉਸਦੇ ਅੱਗੇ ਵਧ ਰਹੇ ਪੈਰਾਂ ਨਾਲ ਭਾਰੇ ਪੱਥਰ ਬੰਨ ਦਿੱਤੇ ਹੋਣ। ਉਸਦੇ ਪਤੀ ਦਾ ਘਰ ਅੰਦਰ ਪਹਿਲਾ ਸਥਾਨ ਹਾਸਲ ਲਈ ਸੰਘਰਸ਼ ਹੋਰ ਤਿੱਖਾ ਹੋ ਗਿਆ ਸੀ। ਜੋ ਭਿੰਦੀ ਨੂੰ ਕਦਾਚਿੱਤ ਵੀ ਬ੍ਰਦਾਸ਼ਤ ਨਹੀਂ ਸੀ। ਉਹ ਕਨੇਡਾ ਵਿੱਚ ਉਸ ਤੋਂ ਕਈ ਸਾਲ ਪਹਿਲਾਂ ਆਈ ਸੀ ਜਿਸਨੇ ਉਸ ਨੂੰ ਮੰਗਵਾ ਕੇ ਕਨੇਡਾ ਦੀ ਧਰਤੀ ਤੇ ਰਿੜਨਾ,ਤੁਰਨਾ ਤੇ ਦੌੜਨਾ ਸਿਖਾਇਆ ਸੀ ਤੇ ਹੁਣ ਉਸ ਨੂੰ ਖੰਭ ਨਿੱਕਲ ਆਏ ਸਨ।ਭਿੰਦੀ ਦਾ ਪੇਕਾ ਪਰਿਵਾਰ ਵੀ ਉਸ ਨੂੰ ਕਈ ਵਾਰ ਚਿਤਾਵਨੀ ਦੇ ਚੁੱਕਾ ਸੀ ਕਿ ਜਿਵੇਂ ਕੰਮਾਂ ਤੇ ਵੱਧ ਸਨਿਉਰਟੀ ਵਾਲਿਆਂ ਦੀ ਪਹਿਲ ਹੁੰਦੀ ਹੈ ਇਸ ਤਰਾਂ ਘਰ ਵਿੱਚ ਵੀ ਤੇਰੀ ਹੀ ਪੁੱਗਣੀ ਚਾਹੀਦੀ ਹੈ। ਪ੍ਰਾਹੁਣੇ ਨੂੰ ਕਾਬੂ ਕਰ ਜੋ ਤੇਰੀ ਹਿੱਕ ਤੇ ਪੈਰ ਰੱਖ ਕੇ ਅੱਗੇ ਲੰਘ ਜਾਣ ਦੇ ਸੁਪਨੇ ਲੈਂਦਾ ਹੈ।

ਇੱਕ ਦਿਨ ਫੇਰ ਉਸਦੀ ਮਾਂ ਜਸਮੇਲ ਕੌਰ ਨੇ ਗੱਲ ਤੋਰੀ "ਦੇਖ ਧੀਏ ਤੈਨੂੰ ਕਿਵੇਂ ਕਨੇਡਾ ਤੋਰਿਆ ਸੀ। ਤੇਰੇ ਪਿਉ ਦਾ ਪੂਰਾ ਸੱਤ ਲੱਖ ਲੱਗਿਆ ਸੀ ਤੇਰੇ ਵਿਆਹ ਤੇ... ਉਹਦੀ ਤਾਂ ਪਾਈ ਪਾਈ ਲਿਖੀ ਹੋਈ ਆ...। ਮੈਂ ਆਪਣੇ ਸਾਰੇ ਗਹਿਣੇ ਵੇਚ ਕੇ ਤੇਰੇ ਪਹਿਲੇ ਸਹੁਰਿਆਂ ਨੂੰ ਟੂਮ ਛੱਲੇ ਪਾ ਕੇ ਮੰਨ ਮਨੌਤਾਂ ਕੀਤੀਆਂ ਸਨ।ਉਹ ਵੀ ਤੇਰੇ ਪਿਉ ਦੀ ਪੁਲਸ ਦੀ ਨੌਕਰੀ ਕਰਕੇ ਚਾਰ ਪੈਸੇ ਜੁੜੇ ਹੋਏ ਸਨ। ਇਹ ਸਾਡੀ ਕੁਰਬਾਨੀ ਇਸ ਕਰਕੇ ਵੀ ਸਮਝ ਲੈ ਕਿ ਤੇਰੇ ਭੈਣਾਂ ਭਰਾਵਾਂ ਦਾ ਕੁਛ ਬਣ ਜਾਊ। ਪਰ ਹੁਣ ਇਹ ਹੋ ਕੀ ਰਿਹਾ ਏ? ਅਮਰ ਸਾਡੇ ਕਰਕੇ ਨਿੱਤ ਦਾ ਕਲੇਸ਼ ਕਿਉਂ ਕਰਦਾ ਏ? ਜੇ ਤੂੰ ਨੀ ਸਾਡਾ ਖਿਆਲ ਰੱਖੇਗੀਂ ਤਾਂ ਹੋਰ ਕੌਣ ਰੱਖੂ? ਕੀ ਅਸੀਂ ਨੀ ਤੇਰਾ ਖਿਆਲ ਰੱਖਿਆ?" ਫੇਰ ਉਹ ਕੰਨ ਕੋਲ਼ ਮੂੰਹ ਕਰਕੇ ਬੋਲੀ “ਕੀ ਇੰਡੀਆਂ ਵਿੱਚ ਤੇਰੇ ਵਸਣ ਦੇ ਲੱਛਣ ਸੀ। ਉਦੋਂ ਤਾਂ ਇਹ ਹੀ ਅਮਰ ਤੇ ਇਸਦੇ ਮਾਪੇ ਤੇਰੇ ਪਿਉ ਅੱਗੇ ਆ ਕੇ ਨਿੱਤ ਪੂਛ ਹਿਲਾਉਂਦੇ ਸੀ ਕਿ ਰਿਸ਼ਤਾ ਲੈ ਲਉ ਸਾਨੂੰ ਹਰ ਗੱਲ ਮਨਜੂਰ ਏ, ਤੇ ਹੁਣ ਇਹ ਕਿਸ ਗੱਲ ਦਾ ਰੋਜ ਝੱਜੂ ਪਾਉਂਦਾ ਏਂ...। ਇਹ ਨੂੰ ਕਾਬੂ ਵਿੱਚ ਰੱਖ ਮੈਂ ਤੈਨੂੰ ਦੱਸਾਂ” ਮਾਂ ਲੋਹੀ ਲਾਖੀ ਹੋਈ ਪਈ ਸੀ।

ਭਿੰਦੀ ਦਾ ਸਿਰ ਚਕਰਾ ਰਿਹਾ ਸੀ। ਮਾਂ ਠੀਕ ਹੀ ਤਾਂ ਕਹਿ ਰਹੀ ਸੀ। ਉਸਦਾ ਵਿਆਹ ਮਾਂ ਬਾਪ ਨੇ ਕਿਸੇ ਮਕਸਦ ਲਈ ਕੀਤਾ ਸੀ, ਨਹੀਂ ਤਾਂ ਕਿਹੜਾ ਬਾਪ ਆਪਣੀ ਧੀ ਨੂੰ ਦੁੱਗਣੀ ਉਮਰ ਦੇ ਮਰਦ ਤੇ ਦੋ ਬੱਚਿਆਂ ਦੇ ਬਾਪ ਨਾਲ ਜੋ ਨਿੱਤ ਦਾ ਸ਼ਰਾਬੀ ਹੋਵੇ ਵਿਆਉਂਦਾ ਏ। ਇਸੇ ਕਰਕੇ ਤਾਂ ਉਸ ਨਾਲੋਂ ਰਿਸ਼ਤਾ ਟੁੱਟਾ ਸੀ। ਜਦੋਂ ਭਿੰਦੀ ਨੇ ਘਰ ਵਾਲੇ ਨੂੰ ਸ਼ਰਾਬ ਪੀਣ ਤੋਂ ਰੋਕਣ ਦੀ ਕੋਸਿਸ਼ ਕੀਤੀ ਸੀ ਤਾਂ ਉਸ ਨੇ ਥੱਪੜ ਮਾਰਿਆ ਸੀ। ਸ਼ਾਇਦ ਉਸਦਾ ਪਹਿਲੀ ਪਤਨੀ ਨਾਲੋਂ ਰਿਸ਼ਤਾ ਟੁੱਟਣ ਦਾ ਵੀ ਏਹੋ ਕਾਰਨ ਹੋਵੇ। ਜੋ ਦੋਨੋਂ ਬੱਚੇ ਲੈ ਕੇ ਵੱਖਰੀ ਰਹਿਣ ਲੱਗ ਪਈ ਸੀ। ਤਲਾਕ ਹੋਣ ਤੋਂ ਬਾਅਦ ਵੀ ਉਸ ਨੇ ਪੀਣੀ ਨਹੀਂ ਸੀ ਛੱਡੀ ਪਰ ਇਸੇ ਵਜ੍ਹਾ ਕਰਕੇ ਸਾਰੇ ਰਿਸ਼ਤੇਦਾਰ ਛੱਡ ਦਿੱਤੇ ਸਨ। ਰਿਸ਼ਤੇਦਾਰਾਂ ਦੇ ਕਹਿਣ ਤੇ ਵੀ ਕਿ ਕਾਹਨੂੰ ਕਿਸੇ ਹੋਰ ਕੁੜੀ ਦੀ ਜ਼ਿੰਦਗੀ ਬਰਬਾਦ ਕਰਦੇ ਹੋਂ ਉਸਦੇ ਮਾਂ ਬਾਪ ਉਸ ਨੂੰ ਭਾਰਤ ਜਾ ਕੇ ਵਿਆਹ ਲਿਆਏ ਸਨ ਕਿ ਸ਼ਾਇਦ ਨਵੀਂ ਬਹੂ ਉਸ ਨੂੰ ਸੁਧਾਰ ਦੇਵੇ, ਪਰ ਪਰਨਾਲਾ ਉੱਥੇ ਦਾ ਉੱਥੇ ਰਿਹਾ।

ਕਈ ਵਾਰੀ ਉਹ ਸੋਚਦੀ ਮੈਂ ਵਿਆਹ ਕਿਉਂ ਕਰਵਾਇਆ। ਪਰ ਇਹ ਅਸਲੀਅਤ ਤਾਂ ਉਸਦਾ ਪਿਉ ਸਰਦੂਲ਼ ਸਿੰਘ ਵੀ ਜਾਣਦਾ ਸੀ। ਉਦੋਂ ਤਾਂ ਕਨੇਡਾ ਦੇ ਮੁਕਾਬਲੇ ਵਿੱਚ ਉਸ ਨੂੰ ਇਹ ਗੱਲਾਂ ਬੜੀਆਂ ਛੋਟੀਆਂ ਜਿਹੀਆਂ ਜਾਪੀਆਂ ਸਨ ਕਿ ਉਮਰ ਨੂੰ ਹੁਣ ਕੌਣ ਦੇਖਦਾ ਏ। ਜ਼ਮਾਨਾ ਬਦਲ ਗਿਆ ਏ ਮੈਂ ਤਾਂ ਪਿਛਲੇ ਵੀਹ ਵਰੇ ਤੋਂ ਪੀਂਦਾ ਹਾਂ। ਸਾਰੀ ਦੁਨੀਆ ਹੀ ਪੀਂਦੀ ਏ। ਨਾਲੇ ਕਨੇਡਾ ਵਰਗੇ ਮੁਲਕ 'ਚ ਜਾ ਕੇ ਤਾਂ ਇਹ ਗੱਲਾਂ ਮਾਹਨੇ ਹੀ ਕੋਈ ਨਹੀਂ ਰੱਖਦੀਆਂ। ਫੇਰ ਉਹ ਆਪਣੀ ਪਤਨੀ ਨੂੰ ਦਲੀਲ ਨਾਲ ਸਮਝਾਉਂਦਾ। ਤੂੰ ਪੰਜਾਬ ਦਾ ਹਾਲ ਦੇਖ। ਨੌਕਰੀਆਂ ਏਥੇ ਮਿਲਦੀਆਂ ਕੋਈ ਨਹੀਂ ਤੇ ਹਰ ਬੰਦਾ ਹਥਿਆਰ ਚੁੱਕੀ ਫਿਰਦਾ ਏ। ਰੋਜ਼ ਜਾਨੋਂ ਮਾਰਨ ਦੀਆਂ ਧਮਕੀਆਂ ਆਂਉਦੀਆਂ ਨੇ ਜੇ ਇਹ ਹੀ ਹਾਲਾਤ ਰਹੇ ਤਾਂ ਇਸ ਮੁਲਕ 'ਚ ਰਹਿਣਾ ਖਾਲਾ ਜੀ ਦਾ ਵਾੜਾ ਨਹੀਂ ਤੇ ਉਹ ਵੀ ਇੱਕ ਪੁਲਿਸ ਵਾਲੇ ਵਾਸਤੇ। ਨਾਲੇ ਹੁਣ ਤਾਂ ਚਾਰ ਪੈਸੇ ਕੋਲ਼ ਨੇ ਚੰਗੇ ਮੌਕੇ ਜੋੜ ਲਏ ਜੇ ਕੱਲ ਨੂੰ ਕੋਈ ਇਮਾਨਦਾਰੀ ਦਾ ਡੰਗਿਆ ਅਫਸਰ ਆ ਗਿਆ ਤਾਂ ਇਹ ਵੀ ਖਰਚੇ ਜਾਣਗੇ। ਜੇ ਕੋਈ ਇਨਕੁਆਰੀ ਬੈਠ ਗਈ ਤਾਂ ਸਰ ਗਿਆ। ਹਰ ਕੋਈ ਧੱਕੇਸ਼ਾਹੀ ਦਾ ਮੁੱਦਾ ਚੁੱਕੀ ਫਿਰਦਾ ਏ। ਹੁਣ ਮੌਕਾ ਏ ਨਿੱਕਲ ਚੱਲਦੇ ਹਾਂ। ਬੱਚਿਆਂ ਦਾ ਵੀ ਕੁੱਝ ਬਣ ਜਾਵੇਗਾ। ਮੁੱਢੇ 'ਚ ਨੁਕਸ ਕੱਢਣੇ ਛੱਡ ਤੇ ਹਾਂ ਕਰ। ਫੇਰ ਮਾਂ ਦੇ ਵੀ ਗੱਲ ਖਾਨੇ 'ਚ ਬੈਠ ਗਈ। ਇਹ ਰਿਸ਼ਤਾ ਹੋ ਗਿਆ।ਭਿੰਦੀ ਪਹਿਲਾਂ ਪਹਿਲਾਂ ਤਾਂ ਅੜ੍ਹ ਗਈ ਸੀ ਪਰ ਮਾਂ ਨੇ ਸਮਝਾਇਆਂ "ਕੁੜੀਏ ਕਨੇਡਾ ਜਾ ਕੇ ਤੇਰਾ ਭਵਿੱਖ ਬਣਜੂ। ਏਥੇ ਵੀ ਚੰਗਾ ਮੁੰਡਾ ਮਿਲਣ ਦੀ ਕੀ ਗਰੰਟੀ ਏ? ਨਸ਼ੇ ਦਾ ਹੜ੍ਹ ਵਗਦਾ ਏ ਏਥੇ। ਕਰੈਕਟਰ ਨਾਂ ਦੀ ਕੋਈ ਸ਼ੈਅ ਹੈ ਹੀ ਨਹੀਂ। ਤੂੰ ਆਪਣੇ ਅੰਦਰ ਹੀ ਝਾਤੀ ਮਾਰ ਕੇ ਸੋਚ। ਤੇਰੇ ਪਿਉ ਨੂੰ ਤਾਂ ਤੇਰਾ ਕੋਈ ਭੇਦ ਨਹੀਂ ਪਰ ਤੇਰੀ ਮਾਂ ਨੂੰ ਤਾਂ ਸਭ ਕੁੱਝ ਪਤਾ ਏ। ਕਦੇ ਵੀ ਬਦਨਾਮੀ ਦੀ ਕਾਲਖ ਤੇਰਾ ਘਰ ਤਬਾਹ ਕਰ ਸਕਦੀ ਹੈ। ਅਜੇ ਤਾਂ ਤੇਰੇ ਪਿਉ ਦੇ ਅਹੁਦੇ ਕਰਕੇ ਲੋਕੀ ਨਹੀਂ ਬੋਲਦੇ। ਭਿੰਦੀ ਨੇ ਸੋਚਿਆ ਮਾਂ ਠੀਕ ਹੀ ਤਾਂ ਕਹਿੰਦੀ ਹੈ ਮੈਨੂੰ ਚਾਂਸ ਛੱਡਣਾ ਨਹੀਂ ਚਾਹੀਦਾ ਤੇ ਉਹ ਰਾਜ਼ੀ ਹੋ ਗਈ ਸੀ।

ਉੱਧਰ ਮੁੰਡੇ ਵਾਲੇ ਸੋਚਦੇ ਕਿ ਸਾਡੇ ਸ਼ਰਾਬੀ ਕਬਾਬੀ ਦਹਾਜੂ ਪੁੱਤ ਨੂੰ ਥਾਣੇਦਾਰ ਦੀ ਕਾਲਜ ਪੜ੍ਹਦੀ ਵੀਹ ਵਰਿਆਂ ਦੀ ਕੁੜੀ ਚੋਖਾ ਦਾਜ ਤੇ ਲੱਖਾਂ ਰੁਪਿਆ ਨਕਦ ਮਿਲ ਰਿਹਾ ਹੈ ਹੋਰ ਸਾਨੂੰ ਕੀ ਚਾਹੀਦਾ ਹੈ। ਦੋਨੋ ਪਰਿਵਾਰ ਇੱਕ ਦੂਜੇ ਨੂੰ ਦਾਅ ਲਾਉਣ ਦੀ ਸੋਚ ਰਹੇ ਸਨ। ਹੋਰ ਵਿਆਹ ਦੀ ਆੜ ਵਿੱਚ ਰਹਿ ਵੀ ਕੀ ਗਿਆ ਸੀ। ਅਸਲ ਗੇਮ ਤਾਂ ਉਦੋਂ ਸ਼ੁਰੂ ਹੋਈ ਜਦੋਂ ਭਿੰਦੀ ਕਨੇਡਾ ਪਹੁੰਚਣ ਤੋਂ ਬਾਅਦ। ਭਿੰਦੀ ਦੇ ਘਰ ਵਾਲੇ ਅਮਰ ਨੂੰ ਕੁੱਝ ਲੋਕ ਪਹਿਲਾਂ ਤੋਂ ਹੀ ਮੱਤਾਂ ਦੇ ਰਹੇ ਸਨ ਕਿ ਕੁੜੀ ਤੇਰੇ ਤੋਂ ਅੱਧੀ ਉਮਰ ਦੀ ਹੈ ਸੰਭਾਲ ਕੇ ਰੱਖੀਂ। ਦੋ ਦੋ ਜੌਬਾਂ ਤੇ ਲਾ ਕੇ ਰੱਖੀ ਤਾਂ ਕਿ ਥੱਕੀ ਹਾਰੀ ਸੌਣ ਤੋਂ ਸਿਵਾਏ ਹੋਰ ਕੁੱਝ ਵੀ ਸੋਚਣ ਦਾ ਮੌਕਾ ਨਾ ਮਿਲੇ। ਉਸ ਦੇ ਪਰਿਵਾਰ ਨੂੰ ਭੁੱਲ ਕੇ ਵੀ ਸਪੌਂਸਰ ਕਰਨ ਦਾ ਮੌਕਾਂ ਨਾ ਦੇਵੀਂ ਫੇਰ ਇਸ ਕਬੂਤਰੀ ਨੂੰ ਬੈਠਣ ਲਈ ਇੱਕ ਛਤਰੀ ਹੋਰ ਮਿਲ ਜਾਣੀ ਏਂ ਤੈਨੂੰ ਤਾਂ ਫੇਰ ਉੱਕਾ ਹੀ ਪੁੱਛਣਾ ਨਹੀਂ। ਉਧਰ ਭਿੰਦੀ ਦੀ ਜਦ ਵੀ ਮੌਕਾ ਮਿਲਦਾ ਤਾਂ ਫੋਨ ਰਾਹੀਂ ਇੰਡੀਆ ਤੋਂ ਕਲਾਸ ਲੱਗ ਜਾਂਦੀ ਕਿ 'ਘਰ ਵਾਲਾ ਤੇਰੇ ਸ਼ਰਾਬੀ ਕਬਾਬੀ ਹੈ, ਆਪਣਾ ਘਰ ਸੰਭਾਲ ਕੇ ਰੱਖੀ। ਨਣਾਨਾਂ ਨੂੰ ਬਹੁਤਾਂ ਮੂੰਹ ਨਾਂ ਲਾਈਂ ਵਾਧੂ ਦੀ ਦਖਲ ਦੇ ਕੇ ਕਲੇਸ਼ ਪੁਆਂਉਂਦੀਆਂ ਰਹਿਣਗੀਆਂ। ਸਾਨੂੰ ਜਲਦੀ ਸਪੌਂਸਰ ਕਰ ਫੇਰ ਆਪੇ ਆ ਕੇ ਅਸੀਂ ਸੰਭਾਲ ਲਵਾਂਗੇ। ਘਰ ਤੂੰ ਰੋਹਬ ਨਾਲ ਚਲਾਉਣਾ ਹੈ।'

ਇੱਕ ਦਿਨ ਭਿੰਦੀ ਨੇ ਚੁੱਕੀ ਚਕਾਈ ਨੇ ਕਹਿ ਦਿੱਤਾ ਕਿ ਤੁਹਾਡੀਆਂ ਭੈਣਾਂ ਜਾਂ ਮਾਂ ਪਿਉ ਮੇਰੀ ਕਿਸੇ ਗੱਲ ਵਿੱਚ ਵਾਧੂ ਦਾ ਦਖਲ ਨਾ ਦੇਣ ਮੈਨੂੰ ਵੀ ਏਨੀ ਕੁ ਅਕਲ ਹੈ। ਤਾਂ ਅਮਰ ਨੇ ਠਾਹ ਕਰਦਾ ਥੱਪੜ ਮਾਰਿਆ ਕਿ ਤੇਰੀ ਜ਼ੁਰਤ ਕਿਵੇਂ ਪਈ ਮੇਰੀ ਮਾਂ ਜਾਂ ਭੈਣਾਂ ਨੂੰ ਕਹਿਣ ਦੀ। ਬੱਸੇ ਏਸੇ ਦਿਨ ਭਿੰਦੀ ਦਾ ਆਤਮ ਸਨਮਾਨ ਜ਼ਖਮੀ ਹੋਇਆ ਸੀ। ਉਹ ਸੋਚਣ ਲੱਗੀ ਕਿ ਇਹ ਦੋ ਟਕੇ ਦਾ ਬੰਦਾ ਤੇ ਉਹ ਵੀ ਸ਼ਰਾਬੀ ਕਬਾਬੀ ਆਪਣੇ ਆਪ ਨੂੰ ਸਮਝਦਾ ਕੀ ਹੈ। ਸਿਰਫ ਇਸਦੀ ਯੋਗਤਾ ਇਹ ਹੀ ਹੈ ਕਿ ਮੇਰੇ ਤੋਂ ਪਹਿਲਾਂ ਕਨੇਡਾ ਆਇਆ ਸੀ, ਜਿਵੇਂ ਕਨੇਡਾ ਇਹਦੇ ਪਿਉ ਦਾ ਮੁਲਕ ਹੋਵੇ। ਜੇ ਮੈਂ ਆਈ ਤੇ ਆ ਗਈ ਤਾਂ ਦੋ ਦਿਨਾਂ ਵਿੱਚ ਸਾਰੀਆਂ ਫੀਤੀਆਂ ਉਤਾਰ ਕੇ ਰੱਖ ਦਊਂ ਜੋਂ ਕਨੇਡਾ ਵਾਲੇ ਹੋਣ ਦੀਆਂ ਮੋਢਿਆਂ ਤੇ ਸਜਾਈਂ ਫਿਰਦੇ ਨੇ। ਉਹ ਫੱਟੜ ਸੀਹਣੀਂ ਵਾਂਗ ਵਿਸ ਘੋਲਦੀ ਮੌਕੇ ਦੀ ਤਲਾਸ਼ ਕਰਦੀ ਰਹੀਂ। ਇੱਕ ਦਿਨ ਫੇਰ ਇਸ ਗੱਲੋਂ ਤਕਰਾਰ ਹੋ ਗਿਆ ਕਿ ਮੈਂ ਆਪਣੇ ਮਾਂ ਬਾਪ ਸਪੌਂਸਰ ਕਰਨੇ ਨੇ ਤਾਂ ਅਮਰ ਅੱਗੋ ਬੁੜਕ ਪਿਆ ਕਿ ਤੂੰ ਇਹ ਗੱਲ ਸੋਚੀਂ ਵੀ ਕਿੱਦਾਂ। ਭਿੰਦੀ ਨੇ ਕਿਹਾ ਕਿਉਂ ਮੈਂ ਇਨਸਾਨ ਨਹੀਂ ਮੈਂ ਕਨੇਡਾ ਨਹੀਂ ਰਹਿੰਦੀ, ਮੈਂ ਕੰਮ ਨਹੀਂ ਕਰਦੀ ਤੇਰੇ ਨਾਲ ਵਿਆਹ ਕਰਵਾਇਆ ਹੈ ਉਹ ਵੀ ਕੀਮਤ ਅਦਾ ਕਰਕੇ ਮੈਂ ਤੇਰੀ ਕੋਈ ਗ਼ੁਲਾਮ ਨਹੀਂ ਬਈ ਮੇਰੀ ਜ਼ਿੰਦਗੀ ਦੇ ਫੈਸਲੇ ਵੀ ਹੁਣ ਤੂੰ ਕਰੇਂਗਾ। ਅਮਰ ਨੇ ਆ ਦੇਖਿਆਂ ਨਾਂ ਤਾ "ਖੜਜਾ ਤੇਰੀ ਕੁੱਤੀ ਜ਼ਨਾਨੀ ਦੀ…” ਕਹਿੰਦਿਆਂ ਹੋਇਆਂ ਸ਼ਰਾਬ ਵਾਲਾ ਗਲਾਸ ਉਸ ਦੇ ਮੱਥੇ 'ਚ ਮਾਰਿਆ। ਚਾਰ ਪੰਜ ਥੱਪੜ ਜੜ ਦਿੱਤੇ। ਜਦੋਂ ਫੇਰ ਵੀ ਠੰਢ ਨਾ ਪਈ ਤਾਂ ਕੌਰਡਲੈੱਸ ਉਸ ਦੇ ਮੂੰਹ ਤੇ ਮਾਰਿਆ ਅਖੇ ਆ ਬੈਲ ਮੁਝੇ ਮਾਰ। ਭਿੰਦੀ ਨੇ ਉਸੇ ਫੋਨ ਤੋਂ ਤੁਰੰਤ 911 ਘੁਮਾਇਆ, ਗਲ ਅਜੇ ਕੋਈ ਵੀ ਨਹੀਂ ਸੀ ਕੀਤੀ ਕਿ ਅਮਰ ਨੇ ਛਾਲ ਮਾਰ ਕੇ ਉਸ ਨੂੰ ਵਾਲਾਂ ਤੋਂ ਫੜ ਕੇ ਕੁੱਟਣਾ ਸੁਰੂ ਕਰ ਦਿੱਤਾ । ਫੋਨ ਬੁੜਕ ਕੇ ਪਰਾਂ ਜਾ ਡਿੱਗਿਆ। ਬਾਕੀ ਦਾ ਚੀਕ ਚਿਹਾੜਾ ਪੁਲੀਸ ਨੂੰ ਫੋਨ ਤੇ ਹੀ ਸੁਣਿਆ। ਮਿੰਟਾਂ ਸਕਿੰਟਾਂ ਵਿੱਚ ਹੀ ਪੁਲੀਸ ਐਂਬੂਲੈਂਸ ਤੇ ਫਾਇਰ ਦੇ ਅਲਾਰਮ ਉਨ੍ਹਾਂ ਦੇ ਘਰ ਅੱਗੇ ਵੱਜ ਰਹੇ ਸਨ। ਭਿੰਦੀ ਨੇ ਰੋ ਰੋ ਕੇ ਆਪਣੀ ਕਹਾਣੀ ਦੱਸੀ, ਅਮਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਭਿੰਦੀ ਕਿਤੇ ਹੋਰ ਰਹਿਣ ਲੱਗ ਪਈ ਸੱਸ ਸਹੁਰੇ ਨੇ ਨਾਲ ਰਹਿਣ ਲਈ ਬਥੇਰਾ ਮਨਾਈ ਸੀ ਪਰ ਉਹ ਨਾ ਮੰਨੀ।

ਭਿੰਦੀ ਨੂੰ ਬੇਸਮੈਂਟ ਉਸਦੇ ਥਾਣੇਦਾਰ ਪਿਉ ਦੇ ਕਹਿਣ ਤੇ ਕਿਸੇ ਵਾਕਿਫ ਨੇ ਦੁਆ ਦਿੱਤੀ ਸੀ ਜੌਬ ਤਾਂ ਉਹ ਕਰਦੀ ਹੀ ਸੀ ਅਸਲ ਵਿੱਚ ਉਹ ਸਰਦੂਲ ਸਿੰਘ ਦੀ ਮਾਸੀ ਦੇ ਭਾਣਜੇ ਦਾ ਘਰ ਸੀ। ਭਿੰਦੀ ਨੂੰ ਹੁਣ ਹਰ ਗੱਲ ਵਿੱਚ ਪੂਰੀ ਆਜ਼ਾਦੀ ਮਿਲ ਗਈ ਘਰ ਵਾਲੇ ਉਸ ਨੂੰ ਪਰਿਵਾਰ ਦਾ ਮੈਂਬਰ ਹੀ ਸਮਝਦੇ ਹਰ ਗੱਲ ਵਿੱਚ ਉਸਦੀ ਮੱਦਦ ਕਰਦੇ ਤੇ ਸਲਾਹਾਂ ਦਿੰਦੇ ਕਿ ਅਮਰ ਵਰਗੇ ਸ਼ਰਾਬੀ ਬੰਦੇ ਨਾਲ ਤਾਂ ਉਹ ਰਹਿਣ ਦੀ ਗੱਲ ਦਿਮਾਗ ਵਿੱਚੋਂ ਹੀ ਕੱਢ ਦੇਵੇ। ਜੋ ਨਾਂ ਤਾਂ ਅਲਕੋਹਲਿਕ ਹੋਣ ਕਰਕੇ ਕੰਮ ਕਰ ਸਕਦਾ ਹੈ, ਉਮਰ ਵਿੱਚ ਉਸ ਤੋਂ ਦੁੱਗਣਾ ਹੈ ਤੇ ਪਹਿਲੀ ਪਤਨੀ ਦੇ ਬੱਚਿਆਂ ਦਾ ਅੱਧਾ ਖਰਚਾ ਵੀ ਉਸ ਦੇ ਸਿਰ ਪਿਆ ਹੋਇਆ ਹੈ। ਉੱਥੇ ਤਾਂ ਉਸਦਾ ਭਵਿੱਖ ਬਿਲਕੁੱਲ ਸੁਰੱਖਿਅਤ ਨਹੀਂ। ਉਨ੍ਹਾਂ ਹੀ ਚੁੱਕ ਚੁਕਾ ਕੇ ਭਿੰਦੀ ਨੂੰ ਤਲਾਕ ਅਪਲਾਈ ਕਰਨ ਲਈ ਮਨਾ ਲਿਆ ਸੀ। ਉਧਰ ਅਮਰ ਦੀ ਸ਼ਰਾਬ ਬੇਹੱਦ ਵਧ ਗਈ ਸੀ ਤੇ ਇਸ ਰਿਸ਼ਤੇ ਦਾ ਭੋਗ ਪੈਦਿਆਂ ਕੋਈ ਬਹੁਤਾ ਸਮਾਂ ਨਾ ਲੱਗਾ।

ਭਿੰਦੀ ਨੂੰ ਤਲਾਕ ਦਾ ਸਰਟੀਫੀਕੇਟ ਮਿਲਣ ਦੀ ਦੇਰ ਸੀ ਕਿ ਉਸ ਨੂੰ ਨਵੇਂ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਇਸ ਕਲੇਸ਼ ਦੌਰਾਨ ਉਸ ਦੀ ਸਭ ਤੋਂ ਵੱਧ ਮੱਦਦ ਕਰਨ ਵਾਲੀ ਉਸਦੇ ਡੈਡੀ ਜੀ ਦੀ ਮਾਸੀ ਨੇ ਹੀ ਸਭ ਤੋਂ ਪਹਿਲਾਂ ਆਪਣੇ ਘਰ ਵਾਲੇ ਦੇ ਭਤੀਜੇ ਨਾਲ ਵਿਆਹ ਕਰਵਾਉਣ ਦੀ ਜਿੱਦ ਫੜ ਲਈ। ਉਧਰੋਂ ਸਰਦੂਲ ਸਿੰਘ ਵੀ ਕਹਿਣ ਲੱਗਿਆ ਹੁਣ ਔਖੇ ਵੇਲੇ ਮਾਸੀ ਨੇ ਐਨੀ ਮੱਦਦ ਕੀਤੀ ਹੈ ਜਵਾਬ ਕਿਵੇਂ ਦੇ ਸਕਦੇ ਹਾਂ। ਉਦਾਂ ਵੀ ਜਾਣ ਪਛਾਣ ਹੈ ਨਹੀਂ ਤਾਂ ਤਲਾਕ ਸ਼ੁਦਾ ਔਰਤ ਨਾਲ ਕਨੇਡਾ ਦੇ ਲਾਲਚ ਨੂੰ ਵਿਆਹ ਕਰਵਾਉਣ ਲਈ ਤਾਂ ਹਰ ਇੱਕ ਤਿਆਰ ਹੈ ਪਰ ਬਾਅਦ ਮਤਲਬ ਨਿੱਕਲੇ ਤੋਂ ਰੌਲਾ ਪਾ ਲੈਂਦੇ ਹਨ। ਪਤਾ ਨਹੀਂ ਭਿੰਦੀ ਨੂੰ ਕਿਉਂ ਲੱਗਦਾ ਸੀ ਕਿ ਮਾਸੀ ਨੇ ਉਸਦੀ ਮੱਦਦ ਕੀਤੀ ਹੀ ਤਾਂ ਹੈ ਕਿ ਉਹ ਮੁੰਡੇ ਦਾ ਸਾਕ ਕਰਵਾ ਕੇ ਆਪਣੇ ਸਹੁਰਿਆਂ ਤੇ ਰੋਹਬ ਪਾ ਸਕੇ। ਭਿੰਦੀ ਤਾਂ ਇਹ ਵੀ ਚਾਹੁੰਦੀ ਸੀ ਕਿ ਇੰਡੀਆਂ ਜਾ ਕੇ ਆਪਣਾ ਮਨ ਪਸੰਦ ਦਾ ਮੁੰਡਾ ਚੁਣ ਕੇ ਲਿਆਵੇ ਪਰ ਆਪਣੇ ਪਿਉੁ ਨੂੰ ਜਵਾਬ ਨਾ ਦੇ ਸਕੀ ਜੋ ਧੀ ਨੂੰ ਦੁਬਾਰਾ ਮੁਫਤੋਂ ਮੁਫਤ ਵਿਆਹ ਕਰਵਾ ਕੇ ਵਸਾ ਦੇਣਾ ਚਾਹੁੰਦਾ ਸੀ। ਕੁਝ ਕੁ ਨਾਂਹ ਨੁੱਕਰ ਕਰਨ ਤੋਂ ਬਾਅਦ ਹੀ ਭਿੰਦੀ ਨੇ ਪਿਉ ਸਾਹਮਣੇ ਹਥਿਆਰ ਸੁੱਟ ਦਿੱਤੇ ਤੇ ਸਰਦੂਲ ਸਿੰਘ ਨੇ ਵੀ ਮਾਸੀ ਨੂੰ ਨਿਸ਼ੰਗ ਹੋ ਕੇ ਕਹਿ ਦਿੱਤਾ ਕਿ ਵਿਆਹ ਦਾ ਸਾਰਾ ਖਰਚਾ ਮੁੰਡੇ ਵਾਲੇ ਕਰਨ। ਭਿੰਦੀ ਦੇ ਇੰਡੀਆ ਆਉਣ ਜਾਣ ਦਾ ਖਰਚਾ ਦੇਣ ਜੋ ਉਹ ਮੰਨ ਗਏ ਕਿਉਂਕਿ ਦਸ ਪੰਦਰਾਂ ਲੱਖ ਖਰਚ ਕੇ ਮੁੰਡੇ ਨੂੰ ਕੱਚਾ ਕਨੇਡਾ ਭੇਜਣ ਨਾਲੋਂ ਇਹ ਸੌਦਾ ਸਸਤਾ ਸੀ।

ਹਾਂ ਹੋਣ ਦੀ ਦੇਰ ਸੀ ਹੁਣ ਮਾਸੀ ਨੇ ਮੁੰਡੇ ਦੀਆਂ ਸਿਫਤਾਂ ਦੇ ਪੁਲ ਬੰਨਣੇ ਸ਼ੁਰੂ ਕਰ ਦਿੱਤੇ ਕਿ ਅਮਰਜੀਤ ਦੀ ਐੱਮ ਐੱਮ ਸੀ ਕੀਤੀ ਹੋਈ ਹੈ ਕੋਈ ਨਸ਼ਾ ਪੱਤਾ ਨਹੀਂ ਖਾਂਦਾ ਬੜਾ ਲੈਕ ਮੁੰਡਾ ਹੈ। ਸਰਦੂਲ ਸਿੰਘ ਮੁੰਡਾ ਦੇਖਣ ਗਿਆ । ਵਾਕਿਆ ਹੀ ਗੱਲ ਠੀਕ ਸੀ ਛੇ ਫੁੱਟ ਲੰਬਾ ਕੱਦ ਗੋਰਾ ਰੰਗ ਸੋਹਣਾ ਸੁਨੱਖਾ ਭਿੰਦੀ ਤੋਂ ਸਿਰਫ ਤਿੰਨ ਵਰ੍ਹੇ ਵੱਡਾ। ਮੁੰਡੇ ਨੂੰ ਪੰਜ ਏਕੜ ਜ਼ਮੀਨ ਆਉਂਦੀ ਸੀ, ਬਾਹਰ ਖੇਤਾਂ ਵਿੱਚ ਘਰ ਸੀ ਹੋਰ ਕੀ ਚਾਹੀਦਾ ਸੀ। ਉਨ੍ਹਾਂ ਭਿੰਦੀ ਨੂੰ ਫੋਨ ਕਰਕੇ ਸ਼ਗਨ ਪਾ ਦਿੱਤਾ ਤੇ ਵਿਆਹ ਵਾਸਤੇ ਜਲਦੀ ਆਉਣ ਲਈ ਕਿਹਾ। ਇਨ੍ਹਾਂ ਦਿਨਾਂ ਵਿੱਚ ਸਰਦਾਰਾ ਸਿੰਘ ਦੇ ਪਰਿਵਾਰ ਨੇ ਸਰਦੂਲ ਸਿੰਘ ਦੀ ਰੱਜ ਕੇ ਸੇਵਾ ਕੀਤੀ। ਜਿਉਂ ਹੀ ਉਸਦੀ ਕਾਰ ਆ ਕੇ ਰੁੱਕਦੀ ਠਾਣੇਦਾਰ ਸਾਹਿਬ ਠਾਣੇਦਾਰ ਸਾਹਿਬ ਹੁੰਦੀ ਬੋਤਲਾਂ ਖੁੱਲਦੀਆਂ ਮੁਰਗ਼ੇ ਰਿੰਨੇ ਜਾਂਦੇ। ਅਮਰਜੀਤ ਵਾਰ ਵਾਰ ਗੋਡੇ ਛੂੰਹਦਾ। ਸਰਦੂਲ ਸਿੰਘ ਭਿੰਦੀ ਨੂੰ ਫੋਨ ਤੇ ਹਰ ਵਾਰ ਆਖਦਾ ਕਿ ਏਹੋ ਜਿਹਾ ਮੁੰਡਾ ਤਾਂ ਕਿਸਮਤ ਵਾਲਿਆਂ ਨੂੰ ਮਿਲਦਾ ਹੈ।

ਫੇਰ ਇੱਕ ਦਿਨ ਭਿੰਦੀ ਕਨੇਡਾ ਤੋਂ ਭਾਰਤ ਆਈ ਤੇ ਦੋਹਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਦਾ ਸਮਾਂ ਬੜਾ ਰੰਗ ਰੰਗੀਨੀਆਂ ਭਰਿਆ ਬੀਤਿਆ। ਜਾਣ ਸਾਰ ਭਿੰਦੀ ਨੇ ਆਪਣੇ ਘਰ ਵਾਲੇ ਦੇ ਪੇਪਰ ਭਰ ਦਿੱਤੇ। ਨਵੇਂ ਕਨੂੰਨ ਅਨੁਸਾਰ ਮੈਡੀਕਲ ਅਤੇ ਇੰਟਰਵਿਊ ਉਪਰੰਤ ਅਮਰਜੀਤ ਕਨੇਡਾ ਪਹੁੰਚ ਗਿਆ। ਮਾਸੀ ਮਾਸੜ ਨੇ ਦੋਹਾਂ ਦੀ ਮੱਦਦ ਵੀ ਕੀਤੀ ਤੇ ਵੱਖਰੀ ਬੇਸਮੈਂਟ ਵੀ ਲੱਬ ਦਿੱਤੀ। ਦੋਹਾਂ ਨੂੰ ਚੰਗੇ ਕੰਮ ਮਿਲ ਗਏ ਤੇ ਗੱਡੀ ਚੰਗੀ ਰਿੜ ਪਈ। ਹੁਣ ਵਾਰੀ ਆਈ ਮਾਪਿਆਂ ਨੂੰ ਸਪੌਂਸਰ ਕਰਨ ਦੀ ਭਿੰਦੀ ਦੀ ਜਿੱਦ ਸੀ ਕਿ ਪਹਿਲਾਂ ਉਹ ਸਪੌਸਰ ਕਰੇਗੀ ਕਿਉਂਕਿ ਕਨੇਡਾ ਵੀ ਪਹਿਲਾਂ ਉਹੋ ਆਈ ਸੀ। ਅਮਰਜੀਤ ਮੰਨ ਗਿਆ ਤੇ ਦੋਹਾਂ ਨੇ ਰਲ ਕੇ ਭਿੰਦੀ ਦੇ ਪਰਿਵਾਰ ਨੂੰ ਸਪੌਸਰ ਕਰ ਦਿੱਤਾ। ਕਨੇਡਾ ਵਿੱਚ ਵਸੇ ਪੰਜਾਬੀ ਪਰਿਵਾਰਾਂ ਦੇ ਘਰਾਂ ਅੰਦਰ ਮਹਾਂਭਾਰਤ ਏਥੋਂ ਹੀ ਸ਼ੁਰੂ ਹੁੰਦੀ ਹੈ।
ਦੋ ਸਾਲ ਦੀ ਉਡੀਕ ਤੋਂ ਬਾਅਦ ਜਦੋਂ ਭਿੰਦੀ ਦਾ ਪਰਿਵਾਰ ਕਨੇਡਾ ਆ ਗਿਆ ਤਾਂ ਪਰਿਵਾਰਕ ਯੁੱਧ ਦੀ ਧੂੜ ਹੋਰ ਸੰਘਣੀ ਹੋਣ ਲੱਗੀ। ਹੁਣ ਭਿੰਦੀ ਲਈ ਸਾਰਾ ਕੁੱਝ ਆਪਣੇ ਮਾਪੇ ਸਨ। ਉਹ ਹਰ ਰੋਜ ਉਨ੍ਹਾਂ ਨੂੰ ਘੁੰਮਾਉਂਦੀ ਫਿਰਾਉਂਦੀ। ਸਟੋਰਾਂ ਵਿੱਚ ਨਾਲ ਲਈ ਫਿਰਦੀ ਅਮਰਜੀਤ ਲਈ ਤਾਂ ਜਿਵੇਂ ਉਸ ਕੋਲ ਸਮਾਂ ਹੀ ਨਹੀਂ ਸੀ। ਜਿਉਂ ਜਿਉਂ ਅਮਰਜੀਤ ਦੇ ਕਨੇਡਾ ਵਾਲੇ ਚਾਅ ਫਿੱਕੇ ਪੈਣ ਲੱਗੇ ਤਿਉਂ ਤਿਉਂ ਭਿੰਦੀ ਦੇ ਨਾਜ਼ ਨਖਰੇ ਵੀ ਬਦਲਣ ਲੱਗੇ। ਅਮਰਜੀਤ ਨੇ ਹੁਣ ਸਹੁਰਾਂ ਸਾਹਿਬ ਦੇ ਗੋਡੇ ਛੂਹਣੇ ਬੰਦ ਕਰ ਦਿੱਤੇ ਤੇ ਦਾਰੂ ਵੀ ਪੁੱਛਣੋਂ ਹਟ ਗਿਆ। ਹੋਰ ਤਾਂ ਹੋਰ ਉਹ ਕੰਮ ਤੋਂ ਆ ਕੇ ਚੁੱਪ ਚੁਪੀਤੇ ਆਪਣੇ ਬੈੱਡ ਰੂਮ ਵਿੱਚ ਜਾ ਵੜਦਾ। ਸਰਦੂਲ ਸਿੰਘ ਨੂੰ ਜਵਾਈ ਦੀ ਇਗ ਗੱਲ ਚੰਗੀ ਨਾ ਲੱਗੀ। ਉਸ ਨੂੰ ਤਾਂ ਆਪਣੀ ਪਹਿਲਾਂ ਵਰਗੀ ਆਉ ਭਗਤ ਚਾਹੀਦੀ ਸੀ ਪਰ ਉਸਦੀ ਜਗਾ ਬਗਾਵਤ ਦੀ ਬੂਅ ਕਾਰਨ ਉਸ ਦਾ ਦਮ ਘੁੱਟਣ ਲੱਗਾ। ਉਹ ਆਨੀ ਬਹਾਨੀ ਧੀਏ ਗੱਲ ਸੁਣ ਨੂੰਹੇਂ ਕੰਨ ਕਰ ਵਾਲੀ ਪਾਲਿਸੀ ਤੇ ਟਕੋਰਾਂ ਕਰਦਾ ਕਿ ਕਨੇਡਾ ਦਾ ਤਾਂ ਪਾਣੀ ਹੀ ਚੰਦਰਾ ਹੈ ਏਥੇ ਆਕੇ ਸਾਰੇ ਬਦਲ ਜਾਂਦੇ। ਹੋਰ ਤਾਂ ਹੋਰ ਦਾਲਾਂ ਸਬਜ਼ੀਆਂ ਦਾ ਦਾ ਸਵਾਦ ਵੀ ਉਹ ਨਹੀਂ ਰਹਿੰਦਾ। ਇੰਡੀਆਂ ਵਿੱਚ ਬਣਿਆ ਮੀਟ ਮੂੰਹੋਂ ਨਹੀਂ ਸੀ ਲਹਿੰਦਾ ਏਥੇ ਆਲੂਆਂ ਤੋਂ ਵੀ ਭੈੜਾ ਲੱਗਦਾ ਏ। ਕਿਸੇ ਵੀ ਚੀਜ਼ ਵਿੱਚ ਉਹ ਸੁਗੰਧ ਨਹੀਂ ਰਿਸ਼ਤਿਆਂ ਵਿੱਚ ਨਿੱਘ ਕਿੱਥੋਂ ਹੋਊ? ਇੱਕ ਦਿਨ ਉਹ ਅਮਰਜੀਤ ਨੂੰ ਸੁਣਾ ਕੇ ਕਹਿਣ ਲੱਗਾ ਕਿ "ਕਾਹਦਾ ਕਨੇਡਾ ਹੈ ਮੈਂ ਤਾਂ ਆ ਕੇ ਫਸ ਗਿਆ ਇੰਡੀਆ ਵਿੱਚ ਵੀਹ ਸਾਲ ਨੌਕਰੀ ਕੀਤੀ ਹੈ, ਕਦੇ ਨਾਗਾ ਨਹੀਂ ਸੀ ਪਿਆ ਏਥੇ ਤਾਂ ਉਹ ਵੀ ਨਹੀਂ ਜੁੜਦੀ। ਅਮਰਜੀਤ ਕਹਿਣਾਂ ਤਾਂ ਚਾਹੁੰਦਾ ਸੀ ਕਿ ਥਾਣੇਦਾਰ ਸਾਹਿਬ ਸਾਹਿਬ ਏਤੇ ਹੱਕ ਹਲਾਲ ਦੀ ਕਮਾਈ ਨਾਲ ਤਾਂ ਘਰ ਦਾ ਮਸਾਂ ਤੋਰਾ ਤੁਰਦਾ ਹੈ ਉਹ ਹਰਾਮ ਦੀ ਕਮਾਈ ਵਾਲੀ ਐਸ਼ ਵਾਲ ਸਿਲਸਲਾ ਏਥੇ ਨਹੀਂ ਚੱਲਣਾ। ਪਰ ਉਹ ਕਹਿ ਨਾ ਸਕਿਆ ਭਿੰਦੀ ਨੇ ਜਰੂਰ ਆਖਿਆ ਕਿ ਡੈਡੀ ਜੀ ਤੁਸੀਂ ਕੋਈ ਕੰਮ ਲੱਭੋਂ ਇਹ ਦਾਰੂ ਦੀ ਆਦਤ ਨਹੀਂ ਚੱਲਣੀ ਏਥੇ ਤਾਂ ਅੱਗੋਂ ਸਰਦੂਲ ਸਿੰਘ ਨੂੰ ਥਾਣੇਦਾਰੀ ਤਾਅ ਚੜ੍ਹ ਗਿਆ ਕਿ ਅੱਛਾ ਹੁਣ ਥੋਨੂੰ ਮੇਰੀ ਦੋ ਘੁੱਟ ਦਾਰੂ ਵੀ ਚੁਭਣ ਲੱਗ ਪਈ ਹੈ। ਇੰਡੀਆ ਮੇਰੇ ਅੱਗੇ ਕੋਈ ਕੁਸਕਿਆ ਨਹੀਂ ਸੀ ਤੂੰ ਹੁਣ ਮੇਰੀ ਕੁੜੀ ਵੀ ਮੈਨੂੰ ਮੱਤਾਂ ਦੇਣ ਲੱਗ ਪਈ ਹੈ। ਉਹਨੇ ਤਾਂ ਏਥੋਂ ਤੱਕ ਵੀ ਆਖ ਦਿੱਤਾ ਕਿ ਤੈਨੂੰ ਪੜ੍ਹਾ ਲਿਖਾ ਕੇ ਕਨੇਡਾ ਭੇਜਿਆ ਵਿਆਹ ਕੀਤਾ ਕਿ ਚੱਲ ਚਾਰ ਦਿਨ ਸੁੱਖ ਦੇ ਦੇਖਾਂਗੇ ਜੇ ਨਹੀਂ ਸੰਭਾਲ ਹੁੰਦਾ ਤਾਂ ਸਾਨੂੰ ਇੰਡੀਆ ਨੂੰ ਚੜ੍ਹਾ ਦਿਉ। ਮੈਂ ਤਾਂ ਇਹ ਪੰਗਾ ਤੇਰੇ ਛੋਟੇ ਭਰਾ ਕਰਕੇ ਲਿਆ ਸੀ ਕਿ ਚਲੋਂ ਬਾਹਰ ਨਿੱਕਲ ਜਾਵੇਗਾ ਨਹੀਂ ਮੈਂ ਤਾਂ ਉਥੇ ਬਥੇਰਾ ਸੌਖਾ ਸੀ।

ਪਿਉ ਤੋਂ ਹੋਈ ਬੇਇੱਜਤੀ ਦਾ ਬਦਲਾ ਭਿੰਦੀ ਨੇ ਅਮਰਜੀਤ ਤੋਂ ਲਿਆ ਕਿ ਤੂੰ ਮੇਰੀ ਡੈਡੀ ਨੂੰ ਨਹੀਂ ਪੁੱਛਦਾ ਚੱਜ ਨਾਲ ਬੁਲਾਉਂਦਾ ਨਹੀਂ ਤਾਂ ਲੜਾਈ ਹੋਈ ਹੈ। ਉਹ ਤਾਂ ਇਹ ਵੀ ਕਹਿ ਗਈ ਕਿ ਤੂੰ ਕਨੇਡਾ ਦੇ ਲਾਲਚ ਨੂੰ ਵਿਆਹ ਕਰਵਾਇਆ ਸੀ, ਜਦੋਂ ਮਤਲਬ ਸੀ ਤਾਂ ਇਹ ਹੀ ਡੈਡੀ ਥਾਣੇਦਾਰ ਸਾਹਿਬ ਲੱਗਦੇ ਸਨ ਤੇ ਗੋਡੀ ਹੱਥ ਲਾਉਂਦਾ ਸੀ ਹੁਣ ਕਲਾਮ ਕਰਕੇ ਵੀ ਰਾਜ਼ੀ ਨਹੀਂ। ਇਹ ਸਿਲਸਲਾ ਰੋਜ਼ ਵਧਣ ਲੱਗਾ। ਇੰਡੀਅਨ ਮਾਲਿਕ ਮਕਾਨ ਨੂੰ ਵੀ ਥੋੜੀ ਭਿਣਕ ਪੈਣ ਲੱਗੀ ਕਿ ਕੁੱਝ ਗੜਬੜ ਹੈ ਤਾਂ ਉਨ੍ਹਾਂ ਬੇਸਮੈਂਟ ਛੱਡ ਕੇ ਅਪਾਰਟਮੈਂਟ ਲੈ ਲਈ। ਉੱਥੇ ਜਾਕੇ ਇਹ ਲੜਾਈ ਘਟਣ ਦੀ ਬਜਾਏ ਸਗੋਂ ਹੋਰ ਵੀ ਵਧ ਗਈ। ਜਿਉਂ ਜਿਉਂ ਭਿੰਦੀ ਸਾਰੀ ਲੜਾਈ ਦਾ ਭਾਂਡਾ ਅਮਰਜੀਤ ਸਿਰ ਭੰਨਣ ਲੱਗੀ ਅੱਗੇ ਤੋਂ ਉਹ ਵੀ ਬੋਲਣ ਲੱਗ ਪਿਆ। ਭਿੰਦੀ ਦੇ ਪਿਉ ਨੂੰ ਉਹ ਲੜ੍ਹਾਈ ਦੀ ਜੜ ਕਹਿੰਦਾ ਤੇ ਉਸ ਦੀ ਮਾਂ ਨੂੰ ਫਫੇ ਕੁੱਟਣੀ ਔਰਤ। ਜੋ ਆਪਣੇ ਪੁੱਤ ਅਤੇ ਜਵਾਈ ਵਿੱਚ ਬਹੁਤ ਰੱਖਦੀ ਪਰ ਜ਼ੁਬਾਨ ਤੋਂ ਪਤਾ ਨਾ ਲੱਗਣ ਦਿੰਦੀ। ਭਿੰਦੀ ਅਮਰਜੀਤ ਨੂੰ ਆਖਦੀ ਕਿ ਤੂੰ ਮੇਰੇ ਤੋਂ ਸੜਦਾ ਏਂ ਮੇਰੇ ਪਰਿਵਾਰ ਦੀ ਖੁਸ਼ੀ ਨਹੀਂ ਵੇਖ ਸਕਦਾ। ਅਮਰਜੀਤ ਕਹਿੰਦਾ ਕਿ ਤੂੰ ਹੁਣ ਮੇਰੇ ਨਾਲ ਵਿਆਹੀ ਹੋਈਂ ਏਂ ਪੇਕਿਆਂ ਦਾ ਸਬੰਧ ਘਟਾ ਤੇ ਮੇਰੇ ਲਈ ਸਮਾਂ ਕੱਢ। ਪਰ ਉਹ ਅੱਗੋਂ ਕਹਿੰਦੀ ਕਿ ਏਥੇ ਸਾਰੇ ਬਰਾਬਰ ਨੇ ਜੇ ਤੇਰੇ ਮਾਂ ਬਾਪ ਤੇਰੇ ਕੋਲ ਆਕੇ ਰਹਿਣਗੇ ਤਾਂ ਮੇਰੇ ਵੀ ਮੇਰੇ ਕੋਲ ਰਹਿਣਗੇ। ਉਸਦੇ ਕੱਬੇ ਸੁਭਾਅ ਸਾਹਮਣੇ ਅਮਰਜੀਤ ਹਥਿਆਰ ਸੁੱਟ ਦਿੰਦਾ ਤੇ ਸ਼ਰਾਬ ਦੇ ਦੋ ਤਿੰਨ ਗਲਾਸ ਚੜ੍ਹਾ ਕੇ ਸੌਂ ਜਾਂਦਾ।

ਹੁਣ ਘਰ ਵਿੱਚ ਦੋ ਧਿਰਾਂ ਬਣ ਗਈਆਂ ਸਨ। ਇੱਕ ਕਮਰੇ ਵਿੱਚ ਭਿੰਦੀ ਤੇ ਅਮਰਜੀਤ ਦੂਸਰੇ ਵਿੱਚ ਸਰਦੂਲ ਤੇ ਉਸਦਾ ਪੁੱਤਰ, ਮਾਂ ਦੀ ਮੈਟਰੈੱਸ ਲਿੰਵਿੰਗ ਰੂਮ ਵਿੱਚ। ਕਈ ਵਾਰੀ ਨਸ਼ੇ ਦੀ ਲੋਰ ਵਿੱਚ ਸਰਦੂਲ ਸਿੰਘ ਆਖਦਾ ਹੁਣ ਵੇਖ ਲੈ ਕਨੇਡਾ ਦੇ ਰੰਗ ਬੈੱਡ ਤੇ ਪੈਣਾ ਵੀ ਨਸੀਬ ਨਹੀਂ ਹੁੰਦਾ ਵੱਡੀ ਥਾਣੇਦਾਰਨੀ ਨੂੰ। ਇਸੇ ਲੜਾਈ ਝਗੜੇ ਵਿੱਚ ਭਿੰਦੀ ਦੇ ਕੁੜੀ ਵੀ ਹੋ ਗਈ। ਉਹ ਹੁਣ ਜਣੇਪਾਂ ਛੁੱਟੀ ਤੇ ਘਰ ਰਹਿਣ ਲੱਗੀ ਆਮਦਨ ਘਟ ਗਈ ਤੇ ਖਰਚੇ ਵਧਣ ਦੇ ਨਾਲ ਨਾਲ ਕਲੇਸ਼ ਵੀ ਵਧ ਗਿਆ। ਜਿਉਂ ਜਿਉਂ ਕਲੇਸ਼ ਵਧ ਰਿਹਾ ਸੀ ਅਮਰਜੀਤ ਦੇ ਗਿਲਾਸ ਵਿੱਚ ਪੈਣ ਵਾਲੀ ਸ਼ਰਾਬ ਦੀ ਮਿਕਦਾਰ ਵੀ ਵਧ ਰਹੀ ਸੀ। ਉਧਰ ਸਰਦੂਲ ਸਿੰਘ ਲਿੰਵਿੰਗ ਰੂਮ ਵਿੱਚ ਬੈਠਾ ਟੀਵੀ ਵੇਖਦਾ ਜਾਂ ਸ਼ਰਾਬ ਪੀਂਦਾ ਰਹਿੰਦਾ ਉਧਰ ਅਮਰਜੀਤ ਆਪਣੇ ਕਮਰੇ ਵਿੱਚ। ਦੋਹਾਂ ਵਿੱਚ ਤਨਾਅ ਵਧਦਾ ਹੀ ਜਾ ਰਿਹਾ ਸੀ। ਹੁਣ ਤਾਂ ਉਨ੍ਹਾਂ ਕਦੀ ਇਕੱਠਿਆਂ ਬੈਠ ਕੇ ਰੋਟੀ ਵੀ ਨਾਂ ਖਾਧੀ। ਸਹੁਰੇ ਜਵਾਈ ਵਾਲਾ ਰਿਸ਼ਤਾ ਦਿਨੋ ਦਿਨ ਛਿੱਦਣ ਲੱਗਾ। ਦੋਵੇਂ ਗੱਲੀਂ ਬਾਤੀਂ ਇੱਕ ਦੂਸਰੇ ਨੂੰ ਨੀਂਵਾ ਦਿਖਾੳੇਂਦੇ ਰਹਿੰਦੇ। ਜਦੋਂ ਅਮਰਜੀਤ ਆਕੇ ਕਮਰੇ ਵਿੱਚ ਬੈਠ ਜਾਂਦਾ ਤਾਂ ਭਿੰਦੀ ਆਪਣੇ ਮੰਮੀ ਡੈਡੀ ਤੇ ਭਰਾ ਨਾਲ ਹਾਸੇ ਦੀਆਂ ਫੁੱਲਝੜੀਆਂ ਬਿਖੇਰਦੀ ਗੱਲਾਂ ਮਾਰਦੀ। ਉਹ ਆਪਣੇ ਪਿੰਡ ਦੀਆਂ, ਰਿਸ਼ਤੇਦਾਰਾਂ ਦੀਆਂ ਤੇ ਫਿਲਮਾਂ ਦੀਆਂ ਗੱਲਾਂ ਕਰਦੇ। ਅੱਧੀ ਰਾਤ ਤੱਕ ਹਾ ਹਾ ਹੀ ਹੀ ਦੇ ਠਹਾਕੇ ਗੂੰਜਦੇ। ਉਧਰ ਅਮਰਜੀਤ ਨੂੰ ਇੱਕ ਚੜਦੀ ਤੇ ਇੱਕ ਉੱਤਰਦੀ। ਅਮਰਜੀਤ ਕੋਲ ਜਾਂਦੀ ਨੂੰ ਹੀ ਭਿੰਦੀ ਨੂੰ ਸੱਪ ਸੁੰਘ ਜਾਂਦਾ ਮੱਥੇ ਦੀ ਤਿਊੜੀ ਹੋਰ ਗੂੜੀ ਹੋ ਜਾਂਦੀ। ਜੇ ਅਮਰਜੀਤ ਇਸ ਤੇ ਇਤਰਾਜ ਕਰਦਾ ਤਾਂ ਉਹ ਟੁੱਟ ਕੇ ਪੈਂਦੀ ਕਿ ਸਾਡੀ ਖੁਸ਼ੀ ਥੋਡੇ ਤੋਂ ਬ੍ਰਦਾਸ਼ਤ ਨਹੀਂ ਹੁੰਦੀ। ਜੇ ਨਹੀਂ ਜਰ ਹੁੰਦਾ ਤਾਂ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਉ। ਮੇਰੇ ਮਾਂ ਬਾਪ ਹੋਰ ਹੁਣ ਕਿੱਥੇ ਜਾਣ ਉਹ ਵਾਧੂ ਦਾ ਕਲੇਸ਼ ਖੜਾ ਕਰ ਲੈਂਦੀ। ਏਹੋ ਜਿਹੀ ਔਰਤ ਨੂੰ ਬੁਲਾਉਣਾ ਤਾਂ ਚਿੱਕੜ ਵਿੱਚ ਇੱਟ ਮਾਰਨ ਵਾਲੀ ਗੱਲ ਹੈ ਇਹ ਸੋਚ ਕੇ ਕੇ ੳਮਰ ਇੱਕ ਦੋ ਵਾਧੂ ਗਲਾਸ ਹੋਰ ਚੜ੍ਹਾ ਜਾਂਦਾ।

ਇੱਕ ਦਿਨ ਸਾਰਾ ਪਰਿਵਾਰ ਬੈਠਾ ਸਲਾਹਾਂ ਕਰ ਰਿਹਾ ਸੀ ਕਿ ਅਗਲੇ ਸਾਲ ਉਹ ਮੁੰਡਾ ਵਿਆਹੁਣ ਜਾਣਗੇ ਅਮੀਰ ਘਰ ਦੀ ਸੋਹਣੀ ਸੁਨੱਖੀ ਕੁੜੀ ਭਾਲਣਗੇ ਜੋ ਬਿਲਕੁੱਲ ਇਕੱਲੀ ਹੋਵੇ ਸਪੌਂਸਰ ਕਰਨ ਵਾਲਾ ਵੀ ਕੋਈ ਨਾਂ ਹੋਵੇ ਤੇ ਪ੍ਰਾਪਰਟੀ ਵੀ ਸਾਰੀ ਆਪਣੇ ਸੋਨੂੰ ਨੂੰ ਆ ਜਾਵੇ। ਉਹ ਤਾਂ ਇਹ ਵੀ ਕਹਿ ਰਹੇ ਸਨ ਕਿ ਜੋ ਦਾਜ ਵਿੱਚ ਪੰਦਰਾਂ ਵੀਹ ਲੱਖ ਮਿਲੇਗਾ ਉਸੇ ਦੇ ਡਾਲਰ ਬਣਾ ਕੇ ਉਹ ਨਵਾਂ ਘਰ ਖਰੀਦ ਲੈਣਗੇ। ਅਮਰਜੀਤ ਨੇ ਜਦੋਂ ਕਿਹਾ ਕਿ ਇਹ ਤਾਂ ਸੌਦੇ ਬਾਜੀ ਹੈ ਤਾਂ ਭਿੰਦੀ ਬੋਲੀ ਏਥੇ ਸਾਰੇ ਹੀ ਕਰਦੇ ਨੇ। ਕਨੇਡਾ ਤੋਂ ਜਾਣਾ ਹੈ ਮੁੰਡੇ ਨੇ। ਨਾਲੇ ਜੇ ਅਗਲੇ ਦੇ ਚਾਰ ਪੈਸੇ ਖਰਚੇ ਹੋਣਗੇ ਤਾਂ ਹੀ ਪ੍ਰਾਹੁਣੇ ਦੀ ਇੱਜਤ ਕਰੂ ਤੇ ਕੁੜੀ ਨੂੰ ਵੀ ਘਰ ਆਪਣਾ ਲੱਗੂ। ਤਾਂ ਅੱਗੋਂ ਅਮਰਜੀਤ ਬੋਲਿਆ ਕਹਿ ਦੇਣਾ ਸੀ ਆਪਣੇ ਬਾਪ ਨੂੰ ਮੈਨੂੰ ਵੀ ਕੁੱਝ ਦੇ ਦਿੰਦਾ ਤੈਨੂੰ ਵੀ ਸਹੁਰਾ ਘਰ ਆਪਣਾ ਲੱਗਣ ਲੱਗ ਜਾਂਦਾ। ਹੁਣ ਤੱਕ ਤਾਂ ਪੇਕਾ ਘਰ ਹੀ ਤੇਰਾ ਸਾਰਾ ਕੁੱਝ ਏ। ਬੱਸ ਏਨਾਂ ਕਹਿਣ ਦੀ ਲੋੜ ਸੀ ਫੇਰ ਹੋ ਗਈ ਮਹਾਂਭਾਰਤ ਸ਼ੁਰੂ। ਭਿੰਦੀ ਕਹਿਣ ਲੱਗੀ ਇਹ ਤਾਂ ਮਾਸੀ ਕਰਕੇ ਹੋ ਗਿਆ ਰਿਸ਼ਤਾ ਤੂੰ ਸ਼ੁਕਰ ਕਰ ਨਹੀਂ ਤਾਂ ਤੇਰੇ ਵਰਗੇ ਵੀਹ ਵੀਹ ਲੱਖ ਚੁੱਕੀਂ ਤੁਰੇ ਫਿਰਦੇ ਨੇ। ਹੁਣ ਬੋਲਣ ਜੋਗਾ ਕੀ ਏਂ ਕਨੇਡਾ ਵੀ ਤੈਨੂੰ ਅਸਾਂ ਹੀ ਦਿਖਾਇਆ ਹੈ। ਇਹ ਮੇਰੇ ਹੀ ਪਿਉ ਦਾ ਅਹਿਸਾਨ ਹੈ ਜਿਸ ਨੇ ਤੈਨੂੰ ਹਾਂ ਕੀਤੀ ਸੀ। ਉਦੋਂ ਤਾਂ ਕਨੇਡਾ ਦੇ ਨਾਉਂ ਨੂੰ ਤੇਰੇ ਮੂੰਹ ਵਿੱਚ ਵੀ ਜ਼ੁਬਾਨ ਨਹੀਂ ਸੀ। ਵਾਕਿਆ ਹੀ ਅਮਰਜੀਤ ਤਰਸ ਦਾ ਪਾਤਰ ਬਣ ਕੇ ਰਹਿ ਗਿਆ ਸੀ। ਘਰ ਵਿੱਚ ਦੋਹਰਾ ਮਾਹੌਲ ਸੀ ਸੋਨੂੰ ਘਰ ਆਵੇ ਤਾਂ ਭਿੰਦੀ ਭੱਜ ਕੇ ਉਸ ਲਈ ਜੂਸ ਲੈ ਕੇ ਆਵੇ ਮਾਂ ਤਾਜਾ ਤਾਜਾ ਫੁਕਲੇ ਬਣਾ ਕੇ ਪੁੱਤਰ ਲਈ ਦੇਵੇ, ਸਰਦੂਲ ਦੇ ਚਿਹਰੇ ਤੇ ਮੁਸਕਾਨ ਬਿੱਖਰ ਜਾਵੇ। ਪਰ ਜਦੋਂ ਅਮਰਜੀਤ ਘਰ ਆ ਵੇ ਤਾਂ ਨਾਂ ਭਿੰਦੀ ਨੂੰ ਪੁੱਛਣ ਦਾ ਸਮਾਂ ਨਾਂ ਕਿਸੇ ਹੋਰ ਨੂੰ। ਜੇ ਉਹ ਕਦੀ ਪੁੱਛ ਵੀ ਲੈਂਦਾ ਕਿ ਚਾਹ ਬਣੀ ਹੈ ਤਾਂ ਭਿੰਦੀ ਦੀ ਮਾਂ ਆਖਦੀ ਇਥੇ ਕਿਹੜਾ ਬਾਲਣ ਡਾਹੁਣਾ ਨੇ ਚਾਰ ਕੱਪ ਪਾਣੀ ਪਾ ਤੇ ਧਰ ਦੇ ਨਾਲੇ ਅਸੀਂ ਪੀ ਲਵਾਂਗੇ। ਏਥੇ ਤਾਂ ਬੰਦੇ ਵੀ ਘਰ ਦਾ ਕੰਮ ਕਰਦੇ ਨੇ। ਨਾਲੇ ਜਮਾਈ ਭਾਈ ਤਾਂ ਇੰਡੀਆ ‘ਚ ਹੁੰਦੈ, ਕਨੇਡਾ 'ਚ ਤਾਂ ਸਾਰੇ ਹੀ ਬਰਾਬਰ ਨੇ। ਪਰ ਉਹੋ ਮਾਤਾ ਆਪਣੇ ਪੁੱਤ ਲਈ ਸੇਵਾ ਕਰਨ ਵਾਲੀ ਨੂੰਹ ਤੇ ਜਵਾਈ ਦੀ ਖਾਤਰਦਾਰੀ ਕਰਨ ਵਾਲੇ ਸਹੁਰੇ ਭਾਲ ਰਹੀ ਸੀ

ਭਿੰਦੀ ਲਈ ਆਪਣੀ ਮਾਂ ਲਈ ਬਥੇਰਾ ਸਮਾਂ ਸੀ ਪਿਉ ਨੂੰ ਲੈ ਕੇ ਉਹ ਤੁਰੀ ਹੀ ਰਹਿੰਦੀ ਭਰਾ ਦੇ ਵੀ ਸਾਰੇ ਕੰਮ ਕਰਦੀ ਪਰ ਅਮਰਜੀਤ ਲਈ ਉਸ ਕੋਲ ਕੁੱਝ ਪਲ ਵੀ ਨਾਂ ਹੁੰਦੇ। ਉਹ ਕੋਹਲੂ ਦਾ ਬਲਦ ਬਣ ਕੇ ਰਹਿ ਗਿਆ। ਘਰੋਂ ਕੰਮ ਤੇ ਅਤੇ ਕੰਮ ਤੋਂ ਘਰ ਉਸ ਦਾ ਜੀਵਨ ਸੀ ਜਾਂ ਦੋ ਚਾਰ ਪੈੱਗ ਸ਼ਰਾਬ ਦੇ। ਅਜੇ ਵੀ ਭਿੰਦੀ ਦੀ ਮਾਂ ਮੱਤਾਂ ਦਿੰਦੀ ਕਿ ਤੂੰ ਇਸ ਦੇ ਫੋਨ ਚੈੱਕ ਕਰਦੀ ਰਿਹਾ ਕਰ ਕਿੱਥੇ ਨੂੰ ਕਰਦਾ ਹੈ। ਬੈਂਕ ਦੇ ਅਕਾਊਂਟ ਆਪ ਚੈੱਕ ਕਰਦੀਂ ਰਹੀ ਕਨੇਡਾ ਸੱਦ ਕੇ ਤਾਂ ਏਹੋ ਜਿਹੇ ਐਦਾਂ ਹੀ ਕਾਬੂ ਆਂਉਦੇ ਨਹੀਂ ਤਾਂ ਉਡਾਰੀ ਮਾਰ ਜਾਂਦੇ ਨੇ ਰੋਜ ਕਿੱਸੇ ਸੁਣੀਦੇ ਨੇ। ਮਾਂ ਨੂੰ ਇਹ ਘਰ ਆਪਣੀ ਕੁੜੀ ਦਾ ਹੀ ਲੱਗਦਾ ਅਮਰਜੀਤ ਜਿਵੇਂ ਕੋਈ ਮਹਿਮਾਨ ਠਹਿਰਿਆ ਹੋਵੇ। ਸੋਨੂੰ ਭਾਵੇਂ ਕੰਮ ਵੀ ਕਰਦਾ ਤੇ ਪੜ੍ਹਦਾ ਵੀ ਪਰ ਘਰ ਖਰਚਾ ਨਾਂ ਦਿੰਦਾ, ਸਾਰੇ ਕਹਿੰਦੇ ਕਿ ਅਗਲੇ ਸਾਲ ਦੀ ਪੜ੍ਹਾਈ ਲਈ ਪੈਸੇ ਜੋੜਦਾ ਹੈ। ਘਰ ਦਾ ਸੋਫਾ ਟੀ ਵੀ ਤੇ ਹੋਰ ਸਮਾਨ ਸਾਰਾ ਉਹ ਹੀ ਵਰਤਦੇ ਅਮਰਜੀਤ ਤਾਂ ਆਪਣੇ ਘਰ ਹੀ ਬਿਗਾਨਾ ਬਣ ਕੇ ਰਹਿ ਗਿਆ। ਜੋ ਉਸਦਾ ਸਮਾਨ ਸੀ ਉਹ ਸਾਰਿਆਂ ਦਾ ਸਾਂਝਾ ਜੋ ਸਮਾਨ ਸੋਨੂੰ ਲੈਂਦਾ ਉਹ ਸਟੀਰੀਉ ਹੋਵੇ ਜਾਂ ਕਾਰ ਉਹ ਸਿਰਫ ਉਸੇ ਦਾ ਹੀ। ਇਹ ਤਾਂ ਅਮਰਜੀਤ ਨਾਲ ਸਰਾ ਸਰ ਧੱਕਾ ਹੋ ਰਿਹਾ ਸੀ।

ਫੇਰ ਏਨਾਂ ਹੀ ਦਿਨਾਂ ਵਿੱਚ ਭਿੰਦੀ ਦੇ ਕੁੜੀ ਹੋ ਗਈ। ਭਿੰਦੀ ਨੇ ਘਰ ਦਾ ਕੰਮ ਕਾਜ ਕਰਨਾਂ ਤਾਂ ਪਹਿਲਾਂ ਹੀ ਛੱਡਿਆ ਹੋਇਆ ਸੀ ਹੁਣ ਕੁੜੀ ਸੰਭਾਲਣ ਦਾ ਬਹਾਨਾ ਮਿਲ ਗਿਆ। ਇਹ ਬਹਾਨਾ ਇਕੱਲੀ ਕੁੜੀ ਨੂੰ ਸੰਭਾਲਣ ਦਾ ਨਹੀਂ ਸੀ ਮਾਪਿਆਂ ਨੂੰ ਨਾਲ ਰੱਖਣ ਦਾ ਵੀ ਸੀ। ਜੇ ਉਹ ਅੱਡ ਹੁੰਦੇ ਸਨ ਤਾਂ ਗੁਜ਼ਾਰਾ ਚੱਲਣਾ ਮੁਸ਼ਕਲ ਸੀ।ਹੁਣ ਨਾ ਫੋਨ, ਨਾ ਟੀ ਵੀ, ਨਾ ਕੋਈ ਬਿੱਲ ਬੱਤੀ, ਨੱਲ ਰਹਿ ਕੇ ਹੀ ਸਰੀ ਜਾਂਦਾ ਸੀ ਤੇ ਸੋਨੂੰ ਆਪਣੇ ਪੈਸੇ ਪੜ੍ਹਾਈ ਤੇ ਲਾ ਰਿਹਾ ਸੀ।ਸਰਦੂਲ ਸਿੰਘ ਵਰਗੇ ਪੱਕੇ ਸ਼ਰਾਬੀ ਲਈ ਕੰਮ ਕਰਨਾ ਤਾਂ ਬਹੁਤ ਔਖਾ ਸੀ। ਪੰਜਾਬ ਵਿੱਚ ਉਸ ਨੂੰ ਅੱਤਵਾਦ ਦੇ ਸਮੇਂ ਤੋਂ ਹੀ ਧਮਕੀਆਂ ਮਿਲਦੀਆਂ ਆ ਰਹੀਆਂ ਸਨ। ਲੋਕ ਤਾਂ ਇਹ ਵੀ ਕਹਿੰਦੇ ਕਿ ਨਜ਼ਾਇਜ਼ ਪੁਲ਼ਸ ਮੁਕਾਬਲੇ ਬਣਾ ਹੀ ਉਸ ਨੇ ਥਾਣੇਦਾਰੀ ਦੀ ਫੀਤੀ ਲੁਆਈ ਸੀ। ਉਹ ਤਾਂ ਕੁੜੀ ਦੇ ਬਹਾਨੇ ਮਸਾਂ ਪੰਜਾਬ ਛੱਡ ਕੇ ਭੱਜਿਆ ਸੀ ਤੇ ਉਂਥੇ ਜਾ ਕੇ ਰਹਿਣਾ ਤਾਂ ਉਸ ਨੂੰ ਸੱਪ ਦੀ ਬਿਰਮੀ ਵਿੱਚ ਹੱਥ ਪਾਉਣ ਵਾਲੀ ਗੱਲ ਲੱਗਦੀ ਸੀ। ਅਮਰਜੀਤ ਜੋ ਆਪਣੀ ਮਰਜ਼ੀ ਦੀ ਆਜ਼ਾਦ ਜ਼ਿੰਦਗੀ ਜਿਊਣੀ ਚਾਹੁੰਦਾ ਸੀ, ਉਸ ਨੂੰ ਸਹੁਰਿਆਂ ਦਾ ਵੱਖ ਹੋਣਾ ਊਠ ਦੇ ਬੁੱਲ ਵਾਂਗੂੰ ਜਾਪਣ ਲੱਗਾ, ਜੋ ਡਿੱਗਣ ਵਿੱਚ ਹੀ ਨਹੀਂ ਸੀ ਆ ਰਿਹਾ। ਉਹ ਸੋਚਦਾ ਪਤਾ ਨਹੀਂ ਇਹ ਕਮਰਾ ਬੰਦੀ ਕਦੋਂ ਤੱਕ ਮੁੱਕਣੀ ਹੈ। ਭਿੰਦੀ ਤਾਂ ਹੁਣੇ ਤੋਂ ਸਣਾਉਣ ਲੱਗ ਪਈ ਸੀ ਕਿ ਜੇ ਮੰਮੀ ਹੋਣੀ ਅੱਡ ਹੋ ਗਏ ਤਾਂ ਰੀਤੂ ਨੂੰ ਕੌਣ ਸੰਭਾਲੂ? ਘਰ ਦਾ ਖਰਚਾ ਤਾਂ ਪਹਿਲਾਂ ਹੀ ਨਹੀਂ ਤੁਰਦਾ ਬੇਬੀ ਸਿਟਿੰਗ ਕਿੱਥੋਂ ਪੇਅ ਕਰਾਂਗੇ। ਅਮਰਜੀਤ ਕਹਿਣਾ ਤਾਂ ਚਾਹੁੰਦਾ ਸੀ ਇਹ ਚੰਗੀ ਬਲੈਕਮੇਲਿੰਗ ਹੈ, ਪਰ ਬੇਵਸ ਹੋਇਆ ਕੀ ਕਰਦਾ। ਉਸ ਦੇ ਆਪਣੇ ਮਾਪਿਆ ਨੂੰ ਬੁਲਾਉਣ ਜੋਗੀ ਆਮਦਨ ਬਣਦੀ ਹੀ ਨਾ । ਬਣਦੀ ਤਾਂ ਜੇ ਭਿੰਦੀ ਕਿਸੇ ਚੱਜ਼ ਹਾਲ ਨਾਲ ਕੰਮ ਕਰਦੀ। ਗੁਜ਼ਾਰਾ ਨਾ ਤੁਰਨ ਦਾ ਕਾਰਨ ਵੀ ਇਹ ਵਾਧੂ ਦਾ ਸਿੜੀ ਸਿਆਪਾ ਹੀ ਸੀ ਜੋ ਉਹ ਪਾਈ ਬੈਠੇ ਸਨ। ਇਸ ਗੱਲੋਂ ਗੋਰੇ ਭਾਰਤੀ ਪਰਿਵਾਰਾ ਤੋਂ ਹਜ਼ਾਰ ਗੁਣਾਂ ਚੰਗੇ ਸਨ ਜਿੰਨਾਂ ਨੂੰ ਜੀਵਨ ਮਾਨਣਾ ਆਉਂਦਾ ਸੀ।

ਪਿਉ ਦੇ ਬਦਲਣ ਨਾਲ ਸੋਨੂੰ ਦੇ ਤੇਵਰ ਵੀ ਬਦਲ ਗਏ।ਅਮਰਜੀਤ ਭਾਅ ਜੀ ਦਾ ਹੁਣ ਉਸ ਦੇ ਮਨ ਵਿੱਚ ਪਹਿਲਾਂ ਵਾਲਾ ਸਤਿਕਾਰ ਨਹੀਂ ਸੀ ਰਿਹਾ। ਉਸ ਦੇ ਤਾਂ ਤੌਰ ਤਰੀਕੇ ਹੀ ਬਦਲ ਗਏ ਸਨ। ਉਹ ਆਪਣੇ ਆਪ ਨੂੰ ਪੂਰਾ ਕਨੇਡੀਅਨ ਸਮਝ ਰਿਹਾ ਸੀ। ਕੰਨ ਵਿੱਚ ਮੁੰਦਰ ਪਾਉਣ ਦੇ ਨਾਲ ਨਾਲ ਉਸ ਨੇ ਕਾਰ ਵਿੱਚ ਹਜ਼ਾਰ ਡਾਲਰ ਖਰਚ ਸਬ-ਬੂਫੋਰ ਡਿਜ਼ੀਟਲ ਤਕਨੀਕ ਵਾਲਾ ਮਿਊਜ਼ਿਕ ਸਿਸਟਮ ਲਗਵਾਇਆ ਚੱਲਦਾ ਤਾਂ ਧਮਕ ਨਾਲ ਕੋਲ ਖੜੀਆਂ ਕਾਰਾਂ ਵੀ ਹਿੱਲਦੀਆਂ। ਉਂਜ ਉਸ ਨੂੰ ਸ਼ਿਸਟਾਚਾਰ ਦਾ ਕੱਖ ਵੀ ਪਤਾ ਨਹੀਂ ਸੀ। ਬੂਟਾਂ ਸਮੇਤ ਉਹ ਘਰ ਦੇ ਕਾਰਪਿਟ ਤੇ ਤੁਰਿਆ ਫਿਰਦਾ। ਜਿੱਥੇ ਵੇਖਦਾ ਕੱਪੜੇ ਸੁੱਟ ਰੱਖਦਾ ਜੁਰਾਬਾਂ ਤਾਂ ਥਾਂ ਥਾਂ ਸੁੱਟੀਆਂ ਹੁੰਦੀਆਂ। ਮਾਂ ਚੁੱਕੇ ਜਾਂ ਨਾਂ ਚੁੱਕੇ। ਕੱਪੜੇ ਉਸ ਨੂੰ ਪ੍ਰੈੱਸ ਕੀਤੇ ਹੋਏ ਮਿਲਦੇ। ਖਾਣਾਂ ਖਾਣ ਲੱਗਿਆ ਉਹ ਸੌ ਸੌ ਨਖਰੇ ਕਰਦਾ ਕਿ ਆਹ ਨਹੀਂ ਖਾਣਾਂ ਔਹ ਖਾਣਾ ਹੈ ਹੱਦ ਦਰਜੇ ਦਾ ਚਮਲਾਇਆ ਹੋਇਆ। ਉਸਦੀ ਮਾਂ ਅਤੇ ਭਿੰਦੀ ਉਸਦੇ ਸਾਰੇ ਨਖਰੇ ਪੂਰੇ ਕਰਨ ਵਿੱਚ ਹੀ ਜੁੱਟੀਆਂ ਰਹਿੰਦੀਆਂ। ਦੂਜੇ ਪਾਸੇ ਅਮਰਜੀਤ ਆਪਣੀ ਰੋਟੀ ਵੀ ਆਪ ਪਾ ਕੇ ਖਾਂਦਾ, ਉਸ ਨੂੰ ਚਾਹ ਪਾਣੀ ਵੀ ਕੋਈ ਨਾਂ ਪੁੱਛਦਾ, ਖਾਣੇ ਦੀ ਪਸੰਦ ਤਾਂ ਉਸ ਨੂੰ ਪੁੱਛਣੀ ਹੀ ਕੀਹਨੇ ਸੀ। ਅਮਰਜੀਤ ਨੇ ਜਦੋਂ ਵੀ ਕਦੇ ਇਤਰਾਜ ਕੀਤਾ ਤਾਂ ਭਿੰਦੀ ਉਸ ਨੂੰ ਲੜਾਈ ਦਾ ਰੂਪ ਦੇ ਦਿੰਦੀ ਤੇ ਸਰਦੂਲ ਸਿੰਘ ਨੂੰ ਕਹਿਣ ਦਾ ਮੌਕਾ ਮਿਲ ਜਾਂਦਾ ਕਿ ਕਨੇਡਾ ਕੀ ਕੱਢ ਦਿੱਤਾ ਹੁਣ ਇਸੇ ਦੇ ਖੰਭ ਸੂਤ ਨਹੀਂ ਆਉਂਦੇ।

ਪੱਥਰ ਤੇ ਬੂੰਦ ਪਈ ਨਾ ਪਈ ਵਾਂਗ ਭਿੰਦੀ ਤੇ ਕੋਈ ਅਸਰ ਨਾ ਪਿਆ। ਉਸਦੇ ਪਰਿਵਾਰ ਦੀਆਂ ਮਨਮਾਨੀਆਂ ਵਧਦੀਆਂ ਹੀ ਗਈਆਂ ਅਤੇ ਅਮਰਜੀਤ ਦੀ ਸ਼ਰਾਬ। ਹੁਣ ਘਰ ਵਿੱਚ ਪਏ ਕਲੇਸ਼ ਦਾ ਕਾਰਨ ਅਮਰਜੀਤ ਦੀ ਸ਼ਰਾਬ ਦੱਸੀ ਜਾਣ ਲੱਗੀ। ਸਰਦੂਲ ਸਿੰਘ ਹਰ ਕਿਸੇ ਕੋਲ ਕਹਿਣ ਲੱਗਿਆ ਕਿ ਮਾੜੀ ਕਿਸਮਤ ਹੈ ਸ਼ਰਾਬੀ ਪੱਲੇ ਪੈ ਗਿਆ ਕੁੜੀ ਵਿਚਾਰੀ ਕੀ ਕਰੇ। ਜਦੋਂ ਇਹ ਗੱਲਾਂ ਅਮਰਜੀਤ ਦੇ ਕੰਨਾਂ ਤੱਕ ਪਹੁੰਚਦੀਆਂ ਤਾਂ ਉਸ ਮਨੋਵਿਗਿਆਨ ਜ਼ਰਬਾਂ ਖਾਅ ਜਾਂਦਾ, ਉਹ ਜੋ ਮੂੰਹ ਆਇਆ ਉਹ ਬੋਲਦਾ। ਕਈ ਵਾਰੀ ਤਾਂ ਸਰਦੂਲ ਸਿੰਘ ਦਾ ਜੀ ਕੀਤਾ ਕਿ ਇਸ ਪੰਜਾਬ ਪੁਲੀਸ ਵਾਲਾ ਘੋਟਾ ਚਾੜੇ। ਉਸ ਦੇ ਲੂਹਰੀਆਂ ਉੱਠਦੀਆਂ ਉਹ ਭਿੰਦੀ ਨੂੰ ਕਹਿੰਦਾ ਕਿ ਤੂੰ ਇੱਕ ਵਾਰੀ ਕਹਿ ਮੈਂ ਤਾਂ ਏਹੋ ਜਿਹੇ ਸੈਂਕੜੇ ਠਿਕਾਣੇ ਲਾਏ ਹੋਏ ਨੇ। ਉਹ ਨੇ ਤਾਂ ਇਹ ਵੀ ਸੁਝਾਅ ਦਿੱਤੀ ਸੀ ਕਿ ਇੰਨਸ਼ੋਰੈਂਸ ਤਾਂ ਇਸ ਦੀ ਹੈ ਹੀ ਕੇਰਾਂ ਇੰਡੀਆਂ ਨੂੰ ਚੜ੍ਹਾ ਦੇ ਫੇਰ ਮੈਂ ਜਾਣਾ ਜਾਂ ਮੇਰਾ ਕੰਮ। ਸਾਰੀ ਉਮਰ ਐਸ਼ਾਂ ਕਰੇਗੀ ਕੋਈ ਹੋਰ ਮੁੰਡਾ ਲੱਭ ਲਿਆਵਾਂਗੇ, ਕਨੇਡਾ ਦੇ ਨਾਂ ਨੂੰ ਉਥੇ ਬਥੇਰੀ ਹੇੜ ਤੁਰੀ ਫਿਰਦੀ ਆ। ਪਰ ਏਹ ਨੂੰ ਤਾਂ ਕੇਰਾਂ ਪੁੱਤ ਬਣਾ ਦੂੰ ਅਜੇ ਤਾਂ ਮੇਰੇ ਬਥੇਰੇ ਲਿੰਕ ਨੇ ਜਿੱਥੇ ਪੰਜਾਬ ਪੁਲੀਸ ਨੇ ਪੱਚੀ ਹਜ਼ਾਰ ਗਾਇਬ ਕਰ ਦਿੱਤਾ ਇੱਕ ਹੋਰ ਸਈ, ਕੀ ਫਰਕ ਪੈਂਦਾ ਏ। ਕਿਸੇ ਲੁਟੇਰੇ ਦੇ ਨਾਂ ਪਾ ਛੱਡਾਂਗੇ। ਪਰ ਭਿੰਦੀ ਹੀਆਂ ਨਾ ਕਰਦੀ ਉਹ ਜਾਣਦੀ ਸੀ ਕਿ ਕਨੇਡਾ ਵਿੱਚ ਤਾਂ ਪੰਜਾਬ ਪੁਲੀਸ ਦਾ ਰਾਜ ਨਹੀਂ ਉਸਦੀ ਸੰਘੀ ਨੂੰ ਵੀ ਹੱਥ ਪੈ ਸਕਦਾ ਹੈ।

ਆਖਰ ਇੱਕ ਦਿਨ ਸ਼ਰਾਬੀ ਹੋਏ ਅਮਰਜੀਤ ਨੇ ਫੈਸਲਾ ਸੁਣਾ ਹੀ ਦਿੱਤਾ ਕਿ ਜਾਂ ਤਾਂ ਹੁਣ ਤਲਾਕ ਲੈ ਲਾ ਜਾਂ ਫੇਰ ਪਤੀ ਪਤਨੀ ਵਾਂਗੂੰ ਵੱਖਰੇ ਘਰ ਵਿੱਚ ਮੇਰੇ ਨਾਲ ਰਹਿ। ਉਸ ਦੀ ਦ੍ਰਿੜਤਾ ਨੇ ਸਾਰਿਆ ਦੇ ਪੈਰ ਡੋਲਣ ਲਾ ਦਿੱਤੇ। ਸਰਦੂਲ ਨੂੰ ਐਨਾ ਯਕੀਨ ਨਹੀਂ ਕਿ ਗੋਡੀ ਹੱਥ ਲਾਉਣ ਵਾਲਾ ਮੁੰਡਾ ਐਨਾਂ ਸਖਤ ਹੋ ਜਾਵੇਗਾ। ਕੁੜੀ ਦਾ ਘਰ ਟੁੱਟਣਾ ਲੱਗਭੱਗ ਯਕੀਨੀ ਸੀ । ਹੁਣ ਤਾਂ ਲੋਕ ਵੀ ਕਹਿਣ ਲੱਗ ਪਏ ਸਨ ਕਿ ਜੇ ਤੇਰੀ ਕੁੜੀ ਦੇ ਘਰ ਕਲੇਸ਼ ਪੈਂਦਾ ਹੈ ਤਾਂ ਅੱਡ ਕਿਉਂ ਨਹੀ ਰਹਿਣ ਲੱਗ ਪੈਂਦੇ। ਸਰਦੂਲ ਸਿੰਘ ਇਸ ਬਰਬਾਦੀ ਦਾ ਸਿਹਰਾ ਆਪਣੇ ਸਿਰ ਸਜਾਉਣਾ ਨਹੀਂ ਚਾਹੁੰਦਾ ਸੀ । ਹੁਣ ਦੋ ਹੀ ਰਸਤੇ ਸਨ ਜਾਂ ਉਹ ਕੁੜੀ ਤੋਂ ਵੱਖ ਹੋ ਕੇ ਰਹਿਣ ਲੱਗ ਪੈਣ ਜਾਂ ਫੇਰ ਆਪਣੇ ਆਪ ਨੂੰ ਬਦਲ ਲੈਣ। ਉਨ੍ਹਾਂ ਨਰਮ ਹੋਣਾ ਹੀ ਠੀਕ ਸਮਝਿਆ। ਇੱਕ ਦਿਨ ਨਰਮ ਲਹਿਜ਼ੇ ਵਿੱਚ ਭਿੰਦੀ ਨੇ ਅਮਰਜੀਤ ਨੂੰ ਪੁੱਛਿਆ,"ਆਖਰ ਤੈਨੂੰ ਤਕਲੀਫ ਕੀ ਹੈ?” ਤਾਂ ਉਹ ਕਹਿਣ ਲੱਗਾ ਕਿ ਮੈਂ ਵੀ ਆਪਣੇ ਪਰਿਵਾਰ ਨੂੰ ਸਪੌਂਸਰ ਕਰਨਾ ਚਾਹੁੰਦਾ ਹਾਂ, ਇਸੇ ਕਰਕੇ ਤਾਂ ਉਨ੍ਹਾਂ ਮੈਨੂੰ ਕਨੇਡਾ ਭੇਜਿਆ ਸੀ ਜੇ ਉਨ੍ਹਾਂ ਦਾ ਕੰਮ ਨਾਂ ਬਣਿਆ ਤਾਂ ਫੇਰ ਮੈਂ ਵੀ ਏਥੇ ਰਹਿ ਕੇ ਕੀ ਕਰਨਾ ਹੈ।" ਉਸਦੇ ਮਾਂ ਬਾਪ ਨਾਲ ਇੱਕ ਭਰਾ ਤੇ ਦੋ ਛੋਟੀਆਂ ਭੈਣਾਂ ਵੀ ਆਉਣ ਵਾਲੀਆਂ ਸਨ। ਭਿੰਦੀ ਉਸ ਦੇ ਦ੍ਰਿੜ ਇਰਾਦੇ ਸਾਹਮਣੇ ਡੋਲ ਗਈ। ਸਰਦੂਲ ਸਿੰਘ ਨੇ ਵੀ ਕਹਿ ਦਿੱਤਾ ਕਿ ਦੇਖ ਲੈ ਜੇ ਤੇਰਾ ਘਰ ਟੁੱਟਣ ਤੋਂ ਬਚ ਜਾਵੇ, ਉਨ੍ਹਾਂ ਦੇ ਆਉਣ ਤੇ ਇਸ ਨੂੰ ਮਾਨਸਿਕ ਸਹਾਰਾ ਹੋ ਜਾਵੇਗਾ, ਫੇਰ ਉਹ ਆਪੇ ਇਸ ਨੂੰ ਸ਼ਰਾਬ ਤੋਂ ਰੋਕਣਗੇ। ਨਾਲੇ ਅਸੀਂ ਤੈਨੂੰ ਇਕੱਲੀ ਛੱਡ ਕੇ ਥੋੜੋ ਜਾਣ ਲੱਗੇ ਹਾਂ ਜੇ ਤੁਸੀਂ ਘਰ ਲੈਣਾ ਵੀ ਹੋਇਆ ਤਾਂ ਸੋਨੂੰ ਦੇ ਵਿਆਹ ਤੱਕ ਅਸੀਂ ਤੁਹਾਡੀ ਬੇਸਮੈਂਟ ਵਿੱਚ ਰਹੀ ਜਾਵਾਂਗੇ। ਪਹਿਲਾਂ ਤਾਂ ਭਿੰਦੀ ਨਾਂ ਨੁੱਕਰ ਕਰਦੀ ਰਹੀ ਕਿ ਐਨੇ ਬੰਦਿਆਂ ਦਾ ਖਰਚਾ ਕਿਵੇਂ ਕਰਾਂਗੇ ਕਿੱਥੇ ਰਹਿਣਗੇ। ਫੇਰ ਮੰਨ ਗਈ। ਉਸਦੇ ਹਾਂ ਕਰਨ ਦੀ ਦੇਰ ਸੀ ਤਾਂ ਅਮਰ ਨੇ ਜੌਬ ਲੈਟਰਾਂ ਬਣਵਾ ਕੇ ਆਮਦਨ ਵੀ ਬਣਾ ਲਈ ਤੇ ਕੁੱਝ ਹੀ ਦਿਨਾਂ ਵਿੱਚ ਸਪੌਂਸਰ ਵੀ ਕਰ ਦਿੱਤਾ।

ਦਿਨ ਲੰਘਦਿਆਂ ਨੂੰ ਕਿਹੜਾ ਸਮਾਂ ਲੱਗਦਾ ਹੈ ਇੱਕ ਦਿਨ ਅਮਰਜੀਤ ਦਾ ਪਰਿਵਾਰ ਵੀ ਟੋਰਾਂਟੋ ਏਅਰ ਪੋਰਟ ਤੇ ਆ ਪਹੁੰਚਿਆ। ਉਸ ਦਿਨ ਅਮਰਜੀਤ ਤਾਂ ਬਹੁਤ ਖੁਸ਼ ਸੀ ਪਰ ਭਿੰਦੀ ਦੇ ਪਰਿਵਾਰ ਦੀ ਖੁਸ਼ੀ ਕੁੱਝ ਓਪਰੀ ਜਿਹੀ ਸੀ। ਪਹਿਲਾਂ ਪਹਿਲ ਤਾਂ ਦੋਨੋ ਪਰਿਵਾਰ ਇਕੱਠੇ ਹੀ ਰਹੇ। ਪਰ ਕੁੱਝ ਹੀ ਦਿਨਾਂ ਬਾਅਦ ਅਮਰਜੀਤ ਦੇ ਪਰਿਵਾਰ ਨੂੰ ਵਾਧੂ ਦੀ ਟੋਕ ਟਕਾਈ ਚੁਭਣ ਲੱਗ ਪਈ। ਫੇਰ ਵੀ ਈਸ਼ਵਰ ਕੌਰ ਨੇ ਘਰ ਦਾ ਸਾਰਾ ਕੰਮ ਸਿੱਖ ਲਿਆ। ਉਹ ਰੋਟੀ ਤੇ ਦਾਲ ਸਬਜ਼ੀ ਆਪ ਬਣਾਉਂਦੀ, ਭਾਂਡੇ ਧੋਂਦੀ ਪਰ ਫੇਰ ਵੀ ਨੂੰਹ ਦੇ ਤੇਵਰ ਚੜੇ ਰਹਿੰਦੇ। ਬੇਟੀ ਰੀਤੂ ਨੂੰ ਸੰਭਾਲਣ ਲਈ ਉਹ ਆਪਣੀ ਮਾਂ ਨੂੰ ਹੀ ਕਹਿੰਦੀ, ਜਿਵੇਂ ਉਸਦੀ ਸੱਸ ਘਰ ਦਾ ਕੋਈ ਮੈਂਬਰ ਹੀ ਨਾ ਹੋਵੇ। ਉਧਰ ਸਰਦੂਲ ਸਿੰਘ ਸਾਰਾ ਦਿਨ ਆਪਣੇ ਕੁੜਮ ਦਿਲਬਾਗ ਸਿੰਘ ਨੂੰ ਲੈਕਚਰ ਦੇਈ ਜਾਂਦਾ ਕਿ ਏਥੇ ਤਾਂ ਇਉਂ ਹੁੰਦਾ ਹੈ, ਏਥੇ ਤਾਂ ਇਉਂ ਰਹੀਦਾ ਹੈ। ਏਥੇ ਆਹ ਨਹੀਂ ਕਰੀਦਾ, ਔਹ ਨਹੀਂ ਕਰੀਦਾ, ਜਿਵੇਂ ਉਹ ਕੋਈ ਜੰਗਲੀ ਮਨੁੱਖ ਹੋਵੇ, ਜਿਸ ਨੂੰ ਸੱਭਿਅਤਾ ਦਾ ੳ ਅ ਵੀ ਨਾਂ ਆਂਉਂਦਾ ਹੋਵੇ। ਇੱਕ ਦਿਨ ਤਾਂ ਉਸ ਨੇ ਸਾਫ ਹੀ ਕਹਿ ਦਿੱਤਾ ਕਿ ਜੇ ਹੁਣ ਕਨੇਡਾ ਆਏ ਹੋਂ ਤਾਂ ਫਾਰਮਾਂ ਬਗੈਰਾ 'ਚ ਕੰਮ ਲਭੋ। ਸਰਦੂਲ ਦੀ ਇਹ ਗੱਲ ਦਿਲਬਾਗ ਸਿੰਘ ਤੋਂ ਬ੍ਰਦਾਸ਼ਤ ਨਾ ਹੋਈ ਕਿ ਉਸੇ ਦੇ ਪੁੱਤ ਦੇ ਘਰ ਵਿੱਚ ਹੀ ਉਸ ਨੂੰ ਕੋਈ ਠਿੱਠ ਕਰੇ। ਉਹ ਅਮਰਜੀਤ ਨੂੰ ਪੈ ਨਿੱਕਲਿਆ ਕਿ "ਤੂੰ ਮਾਊਂ ਜਿਹਾ ਬਣ ਕੇ ਸਹੁਰਿਆਂ ਥੱਲੇ ਲੱਗ ਕੇ ਜਿਵੇਂ ਮਰਜੀ ਰਹੀ ਜਾ ਪਰ ਸਾਡੇ ਤੋਂ ਨਹੀਂ ਰਹਿ ਹੁੰਦਾ। ਜੇ ਤੈਨੂੰ ਆਪਣੀ ਹਾਲਤ ਦਾ ਪਤਾ ਸੀ ਤਾਂ ਸਾਨੂੰ ਕਿਉਂ ਬੁਲਾਇਆ। ਜੇ ਕੁੱਝ ਨਹੀਂ ਕਰਨ ਜੋਗਾ ਤਾਂ ਸਾਨੂੰ ਵਾਪਸ ਭੇਜ ਦੇ ਜਾਂ ਕਿਤੇ ਬੇਸਮੈਂਟ ਲੱਭ ਦੇ। ਅਸੀਂ ਨੀ ਤੇਰੇ ਸਹੁਰਿਆਂ ਨਾਲ ਰਹਿ ਸਕਦੇ। ਬੱਸ ਘਰ ਵਿੱਚ ਕਲੇਸ਼ ਪੈ ਗਿਆ। ਭਿੰਦੀ ਕਹਿ ਰਹੀ ਸੀ ਕਿ ਅਮਰਜੀਤ ਨੂੰ ਉਸ ਦੇ ਘਰ ਵਾਲੇ ਚੁੱਕ ਰਹੇ ਹਨ। ਮੇਰੇ ਮਾਪਿਆਂ ਨੂੰ ਘਰੋਂ ਕਢਵਾਉਣ ਦੇ ਤੁਲੇ ਹੋਏ ਹਨ। ਰਿਸ਼ਤੇਦਾਰਾਂ ਵਿੱਚ ਪੈ ਕੇ ਸਮਝਾ ਦਿੱਤਾ ਕਿ ਏਥੇ ਹਰ ਕਿਸੇ ਨੇ ਆਪੋ ਆਪਣਾ ਖਾਣਾ ਹੈ, ਕਿਉਂ ਲੜਦੇ ਹੋਂ ਰਲ ਮਿਲ ਕੇ ਦਿਨ ਕੱਟ ਲਵੋ ਦੋਹਾਂ ਧਿਰਾਂ ਨੂੰ ਫਾਇਦਾ ਹੈ। ਉਹ ਵਕਤੀ ਤੌਰ ਤੇ ਟਿਕ ਗਏ ਇੱਕ ਦੂਜੇ ਦੀ ਗੱਲ ਵਿੱਚ ਬਹੁਤਾ ਦਖਲ ਨਾਂ ਦਿੰਦੇ।

ਸਰਦੂਲ ਸਿੰਘ ਨੂੰ ਕਿਸੇ ਨੇ ਸਕੀਮ ਦਿੱਤੀ ਕਿ ਤੂੰ ਥਾਣੇਦਾਰ ਏਂ, ਅਕਲ ਤੋਂ ਕੰਮ ਲੈ। ਤੇਰਾਂ ਜੁਆਨ ਮੁੰਡਾ ਤੇਰੇ ਲਈ ਜੈਕਪੌਟ ਹੈ। ਇੰਡੀਆ ਜਾ, ਕੁੜੀ ਵਾਲੇ ਵੀਹ ਲੱਖ ਤਾਂ ਹੱਸ ਕੇ ਦੇਣਗੇ। ਉਸੇ ਦਾ ਡਾਊਂਨ ਦੇਕੇ ਘਰ ਲੈ। ਹੁਣ ਸਰਦੂਲ ਸਿੰਘ ਨੌਕਰੀ ਤੋਂ ਬਣਾਏ ਪੈਸੇ ਨੂੰ ਸਾਂਭ ਕੇ ਰੱਖਣਾ ਚਾਹੁੰਦਾ ਸੀ ਤੇ ਪੁੱਤਰ ਦਾ ਸੌਦਾ ਕਰਨ ਦੀ ਤਿਆਰੀ ਵਿੱਚ ਸੀ। ਇੱਕ ਡੀ ਐੱਸ ਪੀ ਅਤੇ ਤਹਿਸੀਲਦਾਰ ਤਾਂ ਆਪਣੀਆਂ ਕੁੜੀਆਂ ਦੇ ਰਿਸ਼ਤੇ ਲਈ ਮੂੰਹ ਮੰਗਵਾਂ ਦਾਜ ਕੋਠੀਆਂ ਤੇ ਕਾਰਾਂ ਦੇਣ ਨੂੰ ਤਿਆਰ ਸਨ ਪਰ ਉਹ ਸੌਦਾ ਟਣਕਾ ਕੇ ਕਰਨਾ ਚਾਹੁੰਦਾ ਸੀ। ਉਨ੍ਹਾਂ ਨੇ ਅਪਣਾ ਘਰ ਦੇਖਣਾ ਸ਼ੁਰੂ ਕਰ ਦਿੱਤਾ। ਉਹ ਅਜੇ ਸਕੀਮਾਂ ਲਾ ਹੀ ਰਹੇ ਸਨ, ਅਮਰਜੀਤ ਦੇ ਘਰ ਦਿਆਂ ਨੇ ਅਮਰਜੀਤ ਨੂੰ ਚੁੱਕਣਾ ਦੇ ਕੇ ਘਰ ਖ੍ਰੀਦਣ ਦੀ ਪਹਿਲ ਕਰਵਾ ਦਿੱਤੀ। ਹੁਣ ਸਵਾਲ ਇਹ ਸੀ ਕਿ ਭਿੰਦੀ ਦੇ ਮਾਪੇ ਕਿੱਥੇ ਰਹਿਣਗੇ। ਭਿੰਦੀ ਜਿੱਦ ਕਰ ਰਹੀ ਸੀ ਕਿ ਉਹ ਜਿੰਨਾਂ ਚਿਰ ਆਪਣਾ ਘਰ ਨਹੀਂ ਲੈਂਦੇ, ਆਪਣੀ ਬੇਸਮੈਂਟ ਵਿੱਚ ਹੀ ਰਹਿਣਗੇ। ਸਹੁਰਿਆਂ ਵਿੱਚ ਤਾਂ ਉਸਦੀ ਦਿਲਚਸਪੀ ਹੀ ਕੋਈ ਨਹੀਂ ਸੀ ਉਸ ਤਾਂ ਮਤਲਬ ਤਾਂ ਸਿਰਫ ਅਮਰਜੀਤ ਤੱਕ ਸੀ। ਅਮਰਜੀਤ ਨੇ ਬਥੇਰਾ ਸਮਝਾਇਆ ਕਿ ਹੁਣ ਤੂੰ ਵਿਆਹੀ ਹੋਈ ਔਰਤ ਏਂ ਸਹੁਰਾ ਪਰਿਵਾਰ ਹੀ ਤੇਰਾ ਪਰਿਵਾਰ ਹੈ, ਪਰ ਉਹ ਮੰਨਣ ਲਈ ਤਿਆਰ ਹੀ ਨਹੀਂ ਸੀ।

ਘਰ ਪ੍ਰਵੇਸ਼ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਸਮੇਂ ਹੀ ਇਸ ਗੱਲ ਤੇ ਕਲੇਸ਼ ਪੈ ਗਿਆ ਕਿ ਅਮਰਜੀਤ ਨੇ ਅਪਣੇ ਮਾਂ ਪਿਉ ਦਾ ਨਾਂ ਅਰਦਾਸ ਵਿੱਚ ਲੈਣਾ ਹੈ ਤਾਂ ਭਿੰਦੀ ਦੇ ਮਾ ਪਿਉ ਦਾ ਨਾਂ ਵੀ ਲਿਆ ਜਾਵੇਗਾ। ਬਿੰਦੀ ਕਹਿ ਰਹੀ ਸੀ ਕਿ ਮੇਰਾ ਵੀ ਘਰ ਵਿੱਚ ਬਰਾਬਰ ਹਿੱਸਾ ਹੈ ਮੇਰੇ ਵੀ ਮਾਂ ਬਾਪ ਹਨ। ਰਿਸ਼ਤੇਦਾਰਾਂ ਨੇ ਬਥੇਰਾ ਸਮਝਾਇਆ ਪਰ ਉਹ ਹੰਕਾਰ ਦੇ ਘੋੜੇ ਤੋਂ ਨਾ ਉੱਤਰੀ। ਜਦੋਂ ਦਿਲਬਾਗ ਸਿੰਘ ਕਿਸੇ ਰਿਸ਼ਤੇਦਾਰ ਨੂੰ ਕਹਿੰਦਾ ਕਿ ਮੈਂ ਘਰ ਲੈ ਲਿਆ ਹੈ ਤਾਂ ਉਸਦੇ ਸੱਤੀਂ ਕੱਪੜੀਂ ਅੱਗ ਲੱਗ ਜਾਂਦੀ ਕਿ ਘਰ ਮੇਰਾ ਹੈ, ਇਹ ਕਹਿਣ ਵਾਲਾ ਕੌਣ ਹੁੰਦਾ ਹੈ। ਉਹ ਈਸ਼ਵਰ ਕੌਰ ਨੂੰ ਤਾਅਨੇ ਮਿਹਣੇ ਮਾਰਦੀ ਅਮਰਜੀਤ ਨਾਲ ਲੜਦੀ। ਘਰ ਭਾਂਵੇ ਦਿਲਬਾਗ ਦੇ ਮੁੰਡੇ ਅਮਰਜੀਤ ਸਿੰਘ ਦਾ ਸੀ ਪਰ ਉਸ ਵਿੱਚ ਚਲਦੀ ਸਰਦੂਲ ਸਿੰਘ ਦੇ ਪਰਿਵਾਰ ਦੀ ਸੀ। ਉਹੋ ਕੁਝ ਪੱਕਦਾ ਜੋ ਸਰਦੂਲ ਸਿੰਘ ਚਾਹੁੰਦਾ। ਸਰਦੂਲ ਦੀ ਨਜ਼ਰ ਵਿੱਚ ਤਾਂ ਦਿਲਬਾਗ ਸਿੰਘ ਦਾ ਪਰਿਵਾਰ ਪੇਂਡੂ ਜੱਟ ਬੂਟਾਂ ਦਾ ਪਰਿਵਾਰ ਸੀ।

ਭਿੰਦੀ ਹਰ ਹਾਲਤ ਵਿੱਚ ਆਪਣੇ ਪਰਿਵਾਰ ਦਾ ਰੋਹਬ ਸਹੁਰੇ ਘਰ ਤੇ ਬਣਾਈਂ ਰੱਖਣਾ ਚਾਹੁੰਦੀ ਸੀ। ਏਸੇ ਕਰਕੇ ਤਾਂ ਭੋਗ ਵਾਲੇ ਦਿਨ ਸਾਰੇ ਰਿਸ਼ਤੇਦਾਰਾਂ ਦੇ ਬੈਠਿਆਂ ਅਰਦਾਸ ਵਿੱਚ ਉਸ ਨੇ ਅਪਣੇ ਮਾਪਿਆਂ ਦਾ ਨਾਂਉ ਵੀ ਬੁਲਵਾਇਆ ਸੀ ਤਾਂ ਕਿ ਲੋਕਾਂ ਨੂੰ ਅਹਿਸਾਸ ਕਰਵਾ ਸਕੇ ਕਿ ਘਰ ਵਿੱਚ ਤਾਂ ਉਸੇ ਦੀ ਚੱਲਦੀ ਹੈ। ਇਸ ਤਰ੍ਹਾਂ ਕਰਨ ਨਾਲ ਉਸ ਨੂੰ ਆਪਣਾ ਕੱਦ ਉੱਚਾ ਹੋ ਗਿਆ ਲੱਗਦਾ ਸੀ ਤੇ ਆਪਣੇ ਥਾਣੇਦਾਰ ਪਿਉੁ ਦਾ ਸ਼ਮਲਾ ਹੋਰ ਠਾਠ ਨਾਲ ਝੂਲਦਾ ਲੱਗਦਾ। ਉਹ ਘਰ ਵਿੱਚ ਆਦਮ ਖਾਣੇ ਦੈਂਤ ਵਾਂਗ ਬਿੱਫਰੀ ਫਿਰਦੀ। ਅਮਰਜੀਤ ਦੀ ਹੋਂਦ ਪੈਰਾਂ ਹੇਠ ਲਤਾੜ ਕੇ ਉਸ ਨੂੰ ਆਨੰਦ ਆਉਂਦਾ। ਪਤਾ ਨਹੀਂ ਇਸ ਦਾ ਮਾਨਸਿਕ ਕਾਰਨ ਕੀ ਸੀ ਜਾਂ ਉਸਦੇ ਅੰਦਰ ਛੁਪਿਆ ਕੋਈ ਘਟੀਆਪਣ ਦਾ ਅਹਿਸਾਸ। ਅਮਰਜੀਤ ਨੂੰ ਕੁੱਝ ਵੀ ਸਮਝ ਨਾ ਪੈਂਦਾ, ਉਹ ਆਪਣੇ ਆਪ ਨੂੰ ਬੌਣਾ ਹੋ ਗਿਆ ਮਹਿਸੂਸ ਕਰਦਾ। ਇੱਕ ਪਾਸੇ ਮੂਰਖ ਪਤਨੀ ਦੇ ਦੂਸਰੇ ਪਾਸੇ ਉਸਦਾ ਅਪਣਾ ਪਰਿਵਾਰ ਉਹ ਦੋ ਪੁੜਾਂ ਵਿੱਚ ਪਿਸ ਰਿਹਾ ਸੀ। ਪਾਠ ਦੇ ਭੋਗ ਤੋਂ ਬਾਅਦ ਉਸ ਨੇ ਬੋਤਲ ਖੋਹਲ ਲਈ ਲਗਾਤਾਰ ਸ਼ਰਾਬ ਪੀਂਦਾ ਰਿਹਾ। ਕੰਮ ਤੇ ਵੀ ਨਾ ਗਿਆ। ਬੱਚੀ ਦਾ ਮੂੰਹ ਵੀ ਨਾ ਵੇਖਿਆਂ, ਜਿਵੇਂ ਸਭ ਕਾਸੇ ਤੋਂ ਮੋਹ ਟੁਟ ਗਿਆ। ਉਹ ਕਿਸੇ ਦਾ ਰੋਕਿਆ ਵੀ ਨਾਂ ਰੁਕਿਆ। ਜਦੋਂ ਉਸ ਦੀ ਬੇ ਵਾਹ ਹੋ ਗਈ ਤਾਂ ਉਹ ਮੱਛੀ ਵਾਂਗ ਤੜਫਣ ਲੱਗਾ। ਤੇਜ ਬੁਖਾਰ ਵਾਂਗੂੰ ਉਸ ਦਾ ਸਰੀਰ ਤਪ ਰਿਹਾ ਸੀ। ਸਾਰੇ ਕਹਿੰਦੇ ਸਨ ਕਿ ਉਹ ਹੈਂਗ ਔਵਰ ਹੋਣ ਕਰਕੇ ਕਰ ਰਿਹਾ ਹੈ। ਉਹ ਆਪਣੀ ਮਾਂ ਈਸ਼ਵਰ ਕੌਰ ਦੀ ਬੁੱਕਲ ਵਿੱਚ ਜਾ ਨਿੱਕੇ ਬੱਚੇ ਦੀ ਤਰ੍ਹਾ ਲੇਟ ਗਿਆ ਤੇ ਕਹਿਣ ਲੱਗਾ। ਮਾਂ ਮੈਨੂੰ ਡਰ ਲੱਗਦਾ ਹੈ। ਜਿਵੇਂ ਛੋਟੇ ਹੁੰਦੇ ਨੂੰ ਪਿੰਡ ਦੀਆਂ ਮੜ੍ਹੀਆਂ ਚੋਂ ਲੱਗਦਾ ਸੀ। ਮਾਂ ਉਦੋਂ ਜਦ ਮੈਨੂੰ ਬੁਖਾਰ ਚੜ੍ਹਦਾ ਸੀ ਤੂੰ ਕਿਹਾ ਕਰਦੀ ਸੀ ਕਿ ਮੜ੍ਹੀਆਂ ਵਿੱਚੋਂ ਪੁੱਠੇ ਪੈਰਾ ਵਾਲੀ ਚੁੜੇਲ ਚਿੰਬੜ ਗਈ। ਫੇਰ ਤੂੰ ਅਖੰਡਪਾਠ ਵਾਲੇ ਪਾਣੀ ਦੇ ਛਿੱਟੇ ਮਾਰਦੀ ਸੀ ਤਾਂ ਆਰਾਮ ਜਿਹਾ ਆੳਂੁਦਾ ਸੀ। ਮਾਂ ਮੈਨੂੰ ਚੁੜੇਲ ਚਿੰਬੜ ਗਈ। ਮਾਂ ਮੈਨੂੰ ਬਹੁਤ ਡਰ ਲੱਗਦਾ ਏ। ਉਹ ਮੈਨੂੰ ਮਾਰ ਦੇਵੇਗੀ ...ਔਹ ਵੇਖ ਆ ਗਈ ਮਹਾਰਾਜ ਤੋਂ ਵੀ ਨਹੀਂ ਡਰਦੀ। ਤੇਰੇ ਤੋਂ ਵੀ ਨਹੀਂ ਕਿਸੇ ਤੋਂ ਵੀ ਨਹੀਂ। ਹਾੜੇ ਹਾੜੇ ਮਾਂ ਮੈਨੂੰ ਸ਼ਰਾਬ ਦਾ ਇੱਕ ਪੈੱਗ ਦੇ ਦੇ ਨਹੀਂ ਤਾਂ ਮੈਂ ਮਰ ਜਾਂਵਾਂਗਾ। ਮੈਨੂੰ ਬਹੁਤ ਡਰ ਲੱਗਦਾ ਏ ਮੈਂ ਅਜੇ ਮਰਨਾ ਨਹੀਂ ਚਾਹੁੰਦਾ। ਉਹ ਮਾਂ ਨੂੰ ਚਿੰਬੜ ਗਿਆ। ਸ਼ਰਾਬ ਤਾਂ ਉਹ ਪਹਿਲਾਂ ਵੀ ਬਹੁਤ ਪੀ ਜਾਂਦਾ ਸੀ ਪਰ ਏਦਾਂ ਕਦੀ ਨਹੀਂ ਸੀ ਕੀਤਾ। ਸਾਰੇ ਉਸਦੀ ਹਾਲਤ ਤੇ ਘਬਰਾ ਗਏ। ਈਸ਼ਵਰ ਕੌਰ ਉਸ ਨੂੰ ਬੁੱਕਲ ਵਿੱਚ ਲਈ ਵਾਹਿਗੁਰੂ ਵਾਹਿਗੁਰੂ ਕਰ ਰਹੀ ਸੀ। ਸਾਰਾ ਪਰਿਵਾਰ ਭੱਜ ਨੱਸ ਕਰ ਰਿਹਾ ਸੀ। ਭਿੰਦੀ ਨੇ 911 ਡਾਇਲ ਕਰਕੇ ਐਂਬੂਲੈਂਸ ਸੱਦੀ। ਅਮਰਜੀਤ ਅਜੇ ਵੀ ਡਰ ਨਾਲ ਕੰਬ ਰਿਹਾ ਸੀ। ਉਹ ਬੋਲਿਆ ਔਹ ਵੇਖ ਚੁੜੇਲ ਆ ਗਈ ..ਔਹ ਵੇਖ ਉਸਦੇ ਪੁੱਠੇ ਪੈਰ। ਮਾਰ ਦੇਵੇਗੀ ਮੈਨੂੰ...। ਈਸ਼ਵਰ ਕੌਰ ਕਹਿ ਰਹੀ ਸੀ ਉਹ ਤਾਂ ਪੁੱਤ ਭਿੰਦੀ ਤੇਰੇ ਘਰ ਵਾਲੀ। ਅਮਰਜੀਤ ਬੋਲਿਆ, ਫੇਰ ਇਸਦੇ ਪੈਰ ਕਿਉਂ ਪੁੱਠੇ ਨੇ। ਮਾਂ ਨੇ ਕਿਹਾਂ ਪੁੱਤ ਉਹ ਤੇਰੇ ਵਲ ਪਿੱਠ ਕਰੀ ਖੜੀ ਹੈ, ਫੋਨ ਕਰਦੀ ਹੈ। ਸਰਦੂਲ ਸਿੰਘ ਕਹਿ ਰਿਹਾ ਸੀ ਕਿ ਸ਼ਰਾਬ ਨੇ ਉਸਦਾ ਦਿਮਾਗ ਚੁੱਕ ਦਿੱਤਾ। ਏਨੇ ਨੂੰ ਐਂਬੂਲੈਂਸ ਵੀ ਆ ਗਈ। ਡਾਕਟਰਾਂ ਨੇ ਚੈਂਕ ਕਰਨ ਤੋਂ ਬਾਅਦ ਦੱਸਿਆ ਕਿ ਜ਼ਿਆਦਾ ਸ਼ਰਾਬ ਪੀਣ ਦੀ ਵਜ਼ਾ ਕਰਕੇ ਦਿਮਾਗ ਵਿੱਚ ਸੋਜਿਸ਼ ਆਉਣ ਨਾਲ ਸ਼ਰਾਬੀ ਅਜਿਹੇ ਦੌਰੇ ਪੇਣੇ ਸੁਭਾਵਕ ਨੇ। ਇਸਦਾ ਬਲੱਡ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਹੈ। ਇਸ ਨੂੰ ਹੋਰ ਪੀਣ ਨਹੀਂ ਦੇਣੀ ਨਹੀਂ, ਬਰੇਨ ਡੈਮਿਜ ਹੋ ਸਕਦਾ ਹੈ। ਜਦੋਂ ਠੀਕ ਹੋ ਜਾਵੇ ਤਾਂ ਕਿਸੇ ਮਨੋਵਿਗਿਆਨਕ ਨੂੰ ਜਰੂਰ ਦਿਖਾਉਣਾ। ਪੀਣ ਦੀ ਕੋਈ ਵਜ੍ਹਾ ਜਰੂਰ ਹੁੰਦੀ ਹੈ। ਉਨ੍ਹਾਂ ਟੀਕਾ ਲਗਾਇਆ, ਦਵਾਈ ਦਿੱਤੀ ਤੇ ਚਲੇ ਗਏ। ਟੀਕਾ ਏਨਾਂ ਅਸਰਦਾਰ ਸੀ ਕਿ ਉਸਦੀਆਂ ਅੱਖਾਂ ਬੰਦ ਹੋਣ ਲੱਗੀਆਂ। ਉਹ ਬੇਹੋਸ਼ੀ ਜਿਹੀ ਵਿੱਚ ਅਜੇ ਵੀ ਆਖ ਰਿਹਾ ਮੈਨੂੰ ਬਚਾ ਲੈ ਮਾਂ, ਬਹੁਤ ਡਰ ਲੱਗਦਾ ਹੈ, ਮਾਰ ਦੇਵੇਗੀ ਮੈਨੂੰ, ਔਹ ਵੇਖ ਪੁੱਠੇ ਪੈਰ। ਦਿਲਬਾਗ ਸਿੰਘ ਨੇ ਸਾਫੇ ਦੇ ਲੜ ਨਾਲ ਅੱਖਾਂ ਪੂੰਝਦਿਆ ਪੁੱਤ ਨੂੰ ਬੁੱਕਲ ਵਿੱਚ ਲੈ ਕੇ ਕਿਹਾ,"ਪੁੱਤਰਾਂ ਮੈਂ ਤਾਂ ਤੈਨੂੰ ਪੜ੍ਹਾ ਲਿਖਾ ਕੇ ਪਰੀਆਂ ਦੇ ਦੇਸ਼ ਭੇਜਿਆ ਸੀ, ਮੈਨੂੰ ਕੀ ਪਤਾ ਸੀ ਉੱਥੇ ਚੁੜੇਲਾਂ ਵੀ ਹੋਣਗੀਆਂ....।” ਅਮਰ ਤਾਂ ਸੌਂ ਗਿਆ ਪਰ ਈਸ਼ਵਰ ਕੌਰ ਤੇ ਦਿਲਬਾਗ ਸਿੰਘ ਨੂੰ ਸਾਰੀ ਰਾਤ ਨੀਦ ਨਾਂ ਪਈ, ਜਿਵੇਂ ਪੁੱਠੇ ਪੈਰਾਂ ਵਾਲੀ ਡੈਣ ਉਨ੍ਹਾਂ ਆਸੇ ਪਾਸੇ ਨੱਚ ਰਹੀ ਹੋਵੇ, ਖੌਰੂ ਪਾਉਂਦੀ ਜੇਤੂ ਅੰਦਾਜ਼ ਵਿੱਚ। ਉਨ੍ਹਾਂ ਬਿੰਦੀ ਨੂੰ ਆਵਾਜ਼ ਮਾਰੀ, ਉਹ ਤਾਂ ਕਦੋਂ ਦੀ ਜਾ ਕੇ ਆਪਣੇ ਮਾਂ ਪਿਉ ਕੋਲ ਬੇਸਮੈਂਟ ਵਿੱਚ ਸੌਂ ਗਈ ਸੀ। ਸਾਰੇ ਘਰ ਵਿੱਚ ਜਿਵੇਂ ਚੁੜੇਲ ਦਾ ਪਹਿਰਾ ਸੀ ਤੇ ਡਰ ਹੀ ਡਰ। ਅਮਰ ਅਜੇ ਵੀ ਬੁੜਬੜਾ ਰਿਹਾ ਸੀ।

ਦੁਨੀਆਂਦਾਰੀ ਦਾ ਮਤਲਬ.......... ਗ਼ਜ਼ਲ / ਰਾਮ ਸਿੰਘ

ਹੁਣ ਤਾਂ ਏਨਾ ਕੁ ਹੀ ਮਤਲਬ ਹੈ ਦੁਨੀਆਂਦਾਰੀ ਦਾ
ਕਿਤੋਂ ਚੁਗੀਦਾ ਹੈ ਚੋਗਾ ਤੇ ਕਿਤੇ ਖਿਲਾਰੀਦਾ

ਕਿਸੇ ਨੂੰ ਸੋਚ ਨਾ ਆਵੇ ਕਿ ਸੂਲੀਆਂ ਭੰਨਦੀ ਏਂ
ਬਸ ਇੰਤਜ਼ਾਰ ਹੀ ਕਰਦੇ ਨੇ ਆਪਣੀ ਵਾਰੀ ਦਾ


ਜਿੰਦਗੀ ਜੋੜ ਤੇ ਮਨਫੀ ਚ ਇਸ ਤਰ੍ਹਾਂ ਉਲਝੀ
ਨਾ ਹੀ ਵਸਲ ਦਾ ਮਜ਼ਾ ਹੈ ਨਾ ਬੇਕਰਾਰੀ ਦਾ

ਖੌਰੇ ਮੌਲਾ ਨੂੰ ਮੇਰੇ ਨਾਲ ਦੁਸ਼ਮਣੀ ਕੀ ਸੀ
ਰੂਹ ਦਰਵੇਸ਼ ਦੀ ਬਖ਼ਸ਼ੀ ਤੇ ਦਿਲ ਸਿ਼ਕਾਰੀ ਦਾ

ਦਿਖਾ ਬੈਠਾ ਮੈਂ.......... ਗ਼ਜ਼ਲ / ਜਗਵਿੰਦਰ ਯੋਧਾ (ਪ੍ਰੋ.)

ਦਿਖਾ ਬੈਠਾ ਮੈਂ ਉਸਨੂੰ ਆਰਜੂ ਮਜ਼ਬੂਰੀਆਂ ਡੰਗੀ
ਮੇਰੇ ਗਲ ਨਾਲ਼ ਲੱਗਕੇ ਰਾਤ ਭਰ ਰੋਈ ਹੈ ਸਾਰੰਗੀ

ਮੈਂ ਆਪਣੇ ਸਾਵੇ ਪੱਤੇ ਉਸਦੀ ਭੇਟਾ ਚੜ੍ਹਾ ਦਿੱਤੇ
ਉਨ੍ਹੇ, ਧੁੱਪੇ ਖਲੋ ਕੇ ਛਾਂ ਮੇਰੀ ਦੋ ਪਲ ਨਹੀਂ ਮੰਗੀ


ਸਿਥਲ ਖੰਭਾਂ ‘ਚ ਫਿਰ ਤੋਂ ਤਿਲਮਿਲਾਈ ਉੱਡਣ ਦੀ ਖਾਹਿਸ਼
ਮੇਰੇ ਪਿੰਜਰੇ ‘ਚ ਤੂੰ ਆਕਾਸ਼ ਦੀ ਤਸਵੀਰ ਕਿਉਂ ਟੰਗੀ

ਸਿਆਹ ਨੇਰ੍ਹੇ ਮਿਲੇ ਹਰ ਮੋੜ ਤੇ ਸਾਰੇ ਸਫ਼ਰ ‘ਚ
ਅਸੀਂ ਖਾਬਾਂ ‘ਚ ਚਿਤਰ ਕੇ ਤੁਰੇ ਸਾਂ ਪੀਂਘ ਸਤਰੰਗੀ

ਤੂੰ ਲੱਭਦੀ ਰਹੇਂ ਰਿਸ਼ਤੇ ਲਈ ਨਾਵਾਂ ਦਾ ਪਹਿਰਾਵਾ
ਜਿਨ੍ਹਾਂ ਨੇ ਤਬਸਰਾ ਕਰਨੈ, ਉਨ੍ਹਾਂ ਦੀ ਸੋਚ ਹੈ ਨੰਗੀ

ਮੇਰੇ ਸਾਹੇ ਖਲਾਵਾਂ, ਘਾਟਿਆਂ ਨੂੰ ਪੂਰਦੀ ਹੋਈ
ਅਧੂਰੀ ਤੋਂ ਅਰਪਣ ਹੋ ਗਈ ਹੈ ਮੇਰੀ ਅਰਧੰਗੀ

ਨਜ਼ਮਾਂ..........ਨਜ਼ਮ/ਕਵਿਤਾ / ਸੁਸ਼ੀਲ ਰਹੇਜਾ

ਮੁੱਲ

ਮੈਨੂੰ ਖਰੀਦਣਾ ਏਂ
ਤਾਂ ਪਹਿਲਾਂ
ਮੁਸਕਰਾ ਕੇ ਦੇਖ
ਮੈਂ ਮੁਫ਼ਤ ਨਹੀਂ ਹਾਂ


***
ਹਿੰਦੁਸਤਾਨ

ਬੇਟਾ
ਕੀ ਕਰ ਰਿਹਾ ਏਂ
ਹਿੰਦੁਸਤਾਨ ਗ਼ਲਤ ਬਣ ਗਿਆ ਸੀ
ਰਬੜ ਨਾਲ ਢਾਹ ਰਿਹਾ ਹਾਂ

***
ਸ਼ਹੀਦ

ਮੈਂ
ਕੱਚੇ ਘਰ ਦੀ
ਲਾਜ ਰੱਖਣ ਲਈ
ਕਿਸੇ ਦੀ ਹਿੱਕ ਤੇ
ਤਿਆਗ ਲਿਖ ਦਿੱਤਾ ਏ
ਸ਼ਹੀਦ ਕਈ ਤਰ੍ਹਾਂ ਦੇ ਹੁੰਦੇ ਨੇ

***
ਮਾਂ

ਇੱਕ ਹਾਕ ਮਾਰ
ਨੰਗੇ ਪੈਰੀਂ ਭੱਜੀ ਆਵੇਗੀ
ਮਾਂ
ਰੱਬ ਤੋਂ ਵੱਡੀ ਹੁੰਦੀ ਏ

ਨਜ਼ਮਾਂ..........ਨਜ਼ਮ/ਕਵਿਤਾ / ਤਾਰਕ ਗੁੱਜਰ

ਧਰਮ

ਅਸੀਂ ਮੰਦਰ ਵਿਚ ਨਮਾਜ਼ ਪੜ੍ਹੀ
ਤੇ ਮਸਜਿਦ ਵਿਚ ਸਲੋਕ
ਅਸੀਂ ਰੱਬ ਸੱਚਾ ਨਾ ਵੰਡਿਆ
ਸਾਨੂੰ ਕਾਫ਼ਰ ਆਖਣ ਲੋਕ


***

1947

ਸਦੀਆਂ ਲੰਮੇ ਪੈਂਡੇ ਸਨ
ਸੂਲਾਂ ਭਰੀਆਂ ਰਾਹਵਾਂ ਸਨ
ਥੱਕੇ ਹਾਰੇ ਪ੍ਰਦੇਸੀ
ਹੱਥ ਵਿਚ ਆਸ ਦੇ ਦੀਵੇ ਲੈ ਕੇ
ਉਮਰਾਂ ਤੀਕਰ ਚਲਦੇ ਰਹੇ
ਅੰਨੀਆਂ ਕਾਲੀਆਂ ਰਾਤਾਂ ਦੇ ਵਿਚ
ਜਿੰਦੜੀ ਅੱਖ ਦਾ ਅੱਥਰੂ ਬਣ ਗਈ
ਝੱਲੇ ਫਿਰ ਵੀ ਹੱਸਦੇ ਰਹੇ

ਯਤਨ ਕਰਾਂਗਾ........... ਗ਼ਜ਼ਲ / ਗੁਰਭਜਨ ਗਿੱਲ

ਯਤਨ ਕਰਾਂਗਾ ਮੱਥੇ ਵਿਚਲੀ ਬਲਦੀ ਅੱਗ ਨੂੰ ਠਾਰ ਦਿਆਂ
ਆਪਣੇ ਵਿਚਲਾ ਅੱਥਰਾ ਘੋੜਾ ਮਾਰ-ਮਾਰ ਕੇ ਮਾਰ ਦਿਆਂ

ਸਰਦੀ ਰੁੱਤੇ ਸੇਕ ਨਹੀਂ ਪਰ ਜੇਠ ਹਾੜ ਨੂੰ ਤਪਦਾ ਹੈ
ਰੋਜ਼ ਸੋਚਨਾ ਏਸ ਕਿਸਮ ਦੇ ਸੂਰਜ ਨੂੰ ਦਰਕਾਰ ਦਿਆਂ


ਕੋਰੇ ਕਾਗਜ਼ ਤੇ ਨਾ ਐਵੇਂ ਨਵੀਆਂ ਲੀਕਾਂ ਵਾਹ ਦੇਵੇ
ਪੁੱਤਰ ਕੋਲੋਂ ਕਾਪੀ ਖੋਹ ਕੇ ਰੱਦੀ ‘ਚ ਅਖਬਾਰ ਦਿਆਂ

ਵਖਰੇ ਵਖਰੇ ਮੋਰਚਿਆਂ ਤੇ ਵੰਨ ਸੁਵੰਨੇ ਦੁਸ਼ਮਣ ਨੇ
ਇਕ ਕੱਲਾ ਕਿਧਰ-ਕਿਧਰ ਕਿਸ-ਕਿਸ ਨੂੰ ਮੈਂ ਹਾਰ ਦਿਆਂ

ਪੱਥਰਾਂ ਦੀ ਬਰਸਾਤ ‘ਚ ਟੁੱਟੇ ਸ਼ੀਸ਼ੇ ਵਰਗੇ ਸੁਪਨੇ ਸਭ
ਫਿਰ ਵੀ ਪੱਥਰ ਚਾਹੁੰਦੇ ਨੇ, ਮੈਂ ਪੱਥਰਾਂ ਨੂੰ ਸਤਿਕਾਰ ਦਿਆਂ

ਤਲਖ ਤਜ਼ਰਬੇ ਕੋਲ ਗਵਾਹ ਨੇ, ਨਾ ਲਿਖਿਆ ਨਾ ਪੜ੍ਹਿਆ ਹਾਂ
ਯਤਨ ਕਰਾਂਗਾ ਏਦਾਂ ਤਣ ਕੇ ਬਾਕੀ ਰਾਤ ਗੁਜ਼ਾਰ ਦਿਆਂ

ਨਾ ਖ਼ਤ ਆਵੇ ਨਾ ਖ਼ਤ ਜਜਵੇ ਫਿਰ ਵੀ ਸਾਂਝ ਅਜੇ ਬਾਕੀ
ਕੇਹੇ ਧਾਗੇ ਨਾਲ਼ ਜਕੜਿਆ ਸੱਜਣਾਂ ਹੱਦੋਂ ਪਾਰ ਦਿਆਂ

ਨੈਣ ਨਦੀ ਵੀ.......... ਗ਼ਜ਼ਲ / ਵਿਜੇ ਵਿਵੇਕ

ਨੈਣ ਨਦੀ ਵੀ, ਦਿਲ ਦਰਿਆ ਵੀ ਸਭ ਗੰਧਲੇ ਕਰ ਦੇਵਾਂਗੇ
ਲਗਦਾ ਹੈ ਇਕ ਦਿਨ ਜੰਗਲ ਦਾ ਖਾਲੀਪਣ ਭਰ ਦੇਵਾਂਗੇ

ਵੱਖਰੀ ਗੱਲ ਹੈ ਤੇਰੀ ਅੱਖ ਦੀ ਜੋਤ ਲਵਾਂਗੇ ਬਦਲੇ ਵਿਚ
ਪਰ ਸੂਰਜ ਨੂੰ ਲਾਹ ਕੇ ਤੇਰੇ ਟੇਬਲ ‘ਤੇ ਧਰ ਦੇਵਾਂਗੇ


ਛੱਡ ਕੇ ਗੁੱਡੀਆਂ ਗੇਂਦਾਂ ਆ ਉਲਝਣਗੇ ਕਲਾਂ ਕਲਾਵਾਂ
ਚੌੜ ਚੜੀਤੇ ਬਾਲਾਂ ਨੂੰ ਕੁਝ ਏਦਾਂ ਦੇ ਡਰ ਦੇਵਾਂਗੇ

ਨਾ ਮਗਰਾਂ ਘੜਿਆਲਾਂ ਦਾ ਡਰ ਨਾ ਕੋਈ ਖਤਰਾ ਡੁਬੋਣ ਦਾ
ਕੁਸ਼ਲ ਤੈਰਾਕਾਂ ਨੂੰ ਏਦਾਂ ਦੇ ਸੁੱਕੇ ਸਰਵਰ ਦੇਵਾਂਗੇ

ਅਸਾਂ ਜਿਹਾ ਘਰ ਫੂਕ ਸੁਦਾਗਰ ਨਹੀਂ ਮਿਲਣਾ ਇਸ ਦੁਨੀਆਂ ਵਿਚ
ਬੇਹੇ ਫੁੱਲਾਂ ਦੇ ਬਦਲੇ ਵੀ ਤਾਜ਼ੇ ਪੱਥਰ ਦੇਵਾਂਗੇ

ਜਪ-ਤਪ ਤੇ ਰੀਝਣ ਵਾਲੇ ਨਹੀਂ ਪਹਿਲੇ ਭੋਲੇ ਨਾਥ ਅਸੀਂ
ਪਹਿਲਾਂ ਸਾਡਾ ਕਾਸਾ ਭਰਦੇ, ਫਿਰ ਤੈਨੂੰ ਵਰ ਦੇਵਾਂਗੇ

ਮੈਂ ਐਸੇ ਰਾਹ ਤਲਾਸ਼ੇ ਨੇ.......... ਗ਼ਜ਼ਲ / ਰਾਜਿੰਦਰਜੀਤ

ਮੈਂ ਐਸੇ ਰਾਹ ਤਲਾਸ਼ੇ ਨੇ ਜਿਨ੍ਹਾਂ ਤੇ ਛਾਂ ਨਹੀਂ ਕੋਈ
ਕਿਤੇ ਵੀ ਬੈਠਕੇ ਦਮ ਲੈਣ ਜੋਗੀ ਥਾਂ ਨਹੀਂ ਕੋਈ

ਬਿਗਾਨੇ ਸ਼ਹਿਰ ਵਿਚ ਖੁਸ਼ ਰਹਿਣ ਦਾ ਸਮਾਨ ਹੈ ਸਾਰੀ
ਬਿਠਾ ਕੇ ਗੋਦ ਅੱਥਰੂ ਪੂੰਝਦੀ ਪਰ ਮਾਂ ਨਹੀਂ ਕੋਈ


ਲਿਹਾਜੀ ਆਖਦੇ ਮੈਨੂੰ ਕਿ ਆਪਣੇ ਘਰ ਦੇ ਬੂਹੇ ਤੇ
ਮੈਂ ਤਖ਼ਤੀ ਤਾਂ ਲਵਾਈ ਹੈ ਪਰ ਉਸ ਤੇ ਨਾ ਨਹੀਂ ਕੋਈ

ਸੁਰਾਹੀ ਸਮਝ ਕੇ ਖੁਦ ਨੂੰ ਨਦੀ, ਛੋਟਾ ਕਹੇ ਘਰ ਨੂੰ
ਤੇ ਉਸ ਵਾਸਤੇ ਉਸ ਘਰ ਦੇ ਅੰਦਰ ਥਾਂ ਨਹੀਂ ਕੋਈ

ਮੁਸਾਫਿਰ ਫਿਰ ਮੰਜਿਲਾਂ ਦੀ ਥਾਂ ਕਦੇ ਨਾ ਜਾਣ ਮਨਤਲ ਨੂੰ
ਮਨਾ ਵਿਚ ਧੁੱਪ ਹੈ ਪੱਸਰੀ, ਸਿਰਾਂ ਤੇ ਛਾਂ ਨਹੀਂ ਕੋਈ

ਉਨ੍ਹਾਂ ਨੂੰ ਸ਼ੱਕ ਹੈ ਕਣੀਆਂ ਦੀ ਥਾਂ ਅੰਗਿਆਰ ਬਰਸਣਗੇ
ਨਗਰ ਅੰਦਰ ਘਟਾਵਾਂ ਨੂੰ ਬੁਲਾਉਂਦਾ ਤਾਂ ਨਹੀਂ ਕੋਈ

ਕਾਹਤੋਂ ਝੁਕਾਵੇ ਨਜਰਾਂ .......... ਗ਼ਜ਼ਲ / ਸੁਖਵਿੰਦਰ ਅੰਮ੍ਰਿਤ

ਕਾਹਤੋਂ ਝੁਕਾਵੇ ਨਜਰਾਂ ਕਿਉਂ ਸ਼ਰਮਸਾਰ ਹੋਵੇ
ਉਹ ਤੀਰ ਹੈ ਤਾਂ ਕਿਉਂ ਨਾ ਸੀਨੇ ਦੇ ਪਾਰ ਹੋਵੇ

ਜੀਹਦੇ ਕੰਡਿਆਂ ਨੇ ਦਾਮਨ ਮੇਰਾ ਤਾਰ ਤਾਰ ਕੀਤਾ
ਕਿਉਂ ਉਸਦੇ ਨਾਮ ਮੇਰੀ ਹਰ ਇਕ ਬਹਾਰ ਹੋਵੇ


ਨਜਰਾਂ ਚੁਰਾ ਕੇ ਜਿਸ ਤੋਂ ਮੈਂ ਬਦਲਿਆ ਸੀ ਰਸਤਾ
ਹਰ ਮੋੜ ਤੇ ਉਸਦਾ ਇੰਤਜਾਰ ਹੋਵੇ

ਕੋਈ ਦੂਰ ਦੂਰ ਤੀਕਰ ਵਿਛ ਜਾਏ ਪਿਆਸ ਬਣਕੇ
ਮੇਰੇ ਪਿਆਰ ਦਾ ਸਮੁੰਦਰ ਜਦ ਬੇਕਰਾਰ ਹੋਵੇ

ਉੱਠਾਂ ਮੈਂ ਚਿਣਗ ਭਾਲਾਂ ਕੋਈ ਚਿਰਾਗ ਬਾਲਾਂ
ਖ਼ਬਰੇ ਹਵਾ ਦਾ ਝੋਂਕਾ ਕੋਈ ਬੇਕਰਾਰ ਹੋਵੇ

ਆਵੇ ਉਹ ਮੇਰਾ ਪਿਆਰਾ, ਮੇਰੀ ਅੱਖ ਦਾ ਸਿਤਾਰਾ
ਮੇਰੀ ਨਿਗਾਹ ਤੋਂ ਪਾਸੇ ਇਹ ਅੰਧਕਾਰ ਹੋਵੇ

ਨਦੀਆਂ ਉਤਾਰ ਲਈਆਂ ਉਹਨੇ ਕੈਨਵਸ ਤੇ ਬੜੀਆਂ
ਪਰ ਹਾਏ, ਪਿਆਸ ਦੀ ਨਾ ਸੂਰਤ ਉਤਾਰ ਹੋਵੇ

ਤੇਰਾ ਸੁਪਨਾ.......... ਗੀਤ / ਬਲਵਿੰਦਰ ਸੰਧੂ

ਮੈਨੂੰ ਸੁਪਨਾ ਤੇਰਾ ਇੰਝ ਆਉਂਦਾ ਏ
ਕੋਈ ਹੰਸ ਜਿਉਂ ਪਹਿਲੇ ਪਹਿਰ ਵੇਲੇ
ਪਿਆ ਸਰਵਰ ਵਿਚ ਨਹਾਉਂਦਾ ਏ
ਮੈਨੂੰ ਸੁਪਨਾ ਤੇਰਾ ਇੰਝ ਆਉਂਦਾ ਏ..........


ਮੈਂ ਤੱਕਦਾ ਵਾਂ ਚੰਨ ਚੌਥੇ ਦਾ
ਤੇਰੇ ਨਗਰ ‘ਚੋਂ ਨਿਵ-ਨਿਵ ਲੰਘਦਾ ਏ
ਕਰ ਝੋਲੀ ਤੇਰੇ ਦਰ ਉਤੋਂ
ਇਕ ਲੱਪ ਸੁਹੱਪਣ ਮੰਗਦਾ ਏ
ਇਕ ਲੱਪ ਨੂੰ ਤਨ ਤੇ ਮਨ ਅਪਣੇ
ਫਿਰ ਪੁੰਨਿਆ ਨੂੰ ਰੁਸ਼ਨਾਉਂਦਾ
ਮੈਨੂੰ ਸੁਪਨਾ ਤੇਰਾ ਇੰਝ ਆਉਂਦਾ ਏ..........

ਪੁਰ-ਹਵਾ ਇਹ ਆਥਣ ਉੱਗਣ ਦੀ
ਕੋਈ ਸ਼ਬਦ ਜਾਂ ਸੁੱਚੜਾ ਗਾਉਂਦੀ ਏ
ਇਕ ਖੁਸ਼ਬੋ ਤੇਰੇ ਸਾਹਾਂ ਦੀ
ਮੈਨੂੰ ਕਣ-ਕਣ ਵਿਚੋਂ ਆਉਂਦੀ ਏ
ਇਸ ਵਕਤ ਨੂੰ ਮੇਰਾ ਨਤਮਸਤਕ
ਮੈਥੋਂ ਗੀਤ ਜੋ ਨਵੇਂ ਲਿਖਾਉਂਦਾ ਏ
ਮੈਨੂੰ ਸੁਪਨਾ ਤੇਰਾ ਇੰਝ ਆਉਂਦਾ ਏ..........

ਰੁੱਤ ਹਰਮਲ ਤੋਂ ਰੁੱਤ ਪਤਝੜ ਤੱਕ
ਮੈਂ ਉਸ ਥਾਵੇਂ ਪਿਆ ਰੁਕਿਆ ਹਾਂ
ਜਿਸ ਥਾਵੇਂ ਅੱਲ੍ਹੜ ਉਮਰ ਸਮੇਂ
ਮੈਂ ਪ੍ਰਥਮ ਵਾਰ ਤੈਨੂੰ ਮਿਲਿਆ ਸਾਂ
ਉਸ ਜਗ੍ਹਾ, ਦੀ ਮਿੱਟੀ ਚੁੱਕ-ਚੁੱਕ ਕੇ
ਕੋਈ ਝੋਲ ਮੇਰੀ ਵਿਚ ਪਾਉਂਦਾ ਏ
ਮੈਨੂੰ ਸੁਪਨਾ ਤੇਰਾ ਇੰਝ ਆਉਂਦਾ ਏ..........

ਸਭ ਸਾਗਰ ਸਿਆਹੀ ਹੋ ਜਾਵਣ
ਜੇ ਗੀਤ ਲਿਖਾਂ ਤੇਰੀ ਸੂਰਤ ਦਾ
ਕੁਝ ਸਰਵਰ ਕਲਮਾਂ ਘੜ ਦੇਵਣ
ਜੇ ਜਿ਼ਕਰ ਕਰਾਂ ਤੇਰੀ ਸੀਰਤ ਦਾ
ਨਾ ਗੀਤ ਅਧੂਰਾ ਰਹਿ ਜਾਵੇ
ਡਰ ਏਹੋ ਰੋਜ਼ ਸਤਾਉਂਦਾ ਏ
ਮੈਨੂੰ ਸੁਪਨਾ ਤੇਰਾ ਇੰਝ ਆਉਂਦਾ ਏ..........

ਮਾਂ ਦਾ ਦਰਜਾ.......... ਗੀਤ / ਰਣਜੀਤ ਕਿੰਗਰਾ

ਰੱਬ ਤੋਂ ਉਚਾ ਮਾਂ ਦਾ ਦਰਜਾ
ਕਦੇ ਨਾ ਲਹਿੰਦਾ ਮਾਂ ਦਾ ਕਰਜਾ
ਵੱਖਰਾ ਹੀ ਨਿੱਘ ਹੁੰਦਾ ਮਾਂ ਦੀਆਂ ਬਾਹਵਾਂ ਦਾ
ਕਲੀਆਂ ਤੋਂ ਵੱਧ ਕੋਮਲ ਹਿਰਦਾ ਮਾਵਾਂ ਦਾ..........


ਬੱਚਿਆਂ ਦੇ ਸਾਹ ਵਿਚ ਸਾਹ ਲੈਂਦੀ
ਤੱਤੀ ਵਾ ਨਾ ਲੱਗੇ ਕਹਿੰਦੀ
ਮਾਂ ਮੈਂ ਚੁੰਮਦਾ ਰੇਤਾ ਤੇਰੀਆਂ ਰਾਹਵਾਂ ਦਾ..........

ਪੁੱਤਰਾਂ ਲਈ ਅਰਦਾਸਾਂ ਕਰਦੀ
ਜੱਗ ਦੀ ਭੈੜੀ ਨਜ਼ਰ ਤੋਂ ਡਰਦੀ
ਫ਼ਰਕ ਨਾ ਪੈ ਜੇ ਕਿਧਰੇ ਸਕੇ ਭਰਾਵਾਂ ਦਾ..........

ਓਏ ਦੁਨੀਆਂ ਦੇ ਲੋਕੋ ਸੋਚੋ
ਮਾਂ ਪੂਜੋ ਉਹਦੇ ਪਿਆਰ ਨੂੰ ਲੋਚੋ
ਕੋਈ ਭਰੋਸਾ ਹੁੰਦਾ ਨਹੀਂ ਜੇ ਸਾਹਵਾਂ ਦਾ..........

ਮਾਂ ਮਰਜੇ ਪਛਤਾਉਣਾ ਪੈਂਦਾ
ਅਰਥੀ ਮੋਢਾ ਲਾਉਣਾ ਪੈਂਦਾ
ਬੇੜੀ ਬਾਝੋਂ ਕਾਹਦਾ ਜ਼ੋਰ ਮਲਾਹਵਾਂ ਦਾ..........

ਪਿੰਡ ਚਕਰ ਜਦ ਕਿੰਗਰਾ ਆਵੇ
ਮਾਂ ਦੇ ਚਰਨਾਂ ਨੂੰ ਹੱਥ ਲਾਵੇ
ਵਰ੍ਹਦਾ ਦੇਖੋ ਛਮ-ਛਮ ਮੀਂਹ ਦੁਆਵਾਂ ਦਾ..........