ਸਾਡਾ ਫ਼ਿਕਰ ਨਾ ਕਰਨਾ
ਅਸੀਂ ਦੱਬੇ ਕੁੱਚਲੇ
ਮਜ਼ਲੂਮ
ਗਰੀਬ ਲੋਕ ਹਾਂ
ਅਸਲ ਚ ਸਾਨੂੰ ਤੇਰਾ ਮੰਤਵ ਹੀ ਨਹੀਂ ਪਤਾ
ਅਸੀਂ ਤਾਂ ਸੱਤਾਧਾਰੀ ਲੋਕਾਂ ਦੀ ਸੋਚ ਦੇ ਗੁਲਾਮ ਹਾਂ
ਚੋਣਾਂ ਦੇ ਨਾਮ ਤੇ ਨਿਸ਼ਚਿਤ ਕੀਤੀ ਜਾਂਦੀ ਹੈ
ਸਾਡੇ ਵਿਕਣ ਦੀ ਕੀਮਤ
ਜਮਹੂਰੀਅਤ ਦੇ ਪੈਰਾਂ ਵਿਚ ਰੁਲੀ ਹੋਈ ਅਜ਼ਾਦੀ
ਸਾਨੂੰ ਕਿੰਨਾ ਕੁ ਹੋ ਸਕਦਾ ਐ
ਤੇਰੇ ਦੁੱਖਾਂ ਦਾ ਇਲਮ....?
ਅਸੀਂ ਤਾਂ ਲੱਭ ਰਹੇ ਹਾਂ
ਇਨਸਾਨ ਤੇ ਜਾਨਵਰਾਂ ਚ ਫ਼ਰਕ
ਅਸੀਂ ਤਾਂ ਫਸੇ ਹੋਏ ਆ ਜਾਤ ਪਾਤ ਤੇ
ਧਰਮਾਂ ਦੇ ਜੰਜਾਲ ਚ
ਸਾਨੂੰ ਤਾਂ ਅਜੇ ਗਊ ਅਤੇ ਮਾਤਾ ਚ
ਫਰਕ ਕਰਨਾ ਨੀ ਆਇਆ
ਫੇਰ ਗ਼ਦਰੀ ਬਾਬਿਆਂ ਤੇ
ਭਗਤ ਸਿੰਘ ਦੇ ਫਲਸਫੇ ਕਿੱਥੇ ਸਮਝ ਆਉਣੇ ਸੀ
ਅਸੀਂ ਤਾਂ ਉਲਝੇ ਹੋਏ ਹਾਂ
ਅਪਣੇ ਧਰਮ ਦਾ ਵਡੱਪ-ਪੁਣਾਂ ਦਿਖਾਉਣ ਚ.....
