ਐਡੀਲੇਡ ਵਿਖੇ ਗਿਆਨੀ ਸੰਤ ਸਿੰਘ ਪਾਰਸ ਦੇ ਢਾਡੀ ਜਥੇ ਨੇ ਕੀਤਾ ਸੰਗਤਾਂ ਨੂੰ ਨਿਹਾਲ……… ਧਾਰਮਿਕ ਸਮਾਗਮ / ਕਰਨ ਬਰਾੜ

ਐਡੀਲੇਡ : ਗੁਰਦੁਆਰਾ ਸਰਬੱਤ ਖਾਲਸਾ ਪ੍ਰਾਸਪੈਕਟ, ਐਡੀਲੇਡ ਵਿਖੇ ਪ੍ਰਸਿੱਧ ਢਾਡੀ ਗਿਆਨੀ ਸੰਤ ਸਿੰਘ ਪਾਰਸ ਦੇ ਜਥੇ ਵਲੋਂ 26 ਤੋਂ 29 ਜੁਲਾਈ ਤੱਕ ਗੁਰੂ ਇਤਿਹਾਸ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਉਹਨਾਂ ਦੀਆਂ ਢਾਡੀ ਵਾਰਾਂ ਸੁਨਣ ਲਈ ਦੂਰੋਂ ਨੇੜਿਓਂ ਐਡੀਲੇਡ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਗੁਰੂਦੁਵਾਰਾ ਸਾਹਿਬ ਪਹੁੰਚੀਆਂ।ਸੰਤ ਸਿੰਘ ਪਾਰਸ ਦੇ ਢਾਡੀ ਜਥੇ ਨੇ ਗੁਰੂ ਇਤਿਹਾਸ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੀਆਂ ਗੱਲਾਂ ਬਾਰੇ ਚਾਨਣਾ ਪਾਉਂਦੇ ਹੋਏ ਸਿੱਖ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ। ਉਹਨਾਂ ਦੁਆਰਾ ਸੁਣਾਏ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਕੇ ਨੂੰ ਸੰਗਤਾਂ ਨੇ ਬੜੇ ਭਾਵੁਕ ਮਨ ਤੇ ਸ਼ਰਧਾ ਭਾਵਨਾ ਨਾਲ ਸੁਣਿਆ। ਨੌਜਵਾਨਾਂ ਨੂੰ ਸਿੱਖ ਧਰਮ ਨਾਲ ਜੁੜਣ ਅਤੇ ਨਸ਼ਿਆਂ ਤੋਂ ਰਹਿਤ ਰਹਿਣ ਲਈ ਪ੍ਰੇਰਿਆ।ਜਿੱਥੇ ਉਹਨਾਂ ਆਸਟ੍ਰੇਲੀਆ ਰਹਿੰਦੀਆਂ ਸਿੱਖ ਸੰਗਤਾਂ ਦਾ ਗੁਰੂ ਘਰ ਨਾਲ ਪਿਆਰ ਦੇਖ ਕੇ ਖੁਸ਼ੀ ਜ਼ਾਹਿਰ ਕੀਤੀ ਕਿ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਸੀਮਿਤ ਸਾਧਨਾਂ ਦੇ ਬਾਵਜੂਦ ਸਿੱਖੀ ਦੀ ਸ਼ਾਨ ਬਰਕਰਾਰ ਰੱਖੀ ਹੈ, ਓਥੇ ਪੰਜਾਬ ਵਿੱਚ ਰਹਿੰਦੇ ਨੌਜਵਾਨਾਂ ਦੁਆਰਾ ਕੀਤੇ ਜਾਂਦੇ ਨਸ਼ੇ ਤੇ ਗੁਰੂ ਘਰ ਨਾਲੋਂ ਟੁੱਟਣ ਦਾ ਦੁਖ ਜ਼ਾਹਿਰ ਕੀਤਾ। 

ਅਖੀਰ ਵਿੱਚ ਗੁਰੂਦੁਵਾਰਾ ਸਾਹਬ ਦੇ ਪ੍ਰਧਾਨ ਭੁਪਿੰਦਰ ਸਿੰਘ ਤੱਖੜ, ਗਿਆਨੀ ਚਮਕੌਰ ਸਿੰਘ, ਗਿਆਨੀ ਬਲਜੀਤ ਸਿੰਘ ਅਤੇ ਸੰਗਤਾਂ ਵੱਲੋਂ ਉਹਨਾਂ ਦੇ ਐਡੀਲੇਡ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਉਪਰੰਤ ਧੰਨਵਾਦ ਤੇ ਸਨਮਾਨਿਤ ਕੀਤਾ ਗਿਆ ਅਤੇ ਸਿੱਖ ਪੰਥ ਪ੍ਰਤੀ ਸੇਵਾਵਾਂ ਅਤੇ ਵਿਦੇਸ਼ਾਂ ਵਿੱਚ ਕੀਤੇ ਜਾਂਦੇ ਸਿੱਖੀ ਪ੍ਰਚਾਰ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਹੁੰਚਣ ਵਾਲੀਆਂ ਹਸਤੀਆਂ ਵਿੱਚ ਗਿਆਨੀ ਬਲਰਾਜ ਸਿੰਘ, ਅਜੀਤ ਸਿੰਘ ਰਾਹੀ, ਸੁਲੱਖਣ ਸਿੰਘ ਸਹੋਤਾ, ਦਲਜੀਤ ਸਿੰਘ, ਅੰਗਰੇਜ਼ ਸਿੰਘ, ਸੁਖਵਿੰਦਰ ਸਿੰਘ, ਜਗਦੇਵ ਸਿੰਘ ਆਦਿ ਸ਼ਾਮਿਲ ਸਨ।     
 
****

No comments: