ਸਮੁੰਦਰ-ਸਤਿਗੁਰੂ ਨੂੰ ਘੜੇ ’ਚ ਬੰਦ ਕਰਦੀ ਫੋਕਟ ਵਿਦਵਾਨ ਮੰਡਲੀ………. ਲੇਖ / ਗਿਆਨੀ ਅਵਤਾਰ ਸਿੰਘ

ਗੁਰਬਾਣੀ; ਗੁਰਸਿੱਖ ਲਈ ਰੂਹ ਦੀ ਖ਼ੁਰਾਕ ਹੈ ਕਿਉਂਕਿ ਇਹ ਰੂਹਾਨੀਅਤ ਨੂੰ ਜ਼ਿੰਦਾ ਰੱਖਦੀ ਹੈ, ਪਰ ਇਹ ਖ਼ੁਰਾਕ ਤਦ ਹੀ ਲਾਭਦੇਂਦੀ ਹੈ ਜੇਕਰ ਮਨੁੱਖ, ਹਮੇਸ਼ਾਂ ਸਿੱਖ ਭਾਵ ਸਿੱਖਿਆਰਥੀ ਬਣਿਆ ਰਹੇ। ਹਿਰਦੇ ’ਚ ਸਦਾ ਕੁੱਝ ਸਿੱਖਣ ਦੀ ਭਾਵਨਾ ਬਣਨ ਨਾਲ਼ ਨਵੀਂ ਸੋਚ ਉਪਜਦੀ ਰਹਿੰਦੀ ਹੈ ਅਤੇ ਸਿਖਾਂਦਰੂ (ਸ਼ਗਿਰਦ) ਅੰਦਰ ‘‘ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ ॥’’ (ਮਹਲਾ 1/660) ਵਾਲ਼ਾ ਅਹਿਸਾਸ ਜਨਮ ਲੈਂਦਾ ਜਾਂਦਾ ਹੈ। 

ਉਕਤ ਅਵਸਥਾ ਬਣਨ ਦੇ ਰਾਹ ’ਚ ਅਸਲ ਰੁਕਾਵਟ ਮਨੁੱਖੀ ਮਨ ਦਾ ਆਪਹੁਦਰਾਪਣ ਹੈ, ਜਿਸ ਨੂੰ ਮਾਰਨਾ; ਆਸਾਨ ਨਹੀਂ ਹੁੰਦਾ। ਇਹ, ਮਨੁੱਖ ਦੀ ਅਕਲ ਨੂੰ ਆਪਣੇ ਮੁਤਾਬਕ ਘੜ ਲੈਂਦਾ ਹੈ। ਜੋ ਅਕਲ; ਆਪਹੁਦਰੇ ਮਨ ਦੁਆਰਾ ਘੜੀ ਹੋਵੇ, ਉਹ ਆਪਣੇ ਮਨ ਨੂੰ ਘੜਨਯੋਗ ਨਹੀਂ ਰਹਿੰਦੀ। ਰੂਹਾਨੀਅਤ (ਸਚਖੰਡ) ਪੱਖੋਂ ਇਉਂ ਭੀ ਕਹਿ ਸਕਦੇ ਹਾਂ ਕਿ ਰੱਬੀ ਜੋਤਿ ਰੂਪ ਸਰਬ ਵਿਆਪਕ ਪ੍ਰਕਾਸ਼; ਮਨੁੱਖੀ ਅਕਲ ਨੂੰ ਆਪਣਾ ਹੂ-ਬਹੂ ਪ੍ਰਕਾਸ਼ ਨਹੀਂ ਕਰਦਾ ਕਿਉਂਕਿ ਜਿਵੇਂ ਸੂਰਜ ਗ੍ਰਹਿਣ ਸਮੇਂ ਧਰਤੀ ਅਤੇ ਸੂਰਜ ਵਿਚਕਾਰ ਚੰਦ੍ਰਮਾ ਆਉਂਦਾ ਹੈ; ਓਵੇਂ ਹੀ ਸਰਬ ਵਿਆਪਕ ਜੋਤਿ-ਪ੍ਰਕਾਸ਼ ਅਤੇ ਮਨੁੱਖੀ ਅਕਲ ਵਿਚਕਾਰ ਆਪਹੁਦਰਾ ਮਨ ਆਉਂਦਾ ਹੈ। ਮਨ ਦੀ ਇਸ ਕਾਲ਼ਖ਼ ਨੂੰ ‘ਅੰਤਹਿਕਰਣ, ਜਨਮ ਜਨਮ ਕੀ ਮੈਲ਼, ਕੂੜੈ ਪਾਲਿ (ਭਾਵ ਝੂਠ ਦਾ ਪਰਦਾ), ਹਉਮੈ ਰੂਪ ਕਠੋਰ ਕੰਧ’ ਭੀ ਕਿਹਾ ਹੈ। ਪਾਵਨ ਵਚਨ ਹਨ ‘‘ਕਿਵ ਕੂੜੈ ਤੁਟੈ ਪਾਲਿ ॥ (ਜਪੁ), ਧਨ ਪਿਰ ਕਾ ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ ॥ (ਮਹਲਾ 4/1263), ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮਹਲਾ 3/651) ਮਨ ਦੀ ਕਾਲ਼ਖ਼ (ਭਾਵ ਪਰਛਾਈ); ਮਨੁੱਖੀ ਅਕਲ ਨੂੰ ਸਦਾ ਅਸਪਸ਼ਟ, ਲਾਚਾਰ, ਮੱਧਮ ਕਰੀ ਰੱਖਦੀ ਹੈ। ਭਾਈ ਗੁਰਦਾਸ ਜੀ ਨੇ ਇਸ ਨੂੰ ਧੁੰਦ ਕਿਹਾ ਹੈ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’ਚ) ਚਾਨਣੁ ਹੋਆ।’’ (ਵਾਰ  1 ਪਉੜੀ 27)

ਦੂਸਰੇ ਪਾਸੇ ਸਤਿਗੁਰੂ ਦੇ ਮਨ ’ਚ ਕਾਲ਼ਖ਼ ਨਹੀਂ ਹੁੰਦੀ, ਜਿਸ ਕਾਰਨ ਉਨ੍ਹਾਂ ਦੀ ਅਕਲ ’ਤੇ ਰੱਬੀ ਜੋਤਿ ਦਾ ਹੂ-ਬਹੂ ਪ੍ਰਕਾਸ਼ ਪਿਆ ਰਹਿੰਦਾ ਹੈ। ਇਹ, ਸਤਿਗੁਰੂ ਦਾ ਅਨੁਭਵ-ਗਿਆਨ ਅਖਵਾਉਂਦਾ ਹੈ। ਇਸ ਬੌਧਿਕ ਗਿਆਨ ਬਾਬਤ ਜੋ ਦ੍ਰਿੜ੍ਹਤਾ ਸਤਿਗੁਰੂ ਜੀ ਦੇ ਹਿਰਦੇ ’ਚ ਹੋਵੇਗੀ ਉਹ ਕਿਸੇ ਸਿਖਾਂਦਰੂ ਸਿੱਖ ਅੰਦਰ ਨਹੀਂ ਹੋ ਸਕਦੀ ਕਿਉਂਕਿ ਸਿੱਖ ਨੇ ਸਤਿਗੁਰੂ ਦੀ ਸਿੱਖਿਆ ਅਤੇ ਬਖ਼ਸ਼ਸ਼ ਨਾਲ਼ ਆਪਣੇ ਮਨ ਦੀ ਕਾਲ਼ਖ਼ ਨੂੰ ਆਪਣੇ ਅੰਤਮ ਸੁਆਸ ਤੱਕ ਸਾਫ਼ ਕਰਦੇ ਰਹਿਣਾ ਹੁੰਦਾ ਹੈ ਭਾਵ ਸਿੱਖ ਅੰਦਰ ਸਤਿਗੁਰੂ ਵਾਙ ਪੂਰਨ ਚਾਨਣ (ਸਪਸ਼ਟਤਾ) ਕਦੇ ਨਹੀਂ ਹੋਏਗਾ। ਇਸ ਰੂਹਾਨੀਅਤ ਮਾਰਗ ਤੋਂ ਖੁੰਝਣ ਦਾ ਕਾਰਨ ਸਤਿਗੁਰੂ ਜੀ ਦੇ ਰੌਸ਼ਨ ਦਿਮਾਗ਼ ’ਚੋਂ ਉਪਜੇ ਇਲਾਹੀ ਬੋਲਾਂ ਨੂੰ ਇੰਨ-ਬਿੰਨ ਸਮਝਣ ’ਚ ਆਪਹੁਦਰੇ ਮਨ ਦੁਆਰਾ ਖਾਧੀ ਗਈ ਕੁਤਾਹੀ ਹੀ ਹੁੰਦਾ ਹੈ ਕਿਉਂਕਿ ਸਤਿਗੁਰੂ ਦੁਆਰਾ ਬਿਆਨੀ ਪੂਰਨ ਸਚਾਈ ’ਤੇ ਹੰਕਾਰੀ ਮਨ ਨੇ ਆਪਣੀ ਅਕਲ ਨੂੰ ਭਰੋਸਾ ਕਰਨ ਲਾਇਕ ਨਹੀਂ ਛੱਡਿਆ ‘‘ਅੰਤਰਿ ਅਗਿਆਨੁ, ਭਈ ਮਤਿ ਮਧਿਮ; ਸਤਿਗੁਰ ਕੀ ਪਰਤੀਤਿ ਨਾਹੀ ॥’’ (ਮਹਲਾ 4/652) ਸਤਿਗੁਰੂ ਦੇ ਵਚਨਾਂ ’ਤੇ ਪ੍ਰਤੀਤ ਕਿਉਂ ਨਾ ਬਣੀ? ਜਵਾਬ : ਸਤਿਗੁਰੂ ਦੇ ਰੌਸ਼ਨ ਦਿਮਾਗ਼ ਅਤੇ ਮਨੁੱਖੀ ਅਕਲ ਵਿਚਕਾਰ ਆਪਹੁਦਰਾ ਮਨ ਆ ਗਿਆ, ਜਿਸ ਨੇ ਪਿਘਲ਼ ਕੇ ਪਾਰਦਰਸ਼ੀ ਹੋਣਾ ਹੁੰਦੈ ‘‘ਮੁਸਲਮਾਣੁ; ਮੋਮ ਦਿਲਿ ਹੋਵੈ ॥ ਅੰਤਰ ਕੀ ਮਲੁ; ਦਿਲ ਤੇ ਧੋਵੈ॥’’ (ਮਹਲਾ 5/1084) ਤਾਂ ਜੋ ਸਰਵ ਵਿਆਪਕ ਜੋਤਿ-ਪ੍ਰਕਾਸ਼; ਮਨੁੱਖੀ ਅਕਲ ਨੂੰ ਆਪਣੀ ਮੌਜੂਦਗੀ ਦਾ ਅਹਿਸਾਸ ਕਰਾ ਸਕੇ।

ਇੱਕ ਵਿਦਿਆਰਥੀ; ਆਪਣੇ ਅਧਿਆਪਕ ਦੀ ਯੋਗਤਾ ਨੂੰ ਭਲੀ-ਭਾਂਤ ਨਹੀਂ ਜਾਣ ਸਕਦਾ; ਇਸੇ ਤਰ੍ਹਾਂ ਸਤਿਗੁਰੂ ਦੀ ਅਸੀਮ  ਸਮਝ/ਸਮਰੱਥਾ ਤੋਂ ਸਿੱਖਿਆਰਥੀ-ਸਿੱਖ ਕਦੇ ਜਾਣੂ ਨਹੀਂ ਹੋ ਸਕਦਾ ਤਾਹੀਓਂ ਗੁਰਬਾਣੀ ਅੰਦਰ ਭੱਟ ਸਾਹਿਬਾਨ ਅਤੇ ਸੱਤਾ ਬਲਵੰਡ ਜੀ ਦਾ ਨਾਨਕ ਜੋਤਿ ਬਾਰੇ ਨਜ਼ਰੀਆ; ਗੁਰਬਾਣੀ ਦੇ ਰੂਪ ’ਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ‘‘ਇਕ ਦੂ ਇਕੁ ਸਿਆਣਾ ॥’’ (ਜਪੁ) ਰੋਗ ਤੋਂ ਪੀੜਤ ਆਪਹੁਦਰੇ ਮਨ ਨੂੰ ਨਾਨਕ ਜੋਤਿ ਨੂੰ ਵੇਖਣ ਦਾ ਚੱਜ ਆਉਂਦਾ ਰਹੇ। 

ਭਾਈ ਸੱਤਾ-ਬਲਵੰਡ ਜੀ ਅਤੇ ਭੱਟ ਮਥੁਰਾ ਜੀ ਆਦਿਕ ਦੇ ਵਚਨ ਹਨ ਕਿ ਸਿੱਖਾਂ ਨੇ ਆਪਣੇ ਸਤਿਗੁਰੂ ਨੂੰ ਰੱਬ ਦੇ ਸਮਾਨ ਵੇਖਿਆ ਹੈ, ਨਾ ਕਿ ਕਿਸੇ ਵਿਸ਼ੇਸ਼ ਮਨੁੱਖ ਸਮਾਨ‘‘ਸਿਖੀ ਅਤੈ ਸੰਗਤੀ; ਪਾਰਬ੍ਰਹਮੁ ਕਰਿ ਨਮਸਕਾਰਿਆ ॥ (ਸਤਾ ਬਲਵੰਡ ਜੀ/968), ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ॥’’ (ਭਟ ਮਥੁਰਾ/1408) ਗੁਰੂ ਸਾਹਿਬਾਨ ਦੀ ਆਪਣੀ ਬਾਣੀ ਭੀ ਗੁਰੂ ਅਤੇ ਰੱਬ ਨੂੰ ਹੀ ਅਭੁੱਲ ਮੰਨਦੀ ਹੈ‘‘ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ ॥’’ (ਮਹਲਾ 1/61) ਸਤਿਗੁਰੂ ਦੀ ਸੋਚ ਅਤੇ ਰੱਬ ਦੀ ਸੋਚ ਇੱਕ ਸਮਾਨ ਹੈ ‘‘ਗੁਰੁ ਪਰਮੇਸਰੁ ਏਕੋ ਜਾਣੁ ॥’’ (ਮਹਲਾ 5/864) ਤਾਂ ਤੇ ਸਤਿਗੁਰੂ ਦੀ ਬਾਣੀ ਨੂੰ ਪੜ੍ਹਨਾ/ਵਿਚਾਰਨਾ; ਇੱਕ ਸਿੱਖ ਨੂੰ ਸਦਾ ਆਪਣੀਆਂ ਊਣਤਾਈਆਂ ਅਤੇ ਭੁੱਲਣ ਅੰਦਰ ਹੋਣ ਦਾ ਅਹਿਸਾਸ ਕਰਾਏਗਾ। ਇਹੀ ਸਿੱਖੀ ਮਾਰਗ ਹੈ ਕਿ ਸਦਾ ਆਪਣੇ ਮਨ ਨੂੰ ਸਤਿਗੁਰੂ ਦੀ ਕਸੌਟੀ ’ਤੇ ਪਰਖਿਆ ਜਾਵੇ। ਸਵੈ ਪੜਚੋਲ ਕਰਦਿਆਂ-ਕਰਦਿਆਂ (ਭਾਵ ਆਪਹੁਰਦੇਪਣ ਨੂੰ ਪਿਘਲ਼ਾਉਂਦਿਆਂ-ਪਿਘਲ਼ਾਉਂਦਿਆਂ) ਅੰਦਰੋਂ ਹਰੀ ਦੇ ਦਰਸ਼ਨ ਹੋਣ ਤੋਂ ਇਹੀ ਭਾਵ ਹੈ ਕਿ ਪਾਰਦਰਸ਼ੀ ਹੋ ਚੁੱਕੇ ਮਨ ਰਾਹੀਂ ਸਰਬ ਵਿਆਪਕ ਜੋਤਿ-ਪ੍ਰਕਾਸ਼ ਦਾ ਮਨੁੱਖੀ ਅਕਲ ਨੂੰ ਅਹਿਸਾਸ ਹੋਵੇ। ਆਪਹੁਦਰਾ ਮਨ ਇਸ ਨੂੰ ਕਾਲਪਨਿਕ ਖ਼ਿਆਲ ਮੰਨ ਕੇ ਸਵੈ ਪੜਚੋਲ ਕਰਨ ਤੋਂ ਨੱਠੇਗਾ। ਉਹ, ਗੁਰਬਾਣੀ ਦੇ ਅਰਥ ਭੀ ਇਉਂ ਕਰੇਗਾ ਤਾਂ ਜੋ ਆਪਣੀ ਅਕਲ ’ਤੇ ਦਬਾਅ ਨਾ ਆਵੇ। ਅਕਲ ਨੂੰ ਪਛੁਤਾਵਾ ਨਾ ਹੋਵੇ, ਆਪਣੇ ਧੁੰਦਲੇਪਣ ਦਾ ਅਹਿਸਾਸ ਨਾ ਹੋਵੇ। ਉਸ ਲਈ ਸ਼ਬਦ (ਗੁਰੂ) ਗਿਆਨ ਵੀ ਸਕੂਲ ਦੇ ਸਿਲੇਬਸ ਵਾਙ ਹੈ, ਜਿਸ ਨੂੰ ਸਮਝਣਾ ਤੇ ਹੋਰਾਂ ਨੂੰ ਪੜ੍ਹਾਉਣਾ ਕੋਈ ਮੁਸ਼ਕਲ ਨਹੀਂ। 

ਸਤਿਗੁਰੂ ਦੇ ਇਲਾਹੀ ਬੋਲ (ਮੰਤਵ) ਜਾਣਨ ਲਈ ਗੁਰਬਾਣੀ ਦੀ ਲਿਖਣਸ਼ੈਲੀ (ਵਿਆਕਰਨਿਕ ਵਿਧੀ) ਬੜੀ ਅਹਿਮ ਹੈ। ਪਿਛਲੇ ਕੁੱਝ ਸਮੇਂ ਤੋਂ ਸਿੱਖਾਂ ਅੰਦਰ ਇਸ ਨੂੰ ਸਿੱਖਣ ਦੀ ਲਗਨ ਪੈਦਾ ਹੋਈ ਹੈ, ਜੋ ਕਿ ਸ਼ੁੱਭ ਸੰਕੇਤ ਹੈ; ਤਾਂ ਤੇ ਹਰ ਸਿੱਖ-ਪਾਠਕ ਨੂੰ ਇਹ ਜਾਣ ਲੈਣਾ ਭੀ ਜ਼ਰੂਰੀ ਹੈ ਕਿ ਸਤਿਗੁਰੂ ਅਤੇ ਸਿੱਖ-ਪਾਠਕ ਵਿਚਕਾਰ ਵਿਚੋਲਗੀ ਨਿਭਾ ਰਿਹਾ ਵਿਆਕਰਨਿਕ ਵਿਦਵਾਨ; ਨਾਨਕ ਜੋਤਿ ਨੂੰ ਭੱਟ ਸਾਹਿਬਾਨ ਦੀ ਨਜ਼ਰ ਨਾਲ਼ ਵੇਖਦਾ ਪਿਆ ਹੈ ਜਾਂ ਆਪਹੁਦਰੇ ਮਨ ਦੁਆਰਾ ਘੜੀ ਆਪਣੀ ਅਕਲ ਨਾਲ਼। ਕਿਸੇ ਵਿਚੋਲਗਿਰੀ ਉਸਤਾਦ ਦਾ ਨਾਨਕ ਜੋਤਿ ਬਾਰੇ ਬਣਿਆ ਨਜ਼ਰੀਆ ਸਾਫ਼ ਹੁੰਦਿਆਂ ਹੀ ਉਸ ਦੇ ਲੱਗੇ ਚਸ਼ਮਾ ਦਾ ਰੰਗ ਉਘੜ ਆਉਂਦਾ ਹੈ। ਆਪਣੇ ਉਸਤਾਦ ਦਾ ਨਜ਼ਰੀਆ ਜਾਣਨ ਤੋਂ ਬਿਨਾਂ; ਉਸ ਪਾਸੋਂ ਵਿਆਕਰਨ ਸਮਝਣ ਲਈ ਬਣੀ ਲਗਨ ਭੀ ਕੁਰਾਹੇ ਪਾਏਗੀ। ਪੰਜਾਬੀ ਦੀ ਇੱਕ ਕਹਾਵਤ ਹੈ ‘ਭੱਠ ਪਵੇ ਸੋਨਾ, ਜਿਹੜਾ ਕੰਨਾਂ ਨੂੰ ਖਾਵੇ’। ਗੁਰਮਤਿ ਨੂੰ ਜਾਣਨ ਲਈ ਹੈ ‘ਵਿਆਕਰਨ’, ਪਰ ਜੇ ਇਸ ਨੂੰ ਜਾਣਨ ਉਪਰੰਤ ਭੀ ਗੁਰਮਤਿ ਸਮਝ ਨਾ ਆਵੇ ਤਾਂ ਇਹ ਵਿੱਦਿਆ ਭੀ ‘ਭੱਠ ਪਵੇ ਸੋਨੇ’ ਵਰਗੀ ਹੈ ਕਿਉਂਕਿ ਇਹ ਭੀ ਆਪਹੁਦਰੇ ਮਨ ’ਚ ਹੋਰ ਹਵਾ ਹੀ ਭਰੇਗੀ। 

ਸੰਨ 1947 ’ਚ ਅਜ਼ਾਦੀ ਸਮੇਂ ਭਾਰਤ ਦੀਆਂ ਸੀਮਾਵਾਂ (ਪੰਜਾਬ, ਬੰਗਾਲ) ’ਚ ਧਰਮ ਦੇ ਨਾਂ ’ਤੇ ਦੰਗੇ ਹੋਏ। ਉਨ੍ਹਾਂ ਨੇ ਮਨੁੱਖਤਾ ਅੰਦਰ ਧਰਮ ਪ੍ਰਤੀ ਨਫ਼ਰਤ ਭਰੀ ਤਾਹੀਓਂ ਇਨ੍ਹਾਂ ਹੀ ਥਾਂਵਾਂ ’ਤੇ ਕਾਮਰੇਡ ਸੋਚ ਪਨਪੀ। ਹੁਣ ਭਾਵੇਂ ਪੰਜਾਬ ’ਚ ਸਿਆਸੀ ਕਾਮਰੇਡ ਨਹੀਂ, ਪਰ ਬੇਲੋੜੇ ਤਰਕ ਨੇ ਅੱਜ ਭੀ ਕਈ ਸਿੱਖਾਂ ਦੀ ਜ਼ਿੰਦਗੀ ਨਰਕ ਬਣਾਈ, ਵੇਖੀ ਜਾ ਸਕਦੀ ਹੈ। ਕਈ ਇਸੇ ਤਰਕ ਨੂੰ ਵਿਦਵਤਾ ਕਹਿ ਹੋਰ ਹਵਾ ਭਰਦੇ ਰਹਿੰਦੇ ਹਨ। 

ਤਰਕ ਦਾ ਸਰੋਤ ਪੰਜ ਗਿਆਨ ਇੰਦ੍ਰੇ (ਅੱਖ, ਕੰਨ, ਨੱਕ, ਜੀਭ ਤੇ ਤ੍ਵਚਾ ਦੁਆਰਾ ਮਿਲਦਾ ਗਿਆਨ) ਹੁੰਦੇ ਹਨ ਜਦਕਿ ਧਰਮ ਕਮਾਉਣ ਲਈ ਹਿਰਦੇ ’ਚ ਸ਼ਰਧਾ, ਵਿਸ਼ਵਾਸ, ਭਰੋਸੇ ਦਾ ਹੋਣਾ ਭੀ ਜ਼ਰੂਰੀ ਹੈ, ਇਸ ਲਈ ਸਿੱਖ; ਅਰਦਾਸ ਰਾਹੀਂ ਸਤਿਗੁਰੂ ਪਾਸੋਂ ਰੋਜ਼ਾਨਾ ‘ਭਰੋਸਾ ਦਾਨ’ ਮੰਗਦੇ ਹਨ। ਵੈਸੇ ਹੈ ਭੀ ਸਹੀ ਕਿ ਜੋ ਸਤਿਗੁਰੂ; ਰੱਬ ਵਰਗੀ ਸੋਚ ਦਾ ਮਾਲਕ ਹੋਵੇ, ਉਨ੍ਹਾਂ ਦਾ ਇਲਾਹੀ ਵਚਨ, ਬਿਨਾਂ ਭਰੋਸਾ ਕੀਤਿਆਂ ਕਿਵੇਂ ਪਕੜਿਆ ਜਾ ਸਕੇਗਾ? ਤਰਕ ਤਾਂ ਉਸ ਅਸਪਸ਼ਟ ਬੁੱਧੀ ਦਾ ਖ਼ਿਆਲ ਹੈ, ਜੋ ਪੰਜ ਗਿਆਨ ਇੰਦ੍ਰਿਆਂ ਰਾਹੀਂ ਆਪਹੁਦਰੇ ਮਨ ਨੇ ਘੜੀ ਹੈ। ਤਰਕਵਾਦੀ ਬੰਦਾ ਸਦਾ ਨਾਪੱਖੀ ਤੇ ਅਸ਼ਾਂਤ ਰਹਿੰਦਾ ਹੈ, ਨਾ ਕਿ ਅਨੰਦਿਤ। ਦੁਨੀਆਂ ’ਚ ਤਰਕਵਾਦੀਆਂ ਦੇ ਲੰਗਰ ਨਹੀਂ ਚਲਦੇ ਹੁੰਦੇ। 

ਅੱਜ ਪੰਥ ਦਰਦੀ ਸਿੱਖਾਂ ਸਾਮ੍ਹਣੇ ਦੋ ਮੁੱਖ ਚੁਣੌਤੀਆਂ ਹਨ (1). ਸੰਤ ਸਮਾਜ ਦੁਆਰਾ ਮਨਘੜਤ ਸਾਖੀਆਂ ਨਾਲ਼ ਗੰਧਲਾ ਕੀਤਾ ਸਿੱਖ ਇਤਿਹਾਸ ਅਤੇ (2). ਗੁਰਮਤਿ ਦੇ ਸ਼ਰਧਾ ਭਰਪੂਰ ਵਿਸ਼ਿਆਂ ’ਤੇ ਕੀਤਾ ਜਾਂਦਾ ਤਰਕ। ਇਨ੍ਹਾਂ ਦੋਵਾਂ ਨੂੰ ਪਛਾਣਨਾ ਹਰ ਸਿੱਖ ਲਈ ਜ਼ਰੂਰੀ ਹੈ। ਗੰਧਲਾ ਇਤਿਹਾਸ ਤਾਂ ਗੁਰਮਤਿ ਦੀ ਕਸੌਟੀ ’ਤੇ ਲਗਾ ਕੇ ਫਿਰ ਭੀ ਪਰਖਿਆ ਜਾ ਸਕਦਾ ਹੈ, ਪਰ ਗੁਰਮਤਿ (ਕੌਮੀ ਸਿਧਾਂਤ) ਵਿਗੜਨ ਤੋਂ ਬਾਅਦ ਇਸ ਨੂੰ ਦਰੁਸਤ ਕਰਨਾ ਅਸੰਭਵ ਹੈ। ਅਰਦਾਸ ਰਾਹੀਂ ਮੰਗਿਆ ਜਾਂਦਾ ‘ਭਰੋਸਾ ਦਾਨ’; ਤਰਕਵਾਦੀ ਲਈ ਗਿਆਨ ਇੰਦ੍ਰਿਆਂ ਦਾ ਵਿਸ਼ਾ ਹੈ, ਨਾ ਕਿ ਅਨੁਭਵ ਦਾ। ਬੇਲੋੜੇ ਤਰਕ ਨਾਲ਼ ਗੁਰਮਤਿ ਸਿਧਾਂਤ ਅਤੇ ਗੁਰੂ ਇਤਿਹਾਸ ’ਚ ਪੈਂਦੇ ਫ਼ਰਕ ਦੀਆਂ ਦੋ ਕੁ ਮਿਸਾਲਾਂ : 

(ੳ). ਸ਼ਿਰੋਮਣੀ ਸਿੱਖ ਇਤਿਹਾਸ (ਕਿਤਾਬ) ਦੇ ਲਿਖਾਰੀ (ਡਾ. ਸੁਖਦਿਆਲ ਸਿੰਘ ਸਾਬਕਾ ਮੁਖੀ ਅਤੇ ਪ੍ਰੋਫ਼ੈਸਰ ਪੰਜਾਬ ਇਤਿਹਾਸ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤਿ ਸਮਾਉਣਾ; 22 ਸਤੰਬਰ 1540 ਲਿਖਿਆ ਹੈ ਭਾਵੇਂ ਕਿ ਗੁਰੂ ਨਾਨਕ ਜੀ ਦੇ ਜੋਤੀ ਜੋਤਿ ਸਮਾਉਣ ਦੀ ਅਸਲ ਤਾਰੀਖ਼ 7 ਸਤੰਬਰ 1539 ਹੈ। 

ਇਸ ਬਾਰੇ ਉਕਤ ਸੱਜਣ ਦਾ ਤਰਕ ਹੈ ਕਿ ਗੁਰੂ ਨਾਨਕ ਜੀ ਨੇ ‘‘ਆਵਨਿ ਅਠਤਰੈ ਜਾਨਿ ਸਤਾਨਵੈ... ॥’’ ਵਾਕ ਆਪਣੇ ਜੀਵਤ 

ਰਹਿੰਦਿਆਂ (ਸੰਮਤ 1597/ਸੰਨ 1540 ’ਚ) ਉਚਾਰਿਆ ਹੈ, ਨਾ ਕਿ ਸੰਮਤ 1578 (ਸੰਨ 1521) ’ਚ ਸੈਦਪੁਰ (ਏਮਨਾਬਾਦ/ਪਾਕਿਸਤਾਨ) ਵਿਖੇ। ਇਸ ਲੇਖਕ ਨੇ ਇਹ ਜ਼ਰੂਰ ਮੰਨਿਆ ਹੈ ਕਿ ਮੁਗ਼ਲ ਬਾਦਸ਼ਾਹ ਹਮਾਯੂੰ (ਬਾਬਰ ਦਾ ਪੁੱਤਰ/ਅਕਬਰ ਦਾ ਪਿਤਾ); ਸੰਨ 1540 ’ਚ ਸ਼ੇਰ ਸ਼ਾਹ ਸੂਰੀ ਤੋਂ ਰਣ ਭੂਮੀ ’ਚ ਹਾਰ ਕੇ ਵਾਪਸ ਆਪਣੇ ਦੇਸ਼ (ਅਫ਼ਗਾਨਿਸਤਾਨ) ਵੱਲ ਭੱਜਿਆ ਸੀ। ਇਸ ਦੇ ਸਬੂਤ ਵਜੋਂ ‘‘ਜਾਨਿ ਸਤਾਨਵੈ’’ ਸ਼ਬਦ ਮੰਨ ਕੇ ਹੀ ਗੁਰੂ ਨਾਨਕ ਜੀ ਦਾ ਜੋਤੀ ਜੋਤਿ ਸਮਾਉਣਾ; 22 ਸਤੰਬਰ 1540 ਲਿਖਿਆ ਹੈ। 

ਵਿਚਾਰ : ਗੁਰਬਾਣੀ ਦੇ ਇਸ ਪੂਰੇ ਸ਼ਬਦ ’ਚ ਸੈਦਪੁਰ ਦੇ ਨਿਵਾਸੀ ਭਾਈ ਲਾਲੋ ਜੀ ਨੂੰ 7 ਵਾਰ ਸੰਬੋਧਨ ਕੀਤਾ ਹੈ, ਜਿਨ੍ਹਾਂ ਦੀ ਸੰਸਾਰਕ ਯਾਤ੍ਰਾ ਸੰਨ 1452 ਤੋਂ ਸੰਨ 1531 ਤੱਕ ਸੀ ਭਾਵ ਭਾਈ ਲਾਲੋ ਜੀ 1531 ’ਚ ਸਰੀਰਕ ਚੋਲ਼ਾ ਛੱਡ ਗਏ ਸਨ ਫਿਰ 9 ਸਾਲ ਬਾਅਦ ਸੰਨ 1540 ’ਚ ਗੁਰੂ ਨਾਨਕ ਜੀ ਕਿਹੜੇ ਭਾਈ ਲਾਲੋ ਜੀ ਨੂੰ ਸੰਬੋਧਨ ਕਰਦੇ ਆਖਦੇ ਹਨ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ, ਵੇ ਲਾਲੋ !॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ, ਵੇ ਲਾਲੋ !॥ ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ, ਵੇ ਲਾਲੋ !॥’’ (ਮਹਲਾ 1/723) ? ਸੋ ਇਹ ਸ਼ਬਦ ਸੰਨ 1540/ਸੰਮਤ 1597 ’ਚ ਨਹੀਂ, ਸੰਨ 1521/ਸੰਮਤ 1578 ’ਚ ਹੀ ਉਚਾਰਿਆ ਜਾਪਦਾ ਹੈ, ਇਸ ਲਈ ਗੁਰੂ ਨਾਨਕ ਜੀ ਦਾ ਜੋਤੀ ਜੋਤਿ ਸਮਾਉਣਾ ਭੀ 22 ਸਤੰਬਰ 1540 ਨਹੀਂ ਹੋ ਸਕਦਾ। ਇਸ ਵਿਦਵਾਨ ਨੇ ਗੁਰੂ ਨਾਨਕ ਜੀ ਦਾ ਜੋਤੀ ਜੋਤ ਸਮਾਉਣਾ ਇਸ ਲਈ ਇੱਕ ਸਾਲ ਅੱਗੇ ਕੀਤਾ ਕਿਉਂਕਿ ਗੁਰੂ ਨਾਨਕ ਜੀ ਦੁਆਰਾ 19 ਸਾਲ ਪਹਿਲਾਂ ਕੀਤੀ ਭਵਿੱਖਬਾਣੀ ’ਤੇ ਇਸ ਦਾ ਭਰੋਸਾ ਨਹੀਂ।

(ਅ). ਡਾ. ਚਮਕੌਰ ਸਿੰਘ ਬਰਾੜ ਨੇ ਆਪਣੇ ਫੇਸਬੁੱਕ ਪੇਜ (ਗੁਰਬਾਣੀ ਵਿਆਕਰਣ) ’ਤੇ 24 ਜੂਨ 2021 ਨੂੰ ਇਹੀ ਸ਼ਬਦ ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ ॥’’ (ਮਹਲਾ 1/722) ਦੀ ਵਿਚਾਰ ਕਰਦਿਆਂ ਲਿਖਿਆ ਹੈ ਕਿ ‘‘ਆਵਨਿ ਅਠਤਰੈ ਜਾਨਿ ਸਤਾਨਵੈ. ॥’’ ਦਾ ਮਤਲਬ ਮੁਗ਼ਲ ਬਾਦਸ਼ਾਹ ਬਾਬਰ ਵਰਗੇ 78 ਆਉਂਦੇ ਹਨ ਅਤੇ 97 ਚਲੇ ਜਾਂਦੇ ਹਨ । ਸੋ ਇਹ ਸੱਜਣ ਭੀ ਗੁਰੂ ਨਾਨਕ ਜੀ ਦੁਆਰਾ ਕੀਤੀ 19 ਸਾਲ ਪਹਿਲਾਂ ਭਵਿੱਖਬਾਣੀ ਨੂੰ ਨਹੀਂ ਮੰਨਦਾ ਭਾਵੇਂ ਕਿ ਸਾਰੇ ਹੀ ਪ੍ਰਚਲਿਤ ਟੀਕਾਕਾਰਾਂ ਨੇ ਮੰਨਿਆ ਹੈ, ਲਿਖਿਆ ਹੈ। 

ਵਿਚਾਰ : ਕੋਈ ਭੀ ਸੰਖਿਅਕ ਮੁਹਾਵਰਾ 33 ਆਏ 33 ਗਏ ਜਾਂ 3600 ਆਉਂਦੇ ਹਨ, 3600 ਜਾਂਦੇ ਹਨ; ਤਾਂ ਹੋ ਸਕਦਾ ਹੈ, ਪਰ 78 ਆਏ, 97 ਗਏ, ਨਹੀਂ ਹੋ ਸਕਦਾ। ਕਮਰੇ ’ਚ 2 ਆਏ ਤਾਂ 3 ਕਿਵੇਂ ਜਾਣਗੇ, 2 ਹੀ ਜਾਣਗੇ? ਜੇਕਰ ਵਾਕ ‘ਆਵਨਿ ਅਠਤਰੈ ਜਾਨਿ ਅਠਤਰੈ ..॥’’ ਜਾਂ ‘‘ਆਵਨਿ ਸਤਾਨਵੈ ਜਾਨਿ ਸਤਾਨਵੈ..॥’’ ਹੁੰਦਾ ਤਾਂ ਮੰਨਿਆ ਭੀ ਜਾ ਸਕਦਾ ਸੀ ਕਿ ਇਹ ਕੋਈ ਮੁਹਾਵਰਾ ਹੋਏਗਾ। 

ਇਸ ਸੱਜਣ ਦੀ ਦਲੀਲ ਹੈ ਕਿ ਜੇਕਰ ਇਹ ਵਾਕ ਸੰਮਤ 1578 (ਸੰਨ 1521) ’ਚ ਸੈਦਪੁਰ ਵਿਖੇ ਉਚਾਰਿਆ ਹੁੰਦਾ ਅਤੇ ਸੰਮਤ 1597 ਵੱਲ ਸੰਕੇਤ ਕਰਦਾ ਹੁੰਦਾ ਤਾਂ ‘‘ਜਾਨਿ ਸਤਾਨਵੈ’’ ਦੀ ਥਾਂ ‘‘ਜਾਨਸਿ ਸਤਾਨਵੈ’’ ਹੁੰਦਾ ਕਿਉਂਕਿ ਗੁਰਬਾਣੀ ਅੰਦਰ ਭਵਿੱਖਵਾਚੀ ਸ਼ਬਦਾਂ ਦੇ ਅੰਤ ’ਚ ‘ਸੁ, ਸਿ, ਸੀ’ ਹੋਣਾ ਜ਼ਰੂਰੀ ਹੈ। ਇਸ ਨੇ ‘ਆਵਨਿ’ ਅਤੇ ‘ਜਾਨਿ’ ਕਿਰਿਆਵਾਚੀ ਸ਼ਬਦਾਂ ਨੂੰ ਬਹੁ ਵਚਨ, ਵਰਤਮਾਨ ਕਿਰਿਆਵਾਂ ਮੰਨ ਕੇ 78 ਆਉਂਦੇ ਅਤੇ 97 ਜਾਂਦੇ ਹਨ, ਅਰਥ ਕੀਤੇ ਹਨ। 

ਵਿਚਾਰ : ਉਕਤ ਦਲੀਲ ਭਾਵੇਂ ਗ਼ਲਤ ਨਹੀਂ, ਪਰ ਇਸ ਸ਼ਬਦ ’ਚ ਭਵਿੱਖਵਾਚੀ ਹੋਰ ਕਿਰਿਆਵਾਂ ਭੀ ਹਨ ‘ਕਰੇਗੁ (ਕਰੇਗਾ), ਹੋਸੀ (ਹੋਏਗਾ), ਸਮਾਲਸੀ (ਯਾਦ ਕਰਦਾ ਰਹੇਗਾ), ਉਠਸੀ (ਉਠੇਗਾ), ਸੁਣਾਇਸੀ (ਸੁਣਾਉਂਦਾ ਰਹੇਗਾ); ਜਿਵੇਂ ‘‘ਸਚਾ ਸੋ ਸਾਹਿਬੁ, ਸਚੁ ਤਪਾਵਸੁ (ਇਨਸਾਫ਼); ਸਚੜਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ; ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ, ਸਚ ਕੀ ਬੇਲਾ ॥’’ (ਮਹਲਾ 1/723), ਐਨੇ ਭਵਿੱਖ ਸੂਚਕ ਸ਼ਬਦਾਂ ਤੋਂ ਜਾਪਦੈ ਕਿ ਇਹ ਸ਼ਬਦ ਆਉਣ ਵਾਲ਼ੇ ਸਮੇਂ ਵੱਲ ਇਸ਼ਾਰਾ ਜ਼ਰੂਰ ਕਰਦਾ ਪਿਆ ਹੈ ਤਾਹੀਓਂ ਸ਼ਬਦ ਦਾ ਉਚਾਰਨ ਸਮਾਂ ਸੰਨ 1521 (ਸੰਮਤ 1578) ਵਿੱਚ ਬਾਬਰ ਦੁਆਰਾ ਕੀਤੇ ਸੈਦਪੁਰ ਦੇ ਹਮਲੇ ਨਾਲ਼ ਜੁੜਦਾ ਹੈ। ਅੱਧੀ ਦਰਜਨ ਭਵਿੱਖ ਸੂਚਕ ਸ਼ਬਦਾਂ ਨੂੰ ਅਣਡਿੱਠ ਕਰ ਕੇਵਲ ‘ਜਾਨਿ’ ਨੂੰ (ਜਾਨਸਿ ਵਜੋਂ) ਆਧਾਰ ਬਣਾ ਤੁਕ (ਆਵਨਿ ਅਠਤਰੈ, ਜਾਨਿ ਸਤਾਨਵੈ) ਦੇ ਅਰਥ ‘ਬਾਬਰ ਵਰਗੇ 78 ਆਉਂਦੇ ਹਨ, 97 ਚਲੇ ਜਾਂਦੇ ਹਨ’ ਕਰਨਾ; ਸੁਨਹਿਰੇ ਇਤਿਹਾਸ ਅਤੇ ਵਿਲੱਖਣ ਸਿਧਾਂਤ ਨੂੰ ਬਦਲ ਰਿਹਾ ਹੈ। 

ਗੁਰਬਾਣੀ ਇੱਕ ਕਾਵਿਮਈ ਰਚਨਾ ਹੈ। ਕਾਵਿ-ਤੋਲ ਨੂੰ ਪੂਰਾ ਕਰਨ ਲਈ ਕਈ ਸ਼ਬਦਾਂ ਨੂੰ ਸੰਖੇਪ ਕਰ ਲਿਆ ਜਾਂਦਾ ਹੈ; ਜਿਵੇਂ ਕਿ ‘ਬਹੁਤ’ ਨੂੰ ‘ਬਹੁ’, ‘ਕਲਿਯੁਗ’ ਨੂੰ ‘ਕਲਿ’, ‘ਨਾ’ ਨੂੰ ‘ਨ’ ਆਦਿ। ਇਸ ਤਰ੍ਹਾਂ ਹੀ ‘ਜਾਨਸਿ’ ਨੂੰ ਸੰਖੇਪ ’ਚ ‘ਜਾਨਿ’ ਕਿਉਂ ਨਹੀਂ ਕੀਤਾ ਜਾ ਸਕਦਾ ? ਇਸ ਨੂੰ ਸੰਖੇਪ ਕਰਨ ਦਾ ਕਾਰਨ ਜਾਣਨ ਲਈ ਹਥਲੇ ਸ਼ਬਦ ’ਚੋਂ ਕੇਵਲ ਦੂਜੇ ਬੰਦ (6 ਤੁਕਾਂ) ਦੀ ਪਿੰਗਲ ਸੰਖਿਆ ਵਾਚਣੀ ਮਦਦ ਕਰੇਗੀ। ਇਨ੍ਹਾਂ ’ਚ ਲਘੂ ਲਗਾਂ (ਮੁਕਤਾ, ਔਂਕੜ, ਸਿਹਾਰੀ, ਲਾਂ, ਹੋੜਾ) ਨੂੰ 1-1 ਅੰਕ ਅਤੇ ਦੀਰਘ ਲਗਾਂ (ਕੰਨਾ, ਦੁਲੈਂਕੜ, ਬਿਹਾਰੀ, ਦੁਲਾਵਾਂ, ਕਨੌੜਾ) ਨੂੰ 2-2 ਅੰਕ ਦਿੱਤੇ ਗਏ ਹਨ। ਪਿੰਗਲ ਦੀ ਕੁੱਲ ਸੰਖਿਆ ’ਚ ਇੱਕ ਅੰਕ ਵਧਣਾ ਜਾਂ ਘਟਣਾ, ਗ਼ਲਤ ਨਹੀਂ ਮੰਨਿਆ ਜਾਂਦਾ : 

ਸਾਹਿਬ ਕੇ ਗੁਣ ਨਾਨਕੁ ਗਾਵੈ; ਮਾਸ ਪੁਰੀ ਵਿਚਿ, ਆਖੁ ਮਸੋਲਾ-29 ॥ 

ਜਿਨਿ ਉਪਾਈ ਰੰਗਿ ਰਵਾਈ; ਬੈਠਾ ਵੇਖੈ ਵਖਿ ਇਕੇਲਾ-28 ॥ 

ਸਚਾ ਸੋ ਸਾਹਿਬੁ ਸਚੁ ਤਪਾਵਸੁ; ਸਚੜਾ ਨਿਆਉ ਕਰੇਗੁ ਮਸੋਲਾ-30 ॥ 

ਕਾਇਆ ਕਪੜੁ ਟੁਕੁ ਟੁਕੁ ਹੋਸੀ; ਹਿਦੁਸਤਾਨੁ ਸਮਾਲਸੀ ਬੋਲਾ-30 ॥ 

ਆਵਨਿ ਅਠਤਰੈ ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ-34 ॥ 

ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ ਸਚ ਕੀ ਬੇਲਾ-31 ॥2॥ (ਮਹਲਾ 1/723) 

ਉਕਤ ਬੰਦ ’ਚ ਪਹਿਲੀ ਅਤੇ ਦੂਜੀ ਤੁਕ ਦੀ ਅੰਕ ਸੰਖਿਆ 29/28 ਹੈ। ਤੀਜੀ ਤੇ ਚੌਥੀ ਤੁਕ ਦੀ ਗਿਣਤੀ 30/30 ਹੈ। ਸੋ ਇਨ੍ਹਾਂ ਚਾਰੇ ਤੁਕਾਂ ’ਚ ਪਿੰਗਲ ਤੁਕਾਂਤ ਸਹੀ ਹੈ, ਪਰ ਪੰਜਵੀਂ ਤੁਕ ਦਾ ਜੋੜ 34 ਅਤੇ ਛੇਵੀਂ ਦਾ ਜੋੜ 31 ਹੈ ਯਾਨੀ 3 ਅੰਕਾਂ ਦਾ ਅੰਤਰ। ਜੇਕਰ ਪੰਜਵੀਂ ਤੁਕ ’ਚ ‘ਜਾਨਿ’ ਦੀ ਥਾਂ ‘ਜਾਨਸਿ’ ਹੁੰਦਾ ਤਾਂ ਇਹ ਸੰਖਿਆ 35 ਹੁੰਦੀ ਤੇ ਅੰਤਰ ਵਧ ਕੇ 4 ਅੰਕ ਹੋ ਜਾਣਾ ਸੀ, ਜੋ ਕਿ ਕਾਵਿਕ ਤੋਲ ਲਈ ਸਹੀ ਨਹੀਂ। 

ਜੇਕਰ ਗੁਰਬਾਣੀ ਨੂੰ ਕੇਵਲ ਵਿਆਕਰਨਿਕ ਅੱਖ ਨਾਲ਼ ਵੇਖੀਏ ਤਾਂ ਹੇਠਲੀਆਂ ਤੁਕਾਂ ’ਚ ‘ਬਹੁ’ ਅਤੇ ‘ਕਲਿ’ ਅੰਤ ਮੁਕਤ ਹੋਣੇ ਚਾਹੀਦੇ ਹਨ ਕਿਉਂਕਿ ‘ਬਹੁ’; ਬਹੁ ਵਚਨ ਦਾ ਸੂਚਕ ਹੈ ਅਤੇ ‘ਕਲਿ’ ਨਾਲ਼ ਸੰਬੰਧਕੀ ‘ਕੀ’ ਚਿੰਨ੍ਹ ਹੈ ‘‘ਤੇਰੇ ਅਨੇਕ ਤੇਰੇ ਅਨੇਕ; ਪੜਹਿ ‘ਬਹੁ’ ਸਿਮ੍ਰਿਤਿ ਸਾਸਤ ਜੀ..॥ (ਸੋ ਪੁਰਖੁ/ਮਹਲਾ 4/11), ਜੇ ਕੋ ਨਾਉ ਲਏ ਬਦਨਾਵੀ; ‘ਕਲਿ’ ਕੇ ਲਖਣ ਏਈ ॥’’ (ਮਹਲਾ 1/902) ਜਦਕਿ ਸਚਾਈ ਇਹ ਹੈ ਕਿ ਇੱਥੇ ਕਾਵਿਕ ਤੁਕਾਂਤ ਵਜੋਂ ਬਹੁਤੁ ਨੂੰ ‘ਬਹੁ’ ਅਤੇ ਕਲਿਯੁਗੁ ਨੂੰ ‘ਕਲਿ’ ਸੰਖੇਪ ਕੀਤਾ ਹੈ ਜਿਸ ਕਾਰਨ ‘ਬਹੁ’ ਦੀ ਅੰਤ ਔਂਕੜ ਅਤੇ ‘ਕਲਿ’ ਦੀ ਅੰਤ ਸਿਹਾਰੀ ਮੂਲਕ (ਸ਼ਬਦ ’ਚ ਆਪਣੀਆਂ) ਲਗਾਂ ਹਨ (ਨਾ ਕਿ ਲਿਖਣਸ਼ੈਲੀ ਨਿਯਮ ਵਜੋਂ), ਇਸ ਕਾਰਨ ਇਨ੍ਹਾਂ ’ਤੇ ਵਿਆਕਰਨਿਕ ਨਿਯਮ ਲਾਗੂ ਨਹੀਂ ਹੋਏ। ਜੇਕਰ ਇਹੀ ਸ਼ਬਦ; ਆਪਣੇ ਅਸਲ ਸਰੂਪ ’ਚ (ਬਹੁਤੁ, ਕਲਿਯੁਗੁ) ਹੁੰਦੇ ਤਾਂ ਵਿਆਕਰਨਿਕ ਨਿਯਮ ਭੀ ਲਾਗੂ ਹੋ ਜਾਂਦੇ ਤਾਂ ਤੇ ‘ਜਾਨਸਿ’ ਨੂੰ ਕਾਵਿਕ ਤੁਕਾਂਤ ਵਜੋਂ ‘ਜਾਨਿ’ ਸੰਖੇਪ ਕੀਤਿਆਂ ਇਸ ਦੇ ਅੰਤ ’ਚ ਭੀ ਭਵਿੱਖ ਸੂਚਕ (ਸੁ, ਸਿ, ਸੀ) ਵੇਖਣਾ ਸਹੀ ਨਹੀਂ। ਸੋ ਇਹ ਕਹਿਣਾ ਕਿ ਕੇਵਲ ‘ਜਾਨਿ’ ਦਾ ਸਰੂਪ ‘ਜਾਨਸਿ’ ਨਾ ਹੋਣ ਕਾਰਨ ਪੂਰਾ ਸ਼ਬਦ ਹੀ ਭਵਿੱਖ ਸੂਚਕ ਨਹੀਂ, ਗੁਰਬਾਣੀ ਲਿਖਤ ਬਾਰੇ ਅਧੂਰੀ ਜਾਣਕਾਰੀ ਨੂੰ ਦਰਸਾਉਂਦਾ ਹੈ। 

ਉਕਤ ਦੂਸਰੇ ਬੰਦ (6 ਤੁਕਾਂ) ਦੇ ਪ੍ਰਚਲਿਤ ਅਰਥ ਹਨ ‘(ਸੰਮਤ 1578/ਸੰਨ 1521 ’ਚ ਸੈਦਪੁਰ ਵਿਖੇ ਬਾਬਰ ਦੀ ਫ਼ੌਜ ਦੁਆਰਾ ਮਾਰੇ ਅਨੇਕਾਂ ਲੋਕਾਂ ਦੀਆਂ) ਲੋਥਾਂ ਭਰੇ ਇਸ ਸ਼ਹਿਰ ਵਿੱਚ ਬੈਠ ਕੇ ਭੀ ਨਾਨਕ ਉਸ ਮਾਲਕ ਦੇ ਗੁਣ ਗਾਉਂਦਾ ਹੈ (ਭਾਵ ਰੱਬ ਦੀ ਯਾਦ ਇਸ ਨਰਸੰਘਾਰ ’ਚ ਭੀ ਭੁੱਲੀ ਨਹੀਂ, ਹੇ ਭਾਈ ਲਾਲੋ ! ਤੂੰ ਭੀ ਉਸ ਰੱਬ ਦੇ ਗੁਣ) ਉਚਾਰ, ਜੋ ਅਸਲ ਸੱਚ ਹੈ। ਜਿਸ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਮਾਇਆ-ਰੰਗ ’ਚ ਮਸਤ ਕੀਤੀ। ਉਹ ਆਪ ਇਸ ਮਾਇਆਵੀ ਰੰਗ (ਝਗੜਿਆਂ) ਤੋਂ ਵੱਖਰਾ ਬੈਠਾ ਇਹ ਸਭ ਕੁੱਝ ਵੇਖ ਰਿਹਾ ਹੈ। ਉਹ ਸੱਚਾ ਮਾਲਕ ਅਟੱਲ ਹੈ। ਉਸ ਦਾ ਇਨਸਾਫ਼-ਨਿਆਂ ਵੀ ਅਟੱਲ ਹੈ (ਭਾਵ ਜ਼ਰੂਰ ਹੁੰਦੈ) ਜ਼ਰੂਰ ਕਰੇਗਾ। (ਜਿੱਥੇ ਮਾਲਕ ਸਥਿਰ ਹੈ ਓਥੇ ਦੁਨਿਆਵੀ) ਸਰੀਰ ਰੂਪੀ ਕੱਪੜਾ ਟੁਕੜਾ-ਟੁਕੜਾ ਹੋ ਫਟਦੈ (ਭਾਵ ਕਦੇ ਸਥਿਰ ਨਹੀਂ ਰਹਿੰਦਾ) ਇਸ ਘਟਨਾ ਨੂੰ ਹਿੰਦੋਸਤਾਨ ਚੇਤੇ ਰੱਖੇਗਾ (ਯਾਨੀ ਇਹ ਨਰਸੰਘਾਰ ਛੋਟੀ-ਮੋਟੀ ਘਟਨਾ ਨਹੀਂ ਵਾਪਰੀ। ਮੁਗ਼ਲ ਬਾਦਸ਼ਾਹ ਬਾਬਰ ਆਪਣੇ ਜਰਨੈਲਾਂ ਸਮੇਤ) ਸੰਮਤ 1578 ਵਿੱਚ ਹਿੰਦੋਸਤਾਨ ਵੱਲ ਆ ਰਹੇ ਹਨ/ਆ ਗਏ, ਪਰ ਸੰਮਤ 1597 ਵਿੱਚ ਵਾਪਸ ਚਲੇ ਜਾਣਗੇ ਕਿਉਂਕਿ ਹੋਰ ਵੀ ਕੋਈ ਮਰਦ ਦਾ ਚੇਲਾ (ਸੂਰਮਾ/ਸ਼ੇਰ ਸ਼ਾਹ ਸੂਰੀ) ਪੈਦਾ ਹੋ ਜਾਣਾ ਹੈ। ਸੱਚੇ ਮਾਲਕ ਦੀ ਬੋਲੀ (ਸਚਾਈ ਭਰਪੂਰ ਬਾਣੀ) ਨਾਨਕ ਬੋਲਦਾ ਹੈ, ਬੋਲਦਾ ਰਹੇਗਾ ਕਿ ਸੱਚੇ ਮਾਲਕ ਦੀ ਉਸਤਤ ਕਰਨ ਦਾ ਸਮਾਂ ਹੈ (ਤਾਂ ਜੋ ਮਾਇਆਵੀ ਝਗੜਿਆਂ ਕਾਰਨ ਮਨੁੱਖਤਾ ਨੂੰ ਕਸ਼ਟ ਨਾ ਸਹਿਣੇ ਪੈਣ)। 

ਦੂਜੇ ਪਾਸੇ ਡਾ. ਚਮਕੌਰ ਸਿੰਘ ਦੁਆਰਾ ਕੀਤੇ ‘‘ਆਵਨਿ ਅਠਤਰੈ ਜਾਨਿ ਸਤਾਨਵੈ’’ ਦੇ ਮਨਮਤੀ ਅਰਥ ‘ਬਾਬਰ ਵਰਗੇ 78 ਆਉਂਦੇ ਹਨ ਤੇ 97 ਚਲੇ ਜਾਂਦੇ ਹਨ’ ਤੋਂ ਇਲਾਵਾ ਇਸ ਸ਼ਬਦ ’ਚੋਂ ਦੋ ਕੁ ਹੋਰ ਤੁਕਾਂ ਦੇ ਅਰਥ ਵਾਚਣੇ ਭੀ ਇਸ ਸੱਜਣ ਦੀ ਗੁਰਮਤਿ ਬਾਰੇ ਸਮਝ ਸਪਸ਼ਟ ਕਰਦੇ ਹਨ (1). ਮਾਸ ਪੁਰੀ ਵਿਚਿ, ਆਖੁ ਮਸੋਲਾ ॥ ਅਰਥ : ਹੇ ਲਾਲੋ! ਤੂੰ ਵੀ ਇਸ ਪ੍ਰਭੂ ਦੇ ਨਿਯਮ ਬਾਬਤ ਕਹੁ, ਜੋ ਮਾਸਪੁਰੀ ਵਿੱਚ ਹੋਇਆ ਹੈ। (ਡਾ. ਚਮਕੌਰ ਸਿੰਘ) 

ਵਿਚਾਰ : ਗੁਰੂ ਨਾਨਕ ਜੀ ਰੱਬ ਦੇ ਗੁਣ ਗਾਉਂਦੇ ਹਨ ਪਰ ਭਾਈ ਲਾਲੋ ਜੀ ਤੋਂ ਸੈਦਪੁਰ ’ਚ ਵਾਪਰੀ ਘਟਨਾ ਬਾਰੇ ਪੁੱਛਦੇ ਪਏ ਹਨ। ਅਜਿਹਾ ਕਿਵੇਂ ਸੰਭਵ ਹੈ? 

(2). ਜਿਨਿ ਉਪਾਈ ਰੰਗਿ ਰਵਾਈ; ਬੈਠਾ ਵੇਖੈ ਵਖਿ ਇਕੇਲਾ॥ ਅਰਥ : ਜਿਸ ਨੇ ਇਹ ਮਾਇਆ ਰਚਾਈ ਹੈ ਉਹ ਤਾਂ ਪਾਸੇ ਇਸ ਸਾਰੀ ਖੇਡ ਨੂੰ ਇਕਲਾ ਬੈਠਾ ਦੇਖ ਰਿਹਾ ਹੈ (ਉਹ ਇਸ ਵਿਚ ਦਖਲ ਨਹੀਂ ਦੇ ਰਿਹਾ)। (ਡਾ. ਚਮਕੌਰ ਸਿੰਘ) 

ਵਿਚਾਰ : ਜਿਸ ਨੇ ਦੁਨੀਆਂ ਬਣਾਈ ਹੈ, ਜੇਕਰ ਉਹ ਇਸ ਵਿੱਚ ਦਖ਼ਲ ਨਹੀਂ ਦਿੰਦਾ ਤਾਂ ਵੇਖ ਕਿਉਂ ਰਿਹੈ? ਜਦਕਿ ਗੁਰਮਤਿ ਸਪਸ਼ਟ ਹੈ ਕਿ ਬੰਦਾ ਆਪਣੇ ਨਸੀਬ ਭੋਗਦੈ ਅਤੇ ਰੱਬ ਵੇਖਦੈ ਕਿ ਨਸੀਬਾਂ ਮੁਤਾਬਕ ਹਰ ਇੱਕ ਨੂੰ ਮਿਲ ਰਿਹਾ ਹੈ ਜਾਂ ਨਹੀਂ। ਜੇਕਰ ਨਹੀਂ ਤਾਂ ਦਖ਼ਲ ਦਿੰਦੈ ਤਾਹੀਓਂ ਵਚਨ ਕੀਤੇ ਗਏ ‘‘ਸੰਤਾ ਕੈ ਕਾਰਜਿ (’ਚ) ਆਪਿ ਖਲੋਇਆ; ਹਰਿ ਕੰਮੁ ਕਰਾਵਣਿ ਆਇਆ ਰਾਮ ॥’’ (ਮਹਲਾ 5/ 783) 

ਗੁਰੂ ਨਾਨਕ ਜੀ; ‘ਸਚਖੰਡਿ’ ਅਸਵਥਾ ਦੀ ਵਿਆਖਿਆ ਕਰਦੇ ‘ਜਪੁ’ ਬਾਣੀ ਦੀ 37ਵੀਂ ਪਉੜੀ ਦੇ ਅੰਤ ’ਚ ਸਮਝਾਉਂਦੇ ਹਨ ਕਿ ਕਰਤਾਰ; ਆਪਣੀ ਕੁਦਰਤਿ ’ਚ ਵਾਪਰਨ ਵਾਲ਼ੀ ਹਰ ਹਰਕਤ ਨੂੰ ਗਹੁ ਨਾਲ਼ ਵੇਖਦਾ ਹੈ ਤੇ ਖ਼ੁਸ਼ ਹੁੰਦੈ (ਨੋਟ : ਰੱਬ ਖ਼ੁਸ਼ ਤਦ ਹੀ ਹੋਵੇਗਾ ਜਦ ਸਭ ਕੁਝ ਉਸ ਮੁਤਾਬਕ ਹੀ ਹੋ ਰਿਹਾ ਹੋਵੇਗਾ) ਭਾਵੇਂ ਕਿ ਇਹ ਰੱਬੀ ਭਾਵਨਾ ਬਿਆਨ ਕਰਨੀ ਮੁਸ਼ਕਲ ਹੈ ‘‘ਵੇਖੈ, ਵਿਗਸੈ; ਕਰਿ ਵੀਚਾਰੁ ॥ 

ਨਾਨਕ ! ਕਥਨਾ ਕਰੜਾ ਸਾਰੁ ॥37॥’’ (ਜਪੁ) ਹੁਣ ਜੇਕਰ ਡਾ. ਚਮਕੌਰ ਸਿੰਘ ਵਾਙ ਮੰਨ ਲਈਏ ਕਿ ਉਹ ਵੇਖਦਾ ਹੈ, ਪਰ ਕੋਈ ਦਖ਼ਲ ਨਹੀਂ ਦਿੰਦਾ ਤਾਂ ਤੇ ਖ਼ੁਸ਼ ਭੀ ਨਹੀਂ ਹੋਣਾ ਚਾਹੀਦਾ। ਰੱਬ ਦਾ ਖ਼ੁਸ਼ ਹੋਣਾ, ਦਰਸਾਉਂਦਾ ਹੈ ਕਿ ਉਹ ਨਿਰਜਿੰਦ ਜਾਂ ਲਾਚਾਰ ਨਹੀਂ ਕਿ ਆਪਣੀ ਕੁਦਰਤਿ ਵਿੱਚ ਦਖ਼ਲ-ਅੰਦਾਜ਼ੀ ਨਾ ਕਰ ਸਕੇ। 

ਅੰਤ ’ਚ ਡਾ. ਸਾਹਿਬ ਲਿਖਦੇ ਹਨ ਕਿ ਇਸ ਸ਼ਬਦ ਦੀ ਸਿੱਖਿਆ - ਹੇ ਭਾਈ ਲਾਲੋ! ਮੇਰੀ ਤਾਂ ਇਹ ਸਮਝ ਹੈ, ਸੁਣ ਅਤੇ ਤੂੰ ਵੀ ਇਸ ਦੀ ਵਿਚਾਰ ਕਰੀ। ਇਹ ਜੋ ਬਾਬਰ ਨੇ ਕਾਬਲ ਤੋਂ ਪਾਪਾਂ ਦੀ ਪੰਡ ਬੰਨ ਕੇ ਹਮਲਾ ਕੀਤਾ ਹੈ, ਜੋਰਾ ਜਰਬੀ ਕਰਦਾ ਹੈ, ਇਹ ਸਿਰਫ ਜੁਲਮ ਹੀ ਜੁਲਮ ਹੈ। (ਡਾ. ਚਮਕੌਰ ਸਿੰਘ) 

ਇਸ ਸੱਜਣ ਦੁਆਰਾ ਗੁਰਬਾਣੀ ਦੇ ਉਕਤ ਕੀਤੇ ਅਰਥ ਪੜ੍ਹ ਕੇ ਜਾਪਦਾ ਹੈ ਕਿ ਗੁਰੂ ਨਾਨਕ ਜੀ ਦੀ ਸੋਚ; ਰੱਬ ਦੀ ਸੋਚ ਵਰਗੀ ਨਹੀਂ ਅਤੇ ਉਨ੍ਹਾਂ ਨੇ ਇਸ ਘਟਨਾ ਦੌਰਾਨ ਕੋਈ ਖ਼ਾਸ ਭੂਮਿਕਾ ਨਹੀਂ ਨਿਭਾਈ। ਕੇਵਲ ਭਾਈ ਲਾਲੋ ਜੀ ਦਾ ਧਿਆਨ ਇਧਰੋਂ ਹਟਾ ਕੇ ਆਪਣੇ ਜੀਵਤ ਰਹਿਣ ਅਤੇ ਮਨ ਦੀ ਸ਼ਾਂਤੀ ਲਈ ਉਪਦੇਸ਼ ਦਿੰਦੇ ਪਏ ਹਨ ਜਦਕਿ ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਜੀ ਨੇ ਬਾਬਰ ਨੂੰ ਉਸ ਦੇ ਮੂੰਹ ’ਤੇ ਜਾਬਰ (ਜ਼ੁਲਮ ਕਰਨ ਵਾਲ਼ਾ) ਕਿਹਾ ਹੈ ਕਿਉਂਕਿ ਗੁਰੂ ਨਾਨਕ ਜੀ ਦੇ ਹਿਰਦੇ ਅੰਦਰ ਦ੍ਰਿੜ੍ਹ ਨਿਸ਼ਚਾ ਹੈ ‘‘ਜੀਆ ਮਾਰਿ ਜੀਵਾਲੇ ਸੋਈ; ਅਵਰੁ ਨ ਕੋਈ ਰਖੈ ॥ (ਮਹਲਾ 1/150), ਹਰਿ ਬਿਨੁ, ਕੋਈ ਮਾਰਿ ਜੀਵਾਲਿ ਨ ਸਕੈ; ਮਨ! ਹੋਇ ਨਿਚਿੰਦ, ਨਿਸਲੁ ਹੋਇ ਰਹੀਐ ॥’’ (ਮਹਲਾ 4/594) ਆਦਿ। 

ਦਰਅਸਲ ਉਕਤ ਦੋਵੇਂ ਸੱਜਣਾਂ ਸਮੇਤ ਕਈ ਹੋਰ ਵਿਦਵਾਨ ਸਿੱਖ ਭੀ ਇਹ ਮੰਨਣ ਤੋਂ ਇਨਕਾਰੀ ਹਨ ਕਿ ਕੋਈ ਵਿਅਕਤੀ ਭਾਵੇਂ ਗੁਰੂ ਨਾਨਕ ਜੀ ਹੋਣ, ਇਹ ਕਿਵੇਂ ਦੱਸ ਸਕਦਾ ਹੈ ਕਿ 19 ਸਾਲ ਬਾਅਦ ਆਹ ਵਾਪਰਨ ਵਾਲ਼ਾ ਹੈ ਭਾਵੇਂ ਕਿ ਸੈਦਪੁਰ ਦੀ ਇਹ ਇਤਿਹਾਸਕ ਘਟਨਾ 19 ਸਾਲ ਬਾਅਦ ਸੰਨ 1540 ’ਚ ਸੱਚ ਸਾਬਤ ਭੀ ਹੋ ਚੁੱਕੀ ਹੈ ਜਦ ਹਮਾਯੂੰ ਜੂਨ 1540 (ਸੰਮਤ 1597) ’ਚ ਸ਼ੇਰ ਸ਼ਾਹ ਸੂਰੀ ਹੱਥੋਂ ਹਾਰ ਗਿਆ ਤੇ ਆਪਣੇ ਵਤਨ ਵਾਪਸ ਪਰਤਦਿਆਂ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ’ਚ ਆਇਆ। ਗੁਰੂ ਜੀ ਵੱਲੋਂ ਵਿਸ਼ੇਸ਼ ਧਿਆਨ ਨਾ ਦੇਣ ਕਾਰਨ ਕ੍ਰੋਧਿਤ ਹੋ ਕੇ ਉਸ ਨੇ ਗੁਰੂ ਸਾਹਿਬ ਉ¤ਤੇ ਤਲਵਾਰ ਕੱਢੀ। ਜਾਣੀਜਾਣ ਸਤਿਗੁਰੂ ਜੀ ਨੇ ਕਿਹਾ ਕਿ ਇਹ ਤਲਵਾਰ ਜੰਗ ਭੂਮੀ ’ਚ ਸ਼ੇਰ ਸ਼ਾਹ ਸੂਰੀ ਸਾਮ੍ਹਣੇ ਕੱਢਣੀ ਸੀ, ਜਿੱਥੋਂ ਤੂੰ ਭੱਜ ਆਇਆ ਹੈਂ। ਇਸ ਸਾਹਸ ਭਰੀ ਬੁਲੰਦ ਆਵਾਜ਼ ਨੂੰ ਸੁਣ ਕੇ ਉਹ ਆਪਣੀ ਗ਼ਲਤੀ ’ਤੇ ਪਛੁਤਾਇਆ ਭੀ ਸੀ। ਹੁਣ ਜੇਕਰ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤਿ ਸਮਾਉਣਾ 22 ਸਤੰਬਰ 1540 ਮੰਨ ਲਈਏ ਤਾਂ ਇਹ ਘਟਨਾ ਜੂਨ 1540 ’ਚ ਗੁਰੂ ਅੰਗਦ ਸਾਹਿਬ ਜੀ ਨਾਲ਼ ਕਿਵੇਂ ਵਾਪਰੀ ਹੋ ਸਕਦੀ ਹੈ? 

ਹਥਲੇ ਵਿਸ਼ੇ ਦਾ ਸੰਬੰਧ ਕਿਸੇ ਵਿਅਕਤੀ ਵਿਸ਼ੇਸ ਤੱਕ ਨਹੀਂ ਬਲਕਿ ਹੋਰ ਕਈਆਂ ਨੇ ਭੀ ਅਜਿਹਾ ਕੁੱਝ ਕਿਤਾਬਾਂ ’ਚ ਲਿਖ ਰੱਖਿਆ ਹੈ। ਅਕਸਰ ਕਿਹਾ ਜਾਂਦਾ ਹੈ ਕਿ ਸਿੱਖ ਇਤਿਹਾਸ ਬ੍ਰਾਹਮਣਾਂ ਦੁਆਰਾ ਲਿਖਿਆ ਗਿਐ ਕਿਉਂਕਿ ਸਿੱਖ ਬਹੁਤਾ ਸਮਾਂ ਜੰਗਲ਼ਾਂ ’ਚ ਰਹੇ, ਪਰ ਇਹ ਸਾਰੇ ਲਿਖਾਰੀ ਤਾਂ ਸਿੱਖ ਹਨ, ਜਿਨ੍ਹਾਂ ਅੰਦਰ ਗੁਰੂ ਜੀ ਦੀ ਭੈ-ਭਾਵਨੀ ਹੋਣੀ ਚਾਹੀਦੀ ਸੀ, ਪਰ ਅਫ਼ਸੋਸ ਕਿ ਇਨ੍ਹਾਂ ਪੜ੍ਹਿਆਂ ਨੇ ਵੀ ਗੁਰਮਤਿ ਅਤੇ ਸਿੱਖ ਇਤਿਹਾਸ ਨੂੰ ਵਿਗਾੜਦਿਆਂ ਗੁਰੂ ਸਾਹਿਬਾਨ ਦੁਆਰਾ ‘‘ਮਾਰਿਆ ਸਿਕਾ ਜਗਤ੍ਰਿ ਵਿਚਿ; ਨਾਨਕ ਨਿਰਮਲ ਪੰਥ ਚਲਾਇਆ।’’ (ਭਾਈ ਗੁਰਦਾਸ ਜੀ, ਵਾਰ 1 ਪਉੜੀ 45) ਮੰਤਵ ਲਈ ਕੀਤੀਆਂ ਸੰਘਰਸ਼ਮਈ ਯਾਤ੍ਰਾਵਾਂ ਅਤੇ ਕੁਰਬਾਨੀਆਂ ਨੂੰ ਗਹੁ ਨਾਲ਼ ਨਹੀਂ ਵਾਚਿਆ ਜਦਕਿ ਗੁਰੂ ਨਾਨਕ ਸਾਹਿਬ ਦੁਨੀਆਂ ’ਚ ਪਹਿਲੇ ਰਹਿਬਰ ਹੋਏ ਹਨ, ਜਿਨ੍ਹਾਂ ਨੇ 5 ਸਦੀਆਂ ਪਹਿਲਾਂ ਦੱਸ ਦਿੱਤਾ ਸੀ ਕਿ ਹਵਾ ਤੋਂ ਪਾਣੀ ਬਣਿਆ। ਪਾਣੀ ਤੋਂ ਜੀਵ-ਰਚਨਾ ਹੋਈ। ਇਸ ਰਚਨਾ ਵਿੱਚ ਉਹ ਮਾਲਕ ਆਪ ਜੋਤਿ ਰੂਪ ਵਜੋਂ ਵਿਆਪਕ ਹੈ ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥’’ (ਮਹਲਾ 1/19) ਗੁਰੂ ਨਾਨਕ ਜੀ ਨੇ ਬ੍ਰਹਿਮੰਡ ਬਾਰੇ ਕਿਹਾ ਕਿ ਇੱਕੋ ਹੁਕਮ ਨਾਲ਼ ਰਚਨਾ ਬਣੀ ਹੈ, ਨਾ ਕਿ ਈਸਾਈ ਮੱਤ ਵਾਙ ਇੱਕ ਹਫ਼ਤੇ ’ਚ ‘‘ਕੀਤਾ ਪਸਾਉ ਏਕੋ ਕਵਾਉ ॥’’ (ਜਪੁ), ਪੰਡਿਤ; ਧਰਤੀ ਨੂੰ ਸਫ਼ੈਦ (ਧੌਲ਼ੇ) ਬਦਲ਼ ਦੇ ਸਿੰਗ ’ਤੇ ਟਿਕੀ ਮੰਨਦਾ ਰਿਹਾ। ਸਤਿਗੁਰੂ ਨੇ ਇਸ ਧਾਰਨਾ ਨੂੰ ਗ਼ਲਤ ਕਿਹਾ ਭਾਵੇਂ ਕਿ ਉਸ ਸਮੇਂ ਤੱਕ ਸਾਇੰਸਦਾਨਾਂ ਨੂੰ ਵੀ ਐਨੀ ਸਮਝ ਨਹੀਂ ਸੀ। 

ਜੇਕਰ ਮੰਨ ਲਈਏ ਕਿ ਗੁਰੂ ਨਾਨਕ ਜੀ 19 ਸਾਲ ਬਾਅਦ ਵਾਪਰਨ ਵਾਲ਼ੀ ਕਿਸੇ ਸਮਾਜਿਕ ਘਟਨਾ ਤੋਂ ਜਾਣੂ ਨਹੀਂ ਸਨ ਤਾਂ ਇਨ੍ਹਾਂ ਵਚਨ ’ਤੇ ਯਕੀਨ ਕਿਵੇਂ ਹੋਣੈ ਕਿ ਕੁਦਰਤ ਬਣਨ ਤੋਂ ਪਹਿਲਾਂ ਯਾਨੀ 13.8 ਅਰਬ ਸਾਲ ਪਹਿਲਾਂ ਕੇਵਲ ਅੰਧਕਾਰ ਹੀ ਸੀ ‘‘ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ; ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ; ਸੁੰਨ ਸਮਾਧਿ ਲਗਾਇਦਾ ॥ (ਮਹਲਾ 1/1035) ਅਤੇ ਕੁਦਰਤ ਦੇ ਵਿਨਾਸ਼ (ਕਿਆਮਤ) ਉਪਰੰਤ ਕੇਵਲ ਸੱਚਾ ਮਾਲਕ ਹੀ ਸਦੀਵੀ ਰਹੇਗਾ ‘‘ਨਾਨਕ ! ਹੋਸੀ ਭੀ ਸਚੁ ॥’’ (ਜਪੁ), ਇਸ ਵਾਕ ’ਚ ਤਾਂ ‘ਹੋਸੀ’ ਦੇ ਅਰਥ ਭੀ ਵਰਤਮਾਨ ’ਚ ਨਹੀਂ ਹੋ ਸਕਦੇ ਕਿਉਂਕਿ ਅੰਤ ‘ਸਿ’ ਹੈ, ਜੋ ਭਵਿੱਖ ਸੂਚਕ ਹੈ। 

ਸਰਵ ਵਿਆਪਕ ਰੱਬੀ ਜੋਤਿ-ਪ੍ਰਕਾਸ਼; ਗੁਰੂ ਨਾਨਕ ਸਾਹਿਬ ਜੀ ਦੇ ਦਿਮਾਗ਼ ’ਚ ਹੂ-ਬਹੂ ਪ੍ਰਗਟ ਹੋਣ ਦਾ ਹੀ ਸਬੂਤ ਹੈ ਕਿ ਉਨ੍ਹਾਂ ਐਨੀ ਦ੍ਰਿੜ੍ਹਤਾ ਨਾਲ਼ ‘ਰੱਬੀ ਜੋਤਿ-ਸੱਤਾ’ ਦੀ ਜ਼ਰਰੇ-ਜ਼ਰਰੇ (ਸ੍ਰਿਸ਼ਟੀ, ਬਨਸਪਤੀ, ਬ੍ਰਹਿਮੰਡ, ਤ੍ਰਿਲੋਕ, ਚਾਰੇ ਖਾਣੀਆਂ, ਅੱਗ, ਪਾਣੀ, ਚੰਦ, ਸੂਰਜ’ ਆਦਿ) ਵਿੱਚ ਮੌਜੂਦਗੀ ਹੇਠਲੇ ਵਾਕਾਂ ਰਾਹੀਂ ਖੁਲ੍ਹ ਕੇ ਬਿਆਨ ਕੀਤੀ ਹੈ ਭਾਵੇਂ ਕਿ ਆਧੁਨਿਕ ਵਿਗਿਆਨ ਅਜੇ ਭੀ ਇਸ ਤੋਂ ਜਾਣੂ ਨਹੀਂ : 

ਜਾਤਿ (ਸ੍ਰਿਸ਼ਟੀ) ਮਹਿ ਜੋਤਿ, ਜੋਤਿ ਮਹਿ ਜਾਤਾ (ਭਾਵ ਜੋਤਿ ’ਚੋਂ ਰੱਬ ਜਾਣੀਦਾ ਹੈ); ਅਕਲ ਕਲਾ ਭਰਪੂਰਿ ਰਹਿਆ ॥ (ਮਹਲਾ 1/469) 

ਸਭ ਮਹਿ ਜੋਤਿ; ਜੋਤਿ ਹੈ ਸੋਇ ॥ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥ (ਸੋਹਿਲਾ/ਮਹਲਾ 1/13) 

ਸਰਬ ਜੋਤਿ ਤੇਰੀ; ਪਸਰਿ ਰਹੀ ॥ ਜਹ ਜਹ ਦੇਖਾ; ਤਹ ਨਰਹਰੀ (ਓਥੇ ਹੀ ਰੱਬ)॥ (ਮਹਲਾ 1/876) 

ਤ੍ਰਿਭਵਣ (’ਚ) ਜੋਤਿ ਧਰੀ ਪਰਮੇਸਰਿ (ਨੇ); ਅਵਰੁ ਨ ਦੂਜਾ ਭਾਈ ਹੇ ॥ (ਮਹਲਾ 1/1024) 

ਅਗਨਿ ਪਾਣੀ ਜੀਉ (ਜੀਵ ’ਚ) ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ ॥ (ਮਹਲਾ 1/1037) 

ਅੰਡਜ ਜੇਰਜ ਸੇਤਜ ਉਤਭੁਜ; ਘਟਿ ਘਟਿ (’ਚ) ਜੋਤਿ ਸਮਾਣੀ ॥ (ਬਾਰਹਮਾਹਾ/ਮਹਲਾ 1/1109) 

ਸੂਰਜੁ ਚੰਦੁ ਉਪਾਇ (ਕੇ); ਜੋਤਿ ਸਮਾਣਿਆ (ਭਾਵ ਉਨ੍ਹਾਂ ’ਚ ਜੋਤਿ ਰੱਖੀ)॥ (ਮਹਲਾ 1/1279) 

ਸਗਲ ਸਰੋਵਰ (’ਚ) ਜੋਤਿ ਸਮਾਣੀ ॥ (ਮਹਲਾ 1/1342), ਜਲ ਮਹਿ ਜੋਤਿ; ਰਹਿਆ ਭਰਪੂਰਿ ॥ (ਮਹਲਾ 1/411), ਇਸੇ ਵਿਸ਼ੇ ਦੇ ਸੰਬੰਧ ’ਚ ਹੈ‘‘ਪਹਿਲਾ ਪਾਣੀ ਜੀਉ (ਜੋਤਿ) ਹੈ; ਜਿਤੁ ਹਰਿਆ ਸਭੁ ਕੋਇ ॥’’ (ਮਹਲਾ 1/472) ਇਹ ਹੈ ਭੀ ਸੱਚ ਕਿ ਜੇਕਰ ਪਾਣੀ ਬੇਜਾਨ ਹੁੰਦਾ ਤਾਂ ਉਸ ਤੋਂ ਪੈਦਾ ਹੋਣ ਵਾਲ਼ੇ ਜੀਵ; ਜਾਨਦਾਰ ਕਿਵੇਂ ਹੁੰਦੇ? ਭੋਜਨ; ਜੀਵਨ ਦਾ ਆਧਾਰ ਹੈ ਤਾਂ ਤੇ ‘ਪਾਣੀ/ਭੋਜਨ’ ਨਿਰਜਿੰਦ ਨਹੀਂ “ਜੇਤੇ ਦਾਣੇ ਅੰਨ ਕੇ; ਜੀਆ (ਜ਼ਿੰਦਗੀ) ਬਾਝੁ ਨ ਕੋਇ ॥’’ (ਮਹਲਾ 1/472) 

ਪੂਰੀ ਕੁਰਦਤਿ ’ਚ ਰੱਬੀ ਜੋਤਿ ਨੂੰ ਪ੍ਰਗਟਾਉਂਦੇ ਉਕਤ ਵਚਨਾਂ ਤੋਂ ਜਾਪਦਾ ਹੈ ਕਿ ਗੁਰੂ ਨਾਨਕ ਜੀ ਨੇ ਇਹੀ ‘ਨਿਰਮਲ ਪੰਥ’ (ਵਿਚਾਰਧਾਰਾ) ਸਮਝਾਉਣ ਲਈ ਸੰਸਾਰ ਦਾ ਭਰਮਣ ਕੀਤਾ ਹੈ। ਇਸ ਬਾਬਤ ਜਾਣਨ ਲਈ ਹੀ ਜੋਗੀਆਂ ਦੇ ਹੇਠਲੇ ਸਵਾਲ ਗਵਾਹੀ ਭਰਦੇ ਹਨ : 

ਸਵਾਲ ਨੰਬਰ 30 : ਕਿਤੁ ਬਿਧਿ ਜੋਤਿ ਨਿਰੰਤਰਿ ਪਾਈ ? ॥ (ਗੋਸਟਿ/ਮਹਲਾ 1/940) 

ਜਵਾਬ : ਗੁਰਮੁਖਿ ਜੋਤਿ ਨਿਰੰਤਰਿ ਪਾਈ ॥ (ਮਹਲਾ 1/940) 

ਅਰਥ : ਗੁਰੂ (ਯਾਨੀ ਰੱਬ) ਪਾਸੋਂ (ਉਸ ਦੀ) ਜੋਤਿ; ਜ਼ਰਰੇ-ਜ਼ਰਰੇ ’ਚ ਸਮਝੀ ਹੈ। 

ਨੋਟ : ਇੱਥੇ ਗੁਰਮੁਖਿ ਤੋਂ ਭਾਵ ਮੁਖੀ ਗੁਰੂ (ਭਾਵ ਰੱਬ) ਹੈ; ਜੋ ‘ਜੋਤਿ ਸਰੂਪ’ ਹੈ। ਗੁਰੂ ਨਾਨਕ ਜੀ ਦੇ ਹੀ ਵਚਨ ਹਨ ਕਿ ਸਭ ਜੋਤਾਂ ਦੇ ਸੰਗ੍ਰਹਿ (ਜੋਤੀ/ਰੱਬ) ਲਈ ਸਮੁੱਚੀ ਕੁਦਰਤਿ ਆਰਤੀ ਕਰਦੀ ਪਈ ਹੈ ‘‘ਧੂਪੁ ਮਲਆਨਲੋ, ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ (ਭਾਵ ਜੋਤਿ ਸੂਰਪ ਲਈ)॥ (ਸੋਹਿਲਾ/ਮਹਲਾ 1/13) ਗੁਰੂ ਨਾਨਕ ਜੀ ਆਪਣੇ ਗੁਰੂ ਬਾਰੇ ਭੀ ਸਪਸ਼ਟ ਕਰਦੇ ਪਏ ਹਨ ‘‘ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ ! ਗੁਰੁ ਮਿਲਿਆ ਸੋਈ ਜੀਉ ॥’’ (ਮਹਲਾ 1/599)

ਸਵਾਲ ਨੰਬਰ 86 : ਰਕਤੁ ਬਿੰਦੁ ਕੀ ਮੜੀ ਨ ਹੋਤੀ; ਮਿਤਿ ਕੀਮਤਿ ਨਹੀ ਪਾਈ ? ॥ (ਗੋਸਟਿ/ਮਹਲਾ 1/945) 

ਅਰਥ : ਮਾਤਾ ਦੇ ਖ਼ੂਨ ਅਤੇ ਪਿਤਾ ਦੇ ਬਿੰਦ ਤੋਂ ਬਣਿਆ ਜਦ ਸਰੀਰ ਨਹੀਂ ਸੀ ਤਾਂ ਜੋਤਿ ਸਰੂਪ ਦਾ ਅੰਦਾਜ਼ਾ ਕਿਵੇਂ ਲੱਗ ਸਕਦਾ ਸੀ? 

ਜਵਾਬ : ਗਉਨੁ ਗਗਨੁ ਜਬ ਤਬਹਿ ਨ ਹੋਤਉ; ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥ (ਮਹਲਾ 1/945) 

ਅਰਥ : ਜਦ ਦੁਨੀਆਂ, ਆਕਾਸ਼ ਨਹੀਂ ਸਨ ਤਦੋਂ ਤਿੰਨੇ ਭਵਨਾਂ (ਪਤਾਲ ਲੋਕ, ਮਾਤ ਲੋਕ ਤੇ ਸੁਰਗ ਲੋਕ) ’ਚ ਵਿਆਪਕ ਜੋਤਿ; ਅਕਾਰ ਰਹਿਤ ਰੂਪ ’ਚ ਆਪ ਹੀ ਆਪ (ਜੋਤਿ ਸਰੂਪ ਕੇਵਲ ਰੱਬ ਹੀ) ਸੀ। ਕੁੱਝ ਸੱਜਣ ਗੁਰਬਾਣੀ ਦੀ ਟੇਕ ਲੈਂਦਿਆਂ ਆਵਾਗਮਣ ਨੂੰ ਇਸ ਦਲੀਲ ਨਾਲ਼ ਰੱਦ ਕਰਦੇ ਹਨ ਕਿ ਧਰਮ; ਜਿਉਂਦਿਆਂ ਕਮਾਉਣ ਦਾ ਵਿਸ਼ਾ ਹੈ। ਸਾਨੂੰ ਪ੍ਰਲੋਕ ਬਾਰੇ ਨਹੀਂ ਸੋਚਣਾ ਚਾਹੀਦਾ। ਜ਼ਰਾ ਵਿਚਾਰੀਏ ਕਿ ਕਿਹੜਾ ਸਿੱਖ; ਗੁਰਦੁਆਰੇ ਪ੍ਰਲੋਕ ਸੁਧਾਰਨ ਲਈ ਆਉਂਦੈ? ਨਿਤਨੇਮ ਅਤੇ ਅਰਦਾਸ ਵਿੱਚ ਕਿੱਥੇ ਪ੍ਰਲੋਕ ਦਾ ਜ਼ਿਕਰ ਹੈ? ਕਿਸੇ ਦੇ ਮਰਨ ਉਪਰੰਤ ਭੀ ਉਸ ਦੇ ਪਰਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ ਜਾਂਦੀ ਹੈ। ਇੱਥੇ ਆਵਾਗਵਣ ਦਾ ਜ਼ਿਕਰ ਇਸ ਲਈ ਕਰਨਾ ਪਿਆ ਕਿਉਂਕਿ ਆਵਾਗਮਣ ਤੋਂ ਇਨਕਾਰੀ ਹੋਣਾ ਭਾਵ ਰੱਬ ਦੇ ਸਰਬ ਵਿਆਪਕ ਜੋਤਿ ਸਰੂਪ ਤੋਂ ਇਨਕਾਰੀ ਹੋਣਾ ਹੈ। ਰੱਬ ਦੇ ਜੋਤਿ ਰੂਪ ਵਜੂਦ ਤੋਂ ਇਨਕਾਰੀ ਹੋਣ ਨਾਲ਼ ਰੱਬ ਅਤੇ ਗੁਰੂ ਦੀ ਮਨੁੱਖਤਾ ਉ¤ਤੇ ਹੁੰਦੀ ਬਖ਼ਸ਼ਸ਼ ਤੋਂ ਭੀ ਇਨਕਾਰੀ ਹੋ ਜਾਈਦਾ ਹੈ। ਗੁਰੂ ਨਾਨਕ ਸਾਹਿਬ; ਕੇਵਲ ਸਰਬ ਵਿਆਪਕ ਰੱਬੀ ਜੋਤਿ-ਪ੍ਰਕਾਸ਼ (ਭਾਵ ਆਤਮ ਪ੍ਰਕਾਸ਼) ਕਰਕੇ 

ਹੀ ਜ਼ਿੰਦਗੀ ਅਤੇ ਕੁਦਰਤਿ ਦਾ ਸੱਚ ਆਧਾਰਿਤ ਵਿਸ਼ਲੇਸ਼ਣ ਕਰਦਿਆਂ-ਕਰਦਿਆਂ ਅਦ੍ਰਿਸ਼-ਨਿਰਾਕਾਰ ਸ਼ਕਤੀ ਨੂੰ ਪ੍ਰਗਟ ਕਰਨ ’ਚ ਕਾਮਯਾਬ ਹੋਏ ਹਨ, ਨਾ ਕਿ ਮਨੁੱਖੀ ਮਨ ਦੁਆਰਾ ਘੜੀ ਜਾਂਦੀ ਕਿਸੇ ਅਕਲ ਨਾਲ਼। ਗੁਰਮਤਿ ਦੇ ਇਹ ਸਭ ਅਲੌਕਿਕ ਵਿਸ਼ੇ ਸਿੱਖਾਂ ਦੁਆਰਾ ‘ਭਰੋਸਾ ਦਾਨ’ ਮੰਗਣ ਨਾਲ਼ ਸੰਬੰਧਿਤ ਹਨ। 

ਚੇਤੇ ਰਹੇ ਕਿ ਕਿਸੇ ਕੌਮੀ ਸਿਧਾਂਤ ਦੀ ਵਿਆਖਿਆ ਸਮਾਜਿਕ ਵਤੀਰੇ ’ਚੋਂ ਨਹੀਂ, ਧਾਰਮਕ ਗ੍ਰੰਥਾਂ ’ਚੋਂ ਕਰਨੀ ਬਣਦੀ ਹੈ। ਜ਼ਮੀਨੀ ਪੱਧਰ ’ਤੇ ਤਾਂ ਕਈ ਅਗਿਆਨੀ ਸਿੱਖ ਭੀ ਪ੍ਰਲੋਕ ’ਚ ਆਪਣੇ ਮਰ ਚੁੱਕਿਆਂ ਲਈ ਹਰ ਸਾਲ ਵਸਤੂਆਂ ਭੇਜਦੇ ਮਿਲ ਜਾਣਗੇ। ਉਨ੍ਹਾਂ ਨੂੰ ਆਧਾਰ ਬਣਾ ਕੇ ਗੁਰਮਤਿ ਦੇ ਅਰਥ ਨਹੀਂ ਬਦਲ ਸਕਦੇ। 

ਭਗਤ ਨਾਮਦੇਵ ਜੀ ਦੇ ਇਹ ਵਚਨ ‘‘ਹਿੰਦੂ ਅੰਨ੍ਹਾ; ਤੁਰਕੂ ਕਾਣਾ ॥’’ (ਭਗਤ ਨਾਮਦੇਵ/875) ਸਿੱਖਾਂ ਉ¤ਤੇ ਭੀ ਲਾਗੂ ਹਨ। ਜੋ, 

ਸਤਿਗੁਰੂ ਦੇ ਰੌਸ਼ਨ-ਦਿਮਾਗ਼ ਨੂੰ ਆਪਹੁਦਰੇ ਮਨ ਨਾਲ਼ ਪੜ੍ਹਦੇ/ਸਮਝਦੇ ਪਏ ਹਨ। ਪੰਡਿਤ ਨੇ ਵੀ ਆਪਣੇ ਈਸਟ ’ਤੇ ਅਵਿਸ਼ਵਾਸ ਹੀ ਪ੍ਰਗਟਾਇਆ ਸੀ, ਜਿਸ ਬਾਬਤ ਨਾਮਦੇਵ ਜੀ ਨੂੰ ਇਹ ਦਰਜ ਕਰਨਾ ਪਿਆ। ਅੰਨ੍ਹੇਪਣ ਦੀ ਵਿਆਖਿਆ ਗੁਰਬਾਣੀ ਇਉਂ ਕਰਦੀ ਹੈ‘‘ਅੰਧੇ ਅਕਲੀ ਬਾਹਰੇ; ਕਿਆ ਤਿਨ ਸਿਉ ਕਹੀਐ ?॥ ਬਿਨੁ ਗੁਰ ਪੰਥੁ ਨ ਸੂਝਈ; ਕਿਤੁ ਬਿਧਿ ਨਿਰਬਹੀਐ (ਸਾਥ ਨਿਭੇ)?॥ (ਮਹਲਾ 1/229), ਅੰਧੇ ਅਕਲੀ ਬਾਹਰੇ; ਮੂਰਖ ਅੰਧ ਗਿਆਨੁ ॥ ਨਾਨਕ! ਨਦਰੀ ਬਾਹਰੇ (ਬਖ਼ਸ਼ਸ਼ ਤੋਂ ਸੱਖਣੇ); ਕਬਹਿ ਨ ਪਾਵਹਿ ਮਾਨੁ ॥’’ (ਮਹਲਾ 1/789)

ਸੋ ਸਿੱਖ ਲਈ ਨਿਤਨੇਮ ਬਣਾਇਆ ਹੀ ਇਸ ਲਈ ਹੈ ਤਾਂ ਜੋ ਸਤਿਗੁਰ ਦੁਆਰਾ ਕੀਤੀ ‘ਰੱਬ ਦੀ ਵਿਆਖਿਆ, ਉਸ ਦੇ ਹੁਕਮ ਅਤੇ ਜੀਵਾਂ ਨੂੰ ਮਿਲਦੀਆਂ ਦਾਤਾਂ ’ਤੇ ਭਰੋਸਾ ਬਣੇ। ਤਰਕ ਇਹ ਭੀ ਕਹਿ ਸਕਦੈ ਕਿ ਨਿਤਨੇਮ ਰੁਜ਼ਾਨਾ ਪੜ੍ਹਨ ਦਾ ਕੀ ਫ਼ਾਇਦੈ; ਵਿਚਾਰ ਕੇ ਅਮਲ ਕਰੋ। ਅਮਲ ਦੀ ਕਿਹੜਾ ਕੋਈ ਡਿਗਰੀ ਹੈ, ਜਿਸ ਨੇ ਵੇਖਣੀ ਹੈ ਜਾਂ ਕਿਸੇ ਨੂੰ ਵਿਖਾਉਣੀ ਜ਼ਰੂਰ ਹੈ। ਜੇਕਰ ਪੰਥਕ ਜਥੇਬੰਦੀਆਂ ਗੁਰਮਤਿ ਦੇ ਰੂਹਾਨੀਅਤ ਵਿਸ਼ਿਆਂ ’ਤੇ ਗੋਸਟੀਆਂ-ਚਰਚਾਵਾਂ ਕਰਾ ਉਸ ਦਾ ਲਾਇਵ ਪ੍ਰਸਾਰਨ ਕਰਿਆ ਕਰਨ ਤਾਂ ਜਿੱਥੇ ਗੁਰਮਤਿ ਬਾਰੇ ਭਰਮ-ਭੁਲੇਖੇ ਦੂਰ ਹੋਣ ਓਥੇ ਫੋਕਟ ਵਿਦਵਤਾ ਪੱਤਝੜ ਦੇ ਪੱਤਿਆਂ ਵਾਙ ਝੜਦੀ/ਕਿਰਦੀ ਨਜ਼ਰ ਵੀ ਆਵੇ ਕਿਉਂਕਿ ਅੱਜ ਭੀ ਸਿੱਖ ਕੌਮ ’ਚ ਗੁਰਮਤਿ ਤੋਂ ਜਾਣੂ ਅਤੇ ਇਸ ਦੀ ਕਮਾਈ ਕਰਨ ਵਾਲ਼ਿਆਂ ਦੀ ਘਾਟ ਨਹੀਂ ਹੈ। ਦੂਜੇ ਪਾਸੇ ਗੁਰਮਤਿ ਤੋਂ ਸੱਖਣੇ; 20 ਸਾਲ ਵਾਹਿਗੁਰੂ-ਵਾਹਿਗੁਰੂ ਜਪਣ ਵਾਲ਼ੇ ਭੀ ਨਾਸਤਿਕ ਬਣਦੇ ਵੇਖੇ ਗਏ ਹਨ।

***

ਸੰਪਾਦਕ www.gurparsad.com

98140-35202 


No comments: