Showing posts with label ਮੇਜਰ ਮਾਂਗਟ. Show all posts
Showing posts with label ਮੇਜਰ ਮਾਂਗਟ. Show all posts

ਕਲਾ ਕੇਂਦਰ ਟੋਰਾਂਟੋ ਵਲੋਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ.......... ਪੁਸਤਕ ਰਿਲੀਜ਼ / ਮੇਜਰ ਮਾਂਗਟ

ਕਲਾ ਕੇਂਦਰ ਟੋਰਾਂਟੋ ਵਲੋਂ ਬਰੈਂਪਟਨ ਸ਼ਹਿਰ ਦੇ ਮੈਲਨੀ ਅਤੇ ਸਟੀਲ ਦੇ ਕੋਨੇ ਤੇ ਸਥਿਤ ਰੋਇਲ ਇੰਡੀਆ ਸਵੀਟਸ ਐਂਡ ਰੈਸਟੋਰੈਂਟ ਵਿਚ ਸਾਹਿਤ ਪ੍ਰੇਮੀਆਂ ਦੇ ਇਕੱਠ ਵਿਚ ਬਲਬੀਰ ਕੌਰ ਸੰਘੇੜਾ, ਮਿਨੀ ਗਰੇਵਾਲ ਅਤੇ ਮੇਜਰ ਮਾਂਗਟ ਹੁਰਾਂ ਦੁਆਰਾ ਲਿਖੀਆਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ ।
ਕਲਾ ਕੇਂਦਰ ਟੋਰਾਂਟੋ ਦੀ ਸਥਾਪਨਾ 1993 ਵਿਚ ਬਲਬੀਰ ਸੰਘੇੜਾ, ਮੇਜਰ ਮਾਂਗਟ ਅਤੇ ਮੇਜਰ ਨਾਗਰਾ ਦੁਆਰਾ ਕੀਤੀ ਗਈ ਸੀ । ਸਭ ਤੋਂ ਪਹਿਲਾਂ ਇਸ ਸੰਸਥਾ ਨੇ ਮਾਲਟਨ ਦੇ ਕਮਿਉਨਿਟੀ ਸੈਂਟਰ ਵਿਖੇ, ਕੋਈ ਤਿੰਨ ਸੌ ਬੰਦਿਆਂ ਦੇ ਇਕੱਠ ਵਿਚ, ਤਬਲਾ ਵਾਦਕ ਲਛਮਣ ਸਿੰਘ ਸੀਨ ਅਤੇ ਸਿਤਾਰ ਵਾਦਕ ਕਿਨਰ ਸੀਨ ਦਾ ਧਮਾਕੇਦਾਰ ਪ੍ਰੋਗਰਾਮ ਪੇਸ਼ ਕੀਤਾ । ਸਮੇਂ ਸਮੇਂ ਇਸ ਸੰਸਥਾ ਨੇ ਦਰਜਨ ਕੁ ਕਿਤਾਬਾਂ ਰਿਲੀਜ਼ ਕੀਤੀਆਂ ਅਤੇ ਇਨ੍ਹਾਂ ਤੇ ਗੋਸ਼ਟੀਆਂ ਕਰਵਾਈਆਂ । ਅਜ ਇਸ ਸੰਸਥਾ ਨੇ ਨਾਮਵਰ ਸਾਹਿਤਕਾਰਾਂ ਤੇ ਪਾਠਕਾਂ ਦੇ ਭਰਪੂਰ ਇਕੱਠ ਵਿੱਚ ਤਿੰਨ ਕਿਤਾਬਾਂ ਲੋਕ ਅਰਪਣ ਕੀਤੀਆਂ । ਇਨ੍ਹਾਂ ਪੁਸਤਕਾਂ ਤੇ ਵਿਦਵਾਨਾਂ ਵਲੋਂ ਪਰਚੇ ਪੜੇ ਗਏ ਅਤੇ ਭਰਪੂਰ ਚਰਚਾ ਕੀਤੀ ਗਈ । ਬਹੁਤ ਸਵਾਦਿਸ਼ਟ ਪ੍ਰੀਤੀ ਭੋਜਨ ਪਰੋਸਿਆ ਗਿਆ ਅਤੇ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ ।

ਪਹਿਲੀ ਫੋਟੋ ਪਹਿਲੀ ਯਾਦ.......... ਅਭੁੱਲ ਯਾਦਾਂ / ਮੇਜਰ ਮਾਂਗਟ

ਜੀਵਨ ਤੇ ਪਿਛਲ ਝਾਤ ਮਾਰਦਿਆਂ,ਮੇਰੇ ਜਿਹਨ ਵਿੱਚ ਜੋ ਯਾਦ ਉਭਰਦੀ ਹੈ,ਉਹ ਹੈ ਮੇਰੀ ਸੋਝੀ ਵਿੱਚ ਖਿਚਵਾਈ ਗਈ ਮੇਰੀ ਸਭ ਤੋਂ ਪਹਿਲੀ ਫੋਟੋ।ਮੇਰੇ ਬਾਪੂ ਜੀ ਸ: ਸ਼ੇਰ ਸਿੰਘ ਮਾਂਗਟ ਫੌਜ ਵਿੱਚ ਭਰਤੀ ਸਨ ਸਾਲ ਛੇ ਮਹੀਨੇ ਬਾਅਦ ਜਦੋਂ ਛੁੱਟੀ ਆਂਉਦੇ ਉਨ੍ਹਾਂ ਦੇ ਚਾਅ ਚੁੱਕੇ ਨਾਂ ਜਾਂਦੇ।ਸੋਚ ਕੇ ਦਿਲ ਨੂੰ ਅੱਜ ਵੀ ਹੌਲ ਜਿਹਾ ਪੈਂਦਾ ਹੈ ਕਿ ਆਪਣੀ ਪਤਨੀ ਪੁੱਤਰ ਅਤੇ ਪਰਿਵਾਰ ਨੂੰ ਛੱਡ ਕੇ ਐਨਾ ਲੰਬਾ ਅਰਸਾ ਉਹ ਕਿਵੇਂ ਬਰਫੀਲੀਆਂ ਪਹਾੜੀਆਂ ਮਿੱਧਦੇ ਫਿਰਦੇ ਹੋਣਗੇ।ਅੱਜ ਅਸੀ ਇੱਕ ਦਿਨ ਵੀ ਆਪਣੇ ਬੱਚਿਆਂ ਤੋਂ ਦੂਰ ਨਹੀਂ ਹੋ ਸਕਦੇ।ਜੇ ਕਿਤੇ ਜਾਈਏ ਵੀ ਤਾਂ ਘਰ ਦੀ ਯਾਦ ਸਤਾਉਣ ਲੱਗ ਜਾਂਦੀ ਹੈ।ਫੇਰ ਸੋਚਦਾ ਹਾਂ ਕਿ ਹੁਕਮ ਦਾ ਬੰਨਿਆ ਤੇ ਕਾਇਦੇ ਕਨੂੰਨਾ ਵਿੱਚ ਜਕੜਿਆ ਬੰਦਾ ਮਜ਼ਬੂਰੀਆਂ ਵਸ ਆਪਣੇ ਅੰਦਰਲੇ ਮਨੁੱਖ ਨੂੰ ਮਾਰ ਲੈਂਦਾ ਹੋਵੇਗਾ।ਜੋ ਕਿ ਇੱਕ ਖੁਦਕਸ਼ੀ ਕਰਨ ਵਰਗੀ ਗੱਲ ਹੀ ਕਹੀ ਜਾ ਸਕਦੀ ਹੈ।
ਪਰਿਵਾਰਾਂ ਤੋਂ ਵਿਛੜਿਆਂ ਲਈ ਫੋਟੋਆਂ ਬਹੁਤ ਵੱਡਾ ਆਸਰਾ ਹੁੰਦੀਆਂ ਹਨ।ਤੇ ਇਨ੍ਹਾਂ ਦੀ ਅਹਿਮੀਅਤ ਵੀ ਉਹ ਹੀ ਸਮਝ ਸਕਦੇ ਹਨ ਜੋ ਆਪਣੇ ਪਰਿਵਾਰਾਂ ਤੋਂ ਵਿਛੜੇ ਹੋਣ।ਮੇਰੇ ਬਾਪੂ ਜੀ ਵੀ ਆਪਣੇ ਨੰਨੇ ਜਿਹੇ ਪੁੱਤ ਦੀ ਯਾਦ ਨੂੰ ਫੋਟੋ ਵਿੱਚ ਬੰਦ ਕਰਕੇ ਲੈ ਜਾਣਾ ਚਾਹੁੰਦੇ ਹੋਣਗੇ।ਉਨ੍ਹਾਂ ਦਿਨਾਂ ਵਿੱਚ ਮੈਂ ਆਪਣੇ ਨਾਨਕੇ ਪਿੰਡ ਪੂਨੀਆਂ ਰਹਿੰਦਾ ਸਾਂ।ਮੈਂ,ਮਾਂ ਬਾਪ ਵਿਹੂਣਾ,ਜਿਸ ਦਾ ਪਿਉ ਫੌਜ ਵਿੱਚ ਤੇ ਮਾਂ ਆਪਣੇ ਸਹੁਰੇ ਰਹਿੰਦੀ ਸੀ।
ਨਾਨੀ ਦੇ ਗੋਡੇ ਨਾਲ ਲੱਗਿਆ ਚੁੱਪ ਗੜੁੱਪ ਤੇ ਇੱਕ ੳਦਾਸ ਚਿਹਰਾ।ਏਥੇ ਹੀ ਮੈਂ ਰਿੜਨਾ ਤੁਰਨਾ ਤੇ ਬੋਲਣਾ ਸਿਖਿਆ।ਮਾਂ ਬਾਪ ਦੀਆਂ ਨਿੱਘੀਆਂ ਗੱਲਵੱਕੜੀਆਂ ਤੋਂ ਬਗੈਰ।ਅੰਦਰੇ ਅੰਦਰ ਸਾਰਾ ਕੁੱਝ ਮੱਚਦਾ ਤੇ ਖੌਲਦਾ ਰਹਿੰਦਾ,ਪਰ ਜ਼ੁਬਾਨ ਤੇ ਨਾਂ ਆਂਉਦਾ।ਸ਼ਾਇਦ ਮਨ ਦੇ ਕੋਨੇ ਵਿੱਚ ਦੱਬੇ ਉਹ ਹੀ ਕੋਈ ਢੇਰ ਹੋਣਗੇ ਜਿਨਾਂ ਨੂੰ ਮੈਂ ਹੌਲੀ ਹੌਲੀ ਕਲਮ ਦੀ ਚੁੰਝ ਨਾਲ ਕੁਰੇਦ ਕੁਰੇਦ ਕੇ ਬਾਹਰ ਕੱਢਣਾ ਸ਼ੁਰੂ ਕੀਤਾ ਹੋਵੇਗਾ।
ਮਨ ਅੰਦਰ ਦੱਬੀਆਂ ਲੱਖਾਂ ਯਾਦਾਂ ਦੀ ਯਾਦ ਦਿਵਾਂਉਦੀ ਹੈ ਮੇਰੇ ਬਚਪਨ ਦੀ ਪਹਿਲੀ ਤਸਵੀਰ।ਜਿਸ ਨੂੰ ਮੈਂ ਅੱਜ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ।ਲੋਕ ਤਾਂ ਪਿਕਚਰਾਂ ਫਰੇਮ ਕਰਵਾ ਕੇ ਦੀਵਾਰ ਤੇ ਟੰਗ ਦਿੰਦੇ ਨੇ,ਮੈਂ ਇਸ ਨੂੰ ਆਪਣੇ ਮਨ ਦੀ ਕੰਧ ਤੇ ਟੰਗਿਆ ਹੋਿੲਆ ਹੈ।ਜਿਸ ਨੂੰ ਜਦ ਵੀ ਦੇਖਦਾ ਹਾਂ ਤਾਂ ਇਹ ਯਾਦ ਤਾਜਾ ਹੋ ਜਾਂਦੀ ਹੈ।
ਸ਼ਾਇਦ ਕੱਤਕ ਦਾ ਮਹੀਨਾ ਸੀ।ਦਿਵਾਲੀ ਦੇ ਦਿਨ ਸਨ।ਇਨ੍ਹਾਂ ਦਿਨਾਂ ਵਿੱਚ ਮੇਰਾ ਨਾਨਕਾ ਪਿੰਡ ਭੁੱਜੀ ਹੋਈ ਮੂੰਗਫਲੀ ਅਤੇ ਮੱਕੀ ਦੀਆਂ ਖਿੱਲਾਂ ਦੀ ਖੁਸ਼ਬੂ ਨਾਲ ਮਹਿਕ ਉੱਠਦਾ ਸੀ।ਉਦੋਂ ਅਜੇ ਪੰਜਾਬ ਵਿੱਚ ਝੋਨਾ ਲਾਉਣ ਦਾ ਰਿਵਾਜ ਨਹੀਂ ਸੀ ਪਿਆ।ਲੋਕ ਮੂੰਗਫਲੀ ਪੁੱਟਦੇ,ਲਾਂਗੇ ਝਾੜਦੇ,ਧੜ ਉਡਾਉਂਦੇ।ਛੱਲੀਆਂ ਅਤੇ ਭੁੱਜੀ ਹੋਈ ਮੂੰਗਫਲੀ ਦੀ ਮਹਿਕ ਨਾਲ ਦੀਵਾਲੀ ਦੇ ਦਿਨਾਂ ਵਿੱਚ ਪਾਂਡੂ ਮਿੱਟੀ ਨਾਲ ਲਿੱਪੀਆਂ ਕੱਚੀਆਂ ਕੰਧਾਂ ਵੀ ਮਹਿਕ ਉੱਠਦੀਆਂ।ਏਨਾਂ ਕੰਧਾਂ ਉੱਪਰ ਹੁਣ ਤਾਂ ਧਾਰਮਿਕ ਕੈਲੰਡਰ ਟੰਗਣ ਦਾ ਵੀ ਰਿਵਾਜ ਪੈ ਚੁੱਕਾ ਸੀ।
ਸਾਡੇ ਘਰ ਦੀਆਂ ਕੰਧਾਂ ਤੇ ਵੀ ਗੁਰੂ ਅਰਜਣ ਦੇਵ ਜੀ ਦੀ ਸ਼ਹੀਦੀ ਦਾ ਦ੍ਰਿਸ਼ ਸੀ।ਜਿਸ ਵਿੱਚ ਉਹ ਤੱਤੀ ਤਵੀ ਤੇ ਬੈਠੇ ਤੇ ਚੰਦੂ ਸਿਰ ਵਿੱਚ ਗਰਮ ਰੇਤ ਪਾ ਰਿਹਾ ਸੀ।ਛੋਟੇ ਸਾਹਿਬ ਜਾਦਿਆਂ ਨੂੰ ਜਲਾਦ ਨੀਂਹਾਂ ਵਿੱਚ ਚਿਣ ਰਹੇ ਸਨ,ਵਰਗੇ ਕੈਲੰਡਰ ਸਨ।ਪਰ ਘਰ ਦੀ ਕਿਸੇ ਦੀਵਾਰ ਉੱਪਰ ਪਰਿਵਾਰ ਦੇ ਕਿਸੇ ਮੈਂਬਰ ਦੀ ਕੈਮਰੇ ਨਾਲ ਖਿੱਚੀ ਹੋਈ ਫੋਟੋ ਨਹੀਂ ਸੀ।
ਮੇਰੇ ਪਹਿਲੇ ਦੋ ਮਾਮਿਆਂ ਦੇ ਵਿਆਹ ਵੇਲੇ ਦੀ ਤਾਂ ਕੋਈ ਵੀ ਯਾਦ ਕੈਮਰਾ ਬੰਦ ਨਹੀਂ ਸੀ ਹੋ ਸਕੀ।ਉਦੋਂ ਕੈਮਰੇ ਪ੍ਰਚੱਲਤ ਹੀ ਨਹੀਂ ਸਨ।ਹਾਂ ਤੀਜੇ ਮਾਮੇ ਦੇ ਵਿਆਹ ਵੇਲੇ ਮੇਰੇ ਬਾਪੂ ਜੀ ਨੇ ਫੌਜ ਵਿੱਚੋਂ ਲਿਆਂਦੇ ਕੈਮਰੇ ਨਾਲ ਕੁੱਝ ਫਟੋਆਂ ਖਿੱਚੀਆਂ ਸਨ ਜੋ ਇੱਕ ਨਿੱਕੀ ਜਿਹੀ ਜਿਹੀ ਐਲਬਮ ਵਿੱਚ ਮੌਜੂਦ ਸਨ।ਇੱਕ ਬਲੈਕ ਐਂਡ ਵਾਈਟ ਫੋਟੋ ਵਿੱਚ ਮੇਰੇ ਬਾਪੂ ਜੀ ਦੇ ਗਲ਼ ਬਾਰਾਂ ਬੋਰ ਦੀ ਬੰਦੂਕ ਪਾਈ ਹੋਈ ਸੀ।ਇੱਕ ਹੋਰ ਫੋਟੋ ਵਿੱਚ ਮੇਰੀ ਮਾਮੀ ਮੇਰੇ ਮਾਮੇ ਨਾਲ ਆਨੰਦਾਂ ਤੇ ਇੱਕ ਚਾਦਰ ਵਿੱਚ ਲਿਪਟੀ ਬੈਠੀ ਸੀ।ਪਰ ਮੇਰੇ ਨਾਨੇ ਨੇ ਇਹ ਫੋਟੋਆਂ ਜੜਾ ਕੇ ਕੰਧ ਤੇ ਟੰਗਣ ਦੀ ਆਗਿਆ ਨਹੀਂ ਸੀ ਦਿੱਤੀ,ਕਿ ਘਰ ਆਇਆ ਹਰ ਬੰਦਾ ਲੜਕੀ ਨੂੰ ਵੇਖੇਗਾ।ਪਰ ਮੇਰਾ ਨੰਨਾ ਮਨ ਸੋਚਦਾ ਕਾਸ਼ ਮੇਰੀ ਵੀ ਕੋਈ ਫੋਟੋ ਹੋਵੇ।
ਆਖਰ ਇੱਕ ਦਿਨ ਮੇਰੀ ਇਹ ਤਮੰਨਾ ਵੀ ਪੂਰੀ ਹੋ ਹੀ ਗਈ।ਮੇਰੇ ਬਾਪੂ ਜੀ ਆਪਣੇ ਨਵੇਂ ਕਢਾਏ ਐਟਲਸ ਸਾਈਕਲ ਤੇ ਪਿੰਡ ਆਏ।ਦਰਅਸਲ ਉਨ੍ਹਾਂ ਮੈਨੂੰ ਦੀਵਾਲੀ ਮੌਕੇ ਪਿੰਡ ਲੈ ਕੇ ਜਾਣਾ ਸੀ।ਮੇਰੇ ਨਾਲ ਇਹ ਉਨ੍ਹਾਂ ਦੀ ਪਹਿਲੀ ਦੀਵਾਲੀ ਹੋਣੀ ਸੀ।ਅੱਜ ਉਨ੍ਹਾਂ ਦੇ ਮੋਢੇ ਟ੍ਰਾਂਜਿਸਟਰ ਵੀ ਪਾਇਆ ਹੋਇਆ ਸੀ ਜੋ ਉਹ ਫੌਜ ਵਿੱਚੋਂ ਨਾਲ ਲੈ ਕੇ ਆਏ ਸਨ ਤੇ ਉਸ ਉੱਪਰ ਗੀਤ ਸੁਣ ਰਹੇ ਸਨ।ਸਹੁਰੇ ਘਰ ਉਨ੍ਹਾਂ ਦੀ ਪੂਰੀ ਟੌਹਰ ਸੀ।ਮੇਰੀ ਨਾਨੀ ਉਨ੍ਹਾਂ ਦੀ ਆਉ ਭਗਤ ਕਰ ਰਹੀ ਸੀ।ਮੇਰੇ ਬਾਪੂ ਜੀ ਨੇ ਦੱਸਿਆ ਕਿ ਮੇਜਰ ਦੀ ਫੋਟੋ ਕਰਵਾ ਕੇ ਲਿਆਉਣੀ ਹੈ ਇਸ ਨੂੰ ਚੰਗੀ ਤਰ੍ਹਾ ਤਿਆਕ ਕਰ ਦੇਵੋ।ਫੇਰ ਮੇਰੀਆਂ ਮੀਢੀਆਂ ਗੁੰਦ ਕੇ ਸੋਹਣੇ ਕੱਪੜੇ ਪਾ ਦਿੱਤੇ ਗਏ।ਮੈਂ ਬਾਪੂ ਜੀ ਨਾਲ ਪਹਿਲੀ ਵਾਰੀ ਸਾਈਕਲ ਦੀ ਸਵਾਰੀ ਕੀਤੀ।
ਪਹਿਲੀ ਵਾਰ ਸ਼ਹਿਰ ‘ਚ ਐਨੀਆਂ ਦੁਕਾਨਾਂ ਟਾਂਗੇ ਤੇ ਮੋਟਰ ਗੱਡੀਆਂ ਵੇਖੀਆਂ।ਮੇਰੇ ਪਾਏ ਹੋਏ ਕੱਪੜੇ ਸ਼ਇਦ ਬਾਪੂ ਜੀ ਨੂੰ ਪਸੰਦ ਨਾਂ ਆਏ।ਫੇਰ ਉਨ੍ਹਾਂ ਮੇਰੇ ਲਈ ਇੱਕ ਸ਼ਰਟ ਤੇ ਬੱਧਰੀਆਂ ਵਾਲੀ ਪੈਂਟ ਲਈ।ਅਸੀਂ ਸ਼ਹਿਰ ਸਮਰਾਲੇ ਦੇ ਫਰੈਂਡਜ਼ ਸਟੁਡੀਉ ਪਾਸ ਗਏ।ਸਟੁਡੀਉ ਵਾਲੇ ਨੇ ਮੇਰੇ ਨਵੇਂ ਕੱਪੜੇ ਪਹਿਨਾਏ।ਵਾਲ਼ ਖੋਹਲ ਕੇ ਉਨ੍ਹਾਂ ਨੂੰ ਕੁੜੀਆਂ ਵਰਗੀ ਗੁੱਤ ਕਰਕੇ ਦੁਬਾਰਾ ਤੋਂ ਗੁੰਦਿਆ ਤੇ ਚੂੰਡੇ ਉੱਪਰ ਰਿਬਨ ਦਾ ਫੁੱਲ ਬਣਾਇਆ।ਮੇਰੇ ਬਾਪੂ ਜੀ ਨੇ ਸ਼ਹਿਰੋਂ ਖਰੀਦ ਕੇ ਤਾਜੇ ਫੁੱਲਾਂ ਦਾ ਗੁੱਟ ਮੇਰੇ ਇੱਕ ਹੱਥ ਫੜਾਇਆ।ਇਸ ਦਿਨ ਮੈਨੂੰ ਨਵੀਂ ਗੁਰਗਾਬੀ ਵੀ ਲੈ ਕੇ ਦਿੱਤੀ ਗਈ।ਸਜੇ ਧਜੇ ਨੂੰ ਮੈਨੂੰ ਕੈਮਰੇ ਅੱਗੇ ਖੜਾ ਕੇ ਫੋਟੋ ਖਿੱਚ ਦਿੱਤੀ ਗਈ।ਇਹ ਮੇਰੇ ਜੀਵਨ ਦੀ ਪਹਿਲੀ ਫੋਟੋ ਸੀ।

ਪਰ ਹੁਣ ਸੁਆਲ ਉੱਠਿਆ ਕਿ ਫੋਟੋ ਸਜਾਉਣੀ ਕਿੱਥੇ ਹੈ?ਉਹਦੇ ਲਈ ਮੇਰੇ ਬਾਪੂ ਜੀ ਨੇ ਪੱਥਰ ਦੀ ਬਿੱਲੀ ਵਾਲਾ ਇੱਕ ਟੇਬਲ ਲੈਂਪ ਲਿਆ।ਜਿਸ ਦੇ ਸ਼ੇਡ ਤੇ ਮੋਤੀਆਂ ਦੀ ਝਾਲਰ ਲਟਕ ਰਹੀ ਸੀ।ਏਸੇ ਲੈਂਪ ਦੇ ਬੇਸ ਤੇ ਮੇਰੀ ਜੜਾਊ ਸਟੈਂਡ ਵਾਲੀ ਫੋਟੋ ਰੱਖੀ ਜਾਣੀ ਸੀ ਜੋ ਅੱਜ ਵੀ ਸਾਡੇ ਘਰ ਮੌਜੂਦ ਹੈ।ਉਸ ਦਿਨ ਮੈਨੂੰ ਕੁੱਝ ਖੁਆਇਆ ਪਿਆਇਆ ਵੀ ਹੋਊ ਉਹ ਤਾਂ ਮੈਨੂੰ ਯਾਦ ਨਹੀ।ਸ਼ਾਇਦ ਬਾਤੀ ਖਾਧੀ ਹੋਵੇ ਜਾਂ ਗੋਲ਼ੀ ਵਾਲਾ ਬੱਤਾ ਵੀ ਪੀਤਾ ਹੋਵੇ।ਹਾਂ ਉਸ ਦਿਨ ਦੀ ਇੱਕ ਘਟਨਾਂ ਮੈਨੂੰ ਅੱਜ ਤੱਕ ਨਹੀਂ ਭੁੱਲਦੀ ਜੋ ਮੇਰੀਆਂ ਯਾਦਾਂ ਵਿੱਚ ਜੜੀ ਗਈ ਹੈ।
ਮੈਂ ਨਵੇਂ ਕੱਪੜੇ ਪਹਿਨੀ ਬਾਪੂ ਜੀ ਪਿੱਛੇ ਸਾਈਕਲ ਦੇ ਕੈਰੀਅਰ ਤੇ ਬੈਠਾ ਜਾ ਰਿਹਾ ਸੀ।ਨਵੀਂ ਜੁੱਤੀ ਪਹਿਨੀ ਹੋਈ ਸੀ।ਤਾਜ ਹਵਾ ਦੇ ਬੁੱਲਿਆਂ ਨਾਲ ਮੈਨੂੰ ਨੀਂਦ ਨੇ ਘੇਰਾ ਪਾ ਲਿਆ।ਸ਼ਾਇਦ ਮੇਰਾ ਪੈਰ ਵੀ ਸੌਂ ਗਿਆ ਹੋਵੇ।ਮੇਰੀ ਨਵੀਂ ਜੁੱਤੀ ਵਾਲਾ ਪੈਰ ਸਾਈਕਲ ਦੇ ਗਜ਼ਾਂ ਵਿੱਚ ਆ ਕੇ ਲਹੂ ਲੁਹਾਣ ਹੋ ਗਿਆ ਸੀ।ਜਦੋਂ ਬਾਪੂ ਜੀ ਨੂੰ ਮੇਰੇ ਰੋਣ ਤੋਂ ਪਤਾ ਲੱੋਗਆ ਉਦੋ ਤੱਕ ਜੁੱਤੀ ਤਾਂ ਪਤਾ ਨਹੀਂ ਕਿੱਥੇ ਡਿਗ ਚੁੱਕੀ ਸੀ।ਬਾਪੂ ਜੀ ਘਬਰਾ ਗਏ ਉਨ੍ਹਾਂ ਮੇਰੇ ਪੈਰ ਤੇ ਕੱਪੜਾ ਬੰਨਿਆ ਤੇ ਮੁੜ ਨਾਨਕੇ ਪਿੰਡ ਲੈ ਗਏ।
ਮੇਰੀ ਨਾਨੀ ਪੰਜਾਬ ਕੌਰ ਘਬਰਾਈ ਮੇਰੇ ਪੈਰ ਨੂੰ ਟਕੋਰਾਂ ਕਰ ਰਹੀ ਸੀ ਤੇ ਸੇਕ ਦੇ ਰਹੀ ਸੀ।ਉਸ ਨੂੰ ਮੇਰੇ ਪੈਰ ਦੀ ਸੱਟ ਨਾਲ ਬਾਪੂ ਜੀ ਵਲੋਂ ਲੈ ਕੇ ਦਿੱਤੀ ਜੁੱਤੀ ਦੇ ਇੱਕ ਪੈਰ ਗੁਆਚ ਜਾਣ ਦਾ ਵੀ ਦੁੱਖ ਸੀ।ਨਾਨੀ ਨੂੰ ਆਸ ਸੀ ਕਿ ਦੂਜਾ ਪੈਰ ਸ਼ਾਇਦ ਲੱਭ ਜਾਵੇ।ਪਰ ਅਜਿਹਾ ਕਦੀ ਨਹੀਂ ਸੀ ਹੋਇਆ।ਤੇ ਜੁੱਤੀ ਦਾ ਉਹ ਪੈਰ ਇੱਕਲਾ ਹੀ ਯਾਦ ਬਣਿਆ ਘਰ ਵਿੱਚ ਹੁਣ ਤੱਕ ਪਿਆ ਰਿਹਾ।ਮੁੜਕੇ ਮੇਰੇ ਜੀਵਨ ਵਿੱਚ ਸੈਕੜੇ ਜੁੱਤੀਆਂ ਆਈਆਂ ਤੇ ਗਈਆਂ ਪਰ ਉਸ ਗੁਆਚੀ ਜੁੱਤੀ ਦੇ ਇੱਕ ਪੈਰ ਨੂੰ ਮੈਂ ਅੱਜ ਤੱਕ ਨਹੀਂ ਭੁੱਲ ਸਕਿਆ।ਜਿਵੇਂ ਕਿਸੇ ਮਾਂ ਦਾ ਬੱਚਾ ਪੇਟ ਵਿੱਚ ਹੀ ਮਰ ਗਿਆ ਹੋਵੇ।ਜਾਂ ਜਿਸਮ ਦਾ ਕੋਈ ਅੰਗ ਲਹਿ ਗਿਆ ਹੋਵੇ।ਅਜਿਹਾ ਦਰਦ ਮੈਂ ਅੱਜ ਤੱਕ ਮਹਿਸੂਸ ਕਰਦਾ ਹਾਂ।
ਬਾਪੂ ਜੀ ਨੂੰ ਲੱਗਿਆ ਕਿ ਹੁਣ ਪੈਰ ਨੂੰ ਡੋਲ ਨਹੀਂ ਪੈਂਦਾ ਸੋਜ ਵੀ ਘੱਟ ਹੈ ਤੇ ਉਹ ਦੂਸਰੇ ਦਿਨ ਮੈਨ੍ਹੰ ਸਾਈਕਲ ਦੇ ਡੰਡੇ ਤੇ ਪਰਨਾਂ ਬੰਨਕੇ ਬਿਠਾ ਪਿੰਡ ਲੈ ਤੁਰੇ।ਰੋਜ ਗਰਮ ਪਾਣੀ ਵਿੱਚ ਨਿੱਮ ਦੇ ਪੱਤਿਆਂ ਦੀ ਟਕੋਰ ਨਾਲ ਪੈਰ ਪੱਕਣ ਤੋਂ ਬਿਨਾਂ ਹੀ ਅਰਾਮ ਆ ਗਿਆ।ਦੀਵਾਲੀ ਤੱਕ ਪੈਰ ਠੀਕ ਹੋ ਗਿਆ ਤੇ ਅਸੀਂ ਸ਼ਾਮ ਨੂੰ ਰਲ਼ ਕੇ ਲਕਸ਼ਮੀ ਪੂਜਾ ਕੀਤੀ।ਦੀਵਿਆਂ ਤੇ ਮੋਮਬੱਤੀਆਂ ਨਾਲ ਬਿੱਲੀ ਵਾਲਾ ਲੈਂਪ ਵੀ ਲਾਇਆ ਗਿਆ ਤੇ ਉਸ ਤੇ ਮੇਰੀ ਫੋਟੋ ਵੀ ਰੱਖੀ ਗਈ।ਫੇਰ ਇਹ ਦੋਨੋ ਚੀਜਾਂ ਸਾਡੇ ਘਰ ਦਾ ਸ਼ਿੰਗਾਰ ਬਣ ਗਈਆਂ।ਕਦੇ ਬੈਠਕ ਵਿੱਚ ਤੇ ਕਦੇ ਚੁਬਾਰੇ ਵਿੱਚ ਇਹ ਕੰਸ ਜਾਂ ਮੇਜ਼ ਤੇ ਸਜੀਆਂ ਰਹਿੰਦੀਆਂ।1990 ਵਿੱਚ ਜਦੋਂ ਮੈਂ ਕਨੇਡਾ ਆਇਆ ਤਾਂ ਬਹੁਤ ਕੁੱਝ ਪਿੱਛੇ ਰਹਿ ਗਿਆ ਸੀ।ਇਹ ਲੈਂਪ ਤੇ ਫੋਟੋ ਵੀ।
1993 ਵਿੱਚ ਜਦੋਂ ਮੇਰੇ ਬਾਪੂ ਜੀ ਕਨੇਡਾ ਆਏ ਤੇ ਇਹ ਫੋਟੋ ਆਪਣੇ ਨਾਲ ਲੈ ਆਏ।ਉਸੇ ਸਾਲ ਉਹ ਇੱਕ ਐਕਸੀਡੈਂਟ ਦਾ ਸ਼ਿਕਾਰ ਹੋਕੇ ਸਦਾ ਸਦਾ ਲਈ ਸਾਡੇ ਤੋਂ ਵਿਛੜ ਗਏ।ਤੇ ਮੇਰੇ ਕੋਲ ਉਨ੍ਹਾ ਦੀ ਯਾਦ ਨਾਲ ਜੁੜੀ ਰਹਿ ਗਈ ਮੇਰੀ ਇਹ ਪਹਿਲੀ ਫੋਟੋ।ਜਿਸ ਨੂੰ ਕਦੀ ਕਦੀ ਮੈਂ ਨੀਝ ਨਾਲ ਵੇਖਦਾ ਹਾਂ।ਤੇ ਮੈਨੂੰ ਆਪਣਾ ਆਪ ਮੇਰੀ ਬੇਟੀ ਬਿਸਮਨ ਵਰਗਾ ਲੱਗਦਾ ਹੈ।
ਕੁੱਝ ਯਾਦਾਂ ਤੁਹਾਡੇ ਮਨ ਵਿੱਚ ਫਰੇਮ ਹੋ ਜਾਂਦੀਆਂ ਨੇ ਤੇ ਸੋਚ ਦੀ ਦੀਵਾਰ ਤੇ ਹਮੇਸ਼ਾਂ ਲਈ ਟੰਗੀਆਂ ਜਾਂਦੀਆਂ ਨੇ।ਇਸ ਨੂੰ ਵੀ ਬੱਸ ਐਦਾਂ ਹੀ ਸਮਝ ਲਵੋ।ਜੋ ਮੇਰੇ ਲਈ ਤਾਂ ਇੱਕ ਕੀਮਤੀ ਖਜਾਨਾ ਹੈ।ਮੇਰੇ ਬਾਪੂ ਜੀ ਨਾਲ ਜੁੜੀ ਮੇਰੇ ਜੀਵਨ ਦੀ ਸਟੁਡੀਉ ਵਿੱਚ ਖਿਚਵਾਈ ਸਭ ਤੋਂ ਪਹਿਲੀ ਫੋਟੋ ਤੇ ਮੇਰੇ ਜੀਵਨ ਦੀ ਸਭ ਤੋਂ ਪਹਿਲੀ ਤੇ ਸੁਨਹਿਰੀ ਯਾਦ।

ਮੋਮ ਦੇ ਖੰਭ……… ਕਹਾਣੀ / ਮੇਜਰ ਮਾਂਗਟ

ਮੇਰਾ ਨਾਂ ਸੁਰਿੰਦਰਜੀਤ ਕੌਰ ਹੈ।ਸਾਰੇ ਮੈਨੂੰ ਸ਼ਿੰਦੀ ਕਹਿੰਦੇ ਨੇ।ਮੈਂ ਸੀ ਆਪਣੇ ਮਾਂ ਬਾਪ ਦੀ ਲਾਡਲੀ ਸ਼ਿੰਦੀ।ਕਈ ਵਾਰ ਮੇਰੇ ਪਾਪਾ ਆਖਦੇ, “ਇਹ ਕੁੜੀ ਨਹੀਂ ਮੇਰਾ ਮੁੰਡਾ ਹੈ ਇਹ ਤਾਂ...।ਇਹਦੀ ਲਿਆਕਤ ਦੱਸਦੀ ਆ ਬਈ ਬਹੁਤ ਉੱਚੀ ਉਡਾਣ ਭਰੇਗੀ”।
ਇਹ ਗੱਲ ਤਾਂ ਕਈ ਵਾਰੀ ਹੱਥ ਦੇਖਣ ਆਏ ਪਾਂਡੇ ਵੀ ਕਹਿ ਦਿੰਦੇ, “ਜ਼ਜ਼ਮਾਨ ਬੇਟੀ ਦੀਆਂ ਰੇਖਾਵਾਂ ਦੱਸਦੀਆਂ ਨੇ ਕਿਸਮਤ ਦੀ ਬੜੀ ਬਲੀ ਆ,ਬਾਹਰਲੇ ਮੁਲਕ ਦਾ ਯੋਗ ਬਣਦੈ...।ਆਹ ਵੇਖ ਧਨ ਦੀ ਕੋਠੀ।ਸਮਝੋ ਫੁਰਰ ਹੋਈ...।ਸਰਦਾਰ ਜੀ ਫੰਗ ਬਣੇਗੀ,ਥੋਡੇ ਲਈ ਇਹ ਕਿਸਮਤ ਵਾਲੀ ਕੰਨਿਆ।ਕਨੇਡਾ ਅਮਰੀਕਾ ਦਾ ਧਨ ਲਿਖਿਐ।ਤੁਸੀਂ ਵੀ ਉੱਡ ਜਾਵੋਂਗੇ।ਜ਼ਜ਼ਮਾਨ ਬੱਸ ਪਰੋਹਿਤ ਨੂੰ ਖੁਸ਼ ਕਰ ਦਿਉ...”।
ਪਾਪਾ ਵਿਅੰਗ ਨਾਲ ਕਹਿੰਦੇ “ਪੰਡਿਤਾ ਟਿੱਚਰਾਂ ਤਾਂ ਨੀ ਕਰਦਾ।ਪਰਸੂ ਰਾਮਾ ਜੇ ਤੇਰੀ ਜ਼ਬਾਨ ਸੱਚੀ ਹੋ ਜੇ ਮੂੰਹ ਮੰਗਿਆ ਦਾਨ ਦਊਂ।ਹੁਣ ਆ ਲੈ ਫੜ ਦਸਾਂ ਦਾ ਨੋਟ।ਜੇ ਕੁੱਝ ਹੋਰ ਖਾਣਾ ਪੀਣਾ ਤਾਂ ਦੱਸ”।
ਪੰਡਿਤ ਪਰਸੂ ਰਾਮ ਜੋ ਦੋ ਦਹਾਕਿਆਂ ਤੋਂ ਸਾਡੇ ਪਰਿਵਾਰ ਨਾਲ ਸਾਂਝ ਰੱਖਦਾ ਸੀ ਪਾਪਾ ਨੂੰ ਅਸੀਸਾਂ ਦਿੰਦਾ ਤੁਰ ਜਾਂਦਾ।
ਉਦੋਂ ਮੈਂ ਬੀ ਕਾਮ ਪਹਿਲਾ ਦੀ ਵਿਦਿਆਰਥਣ ਸੀ।ਐਮ ਬੀ ਏ ਕਰਨ ਦਾ ਨਿਸ਼ਾਨਾ ਸੀ।ਪਾਪਾ ਕਹਿੰਦੇ ਸੀ ਜਿੰਨੀ ਮਰਜੀ ਪੜ੍ਹ ਖਰਚਾ ਮੈਂ ਆਪੇ ਕਰਾਂਗਾ।ਮੇਰੇ ਪਾਪਾ ਮਿਲਟਰੀ ਚੋਂ ਕੈਪਟਨ ਰਿਟਾਇਰ ਹੋਏ ਸਨ।ਪਹਿਲੀ ਔਲਾਦ ਹੋਣ ਕਾਰਨ ਮੰਮੀ ਪਾਪਾ ਮੈਨੂੰ ਬਹੁਤ ਪਿਆਰ ਕਰਦੇ।ਮੇਰੇ ਤੋਂ ਬਾਅਦ ਭਾਂਵੇਂ ਮੇਰਾ ਛੋਟਾ ਭਰਾ ਵੀ ਹੋਇਆ,ਪਰ ਮੇਰੇ ਪਿਆਰ ਨੂੰ ਕੋਈ ਫਰਕ ਨਾਂ ਪਿਆ।ਮੈਂ ਜੋ ਗੱਲ ਮੂੰਹੋਂ ਕੱਢਦੀ ਪੂਰੀ ਹੁੰਦੀ।ਕਦੇ ਕਦੇ ਮੰਮੀ ਆਖਦੀ “ਤੁਸੀਂ ਸਿਰ ਚੜ੍ਹਾ ਲੈਣੀ ਆਂ...।ਉਨਾਂ ਮੁੰਡੇ ਦਾ ਨੀ ਕਰਦੇ ਜਿੰਨਾ ਏਹਦਾ ਕਰਦੇ ਓਂ...”
ਪਾਪਾ ਕਹਿੰਦੇ “ਬਈ ਇਹ ਕੈਪਟਨ ਪ੍ਰਿਤਪਾਲ ਸਿੰਘ ਦੀ ਪਲੇਠੀ ਧੀ ਆ।ਇਹਦਾ ਸਥਾਨ ਹੋਰ ਕੋਈ ਨਹੀਂ ਲੈ ਸਕਦਾ”
ਪਾਪਾ ਜੀ ਉਨੀਂ ਤਿੰਨ ਭਰਾ ਸਨ।ਇੱਕ ਖੇਤੀ ਕਰਦਾ ਦੂਜਾ ਪਟਵਾਰੀ ਤੇ ਤੀਜੇ ਮੇਰੇ ਪਾਪਾ ਮਿਲਟਰੀ ਮੈਨ।ਦੂਜੇ ਭਰਾ ਪਤਾ ਨਹੀਂ ਕਿਸ ਗੱਲੋਂ ਪਾਪਾ ਨਾਲ ਖਾਰ ਖਾਂਦੇ ਸਨ।ਕਈ ਵਾਰ ਤਾਂ ਸਾਨੂੰ ਸੁਣਾ ਕੇ ਵੀ ਆਖ ਦਿੰਦੇ ਕਿ “ਫੌਜੀ ਤਾਂ ਅੱਧੇ ਕਮਲ਼ੇ ਹੁੰਦੇ ਆ।ਦੇਖ ਏਹਨੇ ਕੁੜੀ ਕਿਵੇਂ ਸਿਰ ਚੜਾਈ ਆ।ਪਿੰਡ ‘ਚ ਵੀ ਪੈਂਟ ਸ਼ਰਟ ਪਾ ਕੇ ਸਕੂਟਰ ਭਜਾਈਂ ਫਿਰੂ।ਕੁੜੀਆਂ ਵਾਲੇ ਕਿਤੇ ਲੱਛਣ ਨੇ ਏਹਦੇ...।ਜਦੋਂ ਕੋਈ ਨਵਾਂ ਚੰਦ ਚਾੜ ਤਾ ਫੇਰ ਪਤਾ ਲੱਗੂ”
ਪਿੰਡ ਦੀਆਂ ਕਈ ਔਰਤਾਂ ਮੇਰੀ ਮਾਂ ਨੂੰ ਆਖਦੀਆਂ “ਕੁੜੇ ਫੌਜਣੇ ਏਹਨੂੰ ਅਕਲ ਦਿਆ ਕਰ ਬਈ ਇਉਂ ਫਿਰਦੀਆਂ ਕੁੜੀਆਂ ਕੱਤਰੀਆਂ ਚੰਗੀਆਂ ਨੀ ਲੱਗਦੀਆਂ ਕੱਲ ਨੂੰ ਬਗਾਨੇ ਘਰ ਜਾਣੈ...”
ਪਰ ਪਾਪਾ ਦੀ ਕਮਿਸਟਰੀ ਕਿਸੇ ਨਾਲ ਨਾ ਰਲ਼ਦੀ।ਉਹ ਕਹਿੰਦੇ “ਸਕੂਟਰ ਕੀ ਗੱਲ ਆ ਮੈਂ ਤਾਂ ਕੁੜੀ ਨੂੰ ਪਾਇਲਟ ਬਣੌਣੈ ਲੋਕਾਂ ਦਾ ਕੀ ਢਿੱਡ ਦੁਖਦੈ”।
ਲੋਕ ਤੇ ਰਿਸ਼ਤੇਦਾਰ ਚਾਹੁੰਦੇ ਸਨ ਮੈਂ ਜਲਦੀ ਵਿਆਹੀ ਜਾਵਾ।ਤਾਂ ਕਿ ਮੈਨੂ ਵੇਖ ਪਿੰਡ ਦੀਆਂ ਹੋਰ ਕੁੜੀਆਂ ਨਾ ਰੀਸ ਕਰਨ।ਬੁੱਢੀਆਂ ਆਖਦੀਆਂ “ਭਾਈ ਏਹਦੇ ਹੱਥ ਪੀਲ਼ੇ ਕਰ ਕੇ ਸੁਰਖਰੂ ਹੋਵੋ।ਜੁੰਮੇਵਾਰੀ ਮੁੱਕੇ ਏਨੀ ਪੜ੍ਹ ਕੇ ਕਿਤੇ ਏਹਨੇ ਲਫਟੈਣ ਲੱਗਣੈ ਕੱਲ ਕਲਾ ਨੂੰ ਸੌ ਕੋਈ ਗੱਲ ਹੋ ਜੇ...”
ਇਹ ਆਲੇ ਦੁਆਲੇ ਦਾ ਦਬਾ ਹੀ ਸੀ ਕਿ ਪਾਪਾ ਨੇ ਮੇਰੇ ਲਈ ਮੁੰਡੇ ਦੇਖਣੇ ਸ਼ੁਰੂ ਕਰ ਦਿੱਤੇ।ਚੰਗੀਆਂ ਨੌਕਰੀਆਂ ਵਾਲੇ ਤੇ ਚੰਗੀਆਂ ਜ਼ਮੀਨਾਂ ਵਾਲੇ।ਜ਼ਮੀਨਾਂ ਵਾਲੇ ਪਾਪਾ ਨੂੰ ਖਿਆਲਾਂ ਪੱਖੋਂ ਚੰਗੇ ਨਾਂ ਲੱਗਦੇ ਤੇ ਨੌਕਰੀਆਂ ਵਾਲੇ ਦਾਜ ਦੀ ਲਿਸਟ ਸੁਣਾ ਦਿੰਦੇ।ਪਾਪਾ ਉਨ੍ਹਾਂ ਨੂੰ ਘਟੀਆ ਦੁਸ਼ਮਣ ਵਾਂਗ ਤਿਆਗ ਕੇ ਆ ਜਾਂਦੇ।ਮੰਮੀ ਕਹਿੰਦੀ ਇਸ ਤਰ੍ਹਾਂ ਤਾਂ ਥੋਡੇ ਕੁੱਝ ਵੀ ਫਿੱਟ ਨੀ ਔਣਾ,ਬੱਸ ਆਪਣੀ ਹੀ ਲੈਫਟ ਰੈਟ ਲੈਫਟ ਰੈਟ ਕਰਦੇ ਰਿਹੋ।ਉੱਤੋਂ ਕੁੜੀ ਦੀ ਉਮਰ ਲੰਘਦੀ ਜਾਂਦੀ ਆ”
ਪਰ ਪਾਪਾ ਚਾਹੁੰਦੇ ਸਨ ਕਿ ਮੇਰਾ ਬਾਹਰ ਜਾਣ ਦਾ ਕੋਈ ਜੁਗਾੜ ਬਣ ਜਾਵੇ।ਪਾਂਡੇ ਦੀ ਕਹੀ ਗੱਲ ਉਨ੍ਹਾਂ ਦੇ ਦਿਲ ਵਿੱਚ ਬੈਠੀ ਸੀ।ਉਹ ਹਮੇਸ਼ਾਂ ਕਹਿੰਦੇ “ਜੇ ਸ਼ਿੰਦੀ ਲਈ ਕੋਈ ਬਾਹਰਲਾ ਮੁੰਡਾ ਮਿਲ ਜਾਵੇ”
ਮੰਮੀ ਵੀ ਅੱਕ ਕੇ ਆਖ ਦਿੰਦੇ ਕਿ “ਚੱਲ ਕਰ ਲੋ ਫੇ ਟਰਾਈ ਨਾਲ ਮੁੰਡੇ ਦਾ ਵੀ ਕੁੱਝ ਬਣ ਜਾਵੇਗਾ”।
ਪਾਪਾ ਹਸ ਕੇ ਆਖਦੇ “ਕੱਲਾ ਮੁੰਡੇ ਦਾ ਕਿਉਂ ਆਪਣਾ ਵੀ ਬਾਹਰ ਜਾਣ ਦਾ ਸਪਨਾ ਪੂਰਾ ਹੋ ਜਾਵੇਗਾ।ਫੇਰ ਤਾਂ ਤੂੰ ਵੀ ਫੌਜਣ ਤੋਂ ਕਨੇਡਾ ਵਾਲੀ ਬਣ ਜਾਵੇਂਗੀ”
ਸਾਡੇ ਸਮਾਜ ਵਿੱਚ ਕਨੇਡਾ ਵਾਲੀ ਫੀਤੀ ਹਰ ਕੋਈ ਲਗਵਾਉਣੀ ਚਾਹੁੰਦੈ।ਤੇ ਫੇਰ ਇੱਕ ਦਿਨ ਕਨੇਡਾ ਵਾਲਾ ਰਿਸ਼ਤਾ ਵੀ ਮਿਲ ਗਿਆ।
ਗੱਲ ਯਾਦ ਕਰਕੇ ਫੇਰ ਮੇਰੇ ਜਿਸਮ ਵਿੱਚ ਸੀਤ ਲਹਿਰ ਚੱਲ ਪਈ।ਮੇਰਾ ਜਿਸਮ ਕੰਬਣ ਲੱਗ ਪਿਆ ਏ।ਅਕਸਰ ਇਵੇਂ ਹੁੰਦਾ ਹੈ ਜਦੋਂ ਮੈਂ ਕਿਸੇ ਨੂੰ ਇਹ ਗੱਲ ਦੱਸਦੀ ਹਾਂ।ਮੇਰੇ ਘਰ ਵਿੱਚ ਤਾਂ ਮੇਰੀ ਗੱਲ ਸੁਣਨ ਵਾਲਾ ਵੀ ਕੋਈ ਨਹੀਂ।ਮੈਂ ਬੱਸ ਬਿਨਾਂ ਖੰਭਾਂ ਵਾਲੀ ਚਿੜੀ ਹਾਂ।ਅੱਜ ਮੇਰਾ ਜੀ ਕਾਰਦਾ ਹੈ ਧਾਹਾਂ ਮਾਰ ਕੇ ਰੋਵਾਂ।ਮੇਰੇ ਪਾਪਾ ਵੀ ਹਮੇਸ਼ਾਂ ਮੈਨੂੰ ਪਿਆਰ ਨਾਲ ਆਖਦੇ ਸਨ ‘ਇਹ ਤਾਂ ਮੇਰੀ ਚਿੜੀ ਹੈ ਚਿੜੀ’।
ਉਂਝ ਮੇਰੇ ਪਾਸ ਸਭ ਕੁੱਝ ਹੈ।ਇੱਕ ਮਿਲੀਅਨ ਡਾਲਰ ਦਾ ਘਰ।ਡਰਾਈਵੇਅ ਵਿੱਚ ਬੀ ਐੱਮ ਡਬਲਿਯੂ ਕਾਰ ਅਤੇ ਮਰਸੈਡੀ ਦਾ ਐੱਸ ਯੂ ਵੀ।ਇਹ ਸ਼ਹਿਰ ਦਾ ਪੌਸ਼ ਏਰੀਆ ਹੈ।ਮੇਰੇ ਹਸਬੈਂਡ ਚਾਰਟਿਡ ਅਕਾਊਂਟੈਟ ਨੇ।ਬਹੁਤ ਵੱਡੀਆਂ ਕੰਪਨੀਆਂ ਦੇ ਅਕਾਊਂਟ ਰੱਖਦੇ ਨੇ।ਕਦੀ ਅਮਰੀਕਾ ਤੇ ਕਦੀ ਕਨੇਡਾ ਦੇ ਦੂਸਰੇ ਸ਼ਹਿਰ ਟਰੈਵਲ ਕਰਦੇ ਰਹਿੰਦੇ ਨੇ।ਬੱਸ ਮੈਂ ਹੀ ਪਿੰਜਰੇ ਪਿਆ ਪੰਛੀ ਹਾਂ।
ਮੇਰਾ ਐੱਮ ਬੀ ਏ ਕਰਨ ਦਾ ਸੁਪਨਾ ਤਾਂ ਵਿਚਕਾਰ ਹੀ ਟੁੱਟ ਗਿਆ ਸੀ।ਹੁਣ ਮੇਰੇ ਹੱਸਬੈਂਡ ਮੇਰੇ ਤੋਂ ਜੌਬ ਵੀ ਕੋਈ ਨਹੀਂ ਕਰਵਾਉਣਾ ਚਾਹੁੰਦੇ।ਕਹਿੰਦੇ ਘਰ ਰਹਿ ਕੇ ਹੀ ਮੇਰੀ ਮੱਦਦ ਕਰਿਆ ਕਰ।ਪਰ ਮੱਦਦ ਤਾਂ ਮੈਂ ਤਾਂ ਕਰਾਂ ਜੇ ਉਹ ਘਰ ਰਹਿਣ।
ਵਿਆਹ ਤੋਂ ਬਾਅਦ ਸਾਡੇ ਇੱਕ ਹੀ ਬੱਚਾ ਹੋਇਆ।ਮੇਰੀ ਧੀ ਰੱਮੀ ਜੋ ਅਠਾਰਾਂ ਵਰਿਆਂ ਦੀ ਹੈ ਤੇ ਅੱਜ ਕੱਲ ਬੋਸਟਨ ਯੂਨੀਵਰਸਿਟੀ ਵਿੱਚ ਮੈਡੀਕਲ ਸਾਇੰਸ ਦੀ ਡਿਗਰੀ ਕਰਦੀ ਹੈ।ਦੋ ਤਿੰਨ ਮਹੀਨੇ ਬਾਅਦ ਘਰ ਆਂਉਦੀ ਏ।ਉਦੋਂ ਮੇਰਾ ਚਾਅ ਨਹੀਂ ਚੁੱਕਿਆ ਜਾਂਦਾ।ਘਰ ਆ ਕੇ ਵੀ ਉਹ ਟੈਲੀਵੀਯਨ,ਕੰਮਪਿਊਟਰ ਜਾਂ ਫੋਨ ਤੇ ਬਿਜ਼ੀ ਰਹਿੰਦੀ ਏ।ਮੇਰੇ ਨਾਲ ਗੱਲਾਂ ਭਾਵੇਂ ਘੱਟ ਕਰਦੀ ਆ ਪਰ ਉਸ ਨੂੰ ਮੇਰੀਆਂ ਬਣਾਈਆਂ ਮੇਥਿਆਂ ਵਾਲੀਆਂ ਰੋਟੀਆਂ ਦਹੀਂ ਨਾਲ ਬਹੁਤ ਪਸੰਦ ਨੇ।ਉਹ ਆਉਣ ਸਾਰ ਕਹੂ “ਮਾਂ ਦਹੀਂ ਨਾਲ ਗਰੀਨ ਰੋਟੀ ਬਣਾ ਦੇ”।ਉਸ ਨੂੰ ਤਾਂ ਫਰੈਂਡਾ ਦੇ ਫੋਨ ਵੀ ਬਹੁਤ ਆਂਉਦੇ ਨੇ।
ਮੇਰੀ ਧੀ ਜਦੋਂ ਸਾਗ ਮੱਕੀ ਦੀ ਰੋਟੀ,ਰਾਜ ਮਾਂਹ ਚੌਲ਼,ਛੋਲੇ ਪੂਰੀਆਂ ਅਤੇ ਚਿਕਨ ਕਰੀ ਬਣਾਉਣ ਲਈ ਆਖਦੀ ਏ ਤਾਂ ਮੈਨੂੰ ਚਾਅ ਚੜ ਜਾਂਦਾ ਏ।ਪਰ ਫੇਰ ਇਹ ਸੋਚ ਕੇ ਮੈਂ ਬਹੁਤ ਉਦਾਸ ਹੋ ਜਾਂਦੀ ਕਿ ਮੇਰੇ ਜਿਸਮ ਨਾਲ ਲੱਗਾ ਇਹ ਖੰਭ ਵੀ ਇੱਕ ਦਿਨ ਟੁੱਟ ਜਾਣਾ ਹੈ।
ਤੁਸੀਂ ਇਹ ਤਾਂ ਮੈਨੂੰ ਪੁੱਛਿਆ ਹੀ ਨਹੀਂ ਕਿ ਤੂੰ ਕਨੇਡਾ ਕਿਵੇਂ ਆਈ ਸੀ?ਤੇ ਤੇਰੇ ਮੰਮੀ ਪਾਪਾ ਹੁਣ ਕਿੱਥੇ ਨੇ?ਲਉਂ ਮੈਂ ਆਪੇ ਹੀ ਦੱਸ ਦਿੰਦੀ ਹਾਂ।ਮੈਨੂੰ ਰਤਾ ਅੱਥਰੂ ਪੂੰਝ ਲੈਣ ਦਿਉ।ਫੇਰ ਦੌੜ ਪਏ ਮੇਰੇ ਸਿਰ ‘ਚ ਖਿਆਲਾਂ ਦੇ ਘੋੜੇ।ਇਨ੍ਹਾਂ ਨੇ ਹੀ ਮੈਨੂੰ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਮਰੀਜ਼ ਬਣਾ ਛੱਡਿਆ ਹੈ।ਡਾਕਟਰ ਕਹਿੰਦਾ ਹੈ,ਮਨ ਨਾਲ ਗੱਲਾਂ ਕਰਨੀਆਂ ਛੱਡ ਦੇ।ਕਾਲਪਨਿਕ ਸਰੋਤਿਆਂ ਨੂੰ ਆਪਣੀਆਂ ਕਹਾਣੀਆਂ ਸੁਣਾਉਣੀਆਂ ਛੱਡ ਕੇ ਖੁਸ਼ ਰਿਹਾ ਕਰ।ਪਰ ਹੋਰ ਮੈਂ ਕਰਾਂ ਵੀ ਕੀ?ਮੇਰੀ ਗੱਲ ਸੁਣਨ ਵਾਲਾ ਹੋਰ ਕਿਹੜਾ ਹੈ?
ਮੇਰੇ ਮੰਮੀ ਪਾਪਾ ਮੇਰੇ ਦਿਲ ਵਿੱਚ ਰਹਿੰਦੇ ਨੇ।ਤੇ ਮੇਰਾ ਭਰਾ ਕਮਲ ਏਸੇ ਸ਼ਹਿਰ ਵਿੱਚ।ਮੈਨੂੰ ਕਦੀ ਨਹੀਂ ਮਿਲਦਾ।ਕਹਿੰਦਾ ਮੈਂ ਉਸਦੀ ਮਨਹੂਸ ਭੈਣ ਹਾਂ।ਉਸ ਦੀ ਘਰ ਵਾਲੀ ਨੂੰ ਤਾਂ ਮੈਂ ਬਿਲਕੁੱਲ ਚੰਗੀ ਨਹੀਂ ਲੱਗਦੀ।ਮੈਨੂੰ ਦੇਖ ਕੇ ਉਨ੍ਹਾਂ ਦੇ ਮੱਥੇ ਤੇ ਵੱਟ ਪੈ ਜਾਂਦੇ ਨੇ।ਮੈਂ ਉਨਾਂ ਦੇ ਘਰ ਜਾਣਾ ਹੀ ਛੱਡ ਤਾ।ਮੇਰੇ ਉਹ ਖੰਭ ਵੀ ਟੁੱਟ ਗਏ।ਮਨਹੂਸ ਜੋ ਹੋਈ।ਖੰਭਾਂ ਹੀਣ ਚਿੜੀ।
ਮੇਰੇ ਹਸਬੈਂਡ ਬਲਵਿੰਦਰ ਸਿੰਘ ਸਹੋਤਾ ਜੋ ਆਪਣੇ ਆਪ ਨੂੰ ਬੌਬ ਸਹੋਟਾ ਕਹਾ ਕੇ ਖੁਸ਼ ਹੁੰਦਾ ਹੈ।ਮੇਰੇ ਨਾਲ ਕਦੀ ਨਹੀਂ ਲੜਿਆ ਅਤੇ ਨਾਂ ਹੀ ਕਿਸੇ ਗੱਲ ਤੋਂ ਮੈਨੂੰ ਰੋਕਿਆ ਏ।ਮੈਂ ਤਾਂ ਚਾਹੁੰਦੀ ਹਾਂ ਉਹ ਮੇਰੇ ਨਾਲ ਲੜੇ ਮੈਨੂੰ ਕਿਸੇ ਗੱਲੋਂ ਰੋਕੇ ਤਾਂ ਮੈਨੂੰ ਵੀ ਲੱਗੇ ਕਿ ਮੈਂ ਉਸਦੀ ਪਤਨੀ ਹਾਂ।ਪਰ ਉਹ ਲੜਨ ਰੋਕਣ ਤਾਂ,ਤਾਂਹੀ ਜੇ ਕਦੀ ਘਰ ਰਹਿਣ।ਜੀਵਨ ਬੇ ਰਸ ਹੈ,ਫਿੱਕਾ ਫਿੱਕਾ।ਹਰ ਔਰਤ ਦੀ ਇੱਛਾ ਹੁੰਦੀ ਹੈ ਕਿ ਉਹ ਤਾਕਤਵਰ ਮਜ਼ਬੂਤ ਪਤੀ ਦੀ ਪਤਨੀ ਹੋਵੇ।ਪਰ ਇਹ ਹਰ ਗੱਲ ‘ਚ ਕਮਜੋਰ ਤੇ ਲੋੜ ਤੋਂ ਵੱਧ ਸਾਊ ਆ।ਕਦੀ ਕਦੀ ਏਨੀ ਸ਼ਰਾਫਤ ਤੋਂ ਵੀ ਖਿਝ ਚੜ ਜਾਂਦੀ ਆ...।
ਕਦੀ ਵੀ ਕੰਪਨੀ ਨੂੰ ਕਿਸੇ ਗੱਲੋਂ ਜਵਾਬ ਨਹੀਂ ਦਿੰਦਾ।ਜਿੱਥੇ ਤੋਰ ਦਿੰਦੇ ਨੇ ਤੁਰ ਜਾਂਦਾ ਏ।ਬੰਦੇ ਦੀ ਕੋਈ ਆਪਣੀ ਲਾਈਫ ਵੀ ਤਾਂ ਹੁੰਦੀ ਆ।ਦਰਅਸਲ ਏਹੋ ਜਿਹੇ ਬੰਦੇ ਤਾਂ ਕੰਪਨੀਆਂ ਨੂੰ ਵਿਆਹੇ ਹੋਏ ਹੁੰਦੇ ਨੇ।ਜੇ ਦੋ ਤਿੰਨ ਬੱਚੇ ਹੀ ਹੁੰਦੇ ਤਾਂ ਵੀ ਮੈਨੂੰ ਕੰਪਨੀ ਮਿਲ ਜਾਂਦੀ।ਇਹ ਤਾਂ ਪਹਿਲੇ ਬੱਚੇ ਤੋਂ ਬਾਅਦ ਹੀ ਕਹਿਣ ਲੱਗ ਪਏ, “ਸਿੰਡੀ ਨੋ ਮੋਰ ਬੇਬੀ ਦੈਟਸ ਇਟ।ਟੇਕ ਕੇਅਰ ਕਰਨੀ ਮੁਸ਼ਕਲ ਹੋਵੇਗੀ।ਮੈਂ ਕਿਹੜਾ ਘਰ ਰਹਿਣੈ”।
ਪਰ ਏਦਾਂ ਦੇ ਪਿਉ ਦੇ ਘਰ ਨਿਆਣਿਆਂ ਨੇ ਕਰਨਾ ਵੀ ਕੀ ਸੀ,ਜਿਹਦੇ ਕੋਲ ਨਿਆਣਿਆਂ ਲਈ ਵਕਤ ਹੀ ਨਹੀਂ ਸੀ ਹੋਣਾ।
ਕਲਕੂਲੇਟਰ ਕੰਮਪਿਊਟਰ ਹੀ ਇਹਦੇ ਬੱਚੇ ਨੇ।ਲੈਬ ਟੌਪ ਨੂੰ ਇਸਨੇ ਸਾਰੀ ਉਮਰ ਗੋਦ ‘ਚ ਖਿਡਾਇਆ।ਹੋਟਲ ਹੀ ਇਸਦਾ ਘਰ ਨੇ।ਤੇ ਕਲਾਇੰਟ ਆਪਣੀ ਤੀਵੀਂ ਤੋਂ ਵੀ ਵੱਧ।ਹੋਰ ਕੋਈ ਰਿਸ਼ਤਾ ਰਹੇ ਜਾਂ ਨਾਂ ਰਹੇ ਪਰ ਕਲਾਇੰਟ ਨਾਲ ਰਿਸ਼ਤੇ ਨਹੀਂ ਟੁੱਟਣੇ ਚਾਹੀਦੇ।ਮੈਨੂੰ ਲੱਗਦੈ ਹੈ ਜਿਵੇਂ ਮੈਂ ਕਿਸੇ ਮਸ਼ੀਨ ਨਾਲ ਵਿਆਹੀ ਹੋਵਾਂ।
ਮੇਰਾ ਤਾਂ ਕੀ ਫਿਕਰ ਕਰਨਾ ਸੀ ਆਪਣੀ ਸਿਹਤ ਦਾ ਵੀ ਫਿਕਰ ਨੀ ਕਰਦੇ।ਡਾਕਟਰਾਂ ਕਹਿ ਦਿੱਤਾ ਹੈ ਕਿ ਕਰਿਸਟਰੋਲ ਬਹੁਤ ਹਾਈ ਹੈ।ਸ਼ੂਗਰ ਤੇ ਬਲੱਡ ਪ੍ਰੈਸ਼ਰ ਵੀ ਹੋ ਗਏ ਨੇ।ਵਕਤ ਸਿਰ ਖਾਣਾ ਨਾ ਖਾਣ ਕਰਕੇ ਫੂਡ ਪਾਈਪ ਵਿੱਚ ਪ੍ਰੌਬਲਮ ਹੈ।
ਨਜ਼ਰ ਘੱਟ ਰਹੀ ਹੈ,ਸਿਹਤ ਡਿੱਗ ਰਹੀ ਹੈ।ਏਦਾਂ ਤਾਂ ਹਰਟ ਅਟੈਕ ਵੀ ਹੋ ਸਕਦਾ ਹੈ।ਕੀ ਕਰਨੀ ਹੈ ਏਨੀ ਮਾਇਆ?ਕਿੱਥੇ ਲੈਕੇ ਜਾਣਾ ਹੈ ਇਹ ਮਹਿਲ ਵਰਗਾ ਘਰ?ਇਹ ਮਹਿੰਗੀਆਂ ਕਾਰਾਂ ਇੱਕ ਦਿਨ ਖੜੀਆਂ ਹੀ ਰਹਿ ਜਾਣਗੀਆਂ।ਤੇ ਸਾਹਾਂ ਦਾ ਭੌਰ ਫੁਰਰ ਹੋ ਜਾਵੇਗਾ।ਜਦੋਂ ਮੈਂ ਲੜਦੀ ਹਾਂ ਤਾਂ ਉਲਟ ਮੈਨੂੰ ਹੀ ਆਖਦੈ ਕਿ ਤੂੰ ਡੀਪਰੈਸ਼ਨ ਦੀ ਸ਼ਿਕਾਰ ਏਂ।ਮੇਰੀ ਗੱਲ ਸੁਣਨ ਲਈ ਉਸ ਕੋਲ ਵਕਤ ਹੀ ਨਹੀਂ,ਤਾਂ ਹੀ ਤਾਂ ਤੁਹਾਨੂੰ ਸੁਣਾ ਰਹੀ ਹਾਂ।
ਅੱਜ ਮੈਨੂੰ ਮੰਮੀ ਪਾਪਾ ਦੀ ਬਹੁਤ ਯਾਦ ਆ ਰਹੀ ਆ।ਕਾਸ਼ ਅਪਣੀ ਖੰਭ ਹੀਣ ਚਿੜੀ ਨੂੰ ਪਲੋਸ ਸਕਦੇ।ਪਰ ਮੇਰੇ ਮਨਹੂਸ ਦੇ ਕਰਮਾਂ ‘ਚ ਹੁਣ ਇਹ ਕਿੱਥੇ...।ਮੇਰੀ ਵਜਾ ਕਰਕੇ ਹੀ ਤਾਂ ਸਭ ਵਾਪਰਿਆ ਸੀ।ਲਉ ਹੁਣ ਤੁਹਾਨੂੰ ਇਹ ਘਟਨਾਂ ਵੀ ਦੱਸਣੀ ਹੀ ਪੈਣੀ ਆ।
ਪਾਪਾ ਨੂੰ ਅਖਬਾਰ ‘ਚੋਂ ਮੇਰੇ ਲਈ ਕਨੇਡਾ ਵਾਲਾ ਮੁੰਡਾ ਆਖਰ ਮਿਲ ਹੀ ਗਿਆ ਸੀ।ਏਹ ਹੀ ਜੋ ਅੱਜ ੱਕਲ ਮੇਰੇ ਹਸਬੈਂਡ ਨੇ।ਇਹ ਛੋਟੀ ਉਮਰੇ ਕਨੇਡਾ ਆ ਗਏ ਸਨ ਪਰ ਰਿਸ਼ਤਾ ਇੰਡੀਆਂ ‘ਚੋਂ ਲੱਭਣਾ ਚਾਹੁੰਦੇ ਸੀ।ਇਨ੍ਹਾਂ ਵਿਆਹ ਲਈ ਐਡ ਦਿੱਤੀ ਜਿਸ ਤੇ ਆਪਣੀ ਅਕਾਊਟਿੰਗ ਦੀ ਡਿਗਰੀ ਵੀ ਲਿਖੀ ਹੋਈ ਸੀ।ਪਾਪਾ ਨੇ ਕਿਹਾ ‘ਬਾਹਰਲਾ ਮੁੰਡਾ ਹੈ ਤੇਰੇ ਟੇਸਟ ਦਾ ਟ੍ਰਾਈ ਕਰਕੇ ਵੇਖ ਲੈਂਦਾ ਹਾਂ’।
ਫੇਰ ਮੇਰੀ ਫੋਟੋ ਦੇ ਨਾਲ ਮੇਰੀ ਐਜ਼ੂਕੇਸ਼ਨ ਮੇਰਾ ਟੇਸਟ ਲਿਖ ਕੇ ਪਾਰਸਲ ਭੇਜ ਦਿੱਤਾ ਗਿਆ।ਤੇ ਅਗਲੇ ਹਫਤੇ ਜਨਾਬ ਕਾਰ ਲੈ ਕੇ ਪਿੰਡ ਆ ਪਹੁੰਚੇ।ਇਨਾਂ ਦੀ ਇੱਕ ਮਾਸੀ ਤੇ ਚਾਚੇ ਦਾ ਪੁੱਤ ਵੀ ਨਾਲ ਸਨ।ਮਿਲਣ ਸਾਰ ਇਨਾਂ ਕਿਹਾ “ਐਹੋ ਜਿਹੀ ਕੁੜੀ ਤਾਂ ਮੈਂ ਭਾਲਦਾ ਸੀ।ਐਮ ਬੀ ਏ ਵੀ ਕਰਵਾ ਦਵਾਂਗਾ।ਮੈਨੂੰ ਸਾਰਾ ਕੁੱਝ ਬਹੁਤ ਪਸੰਦ ਆ”।
ਪਾਪਾ ਨੂੰ ਉਸ ਦਾ ਝੱਟ ਰੋਟੀਆਂ ਪਟੱਕ ਦਾਲ ਵਾਲਾ ਅੰਦਾਜ਼ ਬਹੁਤ ਪਸੰਦ ਆਇਆ ਤੇ ਵਿਆਹ ਦੀ ਗੱਲ ਪੱਕੀ ਹੋ ਗਈ।ਬਗੈਰ ਕਿਸੇ ਵਿਚੋਲੇ ਦੇ।ਪੰਦਰਾਂ ਦਿਨਾਂ ਦਾ ਵਿਆਹ ਰੱਖ ਦਿੱਤਾ ਗਿਆ।ਇਨ੍ਹਾਂ ਦੀ ਛੁੱਟੀ ਬੜੀ ਥੋੜੀ ਸੀ।ਇਹ ਪੰਦਰਾਂ ਦਿਨ ਪਾਪਾ ਲਈ ਬੜੇ ਮਹੱਤਵ ਪੂਰਨ ਦਿਨ ਸਨ।ਧੀ ਨੂੰ ਬਾਹਰ ਭੇਜਣ ਦਾ ਸੁਪਨਾ ਪੂਰਾ ਕਰਨ ਲਈ ਉਹ ਜਿਵੇਂ ਕੋਈ ਯੁੱਧ ਲੜ ਰਹੇ ਹੋਣ।
ਏਨੇ ਥੋੜੇ ਦਿਨਾਂ ਵਿੱਚ ਵਿਆਹ ਦੀ ਤਿਆਰੀ ਕਰਨੀ ਕਿਹੜਾ ਸੌਖੀ ਹੁੰਦੀ ਹੈ।ਬੰਨੇ ਹੋਏ ਦਿਨ ਦੌੜ ਰਹੇ ਸਨ ਉਧਰ ਗੱਡੀਆਂ ਰੇੜਿਆਂ ਟਰੈਕਟਰਾਂ ਟਰਾਲੀਆਂ ਤੇ ਸਮਾਨ ਢੋਇਆ ਜਾ ਰਿਹਾ ਸੀ।ਪਾਪਾ ਦਾ ਸਕੂਟਰ ਸ਼ਹਿਰ ਤੋਂ ਘਰ ਤੇ ਘਰੋਂ ਸ਼ਹਿਰ ਵਲ ਸ਼ੂਕਦਾ ਦੌੜ ਰਿਹਾ ਸੀ।ਲੋਕ ਵੇਖ ਰਹੇ ਸਨ।ਪਾਪਾ ਜਿਵੇਂ ਮੈਦਾਨੇ ਜੰਗ ਵਿੱਚ ਜੂਝ ਰਹੇ ਹੋਣ।ਉਦੋਂ ਅਜੇ ਪੈਰਿਜ ਪੈਲਿਸਾਂ ਵਾਲੇ ਵਿਆਹਾਂ ਦਾ ਰਿਵਾਜ਼ ਨਹੀਂ ਸੀ।ਘਰਾਂ ਦੇ ਵਿਹੜਿਆਂ ਵਿੱਚ ਹੀ ਸ਼ਾਦੀਆਂ ਨੇਪਰੇ ਚੜਦੀਆਂ।
ਬੱਸ ਰੰਗ ‘ਚ ਭੰਗ ਪੈ ਗਿਆ ਸੀ।ਮੇਰੇ ਪਾਪਾ ਜੂਝਦੇ ਜੂਝਦੇ ਜਾਨ ਕੁਰਬਾਨ ਕਰ ਗਏ ਆਪਣੀ ਸੋਨ ਚਿੜੀ ਲਈ।ਲਉ ਫੇਰ ਮੇਰੇ ਲੂੰ ਕੰਡੇ ਖੜੇ ਹੋ ਗਏ।
ਵਿਆਹ ਵਿੱਚ ਸਿਰਫ ਦੋ ਦਿਨ ਬਾਕੀ ਸਨ।ਮੰਮੀ ਪਾਪਾ ਨੇ ਉਸ ਦਿਨ ਵਰੀ ਦੇ ਸੂਟ ਤੇ ਸੁਨਿਆਰੇ ਦਿਉਂ ਗਹਿਣੇ ਗੱਟੇ ਲੈਣੇ ਸਨ।ਉਹ ਸਾਡੇ ਪਿੰਡ ਤੋਂ ਅਜੇ ਸ਼ਹਿਰ ਜਾਣ ਲਈ ਜੀ ਟੀ ਰੋਡ ਤੇ ਚੜੇ ਹੀ ਸਨ ਕਿ ਇੱਕ ਦੂਜੇ ਪਾਸਿਉਂ ਤੇਜ ਰਫਤਾਰ ਆਉਂਦੀ ਗੱਡੀ ਨੇ ਇੱਕ ਬੱਸ ਨੂੰ ਬਚਾਉਣ ਲਈ ਅਜਿਹਾ ਕੱਟ ਮਾਰਿਆ ਕਿ ਉਹ ਗੱਡੀ ਬੇਕਾਬੂ ਹੋਕੇ ਪਾਪਾ ਦੇ ਸਕੂਟਰ ਤੇ ਆ ਚੜੀ।ਮੰਮੀ ਪਾਪਾ ਉੱਥੇ ਹੀ ਢੇਰ ਹੋ ਗਏ।ਥਾਂ ਤੇ ਹੀ ਦੋਹਾਂ ਦੀ ਮੌਤ ਹੋ ਗਈ।ਸਾਰੇ ਪਿੰਡ ਵਿੱਚ ਕਹਿਰ ਵਰਤ ਗਿਆ ਸੀ।ਸਾਰੇ ਇਲਾਕੇ ਵਿੱਚ ਕੈਪਟਨ ਪ੍ਰਿਤਪਾਲ ਤੇ ਉਸਦੀ ਪਤਨੀ ਦੀ ਮੌਤ ਦਾ ਮਾਤਮ ਛਾ ਗਿਆ।ਉਸ ਦਿਨ ਕਿਸੇ ਘਰ ਰੋਟੀ ਨਹੀਂ ਸੀ ਪੱਕੀ।ਮੈਂ ਤਾਂ ਸੁਣਨ ਸਾਰ ਬੇਹੋਸ਼ ਹੋ ਗਈ ਸਾਂ।ਜੋ ਵੀ ਸੁਣਦਾ ਆਖਦਾ ‘ਰੱਬਾ ਅਜਿਹਾ ਭਾਣਾ ਕਿਸੇ ਨਾਲ ਨਾਂ ਵਰਤਾਈਂ।ਲੋਕ ਕੰਨਾਂ ਨੂੰ ਹੱਥ ਲਾ ਵਾਹਿਗੁਰੂ ਵਾਹਿਗੁਰੂ ਕਰਦੇ।
ਔਰਤਾਂ ਨੇ ਮੈਨੂੰ ਮਾੜੇ ਕਰਮਾਂ ਵਾਲੀ ਕਿਹਾ।ਤੇ ਚਾਚੀਆਂ ਤਾਈਆਂ ਨੇ ਮਨਹੂਸ।ਕਿਵੇਂ ਭੁੱਲ ਸਕਦੀ ਹਾਂ ਮੈਂ ਉਹ ਦਿਨ,ਜਦੋਂ ਮੇਰੇ ਵਿਆਹ ਤੋਂ ਪਹਿਲਾਂ ਘਰੋਂ ਦੋ ਅਰਥੀਆਂ ਨਿੱਕਲੀਆਂ।ਜਦੋਂ ਮੇਰੇ ਡੈਡੀ ਮੰਮੀ ਨੂੰ ਉਹ ਹੀ ਕੱਪੜੇ ਪੁਆਏ ਗਏ ਸਨ ਜੋ ਉਨ੍ਹਾਂ ਮੇਰੇ ਵਿਆਹ ਤੇ ਪਾਉਣੇ ਸਨ।ਉਨ੍ਹਾਂ ਦਾ ਚਾਅ ਨਾਲ ਸਵਾਇਆ ਕੋਟ ਪੈਂਟ ਉਨ੍ਹਾਂ ਦੀ ਚਿਤਾ ਵਿੱਚ ਰੱਖਿਆ ਗਿਆ ਸੀ।ਇਸ ਕਹਿਰ ਨੇ ਮੈਨੂੰ ਕਮਲ਼ੀ ਕਰ ਦਿੱਤਾ।ਇਹ ਕਿਹੋ ਜਿਹਾ ਆਨੰਦ ਕਾਰਜ ਸੀ ਜਦੋਂ ਮੇਰੀ ਰੂਹ ਜ਼ਿਬਾ ਹੋਈ ਸੀ।
ਉਦੋਂ ਬਲਵਿੰਦਰ ਨੇ ਬੜਾ ਸਿਦਕ ਦਿਖਾਇਆ ਸੀ।ਉਸ ਨੇ ਕਿਹਾ “ਵਿਆਹ ਤਾਂ ਮੈਂ ਏਸੇ ਕੁੜੀ ਨਾਲ ਕਰਾਂਗਾ ਭਾਵੇਂ ਕੁੱਝ ਦਿਨ ਲੇਟ ਪਿਆ ਹੋ ਜਾਵੇ”।
ਹਾਲਾਂਕਿ ਇਨ੍ਹਾਂ ਦਾ ਪਰਿਵਾਰ ਕਹਿ ਰਿਹਾ ਸੀ ‘ਰਿਸ਼ਤਾ ਛੱਡ ਦੇ ਕੁੜੀ ਮਨਹੂਸ ਆ’।ਮੇਰੇ ਰਿਸ਼ਤੇਦਾਰ ਕਹਿ ਰਹੇ ਸਨ ‘ਵਿਆਹ ਜਰੂਰ ਕਰਵਾ ਤੇਰੇ ਮਾਂ ਪਿਉ ਦੀ ਇੱਛਾ ਸੀ ਕਿ ਕੁੜੀ ਕਨੇਡਾ ਜਾਵੇ’।
ਬਲਵਿੰਦਰ ਵੀ ਵਿਆਹ ਲਈ ਅੜਿਆ ਰਿਹਾ ਤੇ ਬਜੁਰਗ ਔਰਤਾਂ ਨੇ ਮੈਨੂੰ ਵੀ ਮਨਾ ਲਿਆਂ ਕਿ “ਧੀਏ ਮਰਨ ਵਾਲਿਆਂ ਨਾਲ ਤਾਂ ਮਰਿਆ ਨੀ ਜਾਂਦਾ ਤਕੜੀ ਹੋ।ਤੁਰ ਗਿਆਂ ਦੀ ਰੂਹ ਨੂੰ ਸ਼ਾਂਤੀ ਮਿਲੂ”।ਕਈ ਮੈਨੂੰ ਮੇਰੇ ਛੋਟੇ ਭਰਾ ਦੀ ਜ਼ਿੰਦਗੀ ਦਾ ਵਾਸਤਾ ਦੇ ਰਹੇ ਸਨ।
ਫੇਰ ਇੱਕ ਦਿਨ ਮੈਨੂੰ ਬੇਜਾਨ ਸਰੀਰ ਨੂੰ ਅਨੰਦਾਂ ਤੇ ਬਿਠਾ ਤਾ।ਲਾਲ ਸੂਟ ਪਾਉਣ ਨਾਲ ਕਿਤੇ ਹਫਤਾ ਪਹਿਲੇਾਂ ਲੱਗੇ ਜ਼ਖਮ ਭਰ ਜਾਣੇ ਸੀ।ਮੈਂ ਰੋਂਦੀ ਕੁਰਲਾਂਦੀ ਰਹੀ।ਡੋਲੀ ਚੜਦੀ ਦੀਆਂ ਧਾਹਾਂ ਅੰਬਰ ਪਾੜ ਦੇਣ ਵਾਲ਼ੀਆਂ ਸਨ।ਮੇਰੇ ਵਿਦਾ ਹੋਣ ਵੇਲੇ ਮੈਨੂੰ ਮਾਂ ਪਿਉ ਦੇ ਹੱਥ ਨਸੀਬ ਨਾ ਹੋਏ।
ਬਲਵਿੰਦਰ ਨਾਲ ਪਹਿਲੀ ਮਿਲਣੀ ਵੀ ਕੁੱਝ ਏਸੇ ਤਰ੍ਹਾਂ ਦੀ ਹੀ ਸੀ।ਜਿਵੇਂ ਕੋਈ ਪੱਥਰ ਨੂੰ ਛੂਹ ਰਿਹਾ ਹੋਵੇ।ਭਾਵਨਾਵਾਂ ਜਦੋਂ ਮਰ ਜਾਣ ਫੇਰ ਕਾਹਦੀ ਖੁਸ਼ੀ ਤੇ ਕਾਹਦੇ ਚਾਅ।ਮੈਂ ਕਈ ਸਾਲ ਇਸ ਪ੍ਰਭਾਵ ‘ਚੋਂ ਨਾ ਨਿੱਕਲ ਸਕੀ।ਜਦੋਂ ਕੁੱਝ ਨਿੱਕਲੀ ਵੀ ਤਾਂ ਇਹ ਬਹੁਤ ਦੂਰ ਚਲੇ ਗਏ।ਹੁਣ ਮੈਂ ਬਲਾਉਂਦੀ ਹਾਂ ਤਾਂ ਇਨ੍ਹਾ ਕੋਲ ਸਮਾਂ ਨਹੀਂ।ਮੈਂ ਜਿੰਦਾ ਲਾਸ਼ ਬਣ ਕੇ ਰਹਿ ਗਈ ਹਾਂ।ਸਾਡੇ ਪਤੀ ਪਤਨੀ ਦੇ ਢੀਚੂੰ ਢੀਚੂੰ ਕਰਦੇ ਸਬੰਧਾਂ ਦੀ ਹੀ ਨਿਸ਼ਾਨੀ ਹੈ ਮੇਰੀ ਬੇਟੀ ਰੱਮੀ।ਹੁਣ ਤਾਂ ਇਹ ਜ਼ਿੰਦਗੀ ਜਿਵੇਂ ਬੋਝ ਬਣ ਗਈ ਆ।
ਪਹਿਲਾਂ ਪਹਿਲ ਤਾਂ ਮੈਂ ਆਪਣੀ ਧੀ ਨਾਲ ਪਰਚੀ ਰਹੀ ਤੇ ਸੋਚਿਆਂ ਸ਼ਾਇਦ ਇਹ ਵੱਡੀ ਹੋਕੇ ਇਹ ਮੇਰੇ ਖੰਭ ਬਣੇਗੀ।ਪਰ ਏਨਾਂ ਮੁਲਕਾਂ ਵਿੱਚ ਤਾਂ ਬੱਚਿਆਂ ਦੇ ਖੰਭ ਨਿੱਕਲਣ ਦੀ ਦੇਰ ਹੁੰਦੀ ਆ ਕਿ ਉਹ ਉੱਡ ਜਾਂਦੇ ਨੇ।ਤਾਂ ਹੀ ਤਾਂ ਫੇਰ ਗੋਰੇ ਕਾਲ਼ੇ ਆਪਣੇ ਅਧੂਰੇ ਰਹਿ ਗਏ ਚਾਵਾਂ ਨੂੰ ਪੂਰਾ ਕਰਨ ਲਈ ਕੁੱਤੇ ਬਿੱਲੀਆਂ ਪਾਲ਼ ਲੈਂਦੇ ਨੇ।ਉਨ੍ਹਾਂ ਨੂੰ ਹੀ ਸੰਵਾਰਦੇ ਦੁਲਾਰਦੇ ਤੇ ਪੁਚਕਾਰਦੇ ਰਹਿੰਦੇ ਨੇ।ਕਾਰ ਦੀ ਅਗਲੀ ਸੀਟ ਤੇ ਬਰਾਬਰ ਬਿਠਾਉਣਗੇ,ਉਨ੍ਹਾਂ ਦੇ ਜਨਮ ਦਿਨ ਮਨਾਉਣਗੇ।ਮੈਂ ਤਾਂ ਉਹ ਵੀ ਨਹੀਂ ਕਰ ਸਕਦੀ।ਕੁੱਲ ਮਿਲਾ ਕੇ ਮੇਰੇ ਹਿੱਸੇ ਤਾਂ ਘਰ ਦਾ ਕੰਮ ਜਾਂ ਪਾਠ ਕਰਨਾ ਹੀ ਰਹਿ ਗਿਆ ਹੈ।
ਮੇਰੀ ਉਮਰ ਅਜੇ ਬਤਾਲੀ ਵਰਿਆਂ ਦੀ ਹੈ ਪਰ ਮੈਂ ਬਹੱਤਰਾਂ ਦੀ ਮਹਿਸੂਸ ਕਰ ਰਹੀ ਹਾਂ।ਜਦੋਂ ਮੇਰੀ ਬੇਟੀ ਦੋ ਚਾਰ ਮਹੀਨੇ ਬਾਅਦ ਕਿਸੇ ਵੀਕ ਐਂਡ ਤੇ ਘਰ ਆਂਉਦੀ ਆ ਫੇਰ ਮੈਂ ਥੋੜਾ ਗੁਟਕਦੀ ਚਹਿਕਦੀ ਵੀ ਹਾਂ।ਅੱਜ ਕੱਲ ਤਾਂ ਉਹ ਵੀ ਮੇਰੀ ਕੋਈ ਗੱਲ ਨਹੀਂ ਸੁਣਦੀ।ਹਰ ਗੱਲ ਤੇ ਆਖ ਦਿੰਦੀ ਆ “ਮੌਮ ਥੋਨੂੰ ਕੀ ਪਤੈ”?ਮੈਂ ਫੇਰ ਅਰਸ਼ ਤੋਂ ਫਰਸ਼ ਤੇ ਆ ਡਿੱਗਦੀ ਹਾਂ।ਮੇਰੇ ਘਰ ਵਾਲਾ ਵੀ ਏਦਾਂ ਹੀ ਕਰਦਾ ਹੈ।ਤੁਸੀਂ ਕਦੇ ਆਹਲਣਿਉ ਡਿੱਗਿਆ ਬੋਟ ਵੇਖਿਆ ਹੈ?ਮੈਨੂੰ ਬੱਸ ਉਹ ਹੀ ਸਮਝ ਲਵੋ।
ਸਭ ਤੋਂ ਜਿਆਦਾ ਅਫਸੋਸ ਤਾਂ ਮੈਨੂੰ ਆਪਣੇ ਭਰਾ ਦਾ ਹੈ।ਕੀ ਨਹੀਂ ਸੀ ਕੀਤਾ ਮੈਂ ਉਸ ਦੇ ਲਈ?ਉਸ ਨੂੰ ਕੱਪੜੇ ਲੀੜੇ ਜਾਕਟਾਂ ਪੈਂਟਾ,ਘੜੀਆਂ ਕੈਮਰੇ ਸਭ ਕੁੱਝ ਭੇਜਦੀ ਰਹੀ।ਸੋਚਦੀ ਸੀ ਕਿ ਹੁਣ ਮੈਂ ਹੀ ਉਸਦੇ ਮਾਂ ਬਾਪ ਹਾਂ,ਕਿਸੇ ਗੱਲੋਂ ਹੌਕਾ ਨਾਂ ਲਵੇ।ਨਾਲੇ ਇੱਕ ਔਰਤ ਦਾ ਪਤੀ ਭਾਵੇਂ ਜਿੰਨਾ ਮਰਜੀ ਅਮੀਰ ਹੋਵੇ ਪਰ ਪੇਕਿਆਂ ਲਈ ਸਮਾਨ ਭੇਜਣ ਸਮੇਂ ਉਹ ਕਿੰਨੀ ਗਰੀਬਣੀ ਤੇ ਬੇਵੱਸ ਹੋ ਜਾਂਦੀ ਆ।ਉਹ ਵੀ ਮੇਰੇ ਵਰਗੀ ਜੋ ਆਪ ਕੰਮ ਵੀ ਨਾ ਕਰਦੀ ਹੋਵੇ ਤੇ ਪਤੀ ਤੇ ਡਿਪੈਂਡ ਹੋਵੇ।ਭਾਵੇਂ ਉਹ ਕੁੱਝ ਨਾਂ ਵੀ ਕਹੇ ਪਰ ਆਪਣੇ ਦਿਲ ਵਿੱਚ ਤਾਂ ਘਟਾ ਮਹਿਸੂਸ ਹੁੰਦਾ ਈ ਆ...।ਬਈ ਕਿਤੇ ਅਗਲਾ ਇਹ ਨਾਂ ਸੋਚੇ ‘ਜੇ ਕੰਮ ਕਰੇ ਤਾਂ ਪਤਾ ਲੱਗੇ ਕਿ ਖਰਚੇ ਕਿੱਦਾ ਕਰੀਦੇ ਨੇ’।
ਊਂ ਕਹਿਣ ਨੂੰ ਤਾਂ ਮੇਰੇ ਏਥੇ ਬਥੇਰੇ ਰਿਸ਼ਤੇਦਾਰ ਰਹਿੰਦੇ ਨੇ।ਪਰ ਜਦ ਮਿਲਦੇ ਵਰਤਦੇ ਈ ਨੀ ਫੇਰ ਮੈਂਨੂੰ ਕਿਸੇ ਦਾ ਕੀ ਭਾਅ...?ਜਦੋਂ ਮੇਰਾ ਸਕਾ ਭਰਾ ਈ ਮੇਰੇ ਨਾਲ ਨੀ ਬੋਲਦਾ ਹੋਰ ਕਿਸੇ ਨੂੰ ਕੀ ਕਹਿਣੈ।ਮਿਲਣ ਵਰਤਣ ਦੀ ਕਿਸੇ ਕੋਲ ਵਿਹਲ ਹੀ ਨਹੀਂ।ਉਲਟਾ ਮੈਨੂੰ ਕਹਿਣ ਗੇ “ਤੂੰ ਤਾਂ ਵਿਹਲੀ ਐਸ਼ਾਂ ਕਰਦੀ ਏਂ,ਸਾਡੇ ਕੋਲ ਟੈਮ ਕਿੱਥੇ ਆ”
ਹੁਣ ਤਾਂ ਟੀ ਵੀ ਹੀ ਮੇਰਾ ਸਕਾ ਸਬੰਧੀ ਹੈ ਜੋ ਮੇਰਾ ਸਾਥ ਦਿੰਦਾ ਏ।ਹਿੰਦੀ ਪੰਜਾਬੀ ਡਰਾਮੇ ਹੀ ਮੇਰਾ ਸਮਾਜ ਨੇ।ਉਨ੍ਹਾਂ ਵਿਚਲੇ ਰਿਸ਼ਤਿਆਂ ਨਾਲ ਜੁੜੀ ਕਦੇ ਮੈਂ ਕਦੇ ਉਦਾਸ ਅਤੇ ਕਦੇ ਖੁਸ਼ ਹੁੰਦੀ ਹਾਂ।ਏਹੋ ਕਹਾਣੀਆਂ ਹੁਣ ਮੇਰਾ ਸੱਚ ਬਣ ਗਈਆਂ ਨੇ ਤੇ ਮੇਰੀ ਇਕੱਲਤਾ ਦਾ ਸਾਥ ਵੀ।
ਮੈਂ ਤਾਂ ਕਿਸੇ ਨਾਲ ਗੱਲ ਕਰਨ ਲਈ ਘਰੋਂ ਬਾਹਰ ਵੀ ਨਹੀਂ ਨਿੱਕਲਦੀ।ਜਿਸ ਨੂੰ ਵੀ ਮਿਲੋ ਆਪਣੇ ਹੀ ਰੋਣੇ ਲੈ ਕੇ ਬੈਠ ਜਾਂਦਾ ਏ।ਆਹ ਸਾਡੇ ਨਾਲ ਦੇ ਘਰ ਵਾਲੇ ਪਾਕਸਤਾਨ ਤੋਂ ਨੇ ਪਰ ਆਪਣੇ ਆਪ ਦਾ ਪਤਾ ਨਹੀਂ ਲੱਗਣ ਦੇਣਾ ਚਾਹੁੰਦੇ।ਮੁਸਲਮ ਕਹਾ ਕੇ ਰਾਜੀ ਨਹੀਂ।ਅੰਗਰੇਜੀ ਵਿੱਚ ਹੀ ਗੱਲਾਂ ਕਰਦੇ ਨੇ।ਕਹਿੰਦੇ ਸਾਨੂੰ ਪੰਜਾਬੀ ਹਿੰਦੀ ਉਰਦੂ ਕੁੱਝ ਵੀ ਸਮਝ ਨਹੀਂ ਆਂਉਦਾ।ਪਤਾ ਨਹੀਂ ਲੋਕ ਕਿਵੇਂ ਕੁੱਝ ਵਰਿਆਂ ਵਿੱਚ ਹੀ ਆਪਣਾ ਪਿਛੋਕੜ ਭੁੱਲ ਜਾਂਦੇ ਨੇ।
ਹੋਰ ਤਾਂ ਹੋਰ ਏਹਨਾਂ ਨੇ ਤਾਂ ਆਪਣੇ ਨਾਂ ਵੀ ਬਦਲ ਲਏ ਨੇ।ਔਰਤ ਕਰੀਮਾਂ ਤੋਂ ਕੈਮੀ ਬਣ ਗਈ ਹੈ ਤੇ ਬੰਦਾ ਜਾਵੇਦ ਤੋਂ ਜੇਸਨ।ਦੇਸੀਆਂ ਨੂੰ ਮਿਲਣ ਵਿੱਚ ਇਹ ਹੱਤਕ ਸਮਝਦੇ ਨੇ।ਕਾਲ਼ੇ ਗੋਰੇ ਹੀ ਏਨ੍ਹਾਂ ਦੇ ਮਹਿਮਾਨ ਹੁੰਦੇ ਨੇ।ਹੁਣ ਤਾਂ ਏਹਨਾਂ ਦੇ ਮੁੰਡੇ ਕੁੜੀਆਂ ਕਾਲਿਆਂ ਗੋਰਿਆਂ ਤੋਂ ਬਿਨਾਂ ਕਿਸੇ ਨਾਲ ਬਾਸਕਟ ਬਾਲ ਵੀ ਨਹੀਂ ਖੇਡਦੇ।ਤੇ ਗੋਰੇ ਕਾਲ਼ਿਆਂ ਨੂੰ ਹੀ ਬਾਰ ਬੀ ਕਿਊ ਤੇ ਬੁਲਾ ਕੇ ਉਨ੍ਹਾਂ ਨਾਲ ਬੀਅਰਾਂ ਪੀਣ ਵਿੱਚ ਆਪਣਾ ਮਾਣ ਸਮਝਦੇ ਨੇ।ਜਿੱਦਣ ਨਿਆਣਿਆਂ ਨੇ ਉਹੋ ਕੁੱਝ ਕਰਨਾ ਸ਼ੁਰੂ ਕਰ ਦਿੱਤਾ ਜੋ ਉਹ ਕਰਦੇ ਨੇ ਫੇਰ ਇਨ੍ਹਾਂ ਪਛਤਾਉਣਾ ਏ।ਜਦੋਂ ਕੋਈ ਕੁੜੀ ਕਾਲੇ ਗੋਰੇ ਨਾਲ ਵਿਆਹ ਦੀ ਜਿੱਦ ਫੜ ਕੇ ਬੈਠ ਗਈ ਇਨ੍ਹਾਂ ਫਿਰ ਤੋਂ ਇਨਾਂ ਆਪਣੇ ਖੋਲ ਵਿੱਚ ਜਾ ਵੜਨਾ ਏ।ਬੰਦਾ ਫਿਰ ਜੇਸਨ ਤੋਂ ਜਾਵੇਦ ਬਣ ਕੇ ਮਸਜਿਦ ਜਾਣ ਲੱਗ ਪਵੇਗਾ।ਔਰਤ ਫੇਰ ਕਿਸੇ ਖੱਲ ਖੂੰਜੇ ਸੁੱਟਿਆ ਹਿਜ਼ਾਬ ਪਹਿਨਣ ਲੱਗ ਪਵੇਗੀ।ਇੱਕ ਮੈਂ ਹੀ ਹਾਂ ਜਿਸ ਵਿੱਚ ਕੋਈ ਤਬਦੀਲੀ ਨਹੀਂ ਆਂਉਦੀ।
ਸਟਰੀਟ ਤੋ ਹੋਰ ਬਥੇਰੇ ਨੇ ਜਿਨਾਂ ਦੇ ਘਰਾਂ ਵਿੱਚ ਇਕੱਲਤਾ ਦੀ ਹਨੇਰੀ ਸ਼ੂਕਦੀ ਏ।ਔਹ ਕੁੱਤੇ ਵਾਲੀ ਗੋਰੀ ਡੌਨਾ ਦਾ ਵੀ ਤਾਂ ਏਹੋ ਹਾਲ ਏ।ਕੁੱਤੇ ਨਾਲ ਹੀ ਪਰਚੀ ਰਹਿੰਦੀ ਆ।ਰੋਜ ਉਸ ਨੂੰ ਘਮਾਉਣ ਲੈ ਕੇ ਜਾਊ।ਜੇ ਮੈਂ ਡੋਰ ‘ਚ ਖੜੀ ਹੋਵਾਂ ਤਾਂ ਵਿਸ਼ ਕਰਨਾ ਨਹੀਂ ਭੁੱਲਦੀ।ਕਿਵੇਂ ਲੋਗੜ ਜਿਹਾ ਕੁੱਤਾ ਉਹਦਾ ਮੂੰਹ ਚੱਟਦਾ ਰਹਿੰਦਾ ਏ।ਤੇ ਉਹ ਵੀ ਮਾਈ ਹਨੀ,ਮੇਰਾ ਸਨ ਤੋਂ ਬਿਨਾਂ ਗੱਲ ਨੀ ਕਰਦੀ।ਕਦੀ ਗੁੱਸੇ ਵਿੱਚ ਹੋਵੇ ਤਾਂ ਉਸ ਨੂੰ ਟੌਮ ਕਹਿਕੇ ਘੂਰਦੀ ਆ।ਬੱਸ ਇਹ ਕੁੱਤਾ ਹੀ ਇਹਦੇ ਖੰਭ ਨੇ।ਇਹਦਾ ਪਤੀ ਤੇ ਨਿਆਣੇ ਸਭ ਏਹ ਨੂੰ ਛੱਡ ਕੇ ਦੌੜ ਚੁੱਕੇ ਨੇ।
ਮੇਰੀ ਧੀ ਸਕੂਲੀ ਪੁਸਤਕਾਂ ਵਿੱਚ ਕਲਿੱਫਰਡ ਕੁੱਤੇ ਦੀ ਸੀਰੀਜ਼ ਸਭ ਤੋਂ ਪਸੰਦ ਕਰਦੀ ਸੀ।ਉਸ ਨੂੰ ਕੋਈ ਨਾਲ ਖੇਡਣ ਵਾਲਾ ਚਾਹੀਦਾ ਸੀ।ਉਸ ਨੇ ਵੀ ਕਲਿੱਫਰਡ ਵਰਗਾ ਕੁੱਤਾ ਮੰਗਿਆ ਸੀ।ਪਰ ਉਸ ਦੇ ਡੈਡੀ ਨਹੀਂ ਮੰਨੇ।ਉਹ ਕਹਿੰਦੇ ਤੇਰੇ ਬਰਥ ਡੇਅ ਤੇ ਮੈਂ ਪੱਪੀ ਗਿਫਟ ਨਹੀਂ ਦੇ ਸਕਦਾ।ਦਿਲੋਂ ਮੈਂ ਵੀ ਚਾਹੁੰਦੀ ਸੀ ਕਿ ਉਹ ਕਤੂਰਾ ਰੱਖ ਲਵੇ ਮੇਰਾ ਵੀ ਦਿਲ ਲੱਗਿਆ ਰਹੂ।ਕਹਿੰਦੇ ਪਾਲਤੂ ਜਾਨਵਰ ਰੱਖਣ ਨੱਲ ਤੁਹਾਡਾ ਮਾਨਸਿਕ ਤਨਾਅ ਘਟਦਾ ਹੈ।ਫੇਰ ਸ਼ਾਇਦ ਮੈਂਨੂੰ ਵੀ ਇਹ ਡੀਪ੍ਰੈਸ਼ਨ ਨਾਂ ਹੁੰਦਾ ਤੇ ਮੈਂ ਵੀ ਬਲੱਡ ਪ੍ਰੈੱਸ਼ਰ ਸ਼ੂਗਰ ਦੀ ਮਰੀਜ਼ ਨਾਂ ਬਣਦੀ।
ਸਾਡੇ ਭਾਰਤੀ ਲੋਕਾਂ ਨੂੰ ਭੁਲੇਖਾ ਹੈ ਕਿ ਉਨ੍ਹਾਂ ਦੀ ਔਲਾਦ ਗੋਰਿਆਂ ਵਾਂਗ ਨਹੀਂ ਕਰਦੀ।ਤਾਂ ਹੀ ਉਹ ਸੱਭਿਆਚਾਰ ਦੀ ਦੁਹਾਈ ਦਿੰਦੇ ਰਹਿੰਦੇ ਨੇ।ਉਨ੍ਹਾਂ ਦੇ ਅੰਦਰ ਵੀ ਕੋਈ ਡਰ ਹੀ ਬੈਠਾ ਹੋਣੈ।ਭਲਾ ਉਨ੍ਹਾਂ ਨੂੰ ਪੁੱਛੇ ਕਿ ਗਰਮ ਪਾਣੀ ‘ਚ ਸੁੱਟੀਆਂ ਚੀਜਾਂ ਗਰਮ ਕਿਉਂ ਨੀ ਹੋਣਗੀਆਂ।ਉਹ ਚਾਹੁੰਦੇ ਨੇ ਸੁੱਖ ਸਹੂਲਤਾਂ ਤਾਂ ਕਨੇਡਾਂ ਦੀਆਂ ਮਾਣੀਏ ਤੇ ਬੱਚੇ ਸਿੱਖਣ ਭਾਰਤੀ ਰਹੁ ਰੀਤਾਂ।ਮੈਂ ਤਾਂ ਕਹਿਨੀ ਆਂ ਕਿ ਮੇਰੇ ਵਾਂਗੂੰ ਥੋਨੂੰ ਵੀ ਕਨੇਡਾ ਦਾ ਸਾਰਾ ਪੈਕਿਜ ਇਕੱਠਾ ਹੀ ਮਿਲੂ।
ੳੌਹ ਸਤਵੰਜਾ ਨੰਬਰ ਘਰ ਵਾਲੀ ਵਨੀਤਾ ਜੋ ਸ਼ੈਰਡੀਅਨ ਕਾਲਜ ੱਿਵਚ ਪੜਾਉਂਦੀ ਆ ਦੱਸ ਦੀ ਸੀ ਕਿ ਆਪਣੇ ਮੁੰਡੇ ਕੁੜੀਆਂ ਵੀ ਘੱਟ ਨੀ।ਸਕੂਲਾਂ ਕਾਲਜਾ ਵਿੱਚ ਉਹ ਵੀ ਸਾਰਾ ਕੁੱਝ ਗੋਰਿਆ ਕਾਲਿਆਂ ਵਾਂਗ ਹੀ ਕਰਦੇ ਨੇ।ਮੈਂ ਤਾਂ ਕਹਾਂਗੀ ਕਿ ਉਹ ਦੋਗਲੇ ਹੋ ਗਏ ਨੇ।ਘਰ ਕਿਸੇ ਹੋਰ ਸੱਭਿਆਚਾਰ ਦਾ ਡਰਾਮਾ ਕਰਦੇ ਨੇ ਤੇ ਬਾਹਰ ਕਿਸੇ ਹੋਰ ਦਾ।ਮੁਆਫ ਕਰਨਾ ਉਂਝ ਹੈ ਅਸੀਂ ਸਾਰੇ ਹੀ ਦੋਗਲੇ।ਜਿਨਾਂ ਗੱਲਾਂ ਤੋਂ ਬੱਚਿਆਂ ਨੂੰ ਰੋਕਦੇ ਹਾਂ ਖੁਦ ਉਹ ਆਪ ਕਰਦੇ ਹਾਂ।ਏਹੋ ਕੁੱਝ ਧਾਰਮਿਕ ਥਾਵਾਂ ਤੇ ਹੈ।ਬੱਚਿਆਂ ਨੇ ਵੀ ਸਾਡੇ ਤੇ ਹੀ ਜਾਣਾ ਹੁੰਦਾ ਹੈ।ਜਿਹੜਾ ਬੱਚਾ ਸੱਚ ਸੱਚ ਦੱਸ ਦਿੰਦਾ ਹੈ ਉਹ ਸਾਡੇ ਤੋਂ ਬ੍ਰਦਾਸ਼ਤ ਨਹੀਂ ਹੁੰਦਾ ਤੇ ਫੇਰ ਅਸੀਂ ਉਹਦੇ ਖੰਭ ਕੱਟਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਹੀ ਤਾਂ ਬੱਚੇ ਦੌੜ ਜਾਂਦੇ ਨੇ।ਏਸੇ ਲਈ ਮੈਂ ਆਪਣੀ ਧੀ ਨੂੰ ਕੁੱਝ ਨਹੀਂ ਕਹਿੰਦੀ।ਏਥੇ ਹਰ ਕੋਈ ਅੱਖੀ ਦੇਖ ਕੇ ਮੱਖੀ ਨਿਗਲਣ ਦਾ ਆਦੀ ਹੋ ਜਾਂਦਾ ਹੈ।ਮੈਨੂੰ ਲੱਗਦਾ ਹੈ ਮੇਰੀ ਧੀ ਦਾ ਵੀ ਕੋਈ ਬੁਆਏ ਫਰੈਂਡ ਹੈ ਸ਼ਾਇਦ ਉਸੇ ਨਾਲ ਫੋਨ ਤੇ ਲੱਗੀ ਰਹਿੰਦੀ ਹੈ।ਪਿਛਲੀ ਵਾਰ ਇਕੱਠੇ ਮੈਕਸੀਕੋ ਵੀ ਜਾ ਆਏ ਨੇ।ਏਥੇ ਇਹ ਗੱਲਾਂ ਆਮ ਨੇ।ਜਿਆਦਾ ਰੋਕਾਂਗੇ ਤਾਂ ਘਰੋਂ ਦੌੜ ਜਾਊ ਫਿਰ ਕੀ ਕਰ ਲਵਾਂਗੇ?ਉਹੋ ਤਾਂ ਹੁਣ ਮੇਰਾ ਆਸਰਾ ਹੈ।ਇਹਦੇ ਡੈਡੀ ਕੋਲ ਤਾਂ ਮੇਰੇ ਲਈ ਟਾਈਮ ਹੀ ਨਹੀਂ।
ਜਦੋਂ ਮਨ ਬਹੁਤ ਬੇਚੈਨ ਹੋ ਜਾਂਦਾ ਹੈ ਫੇਰ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਨ ਲੱਗ ਪੈਂਦੀ ਹਾਂ।ਪਾਠ ਕਰਕੇ ਇੱਕ ਗੱਲ ਤਾਂ ਜਰੂਰ ਸਮਝ ਪੈਂਦੀ ਹੈ ਕਿ ਦੁਨੀਆਂ ਦੇ ਇਹ ਸਾਰੇ ਰਿਸ਼ਤੇ ਨਾਤੇ ਝੂਠੇ ਨੇ।ਰੇਤ ਦੀਆਂ ਕੰਧਾਂ।ਇਨਸਾਨ ਦੁਨੀਆਂ ਵਿੱਚ ਇਕਲਾ ਆਇਆ ਸੀ ਤੇ ਇਕੱਲਾ ਹੀ ਜਾਵੇਗਾ।
ਫੇਰ ਇਕੱਲਾ ਰਹਿ ਕਿਉਂ ਨਹੀਂ ਸਕਦਾ? ਮੈਂ ਸੋਚਦੀ ਹਾਂ।ਕਿਉਂ ਦੂਸਰਿਆਂ ਦਾ ਸਹਾਰਾ ਭਾਲਦਾ ਏ।ਉਨ੍ਹਾਂ ਸਹਾਰੇ ਉੱਡਣਾ ਲੋਚਦਾ ਏ।ਮਾਪੇ ਪਤੀ ਪੁੱਤਰ ਭੈਣ ਭਰਾ,ਚਾਚੇ ਤਾਏ ਮਾਮੇ ਮਾਸੀਆਂ ਹੋਰ ਕੀ ਨੇ ਸਭ ਕੁੱਝ ਸਿਰਫ ਗਰਜਾਂ ਦੇ ਰਿਸ਼ਤੇ।
ਪਤਾ ਨਹੀਂ ਅੱਜ ਮੇਰਾ ਮਨ ਕਿਉਂ ਨਹੀਂ ਸ਼ਾਂਤ ਹੋ ਰਿਹਾ।ਪਤੀ ਨੂੰ ਫੋਨ ਕਰਦੀ ਆਂ ਤਾਂ ਅੱਗੋਂ ਮਸ਼ੀਨ ਬੋਲ ਪੈਂਦੀ ਆ।ਧੀ ਨੇ ਫੋਨ ਬੰਦ ਕੀਤਾ ਹੋਇਆ ਹੈ।ਭਰਾ ਅਜੇ ਕੱਲ ਹੀ ਮੇਰੇ ਨਾਲ ਲੜ ਕੇ ਮੈਨੂੰ ਮਨਹੂਸ ਹੋਣ ਦੇ ਤਾਹਨੇ ਮਾਰ ਕੇ ਹਟਿਆ ਹੈ।ਮੇਰਾ ਹੋਰ ਕੌਣ ਹੈ...?ਕੋਈ ਵੀ ਨਹੀਂ।
ਮੈ ਡੈਡੀ ਨੂੰ ਕੋਸਦੀ ਹਾਂ ਕਿਉਂ ਕੀਤਾ ਸੀ ਮੇਰਾ ਰਿਸ਼ਤਾ ਕਨੇਡਾ।ਮੇਰੀ ਔਲਾਦ ਤੇ ਪਤੀ ਤਾਂ ਸਿਸਟਮ ਦਾ ਪੁਰਜਾ ਬਣ ਗਏ ਨੇ।ਮੈਂ ਰਹਿ ਗਈ ਬੇਜਾਨ ਚੀਜਾ ਨਾਲ ਮੱਥਾ ਮਾਰਨ ਲਈ।ਅੱਜ ਅਥਰੂ ਡੱਕੇ ਨਹੀਂ ਜਾ ਰਹੇ।ਮੰਮੀ ਡੈਡੀ ਵਲੋਂ ਮਿਲੇ ਪਿਆਰ ਦਾ ਨਿੱਘ ਬਹੁਤ ਯਾਦ ਆ ਰਿਹਾ ਏ।
ਮੈਂ ਮਨ ਹੋਰ ਪਾਸੇ ਲਾਉਣ ਲਈ ਬੂਹੇ ਵਿੱਚ ਜਾ ਖੜਦੀ ਹਾਂ।ਡੌਨਾ ਕੁੱਤਾ ਲਈ ਆ ਰਹੀ ਹੈ।ਹੱਸਦੀ ਮੁਸਕਰਾਂਉਦੀ ਹੋਈ।ਚੰਗੀ ਤਰ੍ਹਾਂ ਤਿਆਰ ਹੋਈ ਹੋਈ ਏ।ਨੀਲੀ ਜੀਨ ਅਤੇ ਰੈੱਡ ਟੀ ਸ਼ਰਟ ਵਿੱਚ ਕਿੰਨੀ ਜਚਦੀ ਹੈ।ਪੰਜਾਹਾ ਦੀ ਤਾਂ ਹੋਊ ਪਰ ਪੈਂਤੀਆਂ ਤੋਂ ਵੀ ਘੱਟ ਲੱਗਦੀ ਆ।ਉਸਦਾ ਮੇਕ ਅੱਪ ਤੇ ਮੁਸਕਰਾਹਟ ਮੱਲੋ ਮੱਲੀ ਰਾਹ ਜਾਂਦਿਆਂ ਦਾ ਧਿਆਨ ਖਿੱਚਦੇ ਨੇ।ਜੀਣ ਦਾ ਸਾਹਸ ਦਿੰਦੇ ਨੇ।ਮੈਂ ਉਸ ਨਾਲ ਗੱਲ ਕਰਨ ਲਈ ਰੁਕਦੀ ਹਾਂ।
ਉਸਦਾ ਕੁੱਤਾ ਅੱਗੇ ਪਿੱਛੇ ਦੌੜ ਰਿਹਾ ਹੈ।ਕਦੀ ਉਸ ਦੇ ਸੁੰਘਦਾ ਹੈ ਤੇ ਕਦੀ ਮੂੰਹ ਵਲ ਤੱਕ ਕੇ ਚੂੰ ਚੂੰ ਕਰਦਾ ਹੈ।ਜਿਵੇਂ ਕਹਿ ਰਿਹਾ ਹੋਵੇ ਹੁਣ ਮੈਨੂੰ ਗੋਦੀ ਚੁੱਕ।ਉਹ ਵੀ ਵਾਰ ਵਾਰ ਨੋ ਹਨੀ ਨੋ ਮਾਈ ਸਨ ਕਹਿ ਕਹਿ ਟਾਲ ਰਹੀ ਹੈ।ਮੈਨੂੰ ਦੂਰੋਂ ਹੀ ਹੱਥ ਹਿਲਾ ਉਸ ਨੇ ‘ਹੈਲੋ ਸਿੰਡੀ’ ਕਿਹਾ ਹੈ।ਮੈਂ ਬਾਹਰ ਨਿੱਕਲ ਕੇ ਉਸ ਨਾਲ ਗੱਲੀਂ ਜੁੱਟ ਜਾਂਦੀ ਹਾਂ।ਘਰ ਦੀਆਂ,ਸਟਰੀਟ ਦੀਆਂ,ਆਪਣੀ ਇਕੱਲਤਾ ਦੀਆਂ ਮੈਂ ਉਸ ਨਾਲ ਬਹੁਤ ਗੱਲਾਂ ਕਰਦੀ ਹਾਂ।ਉਹ ਮੇਰੀ ਉਦਾਸੀ ਨੂੰ ਭਾਂਪ ਕੇ ਪੁੱਛਦੀ ਹੈ
“ਡਾਰਲਿੰਗ ਕਿਉਂ ਐਨੀ ਉਦਾਸ ਏਂ?”
“ਮੇਰੇ ਵਲ ਵੇਖ ਮੇਰੇ ਮਾਂ ਬਾਪ ਪਤੀ,ਬੱਚੇ ਪਤਾ ਨਹੀਂ ਸਾਰੇ ਕਿੱਥੇ ਨੇ।ਮੈਂ ਫੇਰ ਵੀ ਖੁਸ਼ ਹਾਂ”।ਉਹ ਉੱਚੀ ਉੱਚੀ ਹੱਸੀ।“ਕੀ ਮੈਂ ਜੀਂਦੀ ਨਹੀਂ?ਤੂੰ ਵੀ ਮਜਬੂਤ ਹੋ”।
ਤੇ ਮੈਂ ਕਿਹਾ ਮੇਰਾ ਕੋਈ ਨਹੀਂ ਮੈਂ ਕੀਹਦੇ ਸਹਾਰੇ ਉੱਡਾਂ...।ਤਾਂ ਡੌਨਾ ਜੋਰ ਜੋਰ ਨਾਲ ਹੱਸੀ।
“ਡਾਰਲਿੰਗ ਰਿਸ਼ਤੇ ਤਾਂ ਮੋਮ ਦੇ ਖੰਭ ਹੁੰਦੇ ਨੇ ਰਤਾ ਸੇਕ ਲੱਗਿਆ ਤੇ ਪਿਘਲ ਕੇ ਵੱਖ ਹੋ ਗਏ”
ਮੈਂ ਰੋਜ ਗੁਰਬਾਣੀ ਪੜ੍ਹਦੀ ਹਾਂ ਮੈਨੂੰ ਇਹ ਗੱਲ ਕਿਉਂ ਨਾ ਸਮਝ ਲੱਗੀ।ਮੇਰੇ ਜਿਸਮ ਵਿੱਚ ਜਿਵੇਂ ਕੋਈ ਸ਼ਕਤੀ ਆ ਗਈ ਹੋਵੇ।ਮੈਂ ਪਹਿਲੀ ਵਾਰ ਅੱਜ ਸੋਚ ਰਹੀ ਹਾਂ ਕਿ ਮੈਂ ਕਿਸੇ ਤੋਂ ਕੀ ਲੈਣੈ।ਮੈਨੂੰ ਵੀ ਆਪਣੀ ਮਰਜੀ ਨਾਲ ਜੀਣਾ ਚਾਹੀਦਾ ਏ।ਮੇਰੇ ਡੈਡੀ ਵੀ ਕਹਿੰਦੇ ਸੀ
‘ਬੰਦੇ ਵਿੱਚ ਆਤਮਵਿਸ਼ਵਾਸ ਦੇ ਖੰਭ ਹੋਣੇ ਚਾਹੀਦੇ ਨੇ ਫੇਰ ਨੀ ਉਹ ਡਿੱਗਦਾ’।
ਮੈਨੂੰ ਜਾਪਿਆ ਸਾਰੇ ਰਿਸ਼ਤੇ ਝੂਠੇ ਹਨ।ਰੇਤ ਦੀਆਂ ਕੰਧਾਂ।
ਮੈਂ ਆਲੇ ਦੁਆਲੇ ਵੇਖਿਆ।ਸੂਰਜ ਚਮਕ ਰਿਹਾ ਸੀ ਫੁੱਲ ਖਿੜ ਰਹੇ ਸਨ।ਡੌਨਾ ਮੁਸਕਰਾ ਰਹੀ।ਕੁੱਤਾ ਖੇਡ ਰਿਹਾ ਸੀ।ਫੇਰ ਮੈਂ ਕਿਉਂ ਉਦਾਸ ਸੀ?ਜੀ ਕਰਦਾ ਸੀ ਉੱਡ ਜਾਵਾਂ।ਜਿਵੇਂ ਪੰਛੀ ਖੁੱਲੇ ਅੰਬਰਾਂ ‘ਚ ਉੱਚੀ ਉਡਾਣ ਭਰਦੇ ਨੇ।ਮੇਰੇ ਮਨ ਤੋਂ ਜਿਵੇਂ ਮਣਾ ਮੂੰਹੀ ਬੋਝ ਲੈ ਗਿਆ ਹੋਵੇ।

ਪਰੀਆਂ ਦਾ ਦੇਸ਼………… ਕਹਾਣੀ / ਮੇਜਰ ਮਾਂਗਟ

ਭਿੰਦੀ ਦਾ ਜਦੋਂ ਮਾਂ ਬਾਪ ਤੇ ਭੈਣਾਂ ਭਰਾਵਾਂ ਦੇ ਕਨੇਡਾ ਆਉਣ ਦਾ ਸੁਪਨਾ ਵੀ ਪੂਰਾ ਹੋ ਗਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਜਿਸ ਦਿਨ ਦੀ ਉਹ ਵਿਆਹ ਕਰਵਾ ਕੇ ਆਈ ਸੀ ਬੱਸ ਅੱਗੇ ਹੀ ਅੱਗੇ ਵਧਦੀ ਰਹੀ ਸੀ। ਪਿਛਲੇ ਕੁੱਝ ਦਿਨਾਂ ਤੋਂ ਉਸਦੇ ਮਨ ਅੰਦਰ ਅੱਚਬੀ ਜਿਹੀ ਲੱਗੀ ਹੋਈ ਸੀ, ਜਿਵੇਂ ਕਿਸੇ ਨੇ ਉਸਦੇ ਅੱਗੇ ਵਧ ਰਹੇ ਪੈਰਾਂ ਨਾਲ ਭਾਰੇ ਪੱਥਰ ਬੰਨ ਦਿੱਤੇ ਹੋਣ। ਉਸਦੇ ਪਤੀ ਦਾ ਘਰ ਅੰਦਰ ਪਹਿਲਾ ਸਥਾਨ ਹਾਸਲ ਲਈ ਸੰਘਰਸ਼ ਹੋਰ ਤਿੱਖਾ ਹੋ ਗਿਆ ਸੀ। ਜੋ ਭਿੰਦੀ ਨੂੰ ਕਦਾਚਿੱਤ ਵੀ ਬ੍ਰਦਾਸ਼ਤ ਨਹੀਂ ਸੀ। ਉਹ ਕਨੇਡਾ ਵਿੱਚ ਉਸ ਤੋਂ ਕਈ ਸਾਲ ਪਹਿਲਾਂ ਆਈ ਸੀ ਜਿਸਨੇ ਉਸ ਨੂੰ ਮੰਗਵਾ ਕੇ ਕਨੇਡਾ ਦੀ ਧਰਤੀ ਤੇ ਰਿੜਨਾ,ਤੁਰਨਾ ਤੇ ਦੌੜਨਾ ਸਿਖਾਇਆ ਸੀ ਤੇ ਹੁਣ ਉਸ ਨੂੰ ਖੰਭ ਨਿੱਕਲ ਆਏ ਸਨ।ਭਿੰਦੀ ਦਾ ਪੇਕਾ ਪਰਿਵਾਰ ਵੀ ਉਸ ਨੂੰ ਕਈ ਵਾਰ ਚਿਤਾਵਨੀ ਦੇ ਚੁੱਕਾ ਸੀ ਕਿ ਜਿਵੇਂ ਕੰਮਾਂ ਤੇ ਵੱਧ ਸਨਿਉਰਟੀ ਵਾਲਿਆਂ ਦੀ ਪਹਿਲ ਹੁੰਦੀ ਹੈ ਇਸ ਤਰਾਂ ਘਰ ਵਿੱਚ ਵੀ ਤੇਰੀ ਹੀ ਪੁੱਗਣੀ ਚਾਹੀਦੀ ਹੈ। ਪ੍ਰਾਹੁਣੇ ਨੂੰ ਕਾਬੂ ਕਰ ਜੋ ਤੇਰੀ ਹਿੱਕ ਤੇ ਪੈਰ ਰੱਖ ਕੇ ਅੱਗੇ ਲੰਘ ਜਾਣ ਦੇ ਸੁਪਨੇ ਲੈਂਦਾ ਹੈ।

ਇੱਕ ਦਿਨ ਫੇਰ ਉਸਦੀ ਮਾਂ ਜਸਮੇਲ ਕੌਰ ਨੇ ਗੱਲ ਤੋਰੀ "ਦੇਖ ਧੀਏ ਤੈਨੂੰ ਕਿਵੇਂ ਕਨੇਡਾ ਤੋਰਿਆ ਸੀ। ਤੇਰੇ ਪਿਉ ਦਾ ਪੂਰਾ ਸੱਤ ਲੱਖ ਲੱਗਿਆ ਸੀ ਤੇਰੇ ਵਿਆਹ ਤੇ... ਉਹਦੀ ਤਾਂ ਪਾਈ ਪਾਈ ਲਿਖੀ ਹੋਈ ਆ...। ਮੈਂ ਆਪਣੇ ਸਾਰੇ ਗਹਿਣੇ ਵੇਚ ਕੇ ਤੇਰੇ ਪਹਿਲੇ ਸਹੁਰਿਆਂ ਨੂੰ ਟੂਮ ਛੱਲੇ ਪਾ ਕੇ ਮੰਨ ਮਨੌਤਾਂ ਕੀਤੀਆਂ ਸਨ।ਉਹ ਵੀ ਤੇਰੇ ਪਿਉ ਦੀ ਪੁਲਸ ਦੀ ਨੌਕਰੀ ਕਰਕੇ ਚਾਰ ਪੈਸੇ ਜੁੜੇ ਹੋਏ ਸਨ। ਇਹ ਸਾਡੀ ਕੁਰਬਾਨੀ ਇਸ ਕਰਕੇ ਵੀ ਸਮਝ ਲੈ ਕਿ ਤੇਰੇ ਭੈਣਾਂ ਭਰਾਵਾਂ ਦਾ ਕੁਛ ਬਣ ਜਾਊ। ਪਰ ਹੁਣ ਇਹ ਹੋ ਕੀ ਰਿਹਾ ਏ? ਅਮਰ ਸਾਡੇ ਕਰਕੇ ਨਿੱਤ ਦਾ ਕਲੇਸ਼ ਕਿਉਂ ਕਰਦਾ ਏ? ਜੇ ਤੂੰ ਨੀ ਸਾਡਾ ਖਿਆਲ ਰੱਖੇਗੀਂ ਤਾਂ ਹੋਰ ਕੌਣ ਰੱਖੂ? ਕੀ ਅਸੀਂ ਨੀ ਤੇਰਾ ਖਿਆਲ ਰੱਖਿਆ?" ਫੇਰ ਉਹ ਕੰਨ ਕੋਲ਼ ਮੂੰਹ ਕਰਕੇ ਬੋਲੀ “ਕੀ ਇੰਡੀਆਂ ਵਿੱਚ ਤੇਰੇ ਵਸਣ ਦੇ ਲੱਛਣ ਸੀ। ਉਦੋਂ ਤਾਂ ਇਹ ਹੀ ਅਮਰ ਤੇ ਇਸਦੇ ਮਾਪੇ ਤੇਰੇ ਪਿਉ ਅੱਗੇ ਆ ਕੇ ਨਿੱਤ ਪੂਛ ਹਿਲਾਉਂਦੇ ਸੀ ਕਿ ਰਿਸ਼ਤਾ ਲੈ ਲਉ ਸਾਨੂੰ ਹਰ ਗੱਲ ਮਨਜੂਰ ਏ, ਤੇ ਹੁਣ ਇਹ ਕਿਸ ਗੱਲ ਦਾ ਰੋਜ ਝੱਜੂ ਪਾਉਂਦਾ ਏਂ...। ਇਹ ਨੂੰ ਕਾਬੂ ਵਿੱਚ ਰੱਖ ਮੈਂ ਤੈਨੂੰ ਦੱਸਾਂ” ਮਾਂ ਲੋਹੀ ਲਾਖੀ ਹੋਈ ਪਈ ਸੀ।

ਭਿੰਦੀ ਦਾ ਸਿਰ ਚਕਰਾ ਰਿਹਾ ਸੀ। ਮਾਂ ਠੀਕ ਹੀ ਤਾਂ ਕਹਿ ਰਹੀ ਸੀ। ਉਸਦਾ ਵਿਆਹ ਮਾਂ ਬਾਪ ਨੇ ਕਿਸੇ ਮਕਸਦ ਲਈ ਕੀਤਾ ਸੀ, ਨਹੀਂ ਤਾਂ ਕਿਹੜਾ ਬਾਪ ਆਪਣੀ ਧੀ ਨੂੰ ਦੁੱਗਣੀ ਉਮਰ ਦੇ ਮਰਦ ਤੇ ਦੋ ਬੱਚਿਆਂ ਦੇ ਬਾਪ ਨਾਲ ਜੋ ਨਿੱਤ ਦਾ ਸ਼ਰਾਬੀ ਹੋਵੇ ਵਿਆਉਂਦਾ ਏ। ਇਸੇ ਕਰਕੇ ਤਾਂ ਉਸ ਨਾਲੋਂ ਰਿਸ਼ਤਾ ਟੁੱਟਾ ਸੀ। ਜਦੋਂ ਭਿੰਦੀ ਨੇ ਘਰ ਵਾਲੇ ਨੂੰ ਸ਼ਰਾਬ ਪੀਣ ਤੋਂ ਰੋਕਣ ਦੀ ਕੋਸਿਸ਼ ਕੀਤੀ ਸੀ ਤਾਂ ਉਸ ਨੇ ਥੱਪੜ ਮਾਰਿਆ ਸੀ। ਸ਼ਾਇਦ ਉਸਦਾ ਪਹਿਲੀ ਪਤਨੀ ਨਾਲੋਂ ਰਿਸ਼ਤਾ ਟੁੱਟਣ ਦਾ ਵੀ ਏਹੋ ਕਾਰਨ ਹੋਵੇ। ਜੋ ਦੋਨੋਂ ਬੱਚੇ ਲੈ ਕੇ ਵੱਖਰੀ ਰਹਿਣ ਲੱਗ ਪਈ ਸੀ। ਤਲਾਕ ਹੋਣ ਤੋਂ ਬਾਅਦ ਵੀ ਉਸ ਨੇ ਪੀਣੀ ਨਹੀਂ ਸੀ ਛੱਡੀ ਪਰ ਇਸੇ ਵਜ੍ਹਾ ਕਰਕੇ ਸਾਰੇ ਰਿਸ਼ਤੇਦਾਰ ਛੱਡ ਦਿੱਤੇ ਸਨ। ਰਿਸ਼ਤੇਦਾਰਾਂ ਦੇ ਕਹਿਣ ਤੇ ਵੀ ਕਿ ਕਾਹਨੂੰ ਕਿਸੇ ਹੋਰ ਕੁੜੀ ਦੀ ਜ਼ਿੰਦਗੀ ਬਰਬਾਦ ਕਰਦੇ ਹੋਂ ਉਸਦੇ ਮਾਂ ਬਾਪ ਉਸ ਨੂੰ ਭਾਰਤ ਜਾ ਕੇ ਵਿਆਹ ਲਿਆਏ ਸਨ ਕਿ ਸ਼ਾਇਦ ਨਵੀਂ ਬਹੂ ਉਸ ਨੂੰ ਸੁਧਾਰ ਦੇਵੇ, ਪਰ ਪਰਨਾਲਾ ਉੱਥੇ ਦਾ ਉੱਥੇ ਰਿਹਾ।

ਕਈ ਵਾਰੀ ਉਹ ਸੋਚਦੀ ਮੈਂ ਵਿਆਹ ਕਿਉਂ ਕਰਵਾਇਆ। ਪਰ ਇਹ ਅਸਲੀਅਤ ਤਾਂ ਉਸਦਾ ਪਿਉ ਸਰਦੂਲ਼ ਸਿੰਘ ਵੀ ਜਾਣਦਾ ਸੀ। ਉਦੋਂ ਤਾਂ ਕਨੇਡਾ ਦੇ ਮੁਕਾਬਲੇ ਵਿੱਚ ਉਸ ਨੂੰ ਇਹ ਗੱਲਾਂ ਬੜੀਆਂ ਛੋਟੀਆਂ ਜਿਹੀਆਂ ਜਾਪੀਆਂ ਸਨ ਕਿ ਉਮਰ ਨੂੰ ਹੁਣ ਕੌਣ ਦੇਖਦਾ ਏ। ਜ਼ਮਾਨਾ ਬਦਲ ਗਿਆ ਏ ਮੈਂ ਤਾਂ ਪਿਛਲੇ ਵੀਹ ਵਰੇ ਤੋਂ ਪੀਂਦਾ ਹਾਂ। ਸਾਰੀ ਦੁਨੀਆ ਹੀ ਪੀਂਦੀ ਏ। ਨਾਲੇ ਕਨੇਡਾ ਵਰਗੇ ਮੁਲਕ 'ਚ ਜਾ ਕੇ ਤਾਂ ਇਹ ਗੱਲਾਂ ਮਾਹਨੇ ਹੀ ਕੋਈ ਨਹੀਂ ਰੱਖਦੀਆਂ। ਫੇਰ ਉਹ ਆਪਣੀ ਪਤਨੀ ਨੂੰ ਦਲੀਲ ਨਾਲ ਸਮਝਾਉਂਦਾ। ਤੂੰ ਪੰਜਾਬ ਦਾ ਹਾਲ ਦੇਖ। ਨੌਕਰੀਆਂ ਏਥੇ ਮਿਲਦੀਆਂ ਕੋਈ ਨਹੀਂ ਤੇ ਹਰ ਬੰਦਾ ਹਥਿਆਰ ਚੁੱਕੀ ਫਿਰਦਾ ਏ। ਰੋਜ਼ ਜਾਨੋਂ ਮਾਰਨ ਦੀਆਂ ਧਮਕੀਆਂ ਆਂਉਦੀਆਂ ਨੇ ਜੇ ਇਹ ਹੀ ਹਾਲਾਤ ਰਹੇ ਤਾਂ ਇਸ ਮੁਲਕ 'ਚ ਰਹਿਣਾ ਖਾਲਾ ਜੀ ਦਾ ਵਾੜਾ ਨਹੀਂ ਤੇ ਉਹ ਵੀ ਇੱਕ ਪੁਲਿਸ ਵਾਲੇ ਵਾਸਤੇ। ਨਾਲੇ ਹੁਣ ਤਾਂ ਚਾਰ ਪੈਸੇ ਕੋਲ਼ ਨੇ ਚੰਗੇ ਮੌਕੇ ਜੋੜ ਲਏ ਜੇ ਕੱਲ ਨੂੰ ਕੋਈ ਇਮਾਨਦਾਰੀ ਦਾ ਡੰਗਿਆ ਅਫਸਰ ਆ ਗਿਆ ਤਾਂ ਇਹ ਵੀ ਖਰਚੇ ਜਾਣਗੇ। ਜੇ ਕੋਈ ਇਨਕੁਆਰੀ ਬੈਠ ਗਈ ਤਾਂ ਸਰ ਗਿਆ। ਹਰ ਕੋਈ ਧੱਕੇਸ਼ਾਹੀ ਦਾ ਮੁੱਦਾ ਚੁੱਕੀ ਫਿਰਦਾ ਏ। ਹੁਣ ਮੌਕਾ ਏ ਨਿੱਕਲ ਚੱਲਦੇ ਹਾਂ। ਬੱਚਿਆਂ ਦਾ ਵੀ ਕੁੱਝ ਬਣ ਜਾਵੇਗਾ। ਮੁੱਢੇ 'ਚ ਨੁਕਸ ਕੱਢਣੇ ਛੱਡ ਤੇ ਹਾਂ ਕਰ। ਫੇਰ ਮਾਂ ਦੇ ਵੀ ਗੱਲ ਖਾਨੇ 'ਚ ਬੈਠ ਗਈ। ਇਹ ਰਿਸ਼ਤਾ ਹੋ ਗਿਆ।ਭਿੰਦੀ ਪਹਿਲਾਂ ਪਹਿਲਾਂ ਤਾਂ ਅੜ੍ਹ ਗਈ ਸੀ ਪਰ ਮਾਂ ਨੇ ਸਮਝਾਇਆਂ "ਕੁੜੀਏ ਕਨੇਡਾ ਜਾ ਕੇ ਤੇਰਾ ਭਵਿੱਖ ਬਣਜੂ। ਏਥੇ ਵੀ ਚੰਗਾ ਮੁੰਡਾ ਮਿਲਣ ਦੀ ਕੀ ਗਰੰਟੀ ਏ? ਨਸ਼ੇ ਦਾ ਹੜ੍ਹ ਵਗਦਾ ਏ ਏਥੇ। ਕਰੈਕਟਰ ਨਾਂ ਦੀ ਕੋਈ ਸ਼ੈਅ ਹੈ ਹੀ ਨਹੀਂ। ਤੂੰ ਆਪਣੇ ਅੰਦਰ ਹੀ ਝਾਤੀ ਮਾਰ ਕੇ ਸੋਚ। ਤੇਰੇ ਪਿਉ ਨੂੰ ਤਾਂ ਤੇਰਾ ਕੋਈ ਭੇਦ ਨਹੀਂ ਪਰ ਤੇਰੀ ਮਾਂ ਨੂੰ ਤਾਂ ਸਭ ਕੁੱਝ ਪਤਾ ਏ। ਕਦੇ ਵੀ ਬਦਨਾਮੀ ਦੀ ਕਾਲਖ ਤੇਰਾ ਘਰ ਤਬਾਹ ਕਰ ਸਕਦੀ ਹੈ। ਅਜੇ ਤਾਂ ਤੇਰੇ ਪਿਉ ਦੇ ਅਹੁਦੇ ਕਰਕੇ ਲੋਕੀ ਨਹੀਂ ਬੋਲਦੇ। ਭਿੰਦੀ ਨੇ ਸੋਚਿਆ ਮਾਂ ਠੀਕ ਹੀ ਤਾਂ ਕਹਿੰਦੀ ਹੈ ਮੈਨੂੰ ਚਾਂਸ ਛੱਡਣਾ ਨਹੀਂ ਚਾਹੀਦਾ ਤੇ ਉਹ ਰਾਜ਼ੀ ਹੋ ਗਈ ਸੀ।

ਉੱਧਰ ਮੁੰਡੇ ਵਾਲੇ ਸੋਚਦੇ ਕਿ ਸਾਡੇ ਸ਼ਰਾਬੀ ਕਬਾਬੀ ਦਹਾਜੂ ਪੁੱਤ ਨੂੰ ਥਾਣੇਦਾਰ ਦੀ ਕਾਲਜ ਪੜ੍ਹਦੀ ਵੀਹ ਵਰਿਆਂ ਦੀ ਕੁੜੀ ਚੋਖਾ ਦਾਜ ਤੇ ਲੱਖਾਂ ਰੁਪਿਆ ਨਕਦ ਮਿਲ ਰਿਹਾ ਹੈ ਹੋਰ ਸਾਨੂੰ ਕੀ ਚਾਹੀਦਾ ਹੈ। ਦੋਨੋ ਪਰਿਵਾਰ ਇੱਕ ਦੂਜੇ ਨੂੰ ਦਾਅ ਲਾਉਣ ਦੀ ਸੋਚ ਰਹੇ ਸਨ। ਹੋਰ ਵਿਆਹ ਦੀ ਆੜ ਵਿੱਚ ਰਹਿ ਵੀ ਕੀ ਗਿਆ ਸੀ। ਅਸਲ ਗੇਮ ਤਾਂ ਉਦੋਂ ਸ਼ੁਰੂ ਹੋਈ ਜਦੋਂ ਭਿੰਦੀ ਕਨੇਡਾ ਪਹੁੰਚਣ ਤੋਂ ਬਾਅਦ। ਭਿੰਦੀ ਦੇ ਘਰ ਵਾਲੇ ਅਮਰ ਨੂੰ ਕੁੱਝ ਲੋਕ ਪਹਿਲਾਂ ਤੋਂ ਹੀ ਮੱਤਾਂ ਦੇ ਰਹੇ ਸਨ ਕਿ ਕੁੜੀ ਤੇਰੇ ਤੋਂ ਅੱਧੀ ਉਮਰ ਦੀ ਹੈ ਸੰਭਾਲ ਕੇ ਰੱਖੀਂ। ਦੋ ਦੋ ਜੌਬਾਂ ਤੇ ਲਾ ਕੇ ਰੱਖੀ ਤਾਂ ਕਿ ਥੱਕੀ ਹਾਰੀ ਸੌਣ ਤੋਂ ਸਿਵਾਏ ਹੋਰ ਕੁੱਝ ਵੀ ਸੋਚਣ ਦਾ ਮੌਕਾ ਨਾ ਮਿਲੇ। ਉਸ ਦੇ ਪਰਿਵਾਰ ਨੂੰ ਭੁੱਲ ਕੇ ਵੀ ਸਪੌਂਸਰ ਕਰਨ ਦਾ ਮੌਕਾਂ ਨਾ ਦੇਵੀਂ ਫੇਰ ਇਸ ਕਬੂਤਰੀ ਨੂੰ ਬੈਠਣ ਲਈ ਇੱਕ ਛਤਰੀ ਹੋਰ ਮਿਲ ਜਾਣੀ ਏਂ ਤੈਨੂੰ ਤਾਂ ਫੇਰ ਉੱਕਾ ਹੀ ਪੁੱਛਣਾ ਨਹੀਂ। ਉਧਰ ਭਿੰਦੀ ਦੀ ਜਦ ਵੀ ਮੌਕਾ ਮਿਲਦਾ ਤਾਂ ਫੋਨ ਰਾਹੀਂ ਇੰਡੀਆ ਤੋਂ ਕਲਾਸ ਲੱਗ ਜਾਂਦੀ ਕਿ 'ਘਰ ਵਾਲਾ ਤੇਰੇ ਸ਼ਰਾਬੀ ਕਬਾਬੀ ਹੈ, ਆਪਣਾ ਘਰ ਸੰਭਾਲ ਕੇ ਰੱਖੀ। ਨਣਾਨਾਂ ਨੂੰ ਬਹੁਤਾਂ ਮੂੰਹ ਨਾਂ ਲਾਈਂ ਵਾਧੂ ਦੀ ਦਖਲ ਦੇ ਕੇ ਕਲੇਸ਼ ਪੁਆਂਉਂਦੀਆਂ ਰਹਿਣਗੀਆਂ। ਸਾਨੂੰ ਜਲਦੀ ਸਪੌਂਸਰ ਕਰ ਫੇਰ ਆਪੇ ਆ ਕੇ ਅਸੀਂ ਸੰਭਾਲ ਲਵਾਂਗੇ। ਘਰ ਤੂੰ ਰੋਹਬ ਨਾਲ ਚਲਾਉਣਾ ਹੈ।'

ਇੱਕ ਦਿਨ ਭਿੰਦੀ ਨੇ ਚੁੱਕੀ ਚਕਾਈ ਨੇ ਕਹਿ ਦਿੱਤਾ ਕਿ ਤੁਹਾਡੀਆਂ ਭੈਣਾਂ ਜਾਂ ਮਾਂ ਪਿਉ ਮੇਰੀ ਕਿਸੇ ਗੱਲ ਵਿੱਚ ਵਾਧੂ ਦਾ ਦਖਲ ਨਾ ਦੇਣ ਮੈਨੂੰ ਵੀ ਏਨੀ ਕੁ ਅਕਲ ਹੈ। ਤਾਂ ਅਮਰ ਨੇ ਠਾਹ ਕਰਦਾ ਥੱਪੜ ਮਾਰਿਆ ਕਿ ਤੇਰੀ ਜ਼ੁਰਤ ਕਿਵੇਂ ਪਈ ਮੇਰੀ ਮਾਂ ਜਾਂ ਭੈਣਾਂ ਨੂੰ ਕਹਿਣ ਦੀ। ਬੱਸੇ ਏਸੇ ਦਿਨ ਭਿੰਦੀ ਦਾ ਆਤਮ ਸਨਮਾਨ ਜ਼ਖਮੀ ਹੋਇਆ ਸੀ। ਉਹ ਸੋਚਣ ਲੱਗੀ ਕਿ ਇਹ ਦੋ ਟਕੇ ਦਾ ਬੰਦਾ ਤੇ ਉਹ ਵੀ ਸ਼ਰਾਬੀ ਕਬਾਬੀ ਆਪਣੇ ਆਪ ਨੂੰ ਸਮਝਦਾ ਕੀ ਹੈ। ਸਿਰਫ ਇਸਦੀ ਯੋਗਤਾ ਇਹ ਹੀ ਹੈ ਕਿ ਮੇਰੇ ਤੋਂ ਪਹਿਲਾਂ ਕਨੇਡਾ ਆਇਆ ਸੀ, ਜਿਵੇਂ ਕਨੇਡਾ ਇਹਦੇ ਪਿਉ ਦਾ ਮੁਲਕ ਹੋਵੇ। ਜੇ ਮੈਂ ਆਈ ਤੇ ਆ ਗਈ ਤਾਂ ਦੋ ਦਿਨਾਂ ਵਿੱਚ ਸਾਰੀਆਂ ਫੀਤੀਆਂ ਉਤਾਰ ਕੇ ਰੱਖ ਦਊਂ ਜੋਂ ਕਨੇਡਾ ਵਾਲੇ ਹੋਣ ਦੀਆਂ ਮੋਢਿਆਂ ਤੇ ਸਜਾਈਂ ਫਿਰਦੇ ਨੇ। ਉਹ ਫੱਟੜ ਸੀਹਣੀਂ ਵਾਂਗ ਵਿਸ ਘੋਲਦੀ ਮੌਕੇ ਦੀ ਤਲਾਸ਼ ਕਰਦੀ ਰਹੀਂ। ਇੱਕ ਦਿਨ ਫੇਰ ਇਸ ਗੱਲੋਂ ਤਕਰਾਰ ਹੋ ਗਿਆ ਕਿ ਮੈਂ ਆਪਣੇ ਮਾਂ ਬਾਪ ਸਪੌਂਸਰ ਕਰਨੇ ਨੇ ਤਾਂ ਅਮਰ ਅੱਗੋ ਬੁੜਕ ਪਿਆ ਕਿ ਤੂੰ ਇਹ ਗੱਲ ਸੋਚੀਂ ਵੀ ਕਿੱਦਾਂ। ਭਿੰਦੀ ਨੇ ਕਿਹਾ ਕਿਉਂ ਮੈਂ ਇਨਸਾਨ ਨਹੀਂ ਮੈਂ ਕਨੇਡਾ ਨਹੀਂ ਰਹਿੰਦੀ, ਮੈਂ ਕੰਮ ਨਹੀਂ ਕਰਦੀ ਤੇਰੇ ਨਾਲ ਵਿਆਹ ਕਰਵਾਇਆ ਹੈ ਉਹ ਵੀ ਕੀਮਤ ਅਦਾ ਕਰਕੇ ਮੈਂ ਤੇਰੀ ਕੋਈ ਗ਼ੁਲਾਮ ਨਹੀਂ ਬਈ ਮੇਰੀ ਜ਼ਿੰਦਗੀ ਦੇ ਫੈਸਲੇ ਵੀ ਹੁਣ ਤੂੰ ਕਰੇਂਗਾ। ਅਮਰ ਨੇ ਆ ਦੇਖਿਆਂ ਨਾਂ ਤਾ "ਖੜਜਾ ਤੇਰੀ ਕੁੱਤੀ ਜ਼ਨਾਨੀ ਦੀ…” ਕਹਿੰਦਿਆਂ ਹੋਇਆਂ ਸ਼ਰਾਬ ਵਾਲਾ ਗਲਾਸ ਉਸ ਦੇ ਮੱਥੇ 'ਚ ਮਾਰਿਆ। ਚਾਰ ਪੰਜ ਥੱਪੜ ਜੜ ਦਿੱਤੇ। ਜਦੋਂ ਫੇਰ ਵੀ ਠੰਢ ਨਾ ਪਈ ਤਾਂ ਕੌਰਡਲੈੱਸ ਉਸ ਦੇ ਮੂੰਹ ਤੇ ਮਾਰਿਆ ਅਖੇ ਆ ਬੈਲ ਮੁਝੇ ਮਾਰ। ਭਿੰਦੀ ਨੇ ਉਸੇ ਫੋਨ ਤੋਂ ਤੁਰੰਤ 911 ਘੁਮਾਇਆ, ਗਲ ਅਜੇ ਕੋਈ ਵੀ ਨਹੀਂ ਸੀ ਕੀਤੀ ਕਿ ਅਮਰ ਨੇ ਛਾਲ ਮਾਰ ਕੇ ਉਸ ਨੂੰ ਵਾਲਾਂ ਤੋਂ ਫੜ ਕੇ ਕੁੱਟਣਾ ਸੁਰੂ ਕਰ ਦਿੱਤਾ । ਫੋਨ ਬੁੜਕ ਕੇ ਪਰਾਂ ਜਾ ਡਿੱਗਿਆ। ਬਾਕੀ ਦਾ ਚੀਕ ਚਿਹਾੜਾ ਪੁਲੀਸ ਨੂੰ ਫੋਨ ਤੇ ਹੀ ਸੁਣਿਆ। ਮਿੰਟਾਂ ਸਕਿੰਟਾਂ ਵਿੱਚ ਹੀ ਪੁਲੀਸ ਐਂਬੂਲੈਂਸ ਤੇ ਫਾਇਰ ਦੇ ਅਲਾਰਮ ਉਨ੍ਹਾਂ ਦੇ ਘਰ ਅੱਗੇ ਵੱਜ ਰਹੇ ਸਨ। ਭਿੰਦੀ ਨੇ ਰੋ ਰੋ ਕੇ ਆਪਣੀ ਕਹਾਣੀ ਦੱਸੀ, ਅਮਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਭਿੰਦੀ ਕਿਤੇ ਹੋਰ ਰਹਿਣ ਲੱਗ ਪਈ ਸੱਸ ਸਹੁਰੇ ਨੇ ਨਾਲ ਰਹਿਣ ਲਈ ਬਥੇਰਾ ਮਨਾਈ ਸੀ ਪਰ ਉਹ ਨਾ ਮੰਨੀ।

ਭਿੰਦੀ ਨੂੰ ਬੇਸਮੈਂਟ ਉਸਦੇ ਥਾਣੇਦਾਰ ਪਿਉ ਦੇ ਕਹਿਣ ਤੇ ਕਿਸੇ ਵਾਕਿਫ ਨੇ ਦੁਆ ਦਿੱਤੀ ਸੀ ਜੌਬ ਤਾਂ ਉਹ ਕਰਦੀ ਹੀ ਸੀ ਅਸਲ ਵਿੱਚ ਉਹ ਸਰਦੂਲ ਸਿੰਘ ਦੀ ਮਾਸੀ ਦੇ ਭਾਣਜੇ ਦਾ ਘਰ ਸੀ। ਭਿੰਦੀ ਨੂੰ ਹੁਣ ਹਰ ਗੱਲ ਵਿੱਚ ਪੂਰੀ ਆਜ਼ਾਦੀ ਮਿਲ ਗਈ ਘਰ ਵਾਲੇ ਉਸ ਨੂੰ ਪਰਿਵਾਰ ਦਾ ਮੈਂਬਰ ਹੀ ਸਮਝਦੇ ਹਰ ਗੱਲ ਵਿੱਚ ਉਸਦੀ ਮੱਦਦ ਕਰਦੇ ਤੇ ਸਲਾਹਾਂ ਦਿੰਦੇ ਕਿ ਅਮਰ ਵਰਗੇ ਸ਼ਰਾਬੀ ਬੰਦੇ ਨਾਲ ਤਾਂ ਉਹ ਰਹਿਣ ਦੀ ਗੱਲ ਦਿਮਾਗ ਵਿੱਚੋਂ ਹੀ ਕੱਢ ਦੇਵੇ। ਜੋ ਨਾਂ ਤਾਂ ਅਲਕੋਹਲਿਕ ਹੋਣ ਕਰਕੇ ਕੰਮ ਕਰ ਸਕਦਾ ਹੈ, ਉਮਰ ਵਿੱਚ ਉਸ ਤੋਂ ਦੁੱਗਣਾ ਹੈ ਤੇ ਪਹਿਲੀ ਪਤਨੀ ਦੇ ਬੱਚਿਆਂ ਦਾ ਅੱਧਾ ਖਰਚਾ ਵੀ ਉਸ ਦੇ ਸਿਰ ਪਿਆ ਹੋਇਆ ਹੈ। ਉੱਥੇ ਤਾਂ ਉਸਦਾ ਭਵਿੱਖ ਬਿਲਕੁੱਲ ਸੁਰੱਖਿਅਤ ਨਹੀਂ। ਉਨ੍ਹਾਂ ਹੀ ਚੁੱਕ ਚੁਕਾ ਕੇ ਭਿੰਦੀ ਨੂੰ ਤਲਾਕ ਅਪਲਾਈ ਕਰਨ ਲਈ ਮਨਾ ਲਿਆ ਸੀ। ਉਧਰ ਅਮਰ ਦੀ ਸ਼ਰਾਬ ਬੇਹੱਦ ਵਧ ਗਈ ਸੀ ਤੇ ਇਸ ਰਿਸ਼ਤੇ ਦਾ ਭੋਗ ਪੈਦਿਆਂ ਕੋਈ ਬਹੁਤਾ ਸਮਾਂ ਨਾ ਲੱਗਾ।

ਭਿੰਦੀ ਨੂੰ ਤਲਾਕ ਦਾ ਸਰਟੀਫੀਕੇਟ ਮਿਲਣ ਦੀ ਦੇਰ ਸੀ ਕਿ ਉਸ ਨੂੰ ਨਵੇਂ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਇਸ ਕਲੇਸ਼ ਦੌਰਾਨ ਉਸ ਦੀ ਸਭ ਤੋਂ ਵੱਧ ਮੱਦਦ ਕਰਨ ਵਾਲੀ ਉਸਦੇ ਡੈਡੀ ਜੀ ਦੀ ਮਾਸੀ ਨੇ ਹੀ ਸਭ ਤੋਂ ਪਹਿਲਾਂ ਆਪਣੇ ਘਰ ਵਾਲੇ ਦੇ ਭਤੀਜੇ ਨਾਲ ਵਿਆਹ ਕਰਵਾਉਣ ਦੀ ਜਿੱਦ ਫੜ ਲਈ। ਉਧਰੋਂ ਸਰਦੂਲ ਸਿੰਘ ਵੀ ਕਹਿਣ ਲੱਗਿਆ ਹੁਣ ਔਖੇ ਵੇਲੇ ਮਾਸੀ ਨੇ ਐਨੀ ਮੱਦਦ ਕੀਤੀ ਹੈ ਜਵਾਬ ਕਿਵੇਂ ਦੇ ਸਕਦੇ ਹਾਂ। ਉਦਾਂ ਵੀ ਜਾਣ ਪਛਾਣ ਹੈ ਨਹੀਂ ਤਾਂ ਤਲਾਕ ਸ਼ੁਦਾ ਔਰਤ ਨਾਲ ਕਨੇਡਾ ਦੇ ਲਾਲਚ ਨੂੰ ਵਿਆਹ ਕਰਵਾਉਣ ਲਈ ਤਾਂ ਹਰ ਇੱਕ ਤਿਆਰ ਹੈ ਪਰ ਬਾਅਦ ਮਤਲਬ ਨਿੱਕਲੇ ਤੋਂ ਰੌਲਾ ਪਾ ਲੈਂਦੇ ਹਨ। ਪਤਾ ਨਹੀਂ ਭਿੰਦੀ ਨੂੰ ਕਿਉਂ ਲੱਗਦਾ ਸੀ ਕਿ ਮਾਸੀ ਨੇ ਉਸਦੀ ਮੱਦਦ ਕੀਤੀ ਹੀ ਤਾਂ ਹੈ ਕਿ ਉਹ ਮੁੰਡੇ ਦਾ ਸਾਕ ਕਰਵਾ ਕੇ ਆਪਣੇ ਸਹੁਰਿਆਂ ਤੇ ਰੋਹਬ ਪਾ ਸਕੇ। ਭਿੰਦੀ ਤਾਂ ਇਹ ਵੀ ਚਾਹੁੰਦੀ ਸੀ ਕਿ ਇੰਡੀਆਂ ਜਾ ਕੇ ਆਪਣਾ ਮਨ ਪਸੰਦ ਦਾ ਮੁੰਡਾ ਚੁਣ ਕੇ ਲਿਆਵੇ ਪਰ ਆਪਣੇ ਪਿਉੁ ਨੂੰ ਜਵਾਬ ਨਾ ਦੇ ਸਕੀ ਜੋ ਧੀ ਨੂੰ ਦੁਬਾਰਾ ਮੁਫਤੋਂ ਮੁਫਤ ਵਿਆਹ ਕਰਵਾ ਕੇ ਵਸਾ ਦੇਣਾ ਚਾਹੁੰਦਾ ਸੀ। ਕੁਝ ਕੁ ਨਾਂਹ ਨੁੱਕਰ ਕਰਨ ਤੋਂ ਬਾਅਦ ਹੀ ਭਿੰਦੀ ਨੇ ਪਿਉ ਸਾਹਮਣੇ ਹਥਿਆਰ ਸੁੱਟ ਦਿੱਤੇ ਤੇ ਸਰਦੂਲ ਸਿੰਘ ਨੇ ਵੀ ਮਾਸੀ ਨੂੰ ਨਿਸ਼ੰਗ ਹੋ ਕੇ ਕਹਿ ਦਿੱਤਾ ਕਿ ਵਿਆਹ ਦਾ ਸਾਰਾ ਖਰਚਾ ਮੁੰਡੇ ਵਾਲੇ ਕਰਨ। ਭਿੰਦੀ ਦੇ ਇੰਡੀਆ ਆਉਣ ਜਾਣ ਦਾ ਖਰਚਾ ਦੇਣ ਜੋ ਉਹ ਮੰਨ ਗਏ ਕਿਉਂਕਿ ਦਸ ਪੰਦਰਾਂ ਲੱਖ ਖਰਚ ਕੇ ਮੁੰਡੇ ਨੂੰ ਕੱਚਾ ਕਨੇਡਾ ਭੇਜਣ ਨਾਲੋਂ ਇਹ ਸੌਦਾ ਸਸਤਾ ਸੀ।

ਹਾਂ ਹੋਣ ਦੀ ਦੇਰ ਸੀ ਹੁਣ ਮਾਸੀ ਨੇ ਮੁੰਡੇ ਦੀਆਂ ਸਿਫਤਾਂ ਦੇ ਪੁਲ ਬੰਨਣੇ ਸ਼ੁਰੂ ਕਰ ਦਿੱਤੇ ਕਿ ਅਮਰਜੀਤ ਦੀ ਐੱਮ ਐੱਮ ਸੀ ਕੀਤੀ ਹੋਈ ਹੈ ਕੋਈ ਨਸ਼ਾ ਪੱਤਾ ਨਹੀਂ ਖਾਂਦਾ ਬੜਾ ਲੈਕ ਮੁੰਡਾ ਹੈ। ਸਰਦੂਲ ਸਿੰਘ ਮੁੰਡਾ ਦੇਖਣ ਗਿਆ । ਵਾਕਿਆ ਹੀ ਗੱਲ ਠੀਕ ਸੀ ਛੇ ਫੁੱਟ ਲੰਬਾ ਕੱਦ ਗੋਰਾ ਰੰਗ ਸੋਹਣਾ ਸੁਨੱਖਾ ਭਿੰਦੀ ਤੋਂ ਸਿਰਫ ਤਿੰਨ ਵਰ੍ਹੇ ਵੱਡਾ। ਮੁੰਡੇ ਨੂੰ ਪੰਜ ਏਕੜ ਜ਼ਮੀਨ ਆਉਂਦੀ ਸੀ, ਬਾਹਰ ਖੇਤਾਂ ਵਿੱਚ ਘਰ ਸੀ ਹੋਰ ਕੀ ਚਾਹੀਦਾ ਸੀ। ਉਨ੍ਹਾਂ ਭਿੰਦੀ ਨੂੰ ਫੋਨ ਕਰਕੇ ਸ਼ਗਨ ਪਾ ਦਿੱਤਾ ਤੇ ਵਿਆਹ ਵਾਸਤੇ ਜਲਦੀ ਆਉਣ ਲਈ ਕਿਹਾ। ਇਨ੍ਹਾਂ ਦਿਨਾਂ ਵਿੱਚ ਸਰਦਾਰਾ ਸਿੰਘ ਦੇ ਪਰਿਵਾਰ ਨੇ ਸਰਦੂਲ ਸਿੰਘ ਦੀ ਰੱਜ ਕੇ ਸੇਵਾ ਕੀਤੀ। ਜਿਉਂ ਹੀ ਉਸਦੀ ਕਾਰ ਆ ਕੇ ਰੁੱਕਦੀ ਠਾਣੇਦਾਰ ਸਾਹਿਬ ਠਾਣੇਦਾਰ ਸਾਹਿਬ ਹੁੰਦੀ ਬੋਤਲਾਂ ਖੁੱਲਦੀਆਂ ਮੁਰਗ਼ੇ ਰਿੰਨੇ ਜਾਂਦੇ। ਅਮਰਜੀਤ ਵਾਰ ਵਾਰ ਗੋਡੇ ਛੂੰਹਦਾ। ਸਰਦੂਲ ਸਿੰਘ ਭਿੰਦੀ ਨੂੰ ਫੋਨ ਤੇ ਹਰ ਵਾਰ ਆਖਦਾ ਕਿ ਏਹੋ ਜਿਹਾ ਮੁੰਡਾ ਤਾਂ ਕਿਸਮਤ ਵਾਲਿਆਂ ਨੂੰ ਮਿਲਦਾ ਹੈ।

ਫੇਰ ਇੱਕ ਦਿਨ ਭਿੰਦੀ ਕਨੇਡਾ ਤੋਂ ਭਾਰਤ ਆਈ ਤੇ ਦੋਹਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਦਾ ਸਮਾਂ ਬੜਾ ਰੰਗ ਰੰਗੀਨੀਆਂ ਭਰਿਆ ਬੀਤਿਆ। ਜਾਣ ਸਾਰ ਭਿੰਦੀ ਨੇ ਆਪਣੇ ਘਰ ਵਾਲੇ ਦੇ ਪੇਪਰ ਭਰ ਦਿੱਤੇ। ਨਵੇਂ ਕਨੂੰਨ ਅਨੁਸਾਰ ਮੈਡੀਕਲ ਅਤੇ ਇੰਟਰਵਿਊ ਉਪਰੰਤ ਅਮਰਜੀਤ ਕਨੇਡਾ ਪਹੁੰਚ ਗਿਆ। ਮਾਸੀ ਮਾਸੜ ਨੇ ਦੋਹਾਂ ਦੀ ਮੱਦਦ ਵੀ ਕੀਤੀ ਤੇ ਵੱਖਰੀ ਬੇਸਮੈਂਟ ਵੀ ਲੱਬ ਦਿੱਤੀ। ਦੋਹਾਂ ਨੂੰ ਚੰਗੇ ਕੰਮ ਮਿਲ ਗਏ ਤੇ ਗੱਡੀ ਚੰਗੀ ਰਿੜ ਪਈ। ਹੁਣ ਵਾਰੀ ਆਈ ਮਾਪਿਆਂ ਨੂੰ ਸਪੌਂਸਰ ਕਰਨ ਦੀ ਭਿੰਦੀ ਦੀ ਜਿੱਦ ਸੀ ਕਿ ਪਹਿਲਾਂ ਉਹ ਸਪੌਸਰ ਕਰੇਗੀ ਕਿਉਂਕਿ ਕਨੇਡਾ ਵੀ ਪਹਿਲਾਂ ਉਹੋ ਆਈ ਸੀ। ਅਮਰਜੀਤ ਮੰਨ ਗਿਆ ਤੇ ਦੋਹਾਂ ਨੇ ਰਲ ਕੇ ਭਿੰਦੀ ਦੇ ਪਰਿਵਾਰ ਨੂੰ ਸਪੌਸਰ ਕਰ ਦਿੱਤਾ। ਕਨੇਡਾ ਵਿੱਚ ਵਸੇ ਪੰਜਾਬੀ ਪਰਿਵਾਰਾਂ ਦੇ ਘਰਾਂ ਅੰਦਰ ਮਹਾਂਭਾਰਤ ਏਥੋਂ ਹੀ ਸ਼ੁਰੂ ਹੁੰਦੀ ਹੈ।
ਦੋ ਸਾਲ ਦੀ ਉਡੀਕ ਤੋਂ ਬਾਅਦ ਜਦੋਂ ਭਿੰਦੀ ਦਾ ਪਰਿਵਾਰ ਕਨੇਡਾ ਆ ਗਿਆ ਤਾਂ ਪਰਿਵਾਰਕ ਯੁੱਧ ਦੀ ਧੂੜ ਹੋਰ ਸੰਘਣੀ ਹੋਣ ਲੱਗੀ। ਹੁਣ ਭਿੰਦੀ ਲਈ ਸਾਰਾ ਕੁੱਝ ਆਪਣੇ ਮਾਪੇ ਸਨ। ਉਹ ਹਰ ਰੋਜ ਉਨ੍ਹਾਂ ਨੂੰ ਘੁੰਮਾਉਂਦੀ ਫਿਰਾਉਂਦੀ। ਸਟੋਰਾਂ ਵਿੱਚ ਨਾਲ ਲਈ ਫਿਰਦੀ ਅਮਰਜੀਤ ਲਈ ਤਾਂ ਜਿਵੇਂ ਉਸ ਕੋਲ ਸਮਾਂ ਹੀ ਨਹੀਂ ਸੀ। ਜਿਉਂ ਜਿਉਂ ਅਮਰਜੀਤ ਦੇ ਕਨੇਡਾ ਵਾਲੇ ਚਾਅ ਫਿੱਕੇ ਪੈਣ ਲੱਗੇ ਤਿਉਂ ਤਿਉਂ ਭਿੰਦੀ ਦੇ ਨਾਜ਼ ਨਖਰੇ ਵੀ ਬਦਲਣ ਲੱਗੇ। ਅਮਰਜੀਤ ਨੇ ਹੁਣ ਸਹੁਰਾਂ ਸਾਹਿਬ ਦੇ ਗੋਡੇ ਛੂਹਣੇ ਬੰਦ ਕਰ ਦਿੱਤੇ ਤੇ ਦਾਰੂ ਵੀ ਪੁੱਛਣੋਂ ਹਟ ਗਿਆ। ਹੋਰ ਤਾਂ ਹੋਰ ਉਹ ਕੰਮ ਤੋਂ ਆ ਕੇ ਚੁੱਪ ਚੁਪੀਤੇ ਆਪਣੇ ਬੈੱਡ ਰੂਮ ਵਿੱਚ ਜਾ ਵੜਦਾ। ਸਰਦੂਲ ਸਿੰਘ ਨੂੰ ਜਵਾਈ ਦੀ ਇਗ ਗੱਲ ਚੰਗੀ ਨਾ ਲੱਗੀ। ਉਸ ਨੂੰ ਤਾਂ ਆਪਣੀ ਪਹਿਲਾਂ ਵਰਗੀ ਆਉ ਭਗਤ ਚਾਹੀਦੀ ਸੀ ਪਰ ਉਸਦੀ ਜਗਾ ਬਗਾਵਤ ਦੀ ਬੂਅ ਕਾਰਨ ਉਸ ਦਾ ਦਮ ਘੁੱਟਣ ਲੱਗਾ। ਉਹ ਆਨੀ ਬਹਾਨੀ ਧੀਏ ਗੱਲ ਸੁਣ ਨੂੰਹੇਂ ਕੰਨ ਕਰ ਵਾਲੀ ਪਾਲਿਸੀ ਤੇ ਟਕੋਰਾਂ ਕਰਦਾ ਕਿ ਕਨੇਡਾ ਦਾ ਤਾਂ ਪਾਣੀ ਹੀ ਚੰਦਰਾ ਹੈ ਏਥੇ ਆਕੇ ਸਾਰੇ ਬਦਲ ਜਾਂਦੇ। ਹੋਰ ਤਾਂ ਹੋਰ ਦਾਲਾਂ ਸਬਜ਼ੀਆਂ ਦਾ ਦਾ ਸਵਾਦ ਵੀ ਉਹ ਨਹੀਂ ਰਹਿੰਦਾ। ਇੰਡੀਆਂ ਵਿੱਚ ਬਣਿਆ ਮੀਟ ਮੂੰਹੋਂ ਨਹੀਂ ਸੀ ਲਹਿੰਦਾ ਏਥੇ ਆਲੂਆਂ ਤੋਂ ਵੀ ਭੈੜਾ ਲੱਗਦਾ ਏ। ਕਿਸੇ ਵੀ ਚੀਜ਼ ਵਿੱਚ ਉਹ ਸੁਗੰਧ ਨਹੀਂ ਰਿਸ਼ਤਿਆਂ ਵਿੱਚ ਨਿੱਘ ਕਿੱਥੋਂ ਹੋਊ? ਇੱਕ ਦਿਨ ਉਹ ਅਮਰਜੀਤ ਨੂੰ ਸੁਣਾ ਕੇ ਕਹਿਣ ਲੱਗਾ ਕਿ "ਕਾਹਦਾ ਕਨੇਡਾ ਹੈ ਮੈਂ ਤਾਂ ਆ ਕੇ ਫਸ ਗਿਆ ਇੰਡੀਆ ਵਿੱਚ ਵੀਹ ਸਾਲ ਨੌਕਰੀ ਕੀਤੀ ਹੈ, ਕਦੇ ਨਾਗਾ ਨਹੀਂ ਸੀ ਪਿਆ ਏਥੇ ਤਾਂ ਉਹ ਵੀ ਨਹੀਂ ਜੁੜਦੀ। ਅਮਰਜੀਤ ਕਹਿਣਾਂ ਤਾਂ ਚਾਹੁੰਦਾ ਸੀ ਕਿ ਥਾਣੇਦਾਰ ਸਾਹਿਬ ਸਾਹਿਬ ਏਤੇ ਹੱਕ ਹਲਾਲ ਦੀ ਕਮਾਈ ਨਾਲ ਤਾਂ ਘਰ ਦਾ ਮਸਾਂ ਤੋਰਾ ਤੁਰਦਾ ਹੈ ਉਹ ਹਰਾਮ ਦੀ ਕਮਾਈ ਵਾਲੀ ਐਸ਼ ਵਾਲ ਸਿਲਸਲਾ ਏਥੇ ਨਹੀਂ ਚੱਲਣਾ। ਪਰ ਉਹ ਕਹਿ ਨਾ ਸਕਿਆ ਭਿੰਦੀ ਨੇ ਜਰੂਰ ਆਖਿਆ ਕਿ ਡੈਡੀ ਜੀ ਤੁਸੀਂ ਕੋਈ ਕੰਮ ਲੱਭੋਂ ਇਹ ਦਾਰੂ ਦੀ ਆਦਤ ਨਹੀਂ ਚੱਲਣੀ ਏਥੇ ਤਾਂ ਅੱਗੋਂ ਸਰਦੂਲ ਸਿੰਘ ਨੂੰ ਥਾਣੇਦਾਰੀ ਤਾਅ ਚੜ੍ਹ ਗਿਆ ਕਿ ਅੱਛਾ ਹੁਣ ਥੋਨੂੰ ਮੇਰੀ ਦੋ ਘੁੱਟ ਦਾਰੂ ਵੀ ਚੁਭਣ ਲੱਗ ਪਈ ਹੈ। ਇੰਡੀਆ ਮੇਰੇ ਅੱਗੇ ਕੋਈ ਕੁਸਕਿਆ ਨਹੀਂ ਸੀ ਤੂੰ ਹੁਣ ਮੇਰੀ ਕੁੜੀ ਵੀ ਮੈਨੂੰ ਮੱਤਾਂ ਦੇਣ ਲੱਗ ਪਈ ਹੈ। ਉਹਨੇ ਤਾਂ ਏਥੋਂ ਤੱਕ ਵੀ ਆਖ ਦਿੱਤਾ ਕਿ ਤੈਨੂੰ ਪੜ੍ਹਾ ਲਿਖਾ ਕੇ ਕਨੇਡਾ ਭੇਜਿਆ ਵਿਆਹ ਕੀਤਾ ਕਿ ਚੱਲ ਚਾਰ ਦਿਨ ਸੁੱਖ ਦੇ ਦੇਖਾਂਗੇ ਜੇ ਨਹੀਂ ਸੰਭਾਲ ਹੁੰਦਾ ਤਾਂ ਸਾਨੂੰ ਇੰਡੀਆ ਨੂੰ ਚੜ੍ਹਾ ਦਿਉ। ਮੈਂ ਤਾਂ ਇਹ ਪੰਗਾ ਤੇਰੇ ਛੋਟੇ ਭਰਾ ਕਰਕੇ ਲਿਆ ਸੀ ਕਿ ਚਲੋਂ ਬਾਹਰ ਨਿੱਕਲ ਜਾਵੇਗਾ ਨਹੀਂ ਮੈਂ ਤਾਂ ਉਥੇ ਬਥੇਰਾ ਸੌਖਾ ਸੀ।

ਪਿਉ ਤੋਂ ਹੋਈ ਬੇਇੱਜਤੀ ਦਾ ਬਦਲਾ ਭਿੰਦੀ ਨੇ ਅਮਰਜੀਤ ਤੋਂ ਲਿਆ ਕਿ ਤੂੰ ਮੇਰੀ ਡੈਡੀ ਨੂੰ ਨਹੀਂ ਪੁੱਛਦਾ ਚੱਜ ਨਾਲ ਬੁਲਾਉਂਦਾ ਨਹੀਂ ਤਾਂ ਲੜਾਈ ਹੋਈ ਹੈ। ਉਹ ਤਾਂ ਇਹ ਵੀ ਕਹਿ ਗਈ ਕਿ ਤੂੰ ਕਨੇਡਾ ਦੇ ਲਾਲਚ ਨੂੰ ਵਿਆਹ ਕਰਵਾਇਆ ਸੀ, ਜਦੋਂ ਮਤਲਬ ਸੀ ਤਾਂ ਇਹ ਹੀ ਡੈਡੀ ਥਾਣੇਦਾਰ ਸਾਹਿਬ ਲੱਗਦੇ ਸਨ ਤੇ ਗੋਡੀ ਹੱਥ ਲਾਉਂਦਾ ਸੀ ਹੁਣ ਕਲਾਮ ਕਰਕੇ ਵੀ ਰਾਜ਼ੀ ਨਹੀਂ। ਇਹ ਸਿਲਸਲਾ ਰੋਜ਼ ਵਧਣ ਲੱਗਾ। ਇੰਡੀਅਨ ਮਾਲਿਕ ਮਕਾਨ ਨੂੰ ਵੀ ਥੋੜੀ ਭਿਣਕ ਪੈਣ ਲੱਗੀ ਕਿ ਕੁੱਝ ਗੜਬੜ ਹੈ ਤਾਂ ਉਨ੍ਹਾਂ ਬੇਸਮੈਂਟ ਛੱਡ ਕੇ ਅਪਾਰਟਮੈਂਟ ਲੈ ਲਈ। ਉੱਥੇ ਜਾਕੇ ਇਹ ਲੜਾਈ ਘਟਣ ਦੀ ਬਜਾਏ ਸਗੋਂ ਹੋਰ ਵੀ ਵਧ ਗਈ। ਜਿਉਂ ਜਿਉਂ ਭਿੰਦੀ ਸਾਰੀ ਲੜਾਈ ਦਾ ਭਾਂਡਾ ਅਮਰਜੀਤ ਸਿਰ ਭੰਨਣ ਲੱਗੀ ਅੱਗੇ ਤੋਂ ਉਹ ਵੀ ਬੋਲਣ ਲੱਗ ਪਿਆ। ਭਿੰਦੀ ਦੇ ਪਿਉ ਨੂੰ ਉਹ ਲੜ੍ਹਾਈ ਦੀ ਜੜ ਕਹਿੰਦਾ ਤੇ ਉਸ ਦੀ ਮਾਂ ਨੂੰ ਫਫੇ ਕੁੱਟਣੀ ਔਰਤ। ਜੋ ਆਪਣੇ ਪੁੱਤ ਅਤੇ ਜਵਾਈ ਵਿੱਚ ਬਹੁਤ ਰੱਖਦੀ ਪਰ ਜ਼ੁਬਾਨ ਤੋਂ ਪਤਾ ਨਾ ਲੱਗਣ ਦਿੰਦੀ। ਭਿੰਦੀ ਅਮਰਜੀਤ ਨੂੰ ਆਖਦੀ ਕਿ ਤੂੰ ਮੇਰੇ ਤੋਂ ਸੜਦਾ ਏਂ ਮੇਰੇ ਪਰਿਵਾਰ ਦੀ ਖੁਸ਼ੀ ਨਹੀਂ ਵੇਖ ਸਕਦਾ। ਅਮਰਜੀਤ ਕਹਿੰਦਾ ਕਿ ਤੂੰ ਹੁਣ ਮੇਰੇ ਨਾਲ ਵਿਆਹੀ ਹੋਈਂ ਏਂ ਪੇਕਿਆਂ ਦਾ ਸਬੰਧ ਘਟਾ ਤੇ ਮੇਰੇ ਲਈ ਸਮਾਂ ਕੱਢ। ਪਰ ਉਹ ਅੱਗੋਂ ਕਹਿੰਦੀ ਕਿ ਏਥੇ ਸਾਰੇ ਬਰਾਬਰ ਨੇ ਜੇ ਤੇਰੇ ਮਾਂ ਬਾਪ ਤੇਰੇ ਕੋਲ ਆਕੇ ਰਹਿਣਗੇ ਤਾਂ ਮੇਰੇ ਵੀ ਮੇਰੇ ਕੋਲ ਰਹਿਣਗੇ। ਉਸਦੇ ਕੱਬੇ ਸੁਭਾਅ ਸਾਹਮਣੇ ਅਮਰਜੀਤ ਹਥਿਆਰ ਸੁੱਟ ਦਿੰਦਾ ਤੇ ਸ਼ਰਾਬ ਦੇ ਦੋ ਤਿੰਨ ਗਲਾਸ ਚੜ੍ਹਾ ਕੇ ਸੌਂ ਜਾਂਦਾ।

ਹੁਣ ਘਰ ਵਿੱਚ ਦੋ ਧਿਰਾਂ ਬਣ ਗਈਆਂ ਸਨ। ਇੱਕ ਕਮਰੇ ਵਿੱਚ ਭਿੰਦੀ ਤੇ ਅਮਰਜੀਤ ਦੂਸਰੇ ਵਿੱਚ ਸਰਦੂਲ ਤੇ ਉਸਦਾ ਪੁੱਤਰ, ਮਾਂ ਦੀ ਮੈਟਰੈੱਸ ਲਿੰਵਿੰਗ ਰੂਮ ਵਿੱਚ। ਕਈ ਵਾਰੀ ਨਸ਼ੇ ਦੀ ਲੋਰ ਵਿੱਚ ਸਰਦੂਲ ਸਿੰਘ ਆਖਦਾ ਹੁਣ ਵੇਖ ਲੈ ਕਨੇਡਾ ਦੇ ਰੰਗ ਬੈੱਡ ਤੇ ਪੈਣਾ ਵੀ ਨਸੀਬ ਨਹੀਂ ਹੁੰਦਾ ਵੱਡੀ ਥਾਣੇਦਾਰਨੀ ਨੂੰ। ਇਸੇ ਲੜਾਈ ਝਗੜੇ ਵਿੱਚ ਭਿੰਦੀ ਦੇ ਕੁੜੀ ਵੀ ਹੋ ਗਈ। ਉਹ ਹੁਣ ਜਣੇਪਾਂ ਛੁੱਟੀ ਤੇ ਘਰ ਰਹਿਣ ਲੱਗੀ ਆਮਦਨ ਘਟ ਗਈ ਤੇ ਖਰਚੇ ਵਧਣ ਦੇ ਨਾਲ ਨਾਲ ਕਲੇਸ਼ ਵੀ ਵਧ ਗਿਆ। ਜਿਉਂ ਜਿਉਂ ਕਲੇਸ਼ ਵਧ ਰਿਹਾ ਸੀ ਅਮਰਜੀਤ ਦੇ ਗਿਲਾਸ ਵਿੱਚ ਪੈਣ ਵਾਲੀ ਸ਼ਰਾਬ ਦੀ ਮਿਕਦਾਰ ਵੀ ਵਧ ਰਹੀ ਸੀ। ਉਧਰ ਸਰਦੂਲ ਸਿੰਘ ਲਿੰਵਿੰਗ ਰੂਮ ਵਿੱਚ ਬੈਠਾ ਟੀਵੀ ਵੇਖਦਾ ਜਾਂ ਸ਼ਰਾਬ ਪੀਂਦਾ ਰਹਿੰਦਾ ਉਧਰ ਅਮਰਜੀਤ ਆਪਣੇ ਕਮਰੇ ਵਿੱਚ। ਦੋਹਾਂ ਵਿੱਚ ਤਨਾਅ ਵਧਦਾ ਹੀ ਜਾ ਰਿਹਾ ਸੀ। ਹੁਣ ਤਾਂ ਉਨ੍ਹਾਂ ਕਦੀ ਇਕੱਠਿਆਂ ਬੈਠ ਕੇ ਰੋਟੀ ਵੀ ਨਾਂ ਖਾਧੀ। ਸਹੁਰੇ ਜਵਾਈ ਵਾਲਾ ਰਿਸ਼ਤਾ ਦਿਨੋ ਦਿਨ ਛਿੱਦਣ ਲੱਗਾ। ਦੋਵੇਂ ਗੱਲੀਂ ਬਾਤੀਂ ਇੱਕ ਦੂਸਰੇ ਨੂੰ ਨੀਂਵਾ ਦਿਖਾੳੇਂਦੇ ਰਹਿੰਦੇ। ਜਦੋਂ ਅਮਰਜੀਤ ਆਕੇ ਕਮਰੇ ਵਿੱਚ ਬੈਠ ਜਾਂਦਾ ਤਾਂ ਭਿੰਦੀ ਆਪਣੇ ਮੰਮੀ ਡੈਡੀ ਤੇ ਭਰਾ ਨਾਲ ਹਾਸੇ ਦੀਆਂ ਫੁੱਲਝੜੀਆਂ ਬਿਖੇਰਦੀ ਗੱਲਾਂ ਮਾਰਦੀ। ਉਹ ਆਪਣੇ ਪਿੰਡ ਦੀਆਂ, ਰਿਸ਼ਤੇਦਾਰਾਂ ਦੀਆਂ ਤੇ ਫਿਲਮਾਂ ਦੀਆਂ ਗੱਲਾਂ ਕਰਦੇ। ਅੱਧੀ ਰਾਤ ਤੱਕ ਹਾ ਹਾ ਹੀ ਹੀ ਦੇ ਠਹਾਕੇ ਗੂੰਜਦੇ। ਉਧਰ ਅਮਰਜੀਤ ਨੂੰ ਇੱਕ ਚੜਦੀ ਤੇ ਇੱਕ ਉੱਤਰਦੀ। ਅਮਰਜੀਤ ਕੋਲ ਜਾਂਦੀ ਨੂੰ ਹੀ ਭਿੰਦੀ ਨੂੰ ਸੱਪ ਸੁੰਘ ਜਾਂਦਾ ਮੱਥੇ ਦੀ ਤਿਊੜੀ ਹੋਰ ਗੂੜੀ ਹੋ ਜਾਂਦੀ। ਜੇ ਅਮਰਜੀਤ ਇਸ ਤੇ ਇਤਰਾਜ ਕਰਦਾ ਤਾਂ ਉਹ ਟੁੱਟ ਕੇ ਪੈਂਦੀ ਕਿ ਸਾਡੀ ਖੁਸ਼ੀ ਥੋਡੇ ਤੋਂ ਬ੍ਰਦਾਸ਼ਤ ਨਹੀਂ ਹੁੰਦੀ। ਜੇ ਨਹੀਂ ਜਰ ਹੁੰਦਾ ਤਾਂ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਉ। ਮੇਰੇ ਮਾਂ ਬਾਪ ਹੋਰ ਹੁਣ ਕਿੱਥੇ ਜਾਣ ਉਹ ਵਾਧੂ ਦਾ ਕਲੇਸ਼ ਖੜਾ ਕਰ ਲੈਂਦੀ। ਏਹੋ ਜਿਹੀ ਔਰਤ ਨੂੰ ਬੁਲਾਉਣਾ ਤਾਂ ਚਿੱਕੜ ਵਿੱਚ ਇੱਟ ਮਾਰਨ ਵਾਲੀ ਗੱਲ ਹੈ ਇਹ ਸੋਚ ਕੇ ਕੇ ੳਮਰ ਇੱਕ ਦੋ ਵਾਧੂ ਗਲਾਸ ਹੋਰ ਚੜ੍ਹਾ ਜਾਂਦਾ।

ਇੱਕ ਦਿਨ ਸਾਰਾ ਪਰਿਵਾਰ ਬੈਠਾ ਸਲਾਹਾਂ ਕਰ ਰਿਹਾ ਸੀ ਕਿ ਅਗਲੇ ਸਾਲ ਉਹ ਮੁੰਡਾ ਵਿਆਹੁਣ ਜਾਣਗੇ ਅਮੀਰ ਘਰ ਦੀ ਸੋਹਣੀ ਸੁਨੱਖੀ ਕੁੜੀ ਭਾਲਣਗੇ ਜੋ ਬਿਲਕੁੱਲ ਇਕੱਲੀ ਹੋਵੇ ਸਪੌਂਸਰ ਕਰਨ ਵਾਲਾ ਵੀ ਕੋਈ ਨਾਂ ਹੋਵੇ ਤੇ ਪ੍ਰਾਪਰਟੀ ਵੀ ਸਾਰੀ ਆਪਣੇ ਸੋਨੂੰ ਨੂੰ ਆ ਜਾਵੇ। ਉਹ ਤਾਂ ਇਹ ਵੀ ਕਹਿ ਰਹੇ ਸਨ ਕਿ ਜੋ ਦਾਜ ਵਿੱਚ ਪੰਦਰਾਂ ਵੀਹ ਲੱਖ ਮਿਲੇਗਾ ਉਸੇ ਦੇ ਡਾਲਰ ਬਣਾ ਕੇ ਉਹ ਨਵਾਂ ਘਰ ਖਰੀਦ ਲੈਣਗੇ। ਅਮਰਜੀਤ ਨੇ ਜਦੋਂ ਕਿਹਾ ਕਿ ਇਹ ਤਾਂ ਸੌਦੇ ਬਾਜੀ ਹੈ ਤਾਂ ਭਿੰਦੀ ਬੋਲੀ ਏਥੇ ਸਾਰੇ ਹੀ ਕਰਦੇ ਨੇ। ਕਨੇਡਾ ਤੋਂ ਜਾਣਾ ਹੈ ਮੁੰਡੇ ਨੇ। ਨਾਲੇ ਜੇ ਅਗਲੇ ਦੇ ਚਾਰ ਪੈਸੇ ਖਰਚੇ ਹੋਣਗੇ ਤਾਂ ਹੀ ਪ੍ਰਾਹੁਣੇ ਦੀ ਇੱਜਤ ਕਰੂ ਤੇ ਕੁੜੀ ਨੂੰ ਵੀ ਘਰ ਆਪਣਾ ਲੱਗੂ। ਤਾਂ ਅੱਗੋਂ ਅਮਰਜੀਤ ਬੋਲਿਆ ਕਹਿ ਦੇਣਾ ਸੀ ਆਪਣੇ ਬਾਪ ਨੂੰ ਮੈਨੂੰ ਵੀ ਕੁੱਝ ਦੇ ਦਿੰਦਾ ਤੈਨੂੰ ਵੀ ਸਹੁਰਾ ਘਰ ਆਪਣਾ ਲੱਗਣ ਲੱਗ ਜਾਂਦਾ। ਹੁਣ ਤੱਕ ਤਾਂ ਪੇਕਾ ਘਰ ਹੀ ਤੇਰਾ ਸਾਰਾ ਕੁੱਝ ਏ। ਬੱਸ ਏਨਾਂ ਕਹਿਣ ਦੀ ਲੋੜ ਸੀ ਫੇਰ ਹੋ ਗਈ ਮਹਾਂਭਾਰਤ ਸ਼ੁਰੂ। ਭਿੰਦੀ ਕਹਿਣ ਲੱਗੀ ਇਹ ਤਾਂ ਮਾਸੀ ਕਰਕੇ ਹੋ ਗਿਆ ਰਿਸ਼ਤਾ ਤੂੰ ਸ਼ੁਕਰ ਕਰ ਨਹੀਂ ਤਾਂ ਤੇਰੇ ਵਰਗੇ ਵੀਹ ਵੀਹ ਲੱਖ ਚੁੱਕੀਂ ਤੁਰੇ ਫਿਰਦੇ ਨੇ। ਹੁਣ ਬੋਲਣ ਜੋਗਾ ਕੀ ਏਂ ਕਨੇਡਾ ਵੀ ਤੈਨੂੰ ਅਸਾਂ ਹੀ ਦਿਖਾਇਆ ਹੈ। ਇਹ ਮੇਰੇ ਹੀ ਪਿਉ ਦਾ ਅਹਿਸਾਨ ਹੈ ਜਿਸ ਨੇ ਤੈਨੂੰ ਹਾਂ ਕੀਤੀ ਸੀ। ਉਦੋਂ ਤਾਂ ਕਨੇਡਾ ਦੇ ਨਾਉਂ ਨੂੰ ਤੇਰੇ ਮੂੰਹ ਵਿੱਚ ਵੀ ਜ਼ੁਬਾਨ ਨਹੀਂ ਸੀ। ਵਾਕਿਆ ਹੀ ਅਮਰਜੀਤ ਤਰਸ ਦਾ ਪਾਤਰ ਬਣ ਕੇ ਰਹਿ ਗਿਆ ਸੀ। ਘਰ ਵਿੱਚ ਦੋਹਰਾ ਮਾਹੌਲ ਸੀ ਸੋਨੂੰ ਘਰ ਆਵੇ ਤਾਂ ਭਿੰਦੀ ਭੱਜ ਕੇ ਉਸ ਲਈ ਜੂਸ ਲੈ ਕੇ ਆਵੇ ਮਾਂ ਤਾਜਾ ਤਾਜਾ ਫੁਕਲੇ ਬਣਾ ਕੇ ਪੁੱਤਰ ਲਈ ਦੇਵੇ, ਸਰਦੂਲ ਦੇ ਚਿਹਰੇ ਤੇ ਮੁਸਕਾਨ ਬਿੱਖਰ ਜਾਵੇ। ਪਰ ਜਦੋਂ ਅਮਰਜੀਤ ਘਰ ਆ ਵੇ ਤਾਂ ਨਾਂ ਭਿੰਦੀ ਨੂੰ ਪੁੱਛਣ ਦਾ ਸਮਾਂ ਨਾਂ ਕਿਸੇ ਹੋਰ ਨੂੰ। ਜੇ ਉਹ ਕਦੀ ਪੁੱਛ ਵੀ ਲੈਂਦਾ ਕਿ ਚਾਹ ਬਣੀ ਹੈ ਤਾਂ ਭਿੰਦੀ ਦੀ ਮਾਂ ਆਖਦੀ ਇਥੇ ਕਿਹੜਾ ਬਾਲਣ ਡਾਹੁਣਾ ਨੇ ਚਾਰ ਕੱਪ ਪਾਣੀ ਪਾ ਤੇ ਧਰ ਦੇ ਨਾਲੇ ਅਸੀਂ ਪੀ ਲਵਾਂਗੇ। ਏਥੇ ਤਾਂ ਬੰਦੇ ਵੀ ਘਰ ਦਾ ਕੰਮ ਕਰਦੇ ਨੇ। ਨਾਲੇ ਜਮਾਈ ਭਾਈ ਤਾਂ ਇੰਡੀਆ ‘ਚ ਹੁੰਦੈ, ਕਨੇਡਾ 'ਚ ਤਾਂ ਸਾਰੇ ਹੀ ਬਰਾਬਰ ਨੇ। ਪਰ ਉਹੋ ਮਾਤਾ ਆਪਣੇ ਪੁੱਤ ਲਈ ਸੇਵਾ ਕਰਨ ਵਾਲੀ ਨੂੰਹ ਤੇ ਜਵਾਈ ਦੀ ਖਾਤਰਦਾਰੀ ਕਰਨ ਵਾਲੇ ਸਹੁਰੇ ਭਾਲ ਰਹੀ ਸੀ

ਭਿੰਦੀ ਲਈ ਆਪਣੀ ਮਾਂ ਲਈ ਬਥੇਰਾ ਸਮਾਂ ਸੀ ਪਿਉ ਨੂੰ ਲੈ ਕੇ ਉਹ ਤੁਰੀ ਹੀ ਰਹਿੰਦੀ ਭਰਾ ਦੇ ਵੀ ਸਾਰੇ ਕੰਮ ਕਰਦੀ ਪਰ ਅਮਰਜੀਤ ਲਈ ਉਸ ਕੋਲ ਕੁੱਝ ਪਲ ਵੀ ਨਾਂ ਹੁੰਦੇ। ਉਹ ਕੋਹਲੂ ਦਾ ਬਲਦ ਬਣ ਕੇ ਰਹਿ ਗਿਆ। ਘਰੋਂ ਕੰਮ ਤੇ ਅਤੇ ਕੰਮ ਤੋਂ ਘਰ ਉਸ ਦਾ ਜੀਵਨ ਸੀ ਜਾਂ ਦੋ ਚਾਰ ਪੈੱਗ ਸ਼ਰਾਬ ਦੇ। ਅਜੇ ਵੀ ਭਿੰਦੀ ਦੀ ਮਾਂ ਮੱਤਾਂ ਦਿੰਦੀ ਕਿ ਤੂੰ ਇਸ ਦੇ ਫੋਨ ਚੈੱਕ ਕਰਦੀ ਰਿਹਾ ਕਰ ਕਿੱਥੇ ਨੂੰ ਕਰਦਾ ਹੈ। ਬੈਂਕ ਦੇ ਅਕਾਊਂਟ ਆਪ ਚੈੱਕ ਕਰਦੀਂ ਰਹੀ ਕਨੇਡਾ ਸੱਦ ਕੇ ਤਾਂ ਏਹੋ ਜਿਹੇ ਐਦਾਂ ਹੀ ਕਾਬੂ ਆਂਉਦੇ ਨਹੀਂ ਤਾਂ ਉਡਾਰੀ ਮਾਰ ਜਾਂਦੇ ਨੇ ਰੋਜ ਕਿੱਸੇ ਸੁਣੀਦੇ ਨੇ। ਮਾਂ ਨੂੰ ਇਹ ਘਰ ਆਪਣੀ ਕੁੜੀ ਦਾ ਹੀ ਲੱਗਦਾ ਅਮਰਜੀਤ ਜਿਵੇਂ ਕੋਈ ਮਹਿਮਾਨ ਠਹਿਰਿਆ ਹੋਵੇ। ਸੋਨੂੰ ਭਾਵੇਂ ਕੰਮ ਵੀ ਕਰਦਾ ਤੇ ਪੜ੍ਹਦਾ ਵੀ ਪਰ ਘਰ ਖਰਚਾ ਨਾਂ ਦਿੰਦਾ, ਸਾਰੇ ਕਹਿੰਦੇ ਕਿ ਅਗਲੇ ਸਾਲ ਦੀ ਪੜ੍ਹਾਈ ਲਈ ਪੈਸੇ ਜੋੜਦਾ ਹੈ। ਘਰ ਦਾ ਸੋਫਾ ਟੀ ਵੀ ਤੇ ਹੋਰ ਸਮਾਨ ਸਾਰਾ ਉਹ ਹੀ ਵਰਤਦੇ ਅਮਰਜੀਤ ਤਾਂ ਆਪਣੇ ਘਰ ਹੀ ਬਿਗਾਨਾ ਬਣ ਕੇ ਰਹਿ ਗਿਆ। ਜੋ ਉਸਦਾ ਸਮਾਨ ਸੀ ਉਹ ਸਾਰਿਆਂ ਦਾ ਸਾਂਝਾ ਜੋ ਸਮਾਨ ਸੋਨੂੰ ਲੈਂਦਾ ਉਹ ਸਟੀਰੀਉ ਹੋਵੇ ਜਾਂ ਕਾਰ ਉਹ ਸਿਰਫ ਉਸੇ ਦਾ ਹੀ। ਇਹ ਤਾਂ ਅਮਰਜੀਤ ਨਾਲ ਸਰਾ ਸਰ ਧੱਕਾ ਹੋ ਰਿਹਾ ਸੀ।

ਫੇਰ ਏਨਾਂ ਹੀ ਦਿਨਾਂ ਵਿੱਚ ਭਿੰਦੀ ਦੇ ਕੁੜੀ ਹੋ ਗਈ। ਭਿੰਦੀ ਨੇ ਘਰ ਦਾ ਕੰਮ ਕਾਜ ਕਰਨਾਂ ਤਾਂ ਪਹਿਲਾਂ ਹੀ ਛੱਡਿਆ ਹੋਇਆ ਸੀ ਹੁਣ ਕੁੜੀ ਸੰਭਾਲਣ ਦਾ ਬਹਾਨਾ ਮਿਲ ਗਿਆ। ਇਹ ਬਹਾਨਾ ਇਕੱਲੀ ਕੁੜੀ ਨੂੰ ਸੰਭਾਲਣ ਦਾ ਨਹੀਂ ਸੀ ਮਾਪਿਆਂ ਨੂੰ ਨਾਲ ਰੱਖਣ ਦਾ ਵੀ ਸੀ। ਜੇ ਉਹ ਅੱਡ ਹੁੰਦੇ ਸਨ ਤਾਂ ਗੁਜ਼ਾਰਾ ਚੱਲਣਾ ਮੁਸ਼ਕਲ ਸੀ।ਹੁਣ ਨਾ ਫੋਨ, ਨਾ ਟੀ ਵੀ, ਨਾ ਕੋਈ ਬਿੱਲ ਬੱਤੀ, ਨੱਲ ਰਹਿ ਕੇ ਹੀ ਸਰੀ ਜਾਂਦਾ ਸੀ ਤੇ ਸੋਨੂੰ ਆਪਣੇ ਪੈਸੇ ਪੜ੍ਹਾਈ ਤੇ ਲਾ ਰਿਹਾ ਸੀ।ਸਰਦੂਲ ਸਿੰਘ ਵਰਗੇ ਪੱਕੇ ਸ਼ਰਾਬੀ ਲਈ ਕੰਮ ਕਰਨਾ ਤਾਂ ਬਹੁਤ ਔਖਾ ਸੀ। ਪੰਜਾਬ ਵਿੱਚ ਉਸ ਨੂੰ ਅੱਤਵਾਦ ਦੇ ਸਮੇਂ ਤੋਂ ਹੀ ਧਮਕੀਆਂ ਮਿਲਦੀਆਂ ਆ ਰਹੀਆਂ ਸਨ। ਲੋਕ ਤਾਂ ਇਹ ਵੀ ਕਹਿੰਦੇ ਕਿ ਨਜ਼ਾਇਜ਼ ਪੁਲ਼ਸ ਮੁਕਾਬਲੇ ਬਣਾ ਹੀ ਉਸ ਨੇ ਥਾਣੇਦਾਰੀ ਦੀ ਫੀਤੀ ਲੁਆਈ ਸੀ। ਉਹ ਤਾਂ ਕੁੜੀ ਦੇ ਬਹਾਨੇ ਮਸਾਂ ਪੰਜਾਬ ਛੱਡ ਕੇ ਭੱਜਿਆ ਸੀ ਤੇ ਉਂਥੇ ਜਾ ਕੇ ਰਹਿਣਾ ਤਾਂ ਉਸ ਨੂੰ ਸੱਪ ਦੀ ਬਿਰਮੀ ਵਿੱਚ ਹੱਥ ਪਾਉਣ ਵਾਲੀ ਗੱਲ ਲੱਗਦੀ ਸੀ। ਅਮਰਜੀਤ ਜੋ ਆਪਣੀ ਮਰਜ਼ੀ ਦੀ ਆਜ਼ਾਦ ਜ਼ਿੰਦਗੀ ਜਿਊਣੀ ਚਾਹੁੰਦਾ ਸੀ, ਉਸ ਨੂੰ ਸਹੁਰਿਆਂ ਦਾ ਵੱਖ ਹੋਣਾ ਊਠ ਦੇ ਬੁੱਲ ਵਾਂਗੂੰ ਜਾਪਣ ਲੱਗਾ, ਜੋ ਡਿੱਗਣ ਵਿੱਚ ਹੀ ਨਹੀਂ ਸੀ ਆ ਰਿਹਾ। ਉਹ ਸੋਚਦਾ ਪਤਾ ਨਹੀਂ ਇਹ ਕਮਰਾ ਬੰਦੀ ਕਦੋਂ ਤੱਕ ਮੁੱਕਣੀ ਹੈ। ਭਿੰਦੀ ਤਾਂ ਹੁਣੇ ਤੋਂ ਸਣਾਉਣ ਲੱਗ ਪਈ ਸੀ ਕਿ ਜੇ ਮੰਮੀ ਹੋਣੀ ਅੱਡ ਹੋ ਗਏ ਤਾਂ ਰੀਤੂ ਨੂੰ ਕੌਣ ਸੰਭਾਲੂ? ਘਰ ਦਾ ਖਰਚਾ ਤਾਂ ਪਹਿਲਾਂ ਹੀ ਨਹੀਂ ਤੁਰਦਾ ਬੇਬੀ ਸਿਟਿੰਗ ਕਿੱਥੋਂ ਪੇਅ ਕਰਾਂਗੇ। ਅਮਰਜੀਤ ਕਹਿਣਾ ਤਾਂ ਚਾਹੁੰਦਾ ਸੀ ਇਹ ਚੰਗੀ ਬਲੈਕਮੇਲਿੰਗ ਹੈ, ਪਰ ਬੇਵਸ ਹੋਇਆ ਕੀ ਕਰਦਾ। ਉਸ ਦੇ ਆਪਣੇ ਮਾਪਿਆ ਨੂੰ ਬੁਲਾਉਣ ਜੋਗੀ ਆਮਦਨ ਬਣਦੀ ਹੀ ਨਾ । ਬਣਦੀ ਤਾਂ ਜੇ ਭਿੰਦੀ ਕਿਸੇ ਚੱਜ਼ ਹਾਲ ਨਾਲ ਕੰਮ ਕਰਦੀ। ਗੁਜ਼ਾਰਾ ਨਾ ਤੁਰਨ ਦਾ ਕਾਰਨ ਵੀ ਇਹ ਵਾਧੂ ਦਾ ਸਿੜੀ ਸਿਆਪਾ ਹੀ ਸੀ ਜੋ ਉਹ ਪਾਈ ਬੈਠੇ ਸਨ। ਇਸ ਗੱਲੋਂ ਗੋਰੇ ਭਾਰਤੀ ਪਰਿਵਾਰਾ ਤੋਂ ਹਜ਼ਾਰ ਗੁਣਾਂ ਚੰਗੇ ਸਨ ਜਿੰਨਾਂ ਨੂੰ ਜੀਵਨ ਮਾਨਣਾ ਆਉਂਦਾ ਸੀ।

ਪਿਉ ਦੇ ਬਦਲਣ ਨਾਲ ਸੋਨੂੰ ਦੇ ਤੇਵਰ ਵੀ ਬਦਲ ਗਏ।ਅਮਰਜੀਤ ਭਾਅ ਜੀ ਦਾ ਹੁਣ ਉਸ ਦੇ ਮਨ ਵਿੱਚ ਪਹਿਲਾਂ ਵਾਲਾ ਸਤਿਕਾਰ ਨਹੀਂ ਸੀ ਰਿਹਾ। ਉਸ ਦੇ ਤਾਂ ਤੌਰ ਤਰੀਕੇ ਹੀ ਬਦਲ ਗਏ ਸਨ। ਉਹ ਆਪਣੇ ਆਪ ਨੂੰ ਪੂਰਾ ਕਨੇਡੀਅਨ ਸਮਝ ਰਿਹਾ ਸੀ। ਕੰਨ ਵਿੱਚ ਮੁੰਦਰ ਪਾਉਣ ਦੇ ਨਾਲ ਨਾਲ ਉਸ ਨੇ ਕਾਰ ਵਿੱਚ ਹਜ਼ਾਰ ਡਾਲਰ ਖਰਚ ਸਬ-ਬੂਫੋਰ ਡਿਜ਼ੀਟਲ ਤਕਨੀਕ ਵਾਲਾ ਮਿਊਜ਼ਿਕ ਸਿਸਟਮ ਲਗਵਾਇਆ ਚੱਲਦਾ ਤਾਂ ਧਮਕ ਨਾਲ ਕੋਲ ਖੜੀਆਂ ਕਾਰਾਂ ਵੀ ਹਿੱਲਦੀਆਂ। ਉਂਜ ਉਸ ਨੂੰ ਸ਼ਿਸਟਾਚਾਰ ਦਾ ਕੱਖ ਵੀ ਪਤਾ ਨਹੀਂ ਸੀ। ਬੂਟਾਂ ਸਮੇਤ ਉਹ ਘਰ ਦੇ ਕਾਰਪਿਟ ਤੇ ਤੁਰਿਆ ਫਿਰਦਾ। ਜਿੱਥੇ ਵੇਖਦਾ ਕੱਪੜੇ ਸੁੱਟ ਰੱਖਦਾ ਜੁਰਾਬਾਂ ਤਾਂ ਥਾਂ ਥਾਂ ਸੁੱਟੀਆਂ ਹੁੰਦੀਆਂ। ਮਾਂ ਚੁੱਕੇ ਜਾਂ ਨਾਂ ਚੁੱਕੇ। ਕੱਪੜੇ ਉਸ ਨੂੰ ਪ੍ਰੈੱਸ ਕੀਤੇ ਹੋਏ ਮਿਲਦੇ। ਖਾਣਾਂ ਖਾਣ ਲੱਗਿਆ ਉਹ ਸੌ ਸੌ ਨਖਰੇ ਕਰਦਾ ਕਿ ਆਹ ਨਹੀਂ ਖਾਣਾਂ ਔਹ ਖਾਣਾ ਹੈ ਹੱਦ ਦਰਜੇ ਦਾ ਚਮਲਾਇਆ ਹੋਇਆ। ਉਸਦੀ ਮਾਂ ਅਤੇ ਭਿੰਦੀ ਉਸਦੇ ਸਾਰੇ ਨਖਰੇ ਪੂਰੇ ਕਰਨ ਵਿੱਚ ਹੀ ਜੁੱਟੀਆਂ ਰਹਿੰਦੀਆਂ। ਦੂਜੇ ਪਾਸੇ ਅਮਰਜੀਤ ਆਪਣੀ ਰੋਟੀ ਵੀ ਆਪ ਪਾ ਕੇ ਖਾਂਦਾ, ਉਸ ਨੂੰ ਚਾਹ ਪਾਣੀ ਵੀ ਕੋਈ ਨਾਂ ਪੁੱਛਦਾ, ਖਾਣੇ ਦੀ ਪਸੰਦ ਤਾਂ ਉਸ ਨੂੰ ਪੁੱਛਣੀ ਹੀ ਕੀਹਨੇ ਸੀ। ਅਮਰਜੀਤ ਨੇ ਜਦੋਂ ਵੀ ਕਦੇ ਇਤਰਾਜ ਕੀਤਾ ਤਾਂ ਭਿੰਦੀ ਉਸ ਨੂੰ ਲੜਾਈ ਦਾ ਰੂਪ ਦੇ ਦਿੰਦੀ ਤੇ ਸਰਦੂਲ ਸਿੰਘ ਨੂੰ ਕਹਿਣ ਦਾ ਮੌਕਾ ਮਿਲ ਜਾਂਦਾ ਕਿ ਕਨੇਡਾ ਕੀ ਕੱਢ ਦਿੱਤਾ ਹੁਣ ਇਸੇ ਦੇ ਖੰਭ ਸੂਤ ਨਹੀਂ ਆਉਂਦੇ।

ਪੱਥਰ ਤੇ ਬੂੰਦ ਪਈ ਨਾ ਪਈ ਵਾਂਗ ਭਿੰਦੀ ਤੇ ਕੋਈ ਅਸਰ ਨਾ ਪਿਆ। ਉਸਦੇ ਪਰਿਵਾਰ ਦੀਆਂ ਮਨਮਾਨੀਆਂ ਵਧਦੀਆਂ ਹੀ ਗਈਆਂ ਅਤੇ ਅਮਰਜੀਤ ਦੀ ਸ਼ਰਾਬ। ਹੁਣ ਘਰ ਵਿੱਚ ਪਏ ਕਲੇਸ਼ ਦਾ ਕਾਰਨ ਅਮਰਜੀਤ ਦੀ ਸ਼ਰਾਬ ਦੱਸੀ ਜਾਣ ਲੱਗੀ। ਸਰਦੂਲ ਸਿੰਘ ਹਰ ਕਿਸੇ ਕੋਲ ਕਹਿਣ ਲੱਗਿਆ ਕਿ ਮਾੜੀ ਕਿਸਮਤ ਹੈ ਸ਼ਰਾਬੀ ਪੱਲੇ ਪੈ ਗਿਆ ਕੁੜੀ ਵਿਚਾਰੀ ਕੀ ਕਰੇ। ਜਦੋਂ ਇਹ ਗੱਲਾਂ ਅਮਰਜੀਤ ਦੇ ਕੰਨਾਂ ਤੱਕ ਪਹੁੰਚਦੀਆਂ ਤਾਂ ਉਸ ਮਨੋਵਿਗਿਆਨ ਜ਼ਰਬਾਂ ਖਾਅ ਜਾਂਦਾ, ਉਹ ਜੋ ਮੂੰਹ ਆਇਆ ਉਹ ਬੋਲਦਾ। ਕਈ ਵਾਰੀ ਤਾਂ ਸਰਦੂਲ ਸਿੰਘ ਦਾ ਜੀ ਕੀਤਾ ਕਿ ਇਸ ਪੰਜਾਬ ਪੁਲੀਸ ਵਾਲਾ ਘੋਟਾ ਚਾੜੇ। ਉਸ ਦੇ ਲੂਹਰੀਆਂ ਉੱਠਦੀਆਂ ਉਹ ਭਿੰਦੀ ਨੂੰ ਕਹਿੰਦਾ ਕਿ ਤੂੰ ਇੱਕ ਵਾਰੀ ਕਹਿ ਮੈਂ ਤਾਂ ਏਹੋ ਜਿਹੇ ਸੈਂਕੜੇ ਠਿਕਾਣੇ ਲਾਏ ਹੋਏ ਨੇ। ਉਹ ਨੇ ਤਾਂ ਇਹ ਵੀ ਸੁਝਾਅ ਦਿੱਤੀ ਸੀ ਕਿ ਇੰਨਸ਼ੋਰੈਂਸ ਤਾਂ ਇਸ ਦੀ ਹੈ ਹੀ ਕੇਰਾਂ ਇੰਡੀਆਂ ਨੂੰ ਚੜ੍ਹਾ ਦੇ ਫੇਰ ਮੈਂ ਜਾਣਾ ਜਾਂ ਮੇਰਾ ਕੰਮ। ਸਾਰੀ ਉਮਰ ਐਸ਼ਾਂ ਕਰੇਗੀ ਕੋਈ ਹੋਰ ਮੁੰਡਾ ਲੱਭ ਲਿਆਵਾਂਗੇ, ਕਨੇਡਾ ਦੇ ਨਾਂ ਨੂੰ ਉਥੇ ਬਥੇਰੀ ਹੇੜ ਤੁਰੀ ਫਿਰਦੀ ਆ। ਪਰ ਏਹ ਨੂੰ ਤਾਂ ਕੇਰਾਂ ਪੁੱਤ ਬਣਾ ਦੂੰ ਅਜੇ ਤਾਂ ਮੇਰੇ ਬਥੇਰੇ ਲਿੰਕ ਨੇ ਜਿੱਥੇ ਪੰਜਾਬ ਪੁਲੀਸ ਨੇ ਪੱਚੀ ਹਜ਼ਾਰ ਗਾਇਬ ਕਰ ਦਿੱਤਾ ਇੱਕ ਹੋਰ ਸਈ, ਕੀ ਫਰਕ ਪੈਂਦਾ ਏ। ਕਿਸੇ ਲੁਟੇਰੇ ਦੇ ਨਾਂ ਪਾ ਛੱਡਾਂਗੇ। ਪਰ ਭਿੰਦੀ ਹੀਆਂ ਨਾ ਕਰਦੀ ਉਹ ਜਾਣਦੀ ਸੀ ਕਿ ਕਨੇਡਾ ਵਿੱਚ ਤਾਂ ਪੰਜਾਬ ਪੁਲੀਸ ਦਾ ਰਾਜ ਨਹੀਂ ਉਸਦੀ ਸੰਘੀ ਨੂੰ ਵੀ ਹੱਥ ਪੈ ਸਕਦਾ ਹੈ।

ਆਖਰ ਇੱਕ ਦਿਨ ਸ਼ਰਾਬੀ ਹੋਏ ਅਮਰਜੀਤ ਨੇ ਫੈਸਲਾ ਸੁਣਾ ਹੀ ਦਿੱਤਾ ਕਿ ਜਾਂ ਤਾਂ ਹੁਣ ਤਲਾਕ ਲੈ ਲਾ ਜਾਂ ਫੇਰ ਪਤੀ ਪਤਨੀ ਵਾਂਗੂੰ ਵੱਖਰੇ ਘਰ ਵਿੱਚ ਮੇਰੇ ਨਾਲ ਰਹਿ। ਉਸ ਦੀ ਦ੍ਰਿੜਤਾ ਨੇ ਸਾਰਿਆ ਦੇ ਪੈਰ ਡੋਲਣ ਲਾ ਦਿੱਤੇ। ਸਰਦੂਲ ਨੂੰ ਐਨਾ ਯਕੀਨ ਨਹੀਂ ਕਿ ਗੋਡੀ ਹੱਥ ਲਾਉਣ ਵਾਲਾ ਮੁੰਡਾ ਐਨਾਂ ਸਖਤ ਹੋ ਜਾਵੇਗਾ। ਕੁੜੀ ਦਾ ਘਰ ਟੁੱਟਣਾ ਲੱਗਭੱਗ ਯਕੀਨੀ ਸੀ । ਹੁਣ ਤਾਂ ਲੋਕ ਵੀ ਕਹਿਣ ਲੱਗ ਪਏ ਸਨ ਕਿ ਜੇ ਤੇਰੀ ਕੁੜੀ ਦੇ ਘਰ ਕਲੇਸ਼ ਪੈਂਦਾ ਹੈ ਤਾਂ ਅੱਡ ਕਿਉਂ ਨਹੀ ਰਹਿਣ ਲੱਗ ਪੈਂਦੇ। ਸਰਦੂਲ ਸਿੰਘ ਇਸ ਬਰਬਾਦੀ ਦਾ ਸਿਹਰਾ ਆਪਣੇ ਸਿਰ ਸਜਾਉਣਾ ਨਹੀਂ ਚਾਹੁੰਦਾ ਸੀ । ਹੁਣ ਦੋ ਹੀ ਰਸਤੇ ਸਨ ਜਾਂ ਉਹ ਕੁੜੀ ਤੋਂ ਵੱਖ ਹੋ ਕੇ ਰਹਿਣ ਲੱਗ ਪੈਣ ਜਾਂ ਫੇਰ ਆਪਣੇ ਆਪ ਨੂੰ ਬਦਲ ਲੈਣ। ਉਨ੍ਹਾਂ ਨਰਮ ਹੋਣਾ ਹੀ ਠੀਕ ਸਮਝਿਆ। ਇੱਕ ਦਿਨ ਨਰਮ ਲਹਿਜ਼ੇ ਵਿੱਚ ਭਿੰਦੀ ਨੇ ਅਮਰਜੀਤ ਨੂੰ ਪੁੱਛਿਆ,"ਆਖਰ ਤੈਨੂੰ ਤਕਲੀਫ ਕੀ ਹੈ?” ਤਾਂ ਉਹ ਕਹਿਣ ਲੱਗਾ ਕਿ ਮੈਂ ਵੀ ਆਪਣੇ ਪਰਿਵਾਰ ਨੂੰ ਸਪੌਂਸਰ ਕਰਨਾ ਚਾਹੁੰਦਾ ਹਾਂ, ਇਸੇ ਕਰਕੇ ਤਾਂ ਉਨ੍ਹਾਂ ਮੈਨੂੰ ਕਨੇਡਾ ਭੇਜਿਆ ਸੀ ਜੇ ਉਨ੍ਹਾਂ ਦਾ ਕੰਮ ਨਾਂ ਬਣਿਆ ਤਾਂ ਫੇਰ ਮੈਂ ਵੀ ਏਥੇ ਰਹਿ ਕੇ ਕੀ ਕਰਨਾ ਹੈ।" ਉਸਦੇ ਮਾਂ ਬਾਪ ਨਾਲ ਇੱਕ ਭਰਾ ਤੇ ਦੋ ਛੋਟੀਆਂ ਭੈਣਾਂ ਵੀ ਆਉਣ ਵਾਲੀਆਂ ਸਨ। ਭਿੰਦੀ ਉਸ ਦੇ ਦ੍ਰਿੜ ਇਰਾਦੇ ਸਾਹਮਣੇ ਡੋਲ ਗਈ। ਸਰਦੂਲ ਸਿੰਘ ਨੇ ਵੀ ਕਹਿ ਦਿੱਤਾ ਕਿ ਦੇਖ ਲੈ ਜੇ ਤੇਰਾ ਘਰ ਟੁੱਟਣ ਤੋਂ ਬਚ ਜਾਵੇ, ਉਨ੍ਹਾਂ ਦੇ ਆਉਣ ਤੇ ਇਸ ਨੂੰ ਮਾਨਸਿਕ ਸਹਾਰਾ ਹੋ ਜਾਵੇਗਾ, ਫੇਰ ਉਹ ਆਪੇ ਇਸ ਨੂੰ ਸ਼ਰਾਬ ਤੋਂ ਰੋਕਣਗੇ। ਨਾਲੇ ਅਸੀਂ ਤੈਨੂੰ ਇਕੱਲੀ ਛੱਡ ਕੇ ਥੋੜੋ ਜਾਣ ਲੱਗੇ ਹਾਂ ਜੇ ਤੁਸੀਂ ਘਰ ਲੈਣਾ ਵੀ ਹੋਇਆ ਤਾਂ ਸੋਨੂੰ ਦੇ ਵਿਆਹ ਤੱਕ ਅਸੀਂ ਤੁਹਾਡੀ ਬੇਸਮੈਂਟ ਵਿੱਚ ਰਹੀ ਜਾਵਾਂਗੇ। ਪਹਿਲਾਂ ਤਾਂ ਭਿੰਦੀ ਨਾਂ ਨੁੱਕਰ ਕਰਦੀ ਰਹੀ ਕਿ ਐਨੇ ਬੰਦਿਆਂ ਦਾ ਖਰਚਾ ਕਿਵੇਂ ਕਰਾਂਗੇ ਕਿੱਥੇ ਰਹਿਣਗੇ। ਫੇਰ ਮੰਨ ਗਈ। ਉਸਦੇ ਹਾਂ ਕਰਨ ਦੀ ਦੇਰ ਸੀ ਤਾਂ ਅਮਰ ਨੇ ਜੌਬ ਲੈਟਰਾਂ ਬਣਵਾ ਕੇ ਆਮਦਨ ਵੀ ਬਣਾ ਲਈ ਤੇ ਕੁੱਝ ਹੀ ਦਿਨਾਂ ਵਿੱਚ ਸਪੌਂਸਰ ਵੀ ਕਰ ਦਿੱਤਾ।

ਦਿਨ ਲੰਘਦਿਆਂ ਨੂੰ ਕਿਹੜਾ ਸਮਾਂ ਲੱਗਦਾ ਹੈ ਇੱਕ ਦਿਨ ਅਮਰਜੀਤ ਦਾ ਪਰਿਵਾਰ ਵੀ ਟੋਰਾਂਟੋ ਏਅਰ ਪੋਰਟ ਤੇ ਆ ਪਹੁੰਚਿਆ। ਉਸ ਦਿਨ ਅਮਰਜੀਤ ਤਾਂ ਬਹੁਤ ਖੁਸ਼ ਸੀ ਪਰ ਭਿੰਦੀ ਦੇ ਪਰਿਵਾਰ ਦੀ ਖੁਸ਼ੀ ਕੁੱਝ ਓਪਰੀ ਜਿਹੀ ਸੀ। ਪਹਿਲਾਂ ਪਹਿਲ ਤਾਂ ਦੋਨੋ ਪਰਿਵਾਰ ਇਕੱਠੇ ਹੀ ਰਹੇ। ਪਰ ਕੁੱਝ ਹੀ ਦਿਨਾਂ ਬਾਅਦ ਅਮਰਜੀਤ ਦੇ ਪਰਿਵਾਰ ਨੂੰ ਵਾਧੂ ਦੀ ਟੋਕ ਟਕਾਈ ਚੁਭਣ ਲੱਗ ਪਈ। ਫੇਰ ਵੀ ਈਸ਼ਵਰ ਕੌਰ ਨੇ ਘਰ ਦਾ ਸਾਰਾ ਕੰਮ ਸਿੱਖ ਲਿਆ। ਉਹ ਰੋਟੀ ਤੇ ਦਾਲ ਸਬਜ਼ੀ ਆਪ ਬਣਾਉਂਦੀ, ਭਾਂਡੇ ਧੋਂਦੀ ਪਰ ਫੇਰ ਵੀ ਨੂੰਹ ਦੇ ਤੇਵਰ ਚੜੇ ਰਹਿੰਦੇ। ਬੇਟੀ ਰੀਤੂ ਨੂੰ ਸੰਭਾਲਣ ਲਈ ਉਹ ਆਪਣੀ ਮਾਂ ਨੂੰ ਹੀ ਕਹਿੰਦੀ, ਜਿਵੇਂ ਉਸਦੀ ਸੱਸ ਘਰ ਦਾ ਕੋਈ ਮੈਂਬਰ ਹੀ ਨਾ ਹੋਵੇ। ਉਧਰ ਸਰਦੂਲ ਸਿੰਘ ਸਾਰਾ ਦਿਨ ਆਪਣੇ ਕੁੜਮ ਦਿਲਬਾਗ ਸਿੰਘ ਨੂੰ ਲੈਕਚਰ ਦੇਈ ਜਾਂਦਾ ਕਿ ਏਥੇ ਤਾਂ ਇਉਂ ਹੁੰਦਾ ਹੈ, ਏਥੇ ਤਾਂ ਇਉਂ ਰਹੀਦਾ ਹੈ। ਏਥੇ ਆਹ ਨਹੀਂ ਕਰੀਦਾ, ਔਹ ਨਹੀਂ ਕਰੀਦਾ, ਜਿਵੇਂ ਉਹ ਕੋਈ ਜੰਗਲੀ ਮਨੁੱਖ ਹੋਵੇ, ਜਿਸ ਨੂੰ ਸੱਭਿਅਤਾ ਦਾ ੳ ਅ ਵੀ ਨਾਂ ਆਂਉਂਦਾ ਹੋਵੇ। ਇੱਕ ਦਿਨ ਤਾਂ ਉਸ ਨੇ ਸਾਫ ਹੀ ਕਹਿ ਦਿੱਤਾ ਕਿ ਜੇ ਹੁਣ ਕਨੇਡਾ ਆਏ ਹੋਂ ਤਾਂ ਫਾਰਮਾਂ ਬਗੈਰਾ 'ਚ ਕੰਮ ਲਭੋ। ਸਰਦੂਲ ਦੀ ਇਹ ਗੱਲ ਦਿਲਬਾਗ ਸਿੰਘ ਤੋਂ ਬ੍ਰਦਾਸ਼ਤ ਨਾ ਹੋਈ ਕਿ ਉਸੇ ਦੇ ਪੁੱਤ ਦੇ ਘਰ ਵਿੱਚ ਹੀ ਉਸ ਨੂੰ ਕੋਈ ਠਿੱਠ ਕਰੇ। ਉਹ ਅਮਰਜੀਤ ਨੂੰ ਪੈ ਨਿੱਕਲਿਆ ਕਿ "ਤੂੰ ਮਾਊਂ ਜਿਹਾ ਬਣ ਕੇ ਸਹੁਰਿਆਂ ਥੱਲੇ ਲੱਗ ਕੇ ਜਿਵੇਂ ਮਰਜੀ ਰਹੀ ਜਾ ਪਰ ਸਾਡੇ ਤੋਂ ਨਹੀਂ ਰਹਿ ਹੁੰਦਾ। ਜੇ ਤੈਨੂੰ ਆਪਣੀ ਹਾਲਤ ਦਾ ਪਤਾ ਸੀ ਤਾਂ ਸਾਨੂੰ ਕਿਉਂ ਬੁਲਾਇਆ। ਜੇ ਕੁੱਝ ਨਹੀਂ ਕਰਨ ਜੋਗਾ ਤਾਂ ਸਾਨੂੰ ਵਾਪਸ ਭੇਜ ਦੇ ਜਾਂ ਕਿਤੇ ਬੇਸਮੈਂਟ ਲੱਭ ਦੇ। ਅਸੀਂ ਨੀ ਤੇਰੇ ਸਹੁਰਿਆਂ ਨਾਲ ਰਹਿ ਸਕਦੇ। ਬੱਸ ਘਰ ਵਿੱਚ ਕਲੇਸ਼ ਪੈ ਗਿਆ। ਭਿੰਦੀ ਕਹਿ ਰਹੀ ਸੀ ਕਿ ਅਮਰਜੀਤ ਨੂੰ ਉਸ ਦੇ ਘਰ ਵਾਲੇ ਚੁੱਕ ਰਹੇ ਹਨ। ਮੇਰੇ ਮਾਪਿਆਂ ਨੂੰ ਘਰੋਂ ਕਢਵਾਉਣ ਦੇ ਤੁਲੇ ਹੋਏ ਹਨ। ਰਿਸ਼ਤੇਦਾਰਾਂ ਵਿੱਚ ਪੈ ਕੇ ਸਮਝਾ ਦਿੱਤਾ ਕਿ ਏਥੇ ਹਰ ਕਿਸੇ ਨੇ ਆਪੋ ਆਪਣਾ ਖਾਣਾ ਹੈ, ਕਿਉਂ ਲੜਦੇ ਹੋਂ ਰਲ ਮਿਲ ਕੇ ਦਿਨ ਕੱਟ ਲਵੋ ਦੋਹਾਂ ਧਿਰਾਂ ਨੂੰ ਫਾਇਦਾ ਹੈ। ਉਹ ਵਕਤੀ ਤੌਰ ਤੇ ਟਿਕ ਗਏ ਇੱਕ ਦੂਜੇ ਦੀ ਗੱਲ ਵਿੱਚ ਬਹੁਤਾ ਦਖਲ ਨਾਂ ਦਿੰਦੇ।

ਸਰਦੂਲ ਸਿੰਘ ਨੂੰ ਕਿਸੇ ਨੇ ਸਕੀਮ ਦਿੱਤੀ ਕਿ ਤੂੰ ਥਾਣੇਦਾਰ ਏਂ, ਅਕਲ ਤੋਂ ਕੰਮ ਲੈ। ਤੇਰਾਂ ਜੁਆਨ ਮੁੰਡਾ ਤੇਰੇ ਲਈ ਜੈਕਪੌਟ ਹੈ। ਇੰਡੀਆ ਜਾ, ਕੁੜੀ ਵਾਲੇ ਵੀਹ ਲੱਖ ਤਾਂ ਹੱਸ ਕੇ ਦੇਣਗੇ। ਉਸੇ ਦਾ ਡਾਊਂਨ ਦੇਕੇ ਘਰ ਲੈ। ਹੁਣ ਸਰਦੂਲ ਸਿੰਘ ਨੌਕਰੀ ਤੋਂ ਬਣਾਏ ਪੈਸੇ ਨੂੰ ਸਾਂਭ ਕੇ ਰੱਖਣਾ ਚਾਹੁੰਦਾ ਸੀ ਤੇ ਪੁੱਤਰ ਦਾ ਸੌਦਾ ਕਰਨ ਦੀ ਤਿਆਰੀ ਵਿੱਚ ਸੀ। ਇੱਕ ਡੀ ਐੱਸ ਪੀ ਅਤੇ ਤਹਿਸੀਲਦਾਰ ਤਾਂ ਆਪਣੀਆਂ ਕੁੜੀਆਂ ਦੇ ਰਿਸ਼ਤੇ ਲਈ ਮੂੰਹ ਮੰਗਵਾਂ ਦਾਜ ਕੋਠੀਆਂ ਤੇ ਕਾਰਾਂ ਦੇਣ ਨੂੰ ਤਿਆਰ ਸਨ ਪਰ ਉਹ ਸੌਦਾ ਟਣਕਾ ਕੇ ਕਰਨਾ ਚਾਹੁੰਦਾ ਸੀ। ਉਨ੍ਹਾਂ ਨੇ ਅਪਣਾ ਘਰ ਦੇਖਣਾ ਸ਼ੁਰੂ ਕਰ ਦਿੱਤਾ। ਉਹ ਅਜੇ ਸਕੀਮਾਂ ਲਾ ਹੀ ਰਹੇ ਸਨ, ਅਮਰਜੀਤ ਦੇ ਘਰ ਦਿਆਂ ਨੇ ਅਮਰਜੀਤ ਨੂੰ ਚੁੱਕਣਾ ਦੇ ਕੇ ਘਰ ਖ੍ਰੀਦਣ ਦੀ ਪਹਿਲ ਕਰਵਾ ਦਿੱਤੀ। ਹੁਣ ਸਵਾਲ ਇਹ ਸੀ ਕਿ ਭਿੰਦੀ ਦੇ ਮਾਪੇ ਕਿੱਥੇ ਰਹਿਣਗੇ। ਭਿੰਦੀ ਜਿੱਦ ਕਰ ਰਹੀ ਸੀ ਕਿ ਉਹ ਜਿੰਨਾਂ ਚਿਰ ਆਪਣਾ ਘਰ ਨਹੀਂ ਲੈਂਦੇ, ਆਪਣੀ ਬੇਸਮੈਂਟ ਵਿੱਚ ਹੀ ਰਹਿਣਗੇ। ਸਹੁਰਿਆਂ ਵਿੱਚ ਤਾਂ ਉਸਦੀ ਦਿਲਚਸਪੀ ਹੀ ਕੋਈ ਨਹੀਂ ਸੀ ਉਸ ਤਾਂ ਮਤਲਬ ਤਾਂ ਸਿਰਫ ਅਮਰਜੀਤ ਤੱਕ ਸੀ। ਅਮਰਜੀਤ ਨੇ ਬਥੇਰਾ ਸਮਝਾਇਆ ਕਿ ਹੁਣ ਤੂੰ ਵਿਆਹੀ ਹੋਈ ਔਰਤ ਏਂ ਸਹੁਰਾ ਪਰਿਵਾਰ ਹੀ ਤੇਰਾ ਪਰਿਵਾਰ ਹੈ, ਪਰ ਉਹ ਮੰਨਣ ਲਈ ਤਿਆਰ ਹੀ ਨਹੀਂ ਸੀ।

ਘਰ ਪ੍ਰਵੇਸ਼ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਸਮੇਂ ਹੀ ਇਸ ਗੱਲ ਤੇ ਕਲੇਸ਼ ਪੈ ਗਿਆ ਕਿ ਅਮਰਜੀਤ ਨੇ ਅਪਣੇ ਮਾਂ ਪਿਉ ਦਾ ਨਾਂ ਅਰਦਾਸ ਵਿੱਚ ਲੈਣਾ ਹੈ ਤਾਂ ਭਿੰਦੀ ਦੇ ਮਾ ਪਿਉ ਦਾ ਨਾਂ ਵੀ ਲਿਆ ਜਾਵੇਗਾ। ਬਿੰਦੀ ਕਹਿ ਰਹੀ ਸੀ ਕਿ ਮੇਰਾ ਵੀ ਘਰ ਵਿੱਚ ਬਰਾਬਰ ਹਿੱਸਾ ਹੈ ਮੇਰੇ ਵੀ ਮਾਂ ਬਾਪ ਹਨ। ਰਿਸ਼ਤੇਦਾਰਾਂ ਨੇ ਬਥੇਰਾ ਸਮਝਾਇਆ ਪਰ ਉਹ ਹੰਕਾਰ ਦੇ ਘੋੜੇ ਤੋਂ ਨਾ ਉੱਤਰੀ। ਜਦੋਂ ਦਿਲਬਾਗ ਸਿੰਘ ਕਿਸੇ ਰਿਸ਼ਤੇਦਾਰ ਨੂੰ ਕਹਿੰਦਾ ਕਿ ਮੈਂ ਘਰ ਲੈ ਲਿਆ ਹੈ ਤਾਂ ਉਸਦੇ ਸੱਤੀਂ ਕੱਪੜੀਂ ਅੱਗ ਲੱਗ ਜਾਂਦੀ ਕਿ ਘਰ ਮੇਰਾ ਹੈ, ਇਹ ਕਹਿਣ ਵਾਲਾ ਕੌਣ ਹੁੰਦਾ ਹੈ। ਉਹ ਈਸ਼ਵਰ ਕੌਰ ਨੂੰ ਤਾਅਨੇ ਮਿਹਣੇ ਮਾਰਦੀ ਅਮਰਜੀਤ ਨਾਲ ਲੜਦੀ। ਘਰ ਭਾਂਵੇ ਦਿਲਬਾਗ ਦੇ ਮੁੰਡੇ ਅਮਰਜੀਤ ਸਿੰਘ ਦਾ ਸੀ ਪਰ ਉਸ ਵਿੱਚ ਚਲਦੀ ਸਰਦੂਲ ਸਿੰਘ ਦੇ ਪਰਿਵਾਰ ਦੀ ਸੀ। ਉਹੋ ਕੁਝ ਪੱਕਦਾ ਜੋ ਸਰਦੂਲ ਸਿੰਘ ਚਾਹੁੰਦਾ। ਸਰਦੂਲ ਦੀ ਨਜ਼ਰ ਵਿੱਚ ਤਾਂ ਦਿਲਬਾਗ ਸਿੰਘ ਦਾ ਪਰਿਵਾਰ ਪੇਂਡੂ ਜੱਟ ਬੂਟਾਂ ਦਾ ਪਰਿਵਾਰ ਸੀ।

ਭਿੰਦੀ ਹਰ ਹਾਲਤ ਵਿੱਚ ਆਪਣੇ ਪਰਿਵਾਰ ਦਾ ਰੋਹਬ ਸਹੁਰੇ ਘਰ ਤੇ ਬਣਾਈਂ ਰੱਖਣਾ ਚਾਹੁੰਦੀ ਸੀ। ਏਸੇ ਕਰਕੇ ਤਾਂ ਭੋਗ ਵਾਲੇ ਦਿਨ ਸਾਰੇ ਰਿਸ਼ਤੇਦਾਰਾਂ ਦੇ ਬੈਠਿਆਂ ਅਰਦਾਸ ਵਿੱਚ ਉਸ ਨੇ ਅਪਣੇ ਮਾਪਿਆਂ ਦਾ ਨਾਂਉ ਵੀ ਬੁਲਵਾਇਆ ਸੀ ਤਾਂ ਕਿ ਲੋਕਾਂ ਨੂੰ ਅਹਿਸਾਸ ਕਰਵਾ ਸਕੇ ਕਿ ਘਰ ਵਿੱਚ ਤਾਂ ਉਸੇ ਦੀ ਚੱਲਦੀ ਹੈ। ਇਸ ਤਰ੍ਹਾਂ ਕਰਨ ਨਾਲ ਉਸ ਨੂੰ ਆਪਣਾ ਕੱਦ ਉੱਚਾ ਹੋ ਗਿਆ ਲੱਗਦਾ ਸੀ ਤੇ ਆਪਣੇ ਥਾਣੇਦਾਰ ਪਿਉੁ ਦਾ ਸ਼ਮਲਾ ਹੋਰ ਠਾਠ ਨਾਲ ਝੂਲਦਾ ਲੱਗਦਾ। ਉਹ ਘਰ ਵਿੱਚ ਆਦਮ ਖਾਣੇ ਦੈਂਤ ਵਾਂਗ ਬਿੱਫਰੀ ਫਿਰਦੀ। ਅਮਰਜੀਤ ਦੀ ਹੋਂਦ ਪੈਰਾਂ ਹੇਠ ਲਤਾੜ ਕੇ ਉਸ ਨੂੰ ਆਨੰਦ ਆਉਂਦਾ। ਪਤਾ ਨਹੀਂ ਇਸ ਦਾ ਮਾਨਸਿਕ ਕਾਰਨ ਕੀ ਸੀ ਜਾਂ ਉਸਦੇ ਅੰਦਰ ਛੁਪਿਆ ਕੋਈ ਘਟੀਆਪਣ ਦਾ ਅਹਿਸਾਸ। ਅਮਰਜੀਤ ਨੂੰ ਕੁੱਝ ਵੀ ਸਮਝ ਨਾ ਪੈਂਦਾ, ਉਹ ਆਪਣੇ ਆਪ ਨੂੰ ਬੌਣਾ ਹੋ ਗਿਆ ਮਹਿਸੂਸ ਕਰਦਾ। ਇੱਕ ਪਾਸੇ ਮੂਰਖ ਪਤਨੀ ਦੇ ਦੂਸਰੇ ਪਾਸੇ ਉਸਦਾ ਅਪਣਾ ਪਰਿਵਾਰ ਉਹ ਦੋ ਪੁੜਾਂ ਵਿੱਚ ਪਿਸ ਰਿਹਾ ਸੀ। ਪਾਠ ਦੇ ਭੋਗ ਤੋਂ ਬਾਅਦ ਉਸ ਨੇ ਬੋਤਲ ਖੋਹਲ ਲਈ ਲਗਾਤਾਰ ਸ਼ਰਾਬ ਪੀਂਦਾ ਰਿਹਾ। ਕੰਮ ਤੇ ਵੀ ਨਾ ਗਿਆ। ਬੱਚੀ ਦਾ ਮੂੰਹ ਵੀ ਨਾ ਵੇਖਿਆਂ, ਜਿਵੇਂ ਸਭ ਕਾਸੇ ਤੋਂ ਮੋਹ ਟੁਟ ਗਿਆ। ਉਹ ਕਿਸੇ ਦਾ ਰੋਕਿਆ ਵੀ ਨਾਂ ਰੁਕਿਆ। ਜਦੋਂ ਉਸ ਦੀ ਬੇ ਵਾਹ ਹੋ ਗਈ ਤਾਂ ਉਹ ਮੱਛੀ ਵਾਂਗ ਤੜਫਣ ਲੱਗਾ। ਤੇਜ ਬੁਖਾਰ ਵਾਂਗੂੰ ਉਸ ਦਾ ਸਰੀਰ ਤਪ ਰਿਹਾ ਸੀ। ਸਾਰੇ ਕਹਿੰਦੇ ਸਨ ਕਿ ਉਹ ਹੈਂਗ ਔਵਰ ਹੋਣ ਕਰਕੇ ਕਰ ਰਿਹਾ ਹੈ। ਉਹ ਆਪਣੀ ਮਾਂ ਈਸ਼ਵਰ ਕੌਰ ਦੀ ਬੁੱਕਲ ਵਿੱਚ ਜਾ ਨਿੱਕੇ ਬੱਚੇ ਦੀ ਤਰ੍ਹਾ ਲੇਟ ਗਿਆ ਤੇ ਕਹਿਣ ਲੱਗਾ। ਮਾਂ ਮੈਨੂੰ ਡਰ ਲੱਗਦਾ ਹੈ। ਜਿਵੇਂ ਛੋਟੇ ਹੁੰਦੇ ਨੂੰ ਪਿੰਡ ਦੀਆਂ ਮੜ੍ਹੀਆਂ ਚੋਂ ਲੱਗਦਾ ਸੀ। ਮਾਂ ਉਦੋਂ ਜਦ ਮੈਨੂੰ ਬੁਖਾਰ ਚੜ੍ਹਦਾ ਸੀ ਤੂੰ ਕਿਹਾ ਕਰਦੀ ਸੀ ਕਿ ਮੜ੍ਹੀਆਂ ਵਿੱਚੋਂ ਪੁੱਠੇ ਪੈਰਾ ਵਾਲੀ ਚੁੜੇਲ ਚਿੰਬੜ ਗਈ। ਫੇਰ ਤੂੰ ਅਖੰਡਪਾਠ ਵਾਲੇ ਪਾਣੀ ਦੇ ਛਿੱਟੇ ਮਾਰਦੀ ਸੀ ਤਾਂ ਆਰਾਮ ਜਿਹਾ ਆੳਂੁਦਾ ਸੀ। ਮਾਂ ਮੈਨੂੰ ਚੁੜੇਲ ਚਿੰਬੜ ਗਈ। ਮਾਂ ਮੈਨੂੰ ਬਹੁਤ ਡਰ ਲੱਗਦਾ ਏ। ਉਹ ਮੈਨੂੰ ਮਾਰ ਦੇਵੇਗੀ ...ਔਹ ਵੇਖ ਆ ਗਈ ਮਹਾਰਾਜ ਤੋਂ ਵੀ ਨਹੀਂ ਡਰਦੀ। ਤੇਰੇ ਤੋਂ ਵੀ ਨਹੀਂ ਕਿਸੇ ਤੋਂ ਵੀ ਨਹੀਂ। ਹਾੜੇ ਹਾੜੇ ਮਾਂ ਮੈਨੂੰ ਸ਼ਰਾਬ ਦਾ ਇੱਕ ਪੈੱਗ ਦੇ ਦੇ ਨਹੀਂ ਤਾਂ ਮੈਂ ਮਰ ਜਾਂਵਾਂਗਾ। ਮੈਨੂੰ ਬਹੁਤ ਡਰ ਲੱਗਦਾ ਏ ਮੈਂ ਅਜੇ ਮਰਨਾ ਨਹੀਂ ਚਾਹੁੰਦਾ। ਉਹ ਮਾਂ ਨੂੰ ਚਿੰਬੜ ਗਿਆ। ਸ਼ਰਾਬ ਤਾਂ ਉਹ ਪਹਿਲਾਂ ਵੀ ਬਹੁਤ ਪੀ ਜਾਂਦਾ ਸੀ ਪਰ ਏਦਾਂ ਕਦੀ ਨਹੀਂ ਸੀ ਕੀਤਾ। ਸਾਰੇ ਉਸਦੀ ਹਾਲਤ ਤੇ ਘਬਰਾ ਗਏ। ਈਸ਼ਵਰ ਕੌਰ ਉਸ ਨੂੰ ਬੁੱਕਲ ਵਿੱਚ ਲਈ ਵਾਹਿਗੁਰੂ ਵਾਹਿਗੁਰੂ ਕਰ ਰਹੀ ਸੀ। ਸਾਰਾ ਪਰਿਵਾਰ ਭੱਜ ਨੱਸ ਕਰ ਰਿਹਾ ਸੀ। ਭਿੰਦੀ ਨੇ 911 ਡਾਇਲ ਕਰਕੇ ਐਂਬੂਲੈਂਸ ਸੱਦੀ। ਅਮਰਜੀਤ ਅਜੇ ਵੀ ਡਰ ਨਾਲ ਕੰਬ ਰਿਹਾ ਸੀ। ਉਹ ਬੋਲਿਆ ਔਹ ਵੇਖ ਚੁੜੇਲ ਆ ਗਈ ..ਔਹ ਵੇਖ ਉਸਦੇ ਪੁੱਠੇ ਪੈਰ। ਮਾਰ ਦੇਵੇਗੀ ਮੈਨੂੰ...। ਈਸ਼ਵਰ ਕੌਰ ਕਹਿ ਰਹੀ ਸੀ ਉਹ ਤਾਂ ਪੁੱਤ ਭਿੰਦੀ ਤੇਰੇ ਘਰ ਵਾਲੀ। ਅਮਰਜੀਤ ਬੋਲਿਆ, ਫੇਰ ਇਸਦੇ ਪੈਰ ਕਿਉਂ ਪੁੱਠੇ ਨੇ। ਮਾਂ ਨੇ ਕਿਹਾਂ ਪੁੱਤ ਉਹ ਤੇਰੇ ਵਲ ਪਿੱਠ ਕਰੀ ਖੜੀ ਹੈ, ਫੋਨ ਕਰਦੀ ਹੈ। ਸਰਦੂਲ ਸਿੰਘ ਕਹਿ ਰਿਹਾ ਸੀ ਕਿ ਸ਼ਰਾਬ ਨੇ ਉਸਦਾ ਦਿਮਾਗ ਚੁੱਕ ਦਿੱਤਾ। ਏਨੇ ਨੂੰ ਐਂਬੂਲੈਂਸ ਵੀ ਆ ਗਈ। ਡਾਕਟਰਾਂ ਨੇ ਚੈਂਕ ਕਰਨ ਤੋਂ ਬਾਅਦ ਦੱਸਿਆ ਕਿ ਜ਼ਿਆਦਾ ਸ਼ਰਾਬ ਪੀਣ ਦੀ ਵਜ਼ਾ ਕਰਕੇ ਦਿਮਾਗ ਵਿੱਚ ਸੋਜਿਸ਼ ਆਉਣ ਨਾਲ ਸ਼ਰਾਬੀ ਅਜਿਹੇ ਦੌਰੇ ਪੇਣੇ ਸੁਭਾਵਕ ਨੇ। ਇਸਦਾ ਬਲੱਡ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਹੈ। ਇਸ ਨੂੰ ਹੋਰ ਪੀਣ ਨਹੀਂ ਦੇਣੀ ਨਹੀਂ, ਬਰੇਨ ਡੈਮਿਜ ਹੋ ਸਕਦਾ ਹੈ। ਜਦੋਂ ਠੀਕ ਹੋ ਜਾਵੇ ਤਾਂ ਕਿਸੇ ਮਨੋਵਿਗਿਆਨਕ ਨੂੰ ਜਰੂਰ ਦਿਖਾਉਣਾ। ਪੀਣ ਦੀ ਕੋਈ ਵਜ੍ਹਾ ਜਰੂਰ ਹੁੰਦੀ ਹੈ। ਉਨ੍ਹਾਂ ਟੀਕਾ ਲਗਾਇਆ, ਦਵਾਈ ਦਿੱਤੀ ਤੇ ਚਲੇ ਗਏ। ਟੀਕਾ ਏਨਾਂ ਅਸਰਦਾਰ ਸੀ ਕਿ ਉਸਦੀਆਂ ਅੱਖਾਂ ਬੰਦ ਹੋਣ ਲੱਗੀਆਂ। ਉਹ ਬੇਹੋਸ਼ੀ ਜਿਹੀ ਵਿੱਚ ਅਜੇ ਵੀ ਆਖ ਰਿਹਾ ਮੈਨੂੰ ਬਚਾ ਲੈ ਮਾਂ, ਬਹੁਤ ਡਰ ਲੱਗਦਾ ਹੈ, ਮਾਰ ਦੇਵੇਗੀ ਮੈਨੂੰ, ਔਹ ਵੇਖ ਪੁੱਠੇ ਪੈਰ। ਦਿਲਬਾਗ ਸਿੰਘ ਨੇ ਸਾਫੇ ਦੇ ਲੜ ਨਾਲ ਅੱਖਾਂ ਪੂੰਝਦਿਆ ਪੁੱਤ ਨੂੰ ਬੁੱਕਲ ਵਿੱਚ ਲੈ ਕੇ ਕਿਹਾ,"ਪੁੱਤਰਾਂ ਮੈਂ ਤਾਂ ਤੈਨੂੰ ਪੜ੍ਹਾ ਲਿਖਾ ਕੇ ਪਰੀਆਂ ਦੇ ਦੇਸ਼ ਭੇਜਿਆ ਸੀ, ਮੈਨੂੰ ਕੀ ਪਤਾ ਸੀ ਉੱਥੇ ਚੁੜੇਲਾਂ ਵੀ ਹੋਣਗੀਆਂ....।” ਅਮਰ ਤਾਂ ਸੌਂ ਗਿਆ ਪਰ ਈਸ਼ਵਰ ਕੌਰ ਤੇ ਦਿਲਬਾਗ ਸਿੰਘ ਨੂੰ ਸਾਰੀ ਰਾਤ ਨੀਦ ਨਾਂ ਪਈ, ਜਿਵੇਂ ਪੁੱਠੇ ਪੈਰਾਂ ਵਾਲੀ ਡੈਣ ਉਨ੍ਹਾਂ ਆਸੇ ਪਾਸੇ ਨੱਚ ਰਹੀ ਹੋਵੇ, ਖੌਰੂ ਪਾਉਂਦੀ ਜੇਤੂ ਅੰਦਾਜ਼ ਵਿੱਚ। ਉਨ੍ਹਾਂ ਬਿੰਦੀ ਨੂੰ ਆਵਾਜ਼ ਮਾਰੀ, ਉਹ ਤਾਂ ਕਦੋਂ ਦੀ ਜਾ ਕੇ ਆਪਣੇ ਮਾਂ ਪਿਉ ਕੋਲ ਬੇਸਮੈਂਟ ਵਿੱਚ ਸੌਂ ਗਈ ਸੀ। ਸਾਰੇ ਘਰ ਵਿੱਚ ਜਿਵੇਂ ਚੁੜੇਲ ਦਾ ਪਹਿਰਾ ਸੀ ਤੇ ਡਰ ਹੀ ਡਰ। ਅਮਰ ਅਜੇ ਵੀ ਬੁੜਬੜਾ ਰਿਹਾ ਸੀ।

ਮਾਨਸਿਕ ਅਪਹਰਣ……… ਲੇਖ / ਮੇਜਰ ਮਾਂਗਟ

ਅਜੋਕੇ ਵਿਗਿਆਨਕ ਦੌਰ ਵਿੱਚ ਮਨੁੱਖ ਨੇ ਬੇਹੱਦ ਤਰੱਕੀ ਕੀਤੀ ਹੈ। ਜਿੰਨਾ ਉਸਦਾ ਬਾਹਰੀ ਵਿਅੱਕਤੀਤਵ ਫੈਲ ਕੇ ਕੇ ਸਪੇਸ ਅਤੇ ਚੰਦਰਮਾਂ ਤੱਕ ਜਾ ਪਹੁੰਚਿਆ ਹੈ ਉੱਥੇ ਉਹ ਅੰਦਰੂਨੀ ਤੌਰ ਤੇ ਬੇਹੱਦ ਸੁੰਗੜਿਆ ਵੀ ਹੈ। ਭਾਵੇਂ ਇਹ ਫੈਲਣਾ ਤੇ ਸੁੰਗੜਨਾ ਪ੍ਰਾਕਿਰਤੀ ਦਾ ਨਿਯਮ ਹੈ, ਪਰ ਉਸਦਾ ਕਲਿਆਣਕਾਰੀ ਨਾ ਰਹਿਣਾ ਅਫਸੋਸਜਨਕ ਵਰਤਾਰਾ ਹੈ। ਅੱਜ ਉਹ ਪਹਿਲਾਂ ਦੂਸਰਿਆਂ ਬਾਰੇ ਨਹੀਂ ਆਪਣੇ ਬਾਰੇ ਸੋਚਦਾ ਹੈ। ਉਸਦਾ ਨਿੱਜ ਹਰ ਖੇਤਰ ਵਿੱਚ ਹੀ ਭਾਰੂ ਹੈ। ਇਸ ਨੂੰ ਸੁਆਰਥ ਹੀ ਕਹਿ ਲਉ ਕਿ ਉਹ ਹਰ ਹੀਲੇ ਵਸੀਲੇ ਨਾਲ ਰਾਤੋਂ ਰਾਤ ਅਮੀਰ ਅਤੇ ਸੁਰੱਖਿਤ ਹੋਣਾ ਲੋਚਦਾ ਹੈ।

ਮਨੁੱਖ ਆਪਣੇ ਨਿੱਜੀ ਮੁਫਾਦ ਲਈ ਕੁੱਝ ਵੀ ਕਰ ਸਕਦਾ ਹੈ। ਅੱਜ ਦਾ ਜ਼ਮਾਨਾ ਕਿਸੇ ਨੂੰ ਨਿੱਜੀ ਰੂਪ ਵਿੱਚ ਗ਼ੁਲਾਮ ਬਣਾਕੇ ਕੰਮ ਕਰਵਾਉਣ ਦਾ ਨਹੀ ਬਲਕਿ ਉਸਦਾ ਦਿਮਾਗੀ ਸਟੀਰਿੰਗ ਹੱਥ ਵਿੱਚ ਪਕੜਨ ਦਾ ਹੈ। ਬਰਤਾਨਵੀ ਸਾਮਰਾਜ ਖਤਮ ਹੋਣ ਨਾਲ ਹੀ ਬਸਤੀਵਾਦ ਦਾ ਭਾਵੇਂ ਭੋਗ ਪੈ ਗਿਆ ਸੀ, ਪਰ ਹੁਣ ਪੂੰਜੀਵਾਦ ਸੋਚ ਦਾ ਨਵੀਨੀਕਰਨ ਹੀ ਮਨੁੱਖ ਨੂੰ ਜ਼ਿਹਨੀ ਤੌਰ ਤੇ ਗ਼ੁਲਾਮ ਬਣਾਉਣਾ ਹੈ। ਮਲਟੀਨੈਸ਼ਨਲ ਕੰਪਨੀਆਂ ਉਸਦੇ ਦਿਮਾਗ ਦਾ ਰਿਮੋਟ ਕੰਟਰੋਲ ਆਪਣੇ ਹੱਥ ਲੈ ਲੈਂਦੀਆ ਹਨ ਤੇ ਫੇਰ ਉਹ ਉਸ ਨੂੰ ਆਪਣੀ ਮਰਜੀ ਨਾਲ ਚਲਾਉਂਦੀਆਂ ਹਨ। ਤੇ ਇਸ ਪ੍ਰੋਸੈੱਸ ਵਿੱਚ ਮੀਡੀਆ ਬਹੁਤ ਵੱਡਾ ਯੋਗਦਾਨ ਪਾਉਂਦਾ ਸਰਮਾਏਦਾਰੀ ਦੇ ਹੱਕ ਵਿੱਚ ਭੁਗਤਦਾ ਹੈ। ਜਿਸ ਨੂੰ ਇਹ ਕੰਪਨੀਆਂ ਮਸ਼ਹੂਰੀਆਂ ਦੇ ਪੈਸਿਆਂ ਨਾਲ ਕਾਬੂ ਕਰ ਲੈਂਦੀਆਂ ਹਨ। ਉਹ ਉਹੀ ਕੁੱਝ ਬੋਲਦਾ ਹੈ ਜੋ ਕੰਪਨੀਆਂ ਦੇ ਮਾਲਿਕ ਬੁਲਵਾਉਣਾ ਚਾਹੁੰਦੇ ਨੇ।

ਅਸੁਰੱਖਿਤਾ ਦੇ ਡਰ ਕਾਰਨ ਅਸੀਂ ਨਿੱਜ ਨਾਲ ਨੱਕੋ ਨੱਕ ਭਰ ਗਏ ਹਾਂ ਤੇ ਮੇਰਾ ਘਰ,ਮੇਰੇ ਬੱਚੇ,ਮੇਰੀ ਕਾਰ,ਮੇਰਾ ਟੀ ਵੀ ਮੇਰੀ ਜਾਇਦਾਦ ਮੇਰਾ ਅਹੁਦਾ ਦਾ ਰਾਗ ਹਰ ਸਮੇਂ ਅਲਾਪਦੇ ਰਹਿੰਦੇ ਹਾਂ। ਸਾਨੂੰ ਡਰ ਹੈ ਕਿ ਕਿਸੇ ਨਾ ਕਿਸੇ ਦਿਨ ਸਾਨੂੰ ਨਿਗਲਿਆ ਹੀ ਜਾਣਾ ਹੈ ਤੇ ਨਿੱਗਲਣ ਵਾਲਾ ਕੋਈ ਵੀ ਹੋ ਸਕਦਾ ਹੈ। ਜਿਉਂ ਜਿਉਂ ਇਹ ਡਰ ਵਧਦਾ ਜਾਏਗਾ ਨਿੱਜ ਵੀ ਹੋਰ ਭਾਰੂ ਹੁੰਦਾ ਜਾਇਗਾ। ਕਈ ਵਾਰ ਅਸੀ ਇਸ ਨੂੰ ਅਸਤਿੱਤਵ ਨਾਲ ਪੁਕਾਰ ਕੇ ਅਪਣੇ ਮਨ ਨੂੰ ਬੋਝਲ ਸ਼ਬਦਾਂ ਦੇ ਠੁੱਮਣੇ ਵੀ ਦਿੰਦੇ ਹਾਂ।

ਜਿਵੇਂ ਕੋਈ ਸਾਡੀ ਮਾਨਸਿਕਤਾ ਨੂੰ ਡਰਾਈਵ ਕਰਦਾ ਹੈ ਅਸੀਂ ਦੂਸਰਿਆਂ ਦੀ ਮਾਨਸਿਕਤਾ ਡਰਾਈਵ ਕਰਕੇ ਸਕੂਨ ਭਾਲਦੇ ਹਾਂ। ਇਹ ਕਮਜੋਰ ਮਨੁੱਖ ਦੀ ਨਿਸ਼ਾਨੀ ਵੀ ਹੈ ਕਿ ਉਹ ਕਮਜੋਰ ਨਹੀ ਲੱਗਣਾ ਚਾਹੁੰਦਾ। ਉਹ ਹਮੇਸ਼ਾਂ ਦੂਸਰਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਤਾਂ ਕੇ ਉਸਦੇ ਬੌਣੇ ਹੋਣ ਦਾ ਕਿਸੇ ਨੂੰ ਪਤਾ ਨਾ ਲੱਗੇ। ਅਜਿਹੇ ਬੰਦੇ ਤੁਹਾਡੇ ਕਾਰ ਦੀ ਸੀਟ ਤੇ ਬੈਠਣ ਸਾਰ ਤੁਹਾਨੂੰ ਡਰਾਈਵ ਕਰਨਾ ਸ਼ੁਰੂ ਕਰ ਦੇਣਗੇ ਕਿ ਏਸ ਲਾਈਨ ਨਹੀਂ ਇਸ ‘ਚ ਚਲਾ। ਸਪੀਡ ਤੇਜ ਜਾਂ ਹੌਲੀ ਕਰ। ਏਧਰੋਂ ਨਹੀਂ ਓਧਰੋਂ ਚੱਲ ਤੇ ਇਉਂ ਨਹੀ ਇਉਂ ਕਰ। ਦੂਸਰੇ ਨੂੰ ਕੰਟਰੋਲ ਕਰਕੇ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ। ਉਹ ਪਾਰਟੀਆਂ ਤੇ ਜਾਣਗੇ ਤਾਂ ਆਪਣੀ ਪਸੰਦ ਠੋਕਣਗੇ ਕਿ ਆਹ ਹੀ ਮਿਊਜਿਕ ਚੱਲਣਾ ਚਾਹੀਦਾ। ਮੈਂ ਕਹਿਨਾ ਤਾਂ ਨੱਚੋ ਮੈਂ ਕਹਿਨਾ ਤਾਂ ਬੈਠ ਜਾਉ। ਉਹ ਕਿਸੇ ਨੂੰ ਵੀ ਨਹੀਂ ਸੁਣਦੇ ਸਿਰਫ ਆਪਣੀ ਸੁਣਾਉਂਦੇ ਹਨ। ਖੁਦਗਰਜ਼ੀ ਨਾਲ ਭਰੇ ਹੋਏ ਇਹ ਲੋਕ ਉਹ ਹੀ ਕੁੱਝ ਕਰ ਰਹੇ ਹਨ ਜੋ ਕੁੱਝ ਵੱਡੇ ਮਗਰਮੱਛ ਉਨ੍ਹਾਂ ਤੋਂ ਕਰਵਾ ਰਹੇ ਹਨ। ਅਜਿਹਾ ਸਾਡਾ ਕਿਰਦਾਰ ਕਿਉਂ ਬਣ ਗਿਆ? ਤੁਹਾਡੇ ਘਰਾਂ ਵਿੱਚ 52-52 ਇੰਚ ਐੱਚ ਡੀ ਟੀ ਵੀ ਕੌਣ ਲੈ ਕੇ ਆਇਆ ਤੁਹਾਨੂੰ ਤਾਂ ਟੀ ਵੀ ਵੇਖਣ ਦਾ ਹੀ ਟਾਈਮ ਨਹੀ। ਤੁਸੀਂ ਸਾਰੀਆਂ ਸੁੱਖ ਸਹੂਲਤਾਂ ਤੇ ਬਰੈਂਡ ਨੇਮ ਇਕੱਠੇ ਕਰ ਲਏ ਜਿਨਾਂ ਦੀ ਨਾ ਤਾਂ ਤੁਹਾਨੂੰ ਜਰੂਰਤ ਹੈ ਤੇ ਨਾਂ ਹੀ ਇਨ੍ਹਾਂ ਨੂੰ ਮਾਨਣ ਦਾ ਸਮਾਂ ਹੈ। ਤੁਹਾਡੇ ਕਰੈਡਿਟ ਕਾਰਡ ਭਰ ਚੁੱਕੇ ਨੇ। ਤੁਸੀਂ ਜਿੰਨਾ ਕਮਾਉਂਦੇ ਹੋ ਬਿੱਲਾਂ ਕਾਰਡਾਂ ਦੇ ਢਿੱਡ ‘ਚ ਜਾ ਵੜਦਾ ਹੈ। ਅਜਿਹਾ ਤੁਹਾਡੇ ਤੋਂ ਅਚੇਤ ਹੀ ਕੌਣ ਕਰਵਾ ਰਿਹਾ ਹੈ? ਕਦੇ ਸੋਚਿਆ ਹੈ?ਜਰੂਰ ਕੋਈ ਤਾਕਤ ਕਠਪੁਤਲੀਆਂ ਦਾ ਨਾਚ ਨਾਚ ਰਹੀ ਹੈ।

ਤੁਹਾਡੇ ਬੱਚੇ ਤੁਹਾਡੇ ਤੋਂ ਵੱਧ ਇਲੈਕਟ੍ਰਿਕ ਉਪਕਰਨਾਂ ਨਾਲ ਸਮਾਂ ਗੁਜਾਰਦੇ ਨੇ। ਉਨ੍ਹਾਂ ਦਾ ਤੁਹਾਡੇ ਨਾਲ ਰਿਸ਼ਤਾ ਲੋੜਾਂ ਪੂਰੀਆਂ ਕਰਨ ਤੱਕ ਰਹਿ ਗਿਆ ਹੈ। ਤੁਹਾਡੇ ਕੋਲ ਇਸ ਲਈ ਸਮਾਂ ਨਹੀਂ ਕਿ ਤੁਸੀਂ ਲੋੜਾਂ ਪੂਰੀਆਂ ਕਰਨ ਖਾਤਰ ਦਿਨ ਰਾਤ ਕੰਮਾਂ ਤੇ ਮਰਦੇ ਹੋ। ਬੱਚਿਆਂ ਨੂੰ ਇਸ ਲਈ ਸਮਾਂ ਨਹੀ ਕਿ ਉਨ੍ਹਾਂ ਟੀ ਵੀ ਦੇ ਮਸ਼ਹੂਰ ਸ਼ੋਅ ਦੇਖਣੇ ਹੁੰਦੇ ਨੇ। ਵੀਡੀਉ ਗੇਮਾਂ ਖੇਡਣੀਆਂ ਹੁੰਦੀਆਂ ਨੇ,ਫੋਨ ਜਾਂ ਕੰਮਪਿਊਟਰ ਤੇ ਰਹਿਣਾ ਹੁੰਦਾ। ਆਪਣੇ ਆਪ ਨੂੰ ਅੱਪਡੇਟ ਰੱਖਣਾ ਹੁੰਦਾ। ਇਹ ਸਾਰਾ ਕੁੱਝ ਨਵੀਆਂ ਨਵੀਆਂ ਗੇਮਾਂ,ਬਰੈਂਡ ਨੇਮ ਕੱਪੜੇ ਜਾਂ ਕਰੇਜ ਆਪਣੇ ਆਪ ਹੀ ਨਹੀਂ ਆ ਰਿਹਾ ਕੋਈ ਲਿਆ ਰਿਹਾ ਹੈ ਤੇ ਬੜੀ ਚਲਾਕੀ ਨਾਲ ਤੁਹਾਡੀ ਮਾਨਸਿਕਤਾ ਨੂੰ ਕਾਬੂ ਕਰਕੇ ਤੁਹਾਡੀ ਕਮਾਈ ਨਾਲ ਆਪਣੇ ਖਜਾਨੇ ਭਰ ਰਿਹਾ ਹੈ।

ਰੇਡੀਉ ਟੀ ਵੀ ਤੇ ਵਾਰ ਵਾਰ ਆ ਰਹੀ ਐਡਵਰਟਾਈਜਮੈਂਟ ਕਦੋਂ ਤੁਹਾਡੀ ਮਾਨਸਿਕਤਾ ਨੂੰ ਉਂਗਲ ਲਾ ਤੁਰਦੀ ਹੈ ਤੁਹਾਨੂੰ ਪਤਾ ਵੀ ਨਹੀ ਲੱਗਦਾ। ਤੁਸੀਂ ਕਿਵੇਂ ਰਹਿਣਾ ਹੈ ਕਿਵੇਂ ਖਾਣਾ ਹੈ, ਕੀ ਪਹਿਨਣਾ ਹੈ ਤੁਹਾਨੂੰ ਐਡਵਰਟਾਈਜਮੈਂਟ ਦੱਸਦੀ ਹੈ। ਅੱਜ ਕੱਲ ਮਨੁੱਖ ਤਾਂ ਆਪਣਾ ਦਿਮਾਗ ਕਦੇ ਘੱਟ ਹੀ ਵਰਤਦਾ ਹੈ। ਉਸਦਾ ਬਰੇਨਵਾਸ਼ ਇਕੱਲੀਆਂ ਮੁਨਾਫਖੋਰ ਕੰਪਨੀਆਂ ਹੀ ਨਹੀਂ ਕਰਦੀਆਂ ਬਲਕਿ ਧਾਰਮਿਕ ਅਦਾਰੇ,ਅਖੌਤੀ ਸੰਤ ਮਹਾਤਮਾਂ,ਹੱਥ ਵੇਖਣ ਵਾਲੇ,ਜੋਤਸ਼ੀ,ਸਿਹਤ ਦਾ ਡਰਾਵਾ ਦੇ ਕੇ ਦਵਾਈਆਂ ਵੇਚਣ ਵਾਲੇ,ਹਰਬਲ ਪ੍ਰੋਡਕਟ ਵੇਚਣ ਵਾਲੇ,ਕਾਮ ਸ਼ਕਤੀ ਵਧਾਉਣ ਤੇ ਗੁਪਤ ਰੋਗ ਹਟਾਉਣ ਵਾਲੇ ਸਭ ਉਸਨੂੰ ਬੇਫਕੂਫ ਬਣਾ ਰਹੇ ਹਨ। ਸਮਾਧੀਆਂ ਤੇ ਯੋਗਾ ਵੇਚਿਆ ਜਾ ਰਿਹਾ, ਤੰਦਰੁਸਤੀ ਵੇਚੀ ਜਾ ਰਹੀ ਹੈ, ਫੋਕਾ ਪਾਣੀ ਵੇਚਿਆ ਜਾ ਰਿਹਾ ਕਿਉਂਕਿ ਮਨੁੱਖ ਦੇ ਆਪਣੇ ਦਿਮਾਗ ਨੇ ਤਾਂ ਕੰਮ ਕਰਨਾ ਛੱਡ ਦਿੱਤਾ ਹੈ। ਹੁਣ ਉਸਦੇ ਦਿਮਾਗ ਨੂੰ ਘਰ ਘਰ ਵਿਛੀਆਂ ਕੇਬਲਾਂ (ਤਾਰਾਂ) ਚਲਾਉਂਦੀਆਂ ਹਨ। ਉਹ ਸਟੋਰਾਂ ਵਿੱਚ ਜਾ ਉਹ ਹੀ ਕੁੱਝ ਖਰੀਦਦਾ ਹੈ ਜੋ ਉਸ ਨੂੰ ਦੱਸਿਆ ਜਾਂਦਾ ਹੈ।

ਇਹ ਹੈਰੀ ਪੌਟਰ,ਬਾਰਵੀ ਡੌਲ,ਸੁਪਰਮੈਨ ,ਸਪਾਈਡਰਮੈਨ ਕਿਸ ਨੇ ਤੁਹਾਡੇ ਬੱਚਿਆਂ ਦੇ ਸਿਰ ਵਿੱਚ ਭਰ ਦਿੱਤੇ ਜੋ ਇਨ੍ਹਾਂ ਨੂੰ ਤਾਂ ਨਾਇਕ ਸਮਝਣ ਲੱਗ ਪਰ ਜ਼ਿੰਦਗੀ ਦੇ ਅਸਲ ਹੀਰੋ ਪਿੱਛੇ ਰਹਿ ਗਏ। ਉਹ ਤੁਹਾਡੀ ਬੋਲੀ ਸੱਭਿਆਚਾਰ ਸਭ ਕੁੱਝ ਛੱਡ ਛਡਾ ਕਿਸੇ ਹੋਰ ਹੀ ਦੁਨੀਆਂ ਵਿੱਚ ਗੁਆਚ ਗਏ ਜਿੱਥੋਂ ਪਰਤ ਕੇ ਆਉਣਾ ਬਹੁਤ ਮੁਸ਼ਕਲ ਹੈ। ਸਟੋਰਾਂ ‘ਚ ਉਹ ਤੁਹਾਡੀ ਗੱਲ ਨਹੀਂ ਸੁਣਨਗੇ ਬਲਕਿ ਜੋ ਉਨ੍ਹਾਂ ਦੇ ਦਿਮਾਗ ਵਿੱਚ ਟੀ ਵੀ ਚੈਨਲਾ ਨੇ ਭਰਿਆ ਹੈ ਉਸੇ ਦੀ ਮੰਗ ਕਰਨਗੇ। ਕੌਣ ਹੈ ਜੋ ਸਾਡੀ ਮੌਲਿਕਤਾ ਨੂੰ ਨਿਘਾਰ ਗਿਆ ਹੈ?

ਜਗੀਰਦਾਰੀ ਜੁੱਗ ਵਿੱਚ ਮਨੁੱਖ ਦਾ ਨਿੱਜ ਉਸਦੀ ਹਾਉਮੇ ਵਿੱਚ ਪ੍ਰਗਟ ਹੁੰਦਾ ਸੀ। ਉਦੋਂ ਉਹ ਕਬਜੇ ਦੀ ਭਾਵਨਾ ਅਧੀਨ ਮਨੁੱਖੀ ਰਿਸ਼ਤਿਆਂ ਨੂੰ ਡਰਾਈਵ ਕਰਦਾ ਸੀ। ਉਹ ਚਾਹੁੰਦਾ ਸੀ ਕਿ ਜੋ ਮੈਂ ਕਹਾਂ ਉਹ ਹੀ ਹੋਵੇ। ਮੇਰੀ ਪਤਨੀ,ਮੇਰੇ ਬੱਚੇ,ਮੇਰੀ ਭੈਣ,ਮੇਰੀ ਮਾਂ,ਮੇਰੀ ਧੀ ਸਭ ਮੇਰੇ ਅਨੁਸਾਰ ਮੇਰੇ ਹੁਕਮ ਵਚ ਚੱਲਣ। ਉਦੋਂ ਰਿਸ਼ਤਿਆਂ ਅਤੇ ਜਾਇਦਾਦ ਵਿੱਚ ਉਸ ਨੂੰ ਫਰਕ ਨਹੀਂ ਸੀ ਜਾਪਦਾ,ਉਹ ਦੋਹਾਂ ਤੇ ਕਬਜਾ ਰੱਖਣਾ ਚਾਹੁੰਦਾ ਸੀ। ਤੇ ਰਿਸ਼ਤਿਆਂ ਦਾ ਆਪਣੇ ਨਿੱਜ ਨੂੰ ਮਾਰਕੇ ਆਗਿਆਕਾਰੀ ਹੋਣਾ ਹੀ ਇਹਨਾਂ ਦੀ ਖੂਬਸੂਰਤੀ ਸੀ। ਪਰ ਇਹ ਦੌਰ ਖਤਮ ਹੋ ਗਿਆ ਹੈ।

ਹੁਣ ਮਨੁੱਖ ਦੀ ਕਮਾਂਡ ਪੂੰਜੀਵਾਦ ਦੇ ਹੱਥ ਆ ਗਈ ਹੈ। ਬੱਚੇ ਉਹ ਹੀ ਕਰਦੇ ਨੇ ਜੋ ਉਨ੍ਹਾਂ ਦੀ ਮਰਜੀ ਹੈ। ਮਰਜੀ ਦਾ ਪਹਿਨਣਾ,ਖਾਣਾ ਅਤੇ ਵਿਆਹ ਕਰਵਾਉਣੇ ਆਮ ਪ੍ਰਚੱਲਨ ਬਣ ਗਿਆ ਹੈ। ਔਰਤ ਮਰਦ ਦੇ ਪੈਰ ਦੀ ਜੁੱਤੀ ਨਹੀਂ ਰਹੀ ਉਹ ਵੀ ਬਰਾਬਰ ਦਾ ਕਮਾਉਂਦੀ ਹੈ। ਪੂੰਜੀਪਤੀ ਲਈ ਦੋਨੋ ਬਰਾਬਰ ਦੇ ਟੂਲ ਹਨ ਸੋ ਉਹ ਉਨ੍ਹਾਂ ਨੂੰ ਬਰਾਬਰ ਅਧਿਕਾਰ ਦਿੰਦਾ ਹੈ। ਰਿਸ਼ਤੇ ਪੂੰਜੀ ਤੇ ਅਧਾਰਤ ਹਨ ਤੇ ਇਹ ਰਿਸ਼ਤੇ ਵੀ ਪੂੰਜੀਪਤੀ ਹੀ ਪੈਦਾ ਕਰਦਾ ਹੈ ਜੋ ਪੂੰਜੀ ਨਾਲ ਹੀ ਨਾਪੇ ਤੋਲੇ ਜਾਂਦੇ ਹਨ। ਰਿਸ਼ਤਿਆਂ ਦੀ ਭੰਨ ਤੋੜ ਉਸ ਨੇ ਬੜੀ ਹੁਸ਼ਿਆਰੀ ਨਾਲ ਕੀਤੀ ਹੈ। ਪਿਉ ਧੀ,ਮਾਂ ਪੁੱਤ,ਭੈਣ ਭਰਾ ਦੁਆਲੇ ਅਜਿਹਾ ਜਾਲ ਬੁਣਿਆਂ ਕਿ ਉਨ੍ਹਾ ਨੂੰ ਨਾ ਰਿਸ਼ਤਿਆਂ ਦੀ ਪਹਿਚਾਣ ਰਹੀ ਤੇ ਨਾ ਕੋਈ ਸ਼ਰਮ ਹਿਯਾ ਰਹੀ। ਸਾਰੇ ਕਠਪੁਤਲੀਆਂ ਬਣ ਗਏ।

ਇੰਡਸਟਰੀ ਦੇ ਫੈਲਾਅ ਨਾਲ ਮਨੁੱਖਤਾ ਦਾ ਮਸ਼ੀਨੀਕਰਨ ਹੋ ਗਿਆ। ਪਰ ਮਨੁੱਖ ਰੂਪੀ ਮਸ਼ੀਨ ਨੂੰ ਚਲਾਉਣ ਵਾਲਾ ਅਪਰੇਟਰ ਕਿਸੇ ਨੂੰ ਨਜ਼ਰ ਨਹੀਂ ਆਂਉਦਾ। ਮਨੁੱਖ ਬਿਨਾ ਕਹੇ ਹੀ ਦੌੜ ਰਿਹਾ ਹੈ ਹਫ ਰਿਹਾ ਹੈ ਤੇ ਮੌਤ ਦੇ ਮੂੰਹ ਵਿੱਚ ਪੈ ਰਿਹਾ ਹੈ। ਉਨ੍ਹਾਂ ਨੇ ਤੁਹਾਡੇ ਦੁਆਲੇ ਦੁਨੀਆਂ ਹੀ ਅਜਿਹੀ ਸਿਰਜ ਦਿੱਤੀ ਹੈ। ਇਹ ਕਰੈਡਿਟ ਕਾਰਡ,ਬਿੱਲ,ਘਰਾਂ ਦੀ ਮਾਰਗੇਜ,ਕਿਸ਼ਤਾਂ,ਦਿਖਾਵਾ,ਪੈਦਾ ਕੀਤੀਆਂ ਗਈਆਂ ਵਾਧੂ ਲੋੜਾਂ ਤੁਹਾਨੂੰ ਟਿੱਕ ਕੇ ਬੈਠਣ ਹੀ ਨਹੀ ਦਿੰਦੀਆਂ।

ਮਾਂ ਬਾਪ ਤੇ ਬੱਚਿਆਂ ਦਾ ਦੁੱਖ ਸੁਣਨ ਲਈ ਅੱਜ ਦੇ ਮਨੁੱਖ ਕੋਲ ਵਿਹਲ ਹੀ ਕਿੱਥੇ ਹੈ। ਉਹ ਕੁਦਰਤ ਨਾਲੋਂ ਟੁੱਟ ਗਿਆ ਹੈ। ਉਸ ਦਾ ਰਹਿਣ ਸਹਿਣ,ਖਾਣ ਪਹਿਨਣ ਸਭ ਕੁੱਝ ਬਨਾਉਟੀ ਹੋ ਗਿਆ ਹੈ। ਮਣਾ ਮੂੰਹੀ ਜੰਕ ਫੂਡ ਰੋਜ ਉਸਦੇ ਮੂੰਹ ਵਿੱਚ ਤੁੰਨਿਆ ਜਾ ਰਿਹਾ ਹੈ। ਉਹ ਓਵਰ ਵੇਟ ਹੋਣ ਦੇ ਨਾਲ ਨਾਲ ਬਲੱਡ ਪ੍ਰੈਸ਼ਰ,ਸ਼ੂਗਰ ਅਤੇ ਦਿਲ ਦੇ ਰੋਗਾਂ ਦਾ ਸ਼ਿਕਾਰ ਹੋ ਰਿਹਾ ਹੈ। ਨਹੀਂ ਹੋਵੇਗਾ ਤਾਂ ਡਰੱਗ ਮਾਫੀਆ ਆਪਣੀਆਂ ਦਵਾਈਆਂ ਕਿਸ ਨੂੰ ਵੇਚੇਗਾ। ਹਰ ਚਲਾਕ ਬੰਦਾ ਮਨੁੱਖਤਾ ਰੂਪੀ ਮੁਰਗ਼ੀ ਨੂੰ ਹਲਾਲ ਕਰਨ ਵਿੱਚ ਜੁੱਟਿਆਂ ਹੋਇਆ ਹੈ।

ਧਰਮ,ਅਰਥ,ਕਾਮ ਮੋਕਸ਼ ਮਨੁੱਖ ਦੀਆਂ ਅਹਿਮ ਕਮਜੋਰੀਆਂ ਨੇ। ਮੁਨਾਫਾਖੋਰ ਇੱਹ ਗੱਲ ਭਲੀ ਭਾਂਤ ਜਾਣਦੇ ਨੇ। ਥਾਂ ਥਾਂ ਸਮਾਧੀਆਂ ਵੇਚਣ ਵਾਲੇ,ਗੁਰੂ ਦੇ ਲੜ ਲਾਉੇਣ ਦਾ ਝਾਂਸਾ ਦੇਣ ਵਾਲੇ,ਯੋਗਾ ਵੇਚਣ ਵਾਲੇ,ਜੋਤਿਸ਼ ਨਾਲ ਸੁੱਖ ਅਰਾਮ ਦੇਣ ਵਾਲੇ ਤੇ ਦੁੱਖਾਂ ਤੋਂ ਮੁਕਤੀ ਦਵਾਉਣ ਵਾਲੇ,ਹਰਬਲ ਦਵਾਈਆਂ ਨਾਲ ਤੰਦਰੁਸਤੀ ਕਾਇਮ ਕਰਨ ਵਾਲੇ,ਕਾਮ ਸ਼ਕਤੀ ਵਧਾਉਣ ਤੇ ਗੁਪਤ ਰੋਗ ਹਟਾਉਣ ਵਾਲੇ,ਬਿਊਟੀ ਤੇ ਮਸਾਜ ਪਾਰਲਲ ਚਲਾਉਣ ਵਾਲੇ ਅਤੇ ਉੱਚੀਆਂ ਵਿਆਜ ਦਰਾਂ ਤੇ ਕਰਜੇ ਦੁਆ ਜੇਬਾਂ ਭਰਨ ਵਾਲੇ ਐਵੇਂ ਨਹੀਂ ਖੁੰਭਾ ਵਾਂਗੂੰ ਉੱਗ ਆਏ। ਇਸ ਮਨੀ ਮਾਫੀਏ ਨੇ ਪੂਰੇ ਸੰਸਾਰ ਵਿੱਚ ਆਪਣਾ ਤੰਦੂਆ ਜਾਲ਼ ਫੈਲਾ ਰੱਖਿਆਂ ਹੈ। ਡਾਂਸ ਬਾਰਾਂ,ਨਾਈਟ ਕਲੱਬਾਂ ਖੁੱਲੇ ਕਾਮ ਸਬੰਧ ਅਤੇ ਡਰੱਗ ਦਾ ਵਪਾਰ ਅੱਜ ਹਰ ਪਾਸੇ ਹੀ ਪੈਰ ਪਸਾਰ ਰਿਹਾ ਹੈ। ਇਸੇ ਤਰ੍ਹਾਂ ਜਿੱਮ ਤੇ ਯੋਗਾ ਕੇਂਦਰ ਵੀ ਫੈਲ ਰਹੇ ਹਨ। ਉਹ ਮਨੁੱਖ ਨੂੰ ਕਿਸੇ ਪਾਸਿਉਂ ਵੀ ਬਖਸ਼ਣਾ ਨਹੀਂ ਚਾਹੁੰਦੇ। ਆਖਿਰ ਜੀਊਂਦੇ ਇਨਸਾਨ ਦੀ ਕੋਈ ਤਾਂ ਕਮਜੋਰੀ ਹੋਵੇਗੀ ਹੀ ਜਿਸ ਦਾ ਫਾਇਦਾ ਉਠਾ ਉਸ ਦੀਆਂ ਜੁੱਤੀਆਂ ਉਸੇ ਦੇ ਸਿਰ ਮਾਰ ਕੇ ਉਸ ਨੂੰ ਲੁੱਟਿਆ ਜਾ ਸਕਦਾ ਹੈ।

ਏਹੋ ਜਿਹਾ ਮਾਨਸਿਕ ਅਪਹਰਣ ਰਾਜਨੀਤਿਕ ਲੋਕ ਵੀ ਕਰਦੇ ਹਨ ਜੋ ਜੰਤਾ ਨੂੰ ਝੂਠੇ ਲਾਰੇ ਦੇ ਦੇ ਲੁੱਟਦੇ ਹਨ। ਸਹੂਲਤਾਂ ਦਾ ਲੌਲੀਪੌਪ ਉਸਦੇ ਮੂੰਹ ਵਿੱਚ ਬੜੀ ਬੇਸ਼ਰਮੀ ਨਾਲ ਉਸਦੀ ਜੇਬ ਕੱਟੀ ਜਾਂਦੀ ਹੈ। ਸਕੂਲਾਂ ਹਸਪਤਾਲਾਂ ਤੇ ਸੜਕਾਂ ਦੇ ਟੈਂਡਰ ਵੇਚੇ ਜਾਂਦੇ ਨੇ,ਦਾਖਲੇ ਵੇਚੇ ਜਾਂਦੇ ਨੇ ਫੇਰ ਇੱਟਾਂ ਬਜਰੀ ਲੋਹਾ ਸੀਮਿੰਟ ਖਾਣ ਦੇ ਨਾਲ ਨਾਲ ਵੱਡੇ ਕਮਿਸ਼ਨ ਬਟੋਰੇ ਜਾਂਦੇ ਨੇ ਤੇ ਲੋਕਾਂ ਨੂੰ ਉੱਲੂ ਬਣਾਇਆ ਜਾਂਦਾ ਹੈ। ਏਹੋ ਜਿਹੇ ਘਪਲੇ,ਸਕੈਂਡਲ ਗੁਰੂ ਘਰਾਂ ਤੋਂ ਲੈ ਕੇ ਪਾਰਲੀਮੈਂਟ ਹਾਊਸਾਂ ਤੱਕ ਫੈਲੇ ਹੋਏ ਹਨ। ਆਪਣੇ ਆਪ ਨੂੰ ਸੇਵਾਦਾਰ ਕਹਾਉਣ ਵਾਲੇ ਅਸਲ ਵਿੱਚ ਝਾੜੂ ਫੇਰਨ ਵਾਲੇ ਨਹੀਂ ਹੂੰਝਾ ਫੇਰਨ ਵਾਲੇ ਹਨ।

ਹਰ ਸੇਵਾ ਜਾਂ ਚਾਪਲੂਸੀ ਪਿੱਛੇ ਕੋਈ ਨਾ ਕੋਈ ਮੁਫਾਦ ਛੁਪਿਆ ਹੋਇਆ ਹੈ। ਸਿਤਮ ਜਰੀਫੀ ਤਾਂ ਇਹ ਹੈ ਕਿ ਕਿ ਇਹ ਮੁਨਾਫਾਖੋਰ, ਭਾਵੇਂ ਵਕੀਲ ਹੋਣ, ਡਾਕਟਰ ਹੋਣ, ਨੇਤਾ ਜਾਂ ਅਭਿਨੇਤਾ ਹੋਣ, ਟੀ ਵੀ ਚੈਨਲਾ ਵਾਲੇ ਹੋਣ; ਪ੍ਰੋਗਰਾਮਾਂ ਦੇ ਸੰਚਾਲਕ ਹੋਣ ਜੋ ਕਦੇ ਪੈਸੇ ਬਿਨਾਂ ਡਿੰਘ ਵੀ ਨਹੀਂ ਪੁੱਟਦੇ ਬੜੀ ਬੇਸ਼ਰਮੀ ਨਾਲ ਆਪਣੇ ਆਪ ਨੂੰ ਲੋਕਾਂ ਦੇ ਸੇਵਾਦਾਰ ਦੱਸਦੇ ਹਨ, ਜਦੋਂ ਕਿ ਉਹ ਵਪਾਰ ਕਰ ਰਹੇ ਹੁੰਦੇ ਨੇ।ਅੱਜ ਕੱਲ ਲੱਚਰ ਗਾਉਣ ਵਾਲੇ, ਮਾਰਟਗੇਜਾਂ ਵੇਚਣ ਵਾਲੇ, ਇਮੀਗਰੇਸ਼ਸ਼ਨ ਕੰਨਸਲਟੈਂਟ, ਰੀਅਲ ਸਟੇਟ ਏਜੰਟ, ਕਨਸਟਰੱਕਸ਼ਨ ਕਰਨ ਵਾਲੇ ਜਾਂ ਮਕੈਨਿਕ ਵੀ ਆਪਣੇ ਆਪ ਨੂੰ ਜੰਤਾ ਦੇ ਸੇਵਾਦਾਰ ਦੱਸ ਰਹੇ ਨੇ। ਸੇਵਾ ਤਾਂ ਨਿਸ਼ਕਾਮ ਹੁੰਦੀ ਬਿਨਾ ਪੈਸਾ ਲਏ ਕਿਸੇ ਦੇ ਕੰਮ ਆ ਸਕਣਾ। ਪਰ ਜਿਨਾਂ ਦਾ ਧਰਮ ਹੀ ਪੈਸਾ ਹੈ ਉਹ ਸੇਵਾਦਾਰ ਕਿਵੇਂ ਹੋਏ?

ਮਾਨਸਿਕ ਅਪਹਰਣ ਅੱਜ ਕੱਲ ਟੈਲੀਵੀਯਨ ਸੀਰੀਅਲਾਂ ਰਾਹੀ ਵੀ ਕੀਤਾ ਜਾ ਰਿਹਾ ਹੈ। ਮਾਪੇ ਆਪਣੇ ਹੀ ਧੀਆਂ ਪੁੱਤਾਂ ਨੂੰਹਾਂ ‘ਚ ਲੜਾਈ ਪਾ ਅਨੰਦ ਲੈ ਰਹੇ ਹਨ। ਆਪਣੇ ਸੱਸ ਸਹੁਰੇ ਦਾ ਕਿਸੇ ਨੂੰ ਖਿਆਲ ਹੋਵੇ ਜਾ ਨਾ ਹੋਵੇ ਲੇਕਿਨ ਟੀ ਵੀ ਸੀਰੀਅਲ ਵਿੱਚਲੇ ਸੱਸ ਸਹੁਰੇ ਦਾ ਬੇਹੱਦ ਫਿਕਰ ਰਹਿੰਦਾ ਹੈ। ਔਰਤਾਂ ਫੋਨ ਦੇ ਇੱਕ ਦੂਜੇ ਨੂੰ ਪੁੱਛਦੀਆਂ ਨੇ ‘ਨੀ ਕਭੀ ਸਾਸ ਕਭੀ ਬਹੂ ਵਾਲੀ ਸੱਸ ਹੱਸਪਤਾਲੋਂ ਆ ਗੀ ਕਿ ਨਹੀ? ਮੇਰਾ ਤਾਂ ਰਾਤ ਮਿੱਸ ਹੋ ਗਿਆ ਹੋ ਗਿਆ ਭੈਣੇ ਸਾਰੀ ਰਾਤ ਨੀਂਦ ਨਹੀਂ ਆਈ’। ਕਈ ਧੀ ਜੁਆਈ ਵਿੱਚ ਫਰਕ ਪੁਆ ਧੀ ਤੋਂ ਆਪਣੇ ਕੰਮ ਕਢਵਾਉਂਦੇ ਰਹਿੰਦੇ ਹਨ। ਉਂਝ ਧੀਆਂ ਨੂੰ ਕੁੱਖ ਵਿੱਚ ਮਾਰਿਆ ਵੀ ਜਾ ਰਿਹਾ ਹੈ। ਕਨੇਡਾ ਜਾਣ ਲਈ ਪੌੜੀਆਂ ਵੀ ਬਣਾਈਆਂ ਜਾਂਦੀਆਂ ਨੇ।

ਹੋਰ ਤਾਂ ਹੋਰ ਚਿਮਟਿਆਂ ਵਾਲੇ ਬਾਬੇ ਤੇ ਅਖੌਤੀ ਪ੍ਰਚਾਰਕ ਮੁਕਤੀ ਦਾ ਝਾਂਸਾ ਦੇ ਮਨਘੜੰਤ ਝੂਠੀਆਂ ਕਰਮਾਤਾਂ ਭਰੀਆਂ ਕਹਾਣੀਆਂ ਸੁਣਾ ਸੁਣਾ ਲੋਕਾਂ ਦਾ ਬਰੇਨ ਵਾਸ਼ ਕਰਨ ਵਿੱਚ ਲੱਗੇ ਹੋਏ ਨੇ। ਉਨਾਂ ਨੂ ਪੁੱਛਣ ਵਾਲਾ ਵੀ ਕੋਈ ਨਹੀਂ ਜਿਨਾਂ ਹਿਸਟਰੀ ਦਾ ਸੱਤਿਆਨਾਸ ਕਰ ਛੱਡਿਆਂ ਹੈ। ਉੱਥੇ ਜਾਕੇ ਤਾਂ ਮੀਡੀਏ ਵਾਲੇ ਕਾਗ਼ਜੀ ਸ਼ੇਰ ਵੀ ਪੂਛ ਮਰੋੜ ਦੁਬਕ ਕੇ ਭਿੱਜੀ ਬਿੱਲੀ ਬਣ ਜਾਂਦੇ ਨੇ। ਤਾਂ ਹੀ ਇਹ ਬਾਬੇ ਰਾਜਿਆਂ ਮਹਾਰਾਜਿਆਂ ਵਾਂਗੂੰ ਸ਼ਾਨੋ ਸ਼ੌਕਤ ਨਾਲ ਰਹਿੰਦੇ ਨੇ।ਡੇਰਿਆਂ ਵਿੱਚ ਕਾਮ ਕ੍ਰੀੜਾ ਕਰਦੇ ਅਤੇ ਸਵਰਗ ਭੋਗਦੇ ਨੇ।

ਆਪਣੀ ਸਲਤਨਤ ਕਾਇਮ ਰੱਖਣ ਇਹ ਬਾਬੇ ਕਿਸੇ ਨੂੰ ਨੋਟਾਂ ਦੀ ਤੇ ਕਿਸੇ ਵੋਟਾਂ ਦੀ ਬੁਰਕੀ ਸੁੱਟਦੇ ਨੇ।ਜੋ ਲੋਕਾਂ ਨੂੰ ਮਾਇਆ ਨਾਗਣੀ,ਅਟੱਲ ਮੌਤ,ਤਿਆਗ ਤੇ ਸੇਵਾ ਦਾ ਸੰਦੇਸ਼ ਦਿੰਦੇ ਨੇ ਪਰ ਇਨ੍ਹਾਂ ਦੀਆਂ ਲਾਲਸਾਵਾਂ ਨਜਾਇਜ ਕਬਜੇ ਸਿਰ ਚੜਕੇ ਬੋਲਦੇ ਨੇ। ਬੰਦੂਕਾਂ ਦੀ ਛਤਰ ਛਾਇਆ ਹੇਠ ਰਹਿਣ ਵਾਲੇ ਮਾਇਆ ਨਾਲ ਭਰੀਆਂ ਗੋਲਕਾਂ ਤੇ ਸੱਪ ਬਣਕੇ ਮੇਹਲਦੇ ਰਹਿੰਦੇ ਨੇ। ਨਾ ਕਦੇ ਇਨ੍ਹਾ ਪੰਕਤ ਵਿੱਚ ਬੈਠ ਲੰਗਰ ਛਕਿਆ ਹੋਊ ਤੇ ਨਾ ਭਾਂਡੇ ਮਾਂਜੇ ਹੋਣਗੇ।ਕਹਿੰਦੇ ਨੇ ‘ਹਾਥੀ ਕੇ ਦਾਂਤ ਖਾਨੇ ਔਰ ਦਿਖਾਨੇ ਔਰ’। ਪਰ ਅਗਿਆਨ ਦੀ ਵਜਾ ਕਰਕੇ ਇਹ ਸਾਨੂੰ ਨਜ਼ਰ ਹੀ ਨਹੀਂ ਆਂਉਦੇ।

ਇਨ੍ਹਾਂ ਲੋਕਾਂ ਨੇ ਮਿਲ ਕੇ ਸਧਾਰਨ ਜੰਤਾ ਨੂੰ ਦਿਮਾਗੀ ਤੌਰ ਤੇ ਨਿਕਾਰਾ ਕਰ ਦਿੱਤਾ ਹੈ। ਸਾਡੀ ਸੋਚ ਗਿਰਵੀ ਪੈ ਗਈ ਹੈ ਤੇ ਇਨ੍ਹਾਂ ਅੰਧਵਿਸ਼ਵਾਸ਼ ਦਾ ਇੱਕ ਬਰੇਨ ਟਿਊਮਰ ਸਾਡੇ ਦਿਮਾਗ ਵਿੱਚ ਪੈਦਾ ਕਰ ਦਿੱਤਾ ਗਿਆ ਹੈ ਜੋ ਸਾਡੀ ਬਚੀ ਖੁਚੀ ਸੋਚ ਵੀ ਖਾਅ ਜਵੇਗਾ। ਏਥੋ ਤੱਕ ਕਿ ਅਸੀ ਆਪਣੇ ਘਰਾਂ ਦੇ ਮਹੂਰਤ,ਬੱਚਿਆਂ ਦੀ ਸ਼ਾਦੀ,ਬਿਜਨਸ ਤੇ ਹੋਰ ਸਭ ਕਾਸੇ ਲਈ ਜੇ ਬੱਚਾ ਨਾ ਹੋਵੇ ਤਾਂ ਵੀ ਬਾਬਿਆ ਤੇ ਨਿਰਭਰ ਹਾਂ ਕਿਉਂਕਿ ਸਾਡੀ ਆਪਣੀ ਤਾਂ ਸੋਚ ਹੀ ਕੋਈ ਹੈ ਨਹੀਂ।

ਅੱਤਵਾਦ ਅਤੇ ਧਾਰਮਿਕ ਕੱਟੜਵਾਦ ਪੂੰਜੀਵਾਦ ਦੇ ਪੁੜਾਂ ਵਿੱਚੋਂ ਬੁੜਕਿਆ ਹੋਇਆ ਕਚਰਾ ਹੀ ਹੈ,ਜੋ ਆਪਣੀ ਹੋਂਦ ਬਚਾਉਣ ਦੇ ਉਪਰਾਲੇ ਕਰ ਰਿਹਾ ਹੈ। ਪਰ ਏਸ ਪੂੰਜੀਵਾਦੀ ਅਜਗਰ ਨੇ ਨਿੱਘਲ ਤਾਂ ਓਸ ਨੂੰ ਵੀ ਜਾਣਾ ਹੈ।ਅੱਤਵਾਦੀ ਸਰਗਣੇ ਬੇਰੁਜਾਗਾਰ ਨੌਜਵਾਨਾ ਦਾ ਦਿਮਾਗ ਧੋਅ ਉਨ੍ਹਾਂ ਤੋਂ ਬੰਬ ਚਲਵਾ ਕਿਹੜੇ ਧਰਮ ਦੀ ਸੇਵਾ ਕਰਵਾ ਰਹੇ ਨੇ?ਸਮਝ ਨਹੀਂ ਆਂਉਦਾ। ਸਰਕਾਰੀ ਅੱਤਵਾਦ ਸਕੂਲੀ ਬੱਚਿਆਂ ਔਰਤਾਂ ਨੂੰ ਬੰਬਾਂ ਦੀ ਭੇਂਟ ਚੜਾ ਉਹ ਹੀ ਕੰਮ ਕਰ ਰਿਹਾ ਹੈ ਜੋ ਅੱਤਵਾਦੀ ਕਰਦੇ ਨੇ ਤੇ ਫੇਰ ਵੱਡੇ ਮੀਡੀਏ ਨੂੰ ਆਪਣੀ ਰਖੇਲ ਵਾਂਗੂੰ ਵਰਤ ਰਿਹਾ ਹੈ।

ਮੀਡੀਆ ਉਨ੍ਹਾਂ ਦੀ ਬੋਲੀ ਬੋਲਦਾ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਸਾਬਤ ਕਰਦਾ,ਦੋਹਰੇ ਮਾਪਦੰਡ ਨੂੰ ਅਪਣਾਉਦਾ ਲੋਕਾਂ ਬੇਵਕੂਫ ਬਣਾਈ ਜਾ ਰਿਹਾ ਹੈ ਤੇ ਲੋਕ ਸੱਤ ਬਚਨ ਕਹਿ ਕਹਿ ਮੰਨੀ ਜਾ ਰਹੇ ਹਨ।ਹਰ ਕੋਈ ਬੰਦਾ ਸਾਡੇ ਦਿਮਾਗ ਦਾ ਸਟੇਰਿੰਗ ਪਕੜਨਾ ਚਾਹੁੰਦਾ ਹੈ ਪਰ ਆਖਰ ਵੱਡੇ ਮਗਰਮੱਛ ਕਾਮਯਾਬ ਹੋ ਜਾਂਦੇ ਨੇ।
ਦੁਨੀਆਂ ਵਿੱਚ ਉਹ ਹੀ ਲੋਕ ਯਾਦ ਕੀਤੇ ਗਏ ਨੇ ਜੋ ਹਵਾਵਾਂ ਦੇ ਰੁੱਖ ਨਾਲ ਨਹੀਂ ਚੱਲੇ ਪਰ ਉਨ੍ਹਾਂ ਹਵਾਵਾਂ ਦੇ ਰੁੱਖ ਬਦਲ ਦਿੱਤੇ। ਮੌਲਿਕ ਸੋਚ ਦੇ ਧਾਰਨੀ ਹਮੇਸ਼ਾਂ ਸਥਾਪਤੀ ਦੀਆਂ ਅੱਖਾਂ ਵਿੱਚ ਰੜਕਦੇ ਰਹੇ ਨੇ,ਤੇ ਉਨ੍ਹਾਂ ਨੂੰ ਸਖਤ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਹੈ ਪਰ ਉਨਾਂ ਹਾਰ ਨਹੀਂ ਮੰਨੀ। ਨਿੱਗਰ ਵਿਚਾਰ ਅਤੇ ਉੱਚ ਪਾਏ ਦਾ ਸਾਹਿਤ ਮਾਨਸਿਕ ਧੁੰਦ ਦੂਰ ਕਰਨ ਵਿੱਚ ਬਹੁਤ ਸਹਾਈ ਹੁੰਦਾ ਹੈ। ਪਰ ਅਜਿਹੀ ਮੌਲਿਕ ਸੋਚ ਵਾਲੇ ਸਾਹਿਤਕਾਰ ਵੀ ਤੁਹਾਨੂੰ ਵਿਰਲੇ ਹੀ ਮਿਲਣਗੇ। ਪਰ ਜੋ ਵੀ ਹਨ ਉਨ੍ਹਾਂ ਨੂੰ ਸਲਾਮ ਜਿਨਾਂ ਅਜੇ ਤੱਕ ਆਪਣੇ ਦਿਮਾਗ ਦੀ ਵਾਗਡੋਰ ਕਿਸੇ ਹੋਰ ਦੇ ਹੱਥਾਂ ਵਿੱਚ ਨਹੀਂ ਫੜਾਈ।

ਦੁਨੀਆਂ ਦੀ ਏਸ ਮੰਡੀ ਵਿੱਚ ਅੱਜ ਗਲੋਬਲਾਈਜੇਸ਼ਮ ਦਾ ਰੌਲਾ ਹਰ ਪਾਸੇ ਹੈ। ਦੁਨੀਆਂ।ਇੱਕ ਨਿੱਕਾ ਜਿਹਾ ਪਿੰਡ ਬਣ ਗਈ ਹੈ। ਸਮਾਨ ਵੇਚਣ ਦੀ ਪਹੁੰਚ ਹੁਣ ਹਰ ਇੱਕ ਤੱਕ ਹੈ। ਉਹ ਹਰ ਘਰ ਦਾ ਨਹੀਂ ਹਰ ਦਿਮਾਗ ਦਾ ਬੂਹਾ ਖੜਕਾਉਣਾ ਚਾਹੁੰਦਾ ਹੈ। ਇਸੇ ਕਰਕੇ ਐਡਵਰਟਾਈਜਮੈਂਟ ਜਾ ਪ੍ਰਚਾਰ ਹੋ ਰਿਹਾ ਹੈ। ਜਿਸ ਸਦਕਾ ਮਨੁੱਖ ਲੁੱਟਿਆ ਜਾ ਰਿਹਾ ਹੈ।ਉਹ ਖੁਦ ਫੈਸਲੇ ਨਹੀਂ ਕਰ ਸਕਦਾ। ਉਸ ਦੀਆਂ ਲੋੜਾਂ ਬਣਾਈਆਂ ਜਾਂਦੀਆਂ ਹਨ। ਉਸ ਦੇ ਕੁਦਰਤੀ ਸਰੋਤ ਲੁੱਟੇ ਜਾ ਰਹੇ ਹਨ। ਜਿਨਾਂ ਵਿੱਚ ਉਸਦੇ ਸ਼ਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਦਿਮਾਗ ਵੀ ਹੈ। ਕਿਸੇ ਦੇ ਦਿਮਾਗ ਕਾਬੂ ਕਰ ਲਉ ਸਭ ਕੁੱਝ ਕਾਬੂ ਵਿੱਚ ਆ ਗਿਆ ਇਹ ਮੁਨਾਫਖੋਰ ਦੀ ਸੋਚ ਹੈ।ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਦਿਮਾਗੀ ਅਪਹਰਣ ਮਨੁੱਖ ਨੂੰ ਇੱਕ ਮਸ਼ੀਨ ਜਾਂ ਰੋਬੋਟ ਵਿੱਚ ਬਦਲ ਦੇਵੇਗਾ।

ਧਰਤੀ ਤੇ ਵਸੇ ਮਨੁੱਖੀ ਸਮਾਜ ਨੂੰ ਬਚਾਉਣ ਲਈ ਏਸ ਮਾਨਸਿਕ ਅਪਹਰਣ ਨੂੰ ਰੋਕਣ ਦੇ ਯਤਨ ਕਰਨੇ ਪੈਣਗੇ। ਨਹੀਂ ਤਾਂ ਮਨੁੱਖ ਵਿੱਚੋਂ ਪਿਆਰ ਸਤਿਕਾਰ, ਰਿਸ਼ਤੇ ਨਾਤੇ, ਤਰਸ ਹਮਦਰਦੀ, ਸੇਵਾ ਸੰਭਾਲ ਅਤੇ ਸਮਾਜਿਕ ਕਦਰਾਂ ਕੀਮਤਾਂ ਸਭ ਕੁੱਝ ਖਤਮ ਹੋ ਜਾਵੇਗਾ ਤੇ ਉਹ ਇੱਕ ਜੰਗਲੀ ਜਾਨਵਰ ਬਣਕੇ ਰਹਿ ਜਾਵੇਗਾ।ਇਸ ਤ੍ਰਾਸਦੀ ਤੋਂ ਬਚਣ ਲਈ ਅਸੀਂ ਆਪਣੇ ਆਪ ਨੂੰ ਬਚਾਈਏ ਆਪਣੀ ਮੌਲਿਕ ਸੋਚਣੀ ਨੂੰ ਬਚਾਈਏ ਤਾਂ ਹੀ ਸਮਾਜ ਬਚੇਗਾ।ਸਮਾਜ ਨੂੰ ਮਸ਼ੀਨਾਂ ਦੀ ਨਹੀਂ ਸੂਝਵਾਨ ਮਨੁੱਖਾਂ ਦੀ ਜਰੂਰਤ ਹੈ ਜੋ ਆਪਣੇ ਦਿਮਾਗ ਦੇ ਖੁਦ ਮਾਲਿਕ ਹੋਣ।