ਡਬਲਯੂ ਡਬਲਯੂ ਈ – ਸਚਾਈ ਦੀ ਕਸੌਟੀ ਤੇ.......... ਲੇਖ / ਰਿਸ਼ੀ ਗੁਲਾਟੀ

“ਦ ਗਰੇਟ ਖਲੀ” ਉਰਫ਼ ਦਲੀਪ ਸਿੰਘ ਦੇ ਡਬਲਯੂ ਡਬਲਯੂ ਈ ਵਿੱਚ ਆਉਣ ਤੋਂ ਬਾਅਦ ਭਾਰਤ ਵਿੱਚ ਇਸ ਖੇਡ ਦਾ ਕਰੇਜ਼ ਹਰ ਉਮਰ ਵਰਗ ਦੇ ਨੌਜਵਾਨਾਂ ਦੇ ਦਿਲੋ ਦਿਮਾਗ ਤੇ ਬਹੁਤ ਬੁਰੀ ਤਰਾਂ ਹਾਵੀ ਹੋ ਚੁੱਕਾ ਹੈ । ਜਦ ਵੀ ਕਦੀ ਖਲੀ ਦਾ ਮੈਚ ਹੁੰਦਾ ਹੈ ਉਸਦੇ ਪ੍ਰਸ਼ੰਸਕ ਆਪੋ ਆਪਣੀ ਸ਼ਰਧਾ ਮੁਤਾਬਿਕ ਹਵਨ, ਯੱਗ, ਵਰਤ ਆਦਿ ਸ਼ੁਰੂ ਕਰ ਦਿੰਦੇ ਹਨ । ਸਭ ਇਹੀ ਉਮੀਦ ਕਰਦੇ ਹਨ ਕਿ ਦਿਓ ਕੱਦ ਕਾਠੀ ਵਾਲਾ ਖਲੀ ਸਾਹਮਣੇ ਪਹਿਲਵਾਨ ਨੂੰ ਕੀੜੀ ਵਾਂਗ ਮਸਲ ਕੇ ਰੱਖ ਦੇਵੇ ਪਰ ਆਪਣੇ ਤੋਂ ਬਹੁਤ ਹਲਕੇ ਤੇ ਫੁਰਤੀਲੇ “ਦੁਸ਼ਮਣ” ਤੋਂ ਮਾਤ ਖਾਂਦਾ ਵੇਖਕੇ ਸਭ ਪ੍ਰਸ਼ੰਸਕ ਤਿਲਮਿਲਾ ਜਾਂਦੇ ਹਨ । ਉਸਦੀ ਹਾਰ ਨੂੰ ਸਾਜਿਸ਼ ਜਾਂ ਧੋਖਾਧੜੀ ਦਾ ਨਾਮ ਦੇ ਕੇ ਆਪਣੇ ਆਪ ਨੂੰ ਸੰਤੁਸ਼ਟ ਕਰਨ ਦਾ ਯਤਨ ਕਰਦੇ ਹਨ । ਉਸਦੀ ਹਾਰ ਫਿਨਲੇ ਹੱਥੋਂ ਹੋਈ ਹੋਵੇ ਜਾਂ ਕੇਨ ਹੱਥੋਂ, ਮੁਕਾਬਲਾ ਚਾਹੇ “ਨੋ ਵੇਅ ਆਊਟ” ਹਾਰਿਆ ਹੋਵੇ ਜਾਂ “ਰੈਸਲ ਮੇਨੀਆ”, ਉਸਦੀ ਹਰ ਹਾਰ ਨੂੰ ਸਾਜਿਸ਼ ਦਾ ਨਾਮ ਦੇ ਕੇ ਪ੍ਰਚਾਰਿਤ ਕੀਤਾ ਜਾਂਦਾ ਹੈ ਤੇ ਹਮਦਰਦੀ ਬਟੋਰੀ ਜਾਂਦੀ ਹੈ । ਕੋਈ ਟੀਵੀ ਚੈਨਲ ਉਸਨੂੰ ਹਨੂੰਮਾਨ ਦਾ ਭਗਤ ਕਹਿੰਦਾ ਹੈ ਤੇ ਕੋਈ ਉਸਦੀ ਤੁਲਨਾਂ ਭਗਵਾਨ ਦੇ ਅਵਤਾਰ ਨਾਲ ਕਰਦਾ ਹੈ । ਟੀਵੀ ਚੈਨਲ ਤੇ ਕਦੇ ਕੋਈ ਜੋਤਸ਼ੀ ਉਸਨੂੰ ਨਗ ਪਾਉਣ ਜਾਂ ਨਾਮ ਬਦਲਣ ਦੀ ਸਲਾਹ ਦਿੰਦਾ ਹੈ ਤੇ ਕਦੀ ਕੋਈ ਬਾਬਾ ਉਸਨੂੰ ਕਪਾਲ ਭਾਰਤੀ ਤੇ ਪ੍ਰਾਣਾਯਾਮ ਕਰਨ ਦੀ । ਕੋਈ ਚੈਨਲ ਉਸਨੂੰ ਅੰਗ੍ਰੇਜ਼ੀ ਸਿੱਖਣ ਦੀ ਸਲਾਹ ਦਿੰਦਾ ਹੈ ਤੇ ਕੋਈ ਚੁਸਤੀ ਚਲਾਕੀ ਸਿੱਖਣ ਜਾਂ ਮੈਚ ਦੌਰਾਨ ਲੇਡੀ ਪਾਰਟਨਰ ਰੱਖਣ ਦੀ । ਪਰ ਕੀ ਇਹ ਸਭ ਕੁਝ ਕਰਕੇ ਖਲੀ ਮੈਚ ਜਿੱਤਣ ਲੱਗ ਜਾਏਗਾ ? ਸ਼ਾਇਦ ਨਹੀਂ । ਕਿਉਂਕਿ ਅਜਿਹਾ ਕਰਕੇ ਅਸੀਂ ਖਲੀ ਪ੍ਰਤੀ ਆਪਣੇ ਪਿਆਰ ਜਾਂ ਭਾਵੁਕਤਾ ਦਾ ਪ੍ਰਦਰਸ਼ਨ ਹੀ ਕਰ ਸਕਦੇ ਹਾਂ, ਪਰ ਅਸਲੀਅਤ ਵਿੱਚ ਅਜਿਹੇ ਕਰਮ-ਕਾਂਡਾਂ ਜਾਂ ਸਲਾਹਾਂ ਨਾਲ ਖਲੀ ਜਾਂ ਡਬਲਯੂ ਡਬਲਯੂ ਈ ਦੇ ਕਿਸੇ ਵੀ ਪਹਿਲਵਾਨ ਦੀ ਸਿਹਤ ਤੇ ਕੋਈ ਅਸਰ ਨਹੀਂ ਪਵੇਗਾ । ਅਸਲ ਵਿੱਚ ਸਾਨੂੰ ਡਬਲਯੂ ਡਬਲਯੂ ਈ ਦੀ ਅਸਲੀਅਤ ਦਾ ਗਿਆਨ ਹੀ ਨਹੀਂ ਹੈ, ਸੋ ਅਸੀਂ ਅਜਿਹੇ ਉਪਕਰਮ ਕਰਕੇ ਉਸਦੀ ਸਫ਼ਲਤਾ ਦੀ ਕਾਮਨਾਂ ਕਰਦੇ ਹਾਂ । ਜਿੱਥੋਂ ਤੱਕ ਖਲੀ ਦੀ ਲੋਕਪ੍ਰਿਅਤਾ ਦਾ ਫਾਇਦਾ ਉਠਾਉਣ ਦਾ ਸਵਾਲ ਹੈ, ਹਰ ਕੋਈ ਉਸਦੇ ਨਾਮ ਨਾਲ ਆਪਣਾ ਨਾਮ ਜੋੜ ਕੇ ਸਸਤੀ ਸ਼ੋਹਰਤ ਖੱਟਣ ਦੀ ਫਿਰਾਕ ਵਿੱਚ ਵਿਅਸਤ ਮਹਿਸੂਸ ਹੁੰਦਾ ਹੈ । ਟੀਵੀ ਚੈਨਲਾਂ ਤੇ ਉਸਦੇ ਆਪੂੰ ਬਣੇ ਕਈ ਕੋਚਾਂ ਨੇ ਇੰਟਰਵਿਊ ਦਿੱਤੀਆਂ, ਜੋ ਕਿ ਉਸ ਨਾਲ ਵੇਟ ਟ੍ਰੇਨਿੰਗ ਕਰਦੇ ਹੁੰਦੇ ਸਨ । ਜਲੰਧਰ ਦੇ ਇੱਕ ਹੈਲਥ ਕਲੱਬ ਦੇ ਕੋਚ ਨੇ ਵੀ ਛੋਟੇ ਪਰਦੇ ਤੇ ਆਪਣੇ ਆਪ ਨੂੰ ਖਲੀ ਦਾ ਕੋਚ ਦੱਸਦੇ ਹੋਏ ਉਸਦੀ ਖੁਰਾਕ ਤੇ ਕਸਰਤ ਆਦਿ ਬਾਰੇ ਚਰਚਾ ਕੀਤੀ, ਜਦ ਕਿ ਜਿਸ ਸਮੇਂ ਖਲੀ ਬਾਡੀ ਬਿਲਡਿੰਗ ਕਰਦਾ ਸੀ, ਉਸ ਸਮੇਂ ਇਹ ਹੈਲਥ ਕਲੱਬ ਦਾ ਨਾਮੋ ਨਿਸ਼ਾਨ ਨਹੀਂ ਸੀ ।