Showing posts with label ਦੀਪ ਜੀਰਵੀ. Show all posts
Showing posts with label ਦੀਪ ਜੀਰਵੀ. Show all posts

ਟੈਕਸ ਤਾਂ ਲੱਗਣ ਗੇ.......... ਨਜ਼ਮ/ਕਵਿਤਾ / ਦੀਪ ਜੀਰਵੀ


ਬਈ ਜਦ ਤੱਕ ਮੱਚੂ ਹਨੇਰ, ਟੈਕਸ  ਤਾਂ ਲੱਗਣ ਗੇ
ਜਦ ਬਾਕੀ ਹੇਰ ਤੇ ਫੇਰ; ਟੈਕਸ  ਤਾਂ ਲੱਗਣ ਗੇ

ਜਦ ਤੱਕ ਨੇ ਭੋਲੀਆਂ ਭੇਡਾਂ ਦੇ ਰਖਵਾਲ ਖੜੇ
ਆਹ ਲੱਕੜ ਬਘੇ ਢੇਰ; ਟੈਕਸ  ਤਾਂ ਲੱਗਣ ਗੇ

'ਅਗ੍ਲਿਆਂ' ਵਧੀਆ ਲੈਪ-ਟਾਪ ਗੱਡੀ ਮੰਗੀ
ਬਿਨ ਸੁਣਿਆਂ ਸਾਡੀ ਲੇਰ; ਟੈਕਸ  ਤਾਂ ਲੱਗਣ ਗੇ

ਦੁਰਵਰਤੋਂ ਓਹ ਏਹਦੀ ਵੀ ਕਰ ਜਾਵਣ ਗੇ
ਕਰ ਕਠੇ 'ਕਰ'ਦੇ ਢੇਰ; ਟੈਕਸ  ਤਾਂ ਲੱਗਣ ਗੇ

ਸਾਹਿਤ ਸਭਾ ਜ਼ੀਰਾ (ਰਜਿ:) ਨੇ ਪੁਸਤਕ "ਬੋਲੋਗੇ ਕਿ ਬੋਲਤਾ ਹੈ" ਲੋਕ-ਅਰਪਣ ਅਤੇ ਵਿਚਾਰ ਗੋਸ਼ਟੀ ਸਮਾਗਮ........... ਵਿਚਾਰ ਗੋਸ਼ਟੀ / ਦੀਪ ਜ਼ੀਰਵੀ

ਸਾਹਿਤ ਅਤੇ ਮਾਂ -ਬੋਲੀ ਪੰਜਾਬੀ ਦੇ ਸਰੋਕਾਰਾਂ ਨਾਲ ਜੁੜੀ ਸੰਸਥਾ, ਸਾਹਿਤ ਸਭਾ ਜ਼ੀਰਾ (ਰਜਿ:) ਪਿਛਲੇ ਕਾਫੀ ਸਮੇਂ ਤੋਂ ਸਾਹਿਤਕ ਗਤੀਵਿਧੀਆਂ ਲਈ ਯਤਨਸ਼ੀਲ ਹੈ। ਏਸੇ ਕੜੀ ਤਹਿਤ ਪਿਛਲੇ ਦਿਨੀਂ ਸ੍ਰੀ ਸਵਤੈ ਪ੍ਰਕਾਸ ਸਰਵਹਿਤਕਾਰੀ ਸਕੂਲ, ਜ਼ੀਰਾ ਦੇ ਹਾਲ ਵਿੱਚ ਇੱਕ ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਦੇ ਉੱਘੇ ਵਿਦਵਾਨ ਡਾਕਟਰ ਸੁਰਜੀਤ ਸਿੰਘ ਬਰਾੜ, ਧਰਮਪਾਲਸਾਹਿਲ, ਅਸ਼ੋਕ ਚੁਟਾਨੀ, ਸ੍ਰੀ ਦੇਸਰਾਜ ਜੀਤ, ਦੀਪ ਜ਼ੀਰਵੀ, ਗੁਰਚਰਨ ਨੂਰਪੁਰ, ਹਰਮੀਤ ਵਿਦਿਆਰਥੀ ਪ੍ਰਧਾਨਗੀ ਮੰਡਲ ਵਿੱਚ ਵਿਰਾਜਮਾਨ ਸਨ। ਪ੍ਰੋਗਰਾਮ ਦਾ ਅਰੰਭ ਪ੍ਰੋ ਪ੍ਰੀਤਮ ਸਿੰਘ ਪ੍ਰੀਤ ਅਤੇ ਸੱਤਪਾਲ ਖੁੱਲਰ ਦੀਆਂ ਕਵਿਤਾਵਾਂ ਨਾਲ ਹੋਇਆ। ਇਸ ਉਪਰੰਤ ਸ੍ਰੀ ਦੀਪ ਜੀਰਵੀ ਦੀ ਹਿੰਦੀ ਦੀ ਵਾਰਤਕ ਪੁਸਤਕ "ਬੋਲੋਗੇ ਕਿ ਬੋਲਤਾ ਹੈ" ਦੀ ਘੁੰਡ ਚੁਕਾਈ ਦੀ ਰਸਮ ਪ੍ਰਧਾਨਗੀ ਮੰਡਲ ਵੱਲੋਂ ਅਦਾ ਕੀਤੀ ਗਈ। ਇਸ ਪੁਸਤਕ ਬਾਰੇ ਬੋਲਦਿਆਂ ਸ੍ਰੀ ਧਰਮਪਾਲ ਸਾਹਿਲ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਡੰਗ ਤੇ ਚੋਭਾਂ ਵੀ ਹਨ ਅਤੇ ਸੋਚਾਂ ਨੂੰ ਮਧਾਣੀ ਪਾਉਣ ਦੀ ਯੋਗਤਾ ਵੀ ਹੈ। ਇਸ ਉਪਰੰਤ ਸ੍ਰੀ ਧਰਮਪਾਲ ਸਾਹਿਲ ਦੇ ਨਵੇਂ ਨਾਵਲ 'ਪਥਰਾਟ' 'ਤੇ ਉੱਘੇ ਵਿਦਵਾਨ ਅਲੋਚਕ ਡਾ ਸੁਰਜੀਤ ਬਰਾੜ ਵੱਲੋਂ ਪਰਚਾ ਪੜਿਆ ਗਿਆ। ਨਾਵਲ ਸਬੰਧੀ ਸ੍ਰੀ ਨਰਿੰਦਰ ਸ਼ਰਮਾਂ, ਹਰਮੀਤ ਵਿਦਿਆਰਥੀ, ਅਸ਼ੋਕ ਚਟਾਨੀ ਅਤੇ ਗੁਰਚਰਨ ਨੂਰਪੁਰ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
 

ਦੋਹੇ........... ਦੋਹੇ / ਦੀਪ ਜ਼ੀਰਵੀ

ਹਫੜਾ ਦਫੜੀ ਜਿੰਦਗੀ, ਸ਼ਾਂਤ ਇੱਕਦਮ ਮੌਤ
ਜੋ ਨਾ ਸੋਚੇ, ਨਾ ਬੋਲਦਾ; ਜਾਣੋ ਹੋਇਆ ਫੌਤ

ਜਿੰਦਗੀ ਹਰਦਮ ਬਦਲਦੀ; ਪਲ ਪਲ ਕਰੇ ਵਿਕਾਸ
ਭਾਵਾਂ ਦੇ ਸੰਵਾਦ ਹਨ; ਆਸ ਅਤੇ ਵਿਸ਼ਵਾਸ

ਜਿੰਦਗੀ ਬੋਝ ਨਾ ਸਮਝਿਓ, ਜੀਵਨ ਜੋਗਿਓ ਆਪ
ਖੁਦਕੁਸ਼ੀਆਂ ਤੋਂ ਵਧ ਨਾ, ਜੱਗ ਤੇ ਕੋਈ ਪਾਪ

ਕਿਉਂ........... ਨਜ਼ਮ/ਕਵਿਤਾ / ਦੀਪ ਜ਼ੀਰਵੀ

ਗਊ ਸ਼ਾਲਾ  ਦੇ ਹੁੰਦਿਆਂ-ਸੁੰਦਿਆਂ ਸੜਕਾਂ ਉੱਤੇ ਗਾਵਾਂ ਕਿਓਂ
ਪੁੱਤ ਧੀਆਂ ਦੇ ਹੁੰਦਿਆਂ ਸੁੰਦਿਆਂ ਅਵਾਜ਼ਾਰ ਕਈ ਮਾਵਾਂ ਕਿਓਂ

ਜੇ ਛਾਵਾਂ ਦੀ ਲੋੜ ਤੁਹਾਨੂੰ ਕਿਓਂ ਪਏ ਬੂਟੇ ਵੱਢਦੇ ਹੋ
ਜੇ ਵਢਣੇ ਹਨ ਬੂਟੇ, ਭਲਿਓ! ਲੋਚਦੇ ਹੋ ਫਿਰ ਛਾਵਾਂ ਕਿਓਂ

ਨੇੜ-ਭਵਿੱਖ ਦੀ ਮਾਂ ਨੂੰ ਹੱਥੀਂ ਕੁੱਖੀਂ ਕਤਲ ਕਰ ਛੱਡੋ
ਸ਼ੇਰਾਂ ਵਾਲੀ ਦੇ ਦਰ ਵਾਲੀਆਂ ਗਾਹੁੰਦੇ ਹੋ ਫਿਰ ਰਾਹਵਾਂ ਕਿਓਂ

ਦਲ ਤੇ ਰਾਜ ਨਹੀ ਸੀ ਓਹਦਾ ਓਹ ਤਾਂ ਦਿਲਾਂ ਦਾ ਰਾਜਾ ਹੈ
ਭਗਤ ਸਿੰਘ ਸਰਦਾਰ ਦੇ ਮੂਹਰੇ ਤਾਹਿਓਂ ਸੀਸ ਝੁਕਾਵਾਂ ਇਓਂ

ਜਨਤਾ.......... ਨਜ਼ਮ/ਕਵਿਤਾ / ਦੀਪ ਜ਼ੀਰਵੀ

ਜਨਤਾ ਸਭ ਕੁਝ ਜਾਣਦੀ, ਸਭ ਕੁਝ ਜਾਨਣ ਹਾਰ
ਦੇਂਦੀ ਹੈ ਕਦੀ ਹਾਰ ਇਹ, ਪਾਉਂਦੀ ਹੈ ਕਦੀ ਹਾਰ

ਫੁੱਲਾਂ ਵਾਲੇ ਹਾਰ ਪਾ, ਸਮਝੋ ਜਨਤਾ ਨੂੰ ਭਾਰ
ਜਨਤਾ ਵੀ ਝੱਟ ਪਲਟ ਕੇ, ਦੇ ਦੇਂਦੀ ਹੈ ਹਾਰ

ਜਿੱਤਣਾ ਜਿੱਤ ਨਿਓਂ ਜਾਵਣਾ, ਫਿਰ ਵੀ ਦੇਵੇ ਜਿੱਤ
ਜਿੱਤਣਾ ਜਿੱਤ ਭੁੱਲ ਜਾਵਣਾ, ਕੌਣ ਰਹੁ ਫਿਰ ਮਿੱਤ

ਜਨਤਾ ਨੂੰ ਜਨਤਾ ਸਮਝ ਜੋ ਜਾਣੇ ਹਰ ਭੇਦ
ਨੇਤਾ ਜਨਤਾ ਨਾਲ ਨੇ, ਜਨਤਾ ਨਹੀਂ ਕੋਈ ਖੇਡ

ਕਦੇ ਕਦਾਈਂ.......... ਗ਼ਜ਼ਲ / ਦੀਪ ਜ਼ੀਰਵੀ

ਕਦੇ ਕਦਾਈਂ ਆਵੇਂ ਤਾਂ ਦੋ ਘੜੀਆਂ ਬਹਿ ਵੀ ਜਾਇਆ ਕਰ,
ਜਾਣੈ, ਜਾਣੈ ਆਖ ਆਖ ਨਾ ਮੇਰਾ ਦਿਲ ਤੜਫਾਇਆ ਕਰ।

ਢੁੱਕ ਢੁੱਕ ਬਹਿਣੈ ਗੈਰਾਂ ਲਾਗੇ, ਜੀ ਸਦਕੇ ਬਹਿ ਜਿਉਂਦਾ ਰਹੁ,
ਕਦੇ ਕਦਾਈਂ ਲੜਨ ਲਈ ਸਹੀ, ਸਾਡੇ ਵੱਲ ਵੀ ਆਇਆ ਕਰ।

ਡਾਢਿਆ ਢੋਲਾ ਤੂੰ ਤੜਫਾਉਨੈਂ, ਮੇਰੀ ਰੂਹ ਨੂੰ ਅਸ਼ਕੇ ਬਈ,

ਲਿਖ ਲਿਖ ਥੱਕਣੈਂ ਗੈਰਾਂ ਨੂੰ, ਦੋ ਹਰਫ ਮੇਰੇ ਨਾਂ ਪਾਇਆ ਕਰ।

ਗੈਰਾਂ ਦੀ ਸੁਣਦੈਂ ਤੂੰ ਆਖਦੈਂ, ਗੈਰਾਂ ਨੂੰ ਹੀ ਦਿਲ ਦੀ ਗੱਲ,
ਕਦੇ ਤਾਂ ਆਪਣੇ ਬੋਲ ਦੀ ਮਿਸ਼ਰੀ, ਮੇਰੇ ਕੰਨੀਂ ਪਾਇਆ ਕਰ।

ਗੈਰਾਂ ਸਾਹਵੇਂ ਰੋਲਦੈਂ ਲੱਜ ਤੂੰ ਇਸ਼ਕ ਮੇਰੇ ਦੀ ਡਾਹਡਿਆ ਵੇ,
ਲੋਕ ਤਾਂ ਲੋਕ ਨੇ, ਲੋਕਾਂ ਸਾਹਵੇਂ ਨਾ ਤੂੰ ਇੰਞ ਰੁਆਇਆ ਕਰ।

ਸ਼ਰਬਤ ਜਾਣ ਕੇ ਘੁੱਟ ਘੁੱਟ ਪੀਵਾਂ ਬਿਰਹੜਾ ਵਿਹੁ ਪਿਆਲਾ ਵੇ,
ਆਪਣੇ ਆਣ ਦੀ ਆਸ ਦੀ ਏਹਦੇ ਵਿੱਚ ਇੱਕ ਬੂੰਦ ਰਲਾਇਆ ਕਰ।

ਦਿਲ ਮੇਰੇ ਦੀ ਮਮਟੀ ਸੱਖਣੀ, ਚਾਰ ਚੁਫੇਰੇ ਨੇਰ੍ਹਾ ਏ,
ਕਦੇ ਤਾਂ ਰਾਤ ਬਰਾਤੇ ਆ ਕੇ ਦਰਸ਼ ਦੇ 'ਦੀਪ' ਜਗਾਇਆ ਕਰ।


ਮੇਰਾ ਚੰਬਾ.......... ਗੀਤ / ਦੀਪ ਜੀਰਵੀ

ਰੱਬਾ ਵੇ ਮੇਰਾ ਚੰਬਾ ਮੈਨੂੰ ਮੋੜ
ਮੇਰੇ ਲੂੰ ਲੂੰ ਐਪਰ ਹੈ ਨਾ ਮੇਰੇ ਕੋਲ
ਰੱਬਾ ਵੇ....

ਇਸ ਚੰਬੇ ਨੂੰ ਸਧਰਾਂ ਵਿਹੜੇ ਸਧਰਾਂ ਨਾਲ ਸੀ ਲਾਇਆ
ਵਕਤ ਨੇ ਸੂਤੀ ਸੰਘੀ ਐਸੀ ਇਸ਼ਕ ਗਿਆ ਨਾ ਗਾਇਆ

ਮੇਰਾ ਸੁਫਨਾ ਮੇਰੇ ਨੇਣੀ ਰੜਕੇ ਜੀਕਣ ਰੋੜ
ਰੱਬਾ ਵੇ....

ਇਸ ਚੰਬੇ ਨੇ ਜਾ ਕੇ ਖਵਰੇ ਕੌਣ।।।ਆਂਗਨ ਮਹਿਕਾਇਆ
ਇਸ ਚੰਬੇ ਦੇ ਜੜੀਂ ਅਸੀਂ ਸੀ ਆਪਣਾ ਸਬ ਕੁਝ ਪਾਇਆ
ਜਦ ਚੰਬਾ ਮੁਸਕਾਵਣ ਲੱਗਿਆ ਲੈ ਤੁਰਿਆ ਕੋਈ ਹੋਰ
ਰੱਬਾ ਵੇ....

ਮੈਂ ਗੌਤਮ ਸਿਧਾਰਥ ਬਣਿਆਂ ਬੁਧ ਨਾ ਮੈਂ ਹੋ ਪਾਇਆ
ਆਪਣਾ ਰਾਹੁਲ ਆਪਣੇ ਪਿਛੇ ਸੁੱਤਾ ਮੈਂ ਛੱਡ ਆਇਆ
ਅੱਗੇ ਗਇਆ ਨਾ ਲਭੀ ਮੈਨੂੰ ਨਾ ਕੋਈ ਪਿਛਲਾ ਮੋੜ
ਰੱਬਾ ਵੇ....

ਮੈ ਵਨਵਾਸੀ ਰਾਮ ਦੇ ਅੰਗ ਸੰਗ ਵਿੱਚ ਬਣਾਂ ਦੇ ਭੰਵਿਆਂ
ਮੈਂ ਸੀਤਾ ਦੀ ਵਿਥਿਆ ਦੇ ਵਿੱਚ ਕਣ ਕਣ , ਮਨ ਮਨ ਰਮਿਆ
ਦੀਪ ਜਗਾਈ ਬੈਠਾ ਮੈਂ ਤਾਂ ਉੱਡਨ ਨੂੰ ਹੈ ਭੌਰ
ਰੱਬਾ ਵੇ....