ਜ਼ਮੀਰ.......... ਮਿੰਨੀ ਕਹਾਣੀ / ਹਰਪ੍ਰੀਤ ਸਿੰਘ

ਸੱਚੀ ਘਟਨਾ ਤੇ ਆਧਾਰਿਤ ਕਹਾਣੀ
ਇਸ ਕਲਯੁੱਗੀ ਸਮੇਂ ਵਿਚ ਚੰਗੇ ਤੋਂ ਚੰਗੇ ਬੰਦਿਆਂ ਦੀ ਜ਼ਮੀਰ ਵੀ ਜੁਆਬ ਦੇ ਜਾਂਦੀ ਹੈ, ਪਰ ਅਜਿਹੇ ਸਮੇਂ ਵਿਚ ਚੋਰਾਂ/ਡਕੈਤਾਂ ਦੀ ਵੀ ਕੋਈ ਜ਼ਮੀਰ ਹੁੰਦੀ ਹੈ । ਇਹ ਬਾਤਾਂ ਪੁਰਾਣੇ ਬਜੁਰਗਾਂ ਤੋਂ ਸੁਣੀਂਦੀਆਂ ਸਨ ਪਰ ਵਿਸ਼ਵਾਸ਼ ਕਰਨਾ ਔਖਾ ਹੀ ਲਗਦਾ ਸੀ । ਇਸ ਇੱਕਵੀਂ ਸਦੀ ਵਿਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੂੰ ਕਹਾਣੀ ਰੂਪ ਵਿਚ ਤੁਹਾਡੇ ਨਾਲ ਸਾਂਝੀ ਕਰਨ ਦਾ ਉਪਰਾਲਾ ਕੀਤਾ ਹੈ।
****

ਚੋਰੀ ਕਰਨ ਦੇ ਇਰਾਦੇ ਨਾਲ ਕੁਝ ਬੰਦੇ ਇਕ ਘਰ ਵਿਚ ਜਾ ਵੜੇ । ਘਰ ਵਿਚ ਮਕਾਨ ਮਾਲਕਣ ਤੇ ਉਸ ਦੀ ਜਵਾਨ ਧੀ ਹੀ ਸੀ । ਉਸ ਦਾ ਮਾਲਿਕ ਕਿਸੇ ਕੰਮ ਲਈ ਸ਼ਹਿਰੋਂ ਬਾਹਰ ਗਿਆ ਹੋਇਆ ਸੀ । ਰਾਤ ਨੂੰ ਚੋਰਾਂ ਨੇ ਮਕਾਨ ਮਾਲਕਣ ਦੀ ਕਨਪਟੀ ਤੇ ਦੇਸੀ ਕੱਟਾ ਰੱਖ ਸਭ ਕੁਝ ਸਾਹਮਣੇ ਲਿਆਉਣ ਲਈ ਦਬਾਅ ਬਣਾਇਆ । ਸਾਰੇ ਗਹਿਣੇ, ਨਕਦੀ ਤੇ ਹੋਰ ਸਾਮਾਨ ਇਕੱਠਾ ਕਰ ਜਦੋਂ ਉਹ ਜਾਣ ਲਗੇ ਤਾਂ ਉਹਨਾਂ ਵਿਚੋ ਇਕ ਦੀ ਨਜ਼ਰ ਮਕਾਨ ਮਾਲਕਣ ਦੀ ਜਵਾਨ ਧੀ ਤੇ ਪਈ । ਉਸ ਖੋਟੀ ਨੀਅਤ ਚੋਰ ਨੇ ਕੁੜੀ ਨਾਲ ਜ਼ਬਰਦਸਤੀ ਕਰਨੀ ਚਾਹੀ । ਮਕਾਨ ਮਾਲਕਣ ਨੇ ਉਸ ਚੋਰ ਨੂੰ ਅਜਿਹਾ ਕਰਨ ਤੋਂ ਵਰਜਿਆ ਅਤੇ ਰੱਬ ਦਾ ਵਾਸਤਾ ਪਾ ਕੁੜੀ ਨੂੰ ਛੱਡ ਦੇਣ ਦੀ ਬੇਨਤੀ ਕੀਤੀ ।

“ਚੱਲ-ਚੱਲ ਪਰੇ ਹੋ, ਜਿ਼ਆਦਾ ਬਕਵਾਸ ਕੀ ਤੋ ਯਹੀਂ ਪਰ ਦਫ਼ਨਾ ਦੁੰਗਾ”

ਮਕਾਨ ਮਾਲਕਣ ਨੇ ਚੋਰਾਂ ਦੇ ਆਗੂ ਨੂੰ ਬੜੇ ਤਰਲੇ ਕੀਤੇ, ਰੱਬ ਦਾ ਵਾਸਤਾ ਪਾਇਆ, ਲੇਲੜੀਆਂ ਕਢੀਆਂ। ਇਥੋਂ ਤੱਕ ਕਿਹਾ...

“ਆਪਣੇ ਘਰ ਧੀਆਂ-ਭੈਣਾਂ ਵਲ ਵੇਖੋ । ਇਹ ਵੀ ਤਾਂ ਤੁਹਾਡੀ ਧੀ-ਭੈਣ ਵਰਗੀ ਏ । ਅਜਿਹਾ ਕਹਿਰ ਨਾ ਕਰੋ, ਇਸ ਵਿਚਾਰੀ ਦੀ ਇਜੱਤ ਨਾ ਰੋਲੋ । ਇਸ ਤਰ੍ਹਾਂ ਤਾਂ ਇਹ ਜਿਉਂਦੇ ਜੀਅ ਮਰ ਜਾਵੇਗੀ, ਜੇਕਰ ਮਾਰਨਾ ਹੀ ਏ ਤਾਂ ਸਾਨੂੰ ਦੋਹਾਂ ਨੂੰ ਥਾਂ ਤੇ ਹੀ ਮਾਰ ਦੇਉ । ਘਟੋ-ਘੱਟ ਸਾਡੀ ਇੱਜ਼ਤ ਤਾਂ ਬਚ ਜਾਵੇਗੀ । ਬਾਅਦ ਵਿਚ ਬਦਖੋਈ ਤਾਂ ਨਹੀਂ ਹੋਵੇਗੀ । ਜੋ ਕੁਝ ਮੇਰੇ ਕੋਲ ਸੀ, ਉਹ ਸਭ ਤੁਹਾਨੂੰ ਦੇ ਦਿੱਤਾ ਏ । ਇਥੋਂ ਤੱਕ ਕਿ ਇਸ ਦੇ ਵਿਆਹ ਲਈ ਤਿਆਰ ਕੀਤਾ ਸਾਮਾਨ ਵੀ ਤੁਸਾਂ ਲੈ ਲਿਆ ਏ, ਖ਼ੁਦਾ ਦੇ ਕਹਿਰ ਤੋਂ ਡਰੋ...”

ੀੲਹ ਸੁਣ ਚੋਰੀ ਕਰਨ ਆਏ ਬੰਦਿਆਂ ਵਿਚੋਂ ਇਕ ਦਾ ਮਨ ਪਸੀਜ ਗਿਆ ਅਤੇ ਉਸ ਨੇ ਅਪਣੀ ਜ਼ਮੀਰ ਦੀ ਆਵਾਜ਼ ਸੁਣ ਅਾਪਣੇ ਉਸ ਵਹਸ਼ੀ ਸਾਥੀ ਨੂੰ ਕਿਹਾ,

“ਨਾਸੀਰ ਛੋੜ ਇਸਕੋ ਹਮ ਸਿਰਫ ਮਾਲ ਲੂਟਨੇ ਆਏ ਥੇ, ਕਿਸੀ ਕੀ ਇੱਜ਼ਤ ਲੂਟਨੇ ਨਹੀਂ...।”

“ਭਾਈ ਜਾਨ ! ਯੇ ਭੀ ਤੋ ਮਾਲ ਹੀ ਹੈ, ਖਰਾ ਸੋਨਾ..., ਇਸਕੋ ਸਾਥ ਹੀ ਲੇ ਚਲਤੇ ਹੈਂ, ਆਰਾਮ ਸੇ ਮਿਲ ਬਾਂਟ ਕਰ ਲੂਟੇਂਗੇ”

“ਓਏ ਬੇਸ਼ਰਮ, ਬੇਹਿਆ ! ਕੁਛ ਸੋਚ, ਖੁਦਾ ਕੇ ਖੌਫ਼ ਸੇ ਡਰ । ਕੁੜੀਓ ਔਰ ਚਿੜੀਓ ਕਾ ਕਿਆ ਹੈ, ਯੇ ਤੋਂ ਅਬਲਾ ਹੈਂ, ਪਰਾਇਆ ਧਨ ਹੈਂ । ਸੋ ਕੁਕਰਮ ਛੋੜ ਔਰ ਆ ਚਲੇਂ । ਬਾਕੀ ਸਭੀ ਸਾਥੀ ਬਾਹਰ ਚਲੇ ਗਏ ਹੈਂ, ਕਹੀਂ ਪਕੜੇ ਗਏ ਤੋ ਮੁਸ਼ਿਕਲ ਹੋ ਜਾਏਗੀ ।” ਪਰ ਉਹ ਵਹਿਸ਼ੀ ਲੁਟੇਰਾ ਅਾਪਣੇ ਮੁਖੀ ਦੀ ਪਰਵਾਹ ਕੀਤੇ ਬਗੈਰ ਦਰਿੰਦਗੀ ‘ਤੇ ਆ ਗਿਆ।

“ਨਾ... ਸੀ... ਰ...”

“ਆਪ ਜਾਓ ਭਾਈ ਜਾਨ... ਮੈਂ ਅਭੀ ਆਤਾ ਹੂੰ...”

ਇੱਧਰ ਠਾਹ... ਠਾਹ... ਠਾਹ... ਤੇ ਉਧਰੋ ਨਾਸੀਰ ਦੀ ਚੀਖ ਦੀ ਆਵਾਜ਼ ਆਈ ।

ਹੁਣ ਕਮਰੇ ਵਿਚ ਉਸ ਦੀ ਲਾਸ਼ ਪਈ ਸੀ । ਸੰਨਾਟਾ ਛਾ ਗਿਆ, ਬਾਹਰਲੇ ਸਾਥੀ ਵੀ ਗੋਲੀ ਦੀ ਆਵਾਜ਼ ਸੁਣ ਅੰਦਰ ਆ ਗਏ । ਸਾਹਮਨੇ ਨਾਸੀਰ ਦੀ ਲਾਸ਼ ਵੇਖ ਇਕ-ਦੂਜੇ ਵੱਲ ਸਵਾਲੀਆ ਨਜ਼ਰਾਂ ਨਾਲ ਵੇਖਣ ਲਗੇ । ਚੋਰਾਂ ਦੇ ਮੁਖੀ ਨੇ ਕੁਝ ਇਸ਼ਾਰਾ ਕੀਤਾ । ਵਹਿਸ਼ੀ ਨਾਸੀਰ ਦੇ ਚਿਹਰੇ ਅਤੇ ਸਰੀਰ ਤੇ ਕੋਈ ਤਰਲ ਪਦਾਰਥ ਪਾ ਕੇ ਉਸਨੂੰ ਸਾੜ ਦਿਤਾ ਤਾਂ ਕਿ ਉਸ ਦੀ ਪਹਿਚਾਣ ਨਾ ਹੋ ਸਕੇ। ਅਜਿਹਾ ਕਾਰਨਾਮਾ ਕਰ ਚੋਰ ਆਪਣੇ ਸਾਥੀ ਨੂੰ ਓਥੇ ਛੱਡ ਚਲੇ ਗਏ ।

ਸਵੇਰ ਤੱਕ ਇਹ ਵਾਰਤਾ ਜੰਗਲ ਦੀ ਅੱਗ ਵਾਂਗ ਚੁਫੇਰੇ ਫੈਲ ਗਈ । ਜਿੱਥੇ ਲੋਕ ਇਕ ਪਾਸੇ ਲੁਟੇਰਆਂਿ ਨੂੰ ਲਾਹਨਤਾਂ ਪਾ ਰਹੇ ਸੀ, ਉਥੇ ਦੁਜੇ ਪਾਸੇ ਕੁਝ ਕੁ ਲੋਕ ਓਸ ਚੋਰ ਮੁਖੀ ਵੱਲੋਂ ਜ਼ਮੀਰ ਦੀ ਆਵਾਜ਼ ਤੋਂ ਲਏ ਗਏ ਫੈਸਲੇ ਦੀ ਮੌਨ ਸ਼ਲਾਘਾ ਵੀ ਕਰ ਰਹੇ ਸੀ।

****

No comments: